SikhHistory.in

ਸਾਕਾ ਸਰਹੰਦ

 ਪਹਾੜੀ ਰਾਜਿਆਂ ਤੇ ਸ਼ਾਹੀ ਸੈਨਾ ਦੇ ਵੀ ਲੜਦੇ ਲੜਦੇ ਹੋਂਸਲੇ ਪਸਤ ਹੋ ਗਏ। ਢੰਡੋਰਾ ਦੇ ਰਹੇ ਸਨ ਕੀ ਜੇਕਰ ਗੁਰੂ ਸਾਹਿਬ ਕਿਲਾ ਖਾਲੀ ਕਰ ਦਿੰਦੇ ਹਨ ਤਾਂ ਸ਼ਾਹੀ ਫੋਜਾ ਉਨ੍ਹਾ  ਨੂੰ ਫੌਜ਼ ਸਮੇਤ ਲੰਘਣ ਦੇਣਗੀਆਂ  ਬਿਨਾ ਕਿਸੇ ਖਤਰੇ ਤੋਂ। ਆਟੇ ਦੀ ਗਊ ਤੇ ਕੁਰਾਨ ਤੇ ਹਥ ਰਖ ਕੇ ਕਸਮਾਂ ਵੀ ਖਾਧੀਆਂ। ਗੁਰੂ ਸਾਹਿਬ ਦੇ ਸਿੰਘ ਜੋ ਖਾਹ ਪਤੇ ਖਾਕੇ ਮਰਨ ਦੀ ਹਾਲਤ ਵਿਚ ਪੁਜ ਚੁਕੇ ਸਨ ਭੁਖ ਤੋ ਤੰਗ ਆ ਚੁਕੇ ਸਨ। ਗੁਰੂ ਸਹਿਬ ਤੋਂ ਵੀ ਉਨ੍ਹਾ ਦੀ ਇਹ ਹਾਲਤ ਦੇਖੀ ਨਹੀਂ ਸੀ ਜਾ ਰਹੀ। ਉਨ੍ਹਾ  ਨੂੰ ਪਤਾ ਸੀ ਕਿ ਇਸ  ਵਕਤ ਕਿਲਾ ਛਡਣਾ ਠੀਕ ਨਹੀਂ ਹੈ ਤੇ ਉਨ੍ਹਾ  ਨੇ ਸਮਝਾਇਆ ਵੀ ਕਿ ਵੈਰੀ ਹੁਣ ਤੰਗ ਆ ਚੁਕਾ ਹੈ ਤੇ ਜਿਤ ਦੀ ਆਸ ਲਾਹ ਚੁਕਾ ਹੈ ਜੇ ਇਸ ਵੇਲੇ ਅਸੀ ਉਸਦੇ ਧੋਖੇ ਵਿਚ ਆ ਗਏ  ਤਾਂ ਸਾਨੂੰ ਬਹੁਤ ਵਡੀ ਤਬਾਹੀ ਦਾ ਮੂੰਹ  ਦੇਖਣਾ ਪਏਗਾ। ਸਿਖਾਂ ਨੇ ਸਭ ਕੁਝ ਸੁਣਿਆ ਪਰ ਭੁਖ ਉਨ੍ਹਾ  ਤੇ ਹਾਵੀ ਹੋ ਚੁਕੀ ਸੀ। ਗੁਰੂ ਸਾਹਿਬ ਤੇ ਜੋਰ ਪਾਇਆ। ਸਿਖਾਂ ਦਾ ਹੁਕਮ ਨੂੰ  ਗੁਰੂ ਸਾਹਿਬ ਨੇ ਕਦ ਟਾਲਿਆ ਸੀ। ਉਨ੍ਹਾ  ਦੀ ਹਾਲਤ ਤੇ ਤਰਸ ਵੀ ਆ ਰਿਹਾ ਸੀ ਸੋ ਕਹਿਲਵਾ ਦਿਤਾ ਕੀ ਓਹ ਕਿਲਾ ਖਾਲੀ ਕਰ ਦੇਣਗੇ ,ਓਹਨਾ ਵਲੋਂ ਲੜਾਈ ਬੰਦ ਹੈ। ਸਿਖਾਂ ਨੂੰ ਹੁਕਮ ਕੀਤਾ ਕੀ ਤੁਸੀਂ ਤੁਰਨ ਦੀ ਤਿਆਰੀ ਕਰੋ।

ਸਰਸਾ ਦੇ ਕੰਢੇ ਤੇ ਲੜਾਈ

 ਜਦੋਂ ਲੜਾਈ ਸ਼ੁਰੂ ਹੋਈ ਸੀ ਗੁਰੂ ਸਾਹਿਬ ਕੋਲ 11000 ਫੋਜ਼ ਸੀ ਹੁਣ ਸਿਰਫ 1500 -1600 ਰਹਿ ਗਏ  ,ਉਸ ਵਿਚੋਂ ਵੀ ਭੁਖ ਦੇ ਕਾਰਣ ਬਹੁਤੇ ਮਰਨ ਦੇ ਕਿਨਾਰੇ ਪਹੁੰਚ ਚੁਕੇ ਸੀ। ਆਨੰਦਪੁਰ ਦਾ ਕਿਲਾ ਤੇ ਹੋਰ ਗੁਰੂ ਅਸਥਾਨਾਂ  ਦੀ ਸੇਵਾ ਗੁਰਬਖਸ਼ ਰਾਇ ਨੂੰ ਸੋਪ ਕੇ  ਅਧੀ ਰਾਤੀ ਕਿਲਾ ਖਾਲੀ ਕਰ ਦਿਤਾ 1 1500-1600 ਸਿਖ 6-7 ਦਸੰਬਰ ਦੀ ਬਰਫੀਲੀ ਰਾਤ ਵਿਚ ਭੁਖੇ ਭਾਣੇ ਜਿਸ ਦਲੇਰੀ ਤੇ ਸਾਹਸ ਨਾਲ ਗੁਰੂ ਸਾਹਿਬ ਦੀ ਅਗਵਾਈ ਹੇਠ ਜਾਲਮਾਂ ਦੇ ਘੇਰੇ ਵਿਚੋਂ ਲੰਘ ਕੇ ਜਾ ਰਹੇ ਸੀ ਉਸਦੀ ਦਾਦ ਜਾਲਮ ਤੇ ਲੁਟੇਰੇ ਵੀ ਦੇ ਰਹੇ ਸੀ। ਅਜੇ ਓਹ ਕੀਰਤਪੁਰ ਹੀ ਪਹੁੰਚੇ ਸਨ , ਕਿ ਮੁਗਲਾਂ ਨੇ ਬੜੀ ਬੇਰਹਿਮੀ  ਤੇ ਬੇਹਆਈ  ਨਾਲ ਕਸਮਾਂ  ਵਾਇਦੇ ਛਿਕੇ ਟੰਗ ਕੇ  ਥਕੇ ਟੁੱਟੇ, ਭੁਖੇ  ਭਾਣੇ ਗਿਣਤੀ ਦੇ  ਸਿਖਾਂ ਤੇ ਟੁਟ ਪਏ। ਬਾਬਾ ਅਜੀਤ ਸਿੰਘ, ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਤੇ ਕੁਝ ਹੋਰ ਸਿਖਾਂ ਨੇ ਇਨ੍ਹਾ  ਨੂੰ ਇਥੇ ਹੀ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪੁਜ ਸਕਣ। ਸ਼ਾਹੀ ਟਿਬੀ , ਸਰਸਾ ਦੇ ਕੰਢੇ , ਜਿਸ ਸਿਦਕ ਤੇ ਦਲੇਰੀ ਨਾਲ ਇਨਾ ਗਿਣਤੀ ਦੇ ਸਿੰਘਾਂ ਨੇ  ਟਾਕਰਾ ਕੀਤਾ ਓਹ ਬੇਮਿਸਾਲ ਸੀ ਜੋ ਜੂਝ ਕੇ ਸ਼ਹੀਦ ਹੋਏ ਉਨ੍ਹਾ ਵਿਚ, ਭਾਈ ਜੀਵਨ ਸਿੰਘ, ਭਾਈ ਬਚਿਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਸਨ। 

ਗੋਲੀਆਂ ਵਰ ਰਹੀਆਂ ਸਨ, ਤੀਰ ਚਲ ਰਹੇ ਸਨ, ਗੁਰੂ ਸਾਹਿਬ ਦੇ ਨਿਤਨੇਮ ਦਾ ਵਕਤ ਹੋ ਗਿਆ ਸੀ। ਗੁਰੂ ਸਾਹਿਬ ਨਿਤਨੇਮ ਦਾ ਪਾਠ ਤੇ ਕੀਰਤਨ ਕਰ ਰਹੇ ਸੀ। ਕੋਟਲਾ ਨਿਹੰਗ ਸਿੰਘ ਸੰਗਤਾ ਦੀ ਰਾਖੀ ਕਰ ਰਹੇ ਸੀ। ਭਿੰਆਨਕਤਾ ਚਰਮ ਸੀਮਾ ਤਕ ਪਹੁੰਚ ਚੁਕੀ ਸੀ, ਪੰਜਾਬ ਦੀਆ ਠੰਡੀਆਂ ਰਾਤਾਂ, ਬਾਰਸ਼, ਝਖੜ, ਮੀਹ ਵਰਗੀਆਂ ਗੋਲੀਆਂ ਦੀ ਬੁਛਾੜ, ਪਿਛੇ ਲਖਾਂ ਦੀ ਫੌਜ਼, ਚੜ ਆਈ ਸਰਸਾ ਜਿਸ ਨੂੰ ਪਾਰ ਕਰਨਾ ਸੀ, ਦੇ ਵਿਚ ਤਿਲਕਦੀਆਂ  ਜਾਨਾਂ, ਜਿਨਾਂ  ਵਿਚ ਕਈ ਸ਼ਹੀਦ ਹੋਏ, ਕਈ ਡੁਬੇ, ਮਸਾਂ ਕੁਝ ਕੁ ਸਿੰਘ ਬਰ੍ਫੀਲੇ ਪਾਣੀ ਦੀ ਫੇਟ ਤੋ ਬਚਕੇ ਪਾਰ ਹੋਏ ਪਰ ਅਜਿਹੇ ਖੇਰੂੰ ਖੇਰੂੰ  ਹੋਏ ਕਿ ਆਪਸ ਵਿਚ ਉਨ੍ਹਾ ਦਾ ਮੇਲ ਨਾ ਹੋ ਸਕਿਆ। ਇਸ ਭਖਦੀ ਜੰਗ ਵਿਚ ਗੁਰੂ ਸਾਹਿਬ ਦਾ ਪਰਿਵਾਰ ਖੇਰੂੰ ਖੇਰੂੰ ਹੋ ਗਿਆ। ਮਾਤਾ ਗੁਜਰੀ ਤੇ ਦੋ ਸਾਹਿਬਜਾਦੇ ਗੰਗੂ ਰਸੋਈਏ ਨਾਲ ਸਰਹੰਦ ਵਲ ਨਿਕਲ ਗਏ। ਭਾਈ ਮਨੀ ਸਿੰਘ ਦੇ ਜਥੇ ਨਾਲ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਤੇ ਪੰਜ ਹੋਰ ਸਿੰਘਾਂ ਦੀ ਮੋਹਾੜ ਦਿਲੀ ਵਾਲੇ ਪਾਸੇ ਹੋ ਗਈ। ਬਹੁਤ ਸਾਰਾ ਸਮਾਨ ਜਿਸ ਵਿਚ ਸਾਲਾਂ ਦੀ ਕੀਤੀ ਮੇਹਨਤ ਦੇ ਨਾਲ ਨਾਲ ਗਰੰਥ ਸਾਹਿਬ ਵੀ ਰੁੜ ਗਏ। ਨੋਂ ਮਣ ਦੇ ਕਰੀਬ ਗੁਰੂ ਸਾਹਿਬ ਦੀਆਂ ਰਚਨਾਵਾਂ ਦੇ ਨਾਲ ਨਾਲ ਹੋਰ ਵੀ ਸਹਿਤ ਸਰਸਾ ਨਦੀ ਦੀ ਭੇਟ ਚੜ ਗਿਆ।  

 ਮਾਤਾ ਗੁਜਰੀ ਘੋੜੇ ਤੇ ਸਵਾਰ ਸਨ, ਅਗੇ ਛੋਟਾ ਤੇ ਪਿਛੇ ਵਡਾ ਸਾਹਿਬਜ਼ਾਦਾ ਸੀ। ਹਨੇਰੀ, ਝਖੜ ਤੇ ਘਣੇ ਜੰਗਲਾਂ ਵਿਚੋਂ ਬਾਣੀ ਦਾ ਪਾਠ ਤੇ ਸਾਖੀਆਂ ਸੁਣਾਦੇ ਲੰਘ ਰਹੇ ਸਨ ਤੇ ਪਤਾ ਨਹੀਂ ਸੀ ਕਿ ਕਿਧਰ ਨੂੰ ਜਾ ਰਹੇ ਹਨ ਤੇ ਕਿਥੇ ਜਾਣਾ ਹੈ। ਇਕ ਝੁਗੀ ਦਿਖੀ, ਕੁਮੈਂ ਮਾਸ਼ਕੀ ਦੀ ਝੁਗੀ ਸੀ। ਜਦ ਉਸਨੇ ਮਾਤਾ ਜੀ ਨਾਲ ਸਾਹਿਬਜਾਦਿਆਂ ਨੂੰ ਆਉਂਦਿਆਂ ਦੇਖਿਆ ਤਾਂ ਖੁਸ਼ ਹੋ ਗਿਆ। ਬੇਨਤੀ ਕੀਤੀ ਕੀ ਹਨੇਰਾ ਪੈ ਗਿਆ ਹੈ, ਜੰਗਲ ਵਿਚ ਖਤਰਨਾਕ ਜਾਨਵਰ ਹਨ। ਅਜ ਦੀ ਰਾਤ ਤੁਸੀਂ ਇਥੇ ਰਹਿ ਜਾਓ।  ਰਾਤ ਮਾਤਾ ਜੀ ਨੇ ਕੁਮੇ ਮਾਸ਼ਕੀ ਦੀ ਝੁਗੀ ਵਿਚ ਕਟੀ ਜਿਸਨੇ ਬੜੇ ਪਿਆਰ ਤੇ ਸਤਕਾਰ ਨਾਲ ਸੇਵਾ ਕੀਤੀ। ਅਗਲੀ ਸਵੇਰ ਜਦ ਗੰਗੂ ਬ੍ਰਹਮਣ ਜੋ ਕਿਸੇ ਵਕ਼ਤ ਗੁਰੂ ਘਰ ਲੰਗਰ ਦਾ ਸੇਵਾਦਾਰ ਸੀ, ਸੂਹ ਮਿਲੀ ਤਾਂ ਓਹ ਓਹਨਾ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਸਫਰ ਕਰਦੇ ਕਰਦੇ ਰਾਤ ਪੈ ਗਈ। ਵਿਚ ਵਿਚ ਦੋਨੋ ਸਾਹਿਬਜ਼ਾਦੇ ਗੁਰੂ ਪਿਤਾ ਤੇ ਵਡੇ ਸਹਿਬਜਾਦਿਆਂ ਬਾਰੇ ਪੁਛ ਲੈਂਦੇ। ਮਾਤਾ ਜੀ ਬਚਿਆਂ ਨੂੰ ਤੱਸਲੀ ਦੇਣ ਲਈ ਕੁਝ ਨਾ ਕੁਝ ਕਹਿ ਦਿੰਦੇ ਪਰ ਦਿਲ ਉਨ੍ਹਾ ਦਾ ਗੋਤੇ ਖਾ ਰਿਹਾ ਸੀ।

ਖੇੜੀ ਪਿੰਡ ਪੁਜੇ। ਆਪਣੇ ਨਾਲ ਲਿਆਂਦਾ ਸਮਾਨ ਮਾਤਾ ਜੀ ਨੇ ਵਖਰੇ ਕਮਰੇ ਵਿਚ ਟਿਕਾ ਦਿਤਾ। ਦੋਨੋ ਸਾਹਿਬਜ਼ਾਦਿਆਂ ਦੇ ਕਪੜੇ ਬਦਲੇ, ਬਿਸਤਰ ਠੀਕ ਕੀਤਾ, ਆਪਣੀ ਗਲਵਕੜੀ ਵਿਚ ਲੈਕੇ ਪਿਆਰ ਕੀਤਾ, ਅਸੀਸ ਦਿਤੀ ਤੇ ਆਰਾਮ ਕਰਨ ਲਈ ਮੰਜੇ ਤੇ ਲੇਟ ਗਏ। ਰਾਤ ਵੇਲੇ ਜਦ ਉਸਨੇ ਮੋਹਰਾਂ ਦੀ ਥੈਲੀ ਮਾਤਾ ਜੀ ਕੋਲ ਦੇਖੀ ਤਾ ਉਸਦਾ ਮਨ ਲਲਚਾ ਗਿਆ। ਰਾਤੀਂ ਪੋਲੇ ਪੈਰੀ ਅੰਦਰ ਆਇਆ ਤੇ ਸੁਤਿਆਂ ਮਾਤਾ ਜੀ ਦੇ ਸਰਹਾਣੇ ਹੇਠੋਂ ਮੋਹਰਾਂ ਦੀ ਥੈਲੀ ਕਢ ਲਈ। ਸਵੇਰ ਹੋਈ ਮਾਤਾ ਗੁਜਰੀ ਨੇ ਜਦ ਥੈਲੀ ਬਾਰੇ ਪੁਛਿਆ ਤਾਂ ਭੜਕ ਉਠਿਆ। ਮੈਨੂੰ  ਕੀ ਪਤਾ। ਤੁਸੀਂ ਮੇਰੇ ਤੇ ਇਲ੍ਜ਼ਾਮ ਲਗਾ ਰਹੇ ਹੋ, ਮੈ ਆਪਣੀ ਜਾਨ ਖਤਰੇ ਵਿਚ ਪਾਕੇ ਤੁਹਾਡੀ ਰਖਿਆ ਕੀਤੀ ਹੈ। ਭੁੜਕਦਾ ਭੁੜਕਦਾ, ਰੋਲਾ ਪਾਂਦਾ ਬਾਹਰ ਨਿਕਲ ਗਿਆ, “ਚੋਰੀ ਹੋ ਗਈ ਹੈ ਲੋਕੇ ਮੇਰੇ ਘਰ ਚੋਰੀ ਹੋ ਗਈ ਹੈ”। ਮਾਤਾ ਗੁਜਰੀ ਨੇ ਉਸ ਨੂੰ ਅੰਦਰ ਬੁਲਾਇਆ ਤੇ ਕਿਹਾ ਕੀ ਦਰਵਾਜ਼ਾ ਤਾਂ ਬੰਦ ਸੀ, ਚੋਰ ਨੇ ਕਿਥੋਂ ਆਉਣਾ ਸੀ? ਕੋਈ ਗਲ ਨਹੀਂ ਮੋਹਰਾਂ ਤੂੰ ਰਖ ਲੈ ਪਰ ਸ਼ੋਰ ਨਾ ਮਚਾ, ਬਥੇਰਾ ਚੁਪ ਰਹਿਣ ਲਈ ਕਿਹਾ,ਪਰ ਉਸਦਾ ਲਾਲਚ ਹੋਰ ਵਧ ਗਿਆ, ਹਕੂਮਤ ਕੋਲੋਂ ਇਨਾਮ ਦਾ ਲਾਲਚ। ਰੋਲਾ ਪਾਂਦਾ ਪਾਂਦਾ ਸਿਧਾ ਪਿੰਡ ਦੇ ਚੋਧਰੀ ਨੂੰ ਦਸ ਆਇਆ,” ਕਿ ਗੁਰੂ ਗੋਬਿੰਦ ਸਿੰਘ ਦੇ 2 ਲੜਕੇ ਤੇ ਉਨ੍ਹਾ ਦੇ ਮਾਤਾ ਜੀ ਸਾਡੇ ਘਰ ਹਨ। ਚੋਧਰੀ ਨੇ ਮੋਰਿੰਡੇ ਦੇ ਨੂੰ ਦਸਿਆ। ਕੋਤਵਾਲ ਸੁਣਕੇ ਬੜਾ ਖੁਸ਼ ਹੋਇਆ ਤੇ ਮਾਤਾ ਗੁਜਰੀ ਅਤੇ ਬਚਿਆਂ ਉਤੇ ਪਹਿਰਾ ਲਗਾ ਦਿਤਾ ਗਿਆ।

ਸਵੇਰੇ ਕੋਤਵਾਲ ਦੇ ਭੇਜੇ ਦੋ ਸਿਪਾਹੀ ਆਏ ਤੇ ਕੋਤਵਾਲ ਦਾ ਹੁਕਮ ਸੁਣਾਇਆ। ਮਾਤਾ ਗੁਜਰੀ ਤੇ ਦੋਨੋ ਸਹਿਬਜਾਦੇ ਸਿਪਾਹੀਆਂ ਨਾਲ ਤੁਰ ਪਏ। ਸੜਕ ਤੇ ਭੀੜ ਇਕਠੀ ਹੋ ਗਈ। ਲੋਕਾਂ ਦੇ ਦੇਖਦਿਆਂ ਦੇਖਦਿਆਂ ਸਿਪਾਹੀ ਤੇ ਬਚੇ ਕੋਤਵਾਲੀ ਪਹੁੰਚ ਗਏ। ਦੋ ਰਾਤਾਂ ਕੋਤਵਾਲੀ ਵਿਚ ਰਖਿਆ ਗਿਆ। ਦੋਨੋ ਰਾਤਾਂ ਮਾਤਾ ਗੁਜਰੀ ਬਚਿਆਂ ਨੂੰ ਪਿਆਰ ਤੇ ਦਿਲਾਸਾ ਦਿੰਦੇ ਰਹੇ, ਗੁਰੂ ਨਾਨਕ ਸਾਹਿਬ, ਗੁਰੂ ਅਰਜੁਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਬਹਾਦਰੀ ਦੇ ਕਾਰਨਾਮੇ ਸੁਣਾਦੇ ਰਹੇ। ਸਵੇਰੇ ਬੈਲਗਾੜੀ ਵਿਚ ਬਿਠਾਕੇ ਬਸੀ ਦੇ ਥਾਣੇ ਤੇ ਫਿਰ ਸਰਹੰਦ ਲੈ ਗਏ। ਸਾਰੇ ਸ਼ਹਿਰ ਵਿਚ ਖਬਰ ਫੈਲ ਗਈ। ਲੋਕੀ ਬਚਿਆਂ ਦੇ ਨੂਰਾਨੀ, ਸ਼ਾਂਤ ਤੇ ਅਡੋਲ ਮੁਖੜੇ ਤੇ ਦਾਦੀ ਦਾ ਸਿਦਕ ਦੇਖਕੇ ਅਸ਼ ਅਸ਼ ਕਰਦੇ ਤੇ ਗੰਗੂ ਨੂੰ ਲਾਹਨਤਾਂ ਪਾਂਦੇ  ਜਿਸ ਨੂੰ ਸੁਣ ਕੇ ਸਿਪਾਹੀ ਵੀ ਘਬਰਾ ਕੇ ਤੇਜ਼ੀ ਨਾਲ ਅਗੇ ਤੁਰਦੇ ਜਾਂਦੇ ਤੇ ਬੈਲਗਾੜੀ ਵਾਲੇ ਨੂੰ ਵੀ ਗਡੇ ਨੂੰ ਤੇਜ਼ ਹਿਕਣ ਦੀ ਹਿਦਾਇਤ ਦਿੰਦੇ।

ਵਜੀਰ ਖਾਨ ਖਿਦਰਾਣੇ ਦੀ ਢਾਬ ਤੇ ਹੋਣ ਵਾਲੀ ਜੰਗ ਦੀ ਨਾਕਾਮਯਾਬੀ ਤੋਂ ਪਹਿਲੇ ਹੀ ਖਿਜਿਆ ਹੋਆ ਸੀ ਸੋਚਿਆ ਚਲੋ ਗੁਰੂ ਨਹੀ ਤਾਂ ਉਸਦੇ ਬਚੇ ਹੀ ਸਹੀ। ਦੋ ਦਿਨ ਭੁਖੇ ਤਿਹਾਏ ਰਖਕੇ ਪੋਹ ਦੀਆਂ ਠੰਡੀਆਂ ਰਾਤਾ ਵਿਚ ਠੰਡੇ ਬੁਰਜ ਵਿਚ ਕੈਦ ਕਰ ਦਿਤਾ। ਅਗਲੇ ਦਿਨ ਉਨਾਂ ਦੀ ਸੂਬੇ ਸਰਹੰਦ ਅਗੇ  ਕਚਿਹਿਰੀ ਵਿਚ ਪੇਸ਼ੀ ਸੀ। ਸਵੇਰ ਹੋਈ, ਮਾਤਾ ਗੁਜਰੀ ਨੇ ਅਕਾਲ ਪੁਰਖ ਤੇ ਆਸੀਮ ਭਰੋਸਾ ਕਰਕੇ ਬੜੀ ਦਲੇਰੀ, ਤੇ ਹਿੰਮਤ ਰਖਦਿਆਂ ਬਚਿਆਂ ਨੂੰ ਤਿਆਰ ਕੀਤਾ, ਪਿਆਰ ਕੀਤਾ, ਚੁੰਮਿਆ ਤੇ ਕਿਹਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁਤਰ ਹੋ ਜਿਨਾਂ  ਨੇ 9 ਸਾਲ ਦੀ ਉਮਰ ਵਿਚ ਆਪਣੇ ਪਿਤਾ ਦੀ ਕੁਰਬਾਨੀ ਦਿਤੀ, ਓਸ ਦਾਦੇ ਦੇ ਪੋਤੇ ਹੋ ਜਿਨਾਂ ਧਰਮ ਦੀ ਰ੍ਖਿਆ ਲਈ ਆਪਣਾ ਸੀਸ ਕੁਰਬਾਨ ਕੀਤਾ ਤੇ ਗੁਰੂ ਅਰਜਨ ਦੇਵ ਜੀ ਦੇ ਅੰਸ ਵਿਚੋਂ ਹੋ  ਜੋ ਸਚ ਦੀ ਖਾਤਿਰ, ਤਤੀਆਂ ਲੋਹਾਂ ਤੇ ਬੈਠੇ, ਸੀਸ ਤੇ ਗਰਮ ਰੇਤਾ ਪਵਾਇਆ, ਦੇਗਾਂ ਦੇ  ਉਬਾਲ ਵੀ ਉਨਾ ਨੂੰ ਡੋਲਾ ਨਹੀ ਸਕੇ। ਤੁਸੀਂ ਵੀ ਮਰਦਾਂ ਵਾਂਗ ਸ਼ਾਂਤ ਤੇ ਅਡੋਲ ਰਹਿਣਾ, ਝੁਕਣਾ ਨਹੀ ਤੇ ਹਰ ਸਵਾਲ ਦਾ ਜਵਾਬ ਬੜੇ ਬੈਖੋਫ਼ ਹੋਕੇ ਦੇਣਾ। ਬਚੇ ਵੈਸੇ ਵੀ ਮਾਤਾ ਜੀ ਤੋ ਦੇ ਅਕਾਲ ਚਲਾਣੇ ਤੋ ਬਾਅਦ ਮਾਤਾ ਗੁਜਰੀ ਦੀ ਛਤਰ ਛਾਇਆ ਹੇਠ ਪਲੇ ਸੀ, ਜੋ ਖੁਦ ਇਕ, ਪ੍ਰੇਮ ਮਮਤਾ, ਧੀਰਜ , ਤਿਆਗ, ਉਦਾਰਤਾ ਤੇ ਸਹਿਨਸ਼ੀਲਤਾ ਦੀ ਮੂਰਤ ਸੀ। ਬਚਿਆਂ ਤੇ ਦਾਦੀ ਦਾ ਬਹੁਤ ਗਹਿਰਾ ਅਸਰ ਸੀ। 

ਵਜੀਰ ਖਾਨ ਦੇ ਸਿਪਾਹੀ ਲੈਣ ਵਾਸਤੇ ਆ ਗਏ। ਸਾਰੇ ਰਸਤੇ ਬਚਿਆਂ ਨੂੰ ਚੇਤਾਵਨੀ ਦਿੰਦੇ ਗਏ ਕੀ ਸੂਬਾ ਸਰਹੰਦ ਨੂੰ ਜਾਂਦੇ ਹੀ ਝੁਕਕੇ ਸਲਾਮ ਕਰਣਾ। ਕਚਿਹਰੀ ਦੇ ਬਾਹਰ ਭੀੜ ਇਕਠੀ ਹੋਈ ਸੀ। ਕਚਿਹਰੀ ਦੇ ਸਭ  ਦਰਵਾਜੇ  ਬੰਦ ਕੀਤਾ ਗਏ  ਸੀ। ਇਕ ਛੋਟੀ ਜਹੀ ਖਿੜਕੀ ਰਾਹੀਂ, ਇਤਨੀ ਜਗਹ ਸੀ ਅੰਦਰ ਜਾਣ ਦੀ ਤਾਂਕਿ ਬਚੇ ਸਿਰ ਝੁਕਾ ਕੇ ਅੰਦਰ ਵੜਨ। ਬਚੇ ਉਨਾਂ ਦੇ ਮਕਸਦ ਨੂੰ ਸਮਝ ਗਏ। ਓਨਾਂ ਨੇ ਸਿਰ ਦੀ ਜਗਹ ਪਹਿਲੇ ਪੈਰ ਅਗੇ ਕੀਤੇ। ਦੁਸ਼ਮਨ ਦੀ ਮਕਾਰੀ ਦਾ ਇਹ ਵਾਰ ਖਾਲੀ ਗਿਆ। ਜਦ ਵਜ਼ੀਰ ਖਾਨ ਦੇ ਸਾਮਣੇ ਆਏ ਉਨਾ ਦੇ ਚੇਹਰੇ ਤੇ ਅਜੀਬ ਚਮਕ ਸੀ। ਡਰ ਖਤਰਾ ਕੋਸੋਂ ਦੂਰ ਸੀ। ਆਦਿਆਂ ਸਾਰ ਗਜ ਕੇ ਜੈਕਾਰਾ ਛਡਿਆ “ਵਾਹਿਗੁਰੁ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ”, ਜਿਸ ਨੂੰ ਸੁਣਕੇ ਇਕ ਵਾਰੀ ਤਾਂ ਨਵਾਬ ਵੀ ਕੰਬ ਗਿਆ। ਪਹਿਲੇ ਸੁਚਾ ਨੰਦ ਨੇ ਸਮਝਾਇਆ ਕਿ ਮੈਂ ਵੀ ਹਿੰਦੂ ਹਾਂ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ। ਤੁਹਾਡੇ ਪਿਤਾ ਤੇ ਦੋਨੋ ਵਡੇ ਭਰਾ ਲੜਾਈ ਵਿਚ ਮਾਰੇ ਗਏ ਹਨ। ਗੁਸਤਾਖੀ ਕਰੋਗੇ ਤਾਂ ਤੁਸੀਂ ਵੀ ਮਾਰੇ ਜਾਉਗੇ। ਮਾਫ਼ੀ ਮੰਗੋਗੇ ਤਾਂ ਬਖਸ਼ ਦਿਤੇ ਜਾਉਗੇ। 

ਸੂਬਾ ਸਰਹੰਦ ਨੇ ਉਨਾ ਨੂੰ ਇਸਲਾਮੀ ਦਾਇਰੇ ਵਿਚ ਅਉਣ ਲਈ  ਪ੍ਰੇਰਨਾ ਲਾਲਚ ਤੇ ਤਾੜਨਾ ਦੇਕੇ ਕਿਹਾ, “ਅਜੇ  ਤੁਹਾਡੀ ਖਾਣ ਪੀਣ ਦੀ ਉਮਰ ਹੈ, ਅਸੀਂ ਤੁਹਾਨੂੰ ਜਗੀਰਾਂ ਤੇ ਧੰਨ ਦੋਲਤ ਨਾਲ ਮਾਲੋ ਮਾਲ ਕਰ ਦਿਆਂਗੇ। ਇਥੇ ਵੀ ਤੇ ਅਗਲੇ ਜਨਮ ਵਿਚ ਵੀ ਤੁਹਾਨੂੰ ਜਨਤ ਨਸੀਬ ਹੋਵੇਗੀ। ਬਚਿਆਂ ਨੇ ਬੜੇ ਬੇਖੋਫ਼ ਹੋਕੇ ਜਵਾਬ ਦਿਤਾ, “ਅਸੀਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਤੇਗ ਬਹਾਦਰ ਦੀ ਔਲਾਦ ਹਾਂ, ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ, ਧਰਮ ਛਡਣਾ ਨਹੀ। ਮੋਤ ਤੋ ਸਾਨੂੰ  ਡਰ ਨਹੀ ਲਗਦਾ”

ਤਿੰਨ  ਦਿਨ ਤਕ ਪ੍ਰੇਰਨਾ, ਲਾਲਚ ਤੇ ਡਰਾਵੇ ਦਾ ਸਿਲਸਲਾ ਚਲਦਾ ਰਿਹਾ, ਪਰ ਬਚੇ ਟਸ ਤੋ ਮਸ ਨਹੀਂ ਹੋਏ। ਅਖਿਰ ਵਜ਼ੀਰ ਖਾਨ ਨੇ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਜੋ ਕਚਹਿਰੀ ਵਿਚ ਹੀ ਬੈਠਾ ਸੀ, ਕਿਹਾ ਕਿ ਅਸੀਂ ਇਹਨਾਂ ਬਚਿਆਂ ਨੂੰ  ਤੁਹਾਡੇ ਹਵਾਲੇ ਕਰਦੇ ਹਾਂ। ਤੁਸੀਂ ਆਪਣੇ ਭਰਾ ਦਾ ਬਦਲਾ ਇਹਨਾ ਨੂੰ ਮਰਵਾ ਕੇ ਲੈ ਸਕਦੇ ਹੋ। ਸ਼ੇਰ ਮੁਹੰਮਦ ਇਕ ਸੁਲਝੇ ਹੋਏ ਮੁਸਲਮਾਨ ਸਨ ਉਹਨਾ ਨੇ ਕਿਹਾ ਕਿ ਮੇਰਾ ਭਰਾ ਲੜਾਈ ਦੇ ਮੈਦਾਨ ਵਿਚ ਮਾਰਿਆ ਗਿਆ ਹੈ। ਅਗਰ ਬਦਲਾ ਹੀ ਲੇਣਾ ਹੈ ਤਾਂ ਮੈਂ ਗੁਰੂ ਕੋਲੋਂ ਲਵਾਂਗਾ। ਇਨਾਂ ਮਸੂਮਾ ਨੂੰ ਇਹਨਾ ਦੇ ਪਿਤਾ ਦੀ ਕਰਨੀ ਦੀ ਸਜਾ ਹਰਗਿਜ਼ ਨਹੀਂ ਦਿਤੀ ਜਾ ਸਕਦੀ। ਇਹ ਬੇਗੁਨਾਹ ਹਨ, ਮਾਸੂਮ ਹਨ, ਇਨਾਂ ਨੂੰ ਮਾਰਨਾ ਗੁਨਾਹ ਹੈ। ਮੇਰੀ ਰਾਇ ਹੈ, ਇਨਾਂ ਨੂੰ ਛਡ ਦਿਉ। ਸ਼ੇਰ ਮੁਹਮਦ ਕੋਲ ਹੀ ਸੁਚਾ ਨੰਦ ਖੜਾ ਸੀ, ਸਪ ਦੇ ਬਚੇ ਸਪੋਲੀਏ ਹੀ ਹੁੰਦੇ ਹਨ। ਇਹ ਆਖਕੇ ਇਨ੍ਹਾ ਦਾ ਸਿਰ ਕੁਚਲਣ ਦੀ ਸ਼ੇਤਾਨੀ ਤਜਵੀਜ਼ ਦਿਤੀ।

ਅਖੀਰ ਨਵਾਬ ਦੀ ਵਾਰੀ ਆਈ  ਉਸਨੇ ਪੁਛਿਆ ਅਗਰ ਤੁਹਾਨੂੰ ਅਜਾਦ ਕਰ ਦਿਤਾ ਜਾਏ ਤਾਂ ਤੁਸੀਂ ਕੀ ਕਰੋਗੇ। ਬਚਿਆਂ ਦਾ ਜਵਾਬ ਸੀ, ਅਸੀਂ ਸਿਖਾਂ ਨੂੰ ਇਕਠਿਆਂ ਕਰਾਂਗੇ, ਉਨਾਂ ਨੂੰ ਜੰਗੀ ਹਥਿਆਰ ਮੁਹੇਈਏ ਕਰਾਵਾਂਗੇ, ਤੁਹਾਡੇ ਨਾਲ ਲੜਕੇ ਤੁਹਾਨੂੰ ਮਾਰ ਮੁਕਾਵਾਂਗੇ। ਨਵਾਬ ਨੇ ਫਿਰ ਪੁਛਿਆ ਜੇ ਤੁਸੀਂ ਜੰਗ ਵਿਚ ਹਾਰ ਗਏ ਤਾਂ ਫਿਰ ਕੀ ਕਰੋਗੇ? ਫਿਰ ਫੌਜਾਂ ਇਕਠੀਆਂ ਕਰਾਂਗੇ  ਜਾਂ ਤੁਹਾਨੂੰ ਮੁਕਾ ਦਿਆਂਗੇ ਜਾਂ ਸ਼ਹੀਦ ਹੋ ਜਾਵਾਂਗੇ। ਕਾਜ਼ੀ ਨੇ ਨਵਾਬ ਦੀ ਰਮਜ਼ ਨੂੰ ਪਹਿਚਾਣ ਲਿਆ। ਬਚਿਆਂ ਦੇ ਜਵਾਬਾਂ ਤੋਂ ਉਸ ਨੂੰ ਹਿੰਮਤ ਮਿਲ ਗਈ। ਓਸਨੇ ਬਚਿਆਂ ਨੂੰ ਬਾਗੀ ਕਰਾਰ ਦੇਕੇ ਨੀਹਾਂ ਵਿਚ ਚਿਨਣ ਜਾਂ ਮੋਤ ਦੇ ਘਾਟ ਉਤਾਰ ਦੇਣ ਦਾ ਫੈਸਲਾ ਸੁਣਾ ਦਿਤਾ।

ਸ਼ੇਰ ਮੁਹਮਦ ਆਹ ਦਾ ਨਾਹਰਾ ਲਗਾਕੇ ਦਰਬਾਰ ਵਿਚੋ ਉਠ ਖੜਿਆ, “ਇਹ ਜੁਲਮ ਹੈ, ਸ਼ਰਾ ਦੇ ਉਲਟ ਹੈ, ਬੇਗੁਨਾਹ ਬਚਿਆਂ ਨੂੰ ਮਰਨ ਦੀ ਸਜਾ ਕਦੀ ਕੋਈ ਸ਼ਰਾ ਨਹੀਂ ਦੇ ਸ੍ਕਦੀ”। ਇਹ ਕਹਿਕੇ ਕਚਹਿਰੀ ਤੋਂ ਬਾਹਰ ਨਿਕਲ ਗਿਆ। ਸਾਹਿਬਜ਼ਾਦਿਆਂ ਦੇ ਚਿੰਨਣ ਵਾਸਤੇ ਕਚਹਿਰੀ ਦੇ ਹਾਤੇ ਵਿਚ ਇੰਤਜ਼ਾਮ ਕੀਤਾ ਗਿਆ। ਇਕ ਇਕ ਇਟ ਲਗਾਣ  ਤੋ ਬਾਅਦ ਪੁਛਿਆ ਜਾਂਦਾ ਇਸਲਾਮ ਕਬੂਲ ਕਰ ਲਉ। ਪਰ ਉਨ੍ਹਾ ਦਾ ਮੁਸਕਰਾਂਦਾ ਤੇ ਸ਼ਾਂਤ ਚੇਹਰਾ ਇਸਦਾ ਜਵਾਬ ਦੇ ਰਿਹਾ ਸੀ। ਕੰਧ ਗਰਦਨ ਤਕ ਆ ਗਈ, ਬਚੇ ਬੇਹੋਸ਼ ਹੋ ਗਏ। ਕੰਧ ਡਿਗ ਪਈ, ਬਚਿਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਦਾਦੀ ਕੋਲ ਪੁਚਾ ਦਿਤਾ ਇਸ ਸਨੇਹੇ ਨਾਲ ਕੀ ਕਲ ਦੋਨੋ ਨੂੰ ਕਤਲ ਕਰ ਦਿਤਾ ਜਾਵੇਗਾ, ਇਸ ਉਮੀਦ ਤੇ ਕਿ ਸ਼ਾਇਦ ਦਾਦੀ ਦਾ ਮੰਨ ਬਦਲ ਜਾਏ ਤੇ  ਉਨਾਂ ਦੀ ਆਸ ਪੂਰੀ ਹੋ ਜਾਏ।

ਇਹ ਸੋਚੋ ਉਹ ਅਠ ਪਹਿਰ ਦਾਦੀ ਦੇ ਕਿਸ ਤਰਹ ਬੀਤੇ ਹੋਣਗੇ। ਸਵੇਰ ਹੋਈ “ਦਾਦੀ ਤੁਸੀਂ ਅਜ ਕਿਹਾ ਨਹੀਂ ਕਿ ਜਲਦੀ ਆਣਾ ਮੈਂ ਤੁਹਾਨੂੰ ਉਡੀਕਾਂਗੀ”, ਜੁਝਾਰ ਨੇ ਪੁਛਿਆ?, ਤਾਂ ਦਾਦੀ ਨੇ ਭਰੇ ਹੋਏ ਮਨ ਨਾਲ ਜਵਾਬ ਦਿਤਾ ਤੁਸੀਂ ਮੈਨੂ ਉਡੀਕਣਾ ਮੈਂ ਜਲਦੀ ਤੁਹਾਡੇ ਕੋਲ ਆਵਾਂਗੀ”। ਕਤਲ ਦਾ ਹੁਕਮ ਸੁਣਾ ਦਿਤਾ ਗਿਆ। ਕੋਈ ਵੀ ਬਚਿਆਂ ਨੂੰ ਕਤਲ ਕਰਨ ਵਾਸਤੇ ਤਿਆਰ ਨਹੀਂ ਹੋਇਆ। ਅਖੀਰ ਬਾਸ਼ਲਬੇਗ ਤੇ ਸ਼ਾਸ਼ਲਬੇਗ, ਜੋ ਕਿਸੇ ਮੁਕਦਮੇ ਵਿਚ ਫਸੇ ਹੋਏ ਸੀ, ਮੁਕਦਮੇ ਤੋਂ ਬਰੀ ਹੋਣ ਦੀ ਸ਼ਰਤ ਤੇ ਮੰਨ ਗਏ। ਜਿਥੇ ਅਜ ਗੁਰੂਦਵਾਰਾ ਭੋਰਾ ਸਾਹਿਬ ਹੈ, ਦੋਨੋ ਬਚਿਆਂ ਨੂੰ ਸ਼ਹੀਦ ਕਰ ਦਿਤਾ ਗਿਆ। ਲਾਸ਼ਾਂ ਨੂੰ ਲਾਵਾਰਿਸ ਕਰਾਰ ਦੇਕੇ, ਕਿਲੇ ਦੇ ਬਾਹਰ ਹੰਗਲਾ ਨਦੀ ਦੇ ਕਿਨਾਰੇ ਇਕ ਉਜਾੜ ਥਾਂ ਤੇ ਸੁਟ ਦਿਤਾ ਗਿਆ ਜਿਥੇ ਅਜ ਗੁਰੂਦਵਾਰਾ ਵਿਮਾਨ ਗੜ ਸਾਹਿਬ ਹੈ। ਜਦੋਂ ਸਰਹੰਦ ਦੇ ਇਲਾਕੇ ਵਿਚ, ਗੁਰੂ ਘਰ ਦੇ ਪ੍ਰੇਮੀਆਂ ਨੂੰ ਪਤਾ ਚਲਿਆਂ ਤਾਂ ਉਨਾ ਨੇ ਖੂਨ  ਦੇ ਹੰਜੂ ਕੇਰੇ। ਦਾਦੀ ਨੇ  ਸੁਣਦੇ ਸਾਰ ਆਪਣੇ ਪ੍ਰਾਣ ਤਿਆਗ ਦਿਤੇ ਤੇ ਆਪਣੀਆਂ ਸਾਰੀਆਂ ਜ਼ਿਮੇਦਾਰੀਆਂ ਤੋਂ ਵਹਿਲੇ ਹੋਕੇ ਪੋਤਿਆਂ ਦੇ ਪਿਛੇ ਪਿਛੇ ਤੁਰ ਗਈ।

ਦੀਵਾਨ ਟੋਡਰ ਮਲ ਤੇ ਉਸਦਾ ਪਰਿਵਾਰ ਵੀ ਗੁਰੂ ਘਰ ਦਾ ਸ਼ਰਧਾਲੂ ਸੀ, ਇਕ ਨੇਕ ਇਨਸਾਨ ਤੇ ਅਸਰ ਰਸੂਖ ਵਾਲਾ ਸਰਕਾਰੀ ਅਧਿਕਾਰੀ ਸੀ, ਜਿਸਦੀ ਪਹੁੰਚ ਦਿਲੀ ਦਰਬਾਰ ਤਕ ਸੀ। ਉਸਨੇ ਵਜ਼ੀਰ ਖਾਨ ਕੋਲੋਂ  ਸਿਖੀ ਮਰਯਾਦਾ ਦੇ ਅਨੁਸਾਰ ਸਸਕਾਰ ਕਰਨ ਲਈ ਲਾਸ਼ਾਂ ਦੀ ਮੰਗ ਕੀਤੀ। ਪਹਿਲਾ ਤਾਂ ਓਹ ਮੰਨਿਆ ਨਹੀ ਪਰ ਜਦ ਉਸ ਨੂੰ ਉਸਦੀ ਪਹੁੰਚ ਦੀ ਸੂਹ ਲਗੀ, ਤਾਂ ਉਸਦੇ ਸ਼ਾਤਰੀ ਤੇ ਸ਼ੈਤਾਨੀ ਦਿਮਾਗ ਨੇ ਇਕ ਔਖੀ ਸ਼ਰਤ ਰਖ ਦਿਤੀ, ਜਮੀਨ ਤੇ ਮੋਹਰਾਂ ਵਿਛਾ ਕੇ ਜਮੀਨ ਖਰੀਦਣ ਦੀ। ਇਸ ਨਾਜ਼ਕ ਮੋਕੇ ਤੇ ਟੋਡਰ ਮਲ ਵਾਦ ਵਿਵਾਦ ਵਿਚ ਨਹੀ ਸੀ ਪੈਣਾ ਚਾਹੁੰਦਾ ਸੀ। ਸਸਕਾਰ ਲਈ ਥਾਂ ਦੀਵਾਨ ਟੋਡਰ ਮਲ ਤੇ ਉਸਦੀ ਪਤਨੀ ਨੇ ਆਪਣਾ ਸਭ ਕੁਛ ਵੇਚ ਕੇ ਜਮੀਨ ਤੇ ਮੋਹਰਾਂ ਵਿਛਾ ਦਿਤੀਆਂ। 27 ਦਸੰਬਰ ਨੂੰ ਬੜੇ ਸਤਕਾਰ ਨਾਲ ਸਿਖ ਮਰਿਆਦਾ ਅਨੁਸਾਰ ਦੋਨੋ ਬਚਿਆਂ ਤੇ ਦਾਦੀ ਮਾਂ ਦਾ ਸਸਕਾਰ ਕੀਤਾ। ਦੀਵਾਨ ਟੋਡਰ ਮਲ ਦੇ ਇਸ ਉਪਕਾਰ ਲਈ  ਸਿਖ ਕੋਮ ਹਮੇਸ਼ਾਂ ਉਨਾ ਦੀ ਰਿਣੀ ਰਹੇਗੀ। ਗੁਰੂ ਗੋਬਿੰਦ ਸਿੰਘ ਜੀ ਦੀ 300 ਸਾਲਾ ਗੁਰਪੁਰਬ ਤੇ ਉਨਾ ਦੀ ਯਾਦ ਵਿਚ ਸਰਹੰਦ , ਫਤਿਹ ਗੜ ਮਾਰਗ ਤੇ ਇਕ ਬਹੁਤ ਵਡਾ ਗੇਟ ਬਣਵਾਇਆ ਗਿਆ। ਇਨਾਂ ਸ਼ਹਾਦਤਾ ਦਾ ਪੰਜਾਬ ਤੇ ਇਤਨਾ ਗਹਿਰਾ ਅਸਰ ਹੋਇਆ ਕਿ ਅਉਣ ਵਾਲੇ ਸਮੇ ਵਿਚ ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ। ਦਬ ਦਾ ਬੂਟਾ ਜੋ ਗੁਰੂ ਗੋਬਿੰਦ ਸਿੰਘ ਨੇ ਇਹ ਖਬਰ ਸੁਣਕੇ ਪੁਟਿਆ ਸੀ, ਇਵੈ ਮੁਗਲ ਸਮਰਾਜ ਦੀਆ ਜੜਾ ਹਿੰਦੁਸਤਾਨ ਤੋ ਪੁਟੀਆਂ ਗਈਆਂ।  

ਲਤੀਫ ਸਾਹਿਬਜ਼ਾਦਿਆਂ ਦੇ ਜਵਾਬਾਂ ਨੂੰ ਨੀਹਾਂ ਵਿਚ ਚਿਨਣ ਦਾ ਮੁਖ ਕਾਰਨ ਮੰਨਦਾ ਹੈ। ਨਵਾਬ ਵਜ਼ੀਰ ਖਾਨ ਨੂੰ ਉਨਾਂ ਦੇ ਜਵਾਬਾਂ ਵਿਚ ਬਗਾਵਤ ਦਿਸ ਰਹੀ ਸੀ। ਸਚ ਮੁਚ ਵਡੀ ਜੁਰਤ ਵਾਲੇ ਜਵਾਬ ਸਨ ਪਰ ਅਗਰ ਇਨਾਂ ਨੂੰ ਦੂਸਰੀ ਪਖੋਂ ਵੇਖਿਆ ਜਾਵੇ ਤਾਂ ਇਹ ਜਵਾਬ ਸਿਲਸਿਲੇ ਵਾਰ ਵਾਪਰ ਰਹੇ ਸਨ, ਇਨਕਲਾਬ ਦਾ ਹਿਸਾ ਸਨ, ਜੋਰ ਜਬਰ ਤੇ ਜ਼ੁਲੁਮ ਦੀ ਤਸਬੀਰ ਦੇ ਮੁਕੰਮਲ ਬਦਲਾਵ ਦੀ ਤਜਵੀਜ਼ ਜਿਸ ਲਈ ਗੁਰੂ ਅਰਜਨ ਦੇਵ ਜੀ, ਤੇ ਫਿਰ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਤੇ ਉਸਤੋਂ ਬਾਅਦ ਸ਼ਹੀਦੀਆਂ ਦਾ ਕੋਈ ਅੰਤ ਹੀ ਨਹੀ। ਮੈਥਲੀ ਸ਼ਰਨ ਗੁਪਤਾ ਲਿਖਦੇ ਹਨ:

           ਜਿਸ ਕੁਲ, ਜਾਤ, ਕੋਮ ਕੇ ਬਚੇ  ਦੇ ਸਕਤੇ ਹੈਂ ਯੂੰ ਬਲਿਦਾਨ

           ਉਸਕਾ ਵਰਤਮਾਨ ਕੁਛ ਭੀ ਹੋ ਭਵਿਸ਼ ਹੈ ਮਹਾਨ।।

ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »