SikhHistory.in

ਸੁਥਰਾ ਸ਼ਾਹ (1615-1681)

ਸੁਥਰੇ ਸ਼ਾਹ ਦੇ ਮਾਤਾ ਪਿਤਾ ਬਾਰੇ ਕੋਈ ਪਤਾ ਨਹੀਂ ਹੈ । ਵਿਦਵਾਨ ਗੁਰਸਿੱਖ ਭਾਈ ਸੁਥਰੇ ਦਾ ਜੀਵਨ ਕਾਲ 1615 ਤੋਂ 1681 ਈਸਵੀ ਮੰਨਿਆ ਜਾਂਦਾ ਹੈ।ਸੁਥਰਾ ਸ਼ਾਹ ਦਾ ਜਨਮ ਬਾਰਾਂ ਮੂਲਾ ਕਸ਼ਮੀਰ ਦੇ ਨੇੜੇ ਕਿਸੇ ਪਿੰਡ ਵਿੱਚ ਹੋਇਆ। ਕਹਿੰਦੇ ਹਨ  ਜਦੋਂ ਸੁਥਰੇ ਦਾ ਜਨਮ ਹੋਇਆ, ਤਾਂ ਉਸਦੇ ਮੂੰਹ ਵਿੱਚ ਦੰਦ ਸਨI ਘਰ ਵਾਲਿਆਂ ਨੇ ਕੋਈ ਬਲਾ ਸਮਝ ਕੇ ਬਾਹਰ ਜੰਗਲ ਵਿੱਚ ਸੁੱਟ ਦਿੱਤਾ। ਕੁਦਰਤ ਦੀ ਖੇਡ, ਉੱਥੇ ਇੱਕ ਕੁੱਤੀ ਨੇ ਕਤੂਰੇ ਦਿੱਤੇ ਹੋਏ ਸਨ। ਕੁੱਤੀ ਨੇ ਸੁਥਰੇ ਨੂੰ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਿਆ। ਇੱਕ ਦਿਨ ਜਦੋਂ ਗੁਰੂ ਹਰਿਗੋਬਿੰਦ ਜੀ ਉਸ ਪਾਸੋਂ ਲੰਘੇ ਤਾਂ ਉਨ੍ਹਾਂ ਨੇ ਵੇਖਿਆ ਕਿ ਕੁੱਤੀ ਦੇ ਬੱਚਿਆਂ ਵਿੱਚ ਇੱਕ ਮਨੁੱਖ ਦਾ ਬੱਚਾ ਵੀ ਹੈ। ਉਨ੍ਹਾਂ ਨੇ ਸੁਥਰੇ ਨੂੰ ਚੁਕਵਾ ਕੇ ਉਸਦੀ ਪਾਲਣਾ ਮਨੁੱਖੀ ਹੱਥਾਂ ਵਿੱਚ ਕਰਵਾਈ।ਵੱਡਾ ਹੋਣ ਤੇ ਸੁਥਰਾ ਆਪਣੀ  ਹਾਜ਼ਰ ਜਵਾਬੀ, ਮਖੌਲੀਆ ਸੁਭਾ ਤੇ ਹੱਸ ਵਜੋਂ ਪ੍ਰਸਿਧ  ਹੋਇਆ। ਉਸ ਦੇ ਜੀਣ ਦੇ ਇਸ ਢੰਗ ਦੀ ਗੁਰੂ ਸਾਹਿਬ ਕਦਰ ਕਰਦੇ ਤੇ ਪ੍ਰਸੰਨ ਹੁੰਦੇ ਸਨ । ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਲਾਡਲਾ ਹੋਣ ਕਰਕੇ ਨੇ  ਅੱਗੋਂ ਇਹ ਸਾਰੇ ਗੁਰ ਵਿਅਕਤੀਆਂ ਦਾ ਨਜ਼ਰੇ ਕਰਮ ਰਿਹਾ। ਛੇ-ਸੱਤ ਸਾਲ ਤੱਕ ਦਸਵੇਂ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਭੀ ਪੰਥਕ ਸੇਵਾ ਕਰਦਾ ਰਿਹਾIਇਨ੍ਹਾ ਤੋ ਬਾਅਦ ਸੁਥਰੇ ਸ਼ਾਹ ਨੂੰ ਮੰਨਣਵਾਲੇ ਲੋਕ ਸਾਧੂ, ਫਕੀਰ ,ਫਕੀਰ ਸੁਥਰੇ ਸ਼ਾਹੀ ਅਜ ਵੀ ਘੁਮਦੇ ਫਿਰਦੇ ਨਜਰ ਆਉਂਦੇ ਹਾਂ, ਹਥ ਵਿਚ ਡੰਡੇ ਫੜ ਕੇ ਵਜਾਉਂਦੇ ਤੇ ਸਤਿਗੁਰ ਨਾਨਕ ਸ਼ਾਹ ਦੇ ਗੀਤ ਗਾਉਂਦੇ ਧਰਮ ਦਾ ਬੇੜਾ ਬੰਨੇ ਲਾਉਂਦੇ ਫਿਰਦੇ ਵੇਖੇ ਜਾ ਸਕਦੇ ਹਨI

ਪੰਜ ਗੁਰੂ ਸਾਹਿਬਾਨ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਤੋ ਲੈਕੇ -ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ ਇਸਨੇ ਸੇਵਾ ਕੀਤੀ l ਆਪਣੇ ਢੰਗ ਨਾਲ ਇਹ ਲਿਖਦਾ ਜਾਂ ਬੋਲਦਾ ਰਿਹਾ। ਗੁਰੂ ਸਾਹਿਬ ਨੇ ਇਸ ਨੂੰ ਕਦੀ ਨਹੀਂ ਰੋਕਿਆ।ਗੁਰੂ ਹਰਗੋਬਿੰਦ ਸਾਹਿਬ ਨੇ ਇਸ ਨੂੰ ਧਰਮ ਪ੍ਰਚਾਰ ਲਈ ਪਰਬਤੀ ਰਿਆਸਤਾਂ ਅਤੇ ਹੋਰ ਕਈ ਇਲਾਕਿਆਂ ਵਿਚ ਭੇਜਿਆl ਉਨ੍ਹਾ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਗੁਰੂ ਹਰ ਰਾਇ ਸਾਹਿਬ ਦੀ ਸ਼ਰਨ ਵਿਚ ਚਲਾ ਗਿਆl ਗੁਰੂ ਹਰ ਰਾਇ ਸਾਹਿਬ ਨੇ ਚਾਰ ਧੂਣੀਆਂ ਵਿਚੋ ਸਭ ਤੋ ਪਹਿਲੀ ਬਖਸ਼ਿਸ਼ ਕੀਤੀ ਜਿਸ ਤੋ ਬਾਅਦ ਸੁਥਰਾ ਤੇ ਇਸ ਦੇ ਸੇਵਕਾਂ ਨੇ ਸਿਖ ਧਰਮ ਦਾ ਬਹੁਤ ਪ੍ਰਚਾਰ ਕੀਤਾ, ਕਈ ਥਾਵਾਂ  ਤੇ ਆਪਣੇ ਡੇਰੇ ਕਾਇਮ ਕੀਤੇ l ਸ੍ਰੀ ਨਗਰ ਵਿਚ ਇਸਦੇ ਨਾਂ ਤੇ ਇਕ ਮਹਲਾ ਵੀ ਬਣਿਆ ਹੋਇਆ ਹੈl

ਉਹ ਅਕਸਰ ਗੁਰੂ ਜੀ ਪਾਸ ਰਹਿੰਦਾ ਅਤੇ ਵੱਡੇ-ਵੱਡੇ ਸ਼ਾਹੂਕਾਰਾਂ ਨੂੰ ਵੀ ਟਿੱਕਚਰਾਂ ਅਤੇ ਚੁਟਕਲਿਆਂ ਨਾਲ ਵਿਅੰਗ ਕੱਸਦਾ। ਉਸਦੇ ਕਹਿਣ ਦਾ ਅੰਦਾਜ਼  ਇੰਜ ਸੀ ਕਿ ਲੋਕਾਂ ਦੀਆਂ ਕੁਰੀਤੀਆਂ ਦਾ ਸੁਧਾਰ ਵੀ ਹੋ ਜਾਂਦਾ ਤੇ ਹਾਸੇ ਠਠੇ ਦਾ ਮਹੋਲ ਵੀ ਬਣ ਜਾਂਦਾIਸੁਥਰੇ ਨੇ ਹਾਸ ਰਸ ਤੇ ਵਿਅੰਗ ਨੂੰ ਆਪਣੀ ਰਚਨਾ ਦਾ ਸਾਧਨ ਬਣਾਇਆ। ਸੁਥਰੇ ਦੀਆਂ ਰਚਨਾਵਾਂ ਜਿਆਦਾਤਰ ਸਲੋਕ ,ਸ਼ਬਦ, ਰਾਮਕਲੀ, ਰਾਗ ਖਟ, ਵਾਰ-ਰਾਗ ਮਾਰੂ ਪਾਉੜੀ ਆਦਿ ਸਿਰਲੇਖ ਹੇਠ ਦਰਜ ਹਨ।  ਸੁਥਰੇ ਸ਼ਾਹ ਦੀ ਬਹੁਤੀ ਰਚਨਾ ਪੌੜੀਆਂ ਵਿੱਚ ਉਚਾਰੀ ਹੋਈ ਹੈ।ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੁਥਰੇ ਦੀ ਰਚਨਾ ਉੱਤੇ ਗੁਰਬਾਣੀ ਅਤੇ ਭਾਈ ਗੁਰਦਾਸ  ਜੀ ਦੀ ਰਚਨਾ ਦਾ ਬੜਾ ਪ੍ਰਭਾਵ ਹੈ। ਹਾਸ-ਰਸ ਤੋਂ ਬਿਨਾਂ ਉਸਦੀ ਕਵਿਤਾ ਵਿੱਚ ਕਿਤੇ-ਕਿਤੇ ਫ਼ਕੀਰਨਾ  ਅੰਦਾਜ਼ ਵੀ ਹੈ। ਆਪ ਜੀ ਦੀ ਕਵਿਤਾਵਾਂ  ਦਾ ਭਾਵ, ਸਪਸ਼ਟਤਾ ਉੱਤੇ ਜ਼ੋਰ ਹੈ। ਇਹੀ ਕਾਰਨ ਆਪ ਦੀ ਕਵਿਤਾ ਵਿੱਚ ਮੌਲਿਕਤਾ ਅਤੇ ਖੁੱਲ ਦਾ ਸੰਚਾਰ ਹੈ। ਇਹ ਹਾਸਾ ਠੱਠਾ ਵੀ ਛੇੜਦੀ  ਅਤੇ ਸਮਾਜਿਕ ਕੀਮਤਾਂ ਉੱਤੇ ਵਿਅੰਗ ਵੀ ਕੱਸਦੀ ਹੈ, ਜਿਸ ਕਰਕੇ ਸਮਾਜਿਕ ਸੁਧਾਰ ਵੀ ਹੁੰਦਾ ਜੋ ਸ਼ਲਾਘਾ ਯੋਗ ਹੈI ਪਰ ਨਾਲ ਹੀ ਇਨ੍ਹਾਂ ਦੀ ਰਚਨਾ ਗ੍ਰਹਿਸਤੀ ਜੀਵਨ ਦੀ ਨਿੰਦਿਆ ਵੀ ਕਰਦੀ ਜੋ ਕਿ ਗੁਰਮਤਿ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਤੇ ਇਸਦੀ ਨਿਖੇਦੀ ਵੀ ਕੀਤੀ ਗਈ ਹੈ I ਬਾਵਾ ਬੁੱਧ ਸਿੰਘ ਨੇ ਕਿਹਾ ਹੈ ਕਿ ਇਨ੍ਹਾਂ ਦੇ ਜੀਵਨ ਦੇ ਕੁਝ ਬਚਨ ਤਾਂ ਲਿਖਣਯੋਗ ਹੀ ਨਹੀਂ।

1. “ਲੋਕ ਡਰਾਵਨ ਕਾਰਨੇ ਕੀ ਤੈਂ ਭੇਖ ਬਨਾਇਆ

ਨਿਰ ਉੱਦਮ ਟੁਕੜਾ ਖਾਵਣਾ ਬਾਬਾ ਨਾਮ ਸਦਾਇਆ

ਜਿਉਂ ਜਿਉਂ ਚੜਨ ਸ਼ੀਰਨੀਅਂ ਤਿਉਂ ਤਿਉਂ ਵਧਦਾ ਜਾ,

ਦੇ ਦੁਆਈ ਖੁੱਲੀਆਂ ਅਗਲੀ ਗੱਲ ਨਾ ਕਾ।”

2. “ਸੰਤ ਜਨਾ ਕੇ ਚਰਨ ਦਾ, ਇੱਕ ਕੀਟ ਕਹਾਵਾਂ,

ਹਉਂ ਢਾਡੀ ਪਰਵਦਗਾਰ ਦਾ, ਤਿਸ ਦਾ ਜਸ ਗਾਵਾਂ,

ਤੂੰ ਗੁਣੀ ਬਿਅੰਤ ਅਥਾਹ ਜੀ, ਕੀ ਆਖੁ ਸੁਣਾਵਾਂ,

ਏਕੋ ਨਾਮੁ ਧਿਆਵਈਂ, ਦੂਜਾ ਨਹੀਂ ਭਾਵਾਂ।”

3.”ਆਰ ਗੰਗਾ ਪਾਰ ਗੰਗਾ, ਵਿੱਚ ਮੈਂ ਤੇ ਤੂੰ,

ਲਹਿਣਾ ਲੈਣਾ ਸੁਥਰਿਆ, ਨਾਸੀ ਦੇ ਕੇ ਧੂੰ।”

4. ਸੁਥਰਾ ਸਾਹਿਬ ਆਰਸੀ ,ਪੇਖੇ ਸਭ ਸੰਸਾਰ

    ਛੁਪਿਆ ਹੋਇਆ ਸਾਹਮਣੇ, ਆਪਨੜਾ ਦੀਦਾਰ

। ਸੁਥਰੇ ਸ਼ਾਹ ਨੇ ਹਾਸ ਵਿਅੰਗ ਰਾਹੀਂ ਧਰਮ ਦਾ ਵਿਖਾਵਾ ਕਰਨ ਵਾਲੇ ਲੋਕਾਂ ਦੀ ਬਹੁਤ ਵਾਰੀ ਖੁੰਬ ਠੱਪੀ ਸੀ। ਭਾਵੇਂ ਸਿੱਖ ਤੇ ਭਾਵੇਂ ਗ਼ੈਰ ਸਿੱਖ ਹੋਵੇ, ਉਚਿਤ ਸਮਾਂ ਜਾਣ ਕੇ ਇਹ ਭਾਈ, ਮਨੁੱਖ ਦੇ ਅੰਦਰਲੇ ਸੱਚ ਨੂੰ ਸਾਰਿਆਂ ਦੇ ਸਾਹਮਣੇ ਬੇ ਪਰਦ ਕਰਨ ਦੀ ਜੁਰਤ ਅਤੇ ਦਲੇਰੀ ਰੱਖਦਾ ਸੀ। ਖ਼ੁਸ਼ੀ-ਗ਼ਮੀ ਦੇ ਹਰ ਮੌਕੇ ਸੁਥਰਾ ਅਡੋਲ ਸ਼ਾਂਤ ਚਿੱਤ ਰਹਿੰਦਾ ਸੀ। ਇਸ ਬਾਰੇ  ਇਹ ਲੋਕ ਅਖਾਣ ਤਾਂ ਹਰ  ਬੱਚੇ, ਬੁੱਢੇ ਦੀ ਜ਼ੁਬਾਨ ’ਤੇ ਚੜ੍ਹਿਆ ਹੋਇਆ ਹੈ ਜੋ ਸੁਥਰੇ ਦਾ ਆਪਣੇ ਆਪ ਬਾਰੇ ਬੋਲਿਆ ਹੋਇਆ ਸੀ- ‘‘ਕੋਈ ਮਰੇ ਕੋਈ ਜੀਵੇ। ਸੁਥਰਾ ਘੋਲ ਪਤਾਸੇ ਪੀਵੇ।।’’ਆਪਣੇ ਤਿਖੇ ਵਿਅੰਗ ਬੋਲਾਂ ਅਤੇ ਕੰਮਾਂ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਉਹ ਨਾਰਾਜ਼ ਭੀ ਕਰ ਲੈਂਦਾ ਸੀ ਪਰ ਅਜਿਹੀ ਕੋਈ ਲਿਖਤ ਨਹੀਂ ਮਿਲਦੀ ਜਿਸ ਤੋਂ ਪਤਾ ਲੱਗੇ ਕਿ ਕਦੀ ਗੁਰੂ ਸਾਹਿਬ ਭੀ ਇਸ ’ਤੇ ਨਾਰਾਜ਼ ਹੋਏ ਹੋਣ

ਇਕ ਵਾਰੀ  ਗੁਰੂ ਤੇਗ ਬਹਾਦਰ ਸਾਹਿਬ ਉਪਦੇਸ਼ ਕਰ ਰਹੇ ਸਨ। ਸੰਗਤਾਂ ਦਾ ਵੱਡਾ ਇਕੱਠ ਸੀ। ਦੂਰੋਂ-ਨੇੜਿਓਂ ਆਏ ਮਾਈ-ਭਾਈ ਯਥਾ ਸ਼ਕਤ ਦਸਵੰਧ ਦੀ ਮਾਇਆ ਅਤੇ ਰਸਦ ਅਰਪਣ ਕਰ ਰਹੇ ਸਨ। ਸੁਥਰਾ ਜੀ ਆਏ, ਭੇਟਾ ਕੀਤੀ ਮਾਇਆ ਵਿੱਚੋਂ ਦੋ ਪੈਸੇ ਚੁੱਕ ਲਏ। ਆਲੇ-ਦੁਆਲੇ ਸਾਰਿਆਂ ਵੱਲ ਵੇਖਿਆ। ਦੋ ਪੈਸੇ ਸਭ ਨੂੰ ਵਿਖਾਏ ਤੇ ਜੇਬ ’ਚ ਪਾ ਕੇ ਤੇਜ ਕਦਮੀ ਦੀਵਾਨ ਵਿੱਚੋਂ ਬਾਹਰ ਚਲਾ ਗਿਆ। ਜਿਨ੍ਹਾਂ ਦੀ ਨਿਗਾਹ ਸਿਰਫ ਆਉਣ ਜਾਣ ਵਾਲਿਆਂ ’ਤੇ ਹੀ ਟਿਕੀ ਹੁੰਦੀ ਹੈ, ਧਿਆਨ ਕਥਾ ਕੀਰਤਨ  ਵਲ ਨਹੀਂ ਹੁੰਦਾ, ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਕੋਲ ਸ਼ਕਾਇਤ ਕਰਨ ਲਈ ਗਏ, ਕਹਿਣ ਲਗੇ, ‘‘ਮਹਾਰਾਜ! ਬਹੁਤ ਅਰਸੇ ਤੋਂ ਭਾਈ ਸੁਥਰਾ ‘‘ਸ਼ਰਾਰਤਾਂ’’ ਕਰਦਾ ਆ ਰਿਹਾ ਹੈ। ਤੁਸੀਂ ਇਸ ਨੂੰ ਕੁਝ ਕਹਿੰਦੇ ਨਹੀਂ । ਪਹਿਲਾਂ ਜੋ ਹੋਇਆ ਸੋ ਹੋਇਆ ਪਰ ਅੱਜ ਤਾਂ ਇਸ ਨੇ ਹੱਦ ਹੀ ਮੁਕਾ ਦਿੱਤੀ। ਸੰਗਤਾਂ ਵੱਲੋਂ ਅਰਪਣ ਕੀਤੀ ਮਾਇਆ ਵਿੱਚੋਂ ਪੈਸੇ ਚੁੱਕ ਕੇ ਉਸ ਨੇ ਆਪਣੀ ਜੇਬ ਵਿੱਚ ਪਾਕੇ ਤੇਜ ਕਦਮਾਂ ਨਾਲ ਬਾਹਰ ਚਲਾ ਗਿਆ। ਹਜ਼ੂਰ ਸਮਝਾਉ ਉਸ ਨੂੰ, ਇਹ ਕੋਈ ਸੋਭਨੀਕ ਕੰਮ ਨਹੀਂ ਹਨ।ਸਤਿਗੁਰੂ ਬੋਲੇ – ‘‘ਭਾਈ ਸਿੱਖੋ! ਜਦੋਂ ਸੁਥਰਾ ਮਿਲੇ ਮੇਰੇ ਕੋਲ ਲੈ ਆਉਣਾ ਪੁੱਛਾਂਗੇ ਸਾਰੀ ਗੱਲਬਾਤ।’’

ਕੁੱਝ ਦਿਨਾਂ ਤੋਂ ਬਾਅਦ ਜਦੋਂ ਭਾਈ ਸੁਥਰਾ ਫਿਰ ਨਜ਼ਰ ਆਇਆ ਤਾਂ ਚਾਰ-ਪੰਜ ਬੰਦਿਆਂ ਨੇ ਘੇਰ ਲਿਆ।  ਸੁਆਲ-ਜੁਆਬ ਕਰਦੇ ਕਰਦੇ   ਗੁਰੂ ਤੇਗ ਬਹਾਦਰ ਸਾਹਿਬ ਵੱਲ ਲੈ ਆਏ ਤੇ  ਸ਼ਿਕਾਇਤ ਦੁਹਰਾਈ। ਗੁਰੂ ਸਾਹਿਬ ਜੀ ਨੇ ਪਿਆਰ ਨਾਲ ਸੁਥਰਾ ਸ਼ਾਹ ਨੂੰ ਪੁੱਛਿਆ, ‘‘ਭਾਈ ਕੀ ਮਾਜਰਾ ਹੈ? ਕੀ ਕਹਿੰਦੇ ਨੇ ਇਹ ਭਾਈ?’’ ਸੁਥਰਾ ਨਿਮਰਤਾ ਨਾਲ ਦੱਸਣ ਲੱਗਾ, ‘‘ਪਾਤਿਸ਼ਾਹ! ਸੰਗਤਾਂ ਵੱਲੋਂ ਅਰਪਣ ਕੀਤੀ ਮਾਇਆ ਵਿੱਚੋਂ ਮੈਂ ਕੇਵਲ ਦੋ ਪੈਸੇ ਚੁੱਕੇ ਸਨ। ਚੋਰੀ ਨਹੀਂ ਕੀਤੀ, ਸਾਰਿਆਂ ਦੇ ਸਾਹਮਣੇ ਚੁੱਕੇ ਸਨ। ਵੱਡੀ ਰਕਮ ਨਹੀਂ ਚੁੱਕੀ, ਸੰਕੇਤ ਮਾਤਰ ਦੋ ਪੈਸੇI ਪਰ ਮੈਂ ਇਨ੍ਹਾਂ ਭਾਈਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸੰਗਤਾਂ ਨੇ ਰੁਪਏ ਪੈਸੇ ਅਰਪਣ ਕਰ ਦਿੱਤੇ। ਮੈਂ ਆਪਣੇ ਪਿਤਾ ਦੇ ਖ਼ਜ਼ਾਨੇ ਵਿੱਚੋਂ ਦੋ ਪੈਸੇ ਲੈ ਲਏ। ਤੁਹਾਨੂੰ ਕਿਉਂ ਚਾਰ ਦਿਨਾਂ ਤੋਂ ਢਿੱਡ ਪੀੜ ਹੋ ਰਹੀ ਹੈ? ਤੁਹਾਨੂੰ ਮੇਰੇ ਦੋ ਪੈਸੇ ਨਜ਼ਰ ਆ ਗਏ, ਤੁਹਾਨੂੰ ਆਪਣੇ  ਖ਼ਜ਼ਾਨੇ ਕਦੀ ਨਹੀਂ ਦਿੱਸੇ? ਤੁਸੀਂ ਪੈਸਾ, ਦੋ ਪੈਸੇ ਇੱਥੇ ਰੱਖ ਕੇ ਕਿੰਨੀਆਂ ਮੰਗਾਂ ਦੀ ਅਰਦਾਸ ਕਰਦੇ ਹੋ? ਕਿਤਨਾ ਕੁਝ ਸਤਿਗੁਰੂ ਜੀ ਤੋਂ ਮੰਗਦੇ ਹੋ, ਰੋਗ ਮੁਕਤ ਕਰ ਦਿਓ, ਅੰਨ, ਧਨ ਨਾਲ ਭੰਡਾਰੇ ਭਰ ਦਿਓ, ਪੁੱਤਰ ਦੀ ਦਾਤ ਬਖ਼ਸ਼ੋ। ਕਦੀ ਸੋਚਿਆ ਹੈ ਕਿ ਅੱਜ  ਦੋ ਚੌਹ ਪੈਸਿਆਂ ਵਿੱਚ ਇਹ ਸਾਰਾ ਕੁੱਝ ਖ਼ਰੀਦਿਆ ਜਾ ਸਕਦਾ ਹੈ?  ਜਿੰਨੇ ਉਚੇ ਸੁੱਚੇ ਵਿਚਾਰ ਪਾਤਿਸ਼ਾਹ ਦੇ ਰਹੇ ਸਨ, ਜੇ ਤੁਸੀਂ ਉਹ ਇਕਾਗਰ ਹੋਕੇ  ਚਿੱਤ ਨਾਲ ਸੁਣ ਲੈਂਦੇ ਤਾਂ ਦੋ ਪੈਸਿਆਂ ਵਾਲੀ ਨਿਗੁਣੀ ਜਿਹੀ ਗੱਲ ਵੱਲ ਤੁਹਾਡਾ ਧਿਆਨ ਨਾਂ ਜਾਂਦਾ । ਮੈਂ ਤਾਂ ਵੈਸੇ ਵੀ ਆਪਣੀਆਂ ਲੋੜਾਂ ਗੁਰੂ ਘਰ ਤੋਂ  ਹੀ ਪੂਰੀਆਂ ਕਰਦਾ ਹਾਂ।

ਫਿਰ ਉਹ ਉਨ੍ਹਾ ਸੰਗਤਾ ਕੋਲੋਂ ਹੀ ਪੁੱਛਣ ਲਗਾ,”ਤੁਸੀਂ ਦੱਸ ਸਕਦੇ ਹੋ ਕਿ ਉਸ ਦਿਨ ਦਰਬਾਰ ਵਿਚ ਕੇਹੜਾ ਸ਼ਬਦ ਪੜਿਆ ਗਿਆ ਸੀ , ਗੁਰੂ ਸਾਹਿਬ ਨੇ ਕੀ ਉਪਦੇਸ਼ ਦਿਤਾ ਸੀ”I ਕਿਸੇ ਨੂੰ ਯਾਦ ਨਹੀਂ ਸੀ ਸਭ ਚੁਪ ਹੋ ਗਏ Iਇਹ ਸਭ ਤੁਹਾਨੂੰ ਪਤਾ ਨਹੀਂ  ਹੋਣਾ ਕਿਓਂਕਿ ਤੁਹਾਡਾ ਧਿਆਨ ਗੁਰੂ ਵਲ ਨਹੀਂ ਸੀ, ਗੁਰੂ ਦੀ  ਗੋਲਕ  ਵਲ ਸੀ I । ਸਤਿਗੁਰੂ ਦੀ ਅਗਵਾਈ ਵਿੱਚ ਜੇਕਰ ਤੁਸੀਂ  ਵੱਡੀਆਂ ਪ੍ਰਾਪਤੀਆਂ ਕਰਨੀਆਂ ਹਨ, ਤਾਂ ਗੁਰੂ ਸਾਹਿਬ ਦਾ ਉਪਦੇਸ਼ ਧਿਆਨ ਨਾਲ ਸੁਣਿਆ ਕਰੋ” ਇਧਰ ਉਧਰ ਨਾਂ ਝਾੰਕਿਆ ਕਰੋ ,ਕੀਰਤਨ ਵਿਚ ਮਨ ਲਗਾਇਆ ਕਰੋ I ਇਹ ਸਭ ਸੁਣ  ਕੇ ਗੁਰੂ ਸਾਹਿਬ ਨੇ ਭਾਈ ਸੁਥਰਾ ਜੀ ਨੂੰ ਪਿਆਰ ਭਰਾ ਥਾਪੜਾ ਦਿੱਤਾ, ਅਸੀਸਾਂ ਨਾਲ ਨਿਵਾਜਿਆ। ਸ਼ਿਕਾਇਤ ਕਰਨ ਵਾਲਿਆਂ ਨੇ  ਮੁਆਫ਼ੀ ਮੰਗ ਤੇ ਸ਼ਰਮਿੰਦਾ ਹੋਕੇ ਘਰਾਂ ਨੂੰ ਵਾਪਸ ਚਲੇ ਗਏ।

ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ॥

ਜੈ ਜੈ ਕਾਰੁ ਸਗਲ ਭੂ ਮੰਡਲ, ਮੁਖ ਊਜਲ ਦਰਬਾਰ॥

 

ਪੰਜਾਬ ਤੋਂ ਦੂਰ ਦੇ ਕਿਸੇ ਇਲਾਕੇ ਵਿੱਚੋਂ ਜੋਗੀਆਂ ਦਾ ਇੱਕ ਟੋਲਾ ਆ ਗਿਆ। ਸਿੱਖ ਸੇਵਕਾਂ ਨੂੰ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣ ਦੀ ਇੱਛਾ ਜਤਾਈ। ਸਿੱਖਾਂ ਨੇ ਉਨ੍ਹਾਂ ਦਾ ਉਤਾਰਾ ਕਰਵਾ ਦਿੱਤਾ। ਲੋੜ ਮੁਤਾਬਕ ਸੇਵਾ ਕੀਤੀ ਗਈ। ਦੂਜੇ ਦਿਨ ਸਾਰੇ ਜੋਗੀਆਂ ਨੇ ਸਵੇਰੇ ਬਾਣੀ ਦਾ ਪਾਠ ਸ੍ਰਵਣ ਕੀਤਾ, ਕੀਰਤਨ ਹੋਇਆ। ਨਾਸ਼ਤਾ ਕਰਨ ਵਾਸਤੇ ਕੁੱਝ ਸਮੇਂ ਦੀ ਵੇਹਲ ਮਿਲ ਗਈ। ਇੰਨੇ ਨੂੰ ਭਾਈ ਸੁਥਰਾ ਜੀ ਉਨ੍ਹਾਂ ਜੋਗੀਆਂ ਕੋਲ ਜਾ ਬੈਠੇ। ਰਸਮੀ ਸੁੱਖਸਾਂਦ ਤੋਂ ਮਗਰੋਂ ਭਾਈ ਜੀ ਨੇ ‘‘ਗੁਰੂ ਘਰ’’ ਬਾਰੇ ਸੰਖੇਪ ਜਾਣਕਾਰੀ ਦਿੱਤੀ। ਦੇਸ਼ ਵਿਚਲੇ ਜ਼ੁਲਮੀ ਰਾਜ ਬਾਰੇ ਵਿਚਾਰਾਂ ਹੋਈਆਂ। ਥੋੜੇ ਸਮੇਂ ਮਗਰੋਂ ਸੁਥਰਾ ਜੀ ਨੇ ਸੁਆਲ ਕੀਤਾ, ‘‘ਜੋਗੀ ਜੀ! ਕ੍ਰਿਪਾ ਕਰ ਕੇ ਦੱਸੋ ਕਿ ਤੁਹਾਡਾ ਨਾਂ ਕੀ ਹੈ, ਤੁਸੀਂ ਸਰੀਰ ਦੇ ਬਸਤਰ ਕਿਉਂ ਤਿਆਗ ਦਿੱਤੇ? ਜੋਗੀ- ‘‘ਮੇਰਾ ਨਾਮ ਸ਼ਾਂਤੀ ਸਰੂਪ ਹੈ। ਅਸੀਂ ਤਿਆਗੀ ਜੋ ਹੋਇ, ਮਾਇਆ ਤੋਂ ਨਿਰਲੇਪ। ਕੋਈ ਜ਼ਮੀਨ ਜਾਇਦਾਦ ਨਹੀਂ, ਧੀਆਂ, ਪੁੱਤਰ, ਪਤਨੀ ਨਹੀਂ। ਸਭ ਰਿਸ਼ਤੇ ਭੀ ਤਿਆਗ ਦਿੱਤੇ। ਘਰ ਜ਼ਮੀਨ ਭੀ ਤਿਆਗ ਦਿੱਤੇ। ਫਿਰ ਸਰੀਰ ਦੇ ਬਸਤਰ ਭੀ ਤਿਆਗ ਦਿੱਤੇ। ਹੁਣ ਤਾਂ ਮੌਤ ਦਾ ਪ੍ਰਤੀਕ ਸਰੀਰ ’ਤੇ ਸੁਆਹ ਮਲ ਲਈਦੀ ਹੈ। ਇਥੇ ਕਠਨ ਸਾਧਨਾ ਕਰਾਂਗੇ, ਅਗਲੇ ਜਨਮ ਵਿੱਚ ਮੁਕਤੀ ਮਿਲੇਗੀ।’’ਸੁਥਰਾ- ‘‘ਜੋਗੀ ਜੀ! ਤੁਹਾਡਾ ਘਰ ਬਾਰ ਤਿਆਗਣ ਨਾਲ ਕੀ ਨਫਾ ਜਾਂ ਕੀ ਨੁਕਸਾਨ ਹੋਇਆ? ਤੁਹਾਡੇ ‘‘ਤਿਆਗ’’ ਵਿੱਚੋਂ ਲੋਕਾਂ ਨੂੰ ਕੀ ਮਿਲਿਆ?’’ਜੋਗੀ- ‘‘ਅਸੀਂ ਤਾਂ ਆਪਣਾ ਅੱਗਾ ਸੰਵਾਰਨ ਲਈ ਇਉਂ ਕੀਤਾ ਹੈ। ਲੋਕਾਂ ਦਾ ਤਾਂ ਕੋਈ ਭਲਾ ਨਹੀਂ ਹੋਇਆ।’’ਭਾਈ ਸੁਥਰਾ- ‘‘ਇਸ ਜਨਮ ਵਿੱਚ ਤੁਸੀਂ ਸਾਰੇ ਸੁੱਖਾਂ ਤੋਂ ਵਾਂਝੇ ਹੋ ਗਏ। ਤੁਹਾਡੇ ਪ੍ਰਵਾਰ ਦੇ ਜੀਅ ਤੜਪ ਰਹੇ ਹੋਣਗੇ। ਬਜ਼ੁਰਗ ਮਾਤਾ-ਪਿਤਾ ਨੂੰ ਸੇਵਾ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਰੋਟੀ ਕੌਣ ਦਿੰਦਾ ਹੋਵੇਗਾ? ਤੁਹਾਡਾ ਆਪਣਾ ਪ੍ਰਵਾਰ ਗਿਆ। ਸੁੱਖ ਆਰਾਮ ਗਿਆ। ਖਾਣਾ-ਪਹਿਨਣਾ ਗਿਆ। ਧਰਮ ਕਰਮ ਗਿਆ, ਇੱਜ਼ਤ ਆਬਰੂ ਗਈ। ਤੁਸੀਂ ਇਸ ਜਨਮ ਨੂੰ ਸੰਵਾਰਨ ਦੀ ਥਾਂ ਅਗਲੇ ਜਨਮ ਦੀ ਕੂੜੀ ਆਸ ਲਾਈ ਬੈਠੇ ਹੋ” । ਕੱਪੜੇ ਉਤਾਰ ਦਿੱਤੇ, ਸਰੀਰ ’ਤੇ ਸੁਆਹ ਮਲ ਲਈ। ਇਹ ਤੁਸੀਂ ਕਿਸ ਰਾਹ ਪੈ ਗਏ? ਜੋਗੀ- ਤਲਖੀ ਵਿੱਚ, ‘‘ਦੇਖੋ ਮੇਰੇ ਧਰਮ ਕਰਮ ਵਿੱਚ ਦਖ਼ਲ ਨਾ ਦਿਓ। ਮੇਰੀ ਆਪਣੀ ਮਰਿਆਦਾ ਹੈ, ਆਪਣੀ ਸ਼ਰਧਾ ਹੈ। ਤੁਸੀਂ ਆਪਣਾ ਧਰਮ ਕਰਮ ਨਿਭਾਉਂਦੇ ਰਹੋ, ਪਰ ਮੈਨੂੰ ਕੁੱਝ ਨਹੀਂ ਕਹਿਣਾ।’’ਸੁਥਰਾ- ‘‘ਜੋਗੀ ਮਹਾਰਾਜ! ਕ੍ਰਿਪਾ ਕਰ ਕੇ ਇਹ ਦੱਸੋ ਕਿ ਤੁਸੀਂ ਤੇ ਤੁਹਾਡੇ ਚੇਲੇ ਜੋ ਸਰੀਰ ’ਤੇ ਸੁਆਹ ਮਲ ਕੇ ਰੱਖਦੇ ਹੋ, ਇਹ ਕਿਵੇਂ ਤਿਆਰ ਕੀਤੀ ਜਾਂਦੀ ਹੈ?’’ਜੋਗੀ- ‘‘ਅਸੀਂ ਸੁੱਕੇ ਗੋਹੇ ਇਕੱਠੇ ਕਰ ਕੇ ਅੱਗ ਲਾ ਦਿੰਦੇ ਹਾਂ। ਜਦੋਂ ਪੂਰੀ ਤਰ੍ਹਾਂ ਸੜ ਜਾਣ ਤਾਂ ਉਨ੍ਹਾਂ ਦੀ ਸੁਆਹ ਸਰੀਰ ’ਤੇ ਚੰਗੀ ਤਰ੍ਹਾਂ ਮਲ ਲੈਂਦੇ ਹਾਂ।’’ਸੁਥਰਾ- ‘‘ਜੋਗੀ ਮਹਾਰਾਜ! ਕ੍ਰਿਪਾ ਕਰ ਕੇ ਇਹ ਦੱਸੋ ਕਿ ਗੋਹੇ ਦੀ ਚੋਣ ਕਿਵੇਂ ਕਰਦੇ ਹੋ? ਮੇਰਾ ਮਤਲਬ ਗੋਹਾ ਮੱਝਾਂ ਦਾ ਹੈ ਕਿ ਗਾਵਾਂ ਦਾ ਜਾਂ ਫਿਰ ਬਲਦ-ਝੋਟਿਆਂ ਦਾ?’’ਜੋਗੀ (ਜਰਾ ਤਲਖੀ ਨਾਲ), ‘‘ਫ਼ਜ਼ੂਲ ਨਹੀਂ ਬੋਲਣਾ ਚਾਹੀਦਾ। ਕਿਸੇ ਦੇ ਧਰਮ ਕਰਮ ’ਤੇ ਹਾਸਾ ਨਹੀਂ ਪਾਈਦਾ। ਅਸੀਂ ਜੋ ਬਿਭੂਤੀ (ਸੁਆਹ) ਤਿਆਰ ਕਰਦੇ ਹਾਂ। ਸਿਰਫ਼ ਗਊਆਂ ਦੇ ਗੋਬਰ ਤੋਂ ਬਣੀ ਹੁੰਦੀ ਹੈ।’’ਸੁਥਰਾ- ‘‘ਸੁਆਮੀ ਜੀ! ਇੱਕ ਗੱਲ ਹੋਰ, ਜੋ ਸੁਆਹ ਤੁਸੀਂ ਤਿਆਰ ਕਰਦੇ ਹੋ, ਇਹ ਪਾਲਤੂ ਗਾਵਾਂ ਦੇ ਗੋਹੇ ਤੋਂ ਤਿਆਰ ਕਰਦੇ ਹੋ ਜਾਂ ਜੰਗਲੀ ਗਾਵਾਂ ਦੇ ਗੋਹੇ ਤੋਂ? ਅੱਗੋਂ ਚੋਣ ਕਿਵੇਂ ਕਰਦੇ ਹੋ? ਸਫੇਦ ਗਾਂ, ਕਪਿਲਾ (ਕਾਲੀ) ਗਾਂ ਜਾਂ ਫਿਰ ਗੋਰੀ ਗਾਂ ਦਾ ਗੋਹਾ ਵਰਤਦੇ ਹੋ? ਇਹ ਭੀ ਫੁਰਮਾ ਦਿਓ ਕਿ ਬਿਭੂਤੀ ਤਿਆਰ ਕਰਨ ਸਮੇਂ ਮੰਤਰ ਕਿਹੜੇ ਪੜ੍ਹਦੇ ਹੋ?’’ਭਾਈ ਸੁਥਰੇ ਸ਼ਾਹ ਦੇ ਵਿਅੰਗ ਸੁਣ ਕੇ ਜੋਗੀ ਦਾ ਪਾਰਾ ਸਿਖਰ ਤੇ ਚੜ੍ਹ ਚੁੱਕਿਆ ਸੀ। ਹੁਣ ਤਾਂ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ। ਅੱਖਾਂ ਲਾਲ ਹੋ ਗਈਆਂ ਸਾਹ ਤੇਜ ਚੱਲਣ ਲੱਗ ਪਿਆ। ਨਾਲ ਦੇ ਸੰਗੀ ਸਾਧ ਭੀ ਕਚੀਚੀਆਂ ਵੱਟਣ ਲੱਗੇ। ਸ਼ਾਂਤੀ ਸਰੂਪ ਜੋਗੀ ਨੇ ਆਪਣੇ ਸੋਟੇ ਨੂੰ ਮਜ਼ਬੂਤੀ ਨਾਲ ਹੱਥ ਵਿੱਚ ਫੜਿਆ ਹੀ ਸੀ ਕਿ ਸੁਥਰਾ ਜੀ ‘‘ਬਚਾਓ-ਬਚਾਓ’’ ਦਾ ਸ਼ੋਰ ਪਾਉਂਦੇ ਦੌੜ ਪਏ। ਪਿੱਛੇ-ਪਿੱਛੇ ਚੇਲਿਆਂ ਸਮੇਤ ਸੋਟਾ ਲੈ ਕੇ ਗੁੱਸੇ ਵਿੱਚ ਭਰਿਆ ਸਾਧ ਦੌੜ ਰਿਹਾ ਸੀ। ਭਾਈ ਸੁਥਰਾ ਸਿੱਧਾ ਦੌੜਦਾ ਹੋਇਆ ਗੁਰੂ ਜੀ ਅੱਗੇ ਜਾ ਪਹੁੰਚਿਆ। ਪੁਕਾਰ ਕੀਤੀ, ‘‘ਮਹਾਰਾਜ ਬਚਾਉ। ਆਹ ਸਾਧ ਮੈਨੂੰ ਮਾਰਨ ਲੱਗੇ ਹਨ।’’ ਇਤਨੇ ਨੂੰ ਜੋਗੀ ਸ਼ਾਂਤੀ ਸਰੂਪ ਭੀ ਆ ਗਿਆ। ਗੁਰੂ ਜੀ ਨੇ ਗੁੱਸੇ ਦਾ ਕਾਰਨ ਪੁੱਛਿਆ? ਜੋਗੀ ਨੇ ਸੰਖੇਪ ਵਿੱਚ ਸਾਰੀ ਹੋਈ ਬੀਤੀ ਕਹਿ ਸੁਣਾਈ। ਫਿਰ ਸਤਿਗੁਰੂ ਜੀ ਨੇ ਸੁਥਰੇ ਨੂੰ ਪੁੱਛਿਆ। ਸੁਥਰਾ ਹੱਥ ਜੋੜ ਕੇ ਆਖਣ ਲੱਗਾ, ‘‘ਪਾਤਿਸ਼ਾਹ ਖ਼ਿਮਾ ਕਰਨਾ। ਮੈਂ ਇਸ ਦਾ ਸੰਤਪੁਣਾ ਪਰਖ ਰਿਹਾ ਸਾਂ। ਇਨ੍ਹਾਂ ਨੇ ਘਰ, ਜ਼ਮੀਨ, ਪ੍ਰਵਾਰ ਸਭ ਤਿਆਗ ਦਿੱਤੇ, ਗੁੱਸੇ ਦੀ ਪੰਡ ਨਾਲ ਚੁਕ ਕੇ ਲੈ ਆਏ ਹਨ । ਨਾਮ ਰਖਾਇਆ ਹੈ ‘‘ਸ਼ਾਂਤੀ ਸਰੂਪ’’। ਬਾਹਰ ਭਾਵੇਂ ਸੁਆਹ ਮਲੀ ਹੋਈ ਹੈ, ਅੰਦਰ ਤਾਂ ਇਸ ਦੇ ਕ੍ਰੋਧ ਵਾਲੇ ਅੱਗ ਦੇ ਭਾਂਬੜ ਬਲ ਰਹੇ ਹਨ। ਮੈਂ ਇਨ੍ਹਾਂ ਦੀ ਸੰਤਗੀਰੀ ਨੂੰ ਪਰਖਣ ਵਾਸਤੇ ਹੀ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਸੀ। ਇਹ ਸਾਧ ਸੁਆਹ ਵਿੱਚੋਂ ਧਰਮ ਭਾਲਦਾ ਹੈ। ਨਾਂਗੇ ਰਹਿਣ ਵਿੱਚ ਧਰਮ ਸਮਝਦਾ ਹੈ। ਆਪਣੀ ਪੇਟ ਪੂਰਤੀ ਲਈ ਲੋਕਾਂ ਦੇ ਘਰੋਂ ਟੁਕੜੇ ਮੰਗ ਮੰਗ ਕੇ ਖਾਂਦਾ ਹੈ। ਸਮਾਜਿਕ ਜ਼ਿੰਮੇਵਾਰੀ ਵਾਲਾ ਕੋਈ ਕੰਮ ਕਰਨ ਨੂੰ ਤਿਆਰ ਨਹੀਂ। ਸ਼ਾਂਤੀ ਸਰੂਪ ਨਾਮ ਰਖਵਾ ਕੇ ਬਣਿਆ ਫਿਰਦਾ ਹੈ ਸੰਤ। ਜਿਸ ਦਾ ਸਭ ਤੋਂ ਜ਼ਿਆਦਾ ਅਪਮਾਨ ਕਰਨਾ ਹੋਵੇ, ਉਸ ਦੇ ਸਿਰ ਵਿੱਚ ਸੁਆਹ ਪਾ ਦੇਈਦੀ ਹੈ। ਇਹ ਭਾਈ ਖ਼ੁਦ ਹੀ ਸਿਰ ਵਿੱਚ ਸੁਆਹ ਪਾ ਰਹੇ ਹਨ। ਤੁਹਾਨੂੰ ਮਿਲ ਕੇ ਵਕਤ ਖ਼ਰਾਬ ਕਰਨਾ ਚਾਹੁੰਦੇ ਸਨ। ਮੈਂ ਤਾਂ ਇਨ੍ਹਾਂ ਦੇ ਹੋਸ਼ ਟਿਕਾਣੇ ਲਿਆਉਣ ਵਾਸਤੇ ਆਹ ਨਾਟਕ ਰਚਿਆ ਸੀ। ਗੁਰੂ ਪਾਤਿਸ਼ਾਹ ਜੀ! ਤੁਹਾਡੇ ਤੋਂ ਅਤੇ ਇਨ੍ਹਾਂ ਜੋਗੀ ਭਾਈਆਂ ਤੋਂ ਮੈਂ ਮੁਆਫ਼ੀ ਮੰਗਦਾ ਹਾਂ।’’ ਜੋਗੀ ਸ਼ਾਂਤੀ ਸਰੂਪ ਕੁੱਝ ਦੇਰ ਖੜਾ ਸੋਚਦਾ ਰਿਹਾ। ਅੰਦਰੋਂ ਕੁੱਝ ਟੁਟਦਾ ਢਹਿੰਦਾ ਮਹਿਸੂਸ ਹੋਇਆ। ਸਾਰਿਆਂ ਦੇ ਸਾਹਮਣੇ ਧਰਮ ਦਾ ਪਾਖੰਡ ਨੰਗਾ ਹੋ ਜਾਣ ਦਾ ਬਹੁਤ ਪਛਤਾਵਾ ਹੋਇਆ। ਸਤਿਗੁਰੂ ਜੀ ਦੇ ਚਰਨਾਂ ’ਤੇ ¦ਲੰਮਾ ਪੈ ਕੇ ਡੰਡੌਤ ਕੀਤੀ। ਵਿਖਾਵੇ ਵਾਲੇ ਧਰਮ ਤੋਂ ਤੋਬਾ ਕੀਤੀ। ਅੱਗੇ ਲਈ ਨੇਕ ਰਾਹ ’ਤੇ ਚੱਲਣ ਦਾ ਪ੍ਰਣ ਕੀਤਾ। ਸਤਿਗੁਰੂ ਜੀ ਨੇ ਪਿਆਰ ਅਸੀਸ ਦਿੱਤੀIਇਸ ਤਰ੍ਹਾਂ ਦੀਆਂ ਬੜੀਆਂ ਕਹਾਣੀਆ ਇਨ੍ਹਾ ਦੇ ਨਾਮ ਨਾਲ ਜੁੜੀਆਂ ਹੋਈਆਂ ਹਨ ਪਰ ਵਕਤ ਤੇ ਜਗਾਹ ਦੀ ਤੰਗੀ ਕਰਨ ਇਸ ਲੇਖ ਨੂੰ ਮੈਂ ਇਥੇ ਹੀ ਖਤਮ ਕਰਦੀ ਹਾਂl ਭਾਈ ਰਣਧੀਰ ਸਿੰਘ ਜੀ ਇਸਦਾ ਦੇਹਾੰਤ ਸੰਨ 1681 ਵਿਚ ਹੋਇਆ ਦਸਦੇ ਹਨl

ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment