SikhHistory.in

ਗਿਆਨੀ (ਸੰਤ) ਕਰਤਾਰ ਸਿੰਘ ਜੀ “ਖਾਲਸਾ” (1932-1977)

ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਆਦਰਸ਼ਕ ਸਿੱਖ, ਸਮਾਜ ਸੁਧਾਰਕ ਅਤੇ ਕਰਮਯੋਗੀ ਸੰਤ ਕਰਤਾਰ ਸਿੰਘ ਜੀ ਖਾਲਸਾ ਦਾ ਜਨਮ 21 ਅਕਤੂਬਰ 1932 ਨੂੰ  ਗੁਰਬਾਣੀ ਦੇ ਨਿਤਨੇਮੀ ਤੇ ਖਾਲਸਾ ਪੰਥ ਦੇ ਮਹਾਨ ਸੇਵਕ ਜੱਥੇਦਾਰ ਝੰਡਾ ਸਿੰਘ ਜੀ ਦੇ ਘਰ ਮਾਤਾ ਲਾਭ ਕੌਰ ਜੀ ਦੀ ਕੁੱਖੋਂ ਪਿੰਡ ਭੂਰੇ ਕੋਹਨਾ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ।  ਆਪਜੀ ਦੀ ਅਦੁਤੀ ਸ਼ਖਸ਼ੀਅਤ ਨੂੰ ਪੜ੍ਹ -ਸੁਣਕੇ ਹਰ ਸਿਖ ਦਾ ਸਿਰ ਆਪਜੀ ਅਗੇ ਅਪਾਰ ਸ਼ਰਧਾ , ਮਾਣ ਤੇ ਸਤਿਕਾਰ ਨਾਲ -ਆਪ ਹੀ   ਝੁਕ ਜਾਂਦਾ ਹੈ 1

ਆਪ ਜੀ ਨੂੰ ਗੁਰਮਤਿ ਗੁੜਤੀ ਉਦੋਂ ਹੀ ਮਿਲ ਗਈ, ਜਦੋਂ ਜਨਮ ਉਪਰੰਤ ਇੱਕ ਦਮ ਬਾਅਦ ਆਪ ਨੂੰ ਪਵਿੱਤਰ ਅੰਮ੍ਰਿਤ ਛਕਾਇਆ ਗਿਆ ਸੀ 1ਕੋਈ ਜਨੁ ਹਰਿ ਸਿਉ ਦੇਵੈ ਜੋਰਿ॥ ਗੁਰੂ ਹੁਕਮ ਤੋਂ ਆਪ ਦਾ ਨਾਂ ਕਰਤਾਰ ਸਿੰਘ ਰੱਖਿਆ ਗਿਆ।ਮੁੱਢਲੀ ਵਿੱਦਿਆ ਤੇ ਗੁਰਮੁਖੀ ਆਪਨੇ ਆਪਣੇ ਪਿੰਡ ਦੇ ਮਹਾਨ ਗੁਰ ਸਿਖ ਅਖੰਡ ਪਾਠੀ  ਬਜ਼ੁਰਗ ਬਾਬਾ ਬੱਗਾ ਸਿੰਘ ਪਾਸੋਂ ਲਈ। ਅਠਵੀਂ ਤਕ ਆਪ ਸਰਕਾਰੀ ਮਿਡਲ ਸਕੂਲ ਖੇਮਕਰਨ ਤਕ ਪੜੇ 1 ਦਸਵੀਂ ਆਪਨੇ ਨੈਸ਼ਨਲ ਸਕੂਲ ਭਿੱਖੀਵਿੰਡ ਤੋਂ ਪਾਸ ਕੀਤੀ ਤੇ ਉਚੇਰੀ ਵਿਦਿਆ  ਖਾਲਸਾ ਕਾਲਜ ਅੰਮ੍ਰਿਤਸਰ ਤੋਂ । ਘਰੇਲੂ ਮਾਹੌਲ ਪੂਰੀ ਤਰ੍ਹਾਂ ਗੁਰਸਿੱਖੀ ਰੰਗ ਵਿੱਚ ਰੰਗਿਆ ਹੋਣ ਕਰਕੇ ਪੜ੍ਹਾਈ ਦੇ ਨਾਲ-ਨਾਲ ਆਪ ਪੂਰਨ ਗੁਰਸਿੱਖੀ ਦੇ ਧਾਰਨੀ ਵੀ ਸੀ 1  ਨਿਤਨੇਮ ਕਰਨਾ , ਸਿਮਰਨ ਕਰਨਾ ਤੇ  ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਤੋਂ ਬਿਨਾ ਪ੍ਰਸ਼ਾਦਾ ਨਹੀਂ ਛਕਣਾ ਆਪਜੀ ਦਾ ਨਿਤ ਦਾ ਕਰਮ ਸੀ ।  ਆਪ ਰੋਜ਼ਾਨਾ ਖਾਲਸਾ ਕਾਲਜ ਤੋਂ ਸ੍ਰੀ ਹਰਿਮੰਦਰ ਸਾਹਿਬ ਤੁਰ ਕੇ ਆਇਆ ਕਰਦੇ  ਅਤੇ ਇਸ ਸਫਰ ਦੌਰਾਨ 25 ਜਪੁਜੀ ਸਾਹਿਬ ਦੇ ਪਾਠ ਰੋਜ਼ ਕਰਦੇ ਸੀ ।

1948 ਵਿਚ ਜਦੋਂ ਆਪ ਵਿਦਿਆਰਥੀ ਹੀ ਸੀ ਆਪਜੀ ਦੇ ਭੂਆ ਦੇ ਪੁਤਰ ਭਗਤ ਉਜਾਗਰ ਸਿੰਘ ਜੀ ਕਾਹਨੇ ਵਾਲੇ ਨੇ ਆਪਜੀ ਦਾ ਮੇਲ  ਭਿੰਡਰ ਕਲਾਂ ਵਿਖੇ ਦਮਦਮੀ ਟਕਸਾਲ ਦੇ 12ਵੇਂ ਮੁੱਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨਾਲ ਕਰਵਾਇਆ 1  ਇੱਥੇ ਪਹਿਲੀ ਤੱਕਣੀ ਵਿੱਚ ਹੀ ਆਪ ਸੰਤ ਬ੍ਰਹਮ ਗਿਆਨੀ ਗੁਰਬਚਨ ਸਿੰਘ ਜੀ ਦੇ ਹੀ ਹੋ ਕੇ ਰਹਿ ਗਏ। ਉਸੇ ਸਥਾਨ ਤੇ ਹੀ ਮਹਾਂਪੁਰਖਾਂ ਨੇ ਆਪਣੇ ਪਵਿੱਤਰ ਹੱਥਾਂ ਨਾਲ ਪੰਜਾਂ ਪਿਆਰਿਆਂ ਵਿੱਚ ਖੁਦ ਸ਼ਾਮਲ ਹੋ ਕੇ ਆਪ ਜੀ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਛੱਕਦਿਆਂ ਹੀ ਗੁਰੂ ਮਿਲਾਪ ਦੀ ਤੜਪ ਹੋਰ ਤੀਬਰ ਹੋ ਗਈ।

1950 ਨੂੰ 18 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਭੈਣੀ ਮੱਸਾ ਸਿੰਘ ਦੇ ਸ. ਕਰਤਾਰ ਸਿੰਘ ਦੀ ਸਪੁੱਤਰੀ ਬੀਬੀ ਨਿਰੰਜਨ ਕੌਰ ਨਾਲ ਪੂਰਨ ਗੁਰਮਤਿ ਰਹਿਤ ਮਰਿਯਾਦਾ ਅਨੁਸਾਰ ਹੋਇਆ। ਆਪ ਜੀ ਦੇ ਘਰ ਦੋ ਸਪੁੱਤਰਾਂ ਭਾਈ ਅਮਰੀਕ ਸਿੰਘ ਅਤੇ ਭਾਈ ਮਨਜੀਤ ਸਿੰਘ ਨੇ ਜਨਮ ਲਿਆ। (ਭਾਈ ਅਮਰੀਕ ਸਿੰਘ ਬਾਅਦ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣੇ ਅਤੇ ਸਾਕਾ ਨੀਲ- ਤਾਰਾ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਭਾਰਤੀ ਫੌਜ ਨਾਲ ਲੜਦੇ ਹੋਏ ਸ਼ਹੀਦ ਹੋ  ਗਏ)

ਐਫ. ਏ ਕਰਨ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਨੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਖੇਤੀ ਵੀ ਕੀਤੀ ਅਤੇ ਆਪਣੇ ਪਿਤਾ ਜੱਥੇਦਾਰ ਝੰਡਾ ਸਿੰਘ ਜੀ ਦੇ ਹੁਕਮ ਨੂੰ ਮੰਨਦਿਆਂ ਮੁਕਤਸਰ ਸਾਹਿਬ ਵਿਖੇ ਪਟਵਾਰੀ ਦੀ ਨੌਕਰੀ ਵੀ ਕੀਤੀ।  ਸੰਸਾਰਕ ਕੰਮਾਂ ਵਿੱਚ ਵਿਚਰਦਿਆਂ ਆਪ ਦਾ ਮਨ ਹਮੇਸ਼ਾਂ ਗੁਰੂ ਚਰਨਾਂ ਨਾਲ ਜੁੜਿਆ ਰਹਿੰਦਾ ਅਤੇ ਚਿੱਤ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਦਰਸ਼ਨਾਂ ਨੂੰ ਲੋਚਦਾ ਰਹਿੰਦਾ। ਅਖੀਰ 1957 ਨੂੰ ਆਪ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਪੱਕੇ ਤੌਰ ’ਜਥੇ ਵਿਚ ਸ਼ਾਮਲ ਹੋ ਗਏ  ।

ਕਰਤਾਰ ਸਿੰਘ ਜੀ ਦੀ ਉੱਚ ਲਗਨ, ਨਾਮ ਸਿਮਰਨ ਅਤੇ ਸੇਵਾ ਭਾਵ ਨੂੰ ਦੇਖਦਿਆਂ ਇੱਕ ਦਿਨ ਸੰਤ ਮਹਾਂਪੁਰਸ਼ਾਂ ਨੇ ਗੁਰਬਾਣੀ ਦੀ ਕਥਾ-ਵਿਚਾਰ ਦੀ ਸੇਵਾ ਆਪ ਜੀ ਦੇ ਜਿੰਮੇ ਲਗਾ ਦਿਤੀ 1 ਹੋਲੀ ਹੋਲੀ ਆਪਨੇ ਸੰਤਾ ਦੇ ਗੜਵਈ ਵਜੋਂ ਵੀ  ਸੇਵਾ ਸੰਭਾਲ ਲਈ । ਆਪ ਦਾ ਨਿੱਤ ਕਰਮ ਅੰਮ੍ਰਿਤ ਵੇਲੇ ਮਹਾਂਪੁਰਖਾਂ ਨੂੰ ਇਸ਼ਨਾਨ ਕਰਵਾਉਣ ਉਪਰੰਤ ਪੰਜ ਬਾਣੀਆਂ ਦਾ ਪਾਠ, ਜੈਤ ਸ੍ਰੀ ਦੀ ਵਾਰ, ਸਤੇ-ਬਲਵੰਡੇ ਦੀ ਵਾਰ, 25 ਪੰਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤੇ  ਸ਼ਾਮ ਸਮੇਂ ਸਾਰੀ ਪੰਜ ਗ੍ਰੰਥੀ ਦਾ ਪਾਠ ਸੁਣਾਉਣਾ ਸੀ। ਇਸ ਸਾਰੇ ਨਿਤ-ਕਰਮ ਦੇ ਨਾਲ ਗੁਰਬਾਣੀ ਦੇ ਡੂੰਘੇ ਅਰਥ ਕਰਨੇ, ਗੁਰਬਾਣੀ ਦੀ ਕਥਾ ਕਰਨੀ, ਛੋਟੇ ਵਿਦਿਆਰਥੀਆਂ ਨੂੰ ਗੁਰਮਤਿ ਦੀ ਪੜ੍ਹਾਈ ਕਰਵਾਉਣੀ, ਜੱਥੇ ਦੀ ਹੱਥੀਂ ਸੇਵਾ ਕਰਨੀ ਅਤੇ ਸਿਮਰਨ ਕਰਨਾ ਆਦਿ ਸ਼ਾਮਲ ਸੀ।

ਅਤਿ ਕਠਿਨ ਇਹ  ਸੇਵਾ ਆਪ ਨੇ 13 ਸਾਲ ਪੂਰੀ ਲਗਨ ਅਤੇ ਸਿਦਕ ਦਿਲੀ ਨਾਲ ਨਿਭਾਈ ਅਤੇ ਸੰਤ ਮਹਾਂਪੁਰਖਾਂ ਦੀ ਪਹਿਲੀ ਆਵਾਜ਼ ’ਤੇ ਪਹਿਰਾ ਦਿੱਤਾ। ਇਸੇ ਦੌਰਾਨ ਆਪ ਹਰ ਸਾਲ ਸੰਤ ਗੁਰਬਚਨ ਸਿੰਘ ਨੂੰ ਆਪਣੇ ਪਿੰਡ ਭੂਰੇ ਲੈਕੇ ਆਉਂਦੇ ਤੇ ਕਥਾ -ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਵਾਂਦੇ ਤੇ ਅਨੇਕਾਂ ਨੂੰ ਗੁਰੂ ਨਾਲ ਜੋੜਦੇ 1
1964 ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਨੇ ਗੁਰਬਾਣੀ ਦੇ ਮੰਗਲਾਂ ਦੀ ਸੁਧਾਈ ਦੀ ਸੇਵਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਸੌਂਪੀ ਤਾਂ ਆਪ ਨੇ ਸੰਤ ਮਹਾਂਪੁਰਖਾਂ ਦੀ ਦੇਖ-ਰੇਖ ਹੇਠ ਸੁਧਾਈ ਦਾ ਕੰਮ ਲਗਾਤਾਰ ਛੇ ਸਾਲ ਅੰਮ੍ਰਿਤਸਰ ਵਿਖੇ ਰਹਿ ਕੇ ਪੂਰੀ ਲਗਨ ਅਤੇ ਮਿਹਨਤ ਨਾਲ ਸੰਪੂਰਨ ਕੀਤਾ।

13 ਅਪ੍ਰੈਲ 1964 ਵਿਸਾਖੀ ਵਾਲੇ ਦਿਨ ਜਦੋਂ ਆਪ ਜੀ ਮਹਾਂਪੁਰਖਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੀ ਉਪਰਲੀ ਛੱਤ ’ਤੇ ਬੈਠ ਕੇ ਪੰਜ ਬਾਣੀਆਂ ਦੇ ਪਾਠ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾ ਰਹੇ ਸਨ ਤਾਂ 18ਵੀਂ ਅਸ਼ਟਪਦੀ ਸੁਣਦਿਆਂ ਵਿੱਚੋਂ ਰੋਕ ਕੇ ਬਖਸ਼ਿਸ਼ ਕਰਦਿਆਂ ਮਹਾਂਪੁਰਖਾਂ ਨੇ ਪੂਰੀ ਖੁਸ਼ੀ ਵਿੱਚ ਬਚਨ ਕੀਤਾ:‘‘ਕਰਤਾਰ ਸਿੰਘ ਜੀ ! ਦਮਦਮੀ ਟਕਸਾਲ ਦੀ ਸੇਵਾ ਤੈਨੂੰ ਸੌਂਪਣੀ ਹੈ। ਅਸੀਂ ਤੇਰੀ ਸੇਵਾ, ਸਿਮਰਨ ਅਤੇ ਗੁਰੂ ਲਗਨ ਤੋਂ ਬਹੁਤ ਪ੍ਰਸੰਨ ਹਾਂ। ਜੋ ਕੰਮ ਮੇਰੇ ਤੋਂ ਅਧੂਰੇ ਰਹਿ ਗਏ ਹਨ, ਉਹ ਤੁਸੀਂ ਪੂਰੇ ਕਰਨੇ ਹਨ।’’ਉਸ ਉਪਰੰਤ 1967 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪਵਿੱਤਰ ਜਨਮ ਦਿਹਾੜੇ ਵਾਲੇ ਦਿਨ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਆਪਣੇ ਹੱਥੀਂ ਦਮਦਮੀ ਟਕਸਾਲ ਦੀ ਸੇਵਾ ਸਾਰੀ ਸਿੱਖ ਸੰਗਤ ਦੇ ਸਾਹਮਣੇ ਆਪ ਜੀ ਨੂੰ ਸੌਂਪ ਦਿੱਤੀ।

28 ਜੂਨ 1969 ਈਸਵੀ ਨੂੰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸੱਚਖੰਡ ਚਲੇ ਜਾਣ ਤੋਂ ਬਾਅਦ ਸਾਰੀਆਂ ਸਿੱਖ ਸੰਪਰਦਾਵਾਂ ਦੇ ਮੁੱਖੀਆਂ ਨੇ ਕੁਝ ਵਾਦ-ਵਿਵਾਦ ਤੋਂ ਬਾਅਦ  ਆਪ ਜੀ ਨੂੰ ਦਮਦਮੀ ਟਕਸਾਲ ਦੇ 13ਵੇਂ ਮੁੱਖੀ ਵੱਜੋਂ ਨਾਮਜਦ ਕਰ ਦਿੱਤਾ।  ਇਸ ਵਾਦ-ਵਿਵਾਦ ਕਾਰਨ ਆਪਣੇ ਭਿੰਡਰਾਂ ਸ਼ਹਿਰ ਨੂੰ ਛਡਕੇ ਮਹਿਤੇ ਨੂੰ ਕੇਂਦਰੀ ਅਸਥਾਨ ਬਣਾਉਣ ਦਾ ਫੈਸਲਾ ਕੀਤਾ , ਜਿਥੇ ਗਿਆਨੀ ਗੁਰਬਚਨ ਸਿੰਘ ਨੇ ਆਪਣਾ ਸਰੀਰ ਤਿਆਗਿਆ ਸੀ 1

ਆਪ ਨੇ  1969 -1977 ਤਕ ਥੋੜ੍ਹੇ ਸਮੇਂ ਵਿੱਚ ਹੀ ਜੰਗੀ ਪੱਧਰ ’ਤੇ ਗੁਰਮਤਿ ਦਾ ਪ੍ਰਚਾਰ ਕਰਕੇ ਦਮਦਮੀ ਟਕਸਾਲ ਦਾ ਨਾਂ ਸਿਖਰਾਂ ਤੇ ਪਹੁੰਚਾ ਦਿੱਤਾ। ਦੇਹਧਾਰੀ ਗੁਰੂਆਂ ਦਾ ਡੱਟ ਕੇ ਵਿਰੋਧ ਕੀਤਾ ਤੇ ਸਿਖ ਸੰਗਤਾਂ ਨੂੰ ਪਖੰਡੀ ਗੁਰੂਆਂ ਤੋ ਸੁਚੇਤ ਕੀਤਾ 1  ਇੱਥੇ ਹੀ ਬੱਸ ਨਹੀਂ, ਮਹਿਤਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਟਕਸਾਲ ਦਾ ਵਿਸ਼ਾਲ ਹੈੱਡਕੁਆਰਟਰ ‘‘ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼’’ ਸਥਾਪਤ ਕੀਤਾ। ਇੱਥੇ ਧਰਮ ਪ੍ਰਚਾਰ ਹਿੱਤ ਕੀਰਤਨ ਵਿਦਿਆਲਾ ਕਾਇਮ ਕੀਤਾ। ਕਥਾ ਕੀਰਤਨ ਦਾ ਪ੍ਰਵਾਹ ਚਲਾਇਆ, ਜਿਸਦੇ ਨਤੀਜੇ ਵਜੋਂ ਅਜ ਸੈਂਕੜੇ ਵਿਦਿਆਰਥੀ ਆਪ ਦੇ ਪੜ੍ਹਾਏ ਹੋਏ ਗਿਆਨੀ, ਰਾਗੀ, ਢਾਡੀ, ਅਖੰਡ ਪਾਠੀ ਅਤੇ ਪ੍ਰਚਾਰਕ ਬਣ ਕੇ ਦੇਸ਼ ਵਿਦੇਸ਼ ਵਿੱਚ ਧਰਮ ਪ੍ਰਚਾਰ ਦੀ ਸੇਵਾ ਕਰ ਰਹੇ ਹਨ। ਆਪ ਜੀ ਨੇ ਆਪਣੇ ਜੀਵਨ ਕਾਲ ਵਿੱਚ ਗੁਰਮਤਿ ਪ੍ਰਚਾਰ ਹਿੱਤ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ 37 ਵੱਡੇ ਨਗਰ ਕੀਰਤਨ ਕੱਢੇ ਜਿਸ ਨਾਲ ਮਹਾਨ ਇਨਕਲਾਬੀ ਨਾਅਰਾ ‘‘ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ’’ਵੀ ਦਿਤਾ,  ਉਦੋਂ ਜਦੋਂ ਦੇਸ਼ ਵਿੱਚ ਐਮਰਜੈਂਸੀ ਲੱਗੀ ਹੋਈ ਸੀ 1 ਇਸ ਨਾਲ ਸਿੱਖੀ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੋ ਗਈਆਂ ਅਤੇ ਸਿੱਖੀ ਸਰੂਪ ਨੂੰ ਨੌਜਵਾਨ ਆਪਣੀ ਸ਼ਾਨ ਸਮਝਣ ਲੱਗੇ। ਆਪ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਅਤੇ ਦਾੜ੍ਹੀ ਕੇਸ ਦੀ ਮਹਾਨ ਮਹੱਤਤਾ ਦੱਸ ਕੇ ਗੁਰੂ ਗੋਬਿੰਦ ਸਿੰਘ ਜੀ ਦੇ ‘‘ਰਹਿਣੀ ਰਹੇ, ਸੋਈ ਸਿੱਖ ਮੇਰਾ’’ ਵਾਲੇ ਮਹਾਨ ਆਦਰਸ਼ਕ ਆਸ਼ੇ ਨੂੰ ਹੋਰ ਪ੍ਰਪੱਕ ਕੀਤਾ।

ਆਪ ਇਕ ਚੰਗੇ ਵਿਦਵਾਨ ਲੇਖਕ ਵੀ ਸਨ ਜਿਨ੍ਹਾ ਨੇ ਧਾਰਮਿਕ ਵਿਚਾਰਾਂ ਨੂੰ ਮੁਖ ਰਖਕੇ ਜਪੁਜੀ ਸਾਹਿਬ, ਰਹਿਰਾਸ ਸਾਹਿਬ ਤੇ ਕੀਰਤਨ ਸੋਹਿਲਾ ਦੇ ਆਮ ਸਮਝੀ ਜਾਂਦੀ ਪੰਜਾਬੀ ਵਾਰਤਕ ਵਿਚ ਅਰਥ ਕੀਤੇ ਅਤੇ ਖਾਲਸਾ ਭਿੰਡਰਵਾਲਿਆਂ ਦੇ ਬਹੁਪੱਖੀ ਜੀਵਨ ਨੂੰ ਉਜਾਗਰ ਕੀਤਾ 1 ਇਸ ਤਰਹ ਆਪਜੀ ਨੇ ਕਲਮ ਰਾਹੀਂ , ਗੁਰਮਤਿ ਪ੍ਰਚਾਰ ਰਾਹੀਂ ਤੇ ਅਮ੍ਰਿਤ-ਸੰਚਾਰ ਰਾਹੀਂ ਸਿਖ ਪੰਥ ਦੀ ਮਹਾਨ ਸੇਵਾ ਕੀਤੀ 1 ਸਿਖੀ ਇਮਾਰਤਕਾਰੀ ਨੂੰ ਕਾਇਮ ਰਖਦਿਆਂ ਆਪ ਜੀ ਨੇ ਗੁਰੂਦਵਾਰਾ ਗੁਰਦਰਸ਼ਨ ਪ੍ਰਕਾਸ਼ , ਮਹਿਤੇ ਵਿਚ , ਗੁਰੂਦਵਾਰਾ ਕਬਰਵਾਲਾ, ਮੁਕਤਸਰ , ਗੁਰੂਦਵਾਰਾ ਬਾਬਾ ਰਾਮ ਥੰਮਨ ਜੀ ,ਖੁਜਾਲਾ, ਗੁਰੂਦਵਾਰਾ ਸਾਹਿਬ ਕਾਹਲਵਾਂ,ਕਾਦੀਆਂ ਆਦਿ ਸੰਗਤਾਂ ਲਈ ਬਣਵਾਏ 1

3 ਅਗਸਤ 1977 ਈ; ਨੂੰ ਮਲਸੀਆ (ਜਲੰਧਰ) ਤੋਂ ਸੋਲਨ (ਹਿਮਾਚਲ ਪ੍ਰਦੇਸ਼) ਨੂੰ ਜਾ ਰਹੇ ਸਨ ਤਾਂ ਲੁਧਿਆਣਾ ਨੇੜੇ ਉਨ੍ਹਾਂ ਦੀ ਕਾਰ ਇੱਕ ਦਰਖੱਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਸੰਤ ਜੀ ਸਖਤ ਜ਼ਖ਼ਮੀ ਹੋ ਗਏ। ਬਾਅਦ ਵਿੱਚ ਉਨ੍ਹਾਂ ਨੂੰ ਸੀ.ਐਮ.ਸੀ. ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰ ਨੇ ਕੁਝ ਜਗਾ  ਤੋਂ ਕੇਸ ਕਟ ਕੇ ਉਪਰੇਸ਼ਨ ਕਰਨ ਦੀ ਸਲਾਹ ਦਿਤੀ ਪਰ ਇਨ੍ਹਾਂ ਨੇ ਇਨਕਾਰ ਕਰ ਦਿਤਾ ਤੇ ਕੇਸ ਕਟਾਣ ਨਾਲੋਂ ਮੋਤ ਨੂੰ ਤਰਜੀਹ ਦਿਤੀ 1   13 ਦਿਨ ਉਹ ਜ਼ਿੰਦਗੀ ਮੌਤ ਨਾਲ ਸੰਘਰਸ਼ ਕਰਦੇ ਰਹੇ। 16 ਅਗਸਤ 1977 ਈ; ਨੂੰ ਸ਼ਾਮ 6.15 ਵਜੇ 45 ਸਾਲ ਦੀ ਉਮਰ ਭੋਗ ਕੇ ਸੱਚ ਖੰਡ ਜਾ ਬਿਰਾਜੇ। ਅਕਾਲ ਚਲਾਣੇ ਦੀ ਖਬਰ ਸੁਣਦਿਆਂ ਸਿਖ ਸੰਗਤਾਂ ਸ਼ੋਕ ਦੇ ਸਮੁੰਦਰ ਵਿਚ ਡੁਬ ਗਈਆਂ1 ਦੂਰੋਂ ਦੂਰੋਂ ਲਖਾ ਦੀ ਗਿਣਤੀ ਵਿਚ ਗੁਰੂਦਵਾਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ ਚੋਕ ਤੇ ਆਪ ਜੀ ਦੇ ਅੰਤਿਮ ਦਰਸ਼ਨਾਂ ਦੀ ਤਾਂਘ ਲੈਕੇ ਪਹੁੰਚੀਆਂ1  ਬੜੇ ਸਖਤ ਪ੍ਰਬੰਧ ਕੀਤੇ ਗਏ ਮਤੇ ਕੋਈ ਉਨ੍ਹਾ ਦੀ ਚਿਖਾ ਵਿਚ ਛਲਾਂਗ ਨਾ ਲਗਾ ਦੇਵੇ , ਲੋਕ ਇਤਨਾ ਪਿਆਰ ਕਰਦੇ ਸੀ ਉਨ੍ਹਾ ਨੂੰ 1 ਆਪ ਜੀ ਦੇ ਵਡੇ ਸਪੁਤਰ ਅਮਰੀਕ ਸਿੰਘ ਨੇ ਆਪਜੀ ਨੂੰ ਅਗਨੀ ਭੇਟ ਕੀਤਾ1 ਪਲਾਂ  ਵਿਚ  ਹੀ ਆਪਜੀ ਦਾ ਨਾਸ਼ਵਾਨ ਸਰੀਰ ਸੰਗਤਾਂ ਦੀਆਂ ਅਖਾਂ ਤੋ ਓਝਲ  ਹੋ ਗਿਆ 1 ਆਪ ਤੋਂ ਪਿਛੋਂ ਦਮਦਮੀ ਟਕਸਾਲ ਦੀ ਸੇਵਾ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਦਿਤੀ ਗਈ 1

ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਵੀਹਵੀਂ ਸਦੀ ਦੇ ਮਹਾਨ ਸੰਤ , ਆਦਰਸ਼ਕ ਸਿਖ , ਸਮਾਜ ਸੁਧਾਰਕ ਅਤੇ ਸੰਘਰਸ਼ੀ ਯੋਧੇ ਸਨ। ਉਨ੍ਹਾਂ ਨੇ ਸਾਰੀ ਉਮਰ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ।  ਉਨ੍ਹਾ ਨੇ  ਦਮਦਮੀ ਟਕਸਾਲ ਦੇ ਮੁਖੀ ਵਜੋਂ ਸੁਚੱਜੀ ਅਗਵਾਈ ਕਰਦਿਆਂ ਜਿਥੇ ਅਨੇਕਾਂ ਪ੍ਰਚਾਰਕ ਤਿਆਰ ਕੀਤੇ, ਉਥੇ ਪੰਥ ਵਿਚ  ਦਰਪੇਸ਼ ਤਤਕਾਲੀ ਚੁਣੌਤੀਆਂ ਦਾ ਨਾ ਕੇਵਲ ਡਟ ਕੇ ਮੁਕਾਬਲਾ ਹੀ ਕੀਤਾ ਸਗੋਂ ਉਨ੍ਹਾਂ ਵਿਚੋਂ ਕੌਮ ਨੂੰ ਬਾਹਰ ਕੱਢਣ ਲਈ ਕਰੜਾ ਸੰਘਰਸ਼ ਵੀ ਕੀਤਾ। ਉਨ੍ਹਾ ਨੇ  ਗੁਰਮਤਿ ਫਲਸਫੇ ਨੂੰ ਸੰਗਤਾਂ ਵਿਚ ਉਭਾਰਨ ਸਮੇਂ ਆਈਆਂ ਔਕੜਾਂ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ 1 ਉਨ੍ਹਾ ਦੀ ਖਾਲਸਾ ਪੰਥ ਨੂੰ ਇਸ ਦੇਣ  ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ


 

Print Friendly, PDF & Email

Nirmal Anand

Add comment

Translate »