SikhHistory.in

ਅਰਦਾਸ

ਅਰਦਾਸ ਫ਼ਾਰਸੀ ਭਾਸ਼ਾ ਦੇ ਸ਼ਬਦ ‘ ਅਰਜ਼ ਦਾਸ਼ਤ ‘ ਦਾ ਪੰਜਾਬੀ ਰੂਪ ਹੈl ਅਰਜ਼ ਮਤਲਬ ਬੇਨਤੀ ਦਾਸ਼ਤ ਪੇਸ਼ ਕਰਨਾl ਸੰਸਕ੍ਰਿਤ ਭਾਸ਼ਾ ਵਿਚ ਅਰਦ ਤੇ ਆਸ, ਅਰਦ ਮਤਲਬ ਮੰਗਣਾ ਆਸ ਮਤਲਬ ਮੁਰਾਦ, ਮੁਰਾਦ ਮੰਗਣਾl  ਸਿਖ ਧਰਮ ਵਿਚ ਗੁਰਮਤਿ ਦੇ ਅਨੁਸਾਰ ਅਰਦਾਸ ਦੀ ਖ਼ਾਸ ਅਹਿਮੀਅਤ ਹੈ। ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਹਰ ਮੌਕੇ ’ਤੇ ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਹਰ ਕਾਰਜ ਅਰਦਾਸ ਤੋਂ ਆਰੰਭ ਕਰਦਾ ਹੈ।ਅਰਦਾਸ ਨਾਲ ਸਿੱਖ ਦੇ ਮਨ ਵਿੱਚ ਨਿਮਰਤਾ ਆਉਂਦੀ ਹੈ, ਹਊਮੈਂ ਦਾ ਪਰਦਾ ਦੂਰ ਹੁੰਦਾ ਹੈ।

“ਤੂ ਅਥਾਹੁ ਅਪਾਰੁ ਅਤਿ ਊਚਾ ਕੋਈ ਅਵਰੁ ਨ ਤੇਰੀ ਭਾਤੇ ॥

 ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇll

 ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ

ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈll

 

ਅਰਦਾਸ ਨੂੰ ਸਮਝਣ ਲਈ ਅਸੀਂ ਇਸ ਨੂੰ ਤਿੰਨ ਭਾਗਾਂ ਵਿਚ ਵੰਡਦੇ ਹਾਂl ਪਹਿਲਾ ਭਾਗ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਉਚਾਰਿਆ ਹੋਇਆ ਹੈ ਜੋ ਕਿ ਗੁਰੂ ਅਰਜਨ ਦੇਵ ਜੀ ਦੀ ਉਚਾਰੀ ਬਾਣੀ ਸੁਖਮਨੀ ਸਾਹਿਬ ਦੀ ਚੌਥੀ ਅਸ਼ਟਪਦੀ ਦੇ ਆਖਿਰੀ ਸਲੋਕ ਤੇ ਅਧਾਰਤ ਹੈ  l ਇਹ ਅਰਦਾਸ ਦਾ ਹਿਸਾ ਕਦੇ ਵੀ ਬਦਲਿਆ ਨਹੀਂ ਜਾ ਸਕਦਾl ਕਿਓਂਕਿ ਇਹ ਭਾਗ, ਇਹ ਅਰਦਾਸ   ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਮੁਖਾਰ ਬਿੰਦ ਤੋ ਉਚਾਰੀ  ਹੋਈ ਹੈ, ਜਿਸ ਤੋਂ ਬਾਅਦ ਹਰ ਸਿਖ ਨੇ ਇਸਦਾ ਉਚਾਰਨ ਕੀਤਾ ਹੈ l l ਇਸਦੀ ਸ਼ੁਰਵਾਤ ਚੰਡੀ ਦੀ ਵਾਰ ਦੀ ਪੰਗਤੀ ਨਾਲ ਸ਼ੁਰੂ ਹੁੰਦੀ ਹੈ ( ਵਾਰ ਸ਼੍ਰੀ ਭਗਉਤੀ ਜੀ ਕਿ ਪਾਤਸ਼ਾਹੀ ਦਸਵੀਂ)

ਅਰਦਾਸ ਹੋਣ ਸਮੇਂ ਸੰਗਤ ‘ਚ ਹਾਜ਼ਰ ਸਭ  ਨੂੰ ਹੱਥ ਜੋੜ ਕੇ ਖਲੋਣਾ ਚਾਹੀਦਾ ਹੈ। ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਹੋਵੇ, ਉਸ ਨੂੰ ਵੀ  ਉੱਠ ਕੇ ਚੌਰ ਕਰਨਾ ਚਾਹਿਦਾ ਹੈ । ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜ੍ਹੋ ਕੇ, ਹੱਥ ਜੋੜ ਕੇ ਅਰਦਾਸ ਕਰੇ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰ ਕੇ ਅਰਦਾਸ ਕਰ ਸਕਦੇ ਹੋl ਜਦੋਂ ਕੋਈ ਖਾਸ ਅਰਦਾਸ ਕਿਸੇ ਇੱਕ ਜਾਂ ਵਧੀਕ ਆਦਮੀਆਂ ਵਲੋਂ ਹੋਵੇ, ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉਠਣਾ ਜ਼ਰੂਰੀ ਨਹੀਂ ਹੈ ।

 ਅਰਦਾਸ ਗੁਰੂ ਗੋਬਿੰਦ ਸਿੰਘ ਵੇਲੇ

 ੴ ਵਾਹਿਗੁਰੂ ਜੀ ਕੀ ਫ਼ਤਹਿ॥

ਸ੍ਰੀ ਭਗੌਤੀ ਜੀ ਸਹਾਇ॥

ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥ ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਂਈ ਹੋਇ ਸਹਾਇ॥

ਅਰਦਾਸ ਬੰਦਾ ਬਹਾਦਰ ਵੇਲੇ

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਜੀ ਸਹਾਈl ਦਸਾਂ ਪਾਤਸ਼ਾਹੀਆਂ ਕਿ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂll ਹਾਲਾਂਕਿ  ਕਿ ਆਖਰੀ ਦੋ ਪੰਗਤੀਆਂ ਗੁਰੂ ਸਾਹਿਬਾਨਾ ਨੇ ਨਹੀਂ ਲਿਖੀਆਂ ਇਹ  ਅਰਦਾਸ ਦੀਆਂ ਪੰਗਤੀਆਂ ਬੰਦਾ ਬਹਾਦੁਰ ਨੇ ਅਰਦਾਸ ਨਾਲ ਜੋੜੀਆਂ ਸੀ l ਇਹ ਗੁਰੂ ਸਾਹਿਬਾਨਾਂ ਦੀ ਹਸਤੀ ਤੇ  ਹੋਂਦ ਦਾ ਪ੍ਰਤੀਕ ਹਨ ,ਇਸ ਕਰਕੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ l

ਇਸ ਨਾਲ ਕੁਝ ਹੋਰ ਪੰਗਤੀਆਂ ਬੰਦਾ ਬਹਾਦੁਰ ਨੇ ਜੋੜਿਆਂ ਸਨ ਜਦ ਕੁਝ ਸਿੰਘ ਆਪਸੀ ਮਤ ਭੇਦ ਹੋਣ ਤੇ   ਲੜਾਈ ਦੇ ਮੈਦਾਨ ਵਿਚੋਂ ਉਸਦਾ ਸਾਥ ਛਡ  ਕੇ ਚਲੇ ਗਏ ਸੀ ਤਾਂ ਜੋੜੀਆਂ ਸੀ, ਸ਼ਾਇਦ ਉਸ ਨੂੰ ਉਮੀਦ ਸੀ ਕਿ ਇਸ ਸਿੰਘ ਫਿਰ ਵਾਪਸ ਆਉਣ ਗੇ ਜਦੋ ਉਨ੍ਹਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੇਵੇਗਾ ਪਰ ਉਹ ਨਹੀਂ ਆਏ ਤੇ ਕੁਝ ਮੁਗਲਾਂ ਨਾਲ ਰਲ ਗਏ  ,” ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ “

 ਅਰਦਾਸ  ਗੁਰਮਤਿ ਦੇ ਅਨੁਸਾਰ

ੴ ਵਾਹਿਗੁਰੂ ਜੀ ਕੀ ਫ਼ਤਹਿ॥

ਸ੍ਰੀ ਭਗੌਤੀ ਜੀ ਸਹਾਇ॥

ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥ ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਂਈ ਹੋਇ ਸਹਾਇ॥ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਜੀ ਸਹਾਈl ਦਸਾਂ ਪਾਤਸ਼ਾਹੀਆਂ ਕਿ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂll

ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ!ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ! ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ!ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!! ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ।

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ ( ਜਿਸ ਮਕਸਦ ਲਈ ਆਪ ਅਰਦਾਸ ਕਰ ਰਹੇ ਹੋ )ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ।ਸੇਈ ਪਿਆਰੇ ਮੇਲ, ਜਿਹਨਾਂ ਮਿਲਿਆਂ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਰਦਾਸ ਦੇ ਅਖੀਰ ਵਿਚ ਪ੍ਰਸ਼ਾਦ ਜੋ ਬਾਤੇ ਵਿਚ ਲਿਆਇਆ ਜਾਂਦਾ ਹੈ ਉਸ ਨੂੰ ਖੰਡੇ ਦੀ ਛੋਹ ਦੇਕੇ ਪਵਿਤਰ ਕੀਤਾ ਜਾਂਦਾ ਹੈlਇਸ ਤੋਂ ਉੱਪਰੰਤ ਅਰਦਾਸ ਵਿੱਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਨਾਲ ਮੱਥਾ ਟੇਕੇ ਅਤੇ ਫਿਰ ਖੜ੍ਹੇ ਹੋ ਕੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ’ ਬੁਲਾਵੇ। ਉਪ੍ਰੰਤ ‘ਬੋਲੇ  ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਕਈ, ਜਾਂ ਪੰਜ, ਜੈਕਾਰੇ ਛੱਡੇ ਜਾਣ।

ਅਰਦਾਸ ਤੋਂ ਬਾਅਦ ਵਾਕ ਲਿਆ ਜਾਂਦਾ ਹੈ , ਜੋ ਗੁਰੂ ਅਨੁਸਾਰ ਪ੍ਰਗਟ ਗੁਰੂ , ਗਰੰਥ ਸਾਹਿਬ ਜੀ ਦਾ ਸਿਖ ਵਾਸਤੇ ਹੁਕਮ ਹੈl ਅਗਰ ਸਿਖ ਦੇ ਮਨ ਵਿਚ ਕੋਈ ਸਵਾਲ ਹੈ ਜੋ ਉਹ ਗੁਰੂ ਸਾਹਿਬ, ਗੁਰੂ ਗਰੰਥ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਤਾਂ ਵਾਕ ਉਸਦੇ ਸਵਾਲ ਦਾ ਜਵਾਬ ਹੈ l ਹਾਂ ਇਹ ਸਿਖ ਦੀ ਮਰਜੀ ਹੈ ਕਿ ਉਹ ਗੁਰਸਿਖ ਹੋਕੇ  ਉਸਦੇ ਹੁਕਮ ਰਜਾਈ ਚਲੇ ਯਾ ਮਨਮੁਖ ਹੋਕੇ ਨਾ ਚਲੇl ਵਾਕ ਤੋਂ ਬਾਅਦ ਪ੍ਰਸ਼ਾਦ  ਨੂੰ ਖੰਡਾ ਭੇਟਾ ਕਰਕੇ ਪਵਿੱਤਰ ਕੀਤਾ ਜਾਂਦਾ ਹੈl ਫਿਰ ਪੰਜ ਪਿਆਰਿਆਂ ਦਾ ਹਿਸਾ ਕਢਕੇ ਫਿਰ ਪ੍ਰਸ਼ਾਦ ਵਿਚ ਮਿਲਾ ਦਿਤਾ ਜਾਂਦਾl ਉਸਤੋਂ ਬਾਅਦ ਗੁਰੂ ਸਾਹਿਬ ਦਾ ਪ੍ਰਸ਼ਾਦ ਇਕ ਕਟੋਰੀ ਵਿਚ ਕਢਕੇ ਬਾਬਾ ਜੀ ਬੀੜ ਦੇ ਪਲੰਘ ਹੇਠਾਂ ਰਖਿਆ ਜਾਂਦਾ ਹੈ  ਜੋ ਬਾਅਦ ਵਿਚ  ਆਸਣ ਤੇ ਬੈਠੇ ਪਾਠੀ ਸਿੰਘ ਛਕ ਲੈਂਦੇ ਹਨ l ਬਾਕੀ ਪ੍ਰਸ਼ਾਦ  ਸੰਗਤ ਵਿਚ ਵੰਡ ਦਿਤਾ  ਜਾਂਦਾ ਹੈl

                                 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

 

 

Print Friendly, PDF & Email

Nirmal Anand

Add comment