ਸਿੱਖ ਇਤਿਹਾਸ

ਸ੍ਰੀ ਹਰਮੰਦਿਰ ਸਾਹਿਬ ਦਾ ਇਤਿਹਾਸ (1704- )

ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਮਤਲਬ( ਰੱਬ ਦਾ ਘਰ ਜਾਂ ਦਰਬਾਰ ਸਹਿਬ ਜੋ ਦਰਬਾਰ ਸ਼ਰਧਾ ਦਾ ਪਾਤਰ ਹੋਵੇ ) ਭਾਰਤ ਦੇ ਸੂਬੇ ਪੰਜਾਬ, ਸ਼ਹਿਰ ਅਮ੍ਰਿਤਸਰ ਵਿੱਚ ਸਿਖਾਂ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਥਾਪਿਆ ਦਰਬਾਰ ਸਾਹਿਬ   ਜੋ  ਸਿਖਾਂ  ਵਾਸਤੇ ਸਿਰਫ ਧਾਰਮਿਕ ਕੇਂਦਰ ਹੀ ਨਹੀਂ , ਸਗੋਂ ਸਿਖ ਕੋੰਮ ਦੀ ਵਿਲਖਣ ਹੋਂਦ-ਹਸਤੀ, ਸਵੈਮਾਣ  ਇਤਿਹਾਸ ਤੇ ਵਿਰਾਸਤ ਦੀ ਜਗਦੀ ਜੋਤ ਹੈ 1  ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ  ਜੋਤ ਸ਼ਾਖਸ਼ਾਤ ਰੂਪ ਵਿਚ  ਪ੍ਰਗਟ ਕਰਕੇ ਪੂਰੀ ਮਾਨਵਤਾ ਨੂੰ ਆਦਰਸ਼ਕ ਧਰਮ ਮੰਦਿਰ ਦੇ ਰੂਪ ਵਿਚ ਭੇਟਾ ਕੀਤੀ ਹੈ ਜੋ  ਇਨਸਾਨੀ ਭਾਈਚਾਰੇ, ਮਨੁੱਖੀ ਏਕਤਾ, ਰੱਬੀ ਪਿਆਰ ਅਤੇ ਸਮਾਨਤਾ ਦੀ ਮੂੰਹ ਬੋਲਦੀ ਤਸਵੀਰ ਹੈ1ਇਹ ਸਿੱਖ ਰਹੁਰੀਤ ਦਾ ਕੇਂਦਰੀ ਧੁਰਾ ਹੋਣ ਦੇ ਨਾਲ ਨਾਲ ਸਿੱਖ ਕੌਮ ਦਾ ਸ਼੍ਰੋਮਣੀ ਕੇਂਦਰੀ ਧਾਰਮਿਕ ਅਸਥਾਨ ਵੀ ਹੈ ਜੋ  ਹਰ ਇਨਸਾਨ ਨੂੰ ਸਵੈਮਾਣ ਨਾਲ ਜੀਵਨ ਜਿਉਣ ਦੀ ਪ੍ਰੇਰਨਾ ਦਿੰਦਾ ਹੈ 1

 ਭਾਵੇਂ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤਾ ਪਰ ਇਹ ਵੀ ਸਚ ਹੈ ਕੀ ਇਸਦੀ ਹੋਂਦ , ਉਸਾਰੀ ਤੇ ਵਿਕਾਸ ਵਿਚ  ਚਾਰ ਗੁਰੂ ਸਹਿਬਾਨਾ ਦਾ ਹਥ ਹੈ 1 ਇਸਦੀ ਨਿਸ਼ਾਨਦੇਹੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ 1 ਉਨ੍ਹਾ ਨੇ ਉਸਾਰੀ ਤੋਂ ਬਹੁਤ ਸਮਾਂ ਪਹਿਲੇ ਕਹਿ ਦਿਤਾ ਸੀ,’

                  ਹਰਿਮੰਦਰ ਸੋਈ ਅਖਿਐ ਜਿਥਹੁ ਹਰਿ ਜਾਤਾ “

ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਨੇ ਇਥੇ ਸਰੋਵਰ ਖੁਦਵਾਇਆ 1  ਇਸ ਸਰੋਵਰ ਦੇ ਆਲੇ ਦੁਆਲੇ ਨਗਰ ਵਸਾਇਆ ਜਿਸਦਾ  ਨਾਂ ਰਾਮਦਾਸਪੁਰ,ਚੱਕ ਰਾਮਦਾਸ ਯਾ ਚੱਕ ਗੁਰੂ ਰਾਮਦਾਸ ਪਿਆ ਤੇ ਬਾਅਦ ਵਿਚ ਅਮ੍ਰਿਤਸਰ ਕਰਕੇ ਮਸ਼ਹੂਰ ਹੋਇਆ 1ਅਮ੍ਰਿਤਸਰ ਸਰੋਵਰ ਦੀ ਖੁਦਾਈ ਦਾ ਕੰਮ ਗੁਰੂ ਰਾਮਦਾਸ ਜੀ ਦੇ ਸਮੇ ਹੀ ਹੋ ਗਿਆ ਸੀ 1 ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਪੱਕਾ ਕੀਤਾ ਤੇ ਇਸ ਮੁਕੱਦਸ ਅਸਥਾਨ ਦੀ ਉਸਾਰੀ  ਅੰਮ੍ਰਿਤ ਸਰੋਵਰ ਦੇ ਐਨ ਵਿਚਕਾਰ 28 ਦਸੰਬਰ  1588  ਨੂੰ ਆਰੰਭ ਕਰਵਾਈ 1ਗੁਰੂ ਹਰਗੋਬਿੰਦ ਸਾਹਿਬ ਨੇ ਹਾਲਾਤਾਂ ਨੂੰ ਦੇਖਦਿਆਂ   ਇਥੇ ਅਕਾਲ ਤਖਤ ਦੀ ਨੀਂਹ ਰਖਕੇ ਮੀਰੀ ਨੂੰ ਪੀਰੀ ਨਾਲ ਤੇ ਦੇਗ ਨੂੰ ਤੇਗ ਨਾਲ ਜੋੜ ਦਿਤਾ 1

ਗੁਰੂ ਅਰਜਨ ਦੇਵ ਜੀ ਨੇ ਹਰਿਮੰਦਿਰ ਸਾਹਿਬ ਦੀ ਨੀਂਹ  ਮੁਸਲਮਾਨ ਫਕੀਰ ਹਜ਼ਰਤ ਮੀਆਂ ਮੀਰ ਜੀ ਤੋਂ ਰਖਵਾਈ ਜੋ ਲਾਹੋਰ ਦੇ ਕਾਦਰੀ ਵਰਗ ਦੇ ਸੂਫ਼ੀ ਸੰਤ ਸਨ 1 ਇਹ ਇਕ ਉਚ ਆਤਮਾ, ਰੱਬੀ ਉਪਾਸ਼ਕ ਤੇ ਮਾਨਵਵਾਦੀ ਦੇਵਤਾ ਸਰੂਪ ਇਨਸਾਨ ਸਨ ਜਿਨ੍ਹਾ ਦਾ ਗੁਰੂ ਘਰ ਨਾਲ ਪੁਰਾਣਾ ਪ੍ਰੇਮ ਤੇ ਮਿਤਰਤਾ ਸੀ। ਨੀਂਹ ਰਖਣ ਤੋ ਪਹਿਲਾਂ ਇਕ ਬਹੁਤ ਵਡਾ ਧਾਰਮਿਕ ਸੰਮੇਲਨ ਹੋਇਆ  ਜਿਸ ਵਿਚ ਹਰਮੰਦਿਰ ਸਾਹਿਬ ਦੀ ਰਚਨਾ ਤੇ ਉਸਾਰੀ ਦੇ ਮਨੋਰਥਾਂ ਤੇ ਚਾਨਣਾ ਪਾਇਆ ਗਿਆ 1 ਉਪਰੰਤ ਬਾਬਾ ਬੁਢਾ ਜੀ ਨੇ ਅਕਾਲ ਪੁਰਖ  ਅਗੇ ਅਰਦਾਸ ਕੀਤੀ ਤੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ 1

ਉਸਾਰੀ ਦਾ ਸਾਰਾ ਕੰਮ ਗੁਰੂ ਸਾਹਿਬ ਦੀ ਦੇਖ ਰੇਖ ਵਿਚ ਹੋਇਆ 1ਆਪਣੇ  ਨਿਕਟਵਰਤੀ ਸਿਖਾਂ ਨੂੰ ਵੱਖ ਵੱਖ ਸੇਵਾਵਾਂ ਦਿਤੀਆਂ ਗਈਆਂ ਤੇ ਆਪਣੀ ਪ੍ਰਤਖ ਨਿਗਰਾਨੀ ਹੇਠ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲ੍ਹੋ ਜੀ, ਭਾਈ ਗੁਰੀਆ, ਭਾਈ ਲੰਗਾਹ, ਭਾਈ ਪ੍ਰੇਮਾ , ਭਾਈ ਪੈੜ੍ਹਾ, ਭਾਈ ਕਲਿਆਣਾ    ਤੇ ਹੋਰ ਬਹੁਤ ਸਾਰੀਆਂ ਪ੍ਰਸਿਧ ਤੇ ਸਮਰਪਿਤ  ਸਿੱਖ ਸ਼ਖਸ਼ੀਅਤਾਂ ਦੀ  ਮੱਦਤ ਨਾਲ ਇਹ ਕਾਰਜ ਦੀ ਸ਼ੁਰੁਵਾਤ ਹੋਈ 1ਬਾਬਾ ਬੁਢਾ ਜੀ ਸਾਰਾ ਸਾਰਾ ਦਿਨ ਪ੍ਰਕਰਮਾ ਵਿਚ ਇਕ ਬੇਰੀ ਦੇ  ਦਰੱਖਤ, ਜਿਸ ਨੂੰ ਅਜ ਵੀ ਬਾਬਾ ਬੁਢਾ ਜੀ  ਦੀ ਬੇਰੀ ਕਿਹਾ ਜਾਂਦਾ ਹੈ,  ਹੇਠ ਬੈਠ ਕੇ ਉਸਾਰੀ ਦੇ ਪ੍ਰਬੰਧ ,ਖਰਚੇ ਤੇ ਆਉਣ ਵਾਲੀ ਮਾਇਆ ਦਾ ਹਿਸਾਬ -ਕਿਤਾਬ ਰਖਦੇ ਤੇ ਉਸਾਰੀ ਦੀ ਨਿਗਰਾਨੀ ਕਰਦੇ 1 ਗੁਰੂ ਸਹਿਬ ਖੁਦ ਵੀ ਵਿਚ ਵਿਚ ਆਕੇ ਲੋੜ ਅਨੁਸਾਰ ਨਸੀਹਤਾਂ ਦਿੰਦੇ ਰਹਿੰਦੇ 1

ਉਸਾਰੀ ਕਲਾ ਅਨੁਸਾਰ ਉਸਾਰੀ ਨੂੰ ਜ਼ਮੀਨ ਤੋਂ ਉੱਚਾ ਉਸਾਰਣ ਦੀ ਰੀਤ ਤੋਂ ਵੱਖਰਾ ਰਸਤਾ ਅਪਨਾਉਂਦਿਆਂ ਗੁਰੂ ਅਰਜਨ ਸਾਹਿਬ ਨੇ ਇਸਨੂੰ ਹੇਠਲੀ ਸਤਹ ‘ਤੇ ਰੱਖਕੇ ਬਣਵਾਇਆ।  ਜਦੋਂ ਬਾਬਾ ਬੁੱਢਾ ਜੀ ਨੇ ਸਵਾਲ ਕੀਤਾ ਕਿ ਮੰਦਰਾ, ਮਸਜਿਦ ਤੇ ਮਸੀਤਾ ਹਮੇਸ਼ਾ ਉੱਚੀ ਜਗਹ ਤੇ ਬਣਦੀਆਂ ਹਨ । ਤੁਸੀਂ ਇਸਨੂੰ ਨੀਵੇਂ ਥਾਂ ਕਿਉਂ ਰੱਖਿਆ ਹੈ ਤਾ ਗੁਰੂ ਸਾਹਿਬ ਨੇ ਕਿਹਾ ਕਿ ਹਰੀ (ਪਰਮਾਤਮਾ) ਨੀਵੀਂਆਂ ਨੂੰ ਹੀ ਮਿਲਦਾ ਹੈ। ਇਕ ਦਰਵਾਜੇ  ਦੀ ਜਗਹ  ਚਾਰ ਦਰਵਾਜ਼ੇ ਪੂਰਬ, ਪਛਮ, ਉਤਰ, ਦਖਣ, ਚਾਰੋ ਦਿਸ਼ਾਵਾਂ ਤਰਫ਼  ਲਗਵਾਏ ਜੋ ਚਾਰੋਂ ਧਰਮ , ਹਿੰਦੂ , ਮੁਸਲਿਮ , ਸਿਖ ਇਸਾਈ ਤੇ  ਚਾਰੋ ਵਰਣਾ, ਬ੍ਰਾਹਮਣ , ਖਤ੍ਰੀ ,ਵੈਸ਼ ਤੇ ਸੂਦਰ ਲਈ ਖੁਲਾ ਸੀ 1  ਜਾਤ-ਪਾਤ, ਊਚ-ਨੀਚ. ਧਰਮ  ਨਸਲ, ਲਿੰਗ ,ਹਦਾਂ ਸਰਹਦਾ ਤੋਂ ਉਪਰ ਉਠਕੇ ਹਰ ਇਨਸਾਨਖੁਲੇ ਦਰਸ਼ਨ ਦੀਦਾਰੇ ਕਰ ਸਕਦਾ ਸੀ 1  ਇਸਦਾ ਇਕ ਸਾਇਨਟੀਫ਼ਿਕ ਕਾਰਨ ਵੀ ਸੀ ਕੀ  ਹਰ ਦਿਸ਼ਾ ਤੋ ਚਲਦੀ ਹਵਾ ਸਰੋਵਰ ਦੇ ਸੀਤਲ ਜਲ ਨੂੰ ਛੂਹ ਕੇ ਅੰਦਰ ਬੈਠੀ ਸੰਗਤ ਦੇ ਤਨ ਮਨ ਨੂੰ ਠੰਡਕ ਪੁਚਾਏ1

।ਹਰਮੰਦਿਰ ਸਾਹਿਬ ਸਰੋਵਰ ਦੇ ਐਨ ਵਿਚਕਾਰ 67 ਫੁਟ ਵਰਗ ਤੇ ਉਸਰਿਆ ਹੋਇਆ ਹੈ 1 ਇਸਦੀ  ਇਮਾਰਤ 40.5 ਫੁਟ ਵਰਗ ਤੇ ਤਿਆਰ ਕੀਤੀ ਗਈ ਸੀ 1  ਦਰਸ਼ਨੀ ਮਹਿਰਾਬ ਪੁੱਲ ਦੇ ਇੱਕ ਅੰਤ ਤੇ ਸਥਿਤ ਹੈ। ਹਰ ਮਹਿਰਾਬ 10 ਫੁੱਟ ਉੱਚੀ ਅਤੇ 8 ਫੁੱਟ 6 ਇੰਚ ਚੋੜ੍ਹੀ ਹੈ। ਦਰਵਾਜਿਆਂ ਤੇ ਖੂਬਸੂਰਤ ਕਲਾਕਾਰੀ ਕੀਤੀ ਗਈ ਹੈ 1  ਇਹ ਪੁੱਲ ਦੇ ਵਲ ਨੂੰ ਨਿਕਲਦੇ ਹਨ ਜੋ ਕਿ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਵੱਲ ਜਾਂਦਾ ਹੈ। ਪੁੱਲ 202 ਫੁੱਟ ਲੰਬਾ ਅਤੇ 21 ਫੁੱਟ ਚੋੜ੍ਹਾ ਹੈ। ਪੁੱਲ 13 ਫੁੱਟ ਚੋੜ੍ਹੀ ਪਰਦਕਸ਼ਣਾ ਨਾਲ ਜੁੜਿਆ ਹੋਇਆ ਹੈ। ਇਹ ਮੁੱਖ ਇਮਾਰਤ ਦੇ ਦੁਆਲੇ ਘੁੰਮਦੀ ਹੈ ਅਤੇ ਹਰ ਦੀ ਪੋੜੀ ਤਕ ਜਾਂਦੀ ਹੈ। ਹਰ ਦੀ ਪੋੜੀ ਦੇ ਪਹਿਲੀ ਪੋੜੀ ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ।

ਕਲਾ ਤੇ ਚਿਤ੍ਰਕਾਰੀ  ਦਾ ਸਾਰਾ ਕੰਮ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਗਿਆਨੀ ਦੀ ਨਿਗਰਾਨੀ ਹੇਠ ਉਸ ਸਮੇਂ ਦੇ ਪ੍ਰਸਿੱਧ ਚਿਤ੍ਰਕਾਰ ਤੇ ਨਕਾਸ਼ ਬਾਬਾ ਕੇਹਰ ਸਿੰਘ, ਮਹੰਤ ਈਸ਼ਰ ਸਿੰਘ ਅਤੇ ਭਾਈ ਬਿਸ਼ਨ ਸਿੰਘ ਦੀ ਮਿਹਨਤ ਦਾ ਫਲ ਹੈ। ਹਰਿ ਕੀ ਪਉੜੀ ਦੀ ਦੂਜੀ ਛੱਤ ਦੀਆਂ ਸਜੇ ਖਬੇ ਦੋਹਾਂ ਕੰਧਾਂ ਇਹ ਚਿਤ੍ਰਕਾਰੀ ਉਕਰੀ ਸੀ ਜੋ ਚਿਤਰਕਾਰਾਂ ਦੇ ਕੋਮਲ ਹੁਨਰਾਂ ਦੀ ਨਿਰਾਲੀ ਸੂਝ-ਬੂਝ ਦਾ ਪ੍ਰਦਰ੍ਸ਼ਨ ਹੈ 1

ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਤਿੰਨ ਮੰਜਲਾ ਹੈ। ਪਹਿਲੀ ਮੰਜਲ ਪੁੱਲ ਵਲ ਨੂੰ ਮੂੰਹ ਕਰਦੀ ਹੈ, ਅਤੇ ਮਹਿਰਾਬਾਂ ਨਾਲ ਸਜਾਈ ਗਈ ਹੈ। ਪਹਿਲੀ ਮੰਜਲ ਦੀ ਛੱਤ 26 ਫੁੱਟ 9 ਇੰਚ ਉੱਚੀ ਹੈ। ਦੂਸਰੀ ਮੰਜਲ ਤੇ ਸਿਖਰ ਤੇ 4 ਫੁੱਟ ਉੱਚਾ ਬੰਨ੍ਹਾ ਹੈ ਅਤੇ ਚਾਰਾਂ ਕੋਨਿਆ ਤੇ ਮੰਮਟੀਆ ਲੱਗੀਆ ਹੋਈਆ ਹਨ। ਤੀਸਰੀ ਮੰਜਲ ਦੇ ਤਿੰਨ ਦਰਵਾਜੇ ਹਨ ਅਤੇ ਉੱਥੇ ਹਰ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਚਲਦਾ ਰਹਿੰਦਾ ਹੈ। ਇਸ ਮੰਜਲ ਦੇ ਉੱਪਰ ਇੱਕ ਗੁੰਬਦ ਹੈ ਜਿਸ ਦੇ ਪੰਕਜ ਦੀ ਪੰਖੜੀਆਂ ਦੀ ਚਿੱਤਰਕਾਰੀ ਹੈ। ਇੱਕ ਹੋਰ ਉਲਟੇ ਪੰਕਜ ਦੇ ਉੱਪਰ ‘ਕਲਸ਼’ ਇੱਕ ਬਹੁਤ ਸੋਹਣੀ ਛੱਤਰੀ ਨਾਲ ਲੱਗਿਆ ਹੋਇਆ ਹੈ। ਗੁਰੂ ਸਾਹਿਬ ਨੇ ਇਮਾਰਤ ਦੀਆਂ ਦੀਵਾਰਾਂ ਤੇ ਕੀਮਤੀ ਪੱਥਰ ਨਗਾਂ ਦਾ ਜੜਾਉ ਕੰਮ ਕਰਾਉਣ ਲਈ ਸਮੇ ਦੇ ਵਧੀਆ ਕਾਰੀਗਰ, ਮੀਨਾਕਾਰ, ਤੇ ਮੁਹਰਾਕਸੀ ਬੁਲਾਏ ਗਏ 1  ਹਰਿਮੰਦਰ ਸਾਹਿਬ ਦੀ ਇਮਾਰਤ ਮੁਸਲਿਮ ਅਤੇ ਹਿੰਦੂ ਇਮਾਰਤ ਬਣਾਉਣ ਦੇ ਤਰੀਕਿਆ ਵਿੱਚ ਆਪਣੇ ਹੀ ਤਰ੍ਹਾ ਦਾ ਸੁਮੇਲ ਹੈ ਅਤੇ ਇਮਾਰਤ ਨੂੰ ਪੂਰੀ ਦੁਨਿਆ ਵਿੱਚ ਸਭ ਤੋਂ ਵਧੀਆ ਇਮਾਰਤਾ ਵਿੱਚ ਗਿਣਿਆ ਜਾਂਦਾ ਹੈ।

ਹਰਮੰਦਿਰ ਸਾਹਿਬ ਦੀ ਇਮਾਰਤ ਦੀ  ਉਸਾਰੀ ਤੇ ਗੁਰੂ ਗਰੰਥ ਸਾਹਿਬ ਦੀ ਸੰਪੂਰਨਤਾ  ਦੋਨੋ  ਕਾਰਜ ਤਕਰੀਬਨ ਇਕੋ ਸਮੇ 1604 ‘ਚ ਪੂਰੇ  ਹੋਏ । ਇਸ ਆਦਿ ਹਥ ਲਿਖਤ ਬੀੜ  ਦੇ 974 ਪਕੇ ਪੱਤਰੇ ਹਨ। ਦੋ ਹਫਤੇ ਭਾਈ ਬੰਨੋ ਨੂੰ ਜਿਲਦ ਲਈ ਲਾਹੌਰ ਭੇਜਿਆ ਗਿਆ।  ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ  ਸ੍ਰੀ ਹਰਿਮੰਦਰ ਸਾਹਿਬ ਵਿਚ ਕਰਨੀ ਸੀ, ਜਿਸਦਾ 14 ਅਗੁਸਤ 1604 ਦਾ ਦਿਨ   ਮਿਥਿਆ ਗਿਆ। ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ।ਨਿਸਚਿਤ ਦਿਨ ਰਾਮਸਰ ਦੇ ਉਸ ਪਵਿੱਤਰ ਅਸਥਾਨ ਤੇ ਸੰਗਤਾਂ ਹੁਮ-ਹੁਮਾ ਕੇ  ਪਹੁੰਚੀਆਂ1 ਪੋਥੀ ਦੀ ਸੇਵਾ ਸੰਭਾਲ ਦਾ ਕੰਮ ਬਾਬਾ ਬੁੱਢਾ ਜੀ ਨੂੰ ਸੌਂਪਿਆ ਗਿਆ, ਜੋ ਹਰ ਤਰ੍ਹਾਂ ਤੋਂ ਕਾਬਲ ਤੇ ਪ੍ਰੇਮ-ਪਿਆਰ ਨਾਲ ਇਸ ਅਮੋਲਕ ਖਜਾਨੇ ਦੀ ਸੰਭਾਲ ਕਰਣ ਵਾਲੇ ਸੀ। ਉਹ ਗੁਰੂ ਘਰ ਦਾ ਹਿੱਸਾ ਸਨ। ਪਹਿਲੇ ਚਾਰ ਗੁਰੂਆਂ ਦੇ ਦਰਸਨ ਤਾਂ ਕੀਤੇ ਹੀ ਸਨ, ਨਾਲ ਨਾਲ ਗੁਰੂ  ਘਰ ਦੀਆਂ ਅਨੇਕਾਂ ਸਮਿਸਿਆਵਾ ਨੂੰ ਉਹਨਾਂ ਨੇ ਬੁੱਧੀ ਤੇ ਬਲ ਨਾਲ ਨਿਪਟਾਇਆ ਸੀ।

ਬਾਬਾ ਬੁੱਢਾ ਜੀ ਨੇ ਆਦਿ ਗਰੰਥ ਸਹਿਬ ਨੂੰ ਆਪਣੇ ਸੀਸ ਤੇ ਆਸਣ ਦਿੱਤਾ। ਪਿੱਛੇ ਪਿੱਛੇ ਢੋਲਕੀ ਛੈਣੇ ਵਜਾਦੀਆਂ ਸੰਗਤਾਂ ਸ਼ਬਦ ਪੜਦੀਆਂ ਆ ਰਹੀਆਂ ਸਨ । ਇਸ ਤਰ੍ਹਾਂ ਇਹ ਨਗਰ ਕੀਰਤਨ ਦੇ ਰੂਪ ਵਿਚ ਰਾਮਸਰ ਦੀ ਪਵਿੱਤਰ ਧਰਤੀ ਜਿਥੇ ਗੁਰੂ ਸਾਹਿਬ ਨੇ ਆਦਿ ਗ੍ਰੰਥ ਦੀ  ਸੰਪਾਦਨਾ ਕੀਤੀ ਸੀ ,ਤੋਂ ਹਰਿਮੰਦਰ ਸਾਹਿਬ ਪੁਜਾ ਜੇਹੜੀ ਰਵਾਇਤ ਅਜ ਤਕ ਕਾਇਮ ਹੈ। ਅਗਲੇ ਦਿਨ ਪੋਥੀ ਸਾਹਿਬ ਦੀ ਸਥਾਪਨਾ ਕੀਤੀ ਜਾਣੀ ਸੀ। ਸਵੇਰੇ ਦੀਵਾਨ ਲਗੇ ਜਿਸ ਵਿਚ ਪੋਥੀ ਸਾਹਿਬ ਦੀ ਮਹੱਤਤਾ ਨੂੰ ਸਮਝਾਇਆ ਗਿਆ1 ਇਹ ਪਵਿਤਰ ਗਰੰਥ ,ਗ੍ਰਹਿਸਤ ਸੰਸਾਰ ਸਾਗਰ ਤੇ ਤਰਨ ਲਈ ਜਹਾਜ ਸਮਾਨ ਹੈ ਜਿਸ ਨੂੰ ਜੋ ਚਿਤ ਲਾਕੇ ਪੜੇਗਾ, ਸੁਣੇਗਾ ਤੇ ਵਿਚਾਰੇਗਾ, ਉਹ ਅਰਾਮ ਨਾਲ ਭਵ ਸਾਗਰ ਤੋਂ ਤਰ ਜਾਏਗਾ। ਉਨ੍ਹਾ  ਨੇ ਫੁਰਮਾਇਆ ਸਤਿਗੁਰੂ ਦਾ ਸਰੀਰ ਹਰ ਸਮੇਂ ਕੋਈ ਨਹੀਂ ਦੇਖ ਸਕਦਾ, ਨਾ ਹੀ ਸਦਾ ਰਹਿਣ ਵਾਲਾ ਹੈ। ਇਹ ਗ੍ਰੰਥ ਗੁਰੂ ਦਾ ਹਿਰਦਾ ਹੈ ਜਿਸ ਨੂੰ ਹਰ ਵੇਲੇ ਦੇਖਿਆ ਤੇ ਪੇਖਿਆ ਜਾ ਸਕਦਾ ਹੈ। ਉਨ੍ਹਾ  ਨੇ ਇਹ ਵੀ ਹਿਦਾਇਤ ਦਿਤੀ ਕਿ ਇਸਦਾ ਕੋਈ ਅਖਰ, ਲਗ ਮਾਤ੍ਰ ਵਧ ਘਟ ਕਰਨ ਦੀ ਜੁਅਰਤ ਨਾ ਕਰੇ 1

ਆਪ ਤੇ ਘਾਟ ਨਾ ਬਾਧ ਕਰੇ ਜੋ ਕਰੈ ਹੋਇ ਮੂਰਖ ਸੋ ਪਛਤਾਈ “

ਹਰ ਸਮੇ ਖੁਸ਼ੀ ਗਮੀ ਵਿਚ ਇਸਦਾ ਸਹਾਰਾ ਲੈਣ ਦੀ ਹਿਦਾਇਤ ਦਿਤੀ 1ਪਹਿਲਾ ਪ੍ਰਕਾਸ਼ 15 ਅਗਸਤ 1604,  ਨੂੰ ਹਰਿਮੰਦਰ ਸਾਹਿਬ ਵਿਖੇ ਹੋਇਆ ਜਿਸਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ। ਪਹਿਲਾ ਵਾਕ ਸੀ

ਸੰਤਾ ਕੇ ਕਾਰਜ ਆਪ ਖਲੋਇਆ॥

ਹਰ ਕੰਮ ਕਰਵਣਿ ਆਇਆ ਰਾਮ 11

ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਗੁਰੂ ਮੰਨਿਆ । ਗੁਰੂ ਅਰਜਨ ਦੇਵ ਜੀ ਨੇ  ਇਸਦਾ ਸੰਕਲਨ ਕਰਕੇ  ਮਹਾਨ ਤੇ ਸਤਿਕਾਰਤ ਥਾਂ ਦਿੱਤੀ। ਬਾਣੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਰਕੇ ਮਨੁਖਤਾ ਨੂੰ ਗੁਰਬਾਣੀ ਤੇ ਸੰਗੀਤ ਦੇ ਸੁਮੇਲ ਰਾਹੀਂ ਆਤਮਿਕ ਸ਼ਾਂਤੀ ਦਾ ਤੋਹਫਾ ਪ੍ਰਦਾਨ ਕੀਤਾ। ਜਿਥੇ ਦਿਨ ਰਾਤ ਕੀਰਤਨ ਤੇ ਸੰਗੀਤ ਦੀਆਂ ਮਨੋਹਰ ਧੁਨਾਂ ਗੂੰਜਦੀਆਂ। ਸਰੋਵਰ ਤੋਂ ਉਠਦੀਆਂ ਠੰਢੀਆਂ ਹਵਾਵਾ ਜਿਸ ਨਾਲ ਅੰਦਰ ਬੈਠੀਆਂ ਸੰਗਤਾਂ ਦਾ ਤਨ-ਮਨ ਠੰਢਾ ਹੁੰਦਾ। ਵਿਚਕਾਰ ਇਕ ਮੰਜਿਲ ਤੇ ਚਾਰੇ ਤਰਫ ਦੇ-ਮੰਜਲਾ, ਗਰਮੀ-ਸਰਦੀ ਦੋਨੋਂ ਦੇ ਅਨਕੂਲ ਹੋਣਾ। ਸੰਗਤ-ਤੇ ਸੰਗੀਤ ਦੇ ਸਮੈਲ ਵਿਚ 24 ਘੰਟੇ ਕੀਰਤਨ, ਜੋ ਗੁਰੂ ਸਾਹਿਬ ਖੁਦ ਸਿਰੰਦੇ ਵਜਾਕੇ ਕਰਦੇ, ਸੰਗਤ ਨੂੰ ਸਿਖਾਉਂਦੇ ਤੇ ਉਤਸਾਹਿਤ ਕਰਦੇ। ਭਾਵੇਂ ਇਸ ਵਕਤ ਤਕ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਸੀ ਮਿਲੀ ਪਰ ਬਾਣੀ ਨੂੰ ਗੁਰੂ ਮੰਨਣ ਤੇ ਸਮਝਣ ਦੀ ਗਲ ਤਾਂ ਸਿੱਖ ਧਰਮ ਵਿਚ ਆਰੰਭ ਕਾਲ ਤੋਂ ਹੀ ਸੀ।

104 ਸਾਲ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਕੁਝ ਚਿਰ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, 59 ਸ਼ਬਦ ਤੇ 57 ਸਲੋਕ ਦਰਜ ਕਰਵਾਏ। 1 ਅਕਤੂਬਰ 1708 ਵਿਚ ਆਪਣੇ ਸਚ-ਖੰਡ ਦੀ ਵਾਪਸੀ ਦੇ ਸਮੇਂ ਨਦੇੜ ਵਿਖੇ ਦੇਹਧਾਰੀ ਗੁਰੂ ਦੀ ਹਮੇਸ਼ਾ ਲਈ ਸਮਾਪਤੀ ਕਰਕੇ ਗਿਆਰਵਾਂ ਅਸਥਾਨ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤਾ ਤੇ ਆਪ  ਸਿਖਾਂ ਨੂੰ ਸ਼ਬਦ ਦੇ ਲੜ ਲਗਾਕੇ, ਜੋ ਕਿ ਉਨ੍ਹਾਂ ਦਾ ਸਿੱਖ ਕੌਮ ਤੇ ਇਕ ਬਹੁਤ ਵਡਾ ਅਹਿਸਾਨ ਹੈ, ਜੋਤੀ ਜੋਤ ਸਮਾ ਗਏ।

ਗੁਰੂ ਅਰਜਨ ਸਾਹਿਬ ਦੀ ਸਹੀਦੀ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਦੇ ਸਾਹਮਣੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ । 1635 ਵਿੱਚ ਜਦੌਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਗਏ ਤਾਂ ਤਕਰੀਬਨ 65  ਸਾਲ ਸ਼ਹਿਰ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਹੇਠ ਰਿਹਾ। 1699  ਵਿੱਚ ਖਾਲਸਾ ਸਿਰਜਣਾ ਉਪਰੰਤ ਅੰਮ੍ਰਿਤਸਰ ਦੇ ਲੋਕਾਂ ਦੀ ਬੇਨਤੀ ‘ਤੇ  ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਭਾਈ ਭੁਪਾਲ ਸਿੰਘ, ਭਾਈ ਗੁਲਜ਼ਾਰ ਸਿੰਘ, ਕੇਹਰ ਸਿੰਘ, ਦਾਨ ਸਿੰਘ, ਕੀਰਤ ਸਿੰਘ ਦੇ ਨਾਲ ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਸ਼੍ਰੀ ਅੰਮ੍ਰਿਤਸਰ ਭੇਜਿਆ।

ਅਫ਼ਗਾਨੀਆਂ ਅਤੇ ਹੋਰ ਹਮਲਾਵਰਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਕਈ ਵਾਰੀ ਹਮਲੇ ਕੀਤੇ ਗਏ ਅਤੇ ਇਸ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ। ਹਰ ਵਾਰੀ ਇਸਨੂੰ ਮੁਕਤ ਕਰਾਉਣ ਅਤੇ ਇਸ ਦੀ ਪਵਿੱਤਰਤਾ ਨੂੰ ਮੁੜ ਕੇ ਬਹਾਲ ਕਰਨ ਵਾਸਤੇ ਸਿੱਖਾਂ ਨੂੰ ਕਈ ਕੁਰਬਾਨੀਆਂ ਦੇਣੀਆਂ  ਪਈਆਂ 1 1709 ਤੋਂ 1765 ਵਿੱਚਲੇ ਵਰ੍ਹੇ ਸ਼੍ਰੀ ਅੰਮ੍ਰਿਤਸਰ ਅਤੇ ਸ਼੍ਰੀ ਹਰਿਮੰਦਰ ਸਾਹਿਬ ਲਈ ਬਹੁਤ ਉਥਲ ਪੁਥਲ ਵਾਲੇ ਸਨ। 1733 ਵਿੱਚ ਜੱਦ ਜ਼ਕਰਿਆਂ ਖਾਨ ਨੇ ਸਿੱਖਾਂ ਦੇ ਪ੍ਰਤਿਨਿੱਧ ਕਪੂਰ ਸਿੰਘ ਨੂੰ ਨਵਾਬੀ ਦੀ ਭੇਂਟ ਕੀਤੀ ਤਾਂ ਹਰਿਮੰਦਰ ਸਾਹਿਬ ਵਿਖੇ ਕੁਝ ਸਮਾਂ ਗੁਰੂ ਹਰਗੋਬੀੰਦ ਸਾਹਿਬ ਦੇ ਸਮੇਂ ਵਾਲੀਆਂ  ਰੌਣਕਾਂ  ਮੁੜ ਲਗ ਗਈਆਂ । ਪਰ 1735 ਵਿੱਚ ਅਹਿਦਨਾਮਾ ਟੁੱਟ ਜਾਣ ਕਰਕੇ ਸਿਖਾਂ ਨੂੰ ਫਿਰ ਜੰਗਲਾਂ ਵੱਲ ਜਾਣਾ ਪਿਆ। ਭਾਈ ਮਨੀ ਸਿੰਘ ਜੀ ਨੂੰ ਬੰਦੀ ਬਣਾ ਲਿਆ ਗਿਆ ਤੇ 1737 ਵਿੱਚ ਉਨ੍ਹਾਂ ਨੂੰ ਤਸੀਹੇ ਦੇਕੇ ਕਤਲ ਕਰ ਦਿਤਾ ਗਿਆ।

ਇਸ ਤੋਂ ਬਾਅਦ ਪੰਜਾਬ ਦੇ ਸੂਬੇ ਨੇ ਇਕ ਰਾਜਪੂਤ ਜ਼ਿਮੀਂਦਾਰ ਮੱਸੇ ਰੰਘੜ ਨੁੰ ਅੰਮ੍ਰਿਤਸਰ ਦਾ ਕੋਤਵਾਲ ਥਾਪ ਕੇ ਸ਼ਹਿਰ ਕਬਜ਼ੇ ਵਿੱਚ ਕਰ ਲਿਆ ਗਿਆ। ਮੱਸੇ ਰੰਘੜ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਕੋਈ ਕਸਰ ਨਹੀਂ ਛਡੀ1 ਉਸਨੇ ਸਰੋਵਰ ਨੂੰ ਪੂਰ  ਦਿੱਤਾ ਅਤੇ ਇਸ ਪਵਿਤੱਰ ਥਾਂ ਨੂੰ ਆਪਣਾ  ਹਰਮ ਬਣਾ ਲਿਆ। ਇਥੇ ਦਿਨ ਰਾਤ ਸ਼ਰਾਬਾਂ ਦੇ ਦੋਰ ਚਲਦੇ , ਕੰਜਰੀਆਂ ਦਾ ਨਾਚ ਹੁੰਦਾ 1  ਇਸ ਅਪਵਿੱਤਰਤਾ ਤੇ ਅਪਮਾਨ ਦਾ ਬਦਲਾ ਲੈਣ ਲਈ ਮੀਰਾਂ ਕੋਟ ਦੇ ਭਾਈ ਮਹਿਤਾਬ ਸਿੰਘ ਤੇ ਮਾੜੀ ਕੰਬੋਕੇ ਦੇ ਭਾਈ ਸੁਖਾ ਸਿੰਘ ਬੋਰੀਆਂ ਵਿਚ ਠੀਕਰੀਆਂ ਭਰਕੇ , ਕਿਸਾਨ ਦੇ ਭੇਸ ਵਿਚ ਲਗਾਨ ਤਾਰਣ ਦੇ ਬਹਾਨੇ  ਹਰਿਮੰਦਰ ਸਾਹਿਬ ਦਾਖ਼ਲ ਹੋਏ 1  ਮੱਸੇ ਰੰਘੜ ਸ਼ਰਾਬ ਵਿਚ ਧੁਤ ਸੀ1 ਜਾ ਉਸਦਾ ਸਿਰ  ਵੱਢਿਆ ਤੇ ਉਸਦੇ ਸਿਰ ਨੂੰ ਨੇਜੇ ਤੇ ਟੰਗ ਕੇ ਸੁਰੱਖਿਅਤ ਵਾਪਸ ਆਪਣੇ ਡੇਰੇ ਪਰਤ ਆਏ। ਇਹ ਵਾਕਿਆ ਪਹਿਲੀ ਅਗਸਤ 1740 ਦਾ ਹੈ।

ਇਸ ਤੋਂ ਬਾਅਦ  ਦੀਵਾਨ ਲਖਪਤ ਰਾਏ ਨੇ ਆਪਣੇ ਭਰਾ ਜਸਪਤ ਰਾਏ ਦੀ ਮੋਤ ਦਾ ਬਦਲਾ ਲੈਣ ਲਈ ਸੂਬੇ ਦੇ ਪੈਰਾਂ ਤੇ ਆਪਣੀ ਪੱਗ ਰਖ ਕੇ ਸਿੱਖ ਕੌਮ ਨੂੰ ਮੂਲੋਂ  ਖਤਮ ਕਰ ਦੇਣ ਦੀ  ਸਹੁੰ ਖਾਧੀ  ਸੀ। ਉਸ ਨੇ 1746 ਵਿਚ ਸਰੋਵਰ ਨੂੰ ਦੂਸ਼ਿਤ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ। ਦੀਵਾਨ ਲਖਪਤ ਰਾਏ ਤੇ ਯਹੀਆ ਖਾਨ ਦੀ ਕਮਾਂਡ ਥੱਲੇ ਮੁਗ਼ਲ ਫੌਜਾਂ ਨੇ ਸਿੱਖਾਂ ਦੇ ਖਿਲਾਫ ਮਾਰਚ ਕੀਤਾ ਜਿਸ ਨੂੰ ਛੋਟਾ ਘਲੂਕਾਰਾ ਕਿਹਾ ਜਾਂਦਾ ਹੈ। ਇਸ ਲਹੂ-ਡੋਲ੍ਹਵੀਂ ਲੜਾਈ ਵਿਚ ਕਰੀਬ ਸੱਤ ਹਜ਼ਾਰ ਸਿੱਖ ਸ਼ਹੀਦ ਹੋਏ। ਉਨ੍ਹਾਂ ‘ਚੋ ਤਿੰਨ ਹਜ਼ਾਰ ਨੂੰ ਲਾਹੌਰ ਵਿਚ ਸਰੇ-ਆਮ  ਸ਼ਹੀਦ ਕੀਤਾ ਗਿਆ। ਉਹ ਅਸਥਾਨ ਹੁਣ ਸ਼ਹੀਦਗੰਜ ਅਖਵਾਉਂਦਾ ਹੈ।

ਇਸ ਘੱਲੂਘਾਰੇ ਦਾ ਬਦਲਾ ਸਿੱਖਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਾਬਲ ਅਗਵਾਈ ‘ਚ ਲਿਆ ਅਤੇ ਮਾਰਚ 1748 ‘ਚ ਸਲਾਮਤ ਖਾਂ ਨੂੰ ਮਾਰ ਕੇ ਸ੍ਰੀ ਹਰਿਮੰਦਰ ਸਾਹਿਬ ‘ਤੇ ਮੁੜ ਤੋਂ ਆਪਣੀ ਸੇਵਾ-ਸੰਭਾਲ ਸ਼ੁਰੂ ਕੀਤੀ। ਉਨ੍ਹਾਂ ਨੇ ਪਵਿੱਤਰ ਸਰੋਵਰ ਦੀ ਸਫ਼ਾਈ ਕਰਕੇ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਰੋਜ਼ਾਨਾ ਦੀ ਮਰਯਾਦਾ ਮੁੜ ਬਹਾਲ ਕਰਦਿਆਂ, 1748  ਸਾਲ ਦੀ ਵਿਸਾਖੀ ਅਤੇ ਦਿਵਾਲੀ ਬੜੇ ਉਤਸ਼ਾਹ ਨਾਲ ਮਨਾਈ।1753 ਵਿੱਚ ਮੀਰ ਮੰਨੂ ਦੀ ਮੌਤ ਤੌਂ ਬਾਦ ਸਿੱਖਾਂ ਨੂੰ ਥੋੜਾ ਸਮਾ ਸੁਖ ਦਾ ਸਾਹ ਆਇਆ ਤੇ  ਆਪਣੇ ਇਸ ਮੁੱਕਦਸ ਥਾਂ  ਹਰਿਮੰਦਰ ਸਾਹਿਬ ਖੁਲਾ ਆਣਾ ਜਾਣਾ ਸ਼ੁਰੂ ਹੋ ਗਿਆ।

ਇਸ ਦੇ ਬਾਅਦ ਨਵੰਬਰ 1757 ਵਿੱਚ ਜਦੋਂ ਸੂਬਾ ਲਾਹੌਰ ਨੇ ਤੈਮੂਰ ਸ਼ਾਹ ਵੱਲੋਂ ਜਹਾਨ ਖ਼ਾਂ ਨੂੰ ਫ਼ੌਜ ਦੇ ਕੇ ਅੰਮ੍ਰਿਤਸਰ ਭੇਜਿਆ  ਤਾਂ ਉਸ ਨੇ ਗੁਰੂ ਨਗਰੀ ਦੇ ਬਹੁਤ ਸਾਰੇ ਗੁਰਦੁਆਰਿਆਂ ਨੂੰ ਜ਼ਮੀਨਦੋਜ਼ ਕਰਨ ਤੋਂ ਬਾਅਦ ਅੰਮ੍ਰਿਤ ਸਰੋਵਰ ਦੀ ਬੇਅਦਬੀ ਕਰਦਿਆਂ ਸਰੋਵਰ ਮਿੱਟੀ ਅਤੇ ਗੰਦਗੀ ਨਾਲ ਭਰਵਾ ਦਿੱਤਾ।ਸੰਨ 1757 ਵਿਚ ਅਹਿਮਦਸ਼ਾਹ ਅਬਦਾਲੀ ਨੇ ਦੂਸਰੀ ਵਾਰੀ ਚੜ੍ਹਾਈ ਕੀਤੀ ਅਤੇ ਅੰਮ੍ਰਿਤਸਰ ‘ਤੇ ਹੱਲਾ ਕਰ ਦਿੱਤਾ। ਉਸਨੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਡੇਗਿਆ ਅਤੇ ਸਰੋਵਰ ਨੂੰ ਕੂੜ-ਕਬਾੜ ਨਾਲ ਭਰ ਦਿੱਤਾ। ਘੋਰ ਬੇਅਦਬੀ ਦੀ ਇਸ ਖਬਰ ਨੂੰ ਸੁਣ ਕੇ, ਮਿਸਲ ਸ਼ਹੀਦਾਂ ਦੇ ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਬੇਅਦਬੀ ਦਾ ਬਦਲਾ ਲੈਣ ਉਸ ਵੇਲੇ ਤੁਰ ਪਏ। ਇਕ ਲਹੂ-ਡੋਲ੍ਹਵੀਂ ਲੜਾਈ ਅੰਮ੍ਰਿਤਸਰ ਦੇ ਲਾਗੇ ਗੋਹਲਵੜ ਦੇ ਅਸਥਾਨ ‘ਤੇ ਹੋਈ। ਬਾਬਾ ਦੀਪ ਸਿੰਘ ਨੂੰ ਇਕ ਮਾਰੂ ਕੱਟ ਧੋਣ ਉੱਤੇ ਲੱਗਾ ਜਿਸ ਨਾਲ ਉਨ੍ਹਾਂ ਦਾ ਸਿਰ ਧੜ ਤੋਂ ਤਕਰੀਬਨ ਅਲੱਗ ਹੋ ਗਿਆ ਪਰ ਇਸਦੇ ਬਾਵਜੂਦ ਉਹ ਵੈਰੀਆਂ ਨੂੰ ਵੱਢ-ਵੱਢ ਸੁੱਟਦੇ ਅੱਗੇ ਵਧਦੇ ਗਏ। ਇਉਂ ਲੜਦਿਆਂ ਇਹ ਅਦੁੱਤੀ ਯੋਧਾ ਸੂਰਬੀਰ ਪਵਿੱਤਰ ਹਦੂਦ ‘ਚ ਜਾ  ਪੁੱਜਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਕਰਨ ਖਾਤਰ ਆਪਣੀ ਜਾਨ ਵਾਰ ਦਿੱਤੀ।

ਕੁੱਪ ਰਹੀੜੇ ਵਿਖੇ ਸਿੱਖਾਂ ਦੇ ਖੌਫਨਾਕ ਘੱਲੂਘਾਰੇ ਮਗਰੋਂ ਅਹਿਮਦਸ਼ਾਹ ਅਬਦਾਲੀ ਨੇ 1762 ਈ: ਦੀ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਹਰਿਮੰਦਰ ਸਾਹਿਬ ‘ਤੇ ਮੁੜ ਕੇ ਚੜ੍ਹਾਈ ਕਰ ਦਿੱਤੀ। ਇਸ ਮੌਕੇ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਹਥਿਆਰਾਂ ਸਮੇਤ ਅਤੇ ਖਾਲੀ ਹੱਥ, ਦੋਨਾਂ ਰੂਪਾਂ ‘ਚ ਦਰਸ਼ਨ-ਇਸ਼ਨਾਨ ਕਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕੱਤਰ ਹੋਏ ਸਨ। ਆਪਣੇ ਪ੍ਰਾਣੋ ਪਿਆਰੇ ਧਰਮ-ਅਸਥਾਨ ਦੀ ਰਖਵਾਲੀ ਹਿਤ ਅਣਗਿਣਤ ਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬਰੂਦ ਨਾਲ ਮੁੜ ਉਡਾ ਦਿੱਤਾ ਗਿਆ ਅਤੇ ਪਵਿੱਤਰ ਸਰੋਵਰ ਨੂੰ ਅਪਵਿੱਤਰ ਕੀਤਾ ਗਿਆ। ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਤੋਪਾਂ ਨਾਲ ਉਡਾਇਆ ਜਾ ਰਿਹਾ ਸੀ ਤਾਂ ਉੱਡਦੀ ਇੱਟ ਦਾ ਇਕ ਟੋਟਾ ਅਹਿਮਦ ਸ਼ਾਹ ਅਬਦਾਲੀ ਦੇ ਨੱਕ ‘ਤੇ ਆਣ ਵੱਜਾ। ਇਹ ਜ਼ਖਮ ਉਸ ਦੀ ਜਾਨ ਲੈ ਕੇ ਰਿਹਾ।

1764 ਦੇ ਦਸੰਬਰ ਮਹੀਨੇ ਅਹਿਮਦਸ਼ਾਹ ਅਬਦਾਲੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਸਾਰੀ ਸਿੱਖ ਕੌਮ ਦਾ ਨਾਸ਼ ਕਰ ਦੇਣ ਦੇ ਇਕੋਂ-ਇਕ ਉਦੇਸ਼ ਨਾਲ ਹੱਲਾ ਕੀਤਾ ਗਿਆ। ਪਰ ਉਹਦੇ ਪੁੱਜਣ ਤੋ ਪਹਿਲਾਂ ਸਿੱਖ ਸ਼ਹਿਰ ਛੱਡ ਗਏ ਅਤੇ ਉਹ ਹੈਰਾਨ ਹੋਇਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ‘ਚ ਤਾਂ ਸਿਰਫ ਤੀਹ ਸਿੰਘ ਹੀ ਸਨ ਜਿਨ੍ਹਾਂ ਨੇ ਬਾਬਾ ਗੁਰਬਖ਼ਸ਼ ਸਿੰਘ ਦੀ ਅਗਵਾਈ ‘ਚ ਉਹਦੇ ਨਾਲ ਡੱਟ ਕੇ ਟਾਕਰਾ ਕੀਤਾ ਅਤੇ ਸਾਰੇ ਹੀ ਸ਼ਹੀਦੀਆਂ ਪਾ ਗਏ। ਅਬਦਾਲੀ ਨੇ ਨਵੇਂ ਬਣਾਏ ਗਏ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਫਿਰ ਡੇਗ ਦਿੱਤਾ ਅਤੇ ਪਵਿੱਤਰ ਸਰੋਵਰ ਨੂੰ ਪੂਰ ਕੇ ਧਰਤੀ ਦੇ ਬਰਾਬਰ ਕਰ ਦਿੱਤਾ।

17 ਅਕਤੂਬਰ 1764 ਵਿਚ ਖ਼ਾਲਸਾ ਪੰਥ ਦੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਨਵੇਂ ਸਿਰਿਓਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾ ਕੇ ਇਮਾਰਤ ਦੀ ਉਸਾਰੀ ਆਰੰਭ ਕਰਵਾਈ ਗਈ ਜਿਸਦੀ ਦੀ ਨੀਂਹ ਜਥੇਦਾਰ ਨਵਾਬ ਕਪੂਰ ਸਿੰਘ ਨੇ ਰੱਖੀ1 ਨਵੀਂ ਉਸਾਰੀ ਦੌਰਾਨ ਉੱਤਰ ਪ੍ਰਦੇਸ਼ ਦੇ ਖੁਰਜਾ ਸ਼ਹਿਰ ’ਤੇ ਚੜ੍ਹਾਈ ਕਰਨ ਸਮੇਂ ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ, ਜੈ ਸਿੰਘ ਘਨੱਈਆ, ਤਾਰਾ ਸਿੰਘ ਗੈਬਾ ਤੇ ਚੜ੍ਹਤ ਸਿੰਘ ਸ਼ੁੱਕਰਚੱਕੀਆ ਆਦਿ ਜਥੇਦਾਰਾਂ ਨੇ ਪ੍ਰਣ ਕੀਤਾ ਕਿ ਸ਼ਹਿਰ ਨੂੰ ਫ਼ਤਹਿ ਕਰਨ ’ਤੇ ਜੋ ਧਨ ਦੌਲਤ ਮਿਲੇਗਾ, ਉਸ ਵਿੱਚੋਂ ਅੱਧਾ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਨਿਰਮਾਣ ’ਤੇ ਖ਼ਰਚਿਆ ਜਾਵੇਗਾ। ਖੁਰਜਾ ਸ਼ਹਿਰ ਫ਼ਤਹਿ ਕਰਨ ਦੇ ਬਾਅਦ ਸੱਤ ਲੱਖ ਰੁਪਇਆ ਇਕੱਠਾ ਹੋਇਆ, ਜੋ ਅੰਮ੍ਰਿਤਸਰ ਦੇ ਕਰੋੜੀ ਮੱਲ ਸ਼ਾਹੂਕਾਰ ਕੋਲ ਜਮ੍ਹਾ ਕਰਵਾਇਆ ਗਿਆ। ਇਮਾਰਤ ’ਤੇ ਮਾਇਆ ਖ਼ਰਚਣ ਦੇ ਸਾਰੇ ਅਧਿਕਾਰ ਜਥਿਆਂ ਵੱਲੋਂ ਪਿੰਡ ਸੁਰਸਿੰਘ ਦੇ ਭਾਈ ਦੇਸ ਰਾਜ ਨੂੰ ਦਿੱਤੇ ਗਏ। ਤਾਰੀਖ਼-ਏ-ਅੰਮ੍ਰਿਤਸਰ (ਉਰਦੂ) ਦੇ ਅਨੁਸਾਰ- ‘ਸ੍ਰੀ ਹਰਿਮੰਦਰ ਸਾਹਿਬ ਦੀ ਨਵੀਂ ਇਮਾਰਤ ਵਿੱਚ ਖ਼ਾਸ ਨਮੂਨੇ ਦੀ ਇੱਕ ਇੰਚ ਮੋਟੀ, ਤਿੰਨ ਇੰਚ ਚੌੜੀ ਅਤੇ ਅਠਾਰਾਂ ਇੰਚ ਲੰਬੀ ਨਾਨਕਸ਼ਾਹੀ ਇੱਟ ਵਰਤੀ ਗਈ। ਇਸ ਇੱਟ ਦੀ ਖ਼ੂਬੀ ਇਹ ਹੈ ਕਿ ਜੇ ਇੱਕ ਇੱਟ ਆਪਣੀ ਜਗ੍ਹਾ ਤੋਂ ਨਿਕਲ ਜਾਵੇ ਤਾਂ ਦੂਜੀਆਂ ਇੱਟਾਂ ਉਸੇ ਤਰ੍ਹਾਂ ਕਾਇਮ ਰਹਿੰਦੀਆਂ ਹਨ।’

ਸੰਨ 1767 ਵਿਚ ਭਾਰਤ ਤੋਂ ਆਖਰੀ ਵਾਰ ਜਾਣ ਤੋਂ ਪਹਿਲਾਂ ਅਹਿਮਦਸ਼ਾਹ ਨੇ ਅੰਮ੍ਰਿਤਸਰ ‘ਤੇ ਹੱਲਾ ਕਰਨ ਦੀ ਸੋਚੀ ਪਰ ਉਹ ਇਸ ਵਾਰ ਸ੍ਰੀ ਹਰਿਮੰਦਰ ਸਾਹਿਬ ‘ਚ ਦਾਖਲ ਹੋਣ ਦਾ ਹੌਸਲਾ  ਨਾ ਕਰ ਸਕਿਆ ਅਤੇ ਇਸ ਮਗਰੋਂ ਇਹ ਸਦਾ ਸਿੱਖਾਂ ਦੀ ਹੀ ਸੇਵਾ-ਸੰਭਾਲ ਵਿਚ ਰਿਹਾ।

18 ਵੀਂ ਸਦੀ ਵਿੱਚ ਕਈ ਉਤਾਰ ਚੜਾਉ ਸ਼ਹਿਰ ਵਿੱਚ ਹੋਏ। 1765 ਵਿੱਚ ਮਿਸਲਾਂ ਦੀ ਸਰਦਾਰੀ ਕਾਇਮ ਹੋਣ ਉਪਰੰਤ ਕਈ ਮਿਸਲ ਸਰਦਾਰਾਂ ਨੇ ਅੰਮ੍ਰਿਤਸਰ ਦਾ ਪ੍ਰਬੰਧ ਸੰਭਾਲਿਆ । ਵਖ ਵਖ ਸਰਦਾਰਾਂ ਨੇ ਪਵਿੱਤਰ ਸਰੋਵਰ ਦੇ ਆਲੇ ਦੁਆਲੇ ਆਪਣੇ ਬੁੰਗੇ ਕਾਇਮ ਕੀਤੇ ਅਤੇ ਬਾਹਰਵਾਰ ਕਟੜੇ ਯਾ ਹਲਕੇ ਕਾਇਮ ਕੀਤੇ ਜੋਕਿ ਵਪਾਰੀਆਂ ਤੇ ਦਸਤਕਾਰਾਂ ਦੀ ਤਰੱਕੀ ਤੇ ਵਾਧੇ ਲਈ ਸਨ । ਅਹਿਮ ਫ਼ੈਸਲੇ ਲੈਣ ਲਈ ਅੰਮ੍ਰਿਤਸਰ ਵਿੱਚ ਸਰਬੱਤ ਖਾਲਸਾ ਦੀਵਾਨ ਕੀਤੇ ਜਾਂਦੇ ਸਨ।ਇਸ ਤਰਾਂ ਇਹ ਸ਼ਹਿਰ ਖਾਲਸੇ ਦੀ ਰਾਜਧਾਨੀ ਦੇ ਰੂਪ ਵਿੱਚ ਸਾਹਮਣੇ ਆਇਆ। 18 ਵੀਂ ਸਦੀ ਦੇ ਅੰਤ ਤਕ ਅੰਮ੍ਰਿਤਸਰ ਪੰਜਾਬ ਦਾ ਇਕ ਉੱਘਾ ਵਪਾਰਕ ਕੇਂਦਰ ਬਣ ਚੁੱਕਾ ਸੀ।

ਰਣਜੀਤ ਸਿੰਘ, 1801  ਤਕ ਮਹਾਰਾਜੇ ਦੀ ਪਦਵੀ ਪ੍ਰਾਪਤ ਕਰ ਚੁਕਿਆ ਸੀ ਨੇ 1805  ਵਿੱਚ ਅਮ੍ਰਿਤਸਰ ਤੇ ਜੋ ਭੰਗੀ ਮਿਸਲ ਕੋਲ ਸੀ ਆਪਣਾ ਅਧਿਕਾਰ ਜਮਾ ਲਿਆ1  ਜ਼ਮਜ਼ਮਾ ਤੋਪ ਤੇ ਭੰਗੀ ਸਰਦਾਰਾਂ ਦੇ ਕਿਲੇ ਅਤੇ ਤੋਸ਼ੇਖਾਨੇ ਤੇਰਣਜੀਤ ਸਿੰਘ ਕਾਬਜ਼ ਹੋ ਗਏ ।  1815  ਵਿੱਚ ਰਾਮਗੜੀਆ ਕਿਲਾ ਵੀ ਆਪਣੇ ਅਧੀਨ  ਕਰ ਲਿਆ1  1820  ਵਿੱਚ ਆਹਲੂਵਾਲੀਆ ਤੇ ਕਨ੍ਹਈਆ ਮਿਸਲ ਨੂੰ ਆਪਣੇ ਰਾਜ ਵਿਚ ਮਿਲਾਣ ਤੋਂ  ਬਾਦ ਪੂਰਾ ਅੰਮ੍ਰਿਤਸਰ ਰਣਜੀਤ ਸਿੰਘ ਦੇ ਪ੍ਰਬੰਧ ਹੇਠ ਆ ਗਿਆ1 ਉਸ ਵਕਤ ਤਕ  ਗੁਰੂਦੁਆਰੇ ਦੀ ਪਵਿਤੱਰ ਇਮਾਰਤ ਕਾਫੀ ਹੱਦ ਤੱਕ ਪੂਰੀ ਹੋ ਚੁੱਕੀ ਸੀ। ਕੰਧਾਂ ਤੇ ਛੱਤ ਤੇ ਸ਼ਿੰਗਾਰਦਾਰ ਜੜ੍ਹਤ ਤੇ ਨਕਾਸ਼ਕਾਰੀ ਦਾ ਕੰਮ ਚਲ ਰਿਹਾ ਸੀ । ਮਹਾਰਾਜੇ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿਕਾਸ ਅਤੇ ਇਸ ਨੂੰ ਖੂਬਸੂਰਤ  ਬਣਾਉਣ ‘ਚ ਬੜੀ ਡੂੰਘੀ ਰੁਚੀ ਲਈ।

ਮਹਾਰਾਜਾ ਰਣਜੀਤ  ਦੀ ਸਿੱਖੀ ਸ਼ਰਧਾ ਨੇ ਉਨ੍ਹਾਂ ਦੇ  ਅੰਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਕੋਮਲ ਹੁਨੱਰਾਂ ਨਾਲ ਵੱਧ ਤੋਂ ਵੱਧ ਸਜਾਉਣ ਦਾ ਸੰਕਲਪ ਪੈਦਾ ਕਰ ਦਿੱਤਾ। ਉਨ੍ਹਾ ਦੀ  ਪ੍ਰਬਲ ਇੱਛਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੋਮਲ ਹੁੱਨਰਾਂ ਦਾ ਜੋ ਵੀ ਕੰਮ ਕੀਤਾ ਜਾਵੇ, ਉਹ ਮੁਗਲ ਕਲਾ ਜਾਂ ਰਾਜਪੂਤਾਨਾਂ ਕਲਾ ਦੀ ਨਕਲ ਨਾ ਹੋਕੇ ਕੁਝ  ਵੱਖਰਾ ਤੇ ਵਧ  ਤੋਂ ਵੱਧ ਖੂਬਸੂਰਤ ਹੋਵੇ , ਜਿਸ ਨੂੰ ਵੇਖ ਕੇ ਕਲਾ-ਪਾਰਖੂ  ਅਸ਼-ਅਸ਼ ਕਰ ਉਠਣ।

 ਉਨ੍ਹਾ ਨੇ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਗਿਆਨੀ ਨੂੰ  ਪੰਜ ਲੱਖ ਰੁਪਿਆ ਸਪੁਰਦ ਕੀਤਾ।  ਚਨਯੋਟ ਤੋਂ ਕੋਮਲ ਹੁੱਨਰਾਂ ਦੇ ਮਾਹਰ ਮਿਸਤਰੀ ਮੰਗਵਾਏ ਗਏ, ਜਿਨ੍ਹਾਂ ਵਿਚੋਂ ਮੁਖ  ਯਾਰ ਮੁਹੰਮਦ ਖਾਨ ਮਿਸਤਰੀ ਸੋਨੇ ਦਾ ਪਾਣੀ ਤੇ ਸੋਨੇ ਦੇ ਵਰਕ ਚੜ੍ਹਾਉਣ ਦਾ ਮਾਹਿਰ ਸੀ1 ਕਾਫੀ ਗਿਣਤੀ ਵਿੱਚ ਆਏ ਮਿਸਤਰੀ ਤੇ ਉਨ੍ਹਾਂ ਦੇ ਸਹਾਇਕ ਦੀ ਰਿਹਾਇਸ਼ ਦਾ ਪ੍ਰਬੰਧ ਇਕ  ਚਨਯੋਟ ਤੋਂ ਲਾਹੌਰੀ ਦਰਵਾਜ਼ੇ ਦੇ ਅੰਦਰਵਾਰ ਇਕ ਖੁਲ੍ਹੀ ਹਵੇਲੀ ਵਿਚ ਕੀਤਾ ਗਿਆ  । ਜਿਸ ਦਾ ਨਾਮ ਹੁਣ ਤੱਕ ਹਵੇਲੀ ਚਨਯੋਟੀਆਂ ਕਰ ਕੇ ਪ੍ਰਸਿੱਧ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਾਰੀ ਜੜਤਕਾਰੀ ਤੇ ਨਕਾਸ਼ੀ ਚਨਯੋਟ ਤੋਂ ਆਏ ਮੁਸਲਮਾਨ ਕਾਰੀਗਰਾਂ ਦਾ ਕਮਾਲ ਹੈ, ਜਿਨ੍ਹਾਂ ਦਾ ਨਿਗਰਾਨ ਬਦਰੂ ਮਹੀਯੁੱਦੀਨ ਨੂੰ ਥਾਪਿਆ ਗਿਆ ਸੀ।

 ਰਣਜੀਤ ਸਿੰਘ ਦੇ ਸਮੇਂ ਕਿਲਾ ਗੋਬਿੰਦ ਗੜ੍ਹ ਬਣਵਾਇਆ ਗਿਆ, ਰਾਮ ਬਾਗ ਲਵਾਇਆ ਗਿਆ ਅਤੇ ਦਰਬਾਰ ਸਾਹਿਬ ਦੀ ਇਮਾਰਤ ਉੱਤੇ ਸੋਨਾ ਜੜਵਾਉਣ ਦਾ ਕੰਮ ਹੋਇਆ। ਕਹਿੰਦੇ ਹਨ ਜੋ ਸੋਨਾ ਰਣਜੀਤ ਸਿੰਘ ਦੇ ਵਕਤ ਤੇ ਦਰਬਾਰ ਸਾਹਿਬ ਤੇ ਲਗਾਇਆ ਗਿਆ ਸੀ ਉਸਦਾ ਵਜਨ ਤਕਰੀਬਨ 750 ਕਿਲੋ ਸੀ 1 ਉਸਦੇ ਸਮੇ  ਇਸ ਸ਼ਹਿਰ ਦੀ ਤਰੱਕੀ ਵਿੱਚ ਬੇਅੰਤ ਵਾਧਾ ਹੋਇਆ ਅਤੇ ਇਹ ਸ਼ਹਿਰ ਸਮਾਜਿਕ ਤੇ  ਵਪਾਰਕ ਤਰੱਕੀ ਵਿੱਚ ਹੋਰ ਅੱਗੇ ਵਧਿਆ।

ਬਰਤਾਨਵੀ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਇਕ ਵਿਅਕਤੀ ‘ਸਰਬਰਾਹ’ ਹੱਥ ਦਿੱਤਾ ਹੋਇਆ ਸੀ। ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਅਖੋਤੀ ਸਿੱਖ ਸਰਦਾਰਾਂ ਅਤੇ ਰਈਸਾਂ ਦੀ ਇਕ ਕਮੇਟੀ ਵੀ ਬਣਾਈ ਹੋਈ ਸੀ। ਪੁਜਾਰੀ, ਭੇਟਾਂ ਆਦਿ ਵਿੱਚੋਂ ਆਪਣਾ ਪੁਸ਼ਤੈਨੀ ਹਿੱਸਾ ਵੰਡਣ ਲੱਗੇ। ਦੂਜੇ ਬੰਨੇ ਸਰਬਰਾਹਾਂ ਦੀ ਲੁਕਵੀਂ ਸ਼ਰਾਰਤ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਹਦੂਦ ਵਿਚ ਗੁਰਮਤਿ-ਵਿਰੋਧੀ ਕਰਮਕਾਂਡ ਹੋਣ ਲੱਗੇ। ਸਿੱਖਾਂ ਵਿਚ ਵੱਡਾ ਰੋਹ ਫੈਲ ਗਿਆ ਅਤੇ ਇਸ ਦਾ ਨਤੀਜਾ ਸੀ ‘ਸਿੱਖ ਗੁਰਦੁਆਰਾ ਸੁਧਾਰ ਲਹਿਰ’। ਹੁਣ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਪਵਿੱਤਰ ਅਸਥਾਨਾਂ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਇਕ ਵਾਰੀ ਮੁੜ ਕੇ ਜਾਨਾਂ ਵਾਰਨੀਆਂ ਪਈਆਂ। ਪੂਜਾ-ਅਸਥਾਨਾਂ ਦੇ ਸੁਧਾਰ ਦੇ ਸੰਘਰਸ਼ ‘ਚ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਮੋਢੀ ਰਿਹਾ।

ਗੁਰਦੁਆਰਾ ਸੁਧਾਰ ਲਹਿਰ ਉਦੋਂ ਸ਼ਾਂਤ ਹੋਈ ਜਦੋਂ ਸਿੱਖ ਗੁਰਦੁਆਰਾ ਕਾਨੂੰਨ, 1925 ਹੋਂਦ ‘ਚ ਆਇਆ ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਸੰਚਾਲਣ ਅਤੇ ਪ੍ਰਬੰਧ ਦਾ ਹੱਕ ਬਾਲਗ ਵੋਟ ਅਧਿਕਾਰ ਦੁਆਰਾ ਚੁਣੇ ਗਏ ਸਿੱਖਾਂ ਦੀ ਪ੍ਰਤੀਨਿਧਤਾ ਵਾਲੇ ਸੰਗਠਨ ਦੇ ਹੱਥਾਂ ਵਿਚ ਸੌਂਪ ਦਿੱਤਾ ਗਿਆ। ਇਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦਿੱਤਾ ਗਿਆ।

ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ 1984 ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਮੁੜ ਆਇਆ  ਜਿਸਨੂੰ ਭੁਲਾਇਆ ਨਹੀਂ ਜਾ ਸਕਦਾ। ਭਾਰਤ ਫੋਜ਼ ਦੇ ਫੋਜੀ ਟੈਂਕ ਭਿੰਡਰਾਵਾਲਾ ਨੂੰ ਫੜ੍ਹਨ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਤੰਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿੱਚ ਦਾਖਲ ਹੋਏੇ ਸਨ।ਜੂਨ 1984 ਵਿਚ ਭਾਰਤੀ ਫੌਜ ਦੁਆਰਾ ਨੀਲ ਤਾਰਾ ਅਪ੍ਰੇਸ਼ਨ ਅਧੀਨ ਇਸ ‘ਤੇ ਹੱਲਾ ਕੀਤਾ ਗਿਆ ਜਿਸ ਵਿਚ ਸੈਂਕੜੇ ਬੇਕਸੂਰ ਸਿੱਖ ਸ਼ਰਧਾਲੂ ਸ਼ਹੀਦ ਹੋਏ1

ਇਸਤੋਂ ਇਲਾਵਾ ਗੁਰੂ ਸਾਹਿਬ ਨੇ ਅਮ੍ਰਿਤਸਰ ਦੀ ਉਸਾਰੀ, ਗੁਰੂ ਕੇ ਮਹਲ, ਡਿਉਡੀ ਸਾਹਿਬ , ਸੰਤੋਖਸਰ ਦਾ ਸਰੋਵਰ, ਤਰਨ ਤਾਰਨ ਸਾਹਿਬ, ਕਰਤਾਰਪੁਰ ਦੀ ਨੀਂਹ, ਛੇਹਰਟਾ ਸਾਹਿਬ ,ਹਰਗੋਬਿੰਦ ਪੁਰਾ, ਗੁਰੂ ਕਾ ਬਾਗ ਤੇ ਰਾਮਸਰ, ਸਰਵਰ , ਸ਼ਹਿਰ ਤੇ ਬਾਗ ਤੇ ਮਕਾਨਾ ਦੀ ਸਿਰਜਣਾ ਕੀਤੀ 1 

       ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 

 

Print Friendly, PDF & Email

Nirmal Anand

Add comment