ਸਿੱਖ ਇਤਿਹਾਸ

ਮਾਤਾ ਸੁਲਖਣੀ (1473- ) ਗੁਰੂ ਨਾਨਕ ਸਾਹਿਬ ਜੀ ਦੀ ਪਤਨੀ

ਸੁਲਖਣੀ ਜੀ ਦਾ ਜਨਮ ਮਾਤਾ ਚੰਦੋ ਰਾਣੀ ਦੀ ਕੁੱਖੋਂ ਸ੍ਰੀ ਮੂਲ ਚੰਦ ਚੋਨਾ ਖੱਤਰੀ ਦੇ ਘਰ ਪਿੰਡ ਪਖੋਕੇ ਜ਼ਿਲ੍ਹਾ ਗੁਰਦਾਸਪੁਰ ਵਿਚ 1473  ਦੇ ਲਗਭਗ ਹੋਇਆ । ਇਨ੍ਹਾ ਦੀ ਪੜਾਈ ਲਿਖਾਈ ਬਾਰੇ ਇਤਿਹਾਸ ਵਿਚ ਕੋਈ ਜ਼ਿਕਰ ਨਹੀਂ ਹੈl  ਉਨ੍ਹਾ ਦਿਨਾਂ ਵਿਚ ਮਾ-ਪਿਉ ਆਪਣੀਆਂ ਬਚੀਆਂ ਨੂੰ ਸਿਲਾਈ , ਕਢਾਈ  ਤੇ ਚੋਕੇ ਚੁਲੇ ਦੇ ਕੰਮ ਵਿਚ ਜਰੂਰ ਮੁਹਾਰਤ ਹਾਸਲ ਕਰਵਾਉਂਦੇ ਸਨl ਇਨ੍ਹਾ ਦੇ ਪਿਤਾ  ਮੂਲ ਚੰਦ  ਪਖੋਕੇ ਪਿੰਡ ,ਰੰਧਾਵਾ ਦੇ ਪਟਵਾਰੀ ਸਨ ਤੇ ਆਪਣੇ ਇਲਾਕੇ ਉਨ੍ਹਾ ਦਾ ਚੰਗਾ ਰਸੂਖ ਸੀ । ਉਨ੍ਹਾ ਦੀ  ਰਿਹਾਇਸ਼ ਬਟਾਲੇ ਵਿਚ ਸੀ  ਪਰ ਕੰਮ ਦੇ ਸਿਲਸਿਲੇ ਵਿਚ ਅਕਸਰ ਪਖੋਕੇ ਜਾਣਾ ਪੈਂਦਾ ਸੀ  ।  ਸੁਲਤਾਨਪੁਰ ਦੇ  ਨਿਵਾਸੀ ਭਾਈ ਜੈ ਰਾਮ ਜੀ, ਬੀਬੀ ਨਾਨਕੀ ਤੇ ਪਤੀ ਤੇ  ਗੁਰੂ ਨਾਨਕ ਸਾਹਿਬ ਦੇ ਭਣਵਇਆ ਵੀ , ਮਾਲ ਮਹਿਕਮੇ ਵਿਚ ਆਮਿਲ ( ਪੈਮਾਇਸ਼ ਕਰਨ ਵਾਲਾ ) ਹੋਣ ਕਰਕੇ ,ਸਰਕਾਰੀ ਕੰਮ ਲਈ ਅਕਸਰ ਪਖੋਕੇ ਜਾਂਦੇ ਰਹਿੰਦੇ ਸੀ ।  ਉਨ੍ਹਾ ਦੋਨਾਂ ਦੀ  ਮੇਲ-ਮੁਲਾਕਾਤ ਵੀ ਹੁੰਦੀ ਰਹਿੰਦੀ ਤੇ ਹੋਲੀ ਹੋਲੀ  ਦੋਨੋ ਦੇ ਆਪਸੀ  ਚੰਗੇ ਸੰਬੰਧ ਬਣ ਗਏl

ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਤੋਂ ਕਾਫੀ ਪਰੇਸ਼ਾਨ ਸਨ ਇਸ ਕਰਕੇ ਬੇਬੇ ਨਾਨਕੀ ਉਨ੍ਹਾ ਨੂੰ ਆਪਣੇ ਨਾਲ ਸੁਲਤਾਨ ਪੁਰ ਲੈ ਗਈ ਤੇ ਭਾਇਆ ਜੈ ਰਾਮ ਜੀ ਦੇ ਰਸੂਖ ਕਾਰਨ ਮੋਦੀ ਖਾਨੇ ਦਾ ਮੁਖਿਆ ਲਗਵਾ ਦਿਤਾl ਇਥੇ ਗੁਰੂ ਸਾਹਿਬ  ਲੋਕਾਂ ਪਾਸੋਂ ਸਰਕਾਰੀ ਮਾਲੀਏ ਦੀ ਜਿਨਸ ਲੈ ਕੇ ਮੋਦੀ ਖਾਨੇ ਵਲੋਂ ਅਨਾਜ ਦਾ  ਵਪਾਰ ਕਰਦੇ ਰਹੇ l  ਗੁਰੂ ਨਾਨਕ ਜੀ ਨੂੰ ਤਕਰੀਬਨ ਤਿੰਨ-ਚਾਰ  ਸਾਲ ਹੋ ਚੁਕੇ ਸੀ  ਆਪਣੀ ਜ਼ਿੰਮੇਵਾਰੀ ਤੇ ਪੂਰੀ ਯੋਗਤਾ ਨਾਲ ਕੰਮ ਕਰਦਿਆਂ  । ਇਹ ਦੇਖਕੇ ਬੇਬੇ ਨਾਨਕੀ ਤੇ ਭਾਈ ਜੈ ਰਾਮ ਜੀ ਨੇ ਸੋਚਿਆ ਕਿ ਨਾਨਕ ਹੁਣ  ਸਫਲ ਜਗਿਆਸੂ ਬਣ ਗਿਆ ਹੈ l  ਸੰਨ 1487 ਵਿਚ ਗੁਰੂ ਨਾਨਕ ਦਾ ਵਿਆਹ ਬਟਾਲਾ ਦੇ ਭਾਈ ਮੂਲੇ  ਜਿਨ੍ਹਾ ਨਾਲ ਉਨ੍ਹਾ ਦਾ ਚੰਗਾ ਭਾਈਚਾਰਾ ਵੀ ਸੀ ਦੀ ਧੀ ਸੁਲਖਣੀ ਨਾਲ ਕਰ ਦਿਤਾl ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ । ਸ਼ਗਨ ਕੀਤੇ ਗਏ ਖੈਰਾਇਤਾਂ ਵੰਡੀਆਂ  ਗਈਆਂ। ਬ੍ਰਤ ਵਿਚ

 ਗੁਰੂ ਨਾਨਕ ਨੇ ਸ਼ਾਦੀ ਤੋ ਬਾਅਦ  ਸੁਲਤਾਨਪੁਰ ਵਿਚ ਲਗਭਗ ਦਸ ਸਾਲ ਇਕ ਆਦਰਸ਼ਕ ਗ੍ਰਹਿਸਥੀ ਜੀਵਨ ਬਤੀਤ ਕੀਤਾ। ਇਥੇ ਹੀ ਇਨ੍ਹਾਂ ਦੇ ਘਰ ਦੋ ਲੜਕਿਆਂ ਦਾ ਜਨਮ ਹੋਇਆ. ਬਾਬਾ ਸਿਰੀ ਚੰਦ ਤੇ ਬਾਬਾ ਪ੍ਰਿਥੀ ਚੰਦ । ਇਥੋਂ ਹੀ ਜਗਤ ਨੂੰ ਕਲਿਆਣ ਦਾ ਸੰਦੇਸ਼ ਦੇਣ ਲਈ ਲੰਮੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ । ਬਰਾਤ ਬੜੇ ਉਤਸ਼ਾਹ ਨਾਲ ਤਲਵੰਡੀ ਤੋਂ  ਬਟਾਲੇ ਗਈ ।  ਬਰਾਤ ਵਿਚ ਵਡੀਆਂ ਵਡਿਆਂ ਹਸਤੀਆਂ ,ਰਾਇ ਬੁਲਾਰ , ਨਵਾਬ ਦੌਲਤ ਖਾਂ ਲੋਧੀ ਅਤੇ ਪਿੰਡ ਦੇ ਵਡਿਆਂ ਵਡਿਆਂ ਹਸਤੀਆਂ, ਸਜੇ ਘੋੜਿਆਂ ਨਾਲ ਸਜੀ ਬਰਾਤ ਦੀ ਅਨੋਖੀ ਸ਼ਾਨ ਸੀ l ਪਰ ਨਾਲ ਗੁਰੂ ਨਾਨਕ ਸਾਹਬ ਦੇ ਦੋਸਤ ਸਾਧੂ-ਸੰਤ, ਤੇ ਫਕੀਰ ਵੀ ਸਨ ਜਿਨ੍ਹਾ ਕਰਕੇ  ਮੂਲ ਚੰਦ ਨੂੰ ਆਪਣੇ ਹੇਠੀ ਲਗੀ l

ਖੈਰ ਉਹ ਵਕਤ ਤਾਂ ਨਿਕਲ ਗਿਆ,  ਲਾਵਾਂ  ਸ਼ੁਰੂ ਕਰਨ ਦਾ ਵਕਤ ਆਇਆ ਤਾਂ  ਫਿਰ ਤਕਰਾਰ ਸ਼ੁਰੂ ਹੋ ਗਿਆ । ਉਦੋਂ ਸਮਾਜ ਵਿਚ ਬ੍ਰਾਹਮਣਾ  ਦਾ ਗਲਬਾ ਸੀ ਜਿਸਦੇ ਹੁਕਮ ਨੂੰ  ਰੱਬੀ ਹੁਕਮ ਸਮਝਿਆ ਜਾਂਦਾ ਸੀ । ਗੁਰੂ ਸਾਹਿਬ ਨੇ ਬ੍ਰਾਹਮਣਾ ਦੇ ਕਰਮ-ਕਾਂਡ ਤੇ ਬੇਲੋੜੀਆਂ  ਰੀਤਾਂ ਮੰਨਣ ਤੋਂ ਇਨਕਾਰ ਕਰ ਦਿਤਾ। ਮੂਲ ਚੰਦ ਨੇ ਬਾਹਮਨੀ ਗਲਬੇ ਹੇਠ ਆਕੇ ਬੇਟੀ ਦੀ ਸ਼ਾਦੀ ਕਰਨ ਤੋ ਇਨਕਾਰ ਕਰ ਦਿਤਾl  ਜੰਝ ਨੂੰ ਖਾਲੀ ਵਾਪਸ  ਘੱਲਣ ਦੀ ਧਮਕੀ ਦੇ  ਦਿੱਤੀ।  ਇਹ ਖਬਰ ਅਗ ਦੀ ਤਰ੍ਹਾ ਸਭ ਪਾਸੇ ਫੈਲ ਗਈ l ਉਥੇ ਹੀ ਇਕ ਬਟਾਲੇ ਦੇ  ਭੰਡਾਰੀ ਨੇ ਆਪਣੀ ਲੜਕੀ ਦਾ ਗੁਰੂ ਨਾਨਕ ਜੀ ਨੂੰ ਰਿਸ਼ਤਾ ਦੇਣ ਲਈ ਪੇਸ਼ਕਸ਼ ਕੀਤੀ ।ਮੂਲ ਚੰਦ ਨੂੰ ਇਹ ਮਨਜ਼ੂਰ ਨਹੀਂ ਸੀ ਕਿਓਂਕਿ ਇਸ ਵਿਚ ਵੀ ਉਸਦੀ ਹਾਰ ਤੇ ਉਸਦੀ ਬੇਟੀ ਦੀ ਬਦਨਾਮੀ ਸੀ l ਅਖਿਰ ਗੁਰੂ ਸਾਹਿਬ ਨੂੰ ਮਾਰਨ ਲਈ  ਇਕ  ਸਾਜ਼ਸ਼ ਅਧੀਨ ਗੁਰੂ ਜੀ ਨੂੰ ਇਕ ਕੱਚੀ ਉਲਰੀ ਕੰਧ ਥੱਲੇ ਬਿਠਾ ਦਿਤਾl  । ਉਤੋਂ ਮੀਂਹ ਵੀ ਵਰ ਰਿਹਾ ਹੈ । ਮੂਲ ਚੰਦ ਨੇ ਸੋਚਿਆ ਆਪੇ ਕੰਮ ਤਮਾਮ ਹੋ ਜਾਇਗਾl  ਸਾਖੀ ਵਿਚ ਲਿਖਿਆ ਹੈ ਕਿ ਇਕ ਬੁਢੜੀ ਮਾਈ ਨੇ ਗੁਰੂ ਜੀ ਨੂੰ ਕਿਹਾ ਕਿ “ ਵੇਂ ਚੰਦ ਜਿਹੇ ਨੀਂਗਰਾ ! ਇਸ ਢਠੱਣ ਵਾਲੀ ਕੰਧ ਹੇਠੋਂ ਉਠ ਜਾ ।  ਇਹ ਡਿੱਗੀ ਕਿ ਡਿੱਗੀ । ” ਗੁਰੂ ਜੀ ਬਚਨ ਕੀਤਾ “ ਮਾਤਾ ! ਇਹ ਕੰਧ ਢੱਠਣ ਵਾਲੀ ਨਹੀਂ ਹੈ । ਇਹ ਜੁਗਾਂ ਜੁਗਾਂਤਰਾਂ ਤਾਈਂ ਇਵੇਂ ਰਹੇਗੀ । ਇਹ ਕੰਧ  ਹੁਣ ਤਕ ਉਵੇਂ ਦੀ ਉਵੇ ਹੈ,  ਇਸ ਨੂੰ ਸ਼ੀਸ਼ੇ ਵਿਚ ਮੱੜ ਕੇ ਸ਼ਰਧਾਲੂਆਂ ਦੇ ਦਰਸ਼ਨਾ ਲਈ ਖੋਲ ਦਿਤਾ ਗਿਆ  ਹੈ  । ਇਥੇ ਹੀ ਗੁਰੂ ਸਾਹਿਬ ਦੀ ਯਾਦ ਵਿਚ ਇਕ ਸੁੰਦਰ ਗੁਰਦੁਆਰਾ ਵੀ ਬਣਾ ਦਿੱਤਾ ਗਿਆ ਹੈ । ਇਥੇ ਹਰ ਸਾਲ ਗੁਰੂ ਜੀ ਦੇ ਵਿਆਹ ਵਾਲੇ ਦਿਨ ਬੜਾ ਤਕੜਾ ਮੇਲਾ ਲਗਦਾ ਹੈ ।

 ਮਾਤਾ ਸੁਲੱਖਣੀ ਜੀ ਦਾ ਵਿਆਹ ਬੜਾ ਸਾਦੀ ਰਸਮ ਨਾਲ ਕੀਤਾ ਗਿਆ । ਇਕ ਚੌਂਕੀ ਤੇ ਜਪੁ ਜੀ ਦੀ ਪੋਥੀ ਰੱਖ ਕੇ ਗੁਰੂ ਜੀ ਨੇ ਚਾਰ ਲਾਵਾਂ ਲਈਆਂ ਤੇ  ਸਤਿਨਾਮ ਦਾ ਜਾਪ ਕੀਤਾ । ਇਹ ਪਹਿਲਾਂ ਸਿੱਖ ਸਮਾਜ ਦਾ ਅਨੰਦ ਕਾਰਜ ਸੀ ਇਸ ਤੋਂ ਬਾਅਦ ਸਾਰੇ ਜਾਂਝੀਆਂ ਨੇ ਇਕੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ । ਇਸ ਤਰ੍ਹਾਂ ਲੜਕੀ ਦੇ ਘਰਦਿਆਂ ਵਲੋਂ ਰੋਂਦਿਆਂ ਧੋਦਿਆਂ ਕਿਸੇ ਨਾ ਕਿਸੇ ਤਰੀਕੇ  ਵਿਆਹ ਨੇਪਰੇ ਚੜ੍ਹ ਗਿਆ । ਡੋਲੀ ਤਲਵੰਡੀ ਦੀ ਥਾਂ ਸੁਲਤਾਨਪੁਰ ਆਈ।

ਕੁਝ ਦਿਨ  ਮਾਤਾ ਸੁਲੱਖਣੀ ਜੀ  ਬੀਬੀ ਨਾਨਕੀ ਜੀ ਕੋਲ ਰਹੇ । ਵਿਆਹ ਤੋਂ ਪਹਿਲਾਂ ਭੈਣ ਨੇ ਵੀਰ ਲਈ ਇਕ ਵੱਖਰਾ ਖੁਲ੍ਹਾ ਮਕਾਨ, ਖੁਲ੍ਹੇ ਵੇਹੜੇ ਵਾਲਾ ਤਿਆਰ ਕਰਵਾ ਦਿੱਤਾ  ਕਿਓਂਕਿ ਭੈਣ ਨੂੰ ਪਤਾ ਸੀ ਕਿ ਵੇਹੜੇ ਵਿਚ ਹੀ ਵੀਰ ਦੇ ਪ੍ਰਾਹੁਣੇ  ਸਾਧਾਂ, ਸੰਤਾਂ , ਪੀਰਾਂ , ਫਕੀਰਾਂ ਦੀਆਂ ਵਾਦ-ਵਿਵਾਦ ਚਲਣੇ ਹਨ। ਮਸਤ ਮਲੰਗ ਵੀਰ ਨਾਨਕ ਨੂੰ ਘਰ ਦਾ ਸਾਮਾਨ ਬਣਾਦਿਆਂ ਵੇਖ ਭੈਣ ਨਾਨਕੀ ਮਨ ਹੀ ਮਨ ਵਿਚ ਬਲਿਹਾਰ ਜਾਂਦੇ ਕਿ ਉਸ ਦਾ ਵੀਰ ਪਕਾ ਗ੍ਰਹਿਸਥੀ ਬਣ ਗਿਆ ਹੈ, ਉਹ ਮਾਤਾ ਸੁਲਖਣੀ ਨੂੰ ਪੂਰਾ ਮਾਂ-ਸਨਮਾਨ ਦਿੰਦੇ  । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਬੇਬੇ ਨਾਨਕੀ ਦੀ ਖੁਸ਼ੀ ਨਾ ਸਮਾਉਂਦੀl  ਮਾਤਾ ਸੁਲੱਖਣੀ ਜੀ ਪੂਰੀ ਤਨਦੇਹੀ ਨਾਲ ਆਏ ਗਏ ਦੀ ਸੇਵਾ ਸੰਭਾਲ ਕਰਦੇ,  ਲੰਗਰ ਚਲਦਾ ਰਹਿੰਦਾ ਤੇ  ਹਰ ਹੀਲੇ  ਗੁਰੂ ਨਾਨਕ ਸਾਹਿਬ ਨੂੰ  ਖੁਸ਼ ਕਰਨ ਦੇ ਤਰੀਕੇ ਭਾਲਦੇ ਰਹਿੰਦੇ ।ਉਨਾਂ ਦੀ ਭਗਤੀ ਤੇ ਸਿਮਰਨ ਵਿਚ ਵੀ ਵਿਘਣ ਨਾ ਪੈਣ ਦਿੰਦੀ ।

 ਇਥੇ  ਹੀ ਸੰਨ 1489 ਵਿਚ ਬਾਬਾ ਸ੍ਰੀ ਚੰਦ ਦਾ ਜਨਮ ਹੋਇਆ ਤੇ  ਦੋ ਸਾਲ ਬਾਦ 1491 ਵਿਚ ਬਾਬਾ ਲਖਮੀ ਚੰਦ ਜੀ ਜਨਮੇ । ਬਚਿਆਂ ਨੂੰ ਮਾਤਾ ਜੀ ਤੇ ਭੂਆ ਨੇ ਬੜੇ ਲਾਡਾਂ ਤੇ ਚਾਵਾਂ ਨਾਲ ਪਾਲਿਆ । ਗੁਰੂ ਨਾਨਕ ਸਾਹਿਬ ਤਾਂ ਅਕਸਰ ਮੋਦੀਖਾਨੇ ਵਿਚ ਰੁਝੇ ਰਹਿੰਦੇ । ਗਰੀਬਾਂ, ਲੋੜਵੰਦਾਂ ਤੇ ਸਾਧੂ -ਸੰਤਾਂ ਨੂੰ ਤੇਰਾ ਤੇਰਾ ਤੇ ਅਟਕ ਕੇ ਧਾਰਨਾ ਤੋਲੀ ਜਾਂਦੇ।ਇਕ ਵਾਰੀ ਇਕ ਸਾਧੂ ਨੇ ਗੁਰੂ ਸਾਹਿਬ ਨੂੰ ਟੋਕ ਦਿਤਾ ਕਿ ਇੰਜ ਤਾਂ ਤੁਸੀਂ  ਸਾਰਾ ਮੋਦੀਖਾਨਾ ਉਜਾੜ ਦਿਉਗੇ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ, ” ਰਬ ਦਿਆ ਬੰਦਿਆ, ਤੇਰਾ ਤੇਰਾ ਕਹਿ ਕੇ  ਤਾਂ ਉਜਾੜਾ ਨਹੀਂ, ਬਰਕਤ ਪੈਂਦੀ ਹੈ “l

 ਗੁਰੂ ਨਾਨਕ ਸਾਹਿਬ ਦੀ ਕਈ ਵਾਰ ਬਾਹਰ ਬੈਠੇ ਬਿਰਤੀ ਲਗ ਜਾਂਦੀ ਤਾਂ  ਘਰ ਹੀ ਨਾਂ ਆਉਂਦੇ,  ਜਿਸਦਾ ਉਲਾਭਾ    ਮਾਤਾ ਸੁਲੱਖਣੀ ਜੀ ਦੀ ਮਾਤਾ ਅਕਸਰ  ਬੇਬੇ ਨਾਨਕੀ ਨੂੰ ਦਿੰਦੀl ਬੇਬੇ ਨਾਨਕੀ ਜੀ ਉਨ੍ਹਾ ਨੂੰ ਸਮਝਾਇਆ ਕਿ “ਉਹ ਸੰਤ ਸੁਭਾ ਦੇ ਹਨ ਹਾਂ,  ਭਰਜਾਈ ਨੂੰ ਕਿਸੇ ਗੱਲ ਦੀ ਥੁੜ ਹੇਵੇ ਤਾਂ ਦਸੋ, ਮੇਰੇ ਭਰਾ ਨੇ  ਸਾਰੇ ਸੁਖਾ-ਸਾਧਨ ਦਿੱਤੇ ਹੋਏ ਹਨ, ਭਰਜਾਈ ਦੀ ਇਜ਼ਤ ਕਰਦੇ ਹਨ ,ਬਚਿਆਂ ਦਾ ਖਿਆਲ ਰਖਦੇ ਹਨ। ਸ਼ਕਾਇਤ ਕਰਨ ਦੀ ਬਜਾਏ  ਭਾਬੀ ਜੀ ਨੂੰ ਸਮਝਾਉ ਕਿ ਸੰਤ ਜਾਣ ਕੇ ਸ਼ਰਧਾ ਧਾਰ ਸੇਵਾ ਕਰੇ ਜਿਸ ਕਰਕੇ ਉਹ ਹੋਰ ਸੁਖੀ ਹੋ ਜਾਸੀ”l ਇਸ ਤੋਂ ਬਾਅਦ ਮਾਤਾ ਸੁਲਖਣੀ ਜੀ ਸਮਝ ਗਏ ਤੇ ਕਦੇ ਤਕਰਾਰ ਨਹੀਂ ਕੀਤਾl ਸਿਰਫ ਪਹਿਲੀ ਉਦਾਸੀ ਤੇ ਉਨ੍ਹਾ ਨੂੰ ਰੋਕਣ ਦੀ ਜਰੂਰ ਕੋਸ਼ਿਸ਼ ਕੀਤੀ, ਉਹ ਕੋਈ ਵੀ ਔਰਤ ਹੋਵੇ ਤਾਂ ਕਰੇਗੀ ਪਰ ਉਸਤੋਂ ਬਾਅਦ ਕਦੇ ਨਹੀ,  ਉਹ ਕਦੇ ਗੁਰੂ ਨਾਨਕ ਸਾਹਿਬ ਦੇ ਰਸਤੇ ਵਿਚ ਨਹੀਂ  ਆਏ ਬਲਿਕ ਉਨ੍ਹਾ ਦੇ ਮਿਸ਼ਨ ਨੂੰ ਵਧਣ ਫੁਲਣ ਲਈ ਪੂਰੀ ਤਰ੍ਹਾ ਸਾਥ ਦਿਤਾl

 ਸੰਨ 1497 ਵਿਚ ਗੁਰੂ ਨਾਨਕ ਦੇਵ ਵੇਈ ਨਦੀ ਤੇ ਇਸ਼ਨਾਨ ਕਰਨ ਗਏ ਤਿੰਨ ਦਿਨ ਬਾਹਰ ਹੀ ਨਹੀਂ ਨਿਕਲੇ l ਸਭ ਨੇ ਇਹੀ ਸੋਚਿਆ ਕਿ ਮੋਦੀ ਖਾਨੇ ਨੂੰ ਲੁਟਾ ਕੇ ਨਾਨਕ ਡੁੱਬ ਮੋਇਆ ਹੈ l  ਇਕ ਬੇਬੇ ਨਾਨਕੀ ਦਾ ਅੱਟਲ ਵਿਸ਼ਵਾਸ ਸੀ ਕਿ ਮੇਰਾ ਭਰਾ ਜਗਤ ਨੂੰ  ਤਾਰਨ ਆਇਆ ਹੈ ਉਹ  ਕਿਵੇਂ ਡੁੱਬ ਸਕਦਾ ਹੈ l ਸ਼ੁਰੂ ਤੋ ਹੀਂ  ਇਕ ਬੇਬੇ ਨਾਨਕੀ  ਤੇ  ਦੂਸਰਾ ਰਾਇ ਬੁਲਾਰ ਜਿਨ੍ਹਾ ਨੇ ਆਪਣੀ ਅਖੀਂ ਸਭ ਕੁਝ ਦੇਖਿਆ ,ਸਮਝਦੇ ਸੀ ਕਿ ਗੁਰੂ ਨਾਨਕ  ਪ੍ਰਮਾਤਮਾ ਦੀ ਰੂਹ ਹੈl ਗੁਰੂ ਜੀ ਜਦ ਤਿੰਨ ਦਿਨ ਬਾਅਦ ਵਾਪਿਸ ਪਰਤੇ ਤਾਂ ਆਉਂਦੇ ਹੀ  ਮੋਦੀ ਖਾਨੇ ਨੂੰ ਛੱਡ ਦਿੱਤਾ, ਮੋਦੀ ਖਾਨੇ ਦਾ ਹਿਸਾਬ ਕੀਤਾ ਗਿਆ, ਰਕਮ ਵਧ ਨਿਕਲੀ, ਜੋ  ਗਰੀਬਾਂ ਵਿਚ ਵੰਡਣ ਨੂੰ ਕਹਿ ਦਿਤਾ l

ਗੁਰੂ ਨਾਨਕ ਸਾਹਿਬ ਨੇ ਪਰਿਵਾਰ ਨੂੰ  ਦਸਿਆ ਕਿ ਪਰਮ ਪਿਤਾ ਪ੍ਰਮਾਤਮਾ ਦਾ ਮੈਨੂੰ ਹੁਕਮ ਹੋਇਆ ਹੈ ਕਿ ਇਕ ਜਗ੍ਹਾ ਬਹਿ ਕੇ ਦੁਨਿਆ ਦਾ ਭਲਾ ਨਹੀਂ ਹੋਣਾ,  ਘਰ ਤਿਆਗ ਕੇ ਸੰਸਾਰ ਵਿਚ ਵਿਚਰਕੇ ਤਪਦੇ ਸੰਸਾਰ ਨੂੰ ਠਾਰ”l  ਜਦ ਪਰਿਵਾਰ ਨੇ ਆਪਣੀਆਂ ਮਜਬੂਰੀਆਂ ਦਸੀਆਂ ਤਾਂ ਗੁਰੂ ਸਾਹਿਬ ਨੇ ਕਿਹਾ ,”ਇਹ ਇਲਾਹੀ ਸੱਦਾ ਹੈ, ਟਾਲਿਆ ਨਹੀਂ ਜਾ ਸਕਦਾ,ਜਿਸ ਨੇ ਮੈਨੂੰ ਇਸ ਉਦੇਸ਼ ਲਈ ਸੰਸਾਰ ਵਿਚ ਭੇਜਿਆ ਹੈ ਉਹ ਹੀ ਤੁਹਾਡੀ ਸਭ ਦੀ  ਸਹਾਇਤਾ ਕਰੇਗਾ ।  ਬੇਬੇ ਨਾਨਕੀ ਨੇ ਹੰਝੂਆਂ ਨਾਲ ਭਰਾ ਨੂੰ ਵਿਦਾ ਕੀਤਾl  ਗੁਰੂ ਨਾਨਕ ਸਾਹਿਬ ਤਲਵੰਡੀ ਪਹੁੰਚੇ ਆਪਣੇ ਮਾਤਾ-ਪਿਤਾ ਨੂੰ ਮਿਲਣ ਤੇ ਉਨ੍ਹਾ ਦਾ ਆਸ਼ੀਰਵਾਦ ਲੈਣ ਲਈl ਮਾਤਾ ਪਿਤਾ ਦੀ ਵੀ ਉਮਰ ਹੋ ਚੁਕੀ, ਇਸ ਵਕ਼ਤ ਉਨ੍ਹਾ ਨੂੰ ਆਪਣੇ ਪੁੱਤਰ ਦੇ ਸਹਾਰੇ ਦੀ ਲੋੜ ਸੀ -ਪਰ ਗੁਰੂ ਸਾਹਿਬ ਦਾ ਇਰਾਦਾ ਦੇਖਕੇ ਆਸ਼ੀਰਵਾਦ ਦਿਤਾl ਫਿਰ ਰਾਇ ਬੁਲਾਰ ਨੂੰ ਮਿਲਕੇ ਇਸ ਸੰਸਾਰ ਦੀ ਯਾਤਰਾ ਕਰਨ ਵਾਸਤੇ ਨਿਕਲ ਪਏl

ਸੁਲੱਖਣੀ ਜੀ ਕੁਝ ਚਿਰ ਬੀਬੀ ਨਾਨਕੀ ਜੀ ਪਾਸ ਰਹੇ । ਫਿਰ ਪਿਤਾ ਕਾਲੂ ਜੀ ਇਨਾਂ ਨੂੰ ਆਪਣੇ ਪਾਸ ਤਲਵੰਡੀ ਸੱਦ ਲਿਆ  । ਪਰ ਬਾਬਾ ਸ੍ਰੀ ਚੰਦ ਜੀ ਬੇਬੇ ਨਾਨਕੀ ਜੀ ਪਾਸ ਰਹੇ  ਕਿਓਂਕਿ ਬੇਬੇ ਜੀ ਨੇ ਉਸ ਨੂੰ ਆਪਣਾ ਮੁੰਹ ਬੋਲਾ ਪੁੱਤਰ ਮਨਿਆ ਹੋਇਆ ਸੀ  । ਪਿੰਡ ਆ ਕੇ ਮਾਤਾ ਸੁਲੱਖਣੀ ਜੀ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ ਦੀ ਸੇਵਾ ਵਿਚ ਜੁਟ ਗਏ। ਇਥੇ ਵੀ ਸਾਧੂ ਸੰਤਾਂ ਦਾ ਆਣਾ -ਜਾਣਾ ਲਗਾ ਰਿਹਾ, ਕਥਾ ਕੀਰਤਨ ਵੀ ਹੁੰਦੇ ਰਹੇ ਤੇ ਲੰਗਰ ਵੀ ਲਗਦੇ ਰਹੇl ਬਾਬਾ ਬੁਢਾ ਜੀ ਨੇ ਮਾਤਾ ਸੁਲਖਣੀ  ਜੀ ਦੀ  ਪੂਰੀ ਸਹਾਇਤਾ ਕੀਤੀl  ਮਾਤਾ ਸੁਲਖਣੀ  ਗੁਰੂ ਨਾਨਕ ਸਾਹਿਬ ਦੇ ਪਿਛੋਂ ਆਪਣੇ ਘਰ-ਬਾਰ  , ਆਪਣੇ ਮਾਤਾ ਪਿਤਾ ਤੇ ਆਪਣੇ ਬਚਿਆਂ ਪ੍ਰਤੀ ਸਾਰੀਆਂ  ਜਿਮੇਦਾਰੀਆਂ  ਬੇਖੂਬੀ  ਨਿਭਾਈਆਂ  l

 ਪਹਿਲੀ ਉਦਾਸੀ ਜੋ ਕਿ  ਲੰਬੀ ਉਦਾਸੀ ਸੀ ਦੇ ਬਾਅਦ  ਗੁਰੂ ਜੀ ਪਹਿਲਾਂ ਭੈਣ ਨਾਨਕੀ ਜੀ ਪਾਸ ਆਏ । ਫਿਰ ਤਲਵੰਡੀ ਆਪਣੇ ਮਾਤਾ ਪਿਤਾ ਨੂੰ ਮਿਲਣ ਚਲੇ ਗਏ । ਉਥੋਂ ਕਰਤਾਰ ਪੁਰ  ਅਜਿੱਤੇ ਰੰਧਾਵਾ ਦੇ ਬਾਗ ਵਿਚ ਜਾ ਡੇਰੇ ਲਾਏ । ( ਅਜਿੱਤਾ ਰੰਧਾਵਾ ਜੋ ਕਿ ਪਿੰਡ ਦਾ  ਚੌਧਰੀ ਸੀ  ਗੁਰੂ ਸਹਿਬ ਦਾ ਅਨਿਨ ਸਿੱਖ ਬਣ ਗਿਆl ਇਥੇ ਹੀ ਉਸਨੇ ਗੁਰੂ ਨਾਨਕ ਸਾਹਿਬ ਨੂੰ ਆਏ ਗਏ ਤੇ ਕਥਾ ਕੀਰਤਨ ਲਈ ਰਾਵੀ ਦੇ ਪਾਰ  ਕੁਝ ਜਮੀਨ ਭੇਟਾ ਕੀਤੀ , ਜਿਥੇ ਉਨ੍ਹਾ   ਆਪਣੀਆਂ ਉਦਾਸੀਆਂ ਤੋਂ ਬਾਅਦ ਕਰਤਾਰ ਪੁਰ ( ਪ੍ਰਭੂ ਦਾ ਪਿੰਡ ) ਨਾਂ ਦਾ ਨਗਰ ਵਸਾਇਆ l ਮਾਤਾ ਸੁਲੱਖਣੀ ਜੀ, ਬੱਚਿਆਂ ਨੂੰ ਤੇ ਆਪਣੇ ਮਾਤਾ ਪਿਤਾ ਜੋ ਇਸ ਸਮੇ ਤਕ ਕਾਫੀ ਬਿਰਧ ਹੋ ਚੁਕੇ ਸਨ , ਏਥੇ ਸੱਦ ਲਿਆ ।

ਗੁਰੂ ਜੀ ਦੇ ਇਥੇ  ਆਉਣ ਦਾ ਸੁਣ ਸੰਗਤ ਨੇ  ਇਥੇ ਆਉਣਾ ਸ਼ੁਰੂ ਕਰ ਦਿੱਤਾ, ਲੰਗਰ ਚਾਲੂ ਹੋ ਗਿਆ । ਮਾਤਾ ਸੁਲੱਖਣੀ ਜੀ ਹੰਸੂ ਹੰਸੂ ਕਰਦੇ ਖਿੜੇ ਮੱਥੇ ਲੰਗਰ ਦੀ ਸੇਵਾ ਕਰਦੇ ਨਾ ਥਕਦੇ । ਗੁਰੂ ਸਾਹਿਬ ਨੇ ਇਥੇ ਰਹਿ ਕੇ ਸਿੱਖ ਸਿਧਾਂਤ ਦੀ ਨੀਂਹ ਰੱਖੀ ” ਕਿਰਤ ਕਰੋ , ਨਾਮ ਜਪੋ ਤੇ ਵੰਡ ਕੇ ਛਕੋ । ” ਸਾਂਝੀ ਖੇਤੀ , ਸਾਂਝੇ ਲੰਗਰ ਹੋਣ ਲਗੇ, ਸੰਗਤ ਨੂੰ ਕੰਮ ਕਰਦਿਆਂ ਨਾਮ ਜਪਣ ਦੀ ਪਿਰਤ ਪਾਈ।ਹੱਥ ਕਾਰ ਵੱਲ ਤੇ  ਚਿਤ ਕਰਤਾਰ ਵੱਲ ਦਾ ਉਪਦੇਸ਼ ਦਿੱਤਾ ।  ਲੰਗਰ ਦਾ ਸਾਰਾ ਪ੍ਰਬੰਧ ਮਾਤਾ ਸੁਲੱਖਣੀ ਜੀ ਆਪਣੀ ਹੱਥੀਂ ਕਰਦੇ । ਆਪਣੀ ਹੱਥੀਂ ਆਟਾ ਚੱਕੀਆਂ ਤੇ ਪੀਹਣਾ ਪੈਂਦਾ ਸੀl ਜਦ ਮਾਤਾ ਸੁਲਖਣੀ ਵਡੇਰੀ ਉਮਰ ਦੇ ਹੋ ਗਏ ਤਾਂ ਇਹ ਕਾਰਜ ਉਨ੍ਹਾ ਨੇ ਮਾਤਾ ਖੀਵੀ ਦੇ ਹਵਾਲੇ ਕਰ ਦਿਤਾ ।

ਇਥੇ  ਹੀ ਪਹਿਲੀ ਵਾਰ ਭਾਈ ਲਹਿਣਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ l  ਜਦੋਂ ਆਏ ਤੇ ਬੜੇ ਸੁੰਦਰ ਕਪੜੇ ਪਾਏ ਹੋਏ ਸੀ ਜ  ਗੁਰੂ ਸਾਹਿਬ ਨਾਲ ਜਦ  ਖੇਤਾਂ ਦੇ  ਦਰਸ਼ਨ ਕਰਨ ਗਏ ਤਾਂ ਘਰ ਆਉਣ ਲੱਗਿਆਂ ਗੁਰੂ ਨਾਨਕ ਦੇਵ ਜੀ ਨੇ ਲਿਬੜੇ ਘਾਹ ਦੀ ਪੰਡ ਸਿਰ ਤੇ ਚੁੱਕਵਾ ਦਿਤੀ । ਰਾਹ ਵਿਚ ਚਿੱਕੜ ਵਾਲਾ ਪਾਣੀ ਚੋ ਕੇ ਭਾਈ ਲਹਿਣਾ ਜੀ ਦੇ ਸੁੰਦਰ  ਤੇ ਕੀਮਤੀ ਕਪੜਿਆਂ ਤੇ ਪੈਦਾ ਰਿਹਾ ਤੇ  ਮੁਖੜਾ ਵੀ ਲਿੱਬੜ ਗਿਆ । ਘਰ ਆਉਣ ਤੇ ਮਾਤਾ ਸੁਲਖਣੀ ਜੀ ਕਿਹਾ ,’ਤੁਸੀਂ ਆਪਣੇ ਕਪੜੇ ਤਾਂ ਚਿਕੜ ਨਾਲ ਲਿਬੜਦੇ ਹੋ, ਘਰ ਆਏ ਮਹਿਮਾਨ ਦੇ ਵੀ ਨਵੇ ,ਸੁੰਦਰ ਕਪੜੇ ਲਿਬੜ ਦਿਤੇ ਹਨl  ਅੱਗੋਂ ਗੁਰੂ ਸਾਹਿਬ ਨੇ ਮਾਤਾ ਸੁਲਖਣੀ ਨੂੰ ਕਿਹਾ,” ਪ੍ਰਮੇਸ਼ਵਰ ਦੀਏ ! ਇਹ ਚਿਕੜ ਨਹੀਂ ਹੈ , ਕੇਸਰ ਦੇ  ਛਿੱਟੇ ਹਨ “l

ਗੁਰੂ  ਸਾਹਿਬ ਨੇ ਇਸ ਤਰ੍ਹਾਂ ਦੀਆਂ ਕਈ ਪ੍ਰੀਖਿਆਵਾਂ ਲੈਕੇ  ਅੰਤ ਵਿਚ  ਗੁਰਗੱਦੀ ਭਾਈ ਲਹਿਣਾ ਜੀ ਨੂੰ ਦੇ ਦਿੱਤੀ ਤਾਂ ਮਾਤਾ ਸੁਲੱਖਣੀ ਜੀ ਨੇ ਰਤਾ ਰੋਸ ਨਹੀਂ ਕੀਤਾ । ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਬਾਅਦ ਕਰਤਾਰਪੁਰ ਦੀ ਸਾਰੀ ਜ਼ਮੀਨ ਦਾ ਪ੍ਰਬੰਧ ਬਾਬਾ ਲਖਮੀ ਚੰਦ ਕਰਦਾ । ਮਾਤਾ ਸੁਲੱਖਣੀ ਜੀ ਗੁਰੂ ਜੀ ਪਿਛੋਂ ਸੰਗਤ ਵਿਚ ਉਸੇ ਤਰ੍ਹਾਂ ਧਰਮ ਪ੍ਰਚਾਰ ਕਰਦੇ ਸਤਿ ਸੰਗ ਕਰਦੇ ਕੀਰਤਨ ਹੁੰਦਾ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜੀ ਰੱਖਦੇ ਕੁਝ ਸਾਲ ਬਾਅਦ ਮਾਤਾ ਸੁਲੱਖਣੀ ਜੀ ਵੀ ਆਪਣੇ ਗੁਰੂ ਪਤੀ ਦੇ ਚਰਨਾਂ ਵਿਚ ਸੱਚ ਖੰਡ ਵਾਸ ਕਰ ਗਏ।ਇਨਾਂ ਦਾ ਸਸਕਾਰ ਵੀ ਕਰਤਾਰਪੁਰ ਰਾਵੀ ਦੇ ਕੰਢੇ ਕੀਤਾ ਗਿਆ ।

ਮਾਤਾ ਸੁਲੱਖਣੀ ਜੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਵੇਲੇ ਵਿਛੋੜੇ ਝਲ ਕਦੀ ਮਾਪਿਆਂ ( ਪਿਤਾ ਕੁਲੂ ਜੀ ਤੇ ਮਾਤਾ ਤ੍ਰਿਪਤਾ ) ਦੇ ਸਾਹਮਣੇ ਨਹੀਂ ਸੀ ਉਭਾਸਰੇ । ਸਗੋਂ ਉਨ੍ਹਾਂ ਨੂੰ ਹੌਸਲਾ ਦੇਂਦੇ ਤੇ ਸੰਗਤਾਂ ਦੀ ਸੇਵਾ ਕਰਦੇ ਥਕਦੇ ਨਹੀਂ ਸੀ  |  ਡਾ ਰਤਨ ਸਿੰਘ ਜੱਗੀ ਲਿਖਦੇ ਹਨ ਕਿ “ ਇਸ ਯੁਗ ਪੁਰਸ਼  ਦੀ ਸੁਪਤਨੀ ਸੁਲਖਣੀ ਵੀ ਭਾਵੇਂ  ਸ਼ੁਰੂ ਵਿਚ ਗੁਰੂ ਨਾਨਕ ਦੇਵ ਦਾ ਰਾਹ ਰੋਕਣ ਲਈ ਪ੍ਰਵਾਰਿਕ ਜ਼ਿੰਮੇਵਾਰੀਆਂ ਦੇ ਵਾਸਤੇ ਪਾਂਦੀ ਰਹਿ । ਪਰ ਆਖਰ ਉਸ ਨੇ ਸਥਿਤੀਆਂ ਨਾਲ ਸਮਝੌਤਾ ਕਰ ਹੀ ਲਿਆ ਅਤੇ ਗੁਰੂ ਜੀ ਦੇ ਮਹਾਨ ਅੰਦੋਲਨ ਦੀ ਪੂਰਕ ਬਣ ਗਈ” ।ਮਾਤਾ ਸੁਲਖਣੀ ਸਿੱਖ ਇਤਿਹਾਸ ਦਾ ਇਕ ਮਹਾਨ ਚਰਿਤ੍ਰ ਹੈ ਜਿਸ ਨੇ ਆਪਣੀਆਂ ਖੁਸ਼ੀਆਂ , ਆਪਣਾ ਸੁਖ , ਆਪਣਾ ਆਪਾ ਤੇ ਆਪਣਾ ਸਭ ਕੁਝ ਹੀ, ਗੁਰੂ ਸਾਹਿਬ ਦੀ ਮਿਸ਼ਨ ਤੇ ਕੁਰਬਾਨ ਕਰ ਦਿਤਾ,  ਉਨ੍ਹਾ ਦੇ ਨੇਕ ਰਾਹ ਵਿਚ ਰੋੜਾ ਨਹੀਂ  ਬਣੀ,  ਗੁਰੂ ਨਾਨਕ ਸਾਹਿਬ ਦੇ ਲਗਾਏ ਸਿੱਖੀ ਦੇ ਪੌਦੇ ਨੂੰ ਪੂਰੀ ਸ਼ਿਦਤ ਨਾਲ ਗੁਰੂ ਸਾਹਿਬ  ਦੇ ਉਪਦੇਸ਼ਾਂ ਅਨੁਸਾਰ ਪਾਲਦੀ ਰਹੀ ਤੇ ਮੌਸਮ ਦੇ ਥਪੇੜਿਆਂ ਤੋਂ ਬਚਾਉਂਦੀ ਰਹੀ ਤੇ ਆਖਿਰ ਹਰਿਆ ਭਰਿਆ ਕਰਕੇ ਮਾਤਾ ਖੀਵੀ ਜੀ ਦੇ ਹਵਾਲੇ ਕਰ ਦਿੱਤਾ ।

ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »