ਸਿੱਖ ਇਤਿਹਾਸ

ਜਨਰਲ ਸੁਬੇਗ ਸਿੰਘ (1925-84)

ਸ਼ਹੀਦਾਂ ਦੀ ਇਸ ਲੰਬੀ ਕਤਾਰ ਵਿੱਚ ਇੱਕ ਸਿੱਧਾ-ਸਾਦਾ ਪਰ ਬਹਾਦਰ ਸਿੱਖ ਵੀ ਆਉਂਦਾ ਹੈ ਜੋ ਇਕ ਆਮ ਪੇਂਡੂ ਦੇ ਪੱਧਰ ਤੋਂ ਉਠ ਕੇ ਭਾਰਤੀ ਫੌਜ ਵਿੱਚ ਜਰਨੈਲ ਦੇ ਅਹੁਦੇ ਉਤੇ ਪਹੁੰਚਿਆ, ਜਿਸ ਨੂੰ  ਭਾਰਤ ਅਤੇ ਸਿਖ ਇਤਿਹਾਸ ਵਿਚ ਜਨਰਲ ਸੁਬੇਗ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਉਸ ਇਨਸਾਨ ਦੀ ਕਹਾਣੀ ਹੈ ਜਿਸ ਨੇ ਆਪਣੀ ਫੌਜੀ ਨੋਕਰੀ ਵਕਤ ਪਛਮੀ ਬੰਗਾਲ ਨੂੰ ਪਾਕਿਸਤਾਨ ਤੋ ਅਜ਼ਾਦ  ਕਰਵਾਇਆ ਤੇ  ਕੌਮੀ ਕਾਰਜ ਨਿਭਾਉਣ ਦਾ ਸੱਦਾ ਆਉਣ ਉੱਤੇ ਰਿਟਾਇਰਡ ਜਿੰਦਗੀ ਗੁਜਾਰਨ ਦੀਆਂ ਆਪਣੀਆਂ ਸਾਰੀਆਂ ਸੋਚਾਂ ਨੂੰ ਤਿਆਗਦਿਆਂ ਹੋਇਆਂ ,ਅਕਾਲ ਤਖਤ ,ਅਮ੍ਰਿਤਸਰ  Opertion Blue Star ਵਿਚ ਭਾਰਤੀ ਫੌਜ਼  ਨਾਲ ਜੂਝਦਿਆਂ ਆਪਣੀ ਕੌਮ ਲਈ ਜਾਨ ਕੁਰਬਾਨ ਕਰ ਦਿੱਤੀ।

ਜਨਰਲ ਸੁਬੇਗ ਸਿੰਘ ਖਿਆਲਾ ਪਿੰਡ ਦੇ ਰਹਿਣ ਵਾਲੇ  ਭਗਵਾਨ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦੇ ਸਭ ਤੋਂ ਵੱਡੇ ਸਪੁੱਤਰ ਸਨ। ਉਨਾਂ ਦੇ ਛੋਟੇ ਤਿੰਨ ਭਰਾ ਅਤੇ ਦੋ ਭੈਣਾਂ ਸਨ। ਇਨ੍ਹਾਂ ਦੇ ਪਰਿਵਾਰ ਦਾ ਸਬੰਧ ਭਾਈ ਮਹਿਤਾਬ ਸਿੰਘ ਜੀ ਨਾਲ ਹੈ ਜਿਨ੍ਹਾ  ਨੇ 1740 ਵਿੱਚ ਭਾਈ ਸੁੱਖਾ ਸਿੰਘ ਸਮੇਤ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ।  ਇਨ੍ਹਾ ਦਾ ਪਰਿਵਾਰ  ਖਾਂਦਾ-ਪੀਂਦਾ,  ਨਾਮੀ ਪਰਿਵਾਰ ਸੀl  ਉਨ੍ਹਾ ਦੇ ਪਿੰਡ ਦਾ ਨਾਂ ਵੀ ਉਨ੍ਹਾ ਦੇ ਪੜ੍ਹਦਾਦੇ ਦੇ ਨਾਂ ਨਾਲ ਜੋੜਿਆ ਜਾਂਦਾ ਸੀ,” ਖਿਆਲਾ ਨੰਦ ਸਿੰਘ”। ਜਨਰਲ  ਸੁਬੇਗ ਸਿੰਘ ਜੀ ਦੇ ਮਾਤਾ ਜੀ ਸਿੱਖ ਧਰਮ ਨੂੰ ਪੂਰੀ ਤਰਾਂ ਸਮਰਪਿਤ ਸਨ ਅਤੇ ਆਪਣੇ ਬੱਚਿਆਂ ਨੂੰ  ਭਾਈ ਸਾਹਿਬ ਸਿੰਘ ਜੀ ਦੇ ਵਾਰਸ ਹੋਣ ਦੇ ਨਾਤੇ , ਪਰਿਵਾਰ ਦੇ ਨਾਂ ਨੂੰ  ਰੌਸ਼ਨ ਕਰਨ ਲਈ  ਪ੍ਰੇਰਨਾ ਦਿੰਦੇ ਰਹਿੰਦੇ ਸਨ । ਉਨਾਂ ਦੇ ਪਿਤਾ ਸਰਦਾਰ  ਭਗਵਾਨ ਸਿੰਘ ਪਿੰਡ ਦੇ ਨੰਬਰਦਾਰ ਸਨ ਅਤੇ ਜਿਆਦਾਤਰ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਿੱਚ  ਮਸਰੂਫ ਰਹਿੰਦੇ ਸਨ।

 ਜਨਰਲ ਸੁਬੇਗ ਸਿੰਘ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਤੇ ਬੌਧਿਕ ਤੌਰ ਤੇ ਚੇਤੰਨ ਬਚੇ ਸਨl ਉਹ ਅਕਸਰ ਪਿੰਡ ਦੇ ਕਈ ਖਾਸ ਸੁਭਾਅ ਵਾਲੇ ਬੰਦਿਆਂ ਉਤੇ  ਕਵਿਤਾਵਾਂ ਦਾ ਵੀ ਜੋੜ-ਤੋੜ ਕਰ ਲੈਂਦੇ ਤੇ ਦੁਖੀ ਮਨਾਂ ਨੂੰ ਵੀ ਹਸਣ ਤੇ ਮਜਬੂਰ ਕਰ ਦਿੰਦੇ ਸਨ। ਉਨਾਂ ਦਾ ਇਤਿਹਾਸ ਅਤੇ ਸਾਹਿਤ ਵਲ ਖਾਸ ਝੁਕਾਅ ਸੀ। ਉਨ੍ਹਾ ਨੂੰ  ਸਕੈਡੰਰੀ ਸਿਖਿਆ  ਲਾਇਲਪੁਰ ਖਾਲਸਾ ਕਾਲਜ ਅੰਮ੍ਰਿਤਸਰ  ਅਤੇ ਉਚ ਵਿਦਿਆ ਲਈ ਸਰਕਾਰੀ ਕਾਲਜ ਲਾਹੌਰ ਭੇਜਿਆ ਗਿਆ। ਉਹ ਫੁਟਬਾਲ, ਹਾਕੀ ਅਤੇ ਐਥਲੇਟਿਕਸ ਦੇ ਬੇਹਤਰੀਨ ਖਿਡਾਰੀ ਸਨ। ਅਠਾਰਾਂ ਸਾਲਾਂ ਦੀ ਉਮਰ ਵਿੱਚ ਉਨਾਂ ਸੌ ਮੀਟਰ ਦੌੜ ਅਤੇ  ਜਿਲਾ ਬੋਰਡ ਛਾਲ ਮਾਰਨ ਦਾ  ਰਿਕਾਰਡ  ਤੋੜਿਆ ਸੀl ਪਰ  ਉਨਾਂ ਨੇ ਖੇਡਾਂ ਨੂੰ ਆਪਣਾ ਕਿੱਤਾ ਨਾ ਬਣਾ ਕੇ ਫੌਜ ਦੀ ਨੌਕਰੀ ਨੂੰ ਚੁਣਿਆ। ਜਨਰਲ ਸੁਬੇਗ ਸਿੰਘ 1940 ਵਿੱਚ ਲਾਹੌਰ ਕਾਲਜ ਵਿਚ ਭਾਰਤੀ ਫੌਜ ਵਿੱਚ ਭਰਤੀ ਕਰਨ ਆਈ ਟੀਮ ਵਲੋਂ ਚੁਣੇ ਗਏ ਇਕੋ-ਇਕ ਵਿਦਿਆਰਥੀ ਸਨ ਜਿਨ੍ਹਾ ਨੂੰ ਸਿਧਾ ਪੰਜਾਬ ਰਜਮੈਂਟ ਵਿੱਚ ਸੈਕੰਡ ਲੈਫਟੀਨੈਂਟ ਵਜੋਂ ਲਿਆ ਗਿਆ। ਕੁਝ ਦਿਨਾਂ ਵਿੱਚ ਹੀ ਉਨ੍ਹਾ ਦੀ ਰਜਮੈਂਟ ਜਪਾਨ ਦੇ ਖਿਲਾਫ ਲੜਨ ਲਈ ਬਰਮਾ ਰਵਾਨਾ ਹੋ ਗਈl ਜਾਪਾਨ ਵਿਚ ਜਾਕੇ ਉਨ੍ਹਾ ਨੇ ਜਪਾਨੀ ਫੌਜੀਆਂ ਨੂੰ  ਗੁਰੀਲਾ ਜੰਗ ਕਰਣ ਦੀ ਫੌਜੀ ਸਿਖਲਾਈ ਦਿਤੀl 1947 ਵਿਚ ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਪਰਮ ਵਸ਼ਿਸ਼ਟ ਸੇਵਾ ਮੈਡਲ (PVSM) ਨਾਲ ਨਿਵਾਜਿਆ ਗਿਆ ਸੀ ।

ਭਾਰਤੀ ਵੰਡ ਤੋਂ ਬਾਅਦ ਜਦੋਂ ਰਜਮੈਂਟ ਦਾ ਮੁੜ ਸੰਗਠਨ ਕੀਤਾ ਗਿਆ ਤਾਂ ਉਹ ਪੈਰਾਸੂਟ ਬਰਿਗੇਡ ਵਿੱਚ ਪੈਰਾ ਟਰੂਪਰ ਵਜੋਂ ਸ਼ਾਮਲ ਹੋਏ। 1959 ਤਕ ਉਹ ਇਸ ਬਟਾਲੀਅਨ ਵਿਚ ਰਹੇ।  ਉਨਾਂ ਨੇ ਹਰੇਕ ਫੌਜੀ ਕਾਰਵਾਈ ਬਾਰੇ ਡੂੰਘੀ ਖੋਜ ਕੀਤੀ ਸੀ ਅਤੇ ਹਰੇਕ ਫੌਜੀ ਜਨਰਲ ਦੀ ਜੀਵਨੀ ਵੀ ਪੜੀ। ਉਹ ਪੰਜਾਬੀ, ਫਾਰਸੀ, ਉਰਦੂ, ਗੋਰਖੀ, ਅੰਗਰੇਜੀ ਅਤੇ ਹਿੰਦੀ ਭਾਸ਼ਾਵਾਂ ਨੂੰ ਬੋਲਣ ਦੇ  ਮਾਹਿਰ ਸਨ। ਉਹ ਦੇਹਰਾਦੂਨ ਵਿਖੇ ਫੌਜੀ ਅਕੈਡਮੀ ਵਿੱਚ ਅਧਿਆਪਕ  ਰਹੇ ਅਤੇ ਹੋਰ ਵੀ ਉਨ੍ਹਾਂ ਨੇ ਕਈ ਅਹੁਦਿਆਂ ਉੱਪਰ ਸੇਵਾ ਨਿਭਾਈ। ਫੌਜ ਵਿੱਚ ਉਹ ਇੱਕ ਨਿਡਰ ਅਫਸਰ ਵਜੋਂ ਮਸ਼ਹੂਰ ਸਨ ਜੋ  ਕਿਸੇ ਵੀ ਤਰਾਂ ਦੀ ਮਾੜੀ ਹਰਕਤ ਨੂੰ ਬਰਦਾਸ਼ਤ ਨਹੀਂ ਸੀ ਕਰਦੇ । ਉਨਾਂ ਦੇ ਇਸ ਸਿੱਧੇ ਸੁਭਾਅ ਕਾਰਨ ਜਾਂ ਤਾਂ ਲੋਕ ਉਨਾਂ ਨੂੰ ਬਹੁਤਪਸੰਦ ਕਰਦੇ ਸਨ ਅਤੇ ਜਾਂ ਉਨਾਂ ਤੋਂ ਡਰਦੇ ਸਨ। ਭਾਰਤ ਵਲੋਂ ਲੜੀ ਗਈ ਹਰੇਕ ਜੰਗ ਵਿੱਚ ਉਨਾਂ ਹਿੱਸਾ ਲਿਆ। ਫੌਜੀ ਕਾਰਵਾਈਆਂ ਅਤੇ ਫੌਜੀ ਵਿਗਿਆਨ ਦੀ ਉਨਾਂ ਦੀ ਜਬਰਦਸਤ ਜਾਣਕਾਰੀ ਹੋਣ ਕਰਕੇ  ਉਨਾਂ ਨੂੰ ਬਰਿਗੇਡ ਮੇਜ਼ਰ ਬਣਾਇਆ ਗਿਆ।

1965 ਦੀ ਭਾਰਤ-ਪਾਕਿ ਜੰਗ ਦੌਰਾਨ ਉਹ ਜੰਮੂ-ਕਸ਼ਮੀਰ ਵਿੱਚ  ਗੋਰਖਾ ਰਾਇਫਲ ਦੇ ਕਮਾਂਡਰ ਵਜੋਂ ਤੈਨਾਤ ਕੀਤੇ ਗਏ l ਉਹ  ਆਪਣੀ ਡਿਊਟੀ ਦੇ ਇਤਨੇ ਪਾਬੰਦ ਸਨ ਕਿ ਆਪਣੇ ਪਿਤਾ  ਦੇ ਅਕਾਲ ਚਲਾਣੇ ਵਕਤ ਉਨ੍ਹਾ ਦੀਆਂ ਅੰਤਿਮ ਰਸਮਾਂ ਤੇ ਵੀ ਨਾ ਪਹੁੰਚ ਸਕੇ ਅਤੇ  ਫੌਜੀ ਕਾਰਵਾਈਆਂ ਖਤਮ ਹੋਣ ਤੇ ਹੀ  ਉਨਾਂ ਛੁੱਟੀ ਲਈ ਅਰਜੀ ਦਿੱਤੀ । ਇਸ ਜੰਗ   ਤੋਂ ਬਾਅਦ ਸਰਦਾਰ  ਸੁਬੇਗ ਸਿੰਘ ਨੂੰ ਕਰਨਲ ਬਣਾ ਦਿੱਤਾ ਗਿਆ ਉਨਾਂ ਨੂੰ ਨਾਗਾਲੈਂਡ ਵਿੱਚ ਨਾਗਾ ਖਾੜਕੂਆਂ ਦੀਆਂ ਕਾਰਵਾਈਆਂ ਦਬਾਉਣ ਦੀ ਜਿੰਮੇਵਾਰੀ ਦਿੱਤੀ ਗਈ। ਉਨਾਂ ਦੀ ਕਮਾਂਡ ਹੇਠ ਅੱਠਵੀਂ ਪਹਾੜੀ ਡਿਵੀਜਨ ਦੇ ਪੰਜਾਹ ਜਵਾਨ ਸਨ ਜਿਨ੍ਹਾਂ ਦੀ  ਅਗਵਾਈ ਅਤੇ ਨਿਡਰ ਪੈਂਤੜੇਬਾਜੀ ਦੀ ਆਪਣੀ ਕਲਾ ਦੀ ਵਰਤੋਂ ਕਰਦੇ  ਸਫਲਤਾ ਨਾਲ ਹਾਲਾਤ ਨੂੰ ਕਾਬੂ ਕੀਤਾ।

  19 71 ਵਿਚ  ਬੰਗਾਲੀਆਂ ਨੇ ਪਾਕਿਸਤਾਨ ਤੋਂ ਅੱਡ ਹੋਣ ਲਈ ਪਾਕਿਸਤਾਨ ਵਿਰੋਧੀ ਗਤੀ ਵਿਧੀਆਂ ਦੀ ਸ਼ੁਰੂਵਾਤ  ਕੀਤੀ l ਜਦ ਯਹੀਆ ਖਾਨ ਸਰਕਾਰ ਨੇ ਬੰਗਾਲੀਆਂ ਉੱਤੇ  ਜੁਲਮ ਕਰਨੇ ਸ਼ੁਰੂ ਕੀਤੇ ਤਾਂ ਬੰਗਾਲੀ ਭਾਰਤ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਤੇ ਭਾਰਤ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ।  ਭਾਰਤ ਸਰਕਾਰ ਨੇ ਪੂਰਬੀ ਪਾਕਿਸਤਾਨ ਵਿੱਚ ਚਲ ਰਹੇ ਅਜਾਦੀ ਸੰਘਰਸ਼ ਵਿਚ ਲੁਕਵੇਂ ਤੋਰ ਤੇ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਭਾਰਤੀ ਫੌਜ ਦੇ ਮੁਖੀ ਮਾਨਕ ਸ਼ਾਹ ਨੇ ਖਾਸ ਤੌਰ ਤੇ  ਇਸ ਕੰਮ ਲਈ ਸਰਦਾਰ  ਸੁਬੇਗ ਸਿੰਘ ਨੂੰ ਚੁਣਿਆ।ਉਨ੍ਹਾ ਨੇ  ਬੰਗਲਾ ਦੇਸ਼ ਦੀ ਅਜ਼ਾਦੀ ਦੀ ਲੜਾਈ ਦੌਰਾਨ ਮੁਕਤੀ ਵਾਹਿਨੀ ਸੈਨਿਕਾਂ ਦੀ ਸਿਖਲਾਈ ਦੇਣ ਵਿਚ ਦਿਨ ਰਾਤ ਇਕ ਕਰ ਦਿਤਾl ਮੁਕਤੀ-ਵਾਹਿਨੀ ਦੀ ਤਾਕਤ ਨੂੰ ਦਰਸਾਉਣ ਲਈ ਪੰਜ ਤਾਰਾ ਹੋਟਲਾਂ ਅਤੇ ਚਿੱਟਾਗਾਂਗ ਬੰਦਰਗਾਹ ਉਤੇ ਖੜੇ ਜਹਾਜਾਂ ਨੂੰ ਨਿਸ਼ਾਨਾ ਬਣਾਇਆ ਗਿਆ। ਯੁਧਨੀਤਕ ਪੱਧਰ ਉਤੇ ਮਹੱਤਵਪੂਰਨ ਪੁਲ ਉਡਾ ਦਿੱਤੇ ਗਏ, ਫੈਕਟਰੀਆਂ ਬੰਦ ਕਰਵਾ ਦਿੱਤੀਆਂ ਗਈਆਂ ਅਤੇ ਆਰਥਿਕਤਾ ਦਾ ਲੱਕ ਤੋੜ ਦਿੱਤਾ ਗਿਆl 9-10 ਮਹੀਨੇ ਵਿਚ ਹੀ ਬੰਗਾਲੀਆਂ ਦੀਆਂ ਵਿਰੋਧੀ ਕਾਰਵਾਈਆਂ ਨੇ ਇਤਨਾ ਜੋਰ ਪਕੜ ਲਿਆ ਕਿ ਅਕਤੂਬਰ  1971 ਵਿੱਚ ਜਦ ਮੁਕਤੀ ਬਹਿਨੀ ਨੇ ਢਾਕੇ ਵਲ ਮਾਰਚ ਕੀਤਾ ਤਾਂ ਇਹ ਬਿਨਾਂ ਕਿਸੇ ਵਿਰੋਧ ਤੋਂ ਰਾਜਧਾਨੀ ਉੱਤੇ ਕਾਬਜ ਹੋ ਗਈ। ਲਗਭਗ ਇਕ ਲੱਖ ਪਾਕਿਸਤਾਨੀ ਫੌਜਾਂ ਨੇ ਸਮੇਤ ਜਨਰਲ ਸਟਾਫ ਦੇ ਆਤਮ ਸਮਰਪਨ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਬੰਗਲਾ ਦੇਸ਼ ਅਜ ਹੋਂਦ ਵਿੱਚ ਆਇਆ ਹੈ । ਇਸ ਸਫਲਤਾ ਦਾ ਸਿਹਰਾ ਸਰਦਾਰ  ਸੁਬੇਗ ਸਿੰਘ ਜੀ ਦੇ ਸਿਰ ਤੇ ਸੀ ।ਭਾਰਤ ਸਰਕਾਰ ਨੇ ਜਨਰਲ  ਸੁਬੇਗ ਸਿੰਘ ਨੂੰ ਮੇਜਰ ਜਨਰਲ ਦਾ ਅਹੁਦਾ ਦੇ ਕੇ  ਉਨਾਂ ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ ਦੇ ਕੇ ਉਨਾਂ ਵਲੋਂ ਨਿਭਾਈਆਂ ਸੇਵਾਵਾਂ ਨੂੰ ਮਾਨਤਾ ਪ੍ਰਦਾਨ ਕੀਤੀ।

1973 ਵਿੱਚ ਜਦੋਂ ਉਹ ਮੱਧ ਪ੍ਰਦੇਸ਼, ਬਿਹਾਰ, ਉੜੀਸਾ ਦੇ ਜਨਰਲ ਕਮਾਂਡ ਅਫਸਰ ਦੇ ਅਹੁਦੇ ਉਪਰ ਤੈਨਾਤ ਸਨ ਤਾਂ ਇੰਦਰਾਂ ਗਾਂਧੀ  ਨੇ ਉਨਾਂ ਨੂੰ ਜੈ ਪ੍ਰਕਾਸ਼ ਨਰਾਇਣ ਨੂੰ ਗਰਿਫਤਾਰ ਕਰਨ ਲਈ ਆਰਡਰ ਦਿਤਾ  ਤਾਂ ਉਨਾਂ ਨੇ ਸਾਫ਼ ਇਨਕਾਰ ਕਰ ਦਿੱਤਾ, ” ਕਿ ਇਹ ਫੋਜ਼ ਦੀ ਡੀਊਟੀ ਨਹੀਂ ਹੈ । ਹੰਕਾਰੀ  ਸਰਕਾਰ ਵਲੋਂ ਇਸ ਕਾਰਨ ਉਨਾਂ ਖਿਲਾਫ ਕਈ ਝੂਠੇ  ਕੇਸ ਬਣਾ ਕੇ ,ਉਨ੍ਹਾਂ ਤੋਂ ਸੀ.ਬੀ.ਆਈ.ਦੀ  ਪੁਛ-ਪੜਤਾਲ ਸ਼ੁਰੂ ਕੀਤੀ ਗਈ ਜੋ ਤਕਰੀਬਨ ਇਕ ਸਾਲ ਤਕ ਚਲਦੀ ਰਹੀ  । ਇਸ ਦੌਰਾਨ  ਉਨਾਂ ਦੀ ਜਬਲਪੁਰ  ਬਦਲੀ ਕਰ ਦਿੱਤੀ ਗਈ l ਉਨ੍ਹਾ ਨੇ ਆਪਣੇ ਖਿਲਾਫ਼ ਲਗਾਇਆ ਦੋਸ਼ਾਂ ਵਜੋਂ ਮੁੱਕਦਮਾ ਦਾਇਰ ਕੀਤਾ ਜਿਸ ਵਿਚ ਅੰਤ ਨੂੰ ਉਨ੍ਹਾ ਦੀ ਜਿਤ ਹਾਸਲ ਹੋਈ l  ਭਾਰਤੀ ਸਰਕਾਰ ਅਤੇ ਫੌਜ ਮੁੱਖੀ ਦਾ ਖੋਰੀ ਪੁਣਾ ਉਦੋਂ ਹੋਰ ਸਪੱਸ਼ਟ ਤੌਰ ‘ਤੇ ਸਾਹਮਣੇ ਆਇਆ ਜਦੋਂ ਮੁਕਤੀ ਵਾਹਿਨੀ ਦੇ ਹੀਰੋ, ਪਰਮ ਵਸ਼ਿਸ਼ਟ ਅਤੇ ਅਤੀ ਵਸ਼ਿਸ਼ਟ ਸੇਵਾ ਮੈਡਲਾਂ ਨਾਲ ਨਿਵਾਜੇ ਗਏ ਨੂੰ  ਅਖੀਰ ਸਕਪਕਾਈ ਸਰਕਾਰ ਨੇ  ਅਪ੍ਰੈਲ 30, 1976 ਵਿਚ, ਰਿਟਾਇਰ ਹੋਣ  ਤੋਂ ਇਕ ਦਿਨ ਪਹਿਲਾਂ ਉਨ੍ਹਾ ਨੂੰ ਫੌਜ ਤੋਂ  ਬਰਖਾਸਤ ਕਰ ਦਿੱਤਾ ਗਿਆ।

ਜਨਰਲ ਸੁਬੇਗ ਸਿੰਘ ਨੂੰ ਫੌਜ ਵਿੱਚ ਹੁੰਦਿਆਂ ਹੀ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਸੀ ਕਿ ਭਾਰਤ ਦੀ ਹਿੰਦੂ ਸਰਕਾਰ ਪੰਜਾਬ ਵਿੱਚ ਸਿੱਖ ਅਜਾਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਹ ਇਸ ਗਲੋਂ ਵੀ ਚੇਤੰਨ ਸਨ ਕਿ ਭਾਰਤੀ ਹਿੰਦੂ ਸਰਕਾਰ ਵਲੋਂ ਸਿੱਖਾਂ ਦੀਆਂ ਤਰੱਕੀਆਂ ਰੋਕਣ ਅਤੇ  ਸਿੱਖਾਂ ਨੂੰ ਫੌਜ ਵਿਚੋਂ ਬਾਹਰ ਕੱਢਣਾ,  ਫੌਜ ਵਿਚੋਂ ਸਿੱਖਾਂ ਦੀ ਘਟ ਭਰਤੀ ਇਹ ਸਭ ਫੌਜ਼ ਵਿਚ ਸਿਖਾਂ ਦੀ ਗਿਣਤੀ ਘਟ ਕਰਨਾ , ਵੱਡੇ ਉਦਯੋਗਾਂ ਨੂੰ ਪੰਜਾਬ ਵਿੱਚ ਨਾ ਲਗਾਉਣਾ , ਸਿੱਖ ਕਿਸਾਨੀ ਵਲੋਂ ਕਣਕ ਅਤੇ ਦੂਜੀਆਂ ਫਸਲਾਂ ਦੇ ਮੁਲ ਨਿਰਧਾਰਤ ਕਰਨ ਉਤੇ ਕੰਟਰੋਲ ਦੀ ਨੀਤੀ ਲਾਗੂ ਕਰਨਾ ਤਾਕਿ ਕਿਸਾਨਾਂ  ਵਲੋਂ ਕੀਤੀ ਗਈ ਮੇਹਨਤ ਦਾ ਪੂਰਾ ਪੂਰਾ ਫਾਇਦਾ  ਨਾ ਲੈ ਸਕਣ । ਪੰਜਾਬ ਦੀਆਂ ਨਦੀਆਂ ਦੇ ਪਾਣੀ ਦੀ ਵੰਡ ਵਿੱਚ ਵੀ ਪੰਜਾਬ ਦੇ ਬਣਦੇ ਹਿੱਸੇ ਅਤੇ ਅਧਿਕਾਰ ਨੂੰ ਰੱਦ ਕਰਨਾ ਸਿੱਖ ਦੇ ਉਚਿਤ ਅਧਿਕਾਰਾਂ ਨੂੰ ਖਤਮ ਕਰਨ ਦੀ ਸਾਜਿਸ਼ ਦਾ ਹਿੱਸਾ ਸੀ।ਭਾਰਤ ਸਰਕਾਰ ਦਾ ਇਹ ਪ੍ਰਚਾਰ ਕਿ ਸਿੱਖ ਸੰਪਰਦਾਇਕ (communal)ਹਨ  ਤੇ  ਉਨਾਂ ਵਲੋਂ ਸਵੈ-ਸ਼ਾਸ਼ਨ ਦੀ ਮੰਗ ਨੂੰ ਗਦਾਰੀ ਕਿਹਾ ਗਿਆl ਅਕਾਲੀ ਪਾਰਟੀ ਨੂੰ ਅਨਪੜਾਂ, ਤਾਕਤਹੀਣਾਂ ਅਤੇ ਤੇਜਹੀਣਾਂ ਦੀ ਪਾਰਟੀ ਵਜੋਂ ਪ੍ਰਚਾਰਿਆ ਗਿਆlਇਨ੍ਹਾ  ਕੰਮਾ   ਵਿਚ  ਹਿੰਦੂ ਪ੍ਰੈਸ ਨੇ ਵੀ  ਸਰਕਾਰ ਦਾ ਪੂਰਾ ਪੂਰਾ  ਸਾਥ ਦਿਤਾ l

1977 ਵਿੱਚ ਜਨਰਲ ਸੁਬੇਗ ਸਿੰਘ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾl ਅਕਾਲੀ ਦਲ ਦੇ  ਜਥੇਦਾਰ ਟੌਹੜਾ ਨੇ ਉਨਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਾਬਕਾ ਫੌਜੀਆਂ ਅਤੇ ਬੁੱਧੀ ਜੀਵੀਆਂ ਦੀਆਂ ਸੇਵਾਵਾਂ ਲੈਣ ਲਈ ਉਨਾਂ ਤੋਂ ਸਲਾਹ ਲੈਣੀ ਸ਼ੁਰੂ ਕਰ ਦਿੱਤੀ। ਭਾਰਤ ਸਰਕਾਰ ਨੇ ਜਨਰਲ ਸੁਬੇਗ ਸਿੰਘ ਵਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਫੈਸਲੇ ਨੂੰ ਗੰਭੀਰਤਾ ਨਾਲ ਲਿਆ  ਅਤੇ ਕਈ ਧਮਕੀਆਂ ਭਰੇ  ਸੁਨੇਹੇ ਦਿੱਤੇ ਗਏ। ਪਰ ਜਨਰਲ ਸੁਬੇਗ ਸਿੰਘ ਆਪਣੇ  ਫੈਸਲੇ  ਉਤੇ ਕਾਇਮ ਰਹੇ।  ਸਰਕਾਰ ਵਲੋਂ ਜਨਰਲ ਸੁਬੇਗ ਸਿੰਘ ਦੇ ਪਰਿਵਾਰ ਉੱਤੇ ਤਸ਼ੱਦਤ ਕੀਤੇ ਗਏl ਜੁਲਮ ਦੇ ਪਹਿਲੇ ਸ਼ਿਕਾਰ ਉਨ੍ਹਾ  ਛੋਟਾ ਭਰਾ ਜੋ ਕਿ ਬਾਜਪੁਰ (ਉਤਰ ਪ੍ਰਦੇਸ਼) ਵਿੱਚ ਇਕ ਉਘੇ ਕਿਸਾਨ ਅਤੇ ਰਾਜਨੀਤੀਵਾਨ ਸੀ ਬਣਿਆ । ਪੁਲਿਸ ਤੇ  ਇਕ ਸਥਾਨਕ ਕਾਂਗਰਸੀ ਆਗੂ ਵਲੋਂ ਤਿਆਰ ਕੀਤੀ ਸ਼ਾਜਸ਼ ਤਹਿਤ  ਉਨ੍ਹਾ ਨੂੰ ਕਤਲ ਕਰ ਦਿਤਾ ਗਿਆ । ਇਸੇ ਆਗੂ ਵਲੋਂ ਤਰਾਈ ਖੇਤਰ ਵਿਚ ਰਹਿਣ ਵਾਲੇ ਸਿੱਖਾਂ ਨੂੰ ਧਮਕਾਇਆ ਜਾਂਦਾ ਰਿਹਾ। ਛੋਟੇ ਭਰਾ ਦਾ ਕਤਲ ਜਨਰਲ ਸੁਬੇਗ ਸਿੰਘ ਲਈ ਇਕ ਡੂੰਘਾ ਸਦਮਾ ਸੀ ਪਰ ਫਿਰ ਵੀ ਇਹ  ਉਨਾਂ ਦੇ ਫੈਸਲੇ ਨੂੰ ਕਮਜੋਰ ਨਾ ਕਰ ਸਕਿਆ।

ਜਨਰਲ ਸੁਬੇਗ ਸਿੰਘ 1980 ਤੋਂ 1984 ਤੱਕ ਅਕਾਲੀ ਰਾਜਨੀਤੀ ਵਿੱਚ ਪੂਰੀ ਤਰਾਂ ਸਰਗਰਮ ਰਹੇ। ਉਨਾਂ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਉਨਾਂ ਜੇਲ ਵਿੱਚ ਕਿਸੇ ਵੀ ਤਰਾਂ ਦੀ ਖਾਸ ਸਹੂਲਤ ਲੈਣ ਤੋਂ ਇਨਕਾਰ ਕਰਕੇ ਲਹਿਰ ਵਿਚਲੇ ਦੂਜੇ ਸਿੱਖਾਂ ਦਾ ਆਗੂ ਵਜੋਂ ਮਨ ਜਿੱਤਿਆ। ਉਹ ਜਮੀਨ ਉਤੇ ਸੌਂਦੇ ਅਤੇ ਆਪਣਾ ਕੋਟ ਬਜੁਰਗ ਅਤੇ ਬਿਮਾਰ ਸਿੱਖਾਂ ਨੂੰ ਦੇ ਦਿੰਦੇ। ਉਨਾਂ ਆਪਣੇ ਸਾਥੀਆਂ ਅਤੇ ਦੂਜੇ ਆਗੂਆਂ ਜਿਵੇਂ ਪ੍ਰਕਾਸ਼ ਸਿੰਘ ਬਾਦਲ, ਬਲਵੰਤ ਸਿੰਘ, ਐਸ.ਐਸ. ਢੀਂਡਸਾ, ਵਾਈਸ ਚਾਂਸਲਰ ਬੀ.ਐਸ. ਸਮੁੰਦਰੀ ਆਦਿ ਦਾ ਮਨ ਜਿੱਤ ਲਿਆ। ਉਹ ਪੰਜਾਬ ਦੇ ਲੋਕਾਂ ਵਿਚ ਜਲਦੀ ਹੀ ਹਰਮਨ ਪਿਆਰੇ ਹੋ ਗਏ ਅਤੇ ਪੰਥ ਦੀ ਸੇਵਾ ਵਿੱਚ ਪੂਰੀ ਤਰਾਂ ਸਮਰਪਿਤ ਹੋ ਗਏ। ਜੇਲ ਤੋਂ ਬਾਹਰ ਉਨਾਂ ਜਿਆਦਾਤਰ ਸਮਾਂ ਆਪਣੇ ਪਿੰਡ ਖਿਆਲਾ ਵਿੱਚ ਆਪਣੀ ਮਾਤਾ ਨਾਲ ਬਿਤਾਇਆ। ਉਨਾਂ ਆਪਣੇ ਬੁਢਾਪੇ ਦੌਰਾਨ ਦੇਹਰਾ ਦੂਨ ਵਿਖੇ ਘਰ ਬਣਾ ਕੇ ਸੁਖੀ ਜੀਵਨ ਜੀਉਣ ਦੀ ਯੋਜਨਾ ਦਾ ਤਿਆਗ ਕਰ ਦਿੱਤਾ। ਉਨਾਂ ਦੀ ਪਤਨੀ ਵੀ ਪਿੰਡ ਆ ਗਈ।

ਇਨ੍ਹਾ ਦਿਨਾ ਵਿਚ ਪੰਜਾਬ ਦੇ ਹਾਲਤ ਬਹੁਤ ਖਰਾਬ ਸੀ l ਕਈ ਆਗੂਆਂ ਦੀ ਮੌਜੂਦਗੀ ਦੇ ਬਾਵਜੂਦ ਵੀ ਪੰਜਾਬ ਆਗੂ ਰਹਿਤ ਹੋ ਚੁਕਾ ਸੀ। ਇਸ ਤਰਾਂ ਦੇ ਹਾਲਾਤ ਵਿੱਚ ਇਕ ਹੋਰ  ਆਗੂ ਉਭਰਿਆ। ਇਹ ਦਮਦਮੀ ਟਕਸਾਲ ਦੇ ਸੰਤ ਅਤੇ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ। ਉਹ ਨਿਰਛੱਲ, ਸਮਰਪਤ, ਬੇਗਰਜ, ਸੁਆਰਥਹੀਣ, ਅਡੋਲ, ਅਟਲ, ਖਰਾ, ਬੇਬਾਕ ਅਤੇ ਬੇਝਿਜਕ ਆਗੂ ਸੀ। ਉਸਦਾ ਇਕੋ ਹੀ ਹਿੱਤ ਸੀ, ਸਿੱਖ ਕੌਮ (ਖਾਲਸੇ) ਦਾ ਹਿਤ। ਜਦੋਂ ਉਹ ਧੋਖਾਦੇਹੀ ਵਾਲੀ ਕਾਂਗਰਸੀ ਰਾਜਨੀਤੀ ਉਤੇ ਹਮਲਾ ਕਰਦੇ ਤਾਂ ਅਕਸਰ ਸ਼ਬਦਾਂ ਦੀ ਚੋਣ ਵਿੱਚ ਬੇਤਰਸ ਹੋ ਜਾਂਦੇ। ਉਹ ਬੇਬਾਕੀ ਨਾਲ ਦੱਸਦੇ ਕਿ ਕਿਵੇਂ ਸਿੱਖਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਕਿਵੇਂ ਅਕਾਲੀ ਆਪਣੇ ਦਾਅਵਿਆਂ ਦੇ ਬਾਵਜੂਦ ਧੋਖੇ ਅਤੇ ਤੋੜ-ਭੰਨ ਦੀ ਰਾਜਨੀਤੀ ਦੇ ਸ਼ਿਕਾਰ ਬਣ ਜਾਂਦੇ ਹਨ। ਇਨ੍ਹਾ ਹਾਲਾਤਾਂ ਵਿਚ ਲੋਕ ਉਨਾਂ ਦੇ ਵੱਡੀ ਪੱਧਰ ਉਤੇ ਪਿੱਛੇ ਲਗ ਤੁਰੇ। ਜਲਦੀ ਹੀ ਉਹ ਸਿੱਖਾਂ ਦੇ ਸਿਰਮੌਰ ਆਗੂ ਵਜੋਂ ਉਭਰ ਗਏ। ਉਨਾਂ ਦੀ ਵਧਦੀ ਹਰਮਨ-ਪਿਆਰਤਾਕਾਂਗਰਸ  ਸਰਕਾਰ ਲਈ ਖਤਰੇ ਦੀ ਘੰਟੀ ਸੀ।

 ਇਕ ਦਿਨ ਜਦ ਉਹ ਦਰਬਾਰ ਸਾਹਿਬ  ਮੱਥਾ ਟੇਕਣ ਗਏ ਤਾਂ  ਉਨ੍ਹਾ ਦੀ ਮੁਲਾਕਾਤ  ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਹੋਈ ਜਿਨ੍ਹਾ ਤੋਂ  ਉਹ ਤੋਂ ਬਹੁਤ ਪ੍ਰਭਾਵਿਤ ਹੋਏl  ਸਮੇਂ ਦੇ ਨਾਲ ਨਾਲ ਉਹ ਦੋਵੇਂ ਹੋਰ ਨੇੜੇ ਹੁੰਦੇ ਗਏ। ਪੰਜਾਬ ਵਿਚ ਉਸ ਵੇਲੇ ਚੱਲ ਰਹੀ ਖਾਲਿਸਤਾਨੀ ਲਹਿਰ ਦਾ ਟੀਚਾ ਸਿੱਖਾਂ ਵਾਸਤੇ ਇਕ ਅਜ਼ਾਦ ਦੇਸ਼ ਬਣਾਉਣਾ ਸੀ। ਭਿੰਡਰਾਂਵਾਲੇ ਇਸ ਲਹਿਰ ਦੀ ਜ਼ੋਰ ਸ਼ੋਰ ਨਾਲ ਅਗਵਾਈ ਕਰ ਰਹੇ ਸਨ। ਜਨਰਲ ਸੁਬੇਗ ਸਿੰਘ ਭਿੰਡਰਾਂਵਾਲੇ ਦੇ ਫੌਜੀ ਸਲਾਹਕਾਰ ਵਜੋਂ ਇਸ ਲਹਿਰ ਨਾਲ ਜੁੜ ਗਏ ਜਿਸ ਦਾ  ਵੱਡਾ ਕਾਰਣ ਭਾਰਤੀ ਫੌਜ ਅਤੇ ਭਾਰਤ ਸਰਕਾਰ ਵੱਲੋਂ ਉਹਨਾਂ ਨਾਲ ਕੀਤਾ ਗਿਆ ਵਿਤਕਰਾ ਸੀl ਖਾਲਿਸਤਾਨੀ ਲਹਿਰ ਦੇ ਸਿਪਾਹੀਆਂ ਨੂੰ ਭਾਰਤੀ ਫੌਜ ਵੱਲੋਂ ਉਲੀਕੇ ਜਾ ਰਹੇ ਆਪਰੇਸ਼ਨ ਬਲੂ ਸਟਾਰ ਦੀ ਭਣਕ ਪੈ ਚੁਕੀ ਸੀ। ਉਹਨਾਂ ਆਪਣੇ ਆਪ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ।

1983 ਵਿੱਚ ਜਨਰਲ ਸੁਬੇਗ ਸਿੰਘਦੇ ਕਹਿਣ ਤੇ  ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਨੇ  ਸਿੱਖ ਬੁੱਧੀਜੀਵੀਆਂ ਦੀ ਇਕ ਸਭਾ ਬੁਲਾਈ ਜਿਸ ਵਿਚ  ਸਰਕਾਰ ਵਲੋਂ ਹਿੰਦੂਆਂ ਦਾ  ਮਨ ਜਿੱਤਣ ਲਈ ਸਿੱਖਾਂ ਨੂੰ ਬਲੀ ਦੇ ਬਕਰੇ ਬਣਾਏ ਜਾਣ ਲਈ ਖਤਰਨਾਕ ਹਾਲਤ ਪੈਦਾ ਕਰਨ ਦੀ ਸਰਕਾਰੀ ਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਨਰਲ ਸੁਬੇਗ ਸਿੰਘ ਨੇ ਪ੍ਰਸਿੱਧ ਸਿੱਖਾਂ ਅਤੇ ਸੇਵਾ-ਮੁਕਤ ਫੌਜੀ ਸਿੱਖ ਅਫਸਰਾਂ ਨੂੰ ਸੱਦਾ ਪੱਤਰ ਤਿਆਰ ਕਰਕੇ ਭੇਜਣ ਲਈ ਦਿਨ ਰਾਤ ਇਕ ਕਰ ਦਿੱਤਾl  ਅੰਤ ਵਿਚ  ਇਹ ਮੀਟਿੰਗ ਨੇਪੜੇ ਚੜੀ ਅਤੇ ਸਾਰਿਆਂ ਨੇ ਇਸ ਮੌਕੇ ਉਤੇ ਪੰਥਕ ਏਕਤਾ ਬਣਾਈ ਰੱਖਣ ਦੀ ਲੋੜ ਉਤੇ ਜੋਰ ਦਿੱਤਾ। ਵੱਡੀ ਪੱਧਰ ਉੱਤੇ ਸੇਵਾ-ਮੁਕਤ ਸਿੱਖਾਂ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਜਿਸ ਨੇ ਸਰਕਾਰ ਨੂੰ ਹਿਲਾ ਦਿੱਤਾ। ਇਕ ਲੀਕ ਵਾਹ ਕੇ ਮਰਣ  ਜਾਂ ਜਿਤਣ ਦਾ  ਅਹਿਦ  ਲਿਆ ਗਿਆ ਜਿਸਦੀ ਅਗਵਾਈ  ਜਨਰਲ ਸੁਬੇਗ ਸਿੰਘ ਨੇ ਕੀਤੀ।

ਸਿੱਖ ਮਾਣ ਉਤੇ ਕਰੜੀ ਸੱਟ ਮਾਰਨ ਲਈ ਜੂਨ 1984 ਵਿੱਚ ਫੌਜ ਬੁਲਾ ਲਈ ਗਈ । ਫੌਜ ਦੇ ਆਗੂਆਂ ਨੂੰ ਧਿਆਨ ਨਾਲ ਚੁਣਿਆ ਗਿਆ। ਜਨਰਲ ਸੁੰਦਰਜੀ ਭਾਵੇਂ ਫੌਜ ਦੇ ਮੁਖੀ ਸਨ ਪਰ ਲੈਫਟੀਨੈਂਟ ਜਨਰਲ ਆਰ.ਐਸ. ਦਿਆਲ ਨੂੰ ਕਾਰਵਾਈ ਦੇ ਕਮਾਂਡਰ ਵਜੋਂ ਭਾਰਤ ਸਰਕਾਰ ਨੇ ਵੱਡੇ ਪੱਧਰ ਉਤੇ ਮਸ਼ਹੂਰੀ ਦਿੱਤੀ। ਭਾਰਤੀ ਮੀਡੀਏ ਨੇ ਵੱਡੀ ਪੱਧਰ ਉਤੇ ਪ੍ਰਚਾਰ ਕੀਤਾ ਕਿ ਫੌਜੀ ਸਿੱਖ ਅਫਸਰਾਂ ਵਲੋਂ ਦਰਬਾਰ ਸਾਹਿਬ ਉਤੇ ਕਾਰਵਾਈ ਦੀ ਹਿਮਾਇਤ ਕੀਤੀ ਹੈ। ਮੇਜਰ ਕੁਲਦੀਪ ਸਿੰਘ ਬਰਾੜ ਜੋ ਕਿ ਸਿਰਫ ਨਾਂ ਦਾ ਸਿੱਖ ਸੀ, ਸ਼ਰਾਬ ਅਤੇ ਸਿਗਰਟਨੋਸ਼ੀ ਦਾ ਸ਼ੁਕੀਨ ਸੀ, ਗੈਰ-ਸਿੱਖ ਘਰ ਵਿਚ ਵਿਆਹਿਆ ਹੋਇਆ ਸੀ ਨੂੰ ਲੈਫਟੀਨੈਂਟ ਜਨਰਲ ਦਿਆਲ ਸਮੇਤ ਹਮਲੇ ਦੀ ਕਾਰਵਾਈ ਦੇ ਕਮਾਂਡਰਾਂ ਵਜੋਂ ਨਿਵਾਜਿਆ ਗਿਆ। ਗਿਆਨੀ ਜ਼ੈਲ ਸਿੰਘ ਜਿਸਨੇ ਫੌਜੀ ਕਾਰਵਾਈ ਸਬੰਧੀ ਕਾਗਜੀ ਕਾਰਵਾਈ ਉਤੇ ਦਸਤਖਤ ਕੀਤਾ ਭਾਰਤ ਦਾ ਰਾਸ਼ਟਰਪਤੀ ਸੀ।

ਸਿੱਖਾਂ ਅੱਗੇ ਇਸ ਦਾ ਜਵਾਬ ਦੇਣ ਦਾ ਇੱਕੋ ਇਕ ਰਸਤਾ ਮੁਕਾਬਲਾ ਕਰਨ ਦਾ ਹੀ ਬਚਿਆ ਸੀ। ਅੰਤ ਨੂੰ  ਸੰਤ ਭਿੰਡਰਾਂਵਾਲਿਆਂ ਅਤੇ ਉਨਾਂ ਦੇ ਸਾਥੀਆਂ ਨੂੰ ਅਕਾਲ ਤਖਤ ਉਤੇ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ।  ਹੁਣ ਸੰਤ ਜਰਨੈਲ ਸਿੰਘ ਨੂੰ ਜਨਰਲ ਸੁਬੇਗ ਦੀ ਲੋੜ ਸੀ। ਜਨਰਲ ਸਾਹਿਬ ਕੁਝ ਮਹੀਨੇ ਪਹਿਲਾਂ ਦਿਲ ਦੇ ਦੌਰੇ ਕਾਰਨ ਖਰਾਬ ਹੋਈ ਸਿਹਤ ਸੁਧਾਰਨ ਲਈ ਦੇਹਰਾ ਦੂਨ ਵਾਲੇ ਆਪਣੇ ਘਰ ਵਿੱਚ ਰਹਿ ਰਹੇ ਸਨ ਭਾਵੇ ਉਥੋਂ ਵੀ ਉਹ ਸਿੱਖ ਪ੍ਰਚਾਰ ਲਈ  ਲਗਾਤਾਰ ਮੀਟਿੰਗਾਂ ਕਰਦੇ ਰਹਿੰਦੇ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋ ਭੇਜਿਆ ਗਿਆ ਇਕ ਖਾਸ ਹਰਕਾਰਾ ਮਾਰਚ 1984 ਦੇ ਅੱਧ ਵਿੱਚ ਉਨਾਂ’ਕੋਲ ਦੇਹਰਾਦੂਨ ਪਹੁੰਚਿਆਂ ਅਤੇ ਸੰਤਾਂ ਵਲੋਂ ਜਨਰਲ ਸਾਹਿਬ ਨੂੰ ਅੰਮ੍ਰਿਤਸਰ ਵਿਖੇ ਉਨਾਂ ਦੀ ਲੋੜ ਪੈਣ ਦਾ ਸੁਨੇਹਾ ਦਿੱਤਾ। ਉਨ੍ਹਾ ਦਾ ਸਨੇਹਾ ਮਿਲਦੇ ਆਪਣੀ ਸੇਹਤ ਤੇ ਆਪਣੇ ਹੋਰ ਕੰਮ ਕਾਰ ਜੋ ਉਨ੍ਹਾ ਨੇ ਉਥੇ ਕਰਨੇ ਸੀ ਸਭ ਨੂੰ ਇਕ ਪਾਸੇ ਰਖ ਕੇ  ਅੰਮ੍ਰਿਤਸਰ ਜਾਣ ਦਾ ਫੈਸਲਾ ਕਰ ਲਿਆ।

ਅੰਮ੍ਰਿਤਸਰ ਵਿਖੇ ਪਹੁੰਚ ਕੇ ਉਹ ਸਰਕਾਰ ਵਲੋਂ ਦਰਬਾਰ ਸਾਹਿਬ ਉੱਤੇ ਹਮਲੇ ਦੇ ਵਿਰੁੱਧ ਰਾਖੀ ਲਈ ਪੈਂਤੜੇ ਬਣਾਉਣ ਵਿੱਚ ਰੁੱਝ ਗਏ। ਉਨਾਂ ਨੇ ਰਾਖੀ ਦੀਆਂ ਪੈਂਤੜੇਬਾਜੀਆਂ ਦੀ ਸਿਰਜਣਾ ਇਸ ਤਰਾਂ ਕੀਤੀ ਕਿ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਤੋਂ ਲੁਕੀਆਂ ਰਹਿਣ ਅਤੇ ਨਾਲ ਹੀ ਇਹ ਰਾਖੀ ਦੀ ਯੋਜਨਾਬੰਦੀ ਪ੍ਰਭਾਵਸ਼ਾਲੀ ਵੀ ਹੋਵੇ। ਗੁਰੂਆਂ ਦੀ ਪਵਿੱਤਰ ਹਾਜਰੀ ਵਿੱਚ ਜਾਨ ਵਾਰਨ ਦੀ ਉਨਾਂ ਦੀ ਦਿੱਲੀ ਤਮੰਨਾ ਸੀ।  ਉਹ ਆਪਣੇ ਹੋਠਾਂ ਉੱਤੇ ਗੁਰੂ ਗੋਬਿੰਦ ਸਿੰਘ ਅੱਗੇ ‘ਦੇਹ ਸਿਵਾ ਬਰ ਮੋਹਿ’ ਦੀ ਅਰਦਾਸ ਕਰਦਿਆਂ ਸਮੇਂ ਦੇ ਵਿਰੁੱਧ ਬਿਨਾਂ ਥੱਕਿਆਂ ਆਪਣੇ ਕਾਰਜ ਵਿੱਚ ਲੀਨ ਰਹਿੰਦੇ । ਉਨਾਂ ਦੀ ਮਦਦ ਵਾਸਤੇ 200 ਤੋਂ ਵੀ ਘੱਟ ਖਾਲਸੇ ਸਨ ਪਰ  ਸਮਾਂ ਆਉਣ ਤੇ ਆਪਣੇ ਆਖਰੀ ਸਾਹ ਤਕ ਲੜਨ ਦਾ ਮਾਦਾ ਰੱਖਦੇ ਸਨl  ਜਨਰਲ ਸਾਹਿਬ ਇਹ ਤਾਂ ਜਾਣਦੇ ਸਨ ਕਿ ਇੰਨੀ ਥੋੜੀ ਮਾਤਰਾ ਵਿੱਚ ਸਾਧਨਾਂ ਨਾਲ ਉਹ ਅਤਿ ਤਾਕਤਵਰ ਭਾਰਤੀ ਫੌਜ ਉੱਪਰ ਭਾਰੀ ਨਹੀਂ ਸਨ ਪੈ ਸਕਦੇ ਪਰ ਸੰਤ ਭਿੰਡਰਵਾਲੇ  ਇਸ ਤਰਾਂ ਦੀ ਸਲਾਹ ਨੂੰ ਕਿਵੇਂ ਮੰਨ ਸਕਦੇ ਸਨl ਸਮਾਂ ਆਉਣ ਉਤੇ ਸੰਤ (ਜਰਨੈਲ ਸਿੰਘ ਜੀ) ਬਾਬਾ ਦੀਪ ਸਿੰਘ ਜੀ ਦੇ ਪਦ-ਚਿੰਨਾਂ ਉਤੇ ਚਲਦਿਆਂ ਹੋਇਆ ਸ਼ਹੀਦੀ ਦੇਣ ਦੀ ਚੋਣ ਕਰ ਚੁੱਕੇ ਸਨ।

ਇਕ ਅਤੇ ਦੋ ਜੂਨ ਨੂੰ ਬਰਾੜ ਨੇ ਖੁਦ ਭੇਸ ਬਦਲ ਕੇ  ਸ਼ਰਧਾਲੂ ਦੇ ਰੂਪ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਸਿੱਖਾਂ ਵਲੋਂ ਕੀਤੇ ਗਏ ਰਾਖੀ-ਪ੍ਰਬੰਧ ਦਾ ਜਾਇਜਾ ਲਿਆ ਅਤੇ ਆਪਣੇ ਉਚ ਅਫਸਰਾਂ ਨੂੰ ਦੱਸਿਆ ਕਿ ਕਾਰਵਾਈ ਪੂਰੀ ਕਰਨ ਲਈ ਸਿਰਫ ਛੇ ਕੁ ਘੰਟਿਆਂ ਦਾ ਸਮਾਂ ਲੱਗੇਗਾ। ਇਹ ਜਨਰਲ ਸੁਬੇਗ ਸਿੰਘ ਦੀ ਹੀ ਲਿਆਕਤ ਸੀ ਕਿ ਛੇ ਘੰਟੇ ਚੱਲਣ ਵਾਲਾ ਮਿਲਟਰੀ ਆਪਰੇਸ਼ਨ ਲਗਭਗ ਛੇ ਦਿਨ ਚਲਦਾ ਰਿਹਾ ।

ਤਿੰਨ ਜੂਨ ਨੂੰ ਸਾਢੇ ਨੌਂ ਵਜੇ ਅੰਮ੍ਰਿਤਸਰ ਅਤੇ ਸਾਰੇ ਪੰਜਾਬ ਨੂੰ ਸੀਲ ਕਰ ਦਿੱਤਾ ਗਿਆ ਅਤੇ ਹਰਿਮੰਦਰ ਸਾਹਿਬ ਦੇ ਅੰਦਰ ਆਉਣ ਅਤੇ ਬਾਹਰ ਜਾਣ ਉਤੇ ਪਾਬੰਦੀ ਲਗਾ ਦਿੱਤੀ ਗਈ। ਸਾਢੇ ਅੱਠ ਵਜੇ ਜਨਰਲ ਸੁਬੇਗ ਸਿੰਘ ਨੇ ਆਪਣੇ ਰਿਸ਼ਤੇਦਾਰਾਂ, ਨੂੰ ਆਪਣੀ ਮਾਤਾ ਜੀ, ਪਤਨੀ ਅਤੇ ਦੂਜੇ ਸਾਕ-ਸਬੰਧੀਆਂ ਨੂੰ ਹਰਿਮੰਦਰ ਸਾਹਿਬ ਤੋਂ ਬਾਹਰ ਜਾਣ ਅਤੇ ਪਿੰਡ ਵਾਪਸ ਜਾਣ ਲਈ ਜੋਰ ਪਾਇਆ। ਸਾਰੇ ਸਾਕ-ਸਬੰਧੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਅਰਦਾਸ ਕਰਨ ਲਈ ਆਏ ਸਨ ਕਿਓਂਕਿ ਚਾਰ ਜੂਨ ਨੂੰ ਸੀ। ਪਰ ਹਜਾਰਾਂ ਸੰਗਤਾਂ ਜੋ ਇਸ ਸਲਾਨਾ ਦਿਹਾੜੇ ਨੂੰ ਮਨਾਉਣ ਲਈ ਦਰਬਾਰ ਸਾਹਿਬ ਪਹੁੰਚੀਆਂ ਤੇ ਅਮ੍ਰਿਤ ਵੇਲੇ ਦੀ ਚੋਕੀ ਕਢਣ ਲਈ ਇੰਤਜ਼ਾਰ ਕਰਦੇ ਕਰਦੇ ਸਵੇਰ ਦੇ  ਸਾਢੇ ਨੌਂ ਵਜੇ ਤੋਂ ਪਹਿਲਾਂ ਹਰਿਮੰਦਰ ਸਾਹਿਬ ਤੋਂ ਬਾਹਰ ਨਾ ਨਿਕਲ ਸਕੀਆਂ।

 Contd………………………………..Part 2

Nirmal Anand

Add comment

Translate »