SikhHistory.in

ਮਹਾਰਾਣੀ ਜਿੰਦ ਕੌਰ

ਮਹਾਰਾਣੀ ਜਿੰਦ ਕੌਰ , ਸਿੱਖ ਸਲਤਨਤ ਦੇ ਮਹਾਰਾਜਾ  ਰਣਜੀਤ ਸਿੰਘ ਦੀ ਛੋਟੀ ਤੇ ਆਖਿਰੀ ਰਾਣੀ ਸੀ ਜਿਸਨੇ  ਸਿੱਖ ਰਾਜ ਦੇ ਪਤਨ -ਕਾਲ  ਵਿੱਚ ਸਿੱਖ ਰਾਜ ਦੀ ਸਲਾਮਤੀ ਲ਼ਈ  ਅਣਥੱਕ ਕੋਸ਼ਿਸ਼ ਕਰਦਿਆਂ  ਇੱਕ ਅਹਿਮ ਭੂਮਿਕਾ ਨਿਭਾਈl ਉਸਨੇ  ਇਸ ਕਾਲ ਦੇ ਦੁਖਾਂਤ ਨੂੰ ਆਪਣੇ ਹਡਾਂ ਤੇ ਹੰਡਾਇਆl ਉਸਨੇ ਮਹਾਰਾਜਾ  ਰਣਜੀਤ ਵੇਲੇ ਸਿਖ ਰਾਜ ਦੀ ਚੜਤ ਵੀ ਵੇਖੀ ਤੇ ਸਿੱਖ ਰਾਜ ਨੂੰ ਨਿਘਰਦਿਆਂ ਅਤੇ ਖਤਮ ਹੁੰਦਿਆਂ ਵੀ ਆਪਣੇ ਅੱਖੀਂ  ਵੇਖਿਆਂ l ਉਸਨੇ ਅੰਗਰੇਜ਼ਾਂ ਵੱਲੋਂ ਅਨੇਕਾਂ  ਜ਼ੁਲਮ ਸਹੇ,  ਆਪਣਿਆਂ ਨੇ ਵੀ ਕੋਈ ਕਸਰ ਨਹੀ ਛੱਡੀl ਜਦੋਂ ਸਿੱਖਾਂ ਨੇ ਅੰਗੇਜ਼ਾਂ ਨਾਲ ਲੜਨ ਦਾ ਫੈਸਲਾ ਕੀਤਾ ਤਾਂ ਡੋਗਰੇ  ਆਪਣੀ ਬਦਨੀਤੀ ਤੇ ਲਾਲਚ ਕਾਰਣ ਅੰਦਰ ਖਾਨਿਉ ਅੰਗਰੇਜ਼ਾਂ ਨਾਲ ਮਿਲ ਗਏ  l ਸਿੱਖ ਫੌਜ ਨੇ ਲੜਾਈ ਇਤਨੀ ਬਹਾਦਰੀ ਨਾਲ ਲੜੀl  ਜਦ ਲੜਾਈ ਸਿਖਰ ਤੇ ਸੀ ਤੇ ਅੰਗਰੇਜਾਂ  ਨੂੰ ਆਪਣੀ ਹਾਰ ਸਾਫ ਦਿੱਖ ਰਹੀ ਸੀ ਤਾਂ ਡੋਗਰਿਆਂ ਨੇ ਬਾਰੂਦ ਦੀ ਜਗਾ  ਤੇ ਸਰਸੋ ਭੇਜ ਦਿੱਤੀ ਤੇ ਇਲਜ਼ਾਮ ਜਿੰਦਾ  ਤੇ ਸਿਰ ਮੜਕੇ  ਆਪ ਲੜਾਈ ਵਿੱਚੋਂ ਦੋੜ  ਗਏl  ਫੌਜ ਬਰੂਦ ਤੋਂ ਬਿਨਾਂ ਤੋਂਪਾਣ ਦੇ ਗੋਲਿਆਂ ਸਾਹਮਣੇ ਕਿ ਕਰਦੀ ਅਖੀਰ ਉਸ ਨੂੰ ਹਥਿਆਰ ਸੁੱਟਣੇ ਪਏl

ਇਸ ਬਹਦਰ ਔਰਤ ਦਾ  ਜਨਮ ਸੰਨ 1817, ਪਿੰਡ ਚਾੜ੍ਹ ਤਹਿਸੀਲ ਜ਼ਫ਼ਰਵਾਲ ਜ਼ਿਲ੍ਹਾ ਸਿਆਲਕੋਟ ਵਿਖੇ ਸਰਦਾਰ  ਮੰਨਾ ਸਿੰਘ ਔਲਖ਼, ਇੱਕ  ਗਰੀਬ ਜ਼ਿੰਮੀਦਾਰ ਪ੍ਰਵਾਰ ਵਿਚ ਹੋਇਆ। ਜਿੰਦ ਕੌਰ ਦੀ ਇੱਕ ਭੈਣ ਬਲਬੀਰ ਤੇ ਇੱਕ ਭਰਾ ਜਵਾਹਰ ਜੀ ਜੋ ਜਿੰਦਾ  ਨੂੰ ਬਹੁਤ ਪਿਆਰ ਕਰਦਾ ਸੀl ਪਿਤਾ ਮਹਾਰਜਾ ਰਣਜੀਤ ਸਿੰਘ ਦੇ ਘੋੜਿਆਂ ਦੀ ਦੇਖ ਰੇਖ ਕਰਦਾ ਸੀ ਤੇ ਅਕਸਰ ਕਿਲੇ ਵਿੱਚ ਹੀ ਰਹਿੰਦਾ ਸੀ ਕਦੇ ਕਦੇ ਘਰ  ਮਿਲਣ ਆਉਂਦਾ l ਕੁਦਰਤ ਨੇ  ਜਿੰਦ ਕੌਰ ਨੂੰ ਬਚਪਨ ਤੋਂ ਹੁਸਨ ਵਜੋਂ ਮਾਲਾਮਾਲ ਕੀਤਾ ਜਿਸਦਾ ਕੋਈ ਸਾਨੀ ਨਹੀਂ ਸੀl  ਕੁਦਰਤ ਨੇ ਉਸ ਨੂੰ  ਸੂਰਤ ਨਾਲ ਸੀਰਤ ਵੀ ਬਖਸ਼ੀ ਸੀl ਉਹ ਬੇਹੱਦ  ਖੂਬਸੂਰਤ , ਸਮਝਦਾਰ ਤੇ ਸੁਲਝੀ ਬੱਚੀ ਸੀl ਇੱਕ ਦਿਨ ਜਦ ਮਹਾਰਾਜੇ ਨੇ ਬੱਚੀ ਨੂੰ ਆਪਣੇ ਪਿਤਾ ਨਾਲ ਦੇਖਿਆ ਤਾਂ ਉਸਦੇ ਹੁਸਨ ਤੇ ਗੱਲ ਬਾਤ ਕਰਣ ਦੇ ਸਲੀਕੇ  ਤੋਂ ਇਤਨਾ  ਪ੍ਰਭਾਵਿਤ ਹੋਇਆ ਕਿ  ਉਸ ਨਾਲ ਸ਼ਾਦੀ ਕਰਵਾ ਲ਼ਈl   ਇਹ ਮਹਾਰਾਜੇ ਦੀ ਸੱਭ ਤੋਂ ਛੋਟੀ ਰਾਣੀ ਬਣੀ । ਮਹਾਰਾਜਾ ਰਣਜੀਤ ਸਿੰਘ ਦੀਆ ਹੋਰ ਵੀ ਰਾਣੀਆਂ ਸਨ ਪਰ ਮਹਾਰਾਣੀ ਦਾ ਖ਼ਿਤਾਬ ਸਿਰਫ਼ ਜਿੰਦ ਕੌਰ ਨੂੰ ਹੀ ਮਿਲਿਆ ਕਿਉਂਕਿ ਜਿੰਦ ਕੌਰ ਸਿਆਣੀ, ਤੀਖਣ ਬੁਧੀ ਦੀ ਮਾਲਕ ਸੀ। ਮਹਾਰਾਣੀ ਇਤਨੀ ਖੂਬਸੂਰਤ ਤੇ ਦਲੇਰ  ਸੀ ਕਿ ਇਨ੍ਹਾਂ ਨੂੰ “ਪੰਜਾਬ ਦੀ ਮੈਸਾਲੀਨਾ” ਆਖਿਆ ਜਾਂਦਾ ਹੈ।

ਮਹਾਰਾਣੀ ਜਿੰਦ ਕੌਰ ਨੇ 4 ਸਤੰਬਰ 1838 ਨੂੰ ਪੁੱਤਰ ਦਲੀਪ ਸਿੰਘ ਨੂੰ ਜਨਮ ਦਿਤਾ। ਦਲੀਪ ਸਿੰਘ ਅਜੇ 9 ਮਹੀਨੇ 24 ਦਿਨ ਦਾ ਸੀ ਜਦ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਦੇਹਾਂਤ ਹੋ ਗਿਆl ਮਹਾਰਾਣੀ ਜਿੰਦਾਂ ਵਿਆਹ ਤੋਂ ਢਾਈ ਸਾਲ ਬਾਅਦ ਹੀ ਵਿਧਵਾ ਹੋ ਗਈ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਸਦਾ  ਵੱਡਾ ਪੁੱਤਰ ਖੜਕ ਸਿੰਘ ਗੱਦੀ  ਤੇ ਬੈਠਾl

ਮਹਾਰਾਜਾ  ਰਣਜੀਤ ਸਿੰਘ ਨੇ ਰਾਜਾ ਧਿਆਨ ਸਿੰਘ ਡੋਗਰੇ ਤੇ ਉਸਦੇ ਪੁੱਤਰ ਹੀਰਾ ਸਿੰਘ ਨੂੰ ਬਹੁਤ ਸਿਰੇ ਚੜਾਇਆ ਸੀl ਕਹਿੰਦੇ ਹਨ ਹੀਰਾ ਸਿੰਘ ਜਦੋਂ ਸਵੇਰੇ ਉੱਠਦਾ ਸੀ ਮਹਾਰਾਜਾ ਰਣਜੀਤ ਸਿੰਘ 500 ਰੁਪਏ ਉਸਦੇ ਹੱਥ ਲਗਵਾ,  ਉਸਦੇ ਨਾਂ ਦਾ ਦਾਨ ਕਰਕੇ   ਗਰੀਬਾਂ ਵਿੱਚ ਵੰਡਦਾ ਸੀl ਮਹਾਰਾਜੇ ਦੇ  ਆਪਣੇ ਪੁੱਤਰਾਂ  ਨੂੰ  ਮਿਲਣ ਲਈ appointment ਲੈਣੀ ਪੈਂਦੀ ਸੀ ਪਰ ਧਿਆਨ ਸਿੰਘ ਜਦੋਂ ਚਾਹੇ ਮਹਾਰਾਜੇ ਨੂੰ ਮਿਲ ਸਕਦਾ ਸੀl ਇੱਥੋਂ ਤਕ ਕਿ ਧਿਆਨ ਸਿੰਘ ਨੂੰ ਜਨਾਨੇ -ਖਾਨੇ ਵਿੱਚ ਜਾਣ ਦੀ ਪੂਰੀ ਖੁੱਲ ਸੀ, ਜਦੋਂ ਚਾਹੇ ਜਾ ਸਕਦਾ ਸੀl ਰਾਜਾ  ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਤਾਂ  ਆਪਣੀ ਹੱਦ ਵਿੱਚ ਰਿਹਾ lਪਰ ਉਸਦੇ  ਮਰਨ ਤੋਂ ਬਾਅਦ ਧਿਆਨ ਸਿੰਘ ਨੇ ਆਪਣੀਆਂ ਸਾਰੀਆਂ ਹੱਦਾਂ ਪਰ ਕਰ ਲਈਆਂ ਇੱਥੋਂ ਤਕ ਕਿ ਤਖਤ ਤੇ ਵੀ ਆਪਣੇ ਪੁੱਤਰ ਹੀਰਾ  ਸਿੰਘ ਨੂੰ ਬਿਠਾਣ ਦੇ ਸਪਨੇ ਦੇਖਣ ਲਗਾ lਕਈ ਇਤਿਹਾਸਕਾਰਾਂ  ਦਾ ਤਾਂ ਇਹ ਵੀ ਕਹਿਣਾ ਹੈ ਕਿ ਜਦ ਮਹਾਰਾਜਾ  ਬਿਸਤਰ  ਤੇ ਪਿਆ ਸੀ ਤਾਂ ਧਿਆਨ ਸਿੰਘ ਦੇ ਹੁਕਮ ਤੇ ਮਹਾਰਾਜੇ  ਨੂੰ ਵੀ ਖਾਣੇ ਵਿੱਚ ਜਹਿਰ ਮਿਲਾ ਕੇ ਵੀ ਦਿੱਤਾ ਜਾਂਦਾ ਸੀl

ਮਹਾਰਾਜੇ ਨੇ ਆਪਣੀ ਹਾਲਤ ਦੇਖਦੇ  ਆਪਣੇ  ਵੱਡੇ ਪੁੱਤਰ ਖੜਕ ਸਿੰਘ ਨੂੰ ਤੱਖਤ ਤੇ ਬਿਠਾਣ ਦਾ ਐਲਾਨ ਕਰ  ਦਿੱਤਾ l ਪਰ ਧਿਆਨ ਸਿੰਘ ਨੇ ਤਾਂ  ਖੜਕ ਸਿੰਘ ਨੂੰ  ਪਹਿਲੇ ਹੀ ਰਸੋਈਏ ਦੀ ਮਦਤ ਨਾਲ  ਸ਼ਰਾਬ ਵਿੱਚ slow poison ਮਿਲਾ ਕੇ ਮਰਨ ਦੇ ਕਿਨਾਰੇ ਪੁੱਚਾ  ਦਿੱਤਾ ਸੀl ਰਾਜਾ ਧਿਆਨ ਸਿੰਘ ਨੇ ਖੜਕ ਸਿੰਘ ਨੂੰ ਉਸਦੇ ਮਹਿਲ ਵਿੱਚ  ਹਾਊਸ ਅਰੇਸਟ ਕਰਕੇ  ਰਾਜ ਭਾਗ ਦੀ ਦੇਖ ਰੇਖ ਦਾ ਸਾਰਾ ਕੰਮ ਕੰਵਰ ਨੌਣੀਹਾਲ ਸਿੰਘ ਨੂੰ ਸੋਂਪ ਦਿੱਤਾl ਮਹਾਰਾਜੇ ਖੜਕ ਸਿੰਘ ਦੀ ਮੌਤ ਤੋਂ ਤੀਸਰੇ ਦਿਨ ਬਾਅਦ ਜਿਸ ਦਿਨ ਸਸਕਾਰ ਸੀ -ਵਾਪਸੀ ਤੇ ਕੰਵਰ ਨੌਂਨਿਹਾਲ ਨੂੰ ਡੋਗਰਿਆਂ ਨੇ ਇੱਕ ਸਾਜਿਸ਼ ਤਹਿਤ ਕਿਲੇ ਦੀ ਦਿਵਾਰ ਗਿਰਵਾਕੇ ਮਰਵਾ ਦਿੱਤਾl  ਮਹਾਰਾਜਾ ਸ਼ੇਰ ਸਿੰਘ  ਰਾਜ ਤਖ਼ਤ ਉਤੇ ਬੈਠਾ ਸੀ ਪਰ ਬਦਕਿਸਮਤੀ ਨਾਲ ਮਹਾਰਾਜਾ  ਸ਼ੇਰ ਸਿੰਘ ਤੇ  ਉਸਦੇ  ਅੱਠ ਸਾਲ ਦਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਨੂੰ ਲਹਿਣਾ ਸਿੰਘ ਤੇ ਉਸ ਦੇ ਭਤੀਜੇ ਅਜੀਤ ਸਿੰਘ ਨੇ ਗੋਲੀ ਮਾਰ ਕੇ ਮਾਰ ਦਿਤਾ।

ਰਣਜੀਤ ਸਿੰਘ ਦੇ ਪਹਿਲੇ ਤਿੰਨ ਗੱਦੀਨਸ਼ੀਨਾਂ ਦੀ ਸਿਆਸੀ ਹੱਤਿਆ ਤੋਂ ਬਾਅਦ ਉਸ ਦਾ ਛੋਟਾ ਪੱਤਰ ਦਲੀਪ ਸਿੰਘ ਸਤੰਬਰ 1843 ਵਿੱਚ ਪੰਜ ਵਰ੍ਹੇ ਦੀ ਉਮਰ ਵਿੱਚ ਮਹਾਰਾਜਾ ਬਣਿਆ ਅਤੇ ਨਾਬਾਲਗ ਹੋਣ ਕਰ ਕੇ ਜਿੰਦ ਕੌਰ ਉਸ ਦੀ ਆਗੂ ਨੁਮਾਇੰਦਾ ਬਣੇ। ਦੂਸਰੀ ਐਂਗਲੋ ਸਿੱਖ ਜੰਗ ਵਿੱਚ ਸਿੱਖਾਂ ਦੀ ਹਾਰ ਤੋਂ ਕੁਝ ਸਮੇਂ ਬਾਅਦ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾਂ ਨੂੰ ਹਾਊਸ ਅਰੈਸਟ ਬਣਾਕੇ  ਕਿਲੇ ਵਿੱਚ  ਨਜ਼ਰਬੰਦ ਰੱਖਿਆ ਸੀ ।

ਲਹਿਣਾ ਸਿੰਘ ਨੇ  ਧਿਆਨ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿਤਾ ਤਾਕਿ ਧਿਆਨ ਸਿੰਘ ਨਵੇਂ ਮਹਾਰਾਜੇ ਦਾ ਵਜ਼ੀਰ ਨਾ ਬਣ ਜਾਵੇ ਅਤੇ  ਮਹਾਰਾਣੀ ਜਿੰਦ ਕੌਰ ਕੋਲੋਂ ਦਲੀਪ ਸਿੰਘ ਨੂੰ ਲਿਆ ਕੇ 16 ਸਤੰਬਰ 1843 ਨੂੰ ਤਖ਼ਤ ਤੇ ਬਿਠਾ ਦਿਤਾ ਜਿਸ ਸਮੇਂ ਦਲੀਪ ਸਿੰਘ ਦੀ ਉਮਰ ਕੇਵਲ ਪੰਜ ਸਾਲ ਗਿਆਰਾਂ ਦਿਨ ਦੀ ਸੀ। ਲਹਿਣਾ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਖ਼ੂਨ ਨਾਲ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਉਤੇ ਟਿੱਕਾ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾ ਦਿਤੀ।ਮਹਾਰਾਣੀ ਜਿੰਦਾਂ ਨੂੰ ਇਸਦਾ ਸਰਪ੍ਰਸਤ ਬਣ ਦਿਤਾ ਤੇ ਆਪ ਇਨ੍ਹਾਂ ਦਾ ਵਜ਼ੀਰ ਬਣ ਗਿਆ। ਨਾਬਾਲਗ਼ ਬੱਚੇ ਦੇ ਮੱਥੇ ਤੇ ਖ਼ੂਨ ਦਾ ਲੱਗਾ ਟਿੱਕਾ ਵੇਖ ਕੇ ਮਹਾਰਾਣੀ ਜਿੰਦ ਕੌਰ ਚਿੰਤਤ ਹੋ ਗਈ। ਇਹ ਸੱਭ ਕੁੱਝ ਹੋਣ ਤੋਂ ਬਾਅਦ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਗੁੱਸੇ ਵਿਚ ਆ ਕੇ ਲਾਹੌਰ ਦਰਬਾਰ ਉਪਰ ਫ਼ੌਜ ਚਾੜ੍ਹ ਲਿਆਇਆ। ਫ਼ੌਜ ਨੇ ਲਹਿਣਾ ਸਿੰਘ ਤੇ ਉਸ ਦੇ ਭਤੀਜੇ ਅਜੀਤ ਸਿੰਘ ਨੂੰ ਮਾਰ ਦਿਤਾ।

ਹੀਰਾ ਸਿੰਘ ਨੇ ਵੀ  ਦਲੀਪ ਸਿੰਘ ਨੂੰ ਤਖ਼ਤ ਉਤੇ ਬਿਠਾ ਕੇ ਲਹਿਣਾ ਸਿੰਘ ਦੇ ਖ਼ੂਨ ਦੀ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਖ਼ੂਨ ਦਾ ਟਿੱਕਾ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾਈ। ਆਪ ਵਜ਼ੀਰ ਬਣ ਗਿਆ ਤੇ ਮਹਾਰਾਣੀ ਜਿੰਦ ਕੌਰ ਨੂੰ ਸਰਪ੍ਰਸਤ ਲਗਾਇਆ ਗਿਆ। ਹੀਰਾ ਸਿੰਘ ਡੋਗਰਾ ਮਹਾਰਾਣੀ ਨਾਲ ਖਾਰ ਖਾਂਦਾ ਸੀ। ਜਦ ਉਸਨੇ  ਮਹਾਰਾਣੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਸਾਜ਼ਿਸ਼ ਦਾ ਪਤਾ ਲੱਗ ਤਾਂ ਅਪਣੇ ਸਾਥੀਆਂ ਸਮੇਤ ਜੰਮੂ ਨੂੰ ਭੱਜ ਗਿਆ ਜਿਸ ਨੂੰ ਰਸਤੇ ਵਿਚ ਘੇਰ ਕੇ 21 ਦਸੰਬਰ 1844 ਨੂੰ ਮਾਰ ਦਿਤਾ ਗਿਆ। ਫਿਰ ਮਹਾਰਾਣੀ ਜਿੰਦ ਕੌਰ ਨੇ ਅਪਣੇ ਭਰਾ ਜਵਾਹਰ ਸਿੰਘ ਨੂੰ ਵਜ਼ੀਰ ਬਣਾ ਦਿਤਾ। 30 ਅਗੱਸਤ 1845 ਨੂੰ ਇਕ ਸਾਜ਼ਸ਼ ਤਹਿਤ ਕੰਵਰ ਪਿਸ਼ੌਰਾ ਸਿੰਘ ਦਾ ਕਤਲ ਹੋ ਗਿਆ। ਇਸ ਕਤਲ ਦਾ ਇਲਜ਼ਾਮ ਜਵਾਹਰ ਸਿੰਘ ਦੇ ਸਿਰ ਲੱਗ ਗਿਆ। ਭੜਕੇ ਹੋਏ ਲੋਕਾਂ ਦੇ ਇਕੱਠ ਨੇ ਜਵਾਹਰ ਸਿੰਘ ਦਾ ਕਤਲ ਕਰ ਦਿਤਾ। ਇਸ ਕਤਲ ਨਾਲ ਮਹਾਰਾਣੀ ਜਿੰਦ ਕੌਰ ਦਾ ਸਹਾਰਾ ਟੁੱਟ ਗਿਆ।

ਅੰਗਰੇਜ਼ਾਂ ਨੇ 12 ਦਸੰਬਰ 1846 ਨੂੰ ਮਹਾਰਾਣੀ ਜਿੰਦਾਂ ਦੀ ਸਰਕਾਰੀ ਕੰਮਾਂ ਕਾਰਾਂ ਤੋਂ ਬੇਦਖਲ ਕਰ ਦਿੱਤਾ ਤੇ  ਸੰਮਨ ਬੁਰਜ ਲਾਹੌਰ ਦਰਬਾਰ ਵਿਚ ਨਜ਼ਰਬੰਦ ਕਰ ਦਿਤਾ। 19 ਅਗੱਸਤ 1847 ਨੂੰ ਸੇਖੂਪੁਰਾ ਕਿਲ੍ਹੇ ਵਿਚ ਕੈਦ ਕਰ ਦਿਤਾ। 29 ਮਾਰਚ 1849 ਨੂੰ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ। 16 ਮਈ 1848 ਨੂੰ ਇਕ ਕੈਦੀ ਦੇ ਤੌਰ ਉਤੇ ਮਹਾਰਾਣੀ ਜਿੰਦਾਂ ਨੂੰ ਪੰਜਾਬ ਤੋਂ ਬਨਾਰਸ ਭੇਜ ਦਿਤਾ। ਉਥੇ ਉਸ ਦਾ ਸੰਪਰਕ ਮਹਾਰਾਜ ਸਿੰਘ ਤੇ ਚਤਰ ਸਿੰਘ ਅਟਾਰੀਵਾਲਾ ਨਾਲ ਹੋਇਆ ਜਦ ਅੰਗਰੇਜ਼ਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਨ੍ਹਾਂ ਮਾਰਚ 1849 ਵਿਚ ਮਹਾਰਾਣੀ ਜਿੰਦਾਂ ਨੂੰ ਚਿਨਾਰ ਕਿਲ੍ਹੇ ਵਿਚ ਭੇਜਣ ਦਾ ਫ਼ੈਸਲਾ ਲੈ ਲਿਆ।

ਇਹ ਗੱਲ ਮਾਰਚ, 1849 ਦੇ ਅਖ਼ੀਰਲੇ ਦਿਨਾਂ ਦੀ ਹੈ। ਜਦ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ  ਇਸ ਦਾ ਡਟਵਾਂ ਵਿਰੋਧ ਕੀਤਾ। ਪਰ ਅੰਗਰੇਜ਼ਾਂ ਨੇ ਉਸ ਨੂੰ ਜ਼ਬਰਦਸਤੀ ਲਿਜਾਣ ਦੀ ਧਮਕੀ ਦਿਤੀ। ਉਸ ਨੂੰ ਚਿਨਾਰ ਪਹੁੰਚਾਉਣ ਵਾਸਤੇ ਇੱਕ ਵੱਡੀ ਫ਼ੌਜ ਵੀ ਨਾਲ ਭੇਜੀ ਗਈ। ਇਸ ਫ਼ੌਜ ਦੀ ਅਗਵਾਈ ਮੇਜਰ ਮੈਕਗਰੈਗਰ ਕਰ ਰਿਹਾ ਸੀ। 4 ਅਪਰੈਲ 1849 ਨੂੰ  ਚਿਨਾਰ ਪਹੁੰਚ ਕੇ ਮੇਜਰ ਮੈਕਗਰੇਗਰ ਨੇ ਰਾਣੀ ਨੂੰ ਚਿਨਾਰ ਕਿਲ੍ਹੇ ਦੇ ਇੰਚਾਰਜ ਕੈਪਟਨ ਰੀਅਸ ਦੇ ਹਵਾਲੇ ਕਰਦਿਆਂ ਕਿਹਾ ਕਿ ਉਹ ਰਾਣੀ ਦੀ ਆਵਾਜ਼ ਪਛਾਣ ਲਵੇ ਅਤੇ ਹਰ ਰੋਜ਼ ਅੰਦਰ ਜਾ ਕੇ ਉਸ ਦੀ ਕੋਠੜੀ ਵਿੱਚ ਉਸ ਨੂੰ ਵੇਖ ਕੇ ਆਵੇ ਕਿ ਉਹ ਉਥੇ ਹੀ ਹੈ । ਕਿਉਂਕਿ ਰਾਣੀ ਪਰਦੇ ਵਿੱਚ ਹੁੰਦੀ  ਸੀ, ਇਸ ਲਈ ਉਸ ਨੂੰ ਉਸ ਦੀ ਆਵਾਜ਼ ਤੋਂ ਹੀ ਪਛਾਣਿਆ ਜਾ ਸਕਦਾ  ਸੀ। 5 ਤੋਂ 15 ਅਪਰੈਲ, 1849 ਤਕ ਕੈਪਟਨ ਰੀਅਸ ਹਰ ਰੋਜ਼ ਰਾਣੀ ਦੇ ਕਮਰੇ ਵਿੱਚ ਜਾ ਕੇ ਉਸ ਦੀ ਆਵਾਜ਼ ਦੀ ਸ਼ਨਾਖ਼ਤ ਕਰ ਕੇ ਉਸ ਦੀ ‘ਹਾਜ਼ਰੀ’ ਲਾਉਂਦਾ ਰਿਹਾ। 15 ਅਪਰੈਲ ਨੂੰ ਕੈਪਟਨ ਨੇ ਮਹਿਸੂਸ ਕੀਤਾ ਕਿ ਉਸ ਦੀ ਆਵਾਜ਼ ਵਿੱਚ ਫ਼ਰਕ ਹੈ। ਜਦ ਕੈਪਟਨ ਨੇ ‘ਰਾਣੀ’ (ਉਸ ਦੇ ਕਪੜੇ ਪਾ ਕੇ ਬੈਠੀ ਸੇਵਾਦਾਰਨੀ) ਤੋਂ ਆਵਾਜ਼ ਵਿੱਚ ਫ਼ਰਕ ਦਾ ਕਾਰਨ ਪੁਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਜ਼ੁਕਾਮ ਹੋਇਆ ਹੈ। ਕੈਪਟਨ ਨੇ ਇਸ ਨੂੰ ਸੱਚ ਸਮਝ ਲਿਆ ਤੇ ਮੁੜ ਗਿਆ। ਦਰਅਸਲ ਰਾਣੀ ਜਿੰਦਾਂ ਤਾਂ 6 ਅਪਰੈਲ 1848 ਨੂੰ ਹੀ ਨੌਕਰਾਣੀ ਦੇ ਸਹਿਯੋਗ ਨਾਲ  ਨੌਕਰਾਣੀ ਦੇ  ਕਪੜੇ ਪਾ ਕੇ, ਕਿਲ੍ਹੇ ਵਿਚੋਂ ਬਾਹਰ ਨਿਕਲ ਗਈਸੀ । ਜ਼ਿੰਦਗੀ ਨਾਲ ਸੰਘਰਸ਼ ਕਰਦੀ , ਪੈਦਲ ਚਲਦੀ ਚਲਦੀ ਅਖੀਰ 29 ਅਪ੍ਰੈਲ 1849 ਨੂੰ ਨੇਪਾਲ ਦੇ ਰਾਜੇ ਜੰਗ ਬਹਾਦਰ ਕੋਲ ਪਹੁੰਚ ਗਈ। ਉਸ ਨੇ ਰਾਜੇ ਕੋਲ ਜਾ ਕੇ ਫ਼ਰਿਆਦ ਕੀਤੀ, “ਮੇਰੇ ਕਪੜੇ ਵੇਖ ਕੇ ਮੇਰਾ ਅੰਦਾਜ਼ਾ ਨਾ ਲਗਾਵੀਂ, ਮੈਂ  ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਦੀ ਰਾਣੀ ਹਾਂ , ਫਿਰ ਜਿੰਦ ਕੌਰ ਨੇ ਕਿਹਾ, ” ਮੇਰਾ ਅੰਗਰੇਜ਼ਾਂ ਨੇ ਰਾਜ ਭਾਗ ਖੋਹ ਲਿਆ ਹੈ। ਮੇਰੇ 9 ਸਾਲਾ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਮੇਰੇ ਕੋਲੋਂ ਵੱਖ ਕਰ ਦਿਤਾ ਹੈ।”ਮਹਾਰਾਣੀ ਦੇ ਦੁੱਖ ਸੁਣ ਕੇ ਨੇਪਾਲ ਦੇ ਰਾਜੇ ਨੇ ਜਿੰਦ ਕੌਰ ਨੂੰ ਕਿਹਾ, ”ਮੈਂ ਤੇਰਾ ਦੁੱਖ ਤਾਂ ਨਹੀਂ ਵੰਡਾ ਸਕਦਾ ਨਾ ਹੀ ਮੈਂ ਫ਼ੌਜ ਭੇਜ ਕੇ ਤੇਰੀ ਮਦਦ ਕਰ ਸਕਦਾ ਹਾਂ। ਪਰ ਤੈਨੂੰ ਸ਼ਰਨ ਦੇ ਸਕਦਾ ਹਾਂ।” ਰਾਜੇ ਜੰਗ ਬਹਾਦਰ ਨੇ ਮਹਾਰਾਣੀ ਨੂੰ ਨੇਪਾਲ ਵਿਚ ਸ਼ਰਨ ਦੇ ਕੇ ਕਾਠਮਾਂਡੂ ਵਿਚ ਰਾਣੀ ਦੇ ਰਹਿਣ ਵਾਸਤੇ ਇੱਕ ਮਹਿਲ ਬਣਵਾ ਦਿੱਤਾ।

ਮਹਾਰਾਣੀ ਜਿੰਦ ਕੌਰ ਨੂੰ ਬੰਦੀ ਬਣਾਉਣ ਤੋਂ ਕੁੱਝ ਸਮੇਂ ਬਾਅਦ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਕੁਝ ਦੇਰ ਆਪਣੀ ਹਿਰਾਸਤ ਵਿੱਚ ਰੱਖਿਆ ,ਫਿਰ  ਮਹਾਰਾਣੀ ਵਿਕਟੋਰੀਆ ਦੀ ਦੇਖ ਰੇਖ ਅੰਦਰ ਇੰਗਲੈਂਡ ਭੇਜ ਦਿਤਾ। ਉਥੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਦਿਤਾ ਗਿਆ। 6-7 ਸਾਲ ਦਾ ਬੱਚਾ ਸੀ ,ਉਥੇ  ਉਸ ਨੂੰ ਹਰ ਸੁਖ ਸੁਵਿਧਾ ਦਿੱਤੀ ਗਈ ਤੇ ਉਹ ਉਸੇ ਮਹੋਲ ਵਿੱਚ ਰਚ-ਮਿਚ ਗਿਆl

ਮਹਾਰਾਣੀ ਦੀ ਜਿੰਦਗੀ ਬਿਲਕੁਲ ਬਦਲ ਗਈ ਸੀ , ਬਿਲਕੁਲ ਸ਼ਾਂਤ ,ਬਸ ਨੇਮ ਨਾਲ ਸਵੇਰੇ -ਸ਼ਾਮੀ ਗੁਰੂ ਦਵਾਰੇ ਜਾਂਦੀl  13  ਸਾਲਾਂ ਬਾਅਦ ਮਹਾਰਾਣੀ ਜਿੰਦਾਂ ਨੇ ਨੇਪਾਲ ਦੇ ਰਾਜੇ ਜੰਗ ਬਹਾਦਰ ਅੱਗੇ ਆਪਣੇ ਪੁੱਤਰ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀl   ਜੰਗ ਬਹਾਦਰ ਨੇ ਮਾਂ-ਪੁੱਤਰ ਦੇ ਮਿਲਾਪ ਵਾਸਤੇ ਅੰਗਰੇਜ਼ ਸਰਕਾਰ ਨੂੰ ਚਿੱਠੀ ਲਿਖ ਦਿਤੀ। ਅੰਗਰੇਜ਼ਾਂ ਨੂੰ ਇਹ ਤਾਂ ਸਮਝ ਆ  ਗਈ ਕਿ ਹੁਣ ਮਹਾਰਾਣੀ ਵਿੱਚ ਸਾਡਾ  ਵਿਰੋਧ ਕਰਣ ਦਾ ਦਮ ਨਹੀ ਰਿਹਾl ਪਰ ਪਬਲਿਕ ਦੇ ਰੋਸ ਵਜੋਂ ਕੋਈ ਹੰਗਾਮਾ ਨਾ ਹੋ ਜਾਏ,  ਮਿਲਣ ਦੀ ਆਗਿਆ ਤਾਂ ਦੇ ਦਿਤੀ ਪਰ ਸ਼ਰਤ ਰੱਖ ਦਿਤੀ ਕਿ ਮਿਲਣ ਦੀ ਥਾਂ ਪੰਜਾਬ ਤੋਂ ਦੂਰ ਕਲੱਕਤੇ ਵਿਚ ਹੋਵੇਗੀ । ਜਨਵਰੀ 1861 ਵਿਚ ਦਲੀਪ ਸਿੰਘ ਇੰਗਲੈਂਡ ਤੋਂ ਕਲੱਕਤੇ ਆ ਗਿਆ। ਉਸ ਦੀ ਮਾਂ ਬੜੀਂਆਂ  ਸੱਧਰਾਂ -ਚਾਵਾਂ  ਨਾਲ 13 ਸਾਲ ਬਾਅਦ ਪੁੱਤਰ ਨੂੰ ਮਿਲਣ ਵਾਸਤੇ ਕਲੱਕਤੇ ਆ ਗਈ। ਕਲੱਕਤੇ ਸਪੈਨਿਸ਼ ਹੋਟਲ ਵਿਚ ਮਾਂ-ਪੁੱਤਰ ਦਾ ਮਿਲਾਪ ਹੋਇਆ।ਮਹਾਰਾਣੀ ਜਿੰਦਾਂ ਦੀ ਪੁੱਤਰ ਦੇ ਵਿਛੋੜੇ ਵਿਚ ਵਿਰਲਾਪ ਕਰਦੀ ਦੀ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ। ਉਸ ਨੇ ਪੁੱਤਰ ਨੂੰ ਗਲਵਕੜੀ ਵਿਚ ਲੈ ਕੇ ਪਿਆਰ ਕੀਤਾ। ਹੌਲੀ-ਹੌਲੀ ਅਪਣੇ ਪੁੱਤਰ ਦੀ ਪਛਾਣ ਕਰਦੀ-ਕਰਦੀ ਅਪਣਾ ਹੱਥ ਉਸ ਦੇ ਸਿਰ ਉਤੇ ਲੈ ਗਈ। ਮਹਾਰਾਣੀ ਉਸ ਦੇ ਸਿਰ ਤੇ ਜੂੜਾ ਅਪਣੇ ਹੱਥੀਂ ਕਰਿਆ ਕਰਦੀ ਸੀ ਤੇ ਅੱਜ ਉਸ ਦੇ ਸਿਰ ਤੇ ਕੀਤੇ ਜੂੜੇ ਨੂੰ ਤੇ ਪੱਗ ਬੰਨੀ ਨੂੰ ਵੇਖਣਾ ਚਾਹੁੰਦੀ ਸੀ ਪਰ ਵਾਲ ਕੱਟੇ ਹੋਏ ਹੋਣ ਕਰ ਕੇ ਨਾ ਪੱਗ ਨਾ ਜੂੜਾ ਹੱਥ ਵਿਚ ਆਇਆ।ਜਦ ਮੂੰਹ ਤੇ ਹੱਥ ਫੇਰਿਆ ਤਾਂ ਉਹ ਵੀ ਸਾਫ਼ ਸੀ। ਫਿਰ ਧਾਹਾਂ ਮਾਰ-ਮਾਰ ਰੋਂਦੀ ਹੋਈ ਕਹਿਣ ਲੱਗੀ, ”ਮੇਰੀ ਏ ਕਿਸਮਤੇ ਤੂੰ ਇਹ ਕੀ ਕੀਤਾ! ਮੇਰੇ ਸਿਰ ਦਾ ਤਾਜ ਵੀ ਖੋਹ ਲਿਆ, ਰਾਜ ਭਾਗ ਵੀ ਖੋਹ ਲਿਆ, ਮੇਰਾ ਪੰਜਾਬ ਵੀ ਖੋਹ ਲਿਆ। ਮੇਰਾ ਪੁੱਤ ਵੀ ਵਿਛੋੜ ਦਿਤਾ, ਮੇਰੀ ਜਾਨ ਤੋਂ ਪਿਆਰੀ ਸਿੱਖੀ ਵੀ ਖੋਹ ਲਈ। ਮੈਂ ਲਾਹੌਰ ਕਿਲ੍ਹੇ ਦੇ ਬਾਹਰ ਖਲੋ ਕੇ ਸਵੇਰ ਵੇਲੇ ਹੀਰੇ ਜਵਾਹਰਤ ਦੇ ਭਰੇ ਥਾਲ ਵੰਡਣ ਵਾਲੀ ਅੱਜ ਨਰਕ ਭਰੀ ਜ਼ਿੰਦਗੀ ਭੋਗ ਰਹੀ ਹਾਂ।”ਥੋੜਾ ਵਕਤ ਮਾਂ -ਪੁੱਤ ਨੇ ਆਪਸ ਵਿੱਚ ਦੁਖ ਸੁਖ ਫੋਲੇ ਤੇ ਫਿਰ ਅੰਗਰੇਜ਼ੀ ਸਰਕਾਰ ਤੋਂ ਇਜਾਜ਼ਤ ਲੈਕੇ ਮਾਂ  ਨੂੰ ਆਪਣੇ ਨਾਲ ਇੰਗਲੈਂਡ ਲੈ ਗਿਆ ਪਰ ਉਥੇ ਵੀ ਮਾਂ ਪੁੱਤ ਨੂੰ ਇਕੱਠੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀl  ਦਲੀਪ ਸਿੰਘ ਨੂੰ ਲੰਡਨ ਵਿਚ ਰਖਿਆ ਗਿਆ। ਜਿੰਦ ਕੌਰ ਨੂੰ ਕੈਨਸਿੰਗਟਨ ਵਿਚ ਰਖਿਆ ਗਿਆ।ਹਾਂ ਕਦੇ ਕਦੇ ਮਾਂ – ਪੁੱਤ ਮਿਲ ਸਕਦੇ ਸੀ ਮਹਾਰਾਣੀ ਜਿੰਦ ਕੌਰ ਨੇ ਅਪਣੇ ਪੁੱਤਰ ਦਲੀਪ ਸਿੰਘ ਨੂੰ ਕਿਹਾ, ”ਪੁੱਤਰ! ਜਦ ਮੈਂ ਮਰ ਗਈ ਤਾਂ ਮੇਰਾ ਸਰੀਰ  ਇਥੋਂ ਲਿਜਾ ਕੇ ਮੇਰੇ ਸਿਰ ਦੇ ਸਾਈਂ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਵਿਚ ਰੱਖ ਦੇਵੀਂ। ਮੇਰਾ ਸਸਕਾਰ ਵੀ ਮੇਰੇ ਸਿਰ ਦੇ ਸਾਈ ਦੀ ਯਾਦਗਰ ਕੋਲ ਹੀ ਕਰ ਦੇਵੀ ਵੇਖੀ ਕਿਤੇ ਮੇਰੇ ਸਰੀਰ  ਦੀ ਮਿੱਟੀ ਇਥੇ  ਸਸਕਾਰ ਕਰ ਕੇ ਇਸ ਨਿਰਦਈ ਜਾਲਮਾਂ ਦੀ ਮਿੱਟੀ ਵਿਚ ਨਾ ਮਿਲਾ ਦੇਵੀਂ।” l ਅਖੀਰ  ਅਗਸਤ 1863 ਨੂੰ ਕੈਨਸਿੰਗਟਨ (ਲੰਡਨ) ਵਿਖੇ ਮਹਾਰਾਣੀ  ਦੀ ਮੌਤ ਹੋ ਗਈ। ਇਹਨਾਂ ਨੂੰ ਕੇਨਸਲ ਗ੍ਰੀਨ ਕਬਰਿਸਤਾਨ ਵਿਖੇ ਆਰਜ਼ੀ ਤੌਰ ’ਤੇ ਰੱਖਿਆ  ਗਿਆ l

ਦਲੀਪ ਸਿੰਘ ਨੂੰ ਅਪਣੀ ਮਾਤਾ ਦਾ ਸਰੀਰ  ਭਾਰਤ ਲਿਆਉਣ ਦੀ ਮਨਜ਼ੂਰੀ ਛੇ ਮਹੀਨੇ ਬਾਅਦ ਇਸ ਸ਼ਰਤ ਉਤੇ ਮਿਲੀ ਕਿ ਤੂੰ ਇਸ ਦਾ ਸਸਕਾਰ ਪੰਜਾਬ ਵਿਚ ਨਹੀਂ ਕਰ ਸਕਦਾ। ਦਲੀਪ ਸਿੰਘ ਅਪਣੀ ਮਾਤਾ ਦੀ ਮ੍ਰਿਤਕ ਦੇਹ ਲੈ ਕੇ ਮੁੰਬਈ ਪਹੁੰਚ ਗਿਆ।ਨਾਸਿਕ ਵਿਚ ਨਰਬਦਾ ਦਰਿਆ ਦੇ ਕੰਢੇ ਤੇ ਉਸ ਦਾ ਸਸਕਾਰ ਕਰ ਕੇ ਵਾਪਸ ਮੁੜ ਗਿਆ।

 ਮਹਾਰਾਜਾ ਦਲੀਪ ਸਿੰਘ ਦੀ ਲੜਕੀ ਸਹਿਜ਼ਾਦੀ ਬੰਬਾ ਦਾ ਜਨਮ 29 ਸਤੰਬਰ 1869 ਨੂੰ ਲੰਡਨ ਵਿਚ ਹੋਇਆ। ਵਿਆਹ ਤੋਂ ਬਾਅਦ ਉਸ ਨੇ ਅਪਣੀ ਰਿਹਾਇਸ਼ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਵਿਖੇ ‘ਗੁਲਜ਼ਾਰ’ ਨਾਮੀ ਬੰਗਲੇ ਵਿਚ ਕਰ ਲਈ। ਜੋ ਕੰਮ ਉਸ ਦੇ ਪਿਤਾ ਦਲੀਪ ਸਿੰਘ ਤੋਂ ਨਾ ਹੋ ਸਕਿਆ, ਉਹ ਕੰਮ ਉਸ ਨੇ ਕਰ ਵਿਖਾਇਆ। ਉਸ ਨੇ ਅਪਣੀ ਦਾਦੀ ਦੀ ਅੰਤਮ ਇੱਛਾ ਨੂੰ ਪੂਰਾ ਕਰਦਿਆਂ ਜਿੰਦ ਕੌਰ ਦੀ ਨਾਸਿਕ ਵਿਚ ਬਣੀ ਸਮਾਧ ਨੂੰ ਪੁੱਟ ਕੇ ਉਸ ਵਿਚੋਂ ਅਸਥੀਆਂ ਕੱਢ ਕੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਦੱਬ ਦਿਤੀਆਂ। ਇਸ ਤਰ੍ਹਾਂ ਮਹਾਰਾਣੀ ਜਿੰਦਾਂ ਦੀ ਦੁਖਦਾਈ ਜ਼ਿੰਦਗੀ ਦਾ ਅੰਤ ਹੋਇਆ।

     ਵਾਹਿਗੁਰੂ ਜੀ  ਕਾ ਖਾਲਸਾ ਵਾਹਿਗੁਰੂ ਜੀ ਫਤਹਿ

Print Friendly, PDF & Email

Nirmal Anand

Add comment

Translate »