SikhHistory.in

ਪੰਜਾਬੀ ਸੂਬਾ (1 ਨਵੰਬਰ 1966)

ਪੰਜਾਬੀ ਸੂਬਾ

ਹਿੰਦੁਸਤਾਨ ਨੂੰ ਅਜ਼ਾਦ ਕਰਣ ਤੋਂ ਪਹਿਲਾਂ ਅੰਗਰੇਜ਼ਾਂ ਨੇ ਵੀ ਸਿੱਖਾਂ ਨੂੰ ਪਾਕਿਸਤਾਨ ਵਾਂਗ ਅਲੱਗ ਸਟੇਟ ਲੈਣ ਦੀ ਤਜਵੀਜ਼ ਪੇਸ਼ ਕੀਤੀ ਸੀl ਪਰ ਨਹਿਰੂ ਅਤੇ ਗਾਂਧੀ ਨੇ ਜੋ ਅਜ਼ਾਦੀ ਤੋਂ ਪਹਿਲਾਂ ਸਿੱਖਾਂ ਨੂੰ ਸਬਜ਼ ਬਾਗ ਦਿੱਖਾਏ ਸੀ, ਉਹਨਾਂ ਤੇ ਭਰੋਸਾ ਕਰਕੇ ਸਿੱਖਾਂ ਨੇ ਭਾਰਤ ਨਾਲ ਰਲਣ ਦਾ ਫੈਸਲਾ ਕਰ ਲਿਆl 4 ਅਪ੍ਰੈਲ 1946 ਨੂੰ ਜਵਾਹਰ ਲਾਲ ਨਹਿਰੂ ਨੇ ਬਿਆਨ ਦਿੱਤਾ ਸੀ ਕਿ ਸੂਬਿਆਂ ਦੀ ਪੁਨਰ ਵੰਡ ਜ਼ਰੂਰੀ ਹੈ ਅਤੇ ਨਾ ਟਾਲੀ ਜਾਣ ਵਾਲੀ ਹੈ। ਮੈਂ ਅਰਧ (ਅੱਧੇ) ਖੁਦਮੁਖ਼ਤਾਰ ਇਕਾਈ ਦਾ ਪੱਖੀ ਹਾਂ। ਮੈਂ ਚਾਹੁੰਦਾ ਹਾਂ ਉਨ੍ਹਾਂ(ਭਾਵ ਸਿੱਖਾਂ ਨੂੰ) ਨੂੰ ਅਰਧ ਖੁਦਮੁਖਤਾਰ ਸੂਬੇ ਅੰਦਰ ਇਕਾਈ ਮਿਲੇ ਜਿਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣ। ਪਰ ਅਜ਼ਾਦੀ ਤੋਂ ਬਾਅਦ ਸਰਕਾਰ ਦੀ ਨਿਯਤ ਬਦਲ ਗਈl ਸੀ।
1947 ਤੋਂ ਪਿੱਛੋਂ ਜਦ ਅਕਾਲੀਆਂ ਨੇ ਹੋਮਲੈਂਡ ਦਾ ਮੁੱਦਾ ਉਠਾਇਆ ਤਾਂ ਡਾ. ਅੰਬੇਡਕਰ ਨੇ ਅਕਾਲੀਆਂ ਨੂੰ ਕਿਹਾ- ਵੇਲੇ ਦਾ ਕੰਮ ਤੇ ਕੁਵੇਲੇ ਦੀਆਂ ਟੱਕਰਾਂ। ਹੁਣ ਸਿੱਖ ਹੋਮਲੈਂਡ ਦੀ ਮੰਗ ਗੈਰਸੰਵਿਧਾਨਕ ਐਲਾਨ ਕੇ ਸਰਕਾਰ ਗ੍ਰਿਫਤਾਰੀਆਂ ਸ਼ੁਰੂ ਕਰ ਦਏਗੀ। ਸੰਵਿਧਾਨ ਵਿੱਚ ਭਾਸ਼ਾ-ਆਧਾਰਿਤ ਸੂਬਿਆਂ ਦਾ ਗਠਬੰਧਨ ਕਰਨ ਦੀ ਵਿਵਸਥਾ ਕਰ ਦਿੱਤੀ ਗਈ ਹੈ। ਤੁਸੀਂ ਪੰਜਾਬੀ ਸੂਬਾ ਮੰਗੋ ਜੋ ਵਾਸਤਵ ਵਿੱਚ ਸਿੱਖ ਬਹੁਗਿਣਤੀ ਦਾ ਪ੍ਰਾਂਤ ਹੋਵੇਗਾ। ਉੱਥੇ ਤੁਹਾਡੀਆਂ ਰਾਜਨੀਤਕ ਇੱਛਾਵਾਂ ਦੀ ਅੰਸ਼ਿਕ ਪੂਰਤੀ ਸੰਭਵ ਹੋ ਸਕੇਗੀ।
ਇਸਦੇ ਅਸਰ ਵਜੋਂ ਪੰਜਾਬੀ ਸੂਬਾ ਲਹਿਰ ਪੰਜਾਬ ਵਿੱਚ ਸੰਨ 1950 ਵਿੱਚ ਪੰਜਾਬੀ-ਬਹੁਗਿਣਤੀ ਸੂਬੇ ਦੀ ਰਚਨਾ ਦੇ ਉਦੇਸ਼ ਨੂੰ ਲੈਕੈ ਅਕਾਲੀ ਦਲ ਦੀ ਅਗਵਾਈ ਵਿੱਚ ਚਲਿਆ ਅੰਦੋਲਨ ਸੀ।
1950 ਵਿੱਚ, ਭਾਰਤ ਭਰ ਦੇ ਭਾਸ਼ਾਈ ਸਮੂਹਾਂ ਨੇ ਅੱਡ ਅੱਡ ਰਾਜਾਂ ਦੀ ਮੰਗ ਕੀਤੀ, ਜਿਸ ਲਈ ਦਸੰਬਰ 1953 ਵਿੱਚ ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ । ਉਸ ਸਮੇਂ ਭਾਰਤ ਦੇ ਪੰਜਾਬ ਵਿੱਚ ਅਜੋਕੇ ਰਾਜ , ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਤੇ ਚੰਡੀਗੜ੍ਹ ਵੀ ਸ਼ਾਮਲ ਸਨ।
ਮਾਸਟਰ ਤਾਰਾ ਸਿੰਘ ਨੇ 23 ਮਈ 1960 ਦੇ ਦਿਨ ਐਲਾਨ ਕੀਤਾ, “ 12 ਜੂਨ ਨੂੰ ਦਿੱਲੀ ਵਿਖੇ ਇੱਕ ਵਿਸ਼ਾਲ ਜਲੂਸ ਕੱਢਿਆ ਜਾਵੇਗਾ ਜੋ ਪੰਜਾਬੀ ਸੂਬਾ ਦੀ ਮੰਗ ਦਾ ਅਜ਼ਾਦ ਭਾਰਤ ਦੀ ਰਾਜਧਾਨੀ ਅੰਦਰ ਪਹਿਲਾਂ ਖੁੱਲਾ ਧਾਰਮਿਕ ਨਹੀਂ ਬਲਿਕ ਰਾਜਨੀਤਕ ਐਕਸ਼ਨ ਹੋਵੇਗਾl ਮਾਸਟਰ ਤਾਰਾ ਸਿੰਘ ਦੇ ਇਸ ਖੁੱਲੇ ਐਲਾਨ ਹੋਣ ਦੀ ਦੇਰ ਸੀ ਕਿ ਹਕੂਮਤ ਦੀ ਜਬਰ ਮਸ਼ੀਨਰੀ ਹਰਕਤ ਵਿੱਚ ਆ ਗਈl ਮਾਸਟਰ ਤਾਰਾ ਸਿੰਘ ਸਮੇਤ ਸਭਨਾ ਪ੍ਰਮੁੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਜੇਲਾਂ ਵਿੱਚ ਡੱਕ ਦਿੱਤਾl ਦੋਨੋਂ ਅਕਾਲੀ ਅਖਬਾਰਾਂ “ਪ੍ਰਭਾਤ” (ਉਰਦੂ) ਤੇ, “ ਅਕਾਲੀ” (ਪੰਜਾਬੀ)ਉੱਤੇ ਪਾਬੰਦੀ ਲਗਾ ਦਿੱਤੀl ਦਫਤਰਾਂ ਨੂੰ ਬੰਦ ਕਰ ਦਿੱਤਾ ਤੇ ਅਖਬਾਰੀ ਸਟਾਫ਼ ਨੂੰ ਹਥਕੜੀਆਂ ਨਾਲ ਜਕੜ ਕੇ ਥਾਣੇ ਅੰਦਰ ਤਾਲੇ ਲਗਾ ਦਿਤੇl

ਇਸ ਮੋਰਚੇ ਨੇ ਕਈ ਪੜਾਅ ਤੈਅ ਕੀਤੇ। ਵੱਡੇ ਪੰਜਾਬ ਦਾ ਮੁੱਖ-ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਕੁਸ਼ਲ ਪ੍ਰਸ਼ਾਸਕ ਅਤੇ ਦਾਉ ਪੇਚਾਂ ਦਾ ਮਾਹਿਰ ਸੀ। ਉਸ ਨੇ ਪੰਜਾਬੀ ਸੂਬੇ ਦੀ ਮੰਗ ਪ੍ਰਤੀ ਵਧਦੀ ਹੋਈ ਹਰਮਨਪਿਆਰਤਾ ਵਿੱਚ ਚਿੱਬ ਪਾਉਣ ਵਾਸਤੇ ਇੱਕ ਵਿਉਂਤ ਘੜੀ। ਨਾਅਰਾ ਦਿੱਤਾ- ਪੰਜਾਬੀਆਂ ਨੂੰ ਕਿਸੇ ਹੋਰ ਕੱਟੇ-ਵੱਢੇ ਨਿੱਕੇ ਪੰਜਾਬੀ ਸੂਬੇ ਦੀ ਲੋੜ ਨਹੀਂ। ਪੰਜਾਬੀਆਂ ਨੂੰ ਕਿਸੇ ਚੀਜ਼ ਦੀ ਇਸ ਵਕਤ ਲੋੜ ਹੈ ਤਾਂ ਉਹ ਹੈ ਇੱਕ ਅਜਿਹੀ ਯੂਨੀਵਰਸਿਟੀ ਦੀ ਸਥਾਪਨਾ ਜਿਹੜੀ ਪੰਜਾਬ ਦੇ ਵਿਰਸੇ ਨੂੰ ਸੰਭਾਲੇ, ਪੰਜਾਬੀ ਭਾਸ਼ਾ, ਪੰਜਾਬ ਦਾ ਇਤਿਹਾਸ, ਪੰਜਾਬ ਦਾ ਸਭਿਆਚਾਰ ਵਿਕਸਿਤ ਕਰੇ। ਪ੍ਰਧਾਨ ਮੰਤਰੀ ਪੰ. ਜਵਾਹਰਲਾਲ ਨਹਿਰੂ ਉਸਦੀ ਇਸ ਗੱਲ ਨਾਲ ਸਹਿਮਤ ਹੋ ਗਏ।
ਮਕਸਦ ਦੀ ਪੂਰਤੀ ਵਾਸਤੇ ਸਰਚ ਕਮੇਟੀ ਬਣੀ ਜਿਸਦੇ ਚੇਅਰਮੈਨ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਸਕੱਤਰ ਪ੍ਰੋ. ਹਰਬੰਸ ਸਿੰਘ ਸਥਾਪਿਤ ਹੋਏ। ਮਹਾਰਾਜੇ ਨੇ ਯੂਨੀਵਰਸਿਟੀ ਲਈ ਪਟਿਆਲਾ ਸ਼ਹਿਰ ਚੁਣਿਆ, ਪਟਿਆਲੇ ਦੀ ਉਹ ਜ਼ਮੀਨ ਚੁਣੀ ਜਿਹੜੀ ਖੇਤੀ ਲਈ ਉਸ ਸਮੇਂ ਸਭ ਤੋਂ ਨਿਕੰਮੀ ਸੀ। ਸਾਲ ਵਿੱਚ ਇੱਕ ਫਸਲ ਹੋਇਆ ਕਰਦੀ। ਆਖਰ 1962 ਵਿੱਚ ਨੀਂਹ ਪੱਥਰ ਰੱਖਿਆ ਗਿਆ।
ਪੰਜਾਬੀ ਯੂਨੀਵਰਸਿਟੀ ਤਾਂ ਬਣ ਗਈ ਪਰ ਕੈਰੋਂ ਸਾਹਿਬ ਦੀ ਇੱਛਾ ਅਨੁਸਾਰ ਇਸ ਸਦਕਾ ਪੰਜਾਬੀ ਸੂਬੇ ਦਾ ਮੋਰਚਾ ਮੱਠਾ ਨਹੀਂ ਪਿਆ।
ਅਕਾਲੀ ਦਲ ਨੇ ਸਰਕਾਰ ਵੱਲੋਂ ਕੀਤੇ ਜਬਰ ਹੱਥਕੰਡਿਆਂ ਵਿਰੁੱਧ ਤੇ ਪੰਜਾਬੀ ਸੂਬੇ ਦੀ ਹੱਕੀ ਮੰਗ ਦੇ ਪੱਖ ਵਿੱਚ ਆਵਾਜ਼ ਬੁਲੰਦ ਕਰਣ ਲਈ ਅਮ੍ਰਿਤਸਰ ਦਰਬਾਰ ਸਾਹਿਬ ਤੋਂ ਬਕਾਇਦਾ ਰੂਪ ਵਿੱਚ ਮੋਰਚਾ ਆਰੰਭ ਕਰ ਦਿੱਤਾl ਹਰ ਰੋਜ਼ 11 ਜਾਂ 21 ਸੂਰਮੇ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਕੇ ,”ਪੰਜਾਬੀ ਸੂਬਾ ਜਿੰਦਾਬਾਦ ਦੇ ਨਾਹਰੇ ਗੁਜਾਉਂਦੇ ਗ੍ਰਿਫ਼ਤਾਰ ਹੋ ਜਾਂਦੇl 12 ਜੂਨ ਨੂੰ ਜਲੂਸ ਨੂੰ ਰੋਕਣ ਲਈ ਦਿੱਲੀ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ, ਮਾਸਟਰ ਤਾਰਾ ਸਿੰਘ ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆl ਗੁਰੂਦਵਾਰਾ ਸੀਸ ਗੰਜ ਨੂੰ ਪੁਲਿਸ ਦੇ ਘੇਰੇ ਵਿੱਚ ਲੈ ਲਿਆl ਇਸਦੇ ਬਾਵਜੂਦ ਵੀ ਹਜ਼ਾਰਾਂ ਸਿੱਖ ਗੁਰੂਦਵਾਰੇ ਤੋਂ ਬਾਹਰ ਆਉਂਦੇ ਤੇ ਗ੍ਰਿਫ਼ਤਾਰੀਆਂ ਲਈ ਪੇਸ਼ ਹੁੰਦੇl ਪੁਲਿਸ ਵਾਲਿਆਂ ਨੇ ਇਨ੍ਹਾਂ ਸ਼ਾਂਤ ਮਈ ਨਿਹੱਥੇ ਸਿੱਖਾਂ ਨਾਲ ਵਹਿਸ਼ਆਨਾ ਵਰਤਾਵ ਵੀ ਕੀਤਾ , ਲਾਠੀਆਂ ਚਲਾਈਆਂ , ਅਥੱਰੂ ਗੈਸ ਛੱਡੀ ਤੇ ਜੋ ਜ਼ੁਲਮ ਉਹ ਕਰ ਸਕਦੇ ਸੀ ਕੀਤੇl

27 ਮਈ 1964 ਨੂੰ ਪੰ. ਜਵਾਹਰਲਾਲ ਦਾ ਦੇਹਾਂਤ ਹੋ ਗਿਆ। ਅਕਾਲੀ ਦਲ ਦੀ ਵਾਗਡੋਰ ਮਾਸਟਰ ਤਾਰਾ ਸਿੰਘ ਹੱਥੋਂ ਨਿਕਲ ਕੇ ਸੰਤ ਫਤਿਹ ਸਿੰਘ ਪਾਸ ਆ ਗਈ। ਪਾਕਿਸਤਾਨ ਨੇ 1965 ਵਿੱਚ ਭਾਰਤ ਉੱਪਰ ਹਮਲਾ ਕਰ ਦਿੱਤਾ। ਸੰਤ ਫਤਿਹ ਸਿੰਘ ਨੇ ਦੇਸ ਦੀ ਸੁਰੱਖਿਆ ਹਿਤ ਲੜਾਈ ਦੇ ਦੌਰਾਨ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਇਸ ਭਰੋਸੇ ਤੇ ਕਿ ਜੰਗ ਜਿੱਤ ਕੇ ਘਰੋਗੀ ਮਸਲੇ ਹੱਲ ਕਰ ਲਵਾਂਗੇ। l ਸਿੱਖਾਂ ਦਾ ਭਰੋਸਾ ਜਿੱਤਣ ਹੇਤ ਪਾਰਲੀਮੈਂਟਰੀ ਕਮੇਟੀ ਬਣਾ ਦਿੱਤੀ ਗਈ ਜਿਸਦਾ ਕਮੇਟੀ ਚੇਅਰਮੈਨ ਸਾਂਸਦ ਸ. ਹੁਕਮ ਸਿੰਘ ਥਾਪੇ ਗਏ।

ਲੜਾਈ ਤੋਂ ਬਾਅਦ ਤਾਸ਼ਕੰਤ ਸਮਝੌਤੇ ਉੱਪਰ ਹਸਤਾਖਰ ਕਰਨ ਪਿੱਛੋਂ ਸ਼੍ਰੀ ਲਾਲ ਬਹਾਦਰ ਦਾ ਰੂਸ ਵਿੱਚ ਦੇਹਾਂਤ ਹੋ ਗਿਆ । ਇੰਦਰਾ ਗਾਂਧੀ ਪਾਸ ਹਕੂਮਤ ਆ ਗਈ। ਇੰਦਰਾ ਗਾਂਧੀ ਨੂੰ ਸੂਹੀਆ ਵਿਭਾਗ ਵਲੋਂ ਖਬਰ ਮਿਲੀ ਕਿ ਹੁਕਮ ਸਿੰਘ ਨੇ ਪੰਜਾਬੀ ਸੂਬਾ ਬਣਾਉਣ ਦੇ ਹੱਕ ਵਿੱਚ ਰਿਪੋਰਟ ਤਿਆਰ ਕਰ ਲਈ ਹੈ। ਹੁਕਮ ਸਿੰਘ ਪਾਸ ਸੁਨੇਹਾ ਭੇਜਿਆ ਗਿਆ ਕਿ ਪ੍ਰਧਾਨ ਮੰਤਰੀ ਜੀ ਨੇ ਰਿਪੋਰਟ ਸਮੇਤ ਹਾਜ਼ਰ ਹੋਣ ਲਈ ਕਿਹਾ ਹੈ। ਹੁਕਮ ਸਿੰਘ ਨੇ ਕਿਹਾ- ਪਾਰਲੀਮੈਂਟ ਨੇ ਮੈਂਨੂੰ ਰਿਪੋਰਟ ਤਿਆਰ ਕਰਨ ਨੂੰ ਕਿਹਾ ਹੈ, ਪ੍ਰਧਾਨ ਮੰਤਰੀ ਜੀ ਨੇ ਨਹੀਂ। ਮੈਂ ਪਾਰਲੀਮੈਂਟ ਵਿੱਚ ਰਿਪੋਰਟ ਪੇਸ਼ ਕਰਾਂਗਾ। ਸਾਂਸਦ ਵਿੱਚ ਰਿਪੋਰਟ ਪੇਸ਼ ਹੋਈ ਜਿੱਥੇ ਮਨਜ਼ੂਰ ਕਰ ਲਈ ਗਈ। ਪਰ ਸ. ਪ੍ਰਤਾਪ ਸਿੰਘ ਕੈਰੋਂ ਨਾ ਪੰਜਾਬੀ ਯੂਨੀਵਰਸਿਟੀ ਵਧਦੀ ਫੁਲਦੀ ਦੇਖ ਸਕੇ, ਨਾ ਪੰਜਾਬੀ ਸੂਬਾ, 6 ਫਰਵਰੀ 1965 ਦੇ ਦਿਨ ਉਨ੍ਹਾਂ ਦਾ ਕਤਲ ਹੋ ਗਿਆ।

1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆ ਗਿਆ। ਪੰਜਾਬ ਨੂੰ ਤੋੜ ਕੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਸੂਬੇ ਬਣਾ ਦਿੱਤੇ ਗਏ। ਜਿਸਦੇ ਨਤੀਜਾ ਵਜੋਂ ਪੰਜਾਬ ਨੂੰ ਜਿਤਨਾ ਛੋਟਾ ਕਰ ਸਕਦੇ ਸੀ ਕਰ ਦਿੱਤਾl ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਰਗੇ ਇਹ ਆਗੂ ਧਾਰਮਿਕ ਤੌਰ ਤੇ ਭਾਵੇਂ ਕੁਝ ਹੱਦ ਤੱਕ ਸਮਝ ਰਖਦੇ ਸਨ ਪਰ ਰਾਜਨੀਤੀ ਦੀ ਡੂੰਘੀ ਸਮਝ ਨਾਂ ਹੋਣ ਕਰਕੇ ਸਮੇਂ ਦੀ ਸਰਕਾਰ ਵੱਲੋਂ ਕੁਟਿਲਤਾ ਭਰਪੂਰ ਚੱਲੀ ਚਾਲ ਨੂੰ ਨਾਂ ਸਮਝ ਸਕੇ ਅਤੇ ਪੰਜਾਬ ਦੇ 3 ਟੋਟੇ ਕਰਵਾ ਦਿਤੇ
ਇਨ੍ਹਾਂ ਆਗੂਆਂ ਦੀ ਪੰਜਾਬੀ ਸੂਬੇ ਦੀ ਮੰਗ ਦੇ ਮਗਰ ਧਾਰਮਿਕ ਅਤੇ ਸਿੱਖਾਂ ਦੀ ਰਾਜਸੀ ਅਜ਼ਾਦੀ ਦੀ ਸੋਚ ਸੀ, ਇੱਕ ਅਜਿਹੇ ਰਾਜ, ਜਿੱਥੇ ਸਿੱਖਾਂ ਦੀ ਪਛਾਣ ਨੂੰ ਕਾਇਮ ਰੱਖਿਆ ਜਾ ਸਕਦਾ ਸੀ।ਪਰ ਜਿਸ ਤਰੀਕੇ ਨਾਲ ਅੱਜ ਪੰਜਾਬ ਵਿਚੋਂ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਸੁਨਿਹਰੀ ਇਤਿਹਾਸ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਅਜੈਂਸੀਆਂ ਵੱਲੋਂ ਇੱਕ ਸਾਜਿਸ਼ ਅਧੀਨ ਖਤਮ ਕੀਤਾ ਜਾ ਰਿਹਾ ਹੈ ਉਸ ਹਿਸਾਬ ਨਾਲ ਉਹ ਦਿਨ ਦੂਰ ਨਹੀਂ ਲੱਗ ਰਿਹਾ ਜਦੋਂ ਮੁੜ ਤੋਂ ਪੰਜਾਬ ਦੀ ਨਵੀਂ ਹੱਦ ਬੰਦੀ ਫਿਰ ਤੋਂ ਇਸੀ ਫਾਰਮੂਲੇ ਅਧੀਨ ਕੀਤੀ ਜਾਵੇਗੀ ਅਤੇ ਇਸ ਵਿਚੋਂ ਇੱਕ ਜਾਂ ਦੋ ਹੋਰ ਛੋਟੀਆਂ ਛੋਟੀਆਂ ਸਟੇਟਾਂ ਅਲੱਗ ਕਰ ਦਿੱਤੀਆਂ ਜਾਣਗੀਆਂ।
ਉਹ ਸਮੇਂ ਸਿੱਖ ਇਹ ਵੀ ਮੰਗ ਨਹੀਂ ਕਰ ਸਕਣਗੇ ਕਿ ਸਿੱਖਾਂ ਦੀ ਬਹੁਗਿਣਤੀ ਵਾਲੇ ਇਲਾਕੇ ਸਿੱਖਾਂ ਨੂੰ ਦਿੱਤੇ ਜਾਣ ਕਿਉਂਕਿ ਜੇਕਰ ਉਸ ਸਮੇਂ ਇਹ ਸ਼ਰਤ ਰਖੀ ਗਈ ਕਿ ਜੋ ਸਾਬਤ ਸੂਰਤ ਹੋਵੇਗਾ ਉਸੀ ਨੂੰ ਸਿੱਖ ਮੰਨਿਆ ਜਾਵੇਗਾ ਤਾਂ ਅੱਜ ਪੰਜਾਬ ਦੀ 80 ਪਰਸੈਂਟ ਨੌਜਵਾਨੀ ਫੋਕੀ ਫੈਸ਼ਨਬਾਜ਼ੀ ਵਿੱਚ ਪੈ ਕੇ ਆਪਣੀਆਂ ਅਸਲੀ ਸੂਰਤਾਂ ਗਵਾਈ ਬੈਠੇ ਹਨ , ਉਨ੍ਹਾਂ ਦੀ ਇਹ ਮੰਗ ਵੀ ਨਹੀਂ ਮੰਨੀ ਜਾਵੇਗੀ। ਅੱਜ ਅਸੀਂ ਇੰਨੇ ਅਵੇਸਲੇ ਹੋ ਚੁੱਕੇ ਹਾਂ ਕੇ ਜਿਸ ਟਾਹਣੀ ਤੇ ਖੜੇ ਹਾਂ ਉਸੀ ਨੂੰ ਆਪਣੇ ਹਥੀਂ ਵੱਡੀ ਜਾ ਰਹੇ ਹਾਂ ।ਊੜੇ ਅਤੇ ਜੂੜੇ ਦੋਨਾਂ ਤੋਂ ਅਸੀਂ ਟੁੱਟ ਚੁੱਕੇ ਹਾਂ।

                      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »