SikhHistory.in

ਸਰਦਾਰ ਤੇਜਾ ਸਿੰਘ ਸਮੁੰਦਰੀ ( 1882-1926 )

ਸਰਦਾਰ ਤੇਜਾ ਸਿੰਘ ਸਮੁੰਦਰੀ  ਗੁਰੂਦਵਾਰਾ ਸੁਧਾਰ ਲਹਿਰ ਦਾ ਇਕ ਅਹਿਮ ਹਿਸਾ ਸਨ 1 ਸੋਚ ਵਿਚਾਰ ਵਜੋਂ ਬਹੁਤ ਗਹਿਰ ਗੰਭੀਰ , ਦੂਰ ਅੰਦੇਸ਼ .ਬਾ-ਵਕਾਰ ,ਮਿਥ ਬੋਲੜੇ , ਕਥਨੀ ਤੇ ਕਰਨੀ ਵਲੋਂ ਪੂਰੇ ਗੁਰਸਿਖ  ਜਿਨ੍ਹਾ ਨੇ ਆਪਣੀ ਸਾਰੀ ਉਮਰ ਪੰਥ ਦੀ ਚੜਦੀ ਕਲਾ ਲਈ ਕੁਰਬਾਨ ਕਰ ਦਿਤੀ 1

ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫਰਵਰੀ  1882  , ਪਿੰਡ ਰਾਏ ਕਾ ਬੁਰਜ ,ਪਟੀ  ਤਹਿਸੀਲ, ਜਿਲਾ ਅਮ੍ਰਿਤਸਰ ,  ਰਿਸਾਲਦਰ  ਮੇਜਰ ਸਰਦਾਰ ਦੇਵਾ ਸਿੰਘ ਤੇ ਮਾਈ  ਨੰਦ ਕੋਰ ਦੇ ਗ੍ਰਹਿ ਵਿਖੇ ਹੋਇਆ 1 ਇਸ ਪਿੰਡ ਦਾ ਮੁਢਲਾ ਤੇ ਅਸਲੀ ਨਾਂ ਸੀ ਰਾਇ ਪੁਰ ਬਲਿਮੇਂ 1 ਜਦੋਂ ਅੰਗਰੇਜਾਂ ਨੇ ਬਾਰ  ਦਾ ਇਲਾਕਾ ਵਸਾਇਆ ਤਾਂ ਸਰਦਾਰ ਦੇਵਾ ਸਿੰਘ ਨੂੰ ਫੋਜੀ ਸੇਵਾ ਬਦਲੇ ਜ਼ਿਲਾ ਲਾਇਲਪੁਰ (ਫੈਸ੍ਲਾਬਾਦ) ਤਹਿਸੀਲ ਸਮੁੰਦਰੀ ,ਚਕ ਨੰਬਰ 140 , ਗਗੋਰਾ ਬਰਾਂਚ ਵਿਚ ਇਨ੍ਹਾ ਦੀ ਫੋਜੀ ਸੇਵਾ ਨੂੰ ਮੁੱਖ ਰਖਦਿਆਂ , 5 ਮੁਰ੍ਬੇ  ਜਮੀਨ ਦੇ ਦਿਤੀ ਤਾਂ  ਇਹ ਪਰਿਵਾਰ ਸਮੇਤ ਉਥੇ ਹੀ ਵਸ ਗਏ 1

ਤੇਜਾ ਸਿੰਘ ਅਜੇ ਬਾਲਕ ਹੀ ਸਨ 1 ਪਿਤਾ ਇਨ੍ਹਾ ਨੂੰ ਆਪਣੇ ਨਾਲ ਬਾਰ ਫੋਜ਼ ਵਿਚ ਲੈ ਗਏ 1 ਸ਼ਾਇਦ ਇਸੇ ਕਾਰਨ ਇਹ ਸਿਰਫ ਪੰਜ ਜਮਾਤਾਂ ਤਕ ਹੀ ਪੜ੍ਹ ਪਾਏ ਸੀ ਪਰ ਬੜੀ ਛੋਟੀ ਉਮਰੇ ਹੀ ਇਨ੍ਹਾ ਨੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਨਾਲ ਸੁਖਮਨੀ ਸਾਹਿਬ ਤੇ ਆਸਾ ਦੀ ਵਾਰ ਵੀ ਕੰਠ ਕਰ ਲਈ  ਸੀ 1  ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਬਹੁਤ ਸ਼ਰਧਾ ਨਾਲ ਤੇ ਰਸ-ਭਿਨਾ ਕਰਦੇ ਸੀ ।

ਇਨ੍ਹਾ ਦੀ ਇਕੋ ਇਕ ਉਲਾਦ ਸੀ ,ਬਿਸ਼ਨ ਸਿੰਘ ਸਮੁੰਦਰੀ ਜਿਨ੍ਹਾਂ ਪੜ੍ਹਾਈ ਦੇ ਖੇਤਰ ‘ਚ ਬੜਾ ਨਾਮਣਾ ਖੱਟਿਆ। ਜੋ ਪਹਿਲਾਂ ਖਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਤੇ ਬਾਅਦ ਵਿਚ 1969  ਵਿਚ ਨਵੀਂ ਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ,ਅਮ੍ਰਿਤਸਰ  ਦੇ ਪਹਿਲੇ ਵਾਇਸ ਚਾਂਸਲਰ ਬਣੇ 1

ਆਪ ਜੀ ਨੇ  ਮੁਢਲੇ ਤਿੰਨ ਚਾਰ ਸਾਲ ਫੋਜ ਵਿਚ ਦਫੇਦਾਰ ਦੇ ਆਹੁਦੇ ਤੇ ਨੌਕਰੀ ਕੀਤੀ ਪਰ ਚਾਰ ਸਾਲਾਂ ਵਿਚ ਛਡ ਦਿਤੀ 1ਇਨ੍ਹਾ ਦੀ ਰੁਚੀ ਧਾਰਮਿਕ ਤੇ ਸਮਾਜ ਸੁਧਾਰ ਵਲ ਜਿਆਦਾ ਸੀ 1 ਨੋਕਰੀ ਛਡਣ ਤੋ ਬਾਅਦ ਸਰਦਾਰ ਤੇਜਾ ਸਿੰਘ ਸਮੁੰਦਰੀ  ਚੀਫ਼ ਖਾਲਸਾ ਦੀਵਾਨ ਦੇ ਮੈਂਬਰ ਬਣ ਕੇ ਆਪਣੇ ਪਿੰਡ  ਸਮੁੰਦਰੀ ਵਿਚ ਖਾਲਸਾ ਦੀਵਾਨ ਕਾਇਮ ਕੀਤਾ ਤੇ ਇਸ ਤੋਂ ਪਿੱਛੋਂ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਇਕੱਠਾ ਕਰਕੇ ‘ਖ਼ਾਲਸਾ ਦੀਵਾਨ ਬਾਰ’ ਦੀ ਸਥਾਪਨਾ ਕੀਤੀ।

ਆਪ ਛੋਟੇ ਹੁੰਦਿਆਂ ਤੋਂ ਲੋੜਵੰਦਾ , ਅਨਾਥਾਂ , ਬੇਸਹਾਰਿਆਂ ਤੇ ਗਰੀਬਾਂ ਦੀ ਮਦਤ ਕਰਦੇ ਰਹਿੰਦੇ ਸਨ1ਇਨ੍ਹਾ ਨੇ ਆਪਣੇ ਪਿੰਡ ਵਿਚ ਖਾਲਸਾ ਮਿਡਲ ਸਕੂਲ ਤੇ ਸਰਹਾਲੀ ਵਿਚ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਖੋਲਕੇ  ਲੋਕਾਂ ਨੂੰ ਸਿੱਖਿਅਤ ਕਰਨ ਲਈ ਵੱਡਾ ਉੱਦਮ ਕੀਤਾ।  ਜਿਨ੍ਹਾ ਦਾ ਖਰਚਾ ਇਹ ਆਪ ਚਲਾਉਂਦੇ ਸੀ 1

ਆਪਣੇ ਇਲਾਕੇ ਵਿਚ ਲੋਕ ਸੁਧਾਰਕ ਸਰਗਰਮੀਆਂ ਤੇ ਵਿਦਿਅਕ ਸੇਵਾਵਾਂ ਕਰਕੇ ਮੁਢ ਤੋਂ ਹੀ ਪ੍ਰਸਿਧ ਸਨ 1ਪ੍ਰੋਫ਼ੇਸਰ  ਰੁਚੀ ਰਾਮ ਸਾਹਨੀ, ਤੇਜਾ ਸਿੰਘ ਦੀ ਲਿਆਕਤ ਬਾਰੇ ਆਪਣੀ ਪ੍ਰਸਿੱਧ ਪੁਸਤਕ ‘Struggle for Reform in Sikh Shrines vich  ਲਿਖਦਾ ਹੈ, “ਸਰਦਾਰ  ਤੇਜਾ ਸਿੰਘ ਸਮੁੰਦਰੀ ਸੱਚਮੁਚ ਹੀ ਬੜਾ ਕਮਾਲ ਦਾ ਬੰਦਾ ਸੀ, ਸਧਾਰਣ ਸ਼ਬਦਾਂ ਵਿਚ ਗੱਲ ਕੀਤਿਆਂ, ਉਹ ਪੜ੍ਹਿਆ ਲਿਖਿਆ ਬੰਦਾ ਨਹੀਂ ਸੀ, ਪਰ ਉਹ ਸਿੱਖ ਇਤਿਹਾਸ ਅਤੇ ਸਿੱਖ ਧਰਮ ਬਾਰੇ ਸਭ ਕੁਝ ਜਾਣਦਾ ਸੀ। ਮੈਂ ਉਸ ਨੂੰ ਜਦੋਂ ਕਦੇ ਗੱਲ ਕਰਦਿਆਂ ਸੁਣਿਆ, ਉਹ ਮੈਨੂੰ ਸਿੱਖ ਇਤਿਹਾਸ ਦੀ ਬੜੀ ਬਾਰੀਕ ਸੂਝ ਰੱਖਣ ਵਾਲਾ ਵਿਅਕਤੀ ਦਿਸ ਆਇਆ। ਉਸ ਦਾ ਸਿੱਖ ਇਤਿਹਾਸ ਦੇ ਉਸ ਕਾਲ ਦਾ ਗਿਆਨ ਤਾਂ ਬੜਾ ਅਦਭੁਤ ਸੀ, ਜਿਸ ਨੇ ਉਸ ਦੇ ਸਿੱਖ-ਨਿਸਚੇ ਤੇ ਆਚਰਣ ਨੂੰ ਅਮਲ ਦੀ ਕੁਠਾਲੀ ਵਿਚ ਢਾਲ ਕੇ ਕੰਚਨ ਵਰਗਾ ਬਣਾ ਦਿੱਤਾ ਸੀ। ਸਮੁੰਦਰੀ ਸਾਹਿਬ ਦੀ ਸਭ ਤੋਂ ਵੱਡੀ ਇੱਛਾ ਖਾਲਸੇ ਨੂੰ ਉਸ ਸਮੇਂ ਉਚੇ ਆਦਰਸ਼ਾਂ ਤੇ ਰਵਾਇਤਾਂ ਅਨੁਸਾਰ ਜੀਵਨ ਬਤੀਤ ਕਰਦੇ ਵੇਖਣਾ ਸੀ।”

ਉਹ ਆਪਣੀ ਸਖਸ਼ੀਅਤ ਵਜੋਂ ਵੀ ਬਹੁਤ ਹਰਮਨ ਪਿਆਰੇ ਸੀ 1 ਉਨ੍ਹਾ ਦੇ ਕੋਮਲ ਹਿਰਦੇ ਵਿਚ ਸਚ, ਪ੍ਰੇਮ, ਪਿਆਰ ਤੇ ਗੁਰਬਾਣੀ ਲਈ ਅਪਾਰ ਸ਼ਰਧਾ , ਗੰਭੀਰਤਾ  ਤੇ ਦ੍ਰਿੜਤਾ ਦਾ ਅਮੁਕ ਸੋਮਾ ਸੀ 1 ਕਹਿੰਦੇ ਹਨ ਕਿ ਬਾਬਾ ਘੜਕ ਸਿੰਘ ਤੋਂ ਪਿਛੋਂ ਉਨ੍ਹਾ ਵਰਗਾ ਕੋਈ ਲੀਡਰ ਨਹੀਂ ਹੋਇਆ 1 ਜਦੋਂ ਪੰਜਾਬੀ ਦੇ ਪ੍ਰਸਿਧ ਖੋਜੀ ਵਿਦਵਾਨ ਡਾਕਟਰ ਪਿਆਰਾ ਸਿੰਘ ਤੇ ਬਾਵਾ ਹਰਕ੍ਰਿਸ਼ਨ, ਤੇਜਾ ਸਿੰਘ ਸਮੁੰਦਰੀ ਦੀ ਜਾਣਕਾਰੀ ਹਾਸਿਲ ਕਰਨ ਗਏ ਤਾ ਉਨ੍ਹਾ ਵੀ ਇਕੋ ਗਲ ਆਖੀ ਕੀ  Teja Singh is the flower of Akali Movement. ਰਕਾਬ ਗੰਜ , ਦਿਲੀ ਦੇ ਮੋਰਚੇ ਵਿਚ ਇਨ੍ਹਾ ਨੇ ਪਹਿਲੇ 100 ਸਿਖਾਂ ਦੇ ਜਥੇ ਵਿਚ ਆਪਣਾ ਨਾਂ  ਦਿਤਾ 1 ਨਨਕਾਣੇ ਸਹਿਬ ਦੇ ਮੋਰਚੇ ਤੋਂ ਬਾਅਦ ਗੁਰੂ ਧਾਮਾ ਦੀ ਵਿਵਸਥਾ ਕਰਣ ਲਈ ਬਣਾਈ ਕਮੇਟੀ ਦੇ ਇਹ ਮੇਂਬਰ ਸਨ 1 ਸ਼ਰੋਮਣੀ ਗੁਰੂਦਵਾਰਾ ਕਮੇਟੀ ਦੇ ਇਹ ਮੀਤ ਪ੍ਰਧਾਨ ਵੀ ਰਹੇ 1 ਚਾਬੀਆਂ ਦੇ ਮੋਰਚੇ  ਤੇ ਜੈਤੋਂ ਦੇ ਮੋਰਚੇ  ਦੋਨੋ ਮੋਰਚਿਆਂ ਵਿਚ ਇਹ ਜੇਲ ਗਏ 1

ਗੁਰਦੁਆਰਾ ਸੁਧਾਰ ਲਹਿਰ ਦੇ ਸਿਦਕੀ ਸਿੱਖ ਆਗੂ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਜਿਸ ਦ੍ਰਿੜ੍ਹਤਾ, ਸਾਦਗੀ, ਸਿਦਕਦਿਲੀ ਅਤੇ ਨਿਸ਼ਕਾਮ ਸੇਵਕ ਵਜੋਂ ਇਸ ਲਹਿਰ ਵਿਚ ਮਹਾਨ ਯੋਗਦਾਨ ਪਾਇਆ, ਉਸ ਨੂੰ ਕੌਮ ਕਦੇ  ਭੁੱਲ ਨਹੀਂ ਸਕਦੀ। ਆਪ ਗੁਰਦੁਆਰਾ ਪ੍ਰਬੰਧ ਸੁਧਾਰ ਅੰਦੋਲਨ ਲਈ 35 ਆਦਮੀਆਂ ਦੀ ਬਣਾਈ ਪਹਿਲੀ ਮੁਢਲੀ ਕਮੇਟੀ ਦੇ ਆਗੂਆਂ ‘ਚੋਂ ਇਕ ਸਨ1ਇਸੇ ਕਮੇਟੀ ਦਾ ਨਾਮ ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਗੁਰੂ ਕੇ ਬਾਗ ਦੇ ਮੁਖ ਨੇਤਾ ਤੇ ਸੰਚਾਲਕ ਤੇਜਾ ਸਿੰਘ ਸਮੁੰਦਰੀ ਸਨ ਜਿਨ੍ਹਾ ਦੇ ਉਦਮ, ਧੀਰਜ, ਸ਼ਹਿਨਸ਼ੀਲਤਾ, ਅਨਥਕ ਤੇ ਨਿਸ਼ਕਾਮ ਸੇਵਾ ਸਦਕਾ, ਗੁਰੂ ਕੇ ਬਾਗ ਤੇ ਜੈਤੋ ਦੇ ਮੋਰਚਿਆਂ ਸਮੇ ਸ਼ਾਂਤ ਰਹਿਣ ਦੀ  ਇਕ ਵਿਲਖਣ ਮਿਸਾਲ ਪੇਸ਼  ਕਰਕੇ ਸਾਰੀ ਦੁਨਿਆ ਨੂੰ ਹੈਰਾਨੀ ਵਿਚ ਪਾ ਦਿਤਾ ਤੇ  ਸਿਖ ਕੋਮ ਦੀ  ਇਸ ਲਾਸਾਨੀ ਕਾਮਯਾਬੀ ਨੇ ਆਉਣ ਵਾਲੇ ਸਮੇ ਵਿਚ   ਮਹਾਤਮਾ ਗਾਂਧੀ ਨੂੰ ਵੀ  ਸ਼ਾਂਤਮਈ ਢੰਗ ਨਾਲ ਆਜ਼ਾਦੀ ਦੀ ਲਹਿਰ ਚਲਾਣ ਲਈ  ਇਕ ਨਵਾਂ ਰਾਹ ਦਿਖਾਇਆ 1

ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਤੋਂ ਬਾਅਦ ਜਿਹੜੀ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਪ੍ਰਬੰਧ ਲਈ ਬਣੀ, ਉਸ ਵਿਚ ਤੇਜਾ ਸਿੰਘ ਸਮੁੰਦਰੀ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ। ਇਨ੍ਹਾ ਨੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਕੇ ਛੇਤੀ ਹੀ ਇਕ ਰੋਜ਼ਾਨਾ ਅਖ਼ਬਾਰ   ‘ਅਕਾਲੀ ਪੱਤ੍ਰਿਕਾ’  ਸ਼ੁਰੂ ਕੀਤੀ। ਇਸ ਅਖਬਾਰ ਨੇ ਅਕਾਲੀ ਅੰਦੋਲਨ ਵਿਚ ਜਾਨ ਭਰੀ ਅਤੇ ਆਪਣੇ ਲੇਖਾਂ ਨਾਲ ਵਿਦੇਸ਼ੀ ਹਕੂਮਤ ਵਿਰੁਧ ਅਜ਼ਾਦੀ ਲਹਿਰ ਦੀ ਮੁਹਿੰਮ ਨੂੰ ਪੁਰ- ਜੋਰ ਕੀਤਾ 1 ਅਖਬਾਰ ਨੂੰ ਮਾਲੀ ਔਕੜਾਂ ਆਈਆਂ ਤਾਂ  ਚਾਲੀ ਹਜ਼ਾਰ ਕੀਤੇ   ਜੁਰਮਾਨੇ ਦਾ ਬੋਝ ਉਨ੍ਹਾਂ ਜ਼ਾਤੀ ਤੌਰ ‘ਤੇ ਆਪਣੇ ਮੋਢਿਆਂ ਉਤੇ ਲੈ ਲਿਆ ਤੇ ਆਪਣੀ ਇਕ ਮੁਰ੍ਬਾ ਰਕਬਾ ਜਮੀਨ ਵੇਚ ਕੇ  ਪੂਰਾ ਕੀਤਾ ਜੋ ਉਸ ਵਕਤ ਬਹੁਤ ਵਡੀ ਰਕਮ ਸੀ1

ਆਪ ਦੇ ਹਿਰਦੇ ਵਿਚ ਇਕ ਲਗਨ ਸੀ ਕੀ ਸਿਖ ਧਰਮ ਵਿਚ ਆਈਆਂ ਕੁਰੀਤੀਆਂ ਨੂੰ ਦੂਰ ਕਰਕੇ ਸਿਖ ਪੰਥ ਨੂੰ ਇਕ ਆਦਰਸ਼ਕ ਜੀਵਨ ਜੀਣ ਦੇ ਜਾਚ ਸਿਖਾਈ ਜਾਏ, ਜਿਸ ਦੀ ਮਿਸਾਲ ਕਿਧਰੇ ਹੋਰ ਨਾ ਮਿਲ ਸਕੇ ਜਿਸ ਨੂੰ ਪੂਰਾ ਕਰਨ ਲਈ  ਸਿਰਤੋੜ  ਜਤਨ ਕੀਤੇ 1 ਉਹ ਦਸਵੰਧ ਤੇ ਚੜਾਵੇ ਦੀ ਦੋਲਤ ਵਿਦਿਆ ਦੇ ਵਿਸਥਾਰ, ਅਛੂਤ-ਸੁਧਾਰ ਤੇ ਮਾਨਵ-ਜਾਤੀ ਦੇ ਕਲਿਆਣ ਹਿਤ ਖਰਚਣ ਦੀ ਚਾਹ ਰਖਦੇ ਸਨ 1 ਗੁਰੂ ਕੇ ਬਾਗ ਵਿਚ ਕੈਦ ਹੋਣ ਵਾਲੇ ਕੈਦੀਆਂ ਦੇ ਜੁਰਮਾਨੇ ਤਾਰਨ ਅਤੇ ਉਨ੍ਹਾ ਦੇ ਟਬਰਾਂ  ਦੀ ਸਹਾਇਤਾ ਕਰਨ ਲਈ ਜਦੋ ਵੀ ਕੋਈ ਫੰਡ ਇੱਕਠਾ ਕਰਨਾ ਹੁੰਦਾ ਇਹ ਸਭ ਤੋ ਮੁਹਰੇ ਹੁੰਦੇ ਤੇ ਆਪਣਾ ਵੀ ਵਧ ਚੜ ਕੇ ਹਿਸਾ ਪਾਉਂਦੇ 1ਵਿਦਿਅਕ ਆਸ਼ਰਮਾਂ ਨੂੰ ਕੀਤੀ ਜਾਣ  ਵਾਲੀ ਸਹਾਇਤਾ ਉਨ੍ਹਾ ਦੇ ਵਡਦਾਨੀ ਸੁਭਾ ਨੂੰ ਉਜਾਗਰ ਕਰਦੀ ਹੈ 1 ਖਾਲਸਾ ਹਾਈ ਸਕੂਲ ਲਾਇਲਪੁਰ , ਖਾਲਸਾ ਹਾਈਸਕੂਲ ਸਰਹਾਲੀ ਤੇ ਚੱਕ ਨੰਬਰ 140  ਵਾਲੇ ਸ੍ਕੂਲ ਦਾ ਸਾਰਾ ਖਰਚਾ ਆਪ ਆਪਣੇ ਪਲਿਓਂ ਕਰਦੇ ਸੀ 1

ਗੁਰੂਦਵਾਰਾ ਖਡੂਰ ਸਾਹਿਬ ਉੱਤੇ ਕਬਜਾ ਲੈਣ ਵੇਲੇ , ਜਿਸ ਵਿਚ ਆਪ ਵੀ ਸੀ , ਡਰ ਸੀ ਕਿ ਕਿਤੇ ਸਾਕਾ ਨਨਕਾਣਾ ਸਾਹਿਬ  ਵਾਂਗ ਖੂਨ ਖਰਾਬਾ ਨਾ ਹੋਵੇ 1 ਇਸ ਔਖੇ  ਮਸਲੇ ਨੂੰ ਆਪਨੇ  ਅਜਿਹੇ ਸ਼ਾਂਤਮਈ  ਢੰਗ ਨਾਲ ਸੁਲਝਾਇਆ ਕੀ ਸਾਰੇ ਅਕਾਲੀ ਅਸ਼ ਅਸ਼ ਕਰ ਉਥੇ 1  14 ਜਨਵਰੀ 1914 ਵਿਚ ਜਦੋਂ ਗੁਰਦੁਆਰਾ ਰਕਾਬ ਗੰਜ, ਦਿੱਲੀ ਦੀ ਕੰਧ ਸੜਕ ਸਿੱਧਿਆਂ ਕਰਨ ਲਈ  ਤੋੜੀ ਗਈ  ਤਾਂ ਜੋ ਸ੍ਰੀ ਰਕਾਬਗੰਜ ਦਿੱਲੀ ਵਿਖੇ ਮੋਰਚਾ ਆਰੰਭ ਹੋਇਆ, ਉਸ ਵਿਚ  ਆਪ  ਨੇ ਸੌ ਸਿੰਘਾਂ ਦੇ ਜਥੇ ਸਮੇਤ ਗ੍ਰਿਫ਼ਤਾਰੀ ਲਈ ਆਪਣਾ ਨਾਂ ਪੇਸ਼ ਕੀਤਾ।  ਇਸ ਕਾਰਵਾਈ ਦੇ ਵਿਰੁਧ ਉਨ੍ਹਾਂ ਮਾਸਟਰ ਮੋਤਾ ਸਿੰਘ ਅਤੇ ਸਰਦਾਰ  ਹਰਚੰਦ ਸਿੰਘ ਰਈਸ ਲਾਇਲਪੁਰ ਨਾਲ ਮਿਲ ਕੇ ਅੰਦੋਲਨ ‘ਚ ਵੱਧ ਚੜ੍ਹ ਕੇ ਹਿੱਸਾ ਲਿਆ।

 ਆਪ ਵਿਚ ਸ਼ਹਿਨਸ਼ੀਲਤਾ , ਦਿਆਨਤਦਾਰੀ ਤੇ ਨਿਸ਼ਕਾਮ ਸੇਵਾ ਵੀ ਅੱਤ ਦੀ ਸੀ1 ਆਪ ਇਤਨੇ ਹਰਮਨ ਪਿਆਰੇ ਤੇ ਮੰਨੇ -ਪਰਵੰਨੇ ਨੇਤਾ ਹੋਣ ਦੇ ਬਾਵਜੂਦ ਕਿਸੇ ਕਿਸਮ ਦੀ  ਲਾਲਸਾ ਆਪਜੀ ਦੇ ਦਿਲ ਵਿਚ ਕਦੇ ਨਹੀਂ ਆਈ 1 ਖਡੂਰ ਸਾਹਿਬ ਦੀ ਪਹਾੜ ਜਿਡੀ ਸਮਸਿਆ ਨੂੰ ਹਲ ਕੀਤਾ ਪਰ ਜਦ ਸੇਂਟਰਲ  ਸਿੱਖ ਲੀਗ ਦੀ ਪ੍ਰਧਾਨਗੀ ਸੰਭਾਲਣ ਦੀ ਗਲ ਆਈ ਤਾ ਆਪਜੀ ਨੇ ਇਨਕਾਰ ਕਰ ਦਿਤਾ ਤੇ ਖੜਕ ਸਿੰਘ ਇਹ ਮਾਣ ਤੇ ਸਤਿਕਾਰ ਦੇਣ ਲਈ ਅਗੇ ਕਰ ਦਿਤਾ1 ਆਪ ਅਜਿਹੇ ਨਿਸ਼ਕਾਮ ਸੇਵਕ ਸਨ ਕੀ ਜਿਥੇ ਕਿਥੇ  ਪ੍ਰਸੰਸਾ ਤੇ ਮਾਨ-ਸਤਿਕਾਰ ਦੀ ਗਲ ਆਉਂਦੀ ਆਪ ਦੂਸਰਿਆਂ ਨੂੰ ਅਗੇ ਕਰ ਖੁਦ ਪਿਛੇ ਹਟ ਜਾਂਦੇ1

9 ਜੁਲਾਈ 1923 ਵਿਚ ਜਦ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਗੱਦੀਉਂ ਉਤਾਰ ਦਿੱਤਾ ਗਿਆ ਤਾਂ ਸਿੱਖਾਂ ਵਿਚ ਗੁੱਸੇ ਅਤੇ ਵਿਦਰੋਹ ਦੀ ਲਹਿਰ ਫੈਲ ਗਈ। ਮਹਾਰਾਜਾ ਨਾਭਾ ਨੂੰ ਦੇਸ਼ ਪਿਆਰ ਤੇ ਆਜ਼ਾਦ-ਖਿਆਲੀ ਦੀ ਸਜ਼ਾ ਮਿਲੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਇਸ ਵਿਰੁਧ ਮੋਰਚਾ ਲਾਇਆ ਤਾਂ ਦੋਹਾਂ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਗਿਆ। 4 ਨਵੰਬਰ 1923 ਨੂੰ ਸਰਦਾਰ  ਤੇਜਾ ਸਿੰਘ ਸਮੁੰਦਰੀ ਤੇ ਉਨ੍ਹਾਂ ਦੇ ਨਾਲ ਹੋਰ ਤਕਰੀਬਨ 60 ਆਗੂਆਂ ਨੂੰ ਅੰਗਰੇਜ਼ੀ ਸਰਕਾਰ ਦਾ ਤਖਤਾ ਉਲਟਾਉਣ ਦੀ ਸਾਜ਼ਿਸ਼ ਕਰਨ ਦੇ ਦੋਸ਼ ਤਹਿਤ ਪਹਿਲਾਂ ਅੰਮ੍ਰਿਤਸਰ ਜੇਲ੍ਹ ਅਤੇ ਬਾਅਦ ਵਿਚ ਲਾਹੌਰ ਦੇ ਇਤਿਹਾਸਕ ਕਿਲ੍ਹੇ ਦੀ ਇਕ ਪੁਰਾਣੀ ਹਵੇਲੀ ਵਿਚ ਡੱਕ ਦਿੱਤਾ ਗਿਆ। ਇਹ ਮੁਕੱਦਮਾ ਲਗਭਗ ਤਿੰਨ ਸਾਲ ਤਕ ਚਲਦਾ ਰਿਹਾ। ਇਨ੍ਹਾਂ ਹੀ ਪੰਥਕ ਆਗੂਆਂ ਵਿਚ ਪਿਸੀਪਲ ਤੇਜਾ ਸਿੰਘ ਵੀ ਸ਼ਾਮਿਲ ਸਨ। ਪਿੰਸੀਪਲ ਤੇਜਾ ਸਿੰਘ ਨੇ ਆਪਣੀ ਸਵੈ-ਜੀਵਨੀ ‘ਆਰਸੀ’ ਵਿਚ ਸਰਦਾਰ  ਤੇਜਾ ਸਿੰਘ ਸਮੁੰਦਰੀ  ਬਾਰੇ ਜ਼ਿਕਰ ਕਰਦਿਆਂ ਲਿਖਿਆ ਹੈ, “ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਇਕੋ ਇਕ ਸ਼ਖਸੀਅਤ ਸੀ ਜਿਸ ਉਤੇ ਜੇਲ੍ਹ ਦੀ ਜ਼ਿੰਦਗੀ ਨੇ ਕੋਈ ਬੁਰਾ ਅਸਰ ਨਹੀਂ ਸੀ ਕੀਤਾ। ਉਹ ਨਿਤ-ਦਿਨ  ਅੰਮ੍ਰਿਤ ਵੇਲੇ ਉਠ ਕੇ 13 ਵਾਰਾਂ ਦਾ ਪਾਠ ਕਰਦੇ ਅਤੇ ਸਦਾ ਠੰਢੇ ਸੁਭਾਅ ਵਿਚ ਰਹਿੰਦੇ ਹੋਏ ਬਾਕੀ ਦਿਆਂ ਦੇ ਵੀ  ਅਕੜੇਵੇਂ,  ਸੁਕੜੇਵੇ ਤੇ ਥਕੇਵੇਂ ਦੂਰ ਕਰਕੇ ਠੰਢ ਵਰਤਾਈ ਰੱਖਦੇ।”

ਜਦੋਂ ਅਕਾਲੀ ਸੁਧਾਰ ਲਹਿਰ ਸਾਕਾ ਨਨਕਾਣਾ ਸਾਹਿਬ ਵੇਲੇ ਆਪਜੀ ਨੇ  13 ਅਕਤੂਬਰ, 1923 ਈ: ਨੂੰ  ਜਥੇ ਸਮੇਤ ਗ੍ਰਿਫ਼ਤਾਰੀ ਦਿੱਤੀ।  ਇਹ ਤਕਰੀਬਨ ਤਿੰਨ  ਸਾਲ ਤਕ ਚਲਦਾ ਰਿਹਾ 1 ਜਦੋਂ ਜੇਲਾਂ ਭਰ ਗਈਆਂ ਤਾਂ ਅੰਗਰੇਜ਼ ਸਰਕਾਰ ਵੀ ਪਰੇਸ਼ਾਨ ਹੋ ਗਈ 1 1925 ਈ:  ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਐਕਟ ਪਾਸ ਕੀਤਾ, ਕੁਝ ਸ਼ਰਤਾਂ ਰਖ ਕੇ ਉਨ੍ਹਾ ਨੇ ਕੈਦੀਆਂ ਨੂੰ ਰਿਹਾਈ ਦਾ ਹੁਕਮ ਦੇ ਦਿਤਾ ਜਿਨ੍ਹਾ ਇਕ ਸ਼ਰਤ ਇਹ ਸੀ ਕੇ ਜੋ ਕੈਦੀ ਗੁਰੂਦਵਾਰਾ ਐਕਟ ਦੇ ਸਮਰਥਕ ਹਨ ਉਨ੍ਹਾ ਨੂੰ ਰਿਹਾ ਕੀਤਾ ਜਾਏਗਾ ਤੇ ਦੂਸਰੀ ਸ਼ਰਤ ਸੀ ਕੀ ਸਿਖ ਇਸਤੋਂ ਬਾਅਦ ਕਦੇ ਵੀ ਕੋਈ ਹੰਗਾਮਾ ਜਾਂ ਸਰਕਾਰ ਵਿਰੋਧੀ  ਕੰਮ ਨਹੀਂ ਕਰਨਗੇ 1 ਉਸ ਸਮੇਂ ਗੁਰਦੁਆਰਾ ਸੁਧਾਰ ਲਹਿਰ ਲਈ ਸੰਘਰਸ਼ ਕਰ ਰਹੇ ਸਿੱਖ ਆਗੂ ਦੋ ਧੜਿਆਂ ਵਿਚ ਵੰਡੇ ਗਏ। ਬਹੁਤ ਸਾਰੇ ਅਕਾਲੀ ਸ਼ਰਤਾਂ ਮੰਨ ਕੇ ਜੇਲਾਂ ਵਿਚੋ ਬਾਹਰ  ਆ ਗਏ1 ਪਰ ਦੂਸਰੇ ਧੜੇ ਨੂੰ  ਦੂਸਰੀ ਹਤਕ-ਭਰੀ ਸ਼ਰਤ ਜੋ ਖਾਸ  ਕਿਲ੍ਹਾ ਲਾਹੌਰ ਵਾਲਿਆਂ ਕੈਦੀਆਂ ਲਈ ਰੱਖੀ ਗਈ  ਸੀ, ਮਨਜੂਰ ਨਹੀਂ ਸੀ  ਇਸ ਲਈ ਸਰਦਾਰ ਤੇਜਾ ਸਿੰਘ ਸਮੁੰਦਰੀ ,  ਮਾਸਟਰ ਤਾਰਾ ਸਿੰਘ , ਸੇਵਾ ਸਿੰਘ ਠੀਕਰੀਵਾਲਾ ਤੇ ਕੁਝ ਹੋਰ ਆਗੂਆਂ  ਨੇ ਅੰਗਰੇਜਾਂ ਦੀ ਇਹ  ਸ਼ਰਤ ਮੰਨਣ  ਤੋ ਇਨਕਾਰ ਕਰ ਦਿਤਾ ਤੇ ਜੇਲ ਵਿਚ ਹੀ ਰਹੇ 1 ਜੇਲ ਦੇ ਦੋਰਾਨ  ਮਾਸਟਰ ਤਾਰਾ ਸਿੰਘ ਇਨ੍ਹਾ ਦੀ ਸਖਸ਼ੀਅਤ ਤੋਂ ਬਹੁਤ ਪਰਭਾਵਿਤ ਹੋਏ ਤੇ ਇਨ੍ਹਾ ਨੂੰ ਪੂਰਨ ਗੁਰ -ਸਿਖ ਆਖਿਆ  1 ਉਹ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਨ ਰੂਪ ਵਿਚ  ਸੰਤ ਸਿਪਾਹੀ ਸਨ 1

ਅੰਗਰੇਜ਼ ਹਕੂਮਤ ਵੱਲੋਂ ਜੇਲ੍ਹ ਵਿਚ ਤੰਗੀਆਂ-ਤੁਰਸ਼ੀਆਂ ਵਾਲਾ ਜੀਵਨ ਬਤੀਤ ਕਰਦਿਆਂ 17 ਜੁਲਾਈ, 1926 ਈ: ਨੂੰ 55 ਕੁ ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪਿਆ। ਇਸ ਮਾਰੂ ਹੱਲੇ ਨਾਲ ਸਭ ਨੂੰ ਅਲਵਿਦਾ ਕਹਿ ਕੇ  ਸੰਸਾਰ ਨੂੰ ਸਦਾ ਲਈ ਛੱਡ ਕੇ ਸਦੀਵੀ ਵਿਛੋੜਾ ਦੇ ਗਏ।  ਲਾਹੋਰ ਅਤੇ ਅਮ੍ਰਿਤਸਰ ਵਿਖੇ  ਉਨ੍ਹਾ ਦੇ ਮਾਤਮੀ ਜਲੂਸ ਵਿਚ ਲਖਾਂ ਲੋਕ ਸ਼ਾਮਲ ਸਨ ਕੋਈ ਵੀ ਐਸੀ ਅੱਖ ਨਹੀਂ ਸੀ ਜੋ ਨਾ ਰੋਈ ਹੋਵੇ ਜਾ ਸਿਲੀ ਨਾ ਹੋਈ ਹੋਵੇ 1

ਸਰਦਾਰ  ਤੇਜਾ ਸਿੰਘ ਸਮੁੰਦਰੀ ਦੀ ਯਾਦ ਨੂੰ ਹਮੇਸ਼ਾ ਲਈ ਬਰਕਰਾਰ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਕੱਤਰੇਤ ਲਈ ਬਣਾਈ ਇਮਾਰਤ ਦਾ ਨਾਂ ‘ਤੇਜਾ ਸਿੰਘ ਸਮੁੰਦਰੀ ਹਾਲ’ ਰੱਖਿਆ। ਇਹ  ਦਰਬਾਰ ਸਾਹਿਬ ਕੰਮਪਲੇਕਸ ਵਿਚ ਵਿਸ਼ਾਲ ਸ਼ਾਨਦਾਰ ਇਮਾਰਤ ਅਜ ਤਕ ਸੁਭਾਇਮਾਨ ਹੈ ਤੇ  ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਸਰਗਰਮੀਆਂ ਦਾ ਪ੍ਰਮੱਖ ਕੇਂਦਰ ਹੈ। ਇਸਦੇ ਹਾਲ ਅੰਦਰ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦੇ ਹਰ  ਮਸਲਿਆਂ ਬਾਬਤ ਆਮ ਅਤੇ ਖਾਸ ਇਜਲਾਸ ਬੁਲਾਏ ਜਾਂਦੇ ਹਨ। ਇਹ  ਸਮੁਚੀ  ਸਿਖ ਕੋਮ ਵਲੋਂ ਉਨ੍ਹਾ ਨੂੰ ਸ਼ਰਧਾਂਜਲੀ ਹੈ 1

ਮੁਹੰਮਦ ਇਕਬਾਲ ਦਾ ਸ਼ੇਆਰ ਉਨ੍ਹਾ ਤੇ ਕਿਤਨਾ ਢੁਕਵਾਂ  ਹੈ :-

              ਹਜ਼ਾਰੋਂ ਸਾਲ ਨਰਗਿਸ ਆਪਨੀ ਬੇਨੂਰੀ ਪੈ ਰੋਤੀ ਹੈ

              ਬੜੀ ਮੁਸ਼ਕਿਲ ਸੇ  ਹੋਤਾ ਹੈ ਚਮਨ ਮੈਂ ਦੀਦਾਵਰ ਪੈਦਾ 1

 ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀਆਂ ਹੇਠ ਲਿਖੀਆਂ ਕਾਵਿ ਸਤਰਾਂ ਸਰਦਾਰ ਤੇਜਾ ਸਮੁੰਦਰੀ ਨੂੰ ਸ਼ਰਧਾਂਜਲੀ ਅਰਪਣ ਕਰਦੀਆਂ ਹਨ :-
ਮਹਿਕ ਦੇਂਵਦਾ ਪੰਥ ਦੇ ਬਾਗ ਤਾਈਂ
ਕਿਸੇ ਆਖਿਆ ਫੁਲ ਗੁਲਾਬ ਦਾ ਸੀ,
ਜਲਦਾ ਵੇਖ ਕੇ ਧਰਮ ਦੀ ਸ਼ਮ੍ਹਾਂ ਉਤੇ,
ਕੋਈ ਕਹੇ ਪੰਤਗ ਇਹ ਜਾਪਦਾ ਸੀ,
ਸਿਦਕ ਧਾਰ ਬੈਠਾ ਕਤਲ-ਗਾਹ ਅੰਦਰ,
ਮਾਨੋ, ਵਾਂਗ ਮਨਸੂਰ ਸੰਝਾਪਦਾ ਸੀ,
ਕੋਈ ਮੁਖੜਾ ਵੇਖ ਕੇ ਤੇਜ ਵਾਲਾ,
ਸੁਰਖ-ਰੂ ਆਸ਼ਿਕ ਕਹਿ ਅਲਾਪਦਾ ਸੀ,
ਅਸਲ ਵਿਚ ਇਹ ਮੋਤੀ ਸਮੁੰਦਰੀ ਸੀ,
ਆਇਆ ਕੰਮ ਗਰੀਬਾਂ ਦੇ ਆਉਣ ਲਈ,
ਉਹ ਨੂੰ ਮੌਤ-ਸਲਾਈ ਦੇ ਨਾਲ ਵਿਨ੍ਹਿਆ,
ਦਾਤੇ ਆਪਣੇ ਗਲ ਵਿਚ ਪਾਉਣ ਦੇ ਲਈ।

                        ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »