SikhHistory.in

ਪੰਥ ਰਤਨ ਮਾਸਟਰ ਤਾਰਾ ਸਿੰਘ (1885-1967)

20ਵੀਂ ਸਦੀ ਦੇ ਇਤਿਹਾਸ ਵਿਚ ਨਿਡਰ ਤੇ ਪੰਥਕ ਸੋਚ ਦੇ ਨੇਤਾ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦਾ ਸਿਖ ਇਤਿਹਾਸ ਵਿਚ ਇਕ ਉਚਾ  ਤੇ ਅਹਿਮ ਸਥਾਨ  ਹੈ।  ਮਾਸਟਰ ਜੀ ਨੇ ਆਪਣੀ ਘਾਲਣਾ ,ਸਿਆਣਪ,ਪੰਥਕ ਸੂਝ -ਬੂਝ ਧਾਰਮਿਕ ਜੀਵਨ ,ਕੁਰਬਾਨੀ ਤੇ ਤਪ-ਤਿਆਗ ਦੇ ਆਸਰੇ  ਆਪਣੇ ਜਿੰਦਗੀ  ਦੇ 50 ਸਾਲ  ਸਿੱਖ ਕੌਮ ਦੀ ਅਗਵਾਈ ਕਰਦੇ ,ਖਾਲਸਾ ਪੰਥ ਨੂੰ ਸੁਮਰਪਣ ਕੀਤੇ । ਹਰ ਦੋਸਤ ,ਦੁਸ਼ਮਣ,ਵਿਦਵਾਨ ,ਹਿੰਦੂ ,ਮੁਸਲਮਾਨ ਤੇ ਸਿਖ ਉਨ੍ਹਾ ਦੀ ਦੂਰਦਰਸ਼ੀ, ਸੂਝ-ਬੂਝ ,ਇਮਾਨਦਾਰੀ ,ਦਲੇਰੀ ,ਦਲੀਲ ,ਸਚਾਈ ,ਹੋਂਸਲਾ ਤੇ ਮਿਤਰਤਾ ਦੀ ਕਦਰ ਕਰਦਾ ਸੀ 1 ਸੰਨ 1921 ਤੋਂ ਲੈ ਕੇ 1967 ਤੱਕ ਪੰਜਾਬ ਦਾ ਇਤਿਹਾਸ ਮਾਸਟਰ ਤਾਰਾ ਸਿੰਘ ਦੀਆਂ  ਧਾਰਮਿਕ ਤੇ ਰਾਜਨੀਤਕ ਸਰਗਰਮੀਆਂ ਦਾ ਅਨਿੱਖੜਵਾਂ ਭਾਗ ਬਣਿਆ ਰਿਹਾ। ਮਾਸਟਰ ਤਾਰਾ ਸਿੰਘ ਸਿਰਫ਼ ਇਕ ਸ਼ਖ਼ਸੀਅਤ ਹੀ ਨਹੀਂ ਬਲਕਿ ਇਕ ਪੂਰੀ ਸੰਸਥਾ ਸਨ1 ਮਾਸਟਰ ਤਾਰਾ ਸਿੰਘ ਦੀ ਰਾਜਨੀਤੀ ਦੇ ਨਾਲ ਨਾਲ ਧਰਮ ਤੇ ਸਿੱਖਿਆਂ ਦੇ ਖੇਤਰ ਵਿਚ ਵੀ ਅਹਿਮ ਯੋਗਦਾਨ ਰਿਹਾ ਹੈ । ਉਹਨਾਂ ਅੱਧੀ ਦਰਜਨ ਵਿਦਿਅਕ ਸੰਸਾਂਥਾਵਾਂ ਚਲਾਉਣ ਦੇ ਨਾਲ ਨਾਲ ਸਿੱਖ ਐਜੂਕੇਸ਼ਨਲ ਸੁਸਾਇਟੀ ਦੀਆਂ ਸਭਿਆਚਾਰਕ, ਸਾਹਿਤਕ ਤੇ ਧਾਰਮਿਕ ਸਰਗਰਮੀਆਂ ਬਾਰੇ ਵੀ ਚਾਨਣਾ ਪਾਇਆ ਨਾਨਕ ਚੰਦ ਤੋਂ ਤਾਰਾ ਸਿੰਘ ਦਾ ਸਫ਼ਰ ਤਹਿ ਕਰਕੇ ਅਤੇ ਸਿੱਖ ਕੌਮ ਦੇ ਪਹਿਰੇਦਾਰ ਬਣਕੇ ਵਿਚਰਨ ਵਾਲੇ ਮਾਸਟਰ ਤਾਰਾ ਸਿੰਘ ਜੀ ਸੱਚਮੁੱਚ ਸਿਖ ਕੋਮ ਦੇ ਚਮਕਦੇ ਸਿਤਾਰੇ ਹਨ1

ਮਾਸਟਰ ਤਾਰਾ ਸਿੰਘ ਦਾ ਜਨਮ ਤੇ ਵਿਕਾਸ ਉਸ ਸਮੇ ਹੋਇਆ ਜਦੋਂ ਸਿਖ ਰਾਜ ਨੂੰ ਖਤਮ ਹੋਇਆਂ ਕੋਈ ਬਹੁਤਾ ਚਿਰ ਨਹੀਂ ਸੀ ਹੋਇਆ 1 ਉਸ ਸਮੇ  ਸਿਖ ਰਾਜ ਦੀ ਚੜਦੀ ਕਲਾ ਉਨ੍ਹਾ ਦੀਆਂ ਅੰਗਰੇਜਾਂ ਨਾਲ ਕੀਤੀਆ  ਲੜਾਈਆਂ , ਉਨ੍ਹਾ ਦੀ ਬਹਾਦਰੀ ਤੇ ਅੰਗਰੇਜ਼ ਰਾਜ ਦੀ ਗੁਲਾਮੀ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਸੀ 1 ਅੰਗਰੇਜ਼ਾ ਨੇ ਵੀ ਸਿਖੀ ਦੇ ਬਹਾਦਰੀ ਦੇ ਕਾਰਨਾਮੇ ਤੋਂ ਪ੍ਰਭਾਵਤ ਹੋਕੇ ਫੋਜਾਂ ਵਿਚ ਸਿਖੀ ਰਹਿਤ ਤੇ ਸਿਖੀ ਚਲਣ ਨੂੰ ਫੋਜ਼ ਦਾ ਇਕ ਅਨਿਖੜਵਾਂ ਅੰਗ ਬਣਾ ਦਿਤਾ 1 ਇਹ ਸਿਖ ਲਹਿਰ ਫੋਜੀਆਂ ਦੀ ਜਾਗ੍ਰਿਤੀ ਸਦਕਾ ਹੀ ਹੋਂਦ ਵਿਚ ਆਈ ,ਇਸ ਨਾਲ ਵਿਦਵਾਨ ਵੀ ਹੋਂਦ ਵਿਚ ਆਏ ਜਿਨਾ ਵਿਚੋਂ ਮਾਸਟਰ ਤਾਰਾ ਸਿੰਘ ਖਾਲਸਾ ਪੰਥ ਦਾ ਇਕ ਕੀਮਤੀ ਰਤਨ ਹੈ 1

24 ਜੂਨ, 1885 ਈ: ਨੂੰ ਪਿਤਾ ਬਖ਼ਸ਼ੀ ਗੋਪੀ ਚੰਦ ਤੇ ਮਾਤਾ ਮੂਲਾਂ ਦੇਵੀ ਦੇ ਗ੍ਰਹਿ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ ਹੋਇਆ। ਮਾਸਟਰ ਜੀ ਦਾ ਪਰਿਵਾਰ ਇਕ ਹਿੰਦੂ ਪਰਿਵਾਰ ਸੀ, ਇਸੇ ਲਈ ਨਵਜੰਮੇ ਬਾਲਕ ਦਾ ਨਾਂਅ ਨਾਨਕ ਚੰਦ ਰੱਖਿਆ। ਨਾਨਕ ਚੰਦ ਦੇ ਆਪਣੇ ਪਿੰਡ ਹਰਿਆਲ ਵਿਖੇ ਕੋਈ ਸਕੂਲ ਨਾ ਹੋਣ ਕਰਕੇ ਲਾਗਲੇ ਪਿੰਡ ਹਰਨਾਲ ਦੇ ਸਕੂਲ ਵਿਚ ਦਾਖ਼ਲਾ ਲਿਆ। ਨਾਨਕ ਚੰਦ ਪੜ੍ਹਾਈ ਵਿਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ ਅਤੇ ਪ੍ਰਾਇਮਰੀ ਦੀ ਸਿੱਖਿਆ ਤੋਂ ਬਾਅਦ ਇਨ੍ਹਾ ਦਾ ਰਾਵਲਪਿੰਡੀ ਮਿਸ਼ਨ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਸੰਨ 1900 ਵਿਚ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ਰਾਵਲਪਿੰਡੀ ਵਿਚ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਕਰ ਰਹੇ ਸਨ। ਇਕ ਦਿਨ ਨਾਨਕ ਚੰਦ ਆਪਣੇ ਪਿੰਡੋਂ ਰਾਵਲਪਿੰਡੀ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਦਾ ਮੇਲ ਕੁਝ ਨੌਜਵਾਨਾਂ ਨਾਲ ਹੋਇਆ ਜੋ ਬਾਬਾ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਰਾਵਲਪਿੰਡੀ ਜਾ ਰਹੇ ਸਨ। ਨਾਨਕ ਚੰਦ ਵੀ ਉਨ੍ਹਾਂ ਦੇ ਨਾਲ ਤੁਰ ਪਿਆ। ਡੇਰਾ ਖ਼ਾਲਸਾ ਪਹੁੰਚ ਕੇ ਸੰਤ ਅਤਰ ਸਿੰਘ ਜੀ ਦੇ ਵਿਚਾਰ ਸੁਣਨ ਉਪਰੰਤ ਨਾਨਕ ਚੰਦ ਏਨਾ ਪ੍ਰਭਾਵਿਤ ਹੋਇਆ ਕਿ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ। ਅੰਮ੍ਰਿਤ ਛਕਣ ਤੋਂ ਬਾਅਦ ਨਾਨਕ ਚੰਦ ਦਾ ਨਾਂਅ ‘ਤ’ ਸ਼ਬਦ ਤੋਂ ਤਾਰਾ ਸਿੰਘ ਰੱਖਿਆ ਗਿਆ। ਸੰਤ ਅਤਰ ਸਿੰਘ ਜੀ ਨੇ ਵਚਨ ਕਰਦੇ ਹੋਏ ਕਿ ‘ਨਾਨਕ ਚੰਦ ਹੁਣ ਤੂੰ ਤਾਰਾ ਸਿੰਘ ਹੈ ਅਤੇ ਤੂੰ ਆਪਣੀ ਜ਼ਿੰਦਗੀ ਵਿਚ ਤਾਰਾ ਬਣ ਕੇ ਚਮਕੇਂਗਾ। ਵਾਹਿਗੁਰੂ ਤੈਨੂੰ ਆਪਣੇ ਅਤੇ ਆਪਣੀ ਕੌਮ ਦੇ ਉਭਾਰ ਲਈ ਬਲ ਬਖ਼ਸ਼ੇ।’ ਸੰਤ ਬਾਬਾ ਅਤਰ ਸਿੰਘ ਜੀ ਦੇ ਕਹੇ ਹੋਏ ਵਚਨ ਸਤਿ ਹੋਏ।

ਜਦ ਨਾਨਕ ਚੰਦ ਤਾਰਾ ਸਿੰਘ ਬਣ ਕੇ ਸਿਰ ‘ਤੇ ਦਸਤਾਰ ਸਜਾਈ ਅਤੇ ਗਲ ਵਿਚ ਕਿਰਪਾਨ ਪਾਈ ਆਪਣੇ ਪਿੰਡ ਪਹੁੰਚਿਆ ਤਾਂ ਉਸ ਦੇ ਪਿਤਾ ਅਤੇ ਵੱਡਾ ਭਰਾ ਬਹੁਤ ਨਾਰਾਜ਼ ਹੋਏ। ਪਰ ਉਨ੍ਹਾ ਨੂੰ ਆਪਣੇ ਤੇ ਵਿਸ਼ਵਾਸ਼ , ਸਿਖੀ ਸਿਦਕ ਤੇ ਪੰਥਕ ਪਿਆਰ ਅਥਾਹ ਦਾ ਸੀ 1 ਉਹ ਨਿਤ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ , ਨਿਤਨੇਮ ਕਰਦੇ ਤੇ ਇੱਕਲੇ ਹੀ ਬੜੀ ਸ਼ਰਧਾ ਨਾਲ ਗਾਉਂਦੇ ਰਹਿੰਦੇ ,’ ਤੇਰੇ ਭਰੋਸੇ ਪਿਆਰੇ ਮੈ ਲਾਡ ਲਡਾਇਆ” 1 ਉਹ ਹਮੇਸ਼ਾਂ ਕਹਿੰਦੇ ਸਨ ਕੀ ਨਿਮਾਣੇ ਗੁਰਸਿਖ ਨੂੰ ਸੇਵਾ ਬਦਲੇ ਪ੍ਰਭਤਾ ਮਿਲਦੀ ਹੈ ਪਰ ਉਹ ਹੰਕਾਰ ਵਸ ਹੋਕੇ ਉਸਨੂੰ ਆਪਣੀ ਨਿਜੀ ਪ੍ਰਭਤਾ ਸਮਝਕੇ ਪੰਥ ਵਿਰੁਧ ਵਰਤਣਾ ਸ਼ੁਰੂ ਕਰ ਦਿੰਦਾ ਹੈ 1 ਅਗਰ ਉਨ੍ਹਾ ਨੂੰ ਕੋਈ ਕਹਿੰਦਾ ਕੀ ਮਾਸਟਰ ਸੀ ਮੈ ਤੁਹਾਡੇ ਨਾਲ ਹਾਂ ਤੇ ਉਹ ਹਮੇਸ਼ਾਂ ਕਿਹਾ ਕਰਦੇ ਕੀ ਅਜ ਅਗਰ ਤੁਸੀਂ ਮੇਰੇ ਨਾਲ ਹੋ ਤੇ ਕਲ ਕਿਸੇ ਹੋਰ ਨਾਲ ਹੋ ਸਕਦੇ ਹੋ 1  ਜੋ ਪੰਥ ਨਾਲ ਹੈ ਉਹੀ  ਮੇਰੇ ਨਾਲ ਹੈ 1

ਰਾਵਲਪਿੰਡੀ ਪੜ੍ਹਾਈ ਖ਼ਤਮ ਕਰਕੇ ਤਾਰਾ ਸਿੰਘ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦਾਖ਼ਲਾ ਲੈ ਲਿਆ। ਮਾਸਟਰ ਤਾਰਾ ਸਿੰਘ ਜੀ ਦੇ ਕਾਲਜ ਦੀ ਪੜ੍ਹਾਈ ਸਮੇਂ ਹੀ ਬੜੇ ਸੁਚਾਰੂ ਤੇ ਅਗਾਂਹਵਧੂ ਖਿਆਲ ਸਨ। ਕਾਲਜ ਦੇ ਬਹੁਤੇ ਵਿਦਿਆਰਥੀ ਉਨ੍ਹਾਂ ਨੂੰ ਆਪਣਾ ਆਗੂ ਮੰਨਦੇ ਸਨ। ਖ਼ਾਲਸਾ ਕਾਲਜ ਅੰਮ੍ਰਿਤਸਰ ਪੜ੍ਹਾਈ ਕਰਦੇ ਸਮੇਂ ਹੀ ਮਾਸਟਰ ਤਾਰਾ ਸਿੰਘ ਦਾ ਵਿਆਹ ਰਾਵਲਪਿੰਡੀ ਦੇ ਪਿੰਡ ਧਮਿਆਲ ਵਿਖੇ ਸ: ਮੰਗਲ ਸਿੰਘ ਦੇ ਬੇਟੀ ਨਾਲ ਹੋਇਆ 1 ਮਾਸਟਰ ਜੀ ਦਾ ਰਾਜਸੀ ਜੀਵਨ ਕਾਲਜ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਮਾਸਟਰ ਤਾਰਾ ਸਿੰਘ ਜੀ ਅਸਲ ਵਿਚ ਧਾਰਮਿਕ ਬਿਰਤੀ ਦੇ ਮਨੁੱਖ ਸਨ ਪਰ ਸਮੇ ਤੇ ਸਿਖਾਂ ਦੇ ਰਾਜਸੀ ਹਾਲਾਤਾਂ ਨੇ ਆਪ ਜੀ ਨੂੰ ਸਿਆਸਤ ਵਿਚ ਲਿਆ ਖੜਾ ਕੀਤਾ 1

ਕਾਲਜ ਦੀ ਪੜ੍ਹਾਈ ਪਿੱਛੋਂ ਮਾਸਟਰ ਜੀ ਲਾਇਲਪੁਰ ਚਲੇ ਗਏ ਅਤੇ ਉਥੋਂ ਦੇ ਲੋਕਾਂ ਦੀ ਸਹਾਇਤਾ ਨਾਲ ਖ਼ਾਲਸਾ ਹਾਈ ਸਕੂਲ ਲਾਇਲਪੁਰ ਦੀ ਸਥਾਪਨਾ ਕੀਤੀ 1 ਉਸ ਵੇਲੇ ਉਨ੍ਹਾ ਦੀ ਤਨਖਾਹ 150  ਰੁਪੇ ਸੀ ਪਰ ਇਹ ਸਿਰਫ ਆਪਣੀ ਦਾਲ-ਰੋਟੀ ਲਈ 15 ਰੁਪੇ ਲੈਂਦੇ ਤੇ ਬਾਕੀ ਸਕੂਲ ਦੇ  ਫੰਡ ਵਿਚ ਜਮਾਂ ਕਰ ਦਿੰਦੇ। ਆਪ ਜੀ ਨੇ 1909 ਈ: ਨੂੰ ਲਾਇਲਪੁਰ ਤੋਂ ਸਪਤਾਹਿਕ ਪੱਤਰ ‘ਸੱਚਾ ਢੰਡੋਰਾ’ ਜਾਰੀ ਕੀਤਾ ਅਤੇ ਇਸ ਅਖ਼ਬਾਰ ਰਾਹੀਂ ਮਾਸਟਰ ਜੀ ਨੇ ਸਿੱਖ ਰਾਜਨੀਤੀ ਵਿਚ ਪਹਿਲਾ ਕਦਮ ਰੱਖਿਆ 1   1920 ਈਸਵੀ ਵਿੱਚ ਗੁਰੂਦਵਾਰਾ ਸੁਧਾਰ ਲਹਿਰ  ਦੇ ਆਰੰਭ ਅਤੇ 1921 ਵਿੱਚ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ਉੱਪਰੰਤ ਸਕੂਲ ਤੋਂ ਨੋਕਰੀ ਛਡ ਦਿਤੀ  ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨਿਯੁਕਤ ਹੋਏ।

ਉਹ ਪਹਿਲੀ ਵਾਰ 1921 ਵਿੱਚ ਚਾਬੀਆਂ ਦੇ ਮੋਰਚੇ ਵਿੱਚ ਗ੍ਰਿਫ਼ਤਾਰ ਹੋਏ। ਉਹਨਾਂ ਦੀ ਦੂਜੀ ਗ੍ਰਿਫ਼ਤਾਰੀ ਅਗਸਤ 1922 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਹੋਈ। ਜੁਲਾਈ 1923 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਅੰਗਰੇਜ਼ ਸਰਕਾਰ ਦੁਆਰਾ ਗੱਦੀਓਂ ਲਾਹੁਣ ਵਿਰੁੱਧ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਅੰਦੋਲਨ ਸ਼ੁਰੂ ਕਰ ਦਿੱਤਾ। ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਕੇ ਸਾਰੇ ਲੀਡਰ ਗ੍ਰਿਫ਼ਤਾਰ ਕਰ ਲਏ ਜਿਹਨਾਂ ’ਚ ਮਾਸਟਰ ਤਾਰਾ ਸਿੰਘ ਵੀ ਸਨ। ਉਹਨਾਂ ’ਤੇ ਲਹੋਰ ਸੇੰਟ੍ਰਲ ਜੇਲ੍ਹ ਅਤੇ ਲਹੋਰ  ਕਿਲ੍ਹੇ ਵਿੱਚ ਕੇਸ ਚਲਾਇਆ ਗਿਆ। 1925 ਵਿੱਚ ਗੁਰਦੁਆਰਾ ਐਕਟ ਪਾਸ ਹੋਇਆ। ਸਰ ਮੈਲਕਮ ਹੈਲੀ ਗਵਰਨਰ ਪੰਜਾਬ ਨੇ ਗ੍ਰਿਫ਼ਤਾਰ ਲੀਡਰਾਂ ਦੀ ਰਿਹਾਈ ਲਈ ਸ਼ਰਤਾਂ ਰੱਖ ਦਿੱਤੀਆਂ। ਗਵਰਨਰ ਫੁੱਟ ਪਾਉਣ ਵਿੱਚ ਕਾਮਯਾਬ ਰਿਹਾ। ਉਸ ਸਮੇਂ ਲਹੋਰ ਕਿਲ੍ਹੇ ਵਿੱਚ 40 ਲੀਡਰ ਸਨ। ਉਹਨਾਂ ’ਚੋਂ 23 ਲੀਡਰ 25 ਜਨਵਰੀ, 1926 ਨੂੰ ਸ਼ਰਤਾਂ ਪ੍ਰਵਾਨ ਕਰ ਕੇ ਰਿਹਾਅ ਹੋ ਗਏ। ਜਿਹਨਾਂ ਨੇ ਗਵਰਨਰ ਦੀਆਂ ਸ਼ਰਤਾਂ ਪ੍ਰਵਾਨ ਨਹੀਂ ਕੀਤੀਆਂ ਸਨ, ਉਹਨਾਂ ਵਿੱਚ ਤੇਜਾ ਸਿੰਘ ਸਮੁੰਦਰੀ , ਮਾਸਟਰ ਤਾਰਾ ਸਿੰਘ, ਸੇਵਾ ਸਿੰਘ ਠੀਕਰੀਵਾਲਾ ਅਤੇ ਜਥੇਦਾਰ ਤੇਜਾ ਸਿੰਘ ਅਕਰਪੁਰੀ  ਪ੍ਰਮੁੱਖ ਸਨ। 17 ਜੁਲਾਈ, 1926 ਨੂੰ ਤੇਜਾ ਸਿੰਘ ਸਮੁੰਦਰੀ  ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ। ਉਸ ਤੋਂ ਬਾਅਦ ਬਾਕੀ ਦੇ ਆਗੂਆਂ ਨੇ ਮਾਸਟਰ ਜੀ ਨੂੰ ਆਪਣਾ ਆਗੂ ਮੰਨ ਲਿਆ। ਇਸ ਤਰਾਂ ਸਿਖਾਂ ਦੇ ਦੋ ਧੜੇ ਬਣ ਗਏ 1ਜਦੋਂ 1926 ਵਿਚ ਜੇਲ੍ਹੋਂ ਬਾਹਰ ਆਏ ਤਾਂ ਆਪ ਨੂੰ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਣਾਇਆ ਗਿਆ।

ਮੁਸਲਿਮ ਲੀਗ ਦੇ ਆਗੂ ਮਾਸਟਰ ਤਾਰਾ ਸਿੰਘ ਨੂੰ  ਸਰਦਾਰ ਪਟੇਲ ਨਾਲ ਮੇਲਦੇ ਹੁੰਦੇ ਸਨ। ਉਹ ਕਿਹਾ ਕਰਦੇ ਸੀ ਕਿ ਇਹ ਸਿੱਖ ਆਗੂ ਆਪਣੇ ਇਰਾਦਿਆਂ ਦਾ ਪਕਾ ਤੇ ਲੋਹੇ ਵਰਗਾ ਮਜਬੂਤ ਹੈ ਇਸ ਨੇ ਕਦੇ ਵੀ ਅੰਗਰੇਜ਼ਾਂ ਦੀ ਅਧੀਨਗੀ ਨਹੀਂ ਸੀ ਮੰਨੀ। ਮੁਲਕ ਦੀ ਵੰਡ ਸਮੇਂ ਸਿੱਖਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ  ਵਿਚ ਸਿੱਖ ਆਗੂ ਮਾ. ਤਾਰਾ ਸਿੰਘ ਦਾ ਬਹੁਤ ਵਡਾ ਹਥ  ਸੀ 1 ਜੇ ਮਾਸਟਰ ਤਾਰਾ ਸਿੰਘ ਨੇ ਆਪਣਾ ਲਾਮਿਸਾਲ ਰੋਲ ਨਾ ਨਿਭਾਇਆ ਹੁਂਦਾ  ਤਾਂ ਅੱਜ ਦੇਸ਼ ਦੀਆਂ ਹੱਦਾਂ ਹੋਰ ਹੋਣੀਆਂ ਸਨ। ਉਨ੍ਹਾ ਨੇ ਆਪਣੇ ਨਿੱਜੀ ਮੁਫਾਦਾਂ ਤੋਂ ਉਪਰ ਉਠ ਕੇ ਕੀਤੀ ਗਈ ਸਿਆਸਤ ਦਾ ਕੇਂਦਰੀ ਨੁਕਤਾ ਘੱਟ ਗਿਣਤੀ ਸਿੱਖ ਕੌਮ ਦੀ ਸਲਾਮਤੀ ਸੀ 1  ਪੰਜਾਬ ਦੇ ਹਰ ਜ਼ਿਲੇ ਵਿਚ ਸਿੱਖਾਂ ਦੀ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਮਾ. ਤਾਰਾ ਸਿੰਘ  ਕਾਂਗਰਸੀ ਲੀਡਰਾਂ  ਤੋਂ  ਸਿੱਖ  ਦੇ ਵਿਸ਼ੇਸ਼ ਹੱਕਾਂ ਦੀ ਰਾਖੀ ਲਈ ਸੰਵਿਧਾਨਕ ਗਰੰਟੀਆਂ ਦਾ ਵਾਅਦਾ ਲੈਣ ਵਿਚ ਸਫਲ ਹੋਏ ਸਨ।  ਇਹ ਮਾਸਟਾਰ ਤਾਰਾ ਸਿੰਘ ਹੀ ਸਨ ਜਿਨਹਾਂ ਨੇ ਪੰਥਕ ਏਜੰਡੇ ਨੂੰ ਕੌਮੀ ਪੱਧਰ ਉਤੇ ਲੈਕੇ ਖੜਾ ਕੀਤਾ  ਅਤੇ ਮੁਲਕ ਦੀ ਵੰਡ ਤੋਂ ਪਹਿਲਾਂ ਸਰਕਾਰ ਨੂੰ ਮਜ਼ਬੂਰ ਕੀਤਾ ਕਿ ਸਿੱਖਾਂ ਨੂੰ ਇੱਕ ਤੀਜੀ ਧਿਰ ਮੰਨ ਕੇ ਗੱਲਬਾਤ ਵਿਚ ਸ਼ਾਮਲ ਕੀਤਾ ਜਾਵੇ1 ਇਨ੍ਹਾ ਨੇ  ਬੜੀ   ਸਿਆਣਪ ਨਾਲ ਸਿੱਖਾਂ ਦੀਆਂ ਉਮੰਗਾਂ ਨੂੰ ਮੁਲਕ ਦੀ ਆਜ਼ਾਦੀ ਨਾਲ ਜੋੜ ਕੇ ਇੱਕ ਘੱਟ ਗਿਣਤੀ ਲਈ ਆਜ਼ਾਦ ਭਾਰਤ ਵਿਚ ਵਿਸ਼ੇਸ਼ ਥਾਂ ਬਣਾਈ।  ਮਾ. ਤਾਰਾ ਸਿੰਘ ਵਲੋਂ ਆਜ਼ਾਦੀ ਤੋਂ ਪਹਿਲਾਂ ਹੁੰਦੀ ਰਹੀ ਗੱਲਬਾਤ ਵਿਚ ਨਿਧੜਕ ਹੋ ਕੇ ਨਿਭਾਏ ਗਏ ਰੋਲ ਨੇ ਹੀ ਮੁਲਕ ਦੀ ਵੰਡ ਲਈ ਖਿੱਚੀ ਗਈ ਲਕੀਰ ਦੀ ਥਾਂ ਨਿਸ਼ਚਤ ਕੀਤੀ ਸੀ

 ਕੋਮ ਨਾਲ ਇਮਾਨਦਾਰੀ ਤੇ ਵਫਾਦਾਰੀ ਉਨ੍ਹਾ ਦੀ ਸਿਖਰਾਂ ਤੇ ਸੀ 1 ਇਕ ਦਿਨ ਉਹ ਆਪਣੇ ਦਫਤਰ ਤੋ ਵੇਹਲੇ ਹੋਕੇ ਸ਼ਰੋਮਣੀ ਅਕਾਲੀ ਦਲ ਦੇ ਦਫਤਰ ਬੈਠੇ ਹੋਏ ਸੀ 1 ਇਕ ਸਜਣ ਜਦ ਉਹ ਆਪਣੇ ਦਫਤਰ ਨਾ ਮਿਲੇ ਤਾਂ ਸ਼ਰੋਮਣੀ ਅਕਾਲੀ ਦਲ ਦੇ ਦਫਤਰ  ਆਪਣੇ ਕਿਸੇ ਦਸਤਾਵੇਜ਼ ਤੇ ਦਸਖਤ ਕਰਾਣ  ਆ ਗਿਆ 1 ਮਾਸਟਰ ਜੀ ਨੇ ਕਿਹਾ ਕੀ ਮੇਰੇ ਦਫਤਰ ਆ ਜਾਣਾ ਮੈ ਕਰ ਦਿਆਂਗਾ ਤਾਂ ਉਹ ਕਹਿਣ ਲਗੇ ਤੁਸੀਂ ਸਿਰਫ ਘੁਗੀ ਹੀ ਤੇ ਮਾਰਨੀ ਹੈ ਇਥੇ ਹੀ ਮਾਰ ਦਿਓ ਤਾਂ ਉਨ੍ਹਾ ਦਾ ਜਵਾਬ ਸੀ , ਇਥੇ ਸਿਹਾਈ ਦੀ ਦਵਾਤ ਵੀ ਗੋਲਕ ਦੇ ਪੈਸਿਆਂ ਤੋ ਆਉਂਦੀ ਹੈ , ਮੇਰਾ ਧਰਮ ਨਹੀਂ ਮੈਂ ਦਸਖਤ ਕਰਨ ਲਈ ਗੋਲਕ ਦੀ ਖਰੀਦੀ ਸਿਆਹੀ ਦਾ ਇਸਤੇਮਾਲ ਕਰਾਂ 1

ਜਦੋਂ ਬਾਬਾ ਖੜਕ ਸਿੰਘ ਤੇ ਸਰਦਾਰ ਬਹਾਦੁਰ ਮਹਿਤਾਬ ਸਿੰਘ ਆਦਿ ਲੀਡਰਾਂ ਨੇ ਸ਼ਰੋਮਣੀ ਅਕਾਲੀ ਦਲ ਦੇ ਮੁਕਾਬਲੇ ਸੇੰਟ੍ਰਲ ਅਕਾਲੀ ਦਲ ਬਣਾ ਲਿਆ ਤਾਂ ਲੋਕ ਇਨ੍ਹਾ ਨੂੰ ਮੁਆਫੀ ਮੰਗਣ ਵਾਲਾ ਟੋਲਾ ਕਹਿਣ ਲਗ ਪਏ ਕਿਓਂਕਿ ਇਨ੍ਹਾ ਅੰਗਰੇਜ਼ਾ ਦੀਆਂ ਸ਼ਰਤਾਂ ਮੰਨ ਕੇ ਜੇਲਾਂ ਵਿਚੋ ਬਾਹਰ ਆ ਗਏ ਸਨ ਪਰ  ਮਾਸਟਰ ਤਾਰਾ ਸਿੰਘ , ਤੇਜਾ ਸਿੰਘ ਸਮੁੰਦਰੀ ਤੇ ਉਨ੍ਹਾ ਦੇ ਸਾਥੀ ਜੇਲਾਂ ਵਿਚ ਡਟੇ ਰਹੇ 1 1933 ਵਿਚ ਜਦ ਸ਼ਰੋਮਣੀ ਅਕਾਲੀ ਦਲ ਵਿਚ ਵੀ ਧੜੇਬੰਦੀ ਸਿਖਰਾਂ ਨੂੰ ਛੋਹਣ ਲਗ ਪਈ ਤੇ ਕੁਝ ਪੜੇ ਲਿਖੇ ਸਿਖਾਂ ਨੇ ਏਕਤਾ ਕਰਾਉਣ ਦਾ ਜਤਨ ਕੀਤਾ 1 ਇਹ ਪੰਥਕ ਏਕਤਾ ਲਈ ਪੰਥਕ ਸਰਗਰਮੀਆਂ ਤੋਂ ਲਾਂਭੇ ਹੋ ਗਏ 1 ਪਰ ਜਦ ਸੇਵਾ ਸਿੰਘ ਠੀਕਰੀਵਾਲਾ ਵਾਲੇ ਸ਼ਹੀਦ ਹੋ ਗਏ ਤਾ ਗੁਰੂ ਸੇਵਕ ਪੰਥ ਦੇ ਕਹਿਣ ਤੇ ਇਹ ਮੁੜ ਸਿਆਸਤ ਵਿਚ ਆ ਗਏ 1

ਸਾਈਮਨ ਕਮਿਸ਼ਨ 1928 ਵਿਚ ਜਦ ਭਾਰਤ ਆਇਆ ਅਤੇ ਉਸ ਦੇ ਖ਼ਿਲਾਫ਼ ਮੁਜ਼ਾਹਰੇ ਕਰਨ ਵਾਲਿਆਂ ਵਿਚ ਮਾਸਟਰ ਤਾਰਾ ਸਿੰਘ ਸਭ ਤੋਂ ਅੱਗੇ ਸਨ। ਮਾਸਟਰ ਤਾਰਾ ਸਿੰਘ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ  ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵਾਰ ਪ੍ਰਧਾਨ ਬਣੇ। ਮਾਸਟਰ ਜੀ ਇਕ ਸਮੇਂ ਸ਼ਰੋਮਣੀ ਦਲ  ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਲੀਗ ਤਿੰਨੇ ਸੰਸਥਾਵਾਂ ਦੇ ਪ੍ਰਧਾਨ ਰਹੇ । ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਸਰਬਹਿੰਦ ਅਕਾਲੀ ਕਾਨਫ਼ਰੰਸ 9-10 ਫਰਵਰੀ, 1940 ਈ: ਨੂੰ ਜਥੇਦਾਰ ਤੇਜਾ ਸਿੰਘ ਅਕਰਪੁਰੀ ਦੀ ਪ੍ਰਧਾਨਗੀ ਹੇਠ ਅਟਾਰੀ ਵਿਖੇ ਹੋਈ ਜਿਥੇ ਸਿੱਖ ਹੱਕਾਂ ਦੀ ਰਖਵਾਲੀ ਖ਼ਾਤਰ ਅਕਾਲ ਰੈਜੀਮੈਂਟ ਬਣਾਈ ਗਈ, ਜਿਸ ਦੇ ਮਾਸਟਰ ਤਾਰਾ ਸਿੰਘ ਪਹਿਲੇ ਮੁਖਮਾਸਟਰ  ਸਨ 1ਉਨ੍ਹਾ  ਨੂੰ ਆਜ਼ਾਦ ਭਾਰਤ ਵਿਚ ਕਦੇ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ‘ਤੇ, ਕਦੇ ਪੰਜਾਬੀ ਸੂਬੇ ਦੀ ਮੰਗ ਲਈ ਅਤੇ ਕਦੇ ਸਿੱਖ ਮੰਗਾਂ ਦੀ ਖ਼ਾਤਰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ। ਮਾਸਟਰ ਤਾਰਾ ਸਿੰਘ ਦਾ ਜੀਵਨ ਉੱਚਾ ਤੇ ਸੁੱਚਾ ਸੀ। 1947-48 ਵਿਚ ਮਾਸਟਰ ਤਾਰਾ ਸਿੰਘ ਜੀ ਸਾਈਕਲ ਉੱਤੇ ਚੜ੍ਹ ਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਉਂਦੇ ਸਨ। ਆਪ ਕਿਹਾ ਕਰਦੇ ਸਨ ਕਿ ਸ਼੍ਰੋਮਣੀ ਕਮੇਟੀ ਦੀ ਕਾਰ ਮੇਰੀ ਨਿੱਜੀ ਸਵਾਰੀ ਲਈ ਨਹੀਂ ਹੈ1

ਮਾਸਟਰ ਤਾਰਾ ਸਿੰਘ ਤੇ ਇਹ ਦੋਸ਼ ਲਗਾਇਆ ਜਾਂਦਾ ਹੈ ਕੀ ਉਨ੍ਹਾ ਨੇ 1947 ਵਿਚ ਸਿਖ ਸਟੇਟ ਨਹੀਂ ਮੰਗੀ ਜਦ ਕੀ ਅੰਗਰੇਜ਼ ਉਨ੍ਹਾ ਨੂੰ ਕੁਝ ਦੇਣਾ ਚਾਹੁੰਦੇ ਸੀ 1 ਪਰ ਅਸਲੀਅਤ ਕੁਝ ਹੋਰ ਸੀ 1 ਰਾਜ ਗੋਪਾਲਾ ਆਚਾਰਿਆ ਦੀ ਸਲਾਹ ਨਾਲ ਸਿਖ ਲੀਡਰਾਂ ਦਾ ਡੇਪੁਟੇਸ਼ਨ ਲਾਰਡ  ਵੇਵਲ  ਨੂੰ 1946 ਵਿਚ ਮਿਲਿਆ ਤੇ ਸਟੇਟ ਦੇ ਮੇਮੋਰੰਡਮ ਨੂ ਦੁਹਰਾਇਆ  1 lord ਵੇਵਲ ਨੇ ਉਨ੍ਹਾ ਨੂੰ ਮਿਸਟਰ ਜਿਨਾਹ ਨਾਲ ਗਲ ਬਾਤ ਕਰਨ ਦਾ ਮਸ਼ਬਰਾ ਦਿਤਾ 1 ਆਪ ਉਹ ਸਿਖਾਂ ਨੂੰ ਕੁਝ ਨਹੀਂ ਸੀ ਦੇਣਾ ਚਾਹੁੰਦੇ  1ਮਿਸਟਰ ਜਿਨਾਹ ਸਿਖਾਂ ਨੂੰ ਪਾਕਿਸਤਨ ਵਿਚ ਰਹਿ ਕੇ ਚਨਾਬ ਤੋ ਜਮਨਾ ਤਕ ਅੰਦਰੂਨੀ ਖੁਦਮੁਖਤਿਆਰੀ ਦੇਣ ਨੂੰ ਤਿਆਰ ਸੀ  ਜੇ ਸਿਖ ਪਾਕਿਸਤਾਨ ਦੀ ਵਿਰੋਧਤਾ ਛਡ ਦੇਣ ਤਾਂ 1 ਪਰ ਜੱਦ ਸਿਖਾਂ ਨੇ ਵਖਰੇ ਹੋਣ ਦਾ ਹੱਕ ਮੰਗਿਆ ਜਿਵੇਂ ਰੂਸੀ ਸਿਆਸਤਾਂ ਕੋਲ ਹੈ ਤਾਂ ਨਾਂਹ ਕਰ ਦਿਤੀ 1 ਜਿਸਤੋਂ ਗਲ-ਬਾਤ ਟੁਟ ਗਈ 1 ਲਾਰਡ  ਵੇਵਲ ਨੂੰ ਸਿਖ ਦੁਬਾਰਾ ਮਿਲੇ ਤਾਂ ਉਸਨੇ ਬਹੁਗਿਣਤੀ ਦੇ ਅਧਾਰ ਤੇ ਦੇਸ਼ ਦੀ ਵੰਡ ਕਰਨ ਦੇ ਫ਼ੈਸਲੇ ਨੂੰ ਦੁਹਰਾਇਆ 1 ਇਸ ਲਈ ਅਕਾਲੀ ਦਲ ਵਰਕਿੰਗ ਕਮੇਟੀ ਨੇ ਸਮੇ ਤੇ ਹਾਲਾਤਾਂ ਨੂੰ ਮੁਖ ਰਖ ਕੇ ਹਿੰਦੁਆਂ ਨਾਲ ਰਹਿਣ ਦਾ ਫੈਸਲਾ ਕਰ ਲਿਆ 1 ਇਹ ਫੈਸਲਾ ਸਾਰੀ ਅਕਾਲੀ ਦਲ ਵਰਕਿੰਗ ਕਮੇਟੀ ਦਾ ਫੈਸਲਾ ਸੀ ਨਾ ਕੀ ਇੱਕਲੇ ਮਾਸਟਰ ਤਾਰਾ ਸਿੰਘ ਜੀ ਦਾ 1 ਕਿਓਂਕਿ ਉਸ ਵਕਤ ਮੁਸਲਮਾਨ ਸਿਖਾਂ ਲਈ ਹੈਜੇ ਸਮਾਨ ਬਣ ਗਏ ਤੇ ਹਿੰਦੂ ਟੀ ਬੀ ਸਮਾਨ 1 ਹੈਜੇ ਦਾ ਉਸ ਸਮੇ ਇਲਾਜ਼ ਨਹੀਂ ਸੀ ਕੀਤਾ ਜਾ ਸਕਦਾ ਤੇ ਫੋਰਨ ਮੋਤ ਹੋ ਜਾਂਦੀ ਹੈ ਪਰ ਹਿੰਦੂਆਂ ਦੀ ਦਿਤੀ ਟੀ ਬੀ ਨਾਲ ਕੁਝ ਸਮਾ ਜੀਵਿਆ ਜਾ ਸਕਦਾ ਸੀ ਤੇ ਸਮੇ ਸਿਰ ਇਲਾਜ ਵੀ ਕਰਵਾਇਆ ਜਾ ਸਕਦਾ ਸੀ1 ਸੋ ਕਮੇਟੀ ਨੇ ਬੇਦਿਲੇ ਹਿੰਦੂਆਂ ਨਾਲ ਰਹਿਣਾ ਸਵੀਕਾਰ ਕਰ ਲਿਆ 1

ਦੇਸ਼ ਦੀ ਵੰਡ ਤੋਂ ਬਾਅਦ ਜਦੋ ਨਹਿਰੂ ਤੇ ਪਟੇਲ ਨੂੰ ਕੀਤੇ ਵਾਦੇ ਯਾਦ ਕਰਵਾਏ ਤਾਂ ਉਹ ਸਾਰੀ ਗਲ ਤੋ ਮੁਕਰ ਕੇ ਕਹਿਣ ਲਗੇ ,’ ਅਬ ਵਕਤ ਬਦਲ ਗਿਆ ਹੈ ” ਇਹ ਸੁਣ ਕੇ ਮਾਸਟਰ ਤਾਰਾ ਸਿੰਘ ਨੇ ਸਿਖਾਂ ਦੀ ਅਜਾਦ ਹਸਤੀ ਕਾਇਮ ਕਰਨ ਲਈ ਨਾਹਰਾ ਲਗਾ ਕੇ ਐਲਾਨ ਕਰ ਦਿਤਾ,”ਸਿਖ ਬਾਦਸ਼ਾਹ ਜਾਂ ਬਾਗੀ “ਜਿਸ ਨੂੰ ਹਿੰਦੀ ਅਖਬਾਰਾਂ ਨੇ ਬੜਾ ਉਛਾਲਿਆ 1ਫਰਵਰੀ, 1949 ਈ: ਵਿਚ ਜਦੋਂ ਦਿੱਲੀ ਵਿਚ ਹੋ ਰਹੀ ਅਕਾਲੀ ਕਾਨਫ਼ਰੰਸ ਵਿਚ ਆਪ ਹਿੱਸਾ ਲੈਣ ਜਾ ਰਹੇ ਸਨ ਤਾਂ ਆਜ਼ਾਦ ਦੇਸ਼ ਵਿਚ ਦਿੱਲੀ ‘ਚ ਦਾਖ਼ਲੇ ਤੋਂ ਪਹਿਲਾਂ ਨਰੇਲਾ ਸਟੇਸ਼ਨ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਿਹਾਈ ਤੋਂ ਪਿੱਛੋਂ ਆਪ ਨੇ ਭਾਸ਼ਾ ‘ਤੇ ਆਧਾਰਿਤ ਪੰਜਾਬੀ ਸੂਬੇ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ।

1950-51 ਵਿਚ ਜਦੋਂ ਮਹਾਸ਼ਾ ਅਖਬਾਰਾਂ ਨੇ ਪੰਜਾਬੀ ਹਿੰਦੂਆ ਦੀ ਬੋਲੀ ਹਿੰਦੀ ਪ੍ਰ੍ਚਾਰਨੀ ਸ਼ੁਰੂ ਕੀਤੀ ਜੋ ਸਿਖ ਕੋਮ ਤੇ ਇਕ ਭਿਆਨਕ ਤੇ ਮਾਰੂ ਹਮਲਾ ਸੀ 1 1952 ਵਿਚ ਕਾਂਗਰਸ ਚੋਣ ਜਿਤ ਗਈ ਜਿਸ ਵਿਚ ਬਹੁ  ਗਿਣਤੀ  ਹਿੰਦੁਆਂ ਦੀ ਸੀ ਜੋ ਪੰਜਾਬੀ ਨੂੰ ਸਹਿਤਕ ਭਾਸ਼ਾ ਮੰਨਣ  ਨੂੰ ਤਿਆਰ ਨਹੀਂ ਸੀ ਤੇ ਇਸ ਨੂੰ ਗਵਰਾਂ ਦੀ ਭਾਸ਼ਾ ਕਿਹਾ ਗਿਆ 1 ਲਿਖਣ ਤੇ ਸਕੂਲਾਂ ਵਿਚ ਯੋਗ ਥਾਂ ਨਾ ਮਿਲਣ ਤੇ ਮਾਸਟਰ ਜੀ ਨੇ ਇਸਦਾ ਇਕ  ਫ਼ਾਰ੍ਮੂਲਾ ਬਣਵਾਇਆ 1 ਜਿਸ ਅਨੁਸਾਰ ਘਘਰ ਤੋ ਪਛਿਮ ਵਲ ਹਰ ਸਕੂਲ ਵਿਚ ਪਹਿਲੀਆਂ ਚਾਰ ਜਮਾਤਾਂ ਵਿਚ ਪੰਜਾਬੀ ਤੇ ਘਘਰ ਤੋਂ ਪੂਰਬ ਵਲ ਪਹਿਲੀਆਂ ਚਾਰ ਜਮਾਤਾਂ ਵਿਚ ਹਿੰਦੀ ਜਿਸ ਵਿਚ ਪੰਜਾਬੀ ਦੀ ਪੜਾਈ ਵੀ ਮੰਨੀ ਗਈ 1 ਇਸ ਨਾਲ ਸਿਖਾਂ ਨੂੰ  ਕੁਝ ਤੱਸਲੀ ਹੋਈ1

ਭਾਵੇ  1947 ਈਸਵੀ ਵਿਚ ਚੋਟੀ ਦੇ ਜਥੇਦਾਰ  ਤੇ ਗਰੁਪ ਦੇ ਲੀਡਰ ਕਾਂਗਰਸ ਵਿਚ ਜਾ  ਚੁਕੇ ਸਨ ਪਰ ਸਿਖ ਆਵਾਮ ਪੰਜਾਬੀ ਸੂਬੇ ਦੀ ਹਕੀ ਤੇ ਜਾਇਜ਼ ਮੰਗ ਕਰਕੇ ਮਾਸਟਰ ਤਾਰਾ ਸਿੰਘ ਨਾਲ ਜੁੜੇ ਹੋਏ ਰਹੇ  1 ਕਾਂਗਰਸ ਸਰਕਾਰ ਨੇ ਮਾਸਟਰ ਤਾਰਾ ਸਿੰਘ ਨੂੰ ਇਕ ਗਹਿਰੀ ਸਾਜਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ 1 1952-53 ਵਿਚ ਮਾਸਟਰ ਤਾਰਾ ਸਿੰਘ ਮਿਸ਼ਨਰੀ ਕਾਲਜ ਸਾਜਸ਼ ਕੇਸ ਵਿਚੋ ਸੁਰਖਰੂ ਹੋਕੇ ਨਿਕਲੇ 1ਗੁਰੂਦਵਾਰਾ ਜੁਡੀਸ਼ਿਅਲ ਕਮਿਸ਼ਨ ਦੀ ਅਯੋਗ ਨਿਯੁਕਤੀ , ਗੁਰੂਦਵਾਰਾ ਚੋਣਾ ਗੁਰੂਦਵਾਰਾ ਏਕਟ ਦੇ ਅਧਾਰ ਤੇ ਸਮੇ ਸਿਰ ਨਾ ਕਰਵਾਨਾ ਤੇ ਪਤਿਤ ਸਿਖਾਂ ਨੂੰ ਦੂਜਿਆਂ ਨਾਲੋਂ ਜਿਆਦਾ ਤਰਜੀਹ ਦੇਣਾ ਦੇ ਮਸਲਿਆਂ ਤੇ ਨਹਿਰੂ-ਤਾਰਾ ਪੇਕਟ ਬਣਾਇਆ ਗਿਆ ਜਿਸਦੇ ਅਨੁਸਾਰ  ਸਰਕਾਰ ਸਿਖਾਂ ਦੇ ਧਾਰਮਿਕ ਮਸਲਿਆਂ ਤੇ ਦਖਲ -ਅੰਦਾਜੀ ਨਹੀਂ ਕਰੇਗੀ ਦੀ ਮੰਗ ਰਖੀ 1

1955 ਵਿਚ ਮਾਸਟਰ ਜੀ ਦੀ ਪ੍ਰਧਾਨਗੀ ਹੇਠ ਅਮ੍ਰਿਤਸਰ ਕਾਨਫਰੰਸ ਸਮੇ 10 ਲਖ ਸਿਖਾਂ ਦਾ ਇੱਕਠ  ਹੋਇਆ 1 ਕਾਂਗਰਸ ਤੇ ਜਨਸੰਘ ਦੀਆਂ ਬਰਾਬਰੀ ਤੇ ਹੋਈਆਂ  ਕੰਨਫਰਨ੍ਸਾਂ ਭਾਵੇਂ   ਫਿਕੀਆਂ ਹੀ ਰਹੀਆਂ   ਪਰ ਸਿਖਾਂ ਦਾ ਨੀਲੇ ਦਸਤਾਰੇ ਪਹਿਨੇ ਠਾਠਾਂ ਮਾਰਦਾ ਜਲੂਸ ਆਪਣੀ ਸ਼ਾਨ ਆਪ ਹੀ ਸੀ 1 ਲੰਗਰ ਸਭ ਨੇ ਅਕਾਲੀ ਪੰਡਾਲ ਵਿਚੋਂ ਛਕਿਆ 1 ਮਾਸਟਰ ਤਾਰਾ ਸਿੰਘ ਦਾ ਵਿਚਾਰ ਸੀ ਕੀ ਕੁਝ ਵਿਅਕਤੀਆਂ ਤੋਂ ਚੰਦਾ ਲੈਣ ਦੀ ਬਜਾਏ ਹਰ ਘਰ ਨੂੰ ਲੰਗਰ ਦੀ ਸੇਵਾ ਕਰਨੀ ਚਾਹੀਦੀ ਹੈ 1 ਉਨ੍ਹਾ ਦੀ ਇਹ ਖਾਹਿਸ਼ ਪੂਰੀ ਹੋਈ , ਪਿੰਡਾ ਦੇ ਪਿੰਡ ਆਪਣੇ ਘਰੋ-ਘਰੀ ਲੰਗਰ ਪਕਾਕੇ , ਟਰਾਲੀਆਂ ਤੇ ਟਰਕਾਂ ਰਾਹੀਂ ਤਿਆਰ  ਲੰਗਰ ਅਮ੍ਰਿਤਸਰ ਪਹੁੰਚਾਇਆ  1

1956 ਈਸਵੀ ਦੇ ਸਮਝੋਤੇ ਸਮੇ ਗਿਆਨੀ ਕਰਤਾਰ ਸਿੰਘ ਤੇ ਸਰਦਾਰ ਗਿਆਨ ਸਿੰਘ ਰਾੜੇ ਵਾਲੇ ਨੇ ਵਜ਼ੀਰੀਆਂ ਲਈਆਂ 1 ਹੁਕਮ ਸਿੰਘ ਲੋਕ ਸਭਾ ਦੇ ਡਿਪਟੀ ਸਪੀਕਰ ਬਣ ਗਏ 1 ਸਰਕਾਰ ਨਾਲ ਮਿਲਣ ਵਾਲਿਆਂ ਨਾਲ ਭਾਈ ਜੋਧ ਸਿੰਘ ਵੀ ਸ਼ਾਮਲ ਸਨ 1 ਸਰਕਾਰ ਨੇ ਪੰਜਾਬੀ ਜ਼ੁਬਾਨ ਨੂੰ ਕੁਚਲਣ ਲਈ ਇਕ ਨਵੀਂ ਨੀਤੀ ਅਪਨਾਈ 1 ਕੁਝ ਸਿਖ ਵਿਦਵਾਨਾ ਨੂੰ ਵਰਗਲਾਕੇ ਪੰਜਾਬੀ ਨੂੰ ਦੇਵਨਗਰੀ ਲਿਪੀ ਵਿਚ ਲਿਖਣ ਦਾ ਮਸਲਾ ਹਲ ਕਰਨ ਦਾ ਸ਼ੋਸ਼ਾ ਛਡਿਆ 1 ਇਸ ਸਬੰਧ ਵਿਚ ਭਾਈ ਜੋਧ ਸਿੰਘ ਤੇ ਜੈ ਚੰਦ ਵਿਦਿਆ ਅਲੰਕਾਰ ਦਾ ਇਕ ਮਿਸ਼ਨ ਵਿਦਵਾਨਾ ਤੇ ਰਾਜਨੀਤਕਾਂ ਦੀ ਰਾਇ ਲੈਣ ਲਈ ਬਣਾਇਆ ਗਿਆ 1 ਮਾਸਟਰ ਤਾਰਾਂ ਸਿੰਘ ਨੇ ਆਪਣੀ ਰਾਇ ਦੇਣ ਤੋਂ ਪਹਿਲਾਂ ਗਿਆਨੀ ਭਗਤ ਸਿੰਘ ਤੋਂ ਸਲਾਹ ਪੁਛੀ ਤਾਂ ਭਗਤ ਸਿੰਘ ਨੇ ਭਾਈ ਜੋਧ ਸਿੰਘ ਦੇ ਹੀ ਆਲੋਚਨਾ ਸਹਿਤਕ ਰਸਾਲੇ ਵਿਚ ਦਲੀਲਾਂ ਸਹਿਤ ਲੜੀਵਾਰ 5-6 ਲੇਖ , ਜਿਨ੍ਹਾ ਵਿਚ ਸਾਬਤ ਕੀਤਾ ਹੋਇਆ ਸੀ ਕੀ ਗੁਰਮੁਖੀ ਲਿਪੀ ਸਾਰੀ ਲਿਪੀਆਂ ਨਾਲੋਂ ਢੁਕਵੀਂ ਤੇ ਵਿਗਿਆਨਿਕ ਹੈ ” ਮਾਸਟਰ ਤਾਰਾ ਸਿੰਘ ਨੂੰ ਪਕੜਾ ਦਿਤੇ 1 ਅਗਲੇ ਦਿਨ ਜਦ ਉਹ ਦੋਨੋ ਮਾਸਟਰ ਤਾਰਾ ਸਿੰਘ ਕੋਲ ਆਏ ਤਾਂ  ਉਨ੍ਹਾ ਨੇ ਮਾਸਟਰ ਤਾਰਾ ਸਿੰਘ ਤੋਂ ਪੁਛਿਆ ਕੀ ਪੰਜਾਬੀ ਨੂੰ ਦੇਵਨਗਰੀ ਲਿੱਪੀ ਵਿਚ ਲਿਖਣ ਬਾਰੇ ਤੁਹਾਡਾ ਕੀ ਵਿਚਾਰ ਹੈ 1 ਮਾਸਟਰ ਜੀ ਨੇ ਉਹ ਆਲੋਚਨਾ ਦੇ ਸਫੇ ਜਿਨ੍ਹਾ ਤੇ ਮਾਸਟਰ ਜੀ ਨੇ ਨਿਸ਼ਾਨੀਆਂ ਲਾਕੇ ਰਖੀਆਂ ਹੋਈਆਂ ਸੀ ਜੈ ਚੰਦ ਦੇ ਹਥ ਪਕੜਾ ਦਿਤੇ ਤੇ ਕਿਹਾ ਕੀ ਮੇਰੀ ਇਸ ਬਾਰੇ ਉਹੋ ਦਲੀਲ ਹੈ ਜੋ ਭਾਈ ਜੋਧ ਸਿੰਘ ਦੀ ਹੈ 1 ਭਾਈ ਜੋਧ ਸਿੰਘ ਬੜੇ ਸ਼ਰਮਿੰਦਾ ਹੋਏ ਤੇ ਕਹਿਣ ਲਗੇ ਕੀ ਮੇਰੀ ਦਲੀਲ ਹੁਣ ਬਦਲ ਗਈ ਹੈ ਤਾ ਮਾਸਟਰ ਤਾਰਾ ਸਿੰਘ ਨੇ ਵਿਅੰਗ ਕੀਤਾ ਕਿ ਹੁਣ ਵਾਲੀ ਦਲੀਲ ਕਦ ਬਦਲਨੀ ਹੈ ? ਉਨ੍ਹਾ ਨੇ ਦੋਨੋਂ ਨੂੰ ਬੜੀਆਂ ਖਰੀਆਂ ਖਰੀਆਂ ਸੁਣਾਈਆਂ ਤੇ ਕਿਹਾ ;-“ਸਵਾਲ ਬੋਲੀ ਜਾਂ ਲਿਪੀ ਦਾ ਨਹੀਂ , ਨਾਂ ਹਿੰਦੂ ਸਿਖ ਦਾ ਝਗੜਾ ਹੈ ਨਾ ਹੀ ਕੋਈ ਹੋਰ ਮਸਲਾ ਹੈ 1 ਸਵਾਲ ਕੇਵਲ ਦਾਹੜੀ , ਕੇਸਾਂ ਨੂੰ ਖਤਮ ਕਰਨ ਦਾ ਹੈ ਜਿਵੇਂ ਕੀ ਹਿੰਦੂ ਮਹਾਸ਼ੇ ਕਹਿ ਚੁਕੇ ਹਨ ,”ਸਿਖ ਹਿੰਦੂਆਂ ਦੀ ਰਖਿਆ ਲਈ ਬਣਾਏ ਗਏ ਸੀ 1 ਹੁਣ ਹਿੰਦੁਆਂ ਨੂੰ ਰਖਿਆ ਦੀ ਲੋੜ ਨਹੀਂ ਇਸ ਕਰਕੇ ਇਨ੍ਹਾ ਦੀ ਰਾਖੀ ਦੀ ਵੀ ਲੋੜ ਨਹੀਂ 1 ਇਸ ਲਈ ਸਿਖਾਂ ਦੀ ਵੀ ਲੋੜ ਨਹੀਂ 1 ਮਾਸਟਰ ਤਾਰਾ ਸਿੰਘ ਉਨ੍ਹਾ ਨੂੰ ਪੰਜਾਬੀ ਸੂਬਾ ਨਾ ਬਣਾਉਣ ਤੇ ਹੋਰ ਕੀਤੀਆਂ ਵਧੀਕਿਆਂ ਬਾਰੇ ਸਭ ਕੁਝ ਖਰਾ ਖਰਾ ਸੁਣਾ ਦਿਤਾ ਤੇ ਇਹ ਕਮਿਸ਼ਨ ਆਪਣਾ ਮੂੰਹ ਲੈਕੇ ਵਾਪਸ ਪਰਤ ਗਈ 1

1960 ਈ: ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਮਾਸਟਰ ਜੀ ਨੇ 140 ਸੀਟਾਂ ਵਿਚੋਂ 136 ਸੀਟਾਂ ਅਕਾਲੀ ਦਲ ਲਈ ਜਿੱਤੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਛੇਤੀ ਹੀ ਪ੍ਰਧਾਨਗੀ ਛੱਡ ਕੇ ਪੰਜਾਬੀ ਸੂਬੇ ਦੇ ਅੰਦੋਲਨ ਵਿਚ ਕੁੱਦ ਪਏ। ਅੰਮ੍ਰਿਤਸਰ ਵਿਚ ‘ਪੰਜਾਬੀ ਸੂਬਾ ਕਨਵੈਨਸ਼ਨ’ ਵਿਚ ‘ਪੰਜਾਬੀ ਸੂਬਾ’ ਬਣਾਉਣ ਲਈ ਮਤਾ ਪਾਸ ਕਰਵਾਇਆ। ਦਿੱਲੀ ਵਿਚ ਪ੍ਰਭਾਵਸ਼ਾਲੀ ਜਲੂਸ ਕੱਢਣ ਦਾ ਐਲਾਨ ਕੀਤਾ ਗਿਆ। ਜਲੂਸ ਤੋਂ ਪਹਿਲਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਸਿੱਖਾਂ ਵੱਲੋਂ ਪੰਜਾਬੀ ਸੂਬੇ ਦੀ ਮੰਗ ਲਈ ਸ਼ਾਨਦਾਰ ਜਲੂਸ ਕੱਢਿਆ ਗਿਆ। 4 ਜਨਵਰੀ, 1961 ਨੂੰ ਰਿਹਾਅ ਹੋ ਕੇ ਸੰਤ ਫਤਹਿ ਸਿੰਘ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਖੁਲ੍ਹਵਾਇਆ। ਆਪ ਜੀ ਵੱਲੋਂ ‘ਸੱਚਾ ਢੰਡੋਰਾ’ ਅਤੇ ‘ਪਰਦੇਸੀ ਖਾਲਸਾ’ ਸਪਤਾਹਿਕ ਮੈਗਜ਼ੀਨ ਵੀ ਸ਼ੁਰੂ ਕੀਤੇ ਜੋ ਪਿੱਛੋਂ ‘ਅਕਾਲੀ’ ਅਖ਼ਬਾਰ ਦੇ ਰੂਪ ਵਿਚ ਬਦਲ ਗਏ। 1961 ਈ: ਵਿਚ ‘ਜਥੇਦਾਰ’ ਅਖ਼ਬਾਰ ਛਾਪਣਾ ਸ਼ੁਰੂ ਕੀਤਾ। ਉਰਦੂ ਵਿਚ ਪੰਥਕ ਹਿੱਤਾਂ ਲਈ ‘ਪ੍ਰਭਾਤ’ ਅਖ਼ਬਾਰ ਵੀ ਕੱਢਿਆ। 1946 ਈ: ਵਿਚ ਆਪ ਜੀ ਵੱਲੋਂ ਸ਼ੁਰੂ ਕੀਤਾ ‘ਸੰਤ ਸਿਪਾਹੀ’ ਮਾਸਿਕ ਪੱਤਰ ਹੁਣ ਤੱਕ ਛਪ ਰਿਹਾ ਹੈ।

ਮਾਸਟਰ ਤਾਰਾ ਸਿੰਘ ਦੀ ਇਮਾਨਦਾਰੀ ਤੇ ਨੇਕੀ ਵੀ ਸਿਖਰਾਂ ਨੂੰ ਛੋਹਿੰਦੀ ਸੀ 1 ਉਨ੍ਹਾ ਨੂੰ ਪੰਥਕ ਸ਼ਕਤੀ ਤੇ ਅਥਾਹ ਮਾਣ ਸੀ 1 ਇਨ੍ਹਾ ਦੇ ਅਹਿਦ ਵਿਚ ਸ਼ਰੋਮਣੀ ਕਮੇਟੀ ਮਜਬੂਤ ਹੋਈ 1   1955 ਵਿਚ ਜਦ ਸ਼ਰੋਮਣੀ ਅਕਾਲੀ ਦਲ ਨੇ ਚੋਣ ਜਿਤ ਲਈਆਂ ਤਾਂ ਉਨ੍ਹਾ ਨੇ ਤੁਰੰਤ ਸਾਧਾਂ ਤੋ ਦਰਬਾਰ ਸਾਹਿਬ ਦੀ ਸੇਵਾ ਲੈਕੇ ਸ਼ਰੋਮਣੀ ਕਮੇਟੀ ਦੇ ਹਵਾਲੇ ਕਰ ਦਿਤੀ ਕਿਓਂਕਿ ਉਹ ਪੈਸਿਆਂ ਦਾ ਹਿਸਾਬ ਨਹੀਂ ਸੀ  ਰਖਦੇ ਜਿਸ ਨਾਲ ਹੇਰਾ ਫੇਰੀ ਨੂੰ ਬੜਾਵਾ ਮਿਲਦਾ ਸੀ  ਤੇ ਪੰਥਕ ਸ਼ਕਤੀ ਕਮਜ਼ੋਰ ਹੁੰਦੀ ਸੀ  1 ਉਨ੍ਹਾ ਨੇ ਕਦੀ ਵੀ ਕਿਸੇ ਗੁਰੁਦਵਾਰੇ ਦੀ ਕਾਰ ਸੇਵਾ ਕਿਸੇ ਇਕ  ਵਿਅਕਤੀ ਕੋਲੋਂ ਨਹੀਂ ਕਰਵਾਈ ਬਲਿਕ  ਸੇਵਾ ਦਾ ਮਾਣ ਸਮੁਚੇ ਪੰਥ ਦੀ ਪ੍ਰਤਿਨਿਧ ਜਮਾਤ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੂੰ ਦਿਤਾ ਜੋ ਪੰਥ  ਦੀ ਚੜਦੀ ਕਲਾ ਦੀ ਨਿਸ਼ਾਨੀ ਹੈ 1

ਜਦੋਂ ਰਾਜਿੰਦਰ ਪ੍ਰਸ਼ਾਦ ਦੇ ਰਿਟਾਇਰ ਹੋਣ ਦਾ ਵਕਤ ਆਇਆ ਤਾਂ ਨਹਿਰੂ  ਨੇ ਮੋਲਾਨਾ ਅਜਾਦ ਰਾਹੀਂ ਮਾਸਟਰ ਤਾਰਾ ਸਿੰਘ ਨੂੰ ਸੁਨੇਹਾ ਭੇਜਿਆ “ਰਾਜਨ ਬਾਬੂ ਕੇ  ਰਿਟਾਇਰ ਹੋਨੇ  ਕੇ  ਬਾਅਦ ਰਾਧਾਕ੍ਰਿਸ਼ਨਨ ਰਾਸ਼ਟਰਪਤੀ ਬਣ ਜਾਏਂਗੇ 1 ਮਾਸਟਰ ਤਾਰਾ ਸਿੰਘ ਭੀ ਪੁਰਾਣੇ ਦੇਸ਼ ਭਗਤ ਹੈਂ  ਅਗਰ ਵਹ  ਉਪਰਾਸ਼ਟਰਪਤੀ ਬਣਕੇ ਹਮਾਰੇ ਸਾਥ ਮਿਲ ਕੇ ਦੇਸ਼ ਕੀ ਸੇਵਾ ਕਰੇਂ ਤੋ ਹਮੇ ਬਹੁਤ ਖੁਸ਼ੀ ਹੋਗੀ “1   ਮਾਸਟਰ ਤਾਰਾ ਸਿੰਘ ਦੇ ਸ਼ੁਭ ਚਿੰਤਕਾਂ ਨੇ ਵੀ ਉਨ੍ਹਾ ਨੂੰ ਸਲਾਹ ਦਿਤੀ .” ਤੁਸੀਂ ਸਿਖ ਰਾਜ ਦਾ ਸਪਨਾ ਦੇਖਦੇ ਹੋ ,ਅਜ ਤੁਸੀਂ ਉਪ ਰਾਸ਼ਟਰਪਤੀ ਬਣ ਜਾਉ , ਕਲ ਨੂੰ ਰਾਸ਼ਟਰ ਪਤੀ ਬਣ ਜਾਉਗੇ , ਸਾਰੀ ਕੈਬਿਨੇਟ ਨੂੰ ਆਪਣੇ ਹਿਸਾਬ  ਨਾਲ ਚਲਾਣਾ1 ਤੁਹਾਡਾ ਸਿਖ ਰਾਜ ਦਾ ਸਪਨਾ  ਪੂਰਾ ਹੋ ਜਾਏਗਾ ” ਤਾਂ ਮਾਸਟਰ ਤਾਰਾ ਸਿੰਘ ਦਾ ਜਵਾਬ ਸੀ ” ਜੇ ਮੈਂ ਅਹੁਦਾ ਕਬੂਲ ਕਰ ਲੈਂਦਾ ਹਾਂ ਤੇ ਮੈਂ ਵੀ ਮਰਿਆ, ਅਕਾਲੀ ਦਲ ਵੀ ਖਤਮ ਤੇ ਪੰਥ ਹਿਤਾਂ ਦੇ ਵਿਚਾਰਾਂ ਦਾ ਵੀ ਭੋਗ ਪੈ ਜਾਏਗਾ 1 ਅਕਾਲੀ ਦਲ ਉਤਨਾ ਚਿਰ ਹੀ ਕਾਇਮ ਰਹਿ ਸਕਦਾ ਹੈ ਜਦ ਤਕ ਇਸਦਾ  ਪ੍ਰਧਾਨ ਕੋਈ ਸਰਕਾਰੀ ਅਹੁਦਾ ਕਬੂਲ ਨਹੀਂ ਕਰਦਾ, ਜਿਸ ਦਿਨ ਕਿਸੇ ਨੇ ਸਰਕਾਰੀ ਅਹੁਦਾ ਕਬੂਲ ਕਰ ਲਿਆ ਪੰਥ ਦੀ ਅਵਾਜ਼ ਖੇਰੂੰ ਖੇਰੂ ਹੋ ਜਾਏਗੀ “1

ਮਾਸਟਰ ਤਾਰਾ ਸਿੰਘ ਜੀ ਦੀ ਸੋਚ ਅਨੁਸਾਰ ਕਾਂਗਰਸ ਵਲੋਂ ਚਲਾਏ ਗਏ ਕੁੜੀਆਂ ਮੁਡਿਆਂ ਦੇ ਸਾਂਝੇ ਗਾਣੇ ਤੇ ਨਾਚ ਸਿਖੀ ਦੇ ਉਚੇ ਤੇ ਸੁਚੇ ਆਚਰਣਕ ਉਸਾਰੀ ਵਾਲੇ ਸਭਿਆਚਾਰ ਨੂੰ ਨਸ਼ਟ ਕਰਨ ਦੀ, ਸਿਖੀ ਨੂੰ ਖਤਮ ਕਰਨ ਦੀ ਕਾਂਗਰਸੀ ਤੇ ਕਮਿਊਨਿਸਟਾ ਦੀ ਸਾਂਝੀ ਚਾਲ ਹੈ 1 ਹਿੰਦੂ ਸਰਕਾਰ ਦੀ ਸਿਖ ਧਰਮ ਵਿਚ ਦਖਲ ਅੰਦਾਜੀ ਦੇਖ ਕੇ ਕਿਹਾ ਕਰਦੇ ਸੀ ਕਿ ਕਿਸੇ ਦਿਨ ਇਨ੍ਹਾਂ ਨੇ ਅਮ੍ਰਿਤ ਸੰਚਾਰ ਤੇ ਪਾਬੰਦੀ ਲਗਾ ਦੇਣੀ ਹੈ , ਗੁਰੁਦਵਾਰਿਆਂ ਵਿਚ ਸਿਖਾਂ ਨੂੰ ਆਪਣੀ ਮਰਜ਼ੀ ਦੇ ਸ਼ਬਦ ਪੜਨ ਲਈ ਮਜਬੂਰ ਕਰ ਦੇਣਾ ਹੈ ਤੇ ਸਿਖੀ ਚਿਨ੍ਹਾ ਨੂੰ ਵੀ ਖਤਮ ਕਰਨ ਦਾ ਇਨ੍ਹਾ ਨੇ ਪੂਰਾ ਯਤਨ ਕਰਨਾ ਹੈ 1 ਮਾਸਟਰ ਤਾਰਾ ਸਿੰਘ ਜੀ ਕਹਿੰਦੇ ਸਨ ਕੀ ਸਿਖ ਰਾਜ ਆ ਰਿਹਾ ਹੈ ਜਿਤਨੀ ਇਹ ਲੋਕ ਸਾਨੂੰ ਨਫਰਤ ਕਰਨਗੇ ਉਤਨਾ ਹੀ ਛੇਤੀ ਸਿਖ ਰਾਜ ਆਵੇਗਾ 1

ਇਕ ਵਾਰੀ ਪੰਡਿਤ ਨਹਿਰੂ ਨੇ ਕਿਹਾ ਕਿ ਜੇ ਪੰਜਾਬੀ ਸੂਬਾ ਬਣਾ ਦਿਤਾ ਤਾ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿਖਾਂ ਦਾ ਕੀ ਹੋਵੇਗਾ? ਜਿਸਤੋਂ ਘਬਰਾ ਕੇ ਡਾਕਟਰ ਤਰਲੋਕ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਤੋ ਬਾਹਰ ਰਹਿਣ ਵਾਲੇ ਸਿਖਾਂ ਦਾ ਇਕ ਡੇਪੂਟੇਸ਼ਨ ਮਾਸਟਰ ਤਾਰਾ  ਸਿੰਘ ਜੀ ਨੂੰ  ਗੁਰੂਦਵਾਰਾ ਰਕਾਬ ਗੰਜ ਦਿਲੀ ਵਿਖੇ ਮਿਲਿਆ ਤੇ ਕਿਹਾ ਕੀ ਤੁਸੀਂ ਇਸ ਜਦੋ-ਜਹਿਦ ਨੂੰ ਛਡ ਦੇਵੋ 1 ਮਾਸਟਰ ਜੀ ਦਾ ਉਤਰ ਸੀ “ਨਹਿਰੂ ਦੀ ਇਸੇ ਜ਼ਿਹਨੀਅਤ ਵਾਸਤੇ ਮੈ ਲੜ ਰਿਹਾਂ ਹਾਂ 1 ਉਹ ਸਾਨੂੰ ਗੁਲਾਮ ਬਣਾ ਕੇ, ਡਰ ਧਮਕਾ ਕੇ ਰਖਣਾ ਚਾਹੁੰਦੇ ਹਨ ਜਿਸ ਨਾਲ ਸਿਖੀ ਨਹੀਂ ਬਚ ਸਕਦੀ 1 ਮੇਰੀ ਜਦੋ -ਜਹਿਦ ਹਰ ਸਿਖ ਲਈ ਨਹੀ ਸਗੋਂ ਸਿਖੀ ਬਚਾਣ ਲਈ ਹੈ “1

ਮਾਸਟਰ ਜੀ ਖੁਸ਼ਾਮਦ ਦੇ ਸਖਤ ਖਿਲਾਫ਼ ਸਨ 1 ਹਮੇਸ਼ਾਂ ਅਸੂਲਾਂ ਦੀ ਲੜਾਈ ਲੜਦੇ ਰਹੇ  1 1958 ਵਿਚ ਕਾਂਗਰਸ ਨੇ ਪੰਜਾਬੀ ਸੂਬਾ ਲਹਿਰ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਸ਼ਰੋਮਣੀ ਕਮੇਟੀ ਦੇ ਕੁਝ ਮੈਬਰਾਂ ਨੂੰ ਆਪਣੇ ਹਥ ਵਿਚ ਪਾ ਲਿਆ ਤੇ ਪ੍ਰੇਮ ਸਿੰਘ ਲਾਲਪੁਰਾ ਨੂੰ ਪ੍ਰਧਾਨ ਬਣਾ ਦਿਤਾ ਤਾਂ ਮਾਸਟਰ ਜੀ ਤਿੰਨ ਵੋਟਾਂ ਤੋਂ ਹਾਰ ਗਏ 1 ਚੋਂਣ ਤੋਂ ਪਹਿਲਾ ਕੁਝ  ਵਰਕਰਾਂ ਨੇ ਇਸ ਗੁਝੀ ਚਾਲ ਦਾ ਅੰਦਾਜ਼ਾ ਲਗਾ ਕੇ  ਮਾਸਟਰ ਜੀ ਨੂੰ ਸ਼ਕੀ ਮੈਬਰਾਂ ਨੂੰ ਮੁਆਤਲ ਕਰਨ ਦੀ ਸਲਾਹ ਦਿਤੀ , ਜਿਸ ਨਾਲ ਮਾਸਟਰ ਜੀ  ਕੋਲ ਸ਼ਰੋਮਣੀ ਅਕਾਲੀ ਦਲ ਦੀ ਤਾਕਤ ਰਹਿ ਸਕਦੀ ਸੀ ਪਰ ਮਾਸਟਰ ਜੀ ਦਾ ਇਹ ਕਰਨਾ ਉਨ੍ਹਾ ਦੇ ਅਸੂਲਾਂ ਦੇ  ਖਿਲਾਫ਼ ਸੀ ਤੇ ਉਨ੍ਹਾ ਨੇ ਸਾਫ਼ ਇਨਕਾਰ ਕਰ ਦਿਤਾ 1

1965 ਵਿਚ ਜਦੋਂ ਸੰਤ ਫਤਹਿ ਸਿੰਘ ਨੂੰ ਚੋਣ ਵਿਚ 100 ਸੀਟਾਂ ਮਿਲੀਆਂ ਤੇ ਮਾਸਟਰ ਤਾਰਾ ਸਿੰਘ ਨੂੰ 40 ਤਾਂ ਮਾਸਟਰ ਜੀ ਨੇ ਐਲਾਨ ਕਰ ਦਿਤਾ ਕੀ ਕੋਮ ਨੇ ਸੰਤ ਫਤਹਿ ਸਿੰਘ ਨੂੰ ਆਪਣਾ ਲੀਡਰ ਮੰਨ ਲਿਆ ਹੈ 1 ਇਹ ਜੋ ਵੀ ਪ੍ਰੋਗਰਾਮ ਦੇਣਗੇ ਮੈਂ ਇਸ ਵਿਚ ਰਕਾਵਟ ਨਹੀਂ ਬਨਣਾ ਚਾਹੁੰਦਾ 1 ਉਹ  ਸਿਆਸਤ ਤੋ ਲਾਂਭੇ  ਹੋਕੇ ਸ੍ਲੋਗੜੇ ਚਲੇ ਗਏ 1 ਜਦ ਸੰਤ ਫਤਹਿ ਸਿੰਘ ਨੇ ਹਿੰਦੂਆਂ  ਦੇ ਢਾਹੇ ਚੜ ਕੇ ਲੰਗੜਾ ਤੇ ਬਗੇਰ ਪਾਵਰ ਤੋਂ ਪੰਜਾਬੀ ਸੂਬਾ ਲੈਣ ਦਾ ਮਨ ਬਣਾ ਲਿਆ ਤਾਂ ਕਪੂਰ ਸਿੰਘ ਆਈ.ਸੀ.ਐਸ ਅਤੇ ਸਰਦਾਰ ਗੁਰਨਾਮ ਸਿੰਘ ਨੇ ਲੁਧਿਆਣੇ ਨਲੂਆ ਕਾਨਫਰੰਸ ਕਰਕੇ ਸਿਖ ਹੋਮ ਲੈਂਡ ਦਾ ਨਾਅਰਾ ਲਗਾਇਆ ਤੇ ਮਾਸਟਰ ਤਾਰਾ ਸਿੰਘ ਨੂੰ ਲੀਡ ਕਰਨ ਲਈ ਕਿਹਾ ਗਿਆ 1 ਮਾਸਟਰ ਜੀ ਨੇ ਆਕੇ ਪੰਥ ਅਗੇ ਸਹੀ  ਪੋਜ਼ੀਸ੍ਹਨ ਰਖੀ ਤੇ ਲੰਗੜੇ ਸੂਬੇ ਬਾਰੇ ਪੰਥ ਨੂੰ ਜਾਣੂ ਕਰਵਾਇਆ ਪਰ ਤੀਰ ਹਥੋਂ ਨਿਕਲ ਚੁਕਾ ਸੀ ਤੇ ਕੋਮ ਦਾ ਨੁਕਸਾਨ ਹੋ ਚੁਕਾ ਸੀ 1

ਉਹਨਾ ਦਾ ਨਾਅਰਾ ਸੀ ਕੀ ਮੈਂ ਹਿੰਦੁਸਤਾਨ ਨਾਲੋਂ ਵਖ  ਹੋਣ ਦਾ ਹਾਮੀ ਨਹੀਂ ਪਰ ਹਿੰਦੁਆਂ ਦਾ ਗੁਲਾਮ ਵੀ ਨਹੀਂ ਹੋਣਾ ਚਾਹੁੰਦਾ 1 ਇਸ ਹਿੰਦੂ ਕਲਚਰ ਵਿਚ ਸਿਖ ਧਰਮ ਬਚ ਨਹੀਂ ਸਕਦਾ ਇਸ ਲਈ ਸਿਖਾਂ ਨੂੰ ਪੰਜਾਬ ਵਿਚ ਆਪਣਾ ਵਿਧਾਨ ਖੁਦ ਬਨਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ 1 ਹਿੰਦੁਸਤਾਨ ਦੇ ਨਾਲ ਰਹਿਣ ਜਾਂ ਵਖਰੇ ਹੋਣ ਦਾ ਅਧਿਕਾਰ ਮਿਲਣਾ ਚਾਹਿਦਾ ਹੈ ਤਾਂ ਜੋ ਬਹੁਗਿਣਤੀ ਦੇ  ਕਿਸੇ ਦਬਾਵ ਤੋ ਬਚਿਆ ਜਾ ਸਕੇ 1 ਉਨ੍ਹਾਂ ਨੂੰ ਆਪਣੇ ਨਿਸ਼ਾਨੇ ਤੋਂ ਕੋਈ ਡੇਗ ਨਹੀਂ ਸਕਿਆ 1 ਇਸ ਲਈ 1960 ਦੇ ਮੋਰਚੇ ਦੀ ਚੜਤ ਦੇਖ ਕੇ ਸਰਕਾਰ ਨੇ ਆਪਣੇ ਏਜੇਂਟਾਂ ਰਾਹੀਂ ਅਕਾਲੀ ਦਲ ਵਿਚ ਫੁਟ ਪਵਾ ਕੇ ਸਿਖਾਂ ਦੀ ਅਜਾਦ ਹਸਤੀ ਕਾਇਮ ਰਖਣ ਵਾਲੀ ਸਿਖ ਲਹਿਰ ਨੂੰ ਖੇਰੂੰ ਖੇਰੂੰ ਕਰ ਦਿਤਾ 1

 ਨਵੰਬਰ 1966 ਵਿੱਚ ਸਰਕਾਰ ਵੱਲੋਂ ਲੰਗੜਾ ਪੰਜਾਬੀ ਸੂਬਾ ਬਣਾਇਆ ਗਿਆ। ਮਾਸਟਰ ਤਾਰਾ ਸਿੰਘ ਵਰਗੀ ਮਹਾਨ ਸਖਸ਼ੀਅਤ 22 ਨਵੰਬਰ, 1967 ਨੂੰ ਆਪਣੀ ਜੀਵਨ ਯਾਤਰਾ ਸਮਾਪਤ ਕਰ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।

                  ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »