SikhHistory.in

ਚਮਕੌਰ ਸਾਹਿਬ ਦੀ ਜੰਗ

ਜਦੋਂ ਔਰੰਗਜ਼ੇਬ ਨੂੰ ਪਹਾੜੀ ਰਾਜਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਆਪਸੀ ਲੜਾਈਆਂ ਦੀ ਖਬਰ ਦਖਣ ਵਿਚ ਮਿਲੀ ਤਾਂ ਉਸਨੇ ਗੁਰੂ ਸਾਹਿਬ ਨੂੰ ਚਿਠੀ ਲਿਖੀ ,” ਮੇਰਾ ਤੇ ਤੁਹਾਡਾ ਇਕ ਰਬ ਨੂੰ ਮੰਨਣ ਵਾਲਾ ਧਰਮ ਹੈ । ਤੁਹਾਨੂੰ ਮੇਰੇ ਨਾਲ ਸੁਲਹ ਸਫਾਈ ਨਾਲ ਰਹਣਾ ਚਾਹਿਦਾ ਹੈ । ਮੈਨੂੰ ਇਹ ਬਾਦਸ਼ਾਹੀ ਰਬ ਨੇ ਦਿਤੀ ਹੈ , ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹਿਦਾ ਹੈ ,ਲੜਾਈ ਝਗੜੇ ਨਹੀਂ ਕਰਨੇ ਚਾਹੀਦੇ “। ਗੁਰੂ ਸਾਹਿਬ ਨੇ ਜਵਾਬ ਦਿਤਾ ,”ਜਿਸ ਰਬ ਨੇ ਤੈਨੂੰ ਬਾਦਸ਼ਾਹੀ ਦਿਤੀ ਹੈ ਉਸੇ ਨੈ ਮੈਨੂੰ ਸੰਸਾਰ ਵਿਚ ਭੇਜਿਆ ਹੈ ,ਤੇਨੂੰ ਉਸਨੇ ਪਰਜਾ ਦੀ ਹਿਤ ਵਾਸਤੇ ਭੇਜਿਆ ਹੈ ਪਰ ਤੂੰ ਉਸਦਾ ਹੁਕਮ ਭੁਲ ਗਿਆਂ ਹੈਂ , ਤੇਰਾ ਨਾਲ ਜੋ ਉਸਦੇ ਹੁਕਮ ਨੂੰ ਭੁਲ ਜਾਏ, ਸਾਡਾ ਕੀ ਮੇਲ ? ਫਿਰ ਜਿਨ੍ਹਾ ਹਿੰਦੂਆਂ ਤੇ ਤੂੰ ਜੁਲਮ ਕਰ ਰਿਹਾ ਹੈਂ ਓਹ ਓਸੇ ਰਬ ਦੇ ਬੰਦੇ ਹਨ ਜਿਸਨੇ ਤੇਨੂੰ ਬਾਦਸ਼ਾਹੀ ਦਿਤੀ ਹੈ ,ਪਰ ਤੂੰ ਉਨ੍ਹਾ ਨੂੰ ਰਬ ਦੇ ਬੰਦੇ ਨਹੀ ਸਮਝਿਆ ,ਉਨ੍ਹਾ ਦੇ ਧਰਮ ਤੇ ਧਰਮ ਅਸਥਾਨਾਂ ਦੀ ਨਿਰਾਦਰੀ ਕਰਦਾ ਹੈਂ “।

 ਆਨੰਦਪੁਰ ਵਿਚ ਪਹਾੜੀ ਰਾਜਿਆਂ ਦੀ ਲੁਟ-ਖਸੁਟ ਸੁਣਕੇ ਸੰਗਤਾਂ ਦੂਰੋਂ ਨੇੜਿਓਂ ਸਭ ਪਾਸਿਆਂ ਤੋ ਆਣਾ ਸ਼ੁਰੂ ਹੋ ਗਈਆਂ। ਸਿਖਾਂ ਦਾ ਇਤਨਾ ਇਕਠ ਦੇਖ ਕੇ ਅਜਮੇਰ ਚੰਦ ਹੋਰ ਘਬਰਾ ਗਿਆ ,ਸ਼ਾਇਦ ਗੁਰੂ ਸਾਹਿਬ ਫੌਜੀ ਤਾਕਤ ਇਕਠੀ ਕਰ ਰਹੇ ਹਨ। ਸਾਰੇ ਰਾਜਿਆਂ ਨੇ ਇਕਠੇ ਹੋਕੇ ਔਰੰਗਜ਼ੇਬ ਨੂੰ ਚਿਠੀ ਲਿਖੀ । ਉਸ ਨੂੰ ਗੁਰੂ ਸਾਹਿਬ ਦੇ ਖਿਲਾਫ਼ ਖੂਬ ਭੜਕਾਇਆ ਤੇ ਚੇਤਾਵਨੀ ਵੀ ਦਿਤੀ ਕਿ ਜੇਕਰ ਤੁਸੀਂ ਹੁਣ ਕੁਛ ਨਾ ਕੀਤਾ ਤਾਂ ਇਹ ਮੁਗਲ ਹਕੂਮਤ ਤੇ ਸਾਡੇ ਵਾਸਤੇ ਬਹੁਤ ਵਡਾ ਖਤਰਾ ਬਣ ਜਾਏਗਾ । ਔਰੰਗਜ਼ੇਬ ਗੁਰੂ ਸਾਹਿਬ ਦੇ ਜਵਾਬ ਤੋਂ ਅਗੇ ਹੀ ਭੜਕਿਆ ਹੋਇਆ ਸੀ, ਰਾਜਿਆਂ ਨੇ ਬਲਦੀ ਤੇ ਤੇਲ ਪਾ ਦਿਤਾ । ਉਸਨੇ ਤੁਰੰਤ ਸੂਬਾ ਦਿਲੀ, ਸੂਬਾ ਲਾਹੋਰ ਤੇ ਸੂਬਾ ਸਰਹੰਦ,ਸੂਬਾ ਮੁਲਤਾਨ ,ਸੂਬਾ ਪਿਸ਼ਾਵਰ ਨੂੰ ਚਿਠੀ ਲਿਖੀ ਕਿ ਤੁਸੀਂ ਪਹਾੜੀ ਰਾਜਿਆਂ ਦੀ ਮਦਤ ਨਾਲ ਆਨੰਦਪੁਰ ਦਾ ਨਾਮੋ ਨਿਸ਼ਾਨ ਮਿਟਾ ਦਿਉ ਤੇ ਗੁਰੂ ਨੂੰ ਮੇਰੇ ਕੋਲ ਪਕੜ ਕੇ ਲੈ ਆਓ । ਉਸਤੋਂ ਇਲਾਵਾ ਜੰਮੂ, ਕਸ਼ਮੀਰ ਤੇ ਹੋਰ ਮੁਗਲ ਤੇ ਪਠਾਣ ਜਥੇਦਾਰਾਂ ਦੀਆਂ ਫੌਜਾਂ ਵੀ ਆ ਰਲੀਆਂ ।

ਇਤਨਾ ਸਖਤ ਹੁਕੂਮ ਸੁਣ ਕੇ ਸਭ ਨੇ ਆਪਣੀਆਂ ਆਪਣੀਆਂ ਫੌਜਾਂ ਆਨੰਦਪੁਰ ਸਾਹਿਬ ਭੇਜ ਦਿਤੀਆਂ । ਗੁਰੂ ਸਾਹਿਬ ਕੋਲ ਸਿਰਫ 11000ਫੋਜ਼ ਜਦਕੇ  ਦੇ ਰਾਜਿਆਂ ਤੇ ਮੁਗਲਾਂ ਦੀ ਫੋਜ਼ ਮਿਲਾ ਕੇ ਕਰੀਬ 1000000 ਸੀ ਜਿਸ ਨਾਲ ਗੁਜਰ ਤੇ ਰੰਗੜ ਵੀ ਇਕਠੇ ਕਰ ਲਏ ਗਏ। ਗੁਰੂ ਸਾਹਿਬ ਨੇ 500 -500 ਜਥੇ ਬਣਾਕੇ ਸਭ ਕਿਲਿਆਂ ਅੰਦਰ ਤੈਨਾਤ ਕਰ ਦਿਤੇ ਤੇ ਬਾਕੀ ਜਵਾਨਾਂ ਨੂੰ ਆਪਣੀ ਕਮਾਨ ਹੇਠ ਰਖਿਆ । ਸ਼ਾਹੀ ਫੌਜਾਂ ਤੇ ਬਾਈ ਧਿਰਾਂ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਮੋਰਚੇ ਬਨਕੇ ਆਨੰਦਪੁਰ ਨੂੰ ਘੇਰਾ ਪਾ ਲਿਆ। 500 -500 ਜਥਿਆਂ ਨੇ ਇਨੀ ਵਡੀ ਫੌਜ਼ ਨਾਲ ਸਖਤ ਟਾਕਰਾ ਕੀਤਾ ।ਪਹਾੜੀ ਰਾਜਿਆਂ ਤੇ ਸ਼ਾਹੀ ਫੌਜਾਂ ਦਾ ਜਿਆਦਾ ਨੁਕਸਾਨ ਹੁੰਦਾ ਕਿਓਕੀ ਓਹ ਖੁਲੇ ਮੈਦਾਨ ਵਿਚ ਸਨ । ਸਿਖਾਂ ਦੀਆਂ ਤੋਪਾਂ ਦੀ ਅਵਾਜ਼ ਇਤਨੀ ਬੁਲੰਦ ਸੀ ਕਿ ਵੈਰੀਆਂ ਦੇ ਹਿਰਦੇ ਕੰਬ ਉਠਦੇ ,ਭਾਜੜਾਂ ਪੈ ਜਾਂਦੀਆਂ । ਆਪਣੀਆਂ ਫੌਜਾਂ ਦਾ ਇਹ ਹਾਲ ਦੇਖਕੇ ਮੁਗਲ ਤੇ ਪਹਾੜੀ ਨਵੀਂ ਵਿਓਂਤ ਸੋਚਣ ਲਗੇ, ਸਿਖਾਂ ਨੂੰ ਭੁਖਿਆਂ ਰਖਣ ਦੀ । ਓਨਾਂ ਨੇ ਚੁਫੇਰੇ ਖੇਰਾ ਪੂਰ ਲਿਆ । ਸਿਖਾਂ ਦਾ ਰਸਦ ਪਾਣੀ ਅੰਦਰ ਜਾਣਾ ਬੰਦ ਕਰਵਾ ਦਿਤਾ |ਜਿਨਾਂ ਕੁ ਅੰਨ ਪਾਣੀ ਸੀ ਹੋਲੀ ਹੋਲੀ ਖਤਮ ਹੁੰਦਾ ਗਿਆ । ਬਾਹਰੋਂ ਕੋਈ ਰਸਦ ਪਾਣੀ ਅੰਦਰ ਨਹੀ ਸੀ ਪੁਜ ਸ੍ਕਦਾ । ਅਨਾਜ ,ਪਾਣੀ ,ਅੰਨ ,ਘਾਹ ਪਠੇ ਦੀ ਕਮੀ ਨਾਲ, ਪਿਆਰੇ ਸਿੰਘ, ਪਾਲਤੂ ਘੋੜੇ ਤੇ ਪ੍ਰਸ਼ਾਦੀ ਹਾਥੀ ਵੀ ਭੁਖ ਦੇ ਸ਼ਿਕਾਰ ਹੋ ਗਏ । ਸਿਖਾਂ ਦੇ ਸਿਦਕ ਦੀ ਪਰਖ ਹੋ ਰਹੀ ਸੀ । ਅਖੀਰ ਸਿੰਘਾਂ ਨੇ 100 -100 ਦਾ ਜਥਾ ਬਣਾਕੇ ਵੈਰੀਆਂ ਤੇ ਛਾਪੇ ਮਾਰਨੇ ਸ਼ੁਰੂ ਕਰ ਦਿਤੇ । ਕੁਛ ਵੇਰੀਆਂ ਨੂੰ ਪਾਰ ਬੁਲਾਂਦੇ, ਕੁਝ ਲੜ ਕੇ ਸ਼ਹੀਦ ਹੋ ਜਾਂਦੇ ,ਕੁਝ ਸਮਾਨ ਲੁਟ ਕੇ ਕਿਲੇ ਵਿਚ ਲੈ ਆਓਂਦੇ । ਕੁਝ ਮੁਸਲਮਾਨ ਜਾਣ ਬੁਝ ਕੇ ਸਿਖਾਂ ਨੂੰ ਲੁਟਣ ਵਿਚ ਮਦਤ ਕਰਦੇ , ਪਰ ਇਹ ਬਹੁਤੀ ਦੇਰ ਤਕ ਨਾ ਚਲ ਸਕਿਆ। ਹਕੂਮਤ ਚੋਕਨੀ ਹੋ ਗਈ ! ਸਿੰਘਾ ਦੀ ਗਿਣਤੀ ਵੀ ਭੁਖ ਦੀ ਵਜਹ ਕਰਕੇ ਦਿਨ-ਬਦਿਨ ਘਟ ਰਹੀ ਸੀ ਪਰ ਸ਼ਾਹੀ ਫੌਜ਼ ਜਿਤਨੀ ਮਰਦੀ ਹੋਰ ਆ ਜਾਂਦੀ।

ਪਹਾੜੀ ਰਾਜਿਆਂ ਤੇ ਸ਼ਾਹੀ ਸੈਨਾ ਦੇ  ਲੜਦੇ ਲੜਦੇ ਹੋਂਸਲੇ ਪਸਤ ਹੋ ਗਏ । ਢੰਡੋਰਾ ਦੇ ਰਹੇ ਸਨ ਕੀ ਜੇਕਰ ਗੁਰੂ ਸਾਹਿਬ ਕਿਲਾ ਖਾਲੀ ਕਰ ਦਿੰਦੇ ਹਨ ਤਾਂ ਸ਼ਾਹੀ ਫੋਜਾ ਉਨ੍ਹਾ ਨੂੰ ਫੌਜ਼ ਸਮੇਤ ਲੰਘਣ ਦੇਣਗੀਆਂ ਬਿਨਾ ਕਿਸੇ ਖਤਰੇ ਤੋਂ 1 ਆਟੇ ਦੀ ਗਊ ਤੇ ਕੁਰਾਨ ਤੇ ਹਥ ਰਖ ਕੇ ਕਸਮਾਂ ਵੀ ਖਾਧੀਆਂ । ਗੁਰੂ ਸਾਹਿਬ ਦੇ ਸਿੰਘ ਜੋ ਖਾਹ ਪਤੇ ਖਾਕੇ ਮਰਨ ਦੀ ਹਾਲਤ ਵਿਚ ਪੁਜ ਚੁਕੇ ਸਨ, ਭੁਖ ਤੋ ਤੰਗ ਆ ਚੁਕੇ ਸਨ । ਗੁਰੂ ਸਹਿਬ ਤੋਂ ਵੀ ਉਨ੍ਹਾ ਦੀ ਇਹ ਹਾਲਤ ਦੇਖੀ ਨਹੀਂ ਸੀ ਜਾ ਰਹੀ।ਹਾਲਾਕਿ  ਉਨ੍ਹਾ ਨੂੰ ਪਤਾ ਸੀ ਕਿ ਇਸ ਵਕਤ ਕਿਲਾ ਛਡਣਾ ਠੀਕ ਨਹੀਂ ਹੈ ਤੇ ਉਨ੍ਹਾ ਨੇ ਸਮਝਾਇਆ ਵੀ ਕਿ ਵੈਰੀ ਹੁਣ ਤੰਗ ਆ ਚੁਕਾ ਹੈ ਤੇ ਜਿਤ ਦੀ ਆਸ ਲਾਹ ਚੁਕਾ ਹੈ, ਜੇ ਇਸ ਵੇਲੇ ਅਸੀ ਉਸਦੇ ਧੋਖੇ ਵਿਚ ਆ ਗਏ ਤਾਂ ਸਾਨੂੰ ਬਹੁਤ ਵਡੀ ਤਬਾਹੀ ਦਾ ਮੂੰਹ ਦੇਖਣਾ ਪਏਗਾ । ਸਿਖਾਂ ਨੇ ਸਭ ਕੁਝ ਸੁਣਿਆ ਪਰ ਭੁਖ ਉਨ੍ਹਾ ਤੇ ਹਾਵੀ ਹੋ ਚੁਕੀ ਸੀ । ਗੁਰੂ ਸਾਹਿਬ ਤੇ ਜੋਰ ਪਾਇਆ । ਸਿਖਾਂ ਦਾ ਹੁਕਮ ਨੂੰ ਗੁਰੂ ਸਾਹਿਬ ਨੇ ਕਦ ਟਾਲਿਆ ਸੀ । ਉਨ੍ਹਾ ਦੀ ਹਾਲਤ ਤੇ ਤਰਸ ਵੀ ਆ ਰਿਹਾ ਸੀ ਸੋ ਕਹਿਲਵਾ ਦਿਤਾ ਕੀ ਓਹ ਕਿਲਾ ਖਾਲੀ ਕਰ ਦੇਣਗੇ ,ਓਹਨਾ ਵਲੋਂ ਲੜਾਈ ਬੰਦ ਹੈ । ਸਿਖਾਂ ਨੂੰ ਹੁਕਮ ਕੀਤਾ ਕੀ ਤੁਸੀਂ ਤੁਰਨ ਦੀ ਤਿਆਰੀ ਕਰੋ ।

ਜਦੋਂ ਆਨੰਦਪੁਰ ਸਾਹਿਬ ਦੀ ਲੜਾਈ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਕੋਲ 11000 ਫੋਜ਼ ਸੀ ਹੁਣ ਸਿਰਫ 1500 -1600 ਰਹਿ ਗਏ ,ਉਸ ਵਿਚੋਂ ਵੀ ਭੁਖ ਦੇ ਕਾਰਣ ਬਹੁਤੇ ਮਰਨ ਦੇ ਕਿਨਾਰੇ ਪਹੁੰਚ ਚੁਕੇ ਸੀ । ਆਨੰਦਪੁਰ ਦਾ ਕਿਲਾ ਤੇ ਹੋਰ ਗੁਰੂ ਅਸਥਾਨਾਂ ਦੀ ਸੇਵਾ ਗੁਰਬਖਸ਼ ਰਾਇ ਨੂੰ ਸੋਪ ਕੇ ਅਧੀ ਰਾਤੀ ਕਿਲਾ ਖਾਲੀ ਕਰ ਦਿਤਾ| 1500-1600 ਸਿਖ 6-7 ਦਸੰਬਰ ਦੀ ਬਰਫੀਲੀ ਰਾਤ ਵਿਚ ਭੁਖੇ ਭਾਣੇ ਜਿਸ ਦਲੇਰੀ ਤੇ ਸਾਹਸ ਨਾਲ ਗੁਰੂ ਸਾਹਿਬ ਦੀ ਅਗਵਾਈ ਹੇਠ ਜਾਲਮਾਂ ਦੇ ਘੇਰੇ ਵਿਚੋਂ ਲੰਘ ਕੇ ਜਾ ਰਹੇ ਸੀ ਉਸਦੀ ਦਾਦ ਜਾਲਮ ਤੇ ਲੁਟੇਰੇ ਵੀ ਦੇ ਰਹੇ ਸੀ । ਅਜੇ ਓਹ ਕੀਰਤਪੁਰ ਹੀ ਪਹੁੰਚੇ ਸਨ , ਕਿ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਬੜੀ ਬੇਰਹਿਮੀ ਤੇ ਬੇਹਆਈ ਨਾਲ ਕਸਮਾਂ ਵਾਇਦੇ ਛਿਕੇ ਟੰਗ ਕੇ ਥਕੇ ਟੁੱਟੇ, ਭੁਖੇ ਭਾਣੇ ਗਿਣਤੀ ਦੇ ਸਿਖਾਂ ਤੇ ਟੁਟ ਪਏ । ਬਾਬਾ ਅਜੀਤ ਸਿੰਘ , ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਤੇ ਕੁਝ ਹੋਰ ਸਿਖਾਂ ਨੇ ਇਨ੍ਹਾ ਨੂੰ ਇਥੇ ਹੀ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪੁਜ ਸਕਣ । ਸ਼ਾਹੀ ਟਿਬੀ , ਸਰਸਾ ਦੇ ਕੰਢੇ , ਜਿਸ ਸਿਦਕ ਤੇ ਦਲੇਰੀ ਨਾਲ ਇਨਾ ਗਿਣਤੀ ਦੇ ਸਿੰਘਾਂ ਨੇ ਟਾਕਰਾ ਕੀਤਾ ਓਹ ਬੇਮਿਸਾਲ ਸੀ ਜੋ ਜੂਝ ਕੇ ਸ਼ਹੀਦ ਹੋਏ ਉਨ੍ਹਾ ਵਿਚ ,ਭਾਈ ਜੀਵਨ ਸਿੰਘ, ਭਾਈ ਬਚਿਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਸਨ ।

ਗੋਲੀਆਂ ਵਰ ਰਹੀਆਂ ਸਨ , ਤੀਰ ਚਲ ਰਹੇ ਸਨ , ਗੁਰੂ ਸਾਹਿਬ ਦੇ ਨਿਤਨੇਮ ਦਾ ਵਕਤ ਹੋ ਗਿਆ ਸੀ । ਗੁਰੂ ਸਾਹਿਬ ਨਿਤਨੇਮ ਦਾ ਪਾਠ ਤੇ ਕੀਰਤਨ ਕਰ ਰਹੇ ਸੀ । ਕੋਟਲਾ ਨਿਹੰਗ ਸਿੰਘ ਸੰਗਤਾ ਦੀ ਰਾਖੀ ਕਰ ਰਹੇ ਸੀ । ਭਿੰਆਨਕਤਾ ਚਰਮ ਸੀਮਾ ਤਕ ਪਹੁੰਚ ਚੁਕੀ ਸੀ ,ਪੰਜਾਬ ਦੀਆ ਠੰਡੀਆਂ ਰਾਤਾਂ, ਬਾਰਸ਼ , ਝਖੜ , ਮੀਹ ਵਰਗੀਆਂ ਗੋਲੀਆਂ ਦੀ ਬੁਛਾੜ ,ਪਿਛੇ ਲਖਾਂ ਦੀ ਫੌਜ਼ , ਚੜ ਆਈ ਸਰਸਾ ਜਿਸ ਨੂੰ ਪਾਰ ਕਰਨਾ ਸੀ, ਦੇ ਵਿਚ ਤਿਲਕਦੀਆਂ ਜਾਨਾਂ , ਜਿਨਾਂ ਵਿਚ ਕਈ ਸ਼ਹੀਦ ਹੋਏ ,ਕਈ ਡੁਬੇ, ,ਮਸਾਂ ਕੁਝ ਕੁ ਸਿੰਘ ਬਰ੍ਫੀਲੇ ਪਾਣੀ ਦੀ ਫੇਟ ਤੋ ਬਚਕੇ ਪਾਰ ਹੋਏ ਪਰ ਅਜਿਹੇ ਖੇਰੂੰ ਖੇਰੂੰ ਹੋਏ ਕਿ ਆਪਸ ਵਿਚ ਉਨ੍ਹਾ ਦਾ ਮੇਲ ਨਾ ਹੋ ਸਕਿਆ । ਮਾਤਾ ਗੁਜਰੀ ਤੇ ਦੋ ਸਾਹਿਬਜਾਦੇ ਗੰਗੂ ਰਸੋਈਏ ਨਾਲ ਸਰਹੰਦ ਵਲ ਨਿਕਲ ਗਏ । ਭਾਈ ਮਨੀ ਸਿੰਘ ਦੇ ਜਥੇ ਨਾਲ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਤੇ ਪੰਜ ਹੋਰ ਸਿੰਘਾਂ ਦੀ ਮੋਹਾੜ ਦਿਲੀ ਵਾਲੇ ਪਾਸੇ ਹੋ ਗਈ । ਬਹੁਤ ਸਾਰਾ ਸਮਾਨ ਜਿਸ ਵਿਚ ਸਾਲਾਂ ਦੀ ਕੀਤੀ ਮੇਹਨਤ ਦੇ ਨਾਲ ਨਾਲ ਗਰੰਥ ਸਾਹਿਬ ਵੀ ਰੁੜ ਗਏ । ਨੋਂ ਮਣ ਦੇ ਕਰੀਬ ਗੁਰੂ ਸਾਹਿਬ ਦੀਆਂ ਰਚਨਾਵਾਂ ਦੇ ਨਾਲ ਨਾਲ ਹੋਰ ਵੀ ਸਹਿਤ ਸਰਸਾ ਨਦੀ ਦੀ ਭੇਟ ਚੜ ਗਿਆ ।

ਗੁਰੂ ਸਾਹਿਬ ਆਪਣੇ ਦੋਨੋ ਸਾਹਿਬਜ਼ਾਦਿਆਂ ਤੇ ਗਿਣਤੀ ਦੇ ਕੁਛ ਸਿੰਘਾਂ ਨਾਲ ਵਸਦੇ ਮੀਹ, ਭਿਜੇ ਹੋਏ ਕਪੜੇ, ਥਕੇ, ਭੁਖੇ ਸਰੀਰਾਂ ਨੂੰ ਠੇਲਦੇ ਰੋਪੜ ਪਹੁੰਚੇ ਜਿਥੇ ਉਥੋਂ ਦੇ ਪਠਾਣਾ ਨੇ ਉਨ੍ਹਾ ਦਾ ਤਲਵਾਰਾਂ ਨਾਲ ਸਵਾਗਤ ਕੀਤਾ । ਮੁਕਾਬਲਾ ਕਰਦੇ ਕਰਦੇ ਓਹ ਚਮਕੌਰ ਦੀ ਗੜੀ ਤਕ ਪਹੁੰਚ ਗਏ । ਇਥੋਂ ਦੇ ਜ਼ਮੀਦਾਰ ਚੌਧਰੀ ਬੁਧੀ ਚੰਦ ਨੇ ਆਪਜੀ ਨੂੰ ਬੇਨਤੀ ਕੀਤੀ ਕਿ ਖੁਲੇ ਮੈਦਾਨ ਨਾਲੋਂ ਗੜੀ ਵਿਚ ਕੁਝ ਬਚਾਓ ਹੋ ਜਾਏਗਾ । ਕੁਰਕਸ਼ੇਤਰ ਤੋਂ ਮੁੜਦਿਆਂ ਵੀ ਓਹ ਇਸੇ ਹਵੇਲੀ ਵਿਚ ਠਹਿਰੇ ਸੀ । ਗੁਰੂ ਸਾਹਿਬ ਨੇ ਇਥੇ ਰੁਕਣ ਤੇ ਆਖਰੀ ਦਮ ਤਕ ਝੂਝਣ ਦਾ ਫੈਸਲਾ ਕਰ ਲਿਆ । ਗੁਰੂ ਸਾਹਿਬ ਦਾ ਕਾਫਲਾ ਚਮਕੌਰ ਦੇ ਆਸ ਪਾਸ ਪਹੁੰਚ ਗਿਆ ਹੈ ਇਹ ਖਬਰ ਸਰਹੰਦ ਤਕ ਪਹੁੰਚ ਗਈ । ਨਵਾਬ ਨੇ ਤੁਰੰਤ ਆਪਣੀ ਸੈਨਾ ਚਮਕੋਰ ਵਲ ਭੇਜ ਦਿਤੀ ਤਾਕਿ ਰਾਤੋ ਰਾਤ ਗੁਰੂ ਸਾਹਿਬ ਨੂੰ ਘੇਰ ਕੇ ਪਕੜ ਲਿਆ ਜਾਏ ਰਸਤੇ ਵਿਚੋਂ ਪਿੰਡਾ ਦੇ ਅਨੇਕ ਮੁਲਖਈਆਂ ਨੂੰ ਇਕਠਾ ਕਰ ਲਿਆ ਜੋ ਜਗੀਰਾਂ ਤੇ ਹੋਰ ਇਨਾਮਾਂ ਦੇ ਲਾਲਚ ਵਿਚ ਆਕੇ ਨਾਲ ਹੋ ਤੁਰੇ ।

ਚਮਕੋਰ ਦੀ ਲੜਾਈ :- ਗੁਰੂ ਸਾਹਿਬ ਜਦ ਚਮਕੋਰ ਦੀ ਗੜੀ ਤਕ ਪਹੁੰਚੇ , ਤਦ ਤਕ ਪਰਿਵਾਰ ਦਾ ਵਿਛੋੜਾ ਹੋ ਚੁਕਾ ਸੀ । ਗੁਰੂ ਸਾਹਿਬ ਨੂੰ ਕੋਈ ਖਬਰ ਨਹੀਂ ਸੀ ਕੀ ਮਾਤਾ ਗੁਜਰੀ , ਮਾਤਾ ਸੁੰਦਰੀ ,ਮਾਤਾ ਸਾਹਿਬ ਕੌਰ ਤੇ ਦੋ ਛੋਟੇ ਸਾਹਿਬਜਾਦੇ ਕਿਥੇ ਹਨ। ਫਿਰ ਵੀ ਉਹ, ਉਨ੍ਹਾ ਦੇ ਸਾਹਿਬਜ਼ਾਦੇ ਤੇ ਸਿੰਘ ਚੜਦੀ ਕਲਾ ਵਿਚ ਸਨ।

                            ਜਿਸ ਦਮ ਹੁਏ ਚਮਕੋਰ ਮੈਂ ਸਿੰਘੋਂ ਕੇ ਉਤਾਰੇ
                           ਬਿਫਰੇ ਹੁਏ ਸਤਿਗੁਰੁ ਕੇ ਦੁਲਾਰੇ ਨਜਰ ਆਏ
                           ਕਹਿਤੇ ਥੇ ਹਮੇ ਇਜਾਜ਼ਤ ਹੀ ਨਹੀਂ ਹੈ ਰਣ ਕੀ
                          ਮਟੀ ਤਕ ਉੜਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ।

ਗੁਰੂ ਸਾਹਿਬ ਨੇ ਇਸ ਅਚਨਚੇਤ ਹਮਲੇ ਦਾ ਮੁਕਾਬਲਾ ਕਰਨ ਲਈ ਜਿਤਨਾ ਕੁਝ ਇੰਤਜ਼ਾਮ ਹੋ ਸਕਦਾ ਸੀ ਤੁਰੰਤ ਫੁਰੰਤ ਕਰ ਲਿਆ। ਸਿਖਾਂ ਦੇ ਛੋਟੇ ਛੋਟੇ ਜਥੇ ਚਾਰੋ ਤਰਫ਼ ਤਾਇਨਾਤ ਕਰ ਦਿਤੇ ਗਏ। ਭਾਈ ਆਲਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਪਹਿਰਾ ਦੇਣ ਲਈ ਖੜਾ ਕਰ ਦਿਤਾ। ਗੁਰੂ ਸਾਹਿਬ , ਦੋਨੋ ਛੋਟੇ ਸਾਹਿਬਜ਼ਾਦੇ , ਭਾਈ ਦਇਆ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਪਰਲੀ ਮੰਜਿਲ ਤੇ ਮੋਰਚੇ ਸੰਭਾਲ ਲਏ। 43 ਸਿਖ ਥਕੇ, ਟੁਟੇ , ਭੁਖੇ ਭਾਣੇ ਪਰ ਫਿਰ ਵੀ ਹੋਂਸਲੇ ਬੁਲੰਦੀ ਤੇ ਸਨ। ਉਧਰ ਸ਼ਾਹੀ ਫੌਜਾਂ , 22 ਧਿਰਾਂ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ,ਤੇ ਵਖ ਵਖ ਜਰਨੈਲਾਂ ਦੀਆਂ ਫੌਜਾਂ ਤਕਰੀਬਨ 10 ਲਖ ਦੀ ਫੋਜ਼ ਨਾਲ ਮੁਕਾਬਲਾ ਸੀ। ਗੁਰੂ ਸਾਹਿਬ ਤੇ ਸਿਖਾਂ ਨਾਲ ਉਸ ਵਕਤ ਜੋ ਵਾਰਤਾਲਾਪ ਹੋਇਆ ਉਸ ਨੂੰ ਅਲਾ ਯਾਰ ਜੋਗੀ ਇਸ ਤਰਹ  ਲਿਖਦਾ ਹੈ।

                         ਫਿਰ ਬੋਲੈ ਦਸ਼ਮੇਸ਼ ਚੰਡੀ ਲਿਸ਼ਕਾ ਕੇ
                         ਮੈਂ ਸਿੰਘ ਸ੍ਮ੍ਝਾਗਾਂ ਉਸਨੂੰ ਜੋ ਰਣ ਵਿਚ ਜਾਕੇ
                         ਸਵਾ ਲਖ ਨਾਲ ਲੜੇਗਾ ਕਲਾ ਹਿਕ ਡਾਹ ਕੇ
                         ਮੈਂ ਪੰਥ ਜਿਓੰਦਾ ਰਖਣਾ ਪੁਤ ਭੇਟ ਕਰਾਕੇ।

ਗੁਰੂ ਸਾਹਿਬ ਦੇ ਇਹਨਾ ਬੋਲਾਂ ਨੇ ਸਿਖਾਂ ਵਿਚ ਅੰਤਾਂ ਦਾ ਜੋਸ਼ ਭਰ ਦਿਤਾ। ਸ਼ਾਹੀ ਫੌਜਾਂ ਚਮਕੋਰ ਪੁਜ ਚੁਕੀਆਂ ਸੀ। ਨਵਾਬ ਨੇ ਡੋੰਡੀ ਪਿਟਵਾ ਦਿਤੀ ਕਿ ਜੇਕਰ ਗੁਰੂ ਆਪਣੇ ਸਾਥੀਆਂ ਸਮੇਤ ਆਪਣੇ ਆਪ ਨੂੰ ਪੇਸ਼ ਕਰ ਦੇਣ ਤਾਂ ਉਨ੍ਹਾ ਦੀ ਜਾਨ ਬਖਸ਼ ਦਿਤੀ ਜਾਵੇਗੀ , ਜਿਸਦਾ ਜਵਾਬ ਗੁਰੂ ਸਾਹਿਬ ਨੇ ਤੀਰਾਂ ਨਾਲ ਦਿਤਾ। ਓਧਰੋਂ ਵੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ ਪਰ ਗੜੀ ਦੀ ਦੀਵਾਰ ਦੇ ਨੇੜੇ ਆਓਣ ਦੀ ਕਿਸੇ ਦੀ ਹਿੰਮਤ ਨਾ ਹੋਈ। ਨਾਹਰ ਖਾਨ ਤੇ ਗੇਰਤ ਖਾਨ , ਸਰਹੰਦ ਦੇ ਦੋ ਜਰਨੈਲਾਂ ਨੇ ਦੀਵਾਰ ਤੋਂ ਉਪਰ ਸਿਰ ਚੁਕਣ ਦੀ ਹਿੰਮਤ ਕੀਤੀ ,ਦੋਨੋ ਗੁਰੂ ਸਾਹਿਬ ਦੇ ਤੀਰਾਂ ਨਾਲ ਮਾਰੇ ਗਏ। ਪਰ ਖਵਾਜਾ ਮਰਦੂਦ ਗੜੀ ਦੀ ਦੀਵਾਰ ਦੇ ਨਾਲ ਛੁਪਕੇ ਬਚ ਨਿਕਲਿਆ। ਰਾਤ ਪੈ ਗਈ ,ਪੋਹ ਦੀ ਕਾਲੀ ਬੋਲੀ ਠੰਡੀ ਤੇ ਹਨੇਰੀ ਰਾਤ। ਬਾਰਸ਼ ਵਿਚ ਭਿਜੇ ਕਪੜੇ ,ਕਚੀ ਗੜੀ ਦਾ ਕਚਾ ਫਰਸ਼। ਸਿੰਘ ਤੇ ਸਾਹਿਬਜ਼ਾਦੇ ਭੁੰਜੇ ਟਿਕਾਣਾ ਕਰ ਲੈਂਦੇ ਹਨ। ਭਾਈ ਦਾਇਆ ਸਿੰਘ, ਭਾਈ ਧਰਮ ਸਿੰਘ ਗੁਰੂ ਸਾਹਿਬ ਨਾਲ ਸਵੇਰ ਦੀ ਲੜਾਈ ਦੀ ਵਿਓਂਤ ਗੁੰਦਦੇ ਹਨ। ਚਮਕੋਰ ਦੀ ਗੜੀ ਵਿਚ ਬਾਕੀ ਸਿੰਘ ਤਾਂ ਥਕੇ ਹਾਰੇ ਸੋ ਜਾਂਦੇ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਟਹਿਲਕਦਮੀ ਕਰਦੇ ਗੜੀ ਦੀ ਦੀਵਾਰ ਦੀਆਂ ਕਲਰ ਖਾਧੀਆਂ, ਇਕ ਇਕ ਇਟ ਨੂੰ ਬੜੇ ਪਿਆਰ ਤੇ ਧਿਆਨ ਨਾਲ ਨੀਝ ਲਗਾਕੇ ਦੇਖਦੇ ਤੇ ਸੋਚ ਰਹੇ ਹਨ ਕਿ ਇਹ ਥਾਂ ਤੇ ਅਜ ਓਹ ਕੁਝ ਹੋਣਾ ਹੈ ਜੋ ਰਹਿੰਦੀ ਦੁਨਿਆ ਤਕ ਲੋਗ ਯਾਦ ਰਖਣਗੇ। ਕੋਲ ਭਾਈ ਦਾਇਆ ਸਿੰਘ ਜੀ ਖੜੇ ਗੁਰੂ ਸਾਹਿਬ ਤੋਂ ਪੁਛਦੇ ਹਨ,” ਪਾਤਸ਼ਾਹ ਕੀ ਇਹ ਕੰਧਾ ਪਟਨਾ ਸਾਹਿਬ ਤੇ ਆਨੰਦਪੁਰ ਦੀਆਂ ਕੰਧਾਂ ਨਾਲੋਂ ਵੀ ਜਿਆਦਾ ਸੋਹਣੀਆਂ ਹਨ”? 1 ਤਾਂ ਗੁਰੂ ਸਾਹਿਬ ਜਵਾਬ ਦਿੰਦੇ ਹਨ, “ਪਟਨਾ ਸਾਹਿਬ ਸਿਖੀ ਦਾ ਬਚਪਨ ਸੀ , ਆਨੰਦਪੁਰ ਸਿਖੀ ਦਾ ਸਕੂਲ ਹੈ ਪਰ ਇਹ ਗੜੀ ਸਿਖੀ ਦਾ ਵਿਸ਼ਵ ਵਿਦਿਆਲਾ ਬਣਨ ਜਾ ਰਿਹਾ ਹੈ , ਕਲ ਇਥੇ ਸਿਖੀ ਦਾ ਇਮਤਿਹਾਨ ਹੋਵੇਗਾ” । ਗੁਰੂ ਸਾਹਿਬ ਦੀ ਇਸ ਟਹਿਲਕਦਮੀ ਬਾਰੇ ਅਲਾ ਯਾਰ ਜੋਗੀ ਲਿਖਦਾ ਹੈ:

ਕਦਮੋ ਸੇ ਟਹਿਲਤੇ ਥੇ ਪਰ ਦਿਲ ਥਾ ਦੁਵਾ ਮੈਂ
ਬੋਲੇ ਐ ਖੁਦਾਵੰਦ ਖੂਬ ਖੁਸ਼ ਹੂੰ ਤੇਰੀ ਰਜ਼ਾ ਮੈਂ
   ਕਿਰਦਾਰ ਸੇ ਕਹਿਤੇ ਥੇ ਗੋਇਆ ਰੂ-ਬਰੂ ਹੋਕਰ
  ਕਬ ਜਾਊਂਗਾ ਮੈਂ ਚਮਕੋਰ ਸੇ ਸੁਰਖਰੂ ਹੋਕਰ।।

ਇਕ ਪਾਸੇ 43 ਕੁ ਸਿੰਘ, ਭੁਖੇ ਭਾਣੇ ਬੇਸਰੋ – ਸਮਾਨ ਦੀ ਹਾਲਤ ਵਿਚ ਤੇ ਦੂਸਰੇ ਪਾਸੇ 10 ਲਖ ਤੋ ਵਡੀ ਫੌਜ਼। ਸਵੇਰੇ ਇਕ ਇਕ ਕਰਕੇ ਸਿਖ ਬਾਹਰ ਨਿਕਲਦਾ ਹੈ ਤੇ ਸੂਰਮਗਤੀ ਦੇ ਨਵੇਂ ਕਿਆਮ ਸਥਾਪਤ ਕਰਕੇ ਸ਼ਹੀਦੀ ਪ੍ਰਾਪਤ ਕਰ ਲੈਂਦਾ। ਰਾਤ ਪਈ ,ਸਿੰਘਾਂ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਤੁਸੀਂ ਦੋਨੋ ਸਾਹਿਬਜ਼ਾਦਿਆਂ ਨੂੰ ਲੈਕੇ ਨਿਕਲ ਜਾਓ। ਗੁਰੂ ਸਾਹਿਬ ਨੇ ਉਤਰ ਦੇਕੇ ਸਭ ਨੂੰ ਚੁਪ ਕਰਾ ਦਿਤਾ ,” ਤੁਸੀਂ ਕੇਹੜੇ ਸਾਹਿਬਜਾਦਿਆਂ ਦੀ ਗਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ”। ਸਿਖ ਆਪਣੇ ਘੋੜਿਆਂ ਦੇ ਕਪੜੇ ਬਿਛਾ ਭੂੰਜੇ ਹੀ ਲੇਟ ਜਾਂਦੇ ਹਨ। ਦੋ ਦਿਨ ਦੇ ਧਕੇ ਹਾਰੇ ਭੁਖ਼ੇ ਭਾਣੇ ਸਿੰਘ ਜਲਦੀ ਹੀ ਸੋ ਜਾਂਦੇ ਹਨ। ਗੁਰੂ ਸਾਹਿਬ ਬੜੇ ਪਿਆਰ ਨਾਲ ਇਕ ਇਕ ਨੂੰ ਨਿਹਾਰਦੇ ਹਨ , ਉਹਨਾਂ ਦੀਆਂ ਦਸਤਾਰਾਂ ਠੀਕ ਕਰਦੇ ਹਨ , ਕਦੀ ਉਨ੍ਹਾ ਦੇ ਮੂੰਹ ਤੇ ਕਦੀ ਪੈਰਾਂ ਵਲ ਦੇਖਦੇ ਹਨ। ਚਮਕੋਰ ਦੀ ਗੜੀ ਦੇ ਇਕ ਤੰਬੂ ਵਿਚ ਦੋਨੋ ਸਾਹਿਬਜ਼ਾਦਿਆਂ ਨੂੰ ਸੁਤਿਆਂ ਦੇਖਦੇ ਹਨ। ਉਨਾ ਦਾ ਸਿਰ ਆਪਣੀ ਗੋਦੀ ਵਿਚ ਲੇਕੇ ਪਿਆਰ ਕਰਦੇ ਹਨ। ਅਲਾ ਯਾਰ ਜੋਗੀ ਇਸ ਵਕਤ ਉਨ੍ਹਾ ਦੇ ਅੰਦਰ ਉਠ ਰਹੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਬਿਆਨ ਕਰਦਾ ਹੈ।

ਥੇ ਚਾਰ ਅਬ ਦੋ ਹੀ , ਸਹਿਰ ਏਹ ਭੀ ਨਾਂ ਹੋਗੇਂ।।
ਹਮ ਸਬਰ ਕਰੇਂਗੇ ਜੁ ਅਗਰ ਏਹ ਭੀ ਨਾਂ ਹੋਂਗੇ।।

ਸਵੇਰ ਹੋਈ, ਪਹਿਲੇ ਤੀਰ ਚਲੇ , ਤੀਰ ਮੁਕੇ ਤੇ ਪੰਜ ਪੰਜ ਸਿਖਾਂ ਦੇ ਜਥੇ ਹਥੋਂ ਹਥ ਬਰਛਿਆਂ ਤੇ ਤਲਵਾਰਾਂ ਨਾਲ ਮੈਦਾਨ ਵਿਚ ਉਤਰੇ। ਗੁਰੂ ਸਾਹਿਬ ਨੇ ਆਪਣੇ ਦੋਨੋ ਪੁਤਰਾਂ ਨੂੰ ਆਪਣੇ ਹਥੀਂ ਤਿਆਰ ਕੀਤਾ ਤੇ ਨਿਕੇ ਨਿਕੇ ਜਥਿਆਂ ਦੀ ਜਿਮੇਵਾਰੀ ਸੋਂਪੀ। ਇਕ ਇਕ ਜਥਾ ਗੜੀ ਤੋ ਬਾਹਰ ਨਿਕਲਦਾ ਤੇ ਸ਼ਹੀਦੀ ਸੂਰਬੀਰਤਾ ਦਾ ਨਵਾਂ ਕਿਆਮ ਸਥਾਪਿਤ ਕਰਕੇ ਵੀਰਗਤੀ ਨੂੰ ਪ੍ਰਾਪਤ ਹੋ ਜਾਂਦੇ। ਹੁਣ ਅਜੀਤ ਸਿੰਘ ਦੇ ਜਥੇ ਦੀ ਵਾਰੀ ਆਉਂਦੀ ਹੈ। 18 ਸਾਲ ਦਾ ਪੁਤਰ ਆਪਣੇ ਪਿਤਾ ਤੋਂ ਇਜਾਜ਼ਤ ਮੰਗਣ ਲਈ ਆਉਂਦਾ ਹੈ ਤੇ ਪਿਤਾ ਦੇ ਦਿਲ ਦੀ ਗਲ ਸਮਝ ਕੇ ਕਹਿੰਦਾ ਹੈ।

ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ।।
ਜੀਤਾ ਜੋ ਗਿਆ ਖੈਰ ਜੀਤਾ ਨਾ ਆਊਂਗਾ।।

ਪਿਤਾ ਦੇ ਦਿਲ ਤੇ ਕੀ ਗੁਜਰੀ ਹੋਵੇਗੀ ? ਜਦ ਪਤਾ ਹੋਵੇ ਕੀ ਪੁਤ ਨੇ  ਮੁੜ ਕੇ ਵਾਪਸ ਨਹੀਂ ਆਉਣਾ। ਪੁਤਰ ਨੂੰ ਅਸੀਸ ਦਿਤੀ , ਜੰਗ ਵਿਚ ਜੂਝਦੇ ਦੇਖਿਆ। ਇਨ੍ਹਾ ਦੇ ਚੇਹਰੇ ਦਾ ਜਲਾਲ ਦੇਖਕੇ ਇਕ ਵਾਰੀ ਤਾਂ ਮੁਗਲ ਫੋਜ਼ ਵੀ ਘਬਰਾ ਗਈ , ਵਡੇ ਵਡੇ ਜਿਗਰੇ ਵਾਲੇ ਡੋਲ ਗਏ। ਅਜੀਤ ਸਿੰਘ ਨੇ ਐਸੇ ਜੋਹਰ ਦਿਖਾਏ ਕੀ ਵੈਰੀ ਤਰਾਹ ਤਰਾਹ ਕਰ ਉਠਿਆ। ਜਿਸ ਬਹਾਦਰੀ ਨਾਲ ਉਹਨਾ ਨੇ ਵੇਰੀਆਂ ਦਾ ਮੁਕਾਬਲਾ ਕੀਤਾ ਉਹ ਇਤਿਹਾਸ ਵਿਚ ਇਕ ਅਮਿਟ ਘਟਨਾ ਬਣ ਕੇ ਰਹਿ ਗਈ ਹੈ। ਤੀਰ ਅਜਿਹੀ ਫੁਰਤੀ ਨਾਲ ਚਲਾਏ ਕੀ ਕੁਝ ਚਿਰ ਲਈ ਤਾਂ ਵੈਰੀ ਵੀ ਪਿਛੇ ਹਟਣ ਲਈ ਮਜਬੂਰ ਹੋ ਗਿਆ। ਤੀਰਾਂ ਦਾ ਭਠਾ ਖਾਲੀ ਹੋਇਆ ਤਾਂ ਨੇਜੇ ਨਾਲ ਵਾਰ ਸ਼ੁਰੂ ਕਰ ਦਿਤਾ। ਜਦ ਨੇਜਾ ਮੁਗਲ ਸਰਦਾਰ ਦੀ ਛਾਤੀ ਤੋਂ ਕਢਣ ਵੇਲੇ ਟੁਟਿਆ ਤਾਂ ਤਲਵਾਰ ਪਕੜ ਲਈ। ਪੰਜੇ ਸਿਖ ਸਹੀਦ ਹੋ ਗਏ। ਇੱਕਲਾ ਜਾਣ ਕੇ ਸਾਰੇ ਵੈਰੀ ਇਕਠੇ ਹੋ ਉਨ੍ਹਾ ਤੇ ਟੁਟ ਪਏ ਅਖਿਰ ਜੁਰਤ ਤੇ ਸੂਰਮਤਾਈ ਦੇ ਨਵੈ ਪੂਰਨੇ ਪਾਂਦੇ ਸ਼ਹੀਦ ਹੋ ਗਏ। ਗੁਰੂ ਸਹਿਬ ਨੇ ਪੁਤਰ ਨੂੰ ਸ਼ਹੀਦ ਹੁੰਦਿਆਂ ਦੇਖਿਆ , ਡੋਲੇ ਨਹੀਂ , ਫਿਰ ਵੀ ਚੜਦੀ ਕਲਾ ਵਿਚ ਸਨ। ਪੁਤਰ ਨੂੰ ਅਵਾਜ਼ ਦਿਤੀ ,” ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ , ਹਾਂ ਕਿਉ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ” ਬੋਲੇ ਸੋ ਨਿਹਾਲ ਦਾ ਨਾਹਰਾ ਲਗਾਇਆ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ ,” ਰਬਾ ਤੇਰਾ ਸ਼ੁਕਰਿਆ , ਦੇਸ਼, ਕੋਮ ,ਧਰਮ,ਤੇ ਮਨੁਖਤਾ ਵਾਸਤੇ ਇਕ ਹੋਰ ਅਮਾਨਤ ਅਦਾ ਹੁਈ। ਅਲਾ ਯਾਰ ਜੋਗੀ ਗੁਰੂ ਸਾਹਿਬ ਦੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਲਿਖਦਾ ਹੈ।

” ਬੇਟੋ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ।।
ਤੂਫਾਂ ਗਮ ਕਾ ਕੀਆ ਦੀਦਾ-ਏ -ਤਰ ਨੇ।।

ਇਤਨੇ ਨੂੰ ਛੋਟਾ ਸਾਹਿਬਜ਼ਾਦਾ ਸਾਮਣੇ ਆਇਆ। ਵਡੇ ਭਰਾ ਨੂੰ ਦੇਖਕੇ ਉਸ ਨੂੰ ਵੀ ਸ਼ਹਾਦਤ ਦਾ ਚਾਅ ਚੜਿਆ। ਜੰਗ ਵਿਚ ਜਾਣ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਨੇ ਕਿਹਾ। ਤੇਰੀ ਉਮਰ ਤਾਂ ਅਜੇ ਛੋਟੀ ਹੈ , ਤੂੰ ਤਾਂ ਕਦੇ ਜੰਗ ਲੜਿਆ ਨਹੀਂ , ਤਲਵਾਰ ਨਹੀਂ ਚੁਕੀ ਤੂੰ ਕਿਵੈ ਇਤਨੀ ਵਡੀ ਫੋਜ ਨਾਲ ਮੁਕਾਬਲਾ ਕਰੇਂਗਾ। ਮੈਂ ਆਪਣੇ ਭਰਾ ਦੇ ਕੋਲ ਜਾਣਾ ਹੈ , ਮੈ ਤਾਂ ਕਦੇ ਉਸਤੋ ਬਿਨਾ ਕਦੇ  ਰਿਹਾ ਨਹੀਂ। ਇਹ ਸੁਣਕੇ ਗੜੀ ਦੇ ਸਿੰਘਾਂ ਦੀਆਂ ਅਖਾਂ ਤਰ ਹੋ ਗਈਆਂ। ਅੱਲਾ ਯਾਰ ਜੋਗੀ ਲਿਖਦੇ ਹਨ :-

ਇਸ ਵਕਤ ਕਹਾ ਨਨੇ ਨੇ, ਮਾਸੂਮ ਪਿਸਰ ਨੇ
       ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ ਹਮ
ਮਰਨੇ ਕੇ ਲੀਏ ਕਹਨੇ ਲਗੇ ਜਾਈਏ ਜੰਮ ਜੰਮ 

ਰੂਠੋ ਨਾ ਖੁਦਾਰਾ,ਨਹੀਂ ਰੋਕੇਗੇ ਕਬੀ ਹਮ
ਹਮਨੇ ਕਹਾ ਬਾਪ ਕੋ ਜਾਂ ਦੀਜੇ ਧਰਮ ਪੈ
       ਲਓ ਕਹਤੈ ਅਬ ਆਪ ਕੋ ਜਾਂ ਦੀਜੇ ਧਰਮ ਪੈ।

ਲੋ ਜਾਉ ਸਿਧਾਰੋ ਤੁਮੇ ਕਰਤਾਰ ਕੋ ਸੋਂਪਾ
ਮਰ ਜਾਉ ਯਾ ਮਾਰੋ ਤੁਮੇ ਕਰਤਾਰ ਕੋ ਸੋਂਪਾ
ਬੇਟੇ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਇਆ
     ਸਰ ਭੇਟ ਕਰੋ ਤਾਕਿ ਧਰਮ ਕੀ ਚਲੇ ਨਇਆ।

ਪਿਤਾ ਦੇ ਇਨਾ ਲਫਜਾਂ ਨਾਲ ਆਗਿਆ ਦਿਤੀ , ਧਰਤੀ ਤੇ ਜਲਜਲਾ ਆ ਗਿਆ, ਆਸਮਾਨ ਨੇ ਨਜਰ ਝੁਕਾ ਲਈ। ਗੁਰੂ ਸਾਹਿਬ ਚੁਬਾਰੇ ਤੇ ਖੜੇ ਹੋਕੇ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਜੂਝਦਿਆ ਵੇਖ ਰਹੇ ਸਨ ਜੋ ਆਪਣੇ ਵਡੇ ਭਰਾ ਤੋਂ ਇਕ ਕਦਮ ਅਗੇ ਸੀ। ਅਖ਼ਿਰ ਇਹ ਅਮਾਨਤ ਵੀ ਅਕਾਲ ਪੁਰਖ ਨੂੰ ਭੇਟ ਹੋ ਗਈ। ਗੁਰੂ ਸਾਹਿਬ ਨੇ ਜੈਕਾਰਾ ਛਡਿਆ ,” ਪਰਾਈ ਅਮਾਨ ਕਿਓ ਰਖੀਏ ਦਿਤੇ ਹੀ ਸੁਖ ਹੋਏ – ਤੇਰੀ ਅਮਾਨ ਤੇਰੇ ਹਵਾਲੇ – ਗੁਰੂ ਪਿਤਾ ਤੇਗ ਬਹਾਦਰ ਦੀ ਕੁਰਬਾਨੀ ਸਦਕਾ ਮੈਨੂੰ ਸ਼ਹੀਦ ਦੇ ਪੁਤਰ ਹੋਣ ਦਾ ਮਾਣ ਮਿਲਿਆ ਹੈ। ਅਜ ਇਨ੍ਹਾ ਯੋਧਿਆਂ ਦੀ ਕਰਨੀ ਸਦਕਾ ਸ਼ਹੀਦਾਂ ਦਾ ਪਿਤਾ ਹੋਣ ਦਾ ਹਕਦਾਰ ਬਣਿਆ ਹਾਂ। ਅਰਦਾਸ ਪ੍ਰਵਾਨ ਹੋਵੇ ਜੀ ਤੇਰਾ ਲਖ ਲਖ ਧੰਨਵਾਦ।

   ਮੁਝ ਪਰ ਸੇ ਆਜ ਤੇਰੀ ਆਮਾਨਤ ਅਦਾ ਹੂਈ
ਬੇਟੋ ਕੀ ਜਾਨ ਧਰਮ ਖਾਤਿਰ ਫ਼ਿਦਾ ਹੁਈ।

ਅਵਤਾਰਾਂ, ਰਸੂਲਾਂ , ਪੈਗ੍ਮਰਾਂ ਵਿਚ ਕੋਈ ਐਸਾ ਸਾਬਰ ਨਹੀਂ ਹੋਇਆ ਜਿਸਨੇ ਆਪਣੇ ਪੁਤਰਾਂ ਨੂੰ ਆਪ ਜੰਗ ਤੋਰਕੇ, ਸ਼ਹੀਦ ਕਰਵਾਕੇ ਇਕ ਹੰਜੂ ਵੀ ਨਾ ਕੇਰਿਆ ਹੋਵੇ ਤੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੋਵੇ। ਗੁਰੂ ਸਾਹਿਬ ਨੇ ਆਪਣੇ ਪੁਤਰਾਂ ਨੂੰ ਦੇਸ਼ ਤੇ ਕੋਮ ਤੋਂ ਵਾਰਕੇ ਦੇਸ਼ ਵਾਸੀਆਂ ਦੀ ਰੂਹ ਨੂੰ ਪੁਨਰ ਜੀਵਤ ਕਰ ਦਿਤਾ।

   ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਨਾ ਕੇ
ਰੂਹ ਫੂਕ ਦੀ ਗੋਬਿੰਦ ਨੇ ਔਲਾਦ ਕਟਾਕੇ।

ਇਥੇ ਹੀ ਭਗਤੀ ਤੇ ਸ਼ਕਤੀ ਦਾ ਮੇਲ ਹੋਇਆ। ਦੋਨੋ ਦੀਆ ਹਦਾਂ ਨੇ ਇਕ ਦੂਸਰੇ ਨੂੰ ਜਫੀਆਂ ਪਾਈਆਂ ਪੰਜ ਸਤ ਸਿਖ ਰਹਿ ਗਏ। ਹੁਣ ਸਭ ਦੀ ਮੋਤ ਯਕੀਨਨ ਸੀ। ਸਿੰਘਾਂ ਨੂੰ ਫਿਕਰ ਪੈ ਗਿਆ ਕਿ ਜੇਕਰ ਗੁਰੂ ਸਾਹਿਬ ਸ਼ਹੀਦ ਹੋ ਗਏ ਤਾਂ ਸਿਖ ਕੋਮ ਨੂੰ ਜਿੰਦਾ ਰਖਣ ਲਈ ਸਿਖਾਂ ਦੀ ਅਗਵਾਈ ਕੋਣ ਕਰੇਗਾ ? ਇਸ ਵਕਤ ਸਿੰਘਾਂ ਨੂੰ ਜੋ ਗੁਰੂ ਸਾਹਿਬ ਨੇ ਖਾਲਸਾ ਸਿਰਜਣਾ ਦੇ ਵਕ਼ਤ ਪੰਜ ਪਿਆਰਿਆ ਨੂੰ ਤਾਕਤ ਬਖਸ਼ੀ ਸੀ, ਦਾ ਚੇਤਾ ਆਇਆ। ਪੰਜ ਸਿਖ ਖਾਲਸਾ ਸਜ ਕੇ ਗੁਰੂ ਸਾਹਿਬ ਕੋਲ ਆਓਂਦੇ ਹਨ ਤੇ ਹੁਕਮ ਦਿੰਦੇ ਹਨ ਕੀ ਤੁਸੀਂ ਗੜੀ ਛਡ ਕੇ ਚਲੇ ਜਾਓ। ਕਲਗੀਧਰ ਨੇ ਉਤਰ ਦਿਤਾ ,”

ਹੈ ਸ਼ੋਕ ਸ਼ਹਾਦਤ ਕਾ ਹਮੇ ਸਭ ਸੇ ਜਿਆਦਾ
ਸੋ ਸਰ ਭੀ ਹੋ ਕੁਰਬਾਨ ਨਹੀਂ ਰਬ ਸੇ ਜਿਆਦਾ।

ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਬਖਸ਼ੀ ਤਾਕਤ ਦੀ ਯਾਦ ਦਿਲਾਈ ਤੇ ਕਿਹਾ ਇਹ ਸਾਡਾ ਹੁਕਮ ਹੈ। ਖਾਲਸੇ ਦਾ ਹੁਕਮ ਟਾਲਿਆ ਨਹੀਂ ਜਾ ਸਕਦਾ , ਨਾ ਦਿਲ ਹੁੰਦਿਆ ਵੀ ਉਨਾਂ ਨੂੰ ਗੜੀ ਵਿਚੋਂ ਨਿਕਲਣਾ ਪਿਆ। ਬੁਰਜ ਤੇ ਖੜੇ ਹੋਕੇ ਨਰਸਿਮਾ ਵਜਾਇਆ। ਤਿੰਨ ਵਾਰੀ ਤਾੜੀ ਵਜਾਈ ,ਤਿੰਨ ਵਾਰੀ ਉਚੀ ਅਵਾਜ਼ ਵਿਚ ਕਿਹਾ ,” ਪੀਰ-ਏ- ਹਿੰਦ ਮੇ ਰਵਦ, ਪੀਰ -ਏ-ਹਿੰਦ ਮੇ ਰਵਦ, ਪੀਰ-ਏ-ਹਿੰਦ ਮੇ ਰਵਦ, ਜੈਕਾਰਾ ਛਡਿਆ ਤੇ ਤਾਰਿਆਂ ਦੀ ਛਾਂਵੇ ਗੜੀ ਵਿਚੋਂ ਬਾਹਰ ਨਿਕਲ ਗਏ। ਆਪਣਾ ਚੋਗਾ ਤੇ ਕਲਗੀ ਸੰਗਤ ਸਿੰਘ ਨੂੰ ਦੇ ਗਏ , ਜਿਨਾਂ ਦਾ ਮੁਹਾਂਦਰਾ ਤੇ ਕਦ ਕਾਠ ਉਨਾਂ ਨਾਲ ਮਿਲਦਾ ਸੀ ਤੇ ਜਿਸਦੀ ਅਗਵਾਈ .ਬਹਾਦਰੀ ਤੇ ਵਫਾਦਾਰੀ ਦਾ ਉਨ੍ਹਾ ਨੂੰ ਪੂਰਾ ਪੂਰਾ ਭਰੋਸਾ ਸੀ ਕਿਓਂਕਿ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਦੋਨੋ ਭਰਾਵਾਂ ਨੇ ਸ਼ਾਦੀ ਨਾ ਕਰਕੇ, ਸ਼ੁਰੂ ਤੋ ਹੀ ਗੁਰੂ ਸਾਹਿਬ ਦੇ ਪਵਿਤਰ ਉਦੇਸ਼ ਦੀ ਪੂਰਤੀ ਖਾਤਿਰ ਆਪਣਾ ਤਨ-ਮੰਨ-ਧੰਨ ਗੁਰੂ ਸਾਹਿਬ ਦੇ ਹਵਾਲੇ ਕਰ ਦਿਤਾ |ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ,13 ਲੜਾਈਆਂ ਦੇ ਦੋਰਾਨ ਓਹ ਗੁਰੂ ਸਾਹਿਬ ਨਾਲ ਸਨ। ਸਿਰਫ ਆਖਰੀ ਲੜਾਈ ਖਿਦਰਾਨੇ ਦੀ ਢਾਬ ਵੇਲੇ ਉਹ ਚਮਕੋਰ ਦੀ ਗੜੀ ਵਿਚ ਸ਼ਹੀਦ ਹੋ ਚੁਕੇ ਸਨ।

ਤਿੰਨ ਪਿਆਰੇ ਗੁਰੂ ਸਾਹਿਬ ਦੇ ਨਾਲ ਸੀ। ਜਦੋਂ ਬਾਹਰ ਨਿਕਲੇ ਤਾਂ ਦਇਆ ਸਿੰਘ ਦੇ ਪੈਰ ਨਾਲ ਬਾਬਾ ਜੁਝਾਰ ਦੀ ਲਾਸ਼ ਟਕਰਾ ਜਾਂਦੀ ਹੈ। ਭਾਈ ਦਾਇਆ ਸਿੰਘ ਜੀ ਰੁਕ ਗਏ। ਓਹ ਗੁਰੂ ਸਾਹਿਬ ਨੂੰ ਕਹਿਣ ਲਗੇ ਕਿ ਮੇਰਾ ਦਿਲ ਕਰਦਾ ਹੈ ਮੈਂ ਆਪਣੀ ਅਧੀ ਅਧੀ ਦਸਤਾਰ ਦੋਨੋ ਸਾਹਿਬਜਾਦਿਆਂ ਤੇ ਪਾ ਦਿਆਂ,1 ਗਰੀਬ ਤੋਂ ਗਰੀਬ ਪੁਤਰ ਵੀ ਬਿਨਾ ਕਫਨ-ਦਫਨ ਤੋਂ ਇਸ ਦੁਨੀਆਂ ਤੋਂ ਨਹੀਂ ਜਾਂਦੇ। ਗੁਰੂ ਸਾਹਿਬ ਨੇ ਹੋਰ ਸਭ ਲਾਸ਼ਾਂ ਵਲ ਇਸ਼ਾਰਾ ਕੀਤਾ ਤੇ ਕਿਹਾ , ” ਮੈਂ ਪੰਥ ਵਿਚ ਵਖੇਵਾਂ ਕਿਵੇਂ ਪਾ ਦਿਆਂ ,ਇਹ ਵੀ ਸਭ ਮੇਰੇ ਬਚੇ ਹਨ ,ਜੇ ਤੇਰੇ ਕੋਲ ਸਭ ਵਾਸਤੇ ਇੰਤਜ਼ਾਮ ਹੈ ਤਾਂ ਤੇਰੀ ਇਛਾ ਪੂਰੀ ਹੋ ਸਕਦੀ ਹੈ, ਇਹ ਕਹਿਕੇ ਓਹ ਅਗੇ ਨੂੰ ਤੁਰ ਪਏ। ਅਗਲੇ ਦਿਨ ਬਾਕੀ ਸਿੰਘ ਇਕ ਇਕ ਕਰਕੇ ਸ਼ਹੀਦ ਹੋ ਗਏ ਪਰ ਈਨ ਨਹੀ ਮੰਨੀ , ਹਥਿਆਰ ਨਹੀਂ ਸੁਟੇ, ਸਵਾ ਲਖ ਸੇ ਏਕ ਲੜਾਊਂ ਦਾ ਮਹਾਂ ਵਾਕ ਪੂਰਾ ਹੋਇਆ। ਗੁਰੂ ਸਾਹਿਬ ਦਾ ਚੋਲਾ ਤੇ ਕਲਗੀ ਦੇਖ ਕੇ ਹਕੂਮਤ ਨੂੰ ਭਰੋਸਾ ਹੋ ਗਿਆ ਕਿ ਗੁਰੂ ਸਾਹਿਬ ਮਾਰੇ ਗਏ ਹਨ ਤੇ ਇਹ ਭੁਲੇਖਾ ਕਈ ਦਿਨ ਤਕ ਰਿਹਾ।

ਕਈ ਲਿਖਾਰੀ ਜਦ ਗੁਰੂ ਸਾਹਿਬ ਦੀ ਤੁਲਣਾ ਵਖ ਵਖ ਜਰਨੈਲਾਂ , ਸਿਕੰਦਰ ,ਨੇਪੋਲੀਅਨ ਤੇ ਹਿਟਲਰ ਨਾਲ ਕਰਦੇ ਹਨ ਤਾਂ ਉਨ੍ਹਾ ਦੀ ਸੋਚ ਤੇ ਅਫਸੋਸ ਹੁੰਦਾ ਹੈ। ਸਿਕੰਦਰ ਵਿਸ਼ਵ ਨੂੰ ਜਿਤਦਾ ਜਿਤਦਾ ਭਾਰਤ ਵਿਚ ਪੋਰਸ ਨਾਲ ਟਕਰ ਹੋਈ , ਪੋਰਸ ਚਾਹੇ ਹਾਰ ਗਿਆ ਪਰ ਉਸਦੀ ਬਹਾਦਰੀ ਤੇ ਹੋਂਸਲਾ ਦੇਖ ਕੇ ਇਤਨਾ ਡੀਮੋਰਲਾਇਜ਼ ਹੋਇਆ ਕੀ ਵਾਪਸ ਜਾਂਦਿਆਂ ਹੀ ਡਿਪ੍ਰੈਸ਼ਨ ਨਾਲ ਉਸਦੀ ਮੋਤ ਹੋ ਗਈ। ਨੇਪੋਲੀਅਨ ਇਤਨਾ ਵਡਾ ਜਰਨੈਲ ਸੀ ਕਿ ਉਸਦੀਆਂ ਫੌਜਾਂ ਦੀ ਧਮਕ ਰੂਸ ਤਕ ਪਈ ਸੀ ਪਰ ਜਦ ਵਾਟਰਲੂ ਦੀ ਲੜਾਈ ਵਿਚ ਉਸ ਨੂੰ  ਆਪਣੀ ਹਾਰ ਨਿਸ਼ਚਿਤ ਦਿਖਾਈ ਦੇਣ ਲਗੀ ਤਾਂ ਉਸਨੇ ਖੁਦ ਆਤਮ ਸਮਰਪਣ ਕਰ ਦਿਤਾ ਤੇ ਦੁਸ਼ਮਨ ਦੀ ਕੈਦ ਵਿਚ ਹੀ ਮਰ ਗਿਆ। ਹਿਟਲਰ ਜੋ ਕਰੋੜਾ ਆਦਮਿਆਂ ਦਾ ਕਾਤਲ ਸੀ ਜਦ ਉਸ ਨੂੰ ਆਪਣੀ ਹਾਰ ਸਾਮਣੇ ਦੇਖੀ  ਤਾਂ ਉਸਨੇ ਖੁਦ ਆਪਣੇ ਆਪ ਨੂੰ ਗੋਲੀ ਮਾਰ ਦਿਤੀ। ਗੁਰੂ ਸਾਹਿਬ ਦਾ ਜਿਗਰਾ ਦੇਖੋ 9 ਸਾਲ ਦੀ ਉਮਰ ਵਿਚ ਦੇਸ਼ ਤੇ ਕੋਮ ਲਈ ਪਿਤਾ ਵਾਰਿਆ , ਦੋ ਪੁਤਰਾਂ ਨੂੰ ਆਪਣੇ ਸਾਮਣੇ ਸ਼ਹੀਦ ਹੁੰਦਾ ਦੇਖਿਆ , ਸਿਰਫ ਦੇਖਿਆ ਹੀ ਨਹੀਂ ਸ਼ਹੀਦ ਹੋਣ ਲਈ ਖੁਦ ਭੇਜਿਆ,1 ਆਪਣਾ ਘਰ -ਬਾਰ ,ਠਾਠ ਬਾਠ, ਹਾਥੀ -ਘੋੜੇ ,ਆਪਣਾ ਪਰਿਵਾਰ ਸਭ ਕੁਝ ਵਾਰਕੇ ਜੰਗਲ ਬੀਆਬਾਨ ਵਿਚ ਇਟ ਦੇ ਸਰਹਾਣੇ ਤੇ ਲੇਟ ਕੇ ਅਕਾਲ ਪੁਰਖ ਦਾ ਸ਼ੁਕਰ ਮਨਾਣਾ, ਇਹ ਕਿਸੇ ਜਰਨੈਲ ਦੇ ਵਸ ਦਾ ਨਹੀਂ ਬਲਿਕ ਸੰਤ-ਸਿਪਾਹੀ ਹੀ ਕਰ ਸਕਦਾ ਹੈ ਇਸ ਲਈ ਉਨ੍ਹਾ ਬਾਦਸ਼ਾਹ ਦਰਵੇਸ਼ ਕਿਹਾ ਜਾਂਦਾ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਗੁਰੂ ਜੀ ਕੀ ਫਤਹਿ

Print Friendly, PDF & Email

Nirmal Anand