SikhHistory.in

ਗੁਰੂ ਨਾਨਕ ਦੇਵ ਜੀ ਅਤੇ ਸਿਖੀ (1469-1539) (ਪਹਿਲੇ ਗੁਰੂ ਸਹਿਬਾਨ )

 ਹਿੰਦੁਸਤਾਨ ਦੇ ਹਾਲਤ :-

ਸਦੀਆਂ ਤੋਂ ਭਾਰਤ ਤੇ ਹਮਲੇ ਹੁੰਦੇ ਰਹੇ , ਲੁਟ ਖਸੁਟ ਦਾ ਵਾਤਾਵਰਣ ਬਣਿਆ ਰਿਹਾ 1 326 AD ਵਿਚ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ ਤੇ  ਫਿਰ ਸਾਕ, ਹਿਉਨ ਸਾੰਗ , ਕਾਨਿਸ਼ਕਾ ਆਦਿ 1 ਅਠਵੀਂ  , ਨੋਵੀਂ ਤੇ ਦਸਵੀਂ ਸਦੀ ਵਿਚ ਵਖ ਵਖ ਇਸਲਾਮੀ ਹਮਲੇ ਹੋਏ 1 ਬਾਰਵੀਂ  ਸਦੀ ਵਿਚ ਮੁਹੰਮਦ ਗਜ਼ਨੀ ਜਿਸ ਨੇ ਸੋਮਨਾਥ ਮੰਦਿਰ ਵਿਚੋਂ ਕਰੋੜਾ ਦੀ ਸੰਪਤੀ ਲੁਟੀ 1 ਪਹਿਲੀ ਵਾਰ ਮੁਹੰਮਦ ਗਜ਼ਨੀ ਨੇ ਪ੍ਰਿਥਵੀ ਰਾਜ ਚੋਹਾਨ ਨੂੰ ਹਰਾ ਕੇ ਦਿੱਲੀ ਦੇ ਤਖਤ ਉਤੇ ਇਸਲਾਮੀ ਰਾਜ ਕਾਇਮ ਕੀਤਾ 1

16 ਸਦੀ ਵਿਚ ਲੋਧੀ ਜੋ ਇਕ ਕਮਜ਼ੋਰ ਤੇ ਐਸ਼ਪ੍ਰਸਤ ਹਕੂਮਤ ਸੀ ਜਿਸਤੋਂ ਉਸਦੇ ਅਹਿਲਕਾਰਾਂ ਤੇ  ਪਰਜਾ ਨੇ ਤੰਗ ਆਕੇ ਬਾਬਰ ਨੂੰ ਹਮਲਾ ਕਰਨ ਲਈ ਸਦਾ ਦਿਤਾ 1 ਬਾਬਰ 1526 ਵਿਚ ਲੋਧੀਆਂ ਨੂੰ ਹਰਾਣ  ਵਿਚ ਤਾਂ ਕਾਮਯਾਬ  ਹੋ ਗਿਆ, ਪਰ ਜੁਲਮਾਂ ਦਾ ਦੋਰ ਉਸੇ ਤਰਹ ਚਲਦਾ ਰਿਹਾ 1

ਇਨ੍ਹਾ ਸਾਰੇ ਹਮਲਾਵਰ ਦਾ ਨਿਸ਼ਾਨਾ ਜਿਥੇ ਲੁਟ ਖਸੁਟ ਤੇ ਰਾਜ ਕਰਨੇ ਦਾ ਸੀ ਉਥੇ ਜਨਤਾ ਨੂੰ ਇਸਲਾਮੀ ਦਾਇਰੇ ਵਿਚ ਲਿਆਣ ਦਾ ਵੀ ਸੀ , ਜਿਸ ਲਈ ਉਨਾਂ ਨੇ ਰਾਜਨੀਤਕ ਸ਼ਕਤੀ ਦੀ ਰਜਕੇ , ਬੜੀ ਬੇਰੇਹਿਮੀ ਨਾਲ ਵਰਤੋਂ ਕੀਤੀ 1 ਅੰਤਾ  ਦੇ ਜ਼ੁਲਮ ਢਾਹੇ 1 ਅਲਾਓਦੀਨ ਖਿਲਜੀ ਨੇ ਭਰੇ ਦਰਬਾਰ ਵਿਚ ਹਿੰਦੂਆਂ ਦੀਆਂ ਖਲਾਂ ਉਤਾਰਨੀਆਂ ਸ਼ੁਰੂ ਕਰ ਦਿਤੀਆਂ 1 ਫ਼ਿਰੋਜ਼ਸ਼ਾਹ ਤੁਗਲਕ ਨੇ  ਜਜੀਏ ਦੇ ਨਾਲ ਨਾਲ ਦੇਵੀ ਦੇਵਤਿਆਂ ਤੇ ਟੈਕ੍ਸ ਲਗਾਣੇ ਸ਼ੁਰੂ ਕਰ ਦਿਤੇ 1 ਤੇਮੂਰ ਨੇ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ 1 ਇਕ ਇਸ਼ਾਰੇ ਨਾਲ ਲਖਾਂ ਹਿੰਦੂ ਕੈਦੀ ਕਤਲ ਕਰਵਾ ਦਿਤੇ 1 ਸਿਕੰਦਰ ਲੋਧੀ ਜੋ ਆਪਣੇ ਆਪ ਬੁਤ ਸ਼ਿਕਨ ਅਖਵਾਂਦਾ ਸੀ ਮੰਦਿਰ ਢਾਹੁਣੇ ਸ਼ੁਰੂ ਕਰ ਦਿਤੇ , ਇਤਨੇ ਮੰਦਿਰ ਢਾਹੇ ਜਿਸਦਾ ਇਤਿਹਾਸ ਵੀ ਹਿਸਾਬ ਕਿਤਾਬ ਨਾ  ਰਖ ਸਕਿਆ 1

ਬਾਬਰ ਵਕ਼ਤ ਵੀ ਕੋਈ ਘਟ  ਜ਼ੁਲਮ ਨਹੀਂ ਹੋਏ 1 ਮੁਗਲਾਂ ਦੇ ਭਾਣੇ ਮੁਹੰਮਦ ਹਜਰਤ ਆਖਿਰੀ ਪੈਗੰਬਰ ਸਨ , ਜਿਨ੍ਹਾ  ਦੇ ਪ੍ਰਚਾਰੇ ਇਸਲਾਮ ਨੂੰ ਨਾ ਮੰਨਣ ਵਾਲੇ ਦੋਜ਼ਖ ਦੇ ਅਧਿਕਾਰੀ ਮੰਨੇ ਜਾਂਦੇ ਸਨ 1 ਮੁਗਲ ਖਾਲੀ  ਬੁਤ ਪ੍ਰਸਤੀ ਦੇ ਵਿਰੁਧ ਹੀ ਨਹੀ ਸਨ ਬਲਕਿ ਬੁਤਾਂ ਤੇ ਮੰਦਰਾਂ ਨੂੰ ਤੋੜਨਾ ਆਪਣਾ ਧਾਰਮਿਕ ਫਰਜ਼ ਸਮਝਦੇ ਸੀ 1

ਰਾਜਸੀ ਤਾਕਤ ਉਨ੍ਹਾ  ਕੋਲ ਸੀ ਜਿਸਦੇ ਦਮ ਤੇ  ਪੂਰੇ ਹਿੰਦੁਸਤਾਨ ਉਪਰ ਆਪਣੇ ਧਰਮ ਨੂੰ ਠੋਸਣ ਲਈ ਉਨ੍ਹਾ   ਨੇ ਪਿਆਰ ਤੇ ਤਲਵਾਰ ਦੀ ਰਜਕੇ  ਵਰਤੋਂ ਕੀਤੀ 1 ਜੋ ਮੁਸਲਮਾਨ ਧਰਮ ਕਬੂਲ ਕਰ ਲੈਂਦਾ ਸਮਾਜ ਵਿਚ ਸਮਾਨਤਾ ਦਾ ਦਰਜਾ ਰਖਦਾ , ਜਿਸਦੇ ਫਲ ਸਰੂਪ ਪੂਰੇ  ਭਾਰਤ ਦੇ ਹਿੰਦੂ ਸਮਾਜ ਵਿਚ ਖਲਬਲੀ ਮਚ ਗਈ 1 ਟੋਲੀਆਂ ਦੀਆਂ ਟੋਲੀਆਂ ਅਛੂਤ ਜੋ ਹਿੰਦੂ ਧਰਮ ਵਿਚ ਦੁਰਕਾਰੇ ਜਾਂਦੇ ਸਨ , ਆਪਣੀ ਮਰਜ਼ੀ ਨਾਲ ਮੁਸਲਮਾਨ ਬਣ ਗਏ , ਜਿਨ੍ਹਾ   ਨੂੰ ਉਚ ਪੱਦਵੀਆਂ ਦਿਤੀਆਂ ਗਈਆਂ  ਤੇ ਓਹ ਹਿੰਦੂਆਂ ਨੂੰ ਹੀ ਕਾਫਰ ਕਹਿਣ ਲਗ ਪਏ 1

ਪੰਜਾਬ ਸਰਹਦੀ ਇਲਾਕਾ ਹੋਣ ਕਰਕੇ ਇਸਦੀ ਹਾਲਤ ਹੋਰ ਵੀ ਮਾੜੀ ਸੀ 1 ਇਕ ਪਾਸੇ ਦਿਲੀ ਹਕੂਮਤ ਦੇ ਜ਼ੁਲਮ ਤੇ ਦੂਜੇ ਪਾਸੇ ਧਾੜਵੀ ਤੇ ਲੁਟੇਰੇ ਜਿਨ੍ਹਾ  ਦਾ ਮਕਸਦ ਨਾ ਸਿਰਫ ਲੁਟ ਖਸੁਟ ਕਰਨਾ ਸੀ ਬਲਿਕ ਜਵਾਨ ਔਰਤਾਂ , ਮਰਦਾਂ ਤੇ ਬਚਿਆਂ ਨੂੰ ਬੰਦੀ ਬਣਾਕੇ  ਗਜਨੀ ਦੇ ਬਜਾਰਾਂ ਵਿਚ ਟਕੇ ਟਕੇ ਤੋਂ ਵੇਚਣਾ ਵੀ  ਸੀ 1

ਦਿੱਲੀ ਦੇ ਹਾਕਮ ਆਪਣੀ ਸੈਨਾ ਅਕਸਰ ਪੰਜਾਬ ਤੋਂ ਖੜੀ ਕਰਦੇ ਜਿਸ ਨਾਲ ਲਖਾਂ ਬਹੁ ਬੇਟੀਆਂ ਵਿਧਵਾ , ਬਚੇ ਅਨਾਥ ਤੇ ਮਾਂ- ਬਾਪ ਬੇਸਹਾਰਾ ਹੋ ਜਾਂਦੇ 1 ਬਾਹਰੋ ਹਮਲੇ ਆਮ ਸਨ, ਜਿਸ  ਵਿਚ ਮਾਰ -ਕਾਟ ਤਾਂ ਹੁੰਦੀ ਹੀ  , ਆਮ ਜਨਤਾ ਤੇ ਬਹੁਤ ਜ਼ੁਲਮ ਹੁੰਦੇ ਸਨ 1 ਬਹੁ ਬੇਟੀਆਂ ਦੀ ਇਜ਼ਤ ਸਰੇ ਬਾਜ਼ਾਰਾਂ ਵਿਚ ਰੋਲੀ ਜਾਂਦੀ 1 ਨਾਂ ਨੂੰ ਤਾਂ ਰਾਜ ਦਿੱਲੀ ਬਾਦਸ਼ਾਹ ਦਾ ਸੀ ਪਰ ਹਕੂਮਤ ਦੀ ਅਸਲੀ ਤਾਕਤ ਨਵਾਬਾਂ ਤੇ ਹਾਕਮਾਂ ਕੋਲ ਸੀ , ਜਿਨ੍ਹਾ  ਨੇ ਦੇਸ਼ ਨੂੰ ਟੋਟੇ ਟੋਟੇ ਕਰਕੇ ਤਕਸੀਮ ਕੀਤਾ ਹੋਇਆ ਸੀ 1

ਪੰਜਾਬ ਪੰਜ ਹਿਸਿਆਂ ਵਿਚ ਵੰਡਿਆ ਹੋਇਆ ਸੀ (1) ਲਾਹੋਰ  (2) ਮੁਲਤਾਨ  (3) ਦਿਪਾਲਪੁਰ (4)

ਜਲੰਧਰ (5) ਸਰਹੰਦ  1 ਵਖ ਵਖ ਪ੍ਰਬੰਧਕ ਸੀ ਤੇ ਸਾਰੇ ਖੁਦ ਮੁਖਤਿਆਰ ਸੀ ਪਰ ਲਾਹੋਰ ਸੂਬੇ ਦੀ ਨਿਗਰਾਨੀ ਹੇਠ ਸੀ 1 ਨਵਾਬ ਤੇ ਹਾਕਮ ਆਪਣੇ ਆਪਣੇ ਇਲਾਕਿਆਂ ਵਿਚ ਮਨਮਾਨੀ ਤੇ ਧ੍ਕੇਸ਼ਾਹੀ ਕਰਦੇ ਸਨ 1 ਜੋ ਉਨ੍ਹਾ   ਦੇ ਮੂੰਹੋਂ ਨਿਕਲਦਾ ਕਨੂੰਨ  ਬਣ ਜਾਂਦਾ 1 ਉਨ੍ਹਾ  ਦੇ ਕਾਮ, ਕ੍ਰੋਧ ਤੇ ਲੋਭ ਦੀ ਮਾਰ ਅਗੇ ਕਿਸੇ ਦੀ ਪਤ , ਜਾਨ, ਮਾਲ,  ਧੰਨ- ਦੌਲਤ ਤੇ  ਪਰਿਵਾਰ ਸੁਰਖਿਅਤ ਨਹੀਂ ਸੀ 1 ਇਨ੍ਹਾ   ਨਵਾਬਾਂ ਤੇ ਹਾਕਮਾਂ  ਦੇ ਅਹਿਲਕਾਰ ਹੋਰ ਵੀ ਦਸ ਕਦਮ ਅਗੇ ਸੀ 1 ਜਨਤਾ ਤੇ ਜੋਰ, ਜਬਰ, ਲੁਟ ਖਸੁਟ ਦੇ ਵਸੀਲੇ ਢੂੰਢਦੇ ਰਹਿੰਦੇ ਸੀ ਤੇ ਮਨਚਾਹੇ ਜੁਲਮ ਕਰਦੇ 1 ਉਸਤੋਂ ਅਗੇ ਸੀ ਜਨਤਾ ਜਿਸਦੇ ਆਪਣੇ ਆਗੂ, ਰਾਜੇ ਮਹਾਰਾਜੇ ,ਜਮੀਨਾ, ਜਗੀਰਾਂ, ਪਦਵੀਆਂ ਤੇ ਜਾਇਦਾਦਾਂ ਦੇ ਮਾਲਿਕ,ਜਿਨ੍ਹਾ  ਦੀ ਗੰਡ ਤੁਪ ਹਕੂਮਤ ਨਾਲ ਸੀ – ਨਾ ਕੋਈ ਇਨਸਾਫ਼ ਸੀ ਨਾ ਪਰਜਾ ਦੀ ਹਿਤ , ਨਾ ਫਿਕਰ , ਸਾਰੇ ਦੇ ਸਾਰੇ ਆਪਣੀ ਐਸ਼ ਇਸ਼ਰਤ ਵਿਚ ਪਏ ਹੋਏ ਸੀ 1

           ਰਾਜੀ ਸ਼ੀਂਹ ਮੁਕਦਮ ਕੁਤੇ , ਜਾਇ ਜਗਾਇਨ ਬੈਠੇ ਸੁਤੇ

              ਚਾਕਰ ਨਹਦਾ.ਪੈਣ ਘਾਓ ਰਤ ਪਿਟ ਕੁਤਿ ਹੋ ਚਟ ਜਾਓ

           ਕਲਿ ਕਾਤੀ ਰਾਜੇ ਕਾਸਾਇ ਧਰਮ ਪੰਖ ਕਰਿ ਉਡਰਿਆ

           ਕੂੜੁ ਅਮਾਵਸ ਸਚੁ ਚੰਦ੍ਰਮਾ , ਦੀਸੈ ਨਾਹੀ ਕਹਿ  ਚੜਿਆ

           ਰਾਜੇ ਪਾਪ ਕਮਾਂਵਦੇ  , ਉਲਟੀ ਵਾੜ ਖੇਤ ਕਉ ਖਾਈ

           ਕਾਜ਼ੀ ਹੋਏ ਰਿਸ਼ਵਤੀ ,ਵਡੀ ਲੈ ਕੈ ਹਕੁ ਗਵਾਈ 11

ਪੰਜਾਬ ਦੇ ਦੋ ਹੀ ਧਰਮ ਸੀ ਇਕ ਮੁਸਲਮਾਨ ਤੇ ਦੁਸਰਾ ਹਿੰਦੂ 1 ਬੁਧ ਧਰਮ ਜਿਸਨੇ ਇਕ ਸਮੇ ਵਿਚ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ ,ਲਗਪਗ ਅਲੋਪ ਹੋ ਚੁਕਾ ਸੀ 1 ਜੈਨੀ ਧਰਮ ਦੇ ਅਨੁਆਈ ਟਾਵੇਂ  ਟਾਵੇਂ  ਟਿਕਾਣਿਆਂ ਤੇ ਟਿਕੇ ਹੋਏ ਸਨ 1 ਮੁਸਲਮਾਨਾਂ ਦੇ ਧਾਰਮਿਕ ਆਗੂ ਜੋ ਜਬਰ ਦਾ ਵਸੀਲਾ ਤੇ ਠਗ ਬਾਜ਼ੀ ਦੇ ਮੁਖਤਿਆਰ ਬਣੀ ਬੈਠੇ ਸਨ ਓਹ ਨਾ ਕੇਵਲ ਮੁਸਲਮਾਨਾਂ ਨੂੰ ਅਸਲੀ ਮਜਹਬ ਤੋ ਕੁਰਾਹੇ ਪਾ ਰਹੇ ਸੀ ਸਗੋਂ ਮਜਹਬੀ ਈਰਖਾ ,ਨਫਰਤ ਤੇ ਜਨੂੰਨ ਨੂੰ ਹਵਾ ਦੇ ਰਹੇ ਸਨ 1 ਆਮ ਲੋਕਾਂ ਨੂੰ ਧਾਗੇ , ਤਵੀਤ, ਮੜੀ , ਮਸਾਣਾ ਦੇ ਗੇੜ ਵਿਚ ਪਾਕੇ ਲੁਟ ਰਹੇ ਸੀ  1

           ਕਾਜ਼ੀ ਹੋਇ ਬਹੇ ਨਿਆਇ ਫੇਰੇ ਤਸਬੀ ਕਰੇ ਖੁਦਾਇ

              ਵਡੀ ਲੈਕੇ ਹਕ ਗੁਵਾਏ ਜੋ ਕੋ ਪੁਛੇ ਤਾਂ ਪੜ ਸੁਣਾਏ

ਹਿੰਦੂ ਧਰਮ ਵਿਚ ਜੋਰ ਸੀ ਤਾਂ ਸਿਰਫ ਬ੍ਰਾਹਮਣ ਵਾਦ ਦਾ , ਜਿਸਨੇ ਸਿਰਫ ਵਰਣ ਵੰਡ ਤੇ ਬਸ ਨਹੀ ਕੀਤੀ 1 ਅਗੋਂ ਜਾਤਾਂ ਦੀ ਵੰਡ ਕਰਕੇ ਹਿੰਦੂ ਸਮਾਜ ਨੂੰ ਟੋਟੇ ਟੋਟੇ ਕਰ ਦਿਤਾ 1 ਕਈ ਜਾਤਾਂ ਨੂੰ ਅਛੂਤ ਸਮ੍ਝਿਆ ਜਾਂਦਾ ਸੀ , ਜਿਨ੍ਹਾਂ ਨੂੰ ਛੂਹ ਕੇ ਵੀ ਇਨਸਾਨ ਅਪਵਿਤਰ ਹੋ ਜਾਂਦਾ 1 ਜਿਨ੍ਹਾ  ਰਾਹਾਂ ਤੇ ਉਚੀਆਂ ਜਾਤਾਂ ਵਾਲੇ ਤੁਰਦੇ ਓਨ੍ਹਾ   ਰਾਹਾਂ ਤੇ ਤੁਰਨ ਦੀ ਮਨਾਹੀ ਸੀ 1 ਅਗਰ ਕਿਸੇ ਮਜਬੂਰੀ ਵਸ ਰਾਤ ਦੇ ਹਨੇਰੇ ਵਿਚ ਤੁਰਨਾ ਵੀ ਪੈਂਦਾ ਤਾਂ ਗਲ ਵਿਚ ਢੋਲ ਵਜਾਕੇ ਤੁਰਨ ਦਾ ਹੁਕਮ ਸੀ  1 ਸ਼ੁਦਰਾਂ ਨੂੰ ਮੰਦਿਰ ਤਾਂ ਕੀ,  ਉਸ ਦੇ ਆਸ ਪਾਸ  ਜਾਣ ਦੀ ਵੀ ਮਨਾਹੀ ਸੀ 1 ਅਗਰ ਕਿਸੇ ਸ਼ੂਦਰ ਦੇ ਕੰਨੀ ਮੰਤਰਾਂ ਦੀ ਅਵਾਜ਼ ਵੀ ਪੈ ਜਾਂਦੀ ਤਾਂ ਉਸਦੇ ਕੰਨਾ ਵਿਚ ਗਰਮ ਗਰਮ ਸਿਕਾ ਪਾ ਦਿਤਾ ਜਾਂਦਾ ਤਾਕਿ ਓਹ ਮੁੜ ਕੇ ਕਦੀ ਸੁਣ ਨਾ ਸਕੇ 1 ਅਗਰ ਕੋਈ ਸ਼ੂਦਰ ਉਚੀ ਜਾਤ ਦੇ ਬਰਾਬਰ ਬੈਠਣ ਦੀ ਜੁਰਤ ਕਰਦਾ ਤਾਂ ਉਸਦੀ ਪਿਠ ਦਾ ਮਾਸ ਕਟ ਦਿਤਾ ਜਾਂਦਾ 1 ਖੂਹ ਤੇ ਕੁਤਾ ਚੜਕੇ ਪਾਣੀ ਪੀ ਸਕਦਾ ਸੀ , ਪਰ ਸ਼ੂਦਰ ਨੂੰ ਹੁਕਮ ਨਹੀ ਸੀ 1

             ਕਾਦੀ ਕੂੜੁ ਬੋਲਿ ਮਲ ਖਾਏ 1 ਬ੍ਰਾਹਮਣ ਨਾਵੈ ਜੀਆ ਘਾਇ 1

             ਜੋਗੀ ਜੁਗਤਿ ਨਾ ਜਾਣੇ ਅੰਧ1 ਤੀਨੇ ਉਜੜੇ ਕਾ ਬੰਧ

ਧਾਰਮਿਕ ਤੋਰ ਤੇ ਵੀ ਵਖ ਵਖ ਦੇਵਤਿਆਂ ਦੀ ਪੂਜਾ ਹੁੰਦੀ , ਜਿਵੈਂ ਗਣੇਸ਼ ,ਵਿਸ਼ਨੂੰ, ਰਾਮ ,ਲਛਮਣ ,ਸ਼ਿਵ , ਬ੍ਰਹਮਾ, ਹਨੁਮਾਨ ,ਸੂਰਜ , ਚੰਨ ਆਦਿ , ਜਿਸਨੇ ਆਪਸੀ ਵਿਰੋਧ ਨੂੰ ਜਨਮ ਦਿਤਾ 1 ਹਰ ਵਰਗ ਦੇ ਤਿਲਕ ਦਾ ਰੰਗ ਅੱਲਗ ਹੁੰਦਾਂ , ਬ੍ਰਾਹਮਣ ਦਾ ਚਿਟਾ, ਖਤ੍ਰੀ ਦਾ ਲਾਲ , ਤੇ ਵੈਸ਼ ਦਾ ਸਬ੍ਜ਼ 1 ਸ਼ੂਦਰ ਨੂੰ ਤਾਂ ਤਿਲਕ ਲਗਾਣ ਦਾ ਹੁਕਮ ਹੀ ਨਹੀ ਸੀ 1 ਮਾਲਾ ਦੇ ਮਣਕੇ ਅੱਲਗ ਅੱਲਗ ਸੀ , ਕਿਸੇ ਦੇ ਲਕੜੀ ਦੇ, ਕਿਸੇ ਦੇ ਤੁਲਸੀ ਦੇ ਤੇ ਕਿਸੇ ਦੇ ਰੁਦਰਾਕਸ਼ ਦੇ 1

ਜਿਨ੍ਹਾ  ਦਾ ਨਾ ਮਜਹਬ ਇਕ, ਨਾ ਗਰਜ਼ ਇਕ ,ਨਾ ਸੁਆਦ ਇਕ, ਨਾ ਗਮੀ ਨਾ ਖੁਸ਼ੀ ਇਕ , ਨਾ ਇਬਾਦਤ ਇਕ , ਨਾ ਰਿਆਜਤ ਇਕ , ਨਾ ਆਦਤ ਇਕ , ਨਾ ਤਰਜੇ ਜਿੰਦਗੀ ਦਾ ਲਿਬਾਸ ਇਕ, ਨਾ ਬਹਿਸ਼ਤ ਇਕ ਨਾ ਦੋਸ੍ਖ ਇਕ , ਉਹ  ਇਕਠੇ ਰਹਿ ਵੀ  ਕਿਵੈ  ਸਕਦੇ ਸਨ   1 ਰਮਾਇਣ , ਗੀਤਾ , ਵੇਡ ਪੁਰਾਨ ਕੁਰਾਨ ਉਸ ਵਕਤ ਵੀ ਸੀ ਪਰ ਪੰਡਤ , ਬ੍ਰਾਹਮਣਾ ,ਕਾਜ਼ੀ ,ਮੁਲਾਣਿਆਂ ਨੇ  ਆਪਣੇ ਲੋਭ ਲਾਲਚ ਪਿਛੇ  ਇਨਾ ਦਾ ਉਚਾ ਤੇ ਸੁਚਾ ਗਿਆਨ ਐਸੀ ਉਚੀ ਥਾਂ ਟਿਕਾ ਦਿਤਾ ਜਿਥੇ ਆਮ . ਸਧਾਰਨ ਲੋਕ ਪਹੁੰਚ ਨਾ ਸਕਣ 1 ਕੁਝ ਇਹ  ਗ੍ਰੰਥਾਂ ਲਿਖੇ ਵੀ ਸੰਸਕ੍ਰਿਤ ਭਾਸ਼ਾ ਵਿਚ ਸਨ ਜਿਸਦੀ ਸਿਰਫ ਪੰਡਤਾ ,ਬ੍ਰਾਹਮਣਾ ਨੂੰ ਹੀ ਪੜਨ ਦੀ ਖੁਲ ਸੀ 1 ਇਸ ਤਾਕਤ ਨੂੰ ਉਹ ਆਪਣੇ ਫਾਇਦੇ ਲਈ ਰਜ ਕੇ ਇਸਤੇਮਾਲ ਕਰਦੇ 1

ਉਹਨਾ ਦਾ ਕੰਮ ਸੀ ਮਨੁਖ ਨੂੰ ਵਖ ਵਖ ਪੂਜਾ ਦੇ ਚਕਰਾਂ ਵਿਚ ਪਾਣਾ 1 ਪੰਜ ਯਗ ਬ੍ਰਹਮ ,ਪਿਤਰੀ , ਦੇਵ , ਭੂਤ, ਅਤਿਥੀ  ਕਰਨੇ ਤੇ ਕਰਾਣੇ  ਜਰੂਰੀ ਕਰ ਦਿਤੇ ਗਏ 1  1 ਤਕਰੀਬਨ 40 ਕਿਸਮ ਦੇ ਸੰਸਕਾਰ ,ਜਿਨ੍ਹਾ  ਚੋਂ ਗਰਭ ਦਾਨ, ਜਾਤ ਨਾਮ ਬੇਧ ,ਅਪ੍ਰਸਨ , ਕਰਨ ਛੇਦ ਲਾਜ਼ਮੀ ਹੋ ਗਏ 1 ਉਪਨੇਨ, ਵਿਵਾਹਾਂ ਤੇ , ਔਰ ਸ਼ਰਾਧ  ਮਰਨੇ ਕੇ ਬਾਦ ਜਰੂਰੀ ਹੋ ਗਏ 1 ਨੋ ਗ੍ਰਿਹ  ਤੇ ਗਣੇਸ਼ ਦੀ ਪੂਜਾ ਲਾਜ਼ਮੀ  ਕਰਾਰ ਕਰ ਦਿਤੀ ਗਈ  15 ਵਰਤਾਂ ਦਾ ਭਾਰ ਤੇ  ਰਾਮਾਇਣ, ਮਹਾਂਭਾਰਤ ,ਤੇ ਪੁਰਾਣਾ ਦਾ ਪਾਠ ਕਰਨਾ ਲਾਜ਼ਮੀ ਹੋ ਗਿਆ 1

ਇਨਸਾਨ ਆਪਣੀਆ ਲੋੜਾ ਨੂੰ ਮੁਖ ਰਖਕੇ ਕੁਦਰਤ ਵਿਚ ਪ੍ਰਤਖ ਤਾਕਤਾਂ ਨੂੰ ਪੂਜਣ ਲਗ ਪਿਆ ਤੇ ਦਾਤਾਰ ਨੂੰ ਭੁਲ  ਗਿਆ 1 ਦਰਖਤਾਂ, ਮੜੀਆਂ, ਸੂਰਜ, ਚੰਦ ਤੇ ਆਕਾਸ਼ ਨੂੰ ਰਬ ਸਮਝ  ਕੇ  ਸਜਦੇ ਕਰਨ ਲਗ ਪਿਆ  ਜਿਨ੍ਹਾ  ਵਿਚੋਂ ਅਨੇਕਾ ਵਹਿਮਾ ਤੇ ਭਰਮਾ ਨੇ ਜਨਮ ਲਿਆ 1 ਲੋਕ ਤਵੀਤਾਂ , ਧਾਗੇ, ਮੰਤਰ ,ਰਸਾਇਣ ਤੇ ਕਰਾਮਾਤਾਂ ਤੋ ਡਰਨ ਲਗ ਪਏ , ਜਿਸ ਲਈ ਪੀਰਾਂ , ਫਕੀਰਾਂ , ਜੋਗੀਆਂ ਤੇ ਬ੍ਰਾਹਮਣਾ ਦਾ ਆਸਰਾ ਲੈਣਾ ਉਨਾ ਲਈ ਜਰੂਰੀ ਹੋ ਗਿਆ ਤੇ ਰਬ ਨੂੰ ਭੁਲ ਗਏ 1

           ਕਲਿ ਕਾਤੀ ਰਾਜੇ ਕਾਸਾਈ ਧਰਮ ਪੰਖ ਕਰਿ ਉਡਰਿਆ 1

           ਕੂੜਿ ਅਮਾਵਸ ਸਚੁ ਚੰਦ੍ਰਮਾ  ਦੀਸੈ  ਨਹੀ ਕਹ ਚੜਿਆ 11

            ਮਾਣਸ ਖਾਣੇ ਕਰਹਿ ਨਿਵਾਜ

             ਛੁਰੀ ਵਗਾਇਨ  ਤਿਨ ਗਲਿ ਤਾਗ

            ਹਕ਼ ਪਰਾਇਆ ਨਾਨਕਾ ਉਸ ਸੁਆਰ ਉਸ ਗਾਏ

            ਗੁਰ ਪੀਰ ਹਾਮਾ ਤਾ ਭਰੇ ਜਾਂ ਮੁਰਦਾਰ ਨਾ ਖਾਏ

1521  ਵਿਚ  ਐਮਨਾਬਾਦ  ਵਿਚ ਬਾਬਰ ਤੇ ਬਾਬੇ ਨਾਨਕ ਦੀ ਟਕਰ ਹੋਈ 1 ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮ ਤੇ ਤਾਨਸ਼ਾਹੀ  ਦੇ ਖਿਲਾਫ਼ ਬੇਖੋਫ਼ ਤੇ  ਬੇਧੜਕ  ਹੋਕੇ ਅਵਾਜ਼ ਉਠਾਈ 1 ਬਾਬਰ ਨੂੰ ਜਾਬਰ ਕਿਹਾ ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁਤੇ ਕਿਹਾ 1 ਰਈਅਤ ਨੂੰ ਉਸਤੇ ਹੋ ਰਹੇ ਜ਼ੁਲਮਾ ਦੇ ਉਲਟ ਖਬਰਦਾਰ ਕੀਤਾ 1  ਉਸ ਵਕਤ ਦੇ  ਰਾਜਨੀਤਕ ਤੇ ਸਮਾਜਿਕ ਹਾਲਾਤਾਂ ਦੀ  ਭਰਪੂਰ ਨਿੰਦਾ ਕੀਤੀ 1  ਇਹ ਇਕ ਵਡੇਰੀ ਸੋਚ ਤੇ  ਜੁਰਅਤ ਦਾ ਕੰਮ ਸੀ1  ਉਸ ਵਕਤ ਸਚ ਆਖਣਾ ਸਿਰ ਤੇ ਕਫਨ ਬੰਨਣ ਦੇ ਬਰਾਬਰ ਸੀ 1 ਪਡਿਤ ਬੋਧਿਨ ਨੇ ਸਿਰਫ ਸਿਕੰਦਰ ਲੋਧੀ ਦੇ ਦਰਬਾਰ ਵਿਚ ਇਤਨਾ ਆਖਿਆ ਸੀ ਕੀ ਹਿੰਦੂ ਤੇ ਮੁਸਲਮਾਨ ਦੋਨੋ ਧਰਮ ਚੰਗੇ ਹਨਾ ਤਾਂ  ਉਸਦਾ ਕਤਲ ਕਰਵਾ ਦਿਤਾ ਸੀ 1 ਗੁਰੂ ਨਾਨਕ ਸਾਹਿਬ ਨੇ ਜਦ ਬਾਬਰ ਦੀ ਫੌਜ਼ ਲੁਟ ਖਸੁਟ ਕਰਕੇ  ਦਹਿਸ਼ਤ ਫੈਲਾਣ ਲਈ ਬੇਕਸੂਰ ਲੋਕਾਂ ਦਾ ਕਤਲੇਆਮ ਕਰ ਰਹੀ ਸੀ ਤਾਂ  ਬੇਖੋਫ਼ ਤੇ ਬੇਝਿਜ੍ਕ ਹੋਕੇ ਬਾਬਰ ਨੂੰ  ਵੰਗਾਰ ਕੇ ਆਖਿਆ :-

             ਪਾਪ ਦੀ ਜੰਝ ਲੈ ਕਾਬੁਲਹੁ ਧਾਇਆ ਜੋਰੀ ਮੰਗੇ ਦਾਨ ਵੈ ਲਾਲੋ

             ਸਰਮੁ ਧਰਮੁ ਦੁਇ ਛਪਿ ਖਲੋਇ ਕੂੜ ਫਿਰੇ ਪਰਧਾਨੁ ਵੇ ਲਾਲੋ

 ਪਰਜਾ ਤੇ ਹੁੰਦੇ ਜੁਲਮ ਦੇਖਕੇ ਰਬ ਅਗੇ ਸ਼ਕਾਇਤ ਕੀਤੀ :-

            ਖੁਰਾਸਾਨ ਖਸਮਾਨਾ ਕਿਆ ਹਿਦੁਸਤਾਨ ਡਰਾਇਆ 11

            ਆਪਿ ਦੋਸੁ ਨਾ  ਦੇਇ ਕਰਤਾ ਜਮੁ ਕਰਿ ਮੁਗਲੁ ਚੜਾਇਆ 11

            ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ 11

ਬਾਬਰ ਵਲੋਂ ਸੈਦਪੁਰ , ਏਮਨਾਬਾਦ ਦੀ ਜੇਲ ਵਿਚ ਪਾਏ  ਪੀਰਾਂ  ਫਕੀਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਵੀ ਸਨ  ਪਰ ਜਦ ਉਸ ਨੂੰ ਇਸ ਇਲਾਹੀ ਨੂਰ ਬਾਰੇ ਪਤਾ ਚਲਿਆ ਤੋ ਆਪ ਉਨ੍ਹਾ  ਦੇ ਦਰਸ਼ਨ ਕਰਨ ਲਈ ਆਇਆ ਤੇ ਤੁਰੰਤ  ਰਿਹਾ ਕਰਣ ਦਾ ਹੁਕਮ ਦੇ  ਦਿਤਾ 1 ਗੁਰੂ ਸਾਹਿਬ ਦੇ ਸਮਝਾਣ ਤੇ ਕਤਲੇਆਮ ਬੰਦ ਕਰਵਾ ਦਿਤਾ1   ਕਤਲੇਆਮ ਤਾ ਬੰਦ ਹੋ ਗਿਆ ਪਰ ਇਸਤੋਂ ਬਾਅਦ ਗੁਰੂ ਸਹਿਬਾਨਾ ਤੇ ਹਕੂਮਤ ਦੀ ਟਕਰ ਦਾ ਲੰਬਾ  ਦੋਰ ਸ਼ੁਰੂ ਹੋ ਗਿਆ  1

 ਸਾਰੇ ਹੁਕਮਰਾਨ ਬਾਬਰ ਤੇ ਅਕਬਰ ਵਰਗੇ ਨਹੀਂ ਸਨ 1 ਹਮਾਯੂੰ ਨੇ ਗੁਰੂ ਅੰਗਦ ਸਾਹਿਬ ਤੇ ਤਲਵਾਰ ਚੁਕੀ  ਇਸਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦ ਹੋਏ  1 ਗੁਰੂ ਹਰ ਗੋਬਿੰਦ ਸਾਹਿਬ ਨੂੰ  ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ ਗਿਆ 1  ਗੁਰੂ ਹਰ ਰਾਇ ਤੇ ਗੁਰੂ ਹਰਕ੍ਰਿਸ਼ਨ ਨੂੰ ਦਿੱਲੀ ਆਪਣੀ ਸਫਾਈ ਪੇਸ਼ ਕਰਨ ਲਈ ਬੁਲਾਇਆ ਗਿਆ   1 ਗੁਰੂ ਤੇਗ ਬਹਾਦਰ ਦੀ ਚਾਂਦਨੀ ਚੋਕ ਵਿਚ  ਸਰੇ ਆਮ ਸ਼ਹੀਦੀ ਤੇ ਉਨ੍ਹਾ  ਦੇ ਜਿਸਮ ਦੇ ਟੁਕੜੇ ਟੁਕੜੇ  ਕਰਕੇ ਦਿੱਲੀ ਦੇ ਦਰਵਾਜਿਆਂ ਤੇ ਟੰਗਣ ਦਾ ਹੁਕਮ  ਦਿਤਾ ਗਿਆ 1 ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਤਾਂ  ਕੋਈ ਅੰਤ ਨਹੀਂ ਤੇ  ਉਸਤੋ ਬਾਅਦ ਵੀ ਸਿੰਘਾਂ ਸਿੰਘਣੀਆ ਦੀਆਂ ਕੁਰਬਾਨੀਆ ਦਾ ਲੰਬਾ ਸਿਲਸਲਾ ਚਲ ਪਿਆ 1

ਇਸ ਵਕਤ ਗੁਰੂ ਨਾਨਕ ਦੇਵ ਜੀ ਨੇ ਸਿਖ ਧਰਮ ਦੀ ਨੀਹ ਰਖੀ , ਮਾਨਵਤਾ ਦੇ ਭਲੇ ਲਈ ਇਕ ਨਿਰਮਲ ਪੰਥ ਚਲਾਇਆ 1   ਖਾਸ ਕਰਕੇ ਪੰਜਾਬ ਨੂੰ ਧਾਰਮਿਕ , ਸਮਾਜਿਕ ਤੇ ਇਖਲਾਕੀ ਤੋਰ ਤੇ ਮਜਬੂਤ ਕਰਨ ਦੀ ਤੇ ਜ਼ੁਲਮ  ਜੋਰ ਜਬਰ ਦੀ ਟਕਰ  ਲੇਣ ਦੀ ਜ਼ਿਮੇਦਾਰੀ ਆਪਣੇ ਸਿਰ ਲੈ ਲਈ 1 ਉਨ੍ਹਾ  ਨੇ ਇਤਿਹਾਸ ਵਿਚ ਇਕ ਨਵਾਂ ਤਜਰਬਾ ਪੇਸ਼ ਕੀਤਾ , ਧਾਰਮਿਕ , ਸਭਿਆਚਾਰਕ ਤੇ ਭਗੋਲਿਕ ਹਦਾਂ ਟਪ ਕੇ ਜੋਗੀ ,ਸਿਧਾਂ, ਵੇਦਾਂਤੀ , ਬ੍ਰਹਮਣ, ਪੰਡਿਤ ,ਵੈਸ਼ਨਵ , ਬੋਧੀ , ਜੈਨੀ ਸੂਫ਼ੀ , ਮੁਲਾਂ , ਕਾਜ਼ੀਆਂ ਨਾਲ ਸੰਵਾਦ ਰਚਾਇਆ ਜੋ ਧਰਮਾਂ ਦੇ ਮੁਖ ਠੇਕੇਦਾਰ ਸਨ 1 ਉਨ੍ਹਾ  ਨੇ ਉਸ ਵਕਤ  ਜਦ ਧਰਮ ਵਿਚ ਦਿਖਾਵੇ ਤੇ ਆਪਸੀ ਵੈਰ ਵਿਰੋਧ ਕਰਕੇ ਮਨੁਖਤਾ ਦਾ ਅੰਸ਼ ਅਲੋਪ ਹੋ ਚੁਕਾ ਸੀ , ਜਦੋਂ ਧਰਮ ਤੇ ਰਾਜ ਦੀਆਂ ਸ਼ਕਤੀਆਂ ਨੇ ਸੰਸਾਰ ਦੇ ਵਖ ਵਖ ਧਰ੍ਮਾ ਦੀ ਵਿਭਿਨਤਾ  ਨੂੰ ਮੁਕਾਣ ਲਈ ਸਿਰ ਧੜ ਦੀ ਬਾਜ਼ੀ ਲਗਾ ਦਿਤੀ ਸੀ , ਇਸ ਵਿਭਿਨਤਾ ਦੀ ਖੂਬਸੂਰਤੀ ਨੂੰ ਕਾਇਮ ਰਖਦਿਆਂ ਹਰ ਧਰਮ ਦੇ ਔਗਣਾ ਨੂੰ ਵਿਸਾਰ ਕੇ ਗੁਣਾ ਦੀ ਸਾਂਝ ਦਾ ਉਪਦੇਸ਼ ਦਿਤਾ 1

                    ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ 1

ਉਨ੍ਹਾ  ਦਾ  ਸੰਦੇਸ਼ ਕਿਸੇ ਖਾਸ ਖਿਤੇ ਦੇ ਲੋਕਾਂ ਵਾਸਤੇ ਨਹੀ ਸੀ ਸਗੋਂ ਪੂਰੀ ਕਾਇਨਾਤ ਦੇ ਭਲੇ ਲਈ ਸੀ 1 ਉਨ੍ਹਾ  ਨੇ ਅਧਿਆਤਮਿਕ , ਸਮਾਜਿਕ , ਰਾਜਨੀਤਕ ,ਆਰਥਿਕ ਤੇ ਪ੍ਰ੍ਕਿਤਿਕ ਪਖ ਤੋ ਲੋਕਾਂ ਨੂੰ ਇਕ ਨਵੀ ਸੇਧ ਬਖਸ਼ੀ  1 ਕਿਰਤ ਕਰਨੀ , ਵੰਡ ਕੇ ਛਕਣਾ , ਤੇ ਨਾਮ ਸਿਮਰਨ, ਸੇਵਾ ,ਮਨੁਖੀ ਭਾਈਚਾਰਾ ,ਬਰਾਬਰੀ , ਨਿਆਂ , ਦਇਆ ,ਪਰਉਪਕਾਰ  ਸਿਖੀ ਦੇ ਮੁਢਲੇ ਅਸੂਲ  ਬਣਾ ਦਿਤੇ1  ਨਿਰਭਉ , ਨਿਰਵੈਰ ਪ੍ਰਮਾਤਮਾ ਦੀ ਬੰਦਗੀ ਨਾਲ ਜੋੜ ਕੇ ਇਕ ਨਿਰਭਉ ਤੇ ਨਿਰਵੈਰ ਸਮਾਜ ਦੀ ਸਥਾਪਨਾ ਕੀਤੀ ,ਜਿਸ ਵਿਚ ਗਰੀਬ ਅਮੀਰ ,ਊਚ ਨੀਚ,ਜਾਤ ਪਾਤ , ਵਹਿਮ ਭਰਮਾਂ ਤੇ ਕਰਮ ਕਾਂਡਾ ਨੂੰ ਕੋਈ ਜਗਹ ਨਹੀਂ ਦਿਤੀ 1 ਧਰਮ ਦੇ ਪਾਖੰਡ ਜਾਲ ਨੂੰ  ਤੋੜਿਆ ਤੇ ਅਖੋਤੀ ਧਾਰਮਿਕ ਆਗੂਆਂ  ਦੀ ਅਸਲੀਅਤ ਦੱਸ ਕੇ  ਲੋਕਾਂ ਨੂੰ ਉਨ੍ਹਾ ਦੇ ਭੈ- ਜਾਲ ਤੋ ਮੁਕਤ ਕੀਤਾ 1 ਇਸ ਨਾਲ  ਭੁਖਿਆਂ  , ਦੁਖੀਆਂ ,ਗਰੀਬ, ਮਜਲੂਮਾਂ  ਲੋੜਵੰਦਾ   ਦੀ ਮਦਤ ਹੋਈ ,ਸਮਾਜਿਕ ਸਾਂਝੀਵਾਲਤਾ ਤੇ ਆਪਸੀ ਏਕਤਾ ਪੈਦਾ ਹੋਈ 1   ਭਾਈ ਲਾਲੋ ਜੋ ਉਸ ਵਕਤੀ ਨੀਚ ਜਾਤ ਦਾ ਤੇ ਗਰੀਬ ਸੀ ,ਆਪਣਾ ਮਿਤਰ  ਬਣਾਇਆ 1 ਦੁਨਿਆ ਦੇ ਰੰਗ ਤਮਾਸ਼ੇ, ਵਕਤ ਦੇ ਹਾਲਤ ਤੇ  ਹਕੂਮਤ ਵਲੋ ਹੋ ਰਹੇ  ਜੋਰ ਜਬਰ ਤੇ ਜ਼ੁਲਮ ਉਸ ਨਾਲ ਸਾਂਝੇ ਕੀਤੇ 1ਭਾਈ ਮਰਦਾਨਾ ਜੋ ਨੀਚ ਜਾਤ ਦਾ ਮਰਾਸੀ ਸੀ ਆਪਣਾ ਸੰਗੀ-ਸਾਥੀ ਬਣਾਇਆ

             ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ

             ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਓ ਕਿਆ ਰੀਸ

             ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ

 ਇਕ ਅਕਾਲ ਪੁਰਖ ਤੋ ਸਿਵਾ ਦੇਵੀ ਦੇਵਤਿਆਂ ,ਬੁਤਾਂ ,ਪਥਰਾਂ ਦੀ ਪੂਜਾ ਕਰਨਾ ਸਿਖ ਧਰਮ ਤੋਂ ਕਢ ਦਿਤਾ 1 ਮਨੁਖਤਾ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਲਈ ਪਹਿਲੀ ਵਾਰ ਸ਼ਬਦ ਗੁਰੂ ਨਾਲ ਜੋੜਿਆ  1 ਮੁਕਤੀ ਦਾ ਸੋਖਾ ਰਾਹ “ਹੁਕਮਿ ਰਜਾਈ ਚਲਣਾ’ ਉਸਦੀ ਰਜ਼ਾ ਵਿਚ ਰਹਿੰਦੀਆਂ  ਗ੍ਰਿਹਸਤੀ  ਜੀਵਨ ਜੀਦੀਆਂ , ਸ਼ਬਦ ਰਾਹੀਂ ਉਸ ਪ੍ਰਮਾਤਮਾ ਨਾਲ ਜੁੜਨ ਦਾ ਰਾਹ ਦਸਿਆ 1 ਗ੍ਰਿਹਸਤ ਧਰਮ ਤੇ ਕਰਮਾ ਨੂੰ ਉਚਾ ਮੰਨਿਆ ਤੇ ਪ੍ਰਚਾਰਿਆ ,   ਉਸ ਵਕਤ ਜਦੋਂ ਤਪ ਸਾਧਣ ਵਾਲਿਆਂ , ਜੰਗਲਾਂ ਵਿਚ ਵਾਸ ਕਰਨ ਵਾਲਿਆਂ , ਤੀਰਥ ਤੇ ਭ੍ਰਮਣ ਕਰਨ ਵਾਲਿਆਂ ਤੇ ਅਟੰਕ ਸਮਾਧੀ ਲਗਾਉਣ  ਵਾਲਿਆਂ ਦਾ ਜੋਰ ਸੀ 1 ਇਸਤਰੀ ਨੂੰ ਸਨਮਾਨਿਤ ਦਰਜਾ ਦਿਤਾ 1 ਪੀਰਾਂ ਫਕੀਰਾਂ ਜੋ ਘਰ , ਬਾਹਰ, ਆਪਣੀਆਂ ਜਿਮੇਦਾਰੀਆਂ  , ਰਿਸ਼ਤੇ ਤਿਆਗ ਕੇ ਗ੍ਰਹਿਸਤੀਆਂ ਦੇ ਸਿਰ ਤੇ ਪਲਦੇ ਹਨ , ਨਿਖੇਦੀ ਕੀਤੀ  1  ਆਤਮਿਕ ਵਿਕਾਸ ਦੇ ਸਫਰ ਵਿਚ ਮਨੁਖੀ ਗਿਆਨ ਨੂੰ ਤੰਗ ਦਾਇਰੇ ਵਿਚੋਂ ਕਢਣ ਲਈ ਪ੍ਰਕਿਰਤੀ ਦੀ ਵਿਸ਼ਾਲਤਾ ਵਲ ਧਿਆਨ ਦਿਵਾਇਆ ਤੇ ਅਜ ਤੋਂ ਪੰਜ ਸਦੀਆਂ ਪਹਿਲੋਂ ਲਖਾਂ ਪਾਤਾਲਾਂ, ਅਕਾਸ਼ਾਂ , ਸੂਰਜ , ਚੰਦਾ ਤੇ ਮੰਡਲਾ ਦੀ ਹੋਂਦ ਦਾ ਗਿਆਨ ਦਿਤਾ 1

             ਪਾਤਾਲਾਂ ਪਾਤਾਲ ਲਖ ਆਗਾਸਾ ਆਗਾਸ 1

             ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ 1

ਕਿਰਤੀ ਵਰਗ ਨਾਲ ਹਮਦਰਦੀ ਤੇ ਸਾਂਝ ਕਾਇਮ ਕੀਤੀ 1 ਧਰਮਾਂ ਵਿਚ ਫੋਕਟ ਕਰਮ-ਕਾਂਡਾਂ ਤੇ ਕੁਰੀਤੀਆਂ ਦਾ ਜੋਰਦਾਰ ਖੰਡਣ ਕੀਤਾ 1 ਤੀਰਥ ਯਾਤਰਾ ,ਵਰਤ ,ਜਨੋਊ , ਪਿਤਰ ਪੂਜਾ, ਸਰਾਧ ਆਦਿ ਰਸਮਾਂ ਨੂੰ ਪੰਡਤਾ ਦਾ ਲੁਟ ਖਸੁਟ ਤੇ ਅਡੰਬਰ ਦਾ ਰਾਹ ਦਸਿਆ 1

ਉਸ ਸਮੇ ਧਰਮ ਦੇ ਠੇਕੇਦਾਰਾਂ ,ਰਿਸ਼ੀਆਂ ,ਮੁਨੀਆਂ ,ਸਾਧਕਾਂ,ਆਚਾਰੀਆਂ ,ਪੀਰ, ਫਕੀਰ, ਕਾਜ਼ੀ ਮੁਲਾਣਿਆਂ ਤੇ ਭਗਤੀ ਲਹਿਰ ਦਾ ਬੋਲਬਾਲਾ ਸੀ  ਜਿਸ ਵਿਚੋਂ ਅਨੇਕ,ਕਰਮਕਾਂਡ, ਭਰਮ, ਵਹਿਮ,ਤੇ ਪਾਖੰਡ ਪੈਦਾ ਹੋਏ 1  ਧਰਮ ਇਤਨਾ ਗੁੰਜਲਦਾਰ ਹੋ ਗਿਆ ਕਿ ਜਿਸ ਨੂੰ  ਸਧਾਰਨ ਮਨੁਖ ਲਈ ਸਮਝਣਾ  ਮੁਸ਼ਕਿਲ ਹੋ ਗਿਆ ਤੇ  ਸਿਰਫ ਕਰਮ ਕਾਂਡਾ ਤਕ ਸੀਮਤ ਰਹਿ ਗਿਆ 1

ਸਮਾਜਿਕ ਤੋਰ ਤੇ ਵੀ ਲੋਕ ਵਰਣ , ਜਾਤ ਪਾਤ , ਊਚ -ਨੀਚ ਵਿਚ ਵੰਡੇ ਹੋਏ ਸੀ 1 ਹਰ ਤਰਫ਼ ਲੁਟ ਖਸੁਟ ਮਚੀ  ਹੋਈ ਸੀ

             ਕਾਦੀ ਕੂੜਿ ਬੋਲਿ ਮ੍ਲੁ ਖਾਇ, ਬ੍ਰਾਹਮਣ ਨਾਵੈ ਜਿਆ ਅਘਾਇ

ਗੁਰੂ ਨਾਨਕ ਸਾਹਿਬ ਨੇ ਸਿਰਫ ਅਧਿਆਤਮਿਕ ਗਿਆਨ ਹੀ ਨਹੀ ਦਿਤਾ, ਸਗੋ ਸਮਾਜਿਕ, ਰਾਜਨੀਤਕ , ਆਰਥਿਕ ਤੇ  ਪ੍ਰਕਿਰਤਿਕ ਪਖੋਂ ਵੀ ਲੋਕਾਂ ਨੂੰ  ਸੇਧ  ਦਿਤੀ 1 ਵਖ ਵਖ ਰਬ ਦੇ ਸਰੂਪਾਂ ਦੀ ਥਾਂ ਇਕ ਅਕਾਲ ਪੁਰਖ ਦਾ ਸਿਮਰਨ ਦਾ ਰਾਹ ਦਸਿਆ ਜਿਸਦੀ ਪ੍ਰਾਪਤੀ ਲਈ ਸ਼ਬਦ ਗੁਰੂ ਨਾਲ ਜੋੜ ਦਿਤਾ1 ਜੁੜਨ ਦਾ ਸੋਖਾ ਰਾਹ ਸ਼ਬਦ ਨਾਲ ਕੀਰਤਨ, ਸੰਗੀਤ  ਦਸਿਆ 1

             ਪਵਨ ਆਰੰਭ ਸਤਿਗੁਰ ਮਤਿ ਵੇਲਾ

             ਸਬਦੁ ਗੁਰੂ ਸੁਰਤਿ ਧੁਨਿ ਚੇਲਾ

ਬੁਤ ਪੂਜਾ , ਮੂਰਤੀ ਪੂਜਾ ਤੇ ਕਰਮ ਕਾਂਡਾਂ ਨੂੰ ਨਕਾਰਿਆ  1 ਗਰੀਬ, ਅਮੀਰ , ਊਚ-ਨੀਚ  ,ਜਾਤ ਪਾਤ , ਵਰਣ ਵੰਡ ਦਾ ਖੰਡਣ ਕੀਤਾ 1 ਮਨੁਖਤਾ ਨੂੰ ਮੁਕਤੀ ਦਾ ਸੋਖਾ ਰਾਹ ਦਸਿਆ 1 ਹੁਕਮ ਰਜ਼ਾ ਵਿਚ ਰਹਿੰਦੀਆਂ , ਗ੍ਰਹਿਸਤੀ ਜੀਵਨ ਵਿਚ ਰਹਿਕੇ , ਸਾਰੇ ਰਿਸ਼ਤੇ ਤੇ ਜੁਮੇਵਾਰੀਆਂ ਨਿਭਾਂਦਿਆਂ  ਉਸ ਅਕਾਲ ਪੁਰਖ਼ ਦੀ ਸਿਫਤ-ਸਲਾਹ ਕਰਨਾ  ਤੇ ਸ਼ਬਦ ਨਾਲ ਜੁੜਨਾ ਹੀ ਅਸਲੀ ਯੋਗ ਹੈ 1

             ਗੁਰੁ ਪਿਰੁ ਸਦਾਏ ਮੰਗਣ ਜਾਇ

             ਤਾ ਕੈ ਮੂਲਿ ਨ ਲਗੀਐ ਪਾਇ

             ਘਾਲਿ ਖਾਇ ਕਿਛੁ ਹਥੋਂ ਦੇਹਿ

             ਨਾਨਕ ਰਾਹੁ ਪਛਾਣਹਿ ਸੇਇ

             ਫਕੜੁ  ਜਾਤੀ ਫਕੜੁ ਨਾਉ

             ਸਭਨਾ ਜਿਆ ਇਕ ਛਾਉ

ਜਿਨਾਂ ਜਿਨਾਂ ਨੂੰ ਗੁਰੂ ਸਾਹਿਬ ਦੇ ਉਦੇਸ਼ਾਂ ਤੇ ਉਪਦੇਸ਼ਾਂ  ਦੀ ਸਮਝ ਆ ਗਈ ਓਹ ਸਿਖੀ ਨਾਲ ਜੁੜਦੇ ਗਏ ਤੇ ਸਿਖ ਅਖਵਾਣ ਲਗ ਪਏ 1 ਇਸ ਤਰਾਂ ਇਕ ਨਵੇ ਧਰਮ ਦਾ ਨਿਕਾਸ ਤੇ ਵਿਕਾਸ ਹੋਇਆ 1  ਗੁਰੂ ਨਾਨਕ ਸਾਹਿਬ ਦੀ ਜੋਤ ਬਾਕੀ ਦਸ ਗੁਰੂਆਂ ਵਿਚ ਵਿਚਰਦੀ ਰਹੀ , ਜਿਨਾਂ ਨੇ  ਉਨ੍ਹਾ  ਦੀ ਵਿਚਾਰ ਧਾਰਾ ਤੇ ਪਹਿਰਾ ਦਿਤਾ ਤੇ ਸਿਖੀ ਨੂੰ ਅਗੇ ਵਧਾਇਆ 1

 ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਿੰਨੀ ਉੱਚੀ-ਸੁੱਚੀ ਤੇ ਵਿਸ਼ਾਲ ਹੈ ਮਨੁੱਖ ਅਜੇ ਵੀ ਇਸ ਪੱਧਰ ਤਕ ਨਹੀਂ ਪਹੁੰਚ ਸਕਿਆ ਹੈ। ਅੱਜ ਦਾ ਮਨੁੱਖ ਪਰਮਾਤਮਾ ਦੇ ਨਿਰਾਕਾਰ ਰੂਪ ਨੂੰ ਨਾ ਤਾਂ ਅਪਣਾ ਸਕਿਆ ਹੈ ਅਤੇ ਨਾ ਹੀ ਵੱਖ-ਵੱਖ ਧਰਮਾਂ ਦੀ ਸੋਚ ਤੋਂ ਉੱਪਰ ਉਠ ਸਕਿਆ ਹੈ। ਇਸ ਤੋਂ ਇਲਾਵਾ ਹਿੰਸਾ, ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਧਰਤੀ ਉੱਤੇ ਜੀਵਨ ਲਈ ਚਿੰਤਾਜਨਕ ਸਮੱਸਿਆਵਾਂ ਪੈਦਾ ਕਰ ਰਹੀਆਂ  ਹਨ । ਇਸ ਲਈ ਅਜ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿਚ ਅਪਣਾਉਣ ਦੀ ਸਖ਼ਤ ਲੋੜ ਹੈ ਤਾਂ ਜੋ ਸਾਰੀ ਮਨੁੱਖਤਾ ਨੂੰ ਇੱਕੋ ਅਕਾਲ ਪੁਰਖ ਦੇ ਪੁਜਾਰੀ ਤੇ ਸਾਂਝੀਵਾਲ ਬਣਾ ਕੇ ਇਸ ਸ੍ਰਿਸ਼ਟੀ ਨੂੰ ਇਕ ਅਜਿਹੇ ਪਰਵਾਰ ਦਾ ਰੂਪ ਦਿੱਤਾ ਜਾ ਸਕੇ ਜਿੱਥੇ ਅਮਲੀ ਤੌਰ ਤੇ ਪਵਣ ਗੁਰੂ ਹੋਵੇ, ਪਾਣੀ ਪਿਤਾ ਤੇ ਧਰਤੀ ਮਾਤਾ ਦੀ ਗੋਦ ਵਿਚ ਮਨੁੱਖਤਾ ਸੁਖੀ ਵੱਸਦੀ ਆਪਣੇ ਜੀਵਨ ਦਾ ਰਸ ਮਾਣ ਸਕੇ । ਸੋ ਆਉ! ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਵਿਚਾਰਧਾਰਾ ਨੂੰ ਸਮਝ ਕੇ ਗੁਰਮਤਿ ਮਾਰਗ ਦੇ ਪਾਂਧੀ ਬਣ, ਆਪਣਾ ਲੋਕ ਤੇ ਪਰਲੋਕ ਸੁਹੇਲਾ ਕਰੀਏ!

                     ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »