SikhHistory.in

ਗੁਰੂਦਵਾਰਾ ਸੁਧਾਰ ਲਹਿਰ 1920- 1925 (ਜੈਤੋਂ ਗੋਲੀ ਕਾਂਡ )

1920 -25 ਦੇ ਦੋਰਾਨ ਗੁਰਦੁਆਰਾ ਸੁਧਾਰ ਲਹਿਰ ਤਹਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਪੰਥਕ ਪ੍ਰਬੰਧ ਹੇਠ ਲਿਆਣ ਲਈ ਪੰਥ ਨੂੰ ਕਈ ਮੋਰਚੇ ਲਗਾਣੇ ਪਏ ਜਿਨ੍ਹਾ ਵਿਚੋ , ਜੈਤੋ ਦਾ ਇਤਿਹਾਸਕ ਮੋਰਚਾ ਸਭ ਤੋਂ ਲੰਬਾ ਤੇ ਕਾਮਯਾਬ ਰਿਹਾ ਜਿਸ ਵਿਚ ਸਮੇ ਸਮੇ ਸਿਰ ਕਈੰ ਸਿਆਸੀ, ਰਾਜਨੀਤਕ  ਤੇ ਧਾਰਮਿਕ ਘਟਨਾਵਾਂ ਜੁੜਦੀਆਂ ਗਈਆਂ 1 ਇਸਦੀ ਸ਼ੁਰੂਵਾਤ 14 ਜੁਲਾਈ, 1923 ਈ ਨੂੰ  ਸ਼ੁਰੂ ਹੋ ਕੇ 21 ਜੁਲਾਈ, 1925 ਤਕ  ਗੁਰਦੁਆਰਾ ਐਕਟ ਦੇ ਪਾਸ ਹੋਣ ਨਾਲ ,ਜਿਸਦੇ ਤਹਿਤ  ਸਾਰੇ ਗੁਰਦੁਆਰਾ ਸਾਹਿਬਾਨ ਉਪਰ ਪੰਥਕ ਪ੍ਰਬੰਧ ਨੂੰ ਪ੍ਰਵਾਨ ਕਰ ਲਿਆ ਗਿਆ,ਦੇ ਨਾਲ ਖਤਮ ਹੋਇਆ 1

5 ਅਪ੍ਰੈਲ 1921 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਕਾਲੀਆਂ ਦਸਤਾਰਾਂ ਅਤੇ ਕਾਲੇ ਦੁਪੱਟੇ ਆਪਣੇ ਸਿਰਾਂ ਤੇ ਸਜਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣ ਤੇ ਦੀਵਾਨ ਸਜਾਣ ਦੀ ਅਪੀਲ ਕੀਤੀ। ਸਿੱਖ ਮਹਾਰਾਜਿਆਂ ਵਿੱਚੋਂ ਨਾਭਾ ਦੀ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਇਸ ਅਪੀਲ ਤੇ ਪੂਰੀ ਸੁਹਿਰਦਤਾ ਤੇ ਸਮਰਪਣ ਨਾਲ ਅਮਲ ਕੀਤਾ 1 ਜੋ ਅੰਗਰੇਜਾਂ ਨੂ ਚੰਗਾ ਨਾ ਲਗਾ 1

ਜਦੋਂ ਰਾਜਾ ਪਰਦੁਮਨ ਸਿੰਘ ਨੇ ਆਪਣੀ ਤਾਜਪੋਸ਼ੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਤੋਂ ਕਰਵਾਈ ਤਾਂ ਅੰਗਰੇਜ਼ ਸਰਕਾਰ ਨੇ ਮਹਾਰਾਜੇ ਨੂੰ ਸੱਦ ਕੇ ਜਵਾਬ-ਤਲਬੀ ਕੀਤੀ ਕਿ ਤੁਸੀਂ ਆਪਣੀ ਤਾਜਪੋਸ਼ੀ ਅੰਗਰੇਜ਼ ਗਵਰਨਰ ਸਾਹਮਣੇ ਕਿਉਂ ਨਹੀਂ ਕੀਤੀ? ਤਾਂ ਮਹਾਰਾਜਾ ਰਿਪੁਦਮਨ ਸਿੰਘ ਨੇ ਕਿਹਾ: ‘ਅੰਗਰੇਜ਼ਾਂ ਦਾ ਮੇਰੀ ਤਾਜਪੋਸ਼ੀ ਨਾਲ ਕੀ ਸਬੰਧ? ਰਾਜ ਭਾਗ ਸਾਨੂੰ ਸਾਡੇ ਗੁਰੂਆਂ ਦੀ ਬਖ਼ਸ਼ਿਸ਼ ਹੈ।’ ਮਹਾਰਾਜਾ ਰਿਪੁਦਮਨ ਸਿੰਘ ਅੰਗਰੇਜ਼ਾਂ ਨੂੰ ਦਿਲੋਂ ਨਫ਼ਰਤ ਕਰਦਾ ਸੀ  ਰਾਜ ਭਾਗ ਵਿੱਚ ਅੰਗਰੇਜ਼ ਸਰਕਾਰ ਦੀ ਦਿਲਚਸਪੀ ਤੇ ਦਖਲਅੰਦਾਜ਼ੀ ਉਸਨੂੰ ਬਿਲਕੁਲ ਬਰਦਾਸ਼ਤ ਨਹੀਂ ਸੀ।

ਤੀਜਾ ਕਾਰਣ ਸੀ ਮਹਾਰਾਜੇ ਨਾਭਾ ਦੇ ਮਹਾਰਾਜੇ ਪਟਿਆਲੇ ਵਿਚਕਾਰ  ਜੱਦੀ  ਝਗੜੇ 1 ਮਹਾਰਾਜੇ ਪਟਿਆਲੇ ਦਾਂ ਅੰਗਰੇਜ਼ੀ ਰਾਜ ਦਰਬਾਰ ਵਿਚ ਬੜਾ ਰਸੂਖ ਸੀ ,ਉਸਨੇ ਵਾਇਸਰਾਏ ਕੋਲ ਮਹਾਰਾਜੇ ਨਾਭਾ ਦੇ ਖਿਲਾਫ਼ ਜਾ ਸ਼ਕਾਇਤ ਕੀਤੀ1 ਅੰਗ੍ਰੇਜ਼ ਨਾਭਾ ਦੇ ਮਹਾਰਾਜੇ ਤੋਂ ਪਹਿਲਾਂ ਹੀ ਖਾਰ  ਖਾਂਦੇ ਸੀ , ਬਹਾਨਾ ਮਿਲ ਗਿਆ  ਜਿਸਦੇ ਫਲ-ਸਰੂਪ 19 ਜੁਲਾਈ 1923 ਨੂੰ ਬਰਤਾਨਵੀ ਸਰਕਾਰ ਨੇ ਮਹਾਰਾਜੇ ਨੂੰ  ਰਾਜ ਭਾਗ ਤੋਂ ਵੱਖ ਕਰਕੇ ਤਿੰਨ ਲੱਖ ਰੁਪਏ ਸਾਲਾਨਾ ਪੈਨਸ਼ਨ ਲਗਾਕੇ ,ਜਲਾਵਤਨ ਕਰ ਦਿਤਾ 1  ਪਹਿਲੇ  ਦੇਹਰਾਦੂਨ ਤੇ ਬਾਅਦ ਵਿਚ ਪੈਨਸ਼ਨ ਘਟਾ ਕੇ  ਕੋਡਾਈ ਕਨਾਲ ਭੇਜ ਦਿੱਤਾ । ਇਸ ਤਰ੍ਹਾਂ ਨਾਭਾ ਰਿਆਸਤ ’ਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ। ਕਹਿੰਦੇ ਹਨ ਮਹਾਰਾਜਾ ਰਿਪੁਦਮਨ ਸਿੰਘ ਨੂੰ ਜਦ ਅੰਗਰੇਜ਼ ਗ੍ਰਿਫ਼ਤਾਰ ਕਰਨ ਲਈ ਆਏ ਤਾਂ ਰੋਹਟੀ ਪੁਲ ਤੋਂ ਲੈ ਕੇ ਹੀਰਾ ਮਹਿਲ ਤੱਕ ਭਾਰੀ ਤਾਦਾਦ ਵਿੱਚ ਪੁਲੀਸ ਤਾਇਨਾਤ ਸੀ, ਜਿਵੇਂ ਕਿਸੇ ਡਾਕੂ ਜਾਂ ਅਪਰਾਧੀ ਨੂੰ ਫੜਨਾ ਹੋਵੇ। ਨਾਭਾ ਰਿਆਸਤ ਦਾ ਪ੍ਰਬੰਧ ਅੰਗਰੇਜ਼ ਸਰਕਾਰ ਵੱਲੋਂ ਨਿਯੁਕਤ ਮਿਸਟਰ ਵਿਲੀਅਮ ਜਾਨਸਟਨ ਦੇ ਹੱਥਾਂ ਵਿਚ  ਆ ਗਿਆ ।

 ਸਰਕਾਰ ਦੀ ਇਸ ਕਾਰਵਾਈ ਨਾਲ ਸਿੱਖ ਪੰਥ ਵਿਚ ਭਾਰੀ ਰੋਸ ਫੈਲ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜੇ ਨਾਲ ਹਮਦਰਦੀ ਪ੍ਰਗਟਾਈ ਅਤੇ 5 ਅਗਸਤ ਨੂੰ ਇਕੱਤਰਤਾ ਕਰ ਕੇ 9 ਸਤੰਬਰ ਨੂੰ ਸਭ ਥਾਵਾਂ ‘ਤੇ ‘ਨਾਭਾ ਦਿਵਸ’ ਮਨਾਉਣ ਦੀ ਅਪੀਲ ਕੀਤੀ। 25, 26 ਅਤੇ 27 ਅਗਸਤ ਨੂੰ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਦੀਵਾਨ ਸਜਾਇਆ ਗਿਆ ਅਤੇ ਮਹਾਰਾਜੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ।

27 ਅਗਸਤ ਨੂੰ ਭਰੇ ਦੀਵਾਨ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗਿਆਨੀ ਇੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 9 ਸਤੰਬਰ ਨੂੰ ਹੋਰਨਾਂ ਥਾਵਾਂ ਵਾਂਗ ਜੈਤੋ ਮੰਡੀ ਵਿਚ ਵੀ ਜਲੂਸ ਕੱਢਿਆ ਗਿਆ ਅਤੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ। ਫਿਰ ਜਲੂਸ ਵਿਚ ਸ਼ਾਮਲ ਅਕਾਲੀ ਗ੍ਰਿਫ਼ਤਾਰ ਕਰ ਲਏ ਗਏ । 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਅੰਦਰ ਦੀਵਾਨ ਸਜਿਆ ਹੋਇਆ ਸੀ ਅਤੇ ਸੰਗਤਾਂ ਗੁਰਬਾਣੀ ਸਰਵਣ ਕਰ ਰਹੀਆਂ ਸਨ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਬਾਵਰਦੀ ਸਿਪਾਹੀਆਂ ਨੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਸੰਗਤਾਂ ਅਤੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਹੜਾ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬਜੀ ਦੀ ਤਾਬਿਆ ਬੈਠਾ ਪਾਠ ਕਰ ਰਿਹਾ ਸੀ, ਉਸ ਨੂੰ ਧੂਹ ਲਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰ ਦਿੱਤਾ।  ਅਖੰਡ ਪਾਠ ਖੰਡਿਤ ਕਰਨਾ ਸਿੱਖ ਪੰਥ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਇਹ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਸੀ। ਇਸ ਘਟਨਾ ਨਾਲ ਮਹਾਰਾਜਾ ਰਿਪੁਦਮਨ ਸਿੰਘ ਦਾ ਸਿਆਸੀ ਮੁੱਦਾ, ਧਾਰਮਿਕ ਮੁੱਦਾ ਬਣ ਗਿਆ1

ਸਿਖ  ਪੰਥ ਦੀ ਇੱਕ ਹੀ ਮੰਗ ਅਖੰਡ ਪਾਠ ਮੁੜ ਸ਼ੁਰੂ ਕਰਨਾ ਸੀ। ਸ਼੍ਰੋਮਣੀ ਕਮੇਟੀ ਵੱਲੋਂ 25-25 ਸਿੰਘਾਂ ਦੇ ਜਥੇ  ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋ  ਜੈਤੋਂ ਭਜੇ ਜਾਣ ਲਗੇ ਜਿਨ੍ਹਾ ਨੂੰ ਪਹੁੰਚਣ ਤੋਂ ਪਹਿਲੇ ਗ੍ਰਿਫਤਾਰ ਕਰ ਲਿਆ ਜਾਂਦਾ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਚਰਚਾ ਸਮੁੱਚੇ ਦੇਸ਼ ਅੰਦਰ ਫੈਲ ਗਈ। 29 ਸਤੰਬਰ, 1923 ਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਭਾ ਦੇ ਅਧਿਕਾਰੀਆਂ ਵੱਲੋਂ 14 ਸਤੰਬਰ ਨੂੰ ਗੁਰਦੁਆਰਾ ਗੰਗਸਰ ਸਾਹਿਬ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕਰਨ ਦੀ ਕਾਰਵਾਈ ਅਤੇ ਅਕਾਲੀਆਂ ਨਾਲ ਕੀਤੇ ਜਾ ਰਹੇ ਵਰਤਾਉ ਦੀ ਕਰੜੀ ਨਿਖੇਧੀ ਕੀਤੀ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਅੰਗਰੇਜ਼ੀ ਹਕੂਮਤ ਦੇ ਦਖ਼ਲ ਨੂੰ ਬਰਦਾਸ਼ਤ ਨਾ ਕਰਨ ਲਈ ਮਤਾ ਪਾਸ ਕੀਤਾ। ਅੰਗਰੇਜ਼ੀ ਸਰਕਾਰ ਨੇ 13 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੋਨਾਂ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ। ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਮੈਂਬਰਾਂ ਅਤੇ ਸਰਗਰਮ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ1

ਹੁਣ   500-500  ਦੇ ਜਥੇ ਭੇਜੇ ਜਾਣ ਦਾ ਫੈਸਲਾ ਹੋਇਆ 1  ਇਹ ਜਥਾ 20 ਫਰਵਰੀ ਨੂੰ ਫ਼ਰੀਦਕੋਟ ਦੇ ਪਿੰਡ ਬਰਗਾੜੀ ਪੁੱਜ ਗਿਆ। 21ਫਰਵਰੀ ਨੂੰ ਜਥਾ ਸਵੇਰੇ ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਜੈਤੋ ਵੱਲ ਰਵਾਨਾ ਹੋਇਆ। ਜਥੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬੀਬੀਆਂ ਸਹਿਤ ਅਣਗਿਣਤ ਸੰਗਤਾਂ ਸ਼ਾਮਲ ਸਨ। ਨਾਭਾ ਰਾਜ ਦੀ ਹੱਦ ਅੰਦਰ ਦਾਖਲ ਹੋਣ ‘ਤੇ ਜਥੇ ਨੂੰ ਉਥੇ ਰੋਕ ਲਿਆ। ਵਿਲਸਨ ਜਾਨਸਟਨ ਵੱਲੋਂ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਗਿਆ।  ਹਜ਼ਾਰਾਂ ਸਿੱਖ ਜ਼ਖ਼ਮੀ , ਸੈਂਕੜੇ ਸ਼ਹੀਦ ਤੇ ਕਈ ਹਜ਼ਾਰ ਗ੍ਰਿਫਤਾਰ ਹੋਏ ਪਰ ਸਿਘਾਂ ਨੇ ਹਿੰਮਤ ਨਹੀਂ ਹਾਰੀ, ਹੋਸਲਾਂ ਨਹੀਂ ਛਡਿਆ 1 ਬਚੇ ਹੋਏ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਤੋਂ ਗੁਰਦੁਆਰਾ ਗੰਗਸਰ ਸਾਹਿਬ ਵੱਲ ਨੂੰ ਵਧੇ, ਪਰ ਘੋੜ-ਸਵਾਰ ਫੌਜੀ ਦਸਤੇ ਨੇ ਸਭ ਨੂੰ ਗ੍ਰਿਫਤਾਰ ਕਰ ਲਿਆ । ਜਥੇ ਭੇਜਣ ਦਾ ਇਹ ਸਿਲਸਿਲਾ 14 ਜੁਲਾਈ, 1923 ਈ ਤੋਂ ਸ਼ੁਰੂ ਹੋ ਕੇ 21ਜੁਲਾਈ, 1925 ਤਕ ਚੱਲਦਾ ਰਿਹਾ।ਜਿਨ੍ਹਾ ਵਿਚ ਹਜ਼ਾਰਾਂ ਸ਼ਹੀਦ  ਹੋਏ, ਪਤਾ ਨਹੀਂ ਕਿਤਨੇ ਜਖਮੀ ਤੇ ਕਿਤਨੇ ਗ੍ਰਿਫਤਾਰ ਹੋਏ 1

 ਅੰਤ ਜਦੋਂ ਸਰਕਾਰ ਨੂੰ ਸਮਝ ਆ ਗਈ  ਕਿ ਸਿੱਖੀ ਸਿਰੜ ਨੂੰ ਕੋਈ ਦਬਾਅ ਨਹੀਂ ਸਕਦਾ ਤਾਂ ਉਸ ਨੇ 7 ਜੁਲਾਈ, 1925 ਈਸਵੀ  ਨੂੰ ਗੁਰਦੁਆਰਾ ਐਕਟ ਪਾਸ ਕਰਕੇ ਪਹਿਲੀ ਨਵੰਬਰ ਤੋਂ ਇਸ ਨੂੰ ਲਾਗੂ ਕਰ ਦਿੱਤਾ ਅਤੇ ਇਸ ਅਧੀਨ ਸਾਰੇ ਗੁਰਦੁਆਰਾ ਸਾਹਿਬਾਨ ਉਪਰ ਪੰਥਕ ਪ੍ਰਬੰਧ ਨੂੰ ਪ੍ਰਵਾਨ ਕਰ ਲਿਆ ਗਿਆ। ਇਸ ਮੋਕੇ ਤੇ ਮਹਾਤਮਾ ਗਾਂਧੀ ਨੇ ਵੀ ਵਧਾਈ ਦੀ ਤਾਰ ਭੇਜੀ ਜਿਸ ਵਿਚ ਸਨੇਹਾ ਸੀ ,” ਆਜ਼ਾਦੀ ਦੀ ਪਹਿਲੀ ਲੜਾਈ ਤੁਸਾਂ ਨੇ ਜਿਤ ਲਈ ਹੈ “1

        ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Nirmal Anand

Add comment

Translate »