ਸਿੱਖ ਇਤਿਹਾਸ

ਅਕਾਲੀ ਅਖਬਾਰ -1920

ਅਕਾਲੀ ਅਖਬਾਰ ਅਕਾਲੀ ਲਹਿਰ ਦਾ ਮੁਢ ਅਕਾਲੀ ਪੱਤ੍ਰਿਕਾ ਸ਼ੁਰੂ ਹੋਣ ਤੋਂ ਬੱਝਿਆ l ਪ੍ਰੋਫੈਸਰ ਨਿਰੰਜਨ ਸਿੰਘ, ਸਰਦਾਰ ਹਰਚੰਦ ਸਿੰਘ, ਸਰਦਾਰ ਤੇਜਾ  ਸਿੰਘ ਸਮੁੰਦਰੀ , ਮਾਸਟਰ  ਸੁੰਦਰ ਸਿੰਘ ਆਦਿ , ਲਾਇਲਪੁਰ ਗਰੁੱਪ ਦੇ ਲੀਡਰ ਕਿਨੇ  ਚਿਰਾਂ ਤੋਂ ਸੋਚ ਰਹੇ ਸੀ ਕਿ ਸਿੱਖਾਂ ਦਾ ਪੰਜਾਬੀ ਵਿੱਚ ਕੋਈ ਅਖਬਾਰ ਹੋਣ ਚਾਹੀਦਾ ਹੈl 1919 ਵਿੱਚ ਰੋਲਟ ਐਕਟ ਦੇ ਖਿਲਾਫ ਐਜੀਟੇਸ਼ਨ ਅਤੇ  ਜਲੀਆਂਵਾਲਾਂ ਬਾਗ਼ ਦਾ ਖੂਨੀ ਸਾਕਾ ਵਾਪਰਿਆ ਤਾਂ ਅੰਗਰੇਜ਼ਾਂ ਨੇ ਸਿੱਖਾਂ ਤੇ ਬਹੁਤ ਸਖਤੀ ਕਰ ਦਿੱਤੀl

ਉਸ ਵਕਤ ਮਦਨ ਮੋਹਨ ਮਾਲਵੀਆ ਨੇ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ  ਲੈਣ ਲਈ ਆਪਣਾ ਡੇਰਾ ਕੁਝ ਦੇਰ ਲਈ ਲਾਹੋਰ ਲੈ ਆਂਦਾl  ਮਾਸਟਰ ਸੁੰਦਰ ਸਿੰਘ ਜਦ  ਮਦਨ ਮੋਹਨ ਮਾਲਵੀਆ  ਨੂੰ ਮਿਲਣ ਲਾਹੋਰ ਗਿਆ ਤਾਂ  ਉਸਨੇ ਮਾਸਟਰ ਸੁੰਦਰ ਸਿੰਘ  ਨੂੰ ਤਾਹਨਾ ਮਾਰਕੇ ਕਿਹਾ ,” ਮਾਸਟਰ ਜੀ, ਸਿੱਖ ਇਤਿਹਾਸ ਵਾਲੇ ਸ਼ਹੀਦ ਸਿੱਖਾਂ ਦੇ ਨਮੂਨੇ ਕਿੱਥੇ ਚਲੇ ਗਏ ਹਨ? ਬੰਦ ਬੰਦ ਕਟਾਉਣ ਅਤੇ ਖੋਪਰੀਆਂ ਉਤਰਾਉਣ ਵਾਲਿਆਂ ਸ਼ਹੀਦਾਂ ਦੀਆਂ ਸਾਖੀਆਂ ਤਾਂ ਗੁਰੂਦਵਾਰਿਆਂ ਵਿੱਚ ਹੰਝੂ ਕੇਰ ਕੇਰ ਕੇ ਸੁਣਾਈਆਂ ਜਾਂਦੀਆਂ ਹਨ ਪਰ ਤੁਹਾਡੇ ਸਿੱਖ ਆਗੂ ਤਾਂ ਸਚੀ  ਗੱਲ ਦੀ ਗਵਾਹੀ ਦੇਣ ਤੋਂ ਵੀ ਥਰ ਥਰ ਕੰਬਦੇ ਹਨ l  ਉਸ ਵਕਤ ਵਾਕਿਆ ਹੀ ਕੁਝ ਹਾਲਤ ਇਹੋ ਜਹੇ ਹੀ ਸਨl

ਸੁੰਦਰ ਸਿੰਘ ਨੇ ਜਵਾਬ ਵਿੱਚ ਕਿਹਾ ,” ਕੁਝ ਕਾਲੀਆਂ ਭੇਡਾਂ ਵੇਖ ਕੇ ਸਿੱਖਾਂ ਦਾ ਅੰਦਾਜ਼ਾ ਨਾ ਲਾ ਲੈਣਾ “। ਪੰਡਤ ਜੀ ਨੇ ਹੱਸ ਕੇ ਕਿਹਾ,’ ਕੋਈ ਸਫੇਦ ਭੇਡ ਮੁਝੇ ਭੀ ਤੋ ਦਿਖਾਓl  ਗੱਲਾਂ ਗੱਲਾਂ ਵਿੱਚ ਸੁਆਮੀ ਸੁੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇੱਕ ਪੰਜਾਬੀ ਅਖਬਾਰ ਸ਼ੁਰੂ ਕਰਣ ਵਾਲੇ ਹਨl ਪੰਡਤ ਜੀ ਖੁਸ਼ ਹੋਏ ਤੇ ਅਖਬਾਰ ਲਈ ਪੈਸੇ ਦੇਣ ਦੀ ਪੈਸ਼ਕਸ ਕੀਤੀ ਪਰ ਮਾਸਟਰ ਜੀ ਨੇ ਇਨਕਾਰ ਕਰ ਦਿੱਤਾ ਇਹ ਕਹਿਕੇ ਕੇ ਸਾਡੇ ਨਾਲ ਕਾਫੀ ਧਨਾਢ  ਲੋਕ ਜੁੜੇ ਹੋਏ ਹਨl

ਮਾਰਚ 1920 ਵਿੱਚ ਮਾਸਟਰ ਸੁੰਦਰ ਸਿੰਘ  ਹੀਰਾ  ਸਿੰਘ ਦਰਦ ਨੂੰ ਮਿਲਣ ਰਾਵਲਪਿੰਡੀ ਗਏ ਤਾ ਉਨ੍ਹਾਂ ਤੋਂ ਅਖਬਾਰ ਦੀ ਐਡੀਟਰੀ ਸੰਭਾਲਣ ਦੀ ਮੰਗ ਕੀਤੀl ਦੱਸਿਆ ਕਿ ਅਖਬਾਰ ਚਲਾਉਣ ਲਈ ਘੱਟ ਤੋਂ ਘੱਟ 50000 ਰੁਪਏ ਦੀ ਲੋੜ ਪਵੇਗੀ ਪਰ ਸਾਡੇ ਕੋਲ ਇਸ ਵਕਤ 50 ਕੁ ਦਮੜੇ ਹਨ ਜਿਸ ਨਾਲ ਅਸੀਂ ਇਸ਼ਤਿਹਾਰ ਕੱਢ ਦੇਵਾਂਗੇl  ਮੈਨੂੰ  ਪੂਰਾ ਭਰੋਸਾ ਹੈ ਕਿ ਰੁਪਏ ਦੀ ਘਾਟ ਨਹੀਂ ਹੋਵੇਗੀ ਪਰ ਸ਼ੁਰੂ ਵਿੱਚ ਅਖਬਾਰ ਦੇ ਕਿਸੇ ਮੈਂਬਰ ਨੂੰ ਤਨਖਾਹ ਨਹੀਂ ਮਿਲੇਗੀ, ਸਾਂਝਾ  ਲੰਗਰ ਚੱਲੇਗਾ ਸਭ ਨੂੰ ਰੋਟੀ ,ਕਪੜਾ ਮਿਲੇਗਾ , ਜਦ ਅਖਬਾਰ ਚੱਲ ਨਿਕਲਿਆ ਤਾਂ ਲੋੜ ਮੁਤਾਬਿਕ ਤਨਖਾਹਾਂ ਮੁਕੱਰਰ ਕੀਤੀਆਂ ਜਾਣਗੀਆਂ” l

 ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੂਰਬ ਤੇ ਪਹਿਲਾਂ ਪਰਚਾ  ਕੱਢਣ ਦਾ ਐਲਾਨ ਕਰ ਦਿੱਤਾ ਗਿਆ l ਪੈਸਾ ਨਹੀਂ ਸੀ ਮਾਸਟਰ ਜੀ ਨੇ  ਕਿਤੋਂ 500 ਰੁਪਏ ਉਧਾਰ ਲਏ ਤੇ  ਮਿਥੇ ਪ੍ਰੋਗਰਾਮ ਅਨੁਸਾਰ 21 ਮਈ 1920 ਨੂੰ  “ਰੋਜ਼ਾਨਾ ਅਕਾਲੀ” ਦਾ ਪਹਿਲਾ ਪਰਚਾ ਜਾਰੀ ਹੋ ਗਿਆl ਇਸ ਮੋਕੇ ਤੇ ਪ੍ਰੋਫੈਸਰ ਨਿਰੰਜਨ ਸਿੰਘ ਤੇ ਉਨ੍ਹਾਂ ਦੇ ਵਿਦਆਰਥੀ ਬਹੁਤ ਕੰਮ ਆਏl  2 ਮਹੀਨੇ ਜੁਲਾਈ ਤਕ ਦਿਨ ਰਾਤ ਮੇਹਨਤ ਕਰਕੇ  ਇਸ ਪਰਚੇ ਦੀ ਜਿੱਮੇਵਾਰੀ ਚੁੱਕੀl  ਲਗਪਗ ਇੱਕ ਮਹੀਨੇ ਹੀਰਾ  ਸਿੰਘ ਦਰਦ ਨੇ  ਤੇ 2 ਮਹੀਨੇ ਬਾਅਦ ਸਰਦਾਰ ਮੰਗਲ ਸਿੰਘ ਨੇ ਤਹਿਸੀਲਦਾਰੀ ਨੂੰ ਲੱਤ ਮਾਰ, ਅਕਾਲੀ ਦੇ ਐਡੀਟਰ ਦੀ ਜਿੱਮੇਵਾਰੀ ਸੰਭਾਲ ਲਈl  ਪਹਿਲੇ ਪਰਚੇ ਵਿੱਚ ਹੀਰਾ ਸਿੰਘ ਦਰਦ ਨੇ ਆਪਣੀ ਇੱਕ ਕਵਿਤਾ ਛਾਪੀ

 “ ਅੱਖਾਂ ਖੋਲੋ ਢਿੱਲੜ ਵੀਰੋ, ਆ ਗਿਆ ਫਿਰ ਅਕਾਲੀ ਜੇ l

   ਝੰਡਾ ਫ਼ੜਿਆ ਹੱਕ ਸੱਚ ਦਾ, ਜੋਤ ਮਾਰਦੀ ਲਾਲੀ ਜੇ l

ਇਸ ਅਖਬਾਰ ਨੇ ਦੇਸ਼ ਅਤੇ  ਕੌਮ ਦੀ ਜਾਗਰਤੀ ਲਈ ਜੋ ਨਾਹਰਾ ਦਿੱਤਾ ਉਹ ਪਰੋਫੇਸਰ ਨਿਰੰਜਨ ਸਿੰਘ ਦੇ ਅਨੁਸਾਰ ਇਸ ਤਰ੍ਹਾਂ ਦਾ ਸੀ

ਅਸੀਂ ਗੀਤ ਵਤਨ ਦੇ ਗਾਵਾਂਗੇ  ਅਸੀਂ ਝਗੜੇ ਸਭ ਮਿਟਾਵਾਂਗੇ

ਇਹ ਸਤਰਾਂ ਉਨ੍ਹਾਂ ਦਿਨ ਵਿੱਚ ਬਹੁਤ ਹਲੂਣਾ ਦੇਣ ਵਾਲੀਆਂ ਸਨ ,ਇਸ ਕਰਕੇ ਅਖਬਾਰ ਛੇਤੀ ਹੀ ਹਰਮਨ ਪਿਆਰਾ  ਹੋ ਗਿਆl ਸਿੱਖ ਜਗਤ ਦਾ ਵਾਹਿਦ  ਤਰਜੂਮਾਨ ਸਮਝਿਆ ਜਾਣ  ਲੱਗਾl ਅਖਬਾਰ ਲਈ ਜੋ ਕਮੇਟੀ ਬਣਾਈ ਗਈ ਸੀ ਉਸਦੇ ਤਕਰੀਬਨ ਸਾਰੇ ਮੈਂਬਰ ਹੀ ਲਾਇਲਪੁਰ ਗਰੁੱਪ ਦੇ ਸਨl ਅਖਬਾਰ ਨੂੰ ਆਪਣੀ ਪੈਰੀਂ ਖੜਾ ਕਰਣ ਲਈ ਇਹ ਫੈਸਲਾ ਹੋਇਆ ਕਿ ਕਮੇਟੀ ਦੇ ਪ੍ਰਬੰਧਕੀ ਬੋਰਡ ਦੇ ਸਾਰੇ ਮੈਂਬਰ (14) ਆਪਣੀ ਤਨਖਾਹ ਵਿੱਚੋਂ ਜਾ ਬਾਹਰੋਂ ਇਕੱਠੇ ਕਰਕੇ 1000 ਮਹੀਨੇ ਅਖਬਾਰ ਲਈ ਦੇਣਗੇ l

ਜਿਉਂ ਅਖਬਾਰ ਦੀ ਸਾਖ ਵੱਧਦੀ ਗਈ ਲੋਕਾਂ ਨੇ ਅਖਬਾਰ ਨੂੰ ਧੜੋ ਧੜ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀl  ਲੋਕ ਈਦ ਦੇ ਚੰਦ ਵਾਂਗ ਇਸਦੀ ਉਡੀਕ ਕਰਣ ਲੱਗੇ l ਪਰਚਾ ਜਿਥੈ ਵੀ ਜਾਂਦਾ ਗੁਰੂਦਵਾਰਿਆਂ ਜਾਂ  ਪਰਹਿਆਂ  ਵਿੱਚ, ਲੋਕ ਇਕੱਠੇ ਬੈਠ ਕੇ ਬੜੀ ਦਿਲਚਸਪੀ ਨਾਲ ਸ਼ੁਰੂ ਤੋਂ ਅਖੀਰ ਤਕ ਇਸ ਨੂੰ ਪੜਦੇ ਜਾਂ ਸੁਣਦੇl ਅਕਾਲੀ ਵੀ ਬੜੀ ਦਲੇਰੀ ਤੇ ਨਿਰਭੈਤਾ ਨਾਲ ਅੰਗਰੇਜ਼ੀ ਰਾਜ ਦੇ ਅੱਤਿਆਚਾਰ ਨੰਗੇ ਕਰਦਾ ਤੇ ਹਿੰਦੂ ਮੁਸਲਿਮ ਏਕਤਾ ਤੇ ਦੇਸ਼ ਦੀ ਅਜ਼ਾਦੀ ਦੇ ਹੱਕ ਵਿੱਚ ਲਿਖਦਾl ਅਖਬਾਰ ਦੀ ਚੜਤ ਦੇਖਕੇ ਅੰਗਰੇਜ਼ ਹਕੂਮਤ ਵੀ ਘਬਰਾ ਗਈ ਤੇ ਸਰਕਾਰੀ ਸਹਾਇਤਾ ਨਾਲ ਅਖਬਾਰ ਵਿਰੋਧੀ ਕਈ ਪਰਚੇ ਜਾਰੀ ਕੀਤੇ , ਐਡੀਟਰ ਦੀਆਂ ਗ੍ਰਿਫ਼ਤਾਰੀਆਂ , ਪ੍ਰੈਸ ਦੀ ਜ਼ਮਾਨਤ ਜ਼ਬਤੀ, ਤੇ ਮੁਕੱਦਮਿਆਂ ਦੇ ਹਥਿਆਰ ਵਰਤ ਕੇ ਇਸ ਨੂੰ ਕੁਚਲਣ ਦਾ ਕੋਝਾ ਯਤਨ ਕੀਤਾ ਵੀ ਕੀਤਾ ਗਿਆ l  ਪਹਿਲੇ ਢਾਈ ਸਾਲਾਂ ਵਿੱਚ 10-12 ਏਡੀਟਰ ਕੈਦ ਹੋਏ , ਕਈ  ਹਜ਼ਾਰਾਂ ਦੀਆਂ ਜ਼ਮਾਨਤਾਂ ਜਪਤ ਹੋਈਆਂ , ਮੁਕੱਦਮੇ ਚਲੇ , ਡਿੱਗਰੀਆਂ ਹੋਈਆਂ  ਜਿਸਦੇ ਸਿੱਟੇ  ਵਜੋਂ ਅਖਬਾਰ ਛਾਪਣ ਲਈ ਪ੍ਰੈਸ ਦਾ ਮਿਲਣਾ ਵੀ ਮੁਸ਼ਕਿਲ ਹੋ ਗਿਆl 

ਅਕਾਲੀ ਅਖਬਾਰ ਨੂੰ ਮੋਰਚਿਆਂ ਵਾਲੇ ਦਿਨ ਵਿੱਚ ਜਿਸ ਮੁਸ਼ਕਿਲਾਂ ਵਿੱਚੋਂ ਲੰਘਣਾ ਪਿਆ  ਤੇ ਇਸਦੇ ਸਟਾਫ ਨੇ ਜਿਸ ਵਫ਼ਾਦਾਰੀ ਨਾਲ ਕੰਮ ਕੀਤਾ ਉਹ ਲਾਜਵਾਬ ਸੀl ਹਰ ਦੂਜੇ ਦਿਨ ਬਾਅਦ ਤਲਾਸ਼ੀਆਂ ਹੁੰਦੀਆਂ , ਜਵਾਬ ਸਵਾਲ ਹੁੰਦੇ ਕਿਉਂਕਿ ਸਰਕਾਰ ਇਸਦੇ ਮਾਲਕ ਤੇ ਇਸਦੇ ਏਡੀਟਰ ਦਾ ਪਤਾ  ਲੱਗਾਣਾ ਚਾਹੁੰਦੀ ਸੀ  l ਸਟਾਫ ਨੂੰ ਪਕੜ ਕੇ ਪੁੱਛ ਗਿੱਛ ਲਈ ਲਿਜਾਇਆ ਜਾਂਦਾ ਪਰ ਕਿਸੇ ਬੰਦੇ ਨੇ ਕਦੀ ਕੋਈ ਭੇਦ ਦੀ ਖਬਰ ਸਰਕਾਰ ਨੂੰ ਨਹੀਂ ਦਿੱਤੀ  l ਬਲਿਕ ਕਈ  ਤਾਂ ਸਰਕਾਰੀ ਅਫਸਰ ਵੀ ਇਨ੍ਹਾਂ ਨਾਲ ਮਿਲੇ ਹੋਏ ਸੀ ਜੋ ਪੁਲਿਸ ਦੇ ਆਉਣ ਦੀ ਪਹਿਲੇ ਹੀ ਖਬਰ ਕਰ ਦਿੰਦੇ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਅਖਬਾਰ ਦੇ ਮੁਤਲਿਕ ਸਾਰੀਆਂ ਲਿਖਤਾਂ ਜਲਾ  ਦਿੱਤੀਆਂ ਜਾਂਦੀਆਂ l

ਪੰਜਾਬ ਵਿੱਚ ਧਾਰਮਿਕ ਅਜ਼ਾਦੀ ਲਈ ਚੱਲ ਰਹੇ ਅੰਦੋਲਨ ਨੂੰ ਰਾਜਸੀ ਲਹਿਰ ਵਿੱਚ ਬਦਲਣ ਦਾ ਸਿਹਰਾ ਇਸੇ ਅਖਬਾਰ ਦੇ ਸਿਰ ਤੇ ਹੈl ਇਸ ਨੇ ਨਾ  ਕੇਵਲ ਅਕਾਲੀ ਲਹਿਰ ਦੀ ਅਗਵਾਈ ਕੀਤੀ ਬਲਿਕ ਚੀਫ਼ ਖਾਲਸਾ ਦਿਵਾਨ ਦੀ ਪਿਛਾਂਹ ਖਿਚੂ ਲੀਡਰਸ਼ਿਪ ਤੋਂ ਵੀ ਸਿੱਖਾਂ ਨੂੰ ਛੁਟਕਾਰਾ ਦਿਲਵਾਇਆ ਹੈ l ਇਸ ਅਖਬਾਰ ਨੇ ਅਜ਼ਾਦੀ ਦੀ ਲੜਾਈ ਵਿੱਚ ਵੀ ਆਪਣਾ ਵੱਧ  ਚੱੜ ਹਿੱਸਾ ਪਾਇਆ , ਮਹਾਤਮਾ ਗਾਂਧੀ ਦੀ ਨਾ -ਮਿਲਵਰਤਨ ਲਹਿਰ ਨਾਲ ਪੂਰੀ ਪੂਰੀ ਹਿਮਾਇਤ ਕੀਤੀ, ਗੁਰੂਦਵਾਰਿਆਂ ਨੂੰ ਮਹੰਤ ਦੇ ਚੁੰਗਲ ਤੋਂ ਛੁਡਾਇਆ, ਸਰਕਾਰੀ ਜ਼ੁਲਮਾਂ ਨੂੰ ਨੰਗਾ ਕਰਣ ਦੀ ਕੋਸ਼ਿਸ਼ ਕੀਤੀ ਤੇ ਸਿੱਖਾਂ ਨੂੰ ਵਿਦੇਸ਼ੀ ਤਾਕਤ ਨਾਲ ਜੂਝਣ ਦੇ ਯੋਗ ਬਣਾਇਆ l ਨਨਕਾਣਾ ਸਾਹਿਬ ਦੇ ਸਾਕੇ ਦੀ ਅੰਦਰੂਨੀ ਸਾਜਿਸ਼ ਨੰਗਾ ਕਰਣ ਤੇ ,ਲਾਹੋਰ ਦੇ ਕਮਿਸ਼ਨਰ ਸੀ ਐਮ ਕਿੰਗ ਨੇ ਅਕਾਲੀ ਅਖਬਾਰ ਦੇ 15 ਵਿਅਕਤੀਆਂ ਤੇ  40000 ਰੁਪਏ ਹੱਤਕ ਇੱਜ਼ਤ ਦਾ ਦਾਵਾ ਠੋਕ ਦਿੱਤਾ l ਮਿਸਟਰ ਕਿੰਗ ਦੇ ਵਿਰੁੱਧ ਛਪੇ ਲਫ਼ਜ਼ ਵਾਪੱਸ ਲੈਣ ਤੇ ਇਹ ਮੁਕੱਦਮਾ ਖਾਰਜ ਹੋ ਸਕਦਾ ਸੀ ਪਰ  ਤੇਜਾ  ਸਿੰਘ ਸਮੁੰਦਰੀ ਨੇ ਬੜੀ ਖੁਸ਼ੀ ਨਾਲ ਕਿਹਾ ,” ਮੇਰੇ ਦੋ ਮੁਰੱਬੇ ਜ਼ਮੀਨ ਨੂੰ ਵੇਚ ਕੇ ਇਹ ਜੁਰਮਾਨਾ  ਭਰ ਦੇਣਾ ਪਰ ਮਾਫ਼ੀ ਮੰਗਣ ਦਾ ਖਿਆਲ ਬਿਲਕੁਲ ਛਡ ਦੇਵੋ “l

ਪਤਾ ਨਹੀਂ ਇਸ ਮੁਕੱਦਮੇ ਦੇ ਫੈਸਲੇ ਦਾ ਕੀ ਹਸ਼ਰ  ਹੋਇਆ ਪਰ ਪਰਫ਼ੈਸਰ ਨਿਰੰਜਨ ਸਿੰਘ ਦੀ ਸੂਚਨਾ ਅਨੁਸਾਰ ,” ਕਿੰਗ ਅਤੇ ਬੋਰਿੰਗ ਦੋਵੇਂ ਹਿੰਦੁਸਤਾਨ ਤੋਂ ਬਾਹਰ ਚਲੇ ਗਏ “ਤੇ ਵਸੂਲੀ ਦਾ ਮਾਮਲਾ ਖਟਾਈ ਵਿੱਚ ਪੈ ਗਿਆl 1922 ਵਿੱਚ ਜਦੋਂ ਅਕਾਲੀ ਅਖਬਾਰ ਦੇ ਸੰਪਾਦਕ ਸਰਦਾਰ ਹੀਰਾ  ਸਿੰਘ ਦਰਦ, ਸਰਦਾਰ ਮੰਗਲ ਸਿੰਘ ਤੇ ਮਾਸਟਰ ਸੁੰਦਰ ਸਿੰਘ ਕੈਦ ਹੋ ਗਏ, ਅਖਬਾਰ ਚਲਾਣ ਵਾਲਾ ਕੋਈ ਜਿੱਮੇਦਾਰ ਲੀਡਰ ਨਾ ਰਿਹਾ ਤਾਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ  ਨੇ ਅਖਬਾਰ ਨੂੰ ਅਮ੍ਰਿਤਸਰ ਲੈ ਆਂਦਾl ਅਮ੍ਰਿਤਸਰ ਵਿੱਚ ਕੁਝ ਉਤਸ਼ਾਹੀ ਸਿੱਖ ਅਤੇ  ਅਮਰੀਕਾ ਤੇ ਕਨੇਡਾ ਦੇ ਸਿੱਖਾਂ ਦੀ ਮਦਤ ਨਾਲ “ਪ੍ਰਦੇਸ਼ੀ ਖਾਲਸਾ “ ਅਖਬਾਰ ਪਹਿਲਾਂ ਤੋਂ ਜਾਰੀ ਕੀਤਾ ਹੋਇਆ ਸੀl ਇੱਥੇ ਦੋਹਾਂ ਅਖਬਾਰਾਂ ਨੂੰ ਇਕੱਠਾ ਕਰਣ ਦੀ  ਵਿਧੀ  ਤੇਜ ਸਿੰਘ ਸਮੁੰਦਰੀ ਵੱਲੋਂ ਬਣਾਈ ਗਈl ਦੋਹਾਂ ਅਖਬਾਰਾਂ ਤੇ ਦੋਨੋਂ ਅਖਬਾਰਾਂ ਦੇ ਸਟਾਫ਼ ਨੂੰ ਇਕੱਠਾ ਕਰਕੇ ਅਖਬਾਰ ਨੂੰ ਇੱਕ ਨਵਾਂ ਨਾਂ  ਦਿੱਤਾ ਗਿਆ “ਅਕਾਲੀ ਤੇ ਪਰਦੇਸੀ “l ਇਹ ਅਖਬਾਰ ਬਹੁਤ ਚਲਿਆ ,ਹਜ਼ਾਰਾਂ ਦੀ ਗਿਣਤੀ ਵਿੱਚ ਛੱਪਦਾ ਰਿਹਾ l

1922-23 ਵਿੱਚ ਇੱਕ ਅਖਬਾਰ ਉਰਦੂ ਵਿੱਚ ਅਕਾਲੀ ਨਾਂ ਹੇਠ 1930 ਤਕ ਛੱਪਦੀ ਰਹੀ ਪਰ ਆਰਥਿਕ ਮੰਦਵਾੜੇ ਕਾਰਨ 1930 ਵਿੱਚ ਬੰਦ ਹੋ ਗਈ l ਦੇਸ਼ ਵਿਦੇਸ਼ਾਂ ਵਿੱਚ ਪੜੇ ਲਿਖੇ ਲੋਕਾਂ ਲਈ ਅਕਾਲੀ ਅਖਬਾਰ ਅੰਗਰੇਜ਼ੀ ਵਿੱਚ ਛਪਣ ਦੀ ਸਲਾਹ ਬਣਾਈ ਗਈ ਪਰ ਮਾਸਟਰ ਸੁੰਦਰ ਸਿੰਘ, ਸਰਦਾਰ ਮੰਗਲ ਸਿੰਘ ਤੇ ਹੋਰ ਪ੍ਰਬੰਧਕ ਦੇ ਜੇਲ ਜਾਣ ਤੇ ਗੁਰੂ ਕੇ ਬਾਗ ਦਾ ਮੋਰਚਾ ਸ਼ੁਰੂ ਹੋਣ ਤੇ ਇਹ ਤਜਵੀਜ਼ ਖੱਟੇ ਪੈ ਗਈl 1923 ਵਿੱਚ ਜਦੋਂ ਸ਼੍ਰੋਮਣੀ ਕਮੇਟੀ ਨੇ ਨਾਭੇ ਦੇ ਮਹਾਰਾਜੇ ਦਾ ਸਵਾਲ ਹਥ ਵਿੱਚ ਲਿਆ ਤਾਂ ਰੋਜ਼ਾਨਾ ਅੰਗਰੇਜ਼ੀ ਦੀ ਅਖਬਾਰ ਦੀ ਲੋੜ ਬੜੀ ਸ਼ਿੱਦਤ ਨਾਲ ਮਹਿਸੂਸ ਹੋਣ ਲੱਗ ਪਈ  ਪਰ ਇਸਦੇ ਥੋੜੇ ਦਿਨ ਪਿੱਛੋਂ ਸਾਰੇ ਅਕਾਲੀ ਲੀਡਰ  ਫੜੇ ਗਏ ਤਾਂ ਸਕੀਮ ਠੱਪ ਹੋ ਗਈ lਇਸ ਤੋਂ ਇੱਕ ਸਾਲ ਬਾਅਦ ਦਿੱਲੀਓਂ  “ਹਿੰਦੁਸਤਾਨ ਟਾਇਮਸ” ਕੱਢਿਆ ਗਿਆ l   

 ਤੇਜਾ ਸਿੰਘ ਸਮੁੰਦਰੀ ਭਾਵੇਂ ਆਪ ਬਹੁਤੀਆਂ ਜਮਾਤਾਂ ਨਹੀਂ ਸੀ ਪੜੇ ਹੋਏ ਪਰ ਉਹ ਪ੍ਰੈਸ ਦੀ ਤਾਕਤ ਤੋਂ ਪੂਰੀ ਤਰ੍ਹਾ ਵਾਕਿਫ਼ ਸੀl  ਉਹ ਜਾਣਦੇ ਸੀ ਕਿ ਕਿਸੇ ਵੀ ਲਹਿਰ ਦੀ ਸਫਲਤਾ ਲਈ ਉਸਦੇ ਆਪਣੇ ਅਖਬਾਰ ਹੋਣੇ ਜਰੂਰੀ ਹਨ ਜੋ ਪਬਲਿਕ ਦੀ ਹਮਦਰਦੀ ਆਪਣੀ ਤਰਫ ਖਿੱਚ ਸਕਣ l ਉਹ ਦੂਜੀਆਂ ਅਖਬਾਰਾਂ  ਦੀ ਖੁਸ਼ਨੂਦੀ ਹਾਸਲ ਕਰਣ ਦਾ ਵੀ ਸੋਚਦੇl  ਇਸੇ ਖਿਆਲ ਤੋਂ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅੱਗੇ ਸਿਫਾਰਸ਼ ਕਰਕੇ ਅਖਬਾਰ “ਹਿੰਦ” ਨੂੰ , ਜੋ ਗੁਰਦਿੱਤ ਸਿੰਘ ਦਾਰਾ  ਇੰਗਲੈਂਡ  ਤੋਂ ਅੰਗਰੇਜ਼ੀ ਵਿੱਚ ਕੱਢਦੇ ਸੀ , ਗੁਰੂ ਕੇ ਬਾਗ ਦੇ ਹਾਲਾਤ ਪ੍ਰਕਾਸ਼ਿਤ ਕਰਣ ਤੇ ਮਾਰ ਕੁਟਾਈ ਦੀਆਂ ਤਸਵੀਰਾਂ ਛਾਪਣ ਲਈ ਕੁਝ ਰਕਮ ਭੇਜੀl

Based on the article of principal Niranjin Singh

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »