ਸਿੱਖ ਇਤਿਹਾਸ

22 ਮੰਜੀਆਂ ਦੀ ਸਥਾਪਨਾ-ਗੁਰੂ ਅਮਰਦਾਸ ਜੀ

ਮੰਜੀ ਪ੍ਰਥਾ ਦਾ ਸਿੱਖ ਇਤਿਹਾਸ ਵਿੱਚ ਦੇਸ਼ ਦੇ ਵੱਖ ਵੱਖ ਕੋਨੇ  ਵਿਚ ਸਿਖੀ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਇਕ ਵਿਸ਼ੇਸ਼ ਅਸਥਾਨ ਹੈ ਜੋ  ਗੁਰੂ ਨਾਨਕ ਸਾਹਿਬ ਤੋਂ ਸਿਖੀ ਪ੍ਰਚਾਰ ਤੇ ਪ੍ਰਸਾਰ ਲਈ ਸ਼ੁਰੂ ਹੋਈl ਮੰਜੀ ਦਾ ਮਤਲਬ ਉਹ ਮੰਜੀ  ਜਿਥੇ ਸਿਖੀ ਕੇਂਦਰ ਦਾ ਮੁਖਿਆ  ਬੈਠ ਕੇ ਸੰਗਤ (ਜੋ ਜਮੀਨ ਤੇ ਦਰੀ ਵਿਛਾ ਕੇ ਬੈਠਦੀ ਸੀ) ਨਾਲ ਰੂ-ਬਰੂ ਹੋਕੇ  ,ਸਿਖੀ ਪ੍ਰਚਾਰ , ਪ੍ਰਸਾਰ , ਅਧਿਆਤਮਿਕ ਤੇ ਰਾਜਨੀਤਕ ਸਲਾਹ ਮਸ਼ਬਰਾ ਕਰਦਾ ਸੀ, ਉਸ ਨੂੰ ਮੰਜੀ ਕਿਹਾ ਜਾਂਦਾ ਸੀ ਤੇ ਬੈਠਣ ਵਾਲੇ ਨੂੰ ਮੰਜੀਦਾਰ l  ਜਿਸ ਜਗ੍ਹਾ ਤੇ ਸਿਖੀ ਪ੍ਰਚਾਰ ਹੁੰਦਾ ਸੀ  ਉਸ ਨੂੰ  ਧਰਮਸਾਲ ਕਿਹਾ ਜਾਂਦਾ ਸੀl ਧਰਮਸਾਲ ਦਾ ਮੋਢੀ ਯਾਨੀ ਕਿ ਮੰਜੀਦਾਰ ਨੂੰ ਥਾਪਣ ਸਮੇਂ ਕਿਸੇ ਦੀ ਜਾਤ, ਬਰਾਦਰੀ  ਜਾਂ ਸਮਾਜਿਕ ਰੁਤਬੇ ਨੂੰ ਨਹੀਂ ਸੀ  ਦੇਖਿਆ ਜਾਂਦਾ, ਬਲਿਕ ਉਸਦੀ ਦੀ ਯੋਗਤਾ ਤੇ ਲਗਨ ਦੇਖੀ ਜਾਂਦੀ ਸੀ l

ਸੰਨ 1522 ਵਿਚ ਉਦਾਸੀਆਂ ਤੋ ਬਾਅਦ  ਸਿੱਖਾਂ ਦੇ ਪਹਿਲੇ ਗੁਰੂ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰ ਪੁਰ ਵਿਚ ਪੱਕਾ ਟਿਕਾਣਾ ਕਰ ਲਿਆl l ਇਥੇ ਰਹਿ ਕੇ ਉਨ੍ਹਾ ਨੇ ਬਾਣੀ ਦੀ ਰਚਨਾ ਕੀਤੀ, ਨਾਮ ਸਿਮਰਨ ਕੀਤਾ,  ਖੇਤੀ (ਕਿਰਤ ) ਕੀਤੀ ਤੇ ਵੰਡ ਛਕਣ ਲਈ  ਗਰੀਬਾਂ, ਲੋੜਵੰਦਾਂ  ਤੇ ਦੂਰ -ਦੁਰਾਡੇ ਆਈਆਂ ਸੰਗਤਾ ਵਾਸਤੇ  ਲੰਗਰ ਦੇ ਖੁਲੇ ਭੰਡਾਰੇ ਖੋਲ ਦਿਤੇ l  ਸਿਖੀ ਪ੍ਰਚਾਰ ਤੇ ਪ੍ਰਸਾਰ ਵਾਸਤੇ  ਕਰਤਾਰ ਪੁਰ ਤੋਂ ਧਰਮ ਪ੍ਰਚਾਰ ਲਈ ਨੇੜੇ-ਤੇੜੇ ਦੇ ਅਸਥਾਨਾ ਤੇ ਗਏl ਉਹ ਤਕਰੀਬਨ 18 ਸਾਲ ਕਰਤਾਰਪੁਰ ਵਿਚ ਰਹੇ, ਤਦ  ਤਕ ਕਰਤਾਰਪੁਰ ਹੀ ਸਿਖੀ ਦਾ ਧਰਮ ਪ੍ਰਚਾਰ ਕੇਂਦਰ ਬਣਿਆ ਰਿਹਾl l ਗੁਰੂ ਨਾਨਕ ਸਾਹਿਬ ਨੇ ਆਪਣੀਆਂ  ਉਦਾਸੀਆਂ ਤੋਂ ਬਾਅਦ ਕਰਤਾਰ ਸਾਹਿਬ ਤੋ ਜਿਥੇ ਜਿਥੇ ਗਏ, ਇਸ ਤਰ੍ਹਾ ਦੇ ਕਈ ਛੋਟੇ ਛੋਟੇ ਧਾਰਮਿਕ ਕੇਂਦਰ ਸਥਾਪਿਤ ਕਰਦੇ ਰਹੇ , ਹਰ ਕੇਂਦਰ ਦਾ ਮੋਢੀ “ਮੰਜੀ” ਅਖਵਾਉਂਦਾ ਸੀ ਜਿਸ ਨੂੰ ਗੁਰੂ ਸਹਿਬ ਨੇ ਸਿਖੀ ਪ੍ਰਚਾਰ ਤੇ ਪ੍ਰਸਾਰ ਦੀ ਜਿਮੇਵਾਰੀ ਸੋਂਪੀ ਸੀ l ਭਾਈ ਗੁਰਦਾਸ ਜੀ ਦੀ 11 ਵੀਂ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਪੁਰਾਤਨ ਸਿੱਖਾਂ ਤੇ ‘ ਸੰਗਤਾਂ ਦੇ ਨਾਂ ਮਿਲਦੇ ਹਨ।ਕਸ਼ਮੀਰ , ਤਿੱਬਤ , ਰਾਮਪੁਰ , ਬੁਸ਼ਹਿਰ , ਦਿੱਲੀ , ਆਗਰਾ , ਉਜੈਨ , ਬਰਗਨਪੁਰ , ਢਾਕਾ ਆਦਿ ਵਿੱਚ ਸਿੱਖ ਸੰਗਤਾਂ ਦਾ ਜ਼ਿਕਰ ਆਉਂਦਾ ਹੈ । ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਸਿਖ ਸੰਗਤਾਂ ਦੀ ਨੀਂਹ ਰਖੀ  ਉਹਨਾਂ ਨੇ ਆਪਣੇ ਪ੍ਰਚਾਰ ਦੌਰਿਆਂ ਸਮੇਂ ਅਲੱਗ – ਅਲੱਗ ਸੰਗਤਾਂ ਕਾਇਮ ਕੀਤੀਆਂ।ਸੰਗਤ ਦੀ ਇਕੱਤਰਤਾ ਤੇ ਮਿਲ ਬੈਠਣ ਲਈ ਦੇਸ਼ ਦੇਸਾਂਤਰਾਂ ਵਿਚ ਗੁਰਦੁਆਰੇ ( ਜਿਹਨਾਂ ਨੂੰ ਉਸ ਸਮੇਂ ਧਰਮਸਾਲਾ ਕਿਹਾ ਜਾਂਦਾ ਸੀ ) ਬਣਾਏ।ਗਿਆਨੀ ਪ੍ਰਤਾਪ ਸਿੰਘ ਅਨੁਸਾਰ ਜੂਨਾਗੜ੍ਹ , ਕਾਮਰੂਪ ( ਆਸਾਮ ) , ਚਿੱਟਾਗਾਂਗ ( ਬੰਗਾਲ ) , ਸੂਰਤ , ਪਟਨਾ ( ਬਿਹਾਰ ) , ਕਟਕ , ਨਾਨਕਮੱਤਾ ( ਯੂ ਪੀ ) ਖਟਮੰਡੂ , ਬਗਦਾਦ , ਕਾਬਲ ਤੇ ਜਲਾਲਾਬਾਦ , ਕੰਬੂ ਰਾਮੇਸਵਰਮ , ਕਜਲੀਬਲ , ਧੋਬੜੀ ( ਆਸਾਮ ) , ਹੈਦਰਾਬਾਦ ( ਦੱਖਣ ) ਸੰਗਲਾਦੀਪ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸਿੱਖ ਸੰਗਤਾਂ ਸਨ । ਸੰਗਤ ’ ਦੇ ਸਿੱਖਾਂ ਨੂੰ ਨਾਨਕ ਪੰਥੀ ’ ਵੀ ਕਿਹਾ ਜਾਂਦਾ ਸੀ । ਸੰਗਤ ਅਤੇ ਜਿਸ ਸਥਾਨ ਤੇ ਸੰਗਤ ਦਾ ਇਕੱਠ ਹੁੰਦਾ ਉਸ ਨੂੰ ਧਰਮਸਾਲ ਆਖਿਆ ਜਾਂਦਾ ਸੀ।ਇੰਜ ਗੁਰੂ ਨਾਨਕ ਦੇਵ ਜੀ ਨੇ ਧਰਮਸਾਲਾ ਦੀ ਵੀ ਸਥਾਪਨਾ ਕੀਤੀ ਜਿਥੇ ਸੰਗਤਾਂ ਨਿਯਮ ਨਾਲ ਸਵੇਰੇ ਸ਼ਾਮ ਜੁੜਦੀਆਂ ਸਨ । ਗੁਰੂ ਨਾਨਕ ਸਾਹਿਬ ਨੇ ਜਿਲ੍ਹਾ ਗੁਜਰਾਂਵਾਲਾ ਵਿਖੇ ਐਮਨਾਬਾਦ ਦੀ ਮੰਜੀ ਦਾ ਮੁੱਖੀ ਭਾਈ ਲਾਲੋ, ਤੁਲੰਬਾ ਵਿਖੇ ਸੱਜਣ ਠੱਗ ਨੂੰ ਅਤੇ ਬਨਾਰਸ ਵਿੱਚ ਚਿਤਰਦਾਸ ਬ੍ਰਾਹਮਣ  ਨੂੰ ਉਥੋਂ ਦਾ ਮੰਜੀਦਾਰ  ਥਾਪਿਆ।

ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿਚ ‘ਮੰਜੀ’ ਸ਼ਬਦ ਦੀ ਵਰਤੋਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦਰਭ ਵਿਚ ਕੀਤੀ ਹੈ।

ਫਿਰਿ ਬਾਬਾ ਆਇਆ ਕਰਤਾਰਪੁਰਿ। ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ। (ਵਾਰ ੧:੩੮)

ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਗੁਰਗਦੀ ਦੀ ਬਖਸ਼ਿਸ਼ ਕਰਨ ਤੋ ਬਾਅਦ ਗੁਰੂ ਨਾਨਕ ਜੀ ਨੇ ਖੁਦ ਦੂਰ ਦੂਰ ਜਾਕੇ , ਅਸਾਮ, ਬੰਗਾਲ ਵ੍ਗੈਰਾਂ ਥਾਵਾਂ ਤੇ ਭਾਰੀ ਗਿਣਤੀ ਵਿਚ ਸਿਖ ਸੰਗਤ ਦੀ ਸਥਾਪਨਾ ਕੀਤੀ ਪਰ ਸਿਖੀ ਦਾ ਮੁਖ ਕੇਂਦਰ ਉਥੇ ਹੀ ਰਹਿੰਦਾ ਜਿਥੇ ਗੁਰੂ ਸਾਹਿਬ ਦਾ ਵਾਸਾ ਹੁੰਦਾ , ਇਸ ਤਰ੍ਹਾ ਗੁਰੂ ਅੰਗਦ ਸਾਹਿਬ ਵਕਤ ਸਿਖੀ ਕੇਂਦਰ ਕਰਤਾਰਪੁਰ ਤੋਂ ਬਾਅਦ ਖਡੂਰ ਸਾਹਿਬ ਬਣ ਗਿਆਲ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਵੇਲੇ ਸਿਖੀ ਕੇਂਦਰ ਖਡੂਰ ਸਾਹਿਬ ਤੋ ਗੋਇੰਦਵਾਲ ਸਾਹਿਬ ਬਣ ਗਿਆ ਕਿਓਂਕਿ ਗੁਰੂ ਸਾਹਿਬ ਨੂੰ ਗੋਇੰਦਵਾਲ ਸਾਹਿਬ  ਜਾਣ  ਦਾ ਹੁਕਮ ਹੋਇਆl

 ਗੁਰੂ ਅਮਰ ਦਾਸ ਜੀ ਦੇ ਸਮੇਂ ਇਸ ਮੰਜੀ ਪ੍ਰਥਾ ਦਾ ਬਹੁਤ ਵਿਕਾਸ ਹੋਇਆ। ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਵੀਂ ਨੀਤੀ ਕਾਇਮ ਕੀਤੀ ਉਨ੍ਹਾ ਨੇ ਸਿਖੀ ਪ੍ਰਚਾਰ ਤੇ  ਪ੍ਰਸਾਰ ਲਈ ਇਸ ਨੂੰ  ਪ੍ਰਬੰਧਕੀ  ਸ਼ਕਲ ਦੇ ਦਿਤੀl ਜਿਸ ਤਰ੍ਹਾ ਅਕਬਰ ਨੇ ਆਪਣੇ ਰਾਜ  ਦਾ ਠੀਕ ਤਰ੍ਹਾਂ ਪ੍ਰਬੰਧ ਕਰਨ ਲਈ ਸਾਰੇ ਰਾਜ ਨੂੰ  22  ਭਾਗਾਂ ਵਿਚ ਵੰਡਿਆ ਹੋਇਆ ਸੀ ਇਸੇ ਦੇ ਅਧਾਰ ਤੇ ਗੁਰੂ ਅਮਰਦਾਸ ਜੀ ਨੇ  ਆਪਣੇ ਸਾਰੇ ਅਧਿਆਤਮਕ ਇਲਾਕੇ ਨੂੰ 22 ਭਾਗਾਂ ਅਰਥਾਤ 22 ਮੰਜੀਆਂ  ਵਿੱਚ ਵੰਡ ਦਿਤਾ । । ਹਰ ਭਾਗ ਦਾ ਮੋਢੀ “ਮੰਜੀ” ਅਖਵਾਉਂਦਾ ਸੀ ਜਿਸ ਨੂੰ ਗੁਰੂ ਸਹਿਬ ਨੇ ਸਿਖੀ ਪ੍ਰਚਾਰ ਤੇ ਪ੍ਰਸਾਰ ਦੀ ਜਿਮੇਵਾਰੀ ਸੋਂਪੀ।

 ਇਨ੍ਹਾ ਕੇਂਦਰਾਂ ਦਾ ਪ੍ਰਬੰਧ ਸੰਭਾਲਣ ਲਈ ਊਚ ਕੋਟੀ ਦੇ ਸੂਝਵਾਨ , ਉੱਚੀ ਸੁਰਤ ਵਾਲੇ ਸ਼ਰਧਾਵਾਨ 22 ਸਿਖ ਪ੍ਰਚਾਰਕ ਥਾਪੇ l ਜੋ ਸਿਖੀ ਵਿਚ 22 ਮੰਜੀਆਂ ਦੇ ਨਾਮ ਨਾਲ ਮਸ਼ਹੂਰ ਹੋਏl ਇਨ੍ਹਾਂ ਮੰਜੀਆਂ ਦਾ ਕੰਮ ਆਪਣੇ ਆਪਣੇ ਨਿਸ਼ਚਿਤ ਇਲਾਕੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਅਤੇ ਸਿੱਖਾਂ ਕੋਲੋਂ ਭੇਟਾ ਲੈ ਕੇ ਗੁਰੂ ਸਾਹਿਬ ਜੀ ਕੋਲ ਪਹੁੰਚਾਉਣਾ ਹੁੰਦਾ ਸੀ । ਮੰਜੀਆਂ ਨੂੰ ਅੱਗੇ ਜਾ ਕੇ ਜਿਸ ਤਰ੍ਹਾਂ ਵਿਚ ਵੰਡਿਆ ਗਿਆ , ਉਸ ਨੂੰ ਪੀੜ੍ਹੀਆਂ ਕਿਹਾ ਜਾਂਦਾ ਸੀ । ਤੇਜਾ ਸਿੰਘ 52 ਪੀੜ੍ਹੀਆਂ ਦਾ ਸੰਕੇਤ ਦਿੰਦਾ ਹੈ । ਇਸ ਤਰ੍ਹਾਂ ਕਰਕੇ ਗੁਰੂ ਅਮਰਦਾਸ ਜੀ ਵੇਲੇ ਮੰਜੀ ਸੰਸਥਾ ਦੀ ਸਥਾਪਨਾ ਦੁਆਰਾ ਸਿੱਖੀ ਦਾ ਪ੍ਰਚਾਰ ਹੋਰ ਵੀ ਪ੍ਰਭਾਵਸ਼ਾਲੀ ਹੋ ਗਿਆ ।ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਬਾਦਸ਼ਾਹ ਅਕਬਰ ਨੇ ਆਪਣੇ ਦੁਸ਼ਮਣ ਨੂੰ ਮਾਰ ਮੁਕਾਉਣ ਤੋਂ ਬਾਅਦ ,ਮਜਬੂਤ ਰਾਜ ਦਾ ਪ੍ਰਬੰਧ ਕਰਨ ਲਈ 22 ਸੂਬੇ ਬਨਾਏ ਸੀ

” ਜੈਸੇ ਅਕਬਰ ਸ਼ਾਹਿ ਬਾਈ ਸੂਬੇ ਕੀਨ ਅਹਿ ਰਯਤ ਬਚਾਯੋ ਚਾਹਿ ਅਰ ਗਨ ਘਾਇਕੈ

ਤੈਸੇ ਬਾਈ ਸਿੱਖਨ  ਕੋ ਮੰਜੀਆਂ ਬਖਸ਼ਸ਼ ਕੀਨੀ ਗੁਰ ਸਿੱਖੀ ਬਿਰਧ ਵਾਨ ਉਪਾਇਕੈ

ਭਾਈ ਸੰਤੋਖ ਸਿੰਘ ਨੇ ਵੀ ਬਾਦਸ਼ਾਹ ਅਕਬਰ ਦਾ 22 ਸੂਬਿਆਂ ਦਾ ਹਵਾਲਾ ਦਿਤਾ ਹੈ

ਦਵੈ ਬਿੰਸਤ ਦਿਲੀ ਉਮਰਾਵll  ਤਿਤੇ ਸਿੱਖ ਮੰਜੀ ਬਿਠਾਵll

ਸੱਯਦ ਮੁਹੰਮਦ ਲਤੀਫ ਦੇ ਕਥਨ ਅਨੁਸਾਰ , “ ਗੁਰੂ ਅਮਰਦਾਸ ਜੀ ਦੇ ਉਤਸ਼ਾਹ ਪੂਰਵਕ ਧਰਮ ਪ੍ਰਚਾਰ , ਦਿਆਲੂ ਵਤੀਰੇ ਅਤੇ ਸ਼ੁਸ਼ੀਲ ਸੁਭਾਅ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਸਿੱਖ ਧਰਮ ਵਿੱਚ ਲੈ ਆਂਦਾ ਸੀ। ਇਹ 22 ਕੇਂਦਰ ਹਿੰਦੋਸਤਾਨ  ਤੇ  ਹਿੰਦੁਸਤਾਨ ਤੋਂ ਬਾਹਰ ਟਾਪੂਆਂ ਤੱਕ ਫੈਲੇ ਹੋਏ ਹਨ ।ਅੱਲਾਯਾਰ : ਇੱਕ ਪਠਾਣ , ਜੋ ਦਿੱਲੀ ਅਤੇ ਲਾਹੌਰ ਘੋੜਿਆਂ ਦਾ ਵਪਾਰ ਕਰਦਾ ਸੀ । ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਦਿਆਂ ਹੀ ਉਸ ਦੀ ਸਿਖ ਬਣਨ ਦੀ ਚਾਹਤ ਹੋਈ । ਭਾਈ ਸਾਹਿਬ ਦੇ ਨਾਲ ਗੁਰੂ ਦਰਬਾਰ ਪਹੁੰਚ ਕੇ ਗੁਰੂ ਸਿੱਖੀ ਧਾਰਨ ਕੀਤੀ ਅਤੇ ਗੁਰਮੁਖ ਸਿੱਖਾਂ ਵਿਚ ਗਿਣਿਆ ਗਿਆ । ਇਸ ਨੂੰ ਤੀਜੇ ਪਾਤਸ਼ਾਹ ਨੇ ਧਰਮ ਪ੍ਰਚਾਰ ਦੀ ਸੇਵਾ ਸੌਂਪੀ ।: ਡੱਲਾ ਨਿਵਾਸੀ ਸੱਭਰਵਾਲਖ , ਜੋ ਸ੍ਰੀ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਆਤਮ ਗਯਾਨੀ ਹੋਇਆ ਜਿਸ  ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ । ਇਹ ਉੱਤਮ ਵੈਦ ਸੀ , ਖਾਸ ਕਰਕੇ ਤੇਈਆ ਤਾਪ ਦੂਰ ਕਰਨ ਵਿਚ ਕਮਾਲ ਰਖਦਾ ਸੀ । ਪ੍ਰਿੰਸੀਪਲ ਸਤਬੀਰ ਸਿੰਘ ” ਅਨੁਸਾਰ ਸੁਨਿਹਰੀ ਪੱਤਰੇ ਵਾਲੀ ਸੂਚੀ ਦੇ ਬਾਈ ਮੰਜੀਆਂ ਦੇ ਜ਼ਿੰਮੇਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ : 1 . ਭਾਈ ਪਾਰੋ ਜੁਲਕਾਂ , 2. ਭਾਈ ਲਾਲੂ 3. ਭਾਈ ਮੇਹੋਸ਼ਾ ਧੀਰ ਭਾਈ ਮਾਈ ਦਾਸ ਵੈਰਾਗੀ 5 . ਭਾਈ ਮਾਣਕ ਦਾਸ ਜੀਵੜਾ 6 . ਭਾਈ ਸਾਵਣ ਮਲ 7 . ਮਲ ਜੀ ਸੇਵਾ 8 . ਭਾਈ ਹਿੰਦਾਲ ਜੀ 9 . ਸੱਚ ਨਿਸੱਚ 10. ਭਾਈ ਗੰਗੂ ਸ਼ਾਹ 11. ਭਾਈ ਸਾਧਾਰਨ ਲੁਹਾਰ 12. ਮਥੋਮੁਰਾਰੀ 13. ਖੇਡਾਸੋਇਨੀ 14-15 ਭਾਈ ਫ਼ਿਰਿਆ ਅਤੇ ਕਟਾਰਾ 16. ਭਾਈ ਸਾਈ ਦਾਸ 17. ਦਿੱਤ ਕੇ ਭਲੇ 18. ਮਾਈ ਸੇਵਾ 19. ਦੁਰਗੋ ਪੰਡਿਤ 20. ਜੀਤ ਬੰਗਾਲੀ 21. ਬੀਬੀ ਭਾਗੋ 22. ਭਾਈ ਬਾਲੂ ਮਾਝੇ ਦਾ ਇਲਾਕਾ ।

ਇਹ ਮੰਜੀਆਂ ਇਕ ਪ੍ਰਕਾਰ ਸਿਖਾਂ ਦੇ ਅਜਿਹੇ ਕੇਂਦਰ ਸਨ ਜਿਥੇ ਮੰਜੀਦਾਰ ਸੰਗਤਾਂ ਨੂੰ ਸਿਖੀ ਦੀ ਰਹੁ ਰੀਤੀ ਸਮਝਾਂਦੇ l ਸਾਲ ਵਿਚ ਦੋ ਵਾਰੀ , ਇਹ ਮੰਜੀਦਾਰ ਗੋਇੰਦਵਾਲ  ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਸ ਹਾਜਰ ਹੁੰਦੇ , ਦਰਪੇਸ਼ ਆਏ ਸ਼ੰਕੇ ਨਜਿਠਦੇ l ਮੰਜੀਆਂ ਦੀ ਸੂਚੀ 22 ਤੋਂ ਵਧ ਵੱਖ ਵੱਖ ਮੰਜੀਦਾਰਾ ਦੇ  ਨਾਵਾਂ ਤੇ ਵੱਖ ਵੱਖ ਕੇਂਦਰਾਂ ਦੇ  ਨਾਵਾਂ ਤੇ ਮਿਲਦੀ ਹੈ  l ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ ਜਾਂ ਤਾਂ ਸਮਾਂ ਪਾਕੇ ਮੰਜੀਆਂ ਦੀ ਸੰਖਿਆਂ 22 ਤੋਂ ਵਧ ਕੇ 34 ਤਕ ਜਾ ਪੁੱਜੀ ਹੋਵੇਗੀ ਜਾਂ ਫਿਰ ਪਰਲੋਕ ਪਿਆਣਾ ਕਰ ਗਏ ਮੰਜੀਦਾਰ ਦੀ ਥਾਂ ਨਵੇਂ ਮੰਜੀਦਾਰ ਨਿਯੁਕਤ ਕੀਤੇ ਗਏ ਹੋਣਗੇ ਜਿਸ ਕਰਕੇ ਇਹਨਾਂ ਸੂਚੀਆਂ ਵਿੱਚ ਦਰਜ਼ ਨਾਵਾਂ ਵਿੱਚ ਫ਼ਰਕ ਪੈ ਗਿਆ ਹੋਵੇਗਾ । ਨਿਰੰਜਨ ਦੇ  ਅਨੁਸਾਰ ਗੁਰੂ ਅਮਰਦਾਸ ਜੀ ਨੇ ਵੱਧ ਰਹੇ ਸਿੱਖ ਸਮਾਜ ਲਈ ‘ ਮੰਜੀਆਂ ਦੇ ਨਾਲ ਨਾਲ 52 ਪੀੜੇ   ਦੇ ਰੂਪ ਵਿੱਚ ਸਥਾਪਿਤ ਕੀਤੇ  ਜੋ ਜਿਆਦਾ ਤਰ ਇਸਤਰੀਆਂ ਨੂੰ ਦਿਤੇ ਗਏ  । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖ – ਸੰਗਤ ਨੂੰ ਇਲਾਕੇ ਅਨੁਸਾਰ ਵੰਡ ਕੇ ਸੰਗਤਾਂ ਵਿੱਚ ਸਿੱਖੀ ਦੇ ਪ੍ਰਚਾਰ ਨੂੰ ਯੋਜਨਾਬਧ ਕੀਤਾ । ਗੁਰੂ ਅਮਰਦਾਸ ਜੀ ਆਮ ਕਰਕੇ ਮੁੱਖ ਕੇਂਦਰ ਗੋਇੰਦਵਾਲ ਵਿੱਚ ਰਹਿੰਦੇ ਸੀ । ਮੰਜੀਦਾਰ ਆਪਣੇ ਆਪਣੇ ਇਲਾਕੇ ਵਿੱਚ ਗੁਰੂ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਅਤੇ ‘ ਚਰਨ ਪਾਹੁਲ ਦੇ ਕੇ ਹੋਰ ਸਿੱਖ ਬਣਾਉਂਦੇ । ਇਹ ਗੁਰੂ ਅਤੇ ਸੰਗਤਾਂ ਵਿਚਕਾਰ ਸੰਪਰਕ ਬਣੇ ਰਹਿੰਦੇ । ਇਹਨਾਂ ਨੂੰ ਆਪਣੇ ਖੇਤਰ ਵਿੱਚ ਗੁਰੂ ਦੇ ਨੁਮਾਇੰਦੇ ਕਰਕੇ ਜਾਣਿਆ ਜਾਂਦਾ ਸੀ ।

ਸ੍ਰੀ ਗੁਰੂ ਅਮਰਦਾਸ ਜੀ ਨੇ 1552  ਈ: ਤੋਂ 1574  ਈ: ਤਕ ਨਿਰੰਤਰ 22  ਸਾਲ ਗੁਰੂ ਕਰਤੱਵ ਨਿਭਾਇਆ ਜਿਸ ਨਾਲ  ਸਿੱਖ ਧਰਮ ਦਾ ਸੰਸਥਾਈ ਰੂਪ ਤੇ ਅਕਾਰ ਨਿਖਰਣ ਲੱਗ ਪਿਆ। । ਗੁਰੂ-ਕਰਤੱਵ ਵਿੱਚੋਂ ਸਿੱਖ ਸੰਗਤ ਦੀ ਜੱਥੇਬੰਦੀ, ਬਾਉਲੀ ਸਾਹਿਬ ਦੀ ਸਿਰਜਨਾ, ਵਰਣ -ਵੰਡ  ਦਾ ਖਾਤਮਾ, ਸਤੀ ਦੀ ਰਸਮ ਨੂੰ ਬੰਦ ਕਰਨਾ, ਪ੍ਰਚਾਰ ਹਿਤ  ਮੰਜੀਆਂ ਤੇ ਪੀੜੀਆਂ  ਦੀ ਸਥਾਪਨਾ, ਅਕਾਲੀ ਬਾਣੀ ਦਾ ਪ੍ਰਕਾਸ਼, ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਕਲਪਨਾ ਆਦਿ ਅਜਿਹੇ ਕਰਤੱਵ ਸਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਦਾ ਅਨੁਭਵ ਵਿਸ਼ਾਲ, ਸਾਰਥਕ ਤੇ ਸਿਰਜਨਾਤਮਿਕ ਸੀ।ਡਾ. ਗੋਕਲ ਚੰਦ ਨਾਰੰਗ ਲਿਖਦੇ ਹਨ, “ਇਨ੍ਹਾਂ ਮੰਜੀਆਂ ਦੀ ਸਥਾਪਤੀ ਨੇ ਸਾਰੇ ਦੇਸ਼ ਵਿਚ ਸਿੱਖੀ ਮਹੱਲ ਦੀਆਂ ਨੀਹਾਂ ਨੂੰ ਬਹੁਤ ਮਜ਼ਬੂਤ ਕਰ ਦਿੱਤਾ। ਜਿਸ ਨੇ ਆਉਣ ਵਾਲੀਆਂ ਸਦੀਆਂ ਵਿਚ ਸਮੁੱਚੇ ਦੇਸ਼ ਦੀ ਰਾਜਨੀਤੀ ਵਿਚ ਇਕ ਅਹਿਮ ਰੋਲ ਅਦਾ ਕਰਨਾ ਸੀ।” ਪੰਜਵੇ ਗੁਰੂ ਅਰਜਨ ਦੇਵ ਨੇ ਸਰੋਵਰਾਂ ਅਤੇ ਹਰਮੰਦਿਰ ਸਾਹਿਬ  ਦੀ ਉਸਾਰੀ ਲਈ ਧਨ ਦੀ ਜਰੂਰਤ ਹੋਣ  ਕਰਕੇ ਮੰਜੀਆਂ ਦੀ ਜਗ੍ਹਾ ਮਸੰਦ ਕਾਇਮ ਕੀਤੇ । ਪਰ ਜਲਦੀ ਹੀ ਇਹ  ਮਸੰਦ ਆਪਣੇ ਅਸਲੀ ਮਕਸਦ ਨੂੰ ਭੁੱਲ ਕੇ ਗਲਤ ਰਸਤੇ ਪੈ ਗਏ ਇਸ ਕਾਰਨ ਇਸ ਪ੍ਰਥਾ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ।

ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ

Nirmal Anand

Add comment

Translate »