ਸਿੱਖ ਇਤਿਹਾਸ

ਬੁਲ੍ਹੇ ਸ਼ਾਹ (1680-1758)

ਬੁਲ੍ਹੇ ਸ਼ਾਹ (1680-1758)
ਸਤਾਰਵੀਂ ਸਦੀ ਦੇ ਇਸ ਮਹਾਨ ਕਵੀ ਦਾ ਜਨਮ ਪੱਛਮੀ ਪਾਕਿਸਤਾਨ,ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਮੀਂ ਪਿੰਡ ਵਿੱਚ ਸ਼ਖੀ ਮਹੁੰਮਦ ਦਰਵੇਸ਼ ਦੇ ਘਰ ਹੋਇਆ। ਇੱਕ ਰਵਾਇਤ ਇਹ ਵੀ ਹੈ ਕਿ ਉਸ ਦਾ ਜਨਮ ਰਿਆਸਤ ਬਹਾਵਲਪੁਰ ਦੇ ਮਸ਼ਹੂਰ ਪਿੰਡ ਉੱਚ ਗੀਲਾਨੀਆਂ ਵਿੱਚ ਹੋਇਆ ਅਤੇ ਉਸਦੇ ਜਨਮ ਤੋਂ ਛੇ ਮਹੀਨੇ ਬਾਅਦ ਹੀ ਉਸ ਦੇ ਮਾਤਾ-ਪਿਤਾ ਉੱਚ ਗੀਲਾਨੀਆਂ ਤੋਂ ਪਾਂਡੋਕੇ ਜ਼ਿਲ੍ਹਾ ਲਾਹੌਰ ਆ ਗਏ। ਬੁਲ੍ਹੇ ਸ਼ਾਹ ਦਾ ਬਚਪਨ ਦਾ ਨਾਮ ਅਬਦੁੱਲਾ ਸੀl ਸਈਆਦ ਬੁਲੇ ਸ਼ਾਹ , ਸਾਈਂ ਬੁਲ੍ਹੇ ਸ਼ਾਹ, ਬਾਬਾ ਬੁਲ੍ਹੇ ਸ਼ਾਂਹ ਜਾਂ ਕੇਵਲ ਬੁਲ੍ਹਾ ਤਾਂ ਬਹੁਤ ਪਿਛੋਂ ਸੱਦਿਆ ਜਾਣ ਲਗ ਪਿਆl ਆਪਣੇ ਅਸਲ ਨਾਮ ਵੱਲ ਬੁਲ੍ਹੇ ਨੇ ਆਪਣੇ ਕਲਾਮ ਵਿੱਚ ਵੀ ਕਈ ਸੰਕੇਤ ਦਿੱਤੇ ਹਨ। ਚਾਲੀਸਵੀ ਵਰ੍ਹੇ ਗੰਢ ਦੇ ਅੰਤ ਉਸਨੇ ਲਿਖਿਆ
“ਹੁਣ ਇਨ ਅੱਲਾਹ ਆਖ ਕੇ ਤੁਮ ਕਰੋ ਦੁਆਈਂ,
ਪੀਆ ਹੀ ਸਭ ਹੋ ਗਿਆ ‘ਅਬਦੁੱਲਾ’ ਨਾਹੀਂ।”

ਬਚਪਨ ਤੋਂ ਹੀ ਬੁਲਾ ਅਲ੍ਹੜ , ਮਨਚਲਾ ਤੇ ਜੋਸ਼ੀਲਾ ਸੀ । ਉਹ ਬਿਨਾ ਕਿਸੇ ਰੋਕ ਟੋਕ ਤੇ ਕਿਸੇ ਦੀ ਪ੍ਰਵਾਹ ਕੀਤੇ ਬਿਨਾ ਕੁਝ ਵੀ ਕਹਿ ਦਿੰਦਾ ਸੀ l ਪਿੰਡ ਦੀਆਂ ਔਰਤਾ ਉਸ ਨੂੰ ਮੂੰਹ ਪਾੜ ਬਚਾ ਆਖਦੀਆਂ ਸਨ l ਆਮ ਬਚਿਆਂ ਵਾਗ ਉਸਨੇ ਵੀ ਸੁਪਨਿਆ ਦਾ ਮਹਿਲ ਉਸਾਰਿਆ ਸੀ l ਉਹ ਦੂਰ ਤਕ ਫੈਲੇ ਦਰਿਆਵਾਂ ਤੇ ਤਰਦੇ ਪਤਿਆਂ ਵਿਚੋਂ ਆਪਣੀ ਜਿੰਦਗੀ ਦੀਆਂ ਮੁਹਾਰਾਂ ਲਭਣ ਦੀ ਕੋਸ਼ਿਸ਼ ਕਰਦਾ ਪਰ ਵਕਤ ਦੇ ਚਲਦੇ, ਬੁਲ੍ਹੇ ਦੀ ਸੋਚ ਤੇ ਲਗਨ ਉਸ ਨੂੰ ਕੇਹੜੀਆਂ ਪੈੜਾਂ ਵਲ ਲੈ ਤੁਰੇਗੀ ਸ਼ਾਇਦ ਉਸ ਨੂੰ ਖੁਦ ਵੀ ਪਤਾ ਨਹੀਂ ਸੀ l ਬੁਲ੍ਹੇ ਸ਼ਾਹ ਨੇ ਮੁਢਲੀ ਸਿੱਖਿਆਂ ਦੂਜੇ ਬਾਲਕਾਂ ਵਾਂਗ ਆਪਣੇ ਪਿਤਾ ਸ਼ਖੀ ਮਹੁੰਮਦ ਦਰਵੇਸ਼ ਪਾਸੋਂ ਪ੍ਰਾਪਤ ਕੀਤੀ। ਮੁਢਲੀ ਵਿੱਦਿਆਂ ਪ੍ਰਾਪਤ ਕਰਨ ਪਿੱਛੋਂ ਕਸੂਰ ਆ ਗਏ। ਆਤਮਿਕ ਗਿਆਨ ਉਸਨੇ ਮੋਲਵੀ ਗੁਲਾਮ ਮੁਰਤਸਾ ਦੇ ਚਰਨਾ ਵਿੱਚ ਬਹਿ ਕੇ ਸਿੱਖਿਆ ਜੋ ਬਹੁਤ ਵੱਡੇ ਫ਼ਾਰਸੀ ਅਰਬੀ ਦੇ ਆਲਿਮ ਸਨ। ਜ਼ਾਹਰੀ ਇਲਮ ਸਿੱਖਣ ਤੋਂ ਪਿੱਛੋਂ ਰੂਹਾਨੀ ਇਲਮ ਦੀ ਭੁੱਖ ਚਮਕੀ, ਜਵਾਨੀ ਵਿੱਚ ਪੈਰ ਧਰਿਆ ਤਾਂ  ਰੱਬੀ ਪਿਆਰ ਵਿੱਚ ਲੀਨ ਰਹਿਣ ਲੱਗੇ। “ ਮੌਲਾ ਬਖ਼ਸ਼ ਅਨੁਸਾਰ ਕਸੂਰ ਪਿੱਛੋਂ ਉਹ ਇੱਕ ਵਾਰ ਫਿਰਦੇ ਫਿਰਾਂਦੇ ਬਟਾਲਾ (ਗੁਰਦਾਸਪੁਰ) ਪਹੁੰਚੇ। ਮਨਸੂਰ ਵਾਂਗੂੰ ਮੂੰਹੋ ਨਿਕਲਿਆਂ ‘ਮੈਂ ਅੱਲ੍ਹਾ ਹਾਂ’(ਮਨਸੂਰ ਨੇ ਕਿਹਾ ਸੀ ਅਲਲੱਹਕ)।” ਲੋਕ ਇਸ ਨੂੰ ਪਾਗਲ ਸਮਝ ਕੇ ਦਰਬਾਰ ਫ਼ਾਜਲਾ ਦੇ ਮੋਢੀ ਸ਼ੇਖ ਫ਼ਾਜਿਲ-ਉਦ-ਦੀਨ ਕੋਲ ਲੈ ਗਏ। ਉਹਨਾਂ ਫ਼ਰਮਾਇਆਂ, ਇਹ ਸੱਚ ਕਹਿੰਦਾ ਹੈ, ਕਿ ਇਹ ‘ਅੱਲ੍ਹਾ’(ਅਰਥਾਤ ਕੱਚਾ,ਅੱਲ੍ਹੜ) ਹੈ; ਇਸ ਨੂੰ ਆਖੋ ਸ਼ਾਹ ਅਨਾਇਤ ਕੋਲ ਚਲਾ ਜਾਵੇl

ਵਾਰਿਸ ਸ਼ਾਹ ਦੇ ਵਾਂਗ ਬੁਲ੍ਹੇ ਨੂੰ ਵੀ ਘਰ ਵਾਲਿਆਂ ਦਾ ਸੁਖ ਨਸੀਬ ਨਾ ਹੋਇਆ। ਆਪਣੇ ਪਰਿਵਾਰ ਵਿਚੋਂ ਵੀ ਉਸ ਨੂੰ ਕੋਈ ਨਹੀਂ ਸਮਝ ਪਾਇਆ ਸਿਵਾ ਉਸ ਦੀ ਭੈਣ ਤੋਂ , ਜੋ ਖੁਦ ਬੁਲ੍ਹੇ ਵਾਂਗ ਪੱਕੀ ਸੂਫ਼ੀ ਸੀ। ਉਹ ਸਾਰੀ ਉਮਰ ਕੰਵਾਰੀ ਰਹੀ। ਬੁੱਲੇਸ਼ਾਹ ਬਾਲਪੁਣੇ ਤੋਂ ਹੀ ਰੱਬ ਦਾ ਪਿਆਰਾ ਭਗਤ ਅਤੇ ਕਰਨੀ ਭਰਪੂਰ ਤੇ ਉੱਚ ਆਸ਼ਿਆਂ ਵਾਲਾ ਪ੍ਰਾਣੀ ਸੀ। ਉਹ ਹਮੇਸ਼ਾ ਸੋਚਦਾ ਰਹਿੰਦਾ ,” ਬੁਲਿਆ ਕੋਣ ਹੈਂ ਤੂੰ , ਕੀ ਲੈਣ ਆਇਆ ਹੈਂ, ਦੁਨੀਆਂ ਵਿਚੋਂ , ਤੇਰਾ ਇਥੇ ਕੋਣ ਹੈ , ਬੰਦਾ ਕਿ ਰੱਬ, ਰੱਬ ਹੈ ਵੀ ਹੈ ਕਿਤੇ ਜਾਂ ਨਹੀਂ, ਕਿਵੇਂ ਦੇਖਾਂ , ਕਿਵੇਂ ਲਭਾਂ ਇਸ ਨੂੰ, ਕੋਈ ਐਸਾ ਹੈ ਜੋ ਮੈਨੂੰ ਉਸਦਾ ਰਾਹ ਦਸ ਸਕੇ ? ਕੁਦਰਤ ਦੇ ਰਹਿਸਿਆਂ ਬਾਰੇ ਕਿਨੇ ਸਵਾਲ ਸਨ ਜੋ ਬੁਲ੍ਹੇ ਦੀ ਆਤਮਾਂ ਵਿਚ ਉਲਝੇ ਪਏ ਸਨ l ਖੁਦਾ ਨੂੰ ਦੇਖਣ ਦੀ ਤੜਪ ਸੀ ਜਿਸ ਨੂੰ ਕੋਈ ਕਰਨੀ ਵਾਲਾ ਹੀ ਸ਼ਾਂਤ ਕਰ ਸਕਦਾ ਹੈ l

ਬੁੱਲ੍ਹੇ ਸ਼ਾਹ ਨੇ ਵਿੱਦਿਆ ਪ੍ਰਾਪਤੀ ਪਿੱਛੋਂ ਮੁਰਸ਼ਦ ਦੀ ਭਾਲ ਸ਼ੁਰੂ ਕੀਤੀ। ਮੁਰਸ਼ਿਦ ਦੀ ਤਾਲਾਸ਼ ਵਿੱਚ ਉਹ ਲਾਹੌਰ ਪੁੱਜਿਆ। ਰਾਹ ਤੁਰਦਿਆਂ ਇਕ ਬਾਗ ਵਿਚ ਪਹੁੰਚਿਆ l ਬਾਗ ਵਿਚ ਫਲ ਪਕੇ ਹੋਏ ਸਨ, ਉਸ ਨੂੰ ਭੁੱਖ ਵੀ ਲਗੀ ਹੋਈ ਸੀl ਫਲ ਵੇਖਕੇ ਉਸਦੇ ਮੂੰਹ ਵਿਚ ਪਾਣੀ ਆ ਗਿਆl ਅਖਾਂ ਬੰਦ ਕਰਕੇ ਉਸਨੇ “ਬਿਸਮਿਲਾ ” ਆਖਿਆ ਤਾਂ ਇਕ ਅੰਬ ਉਸਦੀ ਝੋਲੀ ਵਿਚ ਡਿਗ ਪਿਆ ਜਿਸ ਨੂੰ ਦੇਖਕੇ ਉਸ ਨੂੰ ਹੈਰਾਨੀ ਹੋਈ l ਉਸਨੇ ਕਈ ਵਾਰੀ ਬਿਸਮਿਲਾ ਆਖਿਆ ਤੇ ਕਈ ਸਾਰੇ ਫਲ ਉਸਦੀ ਝੋਲੀ ਵਿਚ ਆਣ ਪਏl ਨਿਸਚਿੰਤ ਬਹਿ ਕੇ ਖਾਣ ਲਈ ਉਹ ਜਿਓਂ ਹੀ ਇਕਾਂਤ ਵਲ ਮੁੜਿਆ, ਸ਼ਾਹ ਅਨਾਇਤ ਕਾਦਰੀ ਉਸਦੇ ਸਾਮਣੇ ਸੀ l ਉਨ੍ਹਾ ਨੇ ਬੁਲੇ ਨੂੰ ਕਿਹਾ,” ਤੂੰ ਸਾਡੇ ਫਲ ਚੋਰੀ ਕੀਤੇ ਹਨ”l ਬੁਲੇ ਨੇ ਜਵਾਬ ਵਿਚ ਕਿਹਾ ਮੈਂ ਕੋਈ ਚੋਰੀ ਨਹੀਂ ਕੀਤੀ, ਮੈਂ ਤੇ ਦਰੱਖਤ ਤੇ ਚੜਿਆ ਹੀ ਨਹੀਂ l ਨਾ ਮੈਂ ਅੰਬ ਤੋੜੇ ਹਨ , ਆਹ ਦੇਖੋ ਕਹਿਕੇ ਉਸਨੇ ਫਿਰ ਬਿਸਮਿਲਾ ਕਿਹਾ ਫਿਰ ਇਕ ਅੰਬ ਝੋਲੀ ਵਿਚ ਡਿਗ ਪਿਆ l ਫਿਰ ਕਾਦਰੀ ਨੇ ਕਿਹਾ,” ਬਿਸਮਿਲਾ” ਤਾਂ ਸਾਰੇ ਅੰਬ ਬੁਲ੍ਹੇ ਦੀ ਝੋਲੀ ਵਿਚੋਂ ਗਾਇਬ ਹੋ ਗਏ l ਬੁਲ੍ਹਾ ਹੈਰਾਨ ਹੋ ਗਿਆ ਜਦ ਤਕ ਉਹ ਆਪਣੀ ਇਸ ਅਵਸਥਾ ਤੋਂ ਬਾਹਰ ਆਉਂਦਾ ਕਾਦਰੀ ਉਥੋਂ ਜਾ ਚੁਕੇ ਸੀl ਬੁਲ੍ਹਾ ਸਮਝ ਗਿਆ ਕਿ ਇਹੀ ਉਹ ਰੂਹਾਨੀ ਸ਼ਕਤੀ ਹੈ ਜੇਹੜੀ ਉਸਦੀ ਜਗਿਆਸਾ ਦੂਰ ਕਰ ਸਕਦੀ ਹੈ l ਅਗਲੇ ਦਿਨ ਜਦ ਸ਼ਾਹ ਅਨਾਇਤ ਆਪਣੇ ਬਾਗ ਵਿਚ ਗੰਢਆਂ ਦੀ ਪਨੀਰੀ ਲਗਾ ਰਹੇ ਸੀ ਤਾਂ ਬੁਲ੍ਹਾ ਵੀ ਲਭਦਾ ਲੁਭਾਂਦਾ ਉਥੇ ਪਹੁੰਚ ਗਿਆl ਉਸਦੇ ਮਨ ਵਿਚ ਸਬਰ ਨਹੀਂ ਸੀl ਉਸਨੇ ਸਵਾਲ ਕੀਤਾ ਕਿ ,”ਰੱਬ ਨੂੰ ਕਿਵੇਂ ਪਾਇਆ ਜਾ ਸਕਦਾ ਹੈl ਕਾਦਰੀ ਨੇ ਕਿਹਾ,” ਰੱਬ ਦਾ ਕਿ ਪਾਉਣਾ ਐਧਰੋਂ ਪੁਟਿਆ ਤੇ ਉਧਰ ਲਾਉਣਾ “l ਬੁਲ੍ਹੇ ਨੂੰ ਨੁਕਤਾ ਸਮਝ ਆ ਗਿਆ ਉਸਨੇ ਪੀਰ ਨੂੰ ਮੱਥਾ ਟੇਕਿਆ ਤੇ ਉਨ੍ਹਾ ਦਾ ਮੁਰਸ਼ਦ ਬਣ ਗਿਆl

ਭੱਠ ਨਮਾਜ਼ਾਂ ਤੇ ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ ।
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ, ਭੁੱਲੀ ਫਿਰੇ ਲੁਕਾਈ ।

ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀ ।
ਵਿਚ ਮਸੀਤਾਂ ਕੀ ਕੁਝ ਹੁੰਦਾ, ਜੋ ਦਿਲੋਂ ਨਮਾਜ਼ ਨਾ ਕੀਤੀ ।
ਬਾਹਰੋਂ ਪਾਕ ਕੀਤੇ ਕੀ ਹੁੰਦਾ, ਜੇ ਅੰਦਰੋਂ ਨਾ ਗਈ ਪਲੀਤੀ ।
ਬਿਨ ਮੁਰਸ਼ਦ ਕਾਮਲ ਬੁੱਲ੍ਹਿਆ,ਤੇਰੀ ਐਵੇਂ ਗਈ ਇਬਾਦਤ ਕੀਤੀ।

ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ ।
ਨਾ ਕੋਈ ਸਾਡੀ ਕਦਰ (ਜ਼ਾਤ) ਪਛਾਣੇ, ਨਾ ਕੋਈ ਸਾਨੂੰ ਮੰਨੇ ।

ਬੁੱਲ੍ਹਿਆ ਧਰਮਸਾਲਾ ਧੜਵਾਈ ਰਹਿੰਦੇ, ਠਾਕੁਰ ਦੁਆਰੇ ਠੱਗ ।
ਵਿਚ ਮਸੀਤਾਂ ਕੁਸੱਤਈਏ ਰਹਿੰਦੇ, ਆਸ਼ਕ ਰਹਿਣ ਅਲੱਗ ।

ਬੁੱਲ੍ਹਿਆ ਜੇ ਤੂੰ ਗ਼ਾਜ਼ੀ ਬਣਨੈਂ, ਲੱਕ ਬੰਨ੍ਹ ਤਲਵਾਰ।
ਪਹਿਲੋਂ ਰੰਘੜ ਮਾਰ ਕੇ , ਪਿੱਛੋਂ ਕਾਫਰ ਮਾਰ ।

ਬੁੱਲ੍ਹਿਆ ਮੁੱਲਾਂ ਅਤੇ ਮਸਾਲਚੀ, ਦੋਹਾਂ ਇੱਕੋ ਚਿੱਤ ।
ਲੋਕਾਂ ਕਰਦੇ ਚਾਨਣਾ, ਆਪ ਹਨੇਰੇ ਵਿਚ ।

ਨਾ ਖ਼ੁਦਾ ਮਸੀਤੇ ਲਭਦਾ, ਨਾ ਖ਼ੁਦਾ ਵਿਚ ਕਾਅਬੇ ।
ਨਾ ਖ਼ੁਦਾ ਕੁਰਾਨ ਕਿਤਾਬਾਂ, ਨਾ ਖ਼ੁਦਾ ਨਮਾਜ਼ੇ ।

ਅਨਾਇਤ ਸ਼ਾਹ ‘ਹਜ਼ਰਤ ਰਜ਼ਾ ਸ਼ਾਹ ਸ਼ੱਤਾਰੀ ਦੇ ਮੁਰੀਦ ਸਨ। ਇਹ ਜਾਤ ਦੇ ਅਰਾਈ ਤੇ ਉਸ ਸਮੇਂ ਦੇ ਚੰਗੇ ਵਿਦਵਾਨਾਂ ਤੇ ਲੇਖਕਾਂ ਵਿੱਚੋਂ ਗਿਣੇ ਜਾਂਦੇ ਸਨ। ਆਪ ਨੇ  ਵੱਡਾ ਤਪ ਤੇ ਜ਼ੁਹਦ ਕੀਤਾ ਸੀ ਅਤੇ ਕਰਨੀ ਵਾਲੇ ਪੀਰ ਸਨ। ਅਨਾਇਤ ਸ਼ਾਹ ਪਹਿਲਾਂ ਕਸੂਰ ਰਹਿੰਦੇ ਸੀ। ਪਰ ਉੱਥੇ ਨਵਾਬ ਨਾਲ ਮਤਭੇਦ ਹੋ ਜਾਣ ਕਰਕੇ ਕਸੂਰ ਛੱਡ ਲਾਹੌਰ ਆ ਵੱਸੇ । ਮੁਰਸ਼ਿਦ ਦੀ ਪ੍ਰਾਪਤੀ ਪਿੱਛੋਂ ਪੀਰ ਅਨਾਇਤ ਸ਼ਾਹ ਕਾਦਰੀ ਦੀ ਪ੍ਰੇਮ-ਭਗਤੀ ਵਿੱਚ ਬੁੱਲ੍ਹਾ ਮਸਤ ਮਲੰਗ ਹੋ ਕੇ ਗਾਉਣ ਨੱਚਣ ਲੱਗ ਪਿਆ। ਪੀਰ ਨੇ ਰੱਬ ਦੀ ਪ੍ਰਾਪਤੀ ਲਈ ਉਸਨੂੰ ਇਨ੍ਹਾਂ ਸ਼ਬਦਾਂ ਵਿੱਚ ਸਿੱਖਿਆ ਦਿੱਤੀl ਬੁਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਵਿੱਚ ਬਹੁਤ ਵਿਸ਼ਵਾਸ ਰੱਖਦਾ ਸੀ। ਆਪਣੇ ਕਲਿਆਣ ਦਾ  ਦਾਰੂ ਉਸੇ ਨੂੰ ਮੰਨਦਾ ਸੀ। ਉਹ ਆਪਣੀ ਕਾਵਿ ਰਚਨਾ ਵਿੱਚ ਥਾਂ-ਥਾਂ ਅਨਾਇਤ ਦਾ ਜ਼ਿਕਰ ਕਰਦਾ ਹੈ:-

“ਬੁਲ੍ਹੇ ਸ਼ਾਹ ਦੀ ਸੁਣੋ ਹਕਾਇਤ, ਹਾਦੀ ਪਕੜਿਆ ਹੋਗ ਹਦਾਇਤ।
ਮੇਰਾ ਮੁਰਸ਼ਦ ਸ਼ਾਹ ਅਨਾਇਤ, ਉਹ ਲੰਘਾਇ ਪਾਰ।”

ਹੁਣ ਬੁੱਲ੍ਹੇ ਨੂੰ ਆਤਮ ਗਿਆਨ ਹੋ ਚੁਕਾ ਸੀ , ਉਹ ਇੱਕ ਮਸਤ ਫ਼ਕੀਰ ਬਣ ਚੁੱਕਾ ਸੀ। ਇਸ਼ਕ ਦੀ ਦੁਨੀਆਂ ਵਿਚ ਨਚਦਾ ਗਾਉਂਦਾ, ਪਿਛਲੀ ਦੁਨੀਆਂ , ਸਾਕਾਂ ਸੰਬੰਧੀਆਂ ਨੂੰ ਭੁਲ ਚੁਕਾ ਸੀl ਬੁਲ੍ਹੇ ਦੀ ਫਕੀਰੀ ਦੇਖਕੇ ਉਸ ਦੇ ਘਰ ਵਾਲੇ ਉਦਾਸ ਹੋ ਗਏ। ਬੁੱਲ੍ਹਾ ਸੱਯਦ ਘਰਾਣੇ ਨਾਲ ਸੰਬੰਧ ਰੱਖਦਾ ਸੀ ਉਸਨੇ ਅਰਾਈਂ ਜਾਤ ਦੇ ਦਰਵੇਸ਼ ਨੂੰ ਆਪਣਾ ਗੁਰੂ ਧਾਰ ਲਿਆ ਸੀ, ਜਿਸ ਕਾਰਨ ਉਸ ਦੇ ਸਾਕ-ਸੰਬੰਧੀਆ ਤੇ ਸੰਗੀਆਂ ਨੇ ਆਨੇ ਬਹਾਨੇ ਬੁਲ੍ਹੇ ਨੂ ਸਮਝਾਉਣ ਆਉਂਦੇ , ਖਾਨਦਾਨ ਦੇ ਵਾਸਤੇ ਪਾਉਂਦੇ ,ਉਸ ਦੀਆਂ ਚਾਚੀਆ ਤਾਈਆਂ ਤੇ ਭੈਣਾਂ-ਭਰਾਜਾਈਆਂ ਉਸ ਦੇ ਦੁਆਲੇ ਆ ਜੁੜੀਆਂ ਤਾਨੇ, ਮੇਹਣੇ ਵੀ ਮਾਰਦੀਆਂ ਕਿ ਉਸਨੇ ਕੁੱਲ ਨੂੰ ਸੱਯਦ ਹੋ ਕੇ ਲੀਕਾਂ ਲਾਈਆਂ ਹਨ।

“ਬੁਲ੍ਹੇ ਨੂੰ ਸਮਝਾਣ ਆਈਆਂ,
ਭੈਣਾਂ ਤੇ ਭਰਜਾਈਆਂ,
ਆਲ ਨਬੀ ਔਲਾਦ ਅਲੀ ਦੀ,
ਬੁਲ੍ਹਿਆ ਤੂੰ ਕਿਉਂ ਲੀਕਾਂ ਲਾਈਆਂ?
ਮੰਨ ਲੈ ਬੁਲ੍ਹਿਆ ਸਾਡਾ ਕਹਿਣਾ,
ਛੱਡ ਦੇ ਪੱਲਾ ਰਾਈਆਂ।”

ਪਰ ਬੁਲ੍ਹਾ ਸ਼ਾਹ ਤੇ ਕੁਝ ਹੋਰ ਹੀ ਹੋ ਚੁਕਾ ਸੀ l ਉਹ ਸਾਰੀਆਂ ਹੱਦਾਂ ਤੋਂ ਉਪਰ ਉਠ ਕੇ ਇਕ ਵਖਰੀ ਰਾਹ ਤੇ ਤੁਰ ਪਿਆ ਸੀ l ਬਾਹਰ ਦੀਆਂ ਰਸਮੀ ਤੇ ਝੂਠੇ ਦਿਲ ਨਾਲ ਕੀਤੀਆਂ ਨਮਾਜ਼ਾਂ ਉਸ ਨੂੰ ਭਾਉਂਦੀਆਂ ਨਹੀਂ ਸਨ ਆਪਣੀ ਧੁਨ ਵਿਚ ਗਾਉਂਦਾ ਕਿਸੇ ਨੂੰ ਨਹੀਂ ਸੀ ਪਹਿਚਾਣਦਾl ਉਹ ਆਪਣੀ ਮੰਜ਼ਿਲ ਤੇ ਪੁੱਜ ਚੁੱਕਾ ਸੀ। ।ਉਸਨੂੰ ਹੁਣ ਨਾ ਸ਼ੁਹਰਤ ਦੀ ਪਰਵਾਹ ਸੀ ਤੇ ਨਾ ਹੀ ਨਾਮੋਸ਼ੀ ਦਾ ਫਿਕਰ। ਉਸਨੂੰ ਹੁਣ ਸੱਯਦ ਹੋਣ ਦਾ ਵੀ ਕੋਈ ਮਾਣ ਨਹੀਂ ਸੀ, ਉਸਨੂੰ ਤਾਂ ਅਰਾਈਂ ਦਾ ਮੁਰੀਦ ਹੋਣ ਦਾ ਵੱਡਾ ਫ਼ਖ਼ਰ ਸੀ। ਬੁਲੇ ਸ਼ਾਹ ਦੇ ਤੱਸਵਰ ਵਿਚ ਸ਼ਾਹ ਦਾ ਊਚ ਰੁਤਬਾ ਘਰ ਕਰ ਚੁਕਾ ਸੀl ਉਹ ਸਾਰਾ ਦਿਨ ਨੱਚਦਾ, ਗਾਉਂਦਾ ਤੇ ਆਪਣੇ ਪੀਰ ਦੀਆਂ ਵਡਿਆਈਆਂ ਕਰਦਾ ਥਕਦਾ ਨਹੀਂ ਸੀ ਬੁਲ੍ਹੇ ਸ਼ਾਹ ਇੱਕ ਕਾਫ਼ੀ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦਾ ਹੈl

“ਜਿਹੜਾ ਸਾਨੂੰ ਸੱਯਦ ਆਖੇ, ਦੋਜ਼ਖ ਮਿਲਣ ਸਾਈਆਂ,
ਜਿਹੜਾ ਸਾਨੂੰ ਅਰਾਈਂ ਆਖੇ,ਭਿਸ਼ਤੀ ਪੀਘਾਂ ਪਾਈਆ।
ਜੇ ਤੂੰ ਲੋੜੇਂ ਬਾਗ਼ ਬਹਾਰਾਂ, ਬੁਲ੍ਹਿਆ,
ਤਾਲਬ ਹੋ ਜਾ ‘ਰਾਈਆਂ’।

ਬੁੱਲ੍ਹੇ ਸ਼ਾਹ ਦਾ ਬਾਹਰਲੀਆਂ ਰਸਮਾਂ , ਸ਼ਰਾ ਸ਼ਰੀਅਤ ਤੋਂ ਮੁਕਰ ਹੋਣਾ , ਰੱਬ ਵਲੋਂ ਬੇਪ੍ਰਵਾਹੀ , ਅਨਾਇਤ ਦੇ ਬਾਕੀ ਚੇਲਿਆਂ ਨੂੰ ਰਾਸ ਨਹੀਂ ਆਇਆ l ਬੁਲਾ ਹੁਣ ਸਾਰੀਆਂ ਹਦਾਂ ਪਾਰ ਚੁਕਿਆ ਸੀ , ਉਪਰ ਉਠਕੇ ਇਕ ਵਖਰੀ ਦੁਨਿਆ ਵਿਚ ਤੁਰ ਪਿਆ ਸੀ l ਨਾ ਉਸਨੂੰ ਸ਼ੁਹਰਤ ਦੀ ਪ੍ਰਵਾਹ ਸੀ ਨਾ ਨਮੋਸ਼ੀ ਕਾ ਡਰ l ਮੁਰਸ਼ਦ ਦੀ ਬੰਦਗੀ ਨੇ ਉਸਦੀ ਜਿੰਦਗੀ ਬਦਲ ਦਿਤੀl

ਜੇ ਵੇਖਾਂ ਮੈ ਅਮਲਾਂ ਵਲ ਤਾ ਕੁਝ ਨਹੀਂ ਮੇਰੇ ਪਲੇ

ਜੇ ਵੇਖਾਂ ਤੇਰੀ ਰਹਿਮਤ ਵਲ ਤਾਂ ਬਲੇ ਬਲੇ ਬਲੇ

ਨਾ ਖ਼ੁਦਾ ਮੈਂ ਤੀਰਥ ਡਿੱਠਾ, ਐਵੇਂ ਪੈਂਡੇ ਝਾਗੇ ।
ਬੁੱਲ੍ਹਾ ਸ਼ਹੁ ਜਦ ਮੁਰਸ਼ਦ ਮਿਲ ਗਿਆ, ਟੁੱਟੇ ਸਭ ਤਗਾਦੇ

“ਬੁਲਿਆ ਧਰਮਸ਼ਾਲਾ ਧੜਵਾਈ ਰਹਿੰਦੇ,
ਠਾਕੁਰ ਦੁਆਰ ਠੱਗ।
ਵਿੱਚ ਮਸੀਤਾਂ ਕੁਸੱਤੀਏ ਰਹਿੰਦੇ,
ਆਸ਼ਕ ਰਹਿਣ ਅਲੱਗ।”

ਇਸ਼ਕ ਦੀ ਨਵੀਓਂ ਨਵੀਂ ਬਹਾਰ
ਜਾਂ ਮੈਂ ਸਬਕ ਇਸ਼ਕ ਦਾ ਪੜਿਆ, ਮਸਜਦ ਕੋਲੋਂ ਜੀਉੜਾ ਡਰਿਆ
ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ।

ਉਨ੍ਹਾ ਨੇ ਅਨਾਇਤ ਸ਼ਾਹ ਅਗੇ ਬੁਲ੍ਹੇ ਦੀ ਚੁਗਲੀ ਕੀਤੀ ਕਿ ਬੁਲ੍ਹਾ ਕਲਾਮ ਤੇ ਸ਼ਰਾ ਸ਼ਰੀਅਤ ਨੂੰ ਨਹੀਂ ਮੰਨਦਾ lਉਹ ਹੁਣ ਤੁਹਾਡੀ ਵੀ ਪ੍ਰਵਾਹ ਨਹੀਂ ਕਰਦਾ l ਸ਼ਾਹ ਅਨਾਇਤ ਹੋਰਾਂ ਕੋਲੋਂ ਵੀ ਬਹੁਤ  ਸਾਰੀਆਂ ਗਲਾਂ  ਸੁਣ ਚੁਕਾ ਸੀl ਆਪਣੀ ਵਿਚਾਰਧਾਰਾ ਦੀ ਮੁਖਾਲਫਿਤ ਸ਼ਾਇਦ ਉਨ੍ਹਾ ਨੂੰ ਵੀ ਮਨਜ਼ੂਰ ਨਹੀਂ ਸੀl ਉਨ੍ਹਾਂ ਨੇ ਫੈਸਲਾ ਕਰ ਲਿਆ ਕਿ ” ਅਜ ਤੋਂ ਬਾਅਦ ਬੁਲ੍ਹੇ ਦੀ ਕਿਆਰੀ ਨੂੰ ਪਾਣੀ ਦੇਣਾ ਬੰਦ ” ਜਦ ਬੁਲ੍ਹੇ ਨੂੰ ਇਸ ਗਲ ਦਾ ਪਤਾ ਚਲਿਆ ਤਾਂ ਉਹ ਆਪਣੇ ਸ਼ਾਹ ਕੋਲ ਗਿਆ ਉਸਨੇ ਗੁਸਤਾਖੀ ਕਬੂਲ ਕੀਤੀ , ਮਿਨਤਾਂ ਕਢੀਆਂ, ਤਰਲੇ ਪਾਏ ਪਰ ਦੇਰ ਹੋ ਚੁਕੀ ਸੀ, ਮੁਰਸ਼ਦ ਦੇ ਮਨ ਨੂੰ ਨਾ ਮੋੜ ਸਕਿਆl ਬੁਲ੍ਹਾ ਹੁਣ ਨਵਾਂ ਰਾਹ ਤਰਾਸਣ ਲਗਾ ਜਿਸਤੇ ਚਲ ਕੇ ਉਹ ਆਪਣੇ ਮੁਰਸ਼ਦ ਨੂੰ ਮੁੜ ਕੇ ਪਾ ਸਕੇ l ਮੁਰਸ਼ਿਦ ਸ਼ਾਹ ਅਨਾਇਤ ਨੇ ਨਾਰਾਜ਼ ਹੋ ਕੇ ਬੁੱਲ੍ਹੇ ਨੂੰ ਆਪਣੇ ਡੇਰੇ ਤੋਂ ਕੱਢ ਦਿੱਤਾ ਸੀ। ਇਹ ਵਿਛੋੜਾ ਭਾਵੇਂ ਬਹੁਤ ਲੰਮੇਰਾ ਨਹੀਂ ਸੀ, ਪਰ ਬੁੱਲ੍ਹਾ ਅਜਿਹਾ ਵਿਛੋੜਾ ਸਹਾਰ ਨਾ ਸਕਿਆ, ਬੁੱਲ੍ਹਾ ਇਸ ਵਿਛੋੜੇ ਦੀ ਕੁਠਾਲੀ ਵਿੱਚ ਸੜਕੇ ਕੁੰਦਨ ਬਣ ਗਿਆ।

“ਬਹੁੜੀ ਵੇਂ ਤਬੀਬਾ, ਮੈਂਢੀ ਜਿੰਦ ਗਈਆ,
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।
ਮੈਂ ਨ੍ਹਾਤੀ ਧੋਤੀ ਰਹਿ ਗਈ
ਕਾਈ ਗੰਢ ਮਾਹੀ ਦਿਲ ਪੈ ਗਈ।”

ਹੁਣ ਬੁਲ੍ਹੇ ਸ਼ਾਹ ਨੂੰ ਵਿਛੋੜੇ ਭਰੀਆਂ ਕਾਫ਼ੀਆਂ ਕਹਿਣੀਆਂ ਸ਼ੁਰੂ ਕੀਤੀਆਂ ਤੇ ਮਿਲਾਪ ਦਾ ਨਵਾਂ ਰਾਹ ਢੂੰਢਿਆ l ਬੁਲਾ ਸ਼ਕਲੋ ਸੂਰਤੋਂ ਬਹੁਤ ਸੁਨਖਾ ਤੇ ਕਦ ਬੁਤ ਦਾ ਵੀ ਸੋਹਣਾ ਸੀ l ਉਸਦੇ ਗਲੇ ਵਿਚ ਸੋਜ਼ ਤੇ ਸੁਰ ਵਿਚ ਲੋਚ ਸੀl ਉਹ ਲਾਹੋਰ ਦੀਆਂ ਨਰਤਕੀਆਂ ਕੋਲੋਂ ਕਈ ਸਾਲ ਨਚਣਾ ਗਾਣਾ ਸਿਖਦਾ ਰਿਹਾl

ਮੇਰੀ ਇਜ਼ਤ ਨਹੀਂ ਘਟਦੀ ਮੈਨੂ ਨਚ ਕੇ ਯਾਰ ਮਨਾਵਣ ਦੇ

ਬੁੱਲ੍ਹੇ ਨੇ ਜਨਾਨੇ ਕੱਪੜੇ ਪਾ ਕੇ, ਪੈਰੀ ਘੁੰਘਰੂ ਬੱਨ੍ਹ ਕੇ ਸਾਰਿਆ ਸਾਹਮਣੇ ਇੱਕ ਸਭਾ ਵਿੱਚ ਨੱਚ ਕੇ ਆਪਣੇ ਗੁਰੂ ਮੁਰਸ਼ਿਦ ਨੂੰ ਮਨਾ ਲਿਆ l ਉਹ ਕਲੇਜਾ ਧੂਹ ਲੈਣ ਵਾਲੀ ਲੈਅ ਵਿੱਚ ਕਾਫ਼ੀ ਗਾ ਰਿਹਾ ਸੀ-ਸ਼ਾਹ ਅਨਾਇਤ ਦੇ ਕੰਨਾ ਵਿਚ ਆਵਾਜ਼ ਪਈ l ਉਨ੍ਹਾ ਤੋਂ ਰਹਿਆ ਨਾ ਗਿਆ ਉਤਸੁਕਤਾ ਨਾਲ ਬੋਲ ਸੁਣਦੇ ਸੁਣਦੇ ਅਖਾੜੇ ਤਕ ਆ ਗਏl ਬੁਲ੍ਹਾ ਪੂਰੇ ਜਲਾਲ ਵਿਚ ਨਚ ਰਿਹਾ ਸੀl ਮੁਰਸ਼ਿਦ ਦੀ ਨਜਰ ਨੇ ਬੁਲ੍ਹੇ ਨੂੰ ਪਹਿਚਾਨ ਲਿਆl ਕੋਲ ਜਾਕੇ ਉਸਦਾ ਘੁੰਡ ਚੁੱਕੇ ਕਿਹਾ,” ਵੇ ਤੂੰ ਬੁਲ੍ਹਾ , ਨਹੀਂ ਮੈਂ ਬੁਲ੍ਹਾ ਨਹੀਂ ਮੈਂ ਭੁਲਾ l ਅਨਾਇਕਤ ਨੇ ਪਿਆਰ ਨਾਲ ਉਸ ਨੂੰ ਪੈਰਾਂ ਤੋ ਚੁੱਕਕੇ ਗਲੇ ਲਗਾ ਲਿਆ l ਵਸਬ ਦਾ ਸੁਆਦ ਬੁਲ੍ਹੇ ਦੀ ਰੂਹ ਤਕ ਪੁਜ ਗਿਆ l ਉਸਦੀ ਆਤਮਿਕ ਕਿਆਰੀ ਨੂੰ ਫਿਰ ਰੋਸ਼ਨੀ ਮਿਲੀ ਤੇ ਉਸਦੀ ਰੂਹ ਚਾਨਣ ਚਾਨਣ ਹੋ ਗਈ l ਹਿਜਰੀ 1141 ਵਿਚ ਸ਼ਾਹ ਅਨਾਇਤ (ਚਲਾਣਾ ਕਰ) ਵਫਾਤ ਪਾ ਗਏ l ਇਸਤੋ ਬਾਅਦ ਕਈ ਸਾਲ ਬੁਲ੍ਹੇ ਸ਼ਾਹ ਉਨ੍ਹਾ ਦੀ ਗਦੀ ਨਸ਼ੀਨ ਬਣੇ ਰਹੇ l

“ਆਓ ਸਈਓ। ਰਲ ਦਿਓ ਨੀ ਵਧਾਈ
ਮੈਂ ਵਰ ਪਾਇਆ ਰਾਝਾਂ ਮਾਹੀ।”
ਪਾਵੇ ਬਣ ਨਾ ਪੈਜੇ ਕੰਜਰੀ ਮੈ ਤੇ ਰੁਸਿਆ ਮੁਰਸ਼ਦ ਮਨਾਉਣਾ,
ਮੁਰਸ਼ਦ ਮਿਲੀਆਂ ਰੱਬ ਵਰਗਾ ਸੋਹਣਾ ਮੈ ਰੱਬ ਨਈਂ ਹੱਥੋ ਗਵਾਉਣਾ,
ਮੁਰਸ਼ਦ ਦੇ ਕੱਦਮੀ ਸਿਰ ਰੱਖ ਮੈ ਭੁੱਲਾਂ ਨੂੰ ਬਖਸ਼ਾਉਣਾ
ਦਿਲਰਾਜ ਖਾਨ ਜੇਹੜਾ ਪਾਵੇ ਮੁਰਸ਼ਦ ਨੂੰ ਉਹਨੇ ਹੋਰ ਕੀ ਜੱਗ ਤੇ ਪਾਉਣ।।

ਆਲੇ ਦੁਆਲੇ ਦੇ ਹਾਲਤ ਤੇ ਸਮੇ ਸਿਆਸਤ ਉਨ੍ਹਾ ਦੇ ਕਲਾਮ ਦਾ ਮਜ਼ਬੂਨ ਬਣ ਗਏl ਸਿਆਸੀ ਹਾਲਤ ਵੀ ਕੁਝ ਚੰਗੇ ਨਹੀਂ ਸਨl ਪਰਜਾ ਤੇ ਜ਼ੁਲਮ ਹੋ ਰਹੇ ਸਨ l ਇਸ ਖਾਨਾ – ਜੰਗੀ ਦਾ ਬੁਲ੍ਹੇ ਦੀ ਸ਼ਾਇਰੀ ਤੇ ਅਸਰ ਹੋਣਾ ਲਾਜ਼ਮੀ ਸੀl ਬੁਲ੍ਹੇ ਨੇ ਦੁਨਿਆਵੀ ਮਸਲਿਆਂ ਤੋਂ ਉਪਰ ਉਠਕੇ ਇਲਹਾਮ ਦੀ ਅਵਸਥਾ ਸਮਝ ਲਈ ਸੀ ,ਇਸ ਕਰਕੇ ਉਹ ਕਿਸੇ ਵੀ ਕਿਸਮ ਦੀ ਸਿਧੀ ਪ੍ਰਤੀਕ੍ਰਿਆ ਤੋਂ ਸਾਫ਼ ਤੌਰ ਤੋਂ ਬਚ ਗਏl

ਇਤਿਹਾਸ ਵਿਚ ਇਕ ਵਾਕਿਆਂ ਆਉਂਦਾ ਹੈ ਇਕ ਵਾਰੀ ਉਹ ਆਪਣੇ ਹੁਜਰੇ ਵਿਚ ਬੈਠ ਕੇ ਬੰਦਗੀ ਕਰ ਰਹੇ ਸੀ ਉਨ੍ਹਾ ਦੇ ਦੋ ਮੁਰੀਦ ਬਾਹਰ ਬੈਠਕੇ ਗਾਜਰਾਂ ਖਾ ਰਹੇ ਸੀl ਉਥੋਂ ਦੋ ਸਿਪਾਹੀ ਲੰਘੇl ਗਾਜਰਾਂ ਖੋਹ ਕੇ ਉਨ੍ਹਾ ਨੂੰ ਮਾਰਿਆ ਫਿਟਕਾਰਿਆ  ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਰਮਜ਼ਾਨ ਦੇ ਮਹੀਨੇ ਵਿਚ ਰੋਜ਼ਾ ਰਖਣ ਦੀ ਬਜਾਏ ਤੁਸੀਂ ਗਾਜਰਾਂ ਖਾ ਰਹੇ ਹੋl ਉਨ੍ਹਾ ਨੇ ਕਿਹਾ ਤੁਸੀਂ ਆਪਣਾ ਰਾਹ ਫੜੋ , ਸਾਨੂੰ ਭੁਖ ਲਗੀ ਹੈl ਸਿਪਾਹੀਆਂ ਨੇ ਪੁਛਿਆ ਤੁਹਾਡਾ ਮਜਹਬ ਕੀ ਹੈ ਤਾਂ ਉਨ੍ਹਾ ਨੇ ਕਿਹਾ ਮੁਸਲਮਾਨ ਤਾਂ ਸਿਪਾਹੀਆਂ ਨੇ ਕਿਹਾ ਫਿਰ ਵੀ ਤੁਸੀਂ ਦਿਨ ਦਿਹਾੜੇ ਚਰੀ ਜਾਂਦੇ ਹੋ l ਤੁਹਾਡਾ ਮੁਰਸ਼ਦ ਕੌਣ ਹੈ ਸਿਪਾਹੀਆਂ ਨੇ ਪੁਛਿਆ l ਉਨ੍ਹਾ ਨੇ ਅੰਦਰ ਵਲ ਇਸ਼ਾਰਾ ਕਰ ਦਿਤਾ l ਮੂੰਹ ਵਿਚ ਬੁੜ ਬੁੜਾਦੇ ਸਿਪਾਹੀ ਕਹਿ ਰਹੇ ਸੀ ਇਨ੍ਹਾ ਦਾ ਪੀਰ ਵੀ ਇਨ੍ਹਾ ਵਰਗਾ ਹੀ ਹੋਵੇਗਾ l ਜਦ ਅੰਦਰ ਗਏ ਤਾਂ ਬੁਲ੍ਹੇ ਸ਼ਾਹ ਆਪਣੀ ਗਦੀ ਤੇ ਬੈਠ ਕੇ ਇਲਹਾਮ ਪੜ ਰਿਹਾ ਸੀ l ਸਿਪਾਹੀਆਂ ਨੇ ਪੁਛਿਆ ਤੁਸੀਂ ਮੁਸਲਮਾਨ ਹੋ l ਬੁਲ੍ਹੇ ਨੇ ਕੋਈ ਜਵਾਬ ਦਿਤਾ, ਹਥ ਖੜੇ ਕਰ ਦਿਤੇ l ਇਸ ਤਰਹ ਹੀ 4-5 ਸਵਾਲ ਹੋਰ ਕੀਤੇ ਬੁਲ੍ਹੇ ਨੇ ਕੋਈ ਜਵਾਬ ਨਹੀਂ ਦਿਤਾ ਸਿਰਫ ਹਥ ਖੜੇ ਕੀਤੇ l ਸਿਪਾਹੀ ਪਰੇਸ਼ਾਨ ਹੋਕੇ ਚਲੇ ਗਏ ਕਿ ਮੁਰਸ਼ਦ ਵੀ ਪਾਗਲ ਹੈl ਹੁਣ ਮੁਰੀਦਾਂ ਨੇ ਆਕੇ ਸਿਪਾਹੀਆਂ ਦੀ ਸ਼ਕਾਇਤ ਕੀਤੀ ਤਾਂ ਬੁਲ੍ਹੇ ਨੇ ਕਿਹਾ ਕਿ ਤੁਸੀਂ ਜਰੂਰ ਉਨ੍ਹਾ ਨੂੰ ਕੁਝ ਕਿਹਾ ਹੋਣਾ ਹੈ l ਮੁਰੀਦਾਂ ਨੇ ਕਿਹਾ ਕਿ ਅਸਾਂ ਨੇ ਕੁਝ ਨਹੀਂ ਕਿਹਾ ਸਿਰਫ ਇਹੀ ਕਿਹਾ ਹੈ ਕਿ ਅਸੀਂ ਮੁਸਲਮਾਨ ਹਾਂ l ਤਾਂ ਬੁਲੇ ਨੇ ਕਿਹਾ ਕਿ “ਤੁਸੀਂ ਕੁਝ ਬਣੇ ਹੋ ਇਸ ਕਰਕੇ ਤੁਹਾਨੂੰ ਮਾਰ ਪਈ ਹੈ l ਮੈ ਤੇ ਆਪਣਾ ਵਜੂਦ ਹੀ ਮਿਟਾ ਦਿਤਾ ਹੈ ਇਸ ਲਈ ਮੈਨੂੰ ਉਨ੍ਹਾ ਨੇ ਕੁਝ ਨਹੀਂ ਕਿਹਾ”l

ਹਿਜਰੀ ਮੁਤਾਬਕ 78 ਸਾਲ ਦੀ ਜਿੰਦਗੀ ਆਪਣੇ ਮੁਰਸ਼ਦ ਦੇ ਨਾਂ ਕਰਕੇ ਬੁਲ੍ਹੇ ਸ਼ਾਹ 1758 ਵਿੱਚ ਇਸ ਦੁਨੀਆਂ ਤੋਂ ਸਦਾ ਲਈ ਉਠ ਗਏ । “ਪ੍ਰੰਤੂ ਉਚੇਰੇ ਮਨੁੱਖੀ ਆਦਰਸ਼ਾਂ ਦਾ ਧਾਰਨੀ ਹੋਣ ਕਰ ਕੇ ਅੱਜ ਵੀ ਬੁਲ੍ਹੇਸ਼ਾਹ ਅਤੇ ਉਸ ਦਾ ਕਲਾਮ ਅਮਰ ਹੈ।” ਬੁਲ੍ਹੇ ਸ਼ਾਹ ਦਾ ਮਜ਼ਾਰ ਅਜ ਵੀ ਕਸੂਰ ਰੇਲਵੇ ਸਟੇਸ਼ਨ ਦੇ ਨੇੜੇ ਪੂਰਬ ਵਾਲੇ ਪਾਸੇ ਸਥਿਤ ਹੈ। ਬੁੱਲੇ ਸ਼ਾਹ ਨੇ 156 ਕਾਫ਼ੀਆਂ, 1 ਬਾਰਾਮਾਂਹ, 40 ਗੰਢਾਂ, 1 ਅਠਵਾਰਾ, 3 ਸੀਹਰਫ਼ੀਆਂ ਤੇ 49 ਦੋਹੜੇ ਆਦਿ ਲਿਖੇ ਹਨ। ਸਭ ਤੋਂ ਵੱਧ ਪ੍ਰਸਿਧੀ ਉਸ ਦੀਆਂ ਕਾਫ਼ੀਆਂ ਨੂੰ ਮਿਲੀ ਹੈ। ਬੁੱਲੇ ਸ਼ਾਹ  ਦੀ ਇੱਕ ਕਾਫੀ ਜੋ ਅੱਜ ਤਕ ਹਰ ਸ਼ਾਇਰ ਤੇ ਜ਼ੁਬਾਨ ਤੇ ਹੈ l

. ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਮੋਮਨ ਵਿਚ ਮਸੀਤਾਂ, ਨਾ ਮੈਂ ਵਿਚ ਕੁਫਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਫਰਔਨ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ,
ਨਾ ਵਿਚ ਰਿੰਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

ਨਾ ਵਿਚ ਸ਼ਾਦੀ ਨਾ ਗ਼ਮਨਾਕੀ, ਨਾ ਮੈਂ ਵਿਚ ਪਲੀਤੀ ਪਾਕੀ,
ਨਾ ਮੈਂ ਆਬੀ ਨਾ ਮੈਂ ਖ਼ਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ,
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ,
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਭੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

ਅੱਵਲ ਆਖਰ ਆਪ ਨੂੰ ਜਾਣਾਂ, ਨਾ ਕੋਈ ਦੂਜਾ ਹੋਰ ਪਛਾਣਾਂ,
ਮੈਥੋਂ ਹੋਰ ਨਾ ਕੋਈ ਸਿਆਣਾ, ਬੁਲ੍ਹਾ ਸ਼ਾਹ ਖੜ੍ਹਾ ਹੈ ਕੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

 ਆਪ ਦੀ ਭਾਸ਼ਾ ਵਧੇਰੇ ਠੇਠ, ਸਾਦਾ ਅਤੇ ਲੋਕ ਪੱਧਰ ਦੇ ਨੇੜੇ ਦੀ ਹੈ। ਬੁੱਲੇ ਦੀ ਰਚਨਾ ਲੈਅਬੱਧ ਅਤੇ ਰਾਗਬੱਧ ਹੈ। ਉਸਨੇ ਆਪਣੀ ਰਚਨਾ ਅਲੱਕਾਰਾਂ, ਮੁਹਾਵਰਿਆਂ, ਲੋਕ-ਅਖਾਣਾਂ ਤੇ ਛੰਦ-ਤਾਲਾਂ ਨਾਲ ਸਿੰਗਾਰਦੇ ਪੇਸ਼ ਕੀਤੀ  ਹੈ। ।ਆਪ ਨੇ ਸੇਖ਼ ਸਾਅਦੀ ਦੀ “ਗੁਲਿਸਤਾਨ “ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »