ਸਿੱਖ ਇਤਿਹਾਸ

ਗੁਰੂ ਹਰਗੋਬਿੰਦ ਸਾਹਿਬ – ( ਛੇਵੇਂ ਗੁਰੂ ਸਹਿਬਾਨ ) – ( 1595 -1640 )

ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਦੀ 48ਵੀ ਪੋਉੜੀ  ਵਿਚ ਪੰਜਾ ਗੁਰੂ ਸਾਹਿਬਾਨਾ  ਦੇ ਪੰਜ ਗੁਣਾ ਦਾ ਵਰਣਨ ਕੀਤਾ ਹੈ  ਸਤ ਸੰਤੋਖ ,ਦਇਆ, ਧਰਮ . ਧੀਰਜ ਜਿਨਾ ਨੇ ਪਹਿਲੇ ਪੰਜ ਗੁਰੂਆਂ ਵਕਤ ਸਿਖਰਾਂ ਨੂੰ ਛੋਹਿਆ   1 ਇਹਨਾ ਗੁਣਾ  ਦੇ ਨਾਲ ਨਾਲ ਲੋੜ ਸੀ ਰਾਜਸੀ ਬਲ ਦੀ ਜਿਸ ਨੂੰ ਬਖਸ਼ ਕੇ , ਗੁਰੂ ਅਰਜੁਨ ਦੇਵ ਜੀ ਨੇ  ਗੁਰੂ ਹਰਗੋਬਿੰਦ ਸਾਹਿਬ ਦੀ ਕਾਇਆ ਕਲਪ ਬਦਲ ਦਿਤੀ  ਤੇ ਉਨਾ ਨੂੰ ਜੁਲਮ ਦਾ ਮੁਕਾਬਲਾ ਕਰਨ ਲਈ ਸੂਰਮਾ , ਜੋਧਾ ,ਖਿਲਾਫ਼ ਅਵਾਜ਼ ਉਠਾਣ ਦੇ ਨਾਲ ਨਾਲ ਪਰਉਪਕਾਰੀ ਹੋਣ ਦਾ ਉਪਦੇਸ਼ ਦੇਕੇ ਖੁਦ ਸ਼ਹਾਦਤ ਲਈ ਲਾਹੋਰ ਚਲੇ ਗਏ 1

              ਪੰਜਿ ਪਿਆਲੇ ਪੰਜਿ ਪੀਰ ਛਟਮੁ ਪੀਰੁ  ਬੈਠਾ ਗੁਰੁ  ਭਾਰੀ

              ਅਰਜਨ ਕਾਇਆ ਪਲਟਿ ਕੈ ਮੂਰਤਿ ਹਰਗੋਬਿੰਦ ਸਵਾਰੀ

              ਚਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ

              ਦਲ ਭੰਜਨ ਗੁਰੂ ਸੂਰਮਾ ਵਡ ਜੋਧਾ  ਬਹੁ ਪਰਓਪਕਾਰੀ

ਗੁਰੂ -ਸੰਗਤਾਂ ਦੀਆ  ਅਰਦਾਸਾਂ ਤੇ ਬਾਬਾ ਬੁਢਾ ਜੀ ਦੇ ਆਸ਼ੀਰਵਾਦ ਨਾਲ 19 ਜੂਨ 1595 ਵਿਆਹ ਤੋਂ 16 ਸਾਲ ਬਾਦ   ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਦੇ ਘਰ ਪੁਤਰ ਹੋਇਆ ਉਦੋਂ ਮਾਤਾ ਗੰਗਾ ਗੁਰੂ ਕੀ ਵਡਾਲੀ ,ਤਹਿਸੀਲ ਤੇ ਜਿਲਾ ਅਮ੍ਰਿਤਸਰ ਵਿਚ ਸਨ 1  ਗੁਰੂ ਅਰਜਨ ਸਾਹਿਬ ਮਾਝੇ ਵਿਚ ਪ੍ਰਚਾਰ ਕਾਰਜਾਂ ਕਰਕੇ ਰੁਝੇ ਹੋਏ ਸੀ 1 ਜਦੋਂ ਪੁਤਰ ਦੇ ਆਗਮਨ ਦੀ ਖਬਰ ਮਿਲੀ ਤੇ ਉਥੋਂ ਹੀ ਹਿਦਾਇਤ ਕੀਤੀ ਕੀ ਹਰਗੋਬਿੰਦ ਦੀ ਸੁਰਖਿਆ ਲਈ ਖਾਸ ਖ਼ਿਆਲ ਰਖਿਆ ਜਾਏ , ਕਿਓਕੀ ਓਹ ਆਪਣੇ ਵਡੇ ਭਰਾ ਦੀ ਫਿਤਰਤ ਤੋ ਚੰਗੀ ਤਰਹ ਜਾਣੂ ਸਨ 1 ਤਕਰੀਬਨ ਡੇਢ ਸਾਲ ਓਹ ਵਡਾਲੀ ਰਹੇ ਫਿਰ ਗੁਰੂ ਅਰਜਨ ਸਾਹਿਬ ਨੇ ਪਰਿਵਾਰ ਨੂੰ ਅਮ੍ਰਿਤਸਰ ਬੁਲਾ ਲਿਆ

ਜਿਥੇ ਇਹ ਖਬਰ ਸੁਣ ਕੇ ਸਾਰੀਆਂ ਸੰਗਤਾ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਉਥੇ ਪ੍ਰਿਥਿਆ ਤੇ ਕਰਮੋ ਸਕਪਕਾ ਗਏ 1 ਦੂਜੀ  ਵਾਰੀ ਗੁਰਗਦੀ ਖੁਸਣ ਦੇ ਡਰ ਤੋਂ ਉਨਾ ਨੇ ਹਰਗੋਬਿੰਦ ਸਾਹਿਬ ਤੇ ਕਈ ਵਾਰ ਕੀਤੇ 1  ਕਰਵਾਏ  1 ਦਾਈ ਨੂੰ ਖਰੀਦਿਆ,ਦਾਈ  ਨੂੰ ਥਣਾ ਦੇ ਜਹਿਰ ਲਗਾਕੇ ਦੁਧ ਪਿਆਣ ਨੂੰ ਕਿਹਾ 1  ਸਪੇਰੇ ਨੂੰ  ਉਨਾ ਦੇ ਕਮਰੇ ਵਿਚ ਸਪ ਛਡਣ ਲਈ ਕਿਹਾ ਤੇ ਬ੍ਰਾਮਣ ਨੂੰ ਦਹੀ ਵਿਚ ਜ਼ਹਰ ਮਿਲਾਕੇ ਦੇਣ ਨੂੰ  ਕਿਹਾ , ਪਰ ਤਿਂਨੋ ਆਪਣੀ ਮੋਤੇ ਆਪ ਮਰ ਗਏ 1 ,ਲਈ ਕਿਹਾ ਤੇ ਬ੍ਰਹਮਣ ਨੂੰ ਦਹੀ ਵਿਚ ਜਹਿਰ ਮਿਲਾ ਕੇ ਖੁਆਣ  ਨੂੰ ਕਿਹਾ 1 ਅਕਾਲ ਪੁਰਖ ਨੇ ਆਪ ਗੁਰੂ ਸਾਹਿਬ ਦੀ ਰਖਿਆ ਕੀਤੀ ਤੇ ਤਿਨੋ ਮਾਰਨ ਵਾਲੇ ਆਪਣੀ ਮੋਤੇ ਮਰ ਗਏ ਪਰ  ਮਰਨ ਤੇ ਪਹਿਲੇ ਤਿਨੋ ਬਕ ਗਏ ਕੀ ਅਸਾਂ ਨੇ ਇਹ ਸਭ  ਪ੍ਰ੍ਥੀਏ ਦੇ ਕਹਿਣ ਤੇ ਕੀਤਾ ਹੈ 1 ਫਿਰ ਵੀ ਗੁਰੂ ਅਰਜਨ ਦੇਵ ਜੀ ਨੇ ਪ੍ਰ੍ਥੀਏ ਨੂੰ ਕੁਝ ਨਾ  ਕੁਝ ਨਾ ਕਿਹਾ ,ਸਿਰਫ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ,’ਕੁਝ  ਨਾ ਕਿਹਾ ਤੇ ਅਕਾਲ ਪੁਰਖ ਦਾ ਧਨਵਾਦ ਕੀਤਾ 1   ਪ੍ਰਿਥੀਏ ਦਾ ਭਾਂਡਾ ਫੁਟ ਗਿਆ ਤੇ ਓਹ ਸ਼ਰਮਿੰਦਗੀ ਦੇ ਕਾਰਨ ਆਪਣੇ ਆਪ ਪਰਿਵਾਰ ਸਮੇਤ ਪਿੰਡ ਹੇਹਰ ਚਲਾ ਗਿਆ 1

              ਲੇਖ ਨਾ ਲਾਗੋ ਤਿਲ ਕਾ ਮੂਲਿ

             ਦੁਸ਼ਟ ਬ੍ਰਾਹਮਣ ਮੂਆ ਹੋਇ ਕੇ ਸੂਲਿ 11

             ਹਰ ਜਨ ਰਾਖੇ ਪਾਰ ਬ੍ਰਹਮ ਆਪਿ

             ਪਾਪੀ ਮੂਆ ਗੁਰ ਪ੍ਰਤਾਪ 11

ਗੁਰੂ ਅਰਜਨ ਦੇਵ ਜੀ ਨੇ ਸੋਚ-ਵਿਚਾਰ ਕੇ  ਹਰਗੋਬਿੰਦ ਜੀ ਨੂੰ ਅਮ੍ਰਿਤਸਰ ਸਦ ਲਿਆ 1 ਅਮ੍ਰਿਤਸਰ ਵਿਚ ਓਹਨਾ ਦਿਨਾ ਵਿਚ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ 1  ਗੁਰੂ  ਸਾਹਿਬ ਤੇ ਬਿਮਾਰੀ ਦਾ ਸਖਤ ਹਲਾ ਹੋਇਆ 1

 ਚੇਚਕ ਇਤਨੀ ਭਾਰੀ ਨਿਕਲੀ ਕੀ ਬਚਣ  ਦੀ ਕੋਈ ਉਮੀਦ ਨਹੀਂ ਸੀ 1  ਲੋਕਾਂ ਨੇ ਬਥੇਰੇ ਟੂਣੇ -ਟਪੈ  ਦਸੇ , ਮੰਦਿਰ ਜਾਕੇ ਸੀਤਲਾ ਦੀ ਪੂਜਾ ਕਰਨ ਲਈ ਕਿਹਾ , ਪਰ  ਗੁਰੂ ਅਰਜਨ ਦੇਵ ਜੀ ਨੇ ਸਭ ਸੁਣਿਆ ਪਰ ਇਕ ਅਕਾਲ ਪੁਰਖ ਦੀ ਓਟ ਲਈ  ਤੇ ਕਿਹਾ ਕੀ ਜਿਸ ਰਬ ਨੇ ਦਿਤਾ ਹੈ ਓਹ ਆਪ ਹੀ ਇਸਦੀ ਰਖਿਆ ਕਰੇਗਾ 1  ਇਹੀ ਹੋਇਆ  ਰਬ ਨੇ  ਬਖਸ਼ਿਸ਼ ਕੀਤੀ ਤੇ ਬਿਲਕੁਲ ਠੀਕ  ਤੰਦਰੁਸਤ ਹੋ ਗਏ 1

             ਸੀਤਲਾ ਤੋਂ ਰਖਿਆ ਬਿਹਾਰੀ

             ਪਾਰਬ੍ਰਹਮ ਪ੍ਰਭ ਕਿਰਪਾ ਧਾਰੀ 1

ਬਾਬਾ ਪ੍ਰਿਥੀ ਚੰਦ ਪਦਾਰਥ ਦੇ ਲੋਭ ਪਿਛੇ ਗੁਰੂ ਘਰ ਦੀ ਪੁਜ ਕੇ ਵਿਰੋਧਤਾ ਕਰਦੇ ਰਹੇ 1 ਕਈ ਵਾਰੀ ਮੀਣਿਆਂ ਦੀਆਂ ਚਾਲਾਂ ਕਰਕੇ ਲੰਗਰ ਵੀ ਮਸਤਾਨਾ ਹੋਇਆ ਪਰ ਗੁਰੂ ਸਾਹਿਬ ਨੇ ਕੋਈ ਗਿਲਾ ਗੁਜਾਰੀ ਨਹੀਂ ਕੀਤੀ 1

ਜਦ ਗੁਰੂ ਹਰਗੋਬਿੰਦ ਸਾਹਿਬ ਬਿਲਕੁਲ ਠੀਕ-ਠਾਕ ਹੋ ਗਏ ਤਾਂ ਉਨਾ ਦੀ ਸਿਖਿਆ- ਦੀਖਿਆ  ਦੀ ਜ਼ਿਮੇਦਾਰੀ ਬਾਬਾ ਬੁਢਾ ਜੀ ਨੂੰ ਸੋਪ ਦਿਤੀ ਗਈ  ,ਜਿਮੇਵਾਰੀ ਬਾਬਾ ਬੁਢਾ ਜੀ ਨੂੰ ਸੋਂਪੀ  ਜਿੰਨਾ  ਨੇ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸਾਰੀਆਂ ਜਿਮੇਦਾਰੀਆਂ ਨੂੰ ਨੇਪਰੇ ਚੜਾਇਆ ਤੇ ਗੁਰੂ ਘਰ ਦੇ ਆਸ਼ੀਰਵਾਦ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ 1 ਸਮੇ ਦੇ ਰੰਗ ਢੰਗ ਬਦਲਦੇ ਦੇਖ ਕੇ ਗੁਰੂ ਅਰਜਨ ਸਾਹਿਬ ਨੇ ਇਹ ਜਾਣ ਲਿਆ ਕੀ ਆਣ ਵਾਲੇ ਸਮੇ ਵਿਚ ਜ਼ੁਲਮ ਤੇ ਬਦੀ ਦਾ ਟਾਕਰਾ ਕਰਨ ਲਈ ਸਿਖਾਂ ਨੂੰ ਸੰਤ ਸਿਪਾਹੀ ਬਣਨ ਦੀ ਲੋੜ ਪਵੇਗੀ ਸੋ ਓਹਨਾ ਨੇ  ਗੁਰੂ ਹਰਗੋਬਿੰਦ ਸਾਹਿਬ ਨੂੰ ਇਨ੍ਹਾ ਲੀਹਾਂ ਤੇ ਤਿਆਰ ਕੀਤਾ 1

ਸਮਾਜਿਕ ਤੇ ਧਾਰਮਿਕ ਸਿਖਿਆ ਦੇ ਨਾਲ ਨਾਲ ਘੋੜ ਸਵਾਰੀ ,ਤਲਵਾਰ ਤੇ ਬੰਦੂਕ ਚਲਾਣ ਤੇ  ਸ਼ਸ਼ਤਰ ਵਿਦਿਆ ਦੀ ਵੀ ਮੁਹਾਰਤ ਹਾਸਲ ਕਰਵਾਈ 1 ਗੁਰੂ ਹਰਗੋਬਿੰਦ ਸਾਹਿਬ  ਜਿਥੇ  ਇਕ ਚੰਗੇ ਘੋੜ ਸਵਾਰ, ਤੀਰ ਆਂਦਾਜ਼ ਤੇ ਧਾਰਮਿਕ ਰਹਿਨੁਮਾ ਸਨ ਉਥੇ ਓਹ ਸੰਗਤਾਂ ਦੇ ਰਹਿਬਰ ਤੇ ਪਰਓਪਕਾਰੀ  ਸ਼ਖਸ਼ੀਅਤ ਦੇ ਮਾਲਿਕ ਵੀ ਸੀ 1 ਆਪ ਉਚੇ ਲੰਮੇ , ਖੂਬਸੂਰਤ ,ਬਲਵਾਨ ਤੇ ਹਰ ਤਰਫੋਂ ਮੁਕੰਬਲ ਯੋਗਤਾ ਦੇ ਨਾਲ ਨਾਲ ਪੂਰਨ ਬ੍ਰਹਮ ਗਿਆਨੀ ਤੇ ਸੰਤ ਸਿਪਾਹੀ ਵੀ ਸਨ 1

ਜਹਾਂਗੀਰ ਨੇ ਤਖਤ ਤੇ ਬੈਠਦਿਆਂ ਸਾਰ ਸ਼ੇਖ ਸਰਹੰਦੀ  ਤੇ ਹੋਰ ਕਈ ਜਨੂੰਨੀ ਮੁਸਲਮਾਨਾ ਨੂੰ ਖੁਸ਼ ਕਰਨ ਲਈ ਜੁਲਮਾਂ ਦੇ  ਸਿਖਰ  ਨੂੰ ਛੋਹਿਆ 1 ਜਿਸਦੀ ਭੇਂਟ ਗੁਰੂ ਅਰਜਨ ਸਾਹਿਬ ਚੜੇ 1 ਓਹਨਾ ਦੀ ਸ਼ਹੀਦੀ ਨੇ ਸਿਖ ਇਤਿਹਾਸ ਨੂੰ ਇਕ ਨਵਾਂ ਮੋੜ ਦਿਤਾ , ਜਿਸਨੇ ਸਿਖੀ ਦੀ ਨੁਹਾਰ ਤੇ ਸੰਸਕਾਰ ਬਦਲ ਕੇ ਰਖ ਦਿਤੇ 1  ਇਸਤੋ ਪਹਿਲੇ ਮੀਰੀ ਸਿਰਫ ਤਾਜ, ਤਖਤ ਤੇ ਰਾਜ ਸਤਾ ਦਾ ਨਾਂ ਸੀ ਤੇ ਪੀਰੀ ਸਿਰਫ ਜਾਦੂ ਟੂਣਿਆਂ ਦਾ ,ਜੋ ਵਕਤ ਸਿਰ ਕੰਮ ਨਾ ਆ ਸਕੇ 1 ਹਿੰਦੁਸਤਾਨ ਗੁਲਾਮ ਹੋ ਗਿਆ 1 ਮੰਦਿਰ ਢਾਹੇ ਗਏ , ਤਨ ਤੇ ਧੰਨ ਲੁਟੇ ਗਏ ,ਲਖਾਂ ਸ਼ਹੀਦ ਹੋਏ, ਬਹੁ ਬੇਟੀਆਂ ਦੀ ਇਜ਼ਤ ਗਜਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੋ ਵਿਕੀ ਤੇ ਸਭ  ਪਾਸੇ ਤਬਾਹੀ ਮਚ ਗਈ 1

  ,ਕਹਿੰਦੇ ਹਨ ਸੰਸਾਰ ਵਿਚ ਖਾਲੀ ਦੋ ਗੁਣਾ ਦੀ ਪੂਜਾ ਹੁੰਦੀ ਹੈ , ਇਕ ਭਗਤੀ ਤੇ ਦੂਸਰਾ ਸ਼ਕਤੀ ਦੀ 1  ਗੁਰੂ ਨਾਨਕ ਸਾਹਿਬ ਤੋਂ ਲੇਕੇ ਗੁਰੂ ਅਰਜਨ ਦੇਵ ਜੀ ਤਕ ਗੁਰੂਆਂ  ਨੇ ਭਗਤੀ ਦੇ ਗੁਣ ਨੂੰ ਸਿਖਰ ਤੇ ਪੁਚਾ ਦਿਤਾ 1 ਤਤੀਆਂ ਤਵੀਆਂ ਤੇ ਬੈਠਕੇ , ਸੀਸ ਤੇ ਸੜਦਾ ਬਲਦਾ ਰੇਤਾ ਪੁਆ ਕੇ , ਉਬਲਦੀਆਂ ਦੇਗਾਂ ਵਿਚ ਉਬਾਲ ਖਾਕੇ ਸਿਮਰਨ ਕਰਨਾ ਇਹ ਸਿਮਰਨ ਤੇ ਭਗਤੀ ਦੀ ਹਦ ਸੀ 1 ਸ਼ਕਤੀ ਜੋ ਉਸ ਵੇਲੇ ਮੁਗਲ ਹੁਕਮਰਾਨਾ ਕੋਲ ਸੀ ,ਜਿਸਦੀ ਆੜ ਲੇਕੇ ਓਹ  ਜੁਲਮ ਕਰਨ ਦੀਆ ਸਾਰੀਆਂ ਹਦਾਂ ਪਾਰ ਕਰ ਚੁਕੇ ਸਨ , ਜਿਸਦੀ ਮਿਸਾਲ ਨਾ ਦੁਨਿਆ ਦੇ ਇਤਿਹਾਸ  ਵਿਚ ਹੈ ਨਾ ਕਦੇ ਹੋਣ ਦੀ ਸਂਭਾਵਨਾ ਹੈ 1

ਲਾਹੋਰ ਤੋ ਤੁਰਨ ਤੋ ਪਹਿਲੇ ਗੁਰੂ ਅਰਜਨ ਦੇਵ ਜੀ  ਨੇ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਨੂੰ ਇਕ ਤਲਵਾਰ ਭੇਂਟ ਕੀਤੀ ਤੇ ਕਿਹਾ ਇਸ ਨਾਲ ਤੁਸੀਂ  ਆਪਣੀ ਉਂਗਲ ਕਟੋ 1 ਗੁਰੂ ਹਰਗੋਬਿੰਦ ਸਾਹਿਬ ਨੇ ਬਿਨਾ ਕਿਸੇ ਹੀਲ-ਹੁਜਤ ਤੋਂ ਝਟ ਉਂਗਲ  ਅਗੇ ਕਰ ਦਿਤੀ 1 ਇਹ ਉਨਾ ਦੀ ਕਾਹਲੀ ਨਾਲ ਲਈ ਗਈ  ਗੁਰਗਦੀ ਦੀ ਪਰੀਕਸ਼ਾ ਸੀ 1 ਸੋ ਗੁਰ  ਗਦੀ ਦਾ ਵਾਰਸ ਗੁਰੂ ਹਰਗੋਬਿੰਦ ਸਾਹਿਬ ਦੇ ਹੋਣ  ਦਾ ਐਲਾਨ ਕੀਤਾ ਤੇ ਕਿਹਾ ,’ ਬਚਾ ਹੁਣ ਸ਼ਸ਼ਤਰ ਪਹਿਨਣੇ ਹਨ ਤਦ ਤਕ ਡਟੇ ਰਹਿਣਾ ਜਦ ਤਕ ਇਹ ਜਾਲਮ ਜੁਲਮ ਛਡ ਦੇਣ ਜਾ ਖਤਮ ਨਾ ਹੋ ਜਾਣ ”  1  ਗੁਰਗਦੀ ਦੀ ਰਸਮ ਤਾਂ  ਕਰਨੇ ਦਾ ਨਾ ਮੋਕਾ ਸੀ ਨਾ ਮੁਹਲਤ 1 ਬਾਬਾ ਬੁਢਾ ਜੀ ਨੂੰ ਆਗਿਆ  ਦਿਤੀ ਕੀ ਸਾਡੇ ਪਿਛੋਂ ਗੁਰਗਦੀ ਦੀ ਰਸਮ ਅਦਾ ਕੀਤੀ ਜਾਏ 1 ਨਾਲੇ ਆਪਣੇ ਸਿਖਾਂ ਲਈ  ਹੁਕਮ ਦਿਤਾ ਕੀ ਬਦਲ ਰਹੇ ਸਮੇ ਵਿਚ ਤਕੜੇ ਹੋਕੇ ਰਹਿਣਾ , ਸੀ ਵਾਹਿਗੁਰੂ ਤੇ ਭਰੋਸਾ ਕਰਨਾ 1 ਸਿਖੀ ਰਹਤ ਮਰਿਆਦਾ ਵਿਚ ਪਕਿਆ ਰਹਣਾ 1 ਜੇ ਲੋੜ ਪਵੇ ਤਾਂ ਹਰਗੋਬਿੰਦ ਦੀ ਅਗਵਾਈ ਹੇਠ ਕੋਮ ਦੀ ਉਨਤੀ ਤੇ ਰਖਿਆ ਲਈ ਆਪਣਾ ਤਨ ਮਨ ਵਾਰ ਦੇਣਾ 1

ਗੁਰਗਦੀ

25 ਮਈ 1606  ਨੂੰ ਬਾਬਾ ਬੁਢਾ ਜੀ ਨੇ ਗੁਰਗਦੀ ਦੀ ਰਸਮ ਪੂਰੀ ਕੀਤੀ 1 ਆਪਣੇ ਪਿਤਾ ਦੀ ਹਿਦਾਇਤ ਅਨੁਸਾਰ ਦੋ ਤਲਵਾਰਾਂ  ਇਕ ਮੀਰੀ ਤੇ  ਦੂਜੀ ਪੀਰੀ ਦੀ ਪਾ ਕੇ ਭਗਤੀ ਨੂੰ ਸ਼ਕਤੀ ਨਾਲ ਜੋੜ ਦਿਤਾ 1 ਜਦੋਂ ਬਾਬਾ ਬੁਢਾ ਜੀ ਨੇ ਸਵਾਲ ਭਰੀ ਨਜਰ ਨਾਲ ਦੇਖਿਆ, ਤਾਂ ਬੋਲੇ ਮੇਰਾ ਜਨਮ ਤੁਹਾਡੇ  ਆਸ਼ੀਰਵਾਦ ਨਾਲ ਹੋਇਆ ਹੈ ਤੇ ਤੁਹਾਡੇ ਹੀ ਆਸ਼ੀਰਵਾਦ ਨੂੰ ਪੂਰਾ ਕਰਨ ਲਈ ਮੈ ਦੋ ਤਲਵਾਰਾਂ ਨੂੰ ਧਾਰਨ ਕੀਤਾ ਹੈ ਅਜ ਤੋ ਗੁਰੂ ਘਰ ਵਿਚ ਧਰਮ ਤੇ ਸੰਸਾਰਕ ਸੁਖ ਨਾਲ ਨਾਲ ਚਲਣਗੇ 1 ਦੇਗ ਗਰੀਬਾਂ ਲਈ ਤੇ ਤਲਵਾਰ ਜਾਲਮ ਲਈ 1 ਇਸਤਰਾਂ ਗੁਰਗਦੀ ਦੀ ਰਹੁਰੀਤੀ ਪੂਰੀ ਹੋਈ 1 ਗਦੀ  ਨਸ਼ੀਨ ਦੀ ਵਾਰ ਅਬਦੁਲਾ  ਤੇ ਨਥੁ ਮਲ ਨੇ ਗਾਈ ਜਿਸ ਵਿਚ ਤਲਵਾਰਾਂ ਸਤਿਗੁਰੁ ਦੀ ਚੜਦੀ ਕਲਾ ਨੂੰ ਪ੍ਰਗਟਾਉਣ ਲਈ ਤੇ ਦਸਤਾਰ ਦਾ ਟਾਕਰਾ ਸਿਧਾ  ਜਹਾਂਗੀਰ ਦੀ ਪਗੜੀ  ਨਾਲ  ਕੀਤਾ 1

            ਦੋ ਤਲਵਾਰਾਂ ਬਧੀਆਂ ਇਕ ਮੀਰੀ ਦੀ ਇਕ ਪੀਰੀ ਦੀ

            ਇਕ ਅਜਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜੀਰ ਦੀ

ਇਸ ਤਰਹ ਗੁਰੂ ਅਰਜਨ ਦੇਵ ਜੀ ਨੇ ਸਿਖੀ ਨੂੰ ਇਕ ਨਵਾਂ ਸਿਧਾਂਤ ਦਿਤਾ 1 ਸੰਤ ਤੇ ਭਗਤਾਂ ਦੀ ਸਿਖੀ ਸੰਤ ਸਿਪਾਹੀਆਂ ਤੇ ਧਰਮੀ ਯੋਧਿਆਂ ਵਿਚ ਬਦਲ ਗਈ 1 ਗੁਰੂ ਸਹਿਬ ਤੇ ਸਾਰੇ ਸਿਖ ਇਸ ਕੋਮ ਉਸਾਰੀ ਦੇ ਨਵੇ ਰੂਪ ਨੂੰ ਸਾਕਾਰ ਕਰਨ ਵਿਚ ਜੁਟ ਗਏ 1  ਗੁਰੂ ਸਾਹਿਬ ਨੇ ਐਲਾਨ ਕਰ ਦਿਤਾ ਕੀ ਅਜ ਤੋ ਬਾਦ ਮੇਰੀ ਪਿਆਰੀ ਭੇਟ , ਸ਼ਸ਼ਤਰ , ਜੁਆਨੀਆਂ ਤੇ ਘੋੜੇ ਹੋਣਗੇ 1 ਜੇ ਮੇਰੀ ਖੁਸ਼ੀ ਲੈਣੀ ਹੈ ਤਾਂ  ਕਸਰਤਾਂ ਕਰੋ ,ਘੋਲ ਕਰੋ ,ਗਤਕੇ ਖੇਡੋ ,ਘੋੜ ਸਵਾਰੀ ਕਰੋ ਤੇ ਸ਼ਿਕਾਰ ਖੇਡਣ ਨੂੰ ਜੰਗਲਾਂ ਵਿਚ ਜਾਓ 1 ਕਮਜ਼ੋਰੀ ਇਕ ਕੋਮੀ ਗੁਨਾਹ ਹੈ ਜੋ ਬਖਸ਼ੀ ਨਹੀਂ ਜਾ ਸਕਦੀ  1 ਤੁਸੀਂ ਤਲਵਾਰ ਇਸ ਲਈ ਫੜਨੀ ਹੈ ਕੀ ਜਾਲਮ ਦੀ ਤਲਵਾਰ ਰੋਕ ਸਕੋ 1 ਦਿਨਾ ਵਿਚ ਹੀ ਗੁਰੂ ਸਾਹਿਬ ਦਾ ਇਹ ਸਨੇਹਾ ਹਰ ਪਿੰਡ , ਹਰ ਸ਼ਹਿਰ ਦੇ ਘਰ ਘਰ ਪੁਜ ਗਿਆ 1

 ਕਈ ਇਤਿਹਾਸਕਾਰਾਂ ਨੇ  ਇਸ ਨੂੰ ਗੁਰੂ ਨਾਨਕ ਵਾਲੋ ਪ੍ਰਚਾਰੇ ਧਰਮ ਵਿਚ ਅਚਾਨਕ ਆਈ ਤਬਦੀਲੀ ਕਰਾਰ ਦਿਤਾ , ਜਿਸ ਨੂੰ ਉਨਾ ਨੇ ਗੁਰੂ ਅਰਜਨ ਦੇਵ ਜੀ ਹੋਈ ਸ਼ਹੀਦੀ ਸਿਖਾਂ ਵਿਚ ਓਪ੍ਜੇ ਰੋਹ ਨਾਲ ਜੋੜ ਦਿਤਾ 1 ਪਰ ਇਹ ਸਚ ਨਹੀ ਹੈ  ਬਲਿਕ ਇਹ ਦਾ ਗੁਰੂ ਨਾਨਕ ਵਲੋਂ ਪ੍ਰਚਾਰੇ ਗਏ ਧਰਮ ਦਾ ਪੀੜੀ ਦਰ ਪੀੜੀ ਹੋ ਰਿਹਾ ਵਿਕਾਸ ਸੀ ,ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਆਪ ਉਲੀਕਿਆ ਸੀ ਤੇ ਉਸਤੇ ਅਮਲ ਵੀ ਕੀਤਾ ਸੀ 1 ਉਨਾ ਦੀ ਬਾਣੀ ਇਸ ਗਲ ਦੀ ਗਵਾਹ ਹੈ ਜਿਸ ਵਿਚ ਉਨਾ ਨੇ ਮੁਗਲ ਹਕੂਮਤ ,ਰਾਜੇ ਮਹਾਰਾਜਿਆ, ਅਹਲਕਾਰਾ, ਪੀਰਾਂ ਫਕੀਰਾਂ ਪੰਡਿਤ ਬ੍ਰਾਹਮਣਾ  ਦੇ ਖਿਲਾਫ਼ ਜ਼ੋਰਦਾਰ ਅਵਾਜ ਉਠਾਈ ਸੀ  ਜੋ ਉਸ ਵਕਤ ਪਰਜਾ ਉਪਰ  ਅਤਿਆਚਾਰ ਤੇ ਲੁਟ ਖਸੁਟ  ਕਰ ਰਹੇ ਸਨ 1 ਬਸ ਫਰਕ ਇਤਨਾ ਹੈ ਕੀ ਓਹਨਾ ਨੇ ਅਵਾਜ਼ ਉਠਾਈ ਸੀ ਤੇ ਗੁਰੂ ਹਰ ਗੋਬਿੰਦ ਸਾਹਿਬ ਨੇ ਤਲਵਾਰ  ਪਰ  ਮਕਸਦ ਇਕੋ ਸੀ  1

ਆਪਜੀ ਨੇ 52 ਚੋਣਵੇ ਜਵਾਨਾ ਦੀ ਇਕ ਨਿਜੀ ਗਾਰਦ ਤਿਆਰ ਕੀਤੀ  ਜਿਸ ਨੇ ਭਵਿਖ ਵਿਚ ਫੌਜ਼ ਦਾ  ਮੁਢ ਬਨਿਆ 1 ਮਾਝੇ ਤੇ ਦੁਆਬੇ ਵਿਚੋ 500 ਛੇਲ ਛਬੀਲੇ ਗਭਰੂ ਗੁਰ ਦਰਬਾਰ ਵਿਚ ਆਪਾ ਵਾਰਨ ਨੂੰ ਆ ਪੁਜੇ 1 ਇਸ ਤਰਹ  ਇਕ ਛੋਟੀ ਜਹੀ ਫੌਜ਼  ਬਣ ਗਈ 1 ਨਗਾਰਾ ਵੀ ਤਿਆਰ ਕਰਵਾ ਲਿਆ , ਨਿਸ਼ਾਨ  ਸਾਹਿਬ ਵੀ 1 ਲਹੁਡੇ ਵੇਲੇ ਜਵਾਨਾ ਸਮੇਤ ਨਗਾਰੇ ਵਜਾਂਦੇ ਸ਼ਿਕਾਰ ਖੇਡਣ ਨੂੰ ਜਾਂਦੇ , ਸਰੀਰਕ ਬਲ ਲਈ ਕਸਰਤ ਕਰਵਾਂਦੇ ,ਤੇ ਮਲ ਅਖਾੜੇ ਵਿਚ ਘੋਲ ਕਰਵਾਂਦੇ 1

1608 ਵਿਚ ਹਰਿਮੰਦਰ ਸਾਹਿਬ , ਦਰਸ਼ਨੀ ਡਿਓੜੀ ਦੇ ਸਾਮਣੇ ਸ੍ਰੀ ਅਕਾਲ ਤਖਤ ਜੋ 12 ਫੁਟ ਉਚਾ ਸੀ ,  ਦੀ ਸਥਾਪਨਾ ਕੀਤੀ , ਜਦ ਕੀ ਜਹਾਂਗੀਰ ਦਾ ਹੁਕਮ ਸੀ ਕੀ ਕੋਈ ਵੀ ਦੋ ਫੁਟ ਤੋ ਉਚਾ ਥੜਾ ਨਹੀ ਬਣਵਾ  ਸਕਦਾ , ਓਸਦਾ ਆਪਣਾ ਤਖਤ 11 ਫੁਟ ਉਚਾ ਸੀ 1  ਹਰਿਮੰਦਿਰ ਸਾਹਿਬ ਭਗਤੀ ਦਾ ਪ੍ਰਤੀਕ ਤੇ ਅਕਾਲ ਤਖਤ ਸ਼ਕਤੀ ਦਾ 1 ਸਾਮਣੇ ਇਸ ਲਈ ਕੀ ਹਰਮੰਦਿਰ ਸਹਿਬ ਵਿਚ ਬੈਠਾ ਭਗਤ ਇਨਸਾਨੀ ਫਰਜ ਨਾ ਭੁਲੇ ਤੇ ਅਕਾਲ ਤਖਤ ਤੇ ਬੈਠਾ ਇਨਸਾਨ ਆਪਣਾ ਧਰਮ ਨਾ ਭੁਲੇ 1  ਅਕਾਲ ਤਖਤ ਦੇ ਸਾਮਣੇ ਦੋ ਨਿਸ਼ਾਨ  ਸਾਹਿਬ,  ਜਿਵੈਂ ਭਗਤੀ ਤੇ ਸ਼ਕਤੀ ਦੋਨੋ ਦੇ ਪਹਿਰੇਦਾਰ ਹੋਣ 1 ਸ਼ਕਤੀ ਦਾ ਨਿਸ਼ਾਨ ਸਾਹਿਬ ਭਗਤੀ ਤੋ ਛੋਟਾ ਰਖਿਆ ਤਾਕਿ ਕਦੀ ਸ਼ਕਤੀ ਭਗਤੀ ਤੇ ਹਾਵੀ ਨਾ ਹੋ ਜਾਏ 1 ਇਸਤਰਾ ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿਤਾ 1  ਆਮਨੇ ਸਾਮਣੇ ਹਰਿਮੰਦਰ ਸਾਹਿਬ ਵਿਚ ਲੋੜਵੰਦਾ ਲਈ ਦੇਗ ਜੋ ਪਹਿਲਾਂ ਤੋ ਸੀ ਤੇ ਅਕਾਲ ਤਖਤ ਤੇ ਜਾਲਮਾਂ ਦਾ ਨਾਸ ਕਰਨ ਲਈ ਤੇਗ ਦਾ ਸਿਧਾਂਤ ਜਨਮਿਆ 1

 ਗੁਰੂ ਸਾਹਿਬ ਆਪ  ਸੇਲੀ ਟੋਪੀ ਦੀ ਬਜਾਏ ਬਾਦਸ਼ਾਹਾਂ ਵਾਂਗ ਪਗੜੀ ਤੇ ਕਲਗੀ ਲਗਾਕੇ ਸ਼ਾਹੀ ਠਾਠ ਬਾਠ ਨਾਲ  ਗੁਰਗਦੀ ਤੇ ਬੈਠਦੇ 1ਅਓਣ ਵਾਲਿਆਂ ਖਤਰਿਆਂ ਨੂੰ ਮਹਿਸੂਸ ਕਰਦਿਆ ਆਪਣੇ ਨਿਤ ਦੇ ਪ੍ਰੋਗਰਮ ਵਿਚ ਕਈ ਤਬਦੀਲੀਆਂ ਕੀਤੀਆਂ 1  ਫੌਜ਼ ਦੀ ਨੀਹ ਰਖੀ, ਭਾਈ ਬਿਧਿ ਚੰਦ ਵਰਗੇ ਸਿਰਲਥ ਸੂਰਮਿਆਂ ਦੀ ਨਿਗਰਾਨੀ ਹੇਠ ਜਵਾਨਾ ਦੀ ਫੌਜੀ ਸਿਖਲਾਈ ਦਾ ਪ੍ਰਬੰਧ ਸ਼ੁਰੂ ਕੀਤਾ1  52 ਸਿਰ ਕਢ ਨੋਜਵਾਨ ਆਪਨੇ ਅੰਗ ਰ੍ਖਸ਼ਕ ਰਖੇ 1

ਗੁਰੂ ਸਹਿਬ ਦੀ ਪ੍ਰਸਿਧੀ ਸੁਣਕੇ ਕੇ ਅਨੇਕਾ ਸੂਰਬੀਰ, ਪਹਿਲਵਾਨ ਅਤੇ ਜਵਾਨ ਭਰਤੀ ਲਈ ਆਏ 1 ਪੰਜ ਸੋ ਜਵਾਨ ਮਾਝੇ ,ਦੁਆਬੇ ਅਤੇ ਮਾਲਵੇ ਤੋਂ , ਜਿਨਾ ਲਈ ਧਰਮ ਹੀ ਉਨਾ  ਦੀ ਤਨਖਾਹ ਸੀ , ਸਿਰਫ ਦੋ ਵੇਲੇ ਦੀ ਰੋਟੀ ਤੇ 6 ਮਹੀਨੇ ਬਾਦ ਇਕ ਜੋੜਾ ਉਨਾ ਦੀ ਮੰਗ ਸੀ 1 ਸਮੇ ਦੇ ਸਤਾਏ  ਸੇਕ੍ੜੋ ਹਿੰਦੂ ,ਮੁਸਲਮਾਨਾ ਨੇ ਗੁਰੂ ਘਰ ਦੀ ਫੋਜ ਨੂੰ ਆਪਣਾ ਘਰ ਬਣਾ ਲਿਆ 1  500 ਪਠਾਣ ਜਿਨਾ ਨੂੰ ਜਹਾਂਗੀਰ ਨੇ ਆਪਣੀ ਧਾਰਮਿਕ ਨੀਤੀ ਦੇ ਤਹਿਤ ਕਢਿਆ ਸੀ ਗੁਰੂ ਸਾਹਿਬ ਦੀ ਫੌਜ਼ ਵਿਚ ਸ਼ਾਮਲ ਹੋ ਗਏ  1 ਬੇਰੁਜ਼ਗਾਰ ਤੇ ਬਜੁਰਗ ਵੀ ਗੁਰੂ ਸਾਹਿਬ ਦੇ ਝੰਡੇ ਹੇਠ ਆਪਣੀਆ ਸੇਵਾਵਾਂ  ਅਰਪਨ ਕਰਨ ਪਹੁੰਚ ਗਏ 1 ਜਦ ਜਹਾਂਗੀਰ ਨੇ ਤਖਤ ਤੇ ਬੈਠਦਿਆਂ ਸਾਰ ਜੈਸਲਮੇਰ ਦੇ ਰਾਜੇ ਰਾਮ ਪ੍ਰਤਾਪ ਨੂੰ ਰਾਜ  ਤੋਂ ਬੇਦਖਲ ਕਰਕੇ ਬੰਦੀ ਬਣਾਨ  ਦਾ ਹੁਕਮ ਦਿਤਾ ਤਾਂ  ਓਹ ਵੀ  ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿਚ ਆ ਗਿਆ , ਖਾਲੀ ਸਿਖ ਹੀ ਨਹੀ ਬਣਿਆ ਬਲਕਿ  ਓਸਦਾ ਗੁਰੂ ਸਹਿਬ ਲਈ  ਇਤਨਾ ਪਿਆਰ , ਸ਼ਰਧਾ ਤੇ ਸਤਕਾਰ ਹੋ ਗਿਆ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ ਤਾਂ ਉਸਨੇ ਉਨਾ ਦੀ ਬਲਦੀ  ਚਿਖਾ ਵਿਚ ਝਲਾਂਗ ਲਗਾ ਦਿਤੀ1

ਸੀਸ ਭੇਂਟ ਕਰਨ ਵਾਲਿਆ ਦੀ ਗਿਣਤੀ ਇਤਨੀ ਵਧ ਗਈ ਕਿ ਉਨਾ ਲਈ ਲੰਗਰ ਪਾਣੀ ਦਾ ਇੰਤਜ਼ਾਮ ਕਰਨਾ ਮੁਸ਼ਕਿਲ ਹੋ ਗਿਆ ਤਾਂ ਗੁਰੂ ਸਾਹਿਬ ਨੇ ਕਿਹਾ ,

             ਸੈਲ ਪਥਰ ਮੇ  ਜੰਤ ਉਪਾਏ

             ਤਾਕਾ ਰਿਜਕ ਆਗੇ ਕਰ ਥਰਿਆ

ਗੁਰੂ ਸਾਹਿਬ ਨੇ ਸਾਰੀ ਸੇਨਾ ਨੂੰ ਜਥਿਆਂ ਵਿਚ ਵੰਡ ਦਿਤਾ 1 ਭਾਈ ਲੰਗਾਹ ਜੋ ਅਗੇ ਵਧ ਵਧ ਕੇ ਲੜਦੇ ਸੀ,  ਭਾਈ ਬਿਥੀ ਚੰਦ ਜੋ ਗੁਰੀਲਾ ਜੰਗ ਕਰਦੇ , ਭਾਈ ਪਰਾਨਾ  ਜੋ ਖਬਰਾਂ ਲਿਆਂਦੇ, ਭਾਈ ਪਰਾਗਾ ਜੋ ਰਸਦ-ਪਾਣੀ ਦਾ ਇੰਤਜ਼ਾਮ ਕਰਦੇ, ਹਥਿਆਰ ਤੇ ਬਰੂਦ ਪਹੁਚਾਣ  ਦਾ ਕੰਮ ਕਰਦੇ ਤੇ ਭਾਈ  ਜੇਤਾ ਜੋ ਰਸਾਲੇ ਦੇ ਜਥੇਦਾਰ ਸਨ 1 ਆਪ  ਅਕਾਲ ਤਖਤ ਜਿਸਨੂੰ ਅਕਾਲ ਬੁੰਗਾ ਵੀ ਕਿਹਾ ਜਾਂਦਾ ਹੈ , ਬੈਠ ਕੇ ਸਾਰੇ  ਫ਼ੈਸ੍ਲੇ ਕਰਦੇ , ਸਿਖ ਸੰਗਤਾਂ ਦੇ ਦਰਬਾਰ ਲਗਾਂਦੇ 1 ਵਖ ਵਖ ਫਿਰਕਿਆਂ , ਧਰ੍ਮਾ ਦੇ ਲੋਕ ਆਪਣੀ ਫਰਿਆਦ ਲੇਕੇ  ਆਓਂਦੇ  ਕਿਓਂਕਿ  ਓਨਾ ਨੂੰ ਸਚਾ ਇਨਸਾਫ਼ ਮਿਲਦਾ 1 ਸਿਖਾਂ ਨੂੰ ਗੁਰੂ ਸਾਹਿਬ ਦੀ ਰਹਨੁਮਾਈ  ਵਿਚ ਸਰੀਰਕ ਤੋਰ ਤੇ ਮਜਬੂਤ ਕਰਨ ਲਈ ਕੁਸ਼ਤੀਆਂ ਕਰਵਾਈਆ ਜਾਦੀਆ 1 ਬੀਰ ਰਸ ਗਾਓਣ  ਵਾਲੇ ਢਾਡੀਆਂ ਦੇ ਦਰਬਾਰ ਲਗਦੇ, ਸ਼ਸ਼ਤਰ ਵਿਦਿਆ, ਸ਼ਿਕਾਰ ਕਰਨ ਦੇ ਨਵੇ ਨਵੇ ਤਰੀਕੇ ਤੇ ਜੰਗੀ ਤਿਆਰੀਆਂ ਦਾ ਅਭਿਆਸ ਕਰਾਂਦੇ 1 ਇਨ੍ਹਾ ਸਾਰੀਆਂ ਗਤੀ ਵਿਧੀਆਂ ਵਿਚ ਬਾਬਾ ਬੁਢਾ , ਭਾਈ ਗੁਰਦਾਸ, ਤੇ ਭਾਈ ਬਿਧੀ ਚੰਦ ਦਾ ਭਰਪੂਰ ਯੋਗਦਾਨ ਸੀ  1

ਗੁਰੂ ਹਰਗੋਬਿੰਦ ਸਹਿਬ ਨੇ ਵਕਤ ਦੀ ਨਜ਼ਾਕਤ ਦੇਖਕੇ ਇਕ ਐਸੇ ਸਮਾਜ ਦੀ ਸਿਰਜਣਾ ਕੀਤੀ ਜੋ ਜੁਲਮ ਤੇ ਜਬਰ ਦੀ ਟਕਰ ਲੈ  ਸਕੇ 1 ਪਰਜਾ ਦੇ ਦੁਖ ਦਰਦ ਨੂੰ ਸਮਝ ਸਕੇ , ਜਿਸਦਾ ਧਰਮ  ਸਚ, ਦੂਸਰਿਆਂ ਪ੍ਰਤੀ ਸ਼ਰਧਾ , ਪਿਆਰ ਤੇ ਸਝੀਵਾਲਤਾ ਦੀ ਭਾਵਨਾ ਹੋਵੇ , ਜਿਸ ਨਾਲ ਹਰ ਕੋਈ ਆਪਣੇ ਲੋਕ ਤੇ ਪ੍ਰਲੋਕ ਦੀ ਰਖਿਆ ਕਰ ਸਕੇ 1  ਸਭ ਨੂੰ ਸਤਾ ਨਾਲ ਜੋੜ ਦਿਤਾ, ਭਗਤੀ ਨੂੰ ਸ਼ਕਤੀ ਨਾਲ ਤੇ ਧਰਮ ਨੂੰ ਰਾਜਨੀਤੀ ਨਾਲ1   ਹਾਲਾਂਕਿ  ਇਨ੍ਹਾ ਰਾਹਾ ਤੇ ਚਲ ਕੇ ਉਨਾ ਨੂੰ ਬਹੁਤ ਓਕ੍ੜਾ ਦਾ ਸਾਮਣਾ ਵੀ ਕਰਨਾ ਪਿਆ 1  ਗੁਰੂ ਸਾਹਿਬ ਨੇ ਅਨੇਕ ਧਾੜਵੀਆਂ ਤੇ ਗੁਮਰਾਹ ਲੋਕਾਂ ਦਾ ਸੁਧਾਰ ਵੀ ਕੀਤਾ ਤੇ ਵਿਸ਼ਵਾਸ ਵੀ ਜਿਤਿਆ  1 ਭਾਈ ਬਿਧਿ ਚੰਦ ਜੋ ਪੇਸ਼ੇ ਵਜੋਂ ਕਦੀ ਚੋਰ ਸੀ , ਜੋ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿਚ ਆਏ ਸੀ 1 ਉਹਨਾ ਨੇ ਓਹ ਕੰਮ ਕੀਤੇ ਜੋ ਕੋਈ ਵੀ ਨਹੀ ਕਰ ਸਕਿਆ 1 ਜਿਥੇ  ਉਨਾ ਦਾ ਹਰ ਕੰਮ ਜੁਰਤ ਦੀ ਹਦ ਟਪਦਾ ਸੀ  ,ਉਥੇ ਉਨਾ ਦਾ ਗੁਰਬਾਣੀ ਨਾਲ ਪਿਆਰ , ਸਿਮਰਨ ਤੇ ਸੇਵਾ ਵੀ ਦੇਖਣ ਵਾਲੀ ਸੀ 1ਓਨਾ ਨੇ  ਆਪਣੀ ਨਿਗਰਾਨੀ ਹੇਠ ਸੇੰਚੀਆਂ ਲਿਖਵਾ  ਲਿਖਵਾ ਕੇ ਸਿਖਾਂ ਨੂੰ ਵੰਡੀਆਂ 1 ਸਿਖਾਂ ਦੇ ਬਿਖੜੇ ਸਮੇ ਵਿਚ ਬਾਬਾ  ਬੁਢਾ ਤੇ ਭਾਈ ਗੁਰਦਾਸ ਨਾਲ ਮਿਲਕੇ , ਸਿਖਾਂ ਦਾ ਜਜ੍ਬਾ ਤੇ ਜੋਸ਼ ਕਾਇਮ ਰਖਿਆ 1

 ਅਕਾਲ ਤਖਤ ਬਨਵਾਣਾ, ਅਮ੍ਰਿਤਸਰ ਦੀ ਚਾਰ ਦੀਵਾਰੀ , ਲੋਹ ਗੜ ਦੀ ਸਥਾਪਨਾ , ਅਕਾਲ ਤਖਤ ਤੇ ਬੇਠ ਕੇ ਫੈਸਲਾ ਕਰਾਨੇ ,ਜੰਗਜੂ ਕਾਰਵਾਈਆਂ , ਸ਼ਾਹੀ ਠਾਠ ਬਾਠ ਕਰਕੇ ਜਿਥੇ  ਸਿੰਘਾਂ ਦੇ ਹੋਂਸਲੇ ਵਧ ਗਏ ਉਥੇ ਮੁਗਲ ਹਕੂਮਤ ਇਸ ਨੂੰ ਸ਼ਕ ਦੀ ਨਜਰ ਨਾਲ ਦੇਖਣ ਲਗ ਪਈ 1  ਚੰਦੂ , ਪ੍ਰਿਥੀਆ  ,ਉਸਦੇ ਪੁਤਰ ਮੇਹਰਬਾਨ  ਤੇ ਹੋਰ ਜਨੂੰਨੀ ਮੁਸਲਮਾਨਾਂ ਨੇ  ਵੀ ਜਹਾਂਗੀਰ ਨੂੰ ਭੜਕਾਣ ਵਿਚ ਕੋਈ ਕਸਰ ਨਹੀਂ ਛਡੀ ਗੁਰੂ ਹਰਗੋਬਿੰਦ ਸਾਹਿਬ ਤੇ ਦੋਸ਼ ਲਗਾਣੇ  ਸ਼ੁਰੂ ਕਰ ਦਿਤੇ ਕਿ ਗੁਰੂ ਸਾਹਿਬ ਦੇ ਕਰਤਵ ਪਹਿਲੇ ਗੁਰੂਆਂ ਨਾਲ ਮੇਲ ਨਹੀਂ ਖਾਂਦੇ , ਪਹਿਲੇ ਗੁਰੂ ਗੁਰਬਾਣੀ ਉਚਾਰਦੇ , ਧਰਮਸਾਲ ਵਿਚ ਬੈਠਦੇ , ਰਾਜੇ ਮਹਾਰਾਜੇ ਉਨਾ ਅਗੇ ਸੀਸ ਨਿਵਾਂਦੇ , ਇਹ ਨਾ ਬਾਣੀ ਨਾ ਕਥਦੇ ਹਨ ਨਾ  ਰਚਦੇ ਤੇ ਨਾ ਗਾਉਂਦੇ ਹਨ ,ਨਾ ਧਰਮਸਾਲ ਵਿਚ ਟਿਕਦੇ ਹਨ , ਸ਼ਸ਼ਤਰ ਅਭਿਆਸ ਕਰਦੇ ਹਨ ,ਕੁਤੇ ਰਖਦੇ ਹਨ, ਸ਼ਿਕਾਰ ਖੇਡਦੇ ਹਨ 1 ਇਤਨਾ ਦੁਸ਼ਟ ਪ੍ਰਚਰ ਕੀਤਾ ਕੀ ਇਕ ਵਾਰੀ ਤਾਂ ਸਗਤਾਂ ਵੀ ਡੋਲ ਗਈਆਂ 1 ਜਦ ਭਾਈ ਗੁਰਦਾਸ  , ਬਾਬਾ  ਬੁਢਾ ਜੀ ਵਰਗੀਆਂ ਮਹਾਨ  ਸ਼ਖਸ਼ੀਅਤਾਂ ਨੇ ਵਕਤ ਦੀ ਜਰੂਰਤ ਬਾਰੇ ਦਸਿਆ , ਹਕੂਮਤ ਦੇ ਜੁਲਮਾਂ ਦਾ ਜ਼ਿਕਰ ਕੀਤਾ, ਸਿਖੀ  ਫਰਜਾਂ ਬਾਰੇ  ਯਾਦ ਦਿਲਾਇਆ , ਤਾਂ  ਸੰਗਤ ਨੇ ਆਪਣੀ ਭੁਲ ਬਖਸ਼ਵਾਈ1

 ਜਹਾਂਗੀਰ  ਦਾ ਹੁਕਮ ਤਾਂ ਪਹਿਲਾਂ ਤੋਂ ਸੀ , ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਕਤ ਦਾ ਕਿ  ਗੁਰੂ ਸਾਹਿਬ ਦਾ ਬਾਲ ਬਚਾ ,ਮਾਲ ਅਸਬਾਬ  ਸਭ ਮੁਰਤਜਾ ਖਾਨ ਦੇ ਹਵਾਲੇ ਕਰ ਦਿਤਾ ਜਾਏ1 ਉਸ ਵਕ਼ਤ ਗੁਰੂ ਸਾਹਿਬ ਦਾ ਪਰਿਵਾਰ ਡਰੋਲੀ, ਮਾਲਵਾ  ਚਲਾ ਗਿਆ ਸੀ , ਜਿਥੇ ਸੰਘਣੇ ਜੰਗਲ ਸੀ ਤੇ ਆਣ -ਜਾਣ ਦੇ ਕੋਈ ਖਾਸ ਸਾਧਨ ਨਹੀਂ ਸਨ 1 ਡੇਢ ਸਾਲ ਜਦ ਗੁਰੂ ਸਾਹਿਬ ਵਾਪਸ ਪਰਤੇ ਤਾਂ ਉਨਾ ਦੀ ਗ੍ਰਿਫਤਾਰੀ ਸੰਭਵ ਹੋ ਗਈ 1 ਜਹਾਂਗੀਰ ਪਹਿਲਾਂ  ਤਾਂ ਚੁਪ ਸੀ  ਪਰ ਜਦੋਂ  ਉਸਨੂੰ ਗੁਰੂ ਹਰਗੋਬਿੰਦ ਸਾਹਿਬ ਦੀਆਂ ਗਤੀਵਿਧਿਆਂ ਬਾਰੇ  ਪਤਾ ਚਲਿਆ ਤਾਂ   ਉਸਨੂੰ ਆਪਣਾ ਸਿੰਘਾਸਨ ਡੋਲਦਾ ਨਜਰ ਆਇਆ 1 ਉਸਨੇ ਸੋਚਿਆ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਉਸਨੇ ਸਿਖੀ ਖਤਮ ਕਰ ਦਿਤੀ ਹੈ  ਪਰ ਸਿਖੀ ਦੀ ਚੜਦੀ ਕਲਾ ਵੇਖ ਕੇ  ਤਾਂ ਭੇਭੀਤ  ਹੋ ਗਿਆ 1ਉਸਨੇ ਆਪਣੇ ਦਰਬਾਰੀਆਂ ਵਜੀਰ ਖਾਨ ਤੇ  ਕਿਚੰਤ ਖਾਨ ਨੂੰ ਗੁਰੂ ਸਹਿਬ ਕੋਲ  ਭੇਜਿਆ ਤੇ ਆਗਰੇ ਬੁਲਾਣ ਲਈ ਕਿਹਾ 1 12 ਸਾਲ ਲਈ ਗਵਾਲੀਅਰ  ਦੇ ਕਿਲੇ ਵਿਚ ਕੈਦ ਕਰਨ ਦਾ ਹੁਕਮ ਸੁਣਾ ਦਿਤਾ 1 ਇਥੇ 52 ਰਾਜਿਆਂ  ਨੂੰ ਵੀ ਕੈਦ  ਕੀਤਾ ਹੋਇਆ ਸੀ , ਜਿਨਾਂ ਦੀ ਹਾਲਤ ਬਹੁਤ ਮਾੜੀ ਸੀ 1 ਨਾ ਖਾਣ ਵਾਸਤੇ ਢੰਗ ਦਾ ਖਾਣਾ,, ਨਾ ਕਪੜਾ  , ਨਾ ਨਾਉਣ ਧੋਣ ਲਈ ਪਾਣੀ ਦਾ ਇੰਤਜ਼ਾਮ ,  ਪੈਰਾਂ ਵਿਚ ਜੰਜੀਰਾਂ ਦੀ ਜਕੜਨ  ,ਛੁਟਣ ਦੀ ਕੋਈ ਉਮੀਦ ਨਹੀ ਸੀ, ਬਸ ਮੋਤ ਦੀ ਇੰਤਜ਼ਾਰ  ਕਰ ਰਹੇ ਸੀ 1

ਗੁਰੂ ਸਾਹਿਬ ਕੈਦ ਵਿਚ ਵੀ ਹਮੇਸ਼ਾ ਖਿੜੇ ਮਥੇ ਰਹਿੰਦੇ 1 ਰਾਜਿਆਂ ਨੇ ਪੁਛਿਆ ਕੀ ਤੁਸੀਂ ਕਿਲੇ ਵਿਚ ਬੰਦ ਕੈਦ ਹੋ ਫਿਰ ਵੀ ਹਮੇਸ਼ਾਂ ਖੁਸ਼ ਰਹਿੰਦੇ ਹੋ ,? ਤਾਂ ਉਨਾ ਨੇ ਜਵਾਬ  ਦਿਤਾ ਕੀ ਹਕੂਮਤ  ਨੇ ਮੇਰੇ ਜਿਸਮ ਨੂੰ ਕੈਦ ਕੀਤਾ ਹੈ ਰੂਹ ਨੂੰ ਨਹੀਂ 1  ਪਰ ਓਹ ਰਾਜਿਆਂ ਦੀ ਹਾਲਤ ਦੇਖਕੇ ਉਨਾ ਦੀ ਮਾਨਸਿਕ ਪੀੜਾ ਨੂੰ ਸਮਝਦੇ ਤੇ ਮਹਿਸੂਸ ਵੀ  ਕਰਦੇ 1   ਕੈਦ  ਵਿਚ ਤਿੰਨ ਦਿਨ ਤਕ ਗੁਰੂ ਸਹਿਬ ਨੇ ਮੁਗਲ ਹਕੂਮਤ ਵਲੋ ਭੇਜਿਆ ਭੋਜਨ ਨਹੀਂ ਖਾਧਾ  1 ਜਦ ਓਹ ਤਿੰਨ ਦਿਨ ਭੁਖੇ ਰਹੇ ਤਾਂ ਮਜਬੂਰਨ ਹਕੂਮਤ ਨੂੰ ਖੁਲ ਦੇਣੀ ਪਈ ਕੀ ਓਹ ਸਿਖਾਂ ਦਾ  ਭੇਜਿਆ ਭੋਜਨ ਖਾ ਸਕਦੇ ਹਨ 1 ਇਸ ਨਾਲ ਕਿਲੇ ਵਿਚ ਕੇਦੀਆਂ ਦੀ ਵੀ ਖ਼ੁਰਾਕ ਤੇ ਪੋਸ਼ਾਕ ਬਦਲ ਗਈ 1 ਜੋ ਰਕਮ ਗੁਰੂ ਸਾਹਿਬ ਦੇ ਖਰਚੇ ਲਈ ਸਿਖ ਲੇਕੇ ਆਂਦੇ ਓਹ ਰਾਜਿਆਂ ਤੇ ਖਰਚ ਕਰ ਦਿੰਦੇ ਤੇ ਆਪ ਸਾਦੀ  ਖੁਰਾਕ ਖਾਂਦੇ 1 ਜੇਲ  ਵਿਚ ਨਾਮ ਸਿਮਰਨ , ਭਜਨ ਬੰਦਗੀ ਕਰਕੇ  ਮਹੋਲ ਹੀ ਬਦਲ ਗਿਆ ,ਰੋਣਕਾ ਲਗ ਗਈਆਂ 1  ਗੁਰੂ ਸਾਹਿਬ ਦੀ ਕਥਨੀ ਕਰਣੀ ਰਹਿਣੀ , ਬਹਿਣੀ  ਦਾ  ਇਤਨਾ  ਪ੍ਰਭਾਵ ਪਿਆ ਕਿ ਕੈਦੀਆ ਨੇ ਸੰਗਤ ਵਿਚ ਜੁੜਨਾ ਸ਼ੁਰੂ ਕਰ ਦਿਤਾ1

ਕਿਲੇ ਤੋ ਬਾਹਰ ਇਹ ਆਲਮ ਸੀ ਕਿ ਬਾਬਾ ਬੁਢਾ ਤੇ  ਭਾਈ ਗੁਰਦਾਸ ਨੇ  ਗੁਰੂ ਹਰ ਗੋਬਿੰਦ ਸਾਹਿਬ ਦੀ ਗ੍ਰਿਫਤਾਰੀ ਤੋਂ ਬਾਦ ਪਿੰਡਾਂ ਵਿਚ ਫਿਰ ਫਿਰ ਕੇ  ਗੁਰ-ਪਿਆਰ ਨੂੰ ਬੁਲੰਦ ਕੀਤਾ , ਇਤਨਾ ਪਿਆਰ ਕੀ ਪਿੰਡਾਂ ਦੇ ਪਿੰਡ ਆਕੇ ਗਵਾਲੀਅਰ ਦੇ ਕਿਲੇ ਦੀ ਪ੍ਰਕਰਮਾ ,ਕੀਰਤਨ  ਕਰਦੇ ਤੇ ਕਿਲੇ ਦੀਆਂ ਦੀਵਾਰਾਂ ਨੂੰ ਚੁੰਮ  ਕੇ, ਮਥਾ ਟੇਕ ਕੇ   ਵਾਪਸ ਚਲੇ ਜਾਂਦੇ 1 ਇੰਜ ਲਗਣ ਲਗ ਪਿਆ ਜਿਵੈਂ ਸਿਖ ਸੰਗਤਾ ਵਿਚੋ ਮੁਗਲ ਹਕੂਮਤ ਦਾ ਭੈ ਨਿਕਲ ਗਿਆ ਹੈ ਤੇ ਟਕਰ ਲੈਣ ਲਈ ਤਿਆਰ- ਬਰ- ਤਿਆਰ ਹਨ 1   ਬਾਬਾ ਬੁਢਾ ਤੇ ਭਾਈ ਗੁਰਦਾਸ ਨਾਲ ਸੰਗਤਾ ਦੀਆਂ  ਚੋਕੀਆਂ , ਵਜੀਰ ਖਾਨ , ਮਿਆਂ ਮੀਰ ਤੇ ਨੂਰਜਹਾਂ ਦਾ ਦਬਾਓ, ਰ੍ਬੀ ਸਿਫਤ ਸਲਾਹ ਤੇ ਕੀਰਤਨ ਦੇ ਨਾਲ ਨਾਲ ਗੁਰੂ ਸਹਿਬ ਦੀ ਵਧਦੀ ਸ਼ੁਹਰਤ ਨੇ ਜਹਾਗੀਰ  ਨੂੰ ਮਜਬੂਰ ਕਰ ਦਿਤਾ  ਗੁਰੂ ਸਾਹਿਬ ਨੂੰ ਰਿਹਾ ਕਰਣ ਲਈ   1  ਗੁਰੂ ਸਾਹਿਬ ਨੇ ਸ਼ਰਤ ਰਖੀ ਉਨਾ ਨਾਲ ਸਾਰੇ ਕੇਦੀਆਂ ਨੂੰ ਰਿਹਾ ਕਰਨ ਦੀ 1 ਇਕ ਸ਼ਰਤ ਜਹਾਂਗੀਰ ਨੇ ਵੀ ਰਖ ਦਿਤੀ ਕੀ ਜੋ ਤੁਹਾਡਾ ਚੋਲਾ ਪਕੜ ਕੇ ਬਾਹਰ ਆ ਜਾਣ ਉਨਾ ਨੂੰ ਰਿਹਾ ਕਰ ਦਿਤਾ ਜਾਏਗਾ 1

ਚੋਲਾ ਸਿਓਂਣ  ਲਈ  ਜੇਲ ਦੇ ਦਰਜੀ ਨੂੰ  ਬੁਲਾਇਆ ਗਿਆ 1 ਗੁਰੂ ਸਾਹਿਬ ਨੇ  52 ਕਲੀਆ  ਵਾਲਾ ਚੋਲਾ ਤਿਆਰ ਕਰਨ ਲਈ  ਕਿਹਾ 1 ਦਰ੍ਜੀ ਦੇ ਹਥ ਵਿਚ  ਇਕ ਚੋਲਾ ਸੀ ਜੋ ਚੰਦੂ  ਨੇ ਗੁਰੂ ਸਾਹਿਬ ਲਈ  ਭੇਜਿਆ ਸੀ , ਜਿਸਦੇ ਵਿਚ ਬਰੀਕ ਸ਼ੀਸ਼ੇ  ਦੀਆਂ  ਤਾਰਾਂ ਵਿਚ ਜਹਿਰ ਲਗਾ ਹੋਇਆ ਸੀ , 1 ਜਦ ਹਰਿਦਾਸ ਨੇ ਗੁਰੂ ਸਹਿਬ ਦੇ ਦਰਸ਼ਨ ਕੀਤੇ , ਉਸਨੂੰ ਉਨਾ ਵਿਚੋਂ ਇਲਾਹੀ ਨੂਰ ਦੀ ਝਲਕ ਨਜਰ ਆਈ   ਉਸਦਾ ਮਨ ਭਰ ਆਇਆ 1 ,ਉਸ ਕੋਲੋਂ ਰਿਹਾ ਨਾ  ਗਿਆ ਉਸਨੇ ਗੁਰੂ ਸਾਹਿਬ  ਨੂੰ ਚੰਦੂ ਦਾ ਚੋਗਾ ਪਹਿਨਣ  ਤੋ ਮਨਾ  ਕਰ ਦਿਤਾ  ਤੇ ਸਭ ਕੁਛ ਸਚ  ਦਸ ਦਿਤਾ1 ਪਰ  52 ਕਲੀਆਂ ਦਾ  ਚੋਗਾ ?,ਓਹ ਹੈਰਾਨ ਸੀ , ਉਸਨੇ ਸਵਾਲ ਕੀਤਾ ਕੀ ਤੁਹਾਨੂੰ  52 ਕਲੀਆਂ ਵਾਲਾ ਚੋਗਾ ਕਿਓਂ  ਚਾਹਿਦਾ ਹੈ, ਕੀ ਇਹ ਤੁਹਾਡੇ ਕੋਈ ਦੋਸਤ ਮਿਤਰ ਜਾਂ ਰਿਸ਼ਤੇਦਾਰ ਹਨ1  ਤਾਂ ਗੁਰੂ ਸਾਹਿਬ ਨੇ ਜਵਾਬ ਦਿਤਾ ,ਮੇਰਾ ਇਨ੍ਹਾ ਨਾਲ ਓਹੀ ਰਿਸ਼ਤਾ ਹੈ ਜੋ ਇਕ ਮਨੁਖ ਦਾ  ਮਨੁਖ ਨਾਲ ਹੋਣਾ ਚਾਹੀਦਾ ਹੈ  1 ਇਹ ਸੁਣਕੇ ਹਰਿਦਾਸ ਉਨਾ ਦੇ ਪਿਆਰ ਸਤਕਾਰ ਤੇ ਸ਼ਰਧਾ ਨਾਲ ਇਤਨਾ ਭਿਜ ਗਿਆ ਕਿ ਹਕੂਮਤ ਦੀ ਨੋਕਰੀ ਛਡ ਕੇ ਗੁਰੂ ਸਾਹਿਬ ਦਾ ਸਿਖ ਬਣ ਗਿਆ 1 ਇਸੇ ਮਹਾਂ ਆਤਮਾ ਨੇ ਗੁਰੂ ਸਾਹਿਬ ਦੇ ਖਾਣੇ ਦਾ ਇੰਤਜ਼ਾਮ ਗਵਾਲੀਅਰ ਦੇ ਇਕ ਕਰਤੀ ਸਿਖ ਦੇ ਘਰ ਕੀਤਾ ਸੀ 1

 ਤਕਰੀਬਨ ਡੇਢ ਸਾਲ  ਗਵਾਲੀਅਰ  ਦੇ ਕਿਲੇ ਵਿਚ ਰਹੇ ਤੇ  ਕੈਦ  ਤੋਂ ਮੁਕਤ ਹੋਣ  ਤੋਂ ਬਾਦ ਅਮ੍ਰਿਤਸਰ ਪਰਤ ਆਏ 1 ਓਨਾ ਦੇ ਅਓਣ ਦੀ ਖੁਸ਼ੀ ਵਿਚ ਸੰਗਤਾ ਨੇ ਦਰਬਾਰ ਸਾਹਿਬ ਵਿਖੇ ਦੀਪਮਾਲਾ ਕੀਤੀ , ਜੋ ਪਰੰਪਰਾ  ਅਜ ਤਕ ਕਾਇਮ ਹੈ  1 ਜਹਾਂਗੀਰ ਨੂੰ ਵੀ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਚੁਕਾ ਸੀ , ਚੰਦੁ ਦੀ ਦੁਸ਼ਮਣੀ ਦਾ ਕਾਰਨ ਵੀ ਸਮਝ ਆ ਚੁਕਾ ਸੀ , ਓਸਨੇ ਮੁਜਰਮ ਦੀ ਹ੍ਸੀਅਤ ਵਿਚ ਚੰਦੁ ਤੇ ਉਸਦੇ ਪਰਿਵਾਰ  ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਦਿਤਾ 1 ਪਰਿਵਾਰ ਨੂੰ ਤਾਂ ਛਡ ਦਿਤਾ ਗਿਆ  ਪਰ ਚੰਦੁ ਨੂੰ ਸਜਾ ਦੇਣ ਦੀ ਜਿਮੇਦਾਰੀ ਭਾਈ ਬਿਥੀ ਚੰਦ ਨੂੰ ਦੇ ਦਿਤੀ ਗਈ ਕਿਓਂਕਿ ਗੁਰੂ ਘਰ ਵਿਚ ਇਹੋ ਜਹੇ ਸੰਗੀਨ ਜੁਰਮ ਬਖਸ਼ੇ ਨਹੀਂ ਜਾਂਦੇ 1 ਰੋਹ ਵਿਚ ਆਏ ਸਿਖਾਂ ਨੇ  ਉਸਦਾ ਮੂੰਹ ਕਾਲਾ ਕਰਕੇ ਨਕ ਵਿਚ ਨਕੇਲ ਪਾਕੇ ਪੂਰੇ ਲਾਹੋਰ ਦੇ ਬਾਜ਼ਾਰਾਂ  ਵਿਚ ਘਸੀਟਿਆ  1 ਜਿਸ ਭੜਭੂੰਜੇ ਤੋਂ ਚੰਦੁ ਨੇ ਗੁਰੂ ਸਾਹਿਬ ਦੇ ਸੀਸ ਤੇ ਰੇਤਾ  ਪਵਾਇਆ ਸੀ  ਜਦ ਚੰਦੁ ਉਸਦੀ ਭਠੀ ਅਗੋਂ ਲੰਘਿਆ ਤਾਂ ,ਉਸਨੇ ਉਹੀ  ਕੜਛਾ  ਓਸਦੇ ਸਿਰ ਤੇ ਇਤਨੀ ਜੋਰ ਨਾਲ ਮਾਰਿਆ ਕਿ ਉਸਦੀ ਉਥੇ ਹੀ ਮੋਤ ਹੋ ਗਈ  1

 ਗਵਾਲੀਅਰ ਦੀ ਰਿਹਾਈ ਤੋਂ ਬਾਦ ਸਿਖਾਂ ਵਿਚ ਨਵਾਂ ਜੋਸ਼ ਤੇ ਉਤਸਾਹ ਵਧਿਆ 1 ਬਹੁਤ ਸਾਰੇ ਲੋਕ ਜੋ ਪਹਿਲਾਂ ਟੀਕਾ -ਟਪਣੀ ਕਰਦੇ ਸੀ ਗੁਰੂ ਸਾਹਿਬ ਦੇ ਨਾਲ ਹੋ ਗਏ 1 ਦੁਸ਼ਮਨ ਵੀ ਚੁਪ ਹੋ ਗਏ 1 ਜਹਾਂਗੀਰ ਤੇ ਗੁਰੂ ਸਾਹਿਬ ਦੇ  ਸਬੰਧ  ਚੰਗੇ ਤੇ ਦੋਸਤਾਨਾ ਹੋ ਗਏ ਜਿਸ ਨੂੰ ਜਹਾਂਗੀਰ ਨੇ  ਮਰਦੇ ਦਮ ਤਕ ਨਿਭਾਇਆ  1 ਰਿਹਾਈ ਤੋ ਬਾਦ ਆਗਰੇ ਜਹਾਂਗੀਰ ਤੇ ਗੁਰੂ ਸਾਹਿਬ ਕਾਫੀ ਦੇਰ ਇਕਠੇ ਰਹੇ , ਇਕਠੇ ਸ਼ਿਕਾਰ ਖੇਡਣ ਜਾਂਦੇ ਤੇ ਸ਼ਿਕਾਰੀ ਕੈਂਪਾਂ ਵਿਚ ਰਹਿੰਦੇ ੧ਪੂਰੇ 13 ਸਾਲ ਅਮਨ-ਚੈਨ ਰਿਹਾ ਜਿਸ ਵਿਚ ਸਿਖੀ ਨੂੰ ਵਧਣ ਫੁਲਣ ਦਸ ਸਮਾ  ਮਿਲਦਾ ਰਿਹਾ  1ਗੁਰੂ ਸਾਹਿਬ ਨੇ ਫੌਜਾਂ ਵਿਚ ਨਵਾਂ ਤ੍ਸ਼ਾਹ ਭਰਿਆ 1 ਸਿਖ ਫੌਜਾਂ ਅਮ੍ਰਿਤਸਰ ਦੇ ਆਲੇ ਦੁਆਲੇ ਘੁੰਮਦੀਆਂ ਦੇਖ ਕੇ TRUMPH ਲਿਖਦਾ ਹੈ ਕੀ ਲਗਦਾ ਸੀ ਕੀ ਜਾਂ ਤਾਂ ਪੰਜਾਬ ਵਿਚ ਮੁਗਲ ਰਾਜ ਦਾ ਖਾਤਮਾ  ਹੋ ਗਿਆ ਹੈ ਜਾਂ ਜਾ ਹਕੂਮਤ ਇਤਨੀ ਘਟ ਸਮਝ ਵਾਲੀ ,ਆਲਸੀ, ਕਮਜੋਰ , ਆਲਸੀ ਯਾ ਨਿਕੰਮੀ ਹੋ ਚੁਕੀ ਹੈ ਜੋ ਇਸ ਵਧਦੀ ਤਾਕਤ ਨੂੰ ਰੋਕ ਨਹੀਂ ਸਕੀ 1 ਜਹਾਂਗੀਰ ਨਾਲ ਦੋਸਤੀ ਕਾਇਮ ਕਰਨੀ ਗੁਰੂ ਸਾਹਿਬ ਦੀ   ਸੂਝਵਾਨ ਨੀਤੀ  ਸੀ  ਜਿਸ ਕਰਕੇ ਨਵੀਂ ਨਵੀਂ ਸੰਤ-ਸਿਪਾਹੀ ਵਾਲੀ ਸਿਖੀ ਨੂੰ  ਵਧਣ ਫੁਲਣ ਦਾ ਮੋਕਾ ਮਿਲ ਗਿਆ 1

 ਜਦ ਜਹਾਂਗੀਰ ਕਸ਼ਮੀਰ ਗਿਆ ਤੇ ਗੁਰੂ ਸਾਹਿਬ ਨੂੰ ਵੀ ਸਦ ਲਿਆ 1   ਗੁਰੂ ਸਾਹਿਬ ਆਪਣੇ ਤੇਜ਼ ਰਫਤਾਰ ਵਾਲੇ ਨੀਲੇ ਘੋੜੇ ਤੇ ਸਵਾਰ ਹੋਕੇ ਸਿਆਲਕੋਟ ,ਵਜ਼ੀਰਾਬਾਦ, ਮੀਰਪੁਰ, ਭਿਮ੍ਬਰ , ਬੇਹਰਾਮਪੁਰ  ਰਾਹੀ ਸੁਪਈਆਂ  ਪੁਜੇ 1 ਇਥੇ ਕਈਆਂ ਨੂੰ ਸਿਖੀ ਦਾਂ ਬਖਸ਼ਿਆ 1  ਰਾਜੋਰੀ ਤੋ ਹੁੰਦੇ ਧਾਨਾ  ਮੰਡੀ , ਪੀਰ -ਮਾਰਗ , ਅਲਿਆਬਾਦ ਸਰਾਏ ਆਦਿ ਤੇ ਕਟੂ ਸ਼ਾਹ ਦੀ ਜਗਹ ਤੇ ਜਾ ਉਤਾਰਾ ਕੀਤਾ1   ਇਸਤੋਂ ਬਾਅਦ ਖਾਂ ਪੁਰ ਸਾਰੇ ਹੁੰਦੇ ਹੋਏ ,ਨਗਰ ਕਾਠੀ ਜਾ ਉਤਰੇ ਇਥੇ  ਮਾਈ ਭਾਗਭਰੀ ਹਥੀ ਸੂਤ  ਕਤਕੇ ਆਪ ਲਈ ਚੋਲਾ ਬਣਵਾ ਕੇ ਉਡੀਕ ਰਹੀ ਸੀ 1 ਗੁਰੂ ਸਾਹਿਬ ਆਪਣਾ ਚੋਲਾ ਲੇਣ ਵਾਸਤੇ  ਉਸਦੇ ਘਰ ਗਏ 1 ਇਥੇ ਇਹ 13 ਦਿਨ ਰਹੇ 1 ਕਾਫੀ ਸਮਾਂ  ਸ਼ਾਲੀਮਾਰ ਬਾਗ ਰਹਿ ਕੇ ਸਿਖੀ ਪ੍ਰਚਾਰ ਕਰਦੇ ਰਹੇ 1  ਨਾਸ਼ਾਤ  ਬਾਗ  ਵਿਚ ਜਹਾਂਗੀਰ  ਦਾ ਕੈਂਪ ਸੀ, ਉਸ ਨੂੰ ਮਿਲੇ  1 ਸਿਰੀ ਨਗਰ ਤੋ ਬਾਦ, ਬਾਰਾਮੂਲਾ, ਕੋਟ ਤੀਰਥ ਆਕੇ ਠਹਿਰੇ 1 ਬਾਰਾਮੂਲਾ ਵਿਚ ਛੇਵੀਂ ਪਾਤਸ਼ਾਹੀ ਦਾ ਗੁਰੂਦਵਾਰਾ ਸਿਖ ਵਿਰਾਸਤ ਦੀ ਬੇਮਿਸਾਲ ਯਾਦਗਾਰ ਹੈ 1 ਕੋਟ ਤੀਰਥ ਜੇਹਲਮ ਦੇ ਸਜੇ ਕਿਨਾਰੇ, ਚਟਾਨੀ ਪਹਾੜੀ ਦੇ ਦਾਮਨ ਤੇ ਆਪਣਾ ਕੈਂਪ  ਲਗਾਇਆ 1 ਕਈ ਦਿਨ ਇਥੇ ਵੀ ਠਹਿਰੇ 1 ਜਹਾਂਗੀਰ ਵੀ ਇਥੇ ਆਇਆ 1 ਸੰਗ ਤਰਾਸ਼  ਨੇ ਬਾਦਸ਼ਾਹ ਨੂੰ ਇਕ ਖੂਬਸੂਰਤ ਸੰਗਮਰਮਰ  ਦਾ ਤਖਤ ਦਿਤਾ  , ਜੋ ਉਸਨੇ ਗੁਰੂ ਸਾਹਿਬ ਨੂੰ  ਤੋਹਫ਼ੇ ਵਜੋਂ ਭੇਟ ਕਰ ਦਿਤਾ 1 ਇਸਤੇ ਬੈਠਕੇ ਗੁਰੂ ਸਾਹਿਬ ਕਾਫੀ ਦਿਨ ਪ੍ਰਚਾਰ ਕਰਦੇ ਰਹੇ 1 ਬਾਰਾਮੂਲਾ ਦੀਆਂ ਸੰਗਤਾ ਨੇ ਗੁਰੂ ਸਹਿਬ ਨੂੰ ਇਕ ਚਿਨਾਰ ਦਾ ਪੋਦਾ ਨਿਸ਼ਾਨੀ ਵਜੋਂ  ਆਪਣੀ ਹਥੀਂ ਲਗਾਣ  ਲਈ ਬੇਨਤੀ ਕੀਤੀ 1 ਬਰਾਮੁਲੇ ਗੁਰੂ ਸਾਹਿਬ ਕਲਮ ਪੁਰਾ ਸ਼ਿਕਾਰ ਖੇਡਣ ਜਾਂਦੇ ਰਹੇ 1

ਇਥੋਂ  ਜਾਣ  ਤੋਂ  ਬਾਅਦ ਭਾਈ ਦਇਆ ਨੇ ਉਸ ਪੱਥਰ ਦੇ ਆਸ ਪਾਸ ਥੜਾ ਸਾਹਿਬ ਦੀ ਤਮੀਰ  ਕੀਤੀ 1 ਉਨ੍ਹਾ ਤੋਂ ਬਾਅਦ ਭਾਈ ਲਾਲ ਚੰਦ, ਬਾਈ ਜੱਸਾ ਸਿੰਘ ਤੇ ਭਾਈ ਗੁਰੁਦਿਆਲ ਸਿੰਘ ਬੜੀ ਸ਼ਰਧਾ ਨਾਲ ਸੇਵਾ ਕਰਦੇ ਰਹੇ 1 ਸਿਖ ਰਾਜ ਸਮੇ ਜਦੋਂ ਹਰੀ ਸਿੰਘ ਨਲੂਆ ਕਸ਼ਮੀਰ ਦੇ ਗਵਨਰ ਬਣੇ ਤਾਂ ਇਥੇ ਗੁਰੁਦਵਾਰੇ ਦੀ ਨਵ-ਉਸਾਰੀ ਵਲ ਖਾਸ ਧਿਆਨ ਦਿਤਾ, ਤਿੰਨ ਪਿੰਡ ਜਗੀਰ ਵਜੋਂ ਗੁਰੂਦਵਾਰੇ  ਦੇ ਨਾਮ ਲਗਵਾਏ 1 ਮਹਾਰਾਜਾ ਰਣਜੀਤ ਸਿੰਘ ਨੇ ਚਾਰ ਪਿੰਡ ਤੇ ਤਿੰਨ ਹਜ਼ਾਰ ਰੂਪਏ ਸਾਲਾਨਾ ਵਜੋਂ ਲਗਾਏ ਜੋ ਡੋਗਰਾ ਰਾਜ ਸਮੇ ਬੰਦ ਹੋ ਗਏ 1

ਬਾਰਾਮੂਲਾ ਤੋ ਚਲ ਕੇ ਗੁਰੂ ਸਾਹਿਬ ਉੜੀ, ਦੋ ਲਾਜਾ ਉੜੀ , ਕਠਾਈ ,ਖਾਦਾ, ਨਲੂਛੀ ਤੇ ਮੁਜ਼ਾਬਰਾ ਬਾਦ ਪੁਜੇ ਤੇ ਆਪਣੇ ਪ੍ਰਚਾਰ ਰਾਹੀਂ  ਲੋਕਾਂ ਨੂੰ ਗੁਰੂਨਾਨਕ ਦੀ ਸਿਖੀ ਨਾਲ ਜੋੜਦੇ ਰਹੇ ਤੇ ਦੁਖ ਦੂਰ ਕਰਦੇ ਰਹੇ 1 ਇਥੇ ਸਿਖ ਸੰਗਤਾਂ ਨੇ ਗੁਰੂ ਸਾਹਿਬ ਦੀ ਯਾਦ ਵਿਚ ਗੁਰੁਦਵਾਰੇ ਉਸਾਰੇ  ਹਜਾਰੇ ਤੋ ਹੁੰਦੇ ਹਸਨ ਅਬਦਾਲ ਪਹੁੰਚੇ 1  ਕਸ਼ਮੀਰ ਵਿਚ ਸਿਖੀ ਪ੍ਰਚਾਰ ਲਈ ਭਾਈ ਗੜੀਏ ਨੂੰ ਨੀਅਤ ਕੀਤਾ 1

ਇਕ ਦਿਨ  ਜਹਾਂਗੀਰ  ਨੇ ਗੁਰੂ ਸਾਹਿਬ ਤੋ ਪੁਛਿਆ ਕੀ ਤੁਹਾਨੂੰ ਸਿਖ ਸਚਾ ਪਾਤਸ਼ਾਹ ਕਿਓਂ ਕਹਿੰਦੇ ਹਨ 1 ਗੁਰੂ ਸਾਹਿਬ ਨੇ ਕਿਹਾ ਮੈਨੂੰ  ਤਾ ਪਤਾ ਨਹੀਂ ਸਿਖਾ ਕੋਲੋਂ ਪੁਛ ਲੇਣਾ 1 ਕਸ਼ਮੀਰ ਦੀ  ਵਾਪਸੀ  ਦੇ ਰਸਤੇ ਵਿਚ ਦੋਨੋ ਨੇ ਤੰਬੂ ਗਡ ਕੇ  ਡੇਰਾ ਕੀਤਾ,  ਦੋਨੋ ਦੇ ਤੰਬੂ ਨੇੜੇ ਨੇੜੇ ਸਨ 1 ਜਦ ਸਿਖਾਂ ਨੂੰ ਪਤਾ ਚਲਿਆ ਤਾਂ ਇਕ ਸਿਖ ਜੋ ਬਹੁਤ ਗਰੀਬ ਸੀ , ਬੜੀ ਮੇਹਨਤ ਨਾਲ ਦੋ ਕਸੀਰੇ ਇਕਠੇ ਕੀਤੇ ਤੇ ਇਕ ਘਾਹ ਦੀ ਪੰਡ ਚੁੱਕ ਕੇ ਗੁਰੂ ਸਾਹਿਬ ਦੇ ਦਰਸ਼ਨਾ ਲਈ ਆਇਆ  ਗਲਤੀ ਨਾਲ ਓਹ ਜਹਾਂਗੀਰ ਦੇ ਤੰਬੂ ਵਿਚ ਚਲਾ ਗਿਆ , ਮਥਾ  ਟੇਕਿਆ ਤੇ ਹਥ ਜੋੜ ਕੇ ਬੇਨਤੀ ਕਰਨ ਲਗਾ ,ਮੇਰਾ ਲੋਕ ਤੇ ਪ੍ਰਲੋਕ ਸਵਾਰ ਦਿਓ 1 ਜਹਾਂਗੀਰ ਸਮਝ ਗਿਆ ਕੀ ਇਹ ਗਲਤੀ ਨਾਲ ਇਥੇ ਆ ਗਿਆ ਹੈ 1 ਜਹਾਂਗੀਰ ਨੇ ਕਿਹਾ , ਮੇਰੇ ਵਿਚ ਲੋਕ ਤੇ ਪ੍ਰਲੋਕ ਸਵਾਰਨ ਦੀ ਤਾਕਤ ਤਾਂ  ਨਹੀ ਹੈ 1 ਹਾਂ ਮੈ ਤੇਨੂੰ  ਧੰਨ  ਦੌਲਤ ਤੇ ਜਾਗੀਰਾਂ ਦੇ ਸਕਦਾ ਹਾਂ 1 ਉਸਨੇ ਆਪਣੇ ਦਰਬਾਰੀ  ਨੂੰ ਘਾਹੀ ਨੂੰ ਮੋਹਰਾਂ ਦੀ ਥੇਲੀ ਦੇਣ ਵਾਸਤੇ ਕਿਹਾ 1 ਘਾਹੀ ਨੂੰ ਸਮਝ ਆ ਗਈ ਕੀ ਓਹ ਗਲਤ ਜਗਹ ਤੇ ਆ ਗਿਆ ਹੈ 1 ਉਸਨੇ ਆਪਣੇ ਕਸੀਰੇ ਤੇ ਘਾਹ  ਦੀ ਪੰਡ ਚੁਕ ਲਈ 1 ਜਹਾਂਗੀਰ ਨੇ ਕਿਹਾ ਕੀ ਇਹ ਤਾਂ ਤੂੰ ਭੇਟਾ ਕਰ ਚੁਕਾ ਹੈ ਇਸਨੂੰ ਵਾਪਸ ਲੈਣਾ ਠੀਕ ਨਹੀਂ 1  ਉਸਨੇ ਕਿਹਾ ਕੀ ਇਹ ਤੇ ਮੈ  ਆਪਣੇ ਗੁਰੂ ਸਹਿਬ ਵਸਤੇ ਲੇਕੇ  ਆਇਆ  ਹਾਂ ਇਹ ਨਹੀ ਦੇ ਸਕਦਾ 1 ਤਾਂ ਜਹਾਂਗੀਰ ਨੇ ਕਿਹਾ  ਗੁਰੂ ਸਾਹਿਬ  ਨੂੰ  ਤੂੰ  ਇਹ ਮੋਹਰਾਂ  ਦੀ ਥੇਲੀ  ਭੇਟ ਕਰ ਦਈ 1  ਪਰ ਉਸਨੇ ਫਿਰ ਵੀ ਪੰਡ  ਚੁਕ ਲਈ 1 ਜਹਾਂਗੀਰ ਨੇ ਕਿਹਾ  ਮੈਨੂੰ  ਤਾਂ ਅਜ ਤਕ ਕਿਸੇ ਨੇ ਘਾਹ  ਨਹੀ ਭੇਟ ਕੀਤਾ ਤੇ ਅਜ ਤੂੰ ਓਹ ਵੀ ਵਾਪਸ ਲੈਕੇ ਜਾ ਰਿਹਾਂ ਹੈਂ , ਤੂੰ ਤਾਂ ਮੈਨੂ ਕਖਾਂ ਤੋ ਵੀ ਹਲਕਾ ਕਰ ਚਲਿਆਂ ਹੈਂ1  ਓਹ ਮੋਹਰਾਂ ਦੀ ਥੇਲੀ ਉਥੇ  ਛਡ ਕੇ ਆਪਣੀ ਪੰਡ ਚੁਕ ਕੇ ਲੈ ਗਿਆ 1  ਜਹਾਂਗੀਰ   ਦੇ ਮਨ ਵਿਚ ਆਇਆ ਦੇਖਾਂ ਤਾਂ ਸਹੀ ਗੁਰੂ ਇਸ ਨਾਲ ਕਿਵੈ ਸਲੂਕ ਕਰਦਾ ਹੈ, ਓਹ ਤੰਬੂ  ਤੋ ਬਾਹਰ ਨਿਕਲਿਆ 1 ਘਾਹੀ ਨੇ ਘਾਹ ਦੀ ਪੰਡ ਗੁਰੂ ਸਾਹਿਬ ਅਗੇ ਰਖੀ, ਕਸੀਰੇ ਭੇਟ ਕੀਤੇ 1 ਗੁਰੂ ਸਾਹਿਬ ਨੇ ਉਸਨੂੰ ਘੁਟ ਕੇ ਜਫੀ ਪਾ ਲਈ , ਆਸ਼ੀਰਵਾਦ ਦਿਤਾ ਤੇ ਕਿਹਾ ਮੈਂ ਤੇਨੂੰ  ਤਿੰਨ ਦਿਨ ਦਾ ਉਡੀਕ ਰਿਹਾਂ ਸੀ 1 ਹੁਣ ਜਹਾਂਗੀਰ ਨੂੰ ਸਮਝ ਆ ਗਈ ਕੀ ਇਨਾ ਨੂੰ ਸਿਖ ਸਚਾ ਪਾਤਸ਼ਾਹ  ਕਿਓਂ ਕਹਿੰਦੇ ਹਨ 1

ਕੁਝ ਚਿਰ ਕਸ਼ਮੀਰ ਠਹਿਰ ਕੇ ਓਹ ਬਾਰਾਮੂਲਾ ਦੇ ਰਸਤਿਓਂ ਪੰਜਾਬ ਵਾਪਸ ਆਏ,  ਤਾਂ ਰਸਤੇ ਵਿਚ ਗੁਜਰਾਤ,  ਉਨਾ ਦੀ ਮੁਲਾਕਾਤ ਫਕੀਰ ਸ਼ਾਹ ਦੌਲਾ ਨਾਲ ਹੋਈ  ਜੋ ਇਕ ਨਾਮੀ ਫਕੀਰ ਸਨ 1 ਗੁਰੂ ਸਾਹਿਬ ਦੇ ਠਾਠ ਬਾਠ, ਘੋੜੇ, ਸ਼ਾਸ਼ਤਰ ਬਸਤਰ  ਦੇਖਕੇ , ਉਨਾ ਦੇ ਮੰਨ ਵਿਚ ਕੁਝ ਸਵਾਲ ਉਠੇ ” ਗੁਰੂ ਨਾਨਕ ਦੇਵ ਜੀ ਤਾਂ ਇਕ ਦਿਮਾਗੀ ਸਾਧੂ ਸੀ , ਤੁਸੀਂ ਹਥਿਆਰ ਬੰਧ ਹੋ, ਫੌਜਾਂ ਤੇ ਘੋੜੇ ਰਖੇ ਹੋਏ ਹਨ ਤੁਸੀਂ ਕੇਸੇ  ਸਾਥੁ ਹੋ ?

            ਹਿੰਦੂ ਕੀ ਤੇ ਫਕੀਰੀ ਕੀ

            ਔਰਤ ਕੀ ਤੇ ਪੀਰੀ ਕੀ

            ਪੁਤਰ ਕੀ ਤੇ ਵੈਰਾਗ ਕੀ

            ਦੌਲਤ ਕੀ ਤੇ ਤਿਆਗ ਕੀ

ਜਿਸਦਾ ਭਾਵ ਸੀ ਕੀ ਇਹ ਸਭ ਕੁਝ ਹੁੰਦਿਆਂ ਕੋਈ ਫਕੀਰ ਕਿਵੈ ਹੋ ਸਕਦਾ ਹੈ ? ਗੁਰੂ ਸਾਹਿਬ ਨੇ ਜਵਾਬ ਦਿਤਾ 1

           ਔਰਤ ਇਮਾਨ , ਪੁਤਰ ਨਿਸ਼ਾਨ , ਦੌਲਤ ਗੁਜਰਨ , ਫ਼ਕੀਰ ਨਾ ਹਿੰਦੂ ਨਾ ਮੁਸਲਮਾਨ

ਉਨਾ ਨੇ ਫਿਰ ਸਵਾਲ ਕੀਤਾ

          ਆਰਫ਼ ਕਿਆ, ਦੁਨੀਆਦਾਰੀ ਕਿਆ

          ਮਜਹਬ ਕਿਆ ਸਚਿਆਰ ਕਿਆ

          ਪੁਜਾਰੀ ਕਿਆ, ਸੁਆਬ ਕਿਆ

          ਮਾਰੂਥਲ ਕਿਆ ਔਰ ਆਬ ਕਿਆ

ਗੁਰੂ ਸਾਹਿਬ ਨੇ ਜਵਾਬ ਦਿਤਾ

         ਆਰਫ਼ ਬਿਚਾਰ ਹੈ

         ਮਜਹਬ ਸੁਧਾਰ ਹੈ

         ਪੁਜਾਰੀ ਆਚਾਰ ਹੈ

         ਮਾਰੂਥਲ ਮੈਂ ਜਲ ਕੁਦਰਤ ਕਰਤਾਰ ਹੈ 1

ਫ਼ਕੀਰ ਇਹ ਸੁਣ ਕੇ ਬਹੁਤ ਖੁਸ਼ ਹੋਇਆ ਉਠ ਕੇ ਗੁਰੂ ਸਾਹਿਬ ਦੇ ਚਰਨ ਪਕੜ ਲਏ ਕਿਹਾ ,’ ਨਾਨਕ ਫਕੀਰ ਦੁਨਿਆ ਦੇ ਪੀਰ 1 ਗੁਰੂ ਸਾਹਿਬ ਨੇ ਸਿਖੀ ਬਾਰੇ ਦਸਿਆ

          ਸਾਹਿਬੇ ਕਲਾਮ -ਗੁਰੂ ਗ੍ਰੰਥ ਸਾਹਿਬ

          ਸਾਹਿਬੇ ਮਕਾਮ -ਹਰਿਮੰਦਰ ਸਾਹਿਬ

          ਸਾਹਿਬੇ ਨਿਜ਼ਾਮ -ਅਕਾਲ ਤਖ਼ਤ

ਗੁਜਰਾਤ ਤੋਂ ਤੁਰ ਕੇ ਵਜ਼ੀਰਾਬਾਦ , ਭਾਈ ਕੇ ਮਟੁ -ਹਾਫਜਾਬਾਦ , ਸ਼ਰਕਪੁਰ ਤੋਂ ਹੁੰਦੇ ਨਨਕਾਣੇ ਪਹੁੰਚੇ 1 ਉਥੇ ਆਪਣੇ ਸਤਿਗੁਰ ਦੇ ਅਸਥਾਨਾ ਦੀ ਸੰਭਾਲ ਦਾ ਪ੍ਰ੍ਬੰਥ ਕੀਤਾ 1 ਪੀਲੀਭੀਤ ਦੇ ਕੋਲ ਜੋਗੀਆਂ ਦਾ ਵਡਾ ਅਸਥਾਨ ਗੋਰਖਮਤਾ , ਜਿਥੇ ਜੋਗੀ ਗੁਰੂ ਅਸਥਾਨਾ ਦੀ ਨਿਰਾਦਰੀ ਤੇ ਸਿਖਾਂ ਨੂੰ ਪਰੇਸ਼ਾਨ ਕਰਨ ਲਗ ਪਏ 1  ਗੁਰੂ ਸਾਹਿਬ ਕੁਝ ਸੂਰਬੀਰਾਂ ਨੂੰ ਲੇਕੇ ਉਥੇ ਪਹੁੰਚ ਗਏ1 ਓਹਨਾ ਨੂੰ ਆਪਣੇ ਵਿਚਾਰਾਂ ਨਾਲ ਸੋਧਿਆ 1 ਅਲ੍ਸ੍ਮਤ ਸਿਖੀ ਕੇਂਦਰ ਤੇ ਗੁਰਦਵਾਰਾ ਵੀ ਬਣਵਾਇਆ 1   ਕੁਝ ਚਿਰ ਮਗਰੋਂ ਓਹ ਨਾਲਾਗੜ  ਤੋਂ ਦੂਨ ਦੀਆਂ ਪਹਾੜੀਆਂ ਇਲਾਕਿਆਂ ਦਾ ਦੋਰਾ  ਕੀਤਾ 1  ਕਾਫੀ ਸਮਾ ਡਰੋਲੀ ਠਹਿਰੇ 1 ਸਖੀ ਸਰਵਰਾਂ ਦੇ ਉਪਾਸ਼ਕ ਸਾਧੂ ਤੇ ਰੂਪਾ ਗੁਰ ਸਿਖ ਬਣੇ ਜਿਨ ਨਾਲ ਠੰਡੇ ਪਾਣੀ ਦੀ ਸਾਖੀ ਜੁੜੀ ਹੈ 1 ਜਦੋਂ ਓਹ ਖੇਤਾਂ ਵਿਚ ਕੰਮ ਕਰ ਰਹੇ ਸਨ, ਪਿਆਸ ਲਗੀ,  ਟੰਗੀ ਟਿੰਡ ਵਿਚੋਂ ਪਾਣੀ  ਪੀਣ ਲਗੇ , ਪਾਣੀ ਇਤਨਾ  ਠੰਡਾ ਸੀ ਕੀ ਪੀਣ ਨੂੰ ਚਿਤ ਨਹੀ ਕੀਤਾ 1 ਸੋਚਿਆ ਕੀ ਕਾਸ਼ ਇਹ ਪਾਣੀ ਗੁਰੂ ਸਾਹਿਬ ਪੀਂਦੇ 1 ਅਰਦਾਸ ਕੀਤੀ ,ਇਤਨੇ ਨੂੰ ਗੁਰੂ ਸਹਿਬ ਗਰਮੀ ਵਿਚ ਘੋੜਾ ਭਜਾਈ ਆ ਪਹੁੰਚੇ ਤੇ ਆਕੇ ਪਾਣੀ ਮੰਗਿਆ 1

ਗੁਰੂ ਸਹਿਬ ਦੇ ਅਓਣ  ਤੇ ਸਭ  ਕੁਛ ਪਹਿਲੇ ਵਰਗਾ  ਹੋ ਗਿਆ 1 ਸੰਗਤਾ ਦੇ ਸਤਸੰਗ ਤੇ ਸ਼ਸ਼ਤਰ ਵਿਦਿਆ ਦਾ ਪ੍ਰਬੰਧ ਹੋਰ ਤੀਬਰ ਹੋ ਗਿਆ 1 ਰਿਹਾਈ  ਤੋ ਬਾਅਦ ਜਦ ਮੁਗਲ ਹਕੂਮਤ ਦੀ ਕੋਈ ਦਖਲ ਅੰਦਾਜੀ ਨਾਂ ਰਹੀ ਤਾਂ  ਗੁਰੂ ਸਾਹਿਬ ਨੇ  ਸਿਖੀ ਪ੍ਰਚਾਰ ਤੇ ਪ੍ਰਸਾਰ ਵਲ ਧਿਆਨ ਦਿਤਾ1  ਸਿਖੀ ਪ੍ਰਚਾਰ ਲਈ ਆਪ ਕਸ਼ਮੀਰ, ਗੁਜਰਾਤ, ਵਜ਼ੀਰਾਬਾਦ, ਨਨਕਾਣਾ ਸਾਹਿਬ ਤੇ ਹੋਰ ਦੂਰ ਦੁਰੇਡੀਆਂ ਥਾਵਾਂ ਤੇ ਗਏ  ਭਾਈ ਬਹਿਲੋ , ਭਾਈ ਗੁਰਦਾਸ , ਭਾਈ ਬਿਧੀ ਚੰਦ, ਭਾਈ ਅਲਮਸਤ , ਭਾਈ ਭਗਤੂ , ਤੇ ਬਾਬਾ ਗੁਰਦਿਤਾ  ਨੂੰ ਸਿਖੀ ਪ੍ਰਚਾਰ ਦੇ ਮੁਖੀ ਨਿਯਤ ਕੀਤਾ  1 ਆਪਜੀ ਦੇ ਅਨਿਨ ਸੇਵਕਾਂ ਵਿਚੋ , ਭਾਈ ਜਵੰਦਾ ,ਭਾਈ ਤਿਲਕਾ , ਭਾਈ ਰੂਪਾ, ਭਾਈ ਸਾਧੂ ,ਤੇ ਭਾਈ ਖੀਵ ਮੁਖ ਸਨ ਜਿਨਾ ਦਾ ਸਿਖੀ ਪ੍ਰਚਾਰ ਤੇ ਪ੍ਰਸਾਰ ਵਿਚ ਬਹੁਤ ਵਡਾ ਹਥ ਸੀ 1

ਇਸਤੋਂ ਪਿਛੇ ਪੰਜਾਬ ਰਵਾਨਾ ਹੋਏ 1 ਜਹਾਂਗੀਰ ਕਸ਼ਮੀਰ ਤੋਂ ਵਾਪਸੀ ਵਕਤ  ਅਮ੍ਰਿਤਸਰ  ਵੀ ਆਇਆ ਤੇ ਅਕਾਲ ਤਖਤ ਦੀ ਉਸਾਰੀ ਲਈ ਜਾਗੀਰਾਂ ਵੀ ਦੇਣੀਆ ਚਾਹੀਆਂ ਪਰ ਗੁਰੂ ਸਾਹਿਬ ਨੇ ਇਹ ਕਹਿ ਕੇ ਮਨਾ ਕਰ ਦਿਤਾ,” ਫਕੀਰਾਂ ਨੂੰ ਜਗੀਰਾਂ ਨਾਲ ਕੀ ਵਾਸਤਾ ? ਬਾਕੀ ਇਹ ਧਰਮ ਤੇ ਨਿਆਂ ਦਾ ਤਖਤ ਹੈ  ਇਹ ਇਮਾਰਤ ਸਿਖਾਂ ਦੀ  ਮੇਹਨਤ ਤੇ ਕਿਰਤ ਕਮਾਈ ਨਾਲ ਬਣਨੀ ਹੀ ਠੀਕ ਹੇ 1

 ਥੜੇ ਦੀ ਸੇਵਾ ਭਾਈ ਦਾਇਆ ਰਾਮ  ਤੇ ਭਾਈ ਗੁਰਦਿਆਲ ਬੜੇ ਪ੍ਰੇਮ ਤੇ ਸ਼ਰਧਾ ਨਾਲ ਕਰਦੇ ਰਹੇ 1  ਬਾਦ ਵਿਚ ਜਦੋਂ ਹਰੀ ਸਿੰਘ ਨਲੂਵਾ ਕਸ਼ਮੀਰ ਦਾ ਗਵਰਨਰ ਬਣਿਆ ਇਥੇ ਗੁਰਦਵਾਰੇ ਦੀ ਉਸਾਰੀ ਕੀਤੀ 1 ਜਿਥੇ ਭਾਈ ਗੁਰਦਿਆਲ ਸਿੰਘ ਦੀ ਹਥ ਲਿਖੀ ਬੀੜ ਅਜ ਵੀ ਹੈ 1  ਨਿਸ਼ਾਨ ਸਾਹਿਬ  ਵੀ ਦਰਿਆ ਦੇ ਕੰਢੇ ਝੂਲ ਰਿਹਾ ਹੈ 1    1885 ਦੇ ਜਬਰਦਸਤ  ਭੂਚਾਲ ਨੇ ਇਹ ਇਮਾਰਤ ਤਬਾਹ ਕਰ ਦਿਤੀ ਪਰ 1905 ਸਿਖਾਂ ਨੇ  ਫਿਰ ਉਸਾਰੀ ਕਰ ਦਿਤੀ 1 45 by45 ਫੁਟ ਯਾਤਰੀਆਂ ਲਈ ਕੁਆਟਰਾਂ ਦੀ ਤ੍ਮੀਰ ਕੀਤੀ ਜੋ ਅਜ ਤਕ ਕਾਇਮ ਹਨ 1

ਉਸਤੋਂ ਬਾਦ ਓਹ ਲਾਹੋਰ  ਆਏ ਜਿਥੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਥਾਂ ਸੀ , ਦਰਸ਼ਨ ਕੀਤੇ ਤੇ ਉਨਾ ਦੀ ਯਾਦਗਾਰ ਬਣਾਨ ਦੀ ਜ਼ਿਮੇਦਾਰੀ ਭਾਈ ਲੰਗਾਹ ਨੂੰ ਸੋਂਪੀ  1 ਗੁਰੂ ਰਾਮ ਦਾਸ ਦਾ ਜਨਮ ਅਸਥਾਨ,  ਬਓਲੀ ਸਾਹਿਬ, ਡਬੀ ਬਾਜ਼ਾਰ ਦੇ ਦਰਸ਼ਨ ਕੀਤੇ ਤੇ ਲਾਹੋਰ ਵਿਚ ਗੁਰੂ ਅਸਥਾਨਾ ਦੀ ਮੁਰੰਮਤ  ਕਰਵਾਕੇ ਵਾਪਿਸ ਅਮ੍ਰਿਤਸਰ  ਪਹੁੰਚੇ 1

ਜਹਾਂਗੀਰ ਨਾਲ ਸੁਲਹ ਤੇ ਦੋਸਤੀ ਦੇ 13 ਵਰਿਆਂ ਵਿਚ ਸਿਖ ਜਥੇਬੰਦੀ ਪਕੇ ਪੈਰਾਂ ਤੇ ਖੜੀ ਹੋ ਗਈ 1 1627 ਵਿਚ ਜਹਾਂਗੀਰ ਦੀ ਮੋਤ ਹੋ ਗਈ ਜਿਸਦੀ ਜਗਹ ਖੁਰਮ ,ਸ਼ਾਹਜਹਾਂ ਦੇ ਨਾਂ ਤੇ ਗਦੀ  ਤੇ ਬੈਠਾ 1 ਇਹ  ਇਕ ਕਟੜ ਤੇ ਜਨੂਨੀ ਮੁਸਲਮਾਨ ਸੀ ਜਿਸਨੂੰ ਗੁਰੂ ਸਾਹਿਬ ਤੇ ਜਹਾਂਗੀਰ ਦੀ ਦੋਸਤੀ ਇਕ ਅਖ ਨਹੀਂ ਸੀ ਭਾਉਂਦੀ ਓਹ ਵਖਰੀ ਗਲ ਹੈ ਕੀ ਓਹ ਕੁਝ ਕਰ ਨਹੀਂ ਸਕਿਆ 1 ਗੁਰੂ ਸਾਹਿਬ ਦੇ  ਦੋਖੀ, ਮੇਹਰਬਾਨ ਤੇ ਚੰਦੂ ਦੇ ਪੁਤਰ ਕਰਮ ਚੰਦ ਨੇ  ਮੋਕਾ ਦੇਖ ਕੇ ਕੁਝ ਜਨੂਨੀ ਮੁਸਲਮਾਨ ਦਰਬਾਰੀਆਂ ਰਾਹੀਂ ਕੰਨਾ ਵਿਚ ਜ਼ਹਿਰ ਭਰਿਆ 1 ਉਸਨੇ ਆਪਣੀ ਧਾਰਮਿਕ ਪਾਲੀਸੀ ਬਦਲ ਦਿਤੀ 1 ਕੋਈ ਮੁਸਲਮਾਨ ਧਰਮ ਨਹੀਂ ਬਦਲ ਸਕਦਾ , ਹਿਜਰੀ ਕਲੰਡਰ ਨੂੰ ਆਰੰਭ ਕੀਤਾ ,, ਨਵੀਂ ਬਣੇ ਮੰਦਰਾਂ ਨੂੰ ਢਾਹੁਣ ਦਾ ਹੁਕਮ ਦਿਤਾ , ਜਿਸ ਨਾਲ ਖਾਲੀ ਬਨਾਰਸ ਜਿਲੇ ਵਿਚ ਹੀ 76 ਮੰਦਰ ਢਾਹੇ ਗਏ 1 ਪੁਰਾਣੇ ਮੰਦਰਾਂ ਦੀ ਨੂੰ ਠੀਕ ਠਾਕ ਕਰਨ ਤੇ ਰੋਕ ਲਗਾ ਦਿਤੀ 1 ਲਹੋਰ ਵਿਖੇ ਬਣੀ ਬਾਉਲੀ ਸਾਹਿਬ ਨੂੰ ਢਾਹ ਕੇ ਮ੍ਸ੍ਜਿਦ ਉਸਾਰਨ ਦਾ ਹੁਕਮ ਦਿਤਾ 1   ਸਿਖੀ ਪ੍ਰਚਾਰ ਤੇ ਰੋਕ ਲਗਾ ਦਿਤੀ -ਪਰ ਸਿਖ ਕਦ ਮੰਨਣ ਵਾਲੇ ਸੀ ਸੋ ਝੜਪ ਤਾ ਹੋਣੀ ਹੀ ਸੀ 1 ਬੀਬੀ ਕੋਲਾਂ ਦਾ ਮੁਆਮਲਾ ਫਿਰ ਉਠਾਇਆ ਗਿਆ ਤੇ ਇਸਨੂ ਕੋਝੀ ਰੰਗਤ ਦੇਕੇ ਮੋਕੇ ਦੀ ਭਾਲ ਕਰਨ ਲਗਾ 1

ਕੋਲ੍ਸਰ ਸਰੋਵਰ  –

ਇਕ ਕਾਜੀ ਦੀ ਲੜਕੀ ਬੀਬੀ ਕੋਲਾਂ  ਸਿਖੀ ਧਰਮ ਦੀ ਸ਼ਰਧਾਲੂ ਬਣ ਗਈ ਸੀ, ਜਦ ਕਾਜ਼ੀ ਨੂੰ ਪਤਾ ਚਲਿਆਂ ਤਾ ਉਸਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ 1 ਮੀਆ ਮੀਰ ਨੇ ਉਸ ਨੂੰ ਕਿਸੇ ਤਰੀਕੇ ਨਾਲ ਬਚਾ ਕੇ ਗੁਰੂ ਹਰਿਗੋਬਿੰਦ ਦੀ ਸ਼ਰਨ ਵਿਚ ਅਮ੍ਰਿਤਸਰ  ਭੇਜ ਦਿਤਾ 1 ਅਮ੍ਰਿਤਸਰ  ਗੁਰੂ ਸਾਹਿਬ ਨੇ ਉਸਨੂੰ ਅੱਲਗ ਮਕਾਨ ਲੈ ਦਿਤਾ ਜਿਥੇ ਓਹ ਆਰਾਮ ਨਾਲ ਰਹਿਣ ਲਗ ਪਈ ਰਾਤ ਦਿਨ ਸੇਵਾ ਸਿਮਰਨ ਕਰਦੀ 1  ਇਕ ਦਿਨ ਉਸਨੇ ਗੁਰੂ ਸਾਹਿਬ ਨੂੰ ਆਪਣੇ ਸਾਰੇ ਕੀਮਤੀ ਗਹਿਣੇ ਉੱਤਾਰ ਕੇ ਦਿਤੇ ਤੇ ਬੇਨਤੀ ਕੀਤੀ ਕੀ ਇਹ ਕਿਸੇ ਧਰਮ ਖਾਤੇ ਲਗਾ ਦਿਓ ਤਾਕਿ ਮੇਰਾ ਨਾਮ ਇਸ ਦੁਨਿਆ ਵਿਚ ਕੁਝ ਚਿਰ ਰਹਿ ਜਾਏ 1 ਗੁਰੂ ਸਾਹਿਬ ਨੇ ਬਾਬਾ ਅਟਲ ਤੇ ਸਥਾਨ ਤੇ  ਇਕ ਸਰੋਵਰ  ਖੁਦਵਾਇਆ ਜਿਸਤਾ ਨਾਂ ਕੋਲ੍ਸਰ ਰਖਿਆ 1 ਗੁਰਦਾਸ ਪੁਰ ਦਾ ਇਕ ਨਗਰ ਪੰਜਵੇ ਪਾਤਸ਼ਾਹ ਨੇ ਵਸਾਇਆ ਸੀ ਜਿਸਦਾ ਨਾ ਗੋਬਿੰਦ ਪੁਰਾ  ਰਖੀਆ ਮਗਰੋਂ ਚੰਦੁ ਦੀ ਸ਼ਰਾਰਤ ਨਾਲ ਓਹ ਪਿੰਡ ਭਗਵਾਨ ਦਾਸ ਘਰੋੜ ਨੂੰ ਮਿਲ ਗਿਆ 1 ਜਦ 1630 ਵਿਚ ਗੁਰੂ ਹਰਗੋਬਿੰਦ ਸਹਿਬ ਇਥੇ ਆਏ , ਭਗਵਾਨ ਦਾਸ ਨੇ ਬੜਾ ਵਿਰੋਧ ਕੀਤਾ 1 ਯੁਧ  ਹੋਇਆ, ਗੁਰੂ ਸਾਹਿਬ ਦੀ ਅਕਾਲ ਪੁਰਖ ਦੀ ਕਿਰਪਾ ਨਾਲ ਜਿਤ ਹੋਈ 1 ਇਸ ਨਗਰ ਵਿਚ ਵਧੇਰੇ  ਰੋਣਕਾਂ ਲਗ  ਗਈਆਂ 1 ਇਥੇ ਆਲੀਸ਼ਾਨ ਬਾਗ ਬਣਵਾਏ ਜਿਸ ਕਰਕੇ ਇਹ ਬਾਗਾਂ ਦਾ ਸ਼ਹਿਰ ਅਖਵਾਣ ਲਗ ਪਿਆ    ਮੁਸਲਮਾਨਾ  ਵਾਸਤੇ ਇਬਾਦਤ ਕਰਨ ਦੀ ਕੋਈ ਜਗਹ ਨਹੀ ਸੀ , ਇਥੇ ਗੁਰੂ ਸਾਹਿਬ ਨੇ ਇਕ ਮਸੀਤ ਬਨਵਾਈ1

ਪ੍ਰਚਾਰ ਤੇ ਪ੍ਰਸਾਰ

\ਮਾਲਵੇ ਵਿਚ ਪ੍ਰਚਾਰ ਕਰਦੇ ਕਰਦੇ ਪਿੰਡ ਮਾੜੀ ਪਹੁੰਚੇ  ਇਥੇ ਕੋੜਾ ਭੁਲਰਾਂ ਦਾ ਮੇਲਾ ਲਗਦਾ ਸੀ ਮੇਲੇ ਨਾਲ ਜੁੜੇ ਬਹੁਤ ਲੋਕ ਸਿਖ ਬਣ ਗਏ ਜਿਨਾ ਵਿਚ ਰੂਪ ਚੰਦ ,ਕਾਲਾ ਤੇ ਉਨਾ ਦਾ ਪਿਤਾ ਮੋਹਨ ਵੀ ਸਨ ਉਨਾ ਨੇ ਬੇਨਤੀ ਕੀਤੀ ਕੀ  ਸਾਡਾ ਕੋਈ ਟਿਕਾਣਾ ਨਹੀ  ਜੇਕਰ ਕੋਰਾਂ ਭੁਲਰਾਂ ਪਾਸੋਂ ਸਾਨੂੰ ਥੋੜੀ ਜਗਹ ਲੈ ਦਿਓ 1 ਗੁਰੂ ਸਾਹਿਬ ਨੇ ਭੁਲਰਾਂ  ਨੂੰ  ਥੋੜੀ ਜਗਹ ਮੁਲ ਦੇਣ ਵਾਸਤੇ ਕਿਹਾ ਪਰ ਉਨਾ ਨੇ ਮਨਾ ਕਰ ਦਿਤਾ 1  ਗੁਰੂ ਸਾਹਿਬ ਨੇ ਕਿਹਾ ਕੀ ਤੁਸੀਂ ਚਲਦੇ  ਜਾਓ , ਜਿਥੇ ਰਾਤ ਪੈ  ਜਾਏ  ਉਥੇ ਆਪਣੇ  ਪਿੰਡ ਦੀ ਮੋੜੀ ਗਡ ਲੇਣਾ  1 ਓਹ ਤੁਰ ਪਏ ਜਿਥੇ ਰਾਤ ਪਈ ਉਨਾ ਨੇ ਮੋੜੀ ਗੜ  ਲਈ ਤੇ  ਪਿੰਡ ਦਾ ਨਾਮ ਮੇਹਰਾਜ ਰਖ ਦਿਤਾ  1 ਜਦੋਂ ਭੁਲਰਾਂ ਨੂੰ ਪਤਾ ਚਲਿਆ ਤਾਂ ਉਨਾ ਨੇ ਹਲਾ ਬੋਲ ਦਿਤਾ 1 ਗੁਰੂ ਸਾਹਿਬ ਦੀ ਸਹਾਇਤਾ ਨਾਲ ਭੁਲਰਾਂ  ਦੀ ਹਾਰ ਹੋਈ 1

ਇਕ ਦਿਨ ਗੁਰੂ ਹਰਗੋਬਿੰਦ ਸਹਿਬ ਆਪਣੇ ਚਾਰੋ ਪੁਤਰਾਂ ਨੂੰ ਲੇਕੇ ਪਿੰਡ ਬਾਰਫ ,ਬਾਬਾ ਸ੍ਰੀ ਚੰਦ ਦੇ ਦਰਸ਼ਨ ਕਰਨ ਗਏ 1 ਬਾਬਾ ਸ੍ਰੀ ਚੰਦ ਨੇ ਪੁਛਿਆ, ਤੁਹਾਡੇ ਕਿਤਨੇ ਪੁਤਰ ਹਨ 1 ਗੁਰੂ ਸਾਹਿਬ ਨੇ ਕਿਹਾ ਚਾਰ ਤਾਂ ਮੇਰੇ ਨਾਲ ਹਨ ,ਪੰਜਵਾ ਅਟਲ ਰਾਏ  ਤਾਂ ਪ੍ਰੋਲੋਕ ਸਿਧਾਰ ਗਏ ਹਨ 1 ਬਾਬਾ ਜੀ ਨੇ ਕਿਹਾ ਕੀ ਇਕ ਪੁਤਰ ਸਾਨੂੰ ਉਦਾਸੀ  ਮਤ ਲਈ  ਦੇ ਦਿਓ 1 ਗੁਰੂ ਸਾਹਿਬ ਨੇ ਬਾਬਾ ਗੁਰਦਿਤਾ ਨੂੰ  ਉਨਾ ਦੀ ਸੇਵਾ  ਵਿਚ ਸੋੰਪ ਦਿਤਾ 1  ਬਾਬਾ ਸ੍ਰੀ ਚੰਦ ਨੇ ਕਿਹਾ ਗੁਰਗਦੀ ਤਾਂ ਤੁਹਡੇ ਕੋਲ ਹੇ ਥੋੜਾ ਤਪ ਤੇ ਫਕੀਰੀ ਸਾਡੇ ਕੋਲ ਹੈ ਇਹ ਵੀ ਲੈ ਲਵੋ 1 ਤਦ ਤੋ ਬਾਬਾ ਗੁਰਦਿਤਾ ਉਨਾ  ਦੇ ਅੰਤਿਮ ਸਮੇ ਤਕ ਸੇਵਾ ਵਿਚ ਲਗੇ ਰਹੇ 1

ਗੁਰੂ ਨਾਨਕ ਸਾਹਿਬ ਨੇ ਮਨੁਖੀ ਹਿਰਦੇ ਵਿਚ ਐਸਾ ਜਜ੍ਬਾ ਤੇ ਅਹਿਸਾਸ ਪੇਦਾ ਕੀਤਾ,ਜਿਸ ਨਾਲ ਨਾ ਕੋਈ ਡਰੇ, ਨਾ ਡਰਾਏ 1 ਨਾ  ਕਿਸੇ ਨੂੰ ਕੋਈ  ਨੀਵਾਂ ਸਮ੍ਝੇ  ਨਾ ਕੋਈ ਆਪਣਾ ਆਪ ਨੂੰ 1  ਪੰਜ ਪਾਤਸ਼ਾਹੀਆਂ ਨੇ ਇਸ  ਦੇ ਬੀਜ ਨੂੰ ਪਨਪਣ ਦਾ ਵਕਤ ਦਿਤਾ , ਛੇਵੈ ਪਾਤਸ਼ਾਹ ਨੇ ਇਸਨੂੰ ਰੁਖ ਦਾ ਰੂਪ ਦੇਣ ਦਾ ਉਪਰਾਲਾ ਕੀਤਾ 1 ਆਪਣੀ ਰਖਿਆ ਕਰਨ ਲਈ , ਆਤਮ ਵਿਸ਼ਵਾਸ ਤੇ ਸਵੈਮਾਨ ਦੀ  ਲੋੜ ਹੈ  ਜੰਗ ਸ਼ਕਤੀ ਜਨ ਸ਼ਕਤੀ ਨੂੰ ਮਜਬੂਤ ਕਰਨ ਲਈ ਹੋਣੀ ਚਾਹੀਦੀ ਹੈ ਕਮਜ਼ੋਰ ਕਰਨ ਲਈ ਨਹੀਂ 1 ਉਨਾ  ਦਾ ਜੀਵਨ ਦਸਦਾ ਹੈ ਕਿ ਜੁਲਮ ਦਾ ਟਕਰਾ ਤੇ ਆਤਮਿਕ ਅਗਵਾਈ ਦੋਨੋ ਕੰਮ ਨਾਲ ਨਾਲ ਕੀਤੇ ਜਾ ਸਕਦੇ ਹਨ

ਗੁਰੂ ਹਰ ਗੋਬਿੰਦ ਸਾਹਿਬ ਧਾਰਮਿਕ ਆਗੂ ਹੁੰਦੀਆਂ ਵੀ   ਨਿਡਰ ਤੇ ਸੁਚਜੇ ਸੈਨਿਕ ਸਨ1 ਓਹਨਾ ਨੇ ਵਕਤੀ ਤੇ ਸੁਚਜੀ ਅਗਵਾਈ ਤੇ ਚੜਦੀ ਕਲਾ ਨਾਲ  ਢਹਿੰਦੇ  ਮਨਾ ਨੂੰ ਅਜਿਹੀ ਠਲ ਪਾਈ ਕੀ ਓਹ ਜੋਧੇ ਵੀ ਬਣੇ ਤੇ ਜੇਤੂ ਵੀ 1 ਗੁਰੂ ਸਾਹਿਬ ਖੁਦ ਵੀ ਬਹੁਤ ਵਡੇ ਜੋਧੇ  ਤੇ ਸ਼ਸ਼ਤਰ ਵਿਦਿਆ ਵਿਚ ਪ੍ਰਪਕ ਸਨ ਹਰ ਸ਼ਸ਼ਤਰ ਚਲਾਣ ਦੀ ਜੁਗਤ ਜਾਣਦੇ ਸਨ  1 ਘੋੜ ਸਵਾਰੀ ਵਿਚ  ਉਨਾ ਦਾ ਕੋਈ ਮੁਕਾਬਲਾ ਨਹੀ ਸੀ  ਵਕਤ ਦੀ ਹਕੂਮਤ ਨਾਲ ਚਾਰ ਲੜਾਈਆਂ ਲੜੀਆਂ ਤੇ  ਜਿਤੀਆਂ ਵੀ , ਪਰ ਕਿਸੀ ਨਿਜੀ ਫਾਇਦੇ ,ਜਰ ਜ਼ੋਰੂ ਜਾਂ ਜਮੀਨ ਲਈ ਨਹੀ , ਬਲਿਕ, ਦੇਸ਼ ਭਗਤੀ , ਸਵੈਮਾਨ , ਤੇ ਕੋਮੀ ਅਣਖ ਲਈ 1 ਉਨਾ ਨੇ ਨਾ ਕਿਸੇ ਦੀ ਦੌਲਤ ਲੁਟੀ , ਨਾ ਜਮੀਨ ਜਾਇਦਾਦ ਤੇ ਕਬਜਾ ਕੀਤਾ, ਨਾ ਕਿਸੇ ਦੀ ਇਜ਼ਤ ਤੇ ਹਥ ਪਾਇਆ  ਕਿਸੇ ਲੜਾਈ ਵਿਚ ਪਹਿਲ ਨਹੀਂ ਕੀਤੀ , ਕਿਸੇ ਤੇ ਪਹਿਲੇ ਵਾਰ ਨਹੀਂ ਕੀਤਾ ,ਖਾਲੀ ਉਨਾ ਦੇ ਵਾਰਾਂ ਨੂੰ ਖਿੜੇ ਮਥੇ ਕਬੂਲਿਆ ਹੈ 1 ਹਮਲਾਵਰ ਨੂੰ ਵੀ ਪਹਿਲਾਂ ਤਿੰਨ ਮੋਕੇ ਦੇਣੇ , ਫਿਰ ਹਸ ਕੇ ਕਹਿਣਾ ਕਿ ਪੁਤਰ  ਵਾਰ ਇਦਾਂ ਨਹੀ ਇਦਾਂ ਕਰੀਦਾ ਹੈ, ਜਿਸ ਤਰਾਂ ਜੰਗ ਵਿਚ ਵੀ ਕਿਸੇ ਨੂੰ ਜੰਗ ਕਰਨਾ ਸਿਖਾ ਰਹੇ ਹੋਣ 1

ਮੇਟਕਾਫ਼ ਲਿਖਦਾ ਹੈ ਕਿ ਗੁਰੂ ਸਾਹਿਬ ਦੀਆਂ ਜੰਗੀ ਕਰਤਵ ਦੀਆਂ ਚੇਤਨਤਾ ਦੀ ਦਾਦ ਦਿਤੇ ਬਿਨਾ ਮੈਂ ਨਹੀਂ ਰਹਿ ਸਕਦਾ 1 ਓਹ ਚਾਰ ਨਹੀਂ ਬਲਕਿ ਅਠ ਦਿਸ਼ਾਵਾਂ ਵਲ ਦੇਖਦੇ ਸਨ , ਕਦੀ ਗੁਸੇ ਦਾ ਸਹਾਰਾ ਨਹੀਂ ਲਿਆ 1 ਜੰਗ ਵੇਲੇ ਵੀ ਕਦੇ ਉਨਾ ਦੇ ਮਥੇ ਤੇ ਤਿਓੜੀ ਨਹੀ ਦੇਖੀ 1 ਮੁਹਿਸਨ ਫਾਨੀ ਲਿਖਦਾ ਹੈ ਕਿ ਜੰਗ ਵਿਚ ਉਨ੍ਹਾ ਨੇ ਕਦੀ ਪੀਰੀ ਦੀ ਤਲਵਾਰ ਨਹੀਂ ਵਰਤੀ1 ਜਦੋਂ ਕਰਮ ਚੰਦ ਨਾਲ ਲੜਦਿਆਂ ਆਪਜੀ ਦੀ ਤਲਵਾਰ ਟੁਟ ਗਈ ਤਾਂ ਪੀਰੀ ਦੀ ਤਲਵਾਰ ਚ੍ਲਾਓਨੀ ਠੀਕ ਨਹੀ ਸਮਝੀ 1 ਕਰਮ ਚੰਦ ਨੂੰ ਹਥੀ ਪਕੜ ਕੇ ਐਸਾ ਪਟਕਾ ਦਿਤਾ ਕਿ ਓਹ ਉਥੇ ਹੀ ਖਤਮ ਹੋ ਗਿਆ 1 ਸ਼ੇਰਾਂ ਨਾਲ ਸਿਧਾ ਝੁਜ੍ਹਣi  ਤੇ ਪਾਰ ਬੁਲਾਣਾ, ਵਾਰ ਝਲਦਿਆਂ ਵੀ ਅਡੋਲ ਰਹਣਾ , ਵਾਰ ਕਰਦਿਆਂ  ਵੀ ਸ਼ਾਂਤ ਰਹਣਾ , ਇਕ ਬਹੁਤ ਵਡੇ ਜੋਧੇ ਦਾ ਸਬੂਤ  ਹੈ 1 ਓਹ  ਇਹ ਵੀ ਲਿਖਦੇ ਹਨ ਕੀ ਛੇਵੇ ਪਾਤਸ਼ਾਹ ਸਮੇ ਸਿਖੀ ਦਾ ਪ੍ਰਭਾਵ ਇਤਨੀ ਦੂਰ ਦੂਰ ਤਕ ਫੈਲਿਆ ਕਿ ਬਹੁਤ ਦੂਰੋ ਦੂਰੋ ਕਾਬੁਲ ,ਕੰਧਾਰ, ਇਰਾਨ,,ਕਾਵਾਨ, ਯਾਜ੍ ਦਾਨੀ ਤੇ ਹੋਰ ਕਈ ਥਾਵਾਂ  ਤੋਂ  ,ਪੀਰ ਫਕੀਰ ਆਪਜੀ ਨੂੰ ਮਿਲਣ ਵਾਸਤੇ ਆਓਂਦੇ 1

1627  ਵਿਚ ਜਹਾਂਗੀਰ ਦੀ ਮੋਤ ਹੋ ਗਈ 1 ਸ਼ਾਹਜਹਾਂ ਦੀ ਤਖਤ ਨਸ਼ੀਨੀ ਹੋਈ 1 ਜਾਹਾਂਗੀਰ ਨੇ ਤਾਂ ਗਵਾਲੀਅਰ ਦੀ ਰਿਹਾਈ ਤੋ ਬਾਅਦ, ਜੋ ਦੋਸਤੀ ਦਾ ਹਥ ਵਧਾਇਆ ,ਮਰਦੇ ਦਮ ਤਕ ਨਿਭਾਇਆ

ਪਰ ਸ਼ਾਹਜਹਾਂ ਨੇ ਤਖਤ ਤੇ ਬੈਠਦਿਆਂ ਸਾਰ ਸਿਖਾਂ ਪ੍ਰਤੀ ਨੀਤੀ ਬਦਲ ਲਈ 1 ਸਿਖ ਸ਼ਕਤੀ ਪੂਰੀ ਤਰਹ ਤਹਿਸ ਨਹਿਸ ਕਰਣ ਲਈ ਇਕ ਵਾਰੀ ਫਿਰ ਮੁਹਿਮ ਸ਼ੁਰੂ ਹੋ ਗਈ 1 ਹੁਣ ਸਿਖ ਵੀ ਆਪਣੇ ਆਪ ਨੂੰ ਹਰ ਹਮਲੇ ਦਾ ਸਾਮਣਾ ਕਰਨ ਲਈ ਤਿਆਰ ਹੋ ਚੁਕੇ ਸਨ 1 ਡਰੀ ਸਹਿਮੀ ਜਨਤਾ ਵਿਚ ਵੀ ਇਨਕਲਾਬ ਆ ਚੁਕਾ ਸੀ , ਕੁਝ ਕਰਨ ਦਾ ਚਾਅ ਪੈਦਾ ਹੋ ਚੁਕਾ ਸੀ , ਉਨਾ ਨੇ ਆਪਣੀਆਂ ਜਵਾਨੀਆਂ ਅਸ਼ਤਰ ਤੇ ਸ਼ਸ਼ਤਰ ਗੁਰੂ ਸਾਹ੍ਬਿ ਦੀ ਭੇਂਟ ਕਰ ਦਿਤੇ ਸਨ  1 ਇਸ ਆਈ  ਕ੍ਰਾਂਤੀ ਨੂੰ ਸਮੇ ਦੀ ਹਕੂਮਤ ਬਰਦਾਸ਼ਤ ਨਹੀ ਕਰ ਸਕੀ 1 ਜਿਸ ਕਰਕੇ ਚਾਰ ਸਿਧੀਆਂ ਅਸਿਧਿਆਂ ਜੰਗਾ  ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਹੇਠ ਸਿਖਾਂ ਦੀਆਂ ਮੁਗਲ ਫੌਜਾ ਨਾਲ  ਹੋਈਆਂ 1 ਇਹ ਚਾਰੋਂ ਲੜਾਈਆਂ ਗੁਰੂ ਸਾਹਿਬ ਨੇ ਜਿਤੀਆਂ 1 ਵਕਤ ਦੇ ਬਾਦਸ਼ਾਹ ਨੂੰ ਸਚ ਦੇ ਚਾਨਣ ਅਗੇ ਝੁਕਣਾ ਪਿਆ 1 ਫਿਰ ਲਗਪਗ 14 ਵਰੇ ਸ਼ਾਂਤੀ ਨਾਲ ਗੁਜਰੇ 1

 ਅਮ੍ਰਿਤਸਰ ਦੀ ਜੰਗ -1628 :-

   ਇਕ ਦਿਨ ਅਮ੍ਰਿਤਸਰ ਦੇ ਨੇੜੇ ਬਾਦਸ਼ਾਹ  ਸ਼ਾਹਜਹਾਂ  ਆਪਣੇ ਵਜੀਰ ਤੇ ਦਰਬਾਰੀਆ  ਨਾਲ  ਸ਼ਿਕਾਰ ਖੇਡਣ ਆਏ 1 ਸ਼ਾਹਜਹਾਂ ਦਾ ਇਕ ਬਾਜ ਉਡਕੇ  ਸਿਖਾਂ ਦੇ ਹਥ ਆ ਗਿਆ 1 ਸ਼ਿਕਾਰੀਆਂ ਦਾ ਦਸਤੂਰ ਸੀ ਕਿ ਅਗਰ ਕਿਸੇ ਦਾ ਬਾਜ ਕਿਸੇ ਹੋਰ ਦੇ ਬਾਜਾਂ ਨਾਲ ਆ ਰਲੇ ਤਾ ਉਸਦੀ ਮਲਕੀਅਤ ਹੋ ਜਾਂਦੀ ਹੈ 1 ਸਿਖਾਂ ਨੇ ਬਾਜ ਨਹੀ ਦਿਤਾ 1 ਜਦ ਮੁਗਲ ਦਰਬਾਰੀਆਂ ਨੇ ਸ਼ਾਹੀ ਤਾਕਤ ਦੇ ਜੋਰ ਤੇ  ਆਪਣੀ ਈਨ ਮਨਵਾਨੀ ਚਾਹੀ ਤਾਂ ਸਿਖ ਅੜ ਗਏ 1 ਸ਼ਾਹੀ ਫੌਜ਼ ਨੇ ਬਾਦਸ਼ਾਹ ਅਗੇ ਸ਼ਕਾਇਤ ਕੀਤੀ ਕੀ ਅਜ ਉਨਾ ਨੇ ਤੁਹਾਡਾ ਬਾਜ ਖੋਇਆ ਹੈ ਕਲ ਨੂੰ ਤਾਜ ਖੋਹਣਗੇ 1 ਸ਼ਾਹਜਹਾਂ ਨੇ ਮੁਖਲਿਸ ਖਾਨ ਨੂੰ 7000 ਫੌਜ਼ ਦੇਕੇ ਭੇਜਿਆ 1 ਤਦ  ਬੀਬੀ ਵੀਰੋ ਦਾ ਵਿਆਹ ਸੀ 1 ਗੁਰੂ ਸਾਹਿਬ  ਨੇ  ਰਾਤੋ- ਰਾਤ ਆਪਣੇ ਪਰਿਵਾਰ ਨੂੰ ਪਿੰਡ ਝਬਾਲ ਭੇਜ ਦਿਤਾ 1 ਘਮਸਾਨ ਦਾ ਯੁਥ ਹੋਇਆ 1 ਪਿਪਲੀ – ਲੋਹਗੜ ਤੋਂ ਹੁੰਦਾ ਹੋਇਆ ਇਹ ਜੰਗ ਅਮ੍ਰਿਤਸਰ ਤੋ ਤਰਨਤਾਰਨ  ਪਹੁੰਚ ਗਿਆ 1 ਹਾਲਾਕਿ  ਗੁਰੂ ਸਾਹਿਬ ਕੋਲ ਕੋਈ ਜੰਗ ਦੀ  ਤਿਆਰੀ  ਨਹੀਂ ਸੀ ਫਿਰ ਵੀ ਸਿਖਾਂ ਨੇ ਦੁਸ਼ਮਣਾ ਨੂੰ ਐਸੀਆਂ ਭਾਜੜਾਂ ਪਾਈਆਂ ਕੀ ਮੁਗਲਾਂ ਨੂੰ ਮੈਦਾਨ  ਛਡ ਕੇ ਦੋੜਨਾ ਪਿਆ  1  ਗੁਰੂ ਸਾਹਿਬ ਦੇ ਖੰਡੇ ਨਾਲ ਮ੍ਖ੍ਲਿਸ ਖਾਨ  ਮਾਰਿਆ ਗਿਆ , ਤੇ ਫੌਜ਼ ਸਿਰ ਤੇ ਪੈਰ ਰਖਕੇ ਨਸ ਤੁਰੀ1  26 ਜੇਠ 1628 ਈ ਵਿਚ ਭਾਈ ਲੰਗਾਹ ਦੇ ਘਰ ਬੀਬੀ ਵੀਰੋ ਦੀ ਸ਼ਾਦੀ ਹੋਈ 1  ਜਦ ਸ਼ਾਹਜਹਾਂ ਨੂੰ  ਮੁਗਲਾ ਦੀ ਹਾਰ ਦਾ ਪਤਾ ਚਲਿਆ ਤਾਂ ਬਹੁਤ ਲੋਹਾ ਲਾਖਾ ਹੋਇਆ , ਇਸ ਲਈ ਨਹੀ ਕੀ ਸ਼ਾਹੀ ਫੌਜ਼ ਨੂੰ ਪਹਲੀ ਵਾਰ ਹਾਰ ਦਾ ਮੂੰਹ  ਦੇਖਣਾ ਪਿਆ ਬਲਿਕ ਇਸ ਲਈ ਕੀ ਉਨਾ ਦੀ ਹਾਰ ਉਨਾ ਦੇ ਮੁਕਾਬਲੇ ਹੋਈ ਜਿਨਾ ਕੋਲ ਨਾ ਕੋਈ ਹਕੂਮਤ, ਨਾ ਕੋਈ  ਜਗੀਰਦਾਰੀ, ਮਾਮੂਲੀ ਲੋਕ ਜਿਨ੍ਹਾਂ ਨੇ 150 ਵਰੇ ਜੁਲਮ ਸਹੇ  ਪਰ ਸੀ ਨਹੀ ਕੀਤੀ 1

ਕਰਤਾਰਪੁਰ ਦੀ ਜੰਗ -1630 :-

ਇਸਤੋ ਬਾਦ ਗੁਰੂ ਸਾਹਿਬ ਕਰਤਾਰ ਪੁਰ ਤੋਂ ਰੁਹੇਲਾ ਪਿੰਡ ਆ ਗਏ 1 ਇਥੇ  ਚੋਧਰੀ ਭਗਵਾਨ ਦਾਸ ਨੇ ਓਹਨਾ ਨੂੰ ਰਹਿਣ ਨਹੀਂ ਦਿਤਾ 1 ਝਗੜਾ ਹੋਇਆ  ਜਿਸ ਵਿਚ ਭਗਵਾਨ ਦਾਸ ਮਾਰਿਆ ਗਿਆ 1 ਉਸਦੇ ਬੇਟੇ ਰਤਨ ਚੰਦ ਨੇ ਜਲੰਧਰ ਦੇ ਸੂਬੇ ਅਬਦੁਲਾ ਖਾਨ ਨੂੰ ਬੁਲਾ ਲਿਆ 1 ਗੁਰੂ ਸਾਹਿਬ ਨੇ ਹਰਗੋਬਿੰਦ ਸਰ ਜੋ ਉਚੀ ਜਗਹ ਤੇ ਸੀ ਆਪਣੇ ਆਪ ਨੂੰ ਟਾਕਰੇ ਲਈ ਤਿਆਰ ਕਰ ਲਿਆ 1 ਲੜਾਈ ਹੋਈ ਜਿਸ ਨੂੰ ਹਰਗੋਬਿੰਦ ਪੁਰਾ  ਦੀ ਲੜਾਈ ਕਿਹਾ ਜਾਂਦਾ ਹੈ ,, ਗੁਰੂ ਸਾਹਿਬ ਦੀ ਜਿਤ ਹੋਈ 1 ਇਹਨਾ ਜਿਤਾ  ਨਾਲ ਸਿਖਾਂ ਦੇ ਹੋਂਸਲੇ ਵਧ ਗਏ 1  ਓਹ ਸਮਝ ਗਏ ਕਿ ਓਹ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਹੇਠ ਦੁਨਿਆ ਦੀ ਕਿਸੀ ਤਾਕਤ ਦਾ ਮੁਕਾਬਲਾ ਕਰ ਸਕਦੇ ਹਨ1 ਇਸ ਜੰਗ ਤੋ ਬਾਅਦ ਗੁਰੂ ਸਾਹਿਬ ਡਰੋਲੀ ਰਵਾਨਾ ਹੋ ਗਏ 1 ਸ਼ਾਹ ਜਹਾਂ ਨੇ ਬਦਲਾ ਲੇਣ  ਲਈ 35000 ਫੌਜਾਂ ਗੁਰੂ ਸਾਹਿਬ ਨੂੰ ਫੜਨ ਵਾਸਤੇ ਭੇਜਿਆ 1 ਗੁਰੂ ਸਾਹਿਬ ਦੀ ਥੋੜੀ ਜਹੀ  ਫੌਜ਼ ਨੇ ਲਲਾ ਬੇਗ ਦੀ ਫੌਜ਼ ਨੂੰ ਕਰਾਰੀ ਹਾਰ ਦਿਤੀ 1

ਨਥਾਣਾ ਦੇ ਲਾਗੇ ਜੰਗ 1632

 ਇਹ ਲੜਾਈ ਭਾਈ ਬਿਧਿ ਚੰਦ ਨੇ ਲਾਹੋਰ ਦੇ ਕਿਲੇ ਵਿਚੋ, ਕਾਬਲ ਦੀਆਂ ਸੰਗਤਾ ਵਲੋ  ਗੁਰੂ ਸਾਹਿਬ ਲਈ ਲਿਆਏ ਘੋੜੇ ,ਜੋਕਿ ਲਾਹੋਰ ਦੇ ਸੂਬੇ ਨੇ ਖੋਹ ਲਾਏ , ਵਾਪਿਸ ਲਿਆਣ ਦੇ  ਕਾਰਨ ਹੋਈ 1 ਇਕ ਪਾਣੀ ਦੀ ਢਾਬ ਉਪਰ ਸਿਖਾਂ ਨੇ ਤੀਸਰਾ ਜੰਗ ਜੋ ਮੇਹਰਾਜ ਦੀ ਲੜਾਈ ਕਰਕੇ ਮਸ਼ਹੂਰ ਹੈ , ਗੁਰੂ ਸਾਹਿਬ ਨੇ ਜਿਤ ਹਾਸਲ ਕੀਤੀ ਪਰ ਉਨਾ ਦਾ ਇਕ ਘੋੜਾ ਲੜਾਈ ਵਿਚ ਮਾਰਿਆ ਗਿਆ 1

ਕਰਤਾਰ ਪੁਰ ਦੀ ਜੰਗ -1634 :-

                                                                                                                                                           ਮਹਿਰਾਜ ਦੇ ਜੰਗ ਤੋ ਬਾਦ ਛੇਤੀ ਹੀ ਗੁਰੂ ਸਹਿਬ ਕਰਤਾਰ ਪੁਰ ਆ ਗਏ ਗੁਰੂ ਸਾਹਿਬ ਨੇ ਕਰਤਾਰਪੁਰ ਦੇ ਪਾਸਲੇ ਪਿੰਡ ਵਡੇ-ਮੀਰ ਦੇ ਕੁਝ ਮੁਸਲਮਾਨ ਪਠਾਨ ਨੋਕਰ ਰਖੇ ਸਨ 1

ਜਿਸ ਵਿਚ ਪੈਂਦੇ ਖਾਨ ਵੀ ਸੀ 1 ਇਹ ਬੜਾ ਉਚਾ ਲੰਬਾ ਤੇ ਜੁਆਨ ਗਭਰੂ ਸੀ 1 ਗੁਰੂ ਸਾਹਿਬ ਨੇ ਇਸਨੂੰ  ਆਪਣੇ ਪੁਤਰਾਂ ਵਾਂਗ ਪਾਲਿਆ ਤੇ ਪੂਰੀ ਜੰਗੀ ਵਿਦਿਆ ਦੀ ਸਿਖਲਾਈ ਵੀ ਦਿਤੀ 1 ਇਸ ਨੂੰ ਆਪਣੀ ਫੌਜ਼ ਦਾ ਸਰਦਾਰ ਥਾਪਿਆ 1 ਪਿਪਲੀ ਸਾਹਿਬ ਦੀ ਜੰਗ ਵਿਚ ਇਸਨੇ ਬੜੇ ਹਥ ਵਿਖਾਏ ਸਨ1  ਗੁਰੂ ਸਾਹਿਬ ਇਸਤੇ ਬਹੁਤ ਖੁਸ਼ ਸਨ 1 ਉਸਨੂੰ ਹੰਕਾਰ ਹੋ ਗਿਆ , ਸੋਚਣ ਲਗਾ ਕੀ ਗੁਰੂ ਸਾਹਿਬ ਦੀ ਤਾਕਤ ਮੇਰੇ ਆਸਰੇ ਹੈ 1 ਜਦੋਂ ਗੁਰੂ ਸਾਹਿਬ ਨੇ ਨੋਕਰੀ ਤੋ ਕਢ ਦਿਤਾ ਤਾਂ ਓਹ ਬਾਦਸ਼ਾਹ ਪਾਸ ਨੋਕਰ ਹੋ ਗਿਆ   ਉਸਨੇ ਗੁਰੂ ਸਾਹਿਬ ਦੇ ਖਿਲਾਫ਼ ਬਾਦਸ਼ਾਹ ਨੂੰ ਭੜਕਾਇਆ ਤੇ ਇਕ ਤਕੜੀ ਫੌਜ਼ ਭੇਜਣ ਲਈ ਓਕ੍ਸਾਇਆ 1 ਸ਼ਾਹ ਜਹਾਂ ਨੇ ਕਾਲੇ ਖਾਨ , ਜੋ ਮੁਖਲਿਸ ਖਾਨ ਦਾ ਭਰਾ ਸੀ ਤੇ  ਗੁਰੂ ਸਾਹਿਬ ਦੇ ਹਥੋਂ ਟਾਹਲੀ ਸਾਹਿਬ ਦੀ ਲੜਾਈ ਵਿਚ ਮਾਰਿਆ ਗਿਆ ਸੀ , 50000  ਫੌਜ਼ ਦੇਕੇ ਭੇਜਿਆ  1 ਪੈਂਦੇ ਖਾਨ ਤੇ ਜਲੰਧਰ ਦਾ ਫੌਜਦਾਰ ਕੁਤਬ ਖਾਨ ਉਸਦੇ  ਸਾਥੀ ਸਹਾਇਕ ਸੀ 1 ਸ਼ਾਹੀ ਫੌਜ਼ ਨੇ ਸ਼ਹਿਰ ਦੁਆਲੇ ਘੇਰਾ  ਪਾ ਲਿਆ 1 ਸਿਖਾਂ ਨੇ ਕਮਾਲ ਦੀ ਬਹਾਦਰੀ ਵਿਖਾਈ 1 ਸਿਖ ,ਧਰਮ ਤੇ ਗੁਰੂ ਸਾਹਿਬ ਲਈ ਲੜ ਰਹੇ ਸਨ ਪਰ ਪਠਾਣ ਕੇਵਲ ਤਨਖਾਹ ਲਈ 1 ਇਸ ਜੰਗ ਵਿਚ ਗੁਰੂ ਤੇਗ ਬਹਾਦਰ ਨੇ ਵੀ ਓਹ ਜੋਹਰ ਦਿਖਾਏ ਕੀ ਗੁਰੂ ਸਹਿਬ ਨੇ ਉਨਾ ਦਾ ਨਾਂ ਤਿਆਗ ਮਲ ਤੋਂ ਤੇਗ ਬਹਾਦੁਰ ਰਖ ਦਿਤਾ 1 ਇਥੇ ਧੀਰਮਲ ਨੇ ਗਦਾਰੀ ਕੀਤੀ 1  ਪੈਂਦੇ ਖਾਨ ਨੂੰ ਅਧੀ ਰਾਤੀ ਵਾਰ ਕਰਨ ਲਈ ਸੁਨੇਹਾ ਭੇਜਿਆ 1 ਪੈਂਦਾ ਖਾਨ ਆਪਣੀ ਫੌਜ਼ ਨੂੰ ਲੈਕੇ ਆ ਗਿਆ 1 ਬੜੀ ਦੇਰ ਯੁਦ ਚਲਦਾ ਰਿਹਾ1 ਗੁਰੂ ਸਾਹਿਬ ਦੇ 1800 ਸੇਨਿਕ ਸਨ ਜਿਨਾ ਵਿਚੋ 700 ਸ਼ਹੀਦ ਹੋ ਗਏ 1  ,ਆਖੀਰ ਗੁਰੂ ਸਾਹਿਬ ਨੇ ਪੈਂਦੇ ਖਾਨ ਨੂੰ ਕਿਹਾ , ਐਵੈਂ ਕਿਓਂ ਬੰਦਿਆ ਨੂੰ ਮਰਵਾਨ ਡਿਹਾ ਹੈ , ਤੇਰਾ ਗੁਸਾ ਮੇਰਾ ਨਾਲ ਹੈ , ਆ ਪਹਿਲੇ  ਤੂੰ ਮੇਰਾ ਨਾਲ ਦੋ ਦੋ ਹਥ ਕਰ ਲੇ 1 ਗੁਰੂ ਸਾਹਿਬ ਨੇ ਉਸਨੂੰ ਤਿੰਨ  ਮੋਕੇ ਦਿਤੇ ਤੇ ਉਸਦੇ ਤਿੰਨੋ  ਵਾਰ ਅਸਫਲ ਕਰ ਦਿਤੇ 1  ਗੁਰੂ ਸਾਹਿਬ ਦੇ ਪਹਿਲੇ ਵਾਰ ਵਿਚ ਓਹ ਜਖਮੀ ਹੋਕੇ ਗੁਰੂ ਸਾਹਿਬ ਦੇ ਚਰਨਾ ਦੇ ਕੋਲ ਆ ਡਿਗਾ  ,,ਪੈਂਦਾ ਖਾਨ ਹੁਣ ਤੇਰਾ ਕਲਮਾ ਪੜਨ ਦਾ ਵਕ਼ਤ ਆ ਗਿਆ ਹੈ 1  ਪੈਦਾ ਖਾਨ ਨੇ ਕਿਹਾ ,’ ਤੁਹਾਡੀ ਤਲਵਾਰ ਹੀ ਮੇਰਾ ਕਲਮਾ ਤੇ ਮੁਕਤੀ ਦਾ  ਦਾਤਾ ਹੈ 1 ਓਹ ਅਖੀਰਲੇ ਸਾਹਾਂ ਤੇ ਸੀ ਉਸਦੇ ਮੂੰਹ ਤੇ ਗਰਮੀ ਦੀ ਧੁਪ ਪੈ  ਰਹੀ ਸੀ , ਗੁਰੂ ਸਾਹਿਬ ਨੇ ਬੜੇ ਪਿਆਰ ਨਾਲ  ਢਾਲ ਨਾਲ  ਉਸਦੇ ਮੂੰਹ ਦੇ ਅਗੇ ਰਖਕੇ ਛਾਂ ਕਰ ਦਿਤੀ 1 ਸ਼ਾਹੀ ਫੌਜ਼ ਨੂੰ ਭਾਜੜ ਪੈ ਗਈ ਓਹ ਜਲੰਧਰ  ਵਲ ਨੂੰ ਨਸ ਤੁਰੀ 1 ਗੁਰੂ ਸਾਹਿਬ ਨੇ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ , ਮੁਸਲਮਾਨ ਫ਼ੌਜੀਆ ਨੂੰ ਦਫਨਾਇਆ ਤੇ ਕੀਰਤਪੁਰ ਵਲ ਤੁਰ ਪਏ  1  ਹਾਰ ਖਾਕੇ ਫੌਜੀ ਇਕ ਵਾਰੀ ਫਿਰ ਇਕਠੇ ਹੋਏ ਤੇ ਫਗਵਾੜੇ ਦੇ ਨੇੜੇ ਟਾਕਰਾ ਕੀਤਾ  1 ਪਰ ਉਨਾ ਨੂੰ ਮੂੰਹ ਦੀ ਖਾਣੀ ਪਈ 1

ਚਾਰ ਲੜਾਈਆਂ ਦੀ ਜਿਤ, ਕੀਰਤਪੁਰ ਕੇਂਦਰੀ ਸਿਖ ਕੇਂਦਰ ਦੀ ਸਥਾਪਨਾ ਦੇ ਨਾਲ ਸਿਖੀ ਪ੍ਰਭਾਵ ਦੂਰ ਦੂਰ ਤਕ ਫੈਲ ਗਿਆ 1 ਪੀਰ ਫਕੀਰ  ਦੂਰ ਦੂਰ ਤੋ, ਗੁਰੂ ਸਾਹਿਬ ਦੇ ਦਰਸ਼ਨਾ ਲਈ ਆਓਂਦੇ 1ਗੁਰੂ ਸਾਹਿਬ ਨੂੰ ਜੰਗਾਂ ਜੁਧਾਂ  ਦਾ ਸ਼ੋਕ ਨਹੀ ਸੀ 1 ਸਿਖੀ ਪ੍ਰਚਾਰ ਕਰਨ ਲਈ ਜੋ ਕੀ ਸ਼ਾਂਤ ਵਾਤਾਵਰਣ ਵਿਚ ਹੀ ਰਹਿ ਕੇ ਹੋ ਸਕਦਾ ਹੈ , ਕੀਰਤਪੁਰ ਪਕਾ ਟਿਕਾਣਾ ਕਰਨ ਦਾ ਫੈਸਲਾ ਕਰ ਲਿਆ 1 ਰਾਜਾ ਤਾਰਾ ਚੰਦ ਵੀ ਖੁਸ਼ ਹੋ ਗਿਆ , ਕਿਓਕੀ ਸ਼ਾਹੀ ਲਸ਼੍ਕਰ ਦੇ ਖਿਲਾਫ਼ ਗੁਰੂ ਸਾਹਿਬ ਨੇ ਉਸਦੀ ਮਦਤ  ਕੀਤੀ ਸੀ  ਤੇ ਖੋਹੇ ਹੋਏ ਇਲਾਕੇ ਵਾਪਸ ਕਰਵਾ ਦਿਤੇ 1 ਗੁਰੂ ਸਾਹਿਬ ਨੇ ਤਾਰਾ ਚੰਦ ਕੋਲੋਂ ਜਮੀਨ ਖਰੀਦ ਕੇ  ਕੀਰਤ ਪੁਰ ਨਗਰ ਵਸਾਇਆ 1 ਨੀਹ ਬਾਬਾ ਗੁਰਦਿਤਾ ਜੀ ਨੇ ਰਖੀ 1

ਗੁਰੂ ਸਾਹਿਬ ਨੇ ਕੀਰਤਪੁਰ  ਇਲਾਕਾਈ ਸੁਰਿਖਿਆ ਨੂੰ ਧਿਆਨ ਵਿਚ ਰਖਕੇ ਚੁਣਿਆ 1 ਇਹ ਇਲਾਕਾ ਭਾਵੈਂ ਮੁਗਲ ਸਲਤਨਤ ਦਾ ਹਿਸਾ ਸੀ ਪਰ ਰਾਜੇ ਹਿੰਦੂ ਸਨ 1 ਮੁਗਲ ਹਕੂਮਤ ਦਾ ਸਰੋਕਾਰ ਸਿਰਫ ਅਧੀਨਤਾ ਮਨਵਾਓਣ ਤੇ ਟੈਕ੍ਸ ਓਗਰਾਓਣ ਤਕ ਸੀਮਤ ਸੀ 1 ਉਨਾ ਦੇ ਘਰੇਲੂ ਮਾਮਲਿਆਂ ਵਿਚ ਦਖਲ ਅੰਦਾਜੀ ਦਾ ਕੋਈ ਸਰੋਕਾਰ ਨਹੀਂ ਸੀ 1 ਇਸਦੇ ਇਕ ਪਾਸੇ ਪਹਾੜ ,ਦੂਜੇ ਪਾਸੇ ਸਤਲੁਜ ਦਰਿਆ,ਤੀਸਰੇ ਪਾਸੇ ਸਰਸਾ ਨਦੀ ਤੇ ਕਈ ਛੋਟੇ ਛੋਟੇ ਪਹਾੜ, ਨਦਿਆਂ ਨਾਲੇ ਸਨ 1 ਇਹ ਇਕ ਸ਼ਾਂਤਮਈ ਤੇ ਸੁਰਖਿਅਤ ਇਲਾਕਾ ਸੀ 1 52 ਰਾਜਿਆ ਨੂੰ ਛੁਡਵਾਉਣ ਕਰਕੇ ਰਾਜਿਆਂ ਨਾਲ  ਵੀ ਉਨਾ ਦੇ ਸਬੰਧ ਬਹੁਤ ਚੰਗੇ ਸਨ  ਤੇ ਇਹ ਸਬੰਧ ਗੁਰੂ ਤੇਗ ਬਹਾਦਰ ਤਕ ਰਹੇ 1 ਰਾਣੀ ਚੰਪਾ  ਨੇ ਬੇਨਤੀ ਕਰਕੇ ਗੁਰੂ ਤੇਗ ਬਹਾਦਰ ਨੂੰ ਇਥੇ ਵਸਣ ਦੀ ਦਾਵਤ ਦਿਤੀ ਸੀ 1 ਇਥੇ ਹੀ ਗੁਰੂ  ਹਰ ਰਾਇ ਤੇ ਗੁਰੂ ਹਰਕ੍ਰਿਸ਼ਨ ਦਾ ਜਨਮ ਹੋਇਆ,1 ਇਥੇ ਹੀ ਉਨਾ ਨੂੰ ਗੁਰਗਦੀ ਮਿਲੀ 1 ਇਥੇ ਹੀ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰ ਰਾਇ ਜੋਤੀ ਜੋਤ ਸਮਾਏ 1 ਇਥੇ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਫੁਲ ਜਲ ਪ੍ਰਵਾਹ ਕੀਤੇ ਗਏ1  ਇਸ ਗੁਰੁਦਵਾਰੇ ਤੇ ਇਸ ਅਸਥਾਨ ਨੂੰ ਪਾਤਾਲਪੁਰੀ ਕਹਿੰਦੇ ਹਨ 1    ਸੋ ਗੁਰੂ ਸਾਹਿਬ ਨੇ ਇਥੇ ਅਓਣ  ਤੋ ਬਾਦ ਦਾ ਸਮਾ ਸਿਖੀ ਪ੍ਰਚਾਰ, ਸਿਖੀ ਦੇ ਧਰਮ ਅਸਥਾਨ ਕਾਇਮ ਕਰਨਾ, ਤੇ ਉਨਾ ਦੀ ਦੇਖ ਰੇਖ ਵਿਚ ਖਰਚ ਕੀਤਾ 1

ਧਾਰਮਿਕ ਤੋਰ ਤੇ ਸਿਖੀ ਨੂੰ ਮਜਬੂਤ ਕਰਨ ਦੇ ਨਾਲ ਨਾਲ ਦੂਰ ਦੂਰ ਤਕ ਸਿਖੀ ਪ੍ਰਚਾਰ ਕੀਤਾ, ਜਿਵੈਂ ਕਸ਼ਮੀਰ, ਉਤਰ ਪ੍ਰਦੇਸ, ਮਧ ਪ੍ਰਦੇਸ ,ਬੰਗਾਲ , ਗੁਜਰਾਤ ਮਹਾਰਾਸ਼ਟਰਾ ਤੇ ਹੋਰ ਦੂਰ ਦੁਰੇਡੇ 1 ਗੁਰੂ ਸਾਹਿਬ ਨੇ ਖੁਦ ਵੀ ਲੰਬੇ ਲੰਬੇ ਦੌਰੇ  ਕੀਤੇ 1 ਅਮ੍ਰਿਤਸਰ ਤੋ ਚਲਕੇ  ਓਹ ਲਾਹੋਰ  ਆਏ ਜਿਥੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਥਾਂ ਸੀ , ਦਰਸ਼ਨ ਕੀਤੇ ਤੇ ਉਨਾ ਦੀ ਯਾਦਗਾਰ ਬਣਾਨ ਦੀ ਜ਼ਿਮੇਦਾਰੀ ਭਾਈ ਲੰਗਾਹ ਨੂੰ ਸੋਪਕੇ ਆਗਾਹ ਨੂੰ ਤੁਰ ਪਏ  1 ਫਿਰ ਗੁਜਰਾਂਵਾਲਾ- ਵਜ਼ੀਰਾਬਾਦ – ਭੀਮ੍ਬੇਰ -ਤੋ ਹੁੰਦੇ ਕਸ਼ਮੀਰ ਪਹੁਚੇ 1 ਇਥੇ ਮੁਗਲ ਹਕੂਮਤ ਦੇ ਦਬਾ ਥਲੇ ਆਕੇ ਭੁਲੜ ਲੋਕ ਆਪਣਾ ਧਰਮ ਛਡਕੇ ਮੁਸਲਮਾਨ ਬਣ ਰਹੇ ਸੀ 1 ਗੁਰੂ ਸਾਹਿਬ ਨੇ ਇਥੇ ਥਾਂ ਥਾਂ ਤੇ ਸਿਖੀ ਪ੍ਰਚਾਰ ਕੇਂਦਰ ਖੋਲੇ  ਜਿਨ੍ਹਾ ਨੇ ਲੋਕਾਂ ਨੂੰ  ਜੋਰ ਜਬਰ ਦਾ ਮੁਕਾਬਲੇ ਕਰਨਾ ਸਿਖਾਇਆ 1ਗੁਰੂ ਸਾਹਿਬ ਕੁਰਕਸ਼ੇਤਰ ਗਏ ਸੂਰਜ ਗ੍ਰੇਹਿਣ ਦੇ ਸਮੇ , ਵੈਰਾਗੀਆਂ ,ਸਨਆਸਿਆਂ,ਯੋਗੀਆਂ ਦੇ  ਅਖਾੜੇ ਵਿਚ ਉਤਰੇ 1 ਇਹ ਓਹ ਸਮਾਂ ਜੀ ਜਦ ਇਹ ਸਾਰੇ ਦੇ ਸਾਰੇ ਗੁਰੂ ਸਾਹਿਬ ਦੇ ਉਪਾਸ਼ਕ ਬਣ ਚੁਕੇ ਸੀ , ਜਿਨਾ ਨੂੰ ਕਰਮ ਕਾਂਡਾ ਤੋ ਸੁਚੇਤ ਕੀਤਾ 1 ਕੁਰਕਸ਼ੇਤਰ ਤੋਂ ਮੁੜੇ ਤਾਂ  ਰੋਪੜ ਦੇ ਪਠਾਣਾ ਨੇ ਆਪਜੀ ਦਾ ਰਾਹ ਰੋਕ ਲਿਆ 1 ਸਾਰਾ ਦਿਨ ਮੁਕਾਬਲਾ  ਹੋਇਆ 1 ਪਠਾਣਾ ਨੂੰ ਪੂਰੀ ਉਮੀਦ ਸੀ ਜਿਤਣ  ਦੀ ਪਰ ਅਗਲੇ ਦਿਨ ਕੀਰਤਪੁਰ ਤੋਂ ਘੋੜ ਸਵਾਰ ਆ ਗਏ ਜਿਨਾ ਨੂੰ ਦੇਖਕੇ ਪਠਾਨ ਭਜ ਗਏ 1

ਇਸ ਵੇਲੇ ਤਕ ਮਸੰਦਾ ਵਿਚ ਓਹ ਜੋਸ਼ ਨਹੀ ਸੀ ਰਹਿ ਗਿਆ  1 ਭੇਟਾ ਵਿਚ ਵੀ ਹੇਰਾ ਫੇਰੀ ਕਰਨ ਲਗੇ ਸਨ , ਜਦ ਉਨਾ ਨੇ ਉਦਾਸੀ ਮਤ ਵਿਚ ਸਿਖੀ ਪ੍ਰਚਾਰ ਦਾ ਜਜ੍ਬਾ ਦੇਖਿਆ  ਤਾਂ  ਸਿਖੀ ਪ੍ਰਚਾਰ ਲਈ, ਸਿਦਕੀ, ਉਦਾਸੀ , ਵਿਦਵਾਨਾ, ਤੇ ਸਿਖੀ ਦੇ ਪ੍ਰਚਾਰਕਾ ਨੂੰ ਜੋੜ ਕੇ ਇਕ ਨਵੀ ਪਿਰਤ ਕਾਇਮ ਕੀਤੀ 1 ਇਹਨਾ ਨੇ ਹੀ ਅਗੇ ਅਓਣ  ਵਾਲੀਆਂ ਦੋ ਸਦੀਆਂ ਤਕ ਜਦ ਸਿਖਾਂ ਤੇ ਅਤ ਦੇ ਜ਼ੁਲਮ ਹੋ ਰਹੇ ਸਨ, ਸਿਖੀ ਦੀ ਰਾਖੀ ਤੇ ਗੁਰੂ ਅਸਥਾਨਾ ਦੀ ਸੇਵਾ ਸੰਭਾਲ ਦੀ ਜਿਮੇਵਾਰੀ ਨਿਭਾਈ 1

 ਗੁਰੂ ਸਾਹਿਬ ਨੇ ਪਰਜਾ ਦੀ ਹਿਤ ਵਾਸਤੇ ਪਿੰਡਾਂ ਵਿਚ ਖੂਹ ਲਗਵਾਏ 1  ਦੋ ਸੰਸਥਾਵਾਂ ਬਣਵਾਈਆਂ , ਇਕ ਨਿਰੋਲ ਪ੍ਰਚਾਰ ਲਈ ਜਿਸਦਾ ਮੁਖੀ ਬਾਬਾ ਗੁਰਦਿਤਾ ਸੀ,1 ਬਾਬਾ ਗੁਰਦਿਤਾ , ਬਾਬਾ ਸ੍ਰੀ ਚੰਦ ਦੇ ਅਕਾਲ ਚਲਾਣਾ ਕਰਨ ਪਿਛੋਂ ਗੁਰੂ ਸਾਹਿਬ ਕੋਲ ਵਾਪਸ ਆ ਗਏ ਸਨ 1   ਦੂਸਰਾ ਚਾਰ ਧੂਣੀਆਂ , ਜੋ ਜਰੂਰਤ ਮੰਦਾ ਦੀ ਮਦਤ , ਉਨਾ ਦੀ ਰਖਿਆ ਲਈ ਬਣਾਈਆਂ 1 ਹਰ ਧੂਣੀ ਦਾ ਇਕ ਇਕ ਮੁਖਿਆ ਮੁਕਰਰ ਕੀਤਾ , ਬਾਬਾ ਅਲਮਸਤ , ਬਾਬਾ ਫੂਲਾ, ਭਾਈ ਗੋਂਦਾ  ਤੇ ਬਾਲੂ ਹਸਨ  ਧੁਨੀ ਦਾ ਅਰਥ ਸੀ ਮਸ਼ਾਲ  ਮਤਲਬ ਰੋਸ਼ਨੀ ਕਰਨੀ 1 ਪਿੰਡ ਪਿੰਡ ਜਾਕੇ ਪਿੰਡ ਦੇ ਲੋਕਾਂ ਦਾ ਜੀਵਨ ਰੋਸ਼ਨ ਕਰਦੇ 1 ਓਥੋਂ ਦੀਆਂ ਜਰੂਰਤਾਂ ਨੂੰ ਸਮਝਦੇ ਤੇ ਪੂਰਾ ਕਰਦੇ 1 ਇਸ ਨਾਲ ਸਿਖੀ ਦਾ  ਇਤਨਾ ਵਾਧਾ ਹੋਇਆ ਕਿ ਕੋਈ ਸ਼ਹਿਰ ਨਹੀ ਰਿਹਾ ਜਿਥੇ ਸਿਖ ਨਾ ਮਿਲਦੇ ਹੋਣ 1  ਭਾਈ ਬਿਥੀ ਚੰਦ ਨੂ ਪੁਰਬ ਦੇਸ਼ ਵਿਚ  ਪ੍ਰਚਾਰ ਲਈ ਭੇਜਿਆ 1 ਅਯੁਦਿਆ ਤੋਂ 18 ਕਿਲੋ ਮੀਟਰ ਦੂਰ ਗੋਮਤੀ ਦੇ ਕਿਨਾਰੇ ਸੁੰਦਰ ਸ਼ਾਹ ਦਾ ਟਿਕਾਣਾ ਸੀ, ਬਿਰਥ ਹੋ ਚੁਕਾ ਸੀ 1 ਉਸਨੇ ਗੁਰੂ ਸਾਹਿਬ ਨੂੰ ਕਿਸੇ ਹਿਮਤ ਵਾਲੇ ਨੋਜਵਾਨ ਨੂੰ ਭੇਜਣ ਲਈ ਕਿਹਾ 1 ਬਿਧੀ  ਚੰਦ ਗੁਰੂ ਸਾਹਿਬ ਨਾਲ ਲੰਬਾ  ਵਿਛੋੜਾ ਜਾਣ  ਕੇ ਆਪਣੇ ਪੁਤਰ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਗਏ  1 ਪੰਜ ਸਾਲ ਪ੍ਰਚਾਰ ਕਰਦਿਆਂ ਕਰਦਿਆਂ 1640 ਵਿਚ ਉਥੇ  ਹੀ  ਚੜਾਈ ਕਰ ਗਏ 1

38 ਸਾਲ ਗੁਰਗਦੀ ਸੰਭਾਲਣ ਤੋਂ ਬਾਅਦ  3 ਮਾਰਚ 1644 ਐਤਵਾਰ ਵਾਲੇ ਦਿਨ ਆਪਣੇ ਪੋਤਰੇ ਗੁਰੂ ਹਰ ਰਾਇ ਸਾਹਿਬ ਨੂੰ ਗੁਰਗਦੀ  ਦੇਣ ਦਾ ਫੈਸਲਾ ਕੀਤਾ 1  ਉਨਾ ਦੀ ਉਮਰ ਛੋਟੀ ਸੀ ਪਰ ਸਾਰਾ ਦਿਨ ਸੇਵਾ ਤੇ  ਸਿਮਰਨ  ਵਿਚ ਜੁੜੇ ਰਹਿੰਦੇ  ਜਦੋਂ ਬੀਬੀ ਨਾਨਕੀ ਨੇ ਗੁਰੂ ਤੇਗ ਬਹਾਦਰ ਦੀ ਸ੍ਫਾਰਿਸ਼ ਕੀਤੀ ਤਾਂ ਗੁਰੂ ਸਾਹਿਬ ਨੇ ਕਿਹਾ , ਅਜੇ ਉਸਦਾ ਸਮਾਂ ਨਹੀ ਹੈ 1 ਇਕ ਕਟਾਰ ਤੇ ਇਕ ਰੁਮਾਲ ਬੀਬੀ ਨਾਨਕੀ ਨੂੰ ਦਿਤਾ ਕੀ ਸਮਾ ਅਓਣ ਤੇ ਗੁਰੂ ਤੇਗ ਬਹਾਦਰ ਨੂੰ  ਦੇ ਦੇਣਾ 1 ਗੁਰਗਦੀ ਦੇਕੇ ਆਪ ਸਤਲੁਜ ਦੇ ਕਿਨਾਰੇ ਦੀਵਾਨ ਲਗਾਂਦੇ ,ਸੰਗਤਾ ਅਓਦੀਆਂ ਤੇ ਆਪ ਕੀਰਤਨ ਵਿਚ ਜੁੜੇ ਰਹਿੰਦੇ 1  ਜਦੋਂ ਗੁਰੂ ਸਾਹਿਬ ਨੂੰ  ਲਗਾ ਕੀ ਉਨਾ ਦਾ ਆਖਰੀ ਸਮਾ ਆ ਗਿਆ ਹੈ ਤਾਂ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲਿਆ ਤੇ ਹੁਕਮ ਦਿਤਾ ਕੀ ਕੋਈ ਕਮਰੇ ਵਿਚ ਨਾ ਆਏ 1 ਪੰਜਵੇ ਦਿਨ ਜਦ ਦਰਵਾਜਾ  ਖੋਲਿਆ ਤਾਂ ਓਹ ਜੋਤੀ ਜੋਤ ਸਮਾ ਚੁਕੇ ਸਨ  1 ਸਿਖ ਉਨਾ ਨੂੰ  ਇਤਨਾ ਪਿਆਰ ਕਰਦੇ ਸੀ ਕੀ ਬਹੁਤ ਸਾਰੇ ਸਿਖਾਂ ਨੇ ਕੋਸ਼ਿਸ਼ ਕੀਤੀ ਜਲਦੀ ਚਿਖਾ ਵਿਚ ਛਲਾਂਗ ਲਗਾਣ ਦੀ ਪਰ ਗੁਰੂ ਹਰ ਰਾਇ ਸਾਹਿਬ ਨੇ ਉਨਾ ਨੂੰ ਵਰਜਿਆ  ਤੇ ਹੋਂਸਲਾ ਦਿਤਾ 1 ਪਰ ਫਿਰ ਵੀ ਰੋਕਦੇ ਰੋਕਦੇ  ਇਕ ਜਟ ਤੇ ਜੈਸਲਮੇਰ ਦਾ ਰਾਜਾ , ਰਾਮ ਪ੍ਰਤਾਪ  ਨੇ ਆਪਣੇ ਆਪ ਨੂੰ ਅਗਨੀ ਭੇਟ ਕਰ  ਦਿਤਾ1

                                        ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

Print Friendly, PDF & Email

Nirmal Anand

3 comments

Nirmal Anand ਨੂੰ ਜਵਾਬ ਦੇਵੋ Cancel reply

  • ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹਾ ਬਾਰੇ ਵੀ ਕਿਰਪਾ ਕਰਕੇ ਦੱਸਣਾ ਜੀ,,, ਕੀ ਓਹਨਾ ਦੇ ਪੰਜ ਵਿਆਹ ਸਨ ?

    • ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਿੰਨ ਸ਼ਾਦੀਆਂ ਹੋਈਆਂ ਸਨ -ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਤੇ ਮਾਤਾ ਮਹਾਂਦੇਵੀ ਜੀ ਜਿਨ੍ਹਾਂ ਤੋਂ ਪੰਜ ਪੁੱਤਰ ਤੇ ਇੱਕ ਧੀ ਬੀਬੀ ਵੀਰੋ ਹੋਈ – ਮਾਤਾ ਦਮੋਦਰੀ ਜੀ ਦੇ 2 ਬੱਚੇ ਉਨ੍ਹਾਂ ਦੇ ਜੀਵਨ ਕਾਲ ਵਿੱਚ ਹੀ ਪ੍ਰਲੋਗ ਸਿਧਾਰ ਗਏ ਸੀ, ਬਾਬਾ ਗੁਰਦਿਤਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਸੋਂਪ ਦਿੱਤਾ ਜਦ ਉਨ੍ਹਾਂ ਨੇ ਗੁਰੂ ਹਰ ਗੋਬਿੰਦ ਸਾਹਿਬ ਤੋਂ ਇੱਕ ਬੱਚੇ ਦੀ ਮੰਗ ਕੀਤੀ ਤਾਂ ( ਇੱਥੇ ਵੀ ਲੇਖਕਾਂ ਦੀ ਅਲੱਗ ਅਲੱਗ ਰੇ ਹੈ ) ਗੁਰੂ ਤੇਗ ਬਹਾਦੁਰ ਜੀ ਮਾਤਾ ਨਾਨਕੀ ਜੀ ਦੇ ਪੁੱਤਰ ਜੋ ਨੋਵੇਨ ਗੁਰੂ ਸਹਿਬਾਨ ਬਣੇI

    • From Nirmal Anand on ਗੁਰੂ ਹਰਗੋਬਿੰਦ ਸਾਹਿਬ – ( ਛੇਵੇਂ ਗੁਰੂ ਸਹਿਬਾਨ ) – ( 1595 -1640 )ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਿੰਨ ਸ਼ਾਦੀਆਂ ਹੋਈਆਂ ਸਨ -ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਤੇ ਮਾਤਾ ਮਹਾਂਦੇਵੀ ਜੀ ਜਿਨ੍ਹਾਂ…

Translate »