ਭਾਰਤ ਤਿਉਹਾਰਾਂ ਦਾ ਦੇਸ਼ ਹੈ 1 ਹਰ ਬਦਲਦਾ ਮੋਸਮ ਕਿਸੇ ਨਾ ਕਿਸੇ ਤਿਉਹਾਰ ਨਾਲ ਜੁੜਿਆ ਹੋਇਆ ਹੈ 1 ਹਰ ਤਿਉਹਾਰ ਦੇ ਪਿਛੇ ਕੋਈ ਨਾ ਕੋਈ ਇਤਿਹਾਸ ਜਰੂਰ ਹੁੰਦਾ ਹੈ ਜਿਸਤੋਂ ਲੋਕਾਂ ਨੂੰ ਪ੍ਰੇਰਨਾ ਮਿਲਦੀ ਹੈ1 ਪ੍ਰਚੀਨ ਕਾਲ ਤੋ ਹੀ ਭਾਰਤ ਦੇ ਲੋਕ ਹਰ ਰੁਤ ਦੇ ਪਲਟੇ ਤੋਂ ਬਾਅਦ ਕੋਈ ਨਾ ਕੋਈ ਤਿਉਹਾਰ ਮਨਾਉਂਦੇ ਆਏ ਹਨ1 ਜਿਵੇਂ ਦਿਵਾਲੀ ਲੋਹੜੀ ਹੋਲੀ, ਬਸੰਤ ,ਵੇਸਾਖੀ, ਈਦ ,ਬਕਰੀਦ ਆਦਿ1 ਹੋਲੀ ਭਾਰਤ ਦਾ ਮੋਸਮੀ ਤਿਉਹਾਰ ਹੈ ਜੋ ਬਸੰਤ ਬਹਾਰ ਦੇ ਆਗਮਨ ਦੀ ਖੁਸ਼ੀ ਵਿਚ ਮਨਾਉਣਾ ਸ਼ੁਰੂ ਹੋਇਆ 1 ਪੋਹ ਪਤਝੜ ਦਾ ਪ੍ਰਤੀਕ ਹੈ, ਪਰ ਫਗਣ ਆਉਂਦਿਆਂ ਹੀ ਕੁਦਰਤ ਆਪਣੇ ਨਵੇਕਲੇ ਰੰਗ ਵਿਚ ਰੰਗੀ ਜਾਂਦੀ ਹੈ 1 ਦਰਖਤਾਂ ਦੇ ਕੂਲੇ ਪਤੇ, ਬੂਟਿਆਂ ਵਿਚ ਨਵੀਆਂ ਤੇ ਨਿਕੀਆਂ ਨਿਕੀਆਂ ਕਰੂਬਲਾਂ, ਬਾਗਾਂ ਵਿਚ ਖਿੜੇ ਰੰਗ ਬਰੰਗੇ ਫੁਲ ,ਖੁਲੀ ਬਹਾਰ ਤੇ ਕੁਦਰਤ ਦਾ ਸੁਹਪਣ ਦੇ ਰੰਗਾ ਦਾ ਰੰਗ ਮਾਨਣ ਵਾਸਤੇ ਸਾਡੇ ਵਡੇ ਵਡੇਰਿਆਂ ਨੇ ਹੋਲੀ ਦਾ ਦਿਨ ਖੁਸ਼ੀ ਤੇ ਖੇੜੇ ਵਜੋਂ ਮਨਾਉਣਾ ਸ਼ੁਰੂ ਕੀਤਾ ਸੀ1
ਹਿੰਦੂ ਧਰਮ ਦੀ ਮਿਥਿਆ ਅਨੁਸਾਰ ਹੋਲੀ ਅਛਾਈ ਦੀ ਬੁਰਾਈ ਉਪਰ ਜਿਤ ਨਾਲ ਸੰਬਧਿਤ ਹੈ 1ਮੁਲਤਾਨ ਦਾ ਰਾਜਾ ਹਰਨਾਖਸ਼ ਜਿਸ ਦਾ ਅਸਲ ਨਾਮ ਹਿਰਣਯ-ਕ੍ਸ਼ਿਪ ਸੀ,ਬੜਾ ਹੰਕਾਰੀ ਤੇ ਜਾਲਮ ਸੀ 1 ਕਹਿੰਦੇ ਹਨ ਗਿਆਰਾਂ ਹਜ਼ਾਰ ਸਾਲ ਲਗਾਤਾਰ ਤਪਸਿਆ ਕਰਕੇ ਉਸਨੇ ਸ਼ਿਵ ਜੀ ਤੋਂ ਵਰ ਪ੍ਰਾਪਤ ਕਰ ਲਿਆ ਕੀ ਮੈ ਮਰਾਂ ਨਾ, ਨਾ ਦਿਨੇ, ਨਾ ਰਾਤੀਂ, ਨਾ ਆਸਮਾਂ ਤੇ ਨਾ ਜਮੀਨ ਤੇ, ਨਾਂ ਦੇਵਤੇ ਨਾ ਦੈਂਤ ਤੋਂ , ਨਾ ਮਨੁਖ ਤੋਂ ਨਾ ਜਾਨਵਰ ਤੋਂ , ਨਾ ਅੰਦਰ ਨਾ ਬਾਹਰ 1 ਇਸ ਲਈ ਉਸਦੇ ਅੰਦਰ ਮੋਤ ਦਾ ਡਰ ਖਤਮ ਹੋ ਗਿਆ1 ਉਹ ਇਤਨਾ ਹੰਕਾਰੀ ਹੋ ਗਿਆ ਕਿ ਪਰਜਾ ਨੂੰ ਹੁਕਮ ਕਰ ਦਿਤਾ ਕਿ ਰਬ ਦੀ ਪੂਜਾ ਕਰਨ ਦੀ ਬਜਾਏ , ਜਲੇ ਹਰਨਾਖਸ਼ ਥਲੇ ਹਰਨਾਖਸ਼ ਦਾ ਜਾਪ ਕਰੋ1 ਹਰਨਾਖਸ਼ ਦੇ ਚਾਰ ਪੁਤਰ ਸੀ ਤਿੰਨਾ ਨੇ ਤੇ ਹਰਨਾਖਸ਼ ਦਾ ਜਾਪ ਕਰਨਾ ਸ਼ੁਰੂ ਕਰ ਦਿਤਾ ਪਰ ਚੋਥੇ, ਜੋ ਸਭ ਤੋਂ ਛੋਟਾ ਪੁਤਰ ਪ੍ਰਿਹਲਾਦ ਸੀ ਉਸਦੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ1 ਉਹ ਸਦਾ ਰਾਮ ਨਾਮ ਵਿਚ ਹੀ ਲੀਨ ਰਹਿੰਦਾ1
ਪ੍ਰਿਹਲਾਦ ਦੇ ਅਧਿਆਪਕਾਂ ਤੇ ਸੰਗੀ ਸਾਥੀਆਂ ਨੇ ਉਸਦੀ ਸ਼ਕਾਇਤ ਹਰਨਾਖਸ਼ ਅਗੇ ਜਾ ਕੀਤੀ 1ਭਗਤ ਨਾਮ ਦੇਵ ਜੀ ਉਨ੍ਹਾ ਬਾਰੇ ਲਿਖਦੇ ਹਨ1
ਰਾਮ ਕਹੈ ਕਰ ਤਾਲ ਬਜਾਵੈ ,ਚਟੀਆ ਸਭੈ ਬਿਗਾਰੇ
ਰਾਮ ਨਾਮਾ ਜਪਿਬੋ ਕਰੈ, ਹਿਰਦੈ ਹਰਿ ਜੀ ਕੋ ਸਿਮਰਨੁ ਧਰੈ
ਹਰਨਾਖਸ਼ ਤੇ ਉਸਦੀ ਮਾਂ ਦੋਨੋ ਨੇ ਪ੍ਰਿਹਲਾਦ ਨੂੰ ਬੜਾ ਸਮਝਾਇਆ ਪਰ ਉਸਤੇ ਕੋਈ ਅਸਰ ਨਹੀਂ ਹੋਇਆ1 ਹੁਣ ਹਰਨਾਖਸ਼ ਨੇ ਉਸ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿਤੇ ਤੇ ਜਦ ਉਸਦਾ ਕੁਝ ਨਾ ਬਣਿਆ ਤਾ ਆਪਣੀ ਭੈਣ ਹੋਲਕਾ ਜਿਸ ਨੂੰ ਵਰ ਸੀ ਕਿ ਜੇਕਰ ਉਹ ਆਪਣੇ ਵਰ ਵਲੋਂ ਮਿਲੀ ਚਾਦਰ ਨੂੰ ਆਪਣੇ ਉਪਰ ਕਰਕੇ ਅਗਨੀ ਵਿਚ ਵੀ ਬੈਠ ਜਾਏ ਤਾਂ ਅਗਨੀ ਉਸਦਾ ਕੁਝ ਨਹੀਂ ਵਿਗਾੜ ਸਕਦੀ1ਹਰਨਾਕਸ਼ ਦੇ ਕਹਿਣ ਤੇ ਉਹ ਪ੍ਰਿਹਲਾਦ ਨੂੰ ਜਫੀ ਮਾਰ ਕੇ ਆਪਣੇ ਉਪਰ ਚਾਦਰ ਲੇਕੇ ਅਗਨੀ ਵਿਚ ਬੈਠ ਗਈ 1 ਸਾਰੀ ਜਨਤਾ ਨੂੰ ਪ੍ਰਿਹਲਾਦ ਦਾ ਹਸ਼ਰ ਦੇਖਣ ਨੂੰ ਬੁਲਵਾ ਲਿਆ ਤਾਕਿ ਅਗੋਂ ਤੋ ਕੋਈ ਇਹ ਹਿਮਾਕਤ ਨਾ ਕਰ ਸਕੇ 1 ਭਗਤਾਂ ਦੀ ਲਾਜ ਤਾਂ ਉਹ ਸਦਾ ਰਖਦਾ ਆਇਆ ਹੈ1 ਹਵਾ ਨਾਲ ਉਹ ਚਾਦਰ ਉਡ ਕੇ ਪ੍ਰਿਹਲਾਦ ਦੇ ਉਪਰ ਲਿਪਟ ਗਈ1 ਪ੍ਰਹਿਲਾਦ ਨੂੰ ਤਾਂ ਕੁਝ ਨਹੀਂ ਹੋਇਆ ਪਰ ਹੋਲਿਕਾ ਸੜ ਕੇ ਮਰ ਗਈ 1ਉਸ ਦਿਨ ਸਭ ਨੇ ਖੁਸ਼ੀ ਵਿਚ ਹਵਾ ਵਿਚ ਹੋਲਿਕਾ ਦੇ ਜਿਸਮ ਦੀ ਰਾਖ ਉਡਾਈ 1 ਉਸ ਤੋਂ ਬਾਅਦ ਹਰ ਸਾਲ ਯਾਦਕਾਰ ਵਜੋਂ ਇਹ ਤਿਉਹਾਰ ਰੰਗਾ ਨਾਲ ਮਨਾਇਆ ਜਾਣ ਲਗਾ 1
ਸਮੇ ਨੇ ਕਰਵਟ ਲਈ 1 ਹਿੰਦੁਸਤਾਨ ਗੁਲਾਮ ਹੋ ਗਿਆ 1 ਨਾ ਸਾਧਨ ਰਹੇ, ਨਾ ਇਨ੍ਹਾ ਪਵਿਤਰ ਰਸਮਾਂ ਵਿਚ ਜਿੰਦ ਜਾਨ, ਸਿਰਫ ਰਸਮਾਂ ਰਹਿ ਗਈਆਂ 1 ਹੋਲੀ ਨੇ ਵੀ ਆਪਣਾ ਰੰਗ ਰੂਪ ਬਦਲ ਲਿਆ 1 ਜੋ ਇਕ ਖੁਸ਼ੀਆਂ ਤੇ ਖੇੜਿਆਂ ਦਾ ਦਿਨ ਹੁੰਦਾ ਸੀ ਕੇਵਲ ਕੋਝਾ ਸ਼ੁਗਲ ਬਣ ਕੇ ਰਹਿ ਗਿਆ 1ਇਸ ਦਿਨ ਲੋਕ ਖਰੂਦ ਮਚਾਣਾ , ਸ਼ਰਾਬਾਂ ਪੀਣਾ, ਇਕ ਦੂਜੇ ਨੂੰ ਮੰਦਾ ਬੋਲਣਾ ਤੇ ਇਕ ਦੂਜੇ ਤੇ ਰੰਗ,ਚਿਕੜ, ਗਾਰਾ, ਗੋਹਾ, ਗੰਦਗੀ ਸੁਟਕੇ ( ਪਿੰਡਾਂ ਵਿਚ ਮਾਰ ਮਾਰਨ ਦਾ ਵੀ ਰਿਵਾਜ਼ ਹੈ ) ਘਟੀਆ ਹਰਕਤਾਂ ਕਰਦੇ ਬਨਾਵਟੀ ਖੁਸ਼ੀ ਦਾ ਇਜ਼ਹਾਰ ਕਰਨਾ ਸ਼ੁਰੂ ਹੋ ਗਏ1 ਇਸਤੋਂ ਵਾਸ਼ਨਾਵਾਂ ਨੇ ਜਨਮ ਲਿਆ1 ਕਾਮੀ ਲੋਕਾਂ ਨੂੰ ਔਰਤਾਂ ਦੀ ਇਜ਼ਤ ਨਾਲ ਖਿਲਵਾੜ ਕਰਨ ਦਾ ਇਹ ਵਧੀਆ ਮੋਕਾ ਮਿਲ ਗਿਆ ਜੋ ਡੂੰਘੀ ਸੂਝ-ਬੂਝ ਵਾਲੇ ਨੇਕ ਵਿਚਾਰਵਾਨਾ ਲਈ ਦੁਖ ਤੇ ਵੇਰੀਆਂ ਤੇ ਪਰਾਇਆਂ ਲਈ ਹਾਸੇ ਦਾ ਮੋਜ਼ੂਅ (ਕਾਰਣ)ਬਣ ਗਿਆ 1
ਹਿੰਦੂਨਿ ਕੇ ਦਿਨ ਹੋਲਿ ਦਿਵਾਲੀ , ਇਤ੍ਯਾਦਿਕ ਦਿਨ ਚਲਹਿ ਕੁਰਾਲੀ
ਬਿਨਾ ਲਾਜ ਤੇ ਹੁਇ ਨਰ ਨਾਰੀ ਕਰਹਿ ਖਰਾਬਾ ਕਾਢਤਿ ਗਾਰੀ 11
ਸਿਖ ਧਰਮ ਅੰਦਰ ਗੁਰੂ ਸਹਿਬਾਨਾ ਨੇ ਸਿਖ ਦੇ ਜੀਵਨ ਦੇ ਹਰ ਖੇਤਰ, ਹਰ ਤਿਉਹਾਰ ਨੂੰ ਇਕ ਨਵਾਂ ਰੂਪ ਬਖਸ਼ਿਆ ਹੈ 1 ਸਿਖ ਧਰਮ ਵਿਚ ਹੋਲੀ ਨੂੰ ਬਨਾਵਟੀ ਰੰਗਾ ਦੀ ਬਜਾਏ ਆਤਮਿਕ ਰੰਗਤ ਵਿਚ ਰੰਗ ਦਿਤਾ ਹੈ 1 ਹੋਲੀ ਨੂੰ ਫਾਗ ਦੇ ਨਾਂ ਨਾਲ ਜਾਣਿਆ ਜਾਂਦਾ, ਮਤਲਬ ਫਗਣ ਦਾ ਮਹੀਨਾ ਜੋ ਖੁਸ਼ੀਆਂ ਤੇ ਖੇੜਾ ਲੈਕੇ ਆਉਂਦਾ ਹੈ 1ਸਿਖ ਧਰਮ ਵਿਚ ਇਹ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ 1ਗੁਰਸਿਖਾਂ ਦੀ ਆਤਮਿਕ ਮੰਡਲਾਂ ਦੀ ਆਨੰਦ ਭਰਪੂਰ ਹੋਲੀ ਦਾ ਨਜ਼ਾਰਾ ਦੁਨਿਆ ਨਾਲੋਂ ਵਖਰਾ ਤੇ ਵਿਲਖਣ ਹੈ, ਜਿਸ ਵਿਚ ਜੋਸ਼ ਦੇ ਨਾਲ ਹੋਸ਼ ਵੀ ਕਾਇਮ ਰਖੇ ਜਾਂਦੇ ਹਨ 1 ਗੁਰੂ ਅਰਜਨ ਦੇਵ ਜੀ ਨੇ ਬਸੰਤ ਰਾਗ ਵਿਚ ਸੰਤਾਂ ਦੀ ਹੋਲੀ ਬਾਰੇ ਜ਼ਿਕਰ ਕੀਤਾ ਹੈ 1
ਗੁਰੂ ਸੇਵਿਉ ਕਰਿ ਨਮਸਕਾਰ1 ਆਜ ਹਮਾਰੈ ਮੰਗਲਚਾਰ 11
ਆਜ ਹਮਾਰੈ ਮਹਾਂ ਅਨੰਦ1 ਚਿੰਤ ਲਥੀ ਭੇਟੇ ਗੋਬਿੰਦ 11
ਆਜ ਹਮਾਰੈ ਗਰਹਿ ਬਸੰਤ1 ਗੁਣ ਗਾਏ ਪ੍ਰਭ ਤੁਮ ਬੇਅੰਤ11
ਆਜ ਹਮਾਰੈ ਬਣੇ ਫਾਗ1 ਪ੍ਰਭੁ ਸੰਗੀ ਮਿਲਿ ਖੇਲਣ ਲਾਗ11
ਹੋਲੀ ਕੀਨੀ ਸੰਤ ਸੇਵ1 ਰੰਗ ਲਾਗਾ ਅਤਿ ਲਾਲ ਦੇਵ11
ਮਨੁ ਤਨੁ ਮਉਲਿਓ ਅਤਿ ਅਨੂਪ1 ਸੂਕੇ ਨਾਹੀ ਛਾਵ ਧੂਪ11
ਅਰਧਾਤ ਬਸੰਤ ਤੇ ਹੋਲੀ ਦਾ ਆਨੰਦ ਕੇਵਲ ਗੁਰਾਂ ਦੀ ਸ਼ਰਣ , ਸੰਗਤ, ਸੇਵਾ ਤੇ ਜਸ ਕਰਨ ਨਾਲ ਹੀ ਹੁੰਦਾ ਹੈ 1 ਜਿਥੇ ਧਰਮ ਸੰਗਤਾਂ ਨੂੰ ਮਨ ਅਤੇ ਆਤਮਾ ਬਲਵਾਨ ਬਣਾਉਣ ਲਈ ਪ੍ਰੇਰਦਾ ਹੈ ਉਥੇ ਰਸਮਾਂ ਤੇ ਤਿਉਹਾਰਾਂ ਨੂੰ ਸਰਲ , ਸੁਆਦ ਭਰਿਆ ਤੇ ਭਾਵਪੂਰਤ ਬਣਾਉਂਦਾ ਹੈ, ਜੀਵਨ ਜਾਚ ਤੇ ਵਿਕਾਸਸ਼ੀਲ ਸਰੀਰ ਦੀ ਲੋੜ ਸਮਝਾਉਂਦਾ ਹੈ 1
ਵਕਤ ਸਦਾ ਇਕੋ ਜਿਹਾ ਨਹੀਂ ਰਹਿੰਦਾ 1 ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ 1ਗੁਰੂ ਹਰਗੋਬਿੰਦ ਸਾਹਿਬ ਨੇ ਵਕਤ ਦੀ ਨਜ਼ਾਕਤ ਦੇਖਦੇ, ਗੁਰੂ ਅਰਜਨ ਦੇਵ ਜੀ ਦੀ ਹਿਦਾਇਤ ਤੇ ਚਲਦਿਆਂ ,ਮੀਰੀ ਨੂੰ ਪੀਰੀ ਨਾਲ,ਭਗਤੀ ਨੂੰ ਸ਼ਕਤੀ ਨਾਲ,ਸ਼ਾਸ਼ਤਰਾਂ ਨੂੰ ਸ਼ਸ਼ਤਰਾਂ ਨਾਲ ਤੇ ਦੇਗ ਨੂੰ ਤੇਗ ਨਾਲ ਜੋੜ ਦਿਤਾ1 ਇਸ ਨੂੰ ਮੁਗਲ ਰਾਜ ਲਈ ਖਤਰਾ ਜਾਣ ਕੇ ਜਹਾਂਗੀਰ ਨੇ ਧੋਖੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਦਿਲੀ ਬੁਲਾਇਆ ਪਰ ਰਾਹ ਵਿਚ ਹੀ ਗਵਾਲੀਅਰ ਦੇ ਕਿਲੇ ਵਿਚ ਕੈਦ ਕਰ ਲਿਆ ਤੇ ਲੰਬੀ ਸਜ਼ਾ ਸੁਣਾ ਦਿਤੀ1 ਪਰ ਜਲਦੀ ਹੀ ਜਹਾਂਗੀਰ ਨੇ ਸੰਗਤ ਦੀ ਸ਼ਰਧਾ ਵੇਖਦਿਆਂ, ਬਗਾਵਤ ਦੇ ਡਰ ਤੋਂ ਤੇ ਮੁਮਤਾਜ਼ ਤੇ ਵਜ਼ੀਰ ਖਾਨ (ਇਹ ਸਰਹੰਦ ਦਾ ਵਜੀਰ ਖਾਨ ਨਹੀ ਬਲਿਕ ਜਹਾਗੀਰ ਦਾ ਆਪਣਾ ਵਜੀਰ ਸੀ) ਦੇ ਦਬਾਵ ਹੇਠ ਆਕੇ ਗੁਰੂ ਸਾਹਿਬ ਨੂੰ ਰਿਹਾ ਕਰ ਦਿਤਾ ਤੇ ਉਨ੍ਹਾ ਨਾਲ ਦੋਸਤੀ ਦਾ ਰਿਸ਼ਤਾ ਕਾਇਮ ਕਰ ਲਿਆ ਜੋ ਨਿਭਾਇਆ ਵੀ 1 ਗੁਰੂ ਹਰਗੋਬਿੰਦ ਸਾਹਿਬ ਨਾਲ ਸ਼ਾਹਜਹਾਂ ਵਕਤ ਮੁਗਲਾਂ ਨਾਲ ਚਾਰ ਜੰਗਾਂ ਹੋਈਆਂ ਪਰ ਬਾਅਦ ਵਿਚ ਕੁਝ ਸਮਾਂ ਗੁਰੂ ਹਰ ਰਾਇ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਗੁਰਗਦੀ ਦੇ ਦੋਰਾਨ ਸ਼ਾਂਤੀ ਨਾਲ ਗੁਜਰਿਆ 1
1657 ਵਿਚ ਔਰੰਗਜ਼ੇਬ ਨੇ ਕਈ ਕੋਝੀਆਂ ਚਾਲਾਂ ਚਲ ਕੇ ਹਕੂਮਤ ਦੀ ਵਾਗ ਡੋਰ ਆਪਣੇ ਹਥ ਵਿਚ ਲੈ ਲਈ, ਜਿਸਦੀ ਖਾਤਰ ਭਰਾਵਾਂ ਦੇ ਖੂਨ ਨਾਲ ਹਥ ਰੰਗੇ , ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿਚ ਕੈਦ ਕੀਤਾ ,ਅਨੇਕਾਂ ਮੁਸਲਮਾਨਾ , ਜਿਨਾਂ ਨੇ ਦਾਰਾ ਸ਼ਿਕੋਹ ਦੀ ਮਦਤ ਕੀਤੀ ਸੀ ਅਕਿਹ ਤੇ ਅਸਿਹ ਕਸ਼ਟ ਦੇਕੇ ਕਤਲ ਕੀਤਾ , ਪੀਰਾਂ ਫਕੀਰਾਂ ਤੇ ਜ਼ੁਲਮ ਢਾਹੇ , ਜਿਸਦੀ ਦੀ ਖਾਤਿਰ ਮੁਸਲਮਾਨਾ ਦਾ ਬਹੁਤ ਵਡਾ ਹਿੱਸਾ ਉਸਦੇ ਖਿਲਾਫ਼ ਹੋ ਗਿਆ ਤੇ ਹਰ ਪਾਸੇ ਬਗਾਵਤ ਦੇ ਅਸਾਰ ਨਜਰ ਅਓਣ ਲਗੇ 1
ਜਨੂੰਨੀ ਮੁਸਲਮਾਨ ਜਿਨ੍ਹਾ ਦੀ ਮਦਤ ਨਾਲ ਓਹ ਤਖ਼ਤ ਤੇ ਬੈਠਾ ਸੀ ,ਉਹਨਾ ਨੂੰ ਖੁਸ਼ ਕਰਨ ਲਈ , ਆਪਣੇ ਗੁਨਾਹਾਂ ਤੇ ਪੜਦਾ ਪਾਣ ਲਈ ਤੇ ਆਪਣੀ ਵਿਗੜੀ ਸਾਖ ਬਨਾਓਣ ਲਈ ਉਸਨੇ ਤਲਵਾਰ ਦਾ ਰੁਖ ਹਿੰਦੂਆਂ ਵਲ ਮੋੜ ਦਿਤਾ 1 ਉਨ੍ਹਾ ਦੇ ਜੰਜੂ ਉਤਾਰਨੇ ,ਜਬਰੀ ਜਾਂ ਧੰਨ, ਦੋਲਤ, ਨੋਕਰੀ ਤੇ ਅਹੁਦਿਆਂ ਦੇ ਲਾਲਚ ਦੇਕੇ ਮੁਸਲਮਾਨ ਬਣਾਓਣਾ ,ਜਜਿਆ ਟੈਕ੍ਸ ਵਿਚ ਸਖਤੀ ਕਰਨਾ , ਚਾਰੋਂ ਪਾਸੇ ਮੰਦਰ ਗੁਰੁਦਵਾਰਿਆਂ ਦੀ ਢਾਹੋ ਢੇਰੀ , ਸੰਸਕ੍ਰਿਤ ਪੜਨ ,ਮੰਦਰ ਵਿਚ ਉਚੇ ਕਲਸ਼ ਲਗਾਣ ਤੇ ਸੰਖ ਵਜਾਓਣ ਦੀ ਮਨਾਹੀ , ਬਹੂ ਬੇਟੀਆਂ ਨੂੰ ਦਿਨ ਦਿਹਾੜੇ ਚੁਕਕੇ ਲੇ ਜਾਣਾ, ਡੋਲੇ ਵਿਚ ਨਵੀਆਂ ਆਈਆਂ ਦੁਲਹਨਾ ਨੂੰ ਕਢ ਕੇ ਆਪਣੇ ਹੇਰਮ ਵਿਚ ਪਾ ਦੇਣਾ , ਬਛੜੇ ਦੇ ਖਲ ਵਿਚ ਹਿੰਦੂਆਂ ਨੂੰ ਪਾਣੀ ਸੁਪਲਾਈ ਕਰਨਾ , ਕਿਹੜੇ ਕਿਹੜੇ ਜ਼ੁਲਮ ਔਰੰਗਜ਼ੇਬ ਨੇ ਨਹੀਂ ਕੀਤੇ, ਉਸਦੇ ਜ਼ੁਲਮ ਤੇ ਅਤਿਆਚਾਰਾਂ ਦੀ ਇੰਤਹਾ ਹੋ ਚੁਕੀ ਸੀ1 ਉਸਣੇ ਪੂਰੇ ਹਿੰਦੁਸਤਾਨ ਨੂੰ ਦਾਇਰ-ਏ-ਇਸਲਾਮ ਵਿਚ ਲਿਆਉਣ ਲਈ ਪਿਆਰ ,ਲਾਲਚ ਤੇ ਤਲਵਾਰ ਦੀ ਰਜ ਕੇ ਵਰਤੋਂ ਕੀਤੀ 1
ਰਾਜਿਆਂ , ਮਹਾਰਾਜਿਆਂ ਤੇ ਉਚੀਆਂ ਜਾਤਾਂ ਦੇ ਲੋਕ ਜਿਨ੍ਹਾ ਦਾ ਕੰਮ ਸੀ ਗਰੀਬਾਂ ਤੇ ਮਜ਼ਲੂਮਾ ਦੀ ਰਖਿਆ ਕਰਨਾ, ਦਾ ਨਿਸ਼ਾਨਾ ਆਪਣਾ ਸਵਾਰਥ ਸਿਧ ਕਰਨਾ ਤੇ ਐਸ਼ਪ੍ਰਸਤੀ ਤੋਂ ਸਿਵਾ ਕੁਝ ਨਹੀ ਸੀ1 ਲੋਕਾਂ ਦੀ ਮਾਨਕਸਿਤਾ ਵਿਚ ਕੋਮੀਅਤ ਤੇ ਆਜ਼ਾਦੀ ਦੀ ਭਾਵਨਾ ਪੂਰੀ ਤਰਹ ਗੁੰਮ ਹੋ ਚੁਕੀ ਸੀ, ਉਹ ਕੇਵਲ ਹੁਕਮ ਦੇ ਗੁਲਾਮ ਬਣ ਕੇ ਰਹਿ ਗਏ ਸੀ1 ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੁਲਮਾਂ ਨਾਲ ਟਕਰ ਲੈਣ ਲਈ ਆਪਣੇ ਸਿੰਘਾਂ ਨੂੰ ਫੌਜੀ ਸਿਖਲਾਈ ਦੇਣੀ ਸ਼ੁਰੂ ਕੀਤੀ 1 ਧਰਮ ਦੇ ਕਾਰਜਾਂ ਨਾਲ ਨਾਲ, ਸਵੇਰੇ ਸ਼ਾਮ ਦੇ ਜੋੜ ਮੇਲੇ,ਕਥਾ ਕੀਰਤਨ ਤੋਂ ਬਾਅਦ ਸ਼ਸ਼ਤਰ ਵਿਦਿਆ, ਤਲਵਾਰ ਚਲਾਣਾ, ਤੀਰ ਅੰਦਾਜੀ, ਤੇ ਸ਼ਿਕਾਰ ਕਰਨ ਦੀਆਂ ਵਿਓਂਤਾ ਤੇ ਅਭਿਆਸ ਕਰਵਾਣੇ ਸ਼ੁਰੂ ਕੀਤੇ1 ਸਿਖਾਂ ਵਿਚ ਬੀਰ ਰਸ ਭਰਨ ਲਈ 52 ਕਵੀ ਰਖੇ, ਜੰਗ ਲੜਨ ਦੇ ਅਭਿਆਸ ਕਰਵਾਏ, ਰਣਜੀਤ ਨਗਾਰਾ ਬਣਵਾਇਆ, ਖਾਲਸਾ ਪੰਥ ਦੀ ਸਿਰਜਣਾ ਕੀਤੀ1
ਇਸ ਦੋਰਾਨ ਜਦ ਗੁਰੂ ਸਾਹਿਬ ਨੇ ਹੋਲੀ ਦੇ ਨਜ਼ਾਰੇ ਦੇਖੇ ਜੋ ਗੰਦਗੀ ਦੀ ਚਰਮ ਸੀਮਾ ਤਕ ਪਹੁੰਚ ਚੁਕੇ ਸੀ ਤਾਂ ਉਨ੍ਹਾ ਨੇ ਮਨ ਵਿਚ ਫੈਸਲਾ ਕੀਤਾ ਕਿ ਉਹ ਆਪਣੇ ਸਿਖਾਂ ਨੂੰ ਹਰਗਿਜ਼ ਹੋਲੀ ਦਾ ਇਹ ਰੰਗ ਨਹੀਂ ਲਗਣ ਦੇਣਗੇ 1ਉਨ੍ਹਾ ਦੇ ਸਿਖ ਕਿਸੇ ਧੀ ਭੇਣ ਦੀ ਇਜ਼ਤ ਨੂੰ ਲੁਟਿਆ ਨਹੀਂ ਕਰਨਗੇ ਬਲਿਕ ਇਸਦੀ ਰਖਿਆ ਕਰਨਗੇ1 ਉਹ ਗਰੀਬ ,ਕਮਜ਼ੋਰ ਤੇ ਅਸਹਾਏ ਲੋਕਾਂ ਦਾ ਸਹਾਰਾ ਬਣਨਗਏ ਤੇ ਉਨ੍ਹਾ ਦੇ ਹਕਾਂ ਦੀ ਰਾਖੀ ਕਰਨਗੇ 1 ਉਨ੍ਹਾ ਨੇ ਇਸ ਕੰਮ ਲਈ ਜਨਤਾ ਦੇ ਮਨੋਬਲ ਨੂੰ ਉਚਾ ਕਰਨ ਦੇ ਨਾਲ ਨਾਲ ਉਨ੍ਹਾ ਨੂੰ ਸਰੀਰਕ ਤੋਰ ਤੇ ਬਲਵਾਨ ਕਰਨ ਦੇ ਨਵੇਂ ਸਾਧਨ ਜੁਟਾਏ1 ਹੋਲੀ ਦੇ ਤਿਉਹਾਰ ਜਿਸ ਵਿਚ ਗੁਰੂ-ਸ਼ਰਨ, ਸੰਗਤ, ਸੇਵਾ ਤੇ ਜਸ ਤਾਂ ਪਹਿਲੋਂ ਤੋ ਹੀ ਸੀ ਉਨ੍ਹਾ ਨੇ ਰਾਜ ਸ਼ਕਤੀ ਦਾ ਰੰਗ ਵੀ ਭਰ ਦਿਤਾ1
“ਜਾਕੋ ਹਰਿ ਰੰਗ ਲਾਗਾ ਇਸ ਜੁਗ ਮੇਂ ਸੋ ਕਹੀਅਤ ਹੈ ਸੂਰਾ “
ਹੋਲੀ ਨੂੰ ਹੋਲਾ ਮਹ੍ਹ੍ਲਾ (ਪੁਲਿੰਗ)ਦਾ ਨਾਂ ਦੇਕੇ ਖਾਲਸੇ ਨੂੰ ਚੜਦੀ ਕਲਾ ਬਖਸ਼ੀ, ਤਿਉਹਾਰ ਮਨਾਉਣ ਦੇ ਰੰਗ ਢੰਗ ਬਦਲੇ ਜੋ ਸਿਖ ਕੋਮ ਲਈ ਗੁਰੂ ਸਾਹਿਬ ਦੀ ਅਣਮੁਲੀ ਤੇ ਅਦੁਤੀ ਦੇਣ ਹੈ 1ਹੋਲੇ ਮਹ੍ਹ੍ਲਾ ਦਾ ਸ਼ਬਦ ਅਰਬੀ ਭਾਸ਼ਾ ਵਿਚੋਂ ਲਿਆ ਗਿਆ ਹੈ 1ਹੋਲਾ ਦਾ ਮਤਲਬ ਹੱਲਾ ਬੋਲਣਾ ਤੇ ਮਹ੍ਹਲਾ ਮਤਲਬ ਹਮਲੇ ਦਾ ਸਥਾਨ, ਜਿਹੜਾ ਜਿਤਣਾ ਜਾਂ ਜਿਤਿਆ ਹੋਵੇ1ਖਾਲਸਾ ਹੋਲੀ ਨਹੀਂ ਹੋਲਾ ਖੇਡਦਾ ਹੈ ਮਹ੍ਹ੍ਲਾ ਕਢਦਾ ਹੈ 1 ਹੋਲੀ ਅਤੇ ਹੋਲੇ ਮੁਹੱਲਾ ਮਨਾਉਣ ਦੇ ਢੰਗ ਵਿਚ ਕਾਫੀ ਫਰਕ ਹੈ; ਹੋਲੀ ਜਿਥੇ ਰੰਗਾਂ ਨਾਲ ਖੇਡੀ ਜਾਂਦੀ ਹੈ, ਹੌਲ਼ਾ ਮੁਹੱਲਾ ਖਾਸਲਾਸਾਈ ਜਾਹੋਜਲਾਲ ਅਤੇ ਸ਼ਸ਼ਤਰ ਵਿਦਿਆ ਦੇ ਜੌਹਰ ਦਿਖਾ ਮਨਾਇਆ ਜਾਂਦਾ ਹੈ1 ਇਹ ਸਿਰਫ ਖਿਡਾਰੀਆਂ ਦੀ ਖੇਡ ਨਹੀਂ ਬਲਿਕ ਇਨ੍ਹਾ ਖੇਡਾਂ ਨੇ ਉਹ ਯੋਧੇ ਪੈਦਾ ਕੀਤੇ ਜਿਨ੍ਹਾ ਨੇ ਸ਼ਾਹਾਂ ਤੇ ਬਾਦਸ਼ਾਹਾਂ ਦੇ ਤਖਤ ਹਿਲਾ ਕੇ ਰਖ ਦਿਤੇ 1
ਬਾਬਾ ਸ੍ਮੇਰ ਸਿੰਘ ਮਹੰਤ, ਪਟਨਾ ਸਾਹਿਬ ਨੇ ਇਸ ਬ੍ਰਿਤਾਂਤ ਨੂੰ ਵਰਨਣ ਕਰਦੇ ਹੋਏ ਇਹ ਸ਼ਬਦ ਲਿਖੇ ਹਨ:
‘ਔਰਨ ਕੀ ਹੋਲੀ ਮਮ ਹੋਲਾ ਕਹਯੋ ਕ੍ਰਿਪਾਨਿਧ ਬਚਨ ਅਮੋਲਾ
ਕਵੀ ਨਿਹਾਲ ਸਿੰਘ ਜੀ ਨੇ ਖਾਲਸੇ ਦੇ ਚੜ੍ਹਦੀ ਕਲਾ ਦੇ ਬੋਲਿਆਂ ਦਾ ਜ਼ਿਕਰ ਕਰਦੇ ਹੋਏ ਹੋਲੇ ਦੀ ਵਿਲੱਖਣਤਾ ਇੰਜ ਪ੍ਰਗਟਾਈ ਹੈ
ਔਰਨ ਕੀ ਆਰਤੀ ਸੁ ਆਰਤਾ ਅਕਾਲ ਜੂ ਕੋ,
ਲੋਕਨ ਕੀ ਬੋਲੀ ਦੀਨਬੰਧੁ ਕੋ ਸੁ ਬੋਲਾ ਹੈ।
ਅੰਬਿਕਾ ਕੜਾਹੀ ਮਹਾਰਾਜ ਕੋ ਕੜਾਹ ਸੁਧਾ ,
ਚੋਲੀ ਤੋਂ ਬਖਾਨੇ ਬਾਲ, ਸੁਆਮੀ ਜੀ ਕੋ ਚੋਲਾ ਹੈ।
ਝੰਡੀ ਔ ਸਵਾਰੀ ਆਪ ਝੰਡਾ ਜੂ ਸਵਾਰਾ ਨਾਥ ,
ਝੋਲੀ ਤੋ ਤਮਾਮ ਕੀ ਸੁ ਖ਼ਾਲਸੇ ਕੋ ਝੋਲਾ ਹੈ ।
ਦੇਵੀ ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿੱਧ ਹੋਲੀ ,
ਸ੍ਰੀ ਗੁਰ ਗੋਬਿੰਦ ਸਿੰਘ, ਜੂ ਕੋ ਆਜ ਹੋਲਾ ਹੈ।13।
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਮਾਂ ਜੰਗਾਂ ਜੁਧਾਂ ਦਾ ਸਮਾਂ ਰਿਹਾ1 ਭੰਗਾਣੀ ਦੇ ਯੁਧ ਤੋਂ ਬਾਅਦ ਇਹ ਤਾਂ ਉਹ ਸਮਝ ਚੁਕੇ ਸਨ ਕੀ ਇਹ ਕੋਈ ਆਖਰੀ ਜੰਗ ਨਹੀ ਹੈ ਬਲਿਕ ਜੰਗਾਂ ਦੀ ਸ਼ੁਰਵਾਤ ਹੈ1 ਇਸ ਮਕਸਦ ਲਈ ਉਨ੍ਹਾ ਨੇ ਫੋਜ਼ ਰਖੀ, ਫੋਜ਼ ਦੀ ਸੁਰਖਸ਼ਾ ਲਈ ਕਿਲੇ ਬਣਵਾਏ,ਜੰਗੀ ਤਿਆਰੀਆਂ ਸ਼ੁਰੂ ਕੀਤੀਆਂ,ਖਾਲਸੇ ਨੂੰ ਤਨੋ-ਮਨੋ ਬਲਵਾਨ ਤੇ ਮਜਬੂਤ ਕਰ, ਅਣਖ ਨਾਲ ਜੀਣਾ ਤੇ ਆਪਣੇ ਹਕ ਤੇ ਸਚ ਦੀ ਰਾਖੀ ਕਰਨ ਲਈ ਜਾਗਰੂਕ ਕੀਤਾ1ਸ਼ਸ਼ਤਰਾਂ ਦੀ ਵਰਤੋਂ ਕਰਨੀ ਸਿਖਾਈ ਤੇ ਸ਼ਸ਼ਤਰਾਂ ਨੂੰ ਆਪਣਾ ਗੁਰੂ ਤੇ ਪੀਰ ਮੰਨਿਆ 1
ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰੁ ਤੀਰ 11
ਸੈਫ਼ ਸਿਰੋਹੀ ਸੈਹਥੀ ਯਹੈ ਹਮਾਰੈ ਪੀਰ 11
ਆਪਜੀ ਤੇਗ ਦੀ ਜੈ ਜੈ ਕਾਰ ਕਰਦੇ ਅਤੇ ਇਸ ਨੂੰ ਦੁਸ਼ਟਾਂ ਦੇ ਦਲਾਂ ਦਾ ਨਾਸ ਕਰਨ ਵਾਲੀ ਅਤੇ ਨੇਕ ਪੁਰਸ਼ਾਂ ਤੇ ਸ਼੍ਰਿਸ਼ਟੀ ਨੂੰ ਉਭਾਰਨ ਵਾਲੀ ਦਰਸਾਉਂਦੇ ਹੋ 1
ਖਗ ਖੰਡ ਬਿਹੰਡ ਖਲ ਦਲ ਖੰਡ ਅਤਿ ਰਣ ਮੰਡ ਬਰਬੰਡ
ਭੁਜ ਦੰਡ ਅਖੰਡ ਤੇਜ ਪ੍ਰਚੰਡ ਜੋਤਿ ਅਮੰਡ ਭਾਨ ਪ੍ਰਭੰ
ਸੁਖ ਸੰਤਾ ਕਰਣੰ ਦੁਰਮਤਿ ਦਰੰਣਕਿਲਬਿਖ ਹਰਣ ਅਸ ਸਰਣੰ
ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰ ਮਮਿ ਪ੍ਰਤਿਪਾਰਣ ਜੈ ਤੇਗੰ
ਹੋਲਾ ਮੁਹੱਲੇ ਦਾ ਤਿਓਹਾਰ ਦੁਨੀਆ ਭੱਰ ਦੇ ਸਿੱਖਾਂ ਦੁਆਰਾ ਹੋਲੀ ਤੋਂ ਇਕ ਦਿਨ ਬਾਅਦ ,ਚੇਤ ਦੇ ਮਹੀਨੇ ਵਿਚ ਸਿੱਖੀ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ 1ਜਿਸਦਾ ਆਰੰਭ ਖਾਲਸਾ ਪੰਥ ਦੀ ਸਿਰਜਣਾ ਤੋਂ ਤੁਰੰਤ ਬਾਅਦ ਸੰਨ 1700 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਤਾਕਿ ਖੁਦ ਮੁਖਤਿਆਰ ਖਾਲਸਾ ਆਪਣੀ ਵਿਲਖਣ ਹੋਂਦ ਤੇ ਹਸਤੀ ਅਨੁਸਾਰ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਦਿਨ-ਦਿਹਾਰ ਨੂੰ ਵਿਲਖਣ ਤੇ ਨਿਆਰੇ ਢੰਗ ਨਾਲ ਮਨਾ ਕੇ ਆਪਣੀ ਸੁਤੰਤਰ ਹੋਂਦ ਦਾ ਪ੍ਰਗਟਾਵਾ ਕਰ ਸਕੇ1ਨਿਰਬਲ, ਨਿਤਾਣੀ, ਸਤਹੀਣ ਤੇ ਗੁਲਾਮ ਮਾਨਸਿਕਤਾ ਦੇ ਆਦੀ ਹੋ ਚੁਕੇ ਲੋਕਾਂ ਵਿਚ ਜਬਰ-ਜੁਲਮ ਦੇ ਖਿਲਾਫ਼ ਲੜਨ ਮਰਣ ਦੀ ਸ਼ਕਤੀ ਭਰਨ ਲਈ ਗੁਰੂ ਸਾਹਿਬ ਆਪਣੇ ਸਿੰਘਾਂ ਨੂੰ ਇਸ ਦਿਨ ਲਈ ਪੂਰਾ ਸਾਲ ਮੁਕਾਬਲਾ ਕਰਨ ਦੇ ਢੰਗ ਤਰੀਕੇ ਸਿਖਾਂਦੇ, ਸ਼ਸ਼ਤਰਾਂ ਦਾ ਅਭਿਆਸ ਕਰਵਾਉਂਦੇ 1 ਸਾਲ ਪਿਛੋਂ ਹੋਲੇ ਵਾਲੇ ਦਿਨ ਖੇਡਾਂ ਦੇ ਰੂਪ ਵਿਚ ਆਪਸੀ ਮਨਸੂਈ ਮੁਕਾਬਲੇ ਕਰਵਾਉਂਦੇ ਤੇ ਇਨਾਮ ਵੰਡਦੇ1ਹਰ ਕੋਈ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ, ਜਿਤਣ ਲਈ ਤੇ ਗੁਰੂ ਸਾਹਿਬ ਦੀ ਕਸੋਟੀ ਤੇ ਪੂਰਾ ਪੂਰਾ ਉਤਰਨ ਲਈ ਪੂਰੀ ਪੂਰੀ ਇਮਾਨਦਾਰੀ ਨਾਲ ਜੀ-ਤੋੜ ਮੇਹਨਤ ਕਰਦਾ1
ਹੋਲਾ ਮਹ੍ਹ੍ਲਾ ਹੋਲੀ ਤੋਂ ਅਗਲੇ ਦਿਨ ਕਿਲਾ ਹੋਲ੍ਹ੍ਗੜ ਤੋਂ ਪੰਜ ਪਿਆਰਿਆਂ ਦੀ ਅਰਦਾਸ ਤੋਂ ਬਾਅਦ ਸ਼ੁਰੂ ਹੁੰਦਾ ਹੈ1 ਨਗਾਰਿਆਂ ਦੀ ਗੂੰਜ ਵਿਚ ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ 1 ਨਿਸ਼ਾਨ ਸਾਹਿਬ ਲੈ ਕੇ ਕਿਲਾ ਹੋਲਗੜ੍ਹ ਤੋਂ ਮਹੱਲਾ ਕਢਦੇ ਹਨ। ਨਿਹੰਗ ਸਿੰਘ ਘੋੜਿਆਂ ਤੇ ਸਵਾਰ ਹੋ ਕੇ,ਨਗਾਰੇ ਵਜਾਉਂਦੇ,ਜੈਕਾਰੇ ਗਜਾਉੰਦੇ ਇਕ ਅਨੋਖੇ ਉਤਸ਼ਾਹ ਨਾਲ ਘੋੜਿਆਂ ਨੂੰ ਦੁੜਾਦੇ ਕਿਲ੍ਹਾ ਹੋਲਗੜ੍ਹ ਤੋਂ ਚਰਨ ਗੰਗਾ ਦੇ ਰੇਤਲੇ ਮੈਦਾਨ ਵਿਚ ਪੁਜਦੇ ਹਨ ,ਜਿਥੇ ਨੇਜ਼ਾ-ਬਾਜ਼ੀ,ਗਤਕਾ ਆਦਿ ਅਨੇਕਾਂ ਕਰਤਬ ਦਿਖਾਣ ਤੋਂ ਬਾਅਦ ਜਲੂਸ ਦੀ ਸ਼ਕਲ ਵਿਚ ਇਹ ਮਹ੍ਹ੍ਲਾ ਕਿਲਾ ਸ੍ਰੀ ਕੇਸਗੜ੍ਹ ਪੁਜਦਾ1 ਜਲੂਸ ਵਿਚ ਝੂਲਦੇ ਨਿਸ਼ਾਨ ਸਾਹਿਬ, ਘੋੜੇ, ਸ਼ਸ਼ਤਰ ਤੇ ਚੜਦੀ ਕਲਾ ਦੇ ਬੋਲ ਬਹਾਦਰਾਂ ਵਿਚ ਬਹਾਦਰੀ ਦੀ ਰੂਹ ਫੂਕ ਦਿੰਦੇ1 ਗੁਰੂ ਸਾਹਿਬ ਆਪ ਇਸ ਵਿਚ ਹਿਸਾ ਲੈਂਦੇ ਤੇ ਸੰਗਤਾਂ ਤੇ ਅੱਤਰ -ਗੁਲਾਲ ਛਿੜਕਦੇ1
ਤਖ਼ਤ ਸ੍ਰੀ ਕੇਸਗੜ੍ਹ, ਆਨੰਦਪੁਰ ਸਾਹਿਬ ਵਿਖੇ ਲੱਗਣ ਵਾਲੇ ਇਸ ਮੇਲੇ ਵਿੱਚ ਦੂਰ-ਦੂਰ ਤੋਂ ਸੰਗਤਾਂ ਵਹੀਰਾ ਘੱਤ ਕੇ ਆਉਂਦੀਆਂ ਹਨ। ਕਥਾ ਕੀਰਤਨ ਹੁੰਦੇ ਜਿਸਤੋ ਬਾਅਦ ਸ਼ਸ਼ਤਰਾਂ ਦੇ ਕਰਤਵ ਦਿਖਾਏ ਜਾਂਦੇ ਜਿਸ ਵਿਚ ਘੋੜ- ਸਵਾਰੀ , ਨੇਜ਼ਾਬਾਜ਼ੀ ,ਤੀਰ ਅੰਦਾਜੀ, ਚਾਂਦ-ਮਾਰੀ ਆਦਿ ਖੇਡਾਂ ਤੇ ਫੋਜੀ ਕਵਾਇਤਾਂ ਦੇਖਣ –ਯੋਗ ਹੁੰਦੀਆਂ1ਗੁਰੂ ਸਾਹਿਬ ਆਪ ਇਨ੍ਹਾ ਖੇਡਾਂ ਦੀ ਨਿਗਰਾਨੀ ਕਰਦੇ1 ਆਪਣੇ ਜਥਿਆਂ ਨੂੰ ਦੋ ਹਿਸਿਆਂ ਵਿਚ ਵੰਡਕੇ ਜਿਸ ਵਿਚ ਇਕ ਜਥਾ ਬਨਾਵਟੀ ਤੋਰ ਤੇ ਹਮਲਾ ਕਰਦਾ ਤੇ ਦੂਸਰਾ ਉਸ ਦਾ ਮੁਕਾਬਲਾ ਕਰਦਾ1 ਇਸ ਵਿਚ ਗੁਰੂ ਸਾਹਿਬ ਅਸਲੀ ਲੜਾਈ ਦੇ ਦਾਉ -ਪੇਚ, ਦੁਸ਼ਮਨ ਦੀਆਂ ਕੀ ਕੀ ਚਾਲਾਂ ਤੇ ਹਰਕਤਾਂ ਹੋ ਸਕਦੀਆਂ ਹਨ, ਆਪਣੇ ਬਚਾਉ ਲਈ ਕੀ ਕੀ ਕੀਤਾ ਜਾ ਸਕਦਾ ਹੈ ਬਾਰੇ ਖਾਲਸਾ ਪੰਥ ਨੂੰ ਜਾਣੂ ਕਰਵਾਉਂਦੇ1 ਜਿਤਣ ਤੇ ਹਾਰਣ ਵਾਲੇ ਨੂੰ ਪਹਿਲੇ ਤੇ ਦੂਸਰੇ ਦਰਜੇ ਦੇ ਇਨਾਮ ਵੰਡੇ ਜਾਂਦੇ , ਜਿਤਣ ਵਾਲੇ ਨੂੰ ਪਹਿਲਾ ਤੇ ਹਾਰਨ ਵਾਲੇ ਨੂੰ ਦੂਸਰਾ 1 ਹਾਰਨ ਵਾਲੇ ਨੂੰ ਇਨਾਮ ਦੇ ਨਾਲ ਨਾਲ ਨਸੀਹਤਾਂ ਵੀ ਦਿੰਦੇ ਕਿ ਉਨ੍ਹਾ ਨੇ ਕਿਥੇ ਤੇ ਕੀ ਕੀ ਗਲਤੀ ਕੀਤੀ ਹੈ ਅਤੇ ਅਗਲੇ ਸਾਲ ਖੇਡਣ ਲਈ ਹਲਾ ਸ਼ੇਰੀ ਵੀ ਕਰਦੇ 1 ਫਿਰ ਦੀਵਾਨ ਸਜਦੇ,ਕਥਾ ਕੀਰਤਨ ਹੁੰਦਾ, ਬੀਰ ਰਸ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ।ਗੁਰੁ ਦੇ ਲੰਗਰ ਅਤੁਟ ਵਰਤਦੇ ਹਨ।
ਇਸ ਦੀਵਾਨ ਵਿਚ ਸੰਗਤਾਂ ਨੂੰ ਪ੍ਰਭੂ ਰੰਗ ਵਿਚ ਰੰਗਿਆ ਦੇਖ ਕੇ, ਭਾਈ ਨੰਦ ਲਾਲ ਜੀ ਨੇ ਸੰਗਤਾਂ ਦਾ ਨਜ਼ਾਰਾ ਇੰਜ ਪੇਸ਼ ਕੀਤਾ ਹੈ-
“ਗੁਲੋਂ ਹੋਈ ਬਾਬਾਗੇ ਦਹਰਬ ਕੁਰਦ॥
ਜਹੇ ਪਿਚਕਾਰੀਏ, ਪਰ ਜਾਫਰਾਣੀ॥
ਕਿ ਰ ਬੇਰੰਗਰਾ, ਖੁਸੁ ਰੰਗੇ ਬੇਕਰਦਾ॥
ਗੁਰੂਸਾਹਿਬ ਦੀ ਚੜਦੀ ਕਲਾ ਦਾ ਸਬੂਤ ਦੇਖੋ 1 ਹੋਲਾ ਮਹ੍ਹ੍ਲਾ ਮਨਾਉਣ ਤੋਂ ਦੋ ਕੁ ਸਾਲ ਪਹਿਲਾਂ ਔਰੰਗਜ਼ੇਬ ਬਾਦਸ਼ਾਹ ਦਾ ਜਾਰੀ ਕੀਤੇ ਫੁਰਮਾਨ ਅਨੁਸਾਰ ਹਿੰਦੁਸਤਾਨੀਆਂ ਨੂੰ ਸ਼ਸ਼ਤਰ ਧਾਰਨ ਕਰਨ ਦੀ, ਘੋੜ ਸਵਾਰੀ ਕਰਨ , ਦਸਤਾਰ ਸਜਾਉਣ, ਨਿਸ਼ਾਨ ਤੇ ਫੌਜਾਂ ਰਖਣੀਆ, ਨਗਾਰੇ ਵਜਾਉਣ ਆਦਿ ਦੀ ਮਨਾਹੀ ਸੀ ਤੇ ਹੁਕਮ ਅਦੂਲੀ ਹਕੂਮਤ ਖਿਲਾਫ਼ ਬਗਾਵਤ ਮਨੀ ਜਾਂਦੀ ਸੀ ਜਿਸਦੀ ਸਜਾ-ਏ-ਮੋਤ ਸੀ 1 ਉਸ ਵਕ਼ਤ ਇਹ ਬਗਾਵਤ ਗੁਰੂ ਸਾਹਿਬ ਨੇ ਪਰਜਾ ਦੇ ਹਕ ਤੇ ਸਚ ਦੀ ਰਾਖੀ ਕਰਨ ਲਈ ਕੀਤੀ, ਲੋਕਾਂ ਨੂੰ ਮਾਨਸਿਕ ਤੇ ਸਰੀਰਕ ਤੋਰ ਤੇ ਬਲਵਾਨ ਬਣਾਉਣ ਲਈ ਹਰ ਸੰਭਵ ਯਤਨ ਕੀਤਾ 1 ਪ੍ਰਚਲਿਤ ਤਿਓਹਾਰਾਂ ਨੂੰ ਆਪਣੇ ਤਰੀਕੇ ਨਾਲ ਮਨਾਣਾ ਇਸੇ ਲੜੀ ਦੀ ਇਕ ਕੜੀ ਸੀ 1 ਤੇਗਾਂ, ਤਲਵਾਰਾਂ, ਨਿਸ਼ਾਨ ਸਾਹਿਬ, ਨਗਾਰੇ ਤੇ ਘੋੜਿਆਂ ਦੇ ਨਜ਼ਾਰੇ ਖਾਲਸੇ ਦੇ ਤਿਓਹਾਰ ਬਣ ਗਏ 1 ਹਕੂਮਤ ਦੀਆਂ ਨਜ਼ਰਾਂ ਵਿਚ ਸੰਗੀਨ ਜੁਰਮ ਸਮਝੀਆਂ ਜਾਂਦੀਆਂ “ਜੰਗੀ ਮਸ਼ਕਾਂ” ਖਾਲਸੇ ਦੀਆਂ ਰਿਵਾਇਤੀ ਖੇਡਾਂ ਬਣ ਗਈਆਂ1 ਗੁਲਾਮੀ ਦੀ ਬੂ ਲੋਕਾਂ ਦਾ ਦਮ ਘੁਟਣ ਲਗੀ ਤਾਂ ਲੋਕ ਜਬਰ-ਜੁਲਮ ਦੇ ਖਿਲਾਫ਼ ਮੈਦਾਨ-ਏ-ਜੰਗ ਵਿਚ ਨਿਤਰਨ ਲਗੇ 1 ਦਸਮ ਪਾਤਸ਼ਾਹ ਨੇ ਇਸ ਤਰਹ ਲੋਕਾਂ ਦੀ ਮਾਨਸਿਕਤਾ ਵਿਚ ਚੜਦੀ ਕਲਾ ਦਾ ਅਹਿਸਾਸ ਜਗਾ ਕੇ ਜਬਰ ਜੁਲਮ ਤੇ ਅਨਿਆ ਦੇ ਖਿਲਾਫ਼ ਜੂਝਣ ਦੇ ਸਮਰਥ ਬਣਾਇਆ ਤੇ ਦਬੇ ਕੁਚਲੇ ਸਤਹੀਣ ਲੋਕਾਂ ਵਿਚ ਨਵੀਂ ਰੂਹ ਫੂਕ ਕੇ ਅਣਖ ਨਾਲ ਜੀਣਾ ਸਿਖਾਇਆ ਸੀ 1
Add comment