{:en}SikhHistory.in{:}{:pa}ਸਿੱਖ ਇਤਿਹਾਸ{:}

ਹਰੀ ਸਿੰਘ ਨਲੂਵਾ  (1791 – 1837)

ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਮਹਾਨ ਸਿਖ ਯੋਧੇ ਸ. ਹਰੀ ਸਿੰਘ ਨਲਵਾ ਨੂੰ ਹਾਲ ਹੀ ਵਿਚ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿਚ ਪਹਿਲੇ ਸਥਾਨ ‘ਤੇ ਰਖਿਆ ਗਿਆ ਹੈ।  ਹਰੀ ਸਿੰਘ ਨਲੂਆ ਆਪਣੀ ਚੜਦੀ ਜਵਾਨੀ ਮਤਲਬ 14-15 ਸਾਲ ਦੀ ਉਮਰ ਤੋਂ ਲੈਕੇ  ਆਪਣੇ ਜੀਵਨ ਦੇ ਅੰਤ 1837 ਈਸਵੀ ਤਕ ਉਹ ਖਾਲਸਾ ਰਾਜ  ਦੌਰਾਨ ਫੌਜ ਦੇ ਮੁਖ ਸੈਨਾਪਤੀ ਰਹੇ ? ਉਹ ਇਤਿਹਾਸ ਵਿਚ ਇਕ ਮਾਤਰ ਅਜਿਹੀ ਸ਼ਖਸੀਅਤ ਸਨ, ਜਿਨ੍ਹਾਂ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਖੈਬਰ ਦਰੇ ਨੂੰ ਪਾਰ ਕੀਤਾ ਤੇ ਖੈਬਰ ਤੇ ਕਬਜਾ ਕਰਕੇ ਸਦੀਆਂ ਤੋਂ ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ  ਲੁਟੇਰੇ ਤੇ ਧਾੜਵੀਆਂ ਦਾ ਹਮੇਸ਼ਾਂ ਲਈ ਰਾਹ ਬੰਦ ਕਰ ਦਿਤਾ ਜੋ ਦੇਸ਼ ਤੋਂ ਕਰੋੜਾਂ ਦੀ ਸੰਪਤੀ ਧੰਨ ਮਾਲ ਡੰਗਰ ਤੇ ਹਿੰਦੁਸਤਾਨ ਦੀ ਇਜ਼ਤ (ਜਵਾਨ ਬਚੇ ਬਚੀਆਂ )  ਲੁਟ ਕੇ ਲੈ ਜਾਂਦੇ ਤੇ ਗਜਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੋਂ ਵੇਚਦੇ ਸਨ 1

ਹਰੀ ਸਿੰਘ ਬਹੁਤ ਸਾਹਸੀ ਤੇ ਦਲੇਰ ਬਿਰਤੀ ਵਾਲਾ ਇਨਸਾਨ ਸੀ ਹਰ ਸੰਕਟ ਸਮੇ ਅਨੋਖੇ ਸਾਹਸ ਦੀ ਪਰਦਰਸ਼ਨਾ ਕਰਦਾ ਸੀ 1 ਸਰ ਅਲੇਗਜੇੰਡਰ ਆਪਣੇ ਸਫ਼ਰਨਾਮੇ ਵਿਚ ਲਿਖਦਾ ਹੈ  ਕੀ ਜਦੋਂ ਅਸੀਂ ਅਟਕ ਦਾ ਦਰਿਆ ਪਾਰ ਕਰਨ ਲਗੇ ਤਾ ਦਰਿਆ ਬੜੀ ਤੂਫਾਨੀ ਜੋਸ਼ ਵਿਚ ਸੀ 1 ਸਾਡੇ ਸਾਮਣੇ ਪੰਜ ਸਵਾਰ ਤੇਜ਼ ਧਾਰ ਦੀ ਮਾਰ ਹੇਠ ਆਕੇ ਦਰਿਆ ਵਿਚ ਰੁੜ ਗਏ 1 ਮੈਂ ਚਾਹੁੰਦਾ ਸੀ ਕੀ ਅਸੀਂ ਰੁਕ ਜਾਈਏ ਪਰ ਜਰਨੈਲ ਨੇ ਆਪਣੇ ਅੰਦਾਜ਼ ਵਿਚ ਹਸ ਕੇ ਕਿਹਾ ,’ ਸਿੰਘ ਬਣਨ ਦਾ ਕੀ ਫਾਇਦਾ ਜੇ ਦਰਿਆ ਅਟਕ ਨਾ ਪਾਰ ਕੀਤਾ “1 ਉਹ ਘੋੜ ਤੇ ਸਵਾਰ ਹੋਕੇ ਮੈਨੂੰ  ਵੀ ਜਬਰੀ ਨਾਲ ਲੈਕੇ ਬਿਖੜੀਆਂ ਧਾਰਾਂ ਪਾਰ ਕਰਦਾ ਝਟ ਦੂਸਰੇ ਕਿਨਾਰੇ ਪਹੁੰਚ ਗਿਆ 1

ਸ੍. ਹਰੀ ਸਿੰਘ ਨਲੂਆ ਦਾ ਜਨਮ ਸੰਨ 1791 ਈਸਵੀ  .ਵਿੱਚ ਸ੍ . ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੌ ਗੁੱਜਰਾਂਵਾਲਾ ਵਿਚ  ਹੋਇਆ । ਸਰਦਾਰ ਹਰੀ ਸਿੰਘ ਸਰਦਾਰ ਗੁਰਦਿਆਲ ਸਿੰਘ ਦੇ ਘਰ ਛੇਕੜਲੀ ਉਮਰੇ ਜਨਮੇ ਤੇ ਘਰਾਣੇ  ਵਿਚ ਇਕੋ ਇਕ ਬਾਲ ਹੋਣ  ਕਰਕੇ  ਬੜੇ ਹੀ ਲਾਡਾਂ ਤੇ ਮਲਾਰਾਂ ਨਾਲ ਪਲਿਆ ਸੀ । ਜਦੋਂ ਥੋੜਾ ਵਡਾ ਹੋਇਆ ਤਾਂ ਸਰਦਾਰ ਗੁਰਦਿਆਲ ਸਿੰਘ ਨੇ ਹਰੀ ਸਿੰਘ ਨੂੰ ਪੰਜਾਬੀ ਤੇ ਫ਼ਾਰਸੀ ਪੜਾਣ ਲਈ ਇਕ  ਵਿਦਵਾਨ ਸਿੰਘ ਅਤੇ ਚੰਗਾ ਫ਼ਾਜ਼ਲ ਮੌਲਵੀ ਰਖ ਦਿਤਾ   । ਅਜੇ ਮੱਸਾ ਹਰੀ ਸਿੰਘ ਦੇ  ਲਾਡਲੇ ਜੀਵਨ ਦੀਆਂ ਸੱਤ ਗਰਮੀਆਂ ਅਤੇ ਸੱਤ  ਸਰਦੀਆਂ ਬੀਤੀਆਂ  ਸਨ  ਕਿ ਆਪ ਦੇ ਪਿਤਾ ਜੀ  ਚੜ੍ਹਾਈ  ਕਰ ਗਏ । ਇਸ ਤੋਂ ਬਾਅਦ ਹਰੀ ਸਿੰਘ ਦੀ ਪਾਲਣਾ-ਪੋਸ਼ਣਾ ਹਰੀ ਸਿੰਘ ਦੇ ਮਾਮਾ ਜੀ ਦੇ ਘਰ ਹੋਈ  । ਉਹਨਾਂ ਨੇ ਹਰੀ ਸਿੰਘ ਦੀ ਪੜ੍ਹਾਈ ਦੇ ਨਾਲ ਨਾਲ  ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਦਾ ਵੀ ਖ਼ਾਸ ਪ੍ਬੰਧ ਕੀਤਾ । ਆਪ  ਨੂੰ  ਛੋਟੀ ਉਮਰ ਵਿਚ ਹੀ ਪੰਜਾਬੀ, ਫ਼ਾਰਸੀ ਅਤੇ ਪਸ਼ਤੋ ਦਾ ਚੰਗਾ ਗਿਆਨ ਹੋ ਗਿਆ ਤੇ ਘੋੜਸਵਾਰੀ , ਨੇਜਾਬਾਜ਼ੀ , ਤਲਵਾਰ ਚਲਾਣ ਤੇ ਹੋਰ ਜੰਗੀ ਕਰਤਵਾਂ ਵਿਚ ਵੀ  ਆਪਨੇ ਚੰਗੀ ਮੁਹਾਰਤ ਹਾਸਲ ਕਰ ਲਈ 1

ਮਹਾਰਾਜਾ ਰਣਜੀਤ ਸਿੰਘ  ਨੋਜਵਾਨਾ ਦੇ ਹੋਸਲੇ ਬੁਲੰਦ ਕਰਨ ਲਈ ਹਰ ਸਾਲ ਬਸੰਤ ਪੰਚਮੀ ਦੇ ਦਿਨ ਦਰਬਾਰ ਵਿਚ ਜਵਾਨਾਂ ਦੀਆਂ  ਖੇਡਾਂ ਦਾ ਮੁਕਾਬਲੇ ਕਰਵਾਂਦੇ ਸਨ 1 ਸੰਨ 1805 ਈਸਵੀ ਵਿਚ .ਬਸੰਤ ਪੰਚਮੀ ਵਾਲੇ ਦਿਨ  ਹਰੀ ਸਿੰਘ ਨੇ ਆਪਣੀ ਸ਼ਸਤਰ ਵਿੱਦਿਆ ਦੇ ਉਹ ਕਮਾਲ ਦਿਖਾਏ ਕਿ ਮਹਾਰਾਜੇ ਨੇ ਆਪਣਾ ਸੋਨੇ ਦਾ ਕੈਂਠਾ ਆਪਣੇ ਗਲੇ ਤੋ ਉਤਾਰ ਕੇ ਆਪ ਦੇ ਗੱਲੇ ਵਿੱਚ  ਪਾ ਦਿੱਤਾ ਅਤੇ ਆਪਣੇ ਬਾਡੀਗਾਰਡਾਂ ਵਿੱਚ ਭਰਤੀ ਕਰ ਲਿਆ । ਮਹਾਰਾਜਾ ਇਕ ਦਿਨ ਆਪਣੇ ਬਾਡੀਗਾਰਡਾਂ ਸਮੇਤ ਸ਼ਿਕਾਰ ਖੇਡਣ ਗਏ । ਜੰਗਲ ਵਿੱਚ ਇਕ ਸ਼ੇਰ ਨੇ ਅਚਾਨਕ ਇਸ  ਸ਼ਿਕਾਰੀ ਟੁੱਕੜੀ ਤੇ ਹਮਲਾ ਕਰ ਦਿੱਤਾ । ਹਮਲਾ ਇਤਨਾ ਅਚਾਨਕ ਸੀ ਕੀ ਹਰੀ ਸਿੰਘ ਨੂੰ ਮਿਆਂ ਵਿਚੋਂ ਤਲਵਾਰ ਕਢਣ ਦਾ ਮੋਕਾ ਨਾ ਮਿਲਿਆ 1 ਉਹ  ਸ਼ੇਰ ਨਾਲ ਗੁੱਥਮ-ਗੁੱਥਾ ਹੋ ਗਿਆ ਅਤੇ ਸ਼ੇਰ ਨੂੰ ਮੂਧੜੇ ਮੂੰਹ ਸੁੱਟ ਦਿੱਤਾ । ਉਸ ਦੇ ਸੰਭਲਣ ਤੋਂ ਪਹਿਲਾ ਹੀ ਆਪ ਨੇ ਆਪਣੀ ਤਲਵਾਰ ਨਾਲ  ਅਜਿਹਾ ਵਾਰ ਕੀਤਾ ਕਿ ਸ਼ੇਰ ਦੀ ਗਰਦਨ ਧੜ ਨਾਲੋਂ ਵੱਖ ਕਰਕੇ ਰੱਖ ਦਿੱਤੀ । ਇਹ  ਦੇਖ ਕੇ ਮਹਾਰਾਜਾ ਹੈਰਾਨ ਰਹਿ ਗਿਆ । ਉਸ ਨੇ ਹਰੀ ਸਿੰਘ ਨੂੰ ‘ਨਲੂਆ’ ( ਰਾਜਾ ਨਲ ) ਦੀ ਉਪਾਧੀ ਨਾਲ ਸਨਮਾਨਿਆ ਅਤੇ ‘ ਸ਼ੇਰ ਦਿਲ ‘ ਰਜਮੈਂਟ ਦਾ ਸਰਦਾਰ ਆਹਲਾ (ਜਰਨੈਲ) ਨਿਯੁਕਤ ਕਰ ਦਿੱਤਾ । ਉਸ ਵਕਤ ਮਹਾਰਾਜੇ ਨਾਲ ਇਕ ਚਿਤਰਕਾਰ ਵੀ ਸੀ ਜਿਸਤੋਂ  ਮਹਾਰਾਜੇ ਨੇ ਹਰੀ ਸਿੰਘ ਦੀ ਸ਼ੇਰ ਨਾਲ ਲੜਦਿਆਂ ਤਸਵੀਰ ਬਣਵਾਈ 1 ਇਥੋਂ ਸਰਦਾਰ ਹਰੀ ਸਿੰਘ ਨਲੂਆ ਦਾ ਫ਼ੌਜੀ ਜੀਵਨ ਆਰੰਭ ਹੁੰਦਾ ਹੈ ।

ਹਰੀ ਸਿੰਘ ਨਲੂਆ ਮਹਾਰਾਜੇ ਦਾ ਪਰਸਿੱਧ ਜਰਨੈਲਾਂ ਵਿੱਚੋਂ ਇਕ ਸੀ1 ਉਹ ਆਪਣੀ ਬੇਮਿਸਾਲ ਅਤੇ ਅਦੁੱਤੀ ਗੁਣਾਂ ਦੇ ਕਾਰਨ ਨਾ ਕੇਵਲ ਖ਼ਾਲਸਾ ਫ਼ੌਜ ਦੇ ਕਮਾਂਡਰ ਇਨਚੀਫ਼ ਦੇ ਮਹਾਨ ਉੱਚੇ ਅਹੁਦੇ ਤਕ  ਪਹੁੰਚੇ , ਬਲਕਿ ਕਸ਼ਮੀਰ ,ਹਜ਼ਾਰਾ ਅਤੇ ਪਿਸ਼ਾਵਰ ਦੇ ਕਾਮਯਾਬ ਗਵਰਨਰ ਭੀ ਬਣੇ, ਜਿੱਥੇ ਆਪ ਦੇ ਨਾਮ ਦਾ ਸਿੱਕਾ ਵੀ ਚੱਲਿਆ 1 ਉਸਨੇ ਆਪਣੀ ਲਿਆਕਤ, ਬਹਾਦਰੀ ਤੇ ਹੋਂਸਲੇ ਨਾਲ ਸਿੱਖ ਰਾਜ ਦੀਆਂ ਹਦਾਂ ਨੂੰ ਕਸੂਰ ,ਮੁਲਤਾਨ,ਬਹਾਵਲਪੁਰ, ਮਿਠਾ ਟਿਵਾਣਾ ਤੇ ਕਸ਼ਮੀਰ ਤਕ ਫੈਲਾਇਆ 1 ਇਸਤੋਂ ਬਾਅਦ ਮੁਗਰੇ, ਮਾਘਲੀ, ਡੇਰਾ ਜਾਤ , ਹਜ਼ਾਰਾ ਤੇ ਨੋਸ਼ਹਿਰਾ, ਪਿਸ਼ਾਵਰ ਨੂੰ  ਜਿਤ ਕੇ ਸਿਖ ਰਾਜ ਦਾ ਵਿਸਥਾਰ ਕੀਤਾ 1

ਜਿਥੇ ਹਰੀ ਸਿੰਘ ਤਲਵਾਰ ਦਾ ਧਨੀ ਤੇ ਘੋੜ ਸਵਾਰੀ ਦਾ ਮਾਲਕ ਸੀ ਉਥੇ ਉਹ ਨਵੀਆਂ ਬਣੀਆਂ ਇਮਾਰਤਾ ਦੇ ਡਿਜ਼ਾਇਨ, ਸੁਰਖਸ਼ਿਤ ਕਿਲਿਆਂ ਦੀ ਉਸਾਰੀ ਤੇ ਉਨਾ ਦੇ ਮਾਡਲ ਬਨਾਣ ਵਿਚ ਵੀ ਮਾਹਿਰ ਸੀ 1 ਹਰੀਪੁਰ ਦਾ ਸ਼ਹਿਰ ਉਸ ਦੀਆਂ ਬਣਾਈਆਂ ਇਮਾਰਤਾਂ ਵਿਚੋਂ ਇਕ ਸੀ 1 ਕਿਸ਼ਨ ਗੜ੍ਹ ਕਿਲੇ ਦੀ ਬਣਤਰ ਤੇ ਚੋਣ ਇਕ ਉਚ-ਕੋਟੀ ਦਾ ਸਬੂਤ ਹੈ1 ਉਸਦੇ ਬਣੇ ਗੁਜਰਾਂਵਾਲੇ ਬਾਗ ਵੀ ਜੁਗਰਾਫੀਕਲ ਡਿਸਕਵਰੀ ਦੇ ਖਾਸ ਮੁਦੇ ਹਨ  1

ਹਰੀ ਸਿੰਘ ਗੁਰਮਤਿ ਦਾ ਪਕਾ ਧਾਰਨੀ ਸੀ1 ਹੰਕਾਰ ਨਾ-ਮਾਤਰ  ਵੀ ਨਹੀਂ ਸੀ ਚਾਹੇ ਉਸਨੇ ਕਿਤਨੀ ਵਡੀ ਪਦਵੀ ਹਾਸਲ ਕਰ ਲਈ ਸੀ 1 ਉਸਦੇ ਚੇਹਰੇ ਤੇ ਅਜਿਹੀ ਚਮਕ ਤੇ ਜਲਾਲ ਸੀ ਕੀ ਵਡੇ ਵਡੇ ਸੂਰਮੇ ਵੀ ਉਸਦੀ ਅਖ ਨਾਲ ਅਖ ਨਹੀਂ ਸੀ ਮਿਲਾ ਸਕਦੇ 1 ਉਹ ਇਨਸਾਫ਼-ਪਸੰਦ ਹਾਕਮ ਸੀ  ਉਸਦਾ ਜੀਵਨ ਇਤਨਾ ਉਚਾ ਤੇ ਸੁਚਾ ਸੀ ਜਿਸਦੇ ਨਾਲ ਇਕ ਬੜੀ ਪਿਆਰੀ ਘਟਨਾ ਜੁੜੀ ਹੋਈ ਹੈ 1 ਕਹਿੰਦੇ ਹਨ ਇਕ ਵਾਰੀ ਹਰੀ ਸਿੰਘ ਨਲੂਵਾ ਪਠਾਣਾ ਨਾਲ ਜੰਗ ਦੇ ਸਮੇ ਜੰਗ ਤੋਂ ਬਾਅਦ ਰਾਤ ਨੂੰ ਆਪਣੇ ਖੇਮੇ  ਵਿਚ ਆਰਾਮ ਕਰ ਰਹੇ ਸੀ 1 ਇਕ ਪਠਾਣ  ਤੇ ਉਸਦੀ ਪਠਾਣੀ ਕੋਲ ਹੀ ਕਿਤੇ ਝਾੜੀਆਂ ਵਿਚ ਲੁਕੇ ਹੋਏ ਸਨ1 ਪਠਾਣੀ ਦਾ ਦਿਲ ਕੀਤਾ ਹਰੀ ਸਿੰਘ ਨੂੰ ਮਿਲਣ ਦਾ ਕਿਓਕੀ ਉਸਨੇ ਹਰੀ ਸਿੰਘ ਦੀਆਂ ਬਹੁਤ ਸਿਫਤਾਂ ਸੁਣੀਆਂ ਹੋਈਆਂ ਸਨ ਪਰ ਪਠਾਣ  ਨਾ ਮੰਨਿਆ 1 ਉਹ ਪਠਾਨ ਦੀ ਬਾਂਹ  ਛੁੜਾ ਕੇ ਹਰੀ ਸਿੰਘ ਦੇ ਖੇਮੇ  ਵਲ ਚਲੀ ਗਈ 1 ਦਰਬਾਨ ਨੂੰ ਮਿਲਣ ਲਈ ਪੁਛਿਆ 1 ਦਰਬਾਨ ਨੇ ਹਰੀ ਸਿੰਘ ਨੂੰ ਜਾਕੇ ਦਸਿਆ ਕਿ ਇਕ ਪਠਾਣੀ ਤੁਹਾਨੂੰ ਮਿਲਣਾ ਚਾਹੁੰਦੀ ਹੈ 1 ਹਰੀ ਸਿੰਘ ਨੇ ਉਸ ਨੂੰ ਭੇਜਣ ਲਈ ਕਹਿ ਦਿਤਾ 1 ਪਠਾਣੀ ਆਈ ਸੁਖ ਸਾਂਦ ਪੁਛਕੇ ਬੈਠ ਗਈ ਤੇ ਕਹਿਣ ਲਗੀ ਮੇਰੀ ਇਕ ਖਾਹਿਸ਼ ਕਿ ਮੇਰਾ ਵੀ ਇਕ ਤੁਹਾਡੇ ਵਰਗਾ ਬਹਾਦਰ ਪੁਤਰ ਹੋਵੇ 1 ਹਰੀ ਸਿੰਘ ਨੇ ਕਿਹਾ ਹਾਂ ਜਰੂਰ ਹੋਵੇਗਾ ਮੈ ਪ੍ਰਮਾਤਮਾ ਅਗੇ ਅਰਦਾਸ ਕਰਾਂਗਾ ,ਰਬ ਤੇਨੂੰ ਮੇਰਾ ਵਰਗਾ ਬਹਾਦਰ ਪੁਤਰ ਜਰੂਰ ਦੇਵੇਗਾ1 ਕਹਿਣ ਲਗੀ ਕੀ ਮੈਨੂੰ ਤੁਹਾਡੇ ਤੋਂ ਤੁਹਾਡੇ ਵਰਗਾ ਪੁਤਰ ਚਾਹੀਦਾ ਹੈ1 ਹਰੀ ਸਿੰਘ ਉਸ ਔਰਤ ਦੀ ਜੁਰਰਤ ਦੇਖ ਕੇ ਬੜਾ ਹੈਰਾਨ ਹੋਇਆ , ਦਰਬਾਰੀ ਨੂੰ ਬੁਲਾ ਕੇ ਕਿਹਾ ਕੀ ਇਸ ਨੂੰ ਬਾਹਰ ਤਕ ਛੋੜ ਦਿਓ 1 ਔਰਤ ਰਸਤੇ ਵਿਚ ਬੁੜ -ਬੁੜਾਦੀ ਤੁਰ ਪਈ ਕਿ ਮੈਂ ਤਾਂ ਸੁਣਿਆ ਸੀ ਕਿ ਸਿਖ ਕਿਸੇ ਲੋੜਵੰਦ ਨੂੰ ਖਾਲੀ ਨਹੀਂ ਤੋਰਦੇ 1 ਜਦ ਹਰੀ ਸਿੰਘ ਨੇ ਸੁਣਿਆ ਤਾਂ ਉਸ ਨੂੰ ਵਾਪਸ ਬੁਲਾ ਲਿਆ 1 ਮੰਜੇ ਤੋਂ ਉਠ ਕੇ ਉਸਦੇ ਚਰਨਾ ਵਿਚ ਮੱਥਾ ਟੇਕਿਆ ਕੀ ਅਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁਤਰ , ਮੇਰਾ ਵਰਗਾ ਕਿਓ ਮੈਂ ਹੀ ਤੇਰਾ ਪੁਤਰ ਹਾਂ 1 ਜਦ ਤਕ ਹਰੀ ਸਿੰਘ ਜਿਓੰਦਾ ਰਿਹਾ ਉਸਨੇ ਉਸ ਨਾਲ ਸਾਰੀ ਉਮਰ ਮਾ-ਪੁਤ ਦਾ ਰਿਸ਼ਤਾ ਨਿਭਾਇਆ 1

ਕਸੂਰ ਦੀ ਜਿਤ

ਸ੍. ਹਰੀ ਸਿੰਘ ਨਲੂਆ ਨੇ  1807. ਵਿਚ ਕਸੂਰ ਨੂੰ ਫ਼ਤਹ ਕੀਤਾ । ਇਸ  ਜੰਗ ਵਿੱਚ ਨਵਾਬ ਕੁਬਤਦੀਨ ਖਾਨ ਨੇ ਮੁਲਤਾਨ ਦੇ ਨਵਾਬ ਮੁਜ਼ੱਫਰ ਖ਼ਾਨ ਨੂੰ ਵੀ  ਆਪਣੇ ਨਾਲ ਮਿਲਾ ਕੇ ਅੰਦਰੋਂ ਅੰਦਰ ਲਿਖਤ ਪੜ੍ਹਤ ਕਰ ਲਈ  ਤੇ ਨਾਲ ਜਿਹਾਦ ਦਾ ਨਾਅਰਾ ਲਗਾ ਕੇ  ਜੋਸ਼ੀਲੇ ਮੌਲਵੀਆਂ ਤੇ ਵਾਅਜ਼ਾਂ ਦੀ ਕੋਸ਼ਿਸ਼ ਨਾਲ ਹੋਰ ਜਿਹਾਦੀ ਵੀ ਇੱਕਠੇ ਕਰ ਲਏ  । ਬਹਾਦਰ ਸਰਦਾਰ ਹੁਕਮਾ ਸਿੰਘ ਚਿਮਨੀ ਤੇ ਸਰਦਾਰ ਹਰੀ ਸਿੰਘ ਨਲੂਆ ਦੀ  ਅਦੁੱਤੀ ਬੀਰਤਾ ਨੇ ਕਸੂਰ ਦੀ ਸ਼ਕਤੀਸ਼ਾਲੀ ਪਠਾਣ ਫੋਜ਼ ਨੂੰ ਖਦੇੜ ਕੇ ਰਖ ਦਿਤਾ ਪਰ ਇਸ ਜੰਗ ਵਿਚ  ਹੁਕਮ ਸਿੰਘ ਚਿਮਨੀ  ਸਖ਼ਤ ਫੱਟੜ ਹੋ ਗਿਆ । ਮਹਾਰਾਜੇ ਨੇ ਇਸ ਭਾਰੀ ਜਿਤ  ਦੇ ਇਵਜ਼ ਵਿਚ  ਸ: ਹਰੀ ਸਿੰਘ ਤੇ ਸ: ਹੁਕਮ ਸਿੰਘ ਚਿਮਨੀ  ਨੂੰ ਸਰਦਾਰੀ ਅਤੇ 30000-30000 ਰੁਪੇ ਦੀ ਜਾਗੀਰ ਬਖ਼ਸ਼ੀ । ਹਰੀ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਵਲੋਂ ਇਹ ਇਕ ਨਹੀਂ ਬਲਿਕ ਅਨੇਕਾ ਵਾਰ ਜਮੀਨਾ , ਜਗੀਰਾਂ ਖਿਲਤਾਂ ਤੇ ਸੈਨਿਕ ਸਨਮਾਨ ਦਿਤੇ ਗਏ1

ਮੁਲਤਾਨ, ਮਿਠਾ ਟਿਵਾਣਾ,ਗੈਲਾਨੀ ਤੇ ਬੁਖਾਰੀ ਸਯਿਦ ,ਅਟੱਕ

1813 ਵਿਚ ਅੱਟਕ  ਕਿਲਾ ਫਤਹਿ ਕਰਨ ਤੋਂ ਬਾਅਦ ਸਰਦਾਰ ਹਰੀ ਸਿੰਘ ਨਲੂਆ ਨੇ ਮੁਲਤਾਨ ਦੇ ਨਵਾਬ ਮੁਜ਼ੱਫਰ ਖਾਨ ਨੂੰ ਗਿ੍ਫਤਾਰ ਕਰ ਲਿਆ ਅਤੇ  ਮੁਲਤਾਨ ਸਿਖ ਰਾਜ ਦਾ ਹਿਸਾ ਬਣ ਗਿਆ ਅਤੇ ਨਾਲ ਨਾਲ ਮਿੱਠੇ ਟਿਵਾਣੇ ਦਾ ਇਲਾਕਾ ਫ਼ਤਹਿ ਕਰ ਲਿਆ  ।  ਉੱਚ ਦੇ ਪੀਰ ਅਖਵਾਉਣ ਵਾਲੇ  ਗੈਲਾਨੀ ਤੇ ਬੁਖਾਰੀ ਸੱਯਦਾ ਹਿੰਦੂਆਂ ਤੋਂ ਘਿ੍ਣਾ ਕਰਦੇ ਸਨ ਤੇ ਉਨ੍ਹਾ ਤੇ ਮੰਨ ਚਾਹੇ ਜੁਲਮ ਕਰਦੇ ਸੀ 1  ਮਾਹਾਰਾਜਾ ਸਾਹਿਬ ਦਾ ਹੁਕਮ ਪੁੱਜਾ ਇਨ੍ਹਾ ਨੂ ਸੋਧਣ ਲਈ 1  ਹਰੀ ਸਿੰਘ ਅਤੇ  ਦਲ ਸਿੰਘ ਨੇ ਖ਼ਾਲਸਾ ਫ਼ੌਜਾ ਨੂੰ ਉੱਚ ਵੱਲ ਕੁੱਚ ਕਰਨ ਦਾ ਹੁਕਮ ਦੇ ਦਿੱਤਾ ।  ਖਾਲਸੇ ਦੇ ਤੋਪਖ਼ਾਨਿਆਂ ਤੇ  ਧੂੰਆਂਧਾਰ ਗੋਲੀਬਾਰੀ ਦੇ ਸਾਮਣੇ ਉਹ ਖੜੇ ਨਾ ਹੋ ਸਕੇ  । ਬੂਖ਼ਾਰੀਆਂ ਦਾ ਪੱਕਾ ਕਿਲਾ ਤੇ ਉਨ੍ਹਾ ਦਾ ਹੰਕਾਰ ਦੋਨੋ ਨੂੰ  ਧਰਤੀ ਨਾਲ ਮਿਲਾ ਦਿੱਤਾ ਗਿਆ । ਇਸ ਤੋਂ ਬਾਅਦ ਸੰਨ 1813 ਵਿਚ  ਹਰੀ ਸਿੰਘ ਨੇ ਅਫ਼ਗਾਨਾਂ ਦੇ ਕਿਲੇ ਅਟਕ ਤੇ ਫ਼ਤਹ ਪਾਈ  ।ਅਟਕ ਦਾ ਜਗਤ ਪ੍ਰਸਿਦ ਇਤਿਹਾਸਕ  ਕਿਲਾ ਦਰਿਆ ਸਿੰਧ ਦੇ ਠੀਕ ਪੱਤਣ ਉੱਪਰ ਬਣਿਆ ਹੋਇਆ ਹੈ ਅਫ਼ਗਾਨਿਸਤਾਨ ਦੇ ਲਸ਼ਕਰਾਂ ਦਾ ਪੰਜਾਬ ਉੱਪਰ ਧਾਵਿਆਂ ਦਾ ਇਹ ਦਰਵਾਜ਼ਾ ਸੀ, ਇਸ ਜੰਗ ਵਿੱਚ 15000 ਹਜ਼ਾਰ ਤੋਂ ਵੀ ਜਿਆਦਾਂ ਅਫ਼ਗਾਨੀ ਫ਼ੌਜਾਂ ਨੂੰ ਹਰਾ ਕੇ ਇਸ ਕਿਲੇ ਤੇ ਕਬਜਾ ਕਰ ਲਿਆ।

ਕਸ਼ਮੀਰ

ਸ: ਹਰੀ ਸਿੰਘ ਨਲੂਆ ਨੇ ਕਸ਼ਮੀਰ ਦੇ ਉੱਪਰ 20 ਅਪੈ੍ਲ ਸੰਨ 1818 ਦੇ ਵਿੱਚ 30000 ਫੌ਼ਜਾ ਦੇ ਨਾਲ ਕੂਚ ਕੀਤਾ ਨਾਲ ਮਾਹਾਰਾਜਾ ਰਣਜੀਤ ਸਿੰਘ ਅਤੇ ਸ਼ਹਿਜ਼ਾਦਾ ਖੜਕ ਸਿੰਘ ,ਬਾਬਾ ਫੂਲਾ ਸਿੰਘ ਸਨ । ਇਨ੍ਹਾ  ਨੇ  ਇਕ  ਮਈ 1818. ਨੂੰ ਰਾਜੋੜੀ ਡੇਰੇ ਲਾਏ । ਇਥੋਂ ਦਾ ਹਾਕਮ ਰਾਜਾ ਅਗਰ ਖਾਨ ਆਪਣੇ ਪਹਿਲੇ ਅਹਿਦਨਾਮੇ ਦੇ ਵਿਰੁੱਧ ਇਸ  ਸਮੇਂ ਬਾਗੀ ਹੋ ਬੈਠਾ ਸੀ ਅਤੇ ਉਸ ਨੇ ਖਾਲਸਾ ਫ਼ੌਜ ਨੂੰ ਰੋਕਣ ਦਾ ਆਪਣੇ ਵੱਲੋ ਪੂਰਾ ਪੂਰਾ ਯਤਨ ਕੀਤਾ  ਸੀ, ਇਥੇ ਸਰਦਾਰ ਹਰੀ ਸਿੰਘ ਨਲੂਏ ਨੇ ਇਤਨਾ ਜੋਰਦਾਰ ਹਮਲਾ ਕੀਤਾ ਕੀ ਉਸ ਕੋਲ ਨੱਸ ਕੇ ਜਾਨ ਬਚਾਉਣ ਤੋਂ ਛੁੱਟ ਹੋਰ ਕੋਈ ਚਾਰਾ ਨਾ ਰਿਹਾ  ।ਇਸ  ਟਾਕਰੇ ਵਿੱਚ ਖਾਨ ਦੀ ਫੋਜ਼ ਦਾ ਬਹੁਤ ਭਾਰੀ  ਜਾਨੀ ਨੁਕਸਾਨ ਹੋਇਆ  ਸੀ । ਖਾਲਸੇ ਵੱਲੋ ਵੀ  ਦੱਸ ਜਵਾਨ ਆਪਣਾ ਆਪ ਵਾਰ ਗਏ ਜਿਨਾਂ ਵਿਚੋ ਸਰਦਾਰ  ਜੋਧ ਸਿੰਘ ਰੂਸਾ ਖ਼ਾਸ ਤੌਰ ਤੇ ਜ਼ਿਕਰ ਦੇ ਕਾਬਿਲ ਹਨ । ਨੱਸੇ ਜਾਂਦੇ ਖ਼ਾਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਤੇ ਅਗਲੀ ਸਵੇਰ ਨੂੰ ਸ਼ੇਰਿ ਪੰਜਾਬ ਪਾਸ ਭਿੰਬਰ ਭਿਜਵਾ ਦਿੱਤਾ ਗਿਆ1 ਇਸ  ਤੋਂ ਬਾਅਦ ਖਾਲਸਾ ਫੌ਼ਜਾ 16 ਕੋਹਾਂ ਨੂੰ  ਕੂਚ ਕਰ ਕੇ ਬਹਿਰਾਮ ਲਾਗੇ ਪਹੁੰਚ ਗਏ  ,ਇਸ ਨੂੰ ਫਤਹ ਕਰਨ ਤੋਂ ਬਾਅਦ ਸੁਪਈਆ ਦੇ ਮੈਦਾਨ ਵਿਚ ਫ਼ਤਹ ਹਾਸਿਲ ਕੀਤੀ ,ਹੌਲੀ ਹੌਲੀ ਖਾਲਸਾ ਫ਼ੌਜਾ ਸਾਰੇ ਕਸ਼ਮੀਰ ਤੇ ਸਣੇ ਉਸ ਦੇ ਮਾਰਗਾਂ ,” ,’ਨਾਗਾਂ’ , ‘ਬਲਾਂ’ ;ਕਦਲਾਂ’ ,’ਸਰਾਂ’ ਝੀਲਾਂ ,ਪਰਬਤਾਂ ਤੇ ਪੱਧਰਾਂ ਪਰ ਪੂਰਾ ਪੂਰਾ ਕਬਜ਼ਾ ਕਰ ਲਿਆ । ਇਸ ਤਰਾਂ ਇਸਲਾਮੀ ਹਕੂਮਤ ਦੀਆਂ ਅੱਠਾਂ ਪੀੜ੍ਹੀਆ ਅਤੇ ਪੰਜ ਸੌ ਸਾਲ  ਦੇ ਬਾਅਦ ਕਸ਼ਮੀਰ ਵਿਚ ਖਾਲਸਾ ਰਾਜ ਕਾਇਮ ਕੀਤਾ ਗਿਆ

ਇਸ ਸ਼ਾਨਦਾਰ ਜਿੱਤ ਤੋਂ ਬਾਅਦ ਕਸ਼ਮੀਰ ਦਾ ਮੁਲਕੀ ਪ੍ਬੰਧ ਅਗੱਸਤ 1820 ਵਿਚ  ਹਰੀ ਸਿੰਘ ਨਲੂਆ ਦੇ ਹੱਥਾ ਚ’ ਦੇ ਦਿੱਤਾ ਗਿਆ ਜਿਸ ਦਾ ਪ੍ਬੰਧ ਹਰੀ ਸਿੰਘ ਨੇ ਬੈਖੂਬੀ ਨਿਭਾਇਆ। ਕਈ ਸਾਲਾਂ ਦਾ ਮਾਮਲਾ ਉਗਰਾਹਿਆ , ਗਰੀਬ ਲੋਕਾਂ ਤੋਂ ਜਬਰਦਸਤੀ ਬਿਗਾਰ ਕਰਵਾਣ ਦਾ ਭੈੜਾ ਰਿਵਾਜ਼ ਤੇ ਰੋਕ ਲਗਾਈ  1 ਹਿੰਦੁਆਂ ਤੇ ਲਗੀਆਂ ਬਹੁਤ ਸਾਰੀਆਂ ਪਾਬੰਦੀਆਂ ਨੂੰ ਖਤਮ ਕੀਤਾ 1 ਹਰ ਇਕ ਨੂੰ ਆਪਣੀ ਮਰਜ਼ੀ ਨਾਲ ਆਪਣਾ ਧਰਮ ਚੁਣਨ ਦੀ ਇਜਾਜ਼ਤ ਦਿਤੀ 1 ਅਕਾਲ ਵਿਚ ਭੁਖੇ ,ਦੁਖੀ ਲੋਕਾਂ ਦੀ ਹਰ ਤਰਹ ਨਾਲ ਮਦਤ ਕੀਤੀ 1 ਸਾਰੇ ਕਸ਼ਮੀਰ ਵਿਚ ਅਮਨ-ਅਮਾਨ ਤੇ ਖੁਸ਼ਹਾਲੀ ਕਾਇਮ ਕੀਤੀ 1 ਮਾਹਾਰਾਜਾ ਸਾਹਿਬ ਨੇ ਸ : ਹਰੀ ਸਿੰਘ ਦੇ ਪ੍ਬੰਧ ਤੋਂ ਖੁਸ਼ ਹੋਕੇ  ਇਕ  ਖ਼ਾਸ ਫ਼ੁਰਮਾਨ ਦੁਆਰਾ ਕਸ਼ਮੀਰ ਵਿਚ ਆਪਣੇ  ਨਾਮ ਦਾ ਸਿੱਕਾ (ਜ਼ਬਰ) ਚਲਾਣ ਦਾ ਮਹਾਨ ਉੱਚਾ ਅਧਿਕਾਰ ਬਖ਼ਸ਼ ਦਿੱਤਾ । ਸਰਾਦਰ ਹਰੀ ਸਿੰਘ ਨੇ ਇਸ ਫੁਰਮਾਨ ਦਾ ਸ਼ੁਕਰਾਨਾ ਕਰਦਿਆਂ ਲਿਖਿਆ ਕਿ ਸਿੱਕਾ ਤਾਂ  ਹਜ਼ੂਰ ਦੇ ਨਾਮ ਦਾ ਹੀ ਸ਼ੋਭਾ ਦਿੰਦਾ  ਹੈ ,ਸਾਡੇ ਲਈ  ਸਰਕਾਰ ਦੀ ਖੁਸ਼ੀ  ਹੀ ਲੱਖਾਂ ਜੇਹੀ ਹੈ। ਮਹਾਰਾਜਾ ਸਾਹਿਬ ਸ : ਹਰੀ ਸਿੰਘ ਦੀ ਇਸ ਸਦਾਕਤ , ਕੁਰਬਾਨੀ ਅਤੇ ਨਿਰਮਾਣਤਾ ਨੂੰ ਵੇਖ ਕੇ  ਖੁਸ਼ ਹੋਏ ਤੇ ਮੁੜ ਲਿਖਿਆ ਕਿ ਇਹੀ ਸਾਡੀ ਖੁਸ਼ੀ ਹੈ ,ਸੋ ਇਸ  ਹੁਕਮ ਅਨੁਸਾਰ ਸ: ਹਰੀ ਸਿੰਘ ਨੇ ਕਸ਼ਮੀਰ ਵਿਚ ਆਪਣੇ ਨਾਂ ਦਾ ਸਿੱਕਾ ਜਿਸ ਉਪਰ ‘ਹਰਿ’ ਲਿਖਿਆ ਜਾਂਦਾ ਸੀ ਜਾਰੀ ਕੀਤਾ ਜੋ 1890 ਤਕ ਚੱਲਦਾ ਰਿਹਾ  ।

ਕਾਫੀ ਸਮਾਂ ਬਾਅਦ ਮਹਾਰਾਜਾ ਸਾਹਿਬ ਨੇ ਇਕ ਸ਼ਾਹੀ ਫ਼ੁਰਮਾਨ ਵਿਚ ਲਿਖ ਘੱਲਿਆ ਕੀ ਆਪ ਨੇ ਜੋ ਘਾਲਾਂ ਕਸ਼ਮੀਰ ਦੀ  ਉਲਝੀ ਹੋਈ  ਤਾਣੀ ਨੂੰ ਸੁਲਝਾਣ ਲਈ  ਘਾਲੀਆ ਹਨ ਉਸ ਦੀ ਜਿੰਨੀ ਵਡਿਆਈ  ਤੇ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ ਸਰਕਾਰ ਨੂੰ ਪੁਰਾ ਪੂਰਾ ਭਰੋਸਾ ਹੈ ਕਿ ਹੁਣ ਕਸ਼ਮੀਰ ਦੀ ਗਵਰਨਰੀ ਕੋਈ ਵੀ ਕਰ ਸਕੇਗਾ ਪਰ  ਆਪ ਦੇ ਅਤੇ ਸਾਡੇ ਜ਼ਿਮੇਂ ਖਾਲਸਾ ਰਾਜ ਦੇ ਵਾਧੇ ਲਈ  ਅਜੇ ਬਹੁਤ ਬੜੇ -ਬੜੇ ਮਹਾਨ ਕੰਮ ਕਰਨੇ ਬਾਕੀ ਰਹਿੰਦੇ ਹਨ। ਅਸੀਂ ਲਾਹੌਰ ਤੋਂ 24 ਕਤੱਕ 1878 ਨੂੰ ਕੂਚ ਕਰਾਂਗੇ ,ਜੇ ਹੋ ਸਕੇ ਤਾਂ ਆਪ ਸਾਡੇ ਨਾਲ ਖ਼ੁਸ਼ਾਬ ਦੇ ਮੁਕਾਮ ਪਰ ਮਿਲ ਪੈਣਾ ਤਾਕਿ ਧਾਵੇ ਦੀ ਵਿਚਾਰ ਪਹਿਲਾਂ ਹੀ ਆਪ ਨਾਲ ਕਰ ਲਈ  ਜਾਵੇ ।

ਉੱਪਰੋਕਤ ਫ਼ੁਰਮਾਨ ਦੇ ਪਹੁੰਚਣ ਤੇ ਸ : ਹਰੀ ਸਿੰਘ ਨੇ ਕੂਚ ਦੀਆਂ ਤਿਆਰੀਆਂ ਦਾ ਹੁਕਮ ਦੇ ਦਿੱਤਾ । ਜਦ ਤਿਆਰੀਆਂ ਹੋ ਗਈਆਂ ਤਾਂ  ਹਰੀ ਸਿੰਘ ਨੇ ਇਕ ਭਾਰੀ ਦੀਵਾਨ ਕੀਤਾ 1 ਸਭ ਨੂੰ ਬੜੇ ਪਿਆਰ ਭਰੇ ਸ਼ਬਦਾਂ ਦੁਆਰਾ ਮੁਖ਼ਾਤਬ ਕਰ ਕੇ ਆਖ਼ਿਆ ,” ਕਸ਼ਮੀਰ ਵਿਚ ਆਪ ਨਾਲ ਜਿੰਨਾ ਸਮਾਂ ਬੀਤਿਆ ਉਹ ਸੁਹਾਵਣਾ ਸੀ ,ਮੇਰੇ ਦਿਲ ਵਿਚ ਆਪ ਲਈ  ਬੜੀ ਇਜ਼ਤ ਹੈ ,ਕਿਉਂਕੀ ਤੁਸਾਂ ਮੇਰੀ ਹਕੂਮਤ ਦੇ ਸਮੇਂ ਮੇਰੇ ਰਸਤੇ ਵਿਚ ਕੋਈ  ਕਠਨਾਈ ਆਉਣ ਨਹੀਂ  ਦਿੱਤੀ 1  ਧੰਨਵਾਦ ਸਹਿਤ  ਸ਼ੁਭ ਭਾਵਨਾਵਾਂ ਅਤੇ ਅਸੀਸਾ ਨਾਲ  6 ਨਵੰਬਰ 1821 ਨੂੰ ਵਿਦਾ ਹੋਏ  ।

ਆਪ ਜੀ ਦੀ ਵਿਦਾਇਗੀ ਦਾ ਨਜ਼ਾਰਾ ਬੜਾ ਹੀ ਦਿਲਾਂ ਨੂੰ ਧੂਹ  ਪਾਣ ਵਾਲਾ ਸੀ । ਰਸਤੇ ਦੇ ਦੋਹਾਂ ਪਾਸਿਆਂ ਵਲ ਹਜ਼ਾਰਾਂ ਦੀ ਗਿਣਤੀ ਵਿਚ ਵਾਪਾਰੀ ,ਜ਼ਿਮੀਦਾਰ , ਤੇ ਕਾਰੀਗਰ ਦੂਰ ਦੂਰ ਤਕ ਅੰਤਮ ਵਿਦਾਇਗੀ ਲਈ ਅਖਾਂ ਵਿਚ ਅਥਰੂ ਲੇਕੇ ਕਤਾਰਾਂ ਵਿਚ  ਖੜੋਤੇ ਸਨ । ਆਪ ਵੀ ਬੜੇ ਪਿਆਰ ਨਾਲ ਦੌਵੇਂ ਹੱਥ ਜੋੜ ਕੇ ਸਰਬੱਤ ਨੂੰ ‘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ” ਬੁਲਾਉਂਦੇ ਹੋਏ ਅਤੇ ਅਕਾਸ਼ ਤੋੜ ਜੈਕਾਰਿਆ ਦੀ ਗਰਜ਼ ਵਿਚ  ਸਭ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਏ ।

ਮਾਂਗਲੀ

ਸ: ਹਰੀ ਸਿੰਘ ਸਣੇ 7000 ਖਾਲਸਾ ਫ਼ੌਜ ਦੇ ਸਿਰੀਨਗਰ ਤੋਂ ਕੂਚ ਕਰਕੇ ਮੁਜ਼ੱਫਰਾਬਾਦ ਅਤੇ ਗੜ੍ਹੀ ਹਬੀਬੁੱਲਾ ਦੇ ਰਾਹ ਜਦੋਂ ਪਖਲੀ ਦੇ ਮੈਦਾਨ ਵਿਚ ਪਹੁੰਚੇ ਤਾਂ ਇਥੋਂ  ਖ਼ਬਰ ਪਹੁੰਚੀ ਕਿ ਹਜ਼ਾਰੇ ਦੇ ਜਦੂਨ ਅਤੇ ਤਿਨਾਵਲੀ 30000 ਲਸ਼ਕਰ ਇਕੱਠਾ ਕਰਕੇ ਖਾਲਸਾ ਫ਼ੌਜ ਨੂੰ ਰੋਕਣ ਲਈ  ਮਾਂਗਲੀ ਦੀ ਪ੍ਸਿਧ ਘਾਟੀ ਵਿਚ ਲਹੂ ਡੋਲਵੀਂ ਲੜਾਈ  ਲੜਨ ਲਈ  ਤਿਆਰ ਬੈਠੇ ਸਨ ਇਥੇ  10 ਨਵੰਬਰ ਸੰਨ 1821 . ਨੂੰ ਸ: ਹਰੀ ਸਿੰਘ ਨੇ ਮਾਂਗਲੀ ਨੂੰ ਫ਼ਤਹਿ ਕਰ ਲਿਆ । ਅਤੇ 19 ਕਤੱਕ ਮੁਤਾਬਿਕ 18 ਨਵੰਬਰ ਨੂੰ ਮਾਂਗਲੀ ਤੋਂ ਕੂਚ ਕਰਕੇ  28 ਨਵੰਬਰ1821 ਨੂੰ ਖ਼ੁਸ਼ਾਬ ਦੇ ਮੁਕਾਮ ਤੇ ਮਾਹਾਰਾਜਾ ਸਾਹਿਬ ਨੂੰ ਜਾ ਮਿਲਿਆ । ਮਾਹਾਰਾਜੇ ਦੇ ਹੁਕਮ ਨਾਲ ਸ : ਹਰੀ ਸਿੰਘ ਤੇ ਉਸ ਦੀ ਫ਼ਤਹਯਾਬ ਫ਼ੌਜ ਦੀ ਤੌਪਾ ਚਲਾ ਕੇ ਸਲਾਮੀ ਕੀਤੀ ਗਈ ।

ਹਜ਼ਾਰਾ, ਨੁਸ਼ਹਿਰਾ

ਇਸ  ਫਤਹਿ ਤੋਂ ਬਾਅਦ ਸ: ਹਰੀ ਸਿੰਘ ਨੇ ਮਾਹਾਰਾਜਾ ਸਾਹਿਬ ਨਾਲ ਮਿਲ ਕੇ ਹੋਰ ਕਈ  ਫਤਹਿ ਪਾਈਆਂ  ਜਿਵੇਂ ,ਨੌਸ਼ਹਿਰੇ ਦੇ ਮੈਦਾਨ ਦੀ ਜੰਗ ,ਮੁਹੰਮਦ ਅਜ਼ੀਮ ਖਾਨ ਤੇ ਫਤਹ, ਹਜ਼ਾਰੇ ਵਿੱਚ ਪਠਾਣਾਂ ਨਾਲ ਜੰਗ ,ਕਟੌਚੀਆਂ ਤੇ ਚੜ੍ਹਾਈ ਸੱਯਦ ਅਹਿਮਦ ਨਾਲ ਜੰਗ ,ਗਾਖੜਾਂ ਦੀ ਸੁਧਾਈ ਆਦਿ  । ਨਾਲ ਨਾਲ ਪੰਜਾ ਸਾਹਿਬ ਗੁਰਦੁਆਰੇ ਦੀ ਸੇਵਾ ਵੀ ਕਰਵਾਈ ।

ਪਿਸ਼ਾਵਰ

ਮਈ 1834 ਵਿਚ ਪਿਸ਼ਾਵਰ ਨੂੰ ਖਾਲਸਾ ਰਾਜ ਨਾਲ ਜੋੜ ਦਿਤਾ ਗਿਆ 1 ਮਹਾਰਾਜੇ ਨੇ ਖੁਸ਼ ਹੋਕੇ ਉਨ੍ਹਾ ਨੂੰ ਪਿਸ਼ਾਵਰ ਦਾ ਗਵਰਨਰ ਥਾਪ ਦਿਤਾ ਤੇ ਆਪਣਾ ਸਿਕਾ ਚਲਾਣ ਨੂੰ ਵੀ ਹੁਕਮ ਕੀਤਾ 1 ਉਸ ਸਮੇ ਦੇ ਦੋਰਾਨ ਹੋਣ ਵਾਲੇ ਹਮਲੇ ਜਿਆਦਾਤਰ ਸਰਹੰਦ ਦੀ ਤਰਫੋਂ ਹੁੰਦੇ ਸਨ ਇਸ ਕਰਕੇ ਹਰੀ ਸਿੰਘ ਨੇ ਇਨ੍ਹਾ ਹਮਲਿਆਂ  ਨੂੰ ਰੋਕਣ ਵਾਸਤੇ ਸਰਹੰਦ ਵਿਚ ਆਪਣਾ ਕਿਲਾ ਸਥਾਪਿਤ ਕਰਕੇ ਆਪਣਾ ਪਕਾ ਡੇਰਾ ਜਮਾ ਲਿਆ ਤੇ  1823-1834 ਤਕ ਦੁਸ਼ਮਣ ਦੀਆਂ ਸੇਨਾਵਾਂ ਅਗੇ ਦੀਵਾਰ ਬਣ ਕੇ ਖੜੇ ਰਹੇ 1

1834 ਵਿਚ ਕੰਵਰ ਨੋਨਿਹਾਲ ਸਿੰਘ ਦੀ ਸ਼ਾਦੀ ਸਮਾਗਮ ਦੇ ਦੋਰਾਨ ਮਹਾਰਾਜਾ ਵਲੋਂ ਬੁਲਾਏ ਵਿਸ਼ੇਸ਼ ਮਹਿਮਾਨ ਬ੍ਰਿਟਿਸ਼ ਆਰਮੀ ਦੇ ਕਮਾਂਡਰ ਇਨ-ਚੀਫ਼ ਜਨਰਲ ਫੈਨ ਤੇ ਹੋਰਨਾਂ ਬ੍ਰਿਟਿਸ਼ ਅਧਿਕਾਰੀਆਂ ਦੇ ਸਾਮਣੇ ਆਪਣੀ ਸੈਨਾ ਦਾ ਪ੍ਰਦਰ੍ਸ਼ਨ ਕਰਨ ਲਈ ਮਹਾਰਾਜੇ ਨੇ ਪਿਸ਼ਾਵਰ ਤੋਂ ਸਾਰੀਆਂ ਸ਼ਾਹੀ ਸੈਨਾਵਾਂ ਸਹਿਤ ਫੋਜ਼-ਏ-ਖਾਸ ਨੂੰ ਵੀ ਲਹੋਰ ਬੁਲਾ ਲਿਆ 1 ਹਾਲਾਂਕਿ ਹਰੀ ਸਿੰਘ ਨਲੂਵਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੁਝਾਅ ਵੀ ਦਿਤਾ ਸੀ ਕੀ ਇਸ ਤਰਹ ਸਾਰੀਆਂ ਫੌਜਾਂ ਨੂੰ ਬੁਲਾਣਾ ਉਚਿਤ ਨਹੀਂ ਹੈ ਪਰ ਸ਼ਾਇਦ ਰਣਜੀਤ ਸਿੰਘ ਨੂੰ ਆਣ ਵਾਲੇ ਖਤਰੇ ਦਾ ਅੰਦਾਜ਼ਾ ਨਹੀਂ ਸੀ 1

ਪਿਸ਼ਾਵਰ ਤੋਂ ਕਾਬਲ ਵਲ ਜਾਂਦੇ ਰਾਹ ਉਤੇ ਜਮਰੋਦ ਦਾ ਕਿਲਾ ਉਸਾਰਿਆ ਗਿਆ ਤਾਕਿ ਕਾਬਲ ਵਲੋਂ ਆਉਂਦੇ ਧਾੜਵੀ ਤੇ ਲੁਟੇਰੇ ਦਾ ਰਾਹ ਬੰਦ ਕੀਤਾ ਜਾ ਸਕੇ 1 ਇਧਰ ਹਰੀ ਸਿੰਘ ਨਲੂਆ ਕਿਲੇ ਦੀ ਉਸਾਰੀ ਕਰਵਾ ਰਿਹਾ ਸੀ ਉਧਰ ਕਾਬਲ ਵਿੱਚ ਅਫ਼ਗਾਨੀ ਹਕੂਮਤ ਦੇ ਦਿਲ ਵਿਚ ਘਬਰਾਹਟ ਦੇ ਵੱਟ ਪੈ ਰਹੇ ਸਨ । ਇਹ  ਗੱਲ ਠੀਕ ਸਮਝ ਗਏ ਸਨ ਕਿ ਅਫ਼ਗ਼ਾਨਿਸਤਾਨ ਦੇ ਸਿਰ ਤੇ ਇਨ੍ਹਾ  ਨਵੇ ਕਿਲਿਆਂ ਦੀ ਕਤਾਰ ਅਤੇ ਇਸ  ਕਦਰ ਫ਼ੌਜੀ ਜਾਤਿਆਰੀਆਂ ਦਾ  ਸਾਫ਼ ਮਤਲਬ ਇਹ ਹੈ ਕਿ ਪੇਸ਼ਾਵਰ ਨੂੰ ਸਿੱਖ ਰਾਜ ਨਾਲ ਮਿਲਾਣ ਤੋਂ ਬਾਅਦ ਹੁਣ ਜਲਾਲਾਬਾਦ ਅਤੇ ਕਾਬਲ  ਤੇ ਕਬਜ਼ਾ ਕਰਨ ਲਈ  ਇਹ  ਪੇਸ਼ਬੰਦੀਆਂ ਹੋ ਰਹੀਆਂ ਹਨ1 ਅਮੀਰ ਦੋਸਤ ਮੁਹੰਮਦ ਜੋ ਤਿੰਨ ਵਾਰ  ਜੰਗ ਵਿਚ ਹਾਰ ਚੁੱਕਾ ਸੀ ਜਦ ਉਸਨੂੰ ਪਤਾ ਲਗਾ ਕੀ ਪਿਸ਼ਾਵਰ ਦੀਆਂ ਸਾਰੀਆਂ ਫੋਜਾਂ ਲਹੋਰ ਵਿਚ ਹਨ ਤਾਂ ਇਸ ਮੋਕੇ ਤੋਂ ਫਾਇਦਾ ਉਠਾ ਕੇ ਇਸ ਵਾਰ ਆਪਣੇ ਪੰਜ ਪੁੱਤਰਾਂ ਨੂੰ  ਅੱਗੇ ਲੈਕੇ ਆਇਆ  । ਆਫ਼ਗਾਨੀਆਂ ਨੇ 15 ਅਪੈ੍ਲ ਸੰਨ 1837 ਵਿਚ ਭਾਰੀ ਲਸ਼ਕਰ ਦੋ ਹਿੱਸਿਆ ਵਿਚ ਵੰਡ ਕੇ,  ਪਹਿਲੇ ਲਸ਼੍ਕਰ ਵਿਚ 30 ਹਜ਼ਾਰ ਫੌ਼ਜ ਅਤੇ 40 ਵੱਡੀਆਂ ਤੋਪਾ ਸਣੇ ਭਾਰੀ ਜੰਗੀ ਸਮਾਨ ਅਤੇ ਦੂਜੇ ਹਿਸੇ ਦੇ ਵਿਚ 2000 ਕਲਮੀ ਰਸਾਲਾਂ ਫੌ਼ਜ ,6 ਤੋਪਾਂ ,10  ਹਜ਼ਾਰ ਮੁਲਖਈਆਂ ਤੇ ਜੰਗੀ ਲਸ਼੍ਕਰ ਲੈਕੇ  ਪਿਸ਼ਾਵਰ ਦੇ ਦਖਣ ਵਿਚ ਜਮਰੋਦਦੇ ਕਿਲੇ ਤੇ ਧਾਵਾ ਬੋਲ ਦਿਤਾ 1 ਕਿਲੇ ਵਿਚ ਉਸ ਵਕਤ ਕਿਲੇਦਾਰ ਮਹਾਂ ਸਿੰਘ ਦੀ ਅਗਵਾਈ ਹੇਠ ਸਿਰਫ 800  ਪੈਦਲ 200 ਸਵਾਰ 80 ਤੋਪ੍ਖਾਨੇ ਦੇ ਗੋਲੰਦਾਜ਼ ,10 ਵਡੀਆਂ ਤੋਪਾਂ ਤੇ 12 ਹਲਕਿਆਂ ਪਹਾੜੀ ਤੋਪਾਂ ਸਨ 1 ਸਰਦਾਰ ਮਹਾਂ ਸਿੰਘ ਨੇ ਅਫਗਾਨੀਆਂ ਨਾਲ ਡਟ ਕੇ ਮੁਕਾਬਲਾ ਕੀਤਾ ਅਤੇ ਕਾਫੀ ਦੇਰ ਤਕ ਰੋਕੀ ਰਖਿਆ 1 ਅਗਲੇ ਪਹੁ ਫੁਟਾਲੇ ਦੇ ਨਾਲ ਹੀ ਅਕਬਰ ਖਾਨ ਨੇ ਫਿਰ ਹਲਾ ਬੋਲ ਦਿਤਾ 1 ਖਾਲਸੇ ਨੇ ਸਾਰਾ ਦਿਨ ਅਫਗਾਨਾ ਦੀ ਪੇਸ਼ ਨਾ ਜਾਣ  ਦਿਤੀ 1  ਸ਼ਾਮ ਤਕ ਅਫਗਾਨੀਆਂ ਦੀਆਂ ਭਾਰੀ ਤੋਪਾ ਨੇ ਕਿਲੇ ਦੀ ਲਾਗਲੀ ਬਾਹੀ  ਵਿਚ ਦਰਾੜ ਪਾ ਦਿਤੀ 1

ਉਧਰ ਮਹਾ ਸਿੰਘ ਨੇ ਕਿਲੇ ਦੇ ਸਰਦਾਰਾਂ ਨੂੰ ਇੱਕਠਾ ਕਰਕੇ ਦੋ ਮੰਗਾ ਦੀ ਪੇਸ਼ਕਸ਼ ਕੀਤੀ 1 ਪਹਿਲੀ ਤੇ ਕਿਲੇ ਵਿਚ ਪਈ ਟ੍ਰੇਡ ਨੂੰ ਰਾਤੋ ਰਾਤ ਰੇਤ ਦੀਆਂ ਬੋਰੀਆਂ ਨਾਲ ਭਰਿਆ ਜਾਵੇ ਤੇ ਦੂਸਰਾ ਰਾਤੋ ਰਾਤ ਹਰੀ ਸਿੰਘ ਨ੍ਲੂਵੇ ਨੂੰ ਇਥੋਂ ਦੇ ਹਾਲਾਤਾਂ ਬਾਰੇ ਸਾਰੀ ਖਬਰ ਪੁਚਾਈ ਜਾਏ 1 ਚਿਠੀ ਲੈਕੇ  ਬੀਬੀ ਹਰਸ਼ਰਨ ਕੋਰ ਰਾਤੋ-ਰਾਤ ਚਲੀ ਗਈ ਤੇ ਬਾਕੀ ਸਾਰੀਆਂ ਨੇ ਸਭ ਤ੍ਰੇੜਾ ਭਰ ਦਿਤੀਆਂ 1ਜੋ ਚਿਠੀ ਨ੍ਲੂਵੇ ਨੂੰ ਭੇਜੀ ਗਈ ਸੀ ਉਸਦਾ ਇਕ ਇਕ ਅਖਰ ਕੋਮੀ ਪਿਆਰ  ਨਾਲ ਰੰਗਿਆ ਹੋਇਆ ਸੀ ਜਿਸਦਾ ਮਜ਼ਬੂਨ ਇਸ ਪ੍ਰਕਾਰ ਸੀ 1

” ਜੀ ਨਹੀਂ ਸੀ ਚਹੁੰਦਾ ਕੀ ਆਪ ਜੀ ਨੂੰ ਬਿਮਾਰੀ ਦੀ ਹਾਲਤ ਵਿਚ ਆਪਣੇ ਨਾਲ ਰਲਾਇਆ ਜਾਏ ਪਰ ਅਸੀਂ ਇਸ ਗਲ ਤੋ ਜਾਣੂ ਹਾਂ ਕੀ ਪਿਸ਼ਾਵਰ ਵਿਚ ਫੋਜ਼ ਬਹੁਤ ਘਟ ਹੈ 1 ਲਹੋਰ ਤੋਂ ਫੋਜ਼ ਪਹੁੰਚ ਨਹੀਂ ਸਕਦੀ 1 ਇਸ ਲਈ ਕਿਲੇ ਦੇ ਖਾਲਸੇ ਦੀ ਇਹ ਇੱਛਾ ਹੈ ਕੀ ਆਪਜੀ ਨੂੰ ਵਰਤਮਾਨ ਸਮੇਂ ਤੋਂ ਜਾਣੂ ਕਰਵਾਇਆ ਜਾਏ 1 ਫਤਹਿਗੜ ਦੀ ਬਾਹਰਲੀ ਫਸੀਲ ਦਾ ਕੁਝ ਹਿਸਾ ਗਿਰ ਗਿਆ ਸੀ 1 ਪਰ ਖਾਲਸਾ ਇਸ ਵਕਤ ਬੜੀ ਹਿੰਮਤ ਨਾਲ ਰੇਤ ਭਰੀਆਂ ਬੋਰੀਆਂ ਨਾਲ ਦਰਾੜ ਨੂੰ ਪੂਰ ਰਿਹਾ ਹੈ 1 ਆਸ ਹੈ ਰਾਤੋ ਰਾਤ ਠੀਕ ਕਰ ਲਿਆ ਜਾਵੇਗਾ 1 ਅੱਜ ਉਸ ਸਮੇ ਸਤਿਗੁਰੁ ਨੇ ਖਾਲਸੇ ਦੀ ਪੈਜ ਰਖ ਲਈ ਕੀ ਵੈਰੀ ਫਸੀਲ ਦੇ ਡਿਗਦਿਆਂ  ਸਾਰ ਈ ਕਿਲੇ ਤੇ ਧਾਵਾ ਕਰਨ ਦਾ ਹੀਆ  ਨਾ ਕਰ ਸਕੇ , ਨਹੀਂ ਤਾਂ ਇਹ ਅੰਤਿਮ ਸੰਦੇਸ਼ ਆਪਜੀ ਦੀ ਭੇਟਾ ਨਾ ਹੋ ਸਕਦਾ 1 ਪ੍ਰਤੀਤ ਹੋ ਰਿਹਾ ਹੈ ਕਿ ਸਵੇਰੇ ਸਾਰ ਅਫਗਾਨਾਂ ਨੇ ਕਿਲੇ ਤੇ ਹਮਲਾ ਕਰਨਾ ਹੈ 1 ਆਪਜੀ ਦਾ ਪਿਆਰਾ ਫਤਹਿ ਗੜ੍ਹ ਧਰਤੀ ਨਾਲ ਮਿਲਾ ਦਿਤਾ ਜਾਵੇਗਾ 1 ਪਰ ਆਪ ਇਹ ਗਲ ਸੁਣ ਕੇ ਪ੍ਰਸੰਨ ਵੀ ਹੋਵੋਗੇ ਕਿ ਜਿਨ੍ਹਾ ਜਵਾਨਾਂ ਤੇ ਆਪਨੇ ਭਰੋਸਾ ਕਰ ਇਸ ਕਿਲੇ ਦੀ ਇਜ਼ਤ ਉਨ੍ਹਾ ਦੇ ਹਥ ਸੋਂਪੀ ਹੈ ,ਉਨ੍ਹਾ ਵਿਚੋਂ ਇਕ ਵੀ ਐਸਾ ਨਹੀ ਜਿਸਨੇ ਕੋੰਮ ਦੀ ਇਜ਼ਤ ਤੋ ਵਧ ਟਾਕਰੇ ਲਈ ਆਪਣੀ ਜਾਨ ਨੂੰ ਵਧੇਰਾ ਪਿਆਰਾ ਸਮਝਿਆ ਹੋਵੇ 1 ਇਸ ਵੇਲੇ ਫਟੜਾ ਅਤੇ ਬੀਮਾਰਾਂ ਤੋਂ ਛੁੱਟ 700 ਦੇ ਕਰੀਬ ਖਾਲਸਾ ਫੋਜ਼ ਮਜੂਦ ਹੈ 1 ਇਨ੍ਹਾ ਸਾਰੀਆਂ ਨੇ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਪ੍ਰਣ ਕੀਤਾ ਹੈ ਕੀ ਜਦ ਤਕ ਸਾਡੀਆਂ ਰਗਾਂ ਵਿਚ ਲਹੂ ਦਾ ਛੇਕੜਲਾ ਤੁਪਕਾ ਬਾਕੀ ਹੈ ,ਖਾਲਸਈ ਝੰਡੇ ਦੀ ਕੋਈ ਬੇਅਦਬੀ ਨਹੀਂ ਕਰ ਸਕੇਗਾ 1 ਇਸ ਤੋਂ ਪਿਛੋਂ ਸ਼ਾਇਦ ਸਾਡੇ ਵਲੋਂ ਆਪਜੀ ਨੂੰ ਕੋਈ ਖਤ ਨਹੀਂ ਪਹੁੰਚ ਸਕੇਗਾ 1 ਹੁਣ ਕਿਲੇ ਦੇ ਸਰਬਤ ਖਾਲਸੇ ਵਲੋਂ ਸਤਿਕਾਰ ਭਰੇ ਦਿਲ ਨਾਲ ਅੰਤਿਮ “ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ “ਪ੍ਰਵਾਨ ਹੋਵੇ” 1

                                                                                          ਆਪ ਜੀ ਦਾ ਨਿਵਾਜਿਆ

      17 ਵਿਸਾਖ 1894 ਬੀ :                                             ਮਹਾਨ ਸਿੰਘ ਅਤੇ ਫਤਹਿ ਗੜ੍ਹ ਦਾ ਸਰਬਤ ਖਾਲਸਾ

ਇਹ ਖਤ ਉਨ੍ਹਾ ਨੂੰ 30 ਅਪ੍ਰੈਲ ਨੂੰ ਅਜੇ ਕੁਝ ਰਾਤ ਬਾਕੀ ਸੀ ਮਿਲਿਆ1 ਖਤ ਪੜਦਿਆਂ ਹੀ ਹਰੀ ਸਿੰਘ ਨਲੂਆ ਦੇ ਅੰਦਰ ਦੇਸ਼ ਪਿਆਰ ਦੀ ਖਿਚ ਪੈਣੀ ਸ਼ੁਰੂ ਹੋ ਗਈ 1 ਉਨ੍ਹਾ ਅਗੇ ਦੋ ਹੀ ਰਸਤੇ ਸਨ , ਇਕ ਬਿਮਾਰੀ ਤੋਂ ਆਪਣੇ ਸਰੀਰ ਦੀ ਰਖਿਆ ਤੇ ਦੂਸਰਾ ਖਾਲਸਾ ਰਾਜ ਦੀ ਸ਼ਾਨ ਨੂੰ ਬਚਾਉਣਾ1  ਉਨ੍ਹਾ ਨੇ ਖਾਲਸੇ ਰਾਜ ਲਈ ਕੁਰਬਾਨੀ ਨੂੰ ਜਿਆਦਾ ਜਰੂਰੀ ਸਮਝਿਆ 1 ਉਸੇ ਵੇਲੇ ਪਿਸ਼ਾਵਰ ਵਿਚ ਬਚੀ ਫੋਜ਼ ਨੂੰ ਜਮਰੋਦ ਦੇ ਕਿਲੇ ਵਲ ਕੂਚ ਕਰਵਾ ਦਿਤਾ 1 ਨਾਲ ਹੀ ਉਨ੍ਹਾ ਨੇ ਮਹਾਂ ਸਿੰਘ ਦਾ ਖਤ ਤੇ ਆਪਣੀ ਚਿਠੀ ਤੇਜ਼ ਰਫਤਾਰ ਵਾਲੇ ਘੋੜ ਸਵਾਰ ਦੇ ਹਥ ਮਹਾਰਾਜਾ ਰਣਜੀਤ ਸਿੰਘ ਨੂੰ ਭੇਜ ਦਿਤਾ ਜਿਸ ਵਿਚ ਛੇਤੀ ਤੋ ਛੇਤੀ ਖਾਲਸਾ ਫੋਜ਼ ਭੇਜਣ ਦੀ ਮੰਗ ਕੀਤੀ  (ਜੋ ਚਿਠੀ ਧਿਆਨ ਸਿੰਘ ਡੋਗਰਾ ਨੇ ਮਹਾਰਾਜੇ ਨੂੰ ਦਸੀ ਹੀ ਨਹੀਂ) ਆਪ ਬਿਮਾਰੀ ਦੀ ਪ੍ਰਵਾਹ ਨਾ ਕਰਦੇ ਆਪਣੀ 5000 ਫੋਜ਼ ਲੈਕੇ ਮੈਦਾਨ-ਏ-ਜੰਗ ਵਿਚ ਪਹੁੰਚ ਗਏ  1 ਇਹ  ਜਮਰੋਦ ਦਾ ਜੰਗ ਤਿੰਨ  ਦਿਨ ਚੱਲਿਆ , ਜਦ  ਆਖਿਰੀ ਦਿਨ ਹਰੀ ਸਿੰਘ ਦੇ ਆਉਣ ਦੀ ਖਬਰ ਮਿਲੀ ਤਾਂ ਹਰੀ ਸਿੰਘ ਦਾ ਨਾਮ ਸੁਣ ਕੇ ਅਫ਼ਗਾਨੀ ਫੌ਼ਜਾ ਵਿਚ  ਐਸੀ  ਘਬਰਾਹਟ ਹੋਈ ਕਿ ਆਪਣੀਆਂ ਤੋਪਾਂ ਉਥੇ ਹੀ ਛਡਕੇ ਪਠਾਣ ਮੈਦਾਨ-ਏ-ਜੰਗ  ਤੋਂ ਨੱਸਦੇ ਆਪਣੀ ਸਲਾਮਤੀ ਦੀ ਦਵਾ ਮੰਗਦੇ   ਦੱਰਾ ਖ਼ੈਬਰ ਦੀ ਗੁਫਾ ਵਿਚ ਲੁਕ ਗਏ  1  ਇਸ ਮੈਦਾਨ ਵਿੱਚ ਸਰਦਾਰ ਹਰੀ ਸਿੰਘ ਦੇ ਰਸਾਲੇ ਨੇ ਕੁਲ ਮਿਲਾ ਕੇ  ਅਫ਼ਗ਼ਾਨਾਂ ਦੀਆਂ 40 ਵੱਡੀਆਂ ਤੋਪਾਂ ਤੇ ਕਬਜ਼ਾ ਕਰ ਲਿਆ1 ਹਰੀ ਸਿੰਘ ਪਿਛਾ ਕਰਦੇ ਦਰਾ ਖੈਬਰ ਦੀ ਗੁਫਾ ਵਿਚ ਪਹੁੰਚ ਗਏ1   ਕੁਝ ਪਠਾਣ  ਜੋ  ਗੁਫਾ ਵਿਚ ਲੁੱਕੇ ਹੋਏ ਸਨ, ਜਦ ਹਰੀ ਸਿੰਘ ਗੁਫਾ ਵਿਚ ਗਿਆ ਤਾਂ ਉਨ੍ਹਾ ਨੇ ਗੋਲੀਆਂ ਚਲਾ ਦਿਤੀਆਂ ,ਇਕ ਗੋਲੀ ਸਰਦਾਰ ਦੀ ਛਾਤੀ ਵਿਚ ਅਤੇ ਦੂਜੀ ਗੋਲੀ ਵੱਖੀ ਵਿਚ ਵੱਜੀ । ਸਰਦਾਰ ਜੀ ਦੇ ਨਾਲ ਦੇ ਸਵਾਰਾਂ ਨੇ ਝੱਟ ਉਸੇ ਵੇਲੇ ਗੂਫਾ ਨੂੰ ਘੇਰ ਲਿਆ ਅਤੇ ਗਾਜ਼ੀਆਂ ਨੂੰ ਗੁਫਾ ਵਿਚੋਂ ਕਢ ਡਕਰੇ ਡਕਰੇ ਦਿੱਤੇ ,ਪਰ ਜਿਹੜਾ ਕਾਰਾਂ ਇਹ  ਕਰ ਚੁੱਕੇ ਸਨ , ਉਸ ਦਾ ਬਦਲਾ ਇਸ  ਤਰਾਂ ਦੇ ਕਈ ਹਜ਼ਾਰ ਕਾਤਲਾਂ ਦੀ ਕੁਰਬਾਨੀ ਨਾਲ ਵੀ ਨਹੀ ਸੀ ਪੂਰਾ ਹੋ ਸਕਦਾ1 ਆਖਿਰ 46 ਸਾਲ ਦੀ ਉਮਰ ਦੇ ਵਿੱਚ 30 ਅਪੈ੍ਲ 1837 . ਨੂੰ  ਸ਼ਹੀਦੀ ਦਾ ਜਾਮ ਪੀ ਗਿਆ1  ਉਸਦੀ ਆਖਰੀ ਇੱਛਾ ਸੀ ਕੀ ਮੇਰੀ ਮੋਤ ਦੀ ਖਬਰ ਗੁਪਤ ਰਖਣੀ ਇਸ ਨਾਲ ਖਾਲਸੇ ਦੀ ਸ਼ਕਤੀ ਬਰਕਰਾਰ ਰਹੇਗੀ  1 ਸੋਚੋ ਮੋਤ ਦੇ ਬਿਸਤਰ ਤੇ ਪਿਆ ਹਰੀ ਸਿੰਘ ਖਾਲਸਾ ਰਾਜ ਦੀ ਚੜਦੀ ਕਲਾ ਬਾਰੇ ਸੋਚ ਰਿਹਾ ਸੀ 1  ਇਨ੍ਹਾ ਦੀ ਆਖਰੀ ਇੱਛਾ ਪੂਰੀ ਕਰਣ ਲਈ ਸਰਦਾਰ ਮਹਾਂ ਸਿੰਘ ਨੇ ਇਨ੍ਹਾ ਨੂੰ ਰਾਤੋ-ਰਾਤ ਕਿਲੇ ਦੀ ਚੜਦੀ ਨੁਕਰ ਵਲ ਸਾਡੇ ਢੰਗ ਨਾਲ ਕਨਾਤਾਂ ਦੇ ਅੰਦਰ ਸਸਕਾਰ ਕਰ ਦਿਤਾ 1 ਪਿਸ਼ਾਵਰ ਤੋਂ ਅਗੇ ਜਮਰੋਦ ਵਿਚ ਅਜ ਵੀ ਨ੍ਲੂਵੇ ਦੀ ਯਾਦ ਵਜੋਂ ਗੁਰੂਦਵਾਰਾ ਤੇ ਕਿਲਾ ਮੋਜੂਦ ਹੈ 1

ਹਰੀ ਸਿੰਘ ਨਲੂਵਾ ਸੰਤ ਵੀ ਸੀ ਤੇ ਸਿਪਾਹੀ ਵੀ ਸੀ 1 ਉਹ ਹਰ ਤਰਾਂ ਦੀਆਂ ਸੰਸਾਰੀ ਪਕੜਾ ਤੋ ਅਜਾਦ , ਨਿਰਾਸ਼ਾ  ,ਡਰ ,ਹਾਰ,  ਢਹਿੰਦੀਆਂ  ਕਲਾ ਉਸਦੇ ਲਾਗੇ ਨਹੀਂ ਸੀ ਢੁਕ ਸਕਦੀਆਂ 1 ਉਹ ਲੜਨ ਵੇਲੇ ਵੀ ਬੜੇ ਸੰਜਮ ਨਾਲ ਲੜਦਾ ਤੇ ਜੋਸ਼ ਵਿਚ ਹੋਸ਼ ਹਮੇਸ਼ਾ ਉਸਦੇ ਅੰਗ  ਸੰਗ ਰਹਿੰਦੇ 1 ਹਰੀ ਸਿੰਘ ਨਲੁਆ ਆਪਣੀ ਬੀਰਤਾ ਅਤੇ ਨਿਰਭੈਤਾ ਵਿੱਚ ਅਜੋੜ ਸੀ , ਪਠਾਣ ਉਸਦਾ ਨਾਂ ਸੁਣ  ਕੇ ਥਰ ਥਰ ਕੰਬਦੇ ਸਨ 1ਅਜ ਵੀ ਪਠਾਣੀਆਂ  ਆਪਣੇ ਰੋਂਦੇ ਹੋਏ ਬੱਚਿਆ ਇਹ  ਕਹਿ ਕੇ ਚੁੱਪ ਕਰਾਉਂਦੀਆਂ ਹਨ ,”ਚੁੱਪ ਸ਼ਾ , ਹਰੀਆ ਰਾਗਲੇ”- ਅਰਥਾਤ ਚੁੱਪ ਕਰ ਜਾ ਹਰੀ ਸਿੰਘ ਆ ਰਿਹਾ ਹੈ1  ਇਹ ਮਹਾਨ ਯੋਧਾ, ਤੇ ਬਹਾਦਰ ਜਰਨੈਲ ਨੇ ਆਪਣੀ ਸਾਰੀ ਜਿੰਦਗੀ  ਖਾਲਸਾ ਰਾਜ ਦੀ ਚੜ੍ਹਦੀ ਕਲਾ ਲਈ  ਜੰਗ-ਏ -ਮੈਦਾਨ ਵਿਚ ਹੀ  ਗੁੱਜਾਰੀ ਸੀ

ਇਹ ਇਤਿਹਾਸਕ ਸਚ ਹੈ ਕੀ ਇਹ ਸੂਰਮਾ ਜਰਨੈਲ ਜੇ ਕਸੂਰ ਦੀ ਬਗਾਵਤ ਨੂੰ ਦਬਾਣ ਤੁਰਿਆ ਤਾਂ ਕਸੂਰ ਜਿਤ ਕੇ ਹੀ ਵਾਪਸ ਆਇਆ 1 ਜੇ ਮੁਲਤਾਨ ਵਿਚ ਸਖਤ ਸੈਨਿਕ ਟਕਰਾਵ ਹੋਇਆ ਤਾਂ ਅਗਨ-ਹਾਂਡੀਆਂ ਨਾਲ ਆਪਣਾ ਸਰੀਰ ਸਾੜ ਕੇ ਵੀ ਜੇਤੂ ਯੋਧਾ ਸਾਬਤ ਹੋਇਆ 1 ਇਸੇ ਤਰਹ ਅਟਕ ,ਕਸ਼ਮੀਰ ਹਜ਼ਾਰਾ ,ਨੋਸ਼ਹਿਰਾ ਤੇ ਪਿਸ਼ਾਵਰ ਵਿਚ ਜਾਨ ਦੀ ਬਾਜ਼ੀ ਲਗਾਕੇ  ਇਹ ਸ਼ੇਰ ਹਰ ਲੜਾਈ ਵਿਚ ਜਿਤ ਕੇ ਹੀ ਵਾਪਸ ਆਇਆ 1 ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਵਾ ਦਾ ਕੋਈ ਮਹਾਰਾਜੇ ਤੇ ਜਰਨੈਲ ਵਾਲਾ ਰਿਸ਼ਤਾ ਨਹੀਂ ਸੀ ਬਲਿਕ ਇਕ ਦੂਜੇ ਦੇ ਪੂਰਕ ਬਣ ਕੇ ਇਹ ਦੋਵੇਂ ਖਾਲਸਾ ਰਾਜ ਨੂੰ ਉਚਾਈਆਂ ਤੇ ਲਿਜਾਣ ਵਾਲੇ ਸੀ 1 ਜੇਕਰ ਰਣਜੀਤ ਸਿੰਘ ਨੀਤੀਆਂ ਘੜਦਾ ਸੀ ਤੇ ਹਰੀ ਸਿੰਘ ਇਨ੍ਹਾ ਨੂੰ ਅੰਜਾਮ ਦੇਣ ਵਾਲਾ ਸੀ 1 ਜਿਥੇ ਹਰੀ ਸਿੰਘ ਨਲੂਵਾ ਦੇ ਦਿਲ ਦਿਮਾਗ ਵਿਚ ਮਹਾਰਾਜੇ ਦੇ ਧਰਮ ਨਿਰਪਖ ਤੇ ਸ੍ਦ੍ਭਾਵੀ ਸਖਸ਼ੀਅਤ ਲਈ ਅਥਾਹ ਸਤਕਾਰ ਸੀ ਉਥੇ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਦੇ ਸਿਖੀ ਜਜ੍ਬਾ ਤੇ ਖਾਲਸਾ ਰਾਜ ਦੀ ਉਸਾਰੀ ਲਈ ਕੀਤੀਆਂ ਚਮਤਕਾਰੀ ਸੇਵਾਵਾਂ ਦਾ ਹਾਰਦਿਕ ਸਤਿਕਾਰ  ਤੇ ਅਭਿਨੰਦਨ ਕਰਦੇ ਸੀ 1  ਆਪਣੇ ਪਿਆਰੇ ਜਰਨੈਲ ਦੀ ਮੋਤ ਦੀ ਖਬਰ ਸੁਣਕੇ ਮਹਾਰਾਜਾ ਰਣਜੀਤ ਸਿੰਘ ਦੇ ਆਖਾਂ ਵਿਚ ਪਹਿਲੀ ਵਾਰੀ ਲੋਕਾਂ ਨੇ ਅਥਰੂ ਦੇਖੇ ਸਨ 1

           ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

 

Print Friendly, PDF & Email

Nirmal Anand

Add comment

Translate »