ਸਿੱਖ ਇਤਿਹਾਸ

ਸੰਤ ਅੱਤਰ ਸਿੰਘ ਜੀ ਮਸਤੂਆਣਾ ( 1866-1927)

ਸੰਤ ਅੱਤਰ  ਸਿੰਘ ਜੀ ਦਾ ਜਨਮ  28 ਮਾਰਚ 1866 ਨੂੰ ਸਰਦਾਰ ਕਰਮ ਸਿੰਘ ਜੀ ਤੇ ਮਾਤਾ ਭੋਲੀ ਦੇ ਗ੍ਰਹਿ, ਪਿੰਡ ਚੀਮਾ,  ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਇਨ੍ਹਾ ਦੇ ਪਿਤਾ ਇਸ ਸਧਾਰਨ ਕਿਸਾਨ ਸੀ ਜਿਨ੍ਹਾ ਕੋਲ ਪੜਾਈ ਲਈ ਕਿਸੇ ਮਿਸ਼ਨਰੀ ਸਕੂਲ ਭੇਜਣ ਲਈ ਪੈਸੇ ਨਹੀਂ ਸਨ1 ਸੋ ਪਿੰਡ ਦੇ ਭਾਈ ਰਾਮ ਸਿੰਘ ਦੇ ਨਿਰਮਲੇ ਡੇਰੇ ਤੇ ਜਿਸਦਾ ਮੁਖੀ ਭਾਈ ਬੂਟਾ ਸਿੰਘ ਸੀ, ਕੋਲ ਭੇਜ ਦਿਤਾ 1 ਇਥੇ ਇਨ੍ਹਾ ਨੇ ਸਿਖ ਗ੍ਰੰਥਾਂ ਦੀ  ਧਾਰਮਿਕ ਵਿਦਿਆ ਤੇ ਦਾਰਸ਼ਨਿਕ ਗ੍ਰੰਥਾਂ ਦੀ ਮੁਹਾਰਤ ਹਾਸਲ ਕਰ ਲਈ ਜਿਸ ਕਰਕੇ ਇਨ੍ਹਾ ਦੀ ਮਨੋਬਿਰਤੀ ਧਾਰਮਿਕ ਬਣ ਗਈ 1 ਬਚਪਨ ਵਿਚ  ਹੀ  ਪਿਤਾ ਨਾਲ ਕਿਸਾਨੀ ਕਰਦੇ ਕਰਦੇ  ਵਹਿਲੇ ਵਕਤ ਖੇਤਾਂ  ਵਿਚ ਬੈਠ ਕੇ ਸਿਮਰਨ ਕਰਦੇ ਰਹਿੰਦੇ 1  ਡੰਗਰ  ਚਾਰਦੇ ਚਾਰਦੇ ਵੀ ਉਹ ਸ੍ਰੀ ਗੁਰੂ ਗਰੰਥ ਸਾਹਿਬ ਦੇ ਸ਼ਬਦ ਪੜਦੇ ਰਹਿੰਦੇ 1

17 ਸਾਲ ਦੀ ਉਮਰ 1884  ਵਿਚ ਉਹ ਅੰਗਰੇਜ਼ ਸਰਕਾਰ ਦੀ ਫੋਜ਼  ਵਿਚ ਸਿਪਾਹੀ ਭਰਤੀ ਹੋ ਗਏ 1 ਉਸ ਸਮੇਂ ਪਲਟਨ ਦੀ ਨੀਤੀ ਅਨੁਸਾਰ ਨਵੇਂ ਭਰਤੀ ਸਿੱਖ ਰੰਗਰੂਟਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ। ਆਪ ਜੀ ਨੇ ਪੰਜਾਂ ਪਿਆਰਿਆਂ ਰਾਹੀਂ ਗਿਆਨੀ ਠਾਕੁਰ ਸਿੰਘ ਪਾਸੋਂ ਅੰਮ੍ਰਿਤ ਦੀ ਅਮੁੱਲ ਦਾਤ ਪ੍ਰਾਪਤ ਕੀਤੀ ਤੇ ਨੋਕਰੀ ਦੇ ਨਾਲ ਨਾਲ  ਗੁਰਬਾਣੀ ਪੜ੍ਹਨ ਤੇ ਸੁਣਨ ਦਾ ਅਭਿਆਸ ਵੀ ਕਰਦੇ ਰਹਿੰਦੇ । ਕੋਹਾਟ ਛਾਊਣੀ ਦੇ ਤੋਪਖਾਨੇ ’ਚ ਇੱਕ ਸਾਲ ਦੀ  ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਆਪਜੀ  ਦੀ ਬਦਲੀ  54 ਸਿੱਖ ਰੈਜੀਮੈਂਟ ’ਚ ਹੋ ਗਈ1  ਪਿਤਾ  ਦੇ ਸਵਰਗਵਾਸ ਹੋਣ ਤੋਂ ਬਾਅਦ ਆਪ ਫ਼ੌਜ ‘ਚੋਂ ਵਾਪਸ ਪਰਤ ਆਏ 1 ਪਿੰਡ ਚੀਮਾ ਜਾਣ ਦੀ ਬਜਾਏ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ , ਹਰਿਦੁਆਰ,ਰਿਸ਼ੀਕੇਸ਼, ਤਪਿਆਣਾ ਸਾਹਿਬ, ਕਨੋਹਾ (ਪਾਕਿਸਤਾਨ) ਆਦਿ ਥਾਵਾਂ ਤੇ. ਪੈਦਲ ਚਲਦੇ, ਲੰਬੀ ਘਾਲਣਾ ਘਲਦੇ ,ਨਾਮ ਸਿਮਰਨ ਦੇ ਆਸਣ ਲਗਾਂਦੇ , ਤਪ ਸਾਧਦੇ, ਨਾਮ ਬਾਣੀ ਦਾ ਸਿਮਰਨ ਕਰਦੇ ਅਤੇ ਗੁਰਧਾਮਾਂ ਦੇ ਦਰਸ਼ਨ ਕਰਦੇ ਕਰਾਂਦੇ ਆਪਣੇ ਨਗਰ ਚੀਮਾ ਵਾਪਸ ਆ ਗਏ  1

ਖਾਲਸਾ ਪੰਥ ਦੀ ਸਾਜਨਾ ਕਰਨ ਵਾਲੇ, ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਏ ਸਿੱਖੀ ਦੇ ਬੂਟੇ ਨੂੰ ਅਨੇਕਾਂ ਮੁਸੀਬਤਾਂ ਦੇ ਝੱਖੜਾਂ ਦਾ ਸਾਹਮਣਾ ਕਰਨਾ ਪਿਆ ਹੈ। ਬੰਦਾ ਬਹਾਦਰ ਦੀ ਸਹੀਦੀ ਤੋ ਬਾਅਦ ਸਿਘਾਂ ਉਤੇ ਹਕੂਮਤੀ ਜਬਰ ਤੇ ਜ਼ੁਲਮ ਦਾ ਕਹਿਰ ਢਾਹਿਆ ਗਿਆ। ਇਕ ਵਕਤ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਇਨਸਾਫ ਪਸੰਦ ਤੇ ਲੋਕਪੱਖੀ ਖਾਲਸਾ ਰਾਜ ਸਥਾਪਤ ਹੋਇਆ ਪਰ ਇਸਦੇ ਸਮਾਪਤ ਹੋਣ ਬਾਅਦ ਸਿੱਖੀ ਲਈ ਫਿਰ ਇਕ ਬਿਖੜਾ ਤੇ ਦੁੱਖਦਾਈ ਸਮਾਂ ਆਇਆ। ਸਿੱਖ ਧਰਮ ਉਪਰ ਵਹਿਮਾਂ ਭਰਮਾਂ,  ਅੰਧ-ਵਿਸ਼ਵਾਸ ਤੇ ਪਾਖੰਡਵਾਦ ਦਾ ਬੋਲਬਾਲਾ ਹੋਣ ਲੱਗਿਆ। ਹਰ ਪਾਸੇ  ਅਨਪੜ੍ਹਤਾ ਤੇ ਅਗਿਆਨਤਾ ਦਾ ਪਸਾਰਾ ਸੀ । ਅਜਿਹੇ ਸਮੇ ਵਿਚ ਇਕ  ਮਹਾਨ ਤਪੱਸਵੀ, ਕਰਮਯੋਗੀ, ਚਿੰਤਕ, ਵਿਦਿਆਦਾਨੀ ਤੇ ਨਾਮਬਾਣੀ ਦੇ ਰਸੀਏ ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਮਸਤੂਆਣਾ  ਨੇ ਆਪਣੇ ਵਿਚਾਰਾਂ, ਵਿਖਿਆਨਾਂ ਰਾਹੀਂ ਸਿੱਖਾਂ ਨੂੰ ਸਿੱਖੀ ਬਾਣੇ ਤੇ ਬਾਣੀ ਨਾਲ ਜੋੜ ਕੇ ਨਵੀਂ ਦਿਸ਼ਾ, ਦਸ਼ਾ ਤੇ ਨਵਾਂ ਸਾਹਸ ਦਿੱਤਾ। ਸੰਤਾਂ ਦੇ ਪ੍ਰਚਾਰ ਤੇ ਅਕਾਲ ਪੁਰਖ ਦਾ ਓਟ ਤੇ ਆਸਰਾ ਲੈ ਕੇ ਸਿੱਖੀ ਪ੍ਰਚਾਰ ਖੂਬ ਵਧਿਆ ਫੁਲਿਆ। ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚੰਡ ਕਰਕੇ ਲੱਖਾਂ ਲੋਕਾਂ ਨੂੰ ਗੁਰੂ ਲੜ ਲਾਇਆ ਜਿਨ੍ਹਾ ਵਿਚੋ ਕੁਝ ਸਿਰਕਢ ਸਿਖ ਨੇਤਾ ਪੰਥ ਰਤਨ ਮਾਸਟਰ ਤਾਰਾ ਸਿੰਘ ਤੇ ਹੋਰ ਕਈ ਮਹਾਨ ਹਸਤੀਆਂ , ਮਲਿਕ ਮੋਹਨ ਸਿੰਘ, ਡਾ. ਭਾਈ ਜੋਧ ਸਿੰਘ, ਭਾਈ ਹਰਕ੍ਰਿਸ਼ਨ,   ਹਰਦਿੱਤ ਸਿੰਘ ਮਲਿਕ, ਪ੍ਰੋ. ਪੁੂਰਨ ਸਿੰਘ, ਪ੍ਰੋ. ਸਾਹਿਬ ਸਿੰਘ, ਸੇਵਾ ਸਿੰਘ ਠੀਕਰੀਵਾਲਾ, ਸੰਤ ਤੇਜਾ ਸਿੰਘ, ਸੰਤ ਨਿਰਜੰਨ ਸਿੰਘ ਮੋਹੀ, ਸੰਤ ਬਿਸ਼ਨ ਸਿੰਘ ਤੇ ਸੰਤ ਗੁਲਾਬ ਸਿੰਘ ਦੇ ਨਾਂ ਵਰਣਨਯੋਗ ਹਨ।

 ਸੰਤ ਅਤਰ ਸਿੰਘ ਨੇ ਕਾਂਝਲਾ ਦੇ ਗੁਰੁਦਵਾਰੇ ਝਿੜਾ ਸਾਹਿਬ ਵਿਚ ਤਪਸਿਆ ਕੀਤੀ  ਜੋ ਸੰਗਰੂਰ ਤੋਂ 18 ਕਿਲੋ ਮੀਟਰ ਇਕ ਪਿੰਡ ਵਿਚ ਹੈ ਜਿਥੇ  ਗੁਰੂ ਨਾਨਕ ਸਾਹਿਬ , ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ  ਆਪਣੇ ਆਪਣੇ ਸਮੇ ਆਕੇ ਆਪਣੀ ਚਰਨ ਛੋਹ ਦੀ ਬਖਸ਼ਿਸ਼ ਕੀਤੀ ਸੀ   ਸੰਤ ਬਿਸ਼ਨ ਸਿੰਘ ਕਾਂਝਲੇ ਵਾਲਿਆਂ ਨੇ ਮਸਤੂਆਣਾ ਆਕੇ  ਸੰਤਾਂ ਨੂੰ ਸਿੱਖੀ ਪ੍ਰਚਾਰ, ਪ੍ਰਸਾਰ, ਤੇ ਮਾਲਵੇ ਦੇ ਸਿਖਾਂ ਵਿਚ ਮੁੜ ਸਿੱਖੀ ਦੀ ਚੇਤਨਾ ਜਾਗ੍ਰਿਤ ਕਰਨ ਲਈ ਬੇਨਤੀ ਕੀਤੀ।  ਸੰਤ ਅੱਤਰ ਸਿੰਘ ਜੀ ਤਰਨ ਤਾਰਨ, ਸ੍ਰੀ ਨਨਕਾਣਾ ਸਾਹਿਬ, ਲਾਹੌਰ, ਮੁਕਤਸਰ, ਬਠਿੰਡਾ ਤੇ ਕਨੌਹੇ ਹੁੰਦੇ ਹੋਏ ਮੁੜ ਕਾਂਝਲੇ ਆ ਪੁੱਜੇ। ਫਿਰ ਮਸਤੂਆਣਾ ਝਿੜਾ ਦੇਖਿਆ ਤੇ ਇੱਥੇ ਪੱਕੇ ਤੌਰ ‘ਤੇ ਆਸਣ ਲਾਉਣ ਦਾ ਮਨ ਬਣਾ ਲਿਆ । ਰੋਜ਼ਾਨਾ ਦੀਵਾਨ ਸਜਾਏ ਜਾਂਦੇ,  ਕੀਰਤਨ ਹੁੰਦਾ, ਗੁਰੂ ਕਾ ਲੰਗਰ ਅਤੁੱਟ ਵਰਤਦਾ। ਪੂਰੇ ਜ਼ੋਰਾਂ-ਸ਼ੋਰਾਂ ਨਾਲ ਮਸਤੂਆਣਾ ਸਾਹਿਬ ਦੀ ਕਾਰ ਸੇਵਾ ਸ਼ੂਰੂ ਹੋਈ। ਸੰਤ ਜੀ ਨੇ ਕਾਰ ਸੇਵਾ ਲਈ ਕੋਹਾਟ, ਹੰਘੂ, ਸਾਰਾਗੜ੍ਹੀ, ਬੰਨ੍ਹਾ ਸ਼ਹਿਰ, ਡੇਰਾ ਇਸਮਾਇਲ ਖਾਂ, ਨੌਸ਼ਹਿਰਾ, ਹਰਿਦੁਆਰ ਤੇ ਦੂਰ-ਦੂਰ ਤੱਕ ਵੱਖ-ਵੱਖ ਦੀਵਾਨ ਸਜਾਏ ਤੇ ਸੰਗਤ ਨੂੰ ਮਸਤੂਆਣਾ ਦੀ ਕਾਰ ਸੇਵਾ ਲਈ ਤਿੱਲ ਫੁਲ ਭੇਟ ਕਰਨ ਲਈ ਪ੍ਰੇਰਿਆ। ਗੁੰਬਦ ਤਿਆਰ ਹੋਏ। ਸਰੋਵਰ ਦੀ ਖੁਦਾਈ ਦਾ ਟੱਕ ਲਗਿਆ। 1901 ਵਿਚ ਉਸਾਰੀ ਪੂਰੀ ਹੋਣ ਤੇ ਇਸ ਧਾਰਮਿਕ ਤੇ ਵਿਦਿਆ ਕੇਂਦਰ ਦਾ ਨਾਂ   ਗੁਰੁਸਾਗਰ ਮ੍ਸਤੂਆਣਾ ਰਖਿਆ ਗਿਆ1

. ਸੰਤ ਅਤਰ ਸਿੰਘ ਜੀ ਦਾ ਵਿਚਾਰ ਸੀ ਕਿ ਮਸਤੂਆਣਾ ਵਿਖੇ ਅਜਿਹਾ ਵਿਦਿਆ ਕੇਂਦਰ ਬਣਾਈਏ, ਜਿਥੇ ਭਾਰਤੀ ਅਧਿਆਤਮਕ ਵਿਦਿਆ ਅਤੇ ਪੱਛਮੀ ਮੁਲਕਾਂ ਦੀ ਸਾਇੰਸੀ, ਤਕਨੀਕੀ ਵਿਦਿਆ ਦਾ ਸੁਮੇਲ ਹੋ ਸਕੇ। ਇਸ ਕਾਰਜ ਲਈ ਉਨ੍ਹਾਂ ਆਪਣੇ ਸੇਵਕ ਸੰਤ ਤੇਜਾ ਸਿੰਘ ਨੂੰ ਪੱਛਮੀ ਮੁਲਕਾਂ ਇੰਗਲੈਂਡ, ਅਮਰੀਕਾ ਆਦਿ ਵਿਚ ਉੱਚ ਸਿੱਖਿਆ ਪ੍ਰਾਪਤੀ ਲਈ ਭੇਜਿਆ ਅਤੇ ਉਨ੍ਹਾਂ ਦੀ ਅਗਵਾਈ ਵਿਚ ਮਸਤੂਆਣਾ ਵਿਚ ਅਕਾਲ ਹਾਈ ਸਕੂਲ ਅਤੇ ਅਕਾਲ ਕਾਲਜ ਆਰੰਭ ਕਰਕੇ ਵੋਕੇਸ਼ਨਲ ਸਿੱਖਿਆ ਦੇਣ ਦਾ  ਪ੍ਰਬੰਧ ਕੀਤਾ। ਭਵਿੱਖ ਦਰਸ਼ੀ ਤੇ ਅਗਾਂਹ ਵਧੂ ਸੋਚ ਦੇ ਮਾਲਕ ਸੰਤ ਅਤਰ ਸਿੰਘ ਜੀ ਨੇ ਉਸ ਜ਼ਮਾਨੇ ਵਿਚ ਤਕਨੀਕੀ ਤੇ ਵੋਕੇਸ਼ਨਲ ਸਿੱਖਿਆ ਦੇਣ ਦਾ ਉੱਦਮ ਆਰੰਭਿਆ, ਜਦੋਂ ਕਿ ਇਸ ਸਮੇਂ ਅਜਿਹੀ ਸਿੱਖਿਆ ਦੇਣੀ ਸਰਕਾਰ ਦੇ ਵੀ ਸੁਪਨੇ ਵਿਚ ਨਹੀਂ ਸੀ। ਇਸ ਨਾਲ ਭਾਰਤੀ ਬੱਚੇ ਸਿਖੀ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਗੁਰਸਿੱਖ ਰਹਿੰਦੇ ਹੋਏ ਉਨ੍ਹਾ ਨੇ ਵਿਦੇਸ਼ਾਂ ਵਿਚੋਂ  ਉੱਚ ਤਕਨੀਕੀ ਸਿੱਖਿਆ ਗ੍ਰਹਿਣ ਕੀਤੀ ।

ਸੰਤ ਜੀ ਨੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੀ ਬੇਨਤੀ ‘ਤੇ ਲਾਇਲਪੁਰ ਵਿਖੇ ਹਾਈ ਸਕੂਲ ਦਾ ਨੀਂਹ ਪੱਥਰ ਰੱਖਿਆ 1 23 ਫਰਵਰੀ 1907 ਨੂੰ ਸੰਤ ਅਤਰ ਸਿੰਘ ਜੀ ਨੇ ਉਪਦੇਸ਼ਕ ਕਾਲਜ ਗੁੱਜਰਾਂਵਾਲਾ ਦੀ  ਨੀਂਹ ਆਪਣੇ ਕਰ-ਕਮਲਾਂ ਨਾਲ ਰੱਖੀ। ਸੰਗਤਾਂ ਦੀ ਬੇਨਤੀ ‘ਤੇ ਛੇਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਥਾਂ ਕਾਂਝਲਾ ਵਿਖੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। 18 ਮਈ 1914 ਨੂੰ ਪੰਡਤ ਮੋਹਨ ਮਾਲਵੀਆ ਵੀ ਸੰਤਾਂ ਦੇ ਦਰਸ਼ਨਾਂ ਲਈ ਮਸਤੂਆਣਾ ਸਾਹਿਬ ਆਏ ਤੇ ਉਨ੍ਹਾਂ ਦੀ ਬੇਨਤੀ ‘ਤੇ 24 ਦਸੰਬਰ 1914 ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਆਪਣੇ ਕਰ-ਕਮਲਾਂ ਨਾਲ ਰੱਖਿਆ ਤੇ ਕੁੱਲ ਆਲਮ ਨੂੰ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ। ਇੱਥੇ ਹੀ ਮਦਨ ਮੋਹਨ ਮਾਲਵੀਆ ਜੀ ਨੇ ਹਿੰਦੂ ਪਰਿਵਾਰ ਅੰਦਰ ਇੱਕ ਬੱਚੇ ਨੂੰ ਸਿੱਖ ਬਣਾਉਣ ਦਾ ਅਹਿਦ ਕਰਨ ਲਈ ਪ੍ਰੇਰਿਆ। ਜਲੰਧਰ ਵਿਖੇ ਸਿੱਖ ਐਜੂਕੇਸ਼ਨ ਕਾਨਫਰੰਸ ਦੌਰਾਨ ਵਿਦਿਅਕ ਸੰਸਥਾਵਾਂ ਤੇ ਆਸ਼ਰਮਾਂ ਦੀ ਉਸਾਰੀ ਦਾ ਸੱਦਾ ਦਿੱਤਾ। ਫਿਰੋਜਪੁਰ ਵਿਖੇ ਸੰਨ 1915 ’ ਚ ਹੋਈ ਤਿੰਨ ਰੋਜਾ ਅੱਠਵੀਂ ਸਿੱਖ ਵਿਦਿਅਕ ਕਾਨਫਰੰਸ ਦੀ ਪ੍ਰਧਾਨਗੀ ਕੀਤੀ ।  ਚੀਫ ਖਾਲਸਾ ਦੀਵਾਨ ਵੱਲੋਂ ਫਿਰੋਜ਼ਪੁਰ ਵਿਖੇ ਐਜੂਕੇਸ਼ਨ ਕਾਨਫਰੰਸ ਦੌਰਾਨ ਮਹਾਂਪੁਰਸ਼ ਅਤਰ ਸਿੰਘ ਨੂੰ ਸੰਤ ਦੀ ਉਪਾਧੀ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਸਮੁੱਚੇ ਸਿੱਖ ਪੰਥ ਅੰਦਰ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਇੱਕੋ ਇੱਕ ਸੰਤ ਹਨ, ਜਿਨ੍ਹਾਂ ਨੂੰ ਸੰਤ ਦੀ ਉਪਾਧੀ ਪ੍ਰਾਪਤ ਹੈ।

ਸੰਨ 1919 ’ਚ ਆਪਜੀ ਨੇ ਸੰਗਤਾਂ ਨਾਲ ਗੁਰਮਤਾ ਕਰਕੇ ਅਕਾਲ ਕਾਲਜ ਦੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਅਤੇ ਪੰਜ ਪਿਆਰਿਆਂ ਪਾਸੋਂ ਨੀਂਹ ਰਖਵਾਈ। ਅਕਾਲ ਕਾਲਜ ਕੌਂਸਲ ਦੇ ਪਹਿਲੇ ਪ੍ਰਧਾਨ ਸੇਵਾ ਸਿੰਘ ਠੀਕਰੀਵਾਲਾ ਬਣੇ। ਅਕਾਲ ਕਾਲਜ ਕਉਨਸਿਲ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਸੰਸ਼ਥਾਵਾਂ 70 ਏਕੜ ਦੇ ਰਕਬੇ ’ਚ ਫੈਲੀਆਂ ਹੋਈਆਂ ਹਨ ਅਤੇ ਇੱਥੇ 5 ਹਜਾਰ ਦੇ ਲੱਗਭਗ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਕਉਨਸਿਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਦੇਖਰੇਖ ਹੇਠ ਸੰਸ਼ਥਾਵਾਂ ਵਿਦਿਅਕ ਖੇਤਰ ’ਚ ਅਹਿਮ ਯੋਗਦਾਨ ਪਾ ਰਹੀਆਂ ਹਨ। 1ਪ੍ਰਬੰਧਕੀ ਕਾਰਜਾਂ ਨੂੰ ਚਲਾਉਣ ਲਈ ਸੰਨ 1946 ’ਚ ਅਕਾਲ ਕਾਲਜ ਕਉਨਸਿਲ ਦਾ ਪੁਨਰ ਨਿਰਮਾਣ ਕੀਤਾ ਗਿਆ, ਜਿਸਦਾ ਪ੍ਰਧਾਨ ਪ੍ਰੀਤਮ ਸਿੰਘ  ਨੂੰ ਚੁਣਿਆ ਗਿਆ ਜੋ ਕੀ ਪੰਚ ਪੰਚ ਸਾਲ ਬਾਅਦ ਬਦਲਦੇ ਰਹੇ 1

21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਸੰਤ ਅੱਤਰ ਸਿੰਘ ਨੇ  ਕਾਲੀ ਦਸਤਾਰ ਸਜਾ ਕੇ ਰੋਸ ਵੀ ਪ੍ਰਗਟਾਇਆ ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਅੰਗਰੇਜ਼ੀ ਰਾਜ ਖਿਲਾਫ ਆਪਣੀ ਗੱਲ ਪੂਰੇ ਦਾਈਏ ਨਾਲ ਆਖੀ। ਸੰਨ 1923 ’ਚ ਸੰਤ ਜੀ ਨੇ ਗੁਰੂ ਕਾਂਸੀ ਦਮਦਮਾ ਸਾਹਿਬ ਦੀ ਸੇਵਾ ਆਰੰਭ ਕਰਵਾਈ ਅਤੇ ਗੁਰੂਸਰ ਸਾਹਿਬ ਦੇ ਕੱਚੇ ਟੋਭੇ ਨੂੰ ਪੱਕਾ ਕਰਕੇ ਸਰੋਵਰ ਦਾ ਨਿਰਮਾਣ ਕੀਤਾ। ਸੰਨ 1926 ’ਚ ਜੈਤੋਂ ਦਾ ਮੋਰਚਾ ਸਰ ਹੋਣ ਤੋਂ ਬਾਅਦ ਆਪ ਜੀ ਨੇ ਸ੍ਰੀ ਗੰਗਸਰ ਸਾਹਿਬ, ਜੈਤੋਂ ਵਿਖੇ 101 ਅਖੰਡ ਪਾਠ ਆਰੰਭ ਕੀਤੇ ਅਤੇ ਦੀਵਾਨ ਸਜਾਕੇ ਸੰਗਤਾਂ ਨੂੰ ਨਿਹਾਲ ਕੀਤਾ।

ਸੰਨ 1923 ’ਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਦੀ ਕਾਰਸੇਵਾ ਦਾ ਸ਼ੁੱਭ- ਆਰੰਭ ਸੰਤ ਅਤਰ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਗੁਰਦੁਆਰਾ ਸ੍ਰੀ ਗੁਰਸਾਗਰ ਮਸਤੂਆਣਾ ਸਾਹਿਬ ਦੇ ਅਕਾਲ ¦ਲੰਗਰ ਵਾਸਤੇ  ਅਠ ਥਾਤੂਆਂ ਦੀ ਦੇਗਾਂ ਬਣਵਾਈਆਂ  1 ਇਹ ਅਸ਼ਟਧਾਤੂ ਦੇਗ ਵੇਖਣਯੋਗ ਹੈ। ਇਹ ਦੇਗ ਸੰਨ 1923 ’ਚ ਵਿਸ਼ੇਸ ਤੌਰ ’ਤੇ ਗੁੱਜਰਾਂਵਾਲਾ ਤੋਂ ਤਿਆਰ ਕਰਵਾਈ ਗਈ ਸੀ, ਜਿਸ ’ਚ ਇੱਕੋ ਸਮੇਂ 80 ਪੀਪੇ ਪਾਣੀ, 2 ਕੁਇੰਟਲ ਚੀਨੀ, 4 ਕੁਇੰਟਲ ਚਾਵਲ ਅਤੇ 30 ਕਿਲੋ ਘੀ ਮਿਲਾ ਕੇ ਚਾਵਲ ਪਕਾਏ ਜਾ ਸਕਦੇ ਹਨ ਅਤੇ ਇਸ ਅਸ਼ਟਧਾਤੂ ਦੇਗ ’ਚ ਇਕੋ  ਸਮੇਂ ਤਿਆਰ ਕੀਤੇ ਚਾਵਲ 40 ਹਜਾਰ ਸੰਗਤਾਂ ਨੂੰ ਛਕਾਏ  ਜਾ ਸਕਦੇ ਹਨ ।

 ਜਨਵਰੀ 1927 ਵਿਚ ਆਪਣੇ ਅੰਤਿਮ ਸਮੇਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਕੀਰਤਨ ਕਰ ਰਹੇ ਸਨ। ਅੰਗੂਠੇ ਤੇ ਉਂਗਲ ਵਿਚਕਾਰ ਇਕ ਛਾਲਾ ਹੋ ਗਿਆ। ਇਸ ਤੋਂ ਬਾਅਦ ਮਸਤੂਆਣਾ ਵਾਪਸ ਚਲੇ ਗਏ1  ਉਹ ਗੋਬਿੰਦਰ ਸਿੰਘ ਦੀ ਕੋਠੀ ਵਿਚ ਠਹਿਰੇ। ਜਿਸ ਨੂੰ ਅੱਜ-ਕਲ੍ਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿੱਥੇ ਬੰਗਾਲੀ ਡਾਕਟਰ ਚੈਟਰ ਜੀ ਨੇ ਇਨ੍ਹਾ ਦਾ ਇਲਾਜ ਕਰਨ ਦੀ ਭਰਪੂਰ ਕੋਸ਼ਿਸ਼ ਵੀ ਕੀਤੀ ਪਰ 17 ਮਾਘ (ਜਨਵਰੀ 1927) ਦੀ ਰਾਤ ਨੂੰ ਸੰਤ ਅਤਰ ਸਿੰਘ ਜੋਤੀ ਜੋਤ ਸਮਾ ਗਏ। ਸੰਤਾਂ ਦਾ ਅੰਤਿਮ ਸੰਸਕਾਰ ਮਸਤੂਆਣਾ ਸਾਹਿਬ ਵਿਖੇ ਹੋਇਆ। ਇਸ ਥਾਂ ਗੁਰਦੁਆਰਾ ਅੰਗੀਠਾ ਸਾਹਿਬ ਸੁਸ਼ੋਭਿਤ ਹੈ। ਸੰਤ ਅਤਰ ਸਿੰਘ ਜੀ ਜੀ ਦੀ ਮਿੱਠੀ ਅਤੇ ਨਿੱਘੀ ਯਾਦ ’ਚ ਹਰ ਸਾਲ ਸਲਾਨਾ ਜੋੜ ਮੇਲਾ 30,  31 ਜਨਵਰੀ ਅਤੇ 1 ਫਰਵਰੀ (16,17 ਅਤੇ 18 ਮਾਘ) ਤਕ ਮਸਤੂਆਣਾ ਸਾਹਿਬ ਵਿਖੇ ਸਰਧਾਪੂਰਵਕ ਮਨਾਇਆ ਜਾਂਦਾ ਹੈ । ਸੰਤ ਅਤਰ ਸਿੰਘ ਜੀ ਵੱਲੋਂ ਵਰਤਿਆ ਜਾਣ ਵਾਲਾ ਘਰੇਲੂ ਸਮਾਨ ਜਿਵੇਂ ਲਾਲਟਨ,ਭਾਂਡੇ,ਮੰਜੇ, ਖੜਾਵਾਂ, ਖੱਡੀ ਦਾ ਸਮਾਨ, ਨਗਾਰਾ, ਸ਼ਾਸਤਰ, ਕਛਹਿਰਾ  ਪੱਗ  ਆਦਿ ਇੱਕ ਤੋਸੇਖਾਨੇ ’ਚ ਸਤਿਕਾਰ ਨਾਲ ਸ਼ੁਸੋਭਿਤ ਕੀਤਾ ਗਿਆ ਹੈ।

 ਸੰਤ ਅੱਤਰ ਸਿੰਘ ਜੀ ਦੇ ਅਕਾਲ ਚਲਾਣੇ ਤੋ ਬਾਅਦ ਵੀ ਉਨ੍ਹਾ ਦੀ ਯਾਦ ਵਜੋਂ ਕਈ ਵਿਦਿਅਕ ਕੇਦਰ ਖੋਲੇ ਗਏ 1 ਹਜੂਰ ਸਾਹਿਬ ਗੋਦਾਵਰੀ ਕੰਢੇ ’ਤੇ ਸੰਤ ਅਤਰ ਸਿੰਘ ਜੀ ਦੀ ਯਾਦ ’ਚ ਗੁਦੁਆਰਾ ਭਜਨਗੜ ਸਾਹਿਬ ਅਜ ਵੀ ਉਨ੍ਹਾ ਦੇ ਕੀਤੇ ਸਿਖ ਕੋਮ ਤੇ ਪਰਉਪਕਾਰ ਤੇ ਸੇਵਾ ਦੀ ਯਾਦ ਦਿਲਾਂਦਾ ਹੈ । ਸੰਤ ਅਤਰ ਸਿੰਘ ਜੀ ਦੀ ਮਾਤਾ ਭੋਲੀ ਜੀ ਦੀ ਯਾਦ ਵਿਚ ਮਸਤੂਆਣੇ ਵਿਚ ਬਣੇ ਗੁਰੂਦਵਾਰਾ ਸਹਿਬ ਦਾ ਨਾ ਗੁਰਦੁਆਰਾ ਮਾਤਾ ਭੋਲੀ ਜੀ ਮਸਤੂਆਣਾ ਸਾਹਿਬ ਹੈ 1

ਸੰਨ 1945 ਵਿਚ ‘ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ’ ਹੋਂਦ ’ਚ ਆਇਆ, ਜਿਸਦਾ ਪ੍ਰਧਾਨ ਸਿਵਦੇਵ ਸਿੰਘ ਵਜ਼ੀਰ ਰਿਆਸਤ ਨਾਭਾ ਨੂੰ ਚੁਣਿਆ ਗਿਆ। ਸੰਨ 1971 ’ਚ ਸਿਵਦੇਵ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ  ਬ੍ਰਿਗੇਡੀਅਰ ਕੁਸ਼ਲਪਾਲ ਸਿੰਘ ਨੇ ਇਸਦੀ  ਜਿੰਮੇਵਾਰੀ ਨਿਭਾਈ ਅਤੇ ਹੁਣ ਮੌਜੂਦਾ ਸਮੇਂ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਟਰੱਸਟ ਦੇ ਪ੍ਰਧਾਨ ਹਨ । ਇਹ ਟਰੱਸਟ ਹੀ ਗੁਰਦੁਆਰਾ ਸ੍ਰੀ ਗੁਰਸਾਗਰ ਮਸਤੂਆਣਾ ਸਾਹਿਬ ਦੀ ਸਮੁੱਚੀ ਚੱਲ-ਅਚੱਲ ਜਾਇਦਾਦ ਅਤੇ ਵਿਦਿਅਕ ਸੰਸ਼ਥਾਵਾਂ ਦਾ ਕਸਟੋਡੀਅਨ ਹੈ।

ਅਕਾਲ ਸੀਨੀਅਰ ਸੈਕੰਡਰੀ ਸਕੂਲ, ਮਸਤੂਆਣਾ- ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਸਭ ਤੋਂ ਪਹਿਲੀ ਵਿਦਿਅਕ ਸ਼ੰਸਥਾ ਹੈ, ਜੋ ਅੱਜਕਲ ਅਕਾਲ ਕਾਲਜ ਕੌਸਲ ਦੇ ਪ੍ਰਬੰਧ ਅਧੀਨ  ਬਹਾਦਰਪੁਰ ਜਿਲ੍ਹਾ ਸੰਗਰੂਰ ਵਿਖੇ ਚੱਲ ਰਹੀ ਹੈ। ਅਕਾਲ ਡਿਗਰੀ ਕਾਲਜ ਮਸਤੂਆਣਾ 13  ਅਪ੍ਰੈਲ 1920 ਨੂੰ ਸ਼ੁਰੂ ਹੋਇਆ ਸੀ  ਇਸ ਕਾਲਜ ’ਚ ਹੁਣ ਬੀਏ,ਬੀਸੀਏ,ਪੀਜੀਡੀਸੀਏ,ਬੀਬੀਏ,ਬੀਐਸਸੀ  (ਮੈਡੀਕਲ/ਨਾਨ ਮੈਡੀਕਲ) ,ਐਮਐਸਸੀ(ਆਈਟੀ), ਸਪੋਕਨ ਇੰਗਲਿਸ ਆਦਿ ਕੋਰਸ ਚੱਲ ਰਹੇ ਹਨ।ਸੰਤ ਅਤਰ ਸਿੰਘ ਅਕਾਡਮੀ ਮਸਤੂਆਣਾ- ਸੰਨ 1983 ’ਚ ਸਥਾਪਤ ਕੋ-ਐਜੂਕੇਸ਼ਨ, ਅੰਗਰੇਜੀ ਮਾਧਿਅਮ ਰਾਹੀਂ ਪੇਂਡੂ ਖੇਤਰ ਦੇ ਬੱਚਿਆਂ ਨੂੰ ਸਹਿਰਾਂ ਦੇ ਸਕੂਲਾਂ ਵਾਂਗ ਅਤਿ ਅਧੁਨਿਕ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਹੋਂਦ ’ਚ ਆਈ ਸੀ, ਜੋ ਸਫਲਤਾ ਪੁਰਵਕ ਚੱਲ ਰਹੀ ਹੈ। ਇਸ ਅਕਾਦਮੀ ’ਚ ਇਲਾਕੇ ਦੇ 60 ਪਿੰਡਾਂ ’ਚੋਂ ਬੱਚੇ ਸਿੱਖਿਆ ਪ੍ਰਾਪਤੀ ਲਈ ਆਉਂਦੇ ਹਨ ਅਤੇ ਇਸ ਵਿੱਚ ਨਰਸਰੀ ਤੋਂ ਲੈ ਕੇ ਬਾਰਵੀਂ (ਸਇੰਸ ਗਰੁੱਪ) ਤੱਕ ਪੜਾਈ ਹੁੰਦੀ ਹੈ।

ਅਕਾਲ ਕਾਲਜ਼ ਆਫ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ, ਸ੍ਰੀ ਮਸਤੂਆਣਾ ਸਾਹਿਬ-ਵਿਚ ਫਾਰਮੇਸੀ ਦੇ ਨਾਲ ਨਾਲ ਫਾਰਮੇਸੀ ਮੁਤਲਕ ਟੇਕਨੀਕੇਲਿਟੀ ਬਾਰੇ ਵੀ ਗਿਆਨ ਦਿਤਾ ਜਾਂਦਾ ਹੈ 1 ਅਕਾਲ ਕਾਲਜ ਓਫ਼ ਐਜੂਕੇਸ਼ਨ ਵਿਚ ਬੀ ਐਡ, ਐਮ ਐਡ ਤੇ ਐਮ .ਏ ਐਜੂਕੇਸ਼ਨ ਕੋਰਸ ਕਰਵਾਏ ਜਾਂਦੇ ਹਨ
ਸਿੱਖ ਧਰਮ ਦੇ ਪ੍ਰਚਾਰ ਹਿੱਤ ਅਤੇ ਧਾਰਮਿਕ ਖੇਤਰ ’ਚ ਲੋੜੀਦੇ ਗ੍ਰੰਥੀ, ਕੀਰਤਨਏ, ਕਥਾਕਾਰ ਆਦਿ ੳਪਲੱਬਧ ਕਰਾਉਣ ਦੇ ਮੰਤਵ ਨਾਲ ਸੰਨ 2004 ’ਚ  ਸੰਤ ਅਤਰ ਸਿੰਘ ਗੁਰਮਤਿ ਕਾਲਜ ਸ੍ਰੀ ਮਸਤੂਆਣਾ ਸਾਹਿਬ ਹੋਂਦ ’ਚ ਆਇਆ ਅਤੇ ਬਾਅਦ ’ਚ ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਜੁੜਕੇ ਸਿੱਖ ਪ੍ਰਚਾਰ ਲਈ ਸੰਜੀਦਾ ਯਤਨ ਕਰ ਰਿਹਾ ਹੈ। ਕਿਸੇ ਵਿਦਿਆਰਥੀ ਪਾਸੋਂ ਕੋਈ ਦਾਖਲਾ ਫੀਸ ਨਹੀਂ ਲਈ ਜਾਂਦੀ ਅਤੇ ਖਾਣੇ/ਰਹਾਇਸ ਦਾ ਮੁਫਤ ਪ੍ਰਬੰਧ ਕੀਤਾ ਜਾਂਦਾ ਹੈ ਪਰ ਵਿਦਿਆਰਥੀ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ। ਇਥੇ ਸਿੱਖ ਰਹਿਤ ਮਰਿਆਦਾ, ਗੁਰਮਤਿ ਸੰਗੀਤ, ਤਬਲਾ, ਅਤੇ ਗੱਤਕੇ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ। ,

ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ, ਸ੍ਰੀ ਮਸਤੂਆਣਾ ਸਾਹਿਬ-ਸੰਨ 2006 ਤੋਂ ਸ਼ੁਰੂ ਹੋਏ ਇਸ ਕਾਲਜ ’ਚ ਬੀਪੀਐਡ,ਡੀਪੀਐਡ,ਬੀਪੀਈ ਆਦਿ ਕੋਰਸ ਕਰਵਾਏ ਜਾਂਦੇ ਹਨ। ਇਸਦੇ ਵਿਦਿਆਰਥੀਆਂ ਨੇ ਪੜਾਈ ਅਤੇ ਖੇਡਾਂ ਦੇ ਖੇਤਰ ’ਚ ਯੂਨੀਵਰਸਿਟੀ, ਨੈਸਨਲ ਅਤੇ ਅੰਤਰ-ਯੂਨੀਵਰਸਿਟੀ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ ਕਰਕੇ ਮੈਡਲ ਪ੍ਰਾਪਤ ਕੀਤੇ ਹਨ।

ਸੰਤ ਅਤਰ ਸਿੰਘ ਜੀ ਵੱਲੋਂ ਧਰਮ ਪ੍ਰਚਾਰ ਦੇ ਨਾਲ – ਨਾਲ ਵਿੱਦਿਆ ਦਾ ਪ੍ਰਚਾਰ ਕਰਨਾ ਇੱਕ ਵਡਮੁੱਲੀ ਸੇਵਾ ਹੈ। ਸੰਤ ਜੀ ਵੱਲੋਂ ਸਿੱਖਿਆ ਪੱਖੋਂ ਪਛੜੇ ਮਾਲਵੇ ਖੇਤਰ , ਪੋਠੋਹਾਰ, ਮਾਝਾ, ਦੋਆਬਾ ਆਦਿ ’ਚ ਅਨੇਕ ਸਕੂਲ- ਕਾਲਜ ਦੀ ਆਰੰਭਤਾ ਕਰਨੀ, ਆਪਜੀ ਵੱਲੋਂ ਮਨੁੱਖਤਾ ਨੂੰ ਹਨੇਰੇ ’ਚੋਂ ਕੱਢਣ ਦੇ ਯਤਨਾਂ ਦਾ ਇੱਕ ਹਿੱਸਾ ਸੀ। ਖਹਿਰਾ ਅਨੁਸਾਰ  ਸੰਤ ਅਤਰ ਸਿੰਘ ਜੀ ਦੀ ਯਾਦ ’ਚ ਪਿਛਲੇ ਕਈ ਦਹਾਕਿਆਂ ਤੋਂ ਸਫਲਤਾ ਪੂਰਵਕ ਚੱਲ ਰਹੀਆਂ ਵਿਦਿਅਕ ਸ਼ੰਸਥਾਵਾਂ ਇੱਕ ਮਿਸਾਲ ਬਣ ਚੁੱਕੀਆਂ ਹਨ। ਇ੍ਹਨਾਂ ਸੰਸਥਾਵਾਂ ’ਚ ਬੇਹੱਦ ਘੱਟ ਫੀਸਾਂ ’ਤੇ ਮਿਆਰੀ ਅਤੇ ਉਚ ਪਾਏ ਦੀ ਸਿੱਖਿਆ ਤੋਂ ਇਲਾਵਾਂ  ਸਮਾਜਿਕ ਕਦਰਾਂ-ਕੀਮਤਾਂ ਦੀ ਗਿਆਨ ਰੂਪੀ ਜਾਂਚ ਵੀ ਦਿੱਤੀ ਜਾਂਦੀ ਹੈ

 ਸੰਤ ਅਤਰ ਸਿੰਘ ਜੀ ਸਿੱਖ ਕੌਮ ਦੇ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਰਾਹ ਦਸੇਰਾ ਸਨ। ਉਨ੍ਹਾਂ ਸਮਿਆਂ ’ਚ ਵਿੱਦਿਆ ਦੀ ਮਹੱਤਤਾ ਨੂੰ ਸਮਝ ਕੇ ਵਿਦਿਆ ਦੇ ਪਚਾਰ ਲਈ ਯਤਨ ਕਰਨੇ ਅਤੇ ਇਸਤਰੀ ਜਾਤੀ ਲਈ  ਵਿਦਿਆ ਦੇਣ ਤਹੱਈਆ ਕਰਨਾ ਸੰਤ ਜੀ ਦੀ ਦੂਰ ਅੰਦੇਸੀ ਸੋਚ ਦਾ ਸਿੱਟਾ ਸੀ।  ਇਹ ਸੰਤ ਅਤਰ ਸਿੰਘ ਜੀ ਦਾ ਹੀ ਅਸ਼ੀਰਵਾਦ ਸੀ ਕਿ ਮਸਤੂਆਣਾ ਨੌਜਵਾਨ ਸਭਾ ਪੰਜਾਬ, ਗਦਰ ਲਹਿਰ, ਬਬਰ ਅਕਾਲੀ ਲਹਿਰ, ਕਿਰਤੀ ਕਿਸਾਨ ਲਹਿਰ ਦਾ ਕੇਂਦਰੀ ਅਸਥਾਨ ਰਿਹਾ। ਸ. ਹਰਨਾਮ ਸਿੰਘ ਚਮਕ, ਸਾਹਿਬ ਸਿੰਘ ਸਲਾਣਾ, ਹੀਰਾ ਸਿੰਘ ਭੱਠਲ, ਕੁੰਦਨ ਸਿੰਘ ਪਤੰਗ, ਮਾਸਟਰ ਮੋਤਾ ਸਿੱਘ, ਬਾਬੂ ਤੇਜਾ ਸਿੰਘ ਭਸੌੜ, ਦੀਵਾਨ ਸਿੰਘ ਮਫਤੂਨ ਆਦਿ ਕ੍ਰਾਂਤੀਕਾਰੀ ਸ਼ਖਸੀਅਤਾਂ ਦਾ ਮਸਤੂਆਣਾ ਕਰਮ ਖੇਤਰ ਰਿਹਾ। ਅੱਜ ਆਜਾਦੀ ਤੋਂ ਬਾਅਦ ਵੀ ਸੰਤ ਅਤਰ ਸਿੰਘ ਜੀ ਦੀ ਕੀਰਤੀ ਦੀ ਮਹਿਮਾ ਦਾ ਹੀ ਅਸਰ ਹੈ ਕਿ ਪੰਜਾਬ ਵਿਚ ਉਠੀਆਂ ਜਬਰ ਵਿਰੋਧੀ ਲਹਿਰਾਂ ਵਿਚ ਇੱਥੋਂ ਦੇ ਵਿਦਿਆਰਥੀ ਆਪਣੀ ਭੂਮਿਕਾ ਨਿਭਾਉਂਦੇ ਚਲੇ ਆ ਰਹੇ ਹਨ। ”

                             ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »