ਸਿੱਖ ਇਤਿਹਾਸ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ

ਸਮੇਂ ਦੇ ਇਤਿਹਾਸ ਤੇ ਆਪਣੇ ਹੋਂਦ ਦੇ ਡੂੰਘੇ ਨਿਸ਼ਾਨ ਛਡਣ ਵਾਲੇ ਇਸ ਅਲਾਹੀ ਨੂਰ ਦਾ ਹਿੰਦੁਸਤਾਨ ਦੀ ਧਰਤੀ ਤੇ ਜਨਮ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ, ਬਿਹਾਰ 22 ਦਸੰਬਰ 1666 ਵਿਖੇ ਹੋਇਆ। ਉਨ੍ਹਾ ਦੇ ਜਨਮ ਵੇਲੇ ਹਿੰਦੁਸਤਾਨ, ਖਾਸ ਕਰਕੇ ਪੰਜਾਬ ਦੇ ਹਾਲਤ ਬਹੁਤ ਖਰਾਬ ਸਨ। 1657 ਵਿਚ ਔਰੰਗਜ਼ੇਬ ਨੇ ਕਈ ਕੋਝੀਆਂ ਚਾਲਾਂ ਚਲ ਕੇ ਹਕੂਮਤ ਦੀ ਵਾਗ ਡੋਰ ਆਪਣੇ ਹਥ ਵਿਚ ਲੈ ਲਈ, ਜਿਸਦੀ ਖਾਤਰ ਭਰਾਵਾਂ ਦੇ ਖੂਨ ਨਾਲ ਹਥ ਰੰਗੇ, ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿਚ ਕੈਦ ਕੀਤਾ। ਅਨੇਕਾਂ ਮੁਸਲਮਾਨਾ, ਜਿਨਾਂ ਨੇ ਦਾਰਾ ਸ਼ਿਕੋਹ ਦੀ ਮਦਤ ਕੀਤੀ ਸੀ ਅਕਿਹ ਤੇ ਅਸਿਹ ਕਸ਼ਟ ਦੇਕੇ ਕਤਲ ਕੀਤਾ, ਪੀਰਾਂ ਫਕੀਰਾਂ ਤੇ ਜ਼ੁਲਮ ਢਾਹੇ, ਜਿਸਦੀ ਦੀ ਖਾਤਿਰ ਮੁਸਲਮਾਨਾ ਦਾ ਬਹੁਤ ਵਡਾ ਹਿੱਸਾ ਉਸਦੇ ਖਿਲਾਫ਼ ਹੋ ਗਿਆ ਤੇ ਹਰ ਪਾਸੇ ਬਗਾਵਤ ਦੇ ਅਸਾਰ ਨਜਰ ਅਓਣ ਲਗੇ।

ਜਨੂੰਨੀ ਮੁਸਲਮਾਨ ਜਿਨ੍ਹਾ ਦੀ ਮਦਤ ਨਾਲ ਓਹ ਤਖ਼ਤ ਤੇ ਬੈਠਾ ਸੀ, ਉਹਨਾ ਨੂੰ ਖੁਸ਼ ਕਰਨ ਲਈ, ਆਪਣੇ ਗੁਨਾਹਾਂ ਤੇ ਪੜਦਾ ਪਾਣ ਲਈ ਤੇ ਆਪਣੀ ਵਿਗੜੀ ਸਾਖ ਬਨਾਓਣ ਲਈ ਉਸਨੇ ਤਲਵਾਰ ਦਾ ਰੁਖ ਹਿੰਦੂਆਂ ਵਲ ਮੋੜ ਦਿਤਾ। ਉਨ੍ਹਾ ਦੇ ਜੰਜੂ ਉਤਾਰਨੇ, ਜਬਰੀ ਜਾਂ ਧੰਨ, ਦੋਲਤ, ਨੋਕਰੀ ਤੇ ਅਹੁਦਿਆਂ ਦੇ ਲਾਲਚ ਦੇਕੇ ਮੁਸਲਮਾਨ ਬਣਾਓਣਾ, ਜਜਿਆ ਟੈਕ੍ਸ ਵਿਚ ਸਖਤੀ ਕਰਨਾ , ਚਾਰੋਂ ਪਾਸੇ ਮੰਦਰ ਗੁਰੁਦਵਾਰਿਆਂ ਦੀ ਢਾਹੋ ਢੇਰੀ, ਸੰਸਕ੍ਰਿਤ ਪੜਨ, ਮੰਦਰ ਵਿਚ ਉਚੇ ਕਲਸ਼ ਲਗਾਣ ਤੇ ਸੰਖ ਵਜਾਓਣ ਦੀ ਮਨਾਹੀ, ਬਹੂ ਬੇਟੀਆਂ ਨੂੰ ਦਿਨ ਦਿਹਾੜੇ ਚੁਕਕੇ ਲੇ ਜਾਣਾ, ਡੋਲੇ ਵਿਚ ਨਵੀਆਂ ਆਈਆਂ ਦੁਲਹਨਾ ਨੂੰ ਕਢ ਕੇ ਆਪਣੇ ਹੇਰਮ ਵਿਚ ਪਾ ਦੇਣਾ, ਬਛੜੇ ਦੇ ਖਲ ਵਿਚ ਹਿੰਦੂਆਂ ਨੂੰ ਪਾਣੀ ਸੁਪਲਾਈ ਕਰਨਾ , ਕੇਹੜੇ ਕੇਹੜੇ ਜੁਲਮ ਉਸ ਦੇ ਰਾਜ ਵਿਚ ਪਰਜਾ ਤੇ ਨਹੀਂ ਕੀਤੇ ਗਏ ? ਭਾਰਤ ਦਾ ਮਾਨ ਸਤਕਾਰ ਖਤਮ ਹੋ ਚੁਕਾ ਸੀ, ਮਨੋਬਲ ਟੁਟ ਚੁਕਾ ਸੀ। ਆਪਣੇ ਵੀ ਕੋਈ ਘਟ ਨਹੀਂ ਸਨ। ਰਾਜੇ ਮਹਾਰਾਜੇ, ਹਾਕਮ ਪੰਡਿਤ, ਪੀਰ ਫਕੀਰ ਸਭ ਦੀ ਜਮੀਰ ਖਤਮ ਹੋ ਚੁਕੀ ਸੀ ਆਪਣੀ ਐਸ਼ ਇਸ਼ਰਤ ਲਈ ਆਏ ਦਿਨ ਪਰਜਾ ਤੇ ਜ਼ੁਲਮ ਕਰਨਾ ਤੇ ਲੁਟ ਖਸੁਟ ਕਰਨਾ ਉਨ੍ਹਾ ਦਾ ਪੇਸ਼ਾ ਬਣ ਚੁਕਾ ਸੀ।

ਜਦੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਗੁਰੂ ਤੇਗ ਬਹਾਦਰ ਸਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਸਿਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਲੰਮੇ ਦੌਰੇ ਤੇ ਗਏ ਹੋਏ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿਖਾਂ ਨੂੰ ਹੁਕਮਨਾਮਾ ਭੇਜਿਆ, ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ, ਕੀ ਬਚੇ ਦਾ ਨਾਂ ਗੋਬਿੰਦ ਰਾਇ ਰਖਣਾ। ਇਥੇ ਹੀ ਪੀਰ ਭੀਖਣ ਸ਼ਾਹ ਜੋ ਇਕ ਨਾਮੀ ਮੁਸਲਿਮ ਫਕੀਰਸੀ ਲਖਨੋਰ ਤੋਂ ਚਲ ਕੇ ਆਪਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰ ਉਨ੍ਹਾ ਨੂੰ ਹਿੰਦੂ – ਮੁਸਲਮਾਨਾ ਦਾ ਸਾਂਝਾ ਅਲਾਹੀ ਨੂਰ ਹੋਣ ਦਾ ਐਲਾਨ ਕੀਤਾ।

ਜਨਮ ਤੋਂ ਲੇਕੇ 5, 1/2 ਸਾਲ ਉਹ ਪਟਨਾ ਜਾ ਇਉਂ ਕਹਿ ਲਉ ਆਨੰਦਪੁਰ ਦਾ ਕਿਲਾ ਛਡਣ ਤਕ ਮਾਤਾ ਗੁਜਰੀ ਦੀ ਦੇਖ ਰੇਖ ਵਿਚ ਰਹੇ। ਮੁਢਲੀ ਵਿਦਿਆ ਗੁਰਬਾਣੀ. ਗੁਰਮੁਖੀ ਤੇ ਬਿਹਾਰੀ ਇਹਨਾ ਨੇ ਇਥੋਂ ਹੀ ਸਿਖੀ। ਬਚਪਨ ਤੋਂ ਹੀ ਇਨ੍ਹਾ ਦੇ ਸ਼ੋਕ ਬਾਕੀ ਬਚਿਆਂ ਤੋ ਬਿਲਕੁਲ ਅੱਲਗ ਸਨ ਜਿਵੇ ਮਾਰਸ਼ਲ ਗੈਮਸ, ਮੋਕ ਫਾਇਟ ਆਦਿ। ਜਿਤਣ ਵਾਲਿਆਂ ਨੂੰ ਇਨਾਮ ਦੇਣੇ, ਤੀਰ ਕਮਾਨ ਤੇ ਗੁਲੇਲ ਦੇ ਨਿਸ਼ਾਨੇ ਬੰਨਣਾ, ਗੰਗਾ ਵਿਚ ਬੇੜੀ ਚਲਾਣੀ ਤੇ ਅਲਗ ਅਲਗ ਮੋਕਿਆਂ ਤੇ ਫੌਜੀ ਚਾਲਾਂ ਬਾਰੇ ਦੋਸਤਾਂ ਵਿਚ ਬਹਿਸ ਕਰਨਾ। ਕਿਸੇ ਦੇ ਘੜੇ ਤੋੜਨਾ ਤੇ ਕਿਸੇ ਦੀਆ ਪੂਣੀਆਂ ਬਖੇਰਨੀਆਂ ਸਿਰਫ ਇਸ ਕਰਕੇ ਕਿ ਜਦੋਂ ਓਹ ਮਾਤਾ ਜੀ ਕੋਲ ਸ਼ਕਾਇਤ ਲੇਕੇ ਆਓਣ ਤਾਂ ਮਾਤਾ ਜੀ ਓਨ੍ਹਾ ਨੂੰ ਦੂਣੇ ਚੋਣੇ ਪੇਸੇ ਦੇਕੇ ਅਮੀਰ ਕਰ ਦੇਣ।

ਸੂਝਵਾਨ ਤੇ ਧਰਮੀ ਮਨੁਖਾਂ ਨੂੰ ਗੋਬਿੰਦ ਰਾਇ ਰਬੀ ਨੂਰ ਦਿਖਦੇ। ਪੰਡਿਤ ਸ਼ਿਵ ਦਾਸ ਆਪਜੀ ਨੂੰ ਕ੍ਰਿਸ਼ਨ ਦਾ ਰੂਪ ਜਾਣ ਕੇ ਸਤਕਾਰਦਾ। ਜਦੋ ਵੀ ਉਹ ਨਦੀ ਦੇ ਕਿਨਾਰੇ ਬੈਠ ਕੇ ਤਪਸਿਆ ਕਰਣ ਵਿਚ ਲੀਨ ਹੁੰਦਾ ਤਾਂ ਗੋਬਿੰਦ ਰਾਏ ਮਲਕੜੇ ਜਹੇ ਆਕੇ ਪੰਡਤ ਦੇ ਕੰਨਾ ਵਿਚ, ” ਪੰਡਤ ਜੀ ਝਾਤ ” ਕਹਿੰਦੇ ਤਾ ਬਜਾਏ ਗੁਸੇ ਦੇ ਉਹ ਬਹੁਤ ਖੁਸ਼ ਹੁੰਦਾ। ਨਵਾਬ ਕਰੀਮ ਤੇ ਨਵਾਬ ਰਹੀਮ ਬਖਸ਼ ਗੁਰੂ ਤੇਗ ਬਹਾਦਰ ਦੇ ਸ਼ਰਧਾਲੂ ਸਨ, ਗੋਬਿੰਦ ਰਾਇ ਨੂੰ ਇਤਨਾ ਪਿਆਰ ਕਰਦੇ ਸੀ ਕੇ ਇਕ ਪਿੰਡ ਤੇ ਦੋ ਬਾਗ ਗੁਰੂ ਸਹਿਬ ਦੇ ਨਾਂ ਲਗਵਾ  ਦਿਤੇ।

ਬੰਗਾਲ ਬਿਹਾਰ ਤੇ ਅਸਾਮ ਦੇ ਲੰਬੇ ਪ੍ਰਚਾਰਿਕ ਦੌਰੇ ਮਗਰੋਂ 1675 ਤੇ ਆਸ -ਪਾਸ ਗੁਰੂ ਤੇਗ ਬਹਾਦਰ ਨੇ ਛੇਤੀ ਹੀ ਵਾਪਸ ਆਓਣ ਦਾ ਫੈਸਲਾ ਕਰ ਲਿਆ, ਸ਼ਾਇਦ ਔਰੰਗਜ਼ੇਬ ਦੀਆਂ ਸਖਤੀਆਂ ਦੇ ਕਾਰਨ, ਏਨੀ ਛੇਤੀ ਕਿ ਪੁਤਰ ਦਾ ਮੂੰਹ ਦੇਖਣ ਵੀ ਨਾ ਜਾ ਸਕੇ। ਸੰਗਤਾ ਨੂੰ ਹੁਕਮਨਾਮਾ ਭੇਜਿਆ ਕੀ ਸਾਡੇ ਪਰਿਵਾਰ ਦੀ ਦੇਖ ਰੇਖ ਕਰਨਾ ਤੇ ਮੁੜ ਹੁਕਮਨਾਮਾ ਆਓਣ ਤੇ ਪੰਜਾਬ ਭੇਜ ਦੇਣਾ। 7 ਸਾਲ ਦੇ ਲੰਬੇ ਅਰਸੇ ਪਿਛੋਂ ਗੁਰੂ ਤੇਗ ਬਹਾਦਰ ਵਾਪਿਸ ਆਨੰਦਪੁਰ ਸਾਹਿਬ, ਚਕ ਨਾਨਕੀ ਆਏ ਤੇ ਬਾਦ ਵਿਚ ਪਰਿਵਾਰ ਨੂੰ ਵੀ ਇਥੇ ਸਦ ਲਿਆ।

ਗੋਬਿੰਦ ਰਾਇ ਪਟਨਾ ਵਿਚ ਆਪਣੀਆਂ ਬਹੁਤ ਸਾਰੀਆਂ ਯਾਦਾਂ ਛੋੜ ਕੇ ਗਏ ਸੀ , ਆਪਣੇ ਬਚਪਨ ਦੇ ਦੋਸਤ, ਪਟਨਾ ਵਾਸੀ ਜਿਵੇ ਪੰਡਿਤ ਸ਼ਿਵ ਦਤ, ਰਾਜਾ ਫ਼ਤੇਹ ਚੰਦ ਮੈਨੀ ਤੇ ਹੋਰ ਬਹੁਤ ਸਾਰੇ ਪਟਨਾ ਵਾਸੀ ਜਿਨ੍ਹਾਂ ਨਾਲ ਉਨ੍ਹਾ ਦਾ ਵਾਹ ਪਿਆ, ਜੋ ਉਨ੍ਹਾ ਨੂੰ ਬੇਹਦ ਪਿਆਰ ਕਰਦੇ ਸੀ। ਰਾਜਾ ਫ਼ਤਿਹ ਚੰਦ ਦੇ ਘਰ ਔਲਾਦ ਨਹੀਂ ਸੀ। ਇਕ ਦਿਨ ਅਚਾਨਕ ਜਦ ਰਾਣੀ ਆਪਣੇ ਪੁਤ ਦੀ ਕਾਮਨਾ ਕਰਦੇ ਕਰਦੇ ਧਿਆਨ ਵਿਚ ਜੁੜ ਗਈ ਤਾਂ ਅਚਾਨਕ ਗੋਬਿੰਦ ਰਾਇ ਉਨ੍ਹਾ ਦੀ ਗੋਦੀ ਵਿਚ ਬੈਠ ਗਏ, ‘ ਮਾਂ ਮੈਂ ਆ ਗਿਆ ਹਾਂ “। ਉਸਤੋ ਬਾਦ ਰਾਣੀ ਦੇ ਦਿਲ ਵਿਚ ਪੁਤ ਦੀ ਚਾਹ ਹੀ ਖਤਮ ਹੋ ਗਈ, ਗੋਬਿੰਦ ਰਾਇ ਨੂੰ ਹੀ ਆਪਣਾ ਪੁਤਰ ਸਮਝਣ ਲਗ ਪਏ। ਫਤਹਿ ਚੰਦ ਤੇ ਰਾਣੀ ਬਾਲ ਗੁਰੂ ਨੂੰ ਇਤਨਾ ਪਿਆਰ ਕਰਦੇ ਸੀ ਕਿ ਉਨਾਂ ਦਾ ਘਰ ਹੀ ਗੁਰੂਦਵਾਰਾ ਬਣ ਗਿਆ ਜਿਥੇ ਨਿਤ ਪੂੜੀਆਂ ਛੋਲਿਆਂ ਦਾ ਲੰਗਰ ਬਾਲ ਗੁਰੂ ਤੇ ਉਨ੍ਹਾ ਦੇ ਦੋਸਤਾਂ ਵਾਸਤੇ ਬਣਦਾ, ਤੇ ਓਹ ਬਹੁਤ ਪਿਆਰ ਨਾਲ ਖਾਂਦੇ।

ਆਨੰਦਪੁਰ ਦੀ ਵਾਪਸੀ ਵਕਤ ਪਟਨਾ ਵਾਸੀਆਂ ਨੇ ਓਨ੍ਹਾ ਨੂੰ ਬੜੇ ਪਿਆਰ ਸਤਕਾਰ ਤੇ ਨਮ ਅਖਾਂ ਨਾਲ ਵਿਦਾ ਕੀਤਾ। ਦਾਨਾਪੁਰ, ਬਕਸਰ, ਆਰਾ, ਛੋਟਾ ਮਿਰਜ਼ਾ , ਪਰਾਗ, ਥਨੇਸਰ, ਸਹਾਰਨਪੁਰ ਤੋਂ ਹੁੰਦੇ ਹੋਏ ਲਖਨੋਰ ਪਹੁੰਚੇ, ਜਿਥੇ ਓਹ ਕੁਛ ਦਿਨ ਠਹਿਰੇ ਵੀ। ਇਥੇ ਪੀਰ ਭੀਖਣ ਸ਼ਾਹ ਉਨ੍ਹਾ ਨੂੰ ਦੁਬਾਰਾ ਮਿਲਣ ਵਾਸਤੇ ਆਏ। ਕੀਰਤਪੁਰ ਪਹੁੰਚ ਕੇ ਆਪ ਤਾਏ ਸੂਰਜ ਮਲ ਦੇ ਪੋਤਰਿਆਂ ਨੂੰ ਮਿਲੇ। ਬਾਬਾ ਗੁਰਦਿਤਾ, ਗੁਰੂ ਹਰਿ ਗੋਬਿੰਦ ਸਾਹਿਬ ਤੇ ਗੁਰੂ ਹਰਿ ਰਾਇ ਸਾਹਿਬ ਦੇ ਪਵਿਤਰ ਅਸਥਾਨਾ ਦੇ ਦਰਸ਼ਨ ਕੀਤੇ। ਜਦ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ ਤਾ ਜਲੂਸ ਦੀ ਸ਼ਕਲ ਵਿਚ ਸਿਖ ਸੰਗਤਾ ਅਗੋਂ ਲੈਣ ਵਾਸਤੇ ਆਈਆਂ। ਸਾਰੇ ਨਗਰ ਵਿਚ ਘਰ ਘਰ ਖੁਸ਼ੀ ਮਨਾਈ ਗਈ, ਦੀਪ ਮਾਲਾ ਹੋਈ ਪਿਓ-ਪੁਤਰ ਦਾ ਬੜਾ ਪਿਆਰਾ ਤੇ ਨਿਘਾ ਮੇਲ ਹੋਇਆ।

ਇਹ ਆਨੰਦਪੁਰ ਦਾ ਸਭ ਤੋ ਵਧ ਖੁਸ਼ੀ ਭਰਿਆ, ਚਿੰਤਾ ਰਹਿਤ ਤੇ ਮੋਜ਼ ਮਸਤੀ ਦਾ ਸਮਾ ਸੀ, ਮਾਤਾ ਜੀ, ਪਿਤਾ ਗੁਰੂ ਤੇਗ ਬਹਾਦੁਰ ਤੇ ਮਾਮਾ ਜੀ ਦਾ ਹਥ ਇਹਨਾ ਦੇ ਸਿਰ ਤੇ ਸੀ। ਹਜ਼ਾਰਾਂ ਸਿਖ ਇਨਾਂ ਨੂੰ ਵੇਖ- ਵੇਖ ਜਿਓਦੇ ਤੇ ਹਥੀ ਛਾਵਾਂ ਕਰਦੇ। ਗੁਰੂ ਪਿਤਾ ਨੇ ਓਹਨਾਂ ਲਈ ਹਿੰਦੀ, ਗੁਰਮੁਖੀ ਤੇ ਫ਼ਾਰਸੀ ਦੀ ਲਿਖਾਈ ਪੜਾਈ ਦਾ ਪੰਡਿਤ ਮੁਨਸ਼ੀ ਸਾਹਿਬ ਚੰਦ, ਮੋਲਵੀ ਪੀਰ ਮੁਹੰਮਦ ਤੇ ਭਾਈ ਕੋਲ ਇੰਤਜ਼ਾਮ ਦੇ ਨਾਲ ਨਾਲ ਸ਼ਸ਼ਤਰ ਵਿਦਿਆ, ਤੀਰ ਅੰਦਾਜੀ, ਤਲਵਾਰ ਚਲਾਣਾ ਤੇ ਘੋੜ ਸਵਾਰੀ ਦੀ ਸਿਖਲਾਈ ਦਾ ਵੀ ਪ੍ਰਬੰਧ ਕਰ ਦਿਤਾ।

ਇਸ ਵਕਤ ਮੁਗਲ ਹਕੂਮਤ ਦੇ ਅਤਿਆਚਾਰ ਤੇ ਜ਼ੁਲਮ ਸਿਖਰ ਤੇ ਪਹੁੰਚ ਚੁਕੇ ਸੀ। ਔਰੰਗਜ਼ੇਬ ਨੇ ਆਪਣੀ ਨੀਤੀ ਬਦਲੀ ਤੇ ਸੋਚਿਆ ਇਕ ਇਕ ਨੂੰ ਮੁਸਲਮਾਨ ਬਨਾਣਾ ਥੋੜਾ ਅਓਖਾ ਕੰਮ ਹੈ ਕਿਓਂ ਨਾ ਇਹ ਕੰਮ ਪੰਡਤਾ ਤੇ ਵਿਦਵਾਨਾ ਤੋ ਸ਼ੁਰੂ ਕੀਤਾ ਜਾਏ ਬਾਕੀ ਜਨਤਾ ਆਪਣੇ ਆਪ ਉਨਾਂ ਦੇ ਪਿਛੇ ਲਗ ਤੁਰੇਗੀ। ਇਹ ਸੋਚ ਕੇ ਉਸਨੇ ਸਭ ਤੋ ਪਹਿਲਾਂ ਕਸ਼ਮੀਰ ਦੇ ਸੂਬੇ ਇਫਤੀਆਰ ਖਾਨ ਨੂੰ ਹਿਦਾਇਤ ਤੇ ਸਖਤੀ ਨਾਲ ਹੁਕਮਨਾਮਾ ਭੇਜਿਆ ਕਿ ਪਹਿਲੇ ਓਹ ਵਡੇ ਵਡੇ ਪੰਡਤਾਂ ਤੇ ਵਿਦਵਾਨਾ ਨੂੰ ਦਾਇਰ-ਏ-ਇਸਲਾਮ ਵਿਚ ਲਿਆਉਣ ਦੀ ਕੋਸ਼ਿਸ਼ ਕਰੇ। ਬਸ ਫਿਰ ਕੀ ਸੀ ਉਹ ਮੋਕੇ ਦੀ ਤਾਕ ਵਿਚ ਸੀ .ਉਸ ਨੂੰ ਹਕੂਮਤ ਦੀ ਸ਼ਹਿ ਮਿਲ ਗਈ ਤੇ ਉਸਨੇ ਕਸ਼ਮੀਰ ਦੇ ਲੋਕਾਂ ਤੇ ਅੰਤਾਂ ਦੇ ਜੁਲਮ ਢਾਹੁਣੇ ਸ਼ੁਰੂ ਕਰ ਦਿਤੇ।

ਪੰਡਿਤ ਕਿਰਪਾ ਰਾਮ ਜੋ ਇਕ ਵਕ਼ਤ ਗੁਰੂ ਗੋਬਿੰਦ ਸਿੰਘ ਜੀ ਦਾ ਅਧਿਆਪਕ ਰਹਿ ਚੁਕਾ ਸੀ ਗੁਰੂ ਘਰ ਤੋਂ ਚੰਗੀ ਤਰਹ ਜਾਣੂ ਸੀ। ਉਸਨੇ ਹੋਰ ਪੰਡਿਤਾਂ ਨਾਲ ਸਲਾਹ ਕੀਤੀ ਸਾਡੀ ਇਸ ਮੁਸੀਬਤ ਦਾ ਹਲ ਸਿਰਫ ਤੇ ਸਿਰਫ ਗੁਰੂ ਤੇਗ ਬਾਹਦੁਰ ਸਾਹਿਬ ਕਰ ਸਕਦੇ ਹਨ। ਓਨ੍ਹਾ ਨੇ ਸੂਬੇ ਕੋਲੋਂ 6 ਮਹੀਨੇ ਦੀ ਮੁਹਲਤ ਮੰਗੀ , ਇਸ ਸ਼ਰਤ ਤੇ ਕੀ 6 ਮਹੀਨੇ ਬਾਅਦ ਅਸੀਂ ਸਾਰੇ ਦੇ ਸਾਰੇ ਬਿਨਾ ਹੀਲ ਹੁਜਤ ਤੋ ਮੁਸਲਮਾਨ ਬਣ ਜਾਵਾਂਗੇ। ਉਹ ਜਗਤਨਾਥ ਤੇ ਹੋਰ ਮੰਦਿਰਾਂ ਦੇ ਪੁਜਾਰੀਆਂ, ਪੀਰਾਂ ਫਕੀਰਾਂ ਕੋਲ ਗਏ, ਟੂਣੇ-ਟਪੇ, ਧਾਗੇ, ਤਵੀਤ, ਜੰਤਰ -ਮੰਤਰ ਸਭ ਕੋਸ਼ਿਸ਼ ਕਰ ਲਈ ਪਰ ਕੋਈ ਗਲ ਨਾ ਬਣੀ। ਰਾਜੇ ਮਹਾਰਾਜੇ ਤਾਂ ਪਹਿਲੇ ਹੀ ਉਨ੍ਹਾ ਦੀ ਮਦਤ ਕਰਨ ਤੋ ਇਨਕਾਰ ਕਰ ਚੁਕੇ ਸਨ। ਅਖੀਰ ਸਭ ਦੀ ਸਲਾਹ ਨਾਲ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਆਨੰਦਪੁਰ ਆ ਪੁਜੇ।

ਗੁਰੂ ਸਾਹਿਬ ਨੇ ਉਨਾਂ ਤੇ ਹੋ ਰਹੇ ਜੁਲਮਾਂ ਦੀ ਵਾਰਤਾ ਬੜੇ ਧਿਆਨ ਨਾਲ ਸੁਣੀ ਤੇ ਸੋਚ ਵਿਚ ਪੈ ਗਏ। ਉਨ੍ਹਾ ਨੇ ਸਭ ਨੂੰ ਹਿੰਮਤ ਦਿਤੀ ਕੀ ਆਏ ਕਸ਼ਟਾਂ ਦਾ ਮੁਕਾਬਲਾ ਬੜੇ ਸਾਹਸ ਤੇ ਦਲੇਰੀ ਨਾਲ ਕਰਨਾ ਹੈ , ਅਕਾਲ ਪੁਰਖ ਕੋਈ ਨਾ ਕੋਈ ਰਾਹ ਜਰੂਰ ਕਢੇਗਾ। ਕਾਫੀ ਸੋਚ ਵਿਚਾਰ ਕੇ ਕਿਹਾ, ” ਇਸਦਾ ਇਕੋ ਹਲ ਹੋ ਸਕਦਾ ਹੈ, ਕਿਸੇ ਮਹਾਂ ਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ।

ਇਹ ਸੁਣਕੇ ਪੰਡਿਤ ਜੋ ਭਲੇ ਵਕ਼ਤ ਹਿੰਦੂ ਧਰਮ ਦੇ ਰਖਵਾਲੇ ਹੋਣ ਦਾ ਦਮ ਭਰਦੇ ਸੀ ਚੁਪ ਹੋ ਗਏ, ਨੀਵੀਂ ਪਾ ਲਈ। ਪਿਛੇ ਖੜੇ ਗੋਬਿੰਦ ਰਾਇ ਜੋ ਸਭ ਬੜੇ ਧਿਆਨ ਨਾਲ ਸਭ ਸੁਣ ਰਹੇ ਸੀ, ਇਕ ਦਮ ਬੜੀ ਦ੍ਰਿੜਤਾ ਤੇ ਮਾਸੂਮੀਅਤ ਨਾਲ ਬੋਲੇ .” ਪਿਤਾ ਜੀ ਤੁਹਾਡੇ ਤੋਂ ਵਡਾ ਹੋਰ ਕੇਹੜਾ ਮਹਾਂ ਪੁਰਸ਼ ਹੋ ਸਕਦਾ ਹੈ ? ਗੁਰੂ ਸਾਹਿਬ ਬੜੇ ਧਿਆਨ ਨਾਲ ਆਪਣੇ ਪੁਤਰ ਦਾ ਚੇਹਰਾ ਵੇਖਦੇ ਹਨ ਤੇ ਉਸਦੇ ਚੇਹਰੇ ਤੇ ਆਏ ਉਤਾਰ ਚੜਾਵ। ਪਿਆਰ ਨਾਲ ਘੁਟ ਕੇ ਛਾਤੀ ਨਾਲ ਲਗਾ ਲੈਂਦੇ ਹਨ, ” ਬੋਲੇ, “ਜਾਓ ਔਰੰਗਜ਼ੇਬ ਨੂੰ ਕਹਿ ਦਿਉ ਕਿ ਸਾਡਾ ਪੀਰ ਤੇ ਰਹਿਬਰ ਗੁਰੂ ਤੇਗ ਬਹਾਦਰ ਹੈ ਜੇ ਓਹ ਮੁਸਲਮਾਨ ਬਣ ਜਾਣ ਤੇ ਅਸੀਂ ਸਾਰੇ ਬਿਨਾ ਕਿਸੇ ਹੀਲ ਹੁਜਤ ਤੋਂ ਇਸਲਾਮ ਕਬੂਲ ਕਰ ਲਵਾਂਗੇ।

ਔਰੰਗਜੇਬ ਨੂੰ ਇਹ ਖਬਰ ਮਿਲੀ। ਉਸਨੂੰ ਗੁਰੂ ਸਾਹਿਬ ਦੀ ਪੰਡਤਾਂ ਨਾਲ ਹਮਦਰਦੀ ਆਪਣੀ ਧਾਰਮਿਕ ਨੀਤੀ ਵਿਚ ਰੁਕਾਵਟ ਤੇ ਗੁਰੂ ਸਾਹਿਬ ਦੀ ਬਗਾਵਤ ਨਜਰ ਆਈ। ਲਾਹੋਰ ਦੇ ਗਵਰਨਰ, ਸਰਹੰਦ ਦੇ ਸੂਬੇਦਾਰ ਤੇ ਰੋਪੜ ਦੇ ਕੋਤਵਾਲ ਨੂੰ ਸ਼ਾਹੀ ਫਰਮਾਨ ਜਾਰੀ ਕੀਤਾ ਕਿ ਗੁਰੂ ਸਾਹਿਬ ਨੂੰ ਤਸੀਹੇ ਦੇਕੇ ਸਹੀਦ ਕੀਤਾ ਜਾਏ। ਇਹ ਹੁਕਮ ਖੁਫਿਆ ਸੀ ਕਿਓੰਕੀ ਔਰੰਗਜ਼ੇਬ ਨੂੰ ਬਗਾਵਤ ਦਾ ਡਰ ਸੀ,। ਦੂਸਰਾ ਹੁਕਮ ਸੀ ਕੀ ਇਨਾ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਦਿੱਲੀ ਦੇ ਆਲੇ ਦੁਆਲੇ ਲਟਕਾ ਦਿਤੇ ਜਾਣ ਤਾਂ ਕੀ ਇਤਨੀ ਦਹਿਸ਼ਤ ਫੈਲੇ ਕੀ ਮੁੜ ਕੇ ਕੋਈ ਹੁਕਮ ਅਦੂਲੀ ਕਰਨ ਦੀ ਜੁਰਤ ਨਾ ਕਰ ਸਕੇ।

ਗੁਰੂ ਸਾਹਿਬ ਜਾਣਦੇ ਸਨ ਕਿ ਔਰੰਗਜ਼ੇਬ ਤਕ ਪੁਜਣ ਤੇ ਉਨ੍ਹਾ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਓਹ ਛੇਤੀ ਹੀ ਲੋਕਾਂ ਨੂੰ ਇਸ ਜ਼ੁਲਮ ਦੇ ਟਾਕਰੇ ਲਈ ਉਤਸ਼ਾਹਤ ਕਰਨ ਲਈ ਤੇ ਕੁਰਬਾਨੀਆਂ ਦੇਣ ਵਾਸਤੇ ਤਿਆਰ ਕਰਨ ਲਈ ਪ੍ਰਚਾਰ ਦੌਰੇ ਤੇ ਨਿਕਲ ਪਏ। ਆਪਜੀ ਦੇ ਪ੍ਰਚਾਰ ਦਾ ਤਤ ਸੀ, ” ਨਾ ਡਰੋ, ਨਾ ਡਰਾਓ, ਨਾ ਜ਼ੁਲਮ ਕਰੋ, ਨਾ ਸਹੋ “। ਥਾਂ ਥਾਂ ਤੋ ਲੋਕ ਘਰੋਂ ਨਿਕਲ ਕੇ ਗੁਰੂ ਸਾਹਿਬ ਨਾਲ ਤੁਰਦੇ ਗਏ। ਲੋਕੀ ਹੁਮ ਹੁਮਾ ਕੇ ਦਰਸ਼ਨਾ ਲਈ ਆਏ, ਚੋਖੀ ਭੇਟਾ ਵੀ ਚੜੀ, ਜਿਸ ਨਾਲ ਗੁਰੂ ਸਾਹਿਬ ਨੇ ਕਈ ਨੇਕ ਕੰਮ ਵੀ ਕੀਤੇ, ਜਿਵੇਂ ਬਉਲੀਆਂ ਬਣਵਾਨੀਆਂ, ਖੂਹ ਖੁਦਵਾਣੇ, ਖੂਹ ਡੂੰਘੇ ਕਰਵਾਣੇ, ਹੜਾ ਲਈ ਬੰਨ ਬਨਵਾਣੇ ਆਦਿ। ਗੁਰੂ ਸਾਹਿਬ ਦਾ ਜਸ ਤੇ ਅਸਰ ਵਧਦਾ ਗਿਆ। ਅਹਿਲਕਾਰਾਂ ਨੇ ਔਰੰਗਜ਼ੇਬ ਨੂੰ ਖਬਰ ਕਰ ਦਿਤੀ। ਔਰੰਗਜ਼ੇਬ ਦਾ ਹੁਕਮ ਤਾਂ ਉਨ੍ਹਾ ਨੂੰ ਮਿਲ ਹੀ ਚੁਕਾ ਸੀ।

ਗੁਰੂ ਸਾਹਿਬ ਆਨੰਦਪੁਰ -ਕੀਰਤਪੁਰ-ਰੋਪੜ ਤੋਂ ਹੁੰਦੇ ਮਾਲਵਾ ਪਹੁੰਚੇ। ਫਿਰ ਸੈਫਾਬਾਦ- ਗੜੀ ਨਾਜ਼ੀਰ ਤੋ ਹੁੰਦੇ ਆਗਰੇ ਪਹੁੰਚਕੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਹਕੂਮਤ ਦੇ ਹਵਾਲੇ ਕਰ ਦਿਤਾ। ਓਨ੍ਹਾ ਨੂੰ ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਕਾਜ਼ੀ ਨੇ ਕਿਹਾ, ” ਜਾਂ ਤਾਂ ਤੁਸੀਂ ਕਰਾਮਾਤ ਦਿਖਾਓ ਤਾਕਿ ਸਾਨੂੰ ਪਤਾ ਚਲੇ ਕੀ ਤੁਸੀਂ ਕੋਈ ਅਲਾਹੀ ਨੂਰ ਹੋ ਤੇ ਜਾਂ ਇਸਲਾਮ ਕਬੂਲ ਕਰ ਲਓ। ਗੁਰੂ ਸਾਹਿਬ ਦਾ ਜਵਾਬ ਸੀ, ਕਰਾਮਾਤ ਦਿਖਾਣੀ ਕਹਿਰ ਹੈ, ਅਕਾਲ ਪੁਰਖ ਦੇ ਕੰਮ ਵਿਚ ਵਿਘਨ ਹੈ, ਮੁਸਲਮਾਨ ਅਸਾਂ ਨੇ ਬਨਣਾ ਨਹੀ ਕਿਓਕਿ ਸਾਡਾ ਧਰਮ ਵੀ ਉਤਨਾ ਹੀ ਚੰਗਾ ਹੈ ਜਿਤਨਾ ਕੀ ਮੁਸਲਮਾਨ ਧਰਮ। ਇਹ ਸਵਾਲ ਜਵਾਬ, ਲਾਲਚ ਡਰ ਤਿੰਨ ਦਿਨ ਤਕ ਚਲਦਾ ਰਿਹਾ।

ਇਸ ਦੋਰਾਨ ਗੁਰੂ ਸਾਹਿਬ ਨੇ ਗੋਬਿੰਦ ਰਾਇ ਨੂੰ ਸਿੰਘਾ ਦੇ ਹਥ ਗ੍ਰਿਫਤਾਰੀ ਦੀ ਚਿਠੀ ਭੇਜੀ।

ਬਲ ਛੁਟਕਿਓ ਬੰਧਨ ਪਰੇ ਕੁਝ ਨਾ ਹੋਤ ਉਪਾਇ

ਕਹੁ ਨਾਨਕ ਅਬ ਓਟ ਹਰ ਗ੍ਜ ਜੀਓੰ ਹੋਹੁ ਸਹਾਇ

ਬਲ ਹੋਆ ਬੰਧਨ ਛੁਟੇ ਸਭ ਕੁਛ ਹੋਤਿ ਉਪਾਇ

ਨਾਨਕ ਸਭ ਕੁਝ ਤੁਮਰੇ ਹਾਥ ਮੈ ਤੁਮ ਹੀ ਹੋਤਿ ਸਹਾਇ

ਬਾਲਕ ਦਾ ਉੱਤਰ ਪੜਕੇ ਗੁਰੂ ਤੇਗ ਬਹਾਦਰ ਜੀ ਨੂੰ ਨਿਸਚਾ ਹੋ ਗਿਆ, ਕਿ ਗੋਬਿੰਦ ਰਾਇ ਹੁਣ ਗੁਰਗਦੀ ਯੋਗ ਹੋ ਗਿਆ ਹੈ, ਕਿਸੇ ਬਿਪਤਾ ਸਮੇ ਡੋਲਣ ਵਾਲਾ ਨਹੀਂ। ਉਨਾ ਨੇ ਪੰਜ ਪੈਸੇ, ਨਾਰਿਅਲ ਤੇ ਆਪਣਾ ਆਸ਼ੀਰਵਾਦ ਗੁਰਸਿਖ ਦੇ ਹਥ ਭੇਜਕੇ ਗੁਰਗਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੋਂਪ ਦਿਤੀ।

11 NOV, 1675 ਨੂੰ ਗੁਰੂ ਜੀ ਦੇ ਸਾਥੀਆਂ ਨੂੰ ਉਨ੍ਹਾ ਦੇ ਸਾਮਣੇ ਕਤਲ ਕਰ ਦਿਤਾ ਗਿਆ। ਭਾਈ ਮਤੀ ਦਾਸ ਨੂੰ ਥੰਮ ਨਾਲ ਬੰਨ ਕੇ ਆਰਿਆਂ ਨਾਲ ਚੀਰ ਕੇ ਦੋ ਟੁਕੜੇ ਕਰ ਦਿਤੇ ਗਏ। ਭਾਈ ਦਿਆਲਾ ਨੂੰ ਉਬਲਦੀ ਦੇਗ ਵਿਚ ਉਬਾਲ ਦਿਤਾ ਗਿਆ। ਭਾਈ ਸਤੀ ਦਾਸ ਦੇ ਸਰੀਰ ਨੂੰ ਰੂੰ ਵਿਚ ਲਪੇਟ ਕੇ ਭੁੰਨ ਦਿਤਾ ਗਿਆ। ਤਿੰਨਾ ਸਿਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆ ਆਪਣੇ ਸੁਆਸ ਤਿਆਗ ਦਿਤੇ। ਹੁਣ ਗੁਰੂ ਸਾਹਿਬ ਦੀ ਵਾਰੀ ਆਈ। ਮੁੜਕੇ ਉਹੀ ਸਵਾਲ, ਉਹੀ ਲਾਲਚ ਤੇ ਉਹੀ ਡਰਾਵੇ। ਅਖੀਰ ਜਦ ਉਹ ਆਪਣੇ ਮਕਸਦ ਵਿਚ ਕਾਮਯਾਬ ਨਾ ਹੋਏ ਤਾਂ 11 ਨਵੰਬਰ 1675 ਵੀਰਵਾਰ ਵਾਲੇ ਦਿਨ ਗੁਰੂ ਸਾਹਿਬ ਦਾ ਸੀਸ ਨਾਲੋਂ ਧੜ ਅਲਗ ਕਰ ਦਿਤਾ ਗਿਆ। ਬੜਾ ਸ਼ਖਤ ਹੁਕਮ ਸੀ ਕਿ ਜੋ ਬੰਦਾ ਗੁਰੂ ਸਾਹਿਬ ਦੇ ਸਰੀਰ ਨੂੰ ਹਥ ਲਗਾਏਗਾ ਉਸਨੂੰ ਕਤਲ ਕਰ ਦਿਤਾ ਜਾਏਗਾ।

ਇਕ ਗੈਬੀ ਹਨੇਰੀ ਝੁਲੀ ਜਿਸ ਨਾਲ ਜਨਤਾ ਭੈਭੀਤ ਹੋਕੇ ਆਪਣੇ ਆਪਣੇ ਘਰਾਂ ਨੂੰ ਚਲੀ ਗਈ, ਧਰਤੀ ਕੰਬ ਉਠੀ, ਹਕੂਮਤ ਦਾ ਸਿੰਘਾਸਨ ਡੋਲਿਆ, ਪਾਪਾਂ ਦਾ ਠੀਕਰਾ ਚੋਰਾਹੇ ਤੇ ਫੁਟ ਗਿਆ। ਗੁਰੂ ਤੇਗ ਬਹਾਦਰ ਤੇ ਸਮਰਪਿਤ ਸਿਖਾਂ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾ ਦਿਤਾ। `ਉਸ ਸਮੇ ਚਾਂਦਨੀ ਚੋਕ ਦੀ ਸੜਕ ਅਜ ਵਾਂਗ ਪਕੀ ਨਹੀ ਸੀ ਇਕਠੀ ਹੋਈ ਭੀੜ ਵਿਚ ਅਜੇਹੀ ਭਗਦੜ ਮਚੀ, ਧੂਲ ਮਿਟੀ ਉਡੀ ਕਿ ਦਰਿੰਦਿਆਂ ਦੇ ਸਾਰੇ ਸੁਰਖਿਆ ਪ੍ਰਬੰਧ ਮਿਟੀ ਵਿਚ ਮਿਲ ਗਏ। ਸੂਰਮੇ ਸਿਖਾਂ ਨੇ ਪਾਤਸ਼ਾਹ ਦਾ ਸੀਸ ਅਤੇ ਸਰੀਰ ਦੋਨੋ ਅਲੋਪ ਕਰ ਲਏ। ਸਰੀਰ ਭਾਈ ਲਖੀ ਸ਼ਾਹ ਵੰਜਾਰਾ ਆਪਣੇ ਪਿੰਡ ਰਕਾਬ ਗੰਜ ਲੈ ਗਏ ਜਿਥੇ ਉਨਾਂ ਨੇ ਆਪਣੇ ਘਰ ਵਿਚ ਗੁਰੂ ਸਾਹਿਬ ਦੀ ਚਿਖਾ ਸਜਾ ਕੇ ਸਮਾਨ ਸਮੇਤ ਆਪਣੇ ਘਰ ਨੂੰ ਅਗ ਲਗਾ ਦਿਤੀ ਤਾਕਿ ਇਹ ਇਕ ਹਾਦਸਾ ਲਗੇ।

ਸੀਸ ਭਾਈ ਜੇਤਾ ਜੀ ਆਨੰਦਪੁਰ ਸਾਹਿਬ ਲੈ ਗਏ। ਭਾਈ ਜੇਤਾ ਜੀ ਨੇ ਗੁਰੂ ਤੇਗ ਬਹਾਦਰ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ। ਗੁਰੂ ਸਾਹਿਬ ਨੇ ਉਨਾਂ ਦੇ ਸੀਸ ਅਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦ ਤਕ ਫਕੀਰ ਸ਼ਹੀਦ ਹੁੰਦੇ ਰਹਿਣਗੇ ? ਇਸ ਕਿਰਪਾਨ, ਤੇਗ ਤੇ ਭਠੇ ਵਿਚ ਪਏ ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟਾਕਰਾ ਨਹੀਂ ਕਰ ਸਕਦੇ” ? ਉਹਨਾ ਨੇ ਭਾਈ ਜੇਤਾ ਜੀ ਤੋਂ ਪੁਛਿਆ ਕੀ ਉਥੇ ਕੋਈ ਸਿਖ ਨਹੀ ਸਨ, ਜਿਥੇ ਇਨ੍ਹਾ ਨੂੰ ਸ਼ਹੀਦ ਕੀਤਾ ਗਿਆ ਹੈ ? ਤਾਂ ਭਾਈ ਜੇਤਾ ਨੇ ਉਤਰ ਦਿਤਾ, ” ਹੋਣਗੇ, ਪਰ ਪਹਿਚਾਣੇ ਤਾਂ ਨਹੀਂ ਜਾ ਸਕਦੇ। ਉਸ ਦਿਨ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ, ਜ਼ੁਲਮ ਨਾਲ ਟਕਰ ਲੈਣ ਦਾ ਤੇ ਸਿਖਾਂ ਨੂੰ ਇਕ ਨਿਆਰਾ ਰੂਪ ਦੇਣ ਦਾ ਤਾਕਿ ਲਖਾਂ ਵਿਚ ਇਕ ਸਿਖ ਖੜਾ ਪਹਚਾਣਿਆ ਜਾ ਸਕੇ। ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਹੋਇਆ।

ਸਹੀਦੀ ਤਾਂ ਹੋ ਗਈ ਪਰ ਇਸ ਸ਼ਹਾਦਤ ਦਾ ਲੋਕਾਂ ਦੇ ਦਿਲ ਤੇ ਬਹੁਤ ਵਡਾ ਅਸਰ ਹੋਇਆ। ਹਿਲ ਗਈ ਸੀ ਹਿੰਦੁਸਤਾਨ ਦੀ ਸਲਤਨਤ। ਕਹਿੰਦੇ ਨੇ ਪਥਰ ਦਿਲ ਇਨਸਾਨ ਵੀ ਇਕ ਵਾਰ ਟੁਟ ਗਏ। ਕਾਜ਼ੀ ਜਿਸਨੇ ਗੁਰੂ ਸਾਹਿਬ ਲਈ ਫਤਵਾ ਜਾਰੀ ਕੀਤਾ ਸੀ, ਨੇ 20 ਦਿਨ ਦੇ ਅੰਦਰ ਅੰਦਰ ਆਤਮ ਹਤਿਆ ਕਰ ਲਈ ਕੀ ਮੇਰੇ ਕੋਲੋਂ ਇਹ ਕੀ ਗੁਨਾਹ ਹੋ ਗਿਆ ਹੈ। ਦੂਸਰਾ ਸੀ ਅਬਦੁਲਾ ਜਿਸਨੇ ਗੁਰੂ ਸਾਹਿਬ ਨੂੰ ਜੈਲ ਵਿਚ ਕੈਦ ਰਖਿਆ ਤੇ ਤਸੀਹੇ ਦਿਤੇ ਸੀ। ਉਹ ਰਾਤੋ -ਰਾਤ ਜੇਲ ਵਿਚੋਂ ਆਪਣੇ ਪਰਿਵਾਰ ਸਮੇਤ ਨਸ ਕੇ ਆਨੰਦਪੁਰ ਸਾਹਿਬ ਪਹੁੰਚ ਗਿਆ ਤੇ ਆਪਣੇ ਗੁਨਾਹਾਂ ਦੀ ਸਜਾ ਲਈ ਗੁਰੂ ਸਾਹਿਬ ਤੋ ਮੰਗ ਕੀਤੀ। ਗੁਰੂ ਘਰ ਚਲ ਕੇ ਜੋ ਆ ਜਾਏ ਓਹ ਤੇ ਸਦਾ ਬਖਸ਼ਿਆ ਜਾਂਦਾ ਹੈ। ਗੁਰੂ ਸਾਹਿਬ ਨੇ ਉਸ ਨੂੰ ਸੇਵਾ ਕਰਨ ਲਈ ਕਿਹਾ। ਓਹ ਪੈਸ਼ੇ ਵਜੋਂ ਹਕੀਮ ਸੀ। 100 ਸਾਲ ਤਕ ਓਹ ਤੇ ਉਸਤੋਂ ਬਾਦ ਉਸਦਾ ਪਰਿਵਾਰ ਸਿਖਾਂ ਦੀ ਮਰਹਮ ਪਟੀ ਦੀ ਸੇਵਾ ਕਰਦੇ ਰਹੇ। ਤੀਸਰਾ ਸੀ ਜਲਾਲੁਦੀਨ ਜਿਸ ਨੂੰ ਬਾਬਾ ਬੰਦਾ ਬਹਾਦਰ ਨੇ ਸੋਧਿਆ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਸਿੰਘ ਸਜਾ ਕੇ ਪੰਜਾਬ ਵਿਚ ਥਾਪੜਾ ਦੇਕੇ ਭੇਜਿਆ ਸੀ। ਇਸ ਵਕਤ ਤਕ ਸਿਖਾਂ ਵਿਚ ਇਤਨੀ ਹਿੰਮਤ ਆ ਗਈ ਸੀ ਬੇੜੀ ਵਿਚ ਬੈਠੇ ਔਰੰਗਜ਼ੇਬ ਨੂੰ ਪਥਰ ਮਾਰੇ, ਜਾਮਾ ਮਸਜਿਦ ਵਿਚ ਪਹੁੜੀਆਂ, ਉਤਰਦੇ ਵਕਤ ਤਲਵਾਰ ਨਾਲ ਹਮਲਾ ਕੀਤਾ ਉਹ ਵਖਰੀ ਗਲ ਹੈ ਕੀ ਇਤਨੀ ਆਸਾਨੀ ਨਾਲ ਉਸਨੇ ਮਰਨਾ ਨਹੀ ਸੀ, ਪਛਤਾਵੇ ਦੀ ਅਗ ਵਿਚ ਸੜ ਕੇ ਤੜਪ ਤੜਪ ਹੀ ਉਸਦਾ ਮਰਨਾ ਲਿਖਿਆ ਸੀ।

ਦਮਦਮਾ ਸਾਹਿਬ ਆਪਜੀ ਦੀ ਗੁਰਗਦੀ ਦੀ ਰਸਮ ਪੂਰੀ ਹੋਈ ਜਿਸ ਨੂੰ ਬਾਬਾ ਬੁਢਾ ਸਾਹਿਬ ਦੀ ਅੰਸ ਵਿਚੋਂ ਰਾਮ ਕੁਇਰ ਨੇ ਪੂਰੀ ਕੀਤੀ। ਇਤਨੀ ਛੋਟੀ ਉਮਰ ਵਿਚ ਇਤਨੀ ਵਡੀ ਜਿਮੇਦਾਰੀ ? ਗੁਰੂ ਸਾਹਿਬ ਇਸ ਵੇਲੇ 9 ਸਾਲ ਦੇ ਸਨ। ਕਈ ਓਕੜਾਂ ਦਾ ਸਾਮਣਾ ਕਰਨਾ ਪਿਆ। ਇਸ ਵਿਚ ਕੋਈ ਸ਼ਕ ਨਹੀਂ ਸੀ ਗੁਰੂ ਘਰ ਨਾਲ ਬਹੁਤ ਲੋਕ ਜੁੜੇ ਹੋਏ ਸੀ ਜਿਨ੍ਹਾ ਦੀ ਗੁਰੂ ਸਾਹਿਬ ਲਈ ਸ਼ਰਧਾ ਤੇ ਪਿਆਰ ਅੰਤਾਂ ਦਾ ਸੀ ਪਰ ਇਸ ਗਲ ਤੋ ਵੀ ਮਨੁਕਰ ਨਹੀਂ ਹੋ ਸਕਦੇ ਕੀ ਉਨ੍ਹਾ ਦੀਆਂ ਵਿਰੋਧੀ ਸ਼ਕਤੀਆਂ ਦੀ ਵੀ ਕੋਈ ਕਮੀ ਨਹੀਂ ਸੀ। ਉਨ੍ਹਾ ਦੇ ਆਪਣੇ, ਧੀਰਮਲ ਤੇ ਰਾਮ ਰਾਇ, ਪਹਾੜੀ ਰਾਜੇ ਮਹਾਰਾਜੇ, ਸਰਹੰਦ ਦਾ ਨਵਾਬ ਵਜ਼ੀਰ ਖਾਨ, ਜਿਸਨੇ ਜਿਹਾਦ ਦਾ ਨਾਹਰਾ ਲਗਾਕੇ ਬਹੁਤ ਸਾਰੇ ਮੁਸਲਮਾਨਾ ਨੂੰ ਇਕਠਾ ਕੀਤਾ ਸੀ। ਨਖਸ਼ਬੰਦੀ ਜੋ ਗੁਰੂ ਅਰਜੁਨ ਦੇਵ ਜੀ ਦੇ ਵਕ਼ਤ ਤੋ ਹੀ ਗੁਰੂ ਸਹਿਬਾਨਾ ਦੀ ਤਾਕਤ ਤੇ ਸੰਗਠਨ ਨੂੰ ਖਤਮ ਕਰਨ ਤੇ ਤੁਲੇ ਹੋਏ ਸੀ ਤੇ ਔਰੰਗਜ਼ੇਬ ਖੁਦ ਜੋ ਹਿੰਦੁਸਤਾਨ ਦਾ ਬਾਦਸ਼ਾਹ ਸੀ।

ਇਸ ਵਕਤ ਤਕ ਮੁਗਲ ਹੁਕਮਰਾਨਾ ਦੇ ਜ਼ੁਲਮ ਤੇ ਅਤਿਆਚਾਰਾਂ ਦੀ ਇੰਤਹਾ ਹੋ ਚੁਕੀ ਸੀ। ਰਾਜਿਆਂ, ਮਹਾਰਾਜਿਆਂ ਤੇ ਉਚੀਆਂ ਜਾਤਾਂ ਦੇ ਲੋਕਾਂ ਦਾ ਨਿਸ਼ਾਨਾ, ਆਪਣਾ ਸਵਾਰਥ ਸਿਧ ਕਰਨਾ ਤੇ ਐਸ਼ਪ੍ਰਸਤੀ ਤੋਂ ਸਿਵਾ ਕੁਝ ਨਹੀ ਸੀ। ਕੋਮੀਅਤ ਤੇ ਆਜ਼ਾਦੀ ਦੀ ਭਾਵਨਾ ਲੋਕਾਂ ਦੀ ਮਾਨਸਕਿਤਾ ਤੋਂ ਪੂਰੀ ਤਰਹ ਗੁੰਮ ਹੋ ਚੁਕੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੋਮੀ ਏਕਤਾ ਤੇ ਸਮਾਜਿਕ ਬਰਾਬਰੀ ਦਾ ਕਾਰਜ ਸਂਭਾਲਿਆ ਤਾਂ ਇਤਨੀਆਂ ਓਕੜਾਂ ਤੇ ਰੁਕਾਵਟਾ ਮੁਗਲ ਸਮਰਾਜ ਨੇ ਨਹੀ ਖੜੀਆਂ ਕੀਤੀਆਂ ਜਿਤਨੀਆਂ ਕੀ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨੇ ਜੁਲਮਾਂ ਨਾਲ ਟਕਰ ਲੈਣ ਲਈ ਆਪਣੇ ਸਿੰਘਾਂ ਨੂੰ ਫੌਜੀ ਸਿਖਲਾਈ ਦੇਣੀ ਸ਼ੁਰੂ ਕਰ ਦਿਤੀ। ਧਰਮ ਦੇ ਕਾਰਜਾਂ ਨਾਲ ਨਾਲ ਸ਼ਸ਼ਤਰ ਵਿਦਿਆ, ਸਵੇਰੇ ਸ਼ਾਮ ਦੇ ਜੋੜ ਮੇਲੇ, ਕਥਾ ਕੀਰਤਨ ਤੋਂ ਬਾਦ ਤਲਵਾਰ ਚਲਾਣਾ, ਤੀਰ ਅੰਦਾਜੀ, ਤੇ ਸ਼ਿਕਾਰ ਕਰਨ ਦੀਆਂ ਵਿਓਂਤਾ ਤੇ ਅਭਿਆਸ ਕਰਾਣੇ ਚਾਲੂ ਕਰ ਦਿਤੇ। ਸਿਖਾਂ ਵਿਚ ਬੀਰ ਰਸ ਭਰਨ ਲਈ ਰਣਜੀਤ ਨਗਾਰਾ ਬਣਵਾਇਆ। 52 ਕਵੀ .ਕਵੀ ਦਰਬਾਰ ਲਈ ਨਿਯੁਕਤ ਕੀਤੇ। ਸੰਗਤਾਂ ਨੂੰ ਸਨੇਹੇ ਭੇਜੇ ਕੀ ਕੋਈ ਹੋਰ ਭੇਟਾ ਲਿਆਣ ਦੀ ਬਜਾਏ ਘੋੜੇ, ਸ਼ਸ਼ਤਰ ਤੇ ਬਸਤਰ ਭੇਟਾ ਕਰਨ। ਗੁਰੂ ਸਾਹਿਬ ਨੇ ਸੈਨਾ ਵੀ ਇਕਠੀ ਕਰਨੀ ਸ਼ੁਰੂ ਕਰ ਦਿਤੀ। ਜਿਹੜੇ ਸੂਰਮੇ ਸਤਵੇ, ਅਠਵੇ ਗੁਰੂ ਸਹਿਬਾਨਾ ਵਕਤ ਘਰੋਂ ਘਰੀ ਚਲੇ ਗਏ ਸਨ ਵਾਪਸ ਬੁਲਾ ਲਿਆ। ਹੋਰ ਬਹੁਤ ਸਾਰੇ ਹਿੰਦੂ, ਮੁਲਮਾਨ, ਸਿਖ, ਨੀਵੀਆਂ ਜਾਤੀਆਂ ਦੇ ਨਾਈ, ਛੀਂਬੇ, ਲੋਹਾਰ, ਜੋ ਗੁਰੂ ਪ੍ਰਤੀ ਸ਼ਰਧਾ ਰਖਦੇ ਸੀ ਗੁਰੂ ਸਾਹਿਬ ਕੋਲ ਨੋਕਰੀਆਂ ਕਰਨ ਆ ਗਏ, ਜਿਨ੍ਹਾ ਨੇ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇਕ ਜੋੜੇ ਦੀ ਮੰਗ ਕੀਤੀ।

ਵਿਆਹ

11 ਸਾਲ ਦੀ ਉਮਰ ਵਿਚ ਹਰਜਨ ਸੁਭਿਖੀ ਖਤ੍ਰੀ ਦੀ ਪੁਤਰੀ ਮਾਤਾ ਜੀਤ ਕੋਰ ਨਾਲ, 18 ਸਾਲ ਦੀ ਉਮਰ ਵਿਚ ਮਾਤਾ ਸੁੰਦਰੀ ਤੇ 34 ਸਾਲ ਦੀ ਉਮਰ ਵਿਚ ਮਾਤਾ ਸਾਹਿਬ ਕੌਰ ਦਾ ਕੁਆਰਾ ਡੋਲਾ ਗੁਰੂ ਘਰ ਆਇਆ ਜੋ ਕੀ ਸਿਰਫ਼ ਆਤਮਿਕ ਮੇਲ ਦੀ ਸ਼ਰਤ ਤੇ ਸੀ ਕਿਓਂਕਿ ਭਾਈ ਰਾਮੂ ਨੇ ਬੇਨਤੀ ਕੀਤੀ ਕਿ ਮੈਂ ਜੰਮਦਿਆਂ ਸਾਰ ਹੀ ਆਪਣੀ ਬੇਟੀ ਨੂੰ ਦਿਲੋਂ ਤੁਹਾਡੇ ਨਵਿਤ ਕਰ ਚੁਕਾ ਹਾਂ। ਮਾਤਾ ਜੀਤੋ ਜੀ ਦੀ ਕੁਖੋਂ ਤਿੰਨ ਪੁਤਰ ਬਾਬਾ ਜੁਝਾਰ ਸਿੰਘ, ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ। ਮਾਤਾ ਸੁੰਦਰੀ ਜੀ ਦਾ ਬਾਬਾ ਅਜੀਤ ਸਿੰਘ ਸੀ।

 

ਗੁਰੂ ਸਾਹਿਬ ਦੀ ਕੀਰਤੀ ਸੁਣ ਕੇ ਦੂਰੋਂ ਦੂਰੋਂ ਸੰਗਤਾ ਆਉਦੀਆਂ। ਅਸਾਮ ਦੇਸ਼ ਦਾ ਇਕ ਰਾਜਵਾੜਾ ਜੋ ਗੁਰੂ ਤੇਗ ਬਹਾਦਰ ਦਾ ਸ਼ਰਧਾਲੂ ਸੀ ਤੇ ਉਨ੍ਹਾ ਦੇ ਆਸ਼ੀਰਵਾਦ ਨਾਲ ਉਸਦੇ ਘਰ ਪੁਤਰ ਹੋਇਆ। ਪਰ ਗੁਰੂ ਸਾਹਿਬ ਦਾ ਆਨੰਦਪੁਰ ਜਾਕੇ ਸ਼ੁਕਰਾਨਾ ਕਰਨ ਦੀ ਚਾਹ ਦਿਲ ਵਿਚ ਲੈਕੇ ਹੀ ਮਰ ਗਿਆ। ਪੁਤਰ, ਰਤਨ ਰਾਇ ਜਦ ਵਡਾ ਹੋਇਆ ਤਾਂ ਉਸਦੇ ਮਨ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਚਾਹ ਜਾਗੀ। ਤਦ ਗੁਰੂ ਤੇਗ ਬਹਾਦਰ ਸ਼ਹੀਦ ਹੋ ਚੁਕੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਗੁਰਗਦੀ ਤੇ ਸਨ। ਓਹ ਆਪਣੀ ਮਾਤਾ ਨਾਲ ਬਹੁਤ ਸਾਰੀਆਂ ਅਣ ਮੁਲੀਆਂ ਭੇਟਾ ਗੁਰੂ ਸਾਹਿਬ ਲਈ ਲੈਕੇ ਆਨੰਦ ਪੁਰ ਸਾਹਿਬ ਆਇਆ।

  1. ਪ੍ਰਸ਼ਾਦੀ ਹਾਥੀ – ਸੁੰਡ ਨਾਲ ਮਾਲਕ ਦੇ ਪੇਰ ਧੋਂਦਾ ਤੇ ਚ੍ਹੋਰੀ ਕਰਦਾਪੰਜ ਕਲਾ ਵਾਲਾ ਸ਼ਸ਼ਤਰ।
  2. ਹਥ ਵਿਚ ਫੜਨ ਵਾਲੀ ਸੋਟੀ ਜਿਸ ਵਿਚੋਂ ਤਲਵਾਰ, ਤਮਾਚਾ, ਬਰਛੀ ਤੇ ਨੇਜਾ ਨਿਕਲ ਓਂਦੇ।
  3. ਕਟਾਰ।
  4. ਸੰਦਲ ਦੀ ਚੋਕੀ।
  5. ਪੰਜ ਘੋੜੇ, ਸੋਨਾ ਦੀਆਂ ਕਾਠੀਆਂ ਤੇ ਬਹੁਮੁਲੇ ਸਮਾਨ ਨਾਲ ਸਜੇ ਹੋਏ।

ਕਾਬਲ ਦਾ ਇਕ ਸਿਖ ਗੁਰੂ ਸਾਹਿਬ ਵਾਸਤੇ ਬਹੁਮੁਲੀ ਚਾਨਣੀ ਬਣਵਾ ਕੇ ਲਿਆਇਆ ਜੋ ਮੁਗਲ ਬਾਦਸ਼ਾਹ ਦੀ ਚਾਨਣੀ ਨਾਲੋਂ ਵੀ ਕਿਤੇ ਵਧੀਆ ਸੀ। ਗੁਰੂ ਸਾਹਿਬ ਨੇ ਫੌਜੀ ਠਾਠ ਬਾਠ ਨੂੰ ਸੰਪੂਰਣ ਕਰਨ ਲਈ ਰਣਜੀਤ ਨਗਾਰਾ ਬਣਵਾਇਆ। ਜਦੋਂ ਯੋਧਿਆਂ ਨਾਲ ਸ਼ਿਕਾਰ ਖੇਡਣ ਜਾਣ ਤੋਂ ਪਹਿਲਾਂ ਵਜਾਂਦੇ ਤਾ ਇਸਦੀ ਗੂੰਜ ਨਾਲ ਪਹਾੜਾਂ ਦੀਆਂ ਡੂਨਾਂ ਗੂੰਜ ਉਠਦੀਆਂ ਤੇ ਸੁਣਨ ਵਾਲਿਆਂ ਦੇ ਹਿਰਦੇ ਕੰਬ ਉਠਦੇ।

ਜਦੋਂ ਭੀਮ ਚੰਦ ਨੇ ਇਹ ਸਭ ਸੁਣਿਆ ਤਾਂ ਉਸ ਕੋਲੋਂ ਬਰਦਾਸ਼ਤ ਨਹੀ ਹੋਇਆ। ਹਰ ਰੋਜ ਰਣਜੀਤ ਨਗਾਰੇ ਦੀ ਅਵਾਜ਼ ਪਹਾੜਾਂ ਵਿਚ ਗੂੰਜਦੀ ਜਿਸ ਨਾਲ ਗੁਰੂ ਸਾਹਿਬ ਦੇ ਵਿਰੋਧ ਵਿਚ ਕਾਫੀ ਚਰਚਾ ਸ਼ੁਰੂ ਹੋ ਗਈ। ਜਦੋਂ ਮਸੰਦਾ ਨੇ ਇਹ ਸੁਣਿਆ ਤਾਂ ਮਾਤਾ ਗੁਜਰੀ ਅਗੇ ਸ਼ਕਾਇਤ ਕੀਤੀ, ‘ਇਹ ਸਭ ਠੀਕ ਨਹੀ ਹੈ ਇਸ ਨਾਲ ਪਹਾੜੀ ਰਾਜਿਆਂ ਨਾਲ ਬਖੇੜਾ ਸ਼ੁਰੂ ਹੋ ਸਕਦਾ ਹੈ। ਨਗਾਰੇ ਵਜਾਣੇ, ਘੋੜੇ ਦੀ ਸਵਾਰੀ ਕਰਨੀ, ਫੌਜਾਂ ਰਖਣੀਆ, ਸ਼ਿਕਾਰ ਖੇਡਣੇ, ਇਹ ਸਭ ਰਾਜੇ ਰਜਵਾੜਿਆਂ ਦਾ ਕੰਮ ਹੈ। ਫਕੀਰਾਂ ਨੂੰ ਇਹ ਸ਼ੋਭਾ ਨਹੀਂ ਦਿੰਦੇ। ਅਗੇ ਗੁਰੂ ਤੇਗ ਬਹਾਦਰ ਜੀ ਸਹੀਦ ਕਰ ਦਿਤੇ ਗਏ ਹਨ , ਸਾਨੂੰ ਹੁਣ ਚੁਪ ਚਾਪ ਰਹਿਣਾ ਚਾਹਿਦਾ ਹੈ।

ਮਾਤਾ ਜੀ ਨੂੰ ਕੁਝ ਗਲ ਸਮਝ ਆਈ, ਉਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਤਾਂ ਗੁਰ ਸਾਹਿਬ ਨੇ ਜਵਾਬ ਦਿਤਾ , ” ਕਿ ਮਸੰਦਾ ਦੀ ਆਤਮਾ ਗੁਰੂ ਧੰਨ ਖਾਕੇ ਮਲੀਨ ਹੋ ਚੁਕੀ ਹੈ। ਇਹ ਆਲਸੀ ਤੇ ਵੇਹਲੜ ਹੋ ਚੁਕੇ ਹਨ। ਔਰੰਗਜ਼ੇਬ ਚਾਹੁੰਦਾ ਹੈ ਕੀ ਲੋਕ ਅਧੀਨਗੀ ਕਬੂਲ ਕਰਨ, ਸਿਰ ਨਿਵਾ ਕੇ ਚਲਣ। ਮੈ ਇਹੋ ਜਿਹੇ ਸਰਦਾਰ ਪੈਦਾ ਕਰਾਂਗਾ ਜੋ ਸਿਰ ਉਚਾ ਕਰ ਕੇ ਤੁਰਨਗੇ। ਓਹ ਚਾਹੰਦਾ ਹੈ ਕੀ ਲੋਕ ਧਰਤੀ ਤੇ ਕੀੜੀਆਂ ਵਾਂਗੂ ਰੇਗਣ, ਮੈ ਸ਼ਹਿ ਸਵਾਰ ਬਣਾਵਾਂਗਾ। ਉਸਨੇ ਮੰਦਰ ਵਿਚ ਸ਼ੰਖ ਵਜਨ ਦੀ ਮਨਾਹੀ ਕੀਤੀ ਹੈ ਤੇ ਮੈਂ ਰਣਜੀਤ ਨਗਾਰੇ ਵਜਵਾਂਵਾਂਗਾ। ਅਸੀਂ ਹੁਣ ਇਨ੍ਹਾ ਤੋਂ ਡਰ ਕੇ ਰਹੀਏ, ਅਸੀਂ ਕਿਹੜਾ ਇਨਾਂ ਦਾ ਕੋਈ ਦੇਸ਼ ਮਲਿਆ ਹੈ ਕਿ ਓਹ ਸਾਡੇ ਨਾਲ ਆਕਾਰਨ ਝਗੜਾ ਕਰਨਗੇ ? ਮਾਤਾ ਜੀ ਨਾਲ ਗਲ ਕਰਕੇ ਗੁਰੂ ਸਾਹਿਬ ਨੇ ਚੋਬਦਾਰ ਨੂੰ ਹੁਕਮ ਦਿੱਤਾ ਕਿ ਨਗਾਰਾ ਜੋਰ ਨਾਲ ਵਜਾਉ। ਚੋਬਦਾਰ ਨੇ ਨਗਾਰਾ ਇਤਨੇ ਜੋਰ ਨਾਲ ਵਜਾਇਆ ਕੀ ਆਢ -ਗੁਆਂਢ ਦੀਆਂ ਡੂਨਾਂ ਕੰਬ ਉਠੀਆਂ।

ਭੀਮ ਚੰਦ ਨੂੰ ਜਦ ਗੁਰੂ ਸਾਹਿਬ ਦੀਆਂ ਗਤੀ ਵਿਧੀਆਂ ਦਾ ਪਤਾ ਚਲਿਆ, ਓਹ ਆਪ ਦਰਸ਼ਨਾਂ ਦੇ ਬਹਾਨੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ। ਮਹਿਮਾਨ ਬਤੋਰ ਪਸ਼ਮੀਨੇ ਦੀ ਕੀਮਤੀ ਚਾਨਣੀ ਹੇਠ ਉਸਦਾ ਉਤਾਰਾ ਕੀਤਾ ਗਿਆ। ਅਤਿਥੀ ਸਤਕਾਰ ਵਜੋਂ ਓਹ ਸਾਰੀਆਂ ਅਮੋਲਕ ਚੀਜ਼ਾਂ ਉਸ ਨੂੰ ਦਿਖਾਈਆਂ ਜਿਸਨੂੰ ਦੇਖ ਕੇ ਓਹ ਧਿਰ ਨਾ ਰਹਿ ਸਕਿਆ। ਮਨ ਵਿਚ ਸੋਚਣ ਲਗਾ, ਇਹ ਸਾਰੀਆਂ ਚੀਜ਼ਾਂ ਤਾਂ ਮੇਰੇ ਕੋਲ ਹੋਣੀਆ ਚਾਹੀਦੀਆਂ ਹਨ ਫਕੀਰਾਂ ਕੋਲ ਇਨਾ ਦਾ ਕੀ ਕੰਮ, ਹਥੀਂਆਣ ਦੇ ਬਹਾਨੇ ਸੋਚਣ ਲਗਾ।

ਜਦੋਂ ਭੀਮ ਚੰਦ ਦੇ ਬੇਟੇ ਦੀ ਸਗਾਈ ਫ਼ਤਹਿ ਸ਼ਾਹ ਗੜਵਾਲੀਏ ਨਾਲ ਤਹਿ ਹੋਈ ਤਾਂ ਰਾਜਾ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਇਸ ਖੁਸ਼ੀ ਦੇ ਮੋਕੇ ਗੁਰੂ ਸਾਹਿਬ ਕੋਲੋਂ ਚਾਂਦਨੀ ਤੇ ਪ੍ਰਸ਼ਾਦੀ ਹਾਥੀ ਓਧਾਰ ਮੰਗਣ ਲਈ ਭੇਜ ਦਿਤਾ। ਗੁਰੂ ਸਾਹਿਬ ਭੀਮ ਚੰਦ ਦੀ ਨੀਅਤ ਨੂੰ ਜਾਣ ਗਏ ਸੀ, ਓਹਨਾ ਨਾਂਹ ਕਰ ਦਿਤੀ ਇਹ ਕਹਿਕੇ ਕਿ ਇਹ ਮੇਰੀਆਂ ਸੰਗਤਾਂ ਵਲੋ ਪਿਆਰ ਭੇਟਾ ਹੈ, ਇਸ ਨੂੰ ਮੈਂ ਕਿਸੀ ਹੋਰ ਨੂੰ ਨਹੀਂ ਦੇ ਸਕਦਾ। ਭੀਮ ਚੰਦ ਨੇ ਹੋਰ ਰਾਜਿਆਂ ਨਾਲ ਸਲਾਹ ਕਰਕੇ ਇਕ ਚਿਠੀ ਗੁਰੂ ਸਾਹਿਬ ਨੂੰ ਭੇਜੀ ” ਜਾਂ ਤਾਂ ਤੁਸੀਂ ਇਹ ਚੀਜ਼ਾਂ ਭੇਜਕੇ ਸਾਡੀ ਅਧੀਨਤਾ ਕਬੂਲ ਕਰ ਲਵੋ ਜਾਂ ਆਨੰਦਪੁਰ ਸਾਹਿਬ ਖਾਲੀ ਕਰ ਦਿਉ, ਅਗਰ ਦੋਨੋ ਵਿਚੋਂ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਹੈ ਤਾਂ ਯੁਧ ਕਰਨੇ ਵਾਸਤੇ ਤਿਆਰ ਹੋ ਜਾਉ।

 

Print Friendly, PDF & Email

Nirmal Anand