ਸਿੱਖ ਇਤਿਹਾਸ

ਸੁਖਮਨੀ ਸਾਹਿਬ ਵਿੱਚ ਸੁਖ ਦਾ ਸੰਕਲਪ  

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ (1563-1606)

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ  ਜਿਥੇ ਗੁਰੂ ਗ੍ਰੰਥ ਸਾਹਿਬ ਦੇ 30 ਰਾਗਾਂ ਵਿੱਚ ਸਭ ਤੋਂ ਵਧੀਕ ਬਾਣੀ ਦੀ ਰਚਨਾ ਕੀਤੀ, ਉੱਥੇ ਹੀ ਇੱਕ ਸੁਯੋਗ ਸੰਪਾਦਕ ਦੀ ਹੈਸੀਅਤ ਵਿੱਚ ਇਸ ਮਹਾਨ ਗ੍ਰੰਥ ਦਾ ਸੰਪਾਦਨ ਵੀ ਕੀਤਾ। ਉਨ੍ਹਾਂ ਦੀਆਂ ਬਾਣੀਆਂ ਵਿੱਚ ਸੁਖਮਨੀ, ਬਾਵਨ ਅੱਖਰੀ, ਬਾਰਾਮਾਹ ਮਾਝ ਤੇ ਵੱਖ-ਵੱਖ ਰਾਗਾਂ ਵਿੱਚ ਰਚੀਆਂ ਛੇ ਵਾਰਾਂ ਆਦਿ ਪ੍ਰਮੁੱਖ ਹਨ।

 

ਸੁਖਮਨੀ ਸਾਹਿਬ ਜੀ ਦੀ ਰਚਨਾ ਗੁਰੂ ਅਰਜਨ ਪਾਤਸ਼ਾਹ ਜੀ ਦੀ ਸਿਖ ਜਗਤ ਤੇ ਸੰਸਾਰ ਨੂੰ ਮਹਾਨ ਦੇਣ ਹੈ l ਸੁਖਮਨੀ ਸਾਹਿਬ ਸਿੱਖ ਧਰਮ ਦੀਆਂ ਬਾਣੀਆਂ ਵਿੱਚੋਂ ਇੱਕ ਪ੍ਰਧਾਨ ਤੇ ਸਭ ਤੋਂ ਲੰਬੀ ਬਾਣੀ ਹੈ,ਜੋ  ਗੁਰੂ ਗ੍ਰੰਥ ਸਾਹਿਬ ਦੇ ਪੰਨਾ 262 ਤੋਂ 296 ਉੱਤੇ ਸੁਭਾਇਮਾਨ ਹੈl ਇਸ ਦੀ ਰਚਨਾ ਗਉੜੀ ਰਾਗ ਵਿੱਚ ਕੀਤੀ ਗਈ ਹੈ ਜੋ ਸਰਦੀਆਂ ਦੀ ਰੁੱਤ ਵਿੱਚ ਪ੍ਰਭਾਤ ਸਮੇਂ ਗਾਇਆ ਜਾਣ ਵਾਲਾ ਰਾਗ ਹੈl ਹਾਲਾਂਕਿ ਸਿੱਖ ਧਰਮ ਵਿੱਚ ਇਸ ਬਾਣੀ ਦੇ ਉਚਾਰਨ ਲਈ ਕੋਈ ਵਿਸ਼ੇਸ਼ ਸਮਾਂ ਨਿਰਧਾਰਤ  ਨਹੀਂ ਕੀਤਾ, ਪਰ  ਇਹ ਮਾਨਤਾ ਹੈ ਕਿ ਪ੍ਰਭਾਤ ਦੇ ਪਹਿਲੇ ਪਹਿਰ ਵਿੱਚ ਇਸ ਬਾਣੀ ਦਾ ਉਚਾਰਨ ਕਰਨ ਨਾਲ ਵਿਅਕਤੀ ਦੇ ਮਨ ਵਿੱਚ ਸ਼ਾਂਤੀ ਦੇ ਭਾਵ ਉਜਾਗਰ ਕਰਦਾ ਹੈl

 ਇਸ ਬਾਣੀ ਦੀ ਵਿਉਂਤਬੰਦੀ 24 ਅਸ਼ਟਪਦੀਆਂ ਵਿੱਚ ਹੈ। ਹਰੇਕ ਅਸ਼ਟਪਦੀ ਵਿੱਚ ਅੱਠ ਪਉੜੀਆਂ ਹਨ ਤੇ ਹਰ ਪਉੜੀ ਵਿੱਚ 10 ਪੰਕਤੀਆਂ ਹਨ। ਪਹਿਲੀ ਅਸ਼ਟਪਦੀ ਦੀ ਪਹਿਲੀ ਪਉੜੀ ਵਿੱਚ ਰਹਾਉ ਦੀਆਂ ਦੋ ਪੰਕਤੀਆਂ ਵਧੇਰੇ ਹਨ। ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸਲੋਕ ਅੰਕਿਤ ਹੈ, ਜੋ ਉਸ ਅਸ਼ਟਪਦੀ ਦੇ ਕੇਂਦਰੀ ਭਾਵ ਨੂੰ ਪ੍ਰਸਤੁਤ ਕਰਦਾ ਹੈ। ਇਸ ਪ੍ਰਕਾਰ ਸਲੋਕਾਂ ਦੀ ਗਿਣਤੀ ਵੀ 24 ਹੈl ਗੁਰਮਤਿ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਦੀ ਇਹ ਬਾਣੀ ਰਾਮਸਰ ਦੇ ਸਥਾਨ ਉੱਤੇ ਬੈਠ ਕੇ ਅੰਦਾਜ਼ਨ 1601-02 ਵਿੱਚ ਮੁਕੰਮਲ ਕੀਤੀ ਸੀ । ਕਿਹਾ ਜਾਂਦਾ ਹੈ ਇਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸਾਹਿਬ ਦੇ ਵਡੇ ਫਰਜੰਦ ਆਏ  ਸੀ, ਹਾਲ ਚਾਲ ਪੁਛਣ ਤੋਂ ਬਾਅਦ ਜਦ ਪੁਛਿਆ,” ਕੀ ਲਿਖ ਰਹੇ ਹੋl  ਗੁਰੂ ਸਾਹਿਬ  ਸੁਖਮਨੀ ਸਾਹਿਬ ਦੀਆਂ 15 ਅਸ਼ਟਪਦੀਆਂ ਲਿਖ ਚੁਕੇ ਸੀl ਉਨ੍ਹਾ ਨੂੰ ਇਜ਼ਤ ਦੇਣ ਲਈ ਆਪਣੀ  ਲਿਖਤ ਉਨ੍ਹਾ ਦੇ ਅਗੇ ਕਰ ਦਿਤੀ ਤੇ ਕਿਹਾ, ” ਕਿ ਅਗੋ ਤੁਸੀਂ ਇਸ ਨੂੰ ਪੂਰਾ ਕਰੋl  l  ਬਾਬਾ ਸ੍ਰੀ ਚੰਦ ਨੇ ਇਥੇ ਗੁਰੂ ਨਾਨਕ ਸਾਹਿਬ ਦੀ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚੋਂ ਤੁਕ  ਪੜ੍ਹ ਦਿਤੀ” ਆਦਿ ਸਚ ਜੁਗਾਦਿ ਸਚ ਹੈਭੀ ਸਚ ਨਾਨਕ ਹੋਸੀ ਭੀ ਸਚ” ਤੇ ਲਿਖਤ ਵਾਪਸ ਕਰ ਦਿਤੀ ਇਹ ਕਹਿਕੇ ਕਿ ਤੁਸੀਂ ਲਿਖੋ ਮੇਰੇ ਵਿਚ ਇਨੀ ਕਾਬਲੀਅਤ ਨਹੀਂ ਹੈl ਗੁਰੂ ਅਰਜਨ ਦੇਵ ਵਿਚ ਵੀ ਹਲੀਮੀ ਦੀ ਇੰਤਹਾ ਸੀl ਉਨ੍ਹਾ ਨੇ ਉਨ੍ਹਾ ਦਾ ਬੋਲਿਆ ਮੋੜਿਆ ਨਹੀਂ , ਉਨ੍ਹਾ ਤੁਕਾਂ ਨੂੰ ਸੋਲਵੀ ਅਸ਼ਟਪਦੀ ਦੇ ਸਲੋਕ ਦੀ ਥਾਂ ਤੇ ਦਰਜ਼ ਕਰ ਦਿਤਾ “ਤੇ ਬਾਕੀ ਬਾਣੀ ਉਨ੍ਹਾ ਨੇ ਖੁਦ ਪੂਰੀ ਕੀਤੀl

‘ਸੁਖਮਨੀ’ ਮਨ ਦੀ ਸਹਿਜ ਅਵਸਥਾ ਦਾ ਨਾਮ ਹੈ, ਜੋ ਰਜੋ, ਤਮੋ ਤੇ ਸਤੋ ਤੋਂ ਪ੍ਰਾਪਤ ਸੁੱਖਾਂ ਤੋਂ ਉਚੇਰੀ ਅਵਸਥਾ ਹੈ। ਸੁਖਮਨੀ ਸਾਹਿਬ ਦੀ  ਬਾਣੀ ਦੀ ਇਹ ਵੀ ਵਿਲੱਖਣਤਾ ਹੈ ਕਿ ਇਸ ਵਿੱਚ ਮਨੁੱਖੀ ਜੀਵਨ ਦਾ ਨਾਸ਼ ਕਰਨ ਵਾਲੇ ਹਰ ਪਹਿਲੂ ਦੀ ਨਿਸ਼ਾਨਦੇਹੀ ਕਰਦਿਆਂ ਉਸ ਤੋਂ ਸਾਵਧਾਨ ਤੇ ਸੁਚੇਤ ਰਹਿਣ ਦੀ ਪ੍ਰੇਰਨਾ ਦੇ ਕੇ ਉਸ ਦਾ ਸੌਖਾ, ਸੰਭਵ ਤੇ ਭਰੋਸੇਯੋਗ ਹੱਲ ਵੀ ਸੁਝਾਇਆ ਗਿਆ ਹੈ। ਸੁਖਮਨੀ ਦੀ ਰਚਨਾ ਸ਼ਾਂਤ ਰਸ ਵਿੱਚ ਹੋਈ ਹੈ ਤੇ ਇਸ ਵਿੱਚ ਸੁੱਖ ਦੇ ਮਾਰਗ ਬਾਰੇ ਵਿਸਥਾਰ ਵਿਚ  ਜ਼ਿਕਰ ਕੀਤਾ ਗਿਆ ਹੈ।ਵਖ ਵਖ ਵਿਦਵਾਨ ਇਸਦੇ ਵਖ ਵਖ ਅਰਥ ਕਰਦੇ ਹਨ ਪਰ ਸਭ ਦਾ ਨਿਚੋੜ ਇਕ ਹੀ ਹੈll ਭਾਈ ਵੀਰ ਸਿੰਘ ਜੀ ਨੇ ਇਸ ਬਾਣੀ ਨੂੰ ਸੁਖ+ਮਨ+ਈ ਆਖਿਆ ਹੈ ਜਿਸਦਾ ਮਤਲਬ ਮਨ ਨੂੰ ਸੁਖ ਦੇਣ ਵਾਲੀ, ਪ੍ਰੋ. ਸਾਹਿਬ ਸਿੰਘ ਨੇ ਇਸ ਰਚਨਾ ਨੂੰ ਸੁਖਾਂ ਦੀ ਮਣੀ ਭਾਵ ਸਭ ਤੋ ਉਤਮ ਸੁਖ, ਮੈਕਾਲਿਫ਼ ਨੇ ਸੁਖਮਨੀ ਸਾਹਿਬ ਦਾ ਅਰਥ  ਮਨ ਦੀ ਸ਼ਾਤੀl ਭਾਈ ਕਾਨ੍ਹ ਸਿੰਘ ਨਾਭਾ ਨੇ ਸੁਖਮਨੀ ਦੇ ਅਰਥ ‘ਮਨ ਨੂੰ ਆਨੰਦ ਦੇਣ ਵਾਲੀ ਬਾਣੀ’ ਕੀਤੇ ਹਨ l  ਗੁਰੂ ਸਾਹਿਬ ਖੁਦ ਹੀ ਸੁਖਮਨੀ ਸਾਹਿਬ ਦੇ ਭਾਵ ਦਾ ਸਪਸ਼ਟੀਕਰਨ ਕਰਦੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੀ ਦੂਜੀ ਪਉੜੀ ਵਿਚ ਫੁਰਮਾਂਦੇ ਹਨ ” ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਮਤਲਬ  ਹਰਿ ਦਾ ਨਾਮ ਦਾ ਸੁਖ ਇਸ ਬਾਣੀ ਦੇ ਅੰਦਰ ਹੈl

ਇਹ ਗੁਰਬਾਣੀ, ਜਾਂ ਕੋਈ ਵੀ ਬਾਣੀ ਜੋ ਸਿਖ ਧਰਮ ਦੇ ਗੁਰੂ ਸਾਹਿਬਾਨਾਂ ਨੇ ਉਚਾਰੀ ਹੈ , ਸਰੀਰਕ ਰੋਗਾਂ ਜਾਂ ਦੁਨਿਆਵੀ ਸੁਖਾਂ ਦੀ ਗੱਲ ਨਹੀਂ ਕੀਤੀ  ਬਲਕਿ  ਆਤਮਿਕ ਰੋਗਾਂ ਨੂੰ ਨਾਸ ਕਰਕੇ ਆਤਮਿਕ ਸੁਖਾਂ ਨੂੰ ਹਾਸਲ ਕਰਨ ਦੀ  ਜਾਚ ਦੱਸਦੀ  ਹੈ। ਸਰੀਰਕ ਰੋਗਾਂ ਦੇ ਇਲਾਜ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨ ਤਾਰਨ ਵਿਖੇ ਕੋਹੜੀ ਘਰ ਬਣਾਇਆ, ਗੁਰੂ ਹਰਿ ਰਾਏ ਸਾਹਿਬ ਜੀ ਨੇ ਕੀਰਤਪੁਰ ਦਵਾਖਾਨਾ ਬਣਾਇਆ । ਸਰੀਰ ਦੇ ਰੋਗਾਂ ਲਈ ਹਸਪਤਾਲ ਹਨ, ਪਰ  ਆਤਮਿਕ ਰੋਗਾਂ ਦਾ ਇਲਾਜ ਲਈ ਅਮ੍ਰਿਤ ਵੇਲੇ ਸੁਚੇ ਸਚੇ ਤੇ ਸ਼ੁਧ ਹਿਰਦੇ ਨਾਲ ਉਸ ਪ੍ਰਮਾਤਮਾ ਦੀ  ਅਰਾਧਨਾ,  ਸਿਮਰਨ ਤੇ ਉਸਦੀ ਸਿਫਤ ਸਲਾਹ ਕਰਨਾ , ਉਸ ਨੂੰ  ਤਨੋ-ਮਨੋ ਪ੍ਰੇਮ ਕਰਨਾ, ਉਸਦੇ ਹੁਕਮ ਅੰਦਰ  ਉਸਦੀ ਰਜ਼ਾ ਵਿਚ ਰਹਿਣਾ ਹੀ  ਗੁਰ-ਉਪਦੇਸ਼ ਹੈl  ਸੁਖਮਨੀ ਭਾਵੇਂ ਅਧਿਆਤਮਕ ਰਚਨਾ ਹੈ ਪਰ ਇਸ ਦੇ ਬਾਵਜੂਦ ਇਸ ਵਿੱਚ ਬ੍ਰਹਮ, ਜਗਤ, ਜੀਵ ਆਤਮਾ, ਮੁਕਤੀ , ਆਵਾਗਮਨ ਆਦਿ ਵਿਸ਼ਿਆਂ ਨੂੰ ਵੀ ਨਿਰੂਪਣ ਕੀਤਾ ਹੈ। “

ਸੁਖਮਨੀ ਸੁਖ ਅੰਮ੍ਰਿਤ ਪ੍ਰਭੁ ਨਾਮੁ।।
ਭਗਤ ਜਨਾ ਕੈ ਮਨਿ ਬਿਸ੍ਰਾਮ।। ਰਹਾਉ।।

ਸੁਖਮਨੀ ਸਾਹਿਬ ਵਿਚ ਪ੍ਰਭੂ ਦਾ ਨਾਮ ਨੂੰ  ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਦਸਿਆ ਹੈ  ਜੋ ਭਗਤਾਂ, ਸੰਤਾਂ ਤੇ ਬ੍ਰਹਮ ਗਿਆਨੀਆਂ ਦੇ ਹਿਰਦੇ ਵਿੱਚ ਵਸਦਾ ਹੈ।  ਨਾਮ ਦਾ ਸਿਮਰਨ ਇਨਸਾਨ ਦੇ ਜੀਵਨ ਦਾ  ਸਭ ਤੋ ਉਤਮ ਕਰਮ ਹੈ ਜਿਸ ਨਾਲ ਸਾਰੇ ਡਰ, ਭਉ ,ਦੁਖ ,ਕਲੇਸ਼ ਮਿਟ ਜਾਂਦੇ ਹਨI ਰਿਧੀਆ ,ਸਿਧੀਆਂ ,  ਮਨ ਦੀਆਂ ਸਮੁੱਚੀਆਂ ਸ਼ਕਤੀਆਂ ਨੂੰ ਇਕਾਗਰ ਕਰਨ ਦੀ ਜਾਚ ਆ ਜਾਂਦੀ ਹੈ। ਤ੍ਰਿਸ਼ਨਾਵਾਂ ਬੁਝ ਜਾਂਦੀਆਂ ਹਨ , ਮਨ ਪਰਉਪਕਾਰੀ  ਹੋ ਜਾਂਦਾ ਹੈ,ਮਨ ਦੀ ਮੈਲ ਦੂਰ ਹੋ ਜਾਂਦੀ ਹੈ , ਚੇਹਰੇ ਤੇ ਰਬੀ ਨੂਰ ਤੇ ਹਿਰਦੇ ਵਿਚ ਅਮ੍ਰਿਤ ਵਰਗੀ ਮਿਠਾਸ ਆ ਜਾਂਦੀ , ਜਮਾਂ ਦਾ ਡਰ ਖਤਮ ਹੋ ਜਾਂਦਾ ਹੈ l ਰਬ ਦੇ ਨੇੜੇ ਹੋ ਜਾਂਦੇ  ਹਨ ਤੇ ਉਸਦੀ ਦਰਗਾਹ ਵਿਚ ਵੀ ਮਾਨ ਪ੍ਰਾਪਤ ਹੁੰਦਾ ਹੈl ਪਰ ਇਹ ਅਕਾਲ ਪੁਰਖ ਦੀ ਕਿਰਪਾ ਤੇ ਸਾਧੂ  ਸੰਤਾ ਦਾ ਸੰਗ ਕਰਨ ਨਾਲ ਹੁੰਦਾ ਹੈl  ਸੰਸਾਰ ਵਿੱਚ ਵਿਚਰਦੇ ਮਨੁੱਖਾਂ ਦੀਆਂ ਬਹੁਤ ਸਾਰੀਆਂ ਇੱਛਾਵਾਂ ਹੁੰਦੀਆਂ ਹਨ, ਸਰੀਰਕ, ਪਦਾਰਥਕ, ਭੌਤਿਕ, ਮਾਨਸਿਕ ਤੇ ਬੌਧਿਕ ਪਰ ਸੁਖਮਨੀ ਵਿੱਚ ਜਿਸ ਆਨੰਦ ਦਾ ਵਰਣਨ ਹੈ, ਉਹ ਇਨ੍ਹਾਂ ਅਸਥਾਈ ਇੱਛਾਵਾਂ ਦੀ ਪੂਰਤੀ ਦਾ ਫ਼ਲ ਨਹੀਂ ਬਲਿਕ ਅਧਿਆਤਮਕ ਸੁੱਖ ਜੋ ਸਦਾ ਰਹਿਣ ਵਾਲਾ ਹੈ ਦਾ ਵਰਣਨ ਹੈl

 ਸੁਖਮਨੀ ਸਾਹਿਬ ਵਿਚ ਸਾਧੂ, ਭਗਤਾਂ,ਪੰਡਿਤ ਗਿਆਨੀਆਂ  ਦੀ ਪਰਿਭਾਸ਼ਾ ਦਿਤੀ ਹੈ ਕਿ ਅਸਲੀ, ਸਾਧੂ, ਬ੍ਰਹਮਗਿਆਨੀ, ਧਿਆਨੀ ,ਪੰਡਿਤਾ, ਰਾਮਦਾਸ ,ਅਪ੍ਪ੍ਰ੍ਸ ਦੀ ਪਰਿਭਾਸ਼ਾ ਕਿ ਹੋਣੀ ਚਾਹੀਦੀ ਦਾ ਵਰਣਨ ਕੀਤਾ ਹੈl  ਉਨ੍ਹਾ ਵਿਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨl ਦਸਿਆ ਹੈ ਉਨ੍ਹਾ ਦੀ  ਹੀ ਸੰਗਤ ਕਰਨ ਨਾਲ ਇਕ ਆਮ ਇਨਸਾਨ ਤੋਂ ਬ੍ਰਹਮ ਗਿਆਨੀ ਹੋ ਜਾਂਦਾਂ ਹੈl ਉਹ ਆਪ ਵੀ ਭਵਸਾਗਰ ਤੋ ਪਾਰ ਹੋ  ਜਾਂਦਾ ,ਹੈ ਤੇ ਆਪਣੇ ਨਾਲ ਹੋਰਾਂ ਨੂੰ  ਵੀ ਤਾਰ ਦਿੰਦਾ  ਹੈl ਅਸਲੀ  ਸੰਤਾ ਸਾਧੂਆਂ ਦੀ ਨਿੰਦਾ ਕਰਨ ਵਾਲਿਆਂ ਨੂੰ  ਫਿਟਕਾਰ ਪਾਈ ਹੈl ਨਿੰਦਾ ਕਰਨ ਵਾਲਿਆਂ  ਦੀ ਮਤ ਮਲੀਨ ਜੋ ਜਾਂਦੀ ,ਸਾਰੇ ਸੁਖ ਚਲੇ ਜਾਂਦੇ. ਉਹ ਇਨਸਾਨ ਹਰ ਪਾਸਿਆਂ ਦੁਖਾਂ ਨਾਲ ਘਿਰ ਜਾਂਦਾ ਹੈl ਨਾ ਇਸ ਸੰਸਾਰ ਵਿਚ ਨਾ ਮਰਨ ਤੋ ਬਾਅਦ ਪ੍ਰਮਾਤਮਾ ਦੀ ਦਰਗਾਹ  ਉਨ੍ਹਾ ਨੂੰ  ਢੋਈ ਮਿਲਦੀ  ਹੈ ਤੇ ਉਹ ਜੂਨਾਂ ਵਿਚ  ਭਟਕਦੇ ਰਹਿੰਦੇ ਹਨl

ਪ੍ਰਮਾਤਮਾ ਦੀ ਹਸਤੀ ਦੀ ਵਿਆਖਿਆ ਕੀਤੀ ਹੈ l ਪ੍ਰਮਾਤਮਾ ਨੇ ਆਪਣਾ ਨਿਰਗੁਨ ਰੂਪ ਆਪ ਹੀ ਸਰਬ ਵਿਆਪਕ ਹੋਕੇ ਸਰਗੁਨ ਰੂਪ ਬਣਾਇਆ ਹੈl  ਸ਼੍ਰਿਸ਼ਟੀ ਦੀ  ਰਚਨਾ ਤੋ ਪਹਿਲਾਂ ਨਾ ਜੀਵ ਸੀ , ਨਾ ਮਾਇਆ ਸੀ , ਨਾ ਕਰਮਾਂ ਦੀ ਖੇਡ ਸੀl ਉਸਦੀ ਸਰਗੁਨ ਸ਼ਕਤੀ ਸਦਕਾ ਹੀ ਜਗਤ ਰਚਨਾ ਹੋਂਦ ਵਿਚ ਆਈ ਹੈ ਤੇ ਸਾਰਾ ਸਿਲਸਿਲਾ ਸ਼ੁਰੂ ਹੋਇਆ ਹੈl  ਪੇੜ, ਪੋਦੇ, ਮਨੁਖ, ਜਾਨਵਰ ,ਕੀੜੇ,ਮਕੋੜੇ, ਪਹਾੜ , ਦਰਿਆ ,ਨਦੀਆਂ, ਨਾਲੇ, ਧਰਤੀ ਅਸਮਾਨ, ਹਵਾ ,ਪਾਣੀ l ਉਹ ਸਭ ਦੇ ਦਿਲਾਂ ਵਿਚ ਵਸਦਾ ਹੈ ਦੁਨੀਆਂ ਦੀ ਸਾਰੀ ਹਲ-ਚਲ ਉਸਦੀ ਖੇਡ ਹੈ l ਸਰਬ-ਵਿਆਪਕ ਵਹਿਗੁਰ ਆਪਣੇ ਸਾਰੇ ਕੰਮਾਂ ਤੋਂ ਜਾਣੂ  ਹੈ ਅੰਤਰਜਾਮੀ ਹੈ , ਸਭ ਦਾ ਰਚਨਹਾਰ, ਪਾਲਣਹਾਰ ਤੇ ਰਖਵਾਲਾ ਹੈl  ’

 ਸੁਖਮਨੀ ਦੀਆਂ ਅੰਤਿਮ ਅਸ਼ਟਪਦੀਆਂ ਵਿਚ ਨਾਮ ਸਿਮਰਨ ਦਾ  ਮਹਾਤਮ ਤੇ ਸਿੱਟਾ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਪਉੜੀਆਂ ਵਿੱਚ ਦੱਸਿਆ ਗਿਆ ਹੈ ਕਿ ਪ੍ਰਭੂ ਆਪਣੇਂ ਆਪ ਵਿਚ ਪੂਰਾ , ਸਰਬ-ਕਲਾ ਸੰਪਨ ਹੈl ਉਹੀ ਸਭ ਸੁਖਾਂ ਤੇ ਪਰਮ ਆਨੰਦ ਦੀ ਪ੍ਰਾਪਤੀ ਦਾ ਸਾਧਨ ਹੈl  ਉਸ ਦਾ ਨਾਮ ਸਿਮਰਨ ਕਰੋ , ਸਾਧ ਸੰਗਤ ਵਿਚ ਜਾਕੇ ਉਸਦੇ ਗੁਣਾ ਦਾ ਗਾਇਨ, ਉਸਦੀ ਸਿਫਤ ਸਲਾਹ ਕਰੋ ਤੇ ਸੁਣੋ ,l  ਜਦੋਂ ਮਨੁੱਖ ਨੂੰ ਗਿਆਨ ਹੋ ਜਾਂਦਾ ਹੈ , ਅੰਤਰ ਧਿਆਨ ਹੋ ਜਾਂਦਾ ਹੈ  ਹੈ ਤਾਂ ਉਸ ਦੇ ਮਨ ਵਿੱਚ ਚਾਨਣ ਹੋ ਜਾਂਦਾ ਹੈ ਕਿ ਪ੍ਰਭੂ ਸਰਬ-ਵਿਆਪਕ ਹੈ ਤੇ ਸਭ ਤੋ ਉਚਾ ਹੈ । ਇਸੇ ਲਈ ਉਸ ਦੇ ਨਾਮ ਨੂੰ ਸੁੱਖਾਂ ਦੀ ਮਣੀ ਜਾਂ ‘ਸੁਖਮਨੀ’ ਕਿਹਾ ਗਿਆ ਹੈ,
ਸਭ ਤੇ ਊਚ ਤਾ ਕੀ ਸੋਭਾ ਬਨੀ।।
ਨਾਨਕ ਇਹ ਗੁਣਿ ਨਾਮੁ ਸੁਖਮਨੀ।। (ਪੰਨਾ 296)

ਇਸ ਰਚਨਾ ਵਿੱਚ ਗੁਰੂ ਅਰਜਨ ਦੇਵ ਜੀ ਨੇ ਮਨ ਨੂੰ ਗਿਆਨ ਤੇ ਕਰਮ ਇੰਦਰੀਆਂ ਦੇ ਪ੍ਰਭਾਵ ਤੋਂ ਬਚਾਉਣ ਲਈ ਇਸ ਨੂੰ ਸਿਮਰਨ, ਸਾਧ ਸੰਗਤ, ਸੇਵਾ ਤੇ ਗੁਰੂ ਦਾ ਹੁਕਮ ਮੰਨਣ ਆਦਿ ਦਾ ਆਦੇਸ਼ ਦਿੱਤਾ ਹੈ। ਸੁਖਮਨੀ ਵਿੱਚ ਮਿਲਦਾ ਸੁੱਖ ਭੌਤਿਕ ਲੱਛਣਾਂ ਦਾ ਧਾਰਨੀ ਨਹੀਂ ਹੈ, ਸਗੋਂ ਇਹ ਉਸ ਅਧਿਆਤਮਕ ਅਵਸਥਾ ਦਾ ਨਾਮ ਹੈ, ਜੋ ਸਦਾ ਸਥਿਰ ਰਹਿੰਦੀ ਹੈ। ਅੱਜ ਦੇ ਅਖੌਤੀ ਧਰਮਾਂ ਦੀ ਚਕਾਚੌਂਧ ਵਿੱਚ ਗੁਆਚੇ, ਪੀੜਤ ਤੇ ਦੁਖੀ ਮਨੁੱਖ ਲਈ ਸੁਖਮਨੀ ਹੀ ਸਹਿਜ ਅਵਸਥਾ ਵਜੋਂ ਇੱਕ ਅਮੋਲਕ ਖ਼ਜ਼ਾਨਾ ਹੈ। ਇਹ ਬਾਣੀ ਸਿਰਫ਼ ਸਿੱਖ ਜਗਤ ਵਿੱਚ ਹੀ ਨਹੀਂ, ਸਗੋਂ ਸਾਰੇ ਉੱਤਰੀ ਭਾਰਤ ਵਿੱਚ ਪਿਛਲੇ ਚਾਰ ਸੌ ਸਾਲਾਂ ਤੋਂ ਤਪਦੇ ਮਨਾਂ ਨੂੰ ਠਾਰਦੀ ਆਈ ਹੈ।

         ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »