ਸਿੱਖ ਇਤਿਹਾਸ

ਸਿੱਖ ਸੁਧਾਰਕ ਲਹਿਰਾਂ -ਅਕਾਲੀ ਲਹਿਰ

ਅਕਾਲੀ ਲਹਿਰ 

ਅਕਾਲੀ ਲਹਿਰ ਜਾਂ ਗੁਰਦੁਆਰਾ ਸੁਧਾਰ ਲਹਿਰ  ਸਾਮਰਾਜ ਵਿਰੁੱਧ ਇੱਕ ਵੱਡਾ ਲੋਕ ਉਭਾਰ ਸੀ।  ਇਹ ਸੰਨ 1920 ਦੇ ਪਹਿਲੇ ਅੱਧ ਦੌਰਾਨ ਅੰਗਰੇਜ਼-ਪ੍ਰਸਤ ਮਹੰਤਾਂ ਤੋਂ ਗੁਰਦੁਆਰੇ ਸੁਤੰਤਰ ਕਰਾਉਣ ਲਈ ਚੱਲੀ ਲਹਿਰ ਸੀ ਜਿਸਦੇ ਨਤੀਜੇ ਵਜੋਂ 1925 ਵਿੱਚ ਗੁਰਦੁਆਰਾ ਕਨੂੰਨ ਪਾਸ ਹੋਇਆ ਅਤੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਸੌਂਪ ਦਿੱਤਾ ਗਿਆ। ਇਸ ਲਹਿਰ ਨੇ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਨੂੰ ਵੀ ਵੱਡਾ ਹੁਲਾਰਾ ਦਿੱਤਾ। ਚਾਬੀਆਂ ਦੇ ਮੋਰਚੇ ਦੀ ਜਿੱਤ ਨੂੰ ਮਹਾਤਮਾ ਗਾਂਧੀ ਨੇ ‘‘ਆਜ਼ਾਦੀ ਦੀ ਅੱਧੀ ਜਿੱਤ’’ ਕਿਹਾ ਸੀ।

ਬੱਬਰ ਅਕਾਲੀ ਲਹਿਰ

ਜਰਮਨ ਦੀ ਜੰਗ ਵਿੱਚ ਕਈ ਸਿੱਖਾਂ ਨੇ ਬ੍ਰਿਟਿਸ਼ ਸਰਕਾਰ ਵੱਲੋਂ ਆਪਣੀਆਂ ਜਾਨਾਂ ਵਾਰੀਆਂl ਪਰ ਜਦ ਵਕਤ ਆਇਆ ਤਾਂ ਅੰਗਰੇਜ਼ਾਂ ਤੋਂ ਸਿੱਖਾਂ ਨੂੰ ਆਪਣੇ ਹੱਕ ਨਹੀਂ ਮਿਲੇ l ਜਰਮਨ ਦੀ ਜੰਗ ਮਗਰੋਂ ਹਿੰਦੁਸਤਾਨ ਵੀ ਸੁਤੰਤਰ ਦੇਸ਼ਾਂ ਨਾਲ ਮਿਲਕੇ ਆਪਣੀ ਅਜ਼ਾਦੀ ਦੇ ਸਪਨੇ ਦੇਖਣ ਲੱਗ ਪਿਆ l 1920 ਵਿੱਚ ਅਕਾਲੀ ਅਖਬਾਰ ਲ਼ਹੋਰ ਤੋਂ ਨਿਕਲੀ ਜਿਸ ਦੇ ਪ੍ਰਚਾਰ ਨੇ ਲੋਕਾਂ ਵਿੱਚ ਅਜ਼ਾਦੀ ਦਾ ਜੋਸ਼ ਭਰ ਦਿੱਤਾ ,ਹੋਸਲੇ ਵੱਧ ਗਏ, ਜਿਸਨੇ ਅਕਾਲੀ ਲਹਿਰ ਨੂੰ ਜਨਮ ਦਿੱਤਾ l

ਬੱਬਰ ਅਕਾਲੀ ਲਹਿਰ 1921 ਵਿੱਚ ਅਹਿੰਸਾ ਦੀ ਪੈਰੋਕਾਰ ਮੁੱਖ ਧਾਰਾ ਅਕਾਲੀ ਲਹਿਰ ਤੋਂ ਟੁੱਟ ਕੇ ਬਣਿਆ l ਬੱਬਰ ਅਕਾਲੀ ਦਲ “ਖਾੜਕੂ” ਸਿੱਖਾਂ ਦੇ ਇੱਕ ਗਰੁੱਪ ਦੀਆਂ ਸਰਗਰਮੀਆਂ ਦਾ ਨਾਮ ਹੈ। ਇਨ੍ਹਾਂ ਬੱਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਰਾਹੀਂ ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਅੰਗਰੇਜ਼ਾਂ ਦੇ ਸੂਹੀਆਂ ਨੂੰ ਸਬਕ ਸਿਖਾਉਣਾ ਸੀ। ਬੱਬਰ ਅਕਾਲੀ ਲਹਿਰ ਗ਼ਦਰ ਪਾਰਟੀ ਤੋਂ ਪ੍ਰਭਾਵਿਤ ਸੀ। 19 ਤੋਂ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਮਾਸਟਰ ਮੋਤਾ ਸਿੰਘ ਪਤਾਰਾ ਅਤੇ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿੱਚ ਇੱਕ ਖੁਫ਼ੀਆ ਮੀਟਿੰਗ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰਾਂ ਨੂੰ ਸੋਧਣ ਦਾ ਫੈਸਲਾ ਲਿਆ ਗਿਆ। ਉਹਨਾਂ ਵਿੱਚੋਂ ਕਈ ਜਣੇ 23 ਮਈ, 1921 ਨੂੰ ਗ੍ਰਿਫਤਾਰ ਕਰ ਲਏ ਗਏ। ਪਰ ਮਾਸਟਰ ਮੋਤਾ ਸਿੰਘ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਰੂਪੋਸ਼ ਹੋ ਗਏ। ਇਸ ਦੌਰਾਨ ਜਥੇਦਾਰ ਕਿਸ਼ਨ ਸਿੰਘ ਨੇ ਚੱਕਰਵਰਤੀ ਜਥਾ ਨਾਮ ਦਾ ਆਪਣਾ ਇੱਕ ਗੁਪਤ ਜਥਾ ਤਿਆਰ ਕੀਤਾ। ਹੁਸ਼ਿਆਰਪੁਰ ਵਿੱਚ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ ਵੀ ਆਪਣਾ ਜਥਾ ਤਿਆਰ ਕੀਤਾ। ਅਗਸਤ, 1922 ਵਿੱਚ ਇਨ੍ਹਾਂ ਦੋਵਾਂ ਜਥਿਆਂ ਨੇ ਮਿਲ ਕੇ ‘ਬੱਬਰ ਅਕਾਲੀ’ ਨਾਂ ਦੀ ਪਾਰਟੀ ਬਣਾਈ ਜਿਸ ਦਾ ਮੁੱਖੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਬਣਾਇਆ ਗਿਆ। ਉਹਨਾਂ ਨੇ ਭਾਰਤ ਦੇ ਬਰਤਾਨਵੀ ਸ਼ੋਸ਼ਣ ਦਾ ਵੇਰਵਾ ਲੋਕਾਂ ਤੱਕ ਲਿਜਾਣ ਲਈ ਇੱਕ ਗੈਰ-ਕਾਨੂੰਨੀ ਅਖ਼ਬਾਰ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਇਹ ਸੰਗਠਨ ਅਪਰੈਲ 1923 ਵਿੱਚ ਬ੍ਰਿਟਿਸ਼ ਸਰਕਾਰ ਨੇ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਸੀ।


28 ਫ਼ਰਵਰੀ, 1925 ਨੂੰ ਬੱਬਰ ਅਕਾਲੀ ਲਹਿਰ ਦੇ ਪੰਜ ਜਰਨੈਲਾਂ ਕਿਸ਼ਨ ਸਿੰਘ ਗੜਗੱਜ, ਸੰਤਾ ਸਿੰਘ ਨਿਧੜਕ ਧਾਮੀਆਂ, ਦਲੀਪ ਸਿੰਘ ਭੁਝੰਗੀ ਧਾਮੀਆਂ, ਨੰਦ ਸਿੰਘ ਘੁੜਿਆਲ ਤੇ ਕਰਮ ਸਿੰਘ ਹਰੀਪੁਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਮਗਰੋਂ ਹਾਈ ਕੋਰਟ ਨੇ ਧਰਮ ਸਿੰਘ ਹਿਆਤਪੁਰ ਰੁੜਕੀ ਨੂੰ ਵੀ ਫਾਂਸੀ ਦੀ ਸਜ਼ਾ ਦਿਤੀ।
ਬੱਬਰ ਅਕਾਲੀਆਂ ਨੇ ਬਹੁਤ ਸਾਰੇ ਸਰਕਾਰੀ ਟਾਊਟ, ਸਰਕਾਰੀ ਸੂਹੀਏ, ਜਗੀਰਦਾਰ ਤੇ ਹੋਰ ਮੁਜਰਿਮ ਕਤਲ ਕੀਤੇ। ਉਹਨਾਂ ਨੇ ਕਈ ਜਗ੍ਹਾ ’ਤੇ ਡਾਕੇ ਮਾਰ ਕੇ ਅਸਲਾ ਤੇ ਦੌਲਤ ਵੀ ਲੁੱਟੀ। 1922 ਤੋਂ 1924 ਤਕ ਬੱਬਰ ਅਕਾਲੀ ਲਹਿਰ ਆਪਣੇ ਸਿਖਰ ’ਤੇ ਸੀ। ਇਸ ਲਹਿਰ ਦੇ ਦੌਰਾਨ ਹੀ ਕਈ ਆਗੂ ਗ੍ਰਿਫ਼ਤਾਰ ਕਰ ਲਏ ਗਏ ਤੇ ਕਈ ਸ਼ਹੀਦ ਹੋਏ। ਧੰਨਾ ਸਿੰਘ ਬਹਿਬਲਪੁਰ ਜਦ ਘਿਰ ਗਿਆ ਤਾਂ ਉਸ ਨੇ ਬੰਬ ਦਾ ਪਿੰਨ ਖਿੱਚ ਕੇ ਕਈ ਗੋਰੇ ਤੇ ਦੇਸੀ ਪੁਲਸੀਏ ਵੀ ਮਾਰ ਦਿੱਤੇ। ਬੱਬਰਾਂ ਦੇ ਕੇਸ ਵਿੱਚ 96 ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਉਹਨਾਂ ’ਤੇ ਮੁਕੱਦਮਾ ਚਲਾਇਆ ਗਿਆ। ਕੇਸ ਦੌਰਾਨ ਬੱਬਰਾਂ ਨੇ ਪੈਰਵੀ ਕਰਨ ਤੋਂ ਨਾਂਹ ਕਰ ਦਿੱਤੀ। ਬਲਕਿ ਕਿਸ਼ਨ ਸਿੰਘ ਗੜਗੱਜ ਨੇ ਤਾਂ ਅਦਾਲਤ ਵਿੱਚ ਬਿਆਨ ਦੇ ਕੇ ਸ਼ਰੇਆਮ ਐਕਸ਼ਨ ਕਰਨਾ ਕਬੂਲ ਕੀਤਾ ਅਤੇ ਕਿਹਾ ਕਿ ਅਸੀਂ ਅੰਗਰੇਜ਼ੀ ਅਦਾਲਤਾਂ ਨੂੰ ਨਹੀਂ ਮੰਨਦੇ ਅਤੇ ਧਰਮ ਵਾਸਤੇ ਜਾਨਾਂ ਦੇਣ ਵਾਸਤੇ ਹਰ ਵੇਲੇ ਤਿਆਰ ਹਾਂ। ਗ੍ਰਿਫ਼ਤਾਰ 96 ਬਬਰਾਂ ਵਿਚੋਂ 5 ਪਹਿਲੋਂ ਹੀ ਬਰੀ ਕਰ ਦਿੱਤੇ ਗਏ, ਸਾਧਾ ਸਿੰਘ ਪੰਡੋਰੀ ਨਿੱਝਰਾਂ ਅਤੇ ਸੁੰਦਰ ਸਿੰਘ ਹਯਾਤਪੁਰ ਮੁਕੱਦਮੇ ਦੌਰਾਨ ਜੇਲ੍ਹ ਵਿੱਚ 13 ਦਸੰਬਰ, 1924 ਚੜ੍ਹਾਈ ਕਰ ਗਏ ਤੇ ਬਾਕੀ 89 ਵਿਚੋਂ 6 ਨੂੰ ਫ਼ਾਂਸੀ ਤੇ 49 ਨੂੰ ਵੱਖ-ਵੱਖ ਮਿਆਦ ਦੀਆਂ ਕੈਦਾ ਦਿਤੀਆਂ ਗਈਆਂ। 34 ਬਬਰਾਂ ’ਤੇ ਕੇਸ ਸਾਬਿਤ ਨਾ ਹੋ ਸਕਿਆ ਤੇ ਉਹ ਛਡਣੇ ਪਏ l

ਵਹਿਗੁਰੂ ਜੀ ਕਾ  ਖਾਲਸਾ ਵਾਹਿਗੁਰੂ ਜੀ ਕੀ  ਫਤਹਿ

Print Friendly, PDF & Email

Nirmal Anand

1 comment

Translate »