ਸਿੱਖ ਇਤਿਹਾਸ

ਸਿੱਖ ਧਰਮ ਵਿੱਚ ਸੇਵਾ ਦਾ ਸੰਕਲਪ

ਸਮਾਜ ਵਿੱਚ ਸੇਵਾ ਇੱਕ ਮਹੱਤਵ ਪੂਰਨ ਕਰਮ ਹੈl ਖਾਸ ਕਰਕੇ ਸਿੱਖ ਧਰਮ ਨਾਲ ਇਸਦਾ ਅਹਿਮ ਰਿਸ਼ਤਾ ਹੈl  ਪੰਜਾਬ ਵਿੱਚ ਦੋ  ਹੀ ਧਰਮ ਸੀ ਇੱਕ ਹਿੰਦੂ ਧਰਮ  ਤੇ ਦੂਸਰਾ ਮੁਸਲਮਾਨ ਧਰਮl  ਹਿੰਦੂ ਧਰਮ ਵਿਚ ਜੋਰ ਸੀ ਤਾਂ ਸਿਰਫ ਬ੍ਰਾਹਮਣ ਵਾਦ ਦਾ , ਜਿਸਨੇ ਸਿਰਫ ਵਰਣ ਵੰਡ ਤੇ ਬਸ ਨਹੀ ਕੀਤੀ 1 ਅਗੋਂ ਜਾਤਾਂ ਦੀ ਵੰਡ ਕਰਕੇ ਹਿੰਦੂ ਸਮਾਜ ਨੂੰ ਟੋਟੇ ਟੋਟੇ ਕਰ ਦਿਤਾ 1 ਹਿੰਦੂ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡ ਦਿੱਤਾ 1. ਬ੍ਰਾਹਮਣ 2. ਖੱਤਰੀ 3 ਵੈਸ਼ ਤੇ 4. ਸ਼ੂਦਰ l ਬ੍ਰਾਹਮਣਾਂ ਦਾ ਕੰਮ ਸੀ ਵੇਦਾਂ ਦਾ ਅਧਿਅਨ , ਧਾਰਮਿਕ ਰਸਮਾਂ ਤੇ ਕਰਮ-ਕਾਂਡਾਂ ਨੂੰ ਕਰਾਉਣਾ , ਯੱਗ ਕਰਾਉਣੇ ਤੇ ਭੇਟਾਂ  ਅਤੇ ਇਨਾਮ ਪ੍ਰਵਾਨ ਕਰਨੇ l ਬ੍ਰਾਹਮਣ ਧਰਤੀ ਤੇ ਰਹਿਣ ਵਾਲੇ ਦੇਵਤਾ ਮੰਨੇ ਜਾਂਦੇ ਸੀ l ਉਨ੍ਹਾਂ ਦੇ ਅਧਿਕਾਰ ਇਤਨੇ ਪਵਿੱਤਰ ਸੀ ਕਿ ਸਮਾਂ ਪਾਕੇ ਉਹ ਦੂਜਿਆਂ ਨੂੰ ਲੁੱਟਣ ,ਆਪਣੇ ਐਸ਼ ਆਰਮ ਦੀ ਜਿੰਦਗੀ ਬਤੀਤ ਕਰਣ ਤੇ ਆਪਣੇ ਆਪ ਨੂੰ ਮਾਲਾ ਮਾਲ ਕਰਣ ਲਈ ਅਜ਼ਾਦ ਹੋ ਗਏl   ਖਤਰੀਆਂ  ਨੂੰ ਆਪਣੇ ਰਾਜ-ਭਾਗ ਤੇ ਆਪਣੀਆਂ ਹੱਦਾਂ ਤੇ ਸਰਹਦਾਂ  ਦੀ  ਰਖਵਾਲੀ ਕਰਣ ਤੋਂ ਫੁਰਸਤ ਨਹੀਂ ਸੀ ਮਿਲਦੀ l  ਵਪਾਰ ਦਾ ਕੰਮ ਵੈਸ਼ਾਂ ਦਾ ਸੀl ਇਨ੍ਹਾਂ ਤਿੰਨਾਂ ਵਰਗਾਂ ਦੀ ਸੇਵਾ ਕਰਣਾ ਉਹ ਵੀ ਬਿਨਾਂ ਕਿਸੀ ਨਾਂਹ ਨੁੱਕਰ ਤੇ ਹਿਚਕਚਾਹਟ ਦੇ , ਸ਼ੂਦਰਾਂ ਦਾ ਕੰਮ ਸੀl ਹਾਕਮ ਵਰਗ ਸ਼ੂਦਰਾਂ  ਤੋਂ ਸੇਵਾ ਕਰਾਣਾ ਆਪਣਾ ਹੱਕ ਸਮਝਦੇ ਸੀl ਪਰ ਸ਼ੂਦਰਾਂ ਦੇ ਹਿੱਸੇ ਕੋਈ ਹੱਕ ਨਹੀਂ ਸੀ ਆਇਆ ਚਾਕਰੀ ਤੋਂ ਸਿਵਾ l  ਉਨ੍ਹਾਂ ਦਾ ਕੰਮ ਸੀ ਸਿਰਫ਼ ਸੇਵਾ ਤੇ ਸੇਵਾ ਕਰਣਾ ਉਹ ਵੀ ਬਿਨਾਂ ਕਿਸੇ ਹੀਲ ਹੁੱਜਤ ਦੇ l

 ਅਛੂਤਾਂ  ਦਾ ਇਹ ਹਾਲ ਸੀ ਕਿ ਇਨ੍ਹਾਂ ਜਾਤਾਂ  ਨੂੰ ਛੂਹ ਕੇ ਵੀ ਇਨਸਾਨ ਅਪਵਿਤਰ ਹੋ ਜਾਂਦਾ1 ਜਿਨ੍ਹਾ  ਰਾਹਾਂ ਤੇ ਉਚੀਆਂ ਜਾਤਾਂ ਵਾਲੇ ਤੁਰਦੇ ਓਨ੍ਹਾ ਰਾਹਾਂ ਤੇ ਤੁਰਨ ਦੀ ਮਨਾਹੀ ਸੀ 1 ਅਗਰ ਕਿਸੇ ਮਜਬੂਰੀ ਵਸ ਰਾਤ ਦੇ ਹਨੇਰੇ ਵਿਚ ਤੁਰਨਾ ਵੀ ਪੈਂਦਾ ਤਾਂ ਇਨ੍ਹਾਂ ਨੂੰ ਗਲ ਵਿਚ ਢੋਲ ਵਜਾਕੇ ਤੁਰਨ ਦਾ ਹੁਕਮ ਸੀ  1 ਸ਼ੁਦਰਾਂ ਨੂੰ ਮੰਦਿਰ ਤਾਂ ਕੀ,  ਉਸ ਦੇ ਆਸ ਪਾਸ  ਜਾਣ ਦੀ ਵੀ ਮਨਾਹੀ ਸੀ 1 ਅਗਰ ਕਿਸੇ ਸ਼ੂਦਰ ਦੇ ਕੰਨੀ ਮੰਤਰਾਂ ਦੀ ਅਵਾਜ਼ ਵੀ ਪੈ ਜਾਂਦੀ ਤਾਂ ਉਸਦੇ ਕੰਨਾ ਵਿਚ ਗਰਮ ਗਰਮ ਸਿਕਾ ਪਾ ਦਿਤਾ ਜਾਂਦਾ ਤਾਕਿ ਓਹ ਮੁੜ ਕੇ ਕਦੀ ਸੁਣ ਨਾ ਸਕੇ 1 ਅਗਰ ਕੋਈ ਸ਼ੂਦਰ ਉਚੀ ਜਾਤ ਦੇ ਬਰਾਬਰ ਬੈਠਣ ਦੀ ਜੁਰਤ ਕਰਦਾ ਤਾਂ ਉਸਦੀ ਪਿਠ ਦਾ ਮਾਸ ਕਟ ਦਿਤਾ ਜਾਂਦਾ 1 ਖੂਹ ਤੇ ਕੁਤਾ ਚੜਕੇ ਪਾਣੀ ਪੀ ਸਕਦਾ ਸੀ , ਪਰ ਸ਼ੂਦਰ ਨੂੰ ਹੁਕਮ ਨਹੀ ਸੀl

ਸਿੱਖ ਧਰਮ ਤੋਂ ਪਹਿਲਾਂ ਪੰਜਾਬ ਵਿੱਚ ਦੋ ਹੀ ਧਰਮ ਸੀ ,ਹਿੰਦੂ ਤੇ ਮੁਸਲਮਾਨ l  ਬੁਧ ਧਰਮ ਜਿਸਨੇ ਇਕ ਸਮੇ ਵਿਚ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ ,ਲਗਪਗ ਅਲੋਪ ਹੋ ਚੁਕਾ ਸੀ 1 ਜੈਨੀ ਧਰਮ ਦੇ ਅਨੁਆਈ ਟਾਵੇਂ  ਟਾਵੇਂ  ਟਿਕਾਣਿਆਂ ਤੇ ਟਿਕੇ ਹੋਏ ਸਨ 1 ਮੁਸਲਮਾਨਾਂ ਦੇ ਧਾਰਮਿਕ ਆਗੂ ਜੋ ਜਬਰ ਦਾ ਵਸੀਲਾ ਤੇ ਠਗ ਬਾਜ਼ੀ ਦੇ ਮੁਖਤਿਆਰ ਬਣੀ ਬੈਠੇ ਸਨ ਓਹ ਨਾ ਕੇਵਲ ਮੁਸਲਮਾਨਾਂ ਨੂੰ ਅਸਲੀ ਮਜਹਬ ਤੋ ਕੁਰਾਹੇ ਪਾ ਰਹੇ ਸੀ ਸਗੋਂ ਮਜਹਬੀ ਈਰਖਾ ,ਨਫਰਤ ਤੇ ਜਨੂੰਨ ਨੂੰ ਹਵਾ ਦੇ ਰਹੇ ਸਨ 1 ਆਮ ਲੋਕਾਂ ਨੂੰ ਧਾਗੇ , ਤਵੀਤ, ਮੜੀ , ਮਸਾਣਾ ਦੇ ਗੇੜ ਵਿਚ ਪਾਕੇ ਲੁਟ-ਖਸੁੱਟ ਕਰ  ਰਹੇ ਸੀ  1

           ਕਾਜ਼ੀ ਹੋਇ ਬਹੇ ਨਿਆਇ ਫੇਰੇ ਤਸਬੀ ਕਰੇ ਖੁਦਾਇ

              ਵਡੀ ਲੈਕੇ ਹਕ ਗੁਵਾਏ ਜੋ ਕੋ ਪੁਛੇ ਤਾਂ ਪੜ ਸੁਣਾਏ

ਹਿੰਦੂ ਧਰਮ ਵਿਚ ਜੋਰ ਸੀ ਤਾਂ ਸਿਰਫ ਬ੍ਰਾਹਮਣ ਵਾਦ ਦਾ , ਜਿਸਨੇ ਸਿਰਫ ਵਰਣ ਵੰਡ ਤੇ ਬਸ ਨਹੀ ਕੀਤੀ 1 ਅਗੋਂ ਜਾਤਾਂ ਦੀ ਵੰਡ ਕਰਕੇ ਹਿੰਦੂ ਸਮਾਜ ਨੂੰ ਟੋਟੇ ਟੋਟੇ ਕਰ -ਦਿਤਾ 1 ਇਸ ਵਕਤ ਗੁਰੂ ਨਾਨਕ ਦੇਵ ਜੀ ਨੇ ਸਿਖ ਧਰਮ ਦੀ ਨੀਹ ਰਖੀ ਅਤੇ ਮਾਨਵਤਾ ਦੇ ਭਲੇ ਲਈ ਇਕ ਨਿਰਮਲ ਪੰਥ ਚਲਾਇਆl  ਉਨ੍ਹਾਂ ਨੇ ਪੰਜਾਬ ਨੂੰ ਧਾਰਮਿਕ , ਸਮਾਜਿਕ ਤੇ ਇਖਲਾਕੀ ਤੋਰ ਤੇ ਮਜਬੂਤ ਕਰਨ  ਤੇ   ਜ਼ੁਲਮ  ਜੋਰ ਜਬਰ ਦੀ ਟਕਰ  ਲੇਣ ਦੀ ਜ਼ਿਮੇਦਾਰੀ ਆਪਣੇ ਸਿਰ ਲੈ ਲਈ 1 ਉਨ੍ਹਾ  ਨੇ ਧਾਰਮਿਕ , ਸਭਿਆਚਾਰਕ ਤੇ ਭਗੋਲਿਕ ਹਦਾਂ ਟਪ ਕੇ ਜੋਗੀ ,ਸਿਧਾਂ, ਵੇਦਾਂਤੀ , ਬ੍ਰਹਮਣ, ਪੰਡਿਤ ,ਵੈਸ਼ਨਵ , ਬੋਧੀ , ਜੈਨੀ ਸੂਫ਼ੀ , ਮੁਲਾਂ , ਕਾਜ਼ੀਆਂ ਨਾਲ ਸੰਵਾਦ ਰਚਾਇਆ ਜੋ ਧਰਮਾਂ ਦੇ ਮੁਖ ਠੇਕੇਦਾਰ ਸਨ 1 ਉਨ੍ਹਾ  ਨੇ ਉਸ ਵਕਤ  ਜਦ ਧਰਮ ਵਿਚ ਦਿਖਾਵੇ ਤੇ ਆਪਸੀ ਵੈਰ ਵਿਰੋਧ ਕਰਕੇ ਮਨੁਖਤਾ ਦਾ ਅੰਸ਼ ਅਲੋਪ ਹੋ ਚੁਕਾ ਸੀ , ਜਦੋਂ ਧਰਮ ਤੇ ਰਾਜ ਦੀਆਂ ਸ਼ਕਤੀਆਂ ਨੇ ਸੰਸਾਰ ਦੇ ਵਖ ਵਖ ਧਰ੍ਮਾ ਦੀ ਵਿਭਿਨਤਾ  ਨੂੰ ਮੁਕਾਣ ਲਈ ਸਿਰ ਧੜ ਦੀ ਬਾਜ਼ੀ ਲਗਾ ਦਿਤੀ ਸੀ , ਇਸ ਵਿਭਿਨਤਾ ਦੀ ਖੂਬਸੂਰਤੀ ਨੂੰ ਕਾਇਮ ਰਖਦਿਆਂ ਹਰ ਧਰਮ ਦੇ ਔਗਣਾ ਨੂੰ ਵਿਸਾਰ ਕੇ ਗੁਣਾ ਦੀ ਸਾਂਝ ਦਾ ਉਪਦੇਸ਼ ਦਿਤਾ 1

                    ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ 1

ਉਨ੍ਹਾ  ਦਾ  ਸੰਦੇਸ਼ ਕਿਸੇ ਖਾਸ ਖਿਤੇ ਦੇ ਲੋਕਾਂ ਵਾਸਤੇ ਨਹੀ ਸੀ ਸਗੋਂ ਪੂਰੀ ਕਾਇਨਾਤ ਦੇ ਭਲੇ ਲਈ ਸੀ 1 ਉਨ੍ਹਾ  ਨੇ ਅਧਿਆਤਮਿਕ , ਸਮਾਜਿਕ , ਰਾਜਨੀਤਕ ,ਆਰਥਿਕ ਤੇ ਪ੍ਰ੍ਕਿਤਿਕ ਪਖ ਤੋ ਲੋਕਾਂ ਨੂੰ ਇਕ ਨਵੀ ਸੇਧ ਬਖਸ਼ੀ  1 ਕਿਰਤ ਕਰਨੀ , ਵੰਡ ਕੇ ਛਕਣਾ ,  ਨਾਮ ਸਿਮਰਨ, ਸੇਵਾ ,ਮਨੁਖੀ ਭਾਈਚਾਰਾ ,ਬਰਾਬਰੀ ,ਨਿਆਂ ,ਦਇਆ ,ਪਰਉਪਕਾਰ  ਸਿਖੀ ਦੇ ਮੁਢਲੇ ਅਸੂਲ  ਬਣਾ ਦਿਤੇ1  ਨਿਰਭਉ , ਨਿਰਵੈਰ ਪ੍ਰਮਾਤਮਾ ਦੀ ਬੰਦਗੀ ਨਾਲ ਜੋੜ ਕੇ ਇਕ ਨਿਰਭਉ ਤੇ ਨਿਰਵੈਰ ਸਮਾਜ ਦੀ ਸਥਾਪਨਾ ਕੀਤੀ ,ਜਿਸ ਵਿਚ ਗਰੀਬ ਅਮੀਰ ,ਊਚ ਨੀਚ,ਜਾਤ ਪਾਤ , ਵਹਿਮ ਭਰਮਾਂ ਤੇ ਕਰਮ ਕਾਂਡਾ ਨੂੰ ਕੋਈ ਜਗਹ ਨਹੀਂ ਦਿਤੀ 1 ਧਰਮ ਦੇ ਪਾਖੰਡ ਜਾਲ ਨੂੰ  ਤੋੜਿਆ ਤੇ ਅਖੋਤੀ ਧਾਰਮਿਕ ਆਗੂਆਂ  ਦੀ ਅਸਲੀਅਤ ਦੱਸ ਕੇ  ਲੋਕਾਂ ਨੂੰ ਉਨ੍ਹਾ ਦੇ ਭੈ- ਜਾਲ ਤੋ ਮੁਕਤ ਕੀਤਾ 1 ਇਸ ਨਾਲ  ਭੁਖਿਆਂ  , ਦੁਖੀਆਂ ,ਗਰੀਬ, ਮਜਲੂਮਾਂ  ਲੋੜਵੰਦਾ   ਦੀ ਮਦਤ ਹੋਈ ,ਸਮਾਜਿਕ ਸਾਂਝੀਵਾਲਤਾ ਤੇ ਆਪਸੀ ਏਕਤਾ ਪੈਦਾ ਹੋਈ 1   ਭਾਈ ਲਾਲੋ ਜੋ ਉਸ ਵਕਤੀ ਨੀਚ ਜਾਤ ਦਾ ਤੇ ਗਰੀਬ ਸੀ ,ਆਪਣਾ ਮਿਤਰ  ਤੇ ਭਾਈ ਮਰਦਾਨਾ ਜੋ ਨੀਚ ਜਾਤ ਦਾ ਮਰਾਸੀ ਸੀ ਆਪਣਾ ਸੰਗੀ-ਸਾਥੀ ਬਣਾਇਆ

             ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ

             ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਓ ਕਿਆ ਰੀਸ

             ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ

ਕਿਰਤੀ ਵਰਗ ਨਾਲ ਹਮਦਰਦੀ ਤੇ ਸਾਂਝ ਕਾਇਮ ਕੀਤੀ 1 ਧਰਮਾਂ ਵਿਚ ਫੋਕਟ ਕਰਮ-ਕਾਂਡਾਂ ਤੇ ਕੁਰੀਤੀਆਂ ਦਾ ਜੋਰਦਾਰ ਖੰਡਣ ਕੀਤਾ 1 ਤੀਰਥ ਯਾਤਰਾ ,ਵਰਤ ,ਜਨੋਊ , ਪਿਤਰ ਪੂਜਾ, ਸਰਾਧ ਆਦਿ ਰਸਮਾਂ ਨੂੰ ਪੰਡਤਾ ਦਾ ਲੁਟ ਖਸੁਟ ਤੇ ਅਡੰਬਰ ਦਾ ਰਾਹ ਦਸਿਆ 1ਗੁਰੂ  ਨਾਨਕ ਸਾਹਿਬ ਨੇ ਕਿਹਾ ਕਿ ਪਰਮਾਤਮਾ ਦਾ ਵਾਸ ਉਥੇ  ਹੁੰਦਾ ਹੈ ਜਿੱਥੇ ਨੀਚ ਜਾਤਾਂ ਦਾ ਵਾਸਾ ਹੋਵੇ , ਜਿੱਥੇ ਸੇਵਾ ਕਰਣ ਦੀ ਭਾਵਨਾ ਹੋਏl

“ਜਿਥੈ  ਨੀਚ ਸਮਾਲਿਆਂ ਤਿਥੈ ਨਦਰਿ ਤੇਰੀ ਬਖਸੀਸll

ਗੁਰੂ ਗ੍ਰੰਥ ਸਾਹਿਬ ਵਿੱਚ ਸੇਵਾ ਕੇਵਲ ਪਰਮਾਤਮਾ ਜਾਂ ਗੁਰੂ ਦੀ ਕਰਨੀ ਲਿਖੀ ਹੈ

 ”ਕਰ ਸੇਵਾ ਪਾਰਬ੍ਰਹਮ ਗੁਰ ਭੁੱਖ ਰਹੇ ਨ ਕਾਈll

ਪਰ ਪਰਮਾਤਮਾ ਦੀ ਸੇਵਾ ਕਿਵੇਂ ਕਰਨੀ ਹੈ? ਉਹ ਤਾਂ ਨਿਰੰਕਾਰ ਹੈl

ਫਰੀਦ ਜੀ ਨੇ ਲਿਖਿਆ ਹੈl

ਫਰੀਦਾ ਖਲਕੂ ਖਲਖ ਮਹਿ ਖਲਕ ਵਸੈ ਰੱਬ ਮਾਹਿ ll

ਖਲਕਤ  ਦੀ ਸੇਵਾ ਕਰਨੀ ਹੀ ਪਰਮਾਤਮਾ ਦੀ ਸੇਵਾ ਕਰਨੀ ਹੈl ਸਿੱਖ ਧਰਮ ਵਿੱਚ ਸੰਗਤ ਦਾ ਵਿਸ਼ੇਸ਼ ਅਸਥਾਨ ਹੈl ਸੰਗਤ ਦੇ ਜੁੜਨ ਲਈ ਧਰਸ਼ਾਲਾਵਾਂ ਦੀ ਸਥਾਪਨਾ ਹੋਈl ਜਿੱਥੇ ਧਰਮਸਾਲ ਬਣੀ ਉੱਥੇ ਸੰਗਤ ਦਾ ਇਕੱਠ ਹੋਇਆl ਜਿੱਥੇ ਸੰਗਤ ਜੁੜੀ ,ਬਾਬੇ ਦੇ ਲੰਗਰ ਲੱਗੇ, ਸੰਗਤ ਦੇ ਰਹਿਣ ਦੇ ਪ੍ਰਬੰਧ ਹੋਏ, ਉੱਥੇ ਲੋਕਾਂ ਨੂੰ ਸੇਵਾ ਕਰਣ ਦਾ ਮੋਕਾ ਮਿਲਿਆl ਇਥੇ ਸੇਵਾ ਕਰਦਿਆਂ ਕਿਸੇ ਨੂੰ ਹੰਕਾਰ ਨਹੀਂ ਸੀ ਹੁੰਦਾ, ਕਿਸੇ ਮਜਬੂਰੀ ਨਾਲ ਨਹੀਂ ਬਲਿਕ ਖੁਸ਼ੀ ਤੇ ਪ੍ਰੇਮ ਨਾਲ ਸੰਗਤ ਨੂੰ ਰੱਬ ਦਾ ਰੂਪ ਸਮਝ ਕੇ ਕੀਤੀ ਜਾਂਦੀ ਸੀ,  ਚਾਹੇ ਕੋਈ ਗਰੀਬ ਹੋਵੇ, ਭਿਖਾਰੀ ਜਾਂ ਅਮੀਰ, ਹਰ ਇੱਕ ਨਾਲ ਇੱਕੋ ਜਿਹਾ ਵਰਤਾਰਾ ਹੁੰਦਾ, ਇੱਕੋ ਜਿਹਾ ਲੰਗਰ, ਇੱਕੋ ਕਤਾਰ ਵਿੱਚ ਬੈਠਕੇl ਗੁਰੂ ਅਮਰਦਾਸ ਜੀ ਵਕਤ ਮੁਗਲ ਬਾਦਸ਼ਾਹ ਅਕਬਰ ਨੇ ਇਸੇ ਕਤਾਰ ਵਿੱਚ ਬੈਠਕੇ ਗੁਰੂ ਕਾ  ਲੰਗਰ ਛਕਿਆ ਸੀl

ਬਾਅਦ ਵਿੱਚ ਧਰਮਸਾਲ ਨੂੰ ਗੁਰੂਦਵਾਰਾ ਕਿਹਾ ਜਾਣ ਲੱਗਾ ਜਿੱਥੇ ਅਜੇ ਤਕ ਸੰਗਤ ਦੀ ਸੇਵਾ ਤੇ ਗੁਰੂ  ਕਾ ਲੰਗਰ ਚੱਲਦਾ ਹੈl ਸਿੱਖਾਂ ਦਾ ਗੁਰੂਦਵਾਰਾ, ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ, ਰੋਗੀਆਂ ਲਈ ਸਫ਼ਾਖਾਨਾ , ਭੁੱਖਿਆਂ ਲਈ ਅੰਨ -ਪੂਰਨ, ਇਸਤ੍ਰੀ ਜਾਤੀ  ਦੀ ਪਤ ਨੂੰ ਮਹਿਫੂਜ਼ ਰੱਖਣ ਲਈ  ਲੋਹਮਈ ਦੁਰਗ ਤੇ ਮੁਸਾਫਰਾਂ ਲਈ ਵਿਸਰਾਮ ਦਾ ਸਥਾਨ ਹੈl ਇਸ ਤਰ੍ਹਾਂ, ਸਾਰੇ ਤਾਂ ਨਹੀਂ ਪਰ ਬਹੁਤ ਸਾਰੇ  ਗੁਰੂਦਵਾਰਿਆਂ  ਵਿੱਚ ਵਿਦਿਆ  ਕੇਂਦਰ, ਗਿਆਨ ਭੰਡਾਰ,ਹਸਪਤਾਲ,ਲੰਗਰ, ਨਿਤਾਣਿਆ ਦੀ ਰੱਖਿਆ ਦਾ ਪ੍ਰਬੰਧ ਅਤੇ ਰਹਿਣ ਲਈ ਸਰਾਂ ਹੁੰਦੀ ਹੈ   lਲੰਗਰ ਤੇ ਰਹਿਣ ਦੀ ਪ੍ਰਥਾ ਤਾਂ  ਗੁਰੂ ਸਾਹਿਬਾਨਾਂ ਵਕਤ ਦੀ ਪ੍ਰਚਲਿਤ ਹੈl ਬਲਵੰਡ ਰਬਾਬੀ ਗੁਰੂ ਅੰਗਦ ਦੇਵ ਜੀ ਦੇ ਵਕਤ ਮਾਤਾ ਖੀਵੀ ਦੇ ਲੰਗਰ ਦੀ ਸੇਵਾ ਬਾਰੇ ਲਿਖਦਾ ਹੈ

ਲੰਗਰੁ ਦੌਲਤ ਵੰਡੀਐ ਰਸੁ ਅੰਮ੍ਰਿਤੁ ਖੀਰ ਘਿਆਲੀll

ਉਸ ਵੇਲੇ ਹੱਥ ਚੱਕੀਆਂ ਨਾਲ ਆਟਾ ਪੀਸਿਆ ਜਾਂਦਾ ਸੀl ਪਾਣੀ ਦੀ ਕਿੱਲਤ ਹੁੰਦੀ ਸੀl ਗਰਮੀ ਵਿੱਚ ਪੱਖੇ ਦੀ ਲੋੜ ਹੁੰਦੀ ਸੀl ਇਸ ਕਰਕੇ ਗੁਰਬਾਣੀ ਵਿੱਚ ਇਨ੍ਹਾਂ ਸੇਵਾਵਾਂ ਦਾ ਬਹੁਤ ਵਾਰੀ ਜ਼ਿਕਰ ਆਇਆ ਹੈ l

ਪੱਖ ਫੇਰੀ ਪਾਣੀ ਢੋਵਾ ਹਰਿ ਜਨ ਕੀ ਪੀਸਿ ਕਮਾਵਾ

ਨਾਨਕ ਕਿ ਪ੍ਰਭ ਬੇਨੰਤੀ ਤੇਰਾ ਜਨ ਦੇਖਣੁ ਪਾਵਾll

ਭਾਈ ਸੰਤੋਖ ਜੀ ਗੁਰੂ ਹਰ ਰਾਇ ਸਾਹਿਬ ਜੀ ਦੇ ਲੰਗਰ ਬਾਰੇ ਲਿਖਦੇ ਹਨ

ਸ਼੍ਰੀ ਸਤਿਗੁਰੂ ਹਰ ਰਾਇ ਜੀ ਸਿੱਖਣ ਦੇ ਉਪਦੇਸ

ਗੁਰੂ ਨਮਿਤ ਲੰਗਰ ਕਰਹੁ ਹੂਇ ਕਲਿਆਣ ਵਿਸ਼ੇਸ਼ ll

ਇਹ ਲੰਗਰ ਉਸ ਤਰ੍ਹਾਂ ਦੇ ਭੰਡਾਰੇ ਨਹੀਂ ਸੀ ਹੁੰਦੇ ਜਿਵੇਂ ਮਲਿਕ ਭਾਗੋ ਨੇ ਕੀਤਾ ਸੀl ਇਨ੍ਹਾਂ ਵਿੱਚ ਲੁੱਟ ਘਸੂਟ  ਦਾ ਪੈਸਾ ਪ੍ਰਯੋਗ ਨਹੀਂ ਸੀ ਹੁੰਦਾl  ਗੁਰੂ ਘਰ ਵਿੱਚ ਹਰਾਮ ਦਾ ਪੈਸਾ ਪ੍ਰਵਾਨ ਨਹੀਂl ਅੰਨ ਧਨ ਤਾਂ ਗੁਰੂ ਦੀ ਦੇਣ ਹੀ ਸਮਝੀ ਜਾਂਦੀ ਸੀ -ਸਿੱਖਾਂ ਦੀ ਟਹਿਲ ਸੇਵਾ ਹੀ ਉਸਦੇ ਦਰ ਤੇ ਪਰਵਾਨ  ਹੁੰਦੀ ਸੀl

ਘਾਲਿ ਕਹੈ ਕਿਛੁ ਹਥਹੁ ਦੇਇ  ਨਾਨਕ ਰਾਹੁ ਪਛਾਣਹਿ ਸੋਂਇ ll

ਅੱਜ ਕਲ ਹਰ ਗੁਰੂਦਵਾਰੇ ਵਿੱਚ ਲੰਗਰ ਦਾ ਪ੍ਰਬੰਧ ਹੈl ਪਰ ਸ਼ਰਧਾ ਵਿੱਚ ਫਰਕ ਪੈ ਗਿਆ ਹੈl ਲੰਗਰ ਵਰਤਣ ਤੋਂ ਪਹਿਲਾਂ ਗੁਰੂਦਵਾਰਿਆਂ ਦੇ ਕਰਿੰਦਿਆਂ  ਲਈ ਲੰਗਰ ਕੱਢ ਲਿਆ ਜਾਂਦਾ ਹੈ ਜਾਂ ਗੁਰੂਦਵਾਰਿਆਂ ਵਿੱਚ ਖਾਸ ਮਹਿਮਾਨ ਵਾਸਤੇ ਅਲੱਗ ਕਿਸਮ ਦਾ ਲੰਗਰ ਬਣਾਇਆ ਜਾਂਦਾ ਹੈ – ਸਿੱਖ ਭੁੱਲ ਗਏ ਹਨ ਕਿ ਜਦ ਅਕਬਰ ਬਾਦਸ਼ਾਹ ਗੁਰੂ ਅਮਰ ਦਾਸ ਜੀ ਦੇ ਦਰਸ਼ਨ ਕਰਣ ਆਇਆ ਤਾਂ ਉਸ ਨੇ ਵੀ ਦਰਸ਼ਨ ਤੋਂ ਪਹਿਲੋਂ ਸੰਗਤ ਨਾਲ  ਭੁੰਜੇ ਬੈਠਕੇ  ਲੰਗਰ ਛਕਿਆ ਸੀl  

ਭਾਈ ਗੁਰਦਾਸ ਜੀ ਗੁਰਬਾਣੀ ਦੀਆਂ ਪੋਥੀਆਂ ਲਿਖਣ ਨੂੰ ਵੀ ਸੇਵਾ ਕਹਿੰਦੇ ਹਨl ਇਸ ਦਾ ਮਤਲਬ ਹੈ ਗੁਰਬਾਣੀ ਦਾ ਚਾਨਣ ਹਰ ਥਾਂ ਪਹੁਚਾਣ ਦਾ ਪ੍ਰਬੰਧ ਕਰਣਾl  ਗੁਰਬਾਣੀ ਲਿਖਕੇ ਇਸ ਦਾ ਪ੍ਰਚਾਰ ਕਰਣਾ l ਇਨ੍ਹਾਂ ਪੋਥੀਆਂ ਤੋਂ ਹੀ ਵਿਦਿਆਰਥੀਆਂ ਨੂੰ ਵਿਦਿਆ ਤੇ ਗੁਰਬਾਣੀ ਪੜਾਈ ਜਾਂਦੀ ਸੀl ਅੱਜ ਦੇ ਵਕਤ ਵੀ ਗੁਰਬਾਣੀ ਦੀ ਸਿੱਖਿਆ ਦਾ ਪ੍ਰਚਾਰ ਕਰਣ ਲਈ ਜੋ ਉੱਦਮ ਕੀਤਾ ਜਾਏ ਉਹ ਸੇਵਾ ਹੈl ਸਮੁੱਚੀ ਮਨੁੱਖਤਾ ਦੀ ਅਨਪੜਤਾ ਬਾਰੇ ਸੋਚਣਾ  ਹਰ ਸਿੱਖ ਦਾ ਫਰਜ਼ ਹੈ ਪਰ ਜੇ ਖਾਲੀ ਤੁਸੀਂ ਸਿੱਖਾਂ ਬਾਰੇ ਹੀ ਸੋਚੋ ਤਾਂ ਵੀ ਅਨੇਕਾਂ  ਸਿੱਖ  ਬੱਚੇ, ਬਚੀਆਂ ਹਨ ਜੋ  ਅੱਜ ਵੀ ਅਨਪੜ ਹਨl   ਹੋਰ ਨਹੀਂ ਤਾਂ ਘੱਟੋ-ਘੱਟ ਗੁਰਮੁਖੀ ਪੜਾਣ  ਦੀ ਸੇਵਾ ਤਾਂ ਹਰ ਬੱਚੇ ਲਈ ਲਾਜ਼ਮੀ ਹੈ ਤਾਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ  ਕਰ ਸਕੇl

ਸੇਵਾ ਤੁਸੀਂ ਕੁਝ ਵੀ ਕਰੋ ਮੰਨ ਲਉ   ਤੁਸੀਂ ਗੁਰੂਦਵਾਰੇ ਦੀ ਬਿਲਡਿੰਗ ਦੇ ਸੇਵਾ ਕਰਦੇ, ਪੱਖੇ ਦੀ ਜਾਂ ਕੋਈ ਹੋਰ ਸੇਵਾ ਕਰਦੇ ਜਿਸ ਸੇਵਾ ਦੀ ਮਸ਼ਹੂਰੀ ਲਈ ਤੁਸੀਂ ਆਪਣਾ ਨਾਂ  ਪੱਖੇ ਤੇ ਜਾਂ ਸਿਲ ਤੇ ਲਿਖਵਾ ਲੈਂਦੇ ਹੋ ਜਾਂ ਸੰਗਤ ਵਿੱਚ  ਆਪਣਾ ਨਾਂ ਅਨਾਉਂਸ  ਕਰਵਾਂਦੇ ਹੋ  ਤਾਂ ਉਹ ਸੇਵਾ ਨਹੀਂ ਰਹੀ, ਪਰਮਾਤਮਾ ਨਾਲ ਸੋਦਾ ਹੈl ਬਿਨਾਂ ਕਿਸੇ ਵਾਪਸੀ ਫਾਇਦੇ ਲਈ ਅਗਰ ਤੁਸੀਂ ਸੇਵਾ ਕਰਦੇ ਹੋ ਆਪਣੇ ਆਪ ਨੂੰ ਤੁਛ ਜਾਣਕੇ ਉਹ ਸੇਵਾ ਹੈ l  ਜਿਵੇਂ ਗੁਰੂਦਵਾਰਿਆਂ ਵਿੱਚ ਝਾੜੂ -ਪੋਚਾ, ਸਫਾਈ,ਲੰਗਰ ਬਨਾਣ ਤੇ ਵਰਤਾਣ ਦੀ ਸੇਵਾ, ਗੁਰੂਦਵਾਰੇ ਦੇ ਹਸਪਤਾਲਾਂ  ਵਿੱਚ ਸੇਵਾ, ਬੱਚੇ-ਬਚੀਆਂ ਨੂੰ ਪੜਾਨ  ਦੀ ਸੇਵਾ , ਗੁਰੂਦਵਾਰੇ ਤੋਂ ਬਾਹਰ ਵੀ ਕਿਸੇ ਗਰੀਬ ਗੁਰਬੇ ਜਾਂ ਲੋੜਵੰਦ ਦੀ ਮਦਤ,ਆਸ-ਪੜੋਸ ਦੀ ਸੇਵਾ , ਜਾਂ ਨੈਸ਼ਨਲ ਤੇ ਇੰਟਰਨੈਸ਼ਨਲ  ਪੱਧਰ ਤੇ ਜੋ ਅੱਜਕਲ ਹੋ ਰਹੀ ਹੈ , ਉਸ ਸੇਵਾ ਹੈl ਪਰ ਇੱਕ ਗੱਲ ਦਾ ਖਿਆਲ ਅੱਜ ਦੇ ਜਮਾਨੇ ਵਿੱਚ ਬਹੁਤ ਜ਼ਰੂਰੀ ਹੈ ਕਿ ਕਿਤੇ  ਤੁਹਾਨੂੰ ਜਾਂ ਤੁਹਾਡੀ ਕੌਮ ਨੂੰ ਸੇਵਾ ਦੇ ਨਾਂ ਤੇ ਲੋਕ ਇਸਤੇਮਾਲ ਤਾਂ ਨਹੀਂ ਕਰ ਰਹੇl ਦੂਸਰਾ ਇਹ ਵੀ ਜੇਕਰ ਕਈਂ ਲੋੜਵੰਦ ਵੀ ਹੁੰਦੇ ਹਨ ਜਿਨ੍ਹਾਂ ਨੂੰ ਪਰਿਵਾਰ ਨੂੰ ਪਾਲਣ ਲਈ ਅੰਨ ਧਨ ਤੇ ਛੱਤ ਦੀ ਜਰੂਰਤ ਹੁੰਦੇ ਹੀ ਉਹ ਅਗਰ ਸੇਵਾ ਕਰਣ ਦੇ ਬਦਲੇ ਤਨਖਾਹ ਲਈ ਵੀ ਲੈਂਦੇ ਹਨ ਤਾਂ ਉਹ ਵੀ ਸੇਵਾ ਹੈ ਪਰ ਇਹ ਸੇਵਾ ਦਿਲ ਨਾਲ. ਪਿਆਰ ਨਾਲ ਤੇ ਗੁਰੂ ਨੂੰ ਹਜ਼ਾਰ ਨਜ਼ਰ ਜਾਣ ਕੇ ਸੇਵਾ ਹੋਣੀ ਚਾਹੀਦੀ ਹੈl  ਗੁਰੂ ਵਿੱਚ ਵੀ ਤਨਖਾਹ ਦਾਰ ਸੇਵਾਦਾਰ, ਕੀਰਤਨੀਏ ਤੇ ਹੋਰ ਸਟਾਫ਼ ਹੁੰਦਾ ਹੈ l ਉਨ੍ਹਾਂ ਨੇ ਵੀ ਤਾਂ ਆਪਣਾ ਪਰਿਵਾਰ ਨੂੰ ਪਾਲਣਾ ਹੈ l 

ਹਨ ਅਗਰ  ਕੀਰਤਨੀਏ  ਆਪਣੇ ਪਰਿਵਾਰ  ਨੂੰ ਪਾਲਣ ਵਾਸਤੇ ਕੀਰਤਨ ਕਰਣ ਦੇ ਬਦਲੇ ਕੁਝ ਰਕਮ ਲੈਂਦੇ ਹਨ ਤ ਕੋਈ ਹਰਜ ਨਹੀਂ ਹੈ ਪਰ ਜੇ ਉਨ੍ਹਾ ਦੇ ਮਨਾਂ ਵਿੱਚ  ਰਕਮ ਵਸੂਲ ਕਰਣ ਸਮੇ ਲਾਲਚ ਆ ਜਾਏ ਤਾਂ ਉਹ ਸੇਵਾ ਨਹੀਂ ਬਲਿਕ ਇੱਕ ਕਾਰੋਬਾਰ ਹੈ l ਕੀਮਤ ਵਸੂਲ ਕਰਣ ਤੋਂ ਬਿਨਾਂ, ਬਿਨਾਂ ਕਿਸੀ ਹੋਰ ਲਾਲਚ ਦੇ  ਕੀਰਤਨ ਕਰਦੇ ਹਨ ਤਾਂ  ਉਹ ਸੇਵਾ ਹੈl ਗੁਰੂ ਨਾਨਕ ਸਾਹਿਬ ਵੀ ਭਾਈ ਬਾਲੇ ਤੇ ਭਾਈ ਮਰਦਾਨੇ ਦੀਆਂ ਲੋੜਾਂ ਪੂਰੀਆਂ ਕਰਦੇ ਰਹੇ ਹਨ l ਭਾਈ ਗੁਰਦਾਸ ਜੀ ਅਨੁਸਾਰ ਹੱਥਾਂ ਦੀ ਸਫਲਤਾ ਲਈ  ਹੋਰ ਸ਼ੁਭ ਕਰਮਾ ਦੇ ਨਾਲ  ਮਿਰਦੰਗ ਅਤੇ ਰਬਾਬ ਵਜਾਉਣਾ ਵੀ ਸੇਵਾ ਦੱਸਦੇ ਹਨl ਪਰ ਅੱਜ ਦੇ ਜ਼ਮਾਨੇ ਵਿੱਚ  ਗੁਰੂ ਅਰਜਨ ਦੇਵ ਜੀ ਦੱਸੀ ਸੰਗੀਤ ਵਿਦਿਆ ਸਿੱਖਾਂ ਨੇ ਮੁੱਢੋਂ ਹੀ ਭੁੱਲ ਦਿੱਤੀ ਹੈ l  ਰਬਾਬ, ਸਰੰਦਾ ਅਤੇ ਮਰੀਦੰਗ ਤਾਂ ਸ਼ਾਇਦ ਇੱਕ ਰਾਗੀ ਵੀ ਚੰਗੀ ਤਰ੍ਹਾਂ ਨਹੀਂ ਵਜਾ  ਸਕਦਾ l ਛੰਦ, ਪੜਤਾਲ ਅਤੇ ਪੋੜੀ  ਕਿਸ ਤਰ੍ਹਾਂ ਗਾਈ ਜਾਂਦੀ  ਹੈ , ਉਨ੍ਹਾਂ ਨੂੰ ਪਤਾ ਨਹੀਂl ਗੁਰੂ ਗ੍ਰੰਥ ਸਾਹਿਬ ਵਿੱਚ  ਲੱਗਭਗ ਸਾਰੀ ਬਾਣੀ ਸੰਗੀਤ ਕਲਾ ਉੱਪਰ ਅਧਾਰਤ ਹੈl  ਗੁਰੂ ਸਾਹਿਬ ਨੇ ਇਸ ਦਾ ਉਚਾਰਨ ਕਰਣ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ, ਜਿਸ ਦਾ ਖਿਆਲ ਰਾਗੀ ਸਿੰਘਾਂ ਨੂੰ ਕਰਣ ਹਿਤਾਇਤ ਹੈl  ਇਸ ਲਈ ਸੰਗੀਤ ਕਲਾ ਦੀ ਜਾਣਕਾਰੀ ਸਿੱਖਾਂ ਲਈ ਜਰੂਰੀ ਹੈl

 ਪਹਿਲੇ ਲੋਕ ਇੱਕ ਉਮਰ ਵਿੱਚ  ਗ੍ਰਿਹਸਤ ਜੀਵਨ ਤੇ ਘਰ ਦੀਆਂ ਜਿੱਮੇਦਾਰੀਆਂ ਛੱਡ ਕੇ ਪਰਮਾਤਮਾ ਨੂੰ ਖੁਸ਼ ਕਰਣ ਲਈ ਜੰਗਲਾਂ  ਵਿੱਚ ਤਪ ਕਰਣ ਚਲੇ ਜਾਂਦੇ ਸੀ ਪਰਮਾਤਮਾ ਨੂੰ ਖੁਸ਼ ਕਰਣ ਲਈl ਪਰ  ਆਪਣਾ ਪੇਟ ਭਰਨ ਲਈ ਫਿਰ ਗ੍ਰਹਿਸਤੀਆਂ  ਕੋਲੋਂ ਹੀ ਮੰਗ ਕੇ ਖਾਂਦੇ ਸੀ  ਉਹ ਵੀ ਪਰਮਾਤਮਾ ਦੀ ਸੇਵਾ ਨਹੀਂ ਹੈl ਪਰਮਾਤਮਾ ਤੇ ਹਰ ਮਨੁੱਖ ਵਿੱਚ ਵਸਦਾ ਹੈ, ਤੁਸੀਂ ਆਪਣੇ ਪਰਿਵਾਰ ਨੂੰ ਦੁਖੀ ਕਰਦੇ ਹੋ, ਜਿਨ੍ਹਾਂ ਨੂੰ ਛੱਡ ਕੇ ਜਾਂਦੇ ਹੋ , ਜਿੱਥੋਂ ਮੰਗਣ  ਜਾਂਦੇ ਉਨ੍ਹਾਂ ਤੇ ਬੋਝ ਬਣਦੇ ਹੋ, ਜੰਗਲ ਵਿੱਚ ਕਰਮ-ਕਾਂਡ ਕਰਕੇ ਆਪਣੇ ਸਰੀਰ ਤੇ  ਆਪਣੇ ਆਪ ਨੂੰ ਦੁਖੀ ਕਰਦੇ ਤੇ ਇਹ ਵੀ  ਕਹਿੰਦੇ ਹੋ ਕਿ ਹਰ ਇਨਸਾਨ ਵਿੱਚ ਰੱਬ ਵਸਦਾ ਹੈ ਤਾਂ ਸੋਚੋ ਕਿ  ਇਨਸਾਨ ਨੂੰ ਦੁਖੀ ਕਰਕੇ ਰੱਬ ਨੂੰ ਕਿਵੇਂ ਖੁਸ਼ ਕਰ ਲਵੋਗੇl ਇਸ ਨਾਲ ਇਹੋ ਠੀਕ ਹੈ ਘਰ ਰਹਿ ਕੇ  , ਜਿੱਮੇਦਾਰੀਆਂ ਨਿਭਾਂਦੇ,ਪਰਿਵਾਰ ਦੀ ਸੇਵਾ ਕਰਦੇ, ਉਨ੍ਹਾਂ ਦੁਖ ਦਰਦ ਵੰਡਦੇ, ਨਿਰਲੇਪ ਰਹਿਕੇ  ਉਸ ਰੱਬ  ਸਿਮਰਨ ਕਰੋ l ਘਰ ਦੇ ਵੀ ਖੁਸ਼, ਤੁਸੀਂ ਵੀ ਖੁਸ਼ ਰੱਬ ਵੀ ਖੁਸ਼ ਤੇ ਕਿਸੇ ਤੇ ਖਾਣ -ਪੀਣ ਲਈ ਤੁਹਾਨੂੰ ਕਟੋਰਾ ਚੁੱਕ ਕੇ ਮੰਗਣ ਦੀ ਵੀ ਜਰੂਰਤ ਨਹੀਂ l ਕਿਤਨਾ ਸੋਖਾ ਰਾਹ ਦੱਸਿਆ ਹੈ ਰੱਬ ਨੂੰ ਖੁਸ਼ ਕਰਣ ਦਾ ਮੇਰੇ ਬਾਬੇ ਨਾਨਕ ਨੇl

ਦੂਸਰਾ ਗ੍ਰਿਹਸਤੀ ਘਰ ਵਿੱਚ ਰਹਿ ਕੇ ਸਮਾਜ ਦਾ ਭਲਾ ਕਰ ਸਕਦਾ ਹੈ ,ਸਮਾਜ ਦੀ ਸੇਵਾ ਵੀ ਕਰ ਸਕਦਾ ਹੈ  ਜਿਸ ਵਿੱਚ ਸਾਰੇ ਲੋਕ ਖੁਸ਼ ਰਹਿ ਸਕਣl  ਵਿਅਕਤੀਗਤ ਜਤਨ ਕਰਣ ਦੇ ਨਾਲ ਸਮੂਹਕ ਰੂਪ ਵਿੱਚ ਸਸਥਾਤਮਕ ਜਤਨ ਕਰਣਾ ਵੀ ਇੱਕ ਮਹਾਨ ਸੇਵਾ ਹੈ ਜਿਸ ਦੀ ਸੰਸਾਰ ਵਿੱਚ ਅਤਿਅੰਤ ਲੋੜ ਹੈl ਅੱਜ ਸੰਸਥਾਵਾਂ ਨੂੰ ਚਾਹੀਦਾ ਹੈ ਸਮੇ ਦੀ ਲੋੜ ਅਨੁਸਾਰ ਅਜਿਹੇ ਕਾਰਜ ਕਰਣ ਜਿਨ੍ਹਾਂ ਨਾਲ ਖਲਕ ਰੂਪੀ  ਖਲਕਤ ਦਾ ਭਲਾ ਹੋਵੇ l ਸਭ ਲਈ ਰੋਟੀ , ਸਭ ਲਈ ਛੱਤ ਤੇ ਸਭ ਲਈ  ਵਿਦਿਆ ਦਾ ਪ੍ਰਬੰਧ ਹੋਵੇ ਕੋਈ ਨਿਆਸਰਾ, ਭੁੱਖਾ ਤੇ ਇਤਨਾ ਗਰੀਬ ਨ ਹੋਵੇ ਕਿ ਦੋ ਵਕਤ ਦੀ ਰੋਟੀ ਤੋਂ ਤਰਸੇ l ਇਸ ਲਈ ਜਿਨ੍ਹਾਂ ਕੋਲ ਵਾਧੂ ਪੈਸਾ ਜਾਂ ਜਰੀਏ  ਹਨ  ਉਨ੍ਹਾਂ ਨੂੰ ਅੱਗੇ ਆਕੇ ਸੇਵਾ ਕਰਨੀ ਚਾਹੀਦੀ ਹੈl

ਸਤਗੁਰ ਕਿ ਸੇਵਾ ਗਾਖੜੀ ਸਿਰ ਦੀਜੈ ਆਪੁ ਗਵਾਇ

ਸਬਦਿ ਮਿਲਹਿ ਤ ਹਰਿ ਮਿਲੈ ਸੇਵਾ ਪਵੈ ਥਾਇ

 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ 

Nirmal Anand

Add comment

Translate »