ਸਿੱਖ ਇਤਿਹਾਸ

ਸਿੱਖ ਧਰਮ ਵਿੱਚ ‘ਸ਼ਬਦ-ਗੁਰੂ’ ਦਾ ਸਿਧਾਂਤ

‘ਸ਼ਬਦ-ਗੁਰੂ’ ਦਾ ਸਿਧਾਂਤ ਗੁਰਮਤਿ ਵਿਚਾਰਧਾਰਾ ਦਾ ਕੇਂਦਰੀ ਧੁਰਾ ਅਤੇ ਸਿੱਖ ਜੀਵਨ-ਜਾਚ ਦਾ ਅਨਿੱਖੜਵਾਂ ਅੰਗ ਹੈ ਜਿਸ ਨੇ ਸਿੱਖ ਧਰਮ ਨੂੰ ਸੰਪੂਰਨਤਾ ਅਤੇ ਵਿਲੱਖਣਤਾ ਬਖ਼ਸ਼ੀ ਹੈ। ‘ਸ਼ਬਦ-ਗੁਰੂ’ ਤੋਂ ਭਾਵ ‘ਗੁਰੂ ਦੀ ਬਾਣੀ’, ‘ਗੁਰੂ ਦੇ ਬਚਨ’, ‘ਗੁਰੂ ਦਾ ਉਪਦੇਸ਼’, ‘ਗੁਰੂ ਦਾ ਹੁਕਮ’,‘ਗੁਰੂ ਦੀ ਸਿੱਖਿਆ’, ਆਦਿ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਸ਼ਬਦ’ ਅਤੇ ‘ਗੁਰੂ’ ਦੀ ਅਭੇਦਤਾ ( Unity) ਨੂੰ ਪ੍ਰਵਾਨ ਕਰਦਿਆਂ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ‘ਸ਼ਬਦ’ ਦਾ ਮਹੱਤਵ ‘ਗੁਰੂ’ ਜਿੰਨਾ ਹੈ।ਹੇਠ ਲਿਖੇ ਗੁਰ-ਫ਼ੁਰਮਾਨ ਇਸ ਤੱਥ ਦੀ ਪ੍ਰੋੜ੍ਹਤਾ ਕਰਦੇ ਹਨ:

  •             ਇਕਾ ਬਾਣੀ   ਇਕੁ ਗੁਰੁ  ਇਕੋ ਸਬਦੁ ਵੀਚਾਰਿ॥ (ਪੰਨਾ 646)

  •             ਸਤਿਗੁਰ ਬਚਨ  ਬਚਨ ਹੈ ਸਤਿਗੁਰ॥ (ਪੰਨਾ 1309)

  • ਸਿੱਖ ਧਰਮ ਵਿੱਚ ‘ਸ਼ਬਦ’ ਦੀ ਮਹਾਨਤਾ ਅਤੇ ਵਿਲੱਖਣਤਾ ਇਹ  ਹੈ ਕਿ  ਇਸ ਵਿਚਾਰਧਾਰਾ ਦੀ ਨੀਂਹ ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਪਹਿਲੇ ਗੁਰੂ ਸਾਹਿਬਾਨ ਨੇ ਰੱਖੀ ਹੈ ਤੇ ਬਾਕੀ ਗੁਰੂ ਸਾਹਿਬਾਨ ਉਨ੍ਹਾਂ ਦੇ  ਨਖਸ਼-ਏ-ਕਦਮ ਤੇ  ਤੁਰਦਿਆਂ ਹੋਇਆਂ,ਆਖਰੀ ਦੇਹਧਾਰੀ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਜੀ  ਨੇ ਆਪ ਸਿੱਖਾਂ ਨੂੰ ਵੀ ਸ਼ਬਦ-ਗੁਰੂ , ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਨੂੰ ਗੁਰੂ ਮੰਨਣ  ਦਾ ਹੁਕਮ ਕੀਤਾl

ਗੁਰੂ’ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਉਪਨਿਸ਼ਦਾਂ ਵਿੱਚ ‘ਗੁ’ ਦਾ ਅਰਥ ਅੰਨ੍ਹੇਰਾ ਅਤੇ ‘ਰੂ’ ਦਾ ਅਰਥ ਦੂਰ ਕਰਨ ਵਾਲਾ ਕੀਤਾ ਗਿਆ ਹੈ। ਇਸ ਅਨੁਸਾਰ ਗੁਰੂ ਉਹ ਹੈ ਜੋ ਅਗਿਆਨ ਦੇ ਅੰਨੇਰੇ ਨੂੰ ਦੂਰ ਕਰੇ। ਗੁਰਬਾਣੀ ਵਿੱਚ ‘ਸ਼ਬਦ’ ਨੂੰ ‘ਗੁਰ ਪੀਰਾ’ ਭਾਵ (ਸੰਸਾਰਕ ਜੀਵਾਂ ਦਾ) ਮਾਰਗ-ਦਰਸ਼ਕ ਆਖਿਆ ਗਿਆ ਹੈ ਜਿਸ ਦੀ ਅਗਵਾਈ ਤੋਂ ਬਿਨਾਂ ਜਗਤ (ਮਾਇਆ ਦੇ ਮੋਹ ਵਿੱਚ) ਕਮਲਾ ਹੋਇਆ ਫਿਰਦਾ ਹੈl

                     ਸਬਦੁ ਗੁਰ ਪੀਰਾ  ਗਹਿਰ ਗੰਭੀਰਾ  ਬਿਨੁ ਸਬਦੈ ਜਗੁ ਬਉਰਾਨੰ॥ (ਪੰਨਾ 635)

 ਲੱਗਭਗ ਸਾਰੀਆਂ ਹੀ ਧਾਰਮਿਕ ਪ੍ਰੰਪਰਾਵਾਂ ਵਿੱਚ, ਅਧਿਆਤਮਿਕ ਪ੍ਰਾਪਤੀ ਲਈ, ਗੁਰੂ ਦੀ ਭੂਮਿਕਾ ਨੂੰ ਮੰਨਿਆ ਹੈ। ਪਰ ਸਿੱਖ ਧਰਮ ਵਿੱਚ ‘ਗੁਰੂ’ ਵਿਸ਼ੇਸ਼ ਸਥਾਨ ਰੱਖਦਾ ਹੈ ਕਿਉਂਕਿ ਸਿੱਖ ਦੀ ਤਾਂ ਹੋਂਦ ਹੀ ਗੁਰੂ ਨਾਲ ਹੈ। ‘ਸਿਖੀ ਸਿਖਿਆ ਗੁਰ ਵੀਚਾਰ’ ਕਥਨ ਅਨੁਸਾਰ ਸਿੱਖ ਉਹ ਹੈ, ਜਿਸ ਨੇ ਗੁਰੂ ਦੀ ਸਿੱਖਿਆ ਲੈ ਕੇ ਉਸ ਨੂੰ ਵੀਚਾਰਿਆ ਹੈ ਅਤੇ ਜੀਵਨ ਵਿੱਚ ਧਾਰਨ ਕੀਤਾ ਹੈ।

                   ਸਿੱਖ ਧਰਮ ਵਿਚ ਗੁਰੂ ਦਾ ਉਪਦੇਸ਼ , ਗੁਰੂ ਦਾ ਸ਼ਬਦ , ਗੁਰੂ ਦੀ ਬਾਣੀ , ਗੁਰੂ ਦਾ ਬਚਨ ਅਤੇ ਗੁਰੂ   ਇਕੋ ਰੂਪ ਹਨ।”

ਇਸ ਸਿਧਾਂਤ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤੀ ਹੈ। ਗੁਰਬਾਣੀ ਵਿੱਚ ‘ਸ਼ਬਦ’ ਨੂੰ ਸਰਬ ਵਿਆਪਕ ਸ਼ਕਤੀ ਮੰਨਿਆ ਗਿਆ ਹੈ ਜਿਸ ਦਾ ਕੋਈ ਰੰਗ,ਰੂਪ ਜਾਂ ਜਾਤ ਪਾਤ ਨਹੀਂ ਹੈl ਇਹ ਸ਼ਕਤੀ ਕਣ ਕਣ ਵਿੱਚ ਹੈ ਜੋ ਜੀਵਾਂ ਦੇ ਉਧਾਰ ਦਾ ਸਾਧਨ ਹੈl

                    ਉਤਪਤਿ ਪਰਲਉ ਸਬਦੇ ਹੋਵੈ॥ ਸਬਦੇ ਹੀ ਫਿਰਿ ਓਪਤਿ ਹੋਵੈ॥ (ਪੰਨਾ 117)

ਸ੍ਰੀ ਗੁਰੂ ਅੰਗਦ ਦੇਵ ਜੀ ਫ਼ੁਰਮਾਉਂਦੇ ਹਨ ਕਿ ਜੋਗ ਦਾ ਧਰਮ ਬ੍ਰਹਮ ਦੀ ਵੀਚਾਰ ਕਰਨਾ ਹੈ, ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵੀਚਾਰ ਹੈ, ਖੱਤਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਪਰ ਸਾਰਿਆਂ ਦਾ ਮੁੱਖ ਧਰਮ ਇਕੋ ਹੈ ਕਿ ਇਕ ਪ੍ਰਭੂ ਦਾ ਸਿਮਰਨ ਕਰੀਏ।

                    ਜੋਗ ਸਬਦੰ ਗਿਆਨ  ਸਬਦੰ ਬੇਦ ਸਬਦੰ ਬ੍ਰਾਹਮਣਹ॥

                    ਖਤ੍ਰੀ ਸਬਦੰ ਸੂਰ  ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ॥

                                        (ਪੰਨਾ 469)

ਗੁਰਬਾਣੀ ਅਨੁਸਾਰ ਸ਼ਬਦ ਸੱਚ ਹੈ ਜੋ ਅਤੀ ਸੂਖਮ ਰੂਪ ਵਿੱਚ ਜੀਵ ਦੇ ਅੰਤਰ-ਆਤਮਾਂ ਵਿੱਚ  ਵੱਸਦਾ ਹੋਣ ਕਾਰਨ ਆਪੇ ਦੀ ਸੋਝੀ ਦਾ ਸਾਧਨ ਬਣਦਾ ਹੈ ਜੇਕਰ ਮਨੁੱਖ ਆਤਮਾ ਦੀ ਆਵਾਜ਼ ਪਹਿਚਾਣੇ ਅਤੇ ਸੁਣੇ ।‘ਸ਼ਬਦ’ ਦੁਆਰਾ ਮਨੁੱਖ ਨੂੰ ਪਰਮਾਤਮਾ ਦੀ ਸੋਝੀ ਹੁੰਦੀ ਹੈ ਅਤੇ ਸ਼ਬਦ ਆਤਮਾ ਤੇ ਪਰਮਾਤਮਾ ਦੇ ਮਿਲਾਪ ਦਾ ਸਾਧਨ ਹੈl

                   ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ॥ ਬਿਨੁ ਸਬਦੈ  ਹੋਰੁ ਮੋਹੁ ਗੁਬਾਰੁ॥

                   ਸਬਦੇ ਨਾਮੁ ਰਖੈ ਉਰਿ ਧਾਰਿ॥ ਸਬਦੇ ਗਤਿ ਮਤਿ ਮੋਖ ਦੁਆਰੁ॥ (ਪੰਨਾ 1342)

-ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ-ਬਾਰ ‘ਸ਼ਬਦ-ਗੁਰੂ’ ਦੀ ਮਹਿਮਾ ਗਾਇਨ ਕੀਤੀ ਗਈ ਹੈ, ‘ਗੁਰੂਕਾ ਸ਼ਬਦੁ’ ਹੀ ਮਨ ਦੀ ਮੈਲ ਧੋਣ, ਭਰਮਾਂ ਦਾ ਨਾਸ ਕਰਨ, ਦੁੱਖਾਂ ਤੋਂ ਛੁਟਕਾਰਾ ਪਾਉਣ, ਹਉਮੈ ਦਾ ਨਿਵਾਰਨ ਕਰਨ, ਆਵਾਗਉਣ ਦੇ ਚੱਕਰ ਵਿੱਚੋਂ ਕੱਢ ਕੇ ਪਰਮਾਤਮਾ ਦੇ ਦਰਗਾਹਿ  ’ਤੇ ਪਹੁੰਚਾਉਂਦਾ ਤੇ ਉਸ ਵਿੱਚ ਲੀਨ ਕਰ ਦਿੰਦਾ ਹੈ। ਹੇਠ ਲਿਖੇ ਗੁਰਵਾਕ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੇ ਹਨ:

                   ਗੁਰ ਕਾ ਸਬਦੁ ਮਨਿ ਵਸੈ  ਮਨੁ ਤਨੁ ਨਿਰਮਲੁ ਹੋਇ॥ (ਪੰਨਾ 32)

ਗੁਰੂ ਜੀ ਨੇ ‘ਗੁਰ ਕਾ ਸਬਦੁ ਮਹਾ ਰਸੁ’ ਵਾਲਾ ਦੱਸਿਆ ਹੈ ਜਿਸ ਨਾਲ ਸਾਂਝ ਪਾਕੇ, ਗਾ, ਬੁੱਝ ਤੇ  ਵਿਚਾਰ ਕਰਕੇ ਜੀਵ ਦਾ ਆਤਮਿਕ ਜੀਵਨ ਅੱਠ-ਸੱਠ ਤੀਰਥਾਂ ਦੇ ਬਰਬਰ ਹੈ, ਮਨ ਵਿੱਚੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈl

                   ਸਚਾ ਸਬਦੁ  ਸਚਾ ਹੈ ਨਿਰਮਲੁ  ਨਾ ਮਲੁ ਲਗੈ ਨ ਲਾਏ॥ …

                   ਗੁਰ ਕੈ ਸਬਦਿ ਰਾਤਾ  ਸਹਜੇ ਮਾਤਾ  ਸਹਜੇ ਰਹਿਆ ਸਮਾਏ॥ (ਪੰਨਾ 753)

‘ਸ਼ਬਦ’ ਰੂਪੀ ਟਕਸਾਲ ਦੁਆਰਾ ਘੜੀ ਜਾਣ ਵਾਲੀ ਸ਼ਖ਼ਸੀਅਤ ਨੈਤਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ ਜਿਸ ਨੂੰ ਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ:

                    ਭਉ ਖਲਾ  ਅਗਨਿ ਤਪ ਤਾਉ॥

                    ਭਾਂਡਾ ਭਾਉ  ਅੰਮ੍ਰਿਤੁ ਤਿਤੁ ਢਾਲਿ॥

                    ਘੜੀਐ ਸਬਦੁ  ਸਚੀ ਟਕਸਾਲ॥

                    ਜਿਨ ਕਉ ਨਦਰਿ ਕਰਮੁ  ਤਿਨ ਕਾਰ॥

                                (ਪੰਨਾ 8)

ਉਸ ਦੇ ਤਨ, ਮਨ ਅਤੇ ਬਾਣੀ (ਬੋਲੀ )ਪਵਿੱਤਰ ਹੋ ਜਾਂਦੇ ਹਨ; ਉਸ ਦਾ ਹੰਕਾਰ ਦੂਰ ਹੋ ਜਾਂਦਾ ਹੈ, ਉਹ ਆਪ ਵੀ ਭਵਸਾਗਰ ਤੋਂ ਤਰ ਜਾਂਦਾ ਹੈ ਅਤੇ ਸ਼ਬਦ ਰਾਹੀਂ ਦੂਜਿਆਂ ਨੂੰ ਭੀ ਤਾਰ ਦੇਂਦਾ ਹੈ।

                   ਗੁਰਮੁਖਿ ਸਬਦਿ ਨਿਸਤਾਰੇ॥ (ਪੰਨਾ 941)

ਸਿੱਧਾਂ ਨਾਲ ਚਰਚਾ ਕਰਦਿਆਂ ਗੁਰੂ ਜੀ ਨੇ ਜਿੱਥੇ ਗੁਰਮੁਖ ਦੇ ਚੰਗੇ ਆਚਰਣ ਸੰਬੰਧੀ ਦੱਸਿਆ ਹੈ ਉੱਥੇ ਮਨਮੁਖ ਦੇ ਬੁਰੇ ਆਚਰਣ ’ਤੇ ਵੀ ਚਾਨਣਾ ਪਾਇਆ ਹੈ। ਮਨਮੁਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ ਇਸ ਲਈ ਦੁਰਬਚਨ ਬੋਲਦਾ ਹੈ, ਸੜ ਬਲ ਕੇ ਖਿੱਝਦਾ ਰਹਿੰਦਾ ਹੈ, ਸੰਸਾਰ ਵਿੱਚ ਇੱਜ਼ਤ ਹਾਸਲ ਨਹੀਂ ਕਰ ਸਕਦਾ ਅਤੇ ਕੋਈ ਉਸ ਦਾ ਇਤਬਾਰ ਨਹੀਂ ਕਰਦਾ। ਗੁਰ-ਫ਼ੁਰਮਾਨ ਹਨ:

                  ਸਬਦੁ ਨ ਚੀਨੈ  ਲਵੈ ਕੁਬਾਣਿ॥ (ਪੰਨਾ 941)

                 ਬਿਨੁ ਗੁਰ ਸਬਦੈ  ਜਲਿ ਬਲਿ ਤਾਤਾ॥ (ਪੰਨਾ 945)

                ਸਾਚ ਸਬਦ ਬਿਨੁ  ਪਤਿ ਨਹੀ ਪਾਵੈ॥ (ਪੰਨਾ 941)

                ਬਿਨੁ ਸਬਦੈ  ਨਾਹੀ ਪਤਿ ਸਾਖੈ॥ (ਪੰਨਾ 944)

ਪਰ ਜੇ ਡੂੰਘੀ ਵੀਚਾਰ ਕਰ ਕੇ ਵੇਖੀਏ ਤਾਂ ਅਸੀਂ ਦੁਨਿਆਵੀ ਲੋਕ ਗੁਰੂ ਦੇ ਸ਼ਬਦ ਵਿੱਚ ਜੁੜਨ ਦੀ ਥਾਂ ਹੋਰ ਰੁਝੇਵਿਆਂ ਵਿੱਚ ਲੱਗੇ ਹੋਏ ਹਾਂ:

                 ਬਿਨੁ ਸਬਦੈ ਸਭਿ ਦੂਜੈ ਲਾਗੇ  ਦੇਖਹੁ ਰਿਦੈ ਬੀਚਾਰਿ॥ (ਪੰਨਾ 942)

ਕਿਉਂਕਿ ਸਿੱਖ ਧਰਮ ਆਸ਼ਾਵਾਦੀ ਧਰਮ ਹੈ, ਇਸ ਲਈ ਗ਼ਲਤ ਰਸਤੇ ’ਤੇ ਚੱਲ ਰਹੇ ਜੀਵਾਂ ਨੂੰ ਗੁਰਬਾਣੀ ਉਮੀਦ ਬੰਨ੍ਹਾਉਂਦੀ ਹੈ ਕਿ ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ।  ਗੁਰ -ਸ਼ਬਦ ਵਿਹੁਲੇ ਅਤੇ ਸੜਦੇ ਬਲਦੇ ਸੰਸਾਰ ਵਿੱਚੋਂ ਪਾਰ ਲੰਘਾ ਦਿੰਦਾ ਹੈl ‘ਮਨੁ ਲੋਚੇ ਬੁਰਿਆਈਆਂ ਗੁਰ ਸ਼ਬਦੀਂ ਇਹ ਮਨ ਹੋੜੀਐ’ ਗ਼ਲਤ ਪਾਸੇ ਤੋਂ ਮੋੜ ਕੇ ਚੰਗੇ ਪਾਸੇ ਲਗਾਇਆ ਜਾ ਸਕਦਾ

                ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ  ਗੁਰ ਸਬਦੀ ਹਰਿ ਪਾਰਿ ਲੰਘਾਈ॥ (ਪੰਨਾ 353)

                ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ॥ (ਪੰਨਾ 102)

               ਅੰਮ੍ਰਿਤੁ ਏਕੋ ਸਬਦੁ ਹੈ  ਨਾਨਕ ਗੁਰਮੁਖਿ ਪਾਇਆ॥ (ਪੰਨਾ 644)

ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇਸ ਤੱਥ ਨੂੰ ਇਸ ਤਰ੍ਹਾਂ ਅੰਕਿਤ ਕੀਤਾ ਹੈ:

              ਸਬਦਿ ਜਿਤੀ ਸਿਧਿ ਮੰਡਲੀ  ਕੀਤੋਸੁ ਅਪਣਾ ਪੰਥੁ ਨਿਰਾਲਾ। (ਵਾਰ 1:31)

ਸ਼ਬਦ ਦੀ ਮਹਤੱਤਾ ਨੂੰ ਸਦੀਵ-ਕਾਲ ਲਈ ਬਣਾਈ ਰੱਖਣ ਦੇ ਉਦੇਸ਼ ਨਾਲ ਗੁਰੂ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਆਪਣੀ ਉਚਾਰਨ ਕੀਤੀ ਸ਼ਬਦ ਰੂਪ ‘ਧੁਰ ਕੀ ਬਾਣੀ’ ਅਤੇ (ਉਦਾਸੀ ਫੇਰੀਆਂ ਸਮੇਂ ਇਕੱਤਰ ਕੀਤੀ) ਭਗਤਾਂ ਦੀ ਪਵਿੱਤਰ ਬਾਣੀ ਨੂੰ ਗੁਰਗੱਦੀ ਦੇ ਵਾਰਸ, ਦੂਸਰੇ ਗੁਰੂ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕਰ ਦਿੱਤਾ।

                 ਤਿਤੁ ਮਹਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗਿ ਮਿਲੀll

ਤੀਸਰੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਬਦ ਨੂੰ ਨਾ ਸਮਝਣ ਵਾਲੇ ਜੀਵਾਂ ਨੂੰ “ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ” ਆਖ ਕੇ ਝੰਜੋੜਿਆ ਅਤੇ ਸਿੱਖਾਂ ਨੂੰ ਪ੍ਰੇਰਨਾ ਦਿੰਦਿਆਂ ਆਖਿਆ ਕਿ ‘ਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ!ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿੱਚ ਜੋੜਨ ਵਾਲੀ ਸ਼ਬਦ-ਰੂਪ ਬਾਣੀ ਗਾਵੋ ।

                ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥

               ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ (ਪੰਨਾ 920)

ਚੌਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ਬਦ ਰੂਪ ਬਾਣੀ ਨੂੰ ‘ਪਰਤਖਿ ਗੁਰੂ’ਦਾ ਦਰਜਾ ਦਿੱਤਾ ਅਤੇ ਗੁਰਸਿੱਖਾਂ ਨੂੰ ਫ਼ੁਰਮਾਇਆ ਕਿ ‘ ਹੇ ਗੁਰਸਿੱਖੋ! ਸਤਿਗੁਰੂ ਦੀ ਬਾਣੀ ਨਿਰੋਲ ਸੱਚ ਸਮਝੋ (ਕਿਉਂਕਿ) ਸਿਰਜਣਹਾਰ ਅਕਾਲ ਪੁਰਖ ਆਪ ਇਹ ਬਾਣੀ ਸਤਿਗੁਰੂ ਦੇ ਮੂੰਹ ਤੋਂ ਅਖਵਾਉਂਦਾ ਹੈ:

             ਬਾਣੀ ਗੁਰੂ  ਗੁਰੂ ਹੈ ਬਾਣੀ  ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ  ਸੇਵਕੁ ਜਨੁ ਮਾਨੈ  ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)

             ਸਤਿਗੁਰ ਕੀ ਬਾਣੀ  ਸਤਿ ਸਤਿ ਕਰਿ ਜਾਣਹੁ ਗੁਰਸਿਖਹੁ   ਹਰਿ ਕਰਤਾ ਆਪਿ ਮੁਹਹੁ ਕਢਾਏ॥ (ਪੰਨਾ 308)

ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਇਸ ਵੀਚਾਰ ਦੀ ਪ੍ਰੋੜ੍ਹਤਾ ਕੀਤੀ ਹੈ:

             ਹਉ ਆਪਹੁ ਬੋਲਿ ਨ ਜਾਣਦਾ  ਮੈ ਕਹਿਆ ਸਭੁ ਹੁਕਮਾਉ ਜੀਉ॥ (ਪੰਨਾ 763)

ਸ਼ਬਦ-ਰੂਪ ਬਾਣੀ ਨੂੰ ਸੰਪਾਦਿਤ ਕਰ ਕੇ ਪੰਚਮ ਪਾਤਸ਼ਾਹ ਨੇ ਪਵਿੱਤਰ ਗ੍ਰੰਥ ਸਾਹਿਬ ਦਾ ਪ੍ਰਕਾਸ਼ ਭਾਦਰੋਂ ਸੁਦੀ 1 ਸੰਮਤ 1661 (ਸੰਨ 1604 ਈ.) ਨੂੰ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਖੇ ਕਰ ਕੇ ਸਿੱਖ-ਸੰਗਤਾਂ ਨੂੰ “ਪੋਥੀ ਪਰਮੇਸਰ ਕਾ ਥਾਨੁ” ਮੰਨਣ ਅਤੇ ‘ਗ੍ਰੰਥ ਗੁਰੂ ਸਮ ਮਾਨਿਉ ਭੇਦ ਨ ਕੋਊ ਵਿਚਾਰ’ਦਾ ਹੁਕਮ ਦਿੱਤਾ। ਗੁਰੂ ਜੀ ਲਈ ਸ਼ਬਦ ਦਾ ਦਰਜਾ ਸਰੀਰ ਨਾਲੋਂ ਉੱਚਾ ਸੀ ਇਸ ਲਈ ‘ਸ਼ਬਦ-ਗੁਰੂ’ ਦਾ ਸਤਿਕਾਰ ਕਰਦਿਆਂ ਆਪ ਜੀ ਸੁਖਆਸਣ ਵਾਲੀ ਕੋਠੜੀ ਵਿੱਚ ਭੁਇੰ ’ਤੇ ਹੀ ਬਿਰਾਜਦੇ ਰਹੇ।

ਪਢਹਿ ਸੋਹਿਲਾ ਕੀਰਤ ਬਹੁਰੋ ਲੈ ਜਾਵਹੁ ਅਸਵਾਰਾ। ਜਿਸੀ ਕੋਠਰੀ ਰਹਿਨ ਹਮਾਰਾ॥

ਅਗਲੇ ਗੁਰੂ ਸਾਹਿਬਾਨ ਨੇ ਵੀ ਸ਼ਬਦ-ਗੁਰੂ ਦੇ ਸਿਧਾਂਤ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ

“ਸ਼ਬਦ-ਗੁਰੂ ਮੰਨਣ ਦੀ ਇੱਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਸਾਹਮਣੇ ਇਉਂ ਜ਼ਾਹਿਰ ਕੀਤੀ, “ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਬੋਲਿਆ ਅਤੇ ਏਹੁ ਕਹਿਆ, ” ਉਹੀ ‘ਗੁਰਮੁਖਿ ਮੇਰਾ ਸਿੱਖ ਹੋਵੇਗਾ ਸੋ ਸ਼ਬਦ ਦੇ  ਸਿਵਾਇ ਹੋਰ ਥਾਇ ਪ੍ਰਤੀਤ ਨਹੀਂ ਕਰੇਗਾ “l  ਦਸਮੇਸ਼ ਪਿਤਾ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਨਾਂਦੇੜ ਦੱਖਣ ਵਿਖੇ 1765 ਬਿਕ੍ਰਮੀ (1708 ਈ.) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਦੇਹਧਾਰੀ ਗੁਰੂ-ਪਰੰਪਰਾ ਹਮੇਸ਼ਾਂ ਲਈ ਖ਼ਤਮ ਕਰ ਦਿੱਤੀ ਅਤੇ ਪੰਥ ਨੂੰ ਸਥਾਈ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ-ਗੁਰੂ) ਦੇ ਤਾਬੇ ਕਰ ਦਿੱਤਾ। ਗੁਰੂ ਜੀ ਨੇ ਸਿੱਖਾਂ ਨੂੰ ਆਪਣੇ ਪਿੱਛੋਂ ‘ਗੁਰੂ ਮਾਨੀਓ ਗ੍ਰੰਥ’ ਅਤੇ ‘ਖੋਜ ਸਬਦ ਮੈਂ ਲੇਹੁ’ ਦਾ ਹੁਕਮ ਦੇ ਕੇ ਪਹਿਲੇ ਗੁਰੂ ਸਾਹਿਬਾਨ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ‘ਸ਼ਬਦ-ਗੁਰੂ’ ਦੇ ਸਿਧਾਂਤ ’ਤੇ ਮੋਹਰ ਲਗਾ ਦਿੱਤੀ। ਹੇਠ ਲਿਖੇ ਕਥਨ ਇਸ ਤੱਥ ਦੀ ਗਵਾਹੀ ਦਿੰਦੇ ਹਨ:

-ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ।

– ਗੁਰੂ ਗ੍ਰੰਥ ਜੀ  ਮਾਨੀਓ ਪ੍ਰਗਟ ਗੁਰਾਂ ਕੀ ਦੇਹ।

ਸ਼ਬਦ ਨੂੰ ਗੁਰੂ ਦੀ ਪਦਵੀ ਦੇ ਕੇ ਗੁਰੂ ਸਾਹਿਬਾਨ ਨੇ ਵਿਸ਼ਵ ਧਰਮ-ਪਰੰਪਰਾ ਵਿੱਚ ਨਵਾਂ ਮੋੜ ਲਿਆਂਦਾ ਜਿਸ ਕਾਰਨ ਸਿੱਖ ਧਰਮ ਵਿਲੱਖਣ ਧਰਮ ਬਣ ਗਿਆ।ਇਸ ਦਾ ਭਾਵ ਇਹ ਹੈ ਕਿ ਦਸਾਂ ਗੁਰੂ ਸਾਹਿਬਾਨ ਦੇ ਪੰਜ ਭੂਤਕ ਸਰੀਰ ਗੁਰੂ ਨਹੀਂ ਸਨ ਸਗੋਂ ਅਦ੍ਰਿਸ਼ਟ ‘ਗੁਰੂ ਜੋਤਿ’ ਸੀ ਜੋ ਸ਼ਬਦ-ਰੂਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਵਿੱਚ ਪ੍ਰਵੇਸ਼ ਕਰ ਗਈ ਅਤੇ ਫਿਰ ਅਗਲੇ ਅੱਠ ਗੁਰੂ ਸਾਹਿਬਾਨ (ਸ੍ਰੀ ਗੁਰੂ ਅਮਰਦਾਸ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦੇ ਮਨੁੱਖੀ ਸਰੀਰਾਂ ਵਿੱਚ ਵਿਚਰਦੀ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਮਾ ਗਈ।

 ਹੁਣ ਓਹੀ ਸ਼ਬਦ-ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਜ਼ਾਹਰਾ-ਜ਼ਹੂਰ (Live) ਸਤਿਗੁਰੂ ਹਨ।

ਜੇ ਸਿਧਾਂਤਿਕ ਅਤੇ ਇਤਿਹਾਸਿਕ ਪੱਖ ਤੋਂ ਵੀਚਾਰੀਏ ਤਾਂ ਪਤਾ ਲੱਗਦਾ ਹੈ ਕਿ ਸ਼ਬਦ ਨੂੰ ਗੁਰੂ ਦੇ ਤੌਰ ’ਤੇ ਸਥਾਪਤ ਕਰਨ ਦਾ ਸੰਕੇਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇ ਦਿੱਤਾ ਸੀ ਜਦੋਂ ਉਨ੍ਹਾਂ ਨੇ ਸਿੱਧਾਂ ਦੁਆਰਾ ਪੁੱਛੇ ਪ੍ਰਸ਼ਨ- ‘ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ’ ਦਾ ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਜਵਾਬ ਦਿੰਦਿਆਂ ਸ਼ਬਦ ਨੂੰ ਗੁਰੂ ਅਤੇ ਸੁਰਤਿ ਨੂੰ ਚੇਲਾ ਕਿਹਾ। ‘ਸਿਧ ਗੋਸਟਿ’ ਬਾਣੀ ਵਿੱਚ ਇਹ ਵਾਰਤਾਲਾਪ ਇਸ ਤਰ੍ਹਾਂ ਅੰਕਿਤ ਹੈ

– ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥ (ਪੰਨਾ 942)

– ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਪੰਨਾ 943)

‘ਸ਼ਬਦ-ਗੁਰੂ’ ਦੇ ਸਿਧਾਂਤ ਵਿੱਚ ‘ਸੁਰਤਿ’ ਪਦ ਦਾ ਵਿਸ਼ੇਸ਼ ਸਥਾਨ ਹੈ ਕਿਉਂਕਿ ਗੁਰੂ ਸਾਹਿਬ ਨੇ ‘ਸੁਰਤਿ’ ਨੂੰ ਚੇਲਾ ਆਖਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ‘ਸੁਰਤਿ’ ਤੋਂ ਕੀ ਭਾਵ ਹੈ? ਇਸ ਸੰਬੰਧੀ ਸੰਖੇਪ ਵਿਚਾਰ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਸੁਰਤਿ’ ਸੋਝੀ, ਹੋਸ਼, ਸਮਝ, ਸੂਝ, ਚੇਤਾ, ਪਛਾਣ, ਬਿਰਤੀ, ਲਿਵ, ਧਿਆਨ, ਕੰਨ, ਨਾਦ, ਰੁਚੀ, ਸੁਭਾਉ, ਅਕਲ, ਖਿਆਲ, ਕਲਪਨਾ, ਵੀਚਾਰ, ਉਡਾਰੀ, ਚੇਤਨਤਾ, ਸੰਸਕਾਰ, ਖੇਲ, ਮਨ, ਵੇਦ, ਜਾਗਰਤ, ਪ੍ਰੇਮ, ਸਨੇਹ, ਅਨੁਰਾਗ, ਸਾਰ, ਖ਼ਬਰ,ਆਦਿ ਦੇ ਅਰਥਾਂ ਵਿੱਚੋਂ ਆਏ ਹਨ l

ਭਾਈ ਗੁਰਦਾਸ ਜੀ ਨੇ ਇਸ ਦੀ ਵਿਆਖਿਆ ਕੀਤੀ ਹੈ:

ਪਾਰਬ੍ਰਹਮੁ ਪੂਰਨੁ ਬ੍ਰਹਮੁ ਸਬਦਿ ਸੁਰਤਿ ਸਤਿਗੁਰੂ ਗੁਰ ਚੇਲਾ। ਅਤੇ ਜੋ ਉਸ ਦੇ ਸ਼ਬਦ ਵਿੱਚ ਸੁਰਤਿ ਜੋੜਦਾ ਹੈ ਉਹ ਹੀ ‘ਗੁਰ-ਚੇਲਾ ‘ ਹੈ।

ਗੁਰਮਤਿ ਪ੍ਰਕਾਸ਼’ਅਨੁਸਾਰ  “ਸ਼ਬਦ ਉਹ ਗੁਰੂ-ਮੰਤਰ ਹੈ ਜਿਸ ਨਾਲ ਸਾਨੂੰ  ਮਾਨਸਿਕ ਤੌਰ ਤੇ ਜੁੜਨਾ  ਪਵੇਗਾ। ਉਸ ਨੂੰ ਪੜ੍ਹ ਕੇ, ਵੀਚਾਰ ਕੇ, ਜੀਵਨ ’ਚ ਢਾਲ ਲੈਣਾ ਹੀ  ਗੁੱਰਮੁਖ ਹੈ । ਗੁਰੂ ਦੇ ਸ਼ਬਦ ਨੂੰ ਸੁਣਨ/ਪੜ੍ਹਨ ਤੋਂ ਬਾਅਦ ਸ਼ਬਦ ਨੂੰ ਬੁੱਝਣਾ/ਚੀਨਣਾ/ਪਛਾਣਨਾ ਅਤੇ ਵੀਚਾਰਨਾ ਵੀ ਉਤਨਾ ਜਰੂਰੀ ਹੈ ਜਿੱਤਨਾ ਪੜ੍ਹਨਾ । ਗੁਰੂ ਸਾਹਿਬ ਨੇ ਸ਼ਬਦ ਨੂੰ ਪੜ੍ਹਨ ਤੋਂ ਬਾਅਦ ‘ਸ਼ਬਦ’ ਦੀ ਵੀਚਾਰ ਨਾ ਕਰਨ ਵਾਲਿਆਂ ਦੀ ਸੰਗਿਆ ਮੂਰਖ ਕਹੀ ਹੈ:

ਪਰ ਬਹੁਤ ਦੁੱਖ ਹੁੰਦਾ ਹੈ ਜਦੋਂ ਅਸੀਂ ਵੇਖਦੇ ਹਾਂ ਕਿ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਵਿੱਚੋਂ ਬਹੁਤੇ ਸਿੱਖ ਸ਼ਬਦ-ਗੁਰੂ ਨੂੰ ਭੁਲਾ ਕੇ ਦੇਹਧਾਰੀ ਗੁਰੂਆਂ, ਢੌਂਗੀ ਅਤੇ ਪਾਖੰਡੀ ਬਾਬਿਆਂ ਦੇ ਜਾਲ ਵਿੱਚ ਫਸੇ ਹੋਏ, ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਹਨ।  ਬਹੁਤ ਸਾਰੇ ਐਸੇ ਵੀ ਹਨ ਜੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਮੱਥਾ ਟੇਕਣ ਅਤੇ ਰੁਮਾਲਾ ਚੁੱਕ ਕੇ ਦਰਸ਼ਨ ਕਰਨ ਤਕ ਸੀਮਿਤ ਹਨ ਪਰ ਕਦੀ ਸ਼ਬਦ ਦੀ ਵਿਚਾਰ ਨਹੀਂ ਸੁਣੀ।ਗਰਬਾਣੀ ਵਿੱਚ ਗੁਰੂ ਸਾਹਿਬਾਨਾਂ ਨੇ ਅਜਿਹੇ ਸਿੱਖਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਸਮਝਾਇਆ ਹੈl

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਪੰਨਾ 594)

 ਆਓ! ਅੱਜ ਤੋਂ ਹੀ ਆਪਾਂ ਸੰਕਲਪ ਕਰੀਏ ਕਿ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਹੀ  ਨਹੀਂ ਟੇਕਣਾ ਹੈ ਬਲਿਕ  ‘ਸ਼ਬਦ-ਗੁਰੂ’ ਨਾਲ ਵਿਚਾਰ ਕਰਕੇ ਉਸ ਤੋਂ ਅਗਵਾਈ ਵੀ  ਲੈਣੀ ਹੈ।

   ਵਾਹਿਗੁਰੂ ਜੀ ਕਾ  ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »