ਸਿੱਖ ਇਤਿਹਾਸ

ਸਿਰੋਪਾਉ ਦੀ ਮਹਾਨਤਾ

 

ਸਿਰੋਪਾ ਫ਼ਾਰਸੀ ਦੇ ਸ਼ਬਦ ਸਰੋਪਾ ਤੋਂ ਲਿਆ ਗਿਆ ਹੈ, ਜਿਸ  ਦਾ ਮਤਲਬ ਹੈ, ਸਿਰ ਤੋਂ ਪੈਰ ਤੱਕ ਪਹਿਨਣ ਦੀ ਪੁਸ਼ਾਕ,ਜੋ ਕਿਸੇ ਮਹਾਨ ਕਾਰਨਾਮੇ ਲਈ ਕਿਸੇ ਨੂੰ ਬਾਦਸ਼ਾਹ ਵੱਲੋਂ ਖਿਲਤ ਦੇ ਰੂਪ ਵਜੋਂ ਦਿੱਤੀ  ਜਾਂਦੀ ਸੀl ਖਿਲਅਤ ਤੇ ਸਿਰੋਪਾਓ ਵਿੱਚ ਇਤਨਾ ਫਰਕ ਹੈ ਕਿ ਖਿੱਲਤ ਕਿਸੇ  ਰਾਜਨੀਤਿਕ ਸ਼ਕਤੀ ਵਜੋਂ ਦਿਤੀ ਜਾਂਦੀ ਹੈ ਪਰ ਸਿਰੋਪਾਓ ਸਿੱਖ ਧਰਮ ਵਿੱਚ ਗੁਰੂ ਦੀ ਬਖਸ਼ਿਸ਼ ਦਾ ਨਿਸ਼ਾਨ ਹੈ ਜੋ ਕਿਸੇ ਵੀ ਗੁਰੂ ਪਿਆਰੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤ ਦੀ ਹਜ਼ੂਰੀ ਵਿੱਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਸਿੰਘ ਸਾਹਿਬਾਨ, ਜਿਨ੍ਹਾਂ ਨੂੰ ਗੁਰੂ ਘਰ ਦਾ ਵਜ਼ੀਰ ਵੀ ਕਿਹਾ ਜਾਂਦਾ ਹੈ, ਵੱਲੋਂ ਹੀ ਬਖ਼ਸ਼ੀਸ਼ ਕੀਤੀ ਜਾ ਸਕਦੀ ਹੈ। ਸਿਰੋਪਾਉ ਸੰਗਤ ਰਾਹੀਂ ਦਿਤਾ ਜਾਣ ਵਾਲਾ ਇਨਾਮ ਇੱਕ ਸਿੱਖ ਲਈ  ਗੁਰੂ ਦਾ ਸੱਭ ਤੋਂ ਕੀਮਤੀ ਤੋਹਫ਼ਾ ਹੈl

ਗੁਰਬਾਣੀ ‘ਚ ਇਸ ਨੂੰ ਸਿਰਪਾਉ ਕਿਹਾ ਗਿਆ ਹੈl  ਸਿਰੋਂਪਾਉ ਸਿਰਫ਼  ਕੇਸਰੀ ਰੰਗ ਦਾ ਦੋ  ਢਾਈ ਗਜ ਦਾ ਕਪੜਾ, ਜਾਂ  ਸਿਰ ਤੋਂ ਪੈਰਾਂ ਤਕ ਢਕਣ ਦੇ ਤਿੰਨ  ਵਸਤਰ ਹੀ  ਨਹੀਂ  ਬਲਿਕ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਅਤੇ ਸੇਵਾ ਦੀ ਪ੍ਰਵਾਨਗੀ ਦੀ ਨਿਸ਼ਾਨੀ ਹੈ, ਸੇਵਕ ਦੀ ਸਦਾ  ਪੱਤ  ਢਕੀ ਰਹੇ, ਗੁਰੂ ਦਾ ਆਸ਼ੀਰਵਾਦ ਹੈl ਸਿਰੋਪਾਉ ਦੇ ਰੂਪ ਵਿੱਚ ਕੇਸਰੀ ਰੰਗ ਦਾ ਕੱਪੜਾ ਸਿੱਖ ਇਤਿਹਾਸ ਅਤੇ ਸਿੱਖ ਧਰਮ ਵਿੱਚ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਹ ਕੋਈ ਆਮ ਕੱਪੜਾ ਨਹੀਂ ਹੈ ਬਲਕਿ ਸਿੱਖ ਰਵਾਇਤਾਂ ਅਨੁਸਾਰ ਇਹ ਕੱਪੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੱਤ ਕੱਜਣ ਲਈ ਗੁਰੂ ਦੀ ਇੱਕ ਬਖ਼ਸ਼ੀਸ਼ ਹੈ ਜੋ  ਕੋਈ ਬਹੁਤ ਵੱਡਾ ਪਰਉਪਕਾਰੀ ਅਤੇ ਬਹਾਦਰੀ ਵਾਲਾ ਕਾਰਜ ਕਰਨ ਵਾਲੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤ ਦੀ ਹਜ਼ੂਰੀ ਵਿੱਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਸਿੰਘ ਸਾਹਿਬਾਨ, ਜਿਨ੍ਹਾਂ ਨੂੰ ਗੁਰੂ ਘਰ ਦਾ ਵਜ਼ੀਰ ਵੀ ਕਿਹਾ ਜਾਂਦਾ ਹੈ, ਵੱਲੋਂ ਅਕਾਲ ਪੁਰਖ ਦੀ ਬਖਸ਼ਿਸ਼ ਵਜੋਂ ਦਿੱਤਾ ਜਾਂਦਾ ਹੈl

ਗੁਰਬਾਣੀ ਵਿੱਚ  ਸਿਰਪਾਉ ਦਾ ਲਫ਼ਜ਼ ਬਹੁਤ ਵਾਰੀ ਜ਼ਿਕਰ ਵਿੱਚ ਆਇਆ ਹੈ

ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ        ” (੬੩੧)”। ਭਾਵ ਕਰਤਾਰ ਨੇ ਆਪਣੇ ਸੇਵਕਾਂ ਦੀ ਹਸਤੀ ਸਿਰੋਪਾਉ ਪਹਿਨਾ ਕੇ                                                                                  ਆਪਣੇ ਨਾਲ ਮਿਲਾ ਲਈ  ਹੈ ।

ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥(631)  ਹੇ ਨਾਨਕ!  ਪਰਮਾਤਮਾ ਆਪਣੇ ਸੇਵਕਾਂ ਨੂੰ ਭਗਤੀ (ਦਾ)                                                                         ਸਿਰੋਪਾ ਬਖ਼ਸ਼ਦਾ ਹੈ (ਇਸ ਤਰ੍ਹਾਂ) ਪਰਮਾਤਮਾ ਦਾ ਤੇਜ-ਪ੍ਰਤਾਪ (ਸਾਰੇ ਸੰਸਾਰ ਵਿਚ) ਰੌਸ਼ਨ ਹੋ ਜਾਂਦਾ ਹੈ ॥੨॥੩੦॥੯੪॥

ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥(1073) ਭਗਤ ਸਦਾ ਹੀ ਵਿਗਾਸ ਵਿੱਚ ਰਹਿੰਦਾ ਹੈ ਜਿਸ ਦੇ ਹਿਰਦੇ ਰੂਪੀ ਗਲ ਵਿੱਚ ਪ੍ਰਮਾਤਮਾਂ ਦੀ                                                                          ਬਖਸ਼ਿਸ਼ ਦਾ ਖਾਸ ਸਿਰਪਾਉ ਪੈਂਦਾ ਹੈ।

ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥(520ਪਰਮਾਤਮਾ ਵੱਲੋਂ ਇਹ ਪਿਆਰ ਸਹਿਤ ਬਖਸ਼ੀਸ਼ ਦਿੱਤੀ ਸਿਰ ਤੋਂ ਪੈਰਾਂ ਤਕ ਮੇਰੀ   ਪੱਤ  ਨੂੰ                                                                             ਢਕਣ ਲਈ ਪਿਆਰ ਦਾ ਪਟੋਲਾ ਮੈਂਨੂੰ ਬਖਸ਼ਿਸ਼ ਕੀਤਾ ਹੈ।

ਸਾਕਤ ਸਿਰਪਾਉ ਰੇਸ਼ਮੀ ਪਹਿਰਤ ਪਤਿ ਖੋਈ॥ (811) ਸ਼ਕਤੀ ਦੇ ਪੁਜਾਰੀ ਸਾਕਤ ਨੇ ਬਹੁਮੁੱਲੇ ਰੇਸ਼ਮੀ ਸਿਰਪਾਉ ਪਹਿਰ ਕੇ ਵੀ ਹਉਮੇ ਹੰਕਾਰ ਅਤੇ                                                                           ਵਿਸ਼ੇ ਵਿਕਾਰਾਂ ਕਾਰਨ ਆਪਣੀ ਇਜ਼ਤ ਗਵਾਈ ਹੈ।ਇਹ ਢੋਂਗੀ ਤੇ ਸਾਕਤ ਬੰਦਿਆ ਵਾਸਤੇ ਵਰਤਿਆ ਹੈ ਜੋ ਸਿਰੋਪਾਉ ਪੱਕੇ ਲੋਕ ਨਾਲ                                                                     ਠੱਗੀ ਕਰਦੇ ਹਨ l

ਸਿੱਖ ਧਰਮ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਗੁਰੂ ਅਮਰਦਾਸ ਜੀ ਵੱਲੋਂ ਤਨ ਮਨ ਨਾਲ ਗੁਰੂ ਨੂੰ ਸਮਰਪਿਤ ਹੋਕੇ ਨਿਭਾਈ ਸੇਵਾ ਘਾਲ ਕਮਾਈ ਕਰਕੇ ਗੁਰੂ ਅੰਗਦ ਦੇਵ ਜੀ  ਹਰ ਸਾਲ ਅਮਰਦਾਸ ਜੀ ਨੂੰ  ਸਿਰੋਪਾ ਦੀ  ਬਖਸ਼ਿਸ਼ ਕਰਦੇ  ਸੀl  ਗੁਰੂ ਅਮਰਦਾਸ ਵੀ ਉਸ ਸਿਰੋਪਾਉ ਦੇ ਮਾਨ ਸਨਮਾਨ ਲਈ  ਪੂਰਾ ਸਾਲ ਦਸਤਾਰ ਨੂੰ ਆਪਣੇ ਸੀਸ ਤੇ ਸੱਜਾਕੇ ਰੱਖਦੇ ਸਨ l ਤਦ ਤੋਂ ਇਹ ਪਰੰਮਪਰਾ  ਸ਼ੁਰੂ ਹੋਈ ਸੀ ਤੇ ਦਸਮ ਪਾਤਸ਼ਾਹ  ਤੋਂ ਬਾਅਦ ਵੀ ਅਜ ਤਕ ਚਲਦੀ ਆ ਰਹੀ  ਹੈl  ਇਹ ਸੇਵਾ ਕੋਈ ਵੀ ਹੋ ਸਕਦੀ ਹੈ ,ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਕਾਇਮ  ਰੱਖਣ ਵਿੱਚ   ਨਾਮ ਜਪਣ, ਕਿਰਤ ਕਮਾਈ ਨੂੰ ਵੰਡ ਛੱਕਣ,ਦੇਗ ਚਲਾਉਣ,ਜੋੜਿਆਂ ਦੀ ਸੇਵਾ, ਲੰਗਰ ਦੀ ਸੇਵਾ,ਬਰਤਨ ਮਾਂਜਣ ਦੇ ਸੇਵਾ,ਗੁਰੂ ਘਰ ਦੀ ਸੇਵਾ, ਗੁਰਦਵਾਰਿਆਂ ਦੀ ਸਾਫ ਸਫਾਈ ਧਰਮ ਯੁੱਧ ਲਈ  ਤੇਗ ਵਾਹੁਣ,ਗੁਰਮਤਿ ਦਾ ਪ੍ਰਚਾਰ ਪ੍ਰਸਾਰ, ਅਜ਼ਾਦੀ ਦੇ ਮੋਰਚਿਆਂ ਲਈ ਕੈਦ ਕੱਟਣੀ,  ਕਿਸੇ ਵੀ ਪਵਿੱਤਰ ਜਦੋਂ ਜਹਿਦ ਵਿੱਚ ਡਾਂਗਾ ਸੋਟੇ ਖਾਣੇ, ਹਥਿਆਰਬੰਦ ਜਾਂ ਸ਼ਾਂਤਮਈ ਸੰਘਰਸ਼ ਵਿੱਚ ਸਮਹੂਲਿਅਤ ਅਤੇ ਸ਼ਹਾਦਤਾਂ ਪਾਉਣ ਵਾਲਿਆਂ ਦੀ, ਕੌਮ ਦੇ ਹੱਕਾਂ ਹਿੱਤਾਂ ਲਈ ਸੰਘਰਸ਼ ਵਿੱਚ ਆਪਣਾ ਆਪ ਕੁਰਬਾਨ ਕਰਨ, ਜੇਲ੍ਹਾਂ ਵਿੱਚ ਤਸੀਹੇ ਝੱਲਣ ਜਾਂ ਤਨ ਮਨ ਨਾਲ ਘਾਲਣਾਂ ਘਾਲਣ ਵਾਲੇ ਗੁਰਸਿੱਖਾਂ ਦੀ ਸਤਿਕਾਰਤ ਸ਼ਖਸ਼ੀਅਤ ਦੀ ਹੋਂਦ ਤੇ l

ਅੱਜ ਫ਼ੌਜ ਵੱਲੋਂ  ਦੇਸ਼ ਲਈ ਕੁਰਬਾਨੀ ਅਤੇ ਕੋਈ ਉੱਚਾ ਕੰਮ ਕਰਨ ਵਾਲਿਆਂ ਨੂੰ ਵੀਰ ਚੱਕਰ, ਸੌਰਯ ਚੱਕਰ ਅਤੇ ਸ਼ਹਾਦਤ ਤੋਂ ਬਾਅਦ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ, ਠੀਕ ਇਸੇ ਤਰ੍ਹਾਂ  ਸਿੱਖ ਧਰਮ ਅੰਦਰ ਕਿਸੇ ਕੋਲ ਸਿਰੋਪਾਉ ਦੀ ਬਖ਼ਸ਼ੀਸ਼ ਹੋਣਾ  ਇੱਕ ਬਹੁਤ ਵੱਡੇ ਮਾਣ-ਸਤਿਕਾਰ ਵਾਲੀ ਗੱਲ ਸਮਝੀ ਜਾਂਦੀ ਹੈ। ਸਿੱਖ ਧਰਮ ਵਿੱਚ ਨਿੱਜੀ ਹਿੱਤਾਂ ਤੋਂ ਉਪੱਰ ਉਠਕੇ ਗੁਰੂ ਸਿਧਾਂਤ ਅਨੁਸਾਰ ਤਨ ਮਨ ਤੇ ਧਨ ਨਾਲ ਸੇਵਾ ਘਾਲਣਾਂ ਘਾਲ ਕੇ ਉਸਦੀ ਬਖੀਲੀ ਕਰਣਾ ਜਾਂ  ਮਨ ਵਿੱਚ ਕੋਈ ਮਾਣ ਸਨਮਾਨ ਦਾ ਫੁਰਨਾ ਨਾ ਫੁਰਨਾ , ਇਸ ਤਰ੍ਹਾਂ ਦੀ ਕੀਤੀ ਸੇਵਾ ਸਤਿਗੁਰ ਦੇ ਦਰ ਪ੍ਰਵਾਨ ਨਹੀਂ ਹੈ  ਪਰ ਅੱਜ  ਸਿਰੋਪਾਉ ਲੈਣ ਤੇ ਦੇਣ ਵਾਲਿਆ ਦੀ ਭਾਵਨਾਂ ਤਾਂ ਗੁਰੂ ਨੂੰ ਭਾਉਣ ਲਈ ਨਾ ਹੋ ਕੇ ਆਪਣੇ ਆਪਣੇ ਧੜ੍ਹਿਆਂ, ਗਰੁੱਪਾਂ, ਜਥੇਬੰਦੀਆਂ ਨੂੰ ਖੁਸ਼ ਕਰਨ ਲਈ  ਸਿਰੋਪਾਉ ਲਏ ਤੇ ਦਿੱਤੇ ਜਾ ਰਹੇ ਹਨ ।

ਪਰ ਗੁਰੂਦਵਾਰਾ ਸਾਹਿਬ ਵਿੱਚ ਦੋ ਢਾਈ ਮੀਟਰ ਦਾ ਕਪੜਾ ਗ੍ਰੰਥੀਆਂ  ਵੱਲੋਂ ਭੇਟ ਕਰਣਾ ਸਾਰਿਆਂ ਨੂੰ ਸਿਰੋਪਾਉ ਨਹੀਂ ਕਿਹਾ ਜਾਂ ਸਕਦਾ l ਸਿੱਖ ਧਰਮ ਖਾਸ ਕਰਕੇ ਦਰਬਾਰ ਸਾਹਿਬ ਵਿਖੇ ਪ੍ਰਚਲਡ ਪਰੰਪਰਾ ਅਨੁਸਾਰ ਦਿੱਤੇ ਜਾਣੇ ਕੇਸਰੀ ਕੱਪੜੇ ਦੇ ਵੱਖ ਵੱਖ  ਅਰਥ ਹਨl ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਕਿਸੇ ਸਨਮਾਨ ਯੋਗ ਵਿਅਕਤੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਤਸਵੀਰ ਧਾਰਮਿਕ ਕਿਤਾਬਾਂ ਦਾ ਸੈਟ ਤੇ ਨਾਲ ਉਸਦੇ ਗੱਲ ਵਿੱਚ ਕੇਸਰੀ ਕਪੜਾ ਜਾਂ ਸ਼ਾਲ ਆਦਿ ਪਾਇਆ ਜਾਂਦਾ ਹੈ ਤਾਂ ਉਹ ਸਿਰਫ਼ ਸਵਾਗਤ ਹੈ,  ਸਿਰਪਾਉ ਨਹੀਂ ਹੈl ਗੁਰੂ ਦੇ ਕੀਰਤਨੀਆਂ ਤੇ ਕਥਾਵਾਚਕਾਂ ਦੇ ਗਲੇ ਕੇਸਰੀ ਜਾਂ ਸਫੇਦ ਕਪੜਾ ਪਾਇਆ ਜਾਂਦਾ ਹੈ , ਉਹ  ਹਜ਼ੂਰੀਆ ਹੈ, ਸਿਰੋਪਾਉ ਨਹੀਂl ਦਰਬਾਰ ਸਾਹਿਬ ਵਿੱਚ ਜਦੋਂ ਸੰਗਤ ਕਿਸੇ ਖਾਸ ਰਕਮ ਤੋਂ ਵੱਧ ਮਾਇਆ ਭੇਟਾ ਕਰਦੀ ਹੈ ਤੇ ਕੇਸਰੀ ਕੱਪੜੇ ਵਿੱਚ ਲੇਪੇਟ ਕੇ ਪ੍ਰਸ਼ਾਦ ਵਜੋਂ ਪਤਾਸੇ, ਪਿੰਨੀ ਪ੍ਰਸ਼ਾਦ ਕੇਸਰੀ ਕੱਪੜੇ ਵਿੱਚ ਲਪੇਟ ਕੇ ਦਿੰਦੇ ਹਨ, ਉਹ ਭੇਟਾ ਹੈ  ਸਿਰੋਪਾਉ ਨਹੀਂ l ਸਿਰੋਪਾਉ ਅਸਲ ਵਿੱਚ ਉਹ ਹੈ ਜੋ ਕਿਸੇ ਵਿਅਕਤੀ ਨੂੰ ਕਲਮ, ਕੀਰਤਨ, ਕਥਾ, ਪ੍ਰਚਾਰ, ਪ੍ਰਬੰਧਕ ਸੇਵਾ ਬਦਲੇ ਕਿਸੇ ਵਿਸ਼ੇਸ਼ ਬੁਲਾਏ  ਧਾਰਮਿਕ ਦੀਵਾਨ ਵਿੱਚ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤ ਦੀ ਹਜੂਰੀ ਵਿੱਚ ਦਿੱਤਾ ਜਾਂਦਾ ਹੈ ਤੇ ਬਕਾਇਦਾ ਸਨਮਾਨ ਲੈਣ ਵਾਲੇ ਬਾਰੇ, ਤੇ ਇਸ ਬਖਸ਼ਿਸ਼ ਦੇ ਵਜਹ  ਸੰਗਤ ਵਿੱਚ ਸੰਬੋਧਿਤ ਕਰਕੇ ਦਿੱਤਾ ਜਾਂਦਾ ਹੈl ਸਿੱਖ ਕੌਮ ਦੇ ਕੁਝ ਧਰਮੀ ਸਿੱਖ ਜਿਨ੍ਹਾਂ ਨੂੰ ਅਕਾਲ ਪੁਰਖ ਵੱਲੋਂ ਇਹ ਬਖਸ਼ੀਸ਼ ਹੋਈ ਹੈ ,ਸਭ ਦਾ ਤਾਂ ਨਹੀਂ ਪਰ ਕੁਝ ਧਰਮੀ ਪੁਰਖਾਂ  ਦਾ ਨਾਮ ਦੇਣ ਦੀ ਕੋਸ਼ਿਸ਼ ਕਰ ਰਹੀਂ ਹਾਂl

ਨਿਰੰਗਕਰਿ ਕਤਲ ਕਾਂਡ ਤੋਂ ਬਾਅਦ ਨਕਲੀ ਨਿਰੰਕਾਰੀਆਂ ਦੀਆਂ ਗਤੀਵਿਧੀਆਂ ਬਾਰੇ ਆਪਣੀਆਂ ਲਿਖਤਾਂ ਨਾਲ ਦੇਸ਼ ਵਿਦੇਸ਼ ਨੂੰ ਜਾਣੂ ਕਰਵਾਉਣ ਵਾਲੇ ਸਿਰਦਾਰ ਕਪੂਰ ਸਿੰਘ ਨੂੰ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਦੀ ਉਪਾਧੀ ਦੇਣ  ਸਮੇ ਸਿਰਪਾਓ ਦੀ ਬਖਸ਼ਿਸ਼ ਹੋਈ ਸੀ l ਸਰ ਗੁਰਤੇਜ ਸਿੰਘ, ਆਈ.ਏ,ਐਸ ਨੂੰ ਪ੍ਰੋਫੈਸਰ ਆਫ਼  ਸਿੱਖਇਜ਼ਮ ਦਾ ਅਵਾਰਡ ਦਿੱਤਾ ਗਿਆ l ਗਿਆਨੀ ਸੰਤ ਮਸਕੀਨ ਸਿੰਘ ਜੀ ਨੂੰ ਗੁਰਮਤਿ ਮਾਰਤੰਡ , ਭਾਈ ਜਸਬੀਰ ਸਿੰਘ  ਵਾਲਿਆਂ ਨੂੰ ਭਾਈ ਗੁਰਦਾਸ ਅਵਾਰਡ, ਵਿਦੇਸ਼ਾਂ ਵਿੱਚ ਸਿੱਖੀ ਪ੍ਰਚਾਰ ਕਰਣ ਲਈ ਭਾਈ ਹਰਭਜਨ ਸਿੰਘ ਯੋਗੀ ਨੂੰ ਭਾਈ ਸਾਹਿਬ ਦਾ ਖਿਤਾਬ, ਜਥੇਦਾਰ ਗੁਰਬਚਨ ਸਿੰਘ ਟੋਹੜਾ ਗੁਰਪੁਰੀ ਸਿਧਾਰਨ ਪਿੱਛੋਂ ਪੰਥ ਰਤਨ ਦਾ ਖਿਤਾਬ ਦਿੰਦਿਆਂ  ਤਖਤ ਸਾਹਿਬ ਤੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈl

ਅੱਜ ਇਸ ਪਵਿੱਤਰ ਮਾਣ ਮਰਿਆਦਾ ਦਾ ਦੱਬ ਕੇ ਘਾਣ ਕੀਤਾ ਜਾ ਰਿਹਾ ਹੈ   ਸਿੱਖ ਕੌਮ ਦੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਲੈ ਕੇ ਕਿਸੇ ਵਿਰਲੇ ਗੁਰਦੁਆਰਾ ਸਾਹਿਬ ਨੂੰ ਛੱਡਕੇ ਸਿਰੋਪਾਉ ਦੇਣ ਤੇ ਲੈਣ ਵਾਲਿਆ ਵੱਲੋ ਇਸ ਨੂੰ ਕੱਪੜੇ ਦਾ ਟੋਟਾ ਜਾਣ ਕੇ ਇਸ ਦੀ ਮਹਾਨਤਾ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਸਿੱਖ ਕੌਮ ਦੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਵੀ ਇਤਿਹਾਸਿਕ ਗੁਰੂਦਵਾਰਿਆਂ ਵਿੱਚ ਮਾਇਆ ਦੇ ਚੜ੍ਹਾਵੇ ਦੇ ਹਿਸਾਬ  ਨਾਲ ਸਿਰੋਪਾਉ ਦਿੱਤਾ ਜਾਂਦਾ, ਜਿਸ ਨੂੰ ਗੁਰੂ ਦੀ ਬਖਸ਼ਿਸ਼ ਨਹੀਂ, ਮੁੱਲ ਖਰੀਦਿਆ ਸਿਰੋਪਾਉ ਕਿਹਾ ਜਾਂ ਸਕਦਾ ਹੈl ਰਾਜਸੀ ਲੋਕਾਂ ਵਿੱਚ ਦੂਸਰੀ ਪਾਰਟੀ ਦੇ ਲੋਕਾਂ ਨੂੰ ਆਪਣੀ ਪਾਰਟੀ ਵਿੱਚ ਰਲਾਉਣ ਲਈ ਇਸ ਦੀ ਦੁਰਵਰਤੋਂ ਕਰਕੇ ਸਿਰੋਪਾਉ ਦੀ ਮਹਾਨਤਾ ਦਾ  ਕੋਝਾ ਮਜ਼ਾਕ ਹੀ ਨਹੀਂ ਬਲਕਿ ਇਸ ਨੂੰ  ਪੈਰਾਂ ਵਿੱਚ ਰੋਲਣ ਵਾਲਾ ਕੰਮ ਕਰ ਰਹੇ ਹਨ।

ਪਰ ਦੁਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਸਿੱਖ ਸੰਸਥਾਵਾਂ ਨੇ ਇਸ ਦੀ ਪਹਿਰੇਦਾਰੀ ਕਰਨੀ ਸੀ ਉਹ ਇਸ ਗੁਨਾਹ ਵਿੱਚ ਖੁਦ ਸ਼ਾਮਲ ਹਨ । ਸੰਨ 1921 ਦੀ ਗੱਲ ਹੈ ਜਲਿਆਂਵਾਲੇ ਬਾਗ ਦੇ ਕਾਂਡ ਤੋਂ ਬਾਅਦ ਜਨਰਲ ਉਡਵਾਇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਰਬਰਾਹ ਅਰੂੜ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਨੂੰ  ਸਿਰੋਪਾਉ ਨਾਲ ਸਨਮਾਨਤ ਕੀਤਾ ਗਿਆ ਸੀ। ਜਿਸ ਨਾਲ ਸਿੱਖ ਧਰਮ ਵਿੱਚ ਹੱਲ ਚੱਲ ਮੱਚ ਗਈ ਸੀl  ਇਸ ਕਾਂਡ ਤੋਂ ਬਾਅਦ ਅੰਗਰੇਜ਼ਾਂ ਨੇ ਉਸਨੂੰ ਤਾਂ ਇੰਗਲੈਂਡ ਵਾਪਸ ਭੇਜ ਦਿੱਤਾ ਗਿਆ l ਪਰ ਇਸਦਾ ਅਸਰ ਸਿੱਖਾਂ ਦੀ ਬਗਾਵਤ ਦੇ ਰੂਪ ਵਿੱਚ ਉਭਰ ਆਈ l ਜਲੀਆਂਵਾਲਾ ਬਾਗ਼ ਵਿੱਚ  4-5 ਸਾਲ ਦਾ ਇੱਕ ਛੋਟਾ ਜਿਹਾ ਬਚਾ  ਸੋ ਉਸ ਵਕਤ ਲਾਸ਼ਾਂ ਦੇ ਢੇਰ ਵਿਚਕਾਰ ਖੜਾ ਸੀ ,ਉਸਦੇ ਦਿਲ ਤੇ ਇਤਨਾ ਗਹਿਰ ਅਸਰ ਹੋਇਆ ਕਿ ਉਹ 20 ਸਾਲ ਤਕ ਮੋਕੇ ਦੀ ਇੰਤਜ਼ਾਰ ਵਿੱਚ  ਰਿਹਾ ਤੇ ਅਖੀਰ ਲੰਦਨ ਵਿੱਚ ਉਸ ਨੂੰ ਭਰੀ ਸਭਾ  ਵਿੱਚ ਜਨਰਲ ਉਡਵਾਇਰ  ਨੂੰ ਗੋਲੀ ਨਾਲ ਉਡਾ ਦਿੱਤਾ  ਤੇ ਫਿਰ  ਬੜੇ ਫ਼ਕਰ  ਨਾਲ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਕੇ ,ਖੁਸ਼ੀ ਖੁਸ਼ੀ ਫਾਂਸੀ ਦੇ ਤੱਖਤੇ ਤੇ ਚੜ੍ਹ ਗਿਆl ਇਹ ਸੀ ਬੱਚਾ ਊਧਮ ਸਿੰਘ ਜਿਸਨੇ ਗੋਲੀ ਕਾਂਡ ਆਪਣੀ ਅੱਖੀਂ ਵੇਖਿਆ ਸੀ l  ਇਸਦਾ ਅਸਰ ਜਨਰਲ ਉਡਵਾਇਰ ਦੇ ਵਾਰਸਾਂ  ਤੇ ਇਤਨਾ ਗਹਿਰਾ  ਹੋਇਆ ਕਿ ਅਖੀਰ ਉਸ ਦੇ ਵਾਰਿਸਾਂ ਨੇ ਆਪਣੇ ਵੱਡਿਆਂ ਦੀ ਗਲਤੀ ਤੇ ਪਛਤਾਵਾ ਪ੍ਰਗਟ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਗੁਰੂਦਵਾਰਾ ਸਾਹਿਬ ਆਕੇ ਭਰੀ ਸੰਗਤ ਤੇ ਸਿੱਖ  ਕੌਮ ਕੋਲੋਂ ਮੁਆਫੀ ਮੰਗੀ ।ਪਰ ਅੱਜ ਸਿੱਖ ਕੌਮ ਦੀਆਂ ਸਿਰਮੌਰ ਧਾਰਮਿਕ ਪਦਵੀਆਂ ਅਤੇ ਸਿੱਖ ਸੰਸਥਾਵਾਂ ਵੱਲੋਂ ਜਨਰਲ ਉਡਵਾਇਰ ਨਾਲੋਂ ਵੀ ਕਿਤੇ ਵੱਡੇ ਗੁਨਾਹ ਕਰਨ ਵਾਲਿਆ ਨੂੰ ਸਿਰੋਪਾਉ ਤੇ ਸ਼੍ਰੀ ਸਾਹਿਬਾਂ ਨਾਲ ਸਨਮਾਨਤ ਕਰਦੇ ਆਮ ਦੇਖਿਆ ਜਾਂਦਾ ਹੈl

ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਵਿਖੇ ਵੀ ਕੜਾਹ ਪ੍ਰਸ਼ਾਦ ਅਤੇ ਸਿਰੋਪਿਆਂ ਦੀ ਭੇਟਾ ਅਮੀਰ ਗਰੀਬ ਲਈ ਵੱਖ-ਵੱਖ ਹੈ। ਲੋੜਵੰਦ ਗਰੀਬ  ਨੂੰ ਤਾਂ ਹਰ ਥਾਂ ਧੱਕੇ ਹੀ ਪੈਂਦੇ ਹਨ। ਮੁਆਫ ਕਰਨਾ ਅੱਜ ਗੁਰਦੁਆਰੇ ਆਦਿਕ ਧਰਮ ਅਸਥਾਨਾਂ ਵਿੱਚ ਕੀ ਨਹੀਂ ਵਿਕ ਰਿਹਾ? ਦੇਖੋ ਪਾਠ, ਕੀਰਤਨ, ਕਥਾ, ਸੁਖਮਨੀ ਸਾਹਿਬ, ਆਸਾ ਕੀ ਵਾਰ, ਅਨੰਦ ਕਾਰਜ, ਅਰਦਾਸਾਂ, ਰੁਮਾਲੇ, ਉਦਘਾਟਨ, ਉਠਾਲੇ ਅਤੇ ਡਾਕ ਰਾਹੀਂ ਕੀਤੇ ਕਰਾਏ ਪਾਠ ਅਤੇ ਹੁਕਮਨਾਮੇਂ ਆਦਿਕ ਸ਼ਰੇਆਮ ਵਿਕ ਰਹੇ ਹਨ। ਅਸੀਂ ਕਿਧਰ ਨੂੰ ਜਾਂ ਰਹੇ ਹਾਂ  ਹਾਂ? ਜਿਸ ਪੁਜਾਰੀਵਾਦ, ਬ੍ਰਾਹਮਣਵਾਦ, ਮਹੰਤਵਾਦ ਅਤੇ ਰਾਜਗਰਦੀਵਾਦ ਤੋਂ ਗੁਰੂਆਂ-ਭਗਤਾਂ ਨੇ ਸਾਨੂੰ ਬਚਾਇਆ ਸੀ ਅੱਜ ਅਸੀਂ ਉਸੇ ਦਲਦਲ ਵਿੱਚ ਫਿਰ ਫਸਦੇ ਜਾ ਰਹੇ ਹਾਂ।

                         ਵਾਹਿਗੁਰੂ ਜੀ ਕਾ  ਖਾਲਸਾ ਵਾਹਿਗੁਰੂ ਜੀ ਕਿ ਫਤਹਿ

Nirmal Anand

Add comment

Translate »