ਸਿੱਖ ਇਤਿਹਾਸ

ਸਿਮਰਨ ਕਰੋ , ਕਿਰਤ ਕਰੋ ਤੇ ਵੰਡ ਛਕੋ

ਨਾਮ ਸਿਮਰਨ ਦਾ  ਮਤਲਬ ਮਨ ਵਿਚ  ਪ੍ਰਮਾਤਮਾ ਦਾ ਭਉ ਤੇ ਭਾਉ (ਪਿਅਰ)ਰਖਦੇ, ਉਸਦੇ ਹੁਕਮ ਅੰਦਰ ਰਹਿੰਦਿਆ ਕੋਸ਼ਿਸ਼ ਕਰੋ ਅਮ੍ਰਿਤ ਵੇਲੇ ਉਠਕੇ, ਦਿਨ ਦੀਆਂ ਚਰਚਾਵਾਂ ਸ਼ੁਰੂ ਕਰਨ ਤੋਂ ਪਹਿਲਾਂ  ਉਸ ਨੂੰ ਯਾਦ ਕਰੋl  ਗੁਰਬਾਣੀ ਰਾਹੀਂ ਬਾਰ ਬਾਰ ਪ੍ਰਭੁ ਦਾ  ਗੁਣ-ਗਾਣ, ਸਿਫ਼ਤ-ਸਲਾਹ ਅਤੇ ਕਰਤੇ ਦੀਆਂ ਬਾਤਾਂ ਰਾਹੀਂ ਅਪਣੇ ਜੀਵਨ ਦੀ ਸੰਭਾਲ ਕਰਨਾ ਜਿਸ ਨਾਲ ਇਨਸਾਨ ਦੇ  ਜੀਵਨ ਅੰਦਰ ਦਇਆ, ਸਦਾਚਾਰ, ਉਚਾ ਆਚਰਣ, ਧੀਰਜ, ਸਹਿਣ -ਸ਼ੀਲਤਾ, ਸੰਤੋਖ, ਦ੍ਰਿੜਤਾ, ਅਟੁੱਟ ਵਿਸ਼ਵਾਸ, ਜੀਵਨ ਜੁੱਗਤ, ਦੁਚਿੱਤੀ ਤੋਂ ਛੁੱਟਕਾਰਾ, ਮਨ ਦਾ ਟਿਕਾਅ, ਮਨ ਦੀ ਸ਼ਾਂਤੀ, ਨਿਰਭੈਤਾ, ਅਡੋਲਤਾ, ਨਿਰਵੈਰਤਾ, ਕਾਦਿਰ ਦੀ ਸਹੀ ਪਹਿਚਾਣ ਆਦਿ ਅਨੇਕਾਂ ਰੱਬੀ ਗੁਣਾ ਦਾ ਵਾਸ ਹੋ ਹੰਦਾ ਹੈ । ਅਸੀਂ  ਕਰਤੇ ਦੀ ਰਜ਼ਾ ਵਿਚ ਰਹਿਕੇ ਵਿਕਾਰਾਂ `ਚ ਲੁਪਤ, ਕੁਰਾਹੇ ਪਏ ਅਤੇ ਮੋਹ-ਮਾਇਆ ਦੀ ਅਗਿਆਣਤਾ `ਚ ਡੁੱਬੇ ਹੋਏ ਜੀਵਨ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਉਸ  ਦੀ ਬਖਸ਼ਿਸ਼-ਰਹਿਮਤ ਦੇ ਹਕਦਾਰ ਹੋ ਸਕਦੇ ਹਾਂl

10 ਗੁਰੂ ਸਾਹਿਬਾਨਾ ਵਲੋਂ ਅਨੇਕਾਂ ਘਾਲਣਾ ਘਾਲ ਕੇ ਮਨੁੱਖਤਾ ਦੇ ਹਿਤ ਲਈ ਬਖਸ਼ੀ ਗਈ ਜੀਵਨ ਜਾਚ ਕਿਰਤ ਕਰਨਾ, ਵੰਡ ਛਕਣਾ ਤੇ ਉਸ ਵਹਿਗੁਰ ਦਾ ਸਿਮਰਨ ਮਤਲਬ ਸ਼ੁਕਰਾਨਾ ਕਰਨਾ  ਇਕ ਮਹੱਤਵ ਤੇ  ਪੂਰਨ ਜੀਵਨ ਜਾਚ ਹੈ, ਜਿਸ ਨੂੰ ਗੁਰੂ ਸਾਹਿਬਾਨਾ ਨੇ ਖੁਦ ਵੀ ਜੀਵਿਆ ਹੈl  ਗੁਰੂ ਨਾਨਕ ਸਾਹਿਬ ਨੇ ਬਚਪਨ ਵਿਚ ਮਝਾਂ ਚਾਰੀਆਂ , ਮੋਦੀ ਖਾਨਾ  ਚਲਾਇਆ,  ਹੱਥੀ ਕਿਰਸਾਨੀ ਵੀ ਕੀਤੀl ਜਦੋਂ ਦੂਸਰੇ ਗੁਰੂ ਸਾਹਿਬਾਨ ਨਾਲ ਉਨ੍ਹਾ ਦਾ ਮਿਲਾਪ ਹੋਇਆ ਤਾਂ ਉਨ੍ਹਾ ਨੇ ਇਕ ਆਮ ਕਿਸਾਨ ਦੀ ਤਰ੍ਹਾਂ ਸਿਰ ਤੇ ਭਾਰੀ ਚਿਕੜ ਭਰੀ ਘਾਹ ਦੀ ਪੰਡ ਚੁਕੀ ਹੋਈ ਸੀl ਕੋਈ ਮਜਬੂਰੀ ਨਹੀਂ ਸੀ ,ਇਹ ਪੰਡ ਉਹ ਆਪਣੇ ਕਿਸੇ ਕਰਿੰਦੇ ਤੋਂ ਵੀ ਚੁਕਵਾ ਸਕਦੇ ਸੀ ਪਰ ਉਨ੍ਹਾ ਦੀਆਂ ਨਜ਼ਰਾ ਵਿਚ ਕੋਈ ਛੋਟਾ ਕੰਮ ਨਹੀਂ ਸੀ l  ਗੁਰੂ ਨਾਨਕ ਸਾਹਿਬ ਦੇ ਪਿਤਾ ਇਕ ਰਜੇ -ਪੁਜੇ ਘਰ ਦੇ ਜਿਮੀਦਾਰ ਤੇ ਪਿੰਡ ਦੇ  ਪਟਵਾਰੀ ਸੀl ਉਨ੍ਹਾ ਦੇ ਦਸੀਆਂ ਲੀਹਾਂ ਤੇ ਦੂਸਰੇ ਗੁਰੂ ਸਾਹਿਬਾਨ , ਗੁਰੂ ਅੰਗਦ ਦੇਵ ਜੀ ਨੇ ਚਿਕੜ ਨਾਲ ਲਿਬੜੀਆਂ ਘਾਹ ਦੀਆਂ ਪੰਡਾ ਚੁਕੀਆਂl ਆਪਣੇ ਪੁਤਰਾਂ ਨੂੰ ਲੰਗਰ ਵਿਚੋ ਪ੍ਰਸ਼ਾਦਾ ਛਕਣ ਨੂੰ ਮਨਾ ਕਰ ਦਿਤਾ ਇਹ ਕਹਿਕੇ ਕਿ ਪਹਿਲੇ ਕਿਰਤ ਕਰਕੇ ਗੁਰੂ ਦੀ ਗੋਲਕ ਲਈ  ਦਸਵੰਧ ਅਰਪਨ ਕਰੋ ਫਿਰ ਤੁਸੀਂ ਲੰਗਰ ਦੇ ਹਕਦਾਰ ਹੋ ਸਕਦੇ ਹੋ l ਉਨ੍ਹਾ ਦੇ ਆਪਣੇ ਲਈ ਵੀ ਮਾਤਾ ਖੀਵੀ ਜੀ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਲਿਆਂਦੇ ਸੀl

ਗੁਰੂ ਅਮਰਦਾਸ ਵਲੋਂ ਚਲਾਏ ਗਏ  ਲੰਗਰ ਦੇ ਨਾਂਅ ਤੇ ਬਾਦਸ਼ਾਹ ਅਕਬਰ ਨੇ  ਜਗੀਰ ਲਾਉਣ ਦੀ ਪੇਸ਼ਕਸ਼ ਕੀਤੀ ਜੋ  ਇਸ ਕਰਕੇ ਠੁਕਰਾ ਦਿਤੀ ਗਈ ਕਿ ਜਗੀਰ ਦੀ ਮਾਇਆ ਕਿਤੇ ਸਿਖਾਂ ਨੂੰ ਨਿਖਟੂ ਨਾ ਬਣਾ ਦੇਵੇl ਲੰਗਰ ਕਿਰਤੀ ਸੰਗਤ ਦੀ ਦਸਵੰਧ ਨਾਲ ਚਲਣ ਦੀ ਪਰਮਪਰਾ ਬਣੀ ਰਹੇl ਅਕਬਰ ਨੇ ਬੀਬੀ ਭਾਨੀ ਨੂੰ ਆਪਣੀ ਬੇਟੀ ਮੰਨ ਕੇ ਉਸਦੇ ਨਾ ਤੇ ਜਗੀਰ ਲਗਾ ਦਿਤੀ ਜਿਥੇ ਅਜੇ ਹਰਮੰਦਿਰ ਸਾਹਿਬ ਗੁਰੂ ਦ੍ਵਾਰਾ ਬਣਿਆ ਹੈl ਗੁਰੂ ਰਾਮ ਦਸ ਜੀ ਆਪਣੇ ਸਿਰ ਤੇ ਘੁੰਗਣੀਆਂ ਵੇਚਣ ਦੀ ਕਿਰਤ ਕਰਕੇ ਆਪਣਾ ਤੇ ਆਪਣੀ ਨਾਨੀ ਦਾ ਨਿਰਬਾਹ ਕਰਦੇ ਰਹੇ l ਜਦੋਂ ਭਾਈ ਬਹੋੜੇ ਨੇ ਗੁਰੂ ਅਰਜਨ ਦੇਵ ਜੀ ਤੋ ਪੁਛਿਆ ਕਿ ਪਾਤਸ਼ਾਹ ਜੀ, ਮੈਂ ਕਿਹੜੀ ਕਿਰਤ ਕਰਾਂ ਤਾਂ ਜੋ ਆਪ ਨੂੰ ਭਾਵੇ”l ਤਾਂ ਗੁਰੂ ਸਾਹਿਬ ਨੇ ਫੁਰਮਾਇਆ,” ਭਾਈ ਜਿਸ ਨਾਲ ਜੀਵਨ ਦਾ ਨਿਰਬਾਹ ਹੋਵੇl ਰੋਟੀ ਕਮਾਓ  ਪਰ ਕਪਟ ਰਹਿਤ,  ਕਿਸੇ ਦੂਸਰੇ ਦਾ ਹਕ ਮਾਰਕੇ ਨਹੀਂ  ਤੇ ਆਪਣੀ ਕਮਾਈ ਨੂੰ ਪ੍ਰਭੂ ਹਿਤ ਵੰਡ ਕੇ ਛਕੋ ਤਾਕਿ ਮਨ ਨਿਰਮਲ ਹੋਵੇ ਤੇ  ਕੋਈ ਭੁਖਾ ਨਾ ਰਹੇl

ਰਹਿਤਨਾਮਿਆ ਵਿਚ ਵੀ ਗੁਰੂ ਦੀ ਸਿਖਾਂ ਨੂੰ ਆਪਣੀ ਉਪਜੀਵਕਾ ਹਿਤ ਕੋਈ ਵੀ  ਕਿਰਤ ਕਰਨ ਦੀ ਮਨਾਹੀ ਨਹੀਂ ਹੈ , ਖੇਤੀ ,ਵਪਾਰ, ਦਸਤਕਾਰੀ, ਨੋਕਰੀ  ਜਾਂ ਸੇਵਾ ਜੋ ਮੰਨ ਨੂੰ ਚੰਗੀ ਲਗੇ ਬਸ਼ਰਤੇ ਉਹ ਮੇਹਨਤ ਤੇ ਇਮਾਨਦਾਰੀ ਨਾਲ ਕੀਤੀ ਹੋਵੇ l ਗਿਆਨੀ ਕਰਤਾਰ ਸਿੰਘ ਕਲਾਸ ਵਾਲਿਆ ਨੇ ਆਪਣੀ ਕਿਤਾਬ ,” ਸ੍ਰੀ ਦਸਮੇਸ਼ ਪ੍ਰਕਾਸ਼ ” ਵਿਚ ਦਸਵੇਂ ਗੁਰੂ ਸਾਹਿਬਾਨ ਦੇ ਦਰਬਾਰ ਵਿਚ ਇਕ ਘਟਨਾ ਦਾ ਜ਼ਿਕਰ ਕੀਤਾ ਹੈl ਸਜੇ ਦਰਬਾਰ ਵਿਚ ਗੁਰੂ ਸਾਹਿਬ ਨੇ ਜਲ ਛਕਣ ਦੀ ਇਛਾ ਜਤਾਈl  ਉਨ੍ਹਾ ਦਾ ਗੜਵਈ ਬਾਹਰ ਕਿਸੇ ਕੰਮ ਗਿਆ ਹੋਇਆ ਸੀl ਇਕ ਨੋਜਵਾਨ, ਜੋ ਕਾਫੀ ਅਮੀਰ ਦਿਖ ਰਿਹਾ ਸੀ , ਭਜ ਕੇ ਪਾਣੀ ਦਾ ਕੋਲ ਲਿਆ ਕੇ ਸਤਿਕਾਰ ਸਹਿਤ ਗੁਰੂ ਸਾਹਿਬ ਅਗੇ ਪੇਸ਼ ਕੀਤਾl ਉਸਦੇ ਹਥ ਨਰਮ ਤੇ ਕੋਮਲ ਦੇਖ ਕੇ ਗੁਰੂ ਸਾਹਿਬ ਨੇ ਉਸਤੋਂ ਪੁਛਿਆ ਕਿ ਕਾਕਾ ਤੇਰੇ ਹਥ ਬੜੇ ਕੋਮਲ ਜਹੇ ਜਾਪਦੇ ਹਨ, ਤੂੰ ਕੇਹੜੀ ਕਿਰਤ ਕਰਦਾ ਹੈਂ ਤਾ ਉਸਨੇ ਕਿਹਾ ਕਿ ਸਚੇ ਪਾਤਸ਼ਾਹ ਮੈਂ ਬਹੁਤ ਅਮੀਰ ਮਾਂ-ਬਾਪ ਦਾ ਪੁਤਰ ਹਾਂ ਧਨ ਦੌਲਤ ਦੀ ਬਹੁਤਾਤ ਸਦਕਾ ਮੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਹੈl ਨੋਕਰ ਚਾਕਰ ਬਥੇਰੇ ਨੇl ਬੱਸ ਇਉਂ ਜਾਣੋ ਕਿ ਅਜੇ ਮੈਂ ਪਹਿਲੀ ਵਾਰੀ ਤੁਹਾਨੂੰ  ਜਲ ਛਕਾਉਣ  ਦਾ ਕੰਮ ਕਰ ਰਿਹਾ ਹਾਂ ,’ ਸਤਿਗੁਰੂ ਨੇ ਕਿਹਾ ਤੇਰਾ ਸੰਸਾਰ ਤੇ ਆਵਣਾ ਤੇ ਜੀਣਾ ਦੋਨੋ  ਧ੍ਰਿਗ ਹਨ , ਤੇਰੇ ਬਿਨਾ ਕਿਰਤ ਦੇ  ਜਿਸਮ ਵਿਚ ਤੇ ਇਕ ਮੁਰਦੇ ਦੇ ਜਿਸਮ ਵਿਚ ਕੋਈ ਫਰਕ ਨਹੀਂ ਹੈ  ਇਹ ਕਹਿਕੇ ਸਾਰਾ ਪਾਣੀ ਵਗਾਹ ਮਾਰਿਆ “

ਪੰਜਾਬ ਦੀ ਧਰਤੀ  ਨੂੰ ਗੁਰਾਂ ਦੇ ਨਾਂਅ ਤੇ ਜਉਂਦੀ- ਥੀਂਦੀ  ਆਖਣ ਵਾਲੇ ਮਹਾਨ ਸ਼ਾਇਰ ਪ੍ਰੋਫ਼ੇਸਰ ਪੂਰਨ ਜੀ ਨੇ ਲਿਖਿਆ ਹੈ ਕਿ ਸੁਚੀ ਕਿਰਤ ਕਰਨ ਵਾਲੇ ਦੇ ਹਥ -ਪੈਰ ਆਪ ਮੁਹਾਰੇ ਪਾਕ ਹੋ ਜਾਂਦੇ ਹਨ , ਮਾਨਸਿਕ ਚਿੰਤਨ ਕਿੰਨਾ ਵੀ ਉਚਾ ਕਿਓਂ ਨਾ ਹੋਵੇ, ਰੂਹ ਨੂੰ ਸਾਫ਼ ਨਹੀਂ ਕਰ ਸਕਦਾ ਪਰ ਸਰੀਰ ਨਾਲ ਕੀਤੀ ਕਿਰਤ ਆਪ ਮੁਹਾਰੀ , ਜਿਸ ਤਰਹ ਬਿਰਛਾਂ ਉਤੇ ਆਪਣੇ ਆਪ ਫਲ -ਫੁਲ ਆਣ ਲਗਦੇ ਹਨ , ਸਿੱਦਕ ਤੇ ਪਿਆਰ ਦੀ ਰਬਤਾ ਵਿਚ ਜੀਣ ਲਗਦੀ ਹੈ “l  ਭਾਈ ਗੁਰਦਾਸ ਜੀ ਆਪਣੀ  ਬਾਣੀ ਵਿਚ ਲਿਖਦੇ ਹਨ

                   ਘਾਲੀ ਖਾਇ ਸੁਕਿਰਤ ਕਰੈ ਵਡਾ ਹੋਇ ਨਾ ਆਪੁ ਗਣਾਏ

18 ਸਦੀ  ਦਾ ਸਿਖ ਜਰਨੈਲ ਭਾਈ ਲਹਿਣਾ ਸਿੰਘ, ਜਾਬਰ ਅਹਿਮਦ ਸ਼ਾਹ ਵਲੋਂ ਤੋਹਫ਼ੇ ਦੇ ਤੋਰ ਤੇ ਭੇਜੇ  ਕਾਬਲ ਦੇ ਸੁਕੇ ਮੇਵੇ  – ਕਾਜੂ, ਬਦਾਮ, ਕਿਸ਼ਮਿਸ ਤੇ ਪਿਸਤੇ ਦੀਆਂ  ਭਰੀਆਂ ਟੋਕਰੀਆਂ ਦੇ ਨਾਲ ਇਕ ਖਤ ਵਿਚ ਲਿਖੀ ਲਾਹੋਰ ਦੀ ਸੂਬੇਦਾਰੀ  ਤੋਹਫ਼ੇ ਵਜੋਂ ਭੇਜਦਾ ਹੈl ਜਿਸਦੇ ਜਵਾਬ ਵਿਚ ਭਾਈ ਲਹਿਣਾ ਸਿੰਘ ਲਿਖਦੇ ਹਨ, ‘ ਕਾਜੂ ਪਿਸਤੇ ਤੇ ਬਦਾਮ ਬਾਦਸ਼ਾਹਾਂ ਦੀ ਖੁਰਾਕ ਹੈ, ਮੈਂ ਇਕ ਪੰਥ ਦਾ ਸਿਪਾਹੀ ਹਾਂ ਜੋ ਭੁਜੇ ਛੋਲਿਆਂ ਤੇ ਗੁਜਾਰਾ ਕਰਦਾ ਹੈl ਬਾਕੀ ਰਹੀ  ਸੂਬੇਦਾਰੀ ਦੀ ਗਲ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿਖ ਹਾਂ ਤੇ ਆਪਣੇ ਕਲਗੀਧਰ ਪਾਤਸ਼ਾਹ  ਤੋਂ ਬਿਨਾ ਕਿਸੇ ਹੋਰ ਦਾ ਬਖਸ਼ੀ ਹੋਈ ਸੂਬੇਦਾਰੀ ਤਾਂ ਕੀ ਤ੍ਰੇਲੋਕੀ ਰਾਜ ਵੀ ਲੈਣ ਨੂੰ ਤਿਆਰ ਨਹੀਂ ਹਾਂ”l

ਵੰਡ ਛਕਣ ਦਾ ਕੋਈ ਵਕਤ, ਕੋਈ ਸੀਮਾ ਜਾਂ ਕੋਈ ਜਗਹ ਨਹੀਂ ਹੁੰਦੀ ,ਜਿਥੇ ਵੀ ਕਿਸੇ ਭੁਖੇ, ਅਸਹਾਏ ਜਾਂ ਲੋੜਵੰਦ ਨੂੰ ਦੇਖੋ ਉਸਦੀ ਲੋੜ ਜਿਤਨੀ ਤੁਹਾਡੀ ਤੋਫੀਕ ਹੋਵੇ  ਪੂਰੀ ਕਰਨ ਦੀ ਕੋਸ਼ਿਸ਼ ਕਰੋ, ਉਸਦੀ ਮਦਤ ਕਰੋ – ਲੋੜ ਚਾਹੇ ਕਿਸੇ ਚੀਜ਼ ਦੀ ਹੋਵੇ, ਭੁਖ ਵਜੋਂ ਜਾਂ ਕਿਸੇ ਦੁਖ ਵਜੋਂ ,ਸ਼ੁਭ  ਭਾਵਨਾਵਾਂ ਦੀ ਇਹ ਤ੍ਰਿਵੇਣੀ ਸਿਖ ਸਮਾਜ ਦਾ ਮੂਲ ਅਧਾਰ ਹੈ l  ਕਿਸਾਨਾ ਦੇ ਅੰਦੋਲਨ ਤੇ  ਮਹਾਮਾਰੀ ਜਿਸ ਨੂੰ ਸਾਲ ਤੋ ਉਪਰ ਹੋ ਚਲਿਆ ਹੈ, ਸਿਖ ਕੌਮ ਨੇ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਚਲਕੇ  ਦੁਨਿਆ ਨੂੰ  ਦਿਖਾ ਦਿਤਾ ਹੈ, ਉਹ ਗੁਰੂ ਨਾਨਕ ਦੇ ਸਿਖ ਹਨ  ਇਹੀ ਸਿਖੀ ਸਮਾਜ ਦੀ ਵਿਲਖਣਤਾ ਹੈ ਅਤੇ ਇਸੇ ਕਰਕੇ ਸਿਖ ਸਮਾਜ ਨੂੰ ਮਾਨਵੀ ਕਦਰਾਂ -ਕੀਮਤਾਂ ਦਾ ਪਹਿਰੇਦਾਰ ਮਨਿਆ ਜਾਂਦਾ ਹੈl ਗੁਰੂ ਨਾਨਕ ਸਾਹਿਬ ਨੇ ਕਿਹਾ ਹੈ –

              ਨਾਨਕ ਸੋ ਪ੍ਰਭ ਸਿਮਰੀਐ

              ਤਿਸੁ ਦੇਹੀ ਕੋ ਪਾਲਿ

ਕਬੀਰ ਜੀ ਕਹਿੰਦੇ ਹਨ

           ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮਾਲਿ ,

           ਹਾਥ ਪਾਉ ਕਰ ਕਾਮ ਸਭਿ ਚੀਤ ਨਿਰੰਜਨ ਨਾਲ

           ਘਾਲਿ ਖਾਇ ਕਿਛੁ ਹਥਹੁ ਦੇਹਿ

           ਨਾਨਕ ਰਾਹੁ ਪਛਾਣਹਿ ਸੋਇ

ਵੰਡ ਛਕਣ ਨਾਲ ਧਨ ਪ੍ਰਤੀ ਲੋਭ , ਲੋਭ ਤੋ ਉਪਜੇ ਮੋਹ , ਮੋਹ ਤੋ ਪੈਦਾ ਹੋਏ ਹੰਕਾਰ , ਹੰਕਾਰ ਤੋ ਪਰਫ਼ੁਲਤ ਹੋਇਆ ਕ੍ਰੋਧ, ਤੇ ਮਾਇਆ ਦੀ ਹੋਂਦ ਤੋ ਪੈਦਾ ਹੋਈ ਐਸ਼ੋ-ਇਸ਼ਰਤ ਤੇ  ਵਿਲਾਸਤਾ ਦੀਆਂ ਭਾਵਨਾਵਾਂ ਨੂੰ ਠੱਲ ਪੈ ਜਾਂਦੀ ਹੈ l ਇਹ ਅਵਸਥਾ ਨੂੰ ਨਿਅਮਤ ਕਰਨ ਲਈ ਸਾਡੇ ਗੁਰੂ ਸਾਹਿਬਾਨਾ ਨੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਦੀ ਪਰੰਪਰਾ ਸ਼ੁਰੂ ਕੀਤੀ ਸੀ ਜੋ ਗੁਰੂ ਕਿ ਗੋਲਕ ਵਿਚ ਪਾਈ ਜਾਂਦੀ ਸੀ ਜਿਸ ਗੋਲਕ ਨੂੰ  ਗੁਰੂ ਸਾਹਿਬ ਨੇ  ਗਰੀਬ ਦਾ ਮੂੰਹ ਆਖਿਆ ਹੈ l ਵੰਡ ਛਕਣਾ ਖਾਲੀ ਰੋਟੀ ਕਪੜਾ ਜਾ ਮਕਾਨ ਨਾਲ ਹੀ ਸਬੰਧਿਤ ਨਹੀ ਹੈ, ਬਲਿਕ ਵਿਚਾਰਾਂ ਦਾ ਵੀ ਹੁੰਦਾ ਹੈ, ਮਤਬਲ ਭੁਖ, ਦੁਖ,ਤੇ ਹਰ ਮੁਸੀਬਤ ਵੇਲੇ ਕਿਸੇ ਦੇ ਕੰਮ ਆਉਣਾ, ਉਸ ਨੂੰ  ਆਸਰਾ ਦੇਣਾ ਹੀ ਇਨਸਾਨੀਅਤ ਹੈl

ਪੰਜਾ ਦਰਿਆਵਾਂ ਦੇ ਜਰਖੇਜ਼ ਖਿਤੇ ਵਿਚ  ਪੈਦਾ ਹੋਇਆ ਨਿਰਮਲ ਪੰਥ ਅਜ ਵੀ  ਵਿਸ਼ਵ ਦੇ ਹਰ ਕੋਨੇ ਵਿਚ ਆਪਣੀ ਨਵੇਕਲੀ ਪਹਿਚਾਣ  ਦਾ  ਪਰਚਮ ਲਹਿਰਾ ਰਿਹਾ ਹੈl ਬੇਸ਼ਕ ਸਵੇ ਸਿਰਜੀਆਂ  ਜਾਂ ਮੂੰਹ ਜੋਰ ਹਾਲਾਤਾਂ ਦੀਆਂ ਥੋਪੀਆਂ ਹੋਈਆਂ ਮਜਬੂਰੀਆਂ ਹੋਣ ਪਰ ਅਜੇ ਵੀ ਕਦੇ  ਗੁਰੂ ਨਾਨਕ ਦੇ ਸਿਖ ਨੂੰ ਭੀਖ ਮੰਗਦਿਆਂ, ਚੋਰੀ, ਠਗੀ ਜਾਂ ਬੇਈਮਾਨੀ ਕਰਦਿਆਂ ਨਹੀਂ ਦੇਖਿਆ ਹਾਂ  ਕੋਈ ਇਕ ਦੁਕਾ ਹੋਵੇ ਤਾਂ ਕਿਹਾ ਨਹੀਂ ਜਾ ਸਕਦਾl ਲੋਕ ਸਿਖਾਂ ਤੇ ਅਜ ਵੀ ਭਰੋਸਾ ਕਰਦੇ ਹਨl ਇਹ ਮੇਹਰ ਉਸ ਗੁਰੂ ਨਾਨਕ ਦੇਵ ਜੀ ਦੀ ਹੈ ਜਿਨ੍ਹਾ ਨੇ ਸਿਖਾਂ ਦੇ ਰਾਹ ਵਿਚ ਇਹ ਤਿੰਨ ਥਮ ਉਨ੍ਹਾ ਦੀ ਚੜਦੀ ਕਲਾ ਲਈ ਖੜੇ ਕੀਤੇ ਸਨl ਰੱਬ ਕਰੇ ਗੁਰੂ ਨਾਨਕ ਸਾਹਿਬ ਦੇ ਬਨਾਏ ਇਹ  ਥੰਮ ਕਿਰਤ , ਸੁਕਿਰਤ ਤੇ ਉਸ ਪ੍ਰਮਾਤਮਾ ਦੀ ਕੀਰਤੀ ਨੂੰ ਅਸੀਂ ਆਪਣੀ ਰਹਿਣੀ ਬਹਿਣੀ ਦਾ ਹਿੱਸਾ ਬਣਾਉਂਦੇ ਹੋਏ ਆਪਣੇ, ਦੇਸ਼,ਕੋਮ ਤੇ ਸਰੱਬਤ ਦਾ ਭਲਾ ਕਰਨ ਦਾ ਉਦਮ-ਉਪਰਾਲਾ ਕਰਦੇ ਗੁਰੂ -ਪਾਤਸ਼ਾਹ ਦੀਆਂ ਖੁਸ਼ੀਆਂ ਹਾਸਲ ਕਰੀਏi

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »