{:en}SikhHistory.in{:}{:pa}ਸਿੱਖ ਇਤਿਹਾਸ{:}

ਸਿਖ ਰਹਿਤ ਮਰਯਾਦਾ

ਸੰਸਕ੍ਰਿਤ-ਹਿੰਦੀ ਸ਼ਬਦ-ਕੋਸ਼ ਅਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ: ਸਮਾਜ ਅਥਵਾ ਰਾਜ ਵੱਲੋਂ ਥਾਪਿਆ ਨਿਯਮ। ਜਾਂਜੋ ਦੇਸ ਅਥਵਾ ਸਮਾਜ ਦੀ ਹੱਦ-ਬੰਦੀ ਕਰੇ, ਉਸਨੂੰ ਮਰਯਾਦਾ ਕਿਹਾ ਜਾਂਦਾ ਹੈ ।ਮਨੁੱਖ  ਜਦ  ਸੰਸਾਰ ਵਿੱਚ ਆਉਂਦਾ ਹੈ, ਉਹ ਕਿਸੇ ਵੀ ਸੰਸਾਰਕ ਮਰਯਾਦਾ ਦਾ ਮੁਥਾਜ ਨਹੀਂ ਹੁੰਦਾ, ਅਤੇ ਜਦੋਂ ਉਹ ਇੱਥੋਂ ਜਾਂਦਾ ਹੈ, ਉਦੋਂ ਵੀ ਉਹ ਮਰਯਾਦਾ-ਮੁਕਤ ਹੋ ਕੇ ਹੀ  ਜਾਂਦਾ ਹੈ। ਮਰਯਾਦਾਵਾਂ ਦੇ ਨਾਮੁਰਾਦ ਤੇ ਮਨਹੂਸ ਸੰਗਲ ਮਨੁੱਖ ਨੇ ਆਪਣੇ ਗਲ ਵਿੱਚ ਆਪ ਹੀ ਪਾਏ ਹਨ ! ਪਰਮਾਤਮਾ ਦਾ ਕੋਈ ਹੱਦ-ਬੰਨਾ ਨਹੀਂ,ਉਹ ਬੇਅੰਤ ਤੇ ਸੀਮਾ-ਰਹਿਤ ਹੈ। ਜੇ ਮਨੁੱਖ ਪਰਮਾਤਮਾ ਦੀ ਬਣੀ ਰਹਿਤ – ਮਰਯਾਦਾ ਤੇ ਚੱਲਦਾ ਤਾਂ ਅੱਜ ਉਸ ਦੀ ਸਿਰਜੀ ਸਾਰੇ ਜਗਤ ਵਿੱਚ ਪਸਰੀ ਮਨੁੱਖਤਾ ਨੂੰ ਧਰਮ ਦੇ ਹੱਦ-ਬਨਿਆਂ ਵਿੱਚ ਬਨਣ ਦੀ  ਲੋੜ ਹੀ ਨਾ  ਪੈਂਦੀl ਧਰਮ ਉੱਤੇ ਭਾਰੂ ਸੰਸਾਰਕ ਮਰਯਾਦਾਵਾਂ (ਹੱਦ-ਬੰਨਿਆਂ) ਨੂੰ ਬਿਬੇਕ ਤੇ ਗਿਆਨ ਨਾਲ ਨਕਾਰਨ ਵਾਲੇ ਮਹਾਂਪੁਰਖਾਂ ਦੇ ਬਖ਼ਸ਼ੇ ਹੋਏ ਗੁਰਮਤਿ ਦੇ ਪਵਿੱਤਰ, ਵਿਆਪਕ ਤੇ ਮਾਨਵਵਾਦੀ ਫ਼ਲਸਫ਼ੇ ਨੂੰ ਮਰਯਾਦਾ ਦੀਆਂ ਕੰਡਿਆਲੀਆਂ ਵਾੜਾਂ-ਵਲਗਣਾਂ ਨਾਲ ਮਰਯਾਦਾ-ਬੱਧ ਕਰਨਾ ਗੁਰਮਤਿ ਦੇ ਸੂਖਮ ਸਿੱਧਾਂਤਾਂ ਦੀ ਬੇਅਦਬੀ, ਗੁਰੂਆਂ ਨਾਲ ਗ਼ੱਦਾਰੀ ਤੇ ਗੁਰਮਤਿ ਦੇ ਸੱਚੇ ਸ਼੍ਰੱਧਾਲੂਆਂ ਨਾਲ ਸਰਾਸਰ ਧੋਖਾ ਹੈ! ਪਰ ਅੱਜ ਦਾ ਮਨੁੱਖ ਜਿਤਨੀ ਤਰੱਕੀ ਕਰਕੇ ਉੱਪਰ ਉੱਠਿਆ ਹੈ ਉਤਨਾ ਹੀ ਅਧਿਆਤਮਿਕ ਤੌਰ ਤੇ ਥੱਲੇ ਡਿੱਗ ਰਿਹਾ ਹੈ ਜਿਸ ਕਰਕੇ ਰਹਿਤ ਨਾਮੇ ਅਤੇ ਮਰਯਾਦਾਵਾਂ ਲਾਗੂ ਕਰਨੀਆਂ ਜਰੂਰੀ ਹੋ ਗਇਆਂ ਹਨ -ਉਹ ਵੱਖਰੀ ਗੱਲ ਹੈ ਕਿ ਕਿਤਨਾ ਕੋਈ ਮਨੁੱਖ ਇਸਤੇ ਚੱਲਦਾ ਹੈ? 

 ਸਿੱਖ ਰਹਿਤ –ਮਰਯਾਦਾ  

ਗੁਰਦੁਆਰਾ ਸੁਧਾਰ ਲਹਿਰ ਮਗਰੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਕੇ ਸਿੱਖਾਂ ਨੇ ਸੰਨ 1945 ਵਿੱਚ ‘ਸਿੱਖ ਰਹਿਤ ਮਰਿਆਦਾ’ ਬਣਾਈ, ਜਿਸ ਵਿੱਚ ਸਿੱਖਾਂ ਨਾਲ ਸਬੰਧਤ ਸੰਸਕਾਰਾਂ ਤੇ ਰਹੁ-ਰੀਤਾਂ ਨੂੰ ਦਰਜ ਕੀਤਾ ਗਿਆ। ਇਹ ਪੁਰਾਤਨ ਰਹਿਤਨਾਮਿਆਂ ਤੇ ਇਤਿਹਾਸ ਦੀ ਪੂਰੀ ਖੋਜ ਕਰਕੇ ਬਣਾਈ ਗਈ। ਇਸਦਾ ਖਰੜਾ ਤਾਂ ਸੰਨ 1936 ਵਿੱਚ ਹੀ ਤਿਆਰ ਹੋ ਗਿਆ ਸੀ ਪਰ ਇਸਦੇ ਵੱਖ-ਵੱਖ ਪੱਖਾਂ ਤੇ ਵਿਚਾਰ ਕਰਨ ਲਈ ਤਕਰੀਬਨ 9 ਸਾਲ ਦਾ ਸਮਾਂ ਲੱਗ ਗਿਆ। ਇੱਕ ਵਾਰ ਤਾਂ ਸਮੁੱਚੇ ਪੰਥ ਨੇ ਇਸ ਰਹਿਤ ਮਰਿਆਦਾ ਨੂੰ ਮੰਨ ਲਿਆ ਸੀ ਪਰ 1947 ਤੋਂ ਬਾਅਦ ਸਰਕਾਰੀ ਸਾਜ਼ਿਸ਼ਾਂ ਤਹਿਤ ਪੈਦਾ ਕੀਤੇ ਗਏ ਸੰਤ-ਬਾਬਿਆਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ, ਜਿਨ੍ਹਾਂ ਦੀ ਅਗਵਾਈ ਅਜੋਕੀ ‘ਦਮਦਮੀ ਟਕਸਾਲ’ ਕਰਦੀ ਰਹੀ।

ਅਜੋਕੀ ‘ਦਮਦਮੀ ਟਕਸਾਲ’ ਪਹਿਲਾਂ ‘ਭਿੰਡਰਾਂ ਵਾਲਾ ਜਥਾ’ ਕਹਾਉਂਦਾ ਹੁੰਦਾ ਸੀ, ਜੋ ਸੰਤ ਸੁੰਦਰ ਸਿੰਘ ਤੋਂ ਅਰੰਭ ਹੋਇਆ ਸੀ ਤੇ ਅੰਗਰੇਜ਼ਾਂ ਵੇਲੇ ਪਿੰਡਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਦਾ ਹੁੰਦਾ ਸੀ। ਸੰਤ ਸੁੰਦਰ ਸਿੰਘ ਦਾ ਪਿੰਡ ਭਿੰਡਰ ਕਲਾਂ (ਨੇੜੇ ਮੋਗਾ) ਸੀ ਤੇ ਉਨ੍ਹਾਂ ਜੈਤੋ ਦੇ ਮੋਰਚੇ ਸਮੇਤ ਕਈ ਪੰਥਕ ਸੰਘਰਸ਼ਾਂ ਵਿੱਚ ਵੀ ਹਿੱਸਾ ਲਿਆ ਸੀ। ਸੰਤ ਸੁੰਦਰ ਸਿੰਘ ਦੇ ਚਲਾਣੇ ਤੋਂ ਮਗਰੋਂ ਵੀ ਇਹ ‘ਭਿੰਡਰਾਂ ਵਾਲਾ ਜਥਾ’ ਚੱਲਦਾ ਰਿਹਾ ਤੇ ਜੂਨ 1984 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸੰਤ ਜਰਨੈਲ਼ ਸਿੰਘ (ਭਿੰਡਰਾਂਵਾਲੇ) ਤਕ ਪੰਥ ਵਿੱਚ ਛਾਇਆ ਰਿਹਾ। ਪਰ ਇਸ ਜਥੇ ਨੇ ਆਪਣੀ ਰਹਿਤ ਮਰਿਆਦਾ ਸੰਨ 1945 ਵਿੱਚ ਪ੍ਰਵਾਨ ਕੀਤੀ ਗਈ ‘ਸਿੱਖ ਰਹਿਤ ਮਰਿਆਦਾ’ ਤੋਂ ਕੁੱਝ ਵੱਖਰੀ ਹੀ ਰੱਖੀ। ਦਰਅਸਲ ਸੰਤ ਸੁੰਦਰ ਸਿੰਘ ਤੋਂ ਪਹਿਲਾਂ ਇਸ ਸੰਪਰਦਾ ਨਾਲ ਸਬੰਧਤ ਲੋਕ ਬ੍ਰਾਹਮਣਵਾਦੀ ਰੀਤਾਂ-ਰਸਮਾਂ ਦੇ ਧਾਰਨੀ ਸਨ।  ਸੰਤ ਗੁਰਬਚਨ ਸਿੰਘ (ਭਿੰਡਰਾਂਵਾਲੇ) ਦੀ ਕਿਤਾਬ ‘ਗੁਰਬਾਣੀ ਪਾਠ ਦਰਸ਼ਨ’ ਵਿੱਚ ਕਈ ਗੁਰਮਤਿ ਤੋਂ ਉਲਟ ਗੱਲਾਂ ਲਿਖੀਆਂ ਹੋਈਆਂ ਹਨ। ਸੰਤ ਕਰਤਾਰ ਸਿੰਘ ‘ਭਿੰਡਰਾਂ ਵਾਲੇ ਜਥੇ’ ਦੀ ਮਰਿਆਦਾ ਪੰਥ ਪ੍ਰਵਾਨਤ ਰਹਿਤ ਮਰਿਆਦਾ ਨਾਲ ਮਿਲਾਉਣ ਲਈ ਰਾਜ਼ੀ ਸਨ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਰੰਗ ਨਾ ਲਿਆ ਸਕੀਆਂ ਤੇ ਉਹ ਛੇਤੀ ਹੀ ਇੱਕ ਐਕਸੀਡੈਂਟ ਵਿੱਚ ਚੜ੍ਹਾਈ ਕਰ ਗਏ।

ਜੂਨ 1984 ਦੇ ਘੱਲੂਘਾਰੇ ਮਗਰੋਂ ਜਦੋਂ 26 ਜਨਵਰੀ 1986 ਨੂੰ ਇਸ ਜਥੇ ਦੀ ਅਗਵਾਈ ਵਿੱਚ ਅਕਾਲ ਤਖਤ ਤੇ ‘ਸਰਬੱਤ ਖਾਲਸਾ’ ਹੋਇਆ ਤਾਂ ਉਥੇ ਪੰਥ ਪ੍ਰਵਾਨਤ ਰਹਿਤ ਮਰਿਆਦਾ ਨੂੰ ਰੱਦ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਗੱਲ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ‘ਸਿੱਖ ਰਹਿਤ ਮਰਿਆਦਾ’ ਸਾਰੇ ਪੰਥ ਦੀ ਸਹਿਮਤੀ ਨਾਲ ਵਿਦਵਾਨਾਂ ਨੇ ਤਿਆਰ ਕੀਤੀ ਹੋਈ ਹੈ। ਇਸ ਵਿੱਚ ਜੇਕਰ ਸਮੇਂ ਅਨੁਸਾਰ ਕੁੱਝ ਸੋਧਾਂ ਕਰਨ ਦੀ ਲੋੜ ਹੈ, ਤਾਂ ਉਹ ਵਿਦਵਾਨਾਂ ਤੋਂ ਸੇਧ ਲੈ ਕੇ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਨੂੰ ਰੱਦ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਇਹ ‘ਸਿੱਖ ਰਹਿਤ ਮਰਿਆਦਾ’ ਸੰਨ 1925 ਵਿੱਚ ਬਣੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਬਣਾਈ ਗਈ ਸੀ, ਇਸ ਲਈ ਸ਼ਰੋਮਣੀ ਕਮੇਟੀ ਦਾ ਇਹ ਫਰਜ਼ ਬਣਦਾ ਸੀ ਕਿ ਉਹ ਇਸਨੂੰ ਸਮੁੱਚੇ ਪੰਥ ਵਿੱਚ ਲਾਗੂ ਕਰਵਾਉਂਦੀ ਪਰ ਸ਼ਰੋਮਣੀ ਕਮੇਟੀ ਨੇ ਆਪਣਾ ਫਰਜ਼ ਨਾ ਨਿਭਾਇਆ। ਸ਼ਰੋਮਣੀ ਕਮੇਟੀ ਤਾਂ ਦਰਬਾਰ ਸਾਹਿਬ ਵਿੱਚ ਅੰਗਰੇਜ਼ਾਂ ਵੱਲੋਂ ਬੰਦ ਕੀਤਾ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਤੇ ‘ਰਾਜ ਕਰੇਗਾ ਖਾਲਸਾ’ ਦਾ ਦੋਹਰਾ ਪੜ੍ਹਨਾ ਵੀ ਮੁੜ ਤੋਂ ਸ਼ੁਰੂ ਨਹੀਂ ਕਰਵਾ ਸਕੀl

ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਰੋਮਣੀ ਕਮੇਟੀ ਦੀ ਬੇਧਿਆਨੀ ਜਾਂ ਕਮਜੋਰੀ  ਕਰਕੇ  ‘ਸਿੱਖ ਰਹਿਤ ਮਰਿਆਦਾ’ ਸਹੀ ਢੰਗ ਨਾਲ ਲਾਗੂ ਨਹੀਂ ਹੋ ਸਕੀ ਤੇ ਜਥਿਆਂ, ਸੰਪਰਦਾਵਾਂ ਵਾਲੇ ਆਪੋ ਆਪਣੀ ਰਹਿਤ ਮਰਿਆਦਾ ਬਣਾਈ ਫਿਰਦੇ ਹਨ। ‘ਸੰਤ ਸਮਾਜ’ ਨੇ ਤਾਂ ਵੱਖਰੀ ਰਹਿਤ ਮਰਿਆਦਾ ਦਾ ਖਰੜਾ ਵੀ ਤਿਆਰ ਕੀਤਾ ਹੋਇਆ ਹੈ, ਜਿਸ ਵਿੱਚ ਕਈ ਬ੍ਰਾਹਮਣਵਾਦੀ ਰੀਤਾਂ-ਰਸਮਾਂ ਨੂੰ ਵੀ ਗੁਰਮਤਿ ਬਣਾਕੇ ਪੇਸ਼ ਕੀਤਾ ਹੋਇਆ ਹੈ। ਸਿੱਖਾਂ ਵਿੱਚ ‘ਸੰਤ’ ਬਣਨ ਦੀ ਰੀਤ ਸੰਤ ਅਤਰ ਸਿੰਘ ਮਸਤੂਆਣਾ ਤੋਂ ਚੱਲੀ, ਜੋ ਰਾੜੇ ਵਾਲੇ ਸੰਤ ਈਸ਼ਰ ਸਿੰਘ, ਬਾਬਾ ਨੰਦ ਸਿੰਘ ਨਾਨਕਸਰ ਤੋਂ ਹੁੰਦੀ ਹੋਈ ਅੱਗੇ ਵਧਦੀ ਗਈ। ਇਨ੍ਹਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਰਕਾਰੀ ਸਰਪ੍ਰਸਤੀ ਹਾਸਲ ਰਹੀ ਤੇ ਇਹ ਪੰਥਕ ਮਰਿਆਦਾ ਤੋਂ ਹਟਵੀਂ ਰਹਿਤ ਰੱਖਕੇ ਸਿੱਖਾਂ ਵਿੱਚ ਵਿਚਰਦੇ ਰਹੇ। ਸਹੀ ਗੁਰਮਤਿ ਪ੍ਰਚਾਰ ਦੀ ਘਾਟ ਦਾ ਲਾਹਾ ਲੈ ਕੇ ਇਨ੍ਹਾਂ ‘ਸੰਤਾਂ’ ਨੇ ਸਿੱਖਾਂ ਵਿੱਚ ਆਪਣੇ ਪੈਰ ਜਮਾਏ। ‘ਭਿੰਡਰਾਂ ਵਾਲੇ ਜਥੇ’ ਦੀ ਮਰਿਆਦਾ ਦੂਸਰੇ ‘ਸੰਤਾਂ’ ਨਾਲੋਂ ਤਾਂ ਕੁੱਝ ਠੀਕ ਹੈ ਪਰ ਪੰਥ ਪ੍ਰਵਾਨਤ ਰਹਿਤ ਮਰਿਆਦਾ ਤੇ ਉਹ ਵੀ ਖਰੇ ਨਹੀਂ ਉਤਰਦੇ! ਇਨ੍ਹਾਂ ਦੀ ਵਜਹ ਕਰਕੇ ਸੰਨ 1945 ਤੋਂ ਪਾਸ ਹੋਈ ਰਹਿਤ ਮਰਿਆਦਾ ਸਿੱਖਾਂ ਵਿੱਚ ਲਾਗੂ ਨਾ ਹੋ ਸਕੀ ਪਰ ਹੁਣ ਇਸ ਰਹਿਤ ਮਰਿਆਦਾ ਦੀ ਇੰਨ-ਬਿੰਨ ਪਾਲਣਾ ਕਰਦੇ ਆ ਰਹੇ ਮਿਸ਼ਨਰੀ ਤੇ ਕੁੱਝ ਹੋਰ ਜਾਗਰੂਕ ਸਿੱਖ ਇਸ ਵਿੱਚ ਗੁਰਮਤਿ ਅਨੁਸਾਰ ਸੋਧਾਂ ਕਰਨ ਦੀ ਲੋੜ ਵੀ ਮਹਿਸੂਸ ਕਰਨ ਲੱਗ ਪਏ ਹਨ, ਜਿਸ ਬਾਰੇ ਸਮੂਹ ਪੰਥ ਦਰਦੀਆਂ ਨੂੰ ਮਿਲ ਬੈਠਕੇ ਵਿਚਾਰ ਕਰਨੀ ਚਾਹੀਦੀ ਹੈ।

ਰਹਿਤ ਮਰਿਆਦਾ ਦਾ ਮਾਮਲਾ ਕੌਮ ਜਾਂ ਸਮਾਜ ਦੀ ਅੱਡਰੀ ਹਸਤੀ ਨਾਲ ਜੁੜਿਆ ਹੋਣ ਕਰਕੇ ਸਰਕਾਰੀ ਏਜੰਸੀਆਂ ਵੀ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਨਹੀਂ ਹੋਣ ਦਿੰਦੀਆਂ। ਗੁਰਮਤਿ ਤੋਂ ਉਲਟ ਬਣਾਏ ਪੰਜ ਤਖਤਾਂ ਵਿਚੋਂ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਅਖੌਤੀ ‘ਦਸਮ ਗਰੰਥ’ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ। ਹੋਰ ਵੀ ਕਈ ਗੁਰਮਤਿ ਤੋਂ ਉਲਟ ਬ੍ਰਾਹਮਣਵਾਦੀ ਰੀਤਾਂ-ਰਸਮਾਂ ਉਥੇ ਨਿਭਾਈਆਂ ਜਾਂਦੀਆਂ ਹਨ। ਹਾਲਾਂਕਿ ‘ਪੰਜ ਤਖਤਾਂ’ ਵਾਲੀ ਸਿੱਖੀ ਦੀ ਕੋਈ ਰੀਤ ਨਹੀਂ ਰਹੀ। ਗੁਰੂ ਸਾਹਿਬਾਨ ਨੂੰ ਸਿੱਖ ‘ਸੱਚੇ ਪਾਤਸ਼ਾਹ’ ਕਹਿੰਦੇ ਹੁੰਦੇ ਸੀ ਕਿਉਂਕਿ ਉਹ ‘ਝੂਠੇ ਬਾਦਸ਼ਾਹਾਂ’ ਦਾ ਵਿਰੋਧ ਕਰਦੇ ਸੀ ਤੇ ਗੁਰੂ ਦਾ ਆਸਣ ਹੀ ਸਿੱਖਾਂ ਦਾ ਤਖਤ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ‘ਪਾਤਸ਼ਾਹੀਆਂ’ ਦੇਣ ਲਈ ‘ਪੰਜ ਪਿਆਰੇ’ ਸਾਜੇ, ਜਿਨ੍ਹਾਂ ਨੂੰ ਸਾਜ਼ਿਸ਼ ਅਧੀਨ ‘ਪੰਜ ਤਖਤਾਂ’ ਵਿੱਚ ਬਦਲ ਦਿਤਾ ਗਿਆ ਜੋ ਆਪਣੇ ਆਪਣੇ ਹੁਕਮ ਤੇ ਆਪਣੀਆਂ ਆਪਣਿਆ ਰਹੁ-ਰੀਤੀਆਂ ਚੱਲਾ ਰਹੇ ਹਨl ਸਿੱਖਾਂ ਨੇ ਹੁਕਮ ਕੇਵਲ ‘ਪੰਥ’ ਤੇ ‘ਗ੍ਰੰਥ’ ਦਾ ਮੰਨਣਾ ਹੈ, ਕਿਸੇ ‘ਤਖਤ’ ਦਾ ਨਹੀਂ! ਅੱਜ ‘ਗੁਰੂ ਗ੍ਰੰਥ’ ਦੀ ਥਾਂ-ਥਾਂ ਬੇਅਦਬੀ ਹੋ ਰਹੀ ਹੈ ਤਾਂ ਇਹ ਤਖਤ ਚੁੱਪ ਕਿਉਂ ਹਨ? ਸੋਚਣ ਦੀ ਲੋੜ ਹੈ! !

 ਸੰਨ 1945 ਵਿੱਚ ਪੰਥ ਵੱਲੋਂ ਪ੍ਰਵਾਨ ਕੀਤੀ ਗਈ ‘ਸਿੱਖ ਰਹਿਤ ਮਰਿਆਦਾ’ ਸਾਜ਼ਿਸ਼ ਅਧੀਨ ਲਾਗੂ ਨਹੀਂ ਕੀਤੀ ਜਾ ਰਹੀ, ਸਗੋਂ ਸਿੱਖੀ ਤੋਂ ਬਾਗੀ ਸਾਧਾਂ ਨੂੰ ਹੱਲਾਸ਼ੇਰੀ ਦੇ ਕੇ ਵੱਖਰੀ ਰਹਿਤ ਮਰਿਆਦਾ ਦਾ ਖਰੜਾ ਤਿਆਰ ਕਰਵਾ ਦਿਤਾ ਗਿਆ ਹੈ। ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਨਾ ਹੋਣ ਦੇਣ ਦੀਆਂ ਸਰਕਾਰੀ ਸਾਜ਼ਿਸ਼ਾਂ ਅੱਜ ਵੀ ਜਾਰੀ ਹਨ। ਸੰਵਿਧਾਨ ਸਿੱਖਾਂ ਨੂੰ ‘ਹਿੰਦੂ’ ਮੰਨਦਾ ਹੈ। ‘ਸੰਤ ਸਮਾਜ’ ਤੇ ਤਖਤਾਂ ਦੇ ਜਥੇਦਾਰ ਆਰ. ਐਸ. ਐਸ. ਦੇ ਹੁਕਮ ਅਨੁਸਾਰ ਵਿਚਰ ਰਹੇ ਹਨ। ਕੌਮ ਦਾ ਕੋਈ ਆਗੂ ਨਹੀਂ ਰਹਿ ਗਿਆ। ਅਜਿਹੇ ਵਿੱਚ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਾਉਣਾ ਸਿੱਖਾਂ ਲਈ ਬਹੁਤ ਵੱਡੀ ਚੁਣੌਤੀ ਬਣ ਗਈ ਹੈ।  ਇਸ ਵਿੱਚ ਜ਼ਰੂਰੀ ਸੋਧਾਂ ਦੀ ਲੋੜ ਹੈ ਪਰ ਸਭ ਤੋਂ ਪਹਿਲਾਂ ਇਹ ਸਾਰੇ ਪਾਸੇ ਲਾਗੂ ਹੋਣੀ ਚਾਹੀਦੀ ਹੈ। ਥੋੜ੍ਹੀ-ਬਹੁਤ ਤਬਦੀਲੀ ਬਾਅਦ ਵਿੱਚ ਹੋ ਸਕਦੀ ਹੈ। ਪਿੰਡਾਂ-ਸ਼ਹਿਰਾਂ ਵਿੱਚ ਸਿੱਖ ਆਪਣੇ ਪੱਧਰ ਤੇ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਕਿਉਂਕਿ ਸ਼ਰੋਮਣੀ ਕਮੇਟੀ ਵੱਲ ਵੇਖਣਾ ਹੁਣ ਫਜ਼ੂਲ ਹੈ। ਸ਼ਰੋਮਣੀ ਕਮੇਟੀ ਤਾਂ ਖੁਦ ਆਰ. ਐਸ. ਐਸ. ਦੇ ਹੱਥਾਂ ਵਿੱਚ ਖੇਡ ਰਹੀ ਹੈ। ਜੇਕਰ ਸਮਾਂ ਰਹਿੰਦੇ ਕੌਮ ਨੇ ਵੇਲਾ ਨਾ ਸੰਭਾਲਿਆ ਤਾਂ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਸਿੱਖ ਰਹਿਤ ਮਰਯਾਦਾ  (ਸ਼੍ਰੋਮਣੀ ਕਮੇਟੀ ਦੇ ਅਨੁਸਾਰ )

• ਅੰਮ੍ਰਿਤ ਸੰਚਾਰ ਲਈ ਇੱਕ ਵਿਸ਼ੇਸ਼ ਅਸਥਨ ਤੇ ਪ੍ਰਬੰਧ ਹੋਵੇ।ਉਸ ਥਾਂ ਤੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਘੱਟੋ ਘੱਟ ਛੇ ਅੰਮ੍ਰਿਤਧਾਰੀ ਸਿੱਘ ਹਾਜ਼ਰ ਹੋਣ। ਹਰ ਦੇਸ਼, ਹਰ ਮਜ਼੍ਹਬ ਤੇ ਹਰ ਜਾਤੀ ਦੇ ਹਰ ਇੱਕ ਨੂੰ ਉਸ ਇਸਤਰੀ-ਪੁਰਸ਼ ਨੂੰ ਅੰਮ੍ਰਿਤ ਛੱਕਣ ਦਾ ਅਧਿਕਾਰ ਹੈ, ਜੋ ਸਿੱਖ ਧਰਮ ਗ੍ਰਹਿਣ ਕਰਨ ਉਪਰੰਤ ਅਸੂਲਾਂ ਉੱਤੇ ਚੱਲਣ ਦਾ ਪ੍ਰਣ ਕਰੇ।

• ਜੂਠ ਨਹੀਂ ਖਾਣੀ।

• ਪੰਥ ਵਿੱਚੋਂ ਛੇਕੇ ਨਾਲ ਮਿਲਵਰਤਨ ਨਹੀਂ ਕਰਨਾ।

• ਸਿੱਖ ਮਰਦ ਅਤੇ ਇਸਤਰੀ ਨੱਕ, ਕੰਨ ਨਾ ਛੇਦੇ।

• ਲੜਕੀ ਨੂੰ ਨਾ ਮਾਰੇ ਅਤੇ ਕੁੜੀਮਾਰ ਨਾਲ ਨਾ ਵਰਤੇ।

• ਦਾਜ ਨਾ ਲਵੇ ਨਾ ਦੇਵੇ।

• ਚੋਰੀ-ਯਾਰੀ ਨਾ ਕਰੇ, ਜੂਆ ਨਾ ਖੇਡੇ।

• ਸਿੱਖ ਇਸਤਰੀ ਦਾ ਪਰਦਾ ਜਾਂ ਘੁੰਡ ਕੱਢਣਾ ਮਨਾ ਹੈ।

• ਨਸ਼ੇ ਦੀ ਵਰਤੋਂ ਨਾ ਕਰੇ।

• ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਨਹੀਂ ਕਰਨਾ।

• ਕੇਸ਼ਾਂ ਦੀ ਬੇਅਦਵੀ ਨਹੀਂ ਕਰਨੀ ਅਤੇ ਕੇਸ ਨਹੀਂ ਰੰਗਣੇ।

• ਪੰਜ ਕਕਾਰ ਹਰ ਵੇਲੇ ਅੰਗ-ਸੰਗ ਰੱਖਣੇ।

• ਪਰ-ਇਸਤਰੀ ਜਾਂ ਪਰ-ਪਰਸ਼ ਦਾ ਗਮਨ ਨਹੀਂ ਕਰਨਾ।

ਗੁਰਬਾਣੀ ਅੰਧ ਵਿਸ਼ਵਾਸੀ ਰੀਤ ਜਿਸ ਨਾਲ ਪ੍ਰਭੂ ਵਿਛੜ ਜਾਏ ਜਿਵੇਂ ,ਅੰਧਵਿਸ਼ਵਾਸਕਰਮਕਾਂਡਕਰਮਕਾਂਡੀ ਸੰਸਕਾਰਭੇਖ ਤੇ ਸੀਮਾ-ਬੱਧਤਾ ਰੀਤਾਂ, ਵਾਸ਼ਨਾ,  ਮਾਇਆਕਰਮਕਾਂਡਾਂਸੰਸਾਰਕ ਸੰਸਕਾਰਾਂ, ਭੇਖਾਂ, ਚਿੰਨ੍ਹਾਂ, ਰੰਗਾਂ ਤੇ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੀਆਂ ਵਾੜਾਂ-ਵਲਗਣਾਂ ਤੇ ਅਮਾਨਵੀ ਰਹਿਤਾਂ ਨੂੰ ਮੂਲੋਂ ਹੀ ਰੱਦ ਕਰਦੀ ਹੈ! ਸੋ, ਗੁਰਮਤਿ ਦੇ ਵਿਸ਼ਾਲ, ਵਿਆਪਕ ਤੇ ਪਵਿੱਤਰ ਵਿਹੜੇ ਵਿੱਚ ਕਿਸੇ ਵੀ  ਕਰਮਕਾਂਡੀ ਦੁਨਿਆਵੀ ਰਹਿਤ ਨੂੰ ਘਸੋੜਨਾ ਸਿੱਧੀ ਮਨਮਤਿ ਹੈ ਗੁਰਮਤਿ ਨਹੀ ! ! 

                    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ  ਫਤਹਿ

Print Friendly, PDF & Email

Nirmal Anand

Add comment

Translate »