ਪੰਗਤ ਅਤੇ ਸੰਗਤ
ਸੰਸਾਰ ਦੇ ਲਗਪਗ ਸਾਰੇ ਧਰ੍ਮਾ ਅਤੇ ਧਰਮ ਗ੍ਰੰਥਾਂ ਵਿਚ ਵਿਅਕਤੀ ਦੇ ਸ਼ੁਧ ਆਚਰਣ, ਪਤਿਤ ਦੇ ਉਧਾਰ ਤੇ ਮੁਕਤੀ ਵਾਸਤੇ ਸੰਗਤ ਦੀ ਮਹੱਤਤਾ ਤੇ ਕਾਫੀ ਜੋਰ ਦਿਤਾ ਹੈ ਪਰ ਸਿਖ ਧਰਮ ਦੁਨਿਆ ਦਾ ਇਕੋ-ਇਕ ਐਸਾ ਧਰਮ ਹੈ ਜਿਸਨੇ ਸੰਗਤ ਨਾਲ ਪੰਗਤ ਨੂੰ ਵੀ ਜੋੜਿਆ ਹੈ ਜਿਸਦਾ ਮੁਖ ਮਕਸਦ ਸੀ ਊਚ -ਨੀਚ ਤੇ ਜਾਤ -ਪਾਤ ਦੀਆਂ ਨਫਰਤਾਂ ਨੂੰ ਦੂਰ ਕਰਦੇ ਊਚ-ਨੀਚ,ਜਾਤ-ਪਾਤ,ਰਾਜੇ-ਰੰਕ, ਅਮੀਰ-ਗਰੀਬ ਦਾ ਭੇਦ ਭਾਵ ਮਿਟਾ ਕੇ ਇਕ ਥਾਂ ਪੰਗਤ ਵਿਚ ਇੱਕਠੇ ਬੈਠ ਕੇ ਲੰਗਰ ਛਕਣਾ l ਜਦੋਂ ਗੁਰੂ ਨਾਨਕ ਸਾਹਿਬ ਜਗਤ ਵਿਚ ਆਏ ਤਾਂ ਹਿੰਦੂ ਧਰਮ ਵਿਚ ਜੋਰ ਸੀ ਤਾਂ ਸਿਰਫ ਬ੍ਰਾਹਮਣ ਵਾਦ ਦਾ , ਜਿਸਨੇ ਸਿਰਫ ਵਰਣ ਵੰਡ ਤੇ ਬਸ ਨਹੀ ਕੀਤੀ 1 ਅਗੋਂ ਜਾਤਾਂ ਦੀ ਵੰਡ ਕਰਕੇ ਹਿੰਦੂ ਸਮਾਜ ਨੂੰ ਟੋਟੇ ਟੋਟੇ ਕਰ ਦਿਤਾ 1 ਕਈ ਜਾਤਾਂ ਨੂੰ ਅਛੂਤ ਸਮ੍ਝਿਆ ਜਾਂਦਾ ਸੀ , ਜਿਨ੍ਹਾਂ ਨੂੰ ਛੂਹ ਕੇ ਵੀ ਇਨਸਾਨ ਅਪਵਿਤਰ ਹੋ ਜਾਂਦਾ 1 ਜਿਨ੍ਹਾ ਰਾਹਾਂ ਤੇ ਉਚੀਆਂ ਜਾਤਾਂ ਵਾਲੇ ਤੁਰਦੇ ਓਨ੍ਹਾ ਰਾਹਾਂ ਤੇ ਤੁਰਨ ਦੀ ਮਨਾਹੀ ਸੀ 1 ਅਗਰ ਕਿਸੇ ਮਜਬੂਰੀ ਵਸ ਰਾਤ ਦੇ ਹਨੇਰੇ ਵਿਚ ਤੁਰਨਾ ਵੀ ਪੈਂਦਾ ਤਾਂ ਗਲ ਵਿਚ ਢੋਲ ਵਜਾਕੇ ਤੁਰਨ ਦਾ ਹੁਕਮ ਸੀ 1 ਸ਼ੁਦਰਾਂ ਨੂੰ ਮੰਦਿਰ ਤਾਂ ਕੀ, ਉਸ ਦੇ ਆਸ ਪਾਸ ਜਾਣ ਦੀ ਵੀ ਮਨਾਹੀ ਸੀ 1 ਅਗਰ ਕਿਸੇ ਸ਼ੂਦਰ ਦੇ ਕੰਨੀ ਮੰਤਰਾਂ ਦੀ ਅਵਾਜ਼ ਵੀ ਪੈ ਜਾਂਦੀ ਤਾਂ ਉਸਦੇ ਕੰਨਾ ਵਿਚ ਗਰਮ ਗਰਮ ਸਿਕਾ ਪਾ ਦਿਤਾ ਜਾਂਦਾ ਤਾਕਿ ਓਹ ਮੁੜ ਕੇ ਕਦੀ ਸੁਣ ਨਾ ਸਕੇ 1 ਅਗਰ ਕੋਈ ਸ਼ੂਦਰ ਉਚੀ ਜਾਤ ਦੇ ਬਰਾਬਰ ਬੈਠਣ ਦੀ ਜੁਰਤ ਕਰਦਾ ਤਾਂ ਉਸਦੀ ਪਿਠ ਦਾ ਮਾਸ ਕਟ ਦਿਤਾ ਜਾਂਦਾ 1 ਖੂਹ ਤੇ ਕੁਤਾ ਚੜਕੇ ਪਾਣੀ ਪੀ ਸਕਦਾ ਸੀ , ਪਰ ਸ਼ੂਦਰ ਨੂੰ ਹੁਕਮ ਨਹੀ ਸੀ 1
ਗੁਰੂ ਨਾਨਕ ਸਾਹਿਬ ਜਦ ਆਪਣੀਆਂ ਉਦਾਸੀਆਂ ਤੋਂ ਬਾਅਦ ਵਾਪਸ ਆਏ ਤਾਂ ਉਨ੍ਹਾ ਨੇ ਕਰਤਾਰ ਪੁਰ ਡੇਰਾ ਲਾਇਆ I ਧਰਮ ਪ੍ਰਚਾਰ ਲਈ ਇਕ ਧਰਮਸਾਲ ਦੀ ਸਥਾਪਨਾ ਕੀਤੀ ਜਿਥੇ ਗੁਰੂ ਸਾਹਿਬ ਸਵੇਰੇ ਸ਼ਾਮ ਕਥਾ ਕੀਰਤਨ ਕਰਦੇ , ਆਪਣੇ ਵਿਚਾਰ ਸੁਣਾਦੇ ਤੇ ਬਾਣੀ ਰਾਹੀਂ ਸੰਗਤ ਨੂੰ ਕਰਤਾਰ ਨਾਲ ਜੋੜਦੇ ਸੀ 1, ਇਥੇ ਉਨ੍ਹਾ ਨੇ ਆਪਣੇ ਪ੍ਰਚਾਰੇ ਮਿਸ਼ਨ ਨਾਮ ਜਪੋ , ਕਿਰਤ ਕਰੋ , ਵੰਡ ਛਕੋ ਨੂੰ ਅਮਲੀ ਰੂਪ ਦੇਣ ਲਈ ਖੇਤੀ ਬਾੜੀ ਦਾ ਕੰਮ ਸ਼ੁਰੂ ਕੀਤਾl ਇਕ ਧਰਮਸਾਲ ਦੀ ਸਥਾਪਨਾ ਕੀਤੀ ਜਿਸਦਾ ਮੁਖ ਅੰਗ ਹੈ ਸੰਗਤ ਜੋ ਕਿ ਸਾਧ ਦੇ ਰੂਪ ਵਿਚ ਇੱਕਤਰ ਹੁੰਦੀ ਹੈ i ਦਿਨ ਰਾਤ ਕਥਾ , ਕੀਰਤਨ ਤੇ ਵਿਚਾਰ ਹੁੰਦੇ l ਸੰਗਤ ਨੂੰ ਸਚੇ ਸ਼ਬਦ ਦਾ ਗਿਆਨ ਪ੍ਰਾਪਤ ਹੁੰਦਾ ਹੈ , ਹਉਮੈਂ , ਦੁਫੇਟੀਆਂ, ਪਾੜਿਆਂ, ਦੁਸ਼ਮਣੀਆਂ ਤੇ ਫੁਟ ਦਾ ਨਾਸ ਹੁੰਦਾ ਹੈ , ਦੁਨੀਆਂ ਦੀਆਂ ਵਡਿਆਈਆਂ , ਖੁਸ਼ੀਆਂ, ਅਧਿਆਤਮਿਕ ਅਨੰਦੁ ਤੇ ਰਿਧੀਆਂ ਸਿਧੀਆਂ ਦੀ ਪ੍ਰਾਪਤੀ ਹੁੰਦੀ ਹੈ, ਆਤਮਾ ਤੇ ਪ੍ਰਮਾਤਮਾ ਦਾ ਮੇਲ ਹੁੰਦਾ ਹੈl
ਵੰਡ ਛਕਣ ਦੇ ਮਕਸਦ ਦੀ ਪੂਰਤੀ ਲਈ ਧਰਮਸਾਲ ਵਿਚ ਦੂਰ ਦੁਰਾਡੇ ਤੋ ਗੁਰੂ ਦਰਸ਼ਨ ਲਈ ਆਏ ਮੁਸਾਫਰ, ਰਾਹੀਆਂ, ਭੁਖੇ ,ਗਰੀਬਾਂ ਤੇ ਲੋੜਵੰਦਾ ਲਈ ਭੋਜਨ ਦੀ ਸੇਵਾ ਦਾ ਖੁਲਾ ਇੰਤਜ਼ਾਮ ਕਰ ਦਿਤਾ ਜਿਸ ਨੂੰ ਲੰਗਰ ਦਾ ਨਾਮ ਦਿਤਾ ਗਿਆ l ਲੰਗਰ ਸਿਖੀ ਦੇ ਚਾਰ ਸਿਧਾਂਤ ਨੂੰ ਸਿਧ ਕਰਦਾ ਹੈ, ਸਮਾਜਿਕ ਬਰਾਬਰਤਾ, ਭਾਈਚਾਰਕ ਸਾਂਝੀਵਾਲਤਾ, ਪਰਉਪਕਾਰ ਅਤੇ ਸੇਵਾ, ਜਿਸਨੇ ਉਸ ਵਕਤ ਦੇ ਬ੍ਰਹਮਣਵਾਦ ਦੀਆਂ ਊਚ-ਨੀਚ ਤੇ ਵਰਨ ਵੰਡ ਦੀਆਂ ਜੜਾਂ ਪੁਟ ਕੇ ਰਖ ਦਿਤੀਆਂ ।ਲੋਕਾਂ ਨੂੰ ਧਰਮਸਾਲਾਂ ਵਿਚੋਂ ਹੀ ਤਨ-ਤੇ ਮਨ ਦੋਨੋ ਦੀ ਖੁਰਾਕ ਮਿਲਣ ਲਗੀ ਬਿਨਾ ਕਿਸੇ ਊਚ-ਨੀਚ,ਗਰੀਬ-ਅਮੀਰ ਤੇ ਜਾਤ-ਪਾਤ ਦੇ ਭੇਦ ਭਾਵ ਦੇ, ਜਿਸ ਨਾਲ ਬਹੁਤ ਸਾਰੇ ਲੋਕ.ਸਿਖੀ ਨਾਲ ਜੁੜਦੇ ਗਏ l ਇਸ ਤਰਹ ਕਰਤਾਰ ਪੁਰ ਨਗਰ ਦੀ ਨੀਂਹ ਰਖੀ ਗਈl ਲੰਗਰ ਗੁਰਬਾਣੀ ਨੂੰ ਅੰਦਰ ਸਮੋ ਕੇ ਰੁਹਾਨੀਅਤ ਵਾਲੇ ਮਾਹੌਲ ਵਿੱਚ ਤਿਆਰ ਕੀਤਾ ਜਾਂਦਾ ਜੋ ਪ੍ਰਸਾਦਿ ਦਾ ਰੂਪ ਧਾਰ ਲੈਂਦਾ ਤੇ ਫਿਰ ਸੰਗਤ ਵਿਚ ਵਰਤਾਇਆ ਜਾਂਦਾ ਜੋ ਪ੍ਰਥਾ ਅਜੇ ਤਕ ਚਲ ਰਹੀ ਹੈ | ਗੁਰੂ ਸਾਹਿਬ ਜਿਥੇ ਵੀ ਜਾਂਦੇ ਸਨ, ਉਥੇ ਹੀ ਸੰਗਤਾਂ ਸਥਾਪਤ ਕਰਦੇ ਇਸ ਤਰ੍ਹਾਂ ਸੰਗਤ ਤੇ ਪੰਗਤ ਦਾ ਗੁਰੂ ਨਾਨਕ ਕਲ ਤੋਂ ਹੀ ਅਟੁੱਟ ਰਿਸ਼ਤਾ ਬਣ ਗਿਆ ਜੋ ਅਜੇ ਤਕ ਚਲਿਆ ਆ ਰਿਹਾ ਹੈ
ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੀ ਇਸ ਪੰਗਤ ਤੇ ਸੰਗਤ ਦੀ ਪ੍ਰਥਾ ਨੂੰ ਜਾਰੀ ਰਖਿਆI ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਣ ਪਿਛੋਂ ਗੁਰੂ ਅੰਗਦ ਦੇਵ ਜੀ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਖਡੂਰ ਸਾਹਿਬ ਚਲੇ ਗਏ ਤੇ ਗੁਰੂ ਨਾਨਕ ਸਾਹਿਬ ਦੇ ਦਿਤੇ ਉਪਦੇਸ਼ਾਂ ਨੂੰ ਪ੍ਰਚਾਰਨ ਲਗੇ I ਖਡੂਰ ਸਾਹਿਬ ਦਰਬਾਰ ਲਗਦੇ, ਕੀਰਤਨ ਹੁੰਦੇ ,ਲੰਗਰ ਲਗਦੇ l ਜਦ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਸ਼ਬਦ ਦਾ ਲੰਗਰ ਵਰਤਾ ਕੇ ਮਨੁੱਖਤਾ ਦੇ ਦਿਲਾਂ ਵਿਚ ਠੰਡ ਵਰਤਾ ਰਹੇ ਸਨ ਤਾਂ ਉਨ੍ਹਾ ਨੇ ਰਸੋਈ ਦੇ ਲੰਗਰ ਦੀ ਸੇਵਾ ਦੀ ਜਿਮੇਵਾਰੀ ਆਪਣੇ ਮਹਿਲ ਸਤਿਕਾਰਯੋਗ ਮਾਤਾ ਖੀਵੀ ਜੀ ਨੂੰ ਦੇ ਦਿਤੀl I ਮਾਤਾ ਖੀਵੀ ਜੀ ਦਾ ਸਭ ਨਾਲ ਇਕੋ ਜਿਹਾ ਵਰਤਾਰਾ , ਮਿਠਾ ਬੋਲਣਾ ਤੇ ਆਏ ਹੋਏ ਸਰਧਾਲੂਆਂ ਨੂੰ ਪਿਆਰ ਤੇ ਸ਼ਰਧਾ ਨਾਲ ਲੰਗਰ ਛਕਾ ਕੇ ਤ੍ਰਿਪਤ ਕਰਨਾ ਉਨ੍ਹਾ ਦਾ ਨਿਤ ਕਰਮ ਬਣ ਗਿਆ I ਉਹ ਲੰਗਰ ਦੇ ਨਾਲ ਨਾਲ ਜੇ ਕਿਸੇ ਗਰੀਬ ਗੁਰਬੇ ਜਾਂ ਲੋੜਵੰਦ ਨੂੰ ਲੰਗਰ ਵਿਚ ਬੈਠਦੇ ਦੇਖਦੇ ਤਾਂ ਚੁਪ ਚਾਪ ਉਨ੍ਹਾ ਦੀ ਜੇਬ ਵਿਚ ਪੈਸੇ ਵੀ ਪਾ ਦਿੰਦੇ , ਜਿਸ ਨਾਲ ਆਮ ਜਨਤਾ ਤੇ ਸਿਖੀ ਦਾ ਰਿਸ਼ਤਾ ਬਹੁਤ ਮਜਬੂਤ ਹੋ ਗਿਆI ਗੁਰੂ ਅੰਗਦ ਦੇਵ ਜੀ ਦੇ ਖੋਲੇ ਮਲ-ਅਖਾੜੇ ਦੇ ਜਵਾਨਾਂ ਦੀ ਸੇਹਤ ਦਾ ਖਿਆਲ ਕਰਦੇ ਲੰਗਰ ਵਿਚ ਦੁਧ ਤੇ ਘਿਉ ਦੀ ਦਿਲ ਖੋਲ ਕੇ ਵਰਤੋਂ ਹੋਣ ਲਗ ਪਈ ਇਸ ਗਲ ਦੀ ਪੁਸ਼ਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ਼ ਹੈ , ਜਿਸ ਵਿਚ ਸਤਾ ਤੇ ਬਲਵੰਡ ਦੀਆਂ ਵਾਰਾਂ ਇਸਦੀ ਗਵਾਹੀ ਭਰਦੀਆਂ ਹਨ1
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ।। (ਗੁਰੂ ਗਰੰਥ ਸਾਹਿਬ -ਅੰਗ 966)
ਇਕ ਵਾਰੀ ਇਕ ਜੋਗੀਆਂ ਦਾ ਮੰਡਲ ਖਡੂਰ ਸਾਹਿਬ ਆਇਆ 1 ਲੰਗਰ ਵਿਚ ਮਾਤਾ ਖੀਵੀ ਦੇ ਸਦਕਾ ਸਦਾ ਰੋਣਕਾਂ ਰਹਿੰਦੀਆਂ ਤੇ ਖੁਲੇ ਭੰਡਾਰੇ ਲਗੇ ਰਹਿੰਦੇ 1 ਜੋਗੀ ਹੈਰਾਨ ਹੋਏ ਤੇ ਪੁਛਣ ਤੋਂ ਰਹਿ ਨਾ ਸਕੇ ਕੀ ਇਨਾ ਖਰਚ ਕਿਥੋਂ ਆਂਉਦਾ ਹੈ ? ਗੁਰੂ ਪਾਸ ਤਾ ਕੋਈ ਜਗੀਰ ਜਾਇਦਾਤ ਹੈ ਨਹੀਂ ? ਉਨਾਂ ਨੇ ਗੁਰੂ ਸਾਹਿਬ ਦੇ ਨਾਂ ਤੇ ਜਗੀਰ ਲਗਵਾਣੀ ਚਾਹੀ ,ਪਰ ਗੁਰੂ ਸਾਹਿਬ ਨੇ ਇਹ ਕਹਿਕੇ ਮਨਾ ਕਰ ਦਿਤਾ ਕਿ ਗੁਰੂ ਘਰ ਵਿਚ ਕਿਸੇ ਚੀਜ਼ ਦੀ ਥੋੜ ਨਹੀ 1 ਗੁਰੂ ਦਰਬਾਰ ਵਿਚ ਜੋ ਕੁਝ ਆਉਂਦਾ ਸਾਰਾ ਸੰਗਤ ਦੀ ਸੇਵਾ ਤੇ ਖਰਚ ਹੁੰਦਾI ਭਾਈ ਸੱਤਾ ਤੇ ਬਲਵੰਡ ਨੇ ਵੀ ਬਾਬਾ ਲਹਿਣਾ ਦੀ ਵਡਿਆਈ ਦੀ ਬਰਕਤਿ ਦਾ ਜ਼ਿਕਰ ਕਰਦਿਆਂ ਆਖਿਆ:
‘ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥ ਖਰਚੇ ਦਿਤਿ ਖਸਮ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ॥’ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ 967)
ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤ ਸਮਾਣ ਵੇਲੇ ਆਪਣੇ ਪੁਤਰਾਂ ਵਲੋਂ ਤੀਜੇ ਪਾਤਸ਼ਾਹ, ਗੁਰੂ ਅਮਰਦਾਸ ਨਾਲ ਬੁਰੇ ਵਰਤੀਰੇ ਕਰਕੇ ਉਨ੍ਹਾ ਨੂੰ ਗੁਰਗਦੀ ਪਿਛੋਂ ਗੋਇੰਦਵਾਲ ਸਾਹਿਬ ਜਾਣ ਦਾ ਹੁਕਮ ਦਿਤਾ l ਗੋਇੰਦਵਾਲ ਸਾਹਿਬ ਵਿਚ ਗੁਰੂ ਅਮਰਦਾਸ ਦੇ ਦਰਬਾਰ ’ਚ “ਪਹਿਲੇ ਪੰਗਤ ਪਾਛੈ ਸੰਗਤ ” ਦੇ ਸਿਧਾਂਤ ਨੂੰ ਨਿਯਮਬੱਧ ਤਰੀਕੇ ਨਾਲ ਲਾਗੂ ਕੀਤਾ ਗਿਆ| ਦੂਰ ਦੂਰ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਤੇ ਵਿਚਾਰਾਂ ਨੂੰ ਸੁਣਨ ਆਉਂਦੀਆਂ 1 ਗੁਰੂ ਦਰਬਾਰ ਆਉਣ ਤੋ ਪਹਿਲਾਂ ਲੰਗਰ ਛਕਣਾ ਲਾਜ਼ਮੀ ਕਰ ਦਿਤਾ ਗਿਆ , ਜਿਸ ਦਾ ਮੁਖ ਉਦੇਸ਼ ਸੀ ਜਾਤ -ਪਾਤ, ਛੁਆ -ਛੂਤ ਊਚ -ਨੀਚ ਦੀ ਭਾਵਨਾ ਤੋਂ ਉਪਰ ਉਠਕੇ , ਮਨੁਖੀ ਏਕਤਾ , ਭਾਈਚਾਰੇ, ਤੇ ਸਰਬ ਸਾਂਝੀਵਾਲਤਾ ਨੂੰ ਮਜਬੂਤ ਕਰਨਾ 1 ਇਸ ਨਾਲ ਸੰਗਤ ਦੇ ਪੰਗਤ ਵਿਚ ਇਕ ਡੂੰਘੀ ਸਾਂਝ ਪੈ ਗਈ1 ਉਨ੍ਹਾ ਦੇ ਇਸ ਵਰਤਾਰੇ ਨੇ ਲੋਕਾਈ ਵਿਚ ਭਰਾਤਰੀ ਭਾਵ ਦਾ ਸੁਨੇਹਾ ਦਿਤਾ ਜੋ ਕਿ ਇਕ ਅਕਾਲ ਪੁਰਖ ਦੀ ਔਲਾਦ ਹੋਣ ਦੇ ਮਾਣ ਨੂੰ ਸਾਡੇ ਹਿਰਦਿਆਂ ’ਚ ਉਜਾਗਰ ਕਰਦਾ ਹੈ|
ਗੁਰੂ ਅਮਰਦਾਸ ਜੀ ਦੇ ਜਾਣ ਕਰਕੇ, ਗੋਇੰਦਵਾਲ ਸਾਹਿਬ ਵਿਚ ਖਡੂਰ ਸਾਹਿਬ ਵਾਂਗ ਰੋਣਕਾਂ ਲਗ ਗਈਆਂ 1 ਗੁਰੂ ਅਮਰਦਾਸ ਜੀ ਦਾ ਇਥੇ ਨਿਵਾਸ ਹੋਣ ਕਰਕੇ ਇਹ ਸਿਖੀ ਦਾ ਉਸ ਵੇਲੇ ਦਾ ਪ੍ਰਮੁਖ ਕੇਂਦਰ ਬਣ ਗਿਆ 1ਗੁਰੂ ਸਾਹਿਬ ਨੇ ਇਥੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਦੇ ਚਲਾਏ ਰਾਹ ਨੂੰ ਵਧੇਰਾ, ਪਧਰਾ ,ਸਾਫ਼, ਸੌਖਾ ਤੇ ਚੌੜਾ ਕਰਨ ਦੀ ਕੋਸ਼ਿਸ਼ ਕੀਤੀ l ਇਥੇ ਭਗਤੀ , ਸੇਵਾ, ਸਤਸੰਗ ਤੇ ਲੰਗਰ ਦਾ ਅਤੁਟ ਪ੍ਰਵਾਹ ਚਲਾਇਆ 1 ਲੰਗਰ ਲੋਕਾਂ ਦੀ ਸਿਹਤ ਤੇ ਸਵਾਦ ਨੂੰ ਮੁਖ ਰਖ ਕੇ ਬਣਦਾ ਸੀ 1 ਗੁਰੂ ਸਾਹਿਬ ਆਪ ਚਾਹੇ ਅਲੂਣਾ ਓਗਰਾ ਹੀ ਖਾਂਦੇ ਸੀ ਪਰ ਸੰਗਤ ਵਾਸਤੇ ਹਰ ਤਰਹ ਦੇ ਪਕਵਾਨ ਤੇ ਰਸ ਅਮ੍ਰਿਤ ਘੀਰ ਖਿਆਲੀ ਬਣਦੀ ਸੀ 1ਗੁਰੂ ਅਮਰਦਾਸ ਜੀ ਦੀ ਅਗਵਾਈ ਹੇਠ ਵਧਦੀ ਫੁਲਦੀ ਸਿਖੀ, ਸਮਾਜਿਕ ਸੁਧਾਰ, ਕਥਾ ਕੀਰਤਨ ਤੇ ਸਾਂਝੇ ਲੰਗਰ ਦੀ ਪਰਮਪਾਵਾਂ ਹਿੰਦੂ ਧਰਮ ਦੇ ਮੁਖੀ , ਕਾਜ਼ੀ, ਮੁਲਾਣੇ ਤੇ ਮੋਲਵੀਆਂ ਨੂੰ ਅਖਰ ਰਹੀਆਂ ਸੀ , ਉਹ ਬਹੁਤ ਔਖੇ ਹੋਏ , ਅਕਬਰ ਨੂੰ ਸ਼ਕਾਇਤ ਵੀ ਕੀਤੀ , ਜਿਸਦੀ ਚਰਚਾ ਲਈ ਭਾਈ ਜੇਠਾ ਜੀ ਜੋ ਗੁਰੁਗਦੀ ਤੋਂ ਬਾਅਦ ਗੁਰੂ ਰਾਮਦਾਸ ਜੀ ਬਣੇ ,ਨੂੰ ਲਾਹੋਰ ਭੇਜਿਆ ਗਿਆ 1 ਉਹਨਾ ਨੇ ਇਸ ਕਦਰ ਅਕਬਰ ਦੀ ਤਸਲੀ ਕਰਵਾਈ ਕਿ ਅਕਬਰ ਖੁਦ ਬੜੀ ਨਿਮਰਤਾ ਸਹਿਤ ਗੁਰੂ ਸਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਆਏ ਤੇ ਗੁਰੂ ਦਰਬਾਰ ਵਿਚ ਆਣ ਤੇ ਪਹਿਲੇ ਬੜੇ ਪਿਆਰ ਤੇ ਸ਼ਰਧਾ ਨਾਲ ਪੰਗਤ ਵਿਚ ਬੈਠਕੇ ਲੰਗਰ ਵੀ ਛਕਿਆ1 ਓਹ ਇਤਨਾ ਖੁਸ਼ ਹੋਇਆ ਕਿ ਚੋਖੀ ਮਾਇਆ ਤੇ ਜਗੀਰਾਂ ਭੇਂਟ ਕਰਣ ਲਈ ਬੇਨਤੀ ਕੀਤੀ , ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ ਇਹ ਕਹਿਕੇ ਕਿ ,” ਮੈਂ ਨਹੀਂ ਚਾਹੁੰਦਾ ਕੀ ਲੰਗਰ ਕਿਸੇ ਇਕ ਆਦਮੀ ਦੇ ਸਹਾਰੇ ਚਲੇ , ਇਹ ਸੰਗਤ ਦਾ ਉਰ੍ਪ੍ਰਾਲਾ ਹੈ ਤੇ ਸੰਗਤ ਹੀ ਇਸ ਨੂੰ ਚਲਾਇਗੀ 1 ਅਖੀਰ ਉਸਨੇ ਮਾਤਾ ਭਾਨੀ ਨੂੰ ਆਪਣੀ ਬਚੀ ਕਹਿਕੇ 22 ਪਿੰਡਾ (ਝਬਾਲ) ਦਾ ਇਲਾਕਾ ਉਸਦੇ ਨਾ ਲਗਾ ਦਿਤਾ ਜਿਥੇ ਅਜੇ ਹਰਮੰਦਿਰ ਸਾਹਿਬ ਗੁਰੂਦਵਾਰਾ ਹੈ1 ਅਕਾਲ ਤੋਂ ਪੀੜਤ ਕਿਸਾਨਾ ਨੂੰ ਟੇਕਸ ਤੋਂ ਛੂਟ ਦੇ ਦਿਤੀ , 1563 ਤੋਂ ਚਲਦਾ ਆ ਰਿਹਾ ਯਾਤਰਾ ਟੈਕਸ ਮਾਫ਼ ਕਰ ਦਿਤਾ 1
ਗੁਰੂ ਅਮਰਦਾਸ ਜੀ ਦੇ ਵਕਤ ਭਾਈ ਜੇਠਾ ਜੀ, ਜੋ ਬਾਅਦ ਵਿਚ ਗੁਰੂ ਰਾਮਦਾਸ ਜੀ ਬਣੇ ਜਿਨ੍ਹਾਂ ਗੁਰਗਦੀ ਤੋ ਪਹਿਲਾਂ ਜੀ ਤੋੜ ਕੇ ਲੰਗਰ ਦੀ ਸੇਵਾ ਕੀਤੀi ਲੰਗਰ ਲਈ ਜੰਗਲਾਂ ਵਿਚੋਂ ਲਕੜਾਂ ਲਿਆਣੀਆਂ ਤੇ ਲੰਗਰ ਲਈ ਜਲ ਦੀ ਸੇਵਾ ਕਰਨੀ ਤੇ ਲੰਗਰ ਦੇ ਜੂਠੇ ਬਰਤਨ ਮਾਂਜਣਾ ਆਦਿ ll ਗੁਰਗਦੀ ਤੋ ਬਾਅਦ ਉਨ੍ਹਾ ਅਮ੍ਰਿਤਸਰ ਸ਼ਹਿਰ ਵਸਾਇਆ ਜਿਸਦਾ ਦਾ ਨਾਂ “ਗੁਰੂ ਕਾ ਚਕ” ਰਖਿਆ i ਇਸ ਨਗਰੀ ਵਿਚ ਧਾਰਮਿਕ, ਸਮਾਜਿਕ ਤੇ ਆਰਥਿਕ ਹਰ ਪਖ ਤੋਂ ਉਨਤ ਕੀਤਾ ਤਾਂਕਿ ਗੁਰੂ ਕਿ ਨਗਰੀ ਧਰਮ ਦੀ ਕਿਰਤ ਕਰਨ ਵਾਲੇ ਗ੍ਰਹਿਸਤੀਆਂ ਦੀ ਹੋਵੇ ਜਿਥੇ ਨਾ ਕੋਈ ਭੁਖਾ ,ਵੇਹਲੜ ਮੁਫਤਖੋਰਾ ਤੇ ਨਾ ਕੋਈ ਜ਼ੁਲਮ ਕਰਨ ਵਾਲਾ ਰਹੀਸ ਹੋਵੇl 52 ਕਿਸਮ ਦੇ ਵਖ ਵਖ ਕਿਤੇ ਕਰਨ ਵਾਲੇ ਹੁਨਰ ਮੰਦਾ ਨੂੰ ਮੁਫਤ ਜਗਾ ਦਿਤੀ l ਦੁਖ ਭੰਜਨੀ ਬੇਰੀ ਵਾਲੀ ਜਗ੍ਹਾ ਤੇ ਜਿਥੇ ਪਹਿਲਾਂ ਹੀ ਪਾਣੀ ਮੌਜੂਦ ਸੀ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਪਕਿਆਂ ਕੀਤਾ l ਇਥੇ ਗੁਰੂ ਰਾਮਦਾਸ ਜੀ ਨੇ ਕਰਤਾਰ ਪੁਰ ,ਖਡੂਰ ਸਾਹਿਬ ਤੇ ਗੋਇੰਦਵਾਲ ਦੀ ਤਰਹ ਲੰਗਰ ਦੀ ਪ੍ਰਥਾ ਸ਼ੁਰੂ ਕੀਤੀl ਗੁਰੂ ਰਾਮਦਾਸ ਜੀ ਦੇ ਸਮੇਂ ਅਨਾਥਾਂ ਅਤੇ ਅਮ੍ਰਿਤਸਰ ਵਿਚ ਹੋ ਰਹੀ ਕਾਰ ਸੇਵਕਾਂ ਲਈ ਲੰਗਰ ਸਹਾਰਾ ਬਣ ਗਿਆ l ਪਰ ਗੁਰੂ ਨਾਨਕ ਦੇ ਵਾਰਸਾਂ ਨੂੰ ਸਿਖੀ ਦੀ ਚੜਦੀ ਕਲਾ ਪਸੰਦ ਨਹੀ ਆਈ ਉਨ੍ਹਾ ਨੇ ਗੁਰਮਤਿ ਨੂੰ ਖੋਰਾ ਲਾਉਣ ਵਿਚ ਕੋਈ ਕਸਰ ਨਹੀਂ ਛਡੀ ,ਪਰ ਗੁਰੂ ਅੰਗਦ ਦੇਵ , ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦੇ ਸੰਗਠਨ ਨੇ ਗੁਰਮਤਿ ਨੂੰ ਪਕੇ ਪੈਰੀ ਖੜਾ ਕਰ ਦਿਤਾl ਪੰਗਤ ਸੰਗਤ ਤੇ ਆਪਸੀ ਏਕਤਾ ਨੇ ਗੁਰਮਤਿ ਲਹਿਰ ਨੂੰ ਢਾਹ ਨਹੀਂ ਲਗਣ ਦਿਤੀl
ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਤੋ ਬਾਅਦ ਗੁਰੂ ਕੇ ਚਕ ਵਾਪਸ ਆਏ ਤਾਂ ਪ੍ਰਿਥੀ ਵੀ ਅਪਣਾ ਸਾਰਾ ਟਬਰ ਲੈ ਕੇ ਇਥੇ ਪਹੁੰਚ ਗਿਆ ਤੇ ਸ਼ਹਿਰ ਦਾ ਸਾਰਾ ਆਰਥਿਕ ਪ੍ਰਬੰਧ ਆਪਣੇ ਹਥ ਲੈ ਲਿਆ। ਗੁਰਗੱਦੀ ਜਿਸਤੇ ਪ੍ਰਿਥੀ ਚੰਦ ਆਪਣਾ ਹਕ ਸਮਝਦਾ ਸੀ, ਨੇ ਬਹੁਤ ਮੁਖਾਲਫਤ ਕੀਤੀ, ਕਈ ਬਖੇੜੇ ਖੜੇ ਕੀਤੇ। ਗੁਰੂ ਘਰ ਦੀ ਆਮਦਨ ਗੁਰੂ ਦੇ ਖਜਾਨੇ ਵਿਚ ਭੇਜਣੀ ਬੰਦ ਕਰ ਦਿੱਤੀ ਜਿਸਦੇ ਫਲਸਰੂਪ ਗੁਰੂ ਕਾ ਲੰਗਰ ਸਿਰਫ ਸੰਗਤਾਂ ਜੋ ਉਨਾਂ ਤਕ ਪਹੁੰਚ ਪਾਦੀਆਂ ਦੀ ਲਿਆਈ ਭੇਟਾ ਤੇ ਨਿਰਭਰ ਹੋ ਗਿਆ। ਇਹੀ ਨਹੀਂ ਸਗੋਂ ਲੰਗਰ ਦੀ ਨਾਕਾਬੰਦੀ ਕਰ ਦਿੱਤੀ। ਕੁਝ ਮਸੰਦ ਜੋ ਪ੍ਰਿਥੀ ਚੰਦ ਨਾਲ ਰਲੇ ਹੋਏ ਸੀ ਸ਼ਹਿਰ ਤੋਂ ਬਾਹਰ ਹੀ ਸਿੱਖ ਸਰਧਾਲੂਆਂ ਨੂੰ ਸਤਿਗੁਰੂ ਦਾ ਭੁਲੇਖਾ ਪਾਕੇ ਪ੍ਰਿਥੀ ਚੰਦ ਕੋਲ ਲੈ ਜਾਂਦੇ ਪਰ ਲੰਗਰ ਸਮੇਂ ਗੁਰੂ ਅਰਜਨ ਦੇਵ ਜੀ ਚਲਾਏ ਲੰਗਰ ਵਿਚ ਭੇਜ ਦਿੰਦੇ। ਜਿਸਦੇ ਫਲਸਰੂਪ ਲੰਗਰ ਛੋਲਿਆਂ ਦੀ ਰੋਟੀ ਤਕ ਸੀਮਤ ਰਹਿ ਗਿਆ। ਕਦੇ ਕਦੇ ਗੁਰੂ ਪਰਿਵਾਰ ਨੂੰ ਭੁੱਖੇ ਵੀ ਰਹਿਣਾਂ ਪੈਦਾ। ਸਭ ਕੁਝ ਜਾਣਦਿਆਂ ਵੀ ਗੁਰੂ ਸਾਹਿਬ ਸਾਂਤ ਅਤੇ ਅਡੋਲ ਰਹੇ। ਕੁਝ ਚਿਰ ਮਗਰੋਂ ਜਦ ਭਾਈ ਗੁਰਦਾਸ ਜੀ ਵਾਪਸ ਆਏ ,ਜੋ ਆਗਰੇ ਸਿੱਖੀ ਪ੍ਰਚਾਰ ਲਈ ਚੌਥੇ ਪਾਤਸ਼ਾਹ ਦੇ ਹੁਕਮ ਨਾਲ ਗਏ ਸੀ ਲੰਗਰ ਦੀ ਹਾਲਤ ਦੇਖ ਕੇ ਬਹੁਤ ਦੁੱਖੀ ਹੋਏ। ਉਨ੍ਹਾਂ ਨੇ ਬਾਬਾ ਬੁੱਢਾ, ਭਾਈ ਸਾਹਲੋ, ਭਾਈ ਜੇਠਾ, ਭਾਈ ਪੈੜਾ, ਭਾਈ ਹਰੀਆਂ ਤੇ ਕੁਝ ਹੋਰ ਸਿੱਖਾਂ ਨਾਲ ਮਿਲਕੇ , ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਪਿਪਲੀ ਸਾਹਿਬ ਵਾਲੀ ਥਾਂ ਬੈਠ ਗਏ ਬਾਕੀ ਸਿੰਘਾਂ ਨੂੰ ਬਾਹਰ ਦੇ ਇਲਾਕਿਆਂ ਵਿਚ ਥਾਂ ਥਾਂ ਤੇ ਭੇਜ ਕੇ ਸੰਗਤਾਂ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ। ਦਰਬਾਰ ਦਾ ਪ੍ਰਬੰਧ ਭਾਈ ਗੁਰਦਾਸ ਨੇ ਆਪ ਸੰਭਾਲਿਆ। ਇਨ੍ਹਾਂ ਜਤਨਾ ਨਾਲ ਥੋੜੇ ਹੀ ਦਿਨਾਂ ਵਿਚ ਹਾਲਾਤ ਕਾਬੂ ਵਿਚ ਆ ਗਏ ਤੇ ਮੀਣੇ ਦੀਆਂ ਕਰਤੂਤਾ ਦਾ ਭਾਂਡਾ ਭੱਜ ਗਿਆ।
ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤ ਦੇ ਉਤਰੀ ਤੇ ਉਤਰੀ-ਪੂਰਬ ਵਿਚ ਦੂਰ ਤਕ ਯਾਤਰਾਵਾਂ ਕੀਤਿਆ ਇਸ ਨਾਲ ਨਵੀਆਂ ਸੰਗਤਾਂ ਹੋਂਦ ਵਿਚ ਆਈਆਂ ਹਰ ਇਕ ਸੰਗਤ ਦਾ ਆਪਣਾ ਲੰਗਰ ਹੁੰਦਾ ਸੀ l ਗੁਰੂ ਗੋਬਿੰਦ ਸਿੰਘ ਜੀ ਸਮੇ ਲੰਗਰ ਨੇ ਹੋਰ ਮਹੱਤਤਾ ਹਾਸਲ ਕਰ ਲਈl ਆਨੰਦਪੁਰ ਵਿਚ ਸਭ ਸਿਖੀ ਘਰਾਂ ਦਾ ਸਾਂਝਾ ਲੰਗਰ ਬਣਦਾl ਆਨੰਦਪੁਰ ਸਾਹਿਬ ਵਿਚ ਲੰਗਰ ਦੇ ਕਈ ਕੇਂਦਰ ਚਲਦੇ ਸਨ ਜੋ ਪਵਿਤਰ ਤੇ ਸ਼ਰਧਾਵਾਨ ਸਿਖਾਂ ਦੀ ਨਿਗਰਾਨੀ ਹੇਠ ਰਖੇ ਗਏ ਸਨ ਪਰ ਫਿਰ ਵੀ ਕਦੇ ਕਦੇ ਗੁਰੂ ਸਾਹਿਬ ਭੇਸ ਬਦਲ ਇਨ੍ਹਾ ਕੇਂਦਰਾਂ ਦੀ ਨਿਗਰਾਨੀ ਤੇ ਦੇਖ ਰੇਖ ਕਰਦੇ l ਇਕ ਵਾਰੀ ਇਕ ਯਾਤਰੀ ਦੇ ਭੇਸ ਵਿਚ ਹਰ ਲੰਗਰ ਖਾਨੇ ਵਿਚ ਸੇਵਾ ਗਏ l ਲੰਗਰ ਦਾ ਵਕਤ ਨਹੀਂ ਸੀ , ਜਾਕੇ ਆਖਿਆ ਮੈਂ ਬੜੀ ਦੂਰੋਂ ਚਲ ਕੇ ਆਇਆਂ, ਬੜੀ ਭੁਖ ਲਗੀ ਹੈ ਕੁਝ ਖਾਣ ਨੂੰ ਜੇਕਰ ਮਿਲ ਜੇ ਤਾਂ ? ਸਭ ਸੇਵਾਦਾਰਾਂ ਨੇ ਇਹ ਕਹਿਕੇ ਉਨ੍ਹਾ ਨੂੰ ਅਗੇ ਤੋਰ ਦਿਤਾ ਕਿ ਅਜੇ ਲੰਗਰ ਤਿਆਰ ਨਹੀਂ ਹੈ 2-3 ਘੰਟੇ ਬਾਅਦ ਵਿਚ ਆਉਣਾl ਭਾਈ ਨੰਦ ਲਾਲ ਜੀ ਦੇ ਲੰਗਰ-ਖਾਨੇ ਜਦ ਗਏ ਤਾਂ ਉਨ੍ਹਾ ਨੇ ਬੜੇ ਪਿਆਰ ਨਾਲ ਉਨ੍ਹਾ ਨੂੰ ਬਹਿਣ ਵਾਸਤੇ ਮੰਜੀ ਡਾਹ ਦਿਤੀ , ਗਰਮ ਪਾਣੀ ਨਾਲ ਉਨ੍ਹਾ ਦੇ ਹਥ ਪੈਰ ਧਵਾਏ ਤੇ ਕਹਿਣ ਲਗੇ ਤੁਸੀਂ ਥੋੜੀ ਦੇਰ ਆਰਾਮ ਕਰੋ , ਜਲਦੀ ਜਲਦੀ ਜੋ ਵੀ ਹੋ ਸਕਦਾ ਹੈ ਮੈਂ ਬਣਾ ਕੇ ਲਿਆਉਂਦਾ ਹਾਂ l 10-15 ਮਿੰਟਾ ਵਿਚ ਉਹ ਥਾਲ ਪਰੋਸ ਕੇ ਲੈ ਆਏ ਤੇ ਬੜੇ ਪਿਆਰ ਗੁਰੂ ਸਾਹਿਬ ਦੇ ਅਗੇ ਰਖ ਦਿਤਾl l ਖਾਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਤੇ ਆਪਣੇ ਮੂੰਹ ਤੇ ਠੰਡ ਦੇ ਬਹਾਨੇ ਜੋ ਕਪੜਾ ਲਪੇਟਿਆ ਸੀ ਲਾਹ ਦਿਤਾ ਤੇ ਕੁਝ ਮੰਗਣ ਨੂੰ ਕਿਹਾl ਤਾਂ ਭਾਈ ਨੰਦ ਲਾਲ ਨੇ ਕਿ ਮੰਗਿਆ? ” ਮਰਨ ਵੇਲੇ ਗੁਰੂ ਸਾਹਿਬ ਦੇ ਚਰਨਾ ਦੀ ਧੂੜ”
ਗੁਰੂ ਸਾਹਿਬ ਦੇ ਹੁਕਮਾ ਵਿਚ ਇਕ ਹੁਕਮ ਸੀ “ਗਰੀਬ ਕਾ ਮੂੰਹ ਗੁਰੂ ਕੀ ਗੋਲਕ” l ਦਸਮ ਗਰੰਥ ਵਿਚ ਇਕ ਤੁਕ ਹੈ ” ਦੇਗ ਤੇਗ ਜਗ ਮੇਂ ਦੋਊ ਚਲੇ -ਲੰਗਰ ਅਤੇ ਤਲਵਾਰ” ਲੰਗਰ ਅਤੇ ਤਲਵਾਰ ਦੋਵੇਂ ਸੰਸਾਰ ਵਿਚ ਰਹਿਣ l ਲੰਗਰ ਗਰੀਬਾਂ ਦਾ ਢਿਡ ਭਰਨ ਲਈ ਤੇ ਤਲਵਾਰ ਜੁਲਮ ਦੇ ਖਿਲਾਫ਼ ਲੜਨ ਲਈ l ਅਠਾਰਵੀ ਸਦੀ ਬੰਦਾ ਬਹਾਦੁਰ ਦੇ ਸਮੇ ,” ਦੇਗ ਤੇਗ ਫਤਹਿ” ਮਤਲਬ ਲੰਗਰ ਤੇ ਤਲਵਾਰ ਦੀ ਹਮੇਸ਼ਾ ਜਿਤ ਹੋਵੇ l ਅਤ ਜੁਲਮ ਦੇ ਦਿਨਾ ਵਿਚ ਵੀ ਜਕਰੀਆ ਖਾਨ ਸਮੇ ਲੰਗਰ ਦਾ ਇਕ ਵਖਰਾ ਰੂਪ ਸੀ ਸਿਖਾਂ ਨੂੰ ਆਪਣਾ ਘਰ ਬਾਰ ਛੋੜਕੇ ਜੰਗਲਾਂ ਵਿਚ ਆਸਰਾ ਲੈਣਾ ਪਿਆ l ਉਥੇ ਜੋ ਵੀ ਮਿਲਦਾ ਫਲ ,ਘਾਹ ਪਤੇ ਘਾਕੇ ਗੁਜਾਰਾ ਕਰ ਲੈਂਦੇ l ਅਫਗਾਨਿਸਤਾਨ ਦਾ ਲੁਟੇਰਾ ਨਾਦਰਸ਼ਾਹ ਪੰਜਾਬ ਦੇ ਰਸਤਿਉਂ ਦਿਲੀ ਆਉਂਦਾ ਸੀ ਤੇ ਇਥੋਂ ਹੀਰੇ,ਮੋਤੀ ,ਸੋਨਾ, ਜਵਾਰਾਤ ,ਧੰਨ ਦੌਲਤ ਤੇ ਜਵਾਨ ਬੱਚੇ ਬਚੀਆਂ ਨੂੰ ਗਜ਼ਨੀ ਦੇ ਬਜਾਰਾਂ ਵਿਚ ਵੇਚਣ ਵਾਸਤੇ ਲੈ ਜਾਂਦਾl ਵਾਪਸੀ ਤੇ ਜਦ ਉਹ ਪੰਜਾਬ ਤਕ ਪਹੁੰਚਦਾ ਤਾਂ ਸਿਖ ਉਸ ਤੇ ਹਲਾ ਬੋਲ ਦਿੰਦੇ, ਧੰਨ -ਦੌਲਤ ਦੇ ਨਾਲ ਨਾਲ ਜਵਾਨ ਬਚੇ ਬਚੀਆਂ ਨੂੰ ਉਨ੍ਹਾ ਤੋਂ ਖੋਹ ਕੇ ਆਪਣੇ ਆਪਣੇ ਘਰੋ ਘਰੀ ਪੁਚਾ ਦਿੰਦੇ l ਨਾਦਰ ਸ਼ਾਹ ਜੋ ਇਕ ਖੂੰਖਾਰ ਲੁਟੇਰਾ ਸੀ ਬੜਾ ਹੈਰਾਨ ਹੋਇਆ ਤੇ ਉਸਨੇ ਜਕਰੀਆਂ ਖਾਨ ਕੋਲੋ ਪੁਛਿਆ ਕਿ ਇਹ ਕੌਣ ਹਨ ਜਿਨ੍ਹਾ ਨੂੰ ਮੇਰੇ ਵਰਗੇ ਲੁਟੇਰੇ ਨੂੰ ਲੁਟਣ ਦੀ ਹਿਮੰਤ ਪੈਂਦੀ ਹੈ ਤਾਂ ਜਕਰੀਆ ਖਾਨ ਨੇ ਦਸਿਆ ਇਹ ਸਿਖ ਹਨ , ਇਨ੍ਹਾ ਦਾ ਕੋਈ ਘਰ ਘਾਟ ਨਹੀਂ ਘੋੜਿਆਂ ਦੀਆਂ ਕਾਠੀਆਂ ਤੇ ਸੋਂਦੇ ਹਨ ,ਜੰਗਲਾ ਵਿਚ ਰਹਿੰਦੇ ਹਨ , ਕਦੇ ਕਦੇ ਜਦ ਰਸਦ -ਪਾਣੀ ਨਸੀਬ ਹੋ ਜਾਏ ਤਾਂ ਲੰਗਰ ਪਕਾਉਂਦੇ ਹਨ ਤੇ ਸਭ ਨੂੰ ਵਾਜਾ ਮਾਰਦੇ ਚਾਹੇ ਉਹ ਦੋਸਤ ਹੇਵੇ ਜਾਨ ਦੁਸ਼ਮਨ ਕਿ “ਜੋ ਕੋਈ ਭੁਖਾ ਹੈ ਆਕੇ ਲੰਗਰ ਖਾ ਲਵੇ” ਤੇ ਜੇ ਬਚ ਜਾਏ ਤਾਂ ਆਪ ਖਾ ਲੈਂਦੇ ਹਨl ਨਹੀਂ ਤੇ ਭੂਖੇ ਹੀ ਸੋ ਜਾਂਦੇ ਹਨl ਤਾਂ ਨਾਦਰਸ਼ਾਹ ਨੇ ਕਿਹਾ ਕਿ “ਇਹਨਾ ਵਿਚ ਬਾਦਸ਼ਾਹਤ ਦੀ ਬੂ ਆਉਂਦੀ ਹੈ .ਇਹ ਇਕ ਦਿਨ ਰਾਜ ਕਰਨਗੇ”
ਨਾਦਰ ਸ਼ਾਹ ਦਾ ਕਹਿਣਾ ਸਚ ਨਿਕਲਿਆ ਪਹਿਲੇ ਬੰਦਾ ਬਹਾਦਰ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾl ਮਹਾਰਾਜਾ ਰਣਜੀਤ ਸਿੰਘ ਨੇ ਲੰਗਰ ਲਈ ਗੁਰਦੁਆਰਿਆਂ ਦੇ ਨਾਂ ਤੇ ਜਗੀਰਾਂ ਲਗਵਾ ਦਿਤੀਆਂ ਪਰ ਰਣਜੀਤ ਸਿੰਘ ਦੀ ਮੌਤ ਤੋ ਬਾਅਦ ਅੰਗਰੇਜਾਂ ਦੇ ਰਾਜ ਵਿਚ ਗੁਰੁਦਵਰਿਆਂਰਾਂ ਤੇ ਮਹੰਤਾ ਦਾ ਕਬਜਾ ਹੋ ਗਿਆ ਜੋ ਆਪਣੀ ਐਸ਼ਪ੍ਰਸਤੀ ਵਿਚ ਡੁਬੇ ਰਹੇ l ਸਿਖਾਂ ਨੂੰ ਪ੍ਰਬੰਧ ਆਪਣੇ ਹਥ ਲੈਣ ਲਈ ਕਈ ਸ਼ਹੀਦੀਆਂ ਦੇਣੀਆਂ ਪਈਆਂ ਅਖੀਰ 7 ਜੁਲਾਈ, 1925 ਈਸਵੀ ਨੂੰ ਅੰਗ੍ਰੇਜ਼ੀ ਸਰਕਾਰ ਨੇ ਗੁਰਦੁਆਰਾ ਐਕਟ ਪਾਸ ਕਰਕੇ ਪਹਿਲੀ ਨਵੰਬਰ ਤੋਂ ਇਸ ਨੂੰ ਲਾਗੂ ਕਰ ਦਿੱਤਾ ਅਤੇ ਇਸ ਅਧੀਨ ਸਾਰੇ ਗੁਰਦੁਆਰਾ ਸਾਹਿਬਾਨ ਉਪਰ ਪੰਥਕ ਪ੍ਰਬੰਧ ਨੂੰ ਪ੍ਰਵਾਨ ਕਰ ਲਿਆ ਗਿਆ। ਗੁਰੂਦੁਆਰਿਆਂ ਪੰਗਤ ਤੇ ਸੰਗਤ ਫਿਰ ਪਹਿਲੇ ਵਾਂਗ ਸ਼ੁਰੂ ਹੋ ਗਈ ਜੋ ਥੋੜੀ ਬਹੁਤੀ ਉਪਰ ਹੇਠਾਂ ਹੋਣ ਦੇ ਬਾਵਜੂਦ ਅਜ ਤਕ ਚਲ ਰਹੀ ਹੈ
ਗੁਰੂ ਸਹਿਬਾਨ ਵਕਤ ਤੇ ਹੁਣ ਦੇ ਵਕਤ ਲੰਗਰ ਤੇ ਤੌਰ ਤਰੀਕਿਆਂ ਵਿਚ ਬਹੁਤ ਫਰਕ ਨਜਰ ਆਉਂਦਾ ਹੈ l ਉਸ ਸਮੇਂ ਲੰਗਰ ਵਿੱਚ ਸੁਆਦਲੇ, ਖੱਟੇ-ਮਿੱਠੇ ਰਸਾਂ-ਕਸਾਂ ਤੋਂ ਨਿਰਲੇਪ ਗੁਰਬਾਣੀ ਆਰਾਧਦਿਆਂ ਹੋਇਆਂ ਬੜਾ ਸਾਦਾ ਭੋਜਨ ਤਿਆਰ ਕੀਤਾ ਜਾਂਦਾ ਸੀ। ਗੁਰੂ ਜੀ ਦਾ ਉਪਦੇਸ਼ ਸੀ ਕਿ ਉੱਚੀ ਬਨਸਪਤਿ ਨਾਲ ਤਿਆਰ ਪਵਿੱਤਰ ਆਹਾਰ ਦੀ ਸਾਦਗੀ, ਮਨੁੱਖੀ ਆਚਰਨ ਨੂੰ ਡੂੰਘਾ ਪ੍ਰਭਾਵਤ ਹੀ ਨਹੀਂ ਕਰਦੀ, ਸਗੋਂ ਸਿੱਖ ਦੀ ਚੇਤਨ ਸ਼ਕਤੀ, ਭਾਵਨਾਵਾਂ ਤੇ ਦਰਵੇਸ਼ ਸੋਚ ਨੂੰ ਬੇਹੱਦ ਨਿਖਾਰਦੀ ਵੀ ਹੈ, ਕਿਉਂਕਿ ਸਿੱਖ ਨੇ ਭੋਜਨ ਸਿਰਫ ਸਰੀਰ ਦੀ ਉਪਜੀਵਕਾ ਹਿਤ ਕਰਨਾ ਹੈ, ਸੁਆਦ ਤਾਂ ਹੁੰਦਾ ਹੀ ਸੀ ਕਿਉਂਕਿ ਉਸ ਵਿਚ ਗੁਰਬਾਣੀ ਦਾ ਰਸ ਵੀ ਮਿਲਿਆ ਹੁੰਦਾ ਸੀ । ਸਿਆਣਿਆਂ ਦਾ ਕਥਨ ਹੈ ‘ਜੈਸਾ ਅੰਨ, ਤੈਸਾ ਮਨ’।
,ਉਦੋਂ ‘ਗੁਰੂ ਦੇ ਸੇਵਕ, ਸਤਿਗੁਰਾਂ ਪਾਸ ਜਿਆਦਾਤਰ ਹਾੜੀ, ਸਾਉਣੀ ਜਾਇਆ ਕਰਦੇ ਸਨ, ਯਥਾ-ਸ਼ਕਤਿ ਭੇਂਟ ਅਰਪਨ ਕਰਨੀ, ਗੁਰ ਅਸਥਾਨ ਵਿੱਚ ਦੋ/ਚਾਰ ਦਿਨ ਰਹਿੰਦੇ ਸਨ ਤੇ ਭਾਵ ਅਰਥ ਨਾਲ ਗੁਰ ਸ਼ਬਦ ਸਿਖਦੇ ਸਨ। ਵਾਪਸ ਆਉਂਦੇ ਤਾਂ ਸਿੱਖ ਪੁੱਛਦੇ, ‘ਜੀ!ਗੁਰ ਸ਼ਬਦ ਦਾ ਪ੍ਰਸਾਦਿ ਵਰਤਾਉ’। ਇੰਞ ਫਿਰ ਇਕੱਠ ਵਿੱਚ ਗਿਆਨ ਚਰਚਾ ਹੁੰਦੀ। ਪਰ ਹੁਣ ਅਸੀਂ ਗੁਰਦੁਆਰੇ ਜਾਂਦੇ ਹਾਂ, ਪਿੱਛਲਿਆਂ ਲਈ ਫੁੱਲੀਆਂ, ਪਤਾਸੇ, ਪਿੰਨੀ ਦਾ ਪ੍ਰਸਾਦਿ ਤਾਂ ਲਿਆਉਂਦੇ ਹਾਂ, ਪਰ ਅਫਸੋਸ! ਕਦੇ ਗੁਰ-ਵੀਚਾਰ ਨਾ ਸੁਣੀ ਤੇ ਨਾ ਕੀਤੀ ਹੈ l
ਅਜੇ ਦਾ ਲੰਗਰ ਵੇਖਕੇ ਮਨ ਵਿੱਚ ਇਕ ਤਰੰਗ ਉੱਠਦੀ ਹੈ, ਕਿ ਵਿਦੇਸ਼ਾਂ ਵਿੱਚਲੀਆਂ ਧਨਵਾਨ ਸਿੱਖ ਸੰਸਥਾਵਾਂ, ਸਿੱਖ ਸਭਾਵਾਂ ਅਤੇ ਧਨਾਢ ਤੇ ਵਪਾਰੀ ਵੀਰ ਜਿਤਨੇ ਉੱਦਮ ਤੇ ਚਾਅ ਨਾਲ ਖਾਣ-ਪੀਣ ਦੀਆਂ ਵਸਤੂਆਂ ਦੀ ਤਿਆਰੀ, ਸਾਂਭ-ਸੰਭਾਲ ਅਤੇ ਵਰਤ-ਵਰਤਾਓ ਉੱਤੇ ਮਾਇਆ, ਸਮਾਂ ਤੇ ਤਾਕਤ ਲਾਉਂਦੇ ਹਨ, ਇਹੀ ਜੇ ਕਰ ਗੁਰੂ ਜੀਵਨੀਆਂ, ਗੌਰਵਮਈ ਗੁਰ-ਇਤਿਹਾਸ ਅਤੇ ਉੱਚਤਮ ਸਿੱਖ ਸਾਹਿਤ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਪੁਸਤਕਾਂ ਤਿਆਰ ਕਰਵਾ ਕੇ ਸਾਦੇ ਲੰਗਰ ਤੇ ਨਾਲ ਨਾਲ ਗੁਰੂਆਂ ਦਾ ਇਤਿਹਾਸ ਸਿੱਖਾਂ ਅਤੇ ਗੈਰ ਸਿੱਖਾਂ ਵਿੱਚ ਵੰਡੀਏ ਤਾਂ ਇਹ ਬਹੁਤ ਸਾਰਥਕ ਅਤੇ ਵਿਲੱਖਣ ਪ੍ਰਚਾਰ-ਵਿਧੀ ਹੋਵੇਗੀ ਜਿਸ ਨਾਲ ਸਿੱਖ ਧਰਮ ਤੇ ਸਿੱਖਾਂ ਪ੍ਰਤੀ ਪਾਏ ਭਰਮ, ਭੁਲੇਖੇ ਅਤੇ ਗਲਤ-ਫਹਿਮੀਆਂ ਦੂਰ ਹੋਣਗੀਆਂ। ਸਿੱਖ ਇਖਲਾਕ ੳੱਚਾ ਹੋਏਗਾ ਤੇ ਜਿਹੜੇ ਸਿਖਾਂ ਨੂੰ ਜਰਾਇਨ ਪੇਸ਼ਾ ਲੋਕ ਕਹਿੰਦੇ ਹਨ ਉਨ੍ਹਾ ਦੀ ਸੋਚ ਬਦਲ ਜਾਏਗੀl
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ
Add comment