ਸਿੱਖ ਇਤਿਹਾਸ

ਸਾਕਾ ਪਾਉਂਟਾ ਸਾਹਿਬ ( 22 ਮਈ,1964)

ਪਾਉਂਟਾ ਸਾਹਿਬ ਦੀ ਨੀਂਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1685 ਵਿਚ ਰਖੀ  ਸੀ 1 ਸੰਨ 1685-1689 ਤਕ ਲਗਾਤਾਰ 4 ਸਾਲ ਉਨ੍ਹਾ ਨੇ ਇਥੇ ਨਿਵਾਸ ਕੀਤਾ 1 ਇਥੇ ਹੀ ਗੁਰੂ ਸਹਿਬ  ਦੇ ਕਵੀ ਦਰਬਾਰ, ਕੀਰਤਨ ਦਰਬਾਰ ਤੇ ਦਸਤਾਰ  ਮੁਕਾਬਲੇ ਹੁੰਦੇ  ਰਹੇ1 ਇਥੇ ਹੀ ਇਨ੍ਹਾ ਨੇ 52 ਕਵੀ ਆਪਣੇ ਦਰਬਾਰ ਵਿਚ ਰਖਕੇ , ਕੋਮਲ ਹੁਨਰ ਤੇ ਸਹਿਤ ਰਚ ਕੇ ਸਹਿਤ ਦਾ ਆਦਰ ਕਰਨਾ ਸਿਖਾਇਆ1 ਇਸੇ ਜਗਾ ਤੇ ਬਾਈਧਰਾਂ ਦੇ ਰਾਜਿਆਂ ਨਾਲ ਭੰਗਾਣੀ ਦਾ ਯੁਧ ਹੋਇਆ ਜਿਸ ਵਿਚ ਪੀਰ ਬੁਧੂ ਸ਼ਾਹ ਦੇ  2 ਪੁਤਰ ਸ਼ਹੀਦ ਹੋ ਗਏ 1  ਇਸੇ ਜਗਾ ਤੋ ਪੀਰ ਬੁਧੂ ਸ਼ਾਹ ਨੂੰ ਗੁਰੂ ਸਾਹਿਬ ਤੋਂ  ਕੇਸਾਂ ਵਾਲਾ ਕੰਘਾ ਤੇ ਅਧੀ ਦਸਤਾਰ, ਤੇ ਛੋਟੀ ਕਿਰਪਾਨ ਤੇ ਹੁਕਮਨਾਮਾ ਦਾਤ ਵਜੋਂ  ਮਿਲਿਆ 1 ਪਾਉਂਟਾ ਸਾਹਿਬ ਦਾ ਇਲਾਕਾ ਉਨ੍ਹਾ ਦੇ ਪਵਿਤਰ ਚਰਨ- ਛੋਹ ਨਾਲ ਸਰਸ਼ਾਰ ਹੋ ਗਿਆ 1

 ਜਦੋ ਪਹਾੜੀ ਰਾਜੇ ਭੀਮ ਚੰਦ ਨੇ ਗੁਰੂ ਸਾਹਿਬ ਦੀ ਵਧਦੀ ਤਾਕਤ ਦੇਖਕੇ ਉਨ੍ਹਾ ਨਾਲ ਬਖੇੜਾ ਖੜਾ ਕੀਤਾ  ਤਾਂ  ਜ਼ਿਲਾ ਸਿਰਮੋਰ , ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼  ਨੇ ਗੁਰੂ ਸਾਹਿਬ ਨੂੰ ਆਪਣੇ ਵਜੀਰ ਸੋਭਾ ਸਿੰਘ ਹਥ ਸਦਾ ਭੇਜਿਆ ਤੇ ਉਨ੍ਹਾ ਨੂੰ ਆਪਣੇ  ਇਲਾਕੇ ਵਿਚ ਆਕੇ ਪਕਾ ਟਿਕਾਣਾ ਕਰਨ ਲਈ ਬੇਨਤੀ ਕੀਤੀ1  ਗੁਰੂ ਸਾਹਿਬ ਡਰਨ ਵਾਲੇ ਕਿਥੋਂ ਸੀ ਪਰ ਮਾਂ ਗੁਜਰੀ ਜੀ ਦੇ ਜੋਰ ਪਾਉਣ ਤੇ ਉਹ ਕੁਝ ਚਿਰ ਲਈ ਆਨੰਦਪੁਰ ਸਾਹਿਬ ਤੋਂ  ਨਾਹਨ ਆ ਗਏ 1

 ਇਥੇ 1685 ਵਿਚ ਕਿਆਰਦੂਨ, ਦਰਿਆ ਦੇ ਕੰਢੇ ਤੇ ਆਪਣੀ ਫੋਜ਼ ਦੇ ਸਾਧਨ ਪ੍ਰਾਪਤੀ ਤੇ ਸੁਰਖਿਆ ਲਈ  ਕਿਲਾ ਬਣਵਾਇਆ 1 ਭੰਗਾਣੀ ਦਾ ਯੁਦ ਵੀ ਇਸੇ ਸਮੇ ਹੋਇਆ ਸੀ 1 ਬਾਬਾ ਅਜੀਤ ਸਿੰਘ ਜੀ ਦਾ ਜਨਮ ਵੀ ਇਥੇ ਹੀ ਹੋਇਆ 1 ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ -ਜੋਤ ਸਮਾਣ ਪਿਛੋਂ ਗੁਰੂ ਗਰੰਥ ਸਾਹਿਬ ਸਿਖਾਂ ਦੇ 11 ਗੁਰੂ ਬਣੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਿਵਾਸ ਅਸਥਾਨ ਗੁਰੂ ਗਰੰਥ ਸਾਹਿਬ ਜੀ ਦਾ ਗੁਰੂਦਵਾਰਾ ਬਣ ਗਿਆ 1

ਇਤਿਹਾਸ ਗਵਾਹ ਹੈ ਕੀ ਸੰਗਤਾ ਗੁਰੁਦਵਾਰੇ ਸਾਹਿਬ ਦੀ ਪਵਿਤ੍ਰਤਾ ਨੂੰ ਕਾਇਮ ਰਖਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੁੰਦੀਆਂ ਹਨ 1 ਗੁਰੂਦਵਾਰਾ ਪਾਉਂਟਾ ਸਾਹਿਬ ਦਾ ਪ੍ਰਬੰਧ ਮਹੰਤ ਲਹਿਣਾ ਸਿੰਘ ਤੇ ਹਥ੍ ਵਿਚ ਸੀ ਜੋ ਬਹੁਤ ਨੇਕਦਿਲ ਤੇ ਇਮਾਨਦਾਰ ਇਨਸਾਨ ਸੀ 1 ਪੰਥ ਵਿਚ ਉਸਦਾ ਬਹੁਤ ਮਾਣ  ਤੇ ਸਤਕਾਰ ਸੀ 1 ਜਦੋਂ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਬਣੀ ਤਾ ਉਹ ਆਪ ਚਾਬੀਆਂ ਲੈਕੇ ਅਮ੍ਰਿਤਸਰ ਪੁਜ ਗਿਆ ਤੇ ਕਮੇਟੀ ਨੂੰ ਪਾਉਂਟਾ ਸਾਹਿਬ ਦੇ ਪ੍ਰਬੰਧ ਨੂੰ ਆਪਣੇ ਹਥ ਲੈਣ ਲਈ ਬੇਨਤੀ ਕੀਤੀ 1  ਉਨ੍ਹਾ ਨੇ ਮਹੰਤ ਦੀ ਕੁਰਬਾਨੀ ਤੇ ਨਿਮਰਤਾ ਦੇਖ ਕੇ ਪਾਉਂਟਾ ਸਾਹਿਬ ਗੁਰੁਦਵਾਰੇ ਦੀ ਸੇਵਾ-ਸੰਭਾਲ ਕਰਨ ਲਈ ਇਕ ਵਖਰਾ ਮਤਾ ਪਾਸ ਕਰਕੇ ਜਿਮੇਵਾਰੀ ਮਹੰਤ ਨੂੰ ਹੀ ਸੋਂਪ ਦਿਤੀ 1 ਪਰ ਮਹੰਤ ਦੇ ਅਕਾਲ ਚਲਾਣੇ ਮਗਰੋ ਉਨ੍ਹਾ ਦਾ ਪੁਤਰ ਗੁਰਦਿਆਲ ਸਿੰਘ ਨੇ ਗੁਰੁਦਵਾਰੇ ਤੇ ਆਪਣਾ ਹਕ ਸਮਝਦੇ ਕਬਜਾ ਕਰ ਲਿਆ ਤੇ ਆਪਣੀਆਂ ਮਨਮਤੀਆਂ ਤੇ ਕੁਰੀਤੀਆਂ ਕਰਣੀਆਂ ਸ਼ੁਰੂ ਕਰ ਦਿਤੀਆਂ 1

ਸੰਨ  1950-51 ਵਿਚ ਨਿਹੰਗ ਸਿੰਘ ਤਰੁਣ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਆਪਣੇ ਜਥੇ ਨਾਲ ਗੁਰੂਦਵਾਰਾ ਪਾਉਂਟਾ ਸਾਹਿਬ ਦਰਸ਼ਨ ਕਰਨ ਗਏ ਤਾਂ ਗੁਰੁਦਵਾਰੇ ਦਾ ਮਾੜਾ ਪ੍ਰਬੰਧ ਦੇਖਕੇ ਗੁਰੁਦਿਆਲ ਸਿੰਘ ਨੂੰ ਸਖਤ ਤਾੜਨਾ ਕੀਤੀ 1 ਕੁਝ ਸਮਾ  ਤਾ ਉਹ ਠੀਕ ਰਿਹਾ ਪਰ ਉਨ੍ਹਾ ਦੇ ਜਾਣ  ਪਿਛੋਂ ਮੁੜ ਉਹੀ ਕੁਰੀਤੀਆਂ ਸ਼ੁਰੂ ਹੋ ਗਈਆਂ 1 ਸੰਗਤਾ ਨੇ ਬਾਬਾ ਜੀ ਨੂੰ ਗੁਰੂਦਵਾਰਾ ਸੁਧਾਰ ਲਈ ਬੇਨਤੀ ਕੀਤੀ

ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ 10 ਮਾਰਚ 1964 ਨੂੰ ਜੈਕਾਰਿਆਂ ਦੀ ਗੂੰਜ ਨਾਲ ਸ਼ਸ਼ਤ੍ਰਧਾਰੀ ਨਿਹੰਗ ਸਿੰਘਾਂ ਦਾ ਦਲ ਪਾਉਂਟਾ ਸਾਹਿਬ ਪਹੁੰਚ ਗਿਆ 1 ਮਹੰਤ ਦੇਖ ਕੇ ਘਬਰਾ ਗਿਆ 1 ਉਸਨੇ ਆਪਣੇ ਨਾਲ 100 ਬੰਦੇ ਸ਼ਰਾਬ ਪਿਆ ਕੇ ਰਲਾ ਲਏ 1 ਇਕ ਦੋ ਪਿੰਡਾਂ ਦੇ ਬੰਦੇ ਪੈਸੇ ਦੇਕੇ ਖਰੀਦ ਲਏ ਤੇ ਪੁਲਿਸ ਨੂੰ ਵੀ ਆਪਣੇ ਨਾਲ ਰਲਾ ਲਿਆ 1 ਮਹੰਤ ਬਹੁਤ ਚਲਾਕ ਸੀ 1 ਗੁੰਡੇ ਵੀ ਇੱਕਠੇ ਕਰ ਲਏ ਤੇ ਸਮਝੋਤਾ ਕਰਨ ਲਈ ਬਾਬਾ  ਹਰਭਜਨ ਸਿੰਘ ਨੂੰ ਮਿਲਣ ਵੀ ਚਲਾ ਗਿਆ 1 ਤੇ ਕਹਿਣ ਲਗਾ ਕੀ ਤੁਸੀਂ ਗਲ ਨੂੰ ਉਲਝਾਉ ਨਾ 1 ਇਥੇ ਮਲਕੀਅਤ ਸਾਡੀ ਹੈ 1 ਤੁਸੀਂ ਚਾਹੋ ਤਾਂ ਰਸਦ ਲੈਕੇ ਚਲੇ ਜਾਉ  ਕਿਓਂਕਿ ਇਥੇ ਤਿੰਨ ਦਿਨਾ ਤੋਂ ਵਧ ਕੋਈ ਨਹੀਂ ਠਹਿਰ ਸਕਦਾ 1 ਬਾਬਾ ਹਰਭਜਨ ਸਿੰਘ ਨੇ ਜਵਾਬ ਵਿਚ ਕਿਹਾ ਕੀ ਤੂੰ ਹੁਣ ਇਥੋਂ ਚਲਾ ਜਾ ਜੇ ਇਹ ਗੁਰੂ ਦਾ ਘਰ ਹੈ ਤਾਂ ਸਾਨੂੰ ਇਥੋ ਕੋਈ ਕਢ ਨਹੀਂ ਸਕਦਾ ਤੇ ਜੇ ਤੇਰਾ ਹੈ ਤਾਂ ਅਸੀਂ ਦੇਖ ਲਵਾਂਗੇ 1

ਮਹੰਤ ਬਾਬਾ ਹਰਭਜਨ ਸਿੰਘ ਦਾ ਬਦਲਿਆ ਰੂਪ ਦੇਖ ਕੇ ਡਰ ਗਿਆ1 ਤੇ ਚਾਰ ਦਿਨ ਗੁਰੁਦਵਾਰੇ ਨਾ ਆਇਆ ਨਾ ਘੋੜਿਆਂ ਨੂੰ ਪਠੇ ਨਾ ਲੰਗਰ 1 ਜਦ ਸੰਗਤਾ ਨੂੰ ਪਤਾ ਚਲਿਆ ਤੇ ਸਭ ਨੇ ਘੋੜਿਆਂ ਦੇ ਚਾਰੇ  ਦਾ ਤੇ ਲੰਗਰ ਦਾ ਇੰਤਜ਼ਾਮ ਕੀਤਾ 1 ਕੀਰਤਨ ਪ੍ਰਵਾਹ ਸ਼ੁਰੂ ਹੋ ਗਿਆਂ 1 ਮੁੜ ਰੋਣਕਾਂ ਲਗ ਗਈਆਂ 1 ਮਹੰਤ  ਨੇ ਸਿਖਾਂ ਨਾਲ ਕਈ  ਵਾਰੀ ਹਥੋ-ਪਾਈ ਕਰਨ ਦੀ ਕੋਸ਼ਿਸ਼ ਕੀਤੀ 1 ਪਰ ਸਿੰਘਾ ਨੇ ਸਿਆਣਪ ਤੋ ਕੰਮ ਲਿਆ ਤੇ ਗੁਰੁਦਵਾਰੇ ਵਿਚ 100 ਪਾਠਾਂ ਦੀ ਲੜੀ ਆਰੰਭ ਕਰਵਾ ਦਿਤੀ 1ਮਹੰਤ ਨੇ  ਤਿੰਨ ਲਖ ਰੁਪਇਆ ਬੈੰਕ ਵਿਚੋਂ ਕਢਵਾ ਆਹਲਾ ਅਫਸਰਾਂ ਨੂੰ ਵੰਡ ਦਿਤੇ ਤੇ ਅਫਸਰਾਂ ਨਾਲ ਮਿਲਕੇ ਆਪਣੇ ਇਕ ਆਦਮੀ ਕਸ਼ਮੀਰ ਸਿੰਘ ਨੂੰ ਗੁਰੁਦਵਾਰੇ ਦਾ ਰਸੀਵਰ ਬਣਾ ਦਿਤਾ ਪਰ ਸਿੰਘਾਂ ਨੇ ਕਬਜਾ ਦੇਣ ਤੋਂ ਇਨਕਾਰ ਕਰ ਦਿਤਾ 1

22 ਪਾਠਾਂ ਦਾ ਭੋਗ ਪੈ ਚੁਕਾ ਸੀ 23 ਵਾਂ ਪਾਠ ਆਰੰਭ ਸੀ 1 22 ਮਈ 1964 ਵਾਲੇ ਦਿਨ ਬਾਬਾ ਹਰਭਜਨ ਸਿੰਘ ਨੂੰ ਸਮਝੋਤਾ ਕਰਣ ਦੇ ਬਹਾਨੇ ਗੇਸਟ ਹਾਉਸ ਵਿਚ ਬੁਲਾ ਕੇ ਗ੍ਰਿਫਤਾਰ ਕਰ ਦਿਤਾ ਅਤੇ ਪੁਲਿਸ ਨੂੰ  ਗੁਰੂਦਵਾਰਾ ਸ਼ਾਹਿਬ ਨੂੰ  ਘੇਰ ਲੈਣ ਦਾ ਹੁਕਮ ਦੇ ਦਿਤਾ 1 ਜੋ ਅੰਦਰ ਸਿੰਘ ਸਨ ਉਨ੍ਹਾ ਨੇ ਪਾਠਾਂ ਦੀ ਬੇਅਦਬੀ ਨਾ ਹੋਏ ਖਿੜਕੀਆਂ ਦਰਵਾਜ਼ੇ ਬੰਦ ਕਰ ਲਏ 1 ਪੁਲਿਸ  ਨੇ ਅੰਦਰ ਵੜਨ ਲਈ ਲੋਹੇ ਦੀਆਂ ਪਾਈਪਾਂ ਨਾਲ ਦਰਵਾਜ਼ੇ ਭੰਨ  ਕੇ  ਬੂਟਾਂ ਸਮੇਤ ਅੰਦਰ ਵੜ  ਆਏ ਅਤੇ ਅਖੰਡ ਪਾਠ ਕਰ ਰਹੇ ਸਿੰਘਾਂ ਤੇ ਗੋਲੀਆਂ ਚਲਾ ਦਿਤੀਆਂ1 ਉਸ ਸਮੇ ਗੁਰੁਦਵਾਰੇ ਵਿਚ ਸਰਦਾਰ ਦਰਸ਼ਨ ਸਿੰਘ ,ਸਰਦਾਰ ਧੰਨਾ ਸਿੰਘ , ਸਰਦਾਰ ਹਰਭਜਨ ਸਿੰਘ . ਸਰਦਾਰ ਮੰਗਲ ਸਿੰਘ, ਸਰਦਾਰ ਪ੍ਰੀਤਮ ਸਿੰਘ, ਸਰਦਾਰ ਉਦੇ ਸਿੰਘ ਤੇ ਕੁਝ ਯਾਤਰੂ ਸਨ 1 ਡੀ ਸੀ   ਆਰ.ਕੇ. ਚੰਦੇਲ ਨੇ ਵਾਰਨਿੰਗ ਦਿਤੀ ਕੀ ਅਖੰਡ ਪਾਠ ਸਮਾਪਤ ਕਰਕੇ ਸਾਰੇ ਬਾਹਰ ਆਕੇ ਗ੍ਰਿਫਤਾਰ ਹੋ  ਜਾਉ ਨਹੀਂ ਤੇ ਗੋਲੀ ਚਲਾਈ ਜਾਵੇਗੀ , ਪਰ ਅਖੰਡ ਪਾਠ ਦੀ ਬੇਅਦਬੀ ਕਰਕੇ ਕੋਈ ਬਾਹਰ ਨਹੀਂ ਆਇਆ1 ਪੋਲਿਸ ਨੇ ਸਰੇ-ਆਮ ਨਿਹਥੇ ਪਾਠੀ ਸਿੰਘਾ ਤੇ ਗੋਲੀਆਂ ਦਾ ਮੀਂਹ ਵਰਸਾ ਦਿਤਾ 1 ਗੁਰੁਦਵਾਰੇ ਦੀਆਂ ਕੰਧਾਂ ਛਾਨਣੀ ਹੋ ਗਈਆਂ 1  ਅਠ ਨਿਹੰਗ ਤੇ ਤਿੰਨ ਯਾਤਰੂ  ਗੋਲੀਆਂ ਨਾਲ ਸ਼ਹੀਦ ਹੋ ਗਏ 1

  1. ਸਰਦਾਰ ਪ੍ਰੀਤਮ ਸਿੰਘ ਜੀ ਨਿਹੰਗ, ਫਤਹਿ ਪੁਰ ਕੋਠੀ, ਹੁਸ਼ਿਆਰਪੁਰ

  2. ਸਰਦਾਰ ਮੰਗਲ ਸਿੰਘ ਜੀ ਨਿਹੰਗ, ਬਜਰੋਰ, ਹੁਸ਼ਿਆਰਪੁਰ

      3.ਸਰਦਾਰ ਹਰਭਜਨ ਸਿੰਘ ਜੀ ਟੋਹੜਾ, ਨਿਹੰਗ, ਹੁਸ਼ਿਆਰਪੁਰ

  1. ਸਰਦਾਰ ਧੰਨਾ ਸਿੰਘ ਜੀ ਨਿਹੰਗ ਭਦੋੜ, ਸੰਗਰੂਰ

  2. ਸਰਦਾਰ ਸੰਤੋਖ ਸਿੰਘ ਜੀ ਨਿਹੰਗ, ਅਮ੍ਰਿਤਸਰ

  3. ਸਰਦਾਰ ਲਾਭ ਸਿੰਘ ਜੀ ਨਿਹੰਗ , ਫਿਰੋਜ਼ਪੁਰ

  4. ਸਰਦਾਰ ਦਲੀਪ ਸਿੰਘ ਜੀ ਨਿਹੰਗ, ਕਾਂਗੜਾ

  5. ਸਰਦਾਰ ਉਦੈ ਸਿੰਘ ਜੀ ਨਿਹੰਗ, ਮਤੇਵਾਲ, ਅਮ੍ਰਿਤਸਰ

      9 ਇਕ ਨਾਮਧਾਰੀ ਸਿੰਘ (ਯਾਤਰੀ)

  1. ਬਾਬਾ ਸੂਬੇਦਾਰ ਜੀ (ਯਾਤਰੀ )

  2. ਇਕ ਹੋਰ ਯਾਤਰੀ

ਸਰਦਾਰ ਧੰਨਾ ਸਿੰਘ ਜੋ ਪਾਠ ਕਰ ਰਿਹਾ ਸੀ ਉਸਦੀ ਵਖੀ ਵਿਚ ਗੋਲੀ ਲਗਣ ਨਾਲ ਉਹ ਉਥੇ ਹੀ ਢੇਰੀ ਹੋ ਗਿਆ 1 ਬਾਬਾ ਨਿਹਾਲ ਸਿੰਘ ਜੀ ਜੋ ਉਸ ਵੇਲੇ ਚੋਰ ਕਰ ਰਹੇ ਸਨ, ਨੂੰ ਤਿੰਨ ਗੋਲੀਆਂ ਲਗੀਆਂ , ਹਥ ਵਿਚ , ਮੋਢੇ ਅਤੇ ਪਟ ਵਿਚ1  22 ਮਈ ਨੂੰ ਇਹ ਸਾਕਾ ਸਰਕਾਰ ਦੇ ਮਥੇ ਤੇ ਕਲੰਕ ਵਾਂਗ ਲਗ ਚੁਕਾ ਸੀ 1 ਦਿਨ ਦਿਹਾੜੇ ਸੇਵਾ ਲੰਗਰ ਪਕਾਉਂਦੇ , ਸੇਵਾ ਕਰਦੇ ਤੇ ਪਾਠ ਕਰਨ ਵਾਲਿਆਂ ਤੇ ਅਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ 1

ਸ੍ਰੀ ਗੁਰੂ ਗਰੰਥ ਸਾਹਿਬ ਦਾ ਪਵਿਤਰ ਸਰੂਪ ਸ਼ਹੀਦਾ ਦੇ ਲਹੂ ਨਾਲ ਲਥ ਪਥ ਹੋ ਚੁਕਾ ਸੀ 1 ਸ੍ਰੀ ਦਰਬਾਰ ਸਾਹਿਬ ਅੰਦਰ ਵਿਛਾਈਆਂ  ਚਦਰਾਂ ,ਰੁਮਾਲੇ ,ਦਰੀਆਂ ਸਭ ਖੂਨ ਨਾਲ ਭਿਜ ਗਈਆਂ ਸਨ 1 ਦੋ ਗਡੀਆਂ ਮੰਗਵਾਈਆਂ ਗਈਆਂ, ਇਕ ਸ਼ਹੀਦਾ  ਅਤੇ ਜਖਮੀਆਂ ਵਾਸਤੇ ਤੇ ਦੂਜੀ ਵਿਚ ਗੁਰੂ ਗਰੰਥ ਸਾਹਿਬ ,ਰੁਮਾਲੇ, ਚਦਰਾਂ ਤੇ ਦਰੀਆਂ 1 ਸੰਗਤਾ ਦੇ ਰੋਲਾ ਪਾਉਣ ਨਾਲ ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਸ਼ਹੀਦ ਸਿੰਘਾਂ ਦੇ ਮਿਰਤਕ ਸਰੀਰ ਸੰਗਤਾਂ ਨੂੰ ਦੇ ਦਿਤੇ ਗਏ ਜਿਨ੍ਹਾ ਦਾ ਸਸਕਾਰ 24 ਮਈ ਨੂੰ ਜਮਨਾ ਦੇ ਕਿਨਾਰੇ ਕੀਤਾ ਗਿਆ 1 ਪੁਲਿਸ ਗੁਰੂ ਗੋਬਿੰਦ ਸਿੰਘ ਦੇ ਸਸ਼ਤਰ, ਸ੍ਰੀ ਗੁਰੂ ਗਰੰਥ ਸਾਹਿਬ ਦਾ ਸਰੂਪ ਤੇ ਇਕ ਦਸਮ ਗਰੰਥ ਦੀ ਬੀੜ ਨਾਲ ਲੈ ਗਈ 1 ਗੁਰੂਦਵਾਰਾ ਸਾਹਿਬ ਦਾ ਚੁਬਚਾ  ਸਿੰਘਾ ਦੇ ਖੂਨ ਨਾਲ ਭਰਿਆ ਪਿਆ ਸੀ 1 ਇਹ ਸਭ ਜਦ ਸੰਗਤਾਂ ਨੂੰ ਪਤਾ ਚਲਿਆ ਤਾਂ ਸੰਗਤਾ ਗੁਰੁਦਵਾਰੇ ਇੱਕਠੀਆਂ ਹੋ ਗਈਆਂ ਤੇ ਰੋਲਾ ਪੈ ਗਿਆ1  ਇਸ ਤਰਾਂ ਗੁਰੂਦਵਾਰਾ ਪਾਉਂਟਾ ਸਾਹਿਬ  ਮਹੰਤਾਂ  ਤੋਂ ਛੁਡਵਾਇਆ  ਗਿਆ1

     ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »