ਸਿੱਖ ਇਤਿਹਾਸ

ਸਾਕਾ ਨਨਕਾਣਾ ਸਾਹਿਬ – 21, ਫਰਵਰੀ, 1921

ਸਿੱਖ ਅਰਦਾਸ ਵਿੱਚ ਜਿਕਰ ਆਉਂਦਾ ਹੈ, ਜਿਨ੍ਹਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਪੁਠੀਆਂ ਖਲਾਂ ਲੁਹਾਈਆਂ ,ਆਰਿਆਂ ਨਾਲ ਚਿਰਾਏ ਗਏ ,ਜੀਂਦੇ  ਜੀ ਸਾੜਿਆ ਗਿਆ, ਸੀ ਨਹੀਂ ਕੀਤੀ, ਧਰਮ ਨਹੀਂ ਹਾਰਿਆ ਉਨ੍ਹਾ ਸ਼ਹੀਦਾਂ ਮੁਰੀਦਾਂ ਦਾ ਧਿਆਨ ਧਰਕੇ ਬੋਲੋ ਜੀ ਸ੍ਰੀ ਵਾਹਿਗੁਰੂ 1 ਸਾਕਾ ਨਨਕਾਣਾ ਸਾਹਿਬ ਵਿਚ ਸਿਖ ਜੀਂਦੇ ਜੀ ਜੰਡਾਂ ਨਾਲ ਬ੍ਹੰਨ ਕੇ ਸਾੜੇ ਗਏ ਅਤੇ ਜੀਂਦਿਆਂ ਨੂੰ ਬਲਦੀਆਂ ਭੱਠੀਆਂ ਵਿੱਚ ਸੁੱਟਿਆ ਗਿਆ`।ਅਜ ਤੋਂ ਕੋਈ 91 ਸਾਲ ਪਹਿਲਾਂ 21 ਫਰਵਰੀ 1921 ਵਿਚ   ਇਹ ਇਤਿਹਾਸਕ ਸੱਚ ਸਿੱਖਾਂ ਨਾਲ ਵਾਪਰਿਆ  ਜਿਸ ਨੂੰ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਕਰਕੇ ਜਾਣਿਆਂ ਜਾਂਦਾ ਹੈ। ਇਹ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਜਨਮ ਅਸਥਾਨ ਵਿੱਖੇ  ਹੋਇਆ ਸੀ ਜਿਸ ਨੂੰ ਯਾਦ ਕਰਕੇ ਅਜ ਵੀ ਦਿਲ ਕੰਬ ਉਠਦਾ ਹੈ 1

 ਗੁਰੂ ਕਾਲ ਸਮੇਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਪ੍ਰਬੰਧ ਦਾ ਕੰਮ ਗੁਰੂ ਸਾਹਿਬਾਨ ਦੀ ਆਪਣੀ ਨਿਗਰਾਨੀ ਹੇਠ ਹੁੰਦਾ ਸੀ ਜਾਂ ਉਨ੍ਹਾਂ ਵਲੋਂ ਨੀਯਤ ਕੀਤੇ ਹੋਏ `ਕਹਿਣੀ ਤੇ ਕਰਨੀ` ਦੇ ਸੂਰੇ ਸਿੱਖਾਂ ਸੇਵਕਾਂ ਦੇ ਹੱਥ ਹੋਇਆ ਕਰਦਾ ਸੀ। ਜਿਵੇਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਆਦਿ। ਇਸ ਸਮੇਂ ਗੁਰਦੁਆਰਾ ਪ੍ਰਬੰਧ ਵਿੱਚ ਕੋਈ ਢਿੱਲ੍ਹ ਨਹੀਂ ਆਈ1  ਗੁਰਮਤਿ ਪ੍ਰਚਾਰ ਦੇ ਇਹ ਸੋਮੇਂ ਸਿੱਖ ਕੌਂਮ ਦੀ ਅਗਵਾਈ ਕਰਦੇ ਰਹੇ ਅਤੇ ਕੌਂਮ ਹਮੇਸ਼ਾ ਚੜ੍ਹਦੀ-ਕਲਾ ਵਿੱਚ ਰਹੀ। ਸੰਨ 1617 ਵਿਚ  ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਸਿੱਖ ਪੰਥ ਉਂਪਰ ਮੁਗ਼ਲ ਹਕੂਮਤ ਨੇ ਸਖ਼ਤੀ ਦਾ ਦੌਰ ਆਰੰਭ ਕੀਤਾ ਤਾਂ ਗੁਰੂ ਕੇ ਸਿੰਘ ਆਪਣੇ ਘਰ-ਘਾਟ ਤਿਆਗ ਕੇ ਪਹਾੜਾਂ, ਜੰਗਲਾਂ, ਰੇਗਿਸਤਾਨਾਂ ਅਤੇ ਹੋਰ ਸੁਰੱਖਿਅਤ ਥਾਵਾਂ ਤੇ ਜਾ ਆਪਣੀ ਦਿਨ-ਕਟੀ ਕਰਨ ਲੱਗੇ। ਉਸ ਬਿਖੜੇ ਸਮੇਂ ਸਿੱਖ ਪੰਥ ਆਪਣੇ ਪਵਿੱਤਰ ਗੁਰਧਾਮਾਂ ਦਾ ਪ੍ਰਬੰਧ ਨਾ ਕਰ  ਸਕਿਆ ਤੇ ਗੁਰਧਾਮਾਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਨਿਰਮਲੇ ਅਤੇ ਉਦਾਸੀ ਸੰਪਰਦਾਇ ਦੇ ਮਹੰਤਾਂ ਕੋਲ ਚਲੀ ਗਈ । ਸ਼ੁਰੂ ਸ਼ੁਰੂ ਵਿੱਚ ਇਨ੍ਹਾਂ ਮਹੰਤਾਂ ਨੇ ਬੜੇ ਸੁਚੱਜੇ ਢੰਗ ਨਾਲ ਗੁਰਧਾਮਾਂ ਦੀ ਸੇਵਾ-ਸੰਭਾਲ ਕੀਤੀ। ਪਰ ਹੋਲੀ ਹੋਲੀ ਇਨ੍ਹਾਂ ਨੇ ਗੁਰਦੁਰਿਆਂ ਅੰਦਰ ਮੰਦਰਾਂ ਵਾਂਗ ਹਿੰਦੂ ਰਹੁ-ਰੀਤੀਆਂ ਪ੍ਰਚੱਲਤ ਕਰ ਦਿੱਤੀਆਂ ਤੇ ਗੁਰਬਾਣੀ ਨੂੰ ਹਿੰਦੂ ਮਿਥਿਹਾਸਕ ਕਥਾ-ਕਹਾਣੀਆਂ ਦੀ ਰੰਗਤ ਦੇ ਕੇ ਪੇਸ਼ ਕਰਦੇ ਰਹੇ 1 ਕਈ ਗੁਰਦੁਆਰਿਆਂ ਅੰਦਰ ਮੂਰਤੀਆਂ ਵੀ ਲਿਆ ਰੱਖੀਆਂ। ਗੁਰਦੁਆਰਿਆਂ ਵਿੱਚੋਂ ਗੁਰਮਤਿ ਦਾ ਪ੍ਰਚਾਰ ਅਤੇ ਸਿੱਖੀ-ਮਾਣ-ਮਰਯਾਦਾ ਹੌਲੀ ਹੌਲੀ ਅਲੋਪ ਹੁੰਦੀ ਗਈ  ਅਤੇ ਕਰਮ-ਕਾਂਡਾ ਦਾ ਸਿਲਸਿਲਾ ਸ਼ੁਰੂ ਹੋ ਗਿਆ ।

  ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸ਼ਕਤੀਸ਼ਾਲੀ ਖਾਲਸਾ  ਰਾਜ ਕਾਇਮ ਹੋਇਆ। ਇਸ ਸਮੇਂ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਨੇ ਇਤਿਹਾਸਕ ਗੁਰਦੁਆਰਿਆਂ ਦੇ ਨਾਮ ਜਗੀਰਾਂ, ਜਾਇਦਾਦਾਂ ਲਗਵਾਈਆਂ ਤਾਂ ਕਿ ਇਨ੍ਹਾਂ ਦੀ ਆਮਦਨ ਦੇ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ। ਨਵੀਆਂ ਇਮਾਰਤਾਂ ਦੀ ਉਸਾਰੀ ਵੀ ਕੀਤੀ ਗਈ। ਪਰ ਸਿੱਖ ਸਰਦਾਰਾਂ ਨੇ ਗੁਰਦੁਆਂਰਿਆਂ ਦੀ ਅੰਦਰੂਨੀ ਮਾਣ-ਮਰਯਾਦਾ ਅਤੇ ਪ੍ਰਬੰਧ ਵਲ ਕੋਈ ਉਚੇਚਾ ਧਿਆਨ ਨਾ ਦਿੱਤਾ। ਸਿੱਖਾਂ ਸਰਦਾਰਾਂ ਦੀ ਇਸ ਲਾਪਰਵਾਹੀ  ਕਾਰਨ, ਗੁਰਦੁਆਰਿਆਂ ਅੰਦਰ ਗੁਰਮਤਿ ਪ੍ਰਚਾਰ ਅਤੇ ਸਿੱਖੀ-ਕਦਰਾਂ ਕੀਮਤਾਂ ਨੂੰ ਖੋਰਾ ਲਗਣਾ ਸ਼ੁਰੂ ਹੋ ਗਿਆ।

ਸਿੱਖ ਰਾਜ ਦੇ ਪਤਨ ਤੋਂ ਬਾਅਦ ਜਦ 1849 ਈ. ਵਿੱਚ ਪੰਜਾਬ ਦੀ ਧਰਤੀ ਉਂਪਰ ਅੰਗਰੇਜ਼ ਕਾਬਜ਼ ਹੋ ਗਏ ਤਾਂ ਉਨ੍ਹਾਂ ਨੇ ਸਿੱਖ ਧਰਮ ਨੂੰ ਖਤਮ  ਕਰਨ ਲਈ ਅਤੇ ਈਸਾਈ ਧਰਮ ਦੇ ਪ੍ਰਚਾਰ ਲਈ ਕਈ ਤਰ੍ਹਾਂ ਦੇ ਕੋਝੇ ਜਤਨ ਆਰੰਭ ਕਰਨੇ ਸ਼ੁਰੂ ਕਰ  ਦਿੱਤੇ ਜਿਨ੍ਹਾਂ ਵਿਚੋਂ  ਇਕ ਸਿੱਖ ਪੰਥ ਦੇ ਸਿੱਖੀ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਵੀ ਸੀ 1 ਉਨ੍ਹਾ ਦੀ ਕੋਸ਼ਿਸ਼ ਸੀ ਕਿ ਸਿਖਾਂ ਨੂੰ  ਸਿੱਖੀ ਦੇ ਮੂਲ ਸੋਮੇ,ਗੁਰਦੁਆਰਿਆਂ ਨਾਲੋਂ ਤੋੜਿਆ ਜਾਵੇ, ਜਿਸ ਲਈ ਉਨ੍ਹਾ ਨੇ  ਪੁਜਾਰੀ ਸ਼੍ਰੇਣੀ ਦੀ ਪਿੱਠ ਠੋਕਣੀ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਗੁਰਦੁਆਰਿਆਂ ਵਿੱਚ ਗੁਰਮਤਿ ਦੀ ਜਗਹ  ਮਨਮੱਤ ਦਾ ਬੋਲ-ਬਾਲਾ ਕਰ ਦੇਣ।

ਗੁਰੁਦਵਾਰਿਆਂ ਦੀ  ਪੁਜਾਰੀ ਸ਼੍ਰੇਣੀ ਜੋ ਕਿ ਲੰਬੇ ਸਮੇਂ ਤੋਂ ਪੀੜ੍ਹੀ ਦਰ ਪੀੜ੍ਹੀ , ਗੁਰਧਾਮਾਂ ਦੀ ਸੇਵਾ-ਸੰਭਾਲ ਕਰਦੀ ਆ ਰਹੀ ਸੀ, ਗੁਰ੍ਦਦੁਆਰਿਆਂ  ਨੂੰ ਆਪਣੀ ਨਿਜੀ ਜਾਇਦਾਦ ਸਮਝਂਣ ਲਗ ਪਈ 1 ਉਨ੍ਹਾ ਦੇ  ਆਚਰਣ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ 1 ਉਹ  ਸ਼ਰਾਬੀ ਅਤੇ ਅਯਾਸ਼ ਹੋ ਗਏ ਜਿਸਦੇ ਮੁੱਖ ਕਾਰਣ ਚੋਖੀ ਆਮਦਨ ਅਤੇ  ਅੰਗਰੇਜ਼ ਸਰਕਾਰ ਦੀ ਪੂਰੀ ਹਿਮਾਇਤ ਸੀ1  ਗੁਰਦੁਆਰੇ ਸਿੱਖੀ ਜੀਵਨ ਜਾਚ ਦੇ ਕੇਂਦਰ ਨਾ ਰਹਿ ਕੇ ਅਯਾਸ਼ੀ ਦੇ ਅੱਡੇ ਬਣਾ ਦਿੱਤੇ ਗਏ।  ਇਥੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਬੇਪਤੀ ਹੁੰਦੀ ,ਔਰਤਾਂ ਦਾ ਸੋਸ਼ਣ ਕੀਤਾ ਜਾਂਦਾ 1 ਹੋਲੀ ਹੋਲੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਅਤੇ ਹੋਰ ਮਨਮੱਤਾਂ ਹੋਣੀਆਂ ਸ਼ੁਰੂ ਹੋ ਗਈਆਂ।  ਗੁਰਦੁਆਰਿਆਂ ਨੂੰ ਚਰਚ ਵਿਚ ਬਦਲਣ ਲਈ ਪੁਜਾਰੀ ਸ਼੍ਰੇਣੀ  ਗੁਰੁਦਵਾਰਿਆਂ ਨੂੰ ਈਸਾਈਆਂ ਕੋਲ ਵੇਚਣ ਲਈ ਵੀ  ਤਿਆਰ ਹੋ ਗਏ   । ਇਹ ਵੀ ਐਲਾਨ ਹੋਣ ਲੱਗ ਪਿਆ  ਕਿ ਸਿੱਖੀ ਛੇਤੀ ਹੀ ਦੁਨੀਆਂ ਤੋਂ ਖਤਮ ਹੋ ਕੇ ਅਜਾਇਬ ਘਰਾਂ ਦੀਆਂ ਤਸਵੀਰਾਂ ਅਤੇ ਲਾਇਬ੍ਰੇਰੀ ਦੀਆਂ ਪੁਸਤਕਾਂ ਤਕ ਸੀਮਤ ਰਹਿ ਜਾਵੇਗੀ।

ਭਾਵੇਂ ਉਂਨ੍ਹੀਵੀਂ ਸਦੀ ਦੇ ਅਖੀਰ ਵਿੱਚ ਸਿੱਖ ਪੰਥ ਨੂੰ ਪ੍ਰਫੁੱਲਤ ਕਰਨ ਲਈ ਨਾਮਧਾਰੀ, ਨਿਰੰਕਾਰੀ ਅਤੇ ਸਿੰਘ ਸਭਾ ਆਦਿ ਲਹਿਰਾਂ ਚੱਲੀਆਂ ਅਤੇ ਇਨ੍ਹਾਂ ਦੇ ਜਤਨਾਂ ਸਦਕਾ ਸਿੱਖੀ ਦੀ ਹੋਂਦ ਬਰਕਰਾਰ ਵੀ ਹੋਈ । ਇਸ ਤੋਂ ਪਿੱਛੋਂ ਜਦ ਪੰਥ ਦਰਦੀ ਸਿੱਖਾਂ ਨੇ 5 ਅਕਤੂਬਰ ਸੰਨ 1920 ਈ. ਨੂੰ ਗੁਰਦੁਆਰਾ ਬਾਬੇ ਦੀ ਬੇਰ, ਸਿਆਲਕੋਟ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਤਾਂ ਸਿੱਖ ਪੰਥ ਵਿੱਚ ਇੱਕ ਨਵੀਂ ਜਾਗ੍ਰਿਤੀ  ਪੈਦਾ ਹੋਈ, ਜੋ ਗੁਰਦੁਆਰਾ ਸੁਧਾਰ ਲਹਿਰ ਦੇ ਨਾਮ ਹੇਠ ਸੰਨ 1925 ਈ. ਵਿੱਚ ਗੁਰਦੁਆਰਾ ਐਕਟ ਬਣ ਜਾਣ ਤਕ ਚੱਲੀ। ਛੇਤੀ ਹੀ ਇੱਕ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬਾਨ ਸਿੱਖ ਪੰਥ ਦੇ ਪ੍ਰਬੰਧ ਹੇਠ ਆਉਣੇ ਸ਼ੁਰੂ ਹੋ ਗਏ ਜਿਵੇਂ ਗੁਰੂਦਵਾਰਾ  ਚੁਮਾਲਾ ਸਾਹਿਬ ਲਾਹੌਰ, ਗੁਰੂਦਵਾਰਾ  ਭਾਈ ਜੋਗਾ ਸਿੰਘ ਪਿਸ਼ਾਵਰ, ਗੁਰੂਦਵਾਰਾ  ਖਰਾ ਸੌਦਾ ਚੂਹੜਕਾਣਾ, ਗੁਰੂਦਵਾਰਾ  ਪੰਜਾ ਸਾਹਿਬ ਅਤੇ ਗੁਰੂਦਵਾਰਾ  ਦਰਬਾਰ ਸਾਹਿਬ ਤਰਨ ਤਾਰਨ ਆਦਿ।

ਇਸ ਸਮੇਂ ਦੌਰਾਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਏ ਜਿਸ ਨਾਲ ਸਿੱਖ ਪੰਥ ਨੂੰ ਮਜ਼ਬੂਤ ਜਥੇਬੰਦੀ ਪ੍ਰਾਪਤ ਹੋਈ ਅਤੇ ਮਹੰਤ ਸ਼੍ਰੇਣੀ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਛੇਤੀ ਹੀ ਗੁਰਦੁਆਰਿਆਂ ਦਾ ਪ੍ਰਬੰਧ ਉਨ੍ਹਾ ਤੋਂ ਖੁੱਸ ਜਾਵੇਗਾ ਕਿਉਂਕਿ ਉਹ ਤਾਂ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਅਤੇ ਨਿੱਜੀ ਆਮਦਨ ਦੇ ਸਾਧਨ ਸਮਝਦੇ ਸਨ।  ਸਿੱਖ ਪੰਥ ਨੂੰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਆਪਣੇ ਹੱਥਾਂ ਵਿੱਚ ਲੈਣ ਲਈ ਕਾਫੀ ਘਾਲਣਾ ਘਾਲਣੀ ਪਈ ਅਤੇ ਕਈ ਕੁਰਬਾਨੀਆਂ ਦੇਣੀਆਂ ਪਈਆਂ 1

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੈ, ਦਾ ਪ੍ਰਬੰਧ ਸੰਨ 1920 ਵਿੱਚ ਮਹੰਤ ਨਰਾਇਣ ਦਾਸ ਚਲਾਉਂਦਾ ਸੀ, ਜੋ  ਅਤਿ ਦਰਜੇ ਦਾ ਸ਼ਰਾਬੀ, ਕਬਾਬੀ ਅਤੇ ਭੈੜੇ ਆਚਰਣ ਵਾਲਾ ਇਨਸਾਨ ਤਾਂ ਨਹੀਂ ਕਹਿ ਸਕਦੇ ,ਹੈਵਾਨ ਸੀ1  ਉਸ ਨੇ ਪਵਿੱਤਰ ਗੁਰਧਾਮ ਨੂੰ ਅਯਾਸ਼ੀ ਦਾ ਅੱਡਾ ਤੇ ਸ਼ਰਾਬੀਆਂ ,ਭੰਗੀਆਂ, ਪੋਸਤੀਆਂ ਦੀ ਪਰਵਰਿਸ਼ ਗਾਹ ਬਣਾ ਕੇ ਰਖਿਆ ਹੋਇਆ ਸੀ । ਗੁਰਦੁਆਰੇ ਦੀ ਹਦੂਦ ਅੰਦਰ ਸਰੇ -ਆਮ ਸ਼ਰਾਬ ਦੇ  ਦੌਰ ਚਲਦੇ ।ਉਸ ਨੇ 1917 ਈ. ਵਿੱਚ ਗੁਰਦੁਆਰੇ ਦੀ ਹਦੂਦ ਅੰਦਰ ਵੇਸਵਾ ਦਾ ਨਾਚ ਕਰਾਇਆ।ਮਹੰਤ ਦੀ ਇਸ ਹਰਕਤ ਨੇ ਸਿਖ ਜਗਤ ਅੰਦਰ ਉਸ ਦੇ ਖਿਲਾਫ਼ ਗੁਸੇ ਦੇ ਭਾਂਬੜ ਬਾਲ ਦਿਤੇ 1 ਅਖਬਾਰਾਂ , ਸਿੰਘ ਸਭਾਵਾਂ ਤੇ ਸੰਗਤਾ ਨੇ ਇਸ ਦੇ ਖਿਲਾਫ਼ ਮਤੇ ਪਾਸ ਕੀਤੇ 1 ਸਰਕਾਰ ਨੂੰ ਵੀ ਖਬਰ ਕੀਤੀ ਗਈ ਪਰ ਕੋਈ ਕਾਰਵਾਈ ਨਾ ਹੋਈ1

ਉਸਦੇ ਚੇਲੇ ਵੀ ਹਦ ਦਰਜੇ ਦੇ ਵਿਗੜੇ ਹੋਏ ਸਨ 1 ਸੰਨ 1918 ਨੂੰ ਇੱਕ ਰਿਟਾਇਰਡ ਸਿੰਧੀ ਅਫਸਰ ਜਦ ਆਪਣੇ ਪਰਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਉਸ ਦੀ 13 ਸਾਲਾ ਲੜਕੀ ਦਾ ਮਹੰਤ ਦੇ  ਚੇਲੇ ਨੇ ਬਲਾਤਕਾਰ ਕੀਤਾ। ਉਸੇ ਸਾਲ ਹੀ ਪੂਰਨਮਾਸ਼ੀ ਨੂੰ ਜ਼ਿਲ੍ਹਾ ਲਾਇਲਪੁਰ ਤੋਂ ਦਰਸ਼ਨਾਂ ਲਈ ਆਈਆਂ  ਛੇ ਬੀਬੀਆਂ ਦਾ ਵੀ  ਮਹੰਤ ਦੇ ਚੇਲਿਆਂ ਨੇ ਇਹੋ ਹਸ਼ਰ ਕੀਤਾ। ਜਦ ਕੁਝ ਸਿੱਖਾਂ ਨੇ ਮਹੰਤ ਕੋਲ ਇਸ ਗੱਲ ਦਾ ਰੋਸ ਕੀਤਾ ਤਾਂ ਅੱਗੋਂ ਉਸ ਨੇ ਇਹ ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਇਥੇ ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ। ਇਸ ਮਹੰਤ ਦੀ ਵਧ ਰਹੀ ਗੁੰਡਾਗਰਦੀ ਨੂੰ ਵੇਖਦੇ ਹੋਏ 26 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੀ ਅਗਵਾਈ ਹੇਠ   ਗੁਰਮਤਾ ਪਾਸ ਕੀਤਾ ਗਿਆ ਕਿ 4, 5 ਅਤੇ 6 ਮਾਰਚ 1921 ਈ. ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇੱਕ ਭਾਰੀ ਇਕੱਠ ਕੀਤਾ ਜਾਵੇ, ਜਿਸ ਵਿੱਚ ਗੁਰਦੁਆਰਿਆਂ ਦੇ  ਸਹੀ ਪ੍ਰਬੰਧ ਤੇ  ਮਹੰਤਾਂ  ਬਾਰੇ ਵਿਚਾਰ ਹੋਵੇਗੀ,  ਖਾਸ ਕਰਕੇ ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਬਾਰੇ1

ਜਦ ਮਹੰਤ ਨਰੈਣ ਦਾਸ  ਨੂੰ ਇਸ ਫੈਸਲੇ ਦੀ ਸੂਹ ਮਿਲੀ ਤਾਂ ਉਸ ਨੇ ਵੀ ਇੱਕ ਸਨਾਤਨ ਸਿੱਖ ਕਾਨਫਰੰਸ ਲਾਹੌਰ ਵਿਖੇ 1921, 20 ਅਤੇ 21 ਫਰਵਰੀ ਨੂੰ ਬਾਬਾ ਕਰਤਾਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਸੱਦ ਲਈ, ਜਿਸ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਮਹੰਤਾਂ ਅਤੇ ਸਰਬਰਾਹਾਂ ਨੂੰ ਸੱਦਾ ਦਿੱਤਾ ਗਿਆ ਜਿਸ ਵਿਚ ਸ਼ਰੋਮਣੀ ਕਮੇਟੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਿਆਂ ਸਾਧੂਆਂ ਤੇ ਮਹੰਤਾਂ ਦੀ ਆਪਣੀ ਵਖਰੀ ਕਮੇਟੀ ਕਾਇਮ ਕਰਨ ਦਾ ਮੁਦਾ ਰਖਿਆ ਗਿਆ  1 “ਸੰਤ ਸੇਵਕ” ਇਕ ਅਖਬਾਰ ਕਢਣ ਦਾ ਨਿਰਣਾ ਵੀ ਹੋਇਆ 1 ਨਾਲ ਨਾਲ ਹੀ  ਉਸ ਨੇ ਮਾਰਚ ਵਿਚ ਆਉਣ ਸਿਖ ਪੰਥ ਦੇ ਆਗੂਆਂ ਨੂੰ ਖਤਮ ਕਰਨ ਲਈ  ਇਲਾਕੇ ਦੇ ਰਾਂਝੇ ਅਤੇ ਰੀਹਾਨੇ ਵਰਗੇ ਚੋਟੀ ਦੇ ਬਦਮਾਸ਼ਾਂ, ਗੁੰਡਿਆਂ ਨੂੰ ਇਕੱਠਾ ਕਰ ਲਿਆ ਤੇ ਗੁਰੁਦਵਾਰੇ ਅੰਦਰ  ਛਵ੍ਹੀਆਂ, ਗੰਡਾਸੇ, ਬੰਦੂਕਾਂ, ਪਿਸਤੌਲਾਂ ਆਦਿ ਹਥਿਆਰ ਤੇ  ਭਾਰੀ ਗਿਣਤੀ ਵਿੱਚ ਗੋਲੀ ਸਿੱਕਾ, ਮਿੱਟੀ ਦਾ ਤੇਲ ਅਤੇ ਲੱਕੜਾਂ ਦਾ ਜਖ਼ੀਰਾ ਜਮ੍ਹਾਂ ਕਰ ਲਿਆ।

ਭਾਈ ਵਰਿਆਮ ਸਿੰਘ ਜੋ ਸੁਹੀਏ ਤੇ ਤੋਰ ਤੇ ਮਹੰਤ ਕੋਲ ਛਡਿਆ ਹੋਇਆ ਸੀ ਦੇ ਰਾਹੀਂ ਭਾਈ ਕਰਤਾਰ ਸਿੰਘ ਝੱਬਰ ਹੋਰਾਂ ਨੂੰ ਜਦ ਇਸ ਗਲ ਦੀ ਖਬਰ ਲੱਗੀ ਤਾਂ  ਉਸ ਨੇ ਇਲਾਕੇ ਦੇ ਮੁਖੀ ਸਿੰਘਾਂ ਜਿਵੇਂ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਬੂਟਾ ਸਿੰਘ ਲਾਇਲਪੁਰੀ ਆਦਿ ਨਾਲ ਸਲਾਹ ਕੀਤੀ ਕਿ ਮਾਰਚ ਦੀ ਸਿੱਖ ਕਾਨਫਰੰਸ ਤੋਂ ਪਹਿਲਾਂ ਹੀ ਮਹੰਤ ਨਾਲ ਸਿੱਝ ਲਿਆ ਜਾਵੇ। 17 ਫਰਵਰੀ 1921 ਈ. ਨੂੰ ਗੁਰੂਦਵਾਰਾ ਖਰਾ ਸੌਦਾ ਚੂਹੜਕਾਣਾ ਵਿਚ ਫੈਸਲਾ ਹੋਇਆ ਜਿਸਦੇ ਅਨੁਸਾਰ ਕੁੱਝ ਜੋਸ਼ੀਲੇ ਸਿੱਖਾਂ ਨੇ ਸਲਾਹ  ਬਣਾਈ ਕਿ ਮਾਰਚ ਦੀ ਮੀਟਿੰਗ ਤੱਕ ਉਡੀਕ ਕਰਨੀ ਦੂਰ ਦੀ ਗਲ ਹੈ।ਜਦੋਂ ਮਹੰਤ 19, ਫਰਵਰੀ ਨੂੰ ਸਿਖ ਸਨਾਤਨ ਕਾਨਫਰੰਸ ਲਈ ਲਾਹੋਰ ਜਾਵੇਗਾ ,ਅਸੀਂ ਗੁਰਦੁਆਰੇ ਤੇ ਕਬਜਾ ਕਰ ਲਵਾਂਗੇ ਤੇ ਜਦ ਆਏਗਾ ਜੋ ਹੋਵੇਗਾ ਦੇਖੀ ਜਾਵੇਗੀ

19 ਫਰਵਰੀ ਨੂੰ ਭਾਈ ਲਛਮਣ ਸਿੰਘ ਡੇਢ ਕੁ ਸੌ ਸਿੰਘਾਂ ਦਾ ਜਥਾ  ਅਤੇ ਭਾਈ ਕਰਤਾਰ ਸਿੰਘ ਝੱਬਰ ਨੇ ਵੀ ਗੁਰਦੁਆਰਾ ਖਰਾ ਸੌਦਾ ਵਿਖੇ 2200 ਸਿੰਘਾਂ ਦਾ ਜਥਾ ਇਕੱਠਾ ਕਰ ਲਿਆ। ਦੂਜੇ ਪਾਸੇ 19 ਫਰਵਰੀ ਨੂੰ ਹੀ ਲਾਹੌਰ ਵਿਖੇ ਅਕਾਲੀ ਅਖ਼ਬਾਰ ਦੇ ਦਫ਼ਤਰ ਵਿੱਚ ਪੰਥਕ ਮੁਖੀਆਂ ਦੀ ਇਕੱਤਰਤਾ ਹੋਣੀ ਸੀ, ਜਿਸ ਵਿੱਚ ਮਾਸਟਰ ਤਾਰਾ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ. ਹਰਚਰਨ ਸਿੰਘ, ਗਿਆਨੀ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ. ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਇਕੱਠੇ ਹੋਏ ਸਨ1  ਉਥੇ ਪੰਥਕ ਆਗੂਆਂ ਨੂੰ ਭਾਈ ਕਰਤਾਰ ਸਿੰਘ ਝੱਬਰ ਹੋਰਾਂ ਦੇ ਫੈਸਲੇ ਦਾ ਪਤਾ ਲੱਗਾ ਤਾਂ ਉਨ੍ਹਾ ਨੇ ਦੋਨੋ ਜਥਿਆਂ ਨੂੰ  ਸਨੇਹਾ ਭੇਜਿਆ ਕਿ ਮਿੱਥੇ ਹੋਏ ਪ੍ਰੋਗਰਾਮ ਤੋਂ ਪਹਿਲੋਂ ਕੋਈ ਵੀ ਜਥਾ ਸ੍ਰੀ ਨਨਕਾਣਾ ਸਾਹਿਬ ਨਾ ਭੇਜਿਆ ਜਾਵੇ। ਭਾਈ ਕਰਤਾਰ ਸਿੰਘ ਜੀ ਇਸ ਸ਼ਰਤ ਤੇ ਮੰਨ ਗਏ ਕੀ ਭਾਈ ਲਛਮਣ ਸਿੰਘ ਦੇ ਜਥਿਆਂ ਨੂੰ ਵੀ ਰਾਹ ਵਿਚੋਂ ਰੋਕਿਆ ਜਾਏ ਤਾਂਕਿ ਉਨ੍ਹਾ ਨਾਲ ਕੋਈ ਅਨਹੋਣੀ ਨਾ ਹੋ ਜਾਏ 1 ਵਰਿਆਮ ਸਿੰਘ, ਦਲੀਪ ਸਿੰਘ ਤੇ ਹੋਰ ਸਿੰਘਾਂ  ਨੇ ਬਥੇਰੀ ਕੋਸ਼ਿਸ਼ ਕੀਤੀ ਭਾਈ ਲਛਮਣ ਸਿੰਘ ਦੇ ਜਥੇ ਦੀ ਭਾਲ ਕਰਨ ਦੀ ਤੇ ਅੰਤ ਨੂੰ ਜਦ ਇਹ  ਜਥਾ ਮਿਲਿਆ ਤਾਂ  ਭਾਈ ਲਛਮਣ ਸਿੰਘ ਹੋਰੀਂ ਨੇ ਮੁੜ ਵਾਪਸ ਜਾਣ ਤੋਂ ਨਾਂਹ ਕਰ ਦਿਤੀ, ਉਹ ਕਹਿਣ ਲੱਗੇ ਅਸੀਂ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਕੋਲੋਂ ਅਜ਼ਾਦ ਕਰਾਉਣ ਲਈ ਅਰਦਾਸਾ ਸੋਧ ਕੇ ਤੁਰੇ ਹਾਂ, ਹੁਣ ਵਾਪਸ ਨਹੀਂ ਮੁੜ ਸਕਦੇ, ਚਾਹੇ ਸਿੱਟਾ ਕੁਝ ਵੀ ਹੋਵੇ। ਅਰਦਾਸਾ ਸੋਧ ਕੇ ਪਿੱਛੇ ਹੱਟਣਾ ਗਿੱਦੜਾਂ ਦਾ ਕੰਮ ਹੈ, ਸ਼ੇਰਾਂ ਦਾ ਨਹੀਂ। ਇਹ ਕਹਿ ਕੇ ਜਥਾ ਅੱਗੇ ਚੱਲ ਪਿਆ।

20 ਫਰਵਰੀ ਨੂੰ ਸਵੇਰੇ ਛੇ ਵਜੇ ਭਾਈ ਲਛਮਣ ਸਿੰਘ ਦਾ ਜਥਾ ਸ਼ਬਦ ਪੜ੍ਹਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਇਆ। ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਕੁਝ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ਵਿੱਚ ਆਇਆ। ਉਸ ਨੇ ਸਿੰਘਾਂ ਦਾ ਘਾਣ ਕਰਨ ਲਈ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਦਰਸ਼ਨੀ ਡਿਉਢੀ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਅਤੇ ਆਪਣੇ ਗੁੰਡਿਆਂ ਪਾਸੋਂ ਰੱਬੀ ਪਿਆਰ ਵਿੱਚ ਜੁੜੇ ਸ਼ਾਂਤਮਈ ਸਿੰਘਾਂ ਉਂਪਰ ਗੋਲੀਆਂ ਦੀ ਬੁਛਾੜ ਕਰਵਾ ਦਿੱਤੀ। ਸਿੰਘ ਸ਼ਾਂਤਮਈ ਰਹਿੰਦੇ ਹੋਏ ਸ਼ਹੀਦੀ ਪਾ ਰਹੇ ਸਨ। ਗੋਲੀਆਂ ਦੀ ਬੁਛਾੜ ਬੰਦ ਕਰਕੇ ਗੁੰਡੇ ਟਕੂਏ, ਕ੍ਰਿਪਾਨਾਂ, ਛਵ੍ਹੀਆਂ ਤੇ ਗੰਡਾਸੇ ਆਦਿ ਲੈ ਕੇ ਸਿੰਘਾਂ ਉਂਪਰ ਵਾਰ ਕਰਨ ਲੱਗ ਪਏ। ਕਈਆਂ ਸਿੰਘਾਂ ਨੂੰ ਬਰਛਿਆਂ ਅਤੇ ਗੰਡਾਸਿਆਂ ਨਾਲ ਵੱਡ-ਟੁੱਕ ਦਿੱਤਾ। ਸ਼ਹੀਦਾਂ ਅਤੇ ਜ਼ਖ਼ਮੀਆਂ ਦੇ ਢੇਰ ਇਕੱਠੇ ਕਰਕੇ ਤੇਲ ਪਾ ਕੇ ਸਾੜ ਦਿੱਤੇ ਗਏ1 ਕਈਆਂ ਨੂੰ ਜੀਂਦਿਆਂ ਹੀ ਅੱਗ ਵਿਚ ਸੁਟ ਦਿਤਾ ਗਿਆ 1 ਭਾਈ ਲਛਮਣ ਸਿੰਘ ਨੂੰ ਜੰਡ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਇਤਨਾ ਦਿਲਕੰਬਾਊ ਦ੍ਰਿਸ਼ ਸੀ, ਜਿਸ ਨੂੰ ਦੇਖ ਕੇ ਸ਼ਾਇਦ ਔਰੰਗਜ਼ੇਬ, ਨਾਦਰ ਸ਼ਾਹ ਅਬਦਾਲੀ, ਮੀਰ ਮਨੂੰ ਵਰਗਿਆਂ ਦੀਆਂ ਰੂਹਾਂ ਵੀ ਕੰਬ ਉਂਠੀਆਂ ਹੋਣਗੀਆਂ।

ਭਾਈ ਦਲੀਪ ਸਿੰਘ ਨੇ, ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਇਹ ਕਹਿ ਕੇ ਗੁਰਦੁਆਰਾ ਸਾਹਿਬ ਵੱਲ ਦੌੜ ਪਏ ਕਿ ਲੱਗਦਾ ਹੈ ਕਿ ਮਹੰਤ ਨੇ ਕਾਰਾ ਕਰ ਦਿੱਤਾ ਹੈ। ਜਦ ਉਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਮਹੰਤ ਆਪਣੇ ਗੁੰਡਿਆਂ ਪਾਸੋਂ ਸਿੰਘਾਂ ਦਾ ਘਾਣ ਕਰਵਾ ਰਿਹਾ ਸੀ। ਭਾਈ ਦਲੀਪ ਸਿੰਘ ਨੇ ਮਹੰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮਹੰਤ ਦੇ ਗੁੰਡਿਆਂ ਨੇ ਉਸ ਨੂੰ ਅਕਾਲੀ ਅਕਾਲੀ ਕਹਿ ਕੇ ਬਲਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਇਹ ਸਾਰਾ ਕਾਰਾ ਕਰਨ ਤੋਂ ਬਾਅਦ ਮਹੰਤ ਨੇ ਲੱਕੜਾਂ ਦੇ ਢੇਰ ਲਗਾ ਕੇ ਉਂਪਰ ਮਿੱਟੀ ਦਾ ਤੇਲ ਪਾਇਆ ਅਤੇ ਉਸ ਉਂਪਰ ਸ਼ਹੀਦ ਹੋ ਚੁਕੇ ਅਤੇ ਜ਼ਖਮੀ ਸਿੰਘਾਂ ਨੂੰ ਸੁੱਟ ਕੇ ਅੱਗ ਲਗਾ ਦਿੱਤੀ ਜੋ ਸ਼ਾਮ ਚਾਰ ਵਜੇ ਤਕ ਲੱਗੀ ਰਹੀ।

ਇਸ ਖ਼ੂਨੀ ਸਾਕੇ ਦੀ ਖ਼ਬਰ ਜੰਗਲ ਦੀ ਅਗ ਵਾਂਗ ਸਾਰੇ ਦੇਸ਼ ਵਿੱਚ ਫੈਲ ਗਈ।ਕੁੱਝ ਹੀ ਘੰਟਿਆਂ ਵਿੱਚ ਸਭ ਪਾਸਿਆਂ ਤੋਂ ਸਿੱਖਾਂ ਨੇ ਨਨਕਾਣਾ ਸਾਹਿਬ ਵਲ ਵਹੀਰਾਂ ਪਾ ਦਿੱਤੀਆਂ। ਇਹ ਖ਼ਬਰ ਪੰਜਾਬ ਦੇ ਗਵਰਨਰ, ਕਮਿਸ਼ਨਰ, ਡੀ.ਸੀ. ਅਤੇ ਸ਼੍ਰੋਮਣੀ ਕਮੇਟੀ ਆਦਿ ਨੂੰ ਵੀ ਤਾਰਾਂ ਦੁਆਰਾ  ਭੇਜੀ ਗਈ । ਡੀ. ਸੀ. ਮਿਸਟਰ ਕੈਰੀ ਜਦ ਸ੍ਰੀ ਨਨਕਾਣਾ ਸਾਹਿਬ ਪੁੱਜਾ ਤਾਂ ਉਸ ਸਮੇਂ ਮਹੰਤ ਦੇ ਆਦਮੀ ਲਾਸ਼ਾਂ ਨੂੰ ਸਾੜ ਫੂਕ ਰਹੇ ਸਨ, ਜੋ ਸਿਲਸਿਲਾ ਉਸ ਦੇ ਪਹੁੰਚਣ ਤੋਂ ਡੇਢ ਘੰਟੇ ਬਾਅਦ ਵੀ ਚੱਲਦਾ ਰਿਹਾ। ਮਹੰਤ ਨੂੰ ਅਜਿਹਾ ਕਰਨ ਤੋਂ ਕਿਸੇ ਨੇ ਵੀ ਨਾ ਰੋਕਿਆ। ਰਾਤ ਨੌ ਵਜੇ ਦੇ ਕਰੀਬ ਲਾਹੌਰ ਤੋਂ ਸਪੈਸ਼ਲ ਟਰੇਨ ਰਾਹੀਂ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਆਪਣੇ ਨਾਲ ਸੌ ਦੇ ਕਰੀਬ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਸ ਵੇਲੇ ਵੀ ਮਹੰਤ ਦੇ ਹੱਥ ਵਿੱਚ ਬੰਦੂਕ ਸੀ। ਸਰਕਾਰ ਨੇ ਮਹੰਤ ਅਤੇ ਉਸ ਦੇ 26 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰੋਂ ਕਾਫੀ ਅਸਲਾ ਹਥਿਆਰ ਆਦਿ ਬਰਾਮਦ ਕਰ ਲਏ ਅਤੇ ਗੁਰਦੁਆਰੇ ਉਂਪਰ ਸਰਕਾਰ ਨੇ ਕਬਜ਼ਾ ਕਰ ਲਿਆ।

ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਵੀ ਮੋਜੂਦ ਸਨ ਅਤੇ ਪੰਜਾਬ ਕੌਾਸਲ ਦੇ ਡਿਪਟੀ ਚੀਫ਼ ਵੀ ਸਨ। 180 ਤੋਂ ਵੱਧ ਸਿੱਖਾਂ ਦਾ ਕਾਤਲ ਮਹੰਤ ਨਰੇਣ ਸਰਕਾਰੀ ਅਫ਼ਸਰਾਂ ਨਾਲ ਨੇੜਤਾ ਰਖਦਾ ਸੀ। ਇਸ ਕਰ ਕੇ ਪੁਲਿਸ ਉਸ ਦਾ ਕੇਸ ਕਮਜ਼ੋਰ ਰੱਖ ਕੇ ਉਸ ਨੂੰ ਬਚਾਉਣਾ ਚਾਹੁੰਦੀ ਸੀ। ਸਰਕਾਰੀ ਸਾਜ਼ਸ਼ਾਂ ਨੂੰ ਵੇਖ ਕੇ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਸਰਕਾਰੀ ਵਕੀਲ ਦੇ ਅਹੁਦੇ ਤੋਂ ਅਤੇ ਪੰਜਾਬ ਕੌਾਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ।ਅੰਗਰੇਜ਼ਾ ਨੂੰ ਮਜਬੂਰ ਹੋਕੇ 20 ਫਰਵਰੀ ਦੀ ਰਾਤ ਨੂੰ ਹੀ  ਮਹੰਤ ਅਤੇ ਉਸ ਦੇ ਸਾਥੀ ਕਾਤਲਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਭੇਜ ਭੇਜਣਾ ਪਿਆ ।

 ਅਗਲੇ ਦਿਨ 21 ਫਰਵਰੀ ਨੂੰ ਸ. ਮਹਿਤਾਬ ਸਿੰਘ, ਸ. ਹਰਬੰਸ ਸਿੰਘ ਅਟਾਰੀ ਆਦਿ ਆਗੂ ਅਤੇ ਹੋਰ ਸੰਗਤਾਂ ਵੀ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਈਆਂ। 21 ਫਰਵਰੀ 1921 ਨੂੰ ਸ਼ਾਮ ਵੇਲੇ ਤੱਕ ਜਥੇਦਾਰ ਕਰਤਾਰ ਸਿੰਘ ਝੱਬਰ 2200 ਸਿੰਘਾਂ ਦਾ ਸ਼ਹੀਦੀ ਜਥਾ ਲੈ ਕੇ ਨਨਕਾਣਾ ਸਾਹਿਬ ਪਹੁੰਚ ਗਿਆ। ਉਧਰ ਪੁਲਸ ਨੇ ਗੁਰਦੁਆਰੇ ਨੂੰ ਤਾਲਾ ਲਾਕੇ ਫੌਜੀ ਨਾਕਾਬੰਦੀ ਕੀਤੀ ਹੋਈ ਸੀ। ਡਿਪਟੀ ਕਮਿਸ਼ਨਰ ਨੇ ਜਥੇ ਨੂੰ ਅੱਗੇ ਜਾਣ ਤੋਂ ਰੋਕਦਿਆਂ ਹੁਕਮ ਦਿੱਤਾ ਕਿ ਅਗੇ ਵਧੇ ਤਾਂ ਮਸ਼ੀਨਗਨਾਂ ਦੀ ਗੋਲ਼ੀ ਚਲ ਜਾਏਗੀ। ਅਗੋਂ ਕਰਤਾਰ ਸਿੰਘ ਝਬੱਰ ਨੇ ਜੁਆਬ ਦਿੱਤਾ `ਅਸੀਂ ਅਰਦਾਸ ਕਰਕੇ ਚੱਲੇ ਹਾਂ ਕਿ ਗੁਰਦੁਆਰੇ ਤੇ ਕਬਜਾ ਕਰਨਾ ਹੈ, ਤੁਸੀਂ ਗੋਲੀ ਚਲਾਓ, ਤੁਹਾਡੀਆਂ ਮਸ਼ੀਨਗੱਨਾਂ ਸਾਨੂੰ ਰੋਕ ਨਹੀਂ ਸਕਦੀਆਂ`। ਜਥੇਦਾਰ ਦੇ ਦ੍ਰਿੜ ਈਰਾਦੇ ਅੱਗੇ ਪੋਲੀਸ ਨੂੰ ਝੁਕਣਾ ਪਿਆ ਅਤੇ ਗੁਰਦੁਆਰੇ ਦੇ ਦਰਬਾਜੇ ਖੋਲ੍ਹ ਦਿੱਤੇ ਗਏ। ਇਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਹੋਰ ਤੇਜ ਹੁੰਦੀ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ, ਗੁਰਦੁਆਰਾ ਪ੍ਰਬੰਧ ਮਹੰਤਾਂ ਦੇ ਕਬਜੇ ਚੋਂ ਕੱਢ ਕੇ ਸ਼੍ਰੋਮਣੀ ਕਮੇਟੀ ਦੇ ਹੱਥ ਆਇਆ।

ਦੋਸ਼ੀ ਉਂਪਰ ਮੁਕੱਦਮਾ ਚਲਾ ਕੇ ਸਜ਼ਾਵਾਂ ਦਿੱਤੀਆਂ ਗਈਆਂ। 12 ਅਕਤੂਬਰ 1921 ਨੂੰ ਸੈਸ਼ਨ ਜੱਜ ਨੇ ਇਸ ਘਟਨਾ ਵਿੱਚ ਸ਼ਾਮਲ ਮਹੰਤ ਅਤੇ ਉਸ ਦੇ ਸੱਤ ਸਾਥੀਆਂ ਕਾਦਰ ਜਲਾਲਾਬਾਦੀ, ਆਤਮ ਰਾਮ ਖਾਨ ਕੀ, ਰਾਂਝਾ ਥਾਣਾ ਝੰਗ, ਹਰੀ ਨਾਥ ਕਨਫਟਾ ਜੋਗੀ, ਨੂਰ ਸ਼ਾਹ ਦੀਨ ਪਠਾਣ, ਸੁਰੈਣ ਸਿੰਘ ਲੁਲਿਆਣੀ, ਰੀਹਾਨਾ ਲੁਲਿਆਣੀ ਨੂੰ ਫਾਂਸੀ ਦੀ ਸਜ਼ਾ, ਅੱਠ ਨੂੰ ਕਾਲੇਪਾਣੀ ਦੀ ਅਤੇ ਬਾਕੀਆਂ ਨੂੰ ਸੱਤ ਸੱਤ ਸਾਲ ਦੀ ਸਜ਼ਾ ਸੁਣਾਈ, ਪਰ ਬਾਅਦ ਵਿੱਚ ਹਾਈਕੋਰਟ ਨੇ ਇਹ ਸਜ਼ਾਵਾਂ ਘੱਟ ਕਰ ਦਿੱਤੀਆਂ। ਮਹੰਤ ਦੀ ਸਜ਼ਾ ਫਾਂਸੀ ਤੋਂ ਘਟਾ ਕੇ ਕਾਲੇਪਾਣੀ ਦੀ ਕਰ ਦਿੱਤੀ। ਬਾਕੀ ਸੱਤਾਂ ਵਿਚੋਂ ਤਿੰਨ ਦੀ ਫਾਂਸੀ ਦੀ ਸਜ਼ਾ ਅਤੇ ਅੱਠ ਦੀ ਕਾਲੇਪਾਣੀ ਦੀ ਸਜ਼ਾ ਵਿਚੋਂ ਦੋ ਦੀ ਕਾਲੇਪਾਣੀ ਦੀ ਸਜ਼ਾ ਕਾਇਮ ਰਹੀ। ਬਾਕੀ ਦੇ ਸਾਰੇ ਬਰੀ ਕਰ ਦਿੱਤੇ ਗਏ।

ਗੁਰਦੁਆਰਾ ਗੁਰਮਤਿ ਦੀ ਯੁਨੀਵਰਸਟੀ ਹੈ, ਸਿੱਖੀ ਦੀ ਟਕਸਾਲ ਹੈ। ਏਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਅੰਤਰਗਤ ਸਿੱਖੀ ਜੀਵਨ ਦੀ ਉਸਾਰੀ ਹੋਣੀ ਚਾਹੀਦੀ ਹੈ। ਪਰ ਜਦ ਇਸਦੇ ਰਖਵਾਲੇ  ਸਿੱਖੀ ਭੇਖ ਵਿੱਚ ਵਿਚਰ ਰਹੇ ਸੁਆਰਥੀ ਲੋਕ, ਜਿਨ੍ਹਾਂ ਵਿੱਚ ਮਸੰਦ, ਮੀਣੇ, ਰਾਮ ਰਾਈਏ, ਧੀਰਮੱਲੀਏ, ਨਿਰੰਕਾਰੀ, ਨਾਮਧਾਰੀ, ਅਜੋਕਾ ਸੰਤ-ਸਮਾਜ, ਬਹੁਤੇ ਡੇਰਿਆਂ ਵਾਲੇ ਬਾਬੇ, ਸਿੱਖੀ ਭੇਖ ਵਿੱਚ ਤਖ਼ਤਾਂ ਤੇ ਬੈਠੇ ਜਥੇਦਾਰ ਅਤੇ ਆਪੂੰ ਸਜੇ ਸਿੰਘ ਸਾਹਿਬਾਨ ਹੋਣ ਤਾਂ  ਸਿੱਖੀ ਦੀ ਚੜ੍ਹਦੀ ਕਲਾ ਵੀ ਧੁੰਦਲੀ ਪੈ ਜਾਂਦੀ ਹੈ  । ਇਹ  ਆਪਣੀਆਂ ਗੱਦੀਆਂ ਨੂੰ ਬਰਕਰਾਰ ਰਖਣ ਲਈ ਗੁਰੂ ਗ੍ਰੰਥ ਤੇ ਪੰਥ ਦੀ ਆਵਾਜ ਨੂੰ ਖ਼ਾਮੋਸ਼ ਕਰਨ ਲਈ, ਸਮੇਂ ਦੀਆਂ ਸਰਕਾਰਾਂ ਨਾਲ ਮਿਲਕੇ ਸਾਜਸ਼ਾਂ ਘੜਦੇ ਹਨ। ਜਿਨ੍ਹਾਂ ਦੇ ਫਲ-ਸਰੂਪ ਸ਼ਹੀਦੀ ਸਾਕੇ ਹੁੰਦੇ ਹਨ। ਇਨ੍ਹਾਂ ਗੁਰੂ ਗ੍ਰੰਥ ਅਤੇ ਖ਼ਾਲਸਾ ਪੰਥ ਦੇ ਵਿਰੋਧੀ, ਸੁਆਰਥੀ ਲੋਕਾਂ ਦੀਆਂ ਸਾਜਸ਼ਾਂ ਕਾਰਨ ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ ਹੋਈਆਂ, ਘਲੂੱਘਾਰੇ ਹੋਏ, ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਢਾਹੇ  ਗਏ। ਅਜ ਇਸੇ ਸੋਚ ਦੇ ਮਾਲਕ, ਸਿੱਖੀ ਦੇ ਤਖ਼ਤਾਂ ਤੇ ਬੈਠੇ ਪੁਜਾਰੀ ਫਿਰ ਗੁਰੂ ਗ੍ਰੰਥ ਤੇ ਪੰਥ ਦੀ ਆਵਾਜ ਨੂੰ ਬੰਦ ਕਰਨ ਲਈ ਕਿਸੇ ਨਵੇਂ ਸ਼ਹੀਦੀ ਸਾਕੇ ਦੀ ਸਾਜਸ਼ ਘੜਦੇ ਨਜਰ ਆਉਂਦੇ ਹਨ1

ਇਸ ਤਰ੍ਹਾਂ ਸ਼ਹੀਦੀਆਂ ਦੇ ਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਵਿੱਚ ਆਇਆ। ਪਰ 1947 ਈ. ਦੀ ਦੇਸ਼ ਵੰਡ ਹੋਣ ਕਰਕੇ ਇਹ ਗੁਰਧਾਮ ਪਾਕਿਸਤਾਨ ਵਿੱਚ ਰਹਿ ਜਾਣ ਕਰਕੇ ਫਿਰ ਪੰਥ ਇਸ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝਾ ਹੋ ਗਿਆ, ਜਿਸ ਦੇ ਖੁੱਲ੍ਹੇ ਦਰਸ਼ਨਾਂ ਦੀ ਸਿੱਕ ਲੈ ਕੇ ਅੱਜ ਵੀ ਹਰੇਕ ਸਿੱਖ ਅਰਦਾਸ ਕਰਦਾ ਹੈ। ਇਹ ਸ਼ਹੀਦੀਆਂ ਸਿੱਖਾਂ ਦੀ ਰੋਜ਼ਾਨਾ ਅਰਦਾਸ ਦਾ ਹਿੱਸਾ ਬਣ ਗਈਆਂ। ਅੱਜ ਵੀ ਜਦ ਸਿੱਖ ਅਰਦਾਸ ਕਰਦਾ ਹੈ ਤਾਂ ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੋਇਆ ਆਖਦਾ ਹੈ– “ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!”

              ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Nirmal Anand

Add comment