ਸਿੱਖ ਇਤਿਹਾਸ

ਸਾਈੰ ਮੀਆਂ ਮੀਰ  (ਅੰਦਾਜ਼ਨ 1550 – 11 ਅਗਸਤ 1635),

ਸਾਈ ਮੀਆਂ ਮੀਰ ਇਕ ਰੂਹਾਨੀ ਦਰਵੇਸ਼ ,ਨੇਕ ਸੀਰਤ ਤੇ ਨਿਮਰਤਾ ਪੁੰਜ ਵਾਲੇ ਪ੍ਰਸਿਧ ਸੂਫ਼ੀ ਸੀ1 ਉਹ ਖਲੀਫਾ ਓਮਰ ਇਬਨ al-ਖਤਾਬ ਦੇ ਸਿਧੇ ਉੱਤਰ-ਅਧਿਕਾਰੀ ਸਨ। ਇਨ੍ਹਾ ਦਾ ਜਨਮ ਸਵੇਸਤਾਨ ਪਾਕਿਸਤਾਨ ਵਿਚ ਹੋਇਆ ਜੋ ਬਲੋਚਿਸਤਾਨ ਦੀ ਪਛਮੀ ਹਦ ਹੈ1 ਸਾਈਂ ਮੀਆਂ ਮੀਰ ਦਾ ਅਸਲੀ ਨਾਂਅ ਮੀਰ ਮੁਹੰਮਦ ਸੀ ਪਰ ਉਨ੍ਹਾਂ ਦੀ ਪ੍ਰਸਿੱਧੀ ਸਾਈਂ ਮੀਆਂ ਮੀਰ ਦੇ ਨਾਂਅ ਨਾਲ ਹੋਈ ਸੀ।ਆਪ ਮੀਆਂ ਜੀਉ, ਸ਼ਾਹ ਮੀਰ ਖੁਆਜਾ ਮੀਰ, ਬਾਲਾ ਪੀਰ ਅਤੇ ਮੀਰ ਮੁਇਨੁਲ ਇਸਲਾਮ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਉਨ੍ਹਾ ਦੇ ਪਿਤਾ ਸਾਈ ਸ਼ਹੀਨ ਦਿਤਾ ਸਵੇਸਤਾਨ ਦੇ ਕਾਜ਼ੀ ਸੀ 1 ਆਪਜੀ ਦੇ ਦਾਦਾ ਦਾ ਨਾਂ ਕਾਜ਼ੀ ਕਲੰਦਰ ਫਾਰੂਕੀ ਸੀ। ਆਪ ਦੀ ਮਾਤਾ ਦਾ ਨਾਂ ਫਾਤਿਮਾ ਸੀ, ਜੋ ਕਾਜ਼ੀ ਕਾਦਨ ਦੀ ਪੁੱਤਰੀ ਸੀ, ਦੇ ਘਰ ਸਿੰਧ ਦੇ ਇਲਾਕੇ ਸੀਸਤਾਨ ‘ਚ ਆਪ ਦਾ ਜਨਮ ਹੋਇਆ 1 ਕਈ ਇਤਿਹਾਸਕਾਰ ਆਪਜੀ ਦਾ ਜਨਮ 1531 ਵਿਚ ਤੇ ਕਈ 1550 ਦਾ ਦਸਦੇ ਹਨ 1 

 ਆਪਜੀ ਦੇ ਤਿੰਨ ਭਰਾ ਕਾਜ਼ੀ ਬੋਲਣ , ਕਾਜ਼ੀ ਉਸਮਾਨ , ਕਾਜ਼ੀ ਤਾਹਿਰ ਤੇ ਦੋ ਭੈਣਾ ਜਮਾਲ ਤੇ ਜ਼ਾਮੀ ਮਾਦੀਆ ਸਨ 1 ਸੱਤ ਸਾਲ ਦੀ ਉਮਰ ‘ਚ ਆਪ ਨੇ ਕੁਰਾਨ ਮਜ਼ੀਦ ਦੀ ਸਿੱਖਿਆ ਪ੍ਰਾਪਤ ਕਰ ਲਈ ਸੀ।ਦੀਨੀਅਤ ਆਪਨੇ ਖੁਆਜਾ ਖਿਜਰ ਤੋਂ ਪ੍ਰਾਪਤ ਕੀਤੀ ਸੀ 1 ਸਕੂਲ ਦੀ ਪੜਾਈ ਖਤਮ ਕਰਨ ਤੋਂ ਬਾਅਦ ਉਹ ਆਪਣੇ ਰਹਿਬਰ ਦੀ ਤਲਾਸ਼ ਵਿਚ  ਜੰਗਲਾਂ ਪਹਾੜਾਂ ਵਿਚ ਭਟਕਦੇ ਰਹੇ 1 ਆਖਿਰ ਸਵੈਸਤਾਨ ਦੇ ਪਹਾੜਾਂ ਵਿਚ ਇਕ ਰਹਿਬਰ ਮਿਲਿਆ ਜਿਸਦਾ ਨਾ ਸ਼ੇਖ ਖਜੂਰ ਸੀ 1 ਉਨ੍ਹਾ ਆਪਣੇ ਮੁਰਸ਼ਦ ਦੀ ਸੁਹਿਰਦ ਅਗਵਾਈ ਹੇਠ ਆਪਣੀ ਅਧਿਆਤ੍ਮਿਕ ਸਿਖਿਆ ਪੂਰੀ ਕਰਕੇ ਉਹ ਆਰਿਫ਼ ਬਣ ਗਏ  1 ਉਹ ਕਈ ਕਈ ਦਿਨ ਭੁਖੇ ਰਹਿੰਦੇ ਤੇ ਕਈ ਕਈ ਰਾਤਾਂ ਭਗਤੀ ਕਰਦੇ ਗੁਜਾਰ ਦਿੰਦੇ 1 ਥੋੜੀ ਉਮਰ ਵਿਚ ਸਾਈ ਜੀ ਰੂਹਾਨੀਅਤ ਇਲਮ ਦੇ ਨਾਲ ਨਾਲ ਵੇਦਾਨੀਅਤ ਦੇ ਮਾਹਿਰ ਵਿਦਵਾਨ ਬਣ ਗਏ 1 ਜਹਾਂਗੀਰ  ਆਪਣੀ ਤੋਜਿਕੇ ਜਹਾਂਗੀਰੀ ਵਿਚ ਤੇ ਸ਼ਾਹਜਹਾਂ ਦੋਨੋ ਹੀ ਇਨ੍ਹਾ ਦੀ ਵਿਦਵਤਾ ਭਰਪੂਰ ਰੂਹਾਨੀਅਤ ਤੇ ਅਜਮਤ ਦੀ ਗਲ ਕਰਦੇ ਹਨ 1 ਦਾਰਾਸ਼ਿਕੋਹ ਇਨ੍ਹਾ ਦਾ ਮੁਰੀਦ ਸੀ 1 ਕਹਿੰਦੇ ਹਨ ਕੀ ਇਨ੍ਹਾ ਦੀ ਮੋਤ ਤੋ ਬਾਅਦ ਇਨ੍ਹਾ ਦੀ ਮਈਅਤ ਦਾਰਾ ਸ਼ਿਕੋਹ ਨੇ ਪੜੀ 1ਨੂਰ ਜਹਾਂ ਇਨ੍ਹਾ ਦੀ ਪਕੀ ਸ਼ਰਧਾਲੂ ਸੀ 1 ਹਾਲਾਂ ਕੀ ਮੀਆਂ ਮੀਰ ਆਪਣਾ ਸ਼ਿਸ਼ ਬਨਾਣ ਤੋ ਪਹਿਲਾਂ ਕੜੀ ਪ੍ਰੀਖਿਆ ਲੈਂਦੇ ਸਨ ਪਰ ਫਿਰ ਵੀ ਇਨ੍ਹਾ ਦੇ ਬੇਸ਼ੁਮਾਰ ਮੁਰੀਦ ਸੀ 1 ਇਨ੍ਹਾ ਨੂੰ ਆਪਣੇ ਮੁਰੀਦਾ ਨਾਲ ਬਹੁਤ ਲਗਾਵ ਸੀ ਉਹ ਉਨਾਂ ਨੂੰ ਆਪਣਾ ਦੋਸਤ ਕਿਹਾ ਕਰਦੇ ਸੀ 1 ਸਾਈ ਜੀ ਨੇ ਵਿਆਹ ਨਹੀਂ ਸੀ ਕੀਤਾ ਤੇ ਆਪਣਾ ਜੀਵਨ ਸਾਦਾ ਤੇ ਸਾਫ਼ ਸੁਥਰਾ ਬਤੀਤ ਕਰਦੇ ਸਨ 1  ਮਹਿਮਾ ਪ੍ਰਕਾਸ਼ ਵਿਚ ਵੀ ਜ਼ਿਕਰ ਆਉਂਦਾ ਹੈ :-

                            ਮੀਆਂ ਮੀਰ ਜਗ ਅਵਲ ਫਕੀਰ

                           ਭਈ ਮਰੀਦ ਟਕੇ ਅਵਲ ਫਕੀਰ

                          ਆਰਫ਼ ਕਮਲ ਖ਼ਬ ਕੀ ਖਾਨ

                         ਮਹਾਨ ਤਿਆਗੀ ਬਡੇ ਸੁਜਾਨ

ਉਹ ਕੀਰਤਨ ਸੁਣਨ ਦੇ ਸ਼ੋਕੀਨ ਸਨ ਪਰ ਨਚਣਾ ਪਸੰਦ ਨਹੀਂ ਸੀ ਕਰਦੇ 1 ਉਨ੍ਹਾ ਨੇ ਸੂਫੀਆਂ ਤੇ ਆਲਮਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ 1 ਉਨ੍ਹਾ ਦੇ ਖ਼ਿਆਲ ਵਿਚ ਸ਼ਰੀਅਤ ,ਤਰੀਕਤ ਹਕੀਕਤ ਤੇ ਮਾਰਫਤ ਮੂਲ ਰੂਪ ਵਿਚ ਇਕ ਹਨ ਜਿਹੜੇ ਰਬ ਨਾਲ ਬੰਦਿਆ ਦੇ ਸਬੰਧਾ ਦੀ ਅਵਸਥਾ ਨੂੰ ਉਜਾਗਰ ਕਰਦੇ ਹਨ 1 ਸਾਈ ਜੀ ਦੇ ਕਈ ਚੇਲੇ ਹੋਏ ਹਨ ਕੁਝ ਜ਼ਿਕਰ ਯੋਗ ਹਨ , ਮੀਆਂ ਨਥਾ  ਜਹੋਰੀ , ਖਵਾਜਾ ਬਿਹਾਰੀ ਤੇ  ਸ਼ਾਹ ਮੁਹੰਮਦ ਆਦਿ  1 ਕਹਿੰਦੇ ਹਨ ਕਿ ਇਕ ਵਾਰੀ ਜਹਾਂਗੀਰ ਆਪਣੇ ਤਾਮ-ਝਾਮ ਨਾਲ ਮੀਆਂ ਮੀਰ ਜੀ ਕੋਲੋਂ ਆਸ਼ੀਰਵਾਦ ਲੈਣ ਆਇਆ 1 ਗੇਟ ਤੇ ਖੜੇ ਚੋਕੀਦਾਰ ਨੇ ਰੋਕ ਲਿਆ ਤੇ ਕਿਹਾ ਕੀ ਮੀਆਂ ਜੀ ਸਾਧਨਾ ਕਰ ਰਹੇ ਹਨ 1 ਜਹਾਂਗੀਰ ਨੂੰ ਗੁਸਾ ਤਾਂ ਬਹੁਤ ਆਇਆ – ਬਾਦਸ਼ਾਹ ਦੀ ਇਤਨੀ ਹੇਠੀ ਪਰ ਉਹ ਮੀਰ ਜੀ ਕੋਲੋਂ ਪੁਛਣ ਲਈ ਰੁਕ ਗਿਆ 1 ਜਦ ਉਹ ਅੰਦਰ ਗਿਆ ਮੀਰ ਜੀ ਕੋਲ ਸ਼ਕਾਇਤ ਕੀਤੀ ਤਾਂ ਮੀਰ ਜੀ ਨੇ ਕਿਹਾ ਕੀ ਮੈਂ ਚੋਕੀਦਾਰ ਇਸੇ ਵਾਸਤੇ ਰਖੇ ਹੋਏ ਹਨ ਕੀ ਦੁਨੀਆਂ ਦੇ ਕੁਤੇ/ ਲਾਲਚੀ ਲੋਕ  ਇਥੇ ਨਾ ਆ ਸਕਣ 1

 

ਮੀਆਂ ਮੀਰ ਸਿਖ ਧਰਮ ਦੇ ਕਾਇਲ ਹੋ ਗਏ ਜਦੋਂ ਉਹ ਪਹਿਲੀ ਵਾਰੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਲਾਹੋਰ ਮਿਲੇ ਉਸਤੋਂ ਬਾਅਦ ਇਹ ਮਿਲਣ ਇਕ ਗਹਿਰੀ ਦੋਸਤੀ ਵਿਚ ਬਦਲ ਗਿਆ ਜੋ ਸਿਰਫ ਦੋ ਰੂਹਾਨੀ ਸ਼ਖਸ਼ੀਅਤਾਂ ਦਾ ਮਿਲਨ ਹੀ ਨਹੀਂ ਸੀ ਬਲਿਕ ਦੋ ਧਰਮਾਂ ਦਾ ਵੀ ਮਿਲਨ ਸੀ 1 ਗੁਲਾਮ ਮੂੰਹੀਉ-ਦੀਨ ਜਿਸ ਨੂੰ ਬੂਟੇ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੇ ਆਪਣੀ ਤਵਰੀਖ -ਏ-ਪੰਜਾਬ ਵਿਚ  ਇਸ ਗਲ ਦੀ ਗਵਾਹੀ ਭਰੀ ਹੈ ਕੀ ਗੁਰੂ ਅਰਜਨ ਦੇਵ ਜੀ ਦੀ ਦਾਆਵਤ ਤੇ ਮਿਆਂ ਮੀਰ ਅਮ੍ਰਿਤਸਰ ਆਏ ਤੇ ਉਨ੍ਹਾ ਨੇ ਆਪਣੇ ਹਥਾਂ ਨਾਲ ਚਾਰ ਦਿਸ਼ਾਵਾਂ ਵੱਲ ਚਾਰ ਇਟਾਂ ਰਖੀਆਂ ਤੇ ਪੰਜਵੀਂ ਇਟ ਸਰੋਵਰ ਦੇ ਵਿਚ ਰਖੀ 1 ਡਾਕਟਰ ਹਰਬੰਸ ਸਿੰਘ ਐਨਸਾਈਕਲੋਪੀਡੀਆ ਓਫ ਸਿਖਇਜ੍ਮ ਵਿਚ ਇਸ ਗਲ ਦੀ ਪੁਸ਼ਟੀ ਕਰਦੇ ਹਨ  1 ਇਹ ਭਾਰਤ ਵਿਚ ਹੀ ਨਹੀਂ ਬਲਿਕ ਪੂਰੀ ਦੁਨਿਆ ਵਿਚ ਇਕ ਅਨੋਖੀ ਮਿਸਾਲ ਹੈ ਕਿ ਕਿਸੇ ਦੂਸਰੇ ਧਰਮ ਦੇ ਰੂਹਾਨੀ ਆਗੂ ਨੇ ਆਪਣੇ ਪਵਿਤਰ ਤੇ ਸਰਬਸ਼੍ਰੇਸ਼ਟ  ਅਸਥਾਨ ਦਾ ਨੀਂਹ ਪਥਰ ਕਿਸੇ ਹੋਰ ਧਰਮ ਦੇ ਰੂਹਾਨੀ ਆਗੂ  ਤੋਂ  ਰਖਵਾਇਆ ਹੋਵੇ 1 ਉਸ ਵਕਤ ਭਾਰਤ ਵਿਚ ਹਿੰਦੂ, ਬੁਧ , ਜੈਨ ,ਤੇ ਹੋਰ ਕਈ ਧਰ੍ਮਾ ਦੇ ਆਗੂ ਸਨ ਪਰ ਸਾਈ  ਮਿਆਂ ਮੀਰ ਨੂੰ ਹੀ ਗੁਰੂ ਸਾਹਿਬ ਨੇ ਕਿਓਂ ਚੁਣਿਆ 1   

 

ਸਾਂਈ ਮੀਆਂ ਮੀਰ ਕਾਦਰੀ ਫਿਰਕੇ ਨਾਲ ਸਬੰਧ ਰੱਖਣ ਵਾਲੇ ਇਕ ਉਘੇ  ਸੂਫ਼ੀ ਸੰਤ ਤੇ ਪਹੁੰਚੇ ਹੋਏ ਦਰਵੇਸ਼ ਸਨ। ਇੱਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ-ਨਾਲ ਰਬੀ ਨੂਰ ਦੇ ਵਰ੍ਸੋਏ ਇੱਕ ਉਚਕੋਟੀ ਦੇ ਇਨਸਾਨੀਅਤ ਪ੍ਰਸਤ ਵੀ ਸਨ।  ਉਨ੍ਹਾਂ ਦੀ ਇਸ ਖੂਬੀ ਦੇ ਕਾਰਨ ਹੀ ਰਾਜੇ-ਰੰਕ, ਮੁਸਲਮਾਨ ਹਿੰਦੂ ਸਿਖ ਸਭਉਨ੍ਹਾ ਨੂੰ  ਇਕੋ ਜਿਹਾ ਪਿਆਰ ਤੇ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਨਿਡਰਤਾ ਨਾਲ ਖਰੀ-ਖਰੀ ਗੱਲ ਕਹਿਣ ਦੀ ਪ੍ਰਵਿਰਤੀ ਦਾ ਪ੍ਰਮਾਣ ਦਿੰਦਿਆਂ ਡਾ: ਇਕਬਾਲ ‘ਅਸਰਾਰਏ-ਖੁਦੀ ਵਿੱਚ ਲਿਖਦੇ ਹਨ ਕਿ ਇੱਕ ਵਾਰੀ ਸ਼ਹਿਨਸ਼ਾਹ ਸ਼ਾਹਜਹਾਨ, ਮੀਆਂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਅਤੇ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਕਿ ਉਹ ਖੁਦਾ ਦੇ ਹਜ਼ੂਰ ਵਿੱਚ ਗੋਲਕੁੰਡਾ ਅਤੇ ਬੀਜਾਪੁਰ ਦੀਆਂ ਮੁਹਿੰਮਾਂ ਦੀ ਫਤਹਿ ਲਈ ਦੁਆ ਕਰਨ। ਏਨੇ ਨੂੰ ਇੱਕ ਨਿਰਧਨ ਜਿਹਾ ਸ਼ਰਧਾਲੂ ਮੀਆਂ ਜੀ ਦੇ ਹਜ਼ੂਰ ਵਿੱਚ ਹਾਜ਼ਰ ਹੋਇਆ ਅਤੇ ਇੱਕ ਚਾਂਦੀ ਦਾ ਸਿੱਕਾ ਚਰਨੀਂ ਰੱਖ ਕੇ ਅਰਜ਼ ਕੀਤੀ ਕਿ ਹਜ਼ਰਤ ਉਸ ਸਿੱਕੇ ਨੂੰ ਕਬੂਲ ਕਰ ਲੈਣ, ਕਿਉਂਕਿ ਉਹ ਸਿੱਕਾ ਉਸ ਦੀ ਹਲਾਲ ਦੀ ਕਮਾਈ ਦਾ ਹੈ। ਮੀਆਂ ਮੀਰ ਨੇ ਉਸ ਗਰੀਬ ਸ਼ਰਧਾਲੂ ਨੂੰ ਕਿਹਾ ਕਿ ਉਹ ਆਪਣੀ ਹੱਕ-ਹਲਾਲ ਦੀ ਕਮਾਈ ਇਥੇ ਬੈਠੇ ਸ਼ਹਿਨਸ਼ਾਹ ਨੂੰ ਭੇਟ ਕਰ ਦੇਵੇ, ਕਿਉਂਕਿ ਉਸ ਨੂੰ ਇਸ ਸਿੱਕੇ ਦੀ ਵਧੇਰੇ ਲੋੜ ਹੈ। ਸ਼ਹਿਨਸ਼ਾਹ ਕੋਲ ਪੂਰੇ ਦੇਸ਼ ਦਾ ਖਜ਼ਾਨਾ ਹੈ, ਫਿਰ ਵੀ ਉਹ ਅੱਲਾਹ ਦੇ ਬੰਦਿਆਂ ਨੂੰ ਕਤਲ ਕਰਕੇ ਹੋਰ ਖਜ਼ਾਨਾ ਹਾਸਲ ਕਰਨਾ ਚਾਹੁੰਦਾ ਹੈ। ਸ਼ਾਹਜਹਾਂ ਬਹੁਤ ਸ਼ਰਮਿੰਦਾ ਹੋਇਆ 1 ਸ਼ਾਹਜਹਾਨ ਨੇ ਆਪਣੀ ਸਵੈ-ਜੀਵਨੀ ‘ਸ਼ਾਹਜਹਾਨ ਨਾਮਾ’ ਵਿੱਚ ਸਾਈਂ ਮੀਆਂ ਮੀਰ ਨੂੰ ਇੱਕ ਪ੍ਰਤਿਸ਼ਠ ਬ੍ਰਹਮ-ਗਿਆਨੀ ਦੱਸਿਆ ਹੈ। ਇਹ ਗੱਲ ਬਾਦਸ਼ਾਹ ਨੇ ਆਪਣੀ ਆਤਮਕਥਾ ਵਿੱਚ ਮੰਨੀ ਹੈ ਕਿ ਸਾਈਂ ਜੀ ਨੇ ਸ਼ਾਹਜਹਾਨ ਨੂੰ ਮਸ਼ਵਰਾ ਦਿੱਤਾ ਸੀ ਕਿ ਜੇਕਰ ਉਹ ਆਪਣੇ ਰਾਜ ਵਿੱਚ ਅਮਨ, ਸ਼ਾਂਤੀ ਅਤੇ ਸਕੂਨ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਉਹ ਲੋਕ ਭਲਾਈ ਦੇ ਕੰਮਾਂ ਵੱਲ ਵਧੇਰੇ ਧਿਆਨ ਦੇਵੇ, ਲੋਕਾਂ ਨਾਲ ਨਿਆਂ ਕਰੇ ਅਤੇ ਲੋਕਾਂ ਦਾ ਬਣ ਕੇ ਰਹੇ ।

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦ ਗੁਰਗਦੀ ਤੇ ਬੈਠੇ ਸੀ ਤਾਂ ਮਿਆਂ ਮੀਰ ਜੀ ਨੇ ਉਨ੍ਹਾ ਨੂੰ ਇਕ ਦਸਤਾਰ ਭੇਜੀ ਸੀ 1 ਜਦੋਂ ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਨੂੰ ਅਰੰਭਿਆ  ਤਾਂ ਨੀਂਹ-ਪੱਥਰ ਸੰਨ 1588 ਵਿੱਚ ਸਾਈਂ ਮੀਆਂ ਮੀਰ ਪਾਸੋਂ ਰਖਵਾਇਆ । ਜਿਸ ਸਮੇਂ ਲਾਹੌਰ ਵਿੱਚ ਸ਼ਾਹੀ ਹੁਕਮਾਂ ਅਨੁਸਾਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਸਹਿ ਤੇ ਘੋਰ ਤਸੀਹੇ ਦਿੱਤੇ ਜਾ ਰਹੇ ਸਨ, ਉਸ ਵੇਲੇ ਵੀ ਇਕੋ-ਇਕ ਮੁਸਲਮਾਨ ਸੂਫੀ ਪੀਰ ਸਾਈਂ ਮੀਆਂ ਮੀਰ ਜੀ ਸਨ ਜਿਨ੍ਹਾ ਨੇ ਉਸ ਅਮਾਨਵੀ ਅਤੇ ਘਿਨਾਉਣੇ ਦੁਸ਼ਟ-ਕਰਮ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਸੀ।  ਉਹ ਚਾਹੁੰਦੇ ਸਨ ਕੀ ਕਿਸੇ ਤਰੀਕੇ ਨਾਲ ਇਹ ਘੜੀ ਟਲ ਜਾਏ 1 ਉਨ੍ਹਾ ਨੇ ਗੁਰੂ ਅਰਜਨ ਦੇਵ ਜੀ ਪੁਛਿਆ ਵੀ ਸੀ ਕਿ ਜੇ ਤੁਸੀਂ ਚਾਹੋ ਤਾਂ ਮੈਂ ਦਿਲੀ ਤੇ ਲਾਹੋਰ ਦੀ ਇਟ ਨਾਲ ਇਟ ਖੜਕਾ ਦਿਆਂ, ਤਬਾਹੀ ਲਿਆਂ ਦਿਆਂ ਪਰ ਗੁਰੂ ਸਾਹਿਬ ਨੇ ਉਨ੍ਹਾ ਨੂੰ ਸ਼ਾਂਤ ਰਹਿਣ ਲਈ ਤੇ ਰਬ ਦਾ ਭਾਣਾ ਮਿਠਾ ਕਰਕੇ ਮੰਨਣ ਨੂੰ ਕਿਹਾ 1 ਸਾਈਂ ਮੀਆਂ ਮੀਰ ਹੁਰਾਂ ਨੇ ਕਈ ਵਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵੀ ਮੁਸ਼ਕਲ ਘੜੀ ਵਿਚ ਸਾਥ ਦਿਤਾ ।ਜਦ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਬਹਾਨੇ ਨਾਲ ਦਿਲੀ ਬੁਲਾਇਆ ਤੇ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ ਤਾਂ ਸਾਈ ਮੀਆਂ ਮੀਰ ਜੀ ਆਪਣੇ ਨਾਲ ਪੀਰਾਂ ਫਕੀਰਾਂ ਨੂੰ  ਲੈਕੇ ਬਾਦਸ਼ਾਹ ਨੂੰ ਸਮਝਾਉਣ ਲਈ  ਦਿਲੀ  ਗਏ 1  ਮੀਆਂ ਮੀਰ ,ਨੂਰਜਹਾਂ ਤੇ ਵਜੀਰ ਖਾਨ ਦੇ ਸਮਝਾਉਣ ਤੇ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਆਹ  ਕਰਣ  ਦਾ ਹੁਕਮ ਦੇ ਦਿਤਾ । ਉਸ ਸਮੇਂ ਕਿਲ੍ਹੇ ਵਿੱਚ ਹੋਰ ਰਾਜੇ ਵੀ ਜਹਾਂਗੀਰੀ ਹਕੂਮਤ ਨੇ ਕੈਦ ਕੀਤੇ ਹੋਏ ਸਨ। ਉਹ ਸਭ ਰਾਜੇ ਗੁਰੂ ਜੀ ਦੀ ਸ਼ਰਨ ਵਿੱਚ ਆ ਚੁੱਕੇ ਸਨ। ਜਦ ਉਨ੍ਹਾਂ ਨੂੰ ਗੁਰੂ ਹਰਿਗੋਬਿੰਦ ਜੀ ਦੀ ਰਿਹਾਈ ਦੀ ਸੂਚਨਾ ਮਿਲੀ, ਤਦੋਂ ਉਨ੍ਹਾਂ ਰਾਜਿਆਂ ਵਿੱਚ ਨਿਰਾਸ਼ਾ ਪੈਦਾ ਹੋ ਗਈ , ਜਿਸ ਨੂੰ ਦੇਖ ਕੇ ਗੁਰੂ ਜੀ ਨੇ ਰਾਜਿਆਂ ਤੋਂ ਬਿਨਾਂ ਕਿਲ੍ਹੇ ਵਿਚੋਂ ਇਕੱਲੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ । ਜਹਾਂਗੀਰ ਨੂੰ ਮਜਬੂਰ ਹੋ ਕੇ ਉਨ੍ਹਾਂ ਰਾਜਿਆਂ ਦੀ ਰਿਹਾਈ ਦੇ ਫ਼ਰਮਾਨ ਵੀ ਜਾਰੀ ਕਰਨੇ ਪਏ । ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ 51 ਰਾਜਿਆਂ ਸਮੇਤ ਅਕਤੂਬਰ 1621 ਈ: ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਾਹਰ ਆ ਗਏ ।

ਮੀਆਂ ਮੀਰ ਨੇ ਬੀਬੀ ਕੋਲਾਂ ਦੀ ਜਾਨ ਬਚਾਈ

ਕੋਲਾਂ ਆਪਣੀ ਮਾਤਾ ਨਾਲ ਘਰ ਵਿਚ ਇੱਕਲੀ ਰਹਿੰਦੀ ਸੀ |ਧਾਰਮਿਕ ਖਿਆਲਾਂ ਦੀ ਸੀ | ਰਬ ਦੀ ਭਗਤੀ ਵਿਚ ਰੰਗੀ ਹੋਈ ਸੀ |ਕੁਰਾਨ , ਦੀਵਾਨ ਹਾਫ਼ਿਜ਼ ਦੀਆਂ ਕਿਤਾਬਾਂ ਪੜਦੀ ਰਹਿੰਦੀ  | ਇਹ ਵੀ ਧਾਰਨਾ ਸੀ ਕਿ ਕਾਜ਼ੀ ਉਸਦਾ ਸਗਾ ਬਾਪ ਨਹੀਂ ਹੈ ਬਲਿਕ ਕੋਲਾਂ ਦੀ ਮਾਂ ਇਕ ਕਨੀਜ਼ ਸੀ ਜੋ ਮੁਗਲ ਹਾਕਮ ਜਬਰਦਸਤੀ ਜਾਂ ਖਰੀਦ ਕੇ ਆਪਣੇ ਘਰ ਰਖਦੇ ਸਨ |ਕਾਜ਼ੀ ਨੇ ਕਦੀ ਵੀ ਉਸ ਬਚੀ ਨਾਲ ਪਿਤਾ ਵਾਲਾ ਵਿਹਾਰ ਨਹੀਂ ਕੀਤਾ ਬਲਿਕ ਮਾਰਦਾ ਕੁਟਦਾ ਰਹਿੰਦਾ ਸੀ | ਉਸ ਨੂੰ ਇਸਲਾਮ ਦੀ ਤਲੀਮ ਦਿਤੀ ਤੇ ਥੋੜੀ ਉਚੀ ਵਿਦਿਆ ਦੇਣ ਲਈ ਮੀਆਂ ਮੀਰ ਕੋਲ ਭੇਜਣਾ ਸ਼ੁਰੂ ਕਰ ਦਿਤਾ |

ਮਿਆਂ ਮੀਰ ਦੀ ਗੁਰੂ ਅਰਜਨ ਸਾਹਿਬ ਨਾਲ ਸ਼ਹੀਦੀ ਤੋਂ ਪਹਿਲਾਂ ਕਾਫੀ ਦੋਸਤੀ ਸੀ | ਆਪਸ ਵਿਚ ਅਧਿਆਤਮਿਕ ਚਰਚਾ ਕਰਦੇ ਰਹਿੰਦੇ ਸੀ1 ਗੁਰਬਾਣੀ ਦੇ ਹਵਾਲੇ ਮੀਆਂ ਮੀਰ ਦੇ ਤੰਨ ਮੰਨ ਵਿਚ ਵਸ ਹੋਏ ਸਨ  | ਕੋਲਾਂ ਮੀਆਂ ਮੀਰ ਦੀ ਪਕੀ  ਸ਼ਰਧਾਲੂ ਬਣ ਚੁਕੀ ਸੀ 1 ਜਦ ਮੀਆਂ ਮੀਰ ਕੋਲਾਂ ਨੂੰ ਗੁਰਬਾਣੀ ਦੇ ਹਵਾਲੇ ਦੇਕੇ ਪੜਾਉਦੇ ਤਾਂ ਕਾਫੀ ਗੁਰਬਾਣੀ ਬੀਬੀ ਕੋਲਾਂ ਨੂੰ ਵੀ ਯਾਦ ਹੋ ਗਈ | ਜਦੋਂ ਮੀਆਂ ਮੀਰ ਸੰਗਤ ਵਿਚ ਜਾਂਦੇ ਤੇ ਕੋਲਾਂ ਵੀ ਉਨ੍ਹਾ ਨਾਲ ਜਾਇਆ ਕਰਦੀ ਸੀ | ਜਦੋਂ ਕਾਜ਼ੀ ਨੂੰ ਪਤਾ ਚਲਿਆ ਕੀ ਕੋਲਾਂ ਗੁਰੂ ਸਾਹਿਬ ਦੀ ਸੰਗਤ ਵਿਚ ਮੀਆਂ ਮੀਰ ਨਾਲ ਰੋਜ਼ ਜਾਂਦੀ ਹੈ ਤਾਂ ਉਹ ਖਿਜ ਗਿਆ ਤੇ ਉਸਨੂੰ ਕਿਹਾ ਕੀ ਤੂੰ ਗੁਰਬਾਣੀ ਨਾ ਪੜਿਆ ਕਰ ਇਹ ਸ਼ਰਾ ਦੇ ਉਲਟ ਹੈ |ਸ਼ਰਾ ਮੁਹੰਮਦੀ ਦੇ ਅਨੁਸਾਰ ਤੇਰਾ ਕਤਲ ਕੀਤਾ ਜਾ ਸਕਦਾ ਹੈ | ਪਰ ਜਦ ਉਹ ਨਾ ਮੰਨੀ ਤਾਂ ਹੋਰ ਕਾਜ਼ੀਆਂ ਨਾਲ ਮਿਲਕੇ ਉਸਤੇ ਕਤਲ ਕਰਨ ਦਾ ਫਤਵਾ ਜਾਰੀ ਕਰ ਦਿਤਾ | ਮਾਂ ਦਾ ਦਿਲ ਦਹਿਲ ਗਿਆ ਉਸਨੇ ਕੋਲਾਂ ਨੂੰ ਮੀਆਂ ਮੀਰ ਕੋਲ ਪੁਚਾ ਦਿਤਾ | ਸਾਈੰ ਮੀਆਂ ਮੀਰ ਦੇ ਹੁਕਮ ਨਾਲ ਅਬਦੁਲ ਯਾਰ ਖਾਨ ਨੇ ਉਸ ਨੂੰ ਬੜੀ ਹਿਫ਼ਾਜ਼ਤ ਨਾਲ ਗੁਰੂ ਹਰਗੋਬਿੰਦ ਸਾਹਿਬ ਕੋਲ ਭੇਜ ਦਿਤਾ ਤੇ ਬੇਨਤੀ ਕੀਤੀ ਕੀ ਇਸ ਨੂੰ ਮੈ ਤੁਹਾਡੀ ਸ਼ਰਨ ਵਿਚ ਭੇਜ ਰਿਹਾਂ ਹਾਂ ਇਸਦੀ ਜਾਨ ਬਚਾਨੀ ਹੁਣ ਸਡਾ ਧਰਮ ਹੈ |

ਗੁਰੂ ਹਰਗੋਬਿੰਦ ਸਾਹਿਬ ਨੇ ਮੀਆਂ ਮੀਰ ਦੀ ਬੇਨਤੀ ਸਵੀਕਾਰ ਕਰਦੇ ਇਸਦੇ ਖਾਣ  ਪੀਣ ਤੇ ਰਹਿਣ ਦਾ ਇੰਤਜ਼ਾਮ ਆਪਣੇ ਮਹਿਲ ਤੋਂ ਕੁਝ ਦੂਰ ਫੁਲਾਂ ਵਾਲੀ ਢਾਬ ਕੋਲ ਕਰਵਾ ਦਿਤਾ ਤੇ ਪਹਿਰਾ ਲਗਵਾ ਦਿਤਾ | ਪੈਂਦਾ ਖਾਨ ਪਠਾਣ ਦਾ ਪਹਿਰਾ ਸੀ ਉਸਨੇ ਤੱਸਲੀ ਦਿਤੀ ਕੀ ਇਥੇ ਤੁਹਾਨੂੰ ਕੋਈ ਖਤਰਾ ਨਹੀਂ |ਜਦੋਂ ਕਾਜ਼ੀ ਨੂੰ ਪਤਾ ਲਗਾ ਤਾਂ ਉਸਨੇ ਲਹੋਰ ਸੂਬੇ ਕੋਲ ਸ਼ਕਾਇਤ ਲਗਾਈ 1 ਉਸਦੇ ਵਜੀਰ , ਵਜੀਰ ਖਾਨ ਨੇ ਸੂਬੇ ਨੂੰ ਕਾਜ਼ੀ ਦੀ ਸਾਰੀ ਅਸਲੀਅਤ ਦਸੀ ਕੀ ਕਾਜ਼ੀ ਉਸ ਨੂੰ ਰੋਜ਼ ਮਾਰਦਾ ਕੁਟਦਾ ਸੀ ਇਸ ਲਈ ਉਹ ਘਰ ਛਡ ਕੇ ਗੁਰੂ ਸਾਹਿਬ ਦੇ ਸ਼ਰਨ ਵਿਚ ਚਲੀ ਗਈ ਹੈ , ਗੁਰੂ ਸਾਹਿਬ ਬਹੁਤ ਦਿਆਲੂ ਹਨ ਤੇ ਹਰ ਧਰਮ ਦਾ ਸਤਿਕਾਰ ਕਰਦੇ ਹਨ -ਗੁਰੂ ਸਾਹਿਬ ਨਾਲ ਦਖਲ ਅੰਦਾਜੀ ਕਰਨੀ  ਠੀਕ ਨਹੀਂ ਹੈ |

ਉਸ ਵਕਤ ਦਿਲੀ ਤਖਤ ਤੇ ਬਾਦਸ਼ਾਹ ਸ਼ਾਹਜਹਾਨ ਸੀ | ਕਾਜ਼ੀ  ਉਸ ਕੋਲ ਫਰਿਆਦ ਲੈਕੇ ਗਿਆ | ਸ਼ਾਹਜਹਾਨ ਨੇ ਇਸਲਾਮੀ ਸ਼ਰਾ ਦਾ ਕਟਰਵਾਦੀ ਹੋਣ ਕਰਕੇ ਗੁਰੂ ਸਾਹਿਬ ਤੇ ਹਮਲੇ ਦੀ ਤਿਆਰੀ ਕਰ ਲਈ 1 ਉਸ ਵਕਤ ਗੁਰੂ ਸਾਹਿਬ ਦੀ ਬੇਟੀ ਬੀਬੀ ਵੀਰੋ ਦੀ ਸ਼ਾਦੀ ਸੀ | ਸਿਖ ਪਹਿਲੇ ਤੋਂ ਹੀ ਚੋਕਸ ਸਨ ਉਨ੍ਹਾ ਨੇ ਬੀਬੀ ਕੋਲਾਂ ਨੂੰ ਕਰਤਾਰਪੁਰ ਭੇਜ ਦਿਤਾ ਤੇ ਹੋਰ ਪਰਿਵਾਰ ਤੇ ਬੀਬੀ ਵੀਰੋ ਨੂੰ ਝਬਾਲ ਭੇਜ ਦਿਤਾ |ਲੋਹਗੜ ਕਿਲੇ  ਤੇ ਸ਼ਾਹੀ ਫੋਜਾਂ ਨਾਲ ਟਕਰ  ਹੋਈ ਤੇ ਜਿਤ ਵੀ ਹੋਈ ,ਸ਼ਾਹੀ ਫੋਜਾਂ ਦਾ ਭਾਰੀ ਨੁਕਸਾਨ ਹੋਇਆ 1 ਬੀਬੀ ਕੋਲਾਂ ਦੀ ਜਾਂ ਬਚ ਗਈ 1

 ਉਤਰੀ ਭਾਰਤ ਉਪਰ ਜਦੋਂ ਮੁਸਲਮਾਨ ਸ਼ਾਸਕਾਂ ਨੇ ਕਬਜ਼ਾ ਜਮਾ ਲਿਆ ਸੀ, ਉਦੋਂ ਸੂਫੀ ਦਰਵੇਸ਼ ਵੀ ਭਾਰਤ ਵਿੱਚ ਆਉਣੇ ਸ਼ੁਰੂ ਹੋ ਗਏ ਸਨ। ਔਰੰਜ਼ੇਬ ਦੇ ਵਕਤ ਤੋਂ ਜੋ  ਮੁਸਲਮਾਨ ਹੁਕਮਰਾਨ ਤਲਵਾਰ ਦੇ ਜ਼ੋਰ ਨਾਲ ਇਥੋਂ ਦੀ ਹਿੰਦੂ ਵਸੋਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਹੇ ਸਨ ਉਹੀ ਕੰਮ ਸੂਫੀਆਂ ਨੇ ਪਿਆਰ ਨਾਲ  ਕੀਤਾ 1 ਕਹਿੰਦੇ ਹਨ ਕੀ ਇਤਨੇ ਮੁਸਲਮਾਨ ਔਰੰਗਜ਼ੇਬ ਦੀ ਤਲਵਾਰ ਨਹੀਂ ਬਣਾ ਸਕੀ  ਜਿਤਨੇ  ਬਾਬਾ ਫਰੀਦ ਦੇ ਪਿਆਰ ਨੇ  ਬਣਾਏ ਸਨ1 ਸਾਈਂ ਮੀਆਂ ਮੀਰ ਹੁਰੀਂ ਇੱਕ ਰੱਬੀ ਪੀਰ ਸਨ, ਹਰ ਰਬ ਦੇ ਬੰਦੇ ਨੂੰ ਪਿਆਰ ਕਰਦੇ ਸੀ ਹਿੰਦੂ , ਸਿਖ ਤੇ ਮੁਸਲਮਾਨ , ਮਜਹਬਾਂ ਤੋਂ ਉਪਰ ਉਠਕੇ ਉਨ੍ਹਾ  ਨੇ ਉਸ ਸਮੇਂ ਦੌਰਾਨ ਪ੍ਰਚੱਲਿਤ ਸੂਫੀ ਪੀਰਾਂ ਦੀ ਧਾਰਨਾ ਨੂੰ ਤਜ ਕੇ ਸ਼ਰਹ ਦੀ ਤਬਲੀਗ ਦਾ ਕੰਮ ਛੱਡ ਦਿੱਤਾ ਸੀ।

 11 ਅਕਤੂਬਰ 1619 ਨੂੰ 88 ਸਾਲ ਦੀ ਉਮਰ ਵਿਚ ਸਾਈੰ  ਜੀ ਚਲਾਣਾ ਕਰ ਗਏ ਉਨ੍ਹਾ ਨੇ ਮਰਨ ਤੋਂ ਪਹਿਲਾ ਹਿਦਾਇਤ ਦਿਤੀ ਸੀ ਕੀ ਮੈਨੂੰ ਆਲਮਗੰਜ ਵਿਚ ਦਫਨ ਕਰਨਾ ਜਿਥੇ ਮੇਰੇ ਯਾਰ (ਮੁਰੀਦ) ਹਨ 1 ਨੂਰ ਜਹਾਂ ਨੇ ਆਪਣੀ ਨਿਗਰਾਨੀ ਵਿਚ ਪੀਰ ਜੀ ਦਾ ਮਕਬਰਾ ਬਣਵਾਇਆ 1 ਇਹ ਮਕਬਰਾ ਹਾਸ਼ਮ ਪੁਰੇ , ਲਾਹੋਰ  ਵਿਚ ਸਥਿਤ ਹੈ 1 ਇਥੇ ਹਰ ਸਾਲ ਮੇਲਾ ਲਗਦਾ ਹੈ ਜਿਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ ਤੇ ਆਪਣੀ ਅਕੀਦਤ ਪੇਸ਼ ਕਰਦੇ ਹਨ 1 ਅਜ ਕਲ ਇਸ ਅਸਥਾਨ ਦੇ ਗਦੀਨਸ਼ੀਨ ਪੀਰ ਚੰਨ -ਕਾਦਰੀ ਹਨ ਜੋ  ਮੀਆਂ ਮੀਰ ਵਾਂਗ ਹੀ ਰੂਹਾਨੀਅਤ ਨਾਲ ਲਬਰੇਜ਼ ਹਨ ਤੇ ਲੋਕਾਂ ਲਈ ਖਿਚ ਦਾ ਮਰਕਜ਼ ਬਣੇ ਹੋਏ ਹਨ 1 ਐਸੇ ਇਨਸਾਨ ਧਰਤੀ ਤੇ ਕਦੇ ਕਦੇ ਆਉਂਦੇ ਹਨ 1 ਮੀਆਂ ਮੀਰ ਜੀ ਦੀ ਇਕ ਖੂਬਸੂਰਤ ਪੇਂਟਿੰਗ ਅਮ੍ਰਿਤਸਰ ਦੀ ਪਾਕ ਧਰਤੀ ਤੇ ਹਰਮੰਦਿਰ ਸਾਹਿਬ ਦੇ ਅਜਾਇਬ  ਘਰ ਵਿਚ ਲਗੀ ਹੋਈ ਹੈ1 ਉਨ੍ਹਾ ਦੇ  ਨੂਰਾਨੀ ਚੇਹਰੇ ਦਾ ਜਲਵਾ ਲਖਾਂ ਦੇ ਦਿਲਾਂ ਨੂੰ ਠੰਡ ਪਾ ਰਿਹਾ 1 ਸਾਈੰ ਮੀਆਂ ਮੀਰ ਤੇ ਗੁਰੂ ਅਰਜਨ ਦੇਵ ਦੇ ਮਨੁਖੀ ਭਾਈਚਾਰਾ, ਮਨੁਖੀ ਏਕਤਾ ਤੇ ਮਨੁਖੀ ਸਾਂਝ ਸਾਰੀ ਦੁਨੀਆਂ ਨੂੰ ਸਰਬ-ਸਾਂਝੀਵਾਲਤਾ ਦੀ ਪ੍ਰੇਰਨਾ ਦਿੰਦੀ  ਰਹੇਗੀ 1

   ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ

 

 

 

 

Print Friendly, PDF & Email

Nirmal Anand

Add comment

Translate »