ਸਿੱਖ ਇਤਿਹਾਸ

ਸਰਦਾਰ ਜੱਸਾ ਸਿੰਘ ਰਾਮਗੜੀਆ – 1723-1803

ਜੱਸਾ ਸਿੰਘ ਰਾਮਗੜਿਆ ਸਿੱਖ ਇਤਿਹਾਸ ਦਾ ਉਹ  ਨਾਇਕ ਹੈ ਜਿਸਨੇ ਸਿੱਖਾਂ ਦੀ ਖਿੰਡੀ-ਪੁੰਡੀ ਤਾਕਤ ਨੂੰ ਇਕੱਠਾ ਕਰਕੇ ਸਿੱਖ ਫੌਜ ਵਿਚ ਅਜਿਹਾ ਜੋਸ਼ ਭਰਿਆ ਜਿਸਦੇ ਸਦਕਾ ਸਿੱਖਾਂ ਨੇ ਪੰਜਾਬ ਤੇ ਦਿਲੀ  ਦੀ ਧਰਤੀ ‘ਤੇ ਖਾਲਸਾਈ  ਝੰਡੇ ਝੁਲਾਏ ਤੇ ਆਪਣੀ ਹਕੂਮਤ ਸਥਾਪਤ ਕੀਤੀ ਹੈ। ਉਸ ਦੀ ਅਗਵਾਈ ਵਿਚ ਸਿੱਖਾਂ ਨੇ ਜ਼ਾਲਮਾਂ ਨੂੰ ਆਪਣੇ ਕਹਿਰ ਦਾ ਨਿਸ਼ਾਨਾ ਬਣਾਇਆ ਅਤੇ ਪੰਜਾਬ ‘ਤੇ ਹਮਲਾ ਕਰਨ ਵਾਲੇ ਕਹਿੰਦੇ ਕਹਾਉਂਦੇ ਜਰਵਾਣਿਆ ਦੇ ਗਰੂਰ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਸੀ। ਸਿੱਖਾਂ ਨੇ ਆਪਣੀ ਅਣਖ ਅਤੇ ਹੋਂਦ ਕਾਇਮ ਰਖਣ ਲਈ  ਉਸਦੀ ਅਗਵਾਈ ਹੇਠ ਜੋ ਜਿੱਤਾਂ ਪ੍ਰਾਪਤ ਕੀਤੀਆਂ ਹਨ ਉਨ੍ਹਾਂ ਨਾਲ ਸਿੱਖ ਕੋਮ  ਮਾਨਸਿਕ ਅਤੇ ਸਮਾਜਕ ਪੱਖ ਤੋਂ ਬਲਵਾਨ ਹੋਈ ।

ਜੱਸਾ ਸਿੰਘ ਰਾਮਗੜ੍ਹੀਆ ਦੇ ਪਰਿਵਾਰ ਦਾ ਪਿਛੋਕੜ ਪੰਜਾਬ ਦੇ ਇਤਿਹਾਸ ਪਿੰਡ ਸੁਰ ਸਿੰਘ ਨਾਲ ਜੁੜਦਾ ਹੈ। ਅੰਮ੍ਰਿਤਸਰ ਜਿਲ੍ਹੇ ਦੀ ਤਹਿਸੀਲ ਪੱਟੀ ਵਿਚ ਪੈਂਦੇ ਇਸ ਪਿੰਡ ਨੂੰ ਸ਼ਹੀਦਾਂ ਅਤੇ ਫਕੀਰਾਂ ਦਾ ਪਿੰਡ ਕਿਹਾ ਜਾਂਦਾ ਹੈ। ਇਸ ਪਿੰਡ ਦੇ ਲੋਕਾਂ ਨੇ ਪੰਜਾਬ ਦੀ ਲੱਗਪਗ ਹਰ ਰਾਜਸੀ ਅਤੇ ਧਾਰਮਕ ਲਹਿਰ ਵਿਚ ਵੱਧ ਚੜ੍ਹ ਕੇ ਹਿਸਾ ਲਿਆ ਹੈ। ਇਸ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ, ਬਾਬਾ ਬਿਧੀ ਚੰਦ ਤੇ ਗੁਰੂ ਜੀ ਦੇ ਸਮੇਂ ਸਿੱਖਾਂ ਵਿਚ ਬਹਾਦਰੀ ਦਾ ਜ਼ੋਸ਼ ਭਰਨ ਲਈ ਵਾਰਾਂ ਗਾਉਣ ਵਾਲੇ ਢਾਡੀ ਅਬਦੁੱਲਾ ਅਤੇ ਨੱਥ ਮੱਲ ਦੀ ਜਨਮ -ਭੂਮੀ ਇਸ  ਪਿੰਡ ਦਾ ਮਾਣ ਹੈ । ਜੱਸਾ ਸਿੰਘ ਰਾਮਗੜ੍ਹੀਆ ਦੇ  ਦਾਦਾ ਭਾਈ ਹਰਦਾਸ ਸਿੰਘ ਨੇ ਸ੍ਰੀ  ਗੁਰੂ ਗੋਬਿੰਦ ਸਿੰਘ ਜੀ ਦੇ ਕਰ-ਕਮਲਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਸਿੰਘ ਸਜੇ  ਅਤੇ ਗੁਰੂ-ਸਨੇਹਾ  ਪਿੰਡ ਪਿੰਡ ਵਿਚ ਪਹੁੰਚਾਇਆ । ਉਹ ਗੁਰੂ ਸਾਹਿਬ ਦੀ ਖਾਲਸਾ ਫੌਜ ਦੇ ਮੈਂਬਰ ਸਨ ਅਤੇ ਫੋਜ ਲਈ ਹੱਥਿਆਰ ਆਦਿ ਬਣਾਉਣ ਦਾ ਕੰਮ ਵੀ ਕਰਦੇ ਸਨ । ਕਿਹਾ ਜਾਂਦਾ ਹੈ ਕਿ ਭਾਈ ਬਚਿੱਤਰ ਸਿੰਘ ਨੇ ਜਿਸ ਨੇਜੇ ਨਾਲ ਸ਼ਰਾਬੀ ਹਾਥੀ ਨੂੰ ਜ਼ਖਮੀ ਕੀਤਾ ਸੀ ਉਹ ਭਾਈ ਹਰਦਾਸ ਸਿੰਘ ਨੇ ਬਣਾਇਆ ਸੀ। ਹਰਦਾਸ ਸਿੰਘ ਦੇ ਦੋ ਪੁੱਤਰ ਸਨ ਭਗਵਾਨ ਸਿੰਘ ਅਤੇ ਦਾਨ ਸਿੰਘ। ਜੱਸਾ ਸਿੰਘ, ਭਗਵਾਨ ਸਿੰਘ ਦਾ ਪੁੱਤਰ ਸੀ। ਜੱਸਾ ਸਿੰਘ ਦਾ ਜਨਮ ਭਾਵੇਂ ਪਿੰਡ ਈਚੋਵਾਲ ਵਿਚ ਹੋਇਆ ਸੀ ਪਰ ਉਸਦੀ ਸ਼ਖਸੀਅਤ ’ਤੇ ਉਸਦੇ ਰਵਾਇਤੀ ਪਰਿਵਾਰਕ ਪਿਛੋਕੜ ਦੀ ਗੂੜ੍ਹੀ ਮੋਹਰ ਲੱਗੀ ਹੋਈ ਸੀ।  ਆਪ ਦੇ ਪਿਤਾ ਸ: ਭਗਵਾਨ ਸਿੰਘ ਇਕ ਬਹਾਦਰ ਯੋਧਾ ਹੋਣ ਦੇ ਨਾਲ ਨਾਲ ਸੰਤ ਸੁਭਾਅ ਵਾਲੇ ਵਿਅਕਤੀ ਸਨ ਤੇ  ਉਘੇ ਧਾਰਮਿਕ ਪ੍ਰਚਾਰਕ ਵੀ  ਸਨ। ਇਸ ਕਰਕੇ ਉਹਨਾਂ ਨੂੰ ਗਿਆਨੀ ਭਗਵਾਨ ਸਿੰਘ ਆਖਿਆ ਜਾਂਦਾ ਸੀ। ਆਪ 5 ਭਰਾ ਸਨ ਜੱਸਾ ਸਿੰਘ ,ਜੈ ਸਿੰਘ ,ਖ਼ੁਸ਼ਹਾਲ ਸਿੰਘ ,ਮਾਲੀ ਸਿੰਘ ਤੇ ਤਾਰਾ ਸਿੰਘ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਂ ਤੋਂ ਬਾਅਦ ਸਰਦਾਰ ਭਗਵਾਨ ਸਿੰਘ ਬੰਦਾ ਬਹਾਦਰ ਦੀ ਫੌਜ਼ ਵਿਚ ਸ਼ਾਮਲ ਹੋਕੇ ਉਨ੍ਹਾ ਨੇ  ਸਰਹੰਦ, ਸਢੋਰਾ, ਬਜਵਾੜਾ ਤੇ ਰਾਹੋਂ ਦੀ  ਲੜਾਈ ਵਿਚ ਹਿੱਸਾ ਲਿਆ ਬੰਦਾ ਸਿੰਘ ਬਹਾਦਰ ਦੀ ਸਹੀਦੀ ਤੋਂ ਮਗਰੋਂ ਇਹ  ਪਰਿਵਾਰ ਨਵਾਬ ਕਪੂਰ ਸਿੰਘ ਜੀ ਦੀ ਕਾਇਮ ਕੀਤੀ ਪਹਿਲੀ ਸਿੱਖ ਜੱਥੇਬੰਦੀ ਦਲ ਖਾਲਸਾ ਵਿੱਚ ਸ਼ਾਮਲ ਹੋ ਕੇ ਜੱਥੇਬੰਦੀ ਦਾ ਹਿੱਸਾ ਬਣ ਗਏ । ਜੱਥੇਬੰਦੀ ਵਿੱਚ ਮਿਹਨਤ ਅਤੇ ਲਗਨ ਦੁਆਰਾ ਇਹਨਾਂ ਦਾ ਰੁਤਬਾ ਬਹੁਤ ਉੱਚਾ ਚਲਾ ਗਿਆ । ਭਾਵੇਂ ਨਵਾਬ ਕਪੂਰ ਸਿੰਘ ਮਗਰੋਂ ਦਲ ਖਾਲਸਾ ਦੀ ਕਮਾਨ ਸ: ਜੱਸਾ ਸਿੰਘ ਆਹਲੂਵਾਲੀਆ ਕੋਲ ਆ ਗਈ ਪਰ ਸ: ਜੱਸਾ ਸਿੰਘ ਰਾਮਗੜ੍ਹੀਆ ਪ੍ਰਮੁੱਖ ਜਰਨੈਲ ਬਣੇ ਰਹੇ ।

ਜੱਸਾ ਸਿੰਘ ਦੇ ਬਚਪਨ ਤੋਂ ਹੀ ਮੁਗਲ ਹਕੂਮਤ ਵਲੋਂ  ਸਿੱਖਾਂ ‘ਤੇ ਵਾਪਰ ਰਹੇ ਅਣਮਨੁੱਖੀ ਕਹਿਰ ਦਾ ਅਸਰ ਪੈਣਾ ਸੁਭਾਵਿਕ ਸੀ। ਜਿਥੇ ਆਪਣੇ ਪੁਰਖਾਂ ਦੀ ਬਹਾਦਰੀ ਭਰੇ ਕਾਰਨਾਮਿਆਂ ਦੀ ਦਾਸਤਾਨ ਨੇ ਜੱਸਾ ਸਿੰਘ ਤੇ ਗਹਿਰੀ ਛਾਪ ਛੋੜੀ  ਉਥੇ ਉਸਦੇ ਸਿੱਖੀ ਅਤੇ ਸਿੱਖ-ਪੰਥ ਲਈ ਪਿਆਰ ਨੇ ਵੀ ਉਸ ਅੰਦਰ ਸਿਖੀ ਲਈ ਕੁਰਬਾਨ ਹੋਣ ਦਾ ਜਜ਼ਬਾ ਭਰਿਆ ਤੇ ਉਸਨੇ ਨਿੱਤ ਮੁਹਿੰਮਾਂ’ ਨੂੰ ਆਪਣੀ ਜਿੰਦਗੀ ਦਾ ਅੰਗ ਬਣਾ ਲਿਆ ਤੇ  ਮਰਦੇ ਦਮ ਤੱਕ ਜੰਗ ਦਰ ਜੰਗ ਦੇ ਅਮਲ ਵਿਚੋਂ ਗੁਜ਼ਰਦਾ ਗਿਆ ਅਤੇ ਜਿੱਤਾਂ ਦੇ ਝੰਡੇ ਗੱਡਦਾ ਗਿਆ ਸੀ। ਸ: ਜੱਸਾ ਸਿੰਘ ਰਾਮਗੜ੍ਹੀਆ ਗੁਰੀਲਾ ਯੁੱਧ ਦੇ ਮਾਹਿਰ ਸਨ। ਪਹਾੜੀ ਇਲਾਕਿਆਂ ਵਿੱਚ ਕੋਈ ਵੀ ਜਰਨੈਲ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਿਆ 1

ਭਗਵਾਨ ਸਿੰਘ ਜੀ ਆਪਣੇ ਪਿਤਾ ਨਾਲ ਜੰਗਾਂ ਵਿਚ ਹਿੱਸਾ ਲੈਂਦੇ ਰਹੇ। ਆਪ ਜੀ ਵੀ  ਅੰਮ੍ਰਿਤਧਾਰੀ  ਸਿੰਘ ਸਨ ਅਤੇ ਬਾਕੀ ਸਿੰਘਾਂ ਨੂੰ ਗੁਰਬਾਣੀ ਪੜ੍ਹਾਉਂਦੇ ਸਨ ਇਸ ਲਈ ਸਿੰਘ  ਆਪਜੀ ਨੂੰ ਸਤਕਾਰ ਵਜੋਂ ਗਿਆਨੀ ਜੀ ਕਹਿੰਦੇ ਸਨ। ਜੱਸਾ ਸਿੰਘ ਰਾਮਗੜ੍ਹੀਆ ਨੇ ਪਹਿਲੀ ਲੜਾਈ 14 ਸਾਲ ਦੀ ਉਮਰ ਵਿਚ ਆਪਣੇ ਪਿਤਾ ਭਗਵਾਨ ਦਾਸ ਨਾਲ ਏਸ਼ੀਆ ਦੇ ਪ੍ਰਸਿੱਧ ਜੇਤੂ ਨਾਦਰ ਸ਼ਾਹ ਦੇ ਨਾਲ ਲੜੀ। ਇਸ ਲੜਾਈ ਵਿੱਚ 14 ਸਾਲਾ ਸ: ਜੱਸਾ ਸਿੰਘ ਰਾਮਗੜ੍ਹੀਏ ਨੇ ਯੁੱਧ ਕਲਾ ਦੇ ਉਹ ਜੋਹਰ ਦਿਖਾਏ ਜਿਸਨੂੰ ਵੇਖ ਕੇ ਵੱਡੇ ਵੱਡੇ ਜਰਨੈਲ ਹੈਰਾਨ ਰਹਿ ਗਏ ਪਰ ਇਸ ਲੜਾਈ ਵਿੱਚ ਉਹਨਾਂ ਦੇ ਪਿਤਾ ਸ: ਭਗਵਾਨ ਸਿੰਘ ਸ਼ਹੀਦ ਹੋ ਗਾਏ । ਗਿਆਨੀ ਭਗਵਾਨ ਸਿੰਘ ਦੀ ਕੁਰਬਾਨੀ ਤੇ ਜੱਸਾ ਸਿੰਘ ਦੀ ਬਹਾਦੁਰੀ ਤੋਂ ਖੁਸ਼  ਹੋ ਕੇ ਜਕਰੀਆ ਖਾਨ ਨੇ ਉਨ੍ਹਾ ਦੇ ਪੁਤਰ  ਜੱਸਾ ਸਿੰਘ ਤੇ ਉਸਦੇ ਭਰਾਵਾਂ ਨੂੰ ਪੰਜ ਪਿੰਡ, ਵੱਲਾ, ਚੱਬਾ, ਤੁੰਗ, ਸੁਲਤਾਨਵਿੰਡ ਤੇ ਵੇਰਕਾ, ਜਗੀਰ ਵਜੋ ਦਿੱਤੇ।

ਇਸਤੋਂ ਪਿਛੋਂ ਵੀ  ਨਾਦਰ ਸ਼ਾਹ ਨਾਲ ਵੇਲਾ ਪਾ ਕੇ ਸਿਖ ਦੋ ਹੱਥ ਕਰਦੇ ਰਹਿੰਦੇ ਸਨ। ਜੱਸਾ ਸਿੰਘ ਨੇ ਇਸ ਸਮੇਂ ਦਾ ਸਭ ਤੋਂ ਵਧੇਰੇ ਲਾਭ ਉਠਾਇਆ ਸੀ। ਨਾਦਰ ਸ਼ਾਹ ਜਦੋਂ ਵੀ ਭਾਰਤ ‘ਤੇ ਹਮਲਾ ਕਰਕੇ ਇਕੱਠੇ ਕੀਤੇ ਲੁੱਟ-ਮਾਰ ਦੇ ਸਮਾਨ ਨੂੰ ਲੈ ਕੇ ਲੰਘਦਾ ਸੀ ਤਾਂ ਸਿੱਖ ਉਸ ‘ਤੇ ਟੁੱਟ ਪੈਂਦੇ ਸਨ। ਸਿੱਖਾਂ ਦੇ ਅਚਾਨਕ ਹਮਲਿਆਂ ਤੋਂ ਉਹ ਬੁਰੀ ਤਰ੍ਹਾਂ ਤੰਗ ਆ ਚੁੱਕਾ ਸੀ। ਦੁੱਖੀ ਹੋਏ ਨਾਦਰ ਸ਼ਾਹ ਨੇ ਸਿੱਖਾਂ ਬਾਰੇ ਜ਼ਕਰੀਆ ਖਾਨ ਤੋਂ ਪੁੱਛਿਆ ਸੀ ਕਿ  ਮੇਰੇ ਵਰਗੇ  ਲੁਟੇਰੇ ਨੂੰ ਲੁਟਣ ਵਾਲੇ ਇਹ ਲੋਕ ਕੌਣ ਹਨ? ਤਾਂ ਜ਼ਕਰੀਆ ਖਾਨ ਨੇ ਕਿਹਾ ਸੀ “ਕਿ ਇਹ ਫਕੀਰਾਂ ਦਾ ਟੋਲਾ ਹੈ ਜੋ ਸਾਲ ਵਿਚ ਦੋ ਵਾਰ ਗੁਰੂ ਦੇ ਤਲਾਬ ਵਿਚ ਨਹਾਉਂਦੇ ਹਨ” ਜਦ ਨਾਦਰ ਸ਼ਾਹ ਨੇ ਪੁਛਿਆ ਕੀ ਇਨ੍ਹਾ ਦਾ ਘਰ ਘਾਟ ਕਿਥੇ ਹੈ ? ਤੇ ਜਕਰੀਆਂ ਖਾਨ ਨੇ ਕਿਹਾ ,”ਇਨ੍ਹਾ ਦਾ ਕੋਈ ਘਰ ਘਟ ਨਹੀਂ 1 ਘੋੜਿਆ ਦੀ ਕਾਠੀਆਂ ਤੇ ਇਹ ਸੋਂਦੇ ਹਨ ਜੰਗਲਾਂ ਵਿਚ ਸਭ ਪਿਆਰ ਨਾਲ  ਰਹਿੰਦੇ ਹਨ ,ਘਾਹ ਪਤੇ ਖਾਕੇ ਗੁਜਾਰਾ ਕਰਦੇ ਹਨ ਤੇ ਜਦੋਂ ਕਦੀ ਲੰਗਰ ਪਕਦਾ ਹੈ ਪਹਿਲੇ ਭੁਖੇ ਤੇ ਲੋੜਵੰਦ ਨੂੰ ਖੁਆਕੇ ,ਬਚੇ ਤਾਂ ਆਪ ਖਾ ਲੈਂਦੇ ਹਨ 1 ਨਾਦਰ ਸ਼ਾਹ ਨੇ ਕਿਹਾ ਕੀ ਇਹ ਇਕ ਦਿਨ ਮੁਲਕ ਤੇ ਰਾਜ ਕਰਨਗੇ ਤੇ ਉਸਦੀ ਇਹ ਭਵਿਖ ਬਾਣੀ ਸਚ ਨਿਕਲੀ 1

 ਸੰਨ 1747 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ ਦਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਇਸੇ ਸਾਲ ਹੀ ਵਿਸਾਖੀ ਤੇ ਸ਼੍ਰੀ ਅੰਮ੍ਰਿਤਸਰ ਵਿਖੇ ਭਾਰੀ ਇਕੱਠ ਹੋਇਆ। ਇਸ ਇਕੱਠ ਵਿਚ ਉਘੇ ਸਿੱਖ ਆਗੂਆਂ ਨੇ ਸਰਬ ਸੰਮਤੀ ਨਾਲ ਆਪਣੀ ਤਾਕਤ ਵਧਾਉਣ ਤੇ ਅੰਮ੍ਰਿਤਸਰ ਸ਼ਹਿਰ ਤੇ ਸ੍ਰੀ ਹਰਿ ਮੰਦਰ ਸ਼ਾਹਿਬ ਦੀ ਰਾਖੀ ਲਈ ਆਪਣੇ ਕਿਲ੍ਹੇ ਉਸਾਰਨ ਦਾ ਫ਼ੈਸਲਾ ਕੀਤਾ ।ਕਿਉਂਕਿ ਜਦੋਂ ਵੀ ਸਿੱਖਾਂ ਦੇ ਪਵਿੱਤਰ ਗੁਰ ਅਸਥਾਨਾਂ ਅਤੇ ਸ਼ਹਿਰਾਂ ਤੇ ਮੁਗਲਾਂ ਦੇ ਹਮਲੇ ਹੁੰਦੇ ਤਾਂ ਸਿੰਘਾਂ ਨੂੰ ਜੰਗਲਾਂ ਚੋਂ ਨਿਕਲ ਕੇ ਉਹਨਾਂ ਦਾ ਟਾਕਰਾ ਕਰਨ ਲਈ ਆਉਣਾ ਪੈਂਦਾ ਹੈ ਪਰ ਤਦ ਤੱਕ ਕੌਮ ਦਾ ਜਾਨ ਮਾਲ ਦਾ ਬਹੁਤ ਵਡਾ ਨੁਕਸਾਨ ਹੋ ਜਾਂਦਾ ।ਭਾਈ ਸੁੱਖਾ ਸਿੰਘ ਕਲਸੀ, ਮਾੜੀ ਕੰਬੋਕੀ ਦੀ ਅਗਵਾਈ ਹੇਠ ਸਰਬ-ਸੰਮਤੀ ਨਾਲ ਇਹ ਫੇਸਲਾ ਕੀਤਾ ਗਿਆ ਕਿ ਪਹਿਲਾ ਕਿਲ੍ਹਾ ਅੰਮ੍ਰਿਤਸਰ ਦੀ ਧਰਤੀ ਤੇ ਉਸਾਰਿਆ ਜਾਵੇ1 ਇਸਦੀ ਦੀ ਜਿਮੇਵਾਰੀ ਜੱਸਾ ਸਿੰਘ ਰਾਮਗੜੀਆ ਨੂੰ ਦਿਤੀ ਗਈ 1  ਕੁਝ ਹੀ ਸਮੇ ਵਿੱਚ ਸਿੰਘਾਂ ਨੇ 500  ਯੋਧਿਆਂ ਦੇ ਰਹਿਣ ਲਈ ਇਹ ਗੜ੍ਹੀ ਤਿਆਰ ਕਰ ਦਿੱਤੀ ।

25 ਸਾਲ ਦੀ ਉਮਰ ਵਿਚ ਆਪਦੀ ਸ਼ਾਦੀ ਬੀਬੀ ਦਿਆਲ ਕੌਰ ਨਾਲ ਹੋਈ ਜਿਸਤੋਂ ਆਪਜੀ ਦੇ ਦੋ ਸਪੁੱਤਰ ਜੋਧ ਸਿੰਘ ਅਤੇ ਵੀਰ ਸਿੰਘ ਪੈਦਾ ਹੋਏ ਸਨ। ਆਪਜੀ ਲਈ ਪੰਜ ਪਿੰਡਾਂ ਦੀ ਜਗੀਰ ਦੀ ਦੇਖ ਭਾਲ, ਰਿਸਾਲਦਾਰ ਦੀ ਅਹੁਦੇਦਾਰੀ ਤੇ ਸਿਖ ਕੋਮ ਦੀ ਅਗਵਾਈ ਬਹੁਤ ਵਡੀ ਜਿਮੇਦਾਰੀ ਸੀ   ਸੋ ਆਪਨੇ ਵੱਲਾ ਪਿੰਡ ਆਪਣੇ ਪਾਸ ਰੱਖਕੇ ਬਾਕੀ ਚਾਰ ਪਿੰਡ ਆਪਣੇ ਚਾਰਾਂ ਭਰਾਵਾਂ ਨੂੰ ਦੇ ਦਿੱਤੇ ਤੇ ਬਾਕੀ ਵਕਤ ਸਿਖੀ ਨੂੰ ਸੁਆਰਨ ਤੇ ਲਗਾ ਦਿਤਾ1

 1748 ਈ: ਵਿੱਚ  ਸ: ਜੱਸਾ ਸਿੰਘ ’ਤੇ ਇਹ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਆਪਣੀ ਨਵ-ਜਨਮੀ ਕੰਨਿਆ ਦੀ ਹੱਤਿਆ ਕੀਤੀ ਹੈ ਪਰ ਸਿਖ ਇਤਿਹਾਸ ਇਹ ਨਹੀਂ ਮੰਨਦਾ ਕਿਓਂਕਿ ਪੁਰਾਣੇ ਇਤਿਹਾਸ ਵਿਚ ਇਸਦਾ ਕੋਈ ਜਿਕਰ ਨਹੀਂ ਹੈ1 ਕੋਈ ਹੋਰ ਕਾਰਣ ਹੋ ਸਕਦਾ ਹੈ ਪਰ ਇਨ੍ਹਾ ਦੀਆਂ ਤਿਨ ਪੀੜੀਆਂ ਸਿਖੀ ਦੇ ਰੰਗ ਵਿਚ ਰੰਗੀਆਂ ਹੋਈਆਂ ਸੀ ਜਿਸ ਕਰਕੇ ਇਹ ਗਲ ਸਮਝ ਨਹੀਂ ਆਉਂਦੀ 1 ਹਾਂ ਉਸ ਵੇਲੇ ਸਿਖਾਂ ਦੇ ਜੋ ਹਾਲਤ ਸੀ ਤੇ ਜਿਸ ਕਦਰ ਮੁਗਲਾਂ ਦੇ ਜ਼ੁਲਮ ਸਿਖਾਂ ਤੇ ਹੋ ਰਹੇ ਸੀ ਜਿਸਤਰਾਂ ਭਾਰਤ ਦੇ ਬਚੇ ਬਚੀਆਂ  ਨੂੰ ਬੇਆਬਰੂ ਕੀਤਾ ਜਾ ਰਿਹਾ ਸੀ ਹੋ ਵੀ ਸਕਦਾ ਹੈ ਪਰ ਫਿਰ ਵੀ ਇਤਨਾ ਦਲੇਰ ਤੇ ਬਹਾਦਰ ਸਿਪਾਹੀ ਹੁੰਦੀਆਂ ਇਸ ਦਾ ਜਥ ਇਸ ਵਿਚ ਹੋਵੇ ਮਨਿਆ ਨਹੀਂ ਜਾ ਸਕਦਾ ਹੈ ਜਿਸਦੇ ਦੋਸ਼ ਬਦਲੇ ਪੰਥ ਨੇ ਉਨ੍ਹਾਂ ਨੂੰ ਛੇਕ ਦਿੱਤਾ1 ਹਾਂ ਪੰਥ ਨਾਲ ਕੋਈ ਹੋਰ ਨਰਾਜਗੀ ਹੋ ਸਕਦੀ ਹੈ1

ਕੁਝ ਇਸ ਸਮੇਂ ਸਿੱਖਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੀ ਆਪੋ ਆਪਣੇ ਇਲਾਕਿਆਂ ਵਿਚ ਸਰਗਰਮ ਸਨ ਜਿਨ੍ਹਾਂ ਨੂੰ ਮਿਸਲਾਂ ਕਿਹਾ ਜਾਂਦਾ ਸੀ। ਇਨ੍ਹਾਂ ਬਾਰਾਂ ਮਿਸਲਾਂ ਵਿਚੋਂ ਇਕ ਮਿਸਲ ਜੱਸਾ ਸਿੰਘ ਦੇ ਨਾਂ ‘ਤੇ ਰਾਮਗੜ੍ਹੀਆ ਮਿਸਲ ਵਜੋਂ ਜਾਣੀ ਜਾਂਦੀ ਹੈ। ਮਿਸਲਾਂ ਭਾਵੇਂ ਸਾਂਝੇ ਦੁਸ਼ਮਣ ਵਿਰੁੱਧ ਇਕੱਠੀਆਂ ਹੋ ਜਾਂਦੀਆਂ ਸਨ ਪਰ ਇਲਾਕਿਆ ‘ਤੇ ਕਬਜੇ ਕਰਨ ਲਈ ਇਨ੍ਹਾਂ ਵਿਚ ਆਪਸੀ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ । ਜੱਸਾ ਸਿੰਘ ਰਾਮਗੜ੍ਹੀਆ ਦੀ ਮਿਸਲ ਦੀ ਲੜਾਈ ਜੱਸਾ ਸਿੰਘ ਆਹਲੂਵਾਲੀਆ ਦੀ ਮਿਸਲ ਨਾਲ ਅਕਸਰ ਹੁੰਦੀ ਰਹਿੰਦੀ ਸੀ। ਆਪਸੀ ਲੜਾਈ ਦਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਕਈ ਵਾਰ ਖਮਿਆਜ਼ਾ ਵੀ ਭੁਗਤਣਾ ਪਿਆ ਸੀ ਪਰ ਦ੍ਰਿੜ ਇਰਾਦੇ ਕਰਕੇ ਇਹ ਵੱਡੇ ਸੰਕਟਾਂ ਵਿਚੋਂ ਵੀ ਨਿਕਲ ਜਾਂਦਾ ਸੀ।

ਜੱਸਾ ਸਿੰਘ ਹੌਸਲਾ ਨਹੀਂ ਹਾਰਿਆ ਸਗੋਂ ਆਪਣੇ ਪੰਥ ਨਾਲ ਸਾਂਝ ਦੀਆਂ ਤੰਦਾਂ ਨੂੰ ਆਪਣੇ ਸੀਨੇ ਅੰਦਰ ਸਮੋ ਕੇ ਅੱਗੇ ਵਧਿਆ। ਉਹ ਆਪਣੇ ਤਿੰਨ  ਭਰਾਵਾਂ ਸਮੇਤ ਜਲੰਧਰ ਦੇ ਹਾਕਮ ਅਦੀਨਾ ਬੇਗ ਪਾਸ ਚਲਾ ਗਿਆ । ਅਦੀਨਾ ਬੇਗ ਬਹੁਤ ਚਲਾਕ ਹਾਕਮ ਸੀ1  ਉਸ ਵੇਲੇ ਮੁਗਲ ਹਕੂਮਤ ਕਮਜ਼ੋਰ ਹੋ ਚੁਕੀ ਸੀ ਤੇ ਉਹ ਸਿੰਘਾਂ ਦੀ ਮਦਤ ਨਾਲ ਪੰਜਾਬ ਤੇ ਰਾਜ ਕਰਨਾ ਚਾਹੁੰਦਾ ਸੀ 1 ਉਹ ਜੱਸਾ ਸਿੰਘ ਦੀ ਬਹਾਦਰੀ ਦਾ ਵੀ ਕਾਇਲ ਸੀ ਅਤੇ ਉਸਨੂੰ ਇਹ ਵੀ ਪਤਾ ਲਗਾ ਕਿ ਸਿੱਖਾਂ ਨੇ ਉਸਨੂੰ ਆਪਣੇ ਪੰਥ ਵਿਚੋਂ ਛੇਕਿਆ ਹੈ, ਤਾਂ ਉਸ  ਨੇ ਸੋਚਿਆ ਕੀ ਲੋੜ ਪੈਣ ਤੇ ਇਸ ਨੂੰ ਮੁਗਲਾਂ  ਤੇ ਸਿੱਖਾਂ ਖਿਲਾਫ ਵਰਤਿਆ ਜਾ ਸਕਦਾ ਹੈ।  ਵਕਤ ਤੇ ਹਾਲਾਤਾਂ ਦਾ ਪੂਰਾ ਪੂਰਾ ਫਾਇਦਾ ਉਠਾਣ ਲਈ ਜੱਸਾ ਸਿੰਘ ਨੂੰ ਉਸਦੇ  ਤਿੰਨ ਭਰਾਵਾਂ ਸਮੇਤ  ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਨੂੰ  100 ਸਿਪਾਹੀਆਂ ਸਣੇ ਆਪਣੀ ਫੌਜ਼ ਵਿਚ ਨੋਕਰੀ ਦੇ ਦਿਤੀ ਤੇ ਜੱਸਾ ਸਿੰਘ ਨੂੰ  500 ਘੋੜ ਸਵਾਰਾਂ ਦਾ ਆਗੂ ਨਿਯੁਕਤ ਕਰ ਦਿੱਤਾ। ਇਧਰੋਂ  ਜੱਸਾ ਸਿੰਘ ਨੇ ਵੀ ਵਕਤ ਦੀ ਨਜ਼ਾਕਤ ਨੂ ਸਮਝ ਕੇ, ਮੁਗਲਾਂ ਦੇ ਅੰਦਰੂਨੀ ਰਾਜ਼ ਜਾਣਨ ਤੇ ਸਿਖ ਪੰਥ  ਦੀ ਸੇਵਾ  ਕਰਨ ਲਈ ਉਸਨੇ ਇਹ ਨੋਕਰੀ ਕਬੂਲ ਕਰ ਲਈ 1

1748 ਨੂੰ ਹੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉਤੇ ਪਹਿਲੀ ਵਾਰ ਹਮਲਾ ਕੀਤਾ, ਜਿਸ ਨੂੰ ਮੁਈਨ-ਉਲ-ਮੁਲਕ ਨੇ ਮਨੂੰਪੁਰ ਦੇ ਅਸਥਾਨ ਤੇ ਭਾਰੀ ਹਾਰ ਦਿੱਤੀ ਜਿਸ ਤੋਂ ਬਾਦਸ਼ਾਹ ਨੇ ਖੁਸ਼ ਹੋ ਕਿ ਉਸਨੂੰ ਮੀਰ-ਮੰਨੂ ਦਾ ਖਿਤਾਬ ਦਿੱਤਾ ਤੇ ਨਾਲ ਹੀ ਪੰਜਾਬ ਦਾ ਗਵਰਨਰ ਥਾਪ ਦਿੱਤਾ।ਮੀਰ ਮਨੂੰ ਸਿੱਖਾਂ ਦੀ ਵਧਦੀ ਤਾਕਤ ਤੇ ਰਾਮ ਰੌਣੀ ਨੂੰ ਦੇਖਕੇ ਬਹੁਤ ਘਬਰਾ ਗਿਆ ਤੇ ਆਪਣੀ ਗੱਦੀ ਨੂੰ ਕਾਇਮ ਰੱਖਣ ਲਈ ਸਿੱਖਾਂ ਨੂੰ ਖਤਮ ਕਰਨ ਦੀ ਨੀਤੀ ਅਪਨਾਉਣ  ਲਈ ਆਪਣੀਆਂ ਗਸ਼ਤੀ ਫੌਜਾਂ ਨੂੰ ਸਿਖਾਂ ਦਾ ਕਤਲੇਆਮ ਦਾ ਹੁਕਮ ਦੇ ਦਿਤਾ ਬਹੁਤ ਸਾਰੇ ਸਿੰਘ ਫਿਰ ਜੰਗਲਾਂ ਵਲ ਚਲੇ ਗਏ ਤੇ ਕੁਝ ਚੋਣਵੇਂ ਸਿੰਘ ਯੋਧੇ ਹਰਮੰਦਰ ਸਾਹਿਬ ਦੀ ਰਾਖੀ ਹਿਤ ਰਾਮ ਰੌਣੀ ਵਿਚ ਜਮਾਂ ਹੋ ਗਏ।ਮੀਰ ਮਨੂੰ ਨੂੰ ਜਦ ਇਸ ਗਲ ਦੀ ਖਬਰ ਮਿਲੀ ਤਾਂ ਉਸਨੇ ਆਪਣੀਆਂ ਫੋਜਾਂ ਨੂੰ ਰਾਮ ਰੌਣੀ ਨੂੰ ਘੇਰਨ ਦਾ ਹੁਕਮ ਦੇ ਦਿੱਤਾ ਤੇ ਅਦੀਨਾ ਬੇਗ ਨੂੰ ਵੀ ਫੋਜਾਂ ਨਾਲ ਅੰਮ੍ਰਿਤਸਰ ਪਹੁੰਚਣ ਲਈ ਕਿਹਾ । ਅਦੀਨਾ ਬੇਗ ਨੇ  ਸ੍ਰ: ਜੱਸਾ ਸਿੰਘ ਨੂੰ ਨਾਲ ਲੈਕੇ ਰਾਮ ਰੌਣੀ ਦੇ ਘੇਰੇ ਵਿਚ ਸ਼ਾਮਲ ਹੋਣਾ ਪਿਆ।ਤਕਰੀਬਨ ੬ ਮਹੀਨੇ ਘੇਰਾ ਪਿਆ ਰਿਹਾ, ਰਾਮ ਰੌਣੀ ਅੰਦਰ ਰਾਸ਼ਨ ਵਗੈਰਾ ਮੁੱਕਣ ਨਾਲ ਸਿੰਘਾਂ ਦੀ ਹਾਲਤ ਮਾੜੀ ਹੋ ਗਈ। ਜਦ ਜੱਸਾ ਸਿੰਘ ਨੂੰ ਇਸ ਗਲ ਦਾ ਪਤਾ ਲਗਿਆ ਤਾ ਉਹ  ਮੁਗਲ ਫੋਜਾਂ ਦਾ ਸਾਥ ਛੱਡਕੇ ਆਪਣੇ ਸਾਰੇ ਸਾਥੀਆਂ ਸਮੇਤ ਰਾਮ ਰੌਣੀ ਵਿਚ ਆ ਗਿਆ। ਇਸ ਤਰਾਂ ਕਰਨ ਨਾਲ ਸਿੱਖ ਫੋਜਾਂ ਦੇ ਹੌਂਸਲੇ ਬੁਲੰਦ ਹੋ ਗਏ1ਉਧਰੋਂ ਅਹਿਮਦ ਸ਼ਾਹ ਅਬਦਾਲ਼ੀ ਦੇ ਮੁੜ ਹਮਲੇ ਦੀ ਖਬਰ ਸੁਣਕੇ  ਮੀਰ ਮੰਨੂ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਹੋਣਾ ਪਿਆ 1  ਸੋ  ਦੀਵਾਨ ਕੌੜਾ ਮੱਲ ਰਾਹੀਂ ਸਿੱਖਾਂ ਨਾਲ ਸੁਲਹ ਕਰਕੇ ਰਾਮ ਰੌਣੀ ਦਾ ਘੇਰਾ ਚੁੱਕ ਲਿਆ ।

ਉਸ ਦਿਨ ਤੋਂ ਇਹ ਕਿਲ੍ਹਾ ਸਿੱਖਾਂ ਦਾ ਗੜ੍ਹ ਬਣ ਗਿਆ1 ਸ: ਜੱਸਾ ਸਿੰਘ ਨੂੰ ਇਸ ਕਿਲ੍ਹੇ ਦਾ ਕਿਲੇਦਾਰ ਥਾਪਿਆ ਗਿਆ। ਕਿਲੇਦਾਰੀ  ਮਿਲਣ ਤੋਂ ਬਾਅਦ ਜੱਸਾ ਸਿੰਘ ਨੇ ਰਾਮ ਰੌਣੀ ਨੂੰ ਇਕ ਵਿਸ਼ਾਲ ਪੱਕੇ ਕਿਲ੍ਹੇ ਦੀ ਸ਼ਕਲ ਦੇ ਦਿੱਤੀ ਤੇ ਇਸਦਾ ਨਾਮ ‘ਰਾਮਗੜ੍ਹ’ਰੱਖ ਦਿੱਤਾ। ਜੱਸਾ ਸਿੰਘ ਰਾਮਗੜ੍ਹੀਆ ਦੇ ਦਿਲ ਵਿੱਚ ਅੰਮ੍ਰਿਤਸਰ ਦੇ ਬਾਨੀ ਗੁਰੂ ਰਾਮਦਾਸ ਜੀ ਦਾ ਬਹੁਤ ਸਤਿਕਾਰ ਸੀ,ਉਸਨੇ, ਆਪਣੀਆਂ ਬਣਾਈਆਂ ਤੋਪਾਂ ਦਾ ਨਾਮ ਰਾਮਜੰਗੇ, ਰਾਮਬਾਣ ਆਦਿ ਰਖਿਆ । ਲੰਗਰ ਦਾ ਨਾਮ ਰਾਮ ਰੋਟੀ ਅਤੇ ਖ਼ਜ਼ਾਨੇ ਦਾ ਨਾਮ ਰਾਮਸਰ ਰਖਿਆ । ਗਲ ਕੀ , ਉਸ ਨੂੰ ਜੋ ਵੀ ਚੰਗਾ ਲਗਿਆਂ । ਉਸ ਨੂੰ ਗੁਰੂ ਰਾਮਦਾਸ ਦੇ ਨਾਮ ਨਾਲ ਜੋੜ ਦਿੱਤਾ।

 ਹੁਣ ਇਹ ਸਿੱਖਾਂ ਦਾ ਕਿਲ੍ਹਾ ‘ਰਾਮਗੜ੍ਹ’ ਮੁਗਲਾਂ ਦੀਆਂ ਅੱਖਾਂ ਦਾ ਰੋੜਾ ਬਣ ਗਿਆ ਅਤੇ  ਉਹ ਜਦ ਵੀ ਲਾਹੌਰ ਜਾਂ ਅੰਮ੍ਰਿਤਸਰ ਤੇ ਹਮਲਾ ਕਰਦੇ ਤਾਂ ਸੱਭ ਤੋਂ ਪਹਿਲਾਂ ਰਾਮਗੜ੍ਹ ਕਿਲ੍ਹੇ ਨੂੰ ਘੇਰਾ ਪਾ ਕੇ ਇਸਤੇ ਕਬਜਾ ਕਰਦੇ ਤੇ ਇਸਨੂੰ ਢਾਹ ਕੇ ਮਲੀਆ ਮੇਟ ਕਰ ਦੇਂਦੇ । ਸਾਰੇ ਸਿੱਖ ਇਸ ਨੂੰ ਹਰ ਵਾਰ ਜੱਸਾ ਸਿੰਘ ਦੀ ਜੱਥੇਦਾਰੀ ਹੇਠ ਮੁੜ ਉਸਾਰ ਕੇ ਮੁਗਲਾਂ ਦਾ ਮੂੰਹ ਚਿੜਾਉਂਦੇ। ਇਸਤਰਾਂ ਇਸ ਰਾਮਗੜ੍ਹ ਕਿਲ੍ਹੇ ਨੂੰ ਬਾਰ ਬਾਰ ਉਸਾਰਨ ਅਤੇ ਇਸਦੀ ਰਖਸ਼ਾ ਲਈ ਲੜਦਿਆਂ ਸ੍ਰ: ਜੱਸਾ ਸਿੰਘ ਤੇ ਬਾਕੀ ਸਾਰੇ ਸਿੰਘਾਂ ਨੂੰ ਰਾਮਗੜ੍ਹ ਕਿਲ੍ਹੇ ਵਾਲੇ ਕਹਿ ਕੇ ਮਾਣ ਦਿੱਤਾ ਜਾਣ ਲੱਗ ਪਿਆ। ਇਸਤਰਾਂ ਜੱਸਾ ਸਿੰਘ ਹੁਣ ਰਾਮਗੜ੍ਹੀਆ ਵਜੋਂ ਜਾਣਿਆ ਜਾਣ ਲਗ ਪਿਆ ।ਜਦੋਂ ਸਿੱਖ ਬਾਰਾਂ ਮਿਸਲਾਂ ਵਿਚ ਵੰਡੇ ਗਏ ਤਾਂ  ਜੱਸਾ ਸਿੰਘ ਉਸ ਵੇਲੇ ਸੰਘਾਣੀਆਂ ਦੀ ਮਿਸਲ ਵਿਚ ਸੀ ਜੋ ਬਾਅਦ ਵਿਚ ‘ਰਾਮਗੜ੍ਹੀਆ ਮਿਸਲ’ ਵਜੋਂ ਮਸ਼ਹੂਰ ਹੋਈ।

 ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਬਹਾਦੁਰੀ, ਸਿਆਣਪ, ਦੂਰਅੰਦੇਸ਼ੀ ਅਤੇ ਯੁੱਧ ਕੌਸ਼ਲ ਨਾਲ ਇਸ ਮਿਸਲ ਨੂੰ ਬਾਕੀ ਸਾਰੀਆਂ ਮਿਸਲਾਂ ਨਾਲੋਂ ਤਾਕਤਵਰ ਅਤੇ ਅਮੀਰ ਮਿਸਲ ਬਣਾ ਦਿੱਤਾ ਅਤੇ ਆਪਣੇ ਇਲਾਕਿਆਂ ਦਾ ਸੱਭ ਤੋਂ ਵੱਧ ਵਿਸਤਾਰ ਕਰਕੇ ਮਹਾਰਾਜਾ ਦਾ ਦਰਜਾ ਪ੍ਰਾਪਤ ਕੀਤਾ1 ਜੱਸਾ ਸਿੰਘ  ਗੁਰੀਲਾ ਯੁੱਧ ਦੇ ਮਾਹਿਰ ਸਨ। ਪਹਾੜੀ ਇਲਾਕਿਆਂ ਵਿੱਚ ਕੋਈ ਵੀ ਜਰਨੈਲ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ ।ਇਸ ਲਈ ਇਸਦੇ ਜਿਤਿਆਂ ਇਲਾਕਿਆਂ ਵਿਚ ਬਹੁਤ ਸਾਰੇ ਪਹਾੜੀ ਇਲਾਕੇ ਸਨ ਜਿਸਦਾ ਵੇਰਵਾ:-ਪੱਟੀ, ਲਾਹੌਰ, ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਕਲਾਨੌਰ, ਦੀਨਾਨਗਰ, ਮੁਕੇਰੀਆਂ, ਹਾਜੀਪੁਰ, ਤਲਵਾੜਾ, ਸਿੰਘਪੁਰ ਬਰਨਾਲਾ, ਉੜਮੁੜ ਟਾਂਡਾ, ਬੇਗੋਵਾਲ, ਦਾਤਾਰਪੁਰ, ਦੀਪਾਲਪੁਰ, ਮਿਆਨੀ, ਹਾਜੀਪੁਰ, ਕਾਂਗੜਾ, ਨੂਰਪੁਰ, ਸਰੋਹੀ, ਰੋਹਿਲਾ, ਸਮੋਹਾ ਜੰਗ, ਦਿੱਲੀ, ਸਹਾਰਨਪੁਰ, ਮੁਜੱਫਰਨਗਰ, ਮੇਰਠ, ਹਿਸਾਰ, ਰੋਹਤਕ, ਹਾਂਸੀ ਤੇ ਸਿਰਸਾ ਆਦਿਕ ਸਨ।ਇਹ ਪਹਿਲਾ ਸਿੱਖ ਰਾਜਾ ਸੀ ਜਿਸਨੇ ਪਹਾੜੀ ਰਿਆਸਤਾਂ ਜਿੱਤ ਕੇ ਉਹਨਾਂ ਨੂੰ ਆਪਣੇ ਅਧੀਨ ਕੀਤਾ ਜਿਸ ਨਾਲ ਇਸਦੀ ਸਲਾਨਾ ਆਮਦਨ ਦਸ ਤੋਂ ਪੰਦਰਾਂ ਲੱਖ ਰੁਪਏ ਤੋਂ ਵੀ ਵੱਧ ਹੋ ਗਈ ਸੀ। ਆਪਣੇ ਰਾਜ ਵਿੱਚ ਛੋਟੇ-ਵੱਡੇ ਮਿਲਾ ਕੇ ਤਕਰੀਬਨ 360 ਕਿਲ੍ਹੇ ਬਣਵਾਏ  ।ਹਰਿਮੰਦਰ ਸਾਹਿਬ ਦੀ ਰਾਖੀ ਲਈ ਚਾਰ ਮੰਜਲਾ ਰਾਮਗੜ੍ਹੀਆ ਬੁੰਗਾ ਤੇ ਦੋ ਮਿਨਾਰ ਜੋ ਅੱਜ ਵੀ ਮੌਜੂਦ ਹਨ1  ਅਮ੍ਰਿਤਸਰ  ਸ਼ਹਿਰ ਦੇ ਚੌਥੇ ਹਿੱਸੇ ਵਿਚ ਰਾਮਗੜ੍ਹੀਆ ਕਟੜ੍ਹਾ ਵਸਾਇਆ ਜਿਸ ਵਿਚ ਖਾਲਸਾ ਫੋਜਾਂ ਲਈ ਹਥਿਆਰ ਬਨਾਉਣ ਲਈ ਕਾਰਖਾਨੇ ਲਾਏ ਗਏ । ਬਟਾਲਾ ਤੇ ਅੰਮ੍ਰਿਤਸਰ ਸ਼ਹਿਰ ਦੀਆਂ ਫਸੀਲਾਂ ਤੇ ਹਰਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਵਜੋਂ ਵਿਕਸਿਤ ਕੀਤਾ ਤੇ ਲਾਗੇ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਬਣਵਾਇਆ,1

ਤਰਨ ਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਸਰੋਵਰ ਦੀ ਪਰਕਰਮਾ ਨੂੰ ਪਕਿਆਂ ਕਰਨ ਲਈ ਇੱਟਾਂ ਤਿਆਰ ਕੀਤੀਆਂ ਗਈਆਂ ਸਨ ਪਰ ਇਨ੍ਹਾ ਇਟਾਂ ਨੂੰ ਨੂਰਦੀਨ ਦਾ ਪੁੱਤਰ ਅਮੀਰਦੀਨ ਜਬਰਦਸਤੀ ਚੁੱਕ ਕੇ ਲੈ ਗਿਆ ਤੇ ਨੂਰਦੀਨ ਦੀ ਸਰਾਂ ਬਣਵਾਈ 1 ਉਸ ਵਲੇ ਸਿਖਾਂ ਨੇ ਜਦ ਗੁਰੂ ਸਾਹਿਬ ਨੂੰ ਸ਼ਕਾਇਤ ਕੀਤੀ ਤਾਂ ਗੁਰੂ ਜੀ ਨੇ ਗੁਰਵਾਕ ਕੀਤਾ ਸੀ ਕਿ ਸਮਾਂ ਆਉਣ ਤੇ ਇਹ ਇੱਟਾਂ ਮੁੜਕੇ ਇਸ ਸਰੋਵਰ ਤੇ ਹੀ ਲਗਣਗੀਆਂ।ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਨੂਰਦੀਨ ਦੀ ਸਰਾਂ ਢੁਵਾ ਕੇ ਮੁੜ ਸਰੋਵਰ ਦੀ ਪਰਕਰਮਾਂ ਪੱਕੀ ਕਰਵਾ ਕੇ ਗੁਰਵਾਕ ਨੂੰ ਪੂਰਾ ਕੀਤਾ ਸੀ।ਏਸੇ ਤਰਾਂ ਆਪਨੇ ਗੁਰੂਦੁਆਰਾ ਸ੍ਰੀ ਬਾਬਾ ਅਟੱਲ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ ਜਿਸਨੂੰ ਬਾਅਦ ਵਿਚ ਆਪ ਜੀ ਦੇ  ਸਪੁਤੱਰ ਬਾਬਾ ਜੋਧ ਸਿੰਘ ਜੀ ਨੇ ਪੂਰਾ ਕੀਤਾ । ਆਪਨੇ ਛੋਟਾ ਘਲੂਘਾਰਾ ਤੇ ਵੱਡਾ ਘੱਲੂਘਾਰਾ ਸਮੇ ਬਾਕੀ ਸਿੱਖ ਸਰਦਾਰਾਂ ਨਾਲ ਮਿਲਕੇ ਮੁਗਲਾਂ ਦੇ ਉਹ ਦੰਦ ਖੱਟੇ ਕੀਤੇ ਕਿ ਉਹ ਕਈ ਪੁਸ਼ਤਾਂ ਤਕ ਯਾਦ ਕਰਦੇ ਰਹੇ ਤੇ ਮੁੜ ਪੰਜਾਬ ਵੱਲ ਮੁੰਹ ਨਹੀਂ ਕੀਤਾ।ਆਪ ਜੀ ਦੀ  ਬਹਾਦਰੀ ਦੇ ਕਿਸੇ ਤਾਂ ਦੁਸ਼ਮਨ ਵੀ ਆਪਣੇ ਇਤਹਾਸ ਵਿਚ ਲਿਖਣਾ ਨਹੀਂ ਭੁੱਲੇ।ਮੁਹਸਿਨ ਫਾਨੀ ਨੇ ਆਪਣੀ ਪੁਸਤਕ  ਜੰਗ ਨਾਮੇ ਵਿਚ ਲਿਖਿਆ ਹੈ ,” ਉਹ (ਸ. ਜੱਸਾ ਸਿੰਘ ਕਲਾਲ) ਦੇ ਨਾਲ ਇਕ ਸ. ਜੱਸਾ ਸਿੰਘ ਠੋਕਾ (ਤਰਖਾਣ) ਵੀ ਸੀ ਜੋ ਉਹਨਾਂ ਕੁੱਤਿਆਂ (ਸਿੱਖਾਂ) ਦੇ ਵਿਚਕਾਰ ਬਿਫਰੇ ਹੋਏ ਸ਼ੇਰ ਵਾਂਗ ਸੀ1

ਜਦ ਖਾਲਸਾ ਪੰਥ ਦੇ ਸਾਂਝੇ ਮੁੱਦੇ ਖਤਮ ਹੋ ਗਏ ਹਾਲਾਤ ਸੁਧਰ ਗਏ ਤਾਂ ਮਿਸਲਾ ਆਪਣੀਆਂ ਆਪਣੀਆ ਹੱਦਾਂ ਵਧਾਣ ਲਈ ਇਕ ਦੂਜੇ ਨਾਲ ਲੜਨ ਲਗੀਆਂ  ਆਪਸੀ ਈਰਖਾ ਕਾਰਨ ਸਿੱਖ ਸਰਦਾਰਾਂ ਦਰਮਿਆਨ ਲੜਾਈਆਂ ਰੋਜ਼ ਦਿਹਾੜੇ ਦਾ ਕੰਮ ਹੀ ਬਣ ਗਿਆ ਸੀ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀਆਂ ਲਗਾਤਾਰ ਜਿੱਤਾਂ ਅੱਤੇ ਰਾਜ ਦੀ ਵਿਸ਼ਾਲਤਾ ਨਾਲ ਸਲਾਨਾ ਆਮਦਨ ਵਿੱਚ ਚੋਖਾ ਵਾਧਾ ਹੋ ਗਿਆ ਸੀ  ਜਿਸਤੋਂ ਬਾਕੀ ਮਿਸਲਾ ਉਸ ਨਾਲ ਈਰਖਾ ਕਰਨ ਲਗ ਪਈਆਂ 1ਸ੍ਰ: ਜੱਸਾ ਸਿੰਘ ਆਹਲੂਵਾਲੀਏ ਦੀ ਰਾਮਗੜ੍ਹੀਆਂ ਹੱਥੌਂ ਗਿਰਫਤਾਰੀ ਅਤੇ ਸ੍ਰ: ਚੜ੍ਹਤ ਸਿੰਘ ਸ਼ੁਕਰਚਕੀਏ ਦੀ ਹਾਰ ਨੇ ਬਾਕੀ ਮਿਸਲਾਂ ਦੇ ਗਠਜੋੜ ਦਾ ਮੁੱਢ ਬੰਨ ਦਿੱਤਾ। 1776 ਵਿੱਚ ਭੰਗੀ ਮਿਸਲ ਨੇ ਕਨ੍ਹਈਆ ਮਿਸਲ ਨਾਲ ਗੱਠਜੋੜ ਕਰ ਲਿਆ ਅਤੇ ਜੱਸਾ ਸਿੰਘ ਨੂੰ ਉਸ ਦੀ ਰਾਜਧਾਨੀ ਹਰਗੋਬਿੰਦਪੁਰ ਵਿੱਚੋਂ ਖਦੇੜ ਦਿੱਤਾ। ਉਸ ਨੂੰ ਆਪਣੇ ਸਾਰੇ ਇਲਾਕੇ ਛੱਡਣ ਲਈ ਮਜਬੂਰ ਹੋਣਾ ਪਿਆ।

ਉਸ ਨੇ ਸਤਲੁੱਜ ਦਰਿਆ ਪਾਰ ਕਰ ਕੇ ਪਟਿਆਲਾ ਦੇ ਹਾਕਮ ਅਮਰ ਸਿੰਘ ਕੋਲ ਪਨਾਹ ਲਈ। ਉਸਨੇ  ਹਾਂਸੀ ਤੇ ਹਿਸਾਰ ਦਾ ਇਲਾਕਾ ਜਗੀਰ ਵਜੋਂ ਜੱਸਾ ਸਿੰਘ ਨੂੰ ਦੇ ਦਿਤੀ  ਜੋ ਇਸਨੇ ਬਾਅਦ ਵਿਚ ਆਪਣੇ ਪੁੱਤਰ ਸ੍ਰ: ਜੌਧ ਸਿੰਘ ਦੇ ਹਵਾਲੇ ਕਰ ਦਿੱਤੀ ਤੇ ਆਪ ਜਮੁਨਾ-ਗੰਗਾ ਦੇ ਵਿਚਲੇ ਇਲਾਕਿਆਂ ਨੂੰ ਆਪਣੇ ਅਧੀਨ ਕਰਨਾ ਸ਼ੁਰੂ ਕਰ ਦਿੱਤਾ।ਇਸਤਰਾਂ ਸਹਾਰਨਪੁਰ, ਮੁਜਫਰਪੁਰ, ਮੀਰਪੁਰ, ਸਾਂਬਲ, ਕਾਸਗੰਜ, ਕੋਸੀ, ਖੁਰਜਾ, ਸਿਕੰਦਰਾ ਤੇ ਦਾਰਾ ਆਦਿ ਸ਼ਹਿਰਾਂ ਨੂੰ ਮੁਗਲਾਂ ਪਾਸੋਂ ਖੋਹ ਲਿਆ1 1755 ਵਿੱਚ ਹੀ ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਸ੍ਰੀ ਹਰਿਮੰਦਰ ਦੇ ਪੂਰਬ ਵੱਲ ਬੁੰਗੇ ਦਾ ਨਿਰਮਾਣ ਕਰਵਾਇਆ। ਜਦੋਂ ਉਨ੍ਹਾਂ ਇਸ ਬੁੰਗੇ ਦਾ ਨਿਰਮਾਣ ਕਰਵਾਇਆ ਤਾਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਿਰਫ 3 ਜਾਂ 4 ਹੋਰ ਬੁੰਗੇ ਸਨ। ਇਸ ਬੁੰਗੇ ’ਤੇ ਸ: ਜੱਸਾ ਸਿੰਘ ਦੇ ਸਮੇਂ 2,75,000 ਰੁਪਏ ਖਰਚ ਹੋਏ। ਇਹ ਬੁੰਗਾ ਦੋ-ਮੰਜ਼ਿਲਾ ਧਰਤੀ ਦੇ ਉੱਪਰ ਅਤੇ ਤਿੰਨ-ਮੰਜ਼ਲਾ ਜ਼ਮੀਨ ਦੇ ਹੇਠਾਂ ਹੈ। ਬੁੰਗੇ ਦਾ ਮੱਥਾ 150 ਫੁੱਟ ਹੈ। ਬੁੰਗੇ ਵਿੱਚ ਵੜਦਿਆਂ ਹੀ ਸਾਹਮਣੇ ਹਾਲ ਵਿੱਚ ਲਾਲ ਕਿਲ੍ਹੇ ਦੇ ਸਤੰਭ ਅਤੇ ਇੱਕ ਇਤਿਹਾਸਕ ਸਿਲ੍ਹ ਪਈ ਹੋਈ ਹੈ, ਜਿਸ ਦਾ ਆਕਾਰ ਇਸ ਪ੍ਰਕਾਰ ਹੈ-ਲੰਬਾਈ 6 ਫੁੱਟ 3 ਇੰਚ, ਚੌੜਾਈ 4 ਫੁੱਟ 6 ਇੰਚ ਅਤੇ ਉਚਾਈ 9 ਇੰਚ ਹੈ। ਇਹ ਸਿਲ੍ਹ ਅਤੇ ਲਾਲ ਕਿਲ੍ਹੇ ਦੇ ਸ਼ਾਹੀ ਸਤੰਭ ਰਾਮਗੜ੍ਹੀਆ ਦੀ ਸਫਲਤਾ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਮੁਗਲ ਸਰਕਾਰ ਦੇ ਮੂੰਹ ’ਤੇ ਵੱਜੇ ਥੱਪੜ ਦੀ ਮੋਹਰ ਹਨ। ਦੱਸਿਆ ਜਾਂਦਾ ਹੈ ਕਿ ਉਪਰੋਕਤ ਸ਼ਾਹੀ ਸਿਲ ਉੱਪਰ ਬਿਠਾ ਕੇ ਹੀ ਸਾਰੇ ਮੁਗਲ ਸਮਰਾਟਾਂ ਦੀ ਤਖ਼ਤਪੋਸ਼ੀ ਕੀਤੀ ਜਾਂਦੀ ਸੀ।

ਜੱਸਾ ਸਿੰਘ ਨੇ ਆਪਣੇ ਹੱਥੀ ਹਾਸਲ ਕੀਤੀ ਹਕੂਮਤ ਨੂੰ ਗੁਰੂ ਦੀ ਮਿਹਰ ਸਮਝ ਕੇ ਗੁਰੂ ਦੇ ਨਾਂ ‘ਤੇ ਆਪਣੀ ਹਕੂਮਤ ਚਲਾਈ। ਉਸਦੀ ਇਹ ਹਕੂਮਤ ਭਾਵੇਂ ਥੋੜ੍ਹਾ ਚਿਰ ਹੀ ਰਹਿ ਸਕੀ ਪਰੰਤੂ ਇਹ ਦੁਨਿਆਵੀ ਹਕੂਮਤ ਦੇ ਬਰਾਬਰ ਸਿੱਖ ਹਕੂਮਤ ਦਾ ਇਕ ਛੋਟਾ ਜਿਹਾ ਨਮੂਨਾ ਸੀ ਜੋ ਅਗੋਂ ਸਿੱਖ ਰਾਜ ਦੇ ਰੂਪ ਵਿਚ ਵਿਕਸਤ ਹੋਇਆ । 1767 ਈ. ਵਿੱਚ ਉਹਨਾਂ ਦੀ ਲੜਾਈ ਬਿਆਸ ਦਰਿਆ ਦੇ ਕੋਲ ਅਹਿਮਦਸ਼ਾਹ ਅਬਦਾਲੀ ਨਾਲ ਹੋਈ। ਸ: ਜੱਸਾ ਸਿੰਘ ਨੇ ਏਨੀ ਬਹਾਦਰੀ ਨਾਲ ਟਾਕਰਾ ਕੀਤਾ ਕਿ ਅਹਿਮਦਸ਼ਾਹ ਅਬਦਾਲੀ ਨੂੰ ਪਿਛੇ ਹਟਨਾ ਪਿਆ। ਮੁਗਲ ਸਾਮਰਾਜ ਨੂੰ ਖਤਮ ਕਰਨ ਵਾਲਾ , ਰਾਜਪੂਤਾਂ ਤੇ ਮਰਾਠਿਆਂ ਵਿਰੁੱਧ ਜਿੱਤਾਂ ਪ੍ਰਾਪਤ ਕਰਨ ਵਾਲਾ , ਪਾਨੀਪਤ ਦੀ ਲੜਾਈ ਦਾ ਜੇਤੂ ਅਹਿਮਦਸ਼ਾਹ ਅਬਦਾਲੀ ਸ: ਜੱਸਾ ਸਿੰਘ ਰਾਮਗੜ੍ਹੀਆ ਤੇ ਉਸ ਦੇ ਹਥਿਆਰਬੰਦ ਸਿਪਾਹੀਆਂ ਸਾਹਮਣੇ ਬੇਵੱਸ ਹੋ ਗਿਆ ਤੇ  ਤੰਗ ਆ ਕੇ ਭਾਰਤ ਉੱਤੇ ਹਮਲੇ ਨਾ ਕਰਨ ਦਾ ਫੈਸਲਾ ਕਰ ਲਿਆ। ਉਸ ਦਿਨ ਤੋਂ ਬਾਅਦ ਸਿੱਖ ਪੰਜਾਬ ਦੇ ਮਾਲਕ ਬਣੇ। ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹੀਆ ਮਿਸਲ ਤਹਿਤ ਆਪਣੀ ਰਿਆਸਤ ਕਾਇਮ ਕੀਤੀ ।

1783 ਨੂੰ ਸਿੱਖ ਫੋਜਾਂ ਨੇ ਦਿੱਲੀ ਤੇ ਹਮਲਾ ਕਰ ਦਿੱਤਾ, ਇਕ ਪਾਸਿਉਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਆਪਣੀਆਂ ਫੋਜਾਂ ਨਾਲ ਤੇ ਦੂਸਰੇ ਪਾਸੇ ਤੋਂ ਸ੍ਰ: ਜੱਸਾ ਸਿੰਘ ਆਹਲੂਵਾਲੀਆ ਤੇ ਸ੍ਰ: ਬਘੇਲ ਸਿੰਘ ਵੀ ਆਪਣੀਆਂ ਫੋਜਾਂ ਸਮੇਤ ਪਹੁੰਚ ਗਏ। ਸਾਰੀਆਂ ਸਿੱਖ ਫੋਜਾਂ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਕੇ ਕਿਲ੍ਹੇ ਤੇ ਕਬਜਾ ਕਰ ਲਿਆ ਅਤੇ ਇਸ ਉਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਸਿੱਖਾਂ ਦੀਆਂ ਜਿੱਤਾਂ ਦੇ ਝੰਡੇ ਗੱਡ ਦਿੱਤੇ।ਅਗਰ ਇਸ ਵੇਲੇ ਸਿੱਖ ਸਰਦਾਰਾਂ ਵਿਚ ਆਪਸੀ ਏਕਤਾ ਤੇ ਦੂਰਦਰਸ਼ੀ ਹੰਦੀ ਤਾਂ ਹਿੰਦੁਸਤਾਨ ਤੇ ਸਿੱਖ ਰਾਜ ਕਾਇਮ ਹੋ ਗਿਆ ਹੁੰਦਾ।ਇਥੇ ਵੀ ਜੱਸਾ ਸਿੰਘ ਅਹਲੂਵਾਲਿਆ ਤੇ ਜੱਸਾ ਸਿੰਘ ਰਾਮ੍ਗ੍ੜਿਆ ਦਾ ਆਪਸੀ ਮਤ-ਭੇਦ ਹੋ ਗਿਆ ਜਿਸ ਕਰਕੇ ਬਘੇਲ ਸਿੰਘ ਨੇ ਦਿਲੀ ਦੇ ਤਖਤ ਤੇ ਕਬਜ਼ੇ ਦਾ ਖ਼ਿਆਲ ਛੋੜ ਕੇ ਕੁਝ ਸ਼ਰਤਾਂ ਨਾਲ ਇਹ ਤਖਤ ਸ਼ਾਹ ਆਲਮ ਨੂੰ ਵਾਪਸ ਕਰ ਦਿਤਾ ਜਿਸਦਾ ਪੂਰਾ ਇਤਿਹਾਸ ,” ਸਰਦਾਰ ਬਘੇਲ ਸਿੰਘ -ਸੁਲਤਾਨ-ਉਲ-ਕੋਮ ਵਿਚ ਦਿਤਾ ਗਿਆ ਹੈ 1 ਮੁਗਲਾਂ ਦੇ ਰਾਜ ਨੂੰ ਜੜ੍ਹੋਂ ਪੁੱਟਣ ਲਈ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲਾਂ ਦੀ ਤਾਜ-ਪੋਸ਼ੀ ਵਾਲੀ ਪੱਥਰ ਦੀ ਸਿਲ ਜੋ ਕਿ 6′-3″ ਲੰਬੀ 4′-6″ ਚੌੜੀ 9″ ਮੋਟੀ ਹੈ ਅਤੇ ਕੁਰਾਨ ਦੀਆਂ ਕਲਾਮਾਂ ਨਾਲ ਪਵਿਤੱਰ ਕੀਤੀ ਗਈ ਸੀ, ਨੂੰ ਪੁੱਟਕੇ ਅਤੇ ਬਾਰਾਂਦਰੀ ਦੇ 44 ਥੰਮ ਆਪਣੇ ਨਾਲ ਲੈਕੇ ਆਂਦੇ ਜੋ ਕਿ ਅੱਜ ਵੀ ਰਾਮਗੜੀਆ ਬੁੰਗਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਲਗੇ ਹੋਏ ਦੇਖੇ ਜਾ ਸਕਦੇ ਹਨ।

1783 ਵਿੱਚ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋ ਗਈ। ਜੱਸਾ ਸਿੰਘ ਰਾਮਗੜ੍ਹੀਆ ਪੰਜਾਬ ਵਾਪਸ ਆ ਗਿਆ ਅਤੇ ਆਪਣੇ ਖੁਸੇ ਹੋਏ ਇਲਾਕਿਆਂ ‘ਤੇ ਦੋਬਾਰਾ ਕਬਜ਼ਾ ਕਰ ਲਿਆ। ਹੁਣ ਜੱਸਾ ਸਿੰਘ ਰਾਮਗੜ੍ਹੀਆ ਨੇ ਸ਼ੁਕਰਚਕੀਆ ਮਿਸਲ ਵੱਲ ਦੋਸਤੀ ਦਾ ਹੱਥ ਵਧਾਇਆ ਤੇ ਦੋਹਾਂ ਨੇ ਮਿਲ ਕੇ ਕਨ੍ਹਈਆ ਮਿਸਲ ਦੀ ਤਾਕਤ ਦਾ ਖ਼ਾਤਮਾ ਕਰ ਦਿੱਤਾ। ਰਾਮਗੜ੍ਹੀਆ ਕੋਲ ਆਪਣੀ ਚੜ੍ਹਤ ਦੇ ਦਿਨਾ ਵਿੱਚ ਬਾਰੀ ਦੋਆਬ ਵਿੱਚ ਬਟਾਲਾ, ਕਲਾਨੌਰ, ਦੀਨਾਨਗਰ, ਸ੍ਰੀ ਹਰਗੋਬਿੰਦਪੁਰ, ਸ਼ਾਹਪੁਰ ਕੰਡੀ, ਗੁਰਦਾਸਪੁਰ, ਕਾਦੀਆਂ, ਘੁਮਾਨ, ਮੱਤੇਵਾਲ, ਅਤੇ ਜਲੰਧਰ ਵਿੱਚ ਉੜਮੁੜ ਟਾਂਡਾ, ਮਿਆਣੀ, ਗੜ੍ਹਦੀਵਾਲ ਅਤੇ ਜ਼ਹੂਰਾ ਸਨ। ਪਹਾੜੀ ਇਲਾਕਿਆਂ ਵਿੱਚ ਇਸ ਮਿਸਲ ਕੋਲ ਕਾਂਗੜਾ, ਨੂਰਪੁਰ, ਮੰਡੀ ਸਨ। ਉਸ ਮਹਾਨ ਜਰਨੈਲ ਨੇ 14 ਸਾਲ ਦੀ ਉਮਰ ਤੋਂ 80 ਸਾਲ ਦੀ ਉਮਰ ਤੱਕ ਰੱਜ ਕੇ ਤਲਵਾਰ ਵਾਹੀ ਤੇ ਪੰਜਾਬ ਵਿੱਚ ਪੰਜਾਬੀਆਂ ਅਤੇ ਸਿੱਖਾਂ ਦਾ ਰਾਜ ਕਾਇਮ ਕੀਤਾ। ਆਪ ਨੇ ਆਖਰੀ ਸਮੇਂ ਵਿੱਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਲਾਹੋਰ ਉੱਤੇ ਕਬਜਾ ਕਰਨ ਵਿੱਚ ਵੀ  ਮੱਦਦ ਕੀਤੀ ਅਤੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਹੁੰਦਾ ਆਪਣੀਆਂ ਅੱਖਾਂ ਨਾਲ ਵੇਖਿਆ। ਉਹ ਮਹਾਨ ਯੋਧਾ ਸੱਚਾ ਸੁੱਚਾ ਦੇਸ਼ ਭਗਤੀ ਦਾ ਜੀਵਨ ਬਤੀਤ ਆਪਣੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ, ਬਿਆਸ ਦਰਿਆ ਦੇ ਕੰਢੇ, ਕੁਛ ਚਿਰ ਬਿਮਾਰ ਰਹਿਣ ਮਗਰੋਂ  8 ਅਗਸਤ  1803 ਈ. ਨੂੰ ਇਸ ਸੰਸਾਰ ਤੋਂ ਰੁਖਸਤ ਹੋ ਗਿਆ।ਆਪਜੀ ਤੋਂ ਮਗਰੌ ਆਪਜੀ ਦਾ ਸਪੁੱਤਰ ਜੋਧ ਸਿੰਘ ਰਾਮਗੜ੍ਹੀਆ ਮਿਸਲ ਦਾ ਵਾਰਸ ਬਣਿਆਂ। 1808 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਮਿਸਲ ਦੇ ਇਲਾਕਿਆਂ ਨੂੰ ਆਪਣੀ ਬਾਦਸ਼ਾਹਤ ਵਿੱਚ ਸ਼ਾਮਲ ਕਰ ਲਿਆ। ਉਸੇ ਸਾਲ ਹੀ ਮਹਾਰਾਜੇ ਨੇ ਰਾਮਗੜ੍ਹ ਦੇ ਕਿਲ੍ਹੇ ‘ਤੇ ਕਬਜ਼ਾ ਕਰ ਲਿਆ। ਜੱਸਾ ਸਿੰਘ ਰਾਮਗੜ੍ਹੀਆ ਦੇ ਵਾਰਸਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪੈਨਸ਼ਨਾਂ ਨਾਲ ਨਿਵਾਜਿਆ। ਇਸ ਕੌਮੀ ਜਰਨੈਲ ਨੇ ਦਿੱਲੀ ਫ਼ਤਹਿ ਕਰਕੇ ਸਾਰੇ ਭਾਰਤ ਵਰਸ਼ ਵਿੱਚ ਉਹ ਧਾਕ ਬਣਾਈ ਕਿ ਮੁਗਲੀਆ ਸਲਤਨਤ, ਮਰਹੱਟੇ, ਪਠਾਣ, ਰਾਜਪੂਤ ਤੇ ਰੁਹੇਲੇ  ਉਸ ਸਮੇਂ ਦੀਆਂ ਮਹਾਨ ਤਾਕਤਾਂ ਖ਼ਾਲਸੇ ਦੀ ਸ਼ਾਨ ਤੇ ਤਾਕਤ ਦਾ ਲੋਹਾ ਮੰਨਣ ਲੱਗ ਪਈਆਂ ।

              ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »