ਸਿੱਖ ਇਤਿਹਾਸ

ਸ਼ਾਮ ਸਿੰਘ ਅਟਾਰੀਵਾਲਾ

ਇਸ ਸੰਕਟ ਨਾਲ ਨਿਪਟਣ ਲਈ ਆਖਰੀ ਸਮੇਂ ਆਪਣੀ ਪੇਸ਼ ਨਾ ਜਾਂਦੀ ਦੇਖ ਕੇ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਕ ਦਰਦ ਭਰੀ ਚਿੱਠੀ ਲਿਖ ਕੇ ਬੜੇ ਹੀ ਸਹਿਜ ਤੇ ਖਾਨਦਾਨੀ ਗੌਰਵ ਨਾਲ ਵੰਗਾਰਿਆ ਤੇ ਸਨਿਮਰ ਬੇਨਤੀ ਕੀਤੀ ਕਿ ਉਹੋ ਹੀ ਸਿੱਖ ਰਾਜ ਨੂੰ ਇਸ ਅਤਿ ਮੁਸ਼ਕਲ ਦੀ ਘੜੀ ਸਮੇਂ ਸੰਕਟ ਚੋਂ ਬਾਹਰ ਕੱਢ ਸਕਦੇ ਹਨ 1 ਸ਼ਾਮ ਸਿੰਘ ਅਟਾਰੀਵਾਲਾ ਰਣਜੀਤ ਸਿੰਘ ਦੀ ਫੌਜ਼ ਵਿਚ ਭਰਤੀ ਸੀ 1 ਓਹ ਇਕ ਚੰਗਾ ਖੋੜ ਸਵਾਰ . ਤੀਰ ਅੰਦਾਜ਼ ਤੇ ਤਲਵਾਰ-ਬਾਜ ਹੋਣ ਦੇ ਨਾਲ ਨਾਲ ਇਕ ਇਮਾਨਦਾਰ , ਨੇਕ , ਸਚੇ-ਸੁਚਾ ,ਪਰਉਪਕਾਰੀ ਤੇ ਦਲੇਰ ਆਦਮੀ ਸੀ 1 ਆਪਣੀ ਮੇਹਨਤ -ਮੁਸ਼ਕਤ ਤੇ ਇਮਾਨਦਾਰੀ ਨਾਲ ਉਹ  ਫੌਜ਼ ਦਾ ਕਮਾਂਡਰ ਬਣਾ ਦਿਤਾ  ਗਿਆ 1 ਮਹਾਰਾਜੇ ਦੀ ਮੋਤ ਪਿਛੋਂ ਲਾਹੋਰ ਦਰਬਾਰ ਵਿਚ ਵਾਪਰ  ਰਹੀਆਂ ਕੁਝ ਗਲਤ ਘਟਨਾਵਾਂ  ਨੂੰ ਦੇਖ ਕੇ ਓਹ ਨੋਕਰੀ ਛਡ ਅਟਾਰੀ ਵਾਪਸ ਚਲੇ ਗਏ ਅੰਗਰੇਜਾਂ ਸਿਖਾਂ ਦੀ ਲੜਾਈ ਸ਼ੁਰੂ ਹੋਣ ਤੋ ਪਹਿਲਾ ਸਰਦਾਰ ਸ਼ਾਮ ਸਿੰਘ ਆਪਣੇ ਪੁਤਰ ਦੀ ਸ਼ਾਦੀ ਤੇ ਲੁਧਿਆਣੇ ਦੇ ਜਿਲੇ, ਪਿੰਡ ਕਕਰਾਲੇ ਗਏ ਹੋਏ ਸੀ 1 ਜਦੋਂ ਉਨ੍ਹਾ ਨੂੰ ਪਤਾ ਚਲਿਆ ਕੀ ਸਿਖ ਫੋਜਾਂ ਸਤਲੁਜ ਪਾਰ ਕਰ ਗਈਆਂ ਹਨ ਤਾਂ ਆਪਣੇ ਪੰਜਾਬ ਤੇ ਅਸਾਧਾਰਨ ਹਾਲਤ ਤੇ ਸੰਕਟ ਨੂੰ ਮਹਿਸੂਸ ਕਰਦਿਆਂ ਉਹ ਆਪਣੇ ਪਿੰਡ ਅਟਾਰੀ ਵਾਪਸ ਮੁੜ ਆਏ 1

ਜਦ ਦਸ ਘੋੜ ਸਵਾਰ ਮਹਾਰਾਨੀ ਜਿੰਦਾ ਦੀ ਚਿਠੀ ਲੈਕੇ ਸ਼ਾਮ ਸਿੰਘ ਅਟਾਰੀ ਕੋਲ ਪੁਜੇ ਤਾਂ ਮਹਾਰਾਨੀ ਜਿੰਦਾ ਦੀ ਦਰਦਭਰੀ ਚਿਠੀ ਦਾ ਸ਼ਾਮ ਸਿੰਘ ਤੇ ਡਾਢਾ ਅਸਰ ਹੋਇਆ ,ਜਿਸਦੇ ਮਜਬੂਨ ਨੂੰ ਸੋਹਣ ਸਿੰਘ ਸ਼ੀਤਲ ਕਵਿਤਾ ਦੇ ਰੂਪ ਵਿਚ ਇਉਂ ਪੇਸ਼ ਕਰਦੇ  ਹਨ  1

              ਚਿਠੀ ਲਿਖੀ ਮਹਾਰਾਨੀ ਨੇ ਸ਼ਾਮ ਸਿੰਘ ਨੂੰ

              ਬੈਠ ਰਿਹਾ ਕੀ ਚਿਤ ਵਿਚ ਧਾਰ ਸਿੰਘਾ

              ਦੋਵੀਂ ਜੰਗ ਮੁਦਕੀ-ਫੇਰੂ ਸ਼ਹਿਰ ਵਾਲੇ

              ਸਿੰਘ ਆਏ ਅੰਗਰੇਜਾਂ ਤੋ ਹਾਰ ਸਿੰਘਾ

              ਕਾਹਨੂੰ ਹਾਰਦੇ ਕਿਓਂ ਮਿਹਣੇ ਜੱਗ ਦਿੰਦਾ

              ਜਿਓੰਦੀ ਹੁੰਦੀ ਜੇ ਅਜ ਸਰਕਾਰ ਸਿੰਘਾ

             ਤੇਗ ਸਿੰਘਾਂ ਦੀ ਤਾਂ ਖੂੰਡੀ ਨਹੀ ਹੋਈ

             ਐਪਰ ਆਪਣੇ ਹੀ ਹੋ ਗਏ ਗਦਾਰ ਸਿੰਘਾ   

              ਹੁਣ ਵੀ ਚਮਕੀ ਨਾ ਸਿੰਘਾ ਤੇਗ ਤੇਰੀ

              ਤਾਂ ਫਿਰ ਸਭ ਨਿਸ਼ਾਨ ਮਿਟਾਏ ਜਾਸਨ

              ਤੇਰੇ ਲਾਡਲੇ ਕੋਮ  ਦੀ ਹਿਕ ਉਤੇ

              ਕਲ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਨ

              ਬਦਲੀ ਜਿਹਨੇ  ਤਕ਼ਦੀਰ ਪੰਜਾਬ ਦੀ ਸੀ

              ਉਹਦੀ ਆਤਮਾ ਨੂੰ ਤੀਰ ਲਾਏ ਜਾਸਨ

              ਅਜੇ ਸਮਾਂ ਈ ਵਕਤ ਸੰਭਾਲ ਸਿੰਘਾ

              ਰੁੜੀ ਜਾਂਦੀ ਪੰਜਾਬ ਦੀ ਸ਼ਾਨ  ਰਖ ਲੈ

              ਲਹਿੰਦੀ ਦਿਸੇ ਰਣਜੀਤ ਦੀ ਪਗ ਮੈਨੂੰ

              ਮੋਏ ਮਿਤਰ ਦੀ ਯੋਧਿਆ ਆਨ ਰਖ ਲੈ

 ਚਿਠੀ ਪੜਕੇ  ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸਰਦਾਰ  ਸ਼ਾਮ ਸਿੰਘ ਅਟਾਰੀ ਵਾਲੇ ਨੂੰ ਕੌਮੀ ਜੋਸ਼ ਚੜ੍ਹਿਆ, ਸਿਰ ਤੇ ਕੱਫਣ ਬੰਨ੍ਹਿਆਂ, ਸਰਬੱਤ ਦੇ ਭਲੇ ਲਈ ਕਿਰਪਾਨ ਧੂ ਲਈ, ਮਿਆਨ ਕਿੱਲੀ ਨਾਲ ਟੰਗਿਆ ਤੇ ਪਰਿਵਾਰ ਨੂੰ ਫ਼ਤਹਿ ਬੁਲਾ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ ਅਤੇ ਸਭਰਾਵਾਂ ਦੇ ਨਜ਼ਦੀਕ ਮੈਦਾਨੇ ਜੰਗ ਵਿੱਚ ਪਹੁੰਚ ਗਿਆ  1 ਜਦ ਉਨ੍ਹਾ ਨੇ ਦੇਖਿਆ ਕਿ ਡੋਗਰਾ ਤੇਜ਼ ਸਿੰਘ ਤੇ ਲਾਲ ਸਿੰਘ ਨੇ ਜੰਗ ਦੀ ਰਣਨੀਤੀ ਇਹੋ ਜਹੇ ਸ਼ਰਮਨਾਕ ਤਰੀਕੇ ਨਾਲ ਬਣਾਈ ਹੋਈ ਹੈ ਕਿ ਜਿਤ ਦੀ ਕੋਈ ਆਸ ਨਹੀਂ 1 ਉਨ੍ਹਾ ਨੇ ਆਪਣੇ ਦਸਤਿਆਂ ਦੀ ਫੋਜ਼ ਜਿਨ੍ਹਾ ਨੇ ਅੰਗ੍ਰੇਜ਼ੀ ਫੋਜ਼ ਨੂੰ ਘੇਰਾ ਪਾਉਣਾ ਸੀ ਪਹਿਲੇ  ਹੀ ਖਿੰਡਾ -ਪੁੰਡਾ ਦਿਤੀ ਸੀ 1 ਜਿਸ ਨਾਲ ਸਿਖ ਫੋਜ਼ ਦੀ ਹਾਰ ਹੋਣ ਤੇ ਗਦਾਰਾਂ ਦੇ ਮਕਸਦ ਤੇ ਅੰਗਰੇਜਾਂ ਵਲੋ ਦਿਤੇ ਲਾਲਚ ਪੂਰੇ ਹੋ ਸਕਣ 1 ਪਹਿਲਾਂ ਤਾਂ ਉਹ ਫੋਜ਼ ਦੀ ਕਮਾਨ ਸੰਭਾਲਣ ਤੋਂ ਹਿਚਕਚਾਏ ਪਰ ਪੰਜਾਬ ਦੀ ਅਤ ਨਾਜ਼ਕ ਰਾਜਨੀਤਕ ਹਾਲਤ ਵਿਚ ਜੋ ਇਸ ਵੇਲੇ ਬਹੁਤ ਵਡੀ ਕੁਰਬਾਨੀ ਮੰਗਦੀ ਸੀ , ਸ਼ਾਮ ਸਿੰਘ ਕੋਲ ਲੜਾਈ ਦੀ ਜਿਮੇਦਾਰੀ ਸੰਭਾਲਣ ਤੋ ਇਲਾਵਾ ਹੋਰ ਕੋਈ ਰਾਹ ਨਾ ਰਿਹਾ 1 ਉਨ੍ਹਾ ਨੇ ਆਪਣੀ  ਲੜਾਈ ਦੀ ਆਖਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ, ਜਿੱਥੇ ਕਿ ਖ਼ਾਲਸਾ ਤੇ ਫਿਰੰਗੀ ਫੌਜਾਂ ਨੇ ਜੰਗ ਵਿੱਚ ਮਰ ਮਿਟਣ ਦੀ ਤਿਆਰੀ ਕਰ ਰੱਖੀ ਸੀ।

ਰਾਜਾ ਗੁਲਾਬ ਸਿੰਘ ਦੇ ਰਾਜਨੀਤਕ ਜੋੜ ਤੋੜ ਰਣ-ਭੂਮੀ ਵਿਚ ਤੇਜ਼ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਨਾਲੋਂ ਵਧੇਰੇ ਖਤਰਨਾਕ ਸੀ 1 ਲਾਹੋਰ ਦਰਬਾਰ ਦੇ ਮੁਖਤਿਆਰ ਦੀ ਹੈਸੀਅਤ ਵਿਚ ਉਹ ਆਪਣਾ ਸੁਆਰਥ ਸਿਧ ਕਰਨ ਲਈ ਅੰਗਰੇਜ਼ ਗਵਰਨਰ ਜਨਰਲ ਨਾਲ ਗਲ-ਬਾਤ ਚਲਾ ਰਿਹਾ ਸੀ ਤੇ ਆਪਣੇ ਜਾਤੀ ਲਾਭ ਲਈ ਦੇਸ਼ ਨੂੰ ਵੇਚਣ ਵਾਸਤੇ ਵੀ ਤਿਆਰ ਹੋ ਚੁਕਾ ਸੀ 1 ਪਰ ਰੁਕਾਵਟ ਇਕੋ ਸੀ ਕੀ ਸਿਖਾਂ ਵਰਗੇ ਸੂਰਬੀਰ ਜਵਾਨਾਂ ਦੀ ਸੁਸ਼ਿਖੀਅਤ ਤੇ ਦੇਸ਼ ਤੇ ਮਰ ਮਿਟਣ ਵਾਲੀ ਫੋਜ਼ ਇਕ ਹਾਰ ਨਾਲ ਖਿੰਡਾਈ ਪੁੰਡਾਈ ਨਹੀਂ ਜਾ ਸਕਦੀ 1 ਖਾਸ ਕਰਕੇ ਜਿਥੇ ਸ਼ਾਮ ਸਿੰਘ ਵਰਗੇ ਸਿਰਲਥ ਸੂਰਮੇ ਜਥੇਦਾਰ ਹੋਣ 1 ਤੇਜਾ ਸਿੰਘ ਗਦਾਰ ਨੇ 9 ਫਰਵਰੀ ਦੀ ਰਾਤ ਨੂੰ ਲੜਾਈ ਲਗਣ ਤੋਂ ਕੁਝ ਘੰਟੇ ਪਹਿਲੇ ਸਰਦਾਰ ਸ਼ਾਮ ਸਿੰਘ ਨਾਲ ਮੀਟਿੰਗ ਵੇਲੇ ਬਥੇਰੀ ਕੋਸ਼ਿਸ਼ ਕੀਤੀ ਕਿ ਉਹ  ਅੰਗਰੇਜਾਂ ਵਿਰੁਧ ਜੰਗ ਕਰਕੇ ਮੋਤ ਨੂੰ ਨਾ ਸਹੇੜੇ , ਅੰਗਰੇਜ਼ਾ ਦੀ ਬਹੁਤ ਭਾਰੀ ਤਿਆਰੀ ਹੈ , ਉਹ ਲੜਾਈ ਕਰਨ ਦੀ ਥਾਂ ਭਜ ਜਾਏ 1 ਪਰ ਸ਼ਾਮ ਸਿੰਘ ਦੇਸ਼ ਨਾਲ ਅਜਿਹਾ ਥ੍ਰੋਹ ਕਰਨ ਦੀ ਸੋਚ ਵੀ ਨਹੀਂ ਸਕਦੇ ਸਨ , ਉਨ੍ਹਾ ਨੇ ਨਫਰਤ ਨਾਲ ਉਸਦੀ ਦਿਤੀ ਤਜਵੀਜ਼ ਨੂੰ ਠੁਕਰਾ ਦਿਤਾ  ਤੇ  ਦੇਸ਼ ਲਈ ਜੀਣ-ਮਰਣ ਦਾ ਫ਼ੈਸਲਾ ਕਰ ਲਿਆ

ਸਵੇਰ ਹੁੰਦੇ ਹੀ  ਸ਼ਾਮ ਸਿੰਘ ਮੈਦਾਨ ਵਿਚ ਆ ਨਿਤਰੇ ਤੇ ਐਲਾਨ ਕੀਤਾ ਕੀ ਉਹ ਅੰਗਰੇਜਾਂ ਦਾ ਡੱਟ ਕੇ ਮੁਕਾਬਲਾ ਕਰਨਗੇ ਤੇ ਆਪਣੀ ਪੰਜ ਦਰਿਆ ਦੀ ਧਰਤੀ ਤੇ ਅੰਗਰੇਜਾਂ ਨੂੰ ਪੈਰ ਨਹੀਂ ਰਖਣ ਦੇਣਗੇ 1 ਸਰਦੀ ਦਾ ਮੌਸਮ ਸੀ। 10 ਫਰਵਰੀ, 1846  ਵਾਲੇ ਦਿਨ ਦੀ ਤੜਕਸਾਰ ਸ਼ੁਰੂ ਹੋ ਚੁੱਕੀ ਸੀ। ਸਰਦਾਰ  ਸ਼ਾਮ ਸਿੰਘ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ-ਬੇਨਤੀ ਕੀਤੀ। ਖ਼ਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਾਂ  ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ।  ਤੇ ਵਾਸਤਾ ਪਾਇਆ ਕੀ ਉਹ ਆਪਣੀ ਜਨਮ-ਭੂਮੀ ਦੇ ਸਚੇ ਸਪੂਤ ਬਣਕੇ ਦੁਸ਼ਮਨ ਨੂੰ ਪਿਠ ਦਿਖਾਣ ਦੇ ਬਦਲੇ ਕੱਟ ਮਰਨ1

 

ਸਰਦਾਰ ਸ਼ਾਮ ਸਿੰਘ ਐਲਾਨ ਨੇ ਸਿਖ ਜੋ ਅਲੀਵਾਲ ਦੀ ਲੜਾਈ ਦੀ ਹਾਰ  ਤੋਂ ਬਾਅਦ ਆਪਣਾ ਦਿਲ ਛਡ ਬੈਠੇ ਸੀ , ਮੁੜ ਜੋਸ਼ ਨਾਲ ਭਰ ਗਿਆ 1  ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨੇ ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫੌਜਾਂ ਦਰਮਿਆਨ ਆਰ ਤੇ ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਦੋਵੇਂ ਹੀ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਦੋਵਾਂ ਹੀ ਧਿਰਾਂ ਦਰਮਿਆਨ ਬਹੁਤ ਹੀ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਲਬੀਰਤਾ ਦੀ  ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਅੰਗਰੇਜਾਂ ਦੇ ਪਹਿਲੇ ਹਮਲੇ ਸਮੇ ਸ਼ਾਮ ਸਿੰਘ ਲਗਪਗ ਹਰ ਥਾਂ ਮੋਜੂਦ ਦਿਸਦੇ ਸੀ 1 ਉਹ ਇਕ ਦਸਤੇ ਤੋਂ ਦੂਜੇ ਦਸਤੇ ਵਲ ਜਾਂਦਿਆਂ ਹੋਇਆਂ ਜਵਾਨਾ ਨੂੰ ਡਟ ਕੇ ਲੜਨ ਲਈ ਹ੍ਲ੍ਹਾ ਸ਼ੇਰੀ ਦੇਣ ਵਿਚ ਪੂਰੀ ਤਰਹ ਕਾਮਯਾਬ ਰਹੇ ਤੇ ਫੋਜ਼ ਨੂੰ ਵਧੇਰੇ ਜੋਸ਼ ਨਾਲ ਲੜਨ ਲਈ ਉਬਾਰਿਆ ਤੇ ਅੰਤ ਵਿਚ ਅੰਗਰੇਜਾਂ ਨੂੰ ਪਛਾੜਨ ਵਿਚ ਸਹਾਇਤਾ ਦਿਤੀ 1  ਵਿਲਿਅਮ ਐਡਵਰਡ  ਨੇ ਇਸ ਲਦਿਆ ਦਾ ਹੂ-ਬ-ਹੂ ਨਕਸ਼ਾ ਖਿਚਿਆ ਹੈ ,” ਗਿਲ੍ਬੇਰਟ ਦੇ ਦਸਤੇ ਝਟਪਟ ਅਗੇ ਵਧੇ  ,ਪਰ ਉਨ੍ਹਾ ਵੇਖਿਆ ਕੀ ਮੋਰਚੇ ਦਾ ਕੇਂਦਰ ਤਕੜਾ ਤੇ ਮੂਲੋਂ ਅਜਿਤ ਹੈ ਤਾਂ ਉਹ ਬਹੁਤ ਭਾਰੀ ਨੁਕਸਾਨ ਉਠਾ ਕੇ ਪਿਛੇ ਹਟਣ ਲਈ ਮਜਬੂਰ ਹੋ ਗਏ 1 ਸਰ ਹੇਰੀ ਸਮਿਥ ਵੀ ਅਗਲਿਆਂ ਮੋਰਚਿਆਂ ਵਲ ਵਧਿਆ ਪਰ ਭਾਰੀ ਨੁਕਸਾਨ ਨਾਲ ਪਛਾੜ ਦਿਤਾ ਗਿਆ 1

ਸ਼ਾਹ  ਮੁਹੰਮਦ  ਲਿਖਦੇ ਹਨ

                   ਆਈਆਂ ਪੜਤਲਾਂ  ਬੀੜ ਕੇ ਤੋਪਖਾਨੇ ,ਅਗੋਂ ਸਿੰਘਾਂ ਨੇ ਪਾਸੜੇ ਮੋੜ ਦਿਤੇ

                   ਮੇਵਾ ਸਿੰਗ ਤੇ ਮਾਖੇਖਾਂ ਹੋਏ ਸਿਧੇ ,ਹੱਲੇ ਤਿੰਨ ਫਰੰਗੀ  ਦੇ ਤੋੜ ਦਿਤੇ

                  ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ , ਬੰਨ ਸ਼ਸ਼ਤਰੀ ਜੋੜ ਵਿਛੋੜ ਦਿਤੇ

                  ਸ਼ਾਹ ਮੁਹੰਮਦਾ ਸਿਖਾਂ ਨੇ ਗੋਰਿਆਂ ਦੇ , ਵਾਂਗ ਨਿਬੂਆਂ ਲਹੂ ਨਿਚੋੜ ਦਿਤੇ

 

ਪਰ ਗਦਾਰਾਂ ਦਾ ਕੀ ਕਰੀਏ ਤੇ ਗਦਾਰ ਵੀ ਉਹ ਜਿਨ੍ਹਾ ਦੇ ਹਥ ਵਿਚ ਦੇਸ਼ ਦੀ ਵਾਗ ਡੋਰ ਹੋਵੇ , ਜਿਨ੍ਹਾ ਨੇ  ਫੋਜ਼ ਨੂੰ ਰਾਹ ਦਿਖਾਣਾ  ਹੋਵੇ 1  ਡੋਗਰਿਆਂ ਤੇ ਫਿਰੰਗੀਆਂ ਦਰਮਿਆਨ ਪਹਿਲਾਂ ਤੋਂ ਹੀ ਹੋਏ ਇੱਕ ਗਿਣੇ-ਮਿੱਥੇ ਤੇ ਗੁਪਤ ਸਮਝੌਤੇ ਤਹਿਤ ਖ਼ਾਲਸਾ ਫੌਜਾਂ ਲਈ ਬਾਰੂਦ ਦੀ ਜਗਾ ਸਰਸੋ ਭੇਜ ਦਿਤੀ ਤੇ ਦੋਸ਼ ਜਿੰਦਾ ਦੇ ਸਿਰ ਤੇ ਮੜ  ਦਿਤਾ । ਉਸੇ ਹੀ ਸਾਜ਼ਿਸ਼ ਅਧੀਨ ਡੋਗਰੇ ਜਰਨੈਲ ਮੈਦਾਨੇ ਜੰਗ ਚੋਂ ਆਪਣੀਆਂ ਫੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ। ਉਹ ਜਾਂਦੇ-ਜਾਂਦੇ  ਸਤਲੁਜ ਦਰਿਆ ਉੱਪਰ ਬਣੇ ਹੋਏ ਬੇੜੀਆਂ ਦੇ ਪੁਲ ਨੂੰ ਵੀ ਤੋੜ ਗਏ ਜਿਸ ਕਰਕੇ ਹਜ਼ਾਰਾਂ ਸਿੱਖ ਫੌਜੀ ਉੱਥੇ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏ। ਜਰਨੈਲਾਂ ਤੋਂ ਬਿਨ੍ਹਾਂ ਸਿੱਖ ਫੌਜ ਦਾ ਉਸ ਵੇਲੇ ਘਬਰਾ ਜਾਣਾ  ਕੁਦਰਤੀ ਸੀ। ਸਿੱਖ ਫੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ। ਘਮਸਾਨ ਦੀ ਇਸ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਲੜਦਿਆਂ-ਲੜਦਿਆਂ ਉਸ ਯੋਧੇ ਨੂੰ ਗੋਲੀਆਂ ਦੇ ਸੱਤ ਜ਼ਖਮ ਲੱਗੇ। ਸਿੱਖ ਰਾਜ ਦੀ ਰਾਖੀ ਲਈ ਕੀਤਾ ਹੋਇਆ ਆਪਣਾ ਪ੍ਰਣ ਨਿਭਾਉਂਦਿਆ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫੌਜ ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਅੰਤ ਨੂੰ ਹਾਰ  ਗਈ।

ਸ਼ਾਹ ਮੁਹੰਮਦ ਲਿਖਦਾ ਹੈ:

                 ਜੰਗ ਹਿੰਦ ਪੰਜਾਬ ਦਾ ਹੋਣ ਲਗਾ ਦੋਵੀਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ 1

               “ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ,
                ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ

ਸ਼ਾਮ ਸਿੰਘ ਅਟਾਰੀ ਵਾਲੇ ਦੀ ਇਸ ਅਦੁਤੀ ਕੁਰਬਾਨੀ ਦਾ ਖਾਲਸਾ ਫੋਜ਼ ਤੇ ਇਤਨਾ ਡੂੰਘਾ ਅਸਰ ਹੋਇਆ ਕਿ ਕਿਸੇ ਇਕ ਸਿਖ ਨੇ ਵੀ ਈਨ ਨਾ ਮੰਨੀ ਨਾ ਕਿਸੇ ਅਨੁਆਈ ਨੇ ਰਹੀਮ ਦੀ ਦਰਖਾਸਤ ਕੀਤੀ 1 ਹਰੇਕ ਥਾਂ ਤੇ ਓਹ ਜੇਤੂਆਂ ਦੇ ਸਾਮਣੇ ਛਾਤੀ ਤਾਣ  ਕੇ ਖਲੋਤੇ ਰਹੇ 1 ਬਹੁਤ ਸਾਰੇ ਸ਼ਹੀਦ ਹੋ ਗਏ 1 ਉਧਰ ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸੁਪਤਨੀ ਮਾਈ ਦੇਸਾਂ ਨੇ 10 ਫਰਵਰੀ 1846  ਵਾਲੇ ਦਿਨ ਹੀ ਆਪਣੇ ਪਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਹੁਰਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿਖੇ  12 ਫਰਵਰੀ, 1846  ਨੂੰ ਆਪਣੀ ਸੁਪਤਨੀ ਦੀ ਚਿਖਾ ਨੇੜੇ ਕਰ ਦਿੱਤਾ ਗਿਆ।

 

ਖੁਦਗਰਜ਼ ਡੋਗਰਿਆਂ ਤੇ ਫੌਜ ਵਿਚਲੇ ਕੁਝ ਕੁ ਆਪ ਮੁਹਾਰੇ ਤੱਤਾਂ ਨੇ ਦੇਸ-ਧਰੋਹ ਕਰਨ ਵਿੱਚ ਕੋਈ ਵੀ ਕਸਰ ਨਾ ਛੱਡੀ। ਉਹ ਇਤਨਾ ਜ਼ੋਰ ਖ਼ਾਲਸਈ ਫੌਜ ਦੀ ਤਾਕਤ ਵਧਾਉਣ ਵਿੱਚ ਨਹੀਂ ਸਨ ਲਾਉਂਦੇ ਜਿਤਨਾ ਕਿ ਇਕ-ਦੂਜੇ ਦੀ ਵਿਰੋਧਤਾ ਕਰਨ ਵਿੱਚ ਲਾਉਂਦੇ ਸਨ। ਜੇਕਰ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਡੋਗਰੇ ਆਗੂਆਂ ਦੀ ਨੀਅਤ ਸਾਫ ਹੁੰਦੀ ਅਤੇ ਉਹ ਨਮਕ ਹਰਾਮੀ ਨਾ ਕਰਦੇ ਤਾਂ ਲੜਾਈ ਦੇ ਸਿੱਟੇ ਕੁਝ  ਹੋਰ ਹੀ ਹੋਣੇ ਸਨ ਅਤੇ ਸਾਰੇ ਹਿੰਦ ਦਾ ਇਤਿਹਾਸ ਵੀ ਅੱਜ ਕੁਝ ਹੋਰ  ਹੋਣਾ ਸੀ।

ਕੁਨਿਘ੍ਮ ਲਿਖਦੇ ਹਨ, ” ਜਿਨ੍ਹਾ ਖਤਰਿਆਂ ਵਿਚ ਸਿਖ ਕੋਮ ਘਿਰੀ ਹੋਈ ਸੀ, ਉਹ ਉਨ੍ਹਾ ਦੇ ਦਿਲ ਦਿਮਾਗ ਤੇ ਛਾਏ ਹੋਏ ਸਨ 1 ਉਨ੍ਹਾ ਨੂੰ ਬਦੇਸ਼ੀ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਜਰ ਨਹੀਂ ਸੀ ਆ ਰਿਹਾ 1 ਬਿਰਥ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਨੇ ਆਪਣੀ ਕੋਮ ਦੇ ਦੁਸ਼ਮਣਾ ਨਾਲ ਪਹਿਲੀ ਟੱਕਰ ਵਿਚ ਸ਼ਹੀਦ ਹੋਣ ਤੇ ਇਸ ਤਰਾਂ ਗੁਰੂ ਗੋਬਿੰਦ ਸਿੰਘ ਜੀ  ਦੀ ਸਪਿਰਿਟ ਤੇ ਉਸ ਰਹਸਵਾਦੀ ਪੰਚਾਇਤੀ ਰਾਜ ਨੂੰ ਰਿਝਾਉਣ ਲਈ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ “

ਸ਼ਾਮ ਸਿੰਘ ਅਟਾਰੀ ਵਾਲੇ ਦੀ ਦਲੇਰੀ ,ਬਹਾਦਰੀ ਤੇ ਦ੍ਰਿੜਤਾ ਨੇ ਇਸ ਨੂੰ ਸਭਰਾਉ ਦਾ ਵਾਟਰਲੂ ਬਣਾ ਦਿਤਾ 1 ਮੇਲਸਨ ਨੇ ਲਿਖਿਆ ਹੈ ਕੀ ਜੇ ਸਿਖ ਇਥੇ ਜਿਤ ਜਾਂਦੇ ਤਾਂ ਭਾਰਤ ਅੰਗਰੇਜਾਂ ਦੇ ਹਥੋ ਨਿਕਲ ਜਾਣਾ ਸੀ 1 ਪਰ ਇਹ ਖਾਲੀ ਪੰਜਾਬ ਦੇ ਹੀ ਨਹੀਂ ਸਗੋਂ ਭਾਰਤ ਦੇ ਵੀ ਗਦਾਰ ਸਨ (ਤੇਜ ਸਿੰਘ , ਲਾਲ ਸਿੰਘ ਤੇ ਗੁਲਾਬ ਸਿੰਘ ) ਜਿਨ੍ਹਾ ਨੇ 101 ਸਾਲ ਭਾਰਤ ਨੂੰ ਗੁਲਾਮੀ ਦੇ ਹੋਰ ਦਿਤੇ ,ਨਹੀਂ ਤੇ ਜੇਕਰ ਕਿਤੇ ਹਿੰਦੂ ਵੀ ਸਿਖਾਂ ਨਾਲ ਮਿਲ ਜਾਂਦੇ ਤਾਂ ਗੁਲਾਮੀ ਦੀਆਂ ਜੰਜੀਰਾਂ ਕਈ ਸਦੀਆਂ ਪਹਿਲੇ ਤੋੜ ਚੁਕੇ ਹੁੰਦੇ 1

ਸ਼ਾਮ ਸਿੰਘ ਅਟਾਰੀ ਵਾਲਾ ਜਿਸਨੇ 1818 ਤੋਂ ਲੈਕੇ 1846 ਖਾਲਸਾ ਰਾਜ ਦੇ ਵਾਧੇ ਤੇ ਜਿਤ ਵਾਸਤੇ ਹੋਈ ਹਰ ਲੜਾਈ ਵਾਸਤੇ ਆਪਣਾ ਖੂਨ ਡੋਲਿਆ 1 ਮੁਲਤਾਨ ਦੀ ਜੰਗ ਵੇਲੇ ਉਸ ਅਕਾਲੀ ਫੂਲਾ ਸਿੰਘ ਦਾ ਹਮ-ਰਕਾਬ ਸੀ 1 ਬਨੂੰ ਦੀ ਫਤਹਿ ਦੋਰਾਨ ਆਪਜੀ ਦਾ ਘੋੜਾ ਗੋਲੀ ਨਾਲ ਮਰਿਆ 1 ਸਭਰਾਵਾਂ ਦੀ ਲੜਾਈ ਵਿਚ ਕਿਵੇਂ ਇਸ ਸਰਦਾਰ ਨੇ ਬਹਾਦਰੀ ਤੇ ਸੂਰਬੀਰਤਾ ਦੇ ਜੋਹਰ ਦਿਖਾਏ1 ਕੁਨਿੰਘਮ ਲਿਖਦਾ ਹੈ ਕਿ ਖਾਲਸਾ ਦਰਬਾਰ ਦੇ ਸਾਰੇ ਕਰਿੰਦਿਆਂ ਵਿਚੋਂ ਇਕੋ ਇਕ ਮਰਦ ਸ਼ਾਮ ਸਿੰਘ ਸੀ 1  ਚਿਟਾ ਬਾਣਾ ਪਾਕੇ  ਹਥ ਵਿਚ ਤਲਵਾਰ ਪਕੜ ਕੇ ਉਹ ਲੜਾਈ ਦੇ ਮੈਦਾਨ ਵਿਚ ਡੇਰਿਆਸ ਵਾਂਗੂੰ ਜੂਝਿਆ ਜਿਸ ਨੂੰ ਪੱਗਾਂ ਥੰਮ ਕੇ ਲੁਕਾਈ ਵੇਖਣ ਲਗੀ 1 ਜਿਥੇ ਉਹ ਡਿਗਿਆ ਸੀ ਉਥੇ ਲੋਥਾਂ ਦਾ ਅੰਬਾਰ ਲਗਾ ਹੋਇਆ ਸੀ 1

ਇਹੀ ਸ਼ਾਮ ਸਿੰਘ ਕਿਸੇ ਹੋਰ ਕੋਮ ਵਿਚ ਪੈਦਾ ਹੋਇਆ ਹੁੰਦਾ ਤਾਂ ਮਾਵਾਂ ਰਹਿੰਦੀ ਦੁਨਿਆ ਤਕ ਆਪਣੇ ਲਾਡਲਿਆਂ  ਦਾ ਨਾਮ ਸ਼ਾਮ ਸਿੰਘ ਰਖਦੀਆਂ ,ਸੂਰਬੀਰ ਸਭਰਾਵਾਂ ਦੀ ਪਾਕ ਮਿਟੀ ਆਪਣੇ ਮਥਿਆ ਤੇ ਲਗਾਂਦੇ ਤੇ ਉਸਦੇ ਵੰਸ਼ ਵਾਲਿਆਂ ਨੂੰ ਮਖਮਲੀ ਕੁਰਸੀਆਂ ਤੇ ਬਿਠਾਂਦੇ 1 ਉਨ੍ਹਾ ਦੇ ਚਰਨ ਚੁੰਮਣ ਵਾਲਿਆਂ ਦੀ ਭੀੜ ਠਲਿਆ ਨਾ ਠ੍ਲੀ ਜਾਂਦੀ 1 ਅਕਾਲੀ ਰਾਜ ਦੇ ਐਨ ਸਿਖਰ ਉਤੇ ਇਕ ਖਬਰ ਛਪੀ ਸੀ ਸ਼ਾਮ ਸਿੰਘ ਅਟਾਰੀ ਵਾਲੇ ਦਾ ਪੜ-ਪੋਤਰਾ ਇਕ ਅਜਾਇਬ ਘਰ ਵਿਚ ਚਪੜਾਸੀ ਦੀ ਨੋਕਰੀ ਕਰਦਾ , ਗੁਰਬਤ ਨਾਲ ਲੜਦਾ ਦਿਨਾਂ ਨੂੰ ਧਕੇ ਦੇ  ਰਿਹਾ ਹੈ 1 ਜਦ ਕੀ ਬਲਦੇਵ ਸਿੰਘ ਕੋਮ ਫਰੋਸ਼ ਦਾ ਇਕ ਵੰਸ਼ਜ ਸਪੀਕਰ ਤੇ ਦੂਸਰਾ ਅਕਾਲੀ ਵਜੀਰ ਰਹਿ ਚੁਕਿਆ ਹੈ 1 ਕੋਈ ਦਸੇਗਾ ਕਿਓਂ ?

Print Friendly, PDF & Email

Nirmal Anand

Add comment

Translate »