{:en}SikhHistory.in{:}{:pa}ਸਿੱਖ ਇਤਿਹਾਸ{:}

ਵਿਸ਼ਵ ਸ਼ਾਂਤੀ ਦੇ ਸੰਦਰਭ ਵਿੱਚ ਗੁਰਬਾਣੀ

ਅੱਜ ਦੇ ਯੁੱਗ ਵਿੱਚ ਹਰ ਪਾਸੇ ਅਸ਼ਾਂਤੀ ਦਾ ਬੋਲ ਬਾਲਾ ਹੈl ਅੱਜ ਮਨੁੱਖ ਹਰ ਪਾਸੋਂ ਵਿਕਾਸ ਕਰਦਾ ਦਿਖਾਈ ਦੇ ਰਿਹਾ ਹੈ ਪਰ ਫਿਰ ਵੀ ਪਰੇਸ਼ਾਨ ਹੈ, ਅਸ਼ਾਂਤ ਹੈ, ਆਪਣੇ ਮਨ ਤੇ ਆਪਣੇ ਦਿਲ ਦਿਮਾਗ ਨੂੰ ਕਾਬੂ ਰੱਖਣ ਵਿੱਚ ਅਸਮਰੱਥ ਹੈl ਹਰ ਪਾਸੇ ਅਤਿਵਾਦ ਅਤੇ ਦਹਿਸ਼ਤਵਾਦ, ਸਹਿਮ ਹੈ, ਲੁੱਟ -ਘਸੁਟ, ਲੜਾਈ ਝਗੜੇ ਤੇ ਖੂਨ ਖਰਾਬੇ ਹੋ ਰਹੇ ਹਨ, ਚਾਹੇ ਉਹ ਦੇਸ਼ ਦੇ ਅੰਦਰ ਹੋਣ ਜਾਂ ਦੇਸ਼ਾਂ ਦੇ ਵਿਚਕਾਰ l ਇਸਦਾ ਕਾਰਣ ਹੈ, ਇਨਸਾਨ ਦਾ ਮਾਇਆ ਦੇ ਮੋਹ-ਜਾਲ ਵਿੱਚ ਫਸ ਕੇ ਕੁਦਰਤਿ ਦੇ ਅਟੱਲ ਨਿਯਮਾਂ ਦੀ ਉਲੰਘਣਾ ਕਰਨਾ ਤੇ ਪ੍ਰਭੂ-ਮਿਲਾਪ ਤੋਂ ਵਾਂਝੇ ਰਹਿਣਾ ।

ਜੇਕਰ ਭਾਰਤ ਦੀ ਗੱਲ ਕਰੀਏ ਤਾਂ ਅੱਠਵੀਂ ਸਦੀ ਦੇ ਮੱਧ  ਵਿੱਚ ਭਗਤੀ ਲਹਿਰ, ਇੱਕ ਧਾਰਮਿਕ ਜਾਗਰਤੀ ਜਿਸ ਨੂੰ ਭਗਤੀ ਅੰਦੋਲਨ ਵੀ ਕਿਹਾ ਜਾਂਦਾ ਹੈ, ਦੀ ਸ਼ੁਰੂਵਾਤ ਹੋਈ ਸੀ , ਜਿਸ ਤਹਿਤ ਭਗਤਾਂ ਦੀ ਰਚੀ ਗਈ ਬਾਣੀ ਨੇ ਪੂਰੀ ਕਾਇਨਾਤ ਲਈ ਸਮਾਜਿਕ ਨਾਬਰਾਬਰੀ ਅਤੇ ਨਫ਼ਰਤ ਨੂੰ ਖ਼ਤਮ ਕਰ ਕੇ ਭਗਤੀ ਅਤੇ ਸਾਂਝੀਵਾਲਤਾ ਦੇ ਦਰ-ਦਰਵਾਜ਼ੇ ਖੋਲ੍ਹ ਦਿੱਤੇ ਸੀ ਜੋ ਲੋਕਾਂ ਨੂੰ ਰਾਸ ਨਹੀਂ ਆਏ। ਸ਼ਾਇਦ ਇਸ ਕਰਕੇ ਕਿ ਉਸਦੇ ਪੈਰੋਕਾਰ ਜਿਆਦਾਤਰ ਨੀਚ ਜਾਤਾਂ ਦੇ ਭਗਤ ਸੀ ਤੇ ਵਕਤ ਸੀ ਬ੍ਰਾਹਮਣ ਵਾਦ ਦਾl

ਪੰਦਰਵੀ ਸਦੀ ਵਿੱਚ ਪੰਜਾਬ ਵਿੱਚ ਸਿੱਖ ਧਰਮ ਦਾ ਜਨਮ ਹੋਇਆ ਜਿਸਦੇ ਸੰਸਥਾਪਕ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਸਨl ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਇਸ ਲਹਿਰ ਦੇ ਭਗਤਾਂ ਨੂੰ ਵੀ ਮਿਲੇ ਤੇ ਉਨ੍ਹਾਂ ਦੀ ਰਚਨਾ ਵੀ ਸੁਣੀl   ਜਿਨ੍ਹਾਂ ਭਗਤਾਂ ਦੀ ਸੋਚ ਵਿਸ਼ਵ ਸ਼ਾਂਤੀ ਦੇ ਅਨਕੂਲ ,ਗੁਰੂ ਨਾਨਕ ਸਾਹਿਬ ਦੀ ਸੋਚ ਤੇ  ਗੁਰਬਾਣੀ ਨਾਲ ਮੇਲ ਖਾਂਦੀ ਸੀ,  ਉਨ੍ਹਾਂ ਭਗਤਾਂ ਦੀ ਬਾਣੀ ਇਕੱਠੀ ਕੀਤੀ l

ਗੁਰੂ ਸਾਹਿਬਾਨਾਂ , ਭਗਤਾਂ ਤੇ ਗੁਰੂ ਘਰ ਦੇ ਦੋਖੀਆਂ ਦੀ ਬਾਣੀ ਵਿੱਚ ਰਲਾ ਨਾ  ਪੈ ਜਾਵੇ,ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ  ਪਹਿਲੇ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ , ਭਗਤਾਂ ਦੀ ਬਾਣੀ, ਸਿੱਖਾਂ ਤੇ ਭੱਟਾਂ ਦੀ ਬਾਣੀ ਨੂੰ  ਸਿੱਖ  ਧਰਮ ਦੇ ਪਵਿੱਤਰ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਕਰਕੇ  ਆਦਿ ਗ੍ਰੰਥ ਦਾ ਦਰਜਾ ਦੇ ਦਿੱਤਾ । ਦਸਵੇ ਪਾਤਸ਼ਾਹ ਨੇ ਆਪਣੇ ਜੋਤੀ ਜੋਤ ਸਮਾਣ ਦੇ ਵਕਤ ਗੁਰੂ ਤੇਗ ਬਹਾਦਰ ਜੀ ਬਾਣੀ ਨੂੰ ਇਸ ਗ੍ਰੰਥ ਵਿੱਚ ਸਮਲਿਤ ਕਰਕੇ ,ਗਰੂ ਅਰਜਨ ਦੇਵ ਜੀ ਦੇ ਲਿਖੇ ਆਦਿ ਗ੍ਰੰਥ  ਨੂੰ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦੇਕੇ  ਆਪਣੇ ਮਗਰੋਂ ਸਿੱਖਾਂ ਦੇ ਗਿਆਰਵੇਂ ਗੁਰੂ, ਦੀ ਪਦਵੀ ਬਖਸ਼ ਦਿੱਤੀ l

ਗੁਰੂ ਨਾਨਕ ਸਾਹਿਬ ਦੇ  ਫਲਸਫੇ ਦੀਆਂ ਮੁੱਖ ਧਾਰਨਾਵਾਂ ਹਨ , ਇੱਕ ਸਰਵ ਵਿਆਪੀ ਸਿਰਜਣਹਾਰ ਉੱਤੇ ਵਿਸ਼ਵਾਸ ਕਰਣਾ,ਉਸਦੇ ਹੁਕਮ ਤੇ  ਉਸਦੀ ਰਜਾ ਵਿੱਚ   ਰਹਿਣਾ,ਸਰਬ ਸਾਂਝੀਵਾਲਤਾ, ਸਭਨਾਂ ਨਾਲ ਪਿਆਰ, ਸਿਮਰਨ ਤੇ ਨਿਰਸਵਾਥ ਸੇਵਾ ਕਰਨਾ, ਸਮਾਜਿਕ ਨਿਆਂ ਲਈ ਯਤਨਸ਼ੀਲ ਰਹਿਣਾ, ਇਮਾਨਦਾਰ ਜੀਵਨ-ਜਾਚ, ਨੈਤਿਕ ਚਾਲ-ਚਲਣ, ਅਤੇ ਗ੍ਰਹਿਸਤੀ ਜੀਵਨ ਜਿਉਣਾ। ਜੇਕਰ ਹਰ ਇੱਕ ਮਨੁੱਖ ਗੁਰੂ ਸਾਹਿਬਾਨਾਂ ਦੇ ਪਾਏ ਪੂਰਨਿਆਂ ਤੇ ਚੱਲੇਗਾ ਤਾਂ ਜਹਿਰ ਹਰ ਮਨੁੱਖ ਸੁਖੀ  ਵੱਸੇਗਾ,ਹਰ ਮਨੁੱਖ ਅਗਰ ਸੁਖੀ ਹੋ ਗਿਆ ਤਾਂ ਪੂਰਾ ਦੇਸ਼,ਪਰਦੇਸ ਤੇ ਪੂਰੀ ਦੁਨੀਆਂ ਸੁਖੀ ਹੋ ਜਾਏਗੀ , ਸ਼ਾਂਤ ਰਹੇਗੀ ਤੇ ਅਸ਼ਾਂਤੀ ਦਾ ਨਮੋ ਨਿਸ਼ਾਨ ਮਿਟ  ਜਾਏਗਾl

 ਸਾਰੇ ਦੇਸ਼ਾਂ ਦੇ ਲੋਕਾਂ ਵਿੱਚ ਆਜ਼ਾਦੀ, ਸਦਭਾਵਨਾ, ਸ਼ਾਤੀ ਅਤੇ ਖੁਸ਼ਹਾਲੀ ਵਾਲੀ ਆਦਰਸ਼ ਹਾਲਤ ਦੀ ਸਥਾਪਨਾ ਦਾ ਨਾਂ ਹੀ ਵਿਸ਼ਵ ਸ਼ਾਂਤੀ ਹੈ। ਹਿੰਸਾ ਤੋਂ ਮੁਕਤ ਵਿਸ਼ਵ ਸ਼ਾਂਤੀ ਦਾ ਇਹ ਆਦਰਸ਼, ਲੋਕਾਂ ਅਤੇ ਕੌਮਾਂ ਨੂੰ ਆਪਸੀ  ਯੁੱਧ ਰੋਕਣ ਦਾ ਅਧਾਰ ਪ੍ਰਦਾਨ ਕਰੇਗਾ ।  ਵਿਸ਼ਵ ਸ਼ਾਂਤੀ, ਧਾਰਮਿਕ ਅਤੇ ਧਰਮ ਨਿਰਪੱਖ ਸੰਗਠਨਾਂ ਦੇ ਸਾਂਝੇ ਸਹਿਯੋਗ ਨਾਲ ਸਥਾਪਿਤ ਕੀਤੀ ਜਾ ਸਕਦੀ ਹੈl  ਸਿੱਖ ਧਰਮ ਆਪਣੇ ਵਿਸ਼ੇਸ਼ ਸਿਧਾਂਤਾਂ ਖਾਸ ਕਰ ਸਤਸੰਗਤ, ਲੰਗਰ, ਪੰਗਤ, ਵੰਡ ਛਕਣਾ, ਕੁਦਰਤ ਨਾਲ ਪਿਆਰ, ਸਰਬੱਤ ਦਾ ਭਲਾ, ਸੇਵਾ, ਵਿਸ਼ਵਵਿਆਪੀ ਭਾਈਚਾਰਾ, ਨਿਆਂ, ਆਜ਼ਾਦੀ ਅਤੇ ਸਾਂਝੀਵਾਲਤਾ ਨਾਲ ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਦੇ ਸਾਡੇ ਮਨਚਾਹੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਵਿਹਾਰਕ ਪਹੁੰਚ ਦੀ ਪੇਸ਼ਕਸ਼ ਕਰਦਾ ਹੈ।

ਕੋਈ ਵੀ ਅਸ਼ਾਂਤ ਨਹੀਂ ਹੋਣਾ ਚਾਹੁੰਦਾl ਪਰ ਮਨੁੱਖੀ ਸਮਾਜ ਨੂੰ ਸਦੀਵੀ ਸੁਖ-ਸ਼ਾਂਤੀ ਉਦੋਂ ਹੀ ਪ੍ਰਾਪਤ ਹੋ ਸਕੇਗੀ ਜਦੋਂ ਸੰਸਾਰ ਦਾ ਵੱਡਾ ਹਿੱਸਾ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਾਦਿਰ ਦੀ ਕੁਦਰਤ ਦੇ ਅਟੱਲ ਨਿਯਮਾਂ ਤੇ ਕਾਇਦੇ-ਕਾਨੂੰਨਾਂ ਨੂੰ ਸਮਝ ਕੇ, ਮਨੋਂ ਸਵੀਕਾਰ ਕਰ ਕੇ ਇਨ੍ਹਾਂ ਅਟੱਲ ਨਿਯਮਾਂ ਅਨੁਸਾਰ ਆਪਣਾ ਨਿਤਾ-ਪ੍ਰਤੀ ਦਾ ਅਮਲੀ ਜੀਵਨ ਜੀਊਂਣਾ ਸ਼ੁਰੂ ਕਰ ਦੇਵੇਗਾ। ਖ਼ੁਦਗਰਜ਼   ਮਨੁੱਖ ਕਦੇ ਸ਼ਾਂਤ ਨਹੀਂ ਹੋ ਸਕਦਾ,ਨਾਂ ਹੀ ਉਸਦਾ ਆਵਾਗਵਣ (ਜਨਮ-ਮਰਣ) ਦਾ ਲੰਮਾ ਤੇ ਦੁਖਦਾਈ ਗੇੜ ਮੁਕ ਸਕਦਾ ਹੈ। ਉਸ ਦੀ ਸਾਜੀ ਕੁਦਰਤਿ ਦੇ ਨਿਯਮ ਭੀ ਅਟੱਲ ਹਨ ਅਤੇ ਜਦੋਂ ਤੱਕ ਸੰਸਾਰ ਦੀ ਹੋਂਦ ਰਹੇਗੀ ਉਸ ਦੀ ਸਾਜੀ ਕੁਦਰਤਿ ਦੇ ਨਿਯਮ ਭੀ ਬਾ-ਦਸਤੂਰ ਜਿਉਂ-ਦੇ-ਤਿਉਂ, ਲਾਗੂ ਰਹਿਣਗੇ। ਇਸ  ਕਰਕੇ ਬੇਹਤਰ ਹੈ  ਕਿ ਉਹ ਹਕੀਕਤ ਨੂੰ ਸਮਝੇ ਤੇ ਉਸਦੇ ਹੁਕਮਿ, ਉਸਦੀ ਰਜਾ ਵਿੱਚ ਖੁਸ਼ ਰਹੇl

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਮ: 1, 1)  

 ਕਬੀਰ ਜੀ ਲਿਖਦੇ ਹਨ ਕਿ ਜੇਕਰ ਮਨੁੱਖ ਨੂੰ ਚੰਗੀ ਸੰਗਤਿ ਮਿਲ ਜਾਵੇ ਤਾਂ ਪੂਰਬਲੇ ਕੰਮਾਂ ਦੇ ਚੰਗੇ ਸੰਸਕਾਰਾਂ ਦੇ ਬੀਜ ਪੁੰਗਰਨ ਲਗਦੇ ਹਨ ਅਤੇ ਜੇਕਰ (ਬਦ-ਕਿਸਮਤੀ ਨਾਲ) ਉਸ ਨੂੰ ਮਾੜੀ ਸੰਗਤਿ ਮਿਲ ਜਾਵੇ ਤਾਂ ਉਸ ਦੇ ਮਨ ਵਿੱਚ ਪੂਰਬਲੇ ਸਮੇਂ ਵਿੱਚ ਉਸ ਵੱਲੋਂ ਕੀਤੇ ਮਾੜੇ ਕੰਮਾਂ ਦੇ ਸੰਸਕਾਰਾਂ ਦੇ ਬੀਜ ਪ੍ਰਫੁੱਲਤ ਹੋਣ ਲਗਦੇ ਹਨ।ਪਰ ਜੇਕਰ ਪ੍ਰਭੂ ਦੀ ਮੇਹਰ ਹੋ ਜਾਏ ਤਾਂ ਮਨ ਦੇ ਸ਼ਾਂਤ ਹੋਣ ਦਾ ਰਾਹ ਨਿਕਲ ਸਕਦਾ ਹੈ ਤੇ ਜੇ ਇੱਕ ਮਨ ਸ਼ਾਂਤ ਹੋ ਜਾਵੇ ਤਾਂ ਉਹ ਦੂਜੇ , ਤੀਜੇ ਤੇ ਫਿਰ ਕਈਆਂ  ਦੇ ਮਨ ਨੂੰ  ਸ਼ਾਂਤ  ਕਰ ਸਕਦਾ ਹੈ l

ਕਬੀਰ ਮਨ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ॥

ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲ ਖਾਇ॥ 86 (ਕਬੀਰ ਜੀ, 1369)

ਪਰ ਸਾਡੇ ਸਮਾਜ ਵਿਚ ਰਿਸ਼ਵਤ ਖੋਰੀ, ਆਤੰਕਵਾਦ, ਮਾਦਕ ਪਦਾਰਥਾਂ ਦੀ ਲਗਾਤਾਰ ਵਧ ਰਹੀ ਵਰਤੋਂ,ਏਡਜ਼ ਤੇ ਕੋਵਿਡ ਵਰਗੀਆਂ ਭਿਆਨਕ ਬੀਮਾਰੀਆਂ ਨੇ ਮਨੁੱਖੀ ਜੀਵਨ ਨੂੰ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਕੌਮਾਂ ਵਿਚਕਾਰ ਰਾਜਨੀਤਕ ਦਵੈਸ਼ ਨੇ ਵਿਸ਼ਵ ਸ਼ਾਂਤੀ ਨੂੰ ਗੰਭੀਰ ਸੰਕਟ ਵਿੱਚ ਪਾ ਦਿੱਤਾ ਹੈl ਮਾਇਆ ਤੇ ਮਾਇਆ ਦੇ ਪੰਜੇ ਪੁੱਤਰ, ਕਾਮ ,ਕ੍ਰੋਧ ਲੋਭ,ਮੋਹ  ,ਹੰਕਾਰ ਆਸਾ, ਮਨਸਾ, ਤ੍ਰਿਸ਼ਨਾ, ਦੁਬਿਧਾ, ਨਫ਼ਰਤ, ਨਿੰਦਿਆ-ਚੁਗਲੀ, ਆਪਣੇ-ਪਰਾਏ ਦੀ ਸੋਚ, ਵੈਰ-ਵਿਰੋਧ,ਸਾੜੇ. ਈਰਖਾ, ਧੜੇ-ਬੰਦੀਆਂ ਆਦਿ ਔਗੁਣ ਇਨਸਾਨ ਨੂੰ ਛੱਡਦੇ ਹੀ ਨਹੀਂ ਤੇ ਨਾ ਹੀ ਇਨਸਾਨ ਇਸ ਨੂੰ ਛੱਡਣ ਦਾ ਉਪਰਾਲਾ ਕਰਦਾ ਹੈ, ਕਿਓਕੀ ਉਸ ਨੂੰ ਆਪਣੀ ਹੋਂਦ ਇਨ੍ਹਾਂ ਵਿੱਚ ਨਜ਼ਰ ਆਉਂਦੀ ਹੈ l

ਅਜੋਕੇ ਸਮੇਂ ਵਿਚ ਮਨੁੱਖ, ਬੌਧਿਕ ਅਤੇ ਪਦਾਰਥਕ ਤੌਰ ਉੱਤੇ, ਦੋਵੇਂ ਤਰ੍ਹਾਂ ਹੀ, ਬਹੁਤ ਉੱਨਤੀ ਕਰ ਚੁੱਕਾ ਹੈ। ਫਿਰ ਵੀ, ਲੋਕਾਂ ਵਿਚ ਆਪਸੀ ਟਕਰਾਓ ਅਤੇ ਵਿਸ਼ਵ ਭਰ ਦੇ ਦੇਸ਼ਾਂ ਵਿਚ ਸਰਬੋਤਮਤਾ ਲਈ ਪ੍ਰਸਪਰ ਸੰਘਰਸ਼ ਜਾਰੀ ਹੈ। ਸਿੱਟੇ ਵਜੋਂ, ਕਈ ਦੇਸ਼ ਇੱਕ ਦੂਜੇ ਨਾਲ ਲੜਦੇ ਹੋਏ ਅੱਤਵਾਦ, ਨਸਲਵਾਦ ਅਤੇ ਮਨੁੱਖਜਾਤੀ ਲਈ ਦੁਖਾਂਤ ਨੂੰ ਜਨਮ ਦੇ ਰਹੇ ਹਨ। ਕੌਮਾਂ ਵਿਚਕਾਰ ਸਦਭਾਵਨਾਪੂਰਣ ਸੰਬੰਧ ਕਾਇਮ ਰੱਖੇ ਜਾਂ  ਸਕਦੇ ਹਨ, ਇਸ ਲਈ ਸਾਰੇ ਮਨੁੱਖਾਂ ਨੂੰ ਰੂਹਾਨੀ ਤੌਰ ਇੱਕ ਨਸਲ ਤੇ ਬਰਾਬਰ ਸਮਝਣਾ ਪਵੇਗਾl  ਚਾਹੇ ਉਹ ਕਿਸੇ ਕੌਮ ,ਕਿਸੇ ਦੇਸ਼ ਤੇ ਕਿਸੇ ਨਸਲ ਦਾ ਹੋਵੇ l ਜੇ ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਬੇਭਰੋਸਗੀ, ਜ਼ੁਲਮ, ਜਬਰ, ਹਿੰਸਾ ਅਤੇ ਅੱਤਵਾਦ ਦੀਆਂ ਬੁਰਾਈਆਂ ਤੋਂ ਬੱਚੇ ਤਾਂ  ਸਾਡੀ ਸਵੈ-ਹੌਂਦ ਬਣਾਈ ਰੱਖਣ ਲਈ ਦੂਜਿਆਂ ਦੀ ਹੌਂਦ ਲਈ ਖ਼ਤਰੇ ਵਾਲੇ ਹਾਲਾਤ ਪੈਦਾ ਕਰਨ ਦਾ ਕਾਰਣ ਬਨਣ ਤੋਂ ਬੱਚਣਾ ਹੋਵੇਗਾ। ਗੁਰਬਾਣੀ ਦਾ ਕਥਨ ਹੈ;

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ (ਮਹਲਾ 9, ਪੰਨਾ 1427)

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ (ਮਹਲਾ 2, ਪੰਨਾ 466)

ਵਾਤਾਵਰਣੀ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ, ਮਨੁੱਖੀ ਸੱਭਿਅਤਾ ਦੀ ਉਦਯੋਗਾਂ ਉੱਤੇ ਨਿਰਭਰਤਾ, ਕੁਦਰਤੀ ਵਾਤਾਵਰਣ ਉੱਤੇ ਬਹੁਤ ਹੀ ਮਾੜੇ ਪ੍ਰਭਾਵਾਂ ਦਾ ਕਾਰਣ ਬਣ ਰਹੀ ਹੈ। ਅੱਜ ਸਾਡੀ ਧਰਤੀ ਵਿਸ਼ਵਵਿਆਪੀ ਤਾਪਮਾਨ ਵਾਧਾ, ਗ੍ਰੀਨ ਹਾਊਸ ਪ੍ਰਭਾਵ, ਓਜ਼ੋਨ ਪਰਤ ਵਿਚ ਮਘੋਰੇ, ਜੰਗਲਾਂ ਦੀ ਤਬਾਹੀ, ਭੂ ਖੋਰ, ਹਵਾ, ਪਾਣੀ ਤੇ ਭੂਮੀ ਪ੍ਰਦੂਸ਼ਣ, ਆਵਾਜ਼ੀ ਤੇ ਰੇਡੀਓ ਐਕਿਟਿਵ ਵਿਕਿਰਣ ਦਾ ਸ਼ਿਕਾਰ ਬਣ ਚੁੱਕੀ ਹੈlਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮਨੁੱਖ ਪਿਛਲੇ ਲਗਭਗ 100 ਸਾਲਾਂ ਤੋਂ ਹੀ ਵਾਤਾਵਰਣੀ ਪ੍ਰਦੂਸ਼ਣ ਅਤੇ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਵਧੇਰੇ ਚੇਤੰਨ ਹੋਇਆ ਹੈ। ਪਰ ਗੁਰਬਾਣੀ ਵਿਚ ਅਜਿਹੇ ਹਾਲਾਤਾਂ ਬਾਰੇ ਵਿਚਾਰ, ਅੱਜ ਤੋਂ ਲਗਭਗ 525 ਸਾਲ ਪਹਿਲਾਂ ਹੀ ਅੰਕਿਤ ਕਰ ਦਿੱਤੇ ਗਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੋਜੂਦ , ਮਨੁੱਖੀ ਜੀਵਨ ਲਈ ਜੀਵਨ ਮੁਕਤੀ  ਦਾ ਰਾਹ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਜਪੁਜੀ ਸਾਹਿਬ ਵਿੱਚ ਪਹਿਲੇ ਹੀ ਅੰਕਿਤ ਕਰ ਦਿੱਤਾ ਸੀ ।

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ (ਮ.1, ਪੰਨਾ 8)

ਗੁਰੂ ਸਾਹਿਬ ਨੇ ਪਵਨ ਨੂੰ ਗੁਰੂ ,ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਤੇ ਅੱਜ ਅਸੀਂ ਇਨ੍ਹਾਂ ਦਾ ਕਿ ਹਾਲ ਕਰ ਰਹੇ ਹਾਂ l ਜੰਗਲ ਕੱਟ ਵੱਢ ਰਹੇ, ਦੁਨੀਆਂ ਭਰ ਦੇ ਕਾਰਖਾਨੇ ਲਗਾ ਕੇ ਹਵਾ ਨੂੰ ਪਰਦੂਸ਼ਿਤ ਕਰ ਰਹੈਂ ਹਾਂ, ਧਰਤੀ ਮਾਂ ਨੂੰ ਖੋਦ  ਖੋਦ  ਕੇ  ਆਸਮਾਨ ਤੋਂ ਉੱਚੀਆਂ ਇਮਾਰਤਾਂ ਖੜੀਆਂ ਕਰ ਰਹੇ ਹਾਂl ਤਰੱਕੀ ਦੇ ਨਾਲ ਨਾਲ ਅਸੀਂ ਤਰੱਕ ਵੀ ਆਪਣੇ ਵਾਸਤੇ ਇਕੱਠਾ ਕਰੀ  ਜਾ ਰਹੇ ਹਾਂl ਪਹਿਲੇ ਵੀ ਦੁਨੀਆ ਖੁਸ਼ ਸੀ ,ਅੱਜ ਤੋਂ ਜਿਆਦਾ ਖੁਸ਼ ਸੀl ਸਾਕਾਂ- ਸੰਬੰਧਦੀਆਂ , ਰਿਸ਼ਤੇਦਾਰੀਆਂ , ਦੋਸਤ ,ਯਾਰ , ਮਾ -ਪਿਓ, ਧੀਆਂ, ਪੁੱਤਰ , ਭੈਣ, ਭੱਰਾ ਰਿਸ਼ਤੇ ਸੀ ਜਿਨ੍ਹਾਂ ਤੇ ਲੋਕ ਮਾਣ ਕਰਦੇ ਸੀ, ਅੱਜ ਇਨਸਾਨ ਨਾਲੋਂ ਇਨਸਾਨ ਜੁਦਾ ਹੋ ਗਿਆ ਹੈl ਲੋਕਾਂ ਦੀਆਂ ਖੁਸ਼ੀਆਂ ਉੱਡ-ਪੁਡ ਗਈਆਂ ਹਨ , ਖਾਲੀ ਦਿਖਾਵਾ ਰਹਿ ਗਿਆ- ਸ਼ਾਂਤੀ ਤਾਂ ਮਨ ਦੀ ਅਵਸਥਾ ਹੈ ,ਦਿਖਾਵੇ ਦੀ ਨਹੀਂ ਤੇ ਜੇ ਤੁਹਾਡਾ ਮਨ ਅਸ਼ਾਂਤ ਹੈ ਤਾਂ ਤੁਸੀਂ ਦੂਜਿਆਂ ਨੂੰ ਸ਼ਾਂਤੀ ਕਿਵੇ ਦੇ ਸਕਦੇ ਹੋ , ਓਹ ਚਾਹੇ ਕੋਈ ਵੀ ਹੋਵੇ ,ਆਪਣੇ ਹੋਣ , ਗਵਾਂਢੀ , ਦੇਸ਼ਵਾਸੀ ਹੋਣ ਜਾਂ ਪਰਦੇਸੀl

ਗੁਰੂ ਇਹ ਵਿਚਾਰਧਾਰਾ, ਵਿਸ਼ਵ ਸ਼ਾਂਤੀ ਦੀ ਪ੍ਰਾਪਤੀ ਦੇ ਰਾਹ ਦੀਆਂ ਰੁਕਾਵਟਾਂ ਨਾਲ ਨਜਿੱਠਣ ਲਈ, ਸਾਨੂੰ ਸਾਰਿਆਂ ਨੂੰ ਪ੍ਰੇਰਣਾ ਪ੍ਰਦਾਨ ਕਰਦੀ ਹੈ ।ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਅਗੁਵਾਈ ਦਾ ਅਨੁਸਰਣ ਕਰਣ ਵਾਲੀਆਂ ਕੁਝ ਕੁ ਵਿਲੱਖਣ ਹਸਤੀਆਂ ਦਾ ਇਥੇ ਜ਼ਿਕਰ ਕਰਨਾ ਬਣਦਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ 160 ਕਿਲੋਮੀਟਰ ਲੰਮੀ ਕਾਲੀ ਵੇਂਈ ਨਦੀ ਦੀ ਸਾਫ਼-ਸਫ਼ਾਈ ਕਰਕੇ, ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਨੇ ਹੁਣ ਤਕ ਤਕਰੀਬਨ 3.46 ਲੱਖ ਰੁੱਖ ਲਗਾ ਕੇ, ਅਤੇ ਈਕੋਸਿੱਖ, ਸੰਸਥਾ ਨੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਦੇ ਮੌਕੇ ਉੱਤੇ ਵਿਸ਼ਵਵਿਆਪੀ ਪੱਧਰ ਉੱਤੇ 10 ਲੱਖ ਰੁੱਖ ਲਗਾਉਣ ਨਾਲ, ਵਾਤਾਵਰਣੀ ਮਸਲਿਆਂ ਦੇ ਹੱਲ ਲਈ ਅਹਿਮ ਯੋਗਦਾਨ ਪਾਇਆ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਅਤੇ ਕੁਦਰਤ ਦੀ ਪ੍ਰਸਪਰ ਨਿਰਭਰਤਾ ਦੀ ਦੱਸ ਪਾਈ ਗਈ ਹੈ।

ਕਿਰਤ ਕਰੋ ਵੰਡ ਛਕੋ ਤੇ ਸਿਮਰਨ ਕਰਣ ਦੇ ਸਿਧਾਂਤ ਨਾਲ ਗੁਰਬਾਣੀ ਸਾਨੂੰ ਆਪਣੇ ਕੁਦਰਤੀ ਗੁਣਾਂ ਦੀ ਵਰਤੋਂ ਨਾਲ ਸਖਤ ਮਿਹਨਤ ਕਰਦੇ ਹੋਏ, ਸਚੀ  ਸੁਚੀ ਕਮਾਈ ਤੇ  ਇਮਾਨਦਾਰੀ ਭਰਿਆ ਜੀਵਨ ਬਤੀਤ ਕਰਨ ਦੀ ਤਾਕੀਦ ਕਰਦੀ ਹੈ।  ਵੰਡ ਛਕੋ, ਸਵੈ-ਗਰਜ਼ ਪੂਰਤੀ ਤੋਂ ਪਹਿਲਾਂ, ਆਪਣੀ ਕਿਰਤ ਦਾ ਫਲ ਗਰੀਬ ਗੁਰਬੇ ਤੇ ਲੋੜਵੰਦਾਂ ਨਾਲ ਸਾਂਝਾ ਕਰਨ ਦੀ ਪ੍ਰੇਰਣਾ ਦਿੰਦਾ ਹੈ।  ਨਾਮ ਜਪੋ, ਸਾਨੂੰ, ਪ੍ਰਮਾਤਮਾ ਅਤੇ ਉਸ ਦੀ ਸਿਰਜਣਾ ਨਾਲ ਪਿਆਰ ਭਰਿਆ ਜੀਵਨ ਜੀਉਣ ਦਾ ਸੱਦਾ ਦਿੰਦਾ ਹੈ। ਗੁਰਬਾਣੀ ਸਾਨੂੰ ਸਮਾਜਿਕ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਤੇ  ਚੰਗਾ ਚਾਲ-ਚਲਣ ਅਪਨਾਉਣ ਉੱਤੇ ਜ਼ੋਰ ਦਿੰਦੀ ਹੈ। ਗੁਰਬਾਣੀ ਦਾ ਕਥਨ ਹੈ ਕਿ;

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥(ਮ. 1, ਪੰਨਾ 62)

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥(ਮਹਲਾ 5, ਪੰਨਾ 1299)।

ਏਕੁ ਪਿਤਾ ਏਕਸ ਕੇ ਹਮ ਬਾਰਿਕ॥ (ਮ. 5, ਪੰਨਾ 611)

ਇਕ ਪਰਮਾਤਮਾ ਸਾਰਿਆਂ ਦਾ ਪਿਤਾ ਹੈ; ਅਤੇ ਅਸੀਂ ਉਸਦੇ ਬੱਚੇ ਹਾਂ। ਇਸ ਲਈ ਪਰਮਾਤਮਾ ਦੀ ਬਣਾਈ ਕੁਦਰਤ ਨਾਲ ਪਿਆਰ, ਮਨੁੱਖਤਾ ਨਾਲ ਪਿਆਰ, ਪਰਮਾਤਮਾ ਨਾਲ ਪਿਆਰ ਮਨੁੱਖਤਾ ਦਾ ਲਾਜ਼ਮੀ ਅੰਗ ਬਣ ਜਾਂਦਾ ਹੈ। ਜਿਵੇਂ ਭਾਈ ਘਨੱਈਆ ਜੀ ਨੇ ਕੀਤਾ ਸੀl ਤੇ ਉਸਤੋਂ ਬਾਅਦ ਵੀ ਕਈ ਭਾਈ ਘਨਈਆ ਪੈਦਾ ਹੋਏ ਹਨ, ਜਿਨ੍ਹਾਂ ਨੇ ਸਰਬ ਸਾਂਝੇ ਭਾਈਚਾਰੇ ਦੀ ਸਥਾਪਤੀ ਤੇ ਪ੍ਰਫੁੱਲਤਾ ਲਈ ਲਗਾਤਾਰ ਯਤਨਸ਼ੀਲ ਰਹਿੰਦੇ ਹੋਏ ਗੁਰਬਾਣੀ ਦੇ ਹੇਠਾਂ ਵਰਨਿਤ ਕਥਨ ਨੂੰ ਸਾਰਥਕ ਕੀਤਾ ਹੈ/ਕਰ ਰਹੇ ਹਨ।

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥(ਮ. 5, ਪੰਨਾ 97)

ਗੁਰੂ ਨਾਨਕ ਸਾਹਿਬ ਦਾ ਫਲਸਫਾ ਨਿਆਂਵਾਦੀ, ਉਦਾਰਵਾਦੀ, ਵਿਆਪਕ ਅਤੇ ਪਰਉਪਕਾਰੀ ਸਮਾਜਿਕ ਪ੍ਰਬੰਧ ਦੀ ਸਿਰਜਣਾ ‘ਤੇ ਕੇਂਦ੍ਰਿਤ ਹੈ। ਇਹ ਫਲਸਫਾ ਆਪਸੀ ਪਿਆਰ ਨੂੰ ਉਤਸ਼ਾਹਿਤ ਕਰਨ, ਉੱਚ ਨੈਤਿਕ ਆਚਰਣ ਦੀ ਪ੍ਰਫੁੱਲਤਾ, ਸਮਾਜਿਕ ਬਰਾਬਰੀ ਤੇ ਸਰਬ ਸਾਂਝੀਵਾਲਤਾ ਦੇ ਵਿਕਾਸ, ਅਤੇ ਵਿਸ਼ਵ ਸ਼ਾਂਤੀ ਦੀ ਸਥਾਪਨਾ ਲਈ ਸਹੀ ਰਾਹਨੁਮਾਈ ਦਾ ਮਾਰਗ ਹੈ।ਸ਼ਬਦ-ਗੁਰੂ ਦੇ ਉਪਦੇਸ਼ਾਂ ਨੂੰ ਸਾਧ ਸੰਗਤਿ ਵਿੱਚ ਜੁੜ ਕੇ ਮਨ ਕਰ ਕੇ, ਕਮਾਉਂਣ ਵਾਲੇ ਮਨੁੱਖ ਤੇ  ਕਦੇ-ਨ-ਕਦੇ ਪ੍ਰਭੂ  ਪਰਸੰਨ ਹੋ ਹੀ ਜਾਂਦਾ ਹੈ ਅਤੇ ਉਸ ਦੇ ਮਨ ਅੰਦਰ (ਚਾਅ ਤੇ ਉਤਸ਼ਾਹ ਨਾਲ ਨਾਮ ਜਪਨ, ਸਿਮਰਨ ਕਰਨ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਬਰਕਤਿ ਨਾਲ) ‘ਨਾਮੁ’ ਪਰਗਟ ਹੋ ਜਾਂਦਾ ਹੈ।

ਇਸ ਆਤਮਕ ਅਵੱਸਥਾ `ਤੇ ਪਹੁੰਚਿਆ ਹੋਇਆ ਮਨੁੱਖ  ਹੱਕ, ਸੱਚ, ਇਨਸਾਫ਼ ਤੇ ਸਬਰ-ਸੰਤੋਖ ਦਾ ਧਾਰਨੀ ਬਣ ਜਾਂਦਾ ਹੈl ਇਹੋ ਜਹੇ ਮਨੁੱਖ ਹੀ ਪਹਿਲੇ ਆਸੇ-ਪਾਸੇ, ਪਿੰਡਾਂ ਸ਼ਹਿਰਾਂ, ਦੇਸ ਪਰਦੇਸਾਂ ਤੇ ਦੁਨੀਆ ਵਿੱਚ  ਸ਼ਾਂਤੀ ਕਾਇਮ ਕਰਨ ਲਈ ਸਿਰ-ਧੜ ਦੀ ਬਾਜ਼ੀ ਲਾਉਂਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਜਦੋਂ ਅਜਿਹੇ ਵਿਅਕਤੀਆਂ ਦੀ ਗਿਣਤੀ ਸੰਸਾਰ ਵਿੱਚ ਵੱਧਦੀ ਜਾਵੇਗੀ  ਸੰਸਾਰ ਵਿੱਚ  ਸਮਾਜ-ਪ੍ਰਬੰਧ (ਹਲੇਮੀ-ਰਾਜ) ਦੀ ਸਿਰਜਨਾ ਕਰਨ ਦੇਰ ਨਹੀਂ ਲੱਗੇਗੀ । ਸੰਸਾਰ  ਵਿੱਚ ਵਸਣ ਵਾਲੇ ਮਨੁੱਖਾਂ ਦਾ ਜੀਵਨ ਖੁਸ਼ੀਆਂ-ਭਰਪੂਰ ਬਣ ਜਾਵੇਗਾ। ਸੰਸਾਰ ਦੇ ਧਰਤੀ `ਤੇ ਹੀ ‘ਸਵਰਗ’ਉੱਤਰ ਆਏਗਾl  ਫ਼ਲਸਰੂਪ, ਇੱਕ ਪਰਿਵਾਰ ਤੋਂ ਲੈ ਕੇ ਵਿਸ਼ਵ-ਪੱਧਰ ਤੱਕ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਪ੍ਰਭੂ-ਮਿਲਾਪ ਵੀ।

ਸਿੱਖ ਧਰਮ ਦੇ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਰਬਸਾਂਝੇ ਅਤੇ ਸਰਬ ਕਲਿਆਣਕਾਰੀ ਸੰਦੇਸ਼ ਜੋ ਸਾਰੀ ਕਾਇਨਾਤ ਲਈ ਹਨ, ਲਾਹਾ ਨਾ ਲੈਣਾ ਜਾਂ ਲਾਹਾ ਨਾ ਲੈਣ ਦੇਣਾ ਭਾਵ ਇਸ ਦੇ ਪ੍ਰਚਾਰ-ਪ੍ਰਸਾਰ ’ਚ ਸਹਾਇਕ ਬਣਨ ਦੀ ਬਜਾਇ ਰੁਕਾਵਟਾਂ ਪੈਦਾ ਕਰਨਾ; ਮਾਨਵਤਾ ਦਾ ਸਭ ਤੋਂ ਵੱਡਾ ਨੁਕਸਾਨ ਹੈ, ਜੋ ਸਾਡੇ ਸਾਹਮਣੇ ਹੀ ਧਾਰਮਿਕ ਅਤੇ ਰਾਜਸੀ ਲੀਡਰ ਆਪਣੀਆਂ ਕੁਰਸੀਆਂ ਨੂੰ ਬਰਕਰਾਰ ਰੱਖਣ ਲਈ ਕਰ ਰਹੇ ਹਨ ਜੋ ਦਿਨ -ਬਦਿਨ ਦੇਸ਼ਾਂ,ਕੌਮਾਂ, ਤੇ ਵਿਦੇਸ਼ਾਂ ਦੇ ਆਪਸੀ ਰਿਸ਼ਤੇ ਕਮਜ਼ੋਰ ਕਰਣ ਵਿੱਚ ਹਿੱਸਾ ਪਾ  ਰਹੇ ਹਨl

                ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ  ਫਤਹਿ

Print Friendly, PDF & Email

Nirmal Anand

Add comment

Translate »