ਸਿੱਖ ਇਤਿਹਾਸ

ਰਹਿਰਾਸ ਸਾਹਿਬ ਜੀ

ਰਹਿਰਾਸ ਸਿੱਖ ਧਰਮ ਦੀ ਰੋਜ਼ਾਨਾ ਸ਼ਾਮ ਵੇਲੇ ਨਿਤਨੇਮ ਵਿੱਚ ਪੜੀ  ਜਾਣ ਵਾਲੀ ਬਾਣੀ  ਤੇ ਅਰਦਾਸ ਦਾ ਹਿੱਸਾ ਹੈ l  ਸ਼ਾਮ ਸੂਰਜ ਢਲਣ ਤੋਂ ਬਾਅਦ ਜਦ ਅਸੀਂ ਦਿਨ ਦੇ ਕੰਮ  ਤੋਂ ਵਿਹਲੇ ਹੋ ਜਾਂਦੇ ਹਾਂ, ਦਿਨ ਦੇ ਝਮੇਲੇ ਤੇ ਫਿਕਰ-ਚਿੰਤਾ ਖਤਮ ਹੋ ਜਾਂਦੀ ਹੈ, ਮਨ ਸ਼ਾਂਤ ਤੇ ਤਨ ਹਲਕਾ ਹੋ ਜਾਂਦਾ ਹੈ,ਸੂਰਜ ਵੀ ਡੁੱਬਣ ਦੀ ਤਿਆਰੀ ਵਿੱਚ ਹੁੰਦਾ ਹੈl ਸਾਰੇ ਦਿਨ ਦੇ ਕਾਰ ਵਿਹਾਰਾਂ ਪਿੱਛੋਂ  ਖਿੰਡਰਿਆ ਪੁੰਨਡਰਿਆ ਮਨ  ਟਿਕਦਾ ਹੈ ਤਾ ਰਹਿਰਾਸ ਸਾਹਿਬ ਦੀ ਬਾਣੀ ਰਾਹੀਂ  ਸਿਰਜਣਹਾਰ ਦਾ ਧੰਨਵਾਦ ਕਰਦੇ ਹੋਏ  ਮਨੁੱਖੀ ਜੀਵਨ ਦਾ ਇਸ ਧਰਤੀ ਤੇ ਆਉਣ ਦਾ ਮੱਕਸਦ  ਯਾਦ ਕਰਵਾਇਆ ਜਾਂਦਾ ਹੈl ਰਹਿਰਾਸ ਸਹਿਬ ਜੀ ਦੀ ਬਾਣੀ ਸ਼ਾਮ ਨੂੰ ਪੜਨ ਦੀ ਰਹੁਰੀਤੀ ਗੁਰੂ ਅਰਜਨ ਦੇਵ ਜੀ ਵੱਲੋਂ ਸ਼ੁਰੂ ਹੋਈ ਸੀ l ਭਾਈ ਗੁਰਦਾਸ ਜੀ ਗੁਰਸਿਖਾਂ ਦੇ ਇਸ ਬਾਣੀ ਦਾ ਨੇਮ ਨਾਲ ਪਾਠ ਕਰਨ ਬਾਰੇ ਲਿਖਦੇ ਹਨ –

“ਸੰਝੇ ਸੋਦਰੁ ਗਾਵਣਾ ਮਨ ਮੇਲੀ ਕਰ ਮੇਲਿ  ਮਿਲੰਦੇ “

ਰਹਿ ਮਤਲਬ ਰਸਤਾ ਤੇ ਰਾਸ ਮਤਲਬ ਪੂੰਜੀ- ਰਹਿਰਾਸ,ਸਾਡੀ ਹਰੀ ਤਕ ਪਹੁੰਚਣ ਦਾ ਰਸਤਾ ਹੈ ਤੇ ਸਾਡੇ ਜੀਵਨ ਦੇ ਰਾਹ ਦੀ ਪੂੰਜੀ ਹੈl ਪਹਿਲਾਂ ਇਸ ਬਾਣੀ ਨੂੰ ‘ਸੋਦਰੁ’ ਕਿਹਾ ਜਾਂਦਾ ਸੀ ਪਰ ਭਾਈ ਨੰਦ ਲਾਲ ਜੀ ਨੇ ਇਸ ਬਾਣੀ ਦਾ ਨਾਮ ਸੋਦਰ ਦੀ ਜਗਹ ਰਹਿਰਾਸ ਵਰਤਿਆ ਹੈl ਦਸਮ ਪਾਤਸ਼ਾਹ ਵੇਲੇ ਇਸ ਬਾਣੀ ਦੇ ਕੇਵਲ 9 ਸ਼ਬਦ ਸਨl  ਸੋਦਰੁ ਦੇ ਪੰਜ ਸ਼ਬਦ ਤੇ ਸੋ ਪੁਰਖ ਦੇ ਚਾਰ  ਸ਼ਬਦ ਪਰੰਤੂ ਉਨ੍ਹਾਂ ਤੋਂ ਉਪਰੰਤ ਸ਼ਰਧਾਲੂ ਗੁਰਸਿਖਾਂ ਨੇ ਚੌਪਈ ਅਤੇ ਆਨੰਦ ਸਾਹਿਬ ਦੀਆਂ ਪੰਜ ਪਹਿਲੀਆਂ ਤੇ ਇੱਕ ਅਖੀਰਲੀ 6 ਪਉੜੀਆਂ ਤੇ ਅੰਤ  ਵਿੱਚ ਮੁੰਦਾਵਣੀ ਤੇ ਸਲੋਕ ਮਹੱਲਾ ਪੰਜਵਾਂ ਦੇ ਸ਼ਬਦ ਦਰਜ ਕਰ ਦਿੱਤੇ l ਰਹਿਰਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌ ਸ਼ਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ
ਸਰਮਾ’) ਤਕ ਹੈ,  ‘ਸੋਦਰ ਜਪੁਜੀ ਸਾਹਿਬ ਦੀ 27 ਪਉੜੀ ਵਿੱਚ ਆਉਂਦਾ ਜਦ ਕਿ ਰਹਿਰਾਸ ਸਾਹਿਬ ਦੀ ਸ਼ੁਰੂਵਾਤ  ਇਸ ਸ਼ਬਦ ਤੋਂ ਹੁੰਦੀ ਹੈ ਮਤਲਬ ਇਹ ਰਹਿਰਾਸ ਸਾਹਿਬ ਜੀ ਦਾ ਪਹਿਲਾਂ ਸ਼ਬਦ ਹੈl  ਜਪੁਜੀ ਕਿਸੇ ਰਾਗ ਨਾਲ ਸਬੰਧਿਤ ਬਾਣੀ ਨਹੀਂ ਹੈ ਜਦਕਿ ਰਹਿਰਾਸ ਵਿੱਚ ਇਹ ਰਾਗ ਆਸਾ ਦੇ ਸਿਰਲੇਖ ਹੇਠਾਂ ਆਉਂਦਾ ਹੈl ਪੁਰਾਤਨ ਰਹਿਤਨਾਮਿਆਂ ਵਿੱਚ ਇਸ ਬਾਣੀ ਦਾ ਜ਼ਿਕਰ ਮਿਲਦਾ ਹੈ।

“ਸੰਧਿਆ ਸਮੇ ਸੁਨੇ ਰਹਿਰਾਸ” ਅਤੇ “ਬਿਨ ਰਹਿਰਾਸ ਸਮਾਂ ਜੋ ਖੋਵੇ “

ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਸੰਬੋਧਨ ਕਰਕੇ ਸਵਾਲ  ਕਰਦੇ ਹਨ ? ਤੇਰਾ ਘਰ ਤੇ ਦਰ ਕਿਹੋ ਜਿਹਾ ਹੋਵੇਗਾ ਜਿੱਥੇ ਤੂੰ ਸਾਰੀ ਸ੍ਰਿਸ਼ਟੀ ਰਚਕੇ ਉਸਦੀ  ਸੰਭਾਲ ਕਰ ਰਿਹਾ ਹੈਂ l ਤੇਰੀ ਰਚੀ ਕੁਦਰਤ ਵਿੱਚ ਅਣਗਿਣਤ ਵਾਜੇ ਤੇ  ਨਾਦ ਹਨ  ਜੋ  ਤੇਰੀ ਰਚੀ ਕੁਦਰਤ ਵਿੱਚ ਤੇਰੀ ਸਿਫਤ ਸਲਾਹ ਦੇ  ਗੀਤ ਗਾ ਰਹੇ ਹਨ l ਸਾਰੀ ਸ੍ਰਿਸ਼ਟੀ ਦੇ ਜੀਵ ਜੰਤੂ ,ਭਗਤ ਸਿੱਧ,ਜੋਗੀ,ਜਪੀ, ਤਪੀ ,ਸਤੀ, ਸੰਤੋਖੀ, ਖੰਡ -ਮੰਡਲ, ਬਰਹਿਮੰਡ,ਪੋਣ,ਪਾਣੀ, ਬੈਸੰਤਰ, ਸਭ ਤੇਰੀ ਸਿਫਤ ਸਲਾਹ ਕਰ ਰਹੇ ਹਨl

(ਗੁਰੂ ਰਾਮਦਾਸ ਜੀ)  ਆਪਣੇ ਵਿਆਹ ਵਕਤ ਜਦ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੂੰ  ਕੁਝ ਮੰਗਣ ਵਾਸਤੇ ਕਿਹਾ ਤਾਂ ਉਨ੍ਹਾਂ ਨੇ  ਕੀ ਮੰਗਿਆ? -ਹੈ ਪਰਮਾਤਮਾ ਅਸੀਂ ਤੁਝ ਜੀਵ ਤੇਰੀ ਸ਼ਰਨ ਵਿੱਚ ਆਏ ਹਾਂ , ਮੇਰੇ ਅੰਦਰ ਰਾਮ ਨਾਮ ਦੀ ਬਖਸਿਸ਼ ਕਰੋ  ਤਾਕਿ  ਗੁਰਮਤਿ ਮੇਰੇ ਜੀਵਨ ਦਾ ਸਹਾਰਾ  ਤੇ ਆਪਜੀ ਦੀ ਉਸਤਤਿ  ਮੇਰੀ ਅਰਦਾਸl ਹੋਵੇl  ਉਨ੍ਹਾਂ ਦੇ ਵਡੇਰੇ ਭਾਗ ਹੁੰਦੇ ਹਨ, ਜਿਨ੍ਹਾਂ ਨੂੰ ਹਰੀ ਨਾਮ ਦੀ ਚਾਹ, ਸ਼ਰਧਾ  ਤੇ  ਉਸਨੂੰ ਮਿਲਣ ਦੀ ਪਿਆਸ ਹੋਵੇ ਜੋ ਕੀ ਸਾਧ -ਸੰਗਤ ਕਰਨ ਨਾਲ ਹੀ ਮਿਲਦੀ ਹੈl ਜਿਹੜੇ ਉਸਦੀ ਸ਼ਰਨ ਵਿੱਚ ਨਹੀਂ ਆਏ ਉਹ ਭਾਗਹੀਣ ਹਨ , ਉਨ੍ਹਾਂ ਦਾ ਜੀਣਾ ਵੀ ਧ੍ਰਿਗ ਹੈ

ਜਦ ਗੁਰੂ ਅਰਜਨ ਦੇਵ ਜੀ ਗੱਦੀ -ਨਸ਼ੀਨ ਹੋਏ ਤਾਂ ਉਨ੍ਹਾਂ ਨੂੰ ਪ੍ਰਿਥੀ ਚੰਦ ਦੀ ਖਿਲਾਫ਼ਤ ਦਾ ਸਾਮਣਾ ਕਰਣਾ  ਪਿਆl ਪ੍ਰਿਥੀ ਚੰਦ ਨੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦਿੱਤਾl  ਸੰਗਤ ਦੀ ਦਿੱਤੀ ਭੇਟ ਉਹ ਆਪ ਰੱਖ ਲੈਂਦਾ ਸੀ ਤੇ ਲੰਗਰ ਵਾਸਤੇ ਸੰਗਤਾਂ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਪੰਡਾਲ ਵਿੱਚ ਭੇਜ ਦਿੰਦਾ ਸੀl ਜਿਸ ਕਰਕੇ ਲੰਗਰ ਖਾਲੀ ਭੁਜੇ ਛੋਲਿਆਂ ਤਕ ਸੀਮਤ ਰਹਿ  ਗਿਆl ਫਿਰ ਵੀ ਗੁਰੂ ਸਾਹਿਬ  ਡੋਲੈ ਨਹੀਂ l ਉਨ੍ਹਾਂ ਦੀ ਇਹ ਬਾਣੀ  ਉਸ ਵਕਤ ਦੀ ਹੈ  ਕੀ ਪਰਮਾਤਮਾ ਨੂੰ ਸਭ ਦੀ ਰੋਜ਼ੀ ਦਾ ਫਿਕਰ ਹੈl ਉਹ ਪੱਥਰ ਵਿੱਚ ਕੀੜਿਆਂ ਦੀ ਰੋਜ਼ੀ ਰੋਟੀ ਦਾ ਫਿਕਰ ਕਰਦਾ ਹੈl ਕੂੰਜਾਂ ਜੋ ਬੱਚੇ ਪੈਦਾ ਕਰਕੇ ਹਜ਼ਾਰੋਂ ਮੀਲਾਂ ਦੀ ਉਡਾਰੀ ਤੇ ਚਲੀਆਂ ਜਾਂਦੀਆਂ ਹਨ ,ਉਨ੍ਹਾਂ ਨੂੰ ਰਿਜ਼ਕ ਵੀ ਪਰਮਾਤਮਾ ਦੇ ਦਿੰਦਾ ਹੈl ਉਸ ਵਾਹਿਗੁਰੂ ਦੇ ਪਾਰਾਵਾਰ ਦਾ ਕੋਈ ਅੰਤ ਨਹੀਂ l

ਉਸ ਅਕਾਲ ਪੁਰਖ ਵਰਗਾਂ   ਨਾ ਕੋਈ ਸੀ ਨਾ ਕੋਈ ਹੈ ਤੇ  ਨਾ ਹੀ ਕੋਈ ਹੋਵੇਗਾ lਉਹ ਜੁਗ  ਜੁਗ ਨਿਹਚਲ ਕਰਤਾ ਪੁਰਖ ਹੈ l ਸਾਰੇ ਉਸ ਨੂੰ ਵੱਡਾ ਕਹਿੰਦੇ ਹਨ ਪਰ ਉਹ   ਕਿਤਨਾ ਵੱਡਾ  ਹੈ ਅਜਤਕ ਕੋਈ ਨਹੀਂ ਜਾਣ ਸਕਿਆl   ਅਨੇਕ ਸਾਧਾਂ, ਸੰਤਾਂ, ਸਿੱਧਾਂ ਜੋਗੀਆਂ  ਨੇ ਕੋਸ਼ਿਸ਼ ਕੀਤੀ ਹੈ ਪਰ ਉਸ ਦੀਆਂ ਵਡਿਆਈਆਂ ਦਾ ਕੋਈ ਤਿਲ-ਮਾਤਰ ਵੀ ਅੰਤ ਨਹੀਂ ਪਾ ਸਕਿਆl  ਉਹ  ਇੱਕ  ਡੂੰਘੇ  ਸਮੁੰਦਰ ਦੀ ਤਰ੍ਹਾਂ ਹੈ ,ਜਿਸਦੀ ਥਾਹ  ਕੋਈ ਨਹੀਂ  ਹੈ, ਗਹੁਰ -ਗੰਭੀਰ, ਗੁਣਾਂ ਤੇ ਵਡਿਆਈਆਂ ਨਾਲ ਨੱਕੋਂ ਨੱਕ ਭਰਿਆ ਹੋਇਆl ਉਸਦੇ ਹੱਥ ਸਭ ਕੁਝ ਹੈ ਪੂਰੀ  ਕਾਇਨਾਤ ਉਸ ਦੇ ਹੁਕਮ ਨਾਲ ਚਲਦੀ ਹੈ l  ਉਹ ਜਦ ਚਾਹੇ ਆਪੇ ਹੀ ਸ੍ਰਿਸ਼ਟੀ ਰਚ ਦਿੰਦਾ ਹੈ ਤੇ ਆਪੇ  ਹੀ ਫਿਰ ਸਮੇਟ  ਦਿੰਦਾ ਹੈ l ਜੋ ਉਸ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ l  ਜਿਸਤੇ ਉਸ ਦੀ ਬਖਸ਼ਿਸ਼ ਹੋਈ ਹੈ ਉਹ  ਨਾਮ ਰਤਨ ਪਾ ਲੈਂਦਾ ਹੈ l ਬਾਕੀ ਤਾਂ ਆਵਾ ਗਵਨ ਦੇ ਚੱਕਰ ਵਿੱਚ ਭਾਉਂਦੇ  ਰਹਿੰਦੇ ਹਨ l  ਉਸਦੀ ਕਿਰਪਾ ਨਾਲ ਮਨੁੱਖ ਭਵ ਸਾਗਰ ਪਾਰ ਕਰਕੇ ਸੱਚਖੰਡ, ਉਸਦੀ ਸ਼ਰਨ ਵਿੱਚ ਪਹੁੰਚ ਜਾਂਦਾ ਹੈ l

ਇਨਸਾਨ ਜਿਓਂ ਜਿਓਂ ਪਰਮਾਤਮਾ ਨੂੰ ਸਿਮਰਦਾ ਹੈ ਉਸਦੇ ਅੰਦਰ ਜੀਵਨ ਦਾਨ ਪੈਦਾ ਹੁੰਦਾ ਹੈ  ਪਰ ਜਦ  ਉਹ ਦੇਣਹਾਰ ਨੂੰ ਭੁੱਲ ਕੇ ਉਸਦੀਆਂ ਬਖਸ਼ੀਆਂ ਦਾਤਾਂ ਵਿੱਚ ਖਚਤ ਹੋ ਜਾਂਦਾ ਹੈ ਤਾਂ ਉਸਦੀ ਆਤਮਿਕ ਮੌਤ ਹੋ ਜਾਂਦੀ ਹੈl ਇਹੋ ਜਹੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ  ਨੀਚ ਤੇ ਕਮਜਾਤ ਆਖਿਆ ਹੈ   ਜਿਹੜੇ ਉਸਦਾ ਦਿੱਤਾਂ ਖਾਕੇ, ਉਸ ਦਿੱਤੀਆਂ ਮਹਿਲ ਮਾੜੀਆਂ, ਧੰਨ ਦੌਲਤ, ਰਿਸ਼ਤੇ ਨਾਤਿਆਂ  ਵਿੱਚ ਖਚਤ ਹੋਕੇ   ਦਾਤਾਰ  ਨੂੰ ਭੁੱਲ ਜਾਂਦੇ ਹਨl ਦੁਨਿਆਵੀ ਚੱਕਾ ਚੌਂਧ ਵਿੱਚ ਇਤਨੇ ਮਗਨ  ਹੋ ਜਾਂਦੇ ਹਨ  ਕਿ ਦੋ ਵਕਤ ਉਸਦਾ ਸ਼ੁਕਰਨਾ ਤਕ ਕਰਨ ਦਾ ਵਕਤ  ਨਹੀਂ  ਕੱਢ ਸਕਦੇ l ਕਈ  ਸਾਡੇ ਵਰਗੇ ਇਹੋ ਜਿਹੇ ਵੀ ਹਨ ਜਿਹੜੇ ਦਿਖਾਵੇ ਦੀ ਤੋਰ ਤੇ ਗੁਟਕਾ ਤਾਂ ਹੱਥ ਵਿੱਚ ਫੜ ਲੈਂਦੇ ਹਨ ,ਪਾਠ ਵੀ ਕਰ ਲੈਂਦੇ ਹਨ, ਪਰ ਉਨ੍ਹਾਂ ਦਾ ਧਿਆਨ ਸਦਾ  ਦੁਨਿਆਵੀ ਝਮੇਲਿਆਂ ਵਿੱਚ ਰੁੱਝਾ ਰਹਿੰਦਾ ਹੈ l  ਰਾਮ ਨਾਮ ਦੇ  ਚਾਨਣ ਤੋਂ ਇਹੋ ਜਹੇ ਬੰਦੇ ਸੱਖਣੇ ਰਹਿ ਜਾਂਦੇ ਹਨ  l

ਸਤਿਗੁਰੂ ਰਾਮਦਾਸ ਜੀ ਦਾ ਧਨਾਸਰੀ ਰਾਗ ਵਿੱਚ ਫੁਰਮਾਨ ਹੈ-
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ 1॥
(ਪੰਨਾ 669)

ਰਾਮ  ਨਾਮ ਹੀ ਸਾਡਾ ਆਸਰਾ ਹੈ , ਸਾਡੀ ਜੀਵਨ  ਪੂੰਜੀ ਹੈ,  ਸਾਡੀ   ਭੁੱਖ ਹੈ, ਸਾਡੀ ਤ੍ਰੇਹ ਹੈ ਤੇ  ਸਾਡੀ ਜ਼ਿੰਦਗੀ ਹੈ l ਜਿਨ੍ਹਾਂ ਨੂੰ ਇਹ ਸਮਝ ਆ ਗਈ ਹੈ  ਉਨ੍ਹਾਂ ਦੇ ਵੱਡੇ ਭਾਗ ਹਨl  ਉਹ ਸਾਧੂ ਸੰਤ ਭਗਵੰਤ ਤੇ ਰਾਮਦਾਸ ਦੀ ਪਦਵੀ ਤੇ ਪੁੱਜ ਜਾਂਦੇ  ਹਨ ਤੇ ਅਖੀਰ ਉਸ ਪਰਮਾਤਮਾ ਅੰਦਰ ਸਮਾਂ ਜਾਂਦੇ ਹਨl  ਇਸਤੋਂ ਹੀਣੇ ਲੋਕ  ਭਾਗਹੀਣ ਤੇ ਫਿਟਕਾਰ ਦੇ ਯੋਗ ਹਨl ਕਈ ਇਹੋ ਜਹੇ ਵੀ ਹਨ ਜੋ  ਖਾਲੀ ਉੱਦਮ ਕਰਨ ਦੀ ਚਿੰਤਾ ਕਰਦੇ ਰਹਿੰਦੇ ਹਨ, ਉੱਦਮ ਨਹੀਂ ਕਰਦੇ  l ਉੱਦਮ ਅਤੇ ਚਿਤਵਹਿ ਉੱਦਮ ਦਾ ਫਰਕ ਹੈ ਉੱਦਮ ਮਤਲਬ ਉੱਦਮ ਕਰਨਾ  ਤੇ ਉੱਦਮ ਚਿਤਵਹਿ ਮਤਲਬ ਉੱਦਮ ਬਾਰੇ ਖਾਲੀ ਸੋਚੀ ਜਾਣਾ  ਕਿ ਮੈਂ  ਇਹ ਕਰਨਾ  ਹੈ, ਉਹ ਕਰਨਾ ਹੈ, ਸੋਚ-ਫਿਕਰ ਵਿੱਚ ਹੀ ਸਾਰੀ ਜਿੰਦਗੀ  ਬਿਤਾ ਦਿੰਦੇ  ਹਨ  ਪਰ ਕਰਦੇ  ਕੁਝ ਨਹੀਂl l

ਗੁਰੂ ਸਾਹਿਬ ਮਨੁੱਖ ਨੂੰ ਬਾਣੀ  ਰਾਹੀਂ ਸਮਝਾਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਤੂੰ ਰੋਜ਼ੀ ਰੋਟੀ ਦਾ, ਧੰਨ ਦੌਲਤ ਇਕੱਠਾ ਕਰਨ ਦਾ  , ਦੁਨੀਆ ਵਿੱਚ ਵਾਹ ਵਾਹ ਖੱਟਣ ਦੀ ਫਿਕਰ ਛੱਡ  , ਇਹ ਸਭ ਤੇਰੇ ਨਾਲ ਨਹੀਂ ਜਾਣਾ ਇੱਥੇ ਹੀ ਰਹਿ  ਜਾਣਾ ਹੈ l ਬਾਕੀ ਜੀਣ ਵਾਸਤੇ ਰੋਟੀ-ਰੋਜ਼ੀ  ਦੇਣ ਦਾ ਫਿਕਰ ਤਾ ਦਾਤੇ ਨੂੰ ਹੈl ਬਾਕੀ ਰਿਸ਼ਤੇ ਨਾਤੇ, ਮਾਤਾ ਪਿਤਾ ਪੁੱਤਰ ਇਸਤ੍ਰੀ ਭੈਣ ਭਰਾ, ਸਭ ਮਤਲਬ ਤੇ ਵਕਤ ਦੀ ਖੇਡ ਹੈ, ਜਦ ਤੇਰਾ ਵਕਤ ਖਤਮ ਹੋ ਗਿਆ, ਕਿਸੇ ਤੇਰੇ  ਨਾਲ ਨਹੀਂ ਜਾਣਾ l ਇਸ ਕਰਕੇ ਉਸ ਦੀ ਓਟ ਰੱਖਕੇ ਕਰਮ ਕਰਦਾ ਜਾ l  ਇਨਸਾਨ ਤੇ ਬਾਕੀ ਜੀਵ ਜੰਤੂਆਂ ਵਿੱਚ ਸਿਰਫ਼ ਇਤਨਾ ਫਰਕ ਹੈ ਕਿ  ਇਨਸਾਨ ਨੂੰ ਉਸਨੇ ਹੱਥ ਪੈਰ ਕੰਮ ਕਰਨ ਲਈ ਤੇ ਦਿਲ ਦਿਮਾਗ ਸੋਚਣ ਸਮਝਣ ਲਈ ਦਿੱਤਾ ਹੈ ਤਾਕਿ ਉਹ ਸ਼ੁਭ  ਕਿਰਤ ਕਰਕੇ , ਢਿੱਡ ਭਰਨ ਲਈ ਖਾਵੇ, ਢਿੱਡ ਵਧਾਣ ਲਈ ਨਹੀਂ ਤੇ ਬਾਕੀ  ਭੁੱਖੇ ,ਲੋੜਵੰਦ ਤੇ ਗਰੀਬਾਂ  ਦੀ ਸੇਵਾ ਸੰਭਾਲ ਕਰੇ l ਕੱਲ  ਦਾ ਫਿਕਰ ਨਾ ਕਰੇ, ਕੱਲ ਦੀ ਫਿਕਰ ਰੱਬ ਆਪ ਹੀ ਕਰੇਗਾ  l  ਉਹੀ  ਜੀਆਂ ਨੂੰ ਦਾਤਾਂ ਦੇਣ ਵਾਲਾ ਹੈ , ਦੁਖ ਦੂਰ ਕਰਨ ਵਾਲਾ ਹੈ, ਉਹ ਆਪੇ ਪਰਮਾਤਮਾ ਤੇ ਆਪੇ ਹੀ ਸੇਵਕ ਹੈl

ਜੋ ਉਸ ਪੂਰਨ ਬ੍ਰਹਮ  ਨੂੰ ਧਿਆਉਂਦੇ ਹਨ, ਉਹ ਸੁਖੀ ਵਸਦੇ ਹਨl ਉਨ੍ਹਾਂ ਦੀ ਜਮਾਂ ਦੀ ਫਾਂਸੀ ਟੁੱਟ ਜਾਂਦੀ ਹੈ l ਜਿਨ੍ਹਾਂ ਨੇ ਉਸ ਨੂੰ ਨਿਰਭਓ ਹੋਕੇ ਸੇਵਿਆ ਹੈ ਉਨ੍ਹਾ  ਨੂੰ ਪਰਮਾਤਮਾ ਤੋਂ ਸਿਵਾ  ਕਿਸੇ ਦਾ ਭਉ ਨਹੀਂ ਰਹਿੰਦਾl ਉਹ ਉਸਦਾ ਰੂਪ ਹੋ ਜਾਂਦੇ ਹਨ l ਉਸਦੇ ਬੇਅੰਤ ਭਗਤੀ ਤੇ ਭੰਡਾਰੇ ਹਨ, ਅਨੇਕ ਭਗਤ ਹਨ , ਜੋ ਉਸਦੀ  ਭਗਤੀ ਕਰਦੇ ਹਨl ਉਹ ਭਗਤ ਭਲੇ ਹਨ ਜੋ ਉਸ ਨੂੰ ਭਾਉਦੇ ਹਨl ਉਨ੍ਹਾਂ ਭਗਤਾਂ ਦੀ   ਸੰਗਤ ਕਰਦਿਆਂ,ਰੱਬ ਨਾਲ ਜੁੜੋ lਚੰਗੀ ਸੰਗਤ ਮਿਲਣ ਨਾਲ ਲੋਕਾਂ ਦੇ ਗੁਣ ਪ੍ਰਗਟ ਹੁੰਦੇ ਹਨ ਤੇ  ਪੈਦਾ ਹੁੰਦੇ ਹਨ l ਹਰ ਰਸ ਸਾਧ -ਸੰਗਤ ਵਿੱਚੋਂ  ਹੀ ਮਿਲਦਾ ਹੈl ਜਿਨ੍ਹਾ  ਨੂੰ ਚੰਗੀ ਸੰਗਤ ਮਿਲ ਜਾਂਦੀ ਹੈ ਉਹ ਪਰਮਪੱਦ ਪਾ ਲੈਂਦੇ ਹਨ ਮਤਲਬ ਉੱਚੀ ਅਵਸਥਾ,  ਜੋ ਕਿ  ਗੁਰੂ ਕਿਰਪਾ ਨਾਲ, ਉਸਦੀ ਬਖਸ਼ਿਸ਼ ਨਾਲ ਹੀ ਪਾਈ  ਜਾ ਸਕਦੀ  ਹੈl  ਨਿਰਭਉ ਪ੍ਰਭ ਨੂੰ ਸਿਮਰਕੇ  ਇਨਸਾਨ  ਭੀ ਨਿਰਭਉ ਹੋ ਜਾਂਦਾ ਹੈl ਪਰਮਾਤਮਾ ਦਾ  ਸਿਮਰਨ ਕਰਨ ਨਾਲ ਮਨੁੱਖ ਦੇ ਅੰਦਰ ਰਿਧੀਆਂ ਤੇ  ਸਿੱਧੀਆਂ ਪੈਦਾ ਹੋ  ਜਾਂਦੀਆਂ ਹਨ l

ਅੱਜ ਦਾ ਇਨਸਾਨ ਭਿਆਨਕ ਸਰੋਵਰ ਵਿੱਚ ਫਸਿਆ ਹੋਇਆ ਹੈ ਜਿਸ ਵਿੱਚ ਪਾਣੀ ਦੀ ਜਗ੍ਹਾ  ਤ੍ਰਿਸ਼ਨਾ ਦੀ ਅੱਗ  ਹੈl , ਮੋਹ ਦੇ  ਚਿੱਕੜ ਵਿੱਚ  ਉਸਦੇ ਪੈਰ ਅੱਗੇ ਨਹੀਂ ਚਲ਼ ਰਹੇ l ਚਿੱਕੜ ਰੂਪੀ ਤਲਾਬ ਵਿੱਚ ਉਹ ਡੁੱਬ ਰਿਹਾ ਹੈ ਕੋਈ ਚੰਗਾ ਮਨੁੱਖ , ਚੰਗੀ ਸੰਗਤ ਵਾਲਾਂ ਹੀ ਇਸ ਚਿੱਕੜ ਵਿੱਚੋਂ ਉਸ ਨੂੰ ਬਾਹਰ ਕੱਢ ਸਕਦਾ ਹੈ lਇਨਸਾਨ ਕੋਲ ਮਨੁੱਖ ਦੇਹੀ ਵਿੱਚ ਇੱਕੋ-ਇੱਕ  ਮੋਕਾ ਹੈ ਪਰਮਾਤਮਾ ਨੂੰ ਮਿਲਣ ਦਾ l ਅਵਰ ਕਾਜ ਮਤਲਬ ਕਰਮ ਕਾਂਡ ਤੇਰੇ ਕਿਸੇ ਕੰਮ ਦੇ ਨਹੀਂ ਹਨ ਨਾ ਉਹ ਤੇਰੇ ਕੰਮ ਆਉਣੇ ਹਨ l ਤੂੰ ਐਵੈ ਜਨਮ ਬਿਰਥਾ ਗਵਾ  ਰਿਹਾ ਹੈ ਜੇ ਤੂੰ ਜਪ ਤਪ ਸੰਜਮ ਧਰਮ ਨਾ ਕਮਾਇਆ , ਸੰਤਾਂ  ਦੀ ਸੇਵਾ ਨਹੀਂ ਕਰ ਸਕਿਆ ਤਾਂ ਤੇਰੇ ਨੀਚ ਕਰਮ ਹਨ l ਇਹ ਛੱਡ ਕੇ ਉਸਦੀ ਸ਼ਰਨ ਵਿੱਚ ਪੈ ਜਾ ਉਹੀ ਤੇਰੀ ਪੈਜ ਰੱਖੇਗਾl

ਹਰ ਸਿੱਖ ਨੂੰ ਜਿੰਨਾ ਨਿਤਨੇਮ ਸਿੱਖ ਰਹਿਤ ਮਰਯਾਦਾ ਵਿੱਚ ਦਸਿਆ ਗਿਆ ਹੈ ਜਰੂਰ ਕਰਣਾ ਚਾਹੀਦਾ ਹੈ । ਬਾਕੀ ਜਿੰਨਾ ਵੀ ਸਮਾਂ ਗੁਰਬਾਣੀ ਦੀ ਸੰਗਤ ਵਿੱਚ ਲੱਗੇ ਬਹੁਤ ਚੰਗੀ ਗੱਲ ਹੈ।ਅੰਤ ਵਿੱਚ ਸਾਰੇ ਸਿੱਖਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਰਹਰਾਸਿ ਦੇ ਪਾਠ ਦੀ ਜੋ ਬਣਤਰ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਵਿੱਚ ਦਰਸਾਈ ਗਈ ਹੈ ਉਸ ਨੂੰ ਅਪਨਾਇਆ ਜਾਵੇ ਤਾਕਿ ਪੰਥਕ ਏਕਤਾ ਬਣੀ ਰਹੈ l

       ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »