ਜਦੋਂ ਪੰਧਰਵੀ ਸਦੀ ਵਿਚ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ ਤਾਂ ਇਬ੍ਰਾਹਿਮ ਲੋਧੀ ਦਾ ਰਾਜ ਸੀ ਜੋ ਇਕ ਕਮਜ਼ੋਰ ਤੇ ਐਸ਼ਪ੍ਰਸਤ ਬਾਦਸ਼ਾਹ ਸੀ1 ਨਵਾਬ, ਰਾਜੇ, ਮਹਾਰਾਜੇ ਤੇ ਉਨ੍ਹਾ ਦੇ ਅਹਿਲਕਾਰ ਆਪਣੀ ਐਸ਼ਪ੍ਰਸਤੀ ਲਈ ਪਰਜਾ ਤੇ ਮਨ ਚਾਹੇ ਜ਼ੁਲਮ ਕਰਦੇ, ਜਿਸ ਤੋਂ ਤੰਗ ਆਕੇ ਉਸਦੇ ਦਰਬਾਰੀਆਂ ਨੇ ਰਾਣਾ ਸਾਂਗਾ, ਦੀ ਸਰਵਪਰਸਤੀ ਹੇਠ ਬਾਬਰ ਨੂੰ ਸਦਾ ਦਿਤਾ1 ਬਾਬਰ 1526 ਵਿਚ ਲੋਧੀਆਂ ਨੂੰ ਹਰਾਣ ਵਿਚ ਤਾਂ ਕਾਮਯਾਬ ਹੋ ਗਿਆ, ਪਰ ਜੁਲਮਾਂ ਦਾ ਦੋਰ ਉਸੇ ਤਰਹ ਚਲਦਾ ਰਿਹਾ1
ਇਨ੍ਹਾ ਸਾਰੇ ਹਮਲਾਵਰ ਦਾ ਨਿਸ਼ਾਨਾ ਜਿਥੇ ਲੁਟ ਖਸੁਟ ਤੇ ਰਾਜ ਕਰਨੇ ਦਾ ਸੀ ਉਥੇ ਜਨਤਾ ਨੂੰ ਇਸਲਾਮੀ ਦਾਇਰੇ ਵਿਚ ਲਿਆਣ ਦਾ ਵੀ ਸੀ , ਜਿਸ ਲਈ ਉਨਾਂ ਨੇ ਰਾਜਨੀਤਕ ਸ਼ਕਤੀ ਦੀ ਰਜਕੇ , ਬੜੀ ਬੇਰੇਹਿਮੀ ਨਾਲ ਵਰਤੋਂ ਕੀਤੀ 1 ਅੰਤਾ ਦੇ ਜ਼ੁਲਮ ਢਾਹੇ 1 ਅਲਾਓਦੀਨ ਖਿਲਜੀ ਨੇ ਭਰੇ ਦਰਬਾਰ ਵਿਚ ਹਿੰਦੂਆਂ ਦੀਆਂ ਖਲਾਂ ਉਤਾਰਨੀਆਂ ਸ਼ੁਰੂ ਕਰ ਦਿਤੀਆਂ 1 ਫ਼ਿਰੋਜ਼ਸ਼ਾਹ ਤੁਗਲਕ ਨੇ ਜਜੀਏ ਦੇ ਨਾਲ ਨਾਲ ਦੇਵੀ ਦੇਵਤਿਆਂ ਤੇ ਟੈਕ੍ਸ ਲਗਾਣੇ ਸ਼ੁਰੂ ਕਰ ਦਿਤੇ 1 ਤੇਮੂਰ ਨੇ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ 1 ਇਕ ਇਸ਼ਾਰੇ ਨਾਲ ਲਖਾਂ ਹਿੰਦੂ ਕੈਦੀ ਕਤਲ ਕਰਵਾ ਦਿਤੇ 1 ਸਿਕੰਦਰ ਲੋਧੀ ਜੋ ਆਪਣੇ ਆਪ ਬੁਤ ਸ਼ਿਕਨ ਅਖਵਾਂਦਾ ਸੀ ਮੰਦਿਰ ਢਾਹੁਣੇ ਸ਼ੁਰੂ ਕਰ ਦਿਤੇ , ਇਤਨੇ ਮੰਦਿਰ ਢਾਹੇ ਜਿਸਦਾ ਇਤਿਹਾਸ ਵੀ ਹਿਸਾਬ ਕਿਤਾਬ ਨਾ ਰਖ ਸਕਿਆ 1
ਬਾਬਰ ਵਕ਼ਤ ਵੀ ਕੋਈ ਘਟ ਜ਼ੁਲਮ ਨਹੀਂ ਹੋਏ 1 ਮੁਗਲਾਂ ਦੇ ਭਾਣੇ ਮੁਹੰਮਦ ਹਜਰਤ ਆਖਿਰੀ ਪੈਗੰਬਰ ਸਨ , ਜਿਨ੍ਹਾ ਦੇ ਪ੍ਰਚਾਰੇ ਇਸਲਾਮ ਨੂੰ ਨਾ ਮੰਨਣ ਵਾਲੇ ਦੋਜ਼ਖ ਦੇ ਅਧਿਕਾਰੀ ਮੰਨੇ ਜਾਂਦੇ ਸਨ 1 ਮੁਗਲ ਖਾਲੀ ਬੁਤ ਪ੍ਰਸਤੀ ਦੇ ਵਿਰੁਧ ਹੀ ਨਹੀ ਸਨ ਬਲਕਿ ਬੁਤਾਂ ਤੇ ਮੰਦਰਾਂ ਨੂੰ ਤੋੜਨਾ ਆਪਣਾ ਧਾਰਮਿਕ ਫਰਜ਼ ਸਮਝਦੇ ਸੀ 1
ਰਾਜਸੀ ਤਾਕਤ ਉਨ੍ਹਾ ਕੋਲ ਸੀ ਜਿਸਦੇ ਦਮ ਤੇ ਪੂਰੇ ਹਿੰਦੁਸਤਾਨ ਉਪਰ ਆਪਣੇ ਧਰਮ ਨੂੰ ਠੋਸਣ ਲਈ ਉਨ੍ਹਾ ਨੇ ਪਿਆਰ ਤੇ ਤਲਵਾਰ ਦੀ ਰਜਕੇ ਵਰਤੋਂ ਕੀਤੀ 1 ਜੋ ਮੁਸਲਮਾਨ ਧਰਮ ਕਬੂਲ ਕਰ ਲੈਂਦਾ ਸਮਾਜ ਵਿਚ ਸਮਾਨਤਾ ਦਾ ਦਰਜਾ ਰਖਦਾ , ਜਿਸਦੇ ਫਲ ਸਰੂਪ ਪੂਰੇ ਭਾਰਤ ਦੇ ਹਿੰਦੂ ਸਮਾਜ ਵਿਚ ਖਲਬਲੀ ਮਚ ਗਈ 1 ਟੋਲੀਆਂ ਦੀਆਂ ਟੋਲੀਆਂ ਅਛੂਤ ਜੋ ਹਿੰਦੂ ਧਰਮ ਵਿਚ ਦੁਰਕਾਰੇ ਜਾਂਦੇ ਸਨ , ਆਪਣੀ ਮਰਜ਼ੀ ਨਾਲ ਮੁਸਲਮਾਨ ਬਣ ਗਏ , ਜਿਨ੍ਹਾ ਨੂੰ ਉਚ ਪੱਦਵੀਆਂ ਦਿਤੀਆਂ ਗਈਆਂ ਤੇ ਓਹ ਹਿੰਦੂਆਂ ਨੂੰ ਹੀ ਕਾਫਰ ਕਹਿਣ ਲਗ ਪਏ 1
ਪੰਜਾਬ ਸਰਹਦੀ ਇਲਾਕਾ ਹੋਣ ਕਰਕੇ ਇਸਦੀ ਹਾਲਤ ਹੋਰ ਵੀ ਮਾੜੀ ਸੀ 1 ਇਕ ਪਾਸੇ ਦਿਲੀ ਹਕੂਮਤ ਦੇ ਜ਼ੁਲਮ ਤੇ ਦੂਜੇ ਪਾਸੇ ਧਾੜਵੀ ਤੇ ਲੁਟੇਰੇ ਜਿਨ੍ਹਾ ਦਾ ਮਕਸਦ ਨਾ ਸਿਰਫ ਲੁਟ ਖਸੁਟ ਕਰਨਾ ਸੀ ਬਲਿਕ ਜਵਾਨ ਔਰਤਾਂ , ਮਰਦਾਂ ਤੇ ਬਚਿਆਂ ਨੂੰ ਬੰਦੀ ਬਣਾਕੇ ਗਜਨੀ ਦੇ ਬਜਾਰਾਂ ਵਿਚ ਟਕੇ ਟਕੇ ਤੋਂ ਵੇਚਣਾ ਵੀ ਸੀ 1
ਦਿੱਲੀ ਦੇ ਹਾਕਮ ਆਪਣੀ ਸੈਨਾ ਅਕਸਰ ਪੰਜਾਬ ਤੋਂ ਖੜੀ ਕਰਦੇ ਜਿਸ ਨਾਲ ਲਖਾਂ ਬਹੁ ਬੇਟੀਆਂ ਵਿਧਵਾ , ਬਚੇ ਅਨਾਥ ਤੇ ਮਾਂ- ਬਾਪ ਬੇਸਹਾਰਾ ਹੋ ਜਾਂਦੇ 1 ਬਾਹਰੋ ਹਮਲੇ ਆਮ ਸਨ, ਜਿਸ ਵਿਚ ਮਾਰ -ਕਾਟ ਤਾਂ ਹੁੰਦੀ ਹੀ , ਆਮ ਜਨਤਾ ਤੇ ਬਹੁਤ ਜ਼ੁਲਮ ਹੁੰਦੇ ਸਨ 1 ਬਹੁ ਬੇਟੀਆਂ ਦੀ ਇਜ਼ਤ ਸਰੇ ਬਾਜ਼ਾਰਾਂ ਵਿਚ ਰੋਲੀ ਜਾਂਦੀ 1 ਨਾਂ ਨੂੰ ਤਾਂ ਰਾਜ ਦਿੱਲੀ ਬਾਦਸ਼ਾਹ ਦਾ ਸੀ ਪਰ ਹਕੂਮਤ ਦੀ ਅਸਲੀ ਤਾਕਤ ਨਵਾਬਾਂ ਤੇ ਹਾਕਮਾਂ ਕੋਲ ਸੀ , ਜਿਨ੍ਹਾ ਨੇ ਦੇਸ਼ ਨੂੰ ਟੋਟੇ ਟੋਟੇ ਕਰਕੇ ਤਕਸੀਮ ਕੀਤਾ ਹੋਇਆ ਸੀ 1
ਉਨ੍ਹਾ ਦੇ ਕਾਮ, ਕ੍ਰੋਧ ਤੇ ਲੋਭ ਦੀ ਮਾਰ ਅਗੇ ਕਿਸੇ ਦੀ ਪਤ , ਜਾਨ, ਮਾਲ, ਧੰਨ- ਦੌਲਤ ਤੇ ਪਰਿਵਾਰ ਸੁਰਖਿਅਤ ਨਹੀਂ ਸੀ 1 ਇਨ੍ਹਾ ਨਵਾਬਾਂ ਤੇ ਹਾਕਮਾਂ ਦੇ ਅਹਿਲਕਾਰ ਹੋਰ ਵੀ ਦਸ ਕਦਮ ਅਗੇ ਸੀ 1 ਜਨਤਾ ਤੇ ਜੋਰ, ਜਬਰ, ਲੁਟ ਖਸੁਟ ਦੇ ਵਸੀਲੇ ਢੂੰਢਦੇ ਰਹਿੰਦੇ ਸੀ ਤੇ ਮਨਚਾਹੇ ਜੁਲਮ ਕਰਦੇ 1 ਉਸਤੋਂ ਅਗੇ ਸੀ ਜਨਤਾ ਦੇ ਆਪਣੇ ਆਗੂ, ਰਾਜੇ ਮਹਾਰਾਜੇ ,ਜਮੀਨਾ, ਜਗੀਰਾਂ, ਪਦਵੀਆਂ ਤੇ ਜਾਇਦਾਦਾਂ ਦੇ ਮਾਲਿਕ,ਜਿਨ੍ਹਾ ਦੀ ਗੰਡ ਤੁਪ ਹਕੂਮਤ ਨਾਲ ਸੀ – ਨਾ ਕੋਈ ਇਨਸਾਫ਼ ਸੀ ਨਾ ਪਰਜਾ ਦੀ ਹਿਤ , ਨਾ ਫਿਕਰ , ਸਾਰੇ ਦੇ ਸਾਰੇ ਆਪਣੀ ਐਸ਼ ਇਸ਼ਰਤ ਵਿਚ ਪਏ ਹੋਏ ਸੀI ਇਸ ਵਕਤ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਜਨਮ ਲਿਆ ਸੀ Iਗੁਰੂ ਨਾਨਕ ਸਾਹਿਬ ਨੇ ਉਸ ਵਕਤ ਦੇ ਰਾਜੇ, ਮਹਾਰਾਜੇ, ਹਾਕਮ ਤੇ ਉਨ੍ਹਾ ਦੇ ਕਰਿੰਦਿਆ ਤੇ ਬਖਸ਼ਿੰਦਆਂ ਨੂੰ ਸਰੇ -ਆਮ ਭੰਡਿਆI
ਰਾਜੀ ਸ਼ੀਂਹ ਮੁਕਦਮ ਕੁਤੇ , ਜਾਇ ਜਗਾਇਨ ਬੈਠੇ ਸੁਤੇ
ਚਾਕਰ ਨਹਦਾ.ਪੈਣ ਘਾਓ ਰਤ ਪਿਟ ਕੁਤਿ ਹੋ ਚਟ ਜਾਓ
ਕਲਿ ਕਾਤੀ ਰਾਜੇ ਕਾਸਾਇ ਧਰਮ ਪੰਖ ਕਰਿ ਉਡਰਿਆ
ਕੂੜੁ ਅਮਾਵਸ ਸਚੁ ਚੰਦ੍ਰਮਾ , ਦੀਸੈ ਨਾਹੀ ਕਹਿ ਚੜਿਆ
ਰਾਜੇ ਪਾਪ ਕਮਾਂਵਦੇ , ਉਲਟੀ ਵਾੜ ਖੇਤ ਕਉ ਖਾਈ
ਕਾਜ਼ੀ ਹੋਏ ਰਿਸ਼ਵਤੀ ,ਵਡੀ ਲੈ ਕੈ ਹਕੁ ਗਵਾਈ 11
ਪੰਜਾਬ ਦੇ ਦੋ ਹੀ ਧਰਮ ਸੀ ਇਕ ਮੁਸਲਮਾਨ ਤੇ ਦੁਸਰਾ ਹਿੰਦੂ 1 ਬੁਧ ਧਰਮ ਜਿਸਨੇ ਇਕ ਸਮੇ ਵਿਚ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ ,ਲਗਪਗ ਅਲੋਪ ਹੋ ਚੁਕਾ ਸੀ 1 ਜੈਨੀ ਧਰਮ ਦੇ ਅਨੁਆਈ ਟਾਵੇਂ ਟਾਵੇਂ ਟਿਕਾਣਿਆਂ ਤੇ ਟਿਕੇ ਹੋਏ ਸਨ 1 ਮੁਸਲਮਾਨਾਂ ਦੇ ਧਾਰਮਿਕ ਆਗੂ ਜੋ ਜਬਰ ਦਾ ਵਸੀਲਾ ਤੇ ਠਗ ਬਾਜ਼ੀ ਦੇ ਮੁਖਤਿਆਰ ਬਣੀ ਬੈਠੇ ਸਨ ਓਹ ਨਾ ਕੇਵਲ ਮੁਸਲਮਾਨਾਂ ਨੂੰ ਅਸਲੀ ਮਜਹਬ ਤੋ ਕੁਰਾਹੇ ਪਾ ਰਹੇ ਸੀ ਸਗੋਂ ਮਜਹਬੀ ਈਰਖਾ ,ਨਫਰਤ ਤੇ ਜਨੂੰਨ ਨੂੰ ਹਵਾ ਦੇ ਰਹੇ ਸਨ 1 ਆਮ ਲੋਕਾਂ ਨੂੰ ਧਾਗੇ , ਤਵੀਤ, ਮੜੀ , ਮਸਾਣਾ ਦੇ ਗੇੜ ਵਿਚ ਪਾਕੇ ਲੁਟ ਰਹੇ ਸਨ I
ਕਾਜ਼ੀ ਹੋਇ ਬਹੇ ਨਿਆਇ ਫੇਰੇ ਤਸਬੀ ਕਰੇ ਖੁਦਾਇ
ਵਡੀ ਲੈਕੇ ਹਕ ਗੁਵਾਏ ਜੋ ਕੋ ਪੁਛੇ ਤਾਂ ਪੜ ਸੁਣਾਏ
ਹਿੰਦੂ ਧਰਮ ਵਿਚ ਜੋਰ ਸੀ ਤਾਂ ਸਿਰਫ ਬ੍ਰਾਹਮਣ ਵਾਦ ਦਾ , ਜਿਸਨੇ ਸਿਰਫ ਵਰਣ ਵੰਡ ਤੇ ਬਸ ਨਹੀ ਕੀਤੀ 1 ਅਗੋਂ ਜਾਤਾਂ ਦੀ ਵੰਡ ਕਰਕੇ ਹਿੰਦੂ ਸਮਾਜ ਨੂੰ ਟੋਟੇ ਟੋਟੇ ਕਰ ਦਿਤਾ 1 ਕਈ ਜਾਤਾਂ ਨੂੰ ਅਛੂਤ ਸਮ੍ਝਿਆ ਜਾਂਦਾ ਸੀ , ਜਿਨ੍ਹਾਂ ਨੂੰ ਛੂਹ ਕੇ ਵੀ ਇਨਸਾਨ ਅਪਵਿਤਰ ਹੋ ਜਾਂਦਾ 1 ਜਿਨ੍ਹਾ ਰਾਹਾਂ ਤੇ ਉਚੀਆਂ ਜਾਤਾਂ ਵਾਲੇ ਤੁਰਦੇ ਓਨ੍ਹਾ ਰਾਹਾਂ ਤੇ ਤੁਰਨ ਦੀ ਮਨਾਹੀ ਸੀ 1 ਅਗਰ ਕਿਸੇ ਮਜਬੂਰੀ ਵਸ ਰਾਤ ਦੇ ਹਨੇਰੇ ਵਿਚ ਤੁਰਨਾ ਵੀ ਪੈਂਦਾ ਤਾਂ ਗਲ ਵਿਚ ਢੋਲ ਵਜਾਕੇ ਤੁਰਨ ਦਾ ਹੁਕਮ ਸੀ 1 ਸ਼ੁਦਰਾਂ ਨੂੰ ਮੰਦਿਰ ਤਾਂ ਕੀ, ਉਸ ਦੇ ਆਸ ਪਾਸ ਜਾਣ ਦੀ ਵੀ ਮਨਾਹੀ ਸੀ 1 ਅਗਰ ਕਿਸੇ ਸ਼ੂਦਰ ਦੇ ਕੰਨੀ ਮੰਤਰਾਂ ਦੀ ਅਵਾਜ਼ ਵੀ ਪੈ ਜਾਂਦੀ ਤਾਂ ਉਸਦੇ ਕੰਨਾ ਵਿਚ ਗਰਮ ਗਰਮ ਸਿਕਾ ਪਾ ਦਿਤਾ ਜਾਂਦਾ ਤਾਕਿ ਓਹ ਮੁੜ ਕੇ ਕਦੀ ਸੁਣ ਨਾ ਸਕੇ 1 ਅਗਰ ਕੋਈ ਸ਼ੂਦਰ ਉਚੀ ਜਾਤ ਦੇ ਬਰਾਬਰ ਬੈਠਣ ਦੀ ਜੁਰਤ ਕਰਦਾ ਤਾਂ ਉਸਦੀ ਪਿਠ ਦਾ ਮਾਸ ਕਟ ਦਿਤਾ ਜਾਂਦਾ 1 ਖੂਹ ਤੇ ਕੁਤਾ ਚੜਕੇ ਪਾਣੀ ਪੀ ਸਕਦਾ ਸੀ , ਪਰ ਸ਼ੂਦਰ ਨੂੰ ਹੁਕਮ ਨਹੀ ਸੀ 1ਗੁਰੂ ਸਾਹਿਬ ਨੇ ਕਾਜ਼ੀਆਂ ਤੇ ਬ੍ਰਾਹਮਣਾ ਦੇ ਕਰਮ ਕਾਂਡਾ ਤੇ ਲੋਕਾਂ ਨੂੰ ਗੁਮਰਾਹ ਕਰਕੇ ਲੁਟਣ ਦਾ ਪਾਜ ਆਪਣੀ ਬਾਣੀ ਰਾਹੀਂ ਉਘੇੜਿਆI
ਕਾਦੀ ਕੂੜੁ ਬੋਲਿ ਮਲ ਖਾਏ 1 ਬ੍ਰਾਹਮਣ ਨਾਵੈ ਜੀਆ ਘਾਇ 1
ਜੋਗੀ ਜੁਗਤਿ ਨਾ ਜਾਣੇ ਅੰਧ1 ਤੀਨੇ ਉਜੜੇ ਕਾ ਬੰਧ
ਹਕ਼ ਪਰਾਇਆ ਨਾਨਕਾ ਉਸ ਸੁਆਰ ਉਸ ਗਾਏ
ਗੁਰ ਪੀਰ ਹਾਮਾ ਤਾ ਭਰੇ ਜਾਂ ਮੁਰਦਾਰ ਨਾ ਖਾਏ
ਕਲਿ ਕਾਤੀ ਰਾਜੇ ਕਾਸਾਈ ਧਰਮ ਪੰਖ ਕਰਿ ਉਡਰਿਆ 1
ਕੂੜਿ ਅਮਾਵਸ ਸਚੁ ਚੰਦ੍ਰਮਾ ਦੀਸੈ ਨਹੀ ਕਹ ਚੜਿਆ 11
ਧਾਰਮਿਕ ਤੋਰ ਤੇ ਵੀ ਵਖ ਵਖ ਦੇਵਤਿਆਂ ਦੀ ਪੂਜਾ ਹੁੰਦੀ , ਜਿਵੈਂ ਗਣੇਸ਼ ,ਵਿਸ਼ਨੂੰ, ਰਾਮ ,ਲਛਮਣ ,ਸ਼ਿਵ , ਬ੍ਰਹਮਾ, ਹਨੁਮਾਨ ,ਸੂਰਜ , ਚੰਨ ਆਦਿ , ਜਿਸਨੇ ਆਪਸੀ ਵਿਰੋਧ ਨੂੰ ਜਨਮ ਦਿਤਾ 1 ਹਰ ਵਰਗ ਦੇ ਤਿਲਕ ਦਾ ਰੰਗ ਅੱਲਗ ਹੁੰਦਾਂ , ਬ੍ਰਾਹਮਣ ਦਾ ਚਿਟਾ, ਖਤ੍ਰੀ ਦਾ ਲਾਲ , ਤੇ ਵੈਸ਼ ਦਾ ਸਬ੍ਜ਼ 1 ਸ਼ੂਦਰ ਨੂੰ ਤਾਂ ਤਿਲਕ ਲਗਾਣ ਦਾ ਹੁਕਮ ਹੀ ਨਹੀ ਸੀ 1 ਮਾਲਾ ਦੇ ਮਣਕੇ ਅੱਲਗ ਅੱਲਗ ਸੀ , ਕਿਸੇ ਦੇ ਲਕੜੀ ਦੇ, ਕਿਸੇ ਦੇ ਤੁਲਸੀ ਦੇ ਤੇ ਕਿਸੇ ਦੇ ਰੁਦਰਾਕਸ਼ ਦੇ 1
ਜਿਨ੍ਹਾ ਦਾ ਨਾ ਮਜਹਬ ਇਕ, ਨਾ ਗਰਜ਼ ਇਕ ,ਨਾ ਸੁਆਦ ਇਕ, ਨਾ ਗਮੀ ਨਾ ਖੁਸ਼ੀ ਇਕ , ਨਾ ਇਬਾਦਤ ਇਕ , ਨਾ ਰਿਆਜਤ ਇਕ , ਨਾ ਆਦਤ ਇਕ , ਨਾ ਤਰਜੇ ਜਿੰਦਗੀ ਦਾ ਲਿਬਾਸ ਇਕ, ਨਾ ਬਹਿਸ਼ਤ ਇਕ ਨਾ ਦੋਜ਼ਖ ਇਕ , ਉਹ ਇਕਠੇ ਰਹਿ ਵੀ ਕਿਵੈ ਸਕਦੇ ਸਨ 1 ਰਮਾਇਣ , ਗੀਤਾ , ਵੇਦ, ਪੁਰਾਨ ਕੁਰਾਨ ਉਸ ਵਕਤ ਵੀ ਸੀ ਪਰ ਪੰਡਤ , ਬ੍ਰਾਹਮਣਾ ,ਕਾਜ਼ੀ ,ਮੁਲਾਣਿਆਂ ਨੇ ਆਪਣੇ ਲੋਭ ਲਾਲਚ ਪਿਛੇ ਇਨਾ ਦਾ ਉਚਾ ਤੇ ਸੁਚਾ ਗਿਆਨ ਐਸੀ ਉਚੀ ਥਾਂ ਟਿਕਾ ਦਿਤਾ ਜਿਥੇ ਆਮ . ਸਧਾਰਨ ਲੋਕ ਪਹੁੰਚ ਨਾ ਸਕਣ 1 ਕੁਝ ਇਹ ਗ੍ਰੰਥਾਂ ਲਿਖੇ ਵੀ ਸੰਸਕ੍ਰਿਤ ਭਾਸ਼ਾ ਵਿਚ ਸਨ ਜਿਸਦੀ ਸਿਰਫ ਪੰਡਤਾ ,ਬ੍ਰਾਹਮਣਾ ਨੂੰ ਹੀ ਪੜਨ ਦੀ ਖੁਲ ਸੀ 1 ਇਸ ਤਾਕਤ ਨੂੰ ਉਹ ਆਪਣੇ ਫਾਇਦੇ ਲਈ ਰਜ ਕੇ ਇਸਤੇਮਾਲ ਕਰਦੇ 1
ਇਸਦਾ ਨਤੀਜਾ ਇਹ ਹੋਇਆ ਕਿ ਇਨਸਾਨ ਆਪਣੀਆ ਲੋੜਾ ਨੂੰ ਮੁਖ ਰਖਕੇ ਕੁਦਰਤ ਵਿਚ ਪ੍ਰਤਖ ਤਾਕਤਾਂ ਨੂੰ ਪੂਜਣ ਲਗ ਪਿਆ ਤੇ ਦਾਤਾਰ ਨੂੰ ਭੁਲ ਗਿਆ 1 ਦਰਖਤਾਂ, ਮੜੀਆਂ, ਸੂਰਜ, ਚੰਦ ਤੇ ਆਕਾਸ਼ ਨੂੰ ਰਬ ਸਮਝ ਕੇ ਸਜਦੇ ਕਰਨ ਲਗ ਪਿਆ ਜਿਨ੍ਹਾ ਵਿਚੋਂ ਅਨੇਕਾ ਵਹਿਮਾ ਤੇ ਭਰਮਾ ਨੇ ਜਨਮ ਲਿਆ 1 ਲੋਕ ਤਵੀਤਾਂ , ਧਾਗੇ, ਮੰਤਰ ,ਰਸਾਇਣ ਤੇ ਕਰਾਮਾਤਾਂ ਤੋ ਡਰਨ ਲਗ ਪਏ , ਜਿਸ ਲਈ ਪੀਰਾਂ , ਫਕੀਰਾਂ , ਜੋਗੀਆਂ ਤੇ ਬ੍ਰਾਹਮਣਾ ਦਾ ਆਸਰਾ ਲੈਣਾ ਉਨਾ ਲਈ ਜਰੂਰੀ ਹੋ ਗਿਆ ਤੇ ਰਬ ਨੂੰ ਭੁਲ ਗਏ 1
ਮਾਣਸ ਖਾਣੇ ਕਰਹਿ ਨਿਵਾਜ
ਛੁਰੀ ਵਗਾਇਨ ਤਿਨ ਗਲਿ ਤਾਗ
ਇਸ ਵਕਤ ਗੁਰੂ ਨਾਨਕ ਦੇਵ ਜੀ ਨੇ ਸਿਖ ਧਰਮ ਦੀ ਨੀਹ ਰਖੀ 1 ਖਾਸ ਕਰਕੇ ਪੰਜਾਬ ਨੂੰ ਧਾਰਮਿਕ , ਸਮਾਜਿਕ ਤੇ ਇਖਲਾਕੀ ਤੋਰ ਤੇ ਮਜਬੂਤ ਕਰਨ ਦੀ ਤੇ ਜ਼ੁਲਮ ਜੋਰ ਜਬਰ ਦੀ ਟਕਰ ਲੇਣ ਦੀ ਜ਼ਿਮੇਦਾਰੀ ਆਪਣੇ ਸਿਰ ਲੈ ਲਈ 1 ਉਨ੍ਹਾ ਨੇ ਇਤਿਹਾਸ ਵਿਚ ਇਕ ਨਵਾਂ ਤਜਰਬਾ ਪੇਸ਼ ਕੀਤਾ , ਧਾਰਮਿਕ , ਸਭਿਆਚਾਰਕ ਤੇ ਭਗੋਲਿਕ ਹਦਾਂ ਟਪ ਕੇ ਜੋਗੀ ,ਸਿਧਾਂ, ਵੇਦਾਂਤੀ , ਬ੍ਰਹਮਣ, ਪੰਡਿਤ ,ਵੈਸ਼ਨਵ , ਬੋਧੀ , ਜੈਨੀ ਸੂਫ਼ੀ , ਮੁਲਾਂ , ਕਾਜ਼ੀਆਂ ਨਾਲ ਸੰਵਾਦ ਰਚਾਇਆ ਜੋ ਧਰਮਾਂ ਦੇ ਮੁਖ ਠੇਕੇਦਾਰ ਸਨ 1 ਉਨ੍ਹਾ ਨੇ ਉਸ ਵਕਤ ਜਦ ਧਰਮ ਵਿਚ ਦਿਖਾਵੇ ਤੇ ਆਪਸੀ ਵੈਰ ਵਿਰੋਧ ਕਰਕੇ ਮਨੁਖਤਾ ਦਾ ਅੰਸ਼ ਅਲੋਪ ਹੋ ਚੁਕਾ ਸੀ , ਜਦੋਂ ਧਰਮ ਤੇ ਰਾਜ ਦੀਆਂ ਸ਼ਕਤੀਆਂ ਨੇ ਸੰਸਾਰ ਦੇ ਵਖ ਵਖ ਧਰ੍ਮਾ ਦੀ ਵਿਭਿਨਤਾ ਨੂੰ ਮੁਕਾਣ ਲਈ ਸਿਰ ਧੜ ਦੀ ਬਾਜ਼ੀ ਲਗਾ ਦਿਤੀ ਸੀ , ਇਸ ਵਿਭਿਨਤਾ ਦੀ ਖੂਬਸੂਰਤੀ ਨੂੰ ਕਾਇਮ ਰਖਦਿਆਂ ਹਰ ਧਰਮ ਦੇ ਔਗਣਾ ਨੂੰ ਵਿਸਾਰ ਕੇ ਗੁਣਾ ਦੀ ਸਾਂਝ ਦਾ ਉਪਦੇਸ਼ ਦਿਤਾ
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ 1
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਿੰਨੀ ਉੱਚੀ-ਸੁੱਚੀ ਤੇ ਵਿਸ਼ਾਲ ਹੈ ਮਨੁੱਖ ਅਜੇ ਵੀ ਇਸ ਪੱਧਰ ਤਕ ਨਹੀਂ ਪਹੁੰਚ ਸਕਿਆ ਹੈ। ਗੁਰੂ ਨਾਨਕ ਸਾਹਿਬ ਨੇ ਸਰਭ-ਸਾਂਝੀਵਾਲਤਾ ਦੇ ਉਦੇਸ਼ ਨੂੰ ਮੁਖ ਰਖਕੇ, ਸਾਰੀ ਮਨੁੱਖਤਾ ਨੂੰ ਇੱਕੋ ਅਕਾਲ ਪੁਰਖ ਦੇ ਪੁਜਾਰੀ ਤੇ ਸਾਂਝੀਵਾਲ ਬਣਾ ਕੇ ਇਸ ਸ੍ਰਿਸ਼ਟੀ ਨੂੰ ਇਕ ਅਜਿਹੇ ਪਰਵਾਰ ਦਾ ਰੂਪ ਦਿੱਤਾ ਜਿੱਥੇ ਅਮਲੀ ਤੌਰ ‘ਤੇ ਪਵਣ ਗੁਰੂ , ਪਾਣੀ ਪਿਤਾ ਤੇ ਧਰਤੀ ਮਾਤਾ ਦੀ ਗੋਦ ਵਿਚ ਸਾਰੀ ਮਨੁੱਖਤਾ ਸੁਖੀ ਵੱਸਣ ਦਾ ਸੰਦੇਸ਼ ਸੀ I
1521 ਵਿਚ ਐਮਨਾਬਾਦ ਵਿਚ ਬਾਬਰ ਤੇ ਬਾਬੇ ਨਾਨਕ ਦੀ ਟਕਰ ਹੋਈ 1 ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮ ਤੇ ਤਾਨਸ਼ਾਹੀ ਦੇ ਖਿਲਾਫ਼ ਬੇਖੋਫ਼ ਤੇ ਬੇਧੜਕ ਹੋਕੇ ਅਵਾਜ਼ ਉਠਾਈ 1 ਬਾਬਰ ਨੂੰ ਜਾਬਰ ਕਿਹਾ ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁਤੇ ਕਿਹਾ 1 ਰਈਅਤ ਨੂੰ ਉਸਤੇ ਹੋ ਰਹੇ ਜ਼ੁਲਮਾ ਦੇ ਉਲਟ ਖਬਰਦਾਰ ਕੀਤਾ 1 ਉਸ ਵਕਤ ਦੇ ਰਾਜਨੀਤਕ ਤੇ ਸਮਾਜਿਕ ਹਾਲਾਤਾਂ ਦੀ ਭਰਪੂਰ ਨਿੰਦਾ ਕੀਤੀ 1 ਇਹ ਇਕ ਵਡੇਰੀ ਸੋਚ ਤੇ ਜੁਰਅਤ ਦਾ ਕੰਮ ਸੀ1 ਉਸ ਵਕਤ ਸਚ ਆਖਣਾ ਸਿਰ ਤੇ ਕਫਨ ਬੰਨਣ ਦੇ ਬਰਾਬਰ ਸੀ 1 ਪਡਿਤ ਬੋਧਿਨ ਨੇ ਸਿਰਫ ਸਿਕੰਦਰ ਲੋਧੀ ਦੇ ਦਰਬਾਰ ਵਿਚ ਇਤਨਾ ਆਖਿਆ ਸੀ ਕੀ ਹਿੰਦੂ ਤੇ ਮੁਸਲਮਾਨ ਦੋਨੋ ਧਰਮ ਚੰਗੇ ਹਨਾ ਤਾਂ ਉਸਦਾ ਕਤਲ ਕਰਵਾ ਦਿਤਾ ਗਿਆ 1 ਗੁਰੂ ਨਾਨਕ ਸਾਹਿਬ ਨੇ ਜਦ ਬਾਬਰ ਦੀ ਫੌਜ਼ ਲੁਟ ਖਸੁਟ ਕਰਕੇ ਦਹਿਸ਼ਤ ਫੈਲਾਣ ਲਈ ਬੇਕਸੂਰ ਲੋਕਾਂ ਦਾ ਕਤਲੇਆਮ ਕਰ ਰਹੀ ਸੀ ਤਾਂ ਬੇਖੋਫ਼ ਤੇ ਬੇਝਿਜ੍ਕ ਹੋਕੇ ਬਾਬਰ ਨੂੰ ਵੰਗਾਰ ਕੇ ਆਖਿਆ :-
ਪਾਪ ਦੀ ਜੰਝ ਲੈ ਕਾਬੁਲਹੁ ਧਾਇਆ ਜੋਰੀ ਮੰਗੇ ਦਾਨ ਵੈ ਲਾਲੋ
ਸਰਮੁ ਧਰਮੁ ਦੁਇ ਛਪਿ ਖਲੋਇ ਕੂੜ ਫਿਰੇ ਪਰਧਾਨੁ ਵੇ ਲਾਲੋ
ਪਰਜਾ ਤੇ ਹੁੰਦੇ ਜੁਲਮ ਦੇਖਕੇ ਰਬ ਅਗੇ ਸ਼ਕਾਇਤ ਕੀਤੀ :-
ਖੁਰਾਸਾਨ ਖਸਮਾਨਾ ਕਿਆ ਹਿਦੁਸਤਾਨ ਡਰਾਇਆ 11
ਆਪਿ ਦੋਸੁ ਨਾ ਦੇਇ ਕਰਤਾ ਜਮੁ ਕਰਿ ਮੁਗਲੁ ਚੜਾਇਆ 11
ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ 11
ਬਾਬਰ ਵਲੋਂ ਸੈਦਪੁਰ , ਏਮਨਾਬਾਦ ਦੀ ਜੇਲ ਵਿਚ ਪਾਏ ਪੀਰਾਂ ਫਕੀਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਵੀ ਸਨ ਪਰ ਜਦ ਬਾਬਰ ਨੂੰ ਇਸ ਇਲਾਹੀ ਨੂਰ ਬਾਰੇ ਪਤਾ ਚਲਿਆ ਤੋ ਆਪ ਉਨ੍ਹਾ ਦੇ ਦਰਸ਼ਨ ਕਰਨ ਲਈ ਆਇਆ ਤੇ ਗੁਰੂ ਨਾਨਕ ਸਾਹਿਬ ਦੇ ਸਮਝਉਣ ਤੇ ਤੁਰੰਤ ਸਭ ਨੂੰ ਰਿਹਾ ਕਰਣ ਦਾ ਹੁਕਮ ਦੇ ਦਿਤਾ ਤੇ ਕਤਲੇਆਮ ਬੰਦ ਕਰਵਾ ਦਿਤਾ1 ਕਤਲੇਆਮ ਤਾ ਬੰਦ ਹੋ ਗਿਆ ਪਰ ਇਸਤੋਂ ਬਾਅਦ ਗੁਰੂ ਸਹਿਬਾਨਾ ਤੇ ਹਕੂਮਤ ਦੀ ਟਕਰ ਦਾ ਲੰਬਾ ਦੋਰ ਸ਼ੁਰੂ ਹੋ ਗਿਆ 1
ਗੁਰੂ ਅੰਗਦ ਦੇਵ ਜੀ:- ਗੁਰੂ ਅੰਗਦ ਦੇਵ ਜੀ ਦਾ ਸਿਰਫ ਇਕ ਵਾਰੀ ਮੁਗਲ ਬਾਦਸ਼ਾਹ ਨਾਲ ਮੇਲ ਹੋਇਆ ਸੀ ਜਦ ਮੁਗਲ ਬਾਦਸ਼ਾਹ ਹਮਾਯੂੰ , ਸ਼ੇਰ ਸ਼ਾਹ ਸੂਰੀ ਪਾਸੋਂ ਹਾਰ ਖਾਕੇ , ਆਪਣੇ ਖਜਾਨੇ ਤੇ ਪਰਿਵਾਰ ਸਮੇਤ ਪੰਜਾਬ ਵਲ ਨੂੰ ਤੁਰ ਪਿਆ 1 ਬਿਆਸ ਦਰਿਆ ਦੇ ਨੇੜੇ ਪਹੁੰਚ ਕੇ ਪਤਾ ਚਲਿਆ ਕੀ ਸ਼ਾਹੀ ਸੜਕ ਦੇ ਨੇੜੇ ਖਡੂਰ ਸਾਹਿਬ ਹੈ , ਜਿਥੇ ਗੁਰੂ ਨਾਨਕ ਸਾਹਿਬ ,ਅੱਲਾਹ ਦਰਵੇਸ਼ ਦਾ ਗਦੀ ਨਸ਼ੀਨ ਹੈ 1ਬਾਬਰ ਦੇ ਵਕਤ ਤੋਂ ਗੁਰੂ -ਘਰ ਨਾਲ ਅਕੀਦਤ ਤਾ ਸੀ ਹੀ , ਸੋ ਆਸ਼ੀਰਵਾਦ ਦੇ ਖ਼ਿਆਲ ਨਾਲ ਹਮਾਯੂੰ ਵੀ ਖਡੂਰ ਸਾਹਿਬ ਪਹੁੰਚ ਗਿਆ 1 ਗੁਰੂ ਸਾਹਿਬ ਬਚਿਆਂ ਨੂੰ ਪੜਾਣ ਤੇ ਜਵਾਨਾ ਦੀਆਂ ਘੋਲ ,ਕੁਸ਼ਤੀਆਂ ਦੇਖਣ ਵਿਚ ਮਗਨ ਸੀ 1 ਹਮਾਯੂੰ ਕੁਝ ਦੇਰ ਖੜਾ ਰਿਹਾ 1 ਮਨ ਵਿਚ ਗੁਸਾ ਆਇਆ ਕੀ ਬਾਦਸ਼ਾਹ ਦੀ ਇਤਨੀ ਹੇਠੀ , ਤਲਵਾਰ ਦੇ ਮੁਠੇ ਤੇ ਹਥ ਪਾਇਆ , ਇਨੇ ਨੂੰ ਗੁਰੂ ਸਾਹਿਬ ਦੀ ਨਜਰ ਬਾਦਸ਼ਾਹ ਤੇ ਪਈ ਬੋਲੇ ,” ਇਸ ਨੂੰ ਅੰਦਰ ਹੀ ਰਹਿਣ ਦੇ, ਅਜੇ ਇਹ ਥਕ ਕੇ ਆਈ ਹੈ , ਜਿਥੇ ਇਸਦਾ ਉਠਣ ਦਾ ਵੇਲਾ ਸੀ ਉਥੇ ਉਠੀ ਨਹੀ 1 ਫਕੀਰਾਂ ਤੇ ਉਠਣਾ ਤਲਵਾਰ ਦਾ ਧਰਮ ਨਹੀਂ 1
ਹਮਾਯੂੰ ਬਹੁਤ ਸ਼ਰਮਿੰਦਾ ਹੋਇਆ , ਝੁਕਕੇ ਸਲਾਮ ਕੀਤੀ ਤੇ ਕਿਹਾ ,” ਮੈ ਆਪਜੀ ਦੀ ਸ਼ਰਨ ਵਿਚ ਆਇਆਂ ਹਾਂ ਮੈਨੂੰ ਮਾਫ਼ ਕਰ ਦਿਓ 1 ਗੁਰੂ ਨਾਨਕ ਦਾ ਘਰ ਸਦਾ ਬਖਸ਼ੰਦ ਹੈ 1 ਆਸ਼ੀਰਵਾਦ ਦਿਉ , ਮੈ ਮੁੜਕੇ ਆਪਣਾ ਰਾਜ ਭਾਗ ਵਾਪਸ ਲੈ ਸਕਾਂ 1 ਗੁਰੂ ਨਾਨਕ ਦੇ ਘਰੋਂ ਕੋਣ ਖਾਲੀ ਜਾਂਦਾ ਹੈ , ਆਸ਼ੀਰਵਾਦ ਦਿਤਾ ਤੇ ਕਿਹਾ ਅਜੇ ਇਸਦਾ ਵੇਲਾ ਨਹੀ , ਜਦੋਂ ਵੇਲਾ ਆਇਆ ਤਾਂ ਤੇਨੂੰ ਤਖਤ ,ਰਾਜ ਭਾਗ ਜਰੂਰ ਵਾਪਸ ਮਿਲੇਗਾ 1 ਗੁਰੂ ਸਾਹਿਬ ਦਾ ਇਹ ਵਾਕ ਪੂਰਾ ਹੋਇਆ ਤੇ ਫਿਰ ਕੁਝ ਸਾਲਾਂ ਮਗਰੋਂ ਓਹ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ 1
ਅਕਬਰ ਤੇ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ :-ਵਧਦੀ ਫੁਲਦੀ ਸਿਖੀ, ਸਮਾਜਿਕ ਸੁਧਾਰ ਤੇ ਸਾਂਝੇ ਲੰਗਰ ਦੀ ਪਰਮਪਾਵਾਂ ਹਿੰਦੂ ਧਰਮ ਦੇ ਮੁਖੀ , ਕਾਜ਼ੀ, ਮੁਲਾਣੇ ਤੇ ਮੋਲਵੀਆਂ ਨੂੰ ਅਖਰ ਰਹੀਆਂ ਸੀ , ਉਹ ਬਹੁਤ ਔਖੇ ਹੋਏ , ਅਕਬਰ ਨੂੰ ਕਈ ਝੂਠੀਆਂ ਸ਼ਕਾਇਤਾਂ ਵੀ ਕੀਤੀਆਂ, ਜਿਸਦੀ ਚਰਚਾ ਲਈ ਭਾਈ ਜੇਠਾ ਜੀ (ਗੁਰੂ ਰਾਮ ਦਾਸ ਜੀ) ਨੂੰ ਲਾਹੋਰ ਭੇਜਿਆ ਗਿਆ 1 ਅਕਬਰ ਉਨ੍ਹਾ ਤੋਂ ਇਸ ਕਦਰ ਪ੍ਰਭਾਵਿਤ ਹੋਇਆ ਕਿ ਉਹ ਖੁਦ ਬੜੀ ਨਿਮਰਤਾ ਸਹਿਤ ਗੁਰੂ ਸਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਆਇਆ ਤੇ ਗੁਰੂ ਦਰਬਾਰ ਵਿਚ ਆਣ ਤੇ ਪਹਿਲੋਂ ਬੜੇ ਪਿਆਰ ਤੇ ਸ਼ਰਧਾ ਨਾਲ ਪੰਗਤ ਵਿਚ ਬੈਠਕੇ ਲੰਗਰ ਛਕਿਆ 1 ਓਹ ਇਤਨਾ ਖੁਸ਼ ਹੋਇਆ ਕਿ ਚੋਖੀ ਮਾਇਆ ਤੇ ਜਗੀਰਾਂ ਭੇਂਟ ਕਰਣ ਲਈ ਬੇਨਤੀ ਕੀਤੀ, ਪਰ ਜਦ ਗੁਰੂ ਸਾਹਿਬ ਨੇ ਉਸਨੂੰ ਸਮਝਾਇਆ ,” ਮੈਂ ਨਹੀਂ ਚਾਹੁੰਦਾ ਕੀ ਲੰਗਰ ਕਿਸੇ ਇਕ ਆਦਮੀ ਦੇ ਸਹਾਰੇ ਚਲੇ , ਇਹ ਸੰਗਤ ਦਾ ਹੈ ਤੇ ਸੰਗਤ ਹੀ ਇਸ ਨੂੰ ਚਲਾਇਗੀ 1 ਅਖੀਰ ਉਸਨੇ ਮਾਤਾ ਭਾਨੀ ਨੂੰ ਆਪਣੀ ਬਚੀ ਕਹਿਕੇ 22 ਪਿੰਡਾ (ਝਬਾਲ) ਦਾ ਇਲਾਕਾ ਉਸਦੇ ਨਾ ਲਗਾ ਦਿਤਾ 1 ਅਕਾਲ ਤੋਂ ਪੀੜਤ ਕਿਸਾਨਾ ਨੂੰ ਟੇਕਸ ਤੋਂ ਛੂਟ ਦਿਤੀ 1563 ਵਿਚ ਅਕਬਰ ਨੇ ਯਾਤਰਾ ਟੈਕਸ ਮਾਫ਼ ਕਰ ਦਿਤਾ ਜੋ ਫ਼ਿਰੋਜ਼ ਸ਼ਾਹ ਤੁਗਲਕ ਦੇ ਵੇਲੇ ਦਾ ਲਗਾ ਹੋਇਆ ਸੀI
ਕੁਝ ਬ੍ਰਾਹਮਣਾ ਤੇ ਖਤਰੀਆਂ ਨੇ ਅਕਬਰ ਨੂੰ ਸ਼ਕਾਇਤ ਕੀਤੀ ਕੀ ਗੁਰੂ ਅਮਰ ਦਾਸ ਨੇ ਚਾਰ ਜਾਤਾਂ ਜੋ ਸਦੀਆਂ ਤੋ ਕਾਇਮ ਸਨ ,ਖਤਮ ਕਰ ਦਿਤਾ ਹੈ 1 ਪੂਜਾ , ਗਾਇਤ੍ਰੀ ਮੰਤਰ , ਪਿਤਰ ਪੂਜਾ ,ਮੂਰਤੀ ਪੂਜਾ , ਤੀਰਥ ਯਾਤਰਾਵਾਂ ਸਭ ਬੰਦ ਕਰ ਦਿਤੀਆਂ ਹਨ1 ਰਾਮ ਦੀ ਜਗਹ ਵਾਹਿਗੁਰੂ ਦਾ ਅਲਾਪ ਸ਼ੁਰੂ ਹੋ ਗਿਆ ਹੈ 1 ਕੋਈ ਵੇਦਾਂ ਸਿਮਰਤੀਆ ਨੂੰ ਮੰਨਣ ਲਈ ਤਿਆਰ ਨਹੀਂ , ਦੇਵੀ ਦੇਵਤਿਆਂ ਦੀ ਪੂਜਾ ਬੰਦ ਹੋ ਗਈ ਹੈ 1 ਇਕ ਲੰਗਰ ਦੀ ਪ੍ਰਥਾ ਸ਼ੁਰੂ ਹੈ ਜਿਥੇ ਸਭ ਜਾਤੀ ਦੇ ਲੋਕ ਮਿਲਕੇ ਛਕਦੇ ਹਨ , ਜਿਸ ਨਾਲ ਸਾਡਾ ਧਰਮ ਨਸ਼ਟ ਭ੍ਰਸ਼ਟ ਹੋ ਰਿਹਾ ਹੈ 1 ਅਕਬਰ ਹਾਲਤ ਦੇਖਣ ਵਾਸਤੇ, ਖੁਦ ਗੋਇੰਦਵਾਲ ਸਾਹਿਬ ਆਇਆ ਰਾਮਦਾਸ ਜੀ ਨੇ ਅਕਬਰ ਦੀਆਂ ਸਾਰਿਆ ਸ਼ਕਾਇਤਾਂ ਦਾ ਜਵਾਬ ਇਤਨੇ ਸਰਲ ਤੇ ਸੁਚਜੇ ਢੰਗ ਨਾਲ ਦਿਤਾ ਕਿ ਅਕਬਰ ਖੁਸ਼ ਹੋ ਗਿਆ 1 ਸ਼ਕਾਇਤ ਨਾਮਾ ਖਾਰਜ ਕਰ ਦਿਤਾi ਬੜੀ ਸ਼ਰਧਾ ਤੇ ਪਿਆਰ ਨਾਲ ਪੰਗਤ ਵਿਚ ਬੈਠ ਕੇ ਲੰਗਰ ਛਕਿਆ I
ਜਦੋ ਗੁਰੂ ਅਮਰਦਾਸ ਸਾਹਿਬ ਕੁਰਕਸ਼ੇਤਰ , ਥਨੇਸਰ ,ਕਰਨਾਲ ਤੋ ਹੁੰਦੇ ਪਾਨੀਪਤ ਆਏ , ਜਦ ਕਰ ਵਸੂਲ ਕਰਨ ਵਾਲਿਆਂ ਨੇ ਮਸੂਲ ਤੇ ਯਾਤਰਾ ਟੈਕਸ ਮੰਗਿਆ ਤਾ ਗੁਰੂ ਸਾਹਿਬ ਨੇ ਮਨਾ ਕਰ ਦਿਤਾ ਕਿਓਂਕਿ ਇਹ ਟੈਕਸ ਧਰਮ ਕਰਮ ਵਿਚ ਵਿਘਨ ਸਨ ਤੇ ਹਿੰਦੂ , ਸਿਖ ਤੇ ਮੁਸਲਮਾਨਾ ਵਿਚਕਾਰ ਵਿਦਕਰੇ ਦੀ ਦੀਵਾਰ ਖੜੀ ਕਰਦੇ ਸੀ 1 ਜਦ ਅਕਬਰ ਕੋਲ ਇਸਦੀ ਸ਼ਕਾਇਤ ਪਹੁੰਚੀ ਤਾਂ ਉਸ ਗੁਰੂ ਅਮਰਦਾਸ ਜੀ ਨੂੰ ਲਾਹੋਰ ਬੁਲਾਇਆ ਗਿਆ 1 ਗੁਰੂ ਸਾਹਿਬ ਖੁਦ ਤੇ ਨਹੀਂ ਗਏ ਪਰ ਗੁਰੂ ਰਾਮਦਾਸ ਜੀ ਨੂੰ ਭੇਜਿਆ 1 ਅਕਬਰ ਗੁਰੂ ਰਾਮ ਦਾਸ ਦੀ ਸ਼ਖਸ਼ੀਅਤ ਤੋ ਇਤਨਾ ਪ੍ਰਭਾਵਤ ਹੋਇਆ ਕੀ ਇਹ ਟੇਕਸ ਮੁਆਫ ਕਰਨ ਲਈ ਤੁਰੰਤ ਹੁਕਮ ਨਾਮਾ ਜਾਰੀ ਕਰ ਦਿਤਾI
ਗੁਰੂ ਅਰਜਨ ਦੇਵ ਜੀ ਤੇ ਅਕਬਰ
ਮੀਣਿਆਂ ਨੇ ਤਾਂ ਸਾਰੇ ਗੁਰੂ ਸਹਿਬਾਨਾ ਨਾਲ ਵੈਰ ਕਮਾਇਆ ਸੀ 1 ਗੁਰੂ ਅਰਜਨ ਸਾਹਿਬ ਦੀ ਵਧਦੀ ਸ਼ੁਹਰਤ ਉਨ੍ਹਾ ਤੋਂ ਬਰਦਾਸ਼ਤ ਨਹੀਂ ਹੋਈ 1 ਪਿੰਡ ਦੇ ਚੌਧਰੀਆਂ ਨੂੰ ਇਕੱਠਾ ਕੀਤਾ ਤੇ ਆਪਣੇ ਦੁਖੜੇ ਰੋਏ ਸਾਡੇ ਕੋਲ ਕੁਝ ਨਹੀਂ ਹੈ ਸਾਰਾ ਦਾ ਸਾਰਾ ਪੈਸਾ ਗੁਰੂ ਅਰਜਨ ਲੰਗਰ ਤੇ ਖਰਚ ਕਰ ਦਿੰਦਾ ਹੈ। ਗੁਰੂ ਸਾਹਿਬ ਨੇ ਜਮੀਨ ਤੇ ਮਕਾਨਾ ਤੋਂ ਆਉਣ ਵਾਲੀ ਆਮਦਨ ਆਪਣੇ ਦੋਨੋਂ ਭਰਾਵਾਂ ਦੇ ਨਾਮ ਕਰ ਦਿੱਤੀ। ਜੋ ਕੁਝ ਵੀ ਲੰਗਰ ਦੀ ਭੇਟਾਂ ਤੋਂ ਇਕੱਠਾ ਹੁੰਦਾ, ਤੇ ਜੋ ਆਪਣੇ ਕੋਲੋਂ ਸਰ ਹੁੰਦਾ ਲੰਗਰ ਦੀ ਸੇਵਾ ਕਰਦੇ ਰਹੇ ਤੇ ਨਾਮ ਸਿਮਰਨ ਦਾ ਉਪਦੇਸ਼ ਰਹੇ । ਤਨ ਦੇ ਭੁੱਖੇ ਤਾਂ ਰਜ ਜਾਂਦੇ ਹਨ ਪਰ ਮਨ ਤੇ ਭੁਖਿਆ ਤੇ ਰਜ ਨਹੀਂ ਹੁੰਦਾ। ਪ੍ਰਿਥਿਆ ਸਭ ਕੁਝ ਲੈਕੇ ਵੀ ਆਪਣੀਆਂ ਕਰਤੂਤਾ ਤੋਂ ਬਾਜ ਨਹੀਂ ਆਇਆ ।
ਅਕਬਰ ਕੋਲ ਜਾ ਸਿਕਾਇਤ ਕੀਤੀ ਕੀ ਗੁਰਗਦੀ ਤੇ ਵਡੇ ਹੋਣ ਦੇ ਨਾਤੇ ਸਾਡਾ ਹਕ ਹੈ 1 ਅਕਬਰ ਖੁਦ ਖੁਲੇ ਦਿਮਾਗ ਦਾ ਬੰਦਾ ਸੀ ਤੇ ਕੁਝ ਦਰਬਾਰੀਆਂ ਨੇ ਅਕਬਰ ਨੂੰ ਸਮਝਾਇਆ। “ਗੁਰਗੱਦੀ ਕੋਈ ਵਿਰਾਸਤ ਜਾ ਜਦੀ ਸ਼ੈ ਨਹੀਂ ਹੈ ਕਿ ਜਰੂਰ ਹੀ ਵੱਡੇ ਪੁੱਤਰ ਨੂੰ ਮਿਲੇ। ਗੁਰਗੱਦੀ ਤਾਂ ਨਿਜੀ ਗੁਣਾਂ ਤੇ ਅਧਾਰ ਤੇ ਧੁਰ ਦਰਗਾਹ ਦੀ ਬਖਸ਼ਿਸ਼ ਹੈ”। ਅਕਬਰ ਨੂੰ ਇਹ ਗੱਲ ਸਮਝ ਆ ਗਈ। ਉਸਨੇ ਪ੍ਰਿਥੀਏ ਦੀ ਅਰਜੀ ਖਾਰਜ਼ ਕਰ ਦਿੱਤੀ ਇਹ ਕਹਿਕੇ ਕਿ ਹਕੂਮਤ ਕਿਸੇ ਨੂੰ ਗੁਰੂ ਨਹੀਂ ਬਣਾ ਸਕਦੀ ਤੇ ਨਾ ਹੀ ਲੋਕਾਂ ਨੂੰ ਮਜਬੂਰ ਕਰ ਸਕਦੀ ਹੈ ਕਿ ਇਸ ਨੂੰ ਗੁਰੂ ਮੰਨੋ ਜਾਂ ਇਸ ਨੂੰ ਨਾ ਮੰਨੋ ।
ਜਦ ਪ੍ਰਿਥੀਏ ਦੀ ਇਥੇ ਦਾਲ ਨਹੀਂ ਗਲੀ ਤਾਂ ਮੁਗਲ ਫੌਜਦਾਰ ਸੁਲਹੀ ਖਾਨ ਨੂੰ ਆਪਣੇ ਨਾਲ ਮਿਲਾ ਲਿਆ। ਗੁਰੂ ਸਾਹਿਬ ਸਿਰਫ ਅਕਾਲ ਪੁਰਖ ਤੇ ਭਰੋਸਾ ਕਰ ਕੇ ਸਾਂਤ ਅਡੋਲ ਬੈਠੇ ਰਹੇ। ਸੁਲਹੀ ਖਾਨ ਜਦੋਂ ਪ੍ਰਿਥੀਏ ਦਾ ਇੱਟਾਂ ਦਾ ਭੱਠਾ ਦੇਖਣ ਗਿਆ ਤਾ ਘੋੜੇ ਤੇ ਸਵਾਰ ਸੀ। ਭਠੇ ਦੇ ਸਾਹਮਣੇ ਘੋੜੇ ਨੇ ਐਸੀ ਦੁਲਤੀ ਮਾਰੀ ਕਿ ਸੁਲਹੀ ਖਾਨ ਭਠੇ ਵਿਚ ਜਾ ਡਿਗਿਆ ਤੇ ਉਥੇ ਹੀ ਸੜ ਕੇ ਸੁਆਹ ਹੋ ਗਿਆ। ਜਦੋਂ ਗੁਰੂ ਸਾਹਿਬ ਨੂੰ ਪਤਾ ਲਗਾ ਤਾਂ ਉਨ੍ਹਾਂ ਦੇ ਮੂੰਹੋ ਇਹ ਸਬਦ ਨਿਕਲੇ।
ਗਰੀਬਾਂ ਉਪਰਿ ਜਿ ਖਿੰਜੇ ਦਾੜੀ, ਪਾਰਬਹਮਿ ਸਾ ਅਗਨਿ ਮਹਿ ਸਾੜੀ॥
ਪੂਰਾ ਨਿਆਉ ਕਰੇ ਕਰਤਾਰ, ਅਪਨੇ ਦਾਸ ਕੋਊ ਰਾਖਨਹਾਰ॥
ਕੁਝ ਸਮੇਂ ਬਾਅਦ ਸੁਲਹੀ ਖਾਨ ਦਾ ਭਤੀਜਾ ਸੁਲਬੀ ਖਾਨ ਪੰਜਾਬ ਆਇਆ। ਪ੍ਰਿਥੀਏ ਨੇ ਉਸ ਨਾਲ ਵੀ ਆਪਣੀ ਗੰਢ-ਤਰੋਪੀ ਕੀਤੀ ਪਰ ਉਸਦਾ ਤਨਖਾਹ ਤੋਂ ਕਿਸੇ ਸਯਦ ਨਾਲ ਝਗੜਾ ਹੋ ਗਿਆ ਤੇ ਸਯਦ ਨੇ ਉਸਦਾ ਕਤਲ ਕਰ ਦਿਤਾ।
1588 ਅਕਤੂਬਰ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਰਖੀ। ਸਾਂਝੀਵਾਲਤਾ ਦਾ ਪ੍ਰਤੀਕ ਤੇ ਫਿਰਕਾਵਾਦੀ ਤੋਂ ਉਪਰ ਉਠਣ ਲਈ ਇਸਦੀ ਨੀਂਹ ਮੀਆਂ-ਮੀਰ ਜੇ ਇਕ ਮੁਸਲਿਮ ਸੂਫੀ ਫਕੀਰ, ਰੂਹਾਨੀ ਦਰਵੇਸ਼ ਸੀ ਤੇ ਗੁਰੂ ਸਾਹਿਬ ਦਾ ਮਿੱਤਰ ਸੀ,ਤੋਂ ਰਖਵਾਈ।
ਕਾਜ਼ੀ ਨੂਰ ਮੁਹਮੰਦ ਮਸਕੀਨ ਨੇ ਜਦ ਨੌ ਮਣ 14 ਸੇਰ ਸੰਦਲ ਵਿਚੋਂ 5 ਸਾਲ 7 ਮਹੀਨੇ ਲਗਾ ਕੇ 145000 ਤੰਦਾ ਖਿਚਕੇ ਚੌਰ ਬਣਾਇਆ, ਜੋ 31 ਦਸੰਬਰ, 1925 ਨੂੰ ਉਹ ਆਪ ਇਹ ਚੌਰ ਸਾਹਿਬ ਹਰਿਮੰਦਰ ਸਾਹਿਬ ਵਿਚ ਭੇਟਾ ਕਰਨ ਆਇਆ । ਇਸ ਅਸੀਮ ਥਾਂ ਦੀ ਧਰਮ ਨਿਰਪਖਤਾ, ਇਸਦੇ ਸਰਬ ਸਾਂਝੇ ਹੋਣ ਦੇ ਸਬੂਤ ਦੇ ਬਾਵਜੂਦ ਵੀ ਕਈ ਵਾਰੀ ਇਹ ਜਾਬਰਾਂ ਦੇ ਜਬਰ ਦਾ ਸ਼ਿਕਾਰ ਹੋਈ । ਮਸੇ ਰੰਘੜ ਨੇ ਇਥੇ ਦਫਤਰ ਬਣਾਏ, ਸਰੋਵਰ ਪੂਰਿਆ, ਐਯਾਸੀ ਦਾ ਅਡਾ ਬਣਾਕੇ ਕੰਜਰੀਆਂ ਨਚਾਈਆਂ। ਅਹਿਮਦ ਸ਼ਾਹ ਅਬਦਾਲੀ ਨੇ 1762 ਵਿਚ ਇਸ ਨੂੰ ਢਾਹ ਢੇਰੀ ਕਰ ਦਿੱਤਾ। ਸਰੋਵਰ ਨੂੰ ਪੂਰਕੇ ਲਗਭਗ ਅਧੀ ਕੌਮ ਨੂੰ ਸ਼ਹੀਦ ਕੀਤਾ । ਜਿਤਨੇ ਸੀਸ ਸਿਖਾਂ ਦੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਨ ਤੇ ਲਗੇ ਹਨ, ਦੁਨੀਆਂ ਦੇ ਇਤਿਹਾਸ ਵਿਚ ਕਿਸੇ ਧਰਮ ਅਸਥਾਨ ਦੇ ਬਣਨ ਤੇ ਰੱਖਿਆ ਕਰਣ ਤੇ ਨਹੀਂ ਲਗੇ। ਪਰਕਰਮਾ ਕਰਦੇ ਕਈ ਵਾਰੀ ਅਸੀਂ ਬੇਧਿਆਨੇ, ਕਾਹਲੀ ਕਾਹਲੀ ਟੁਰੇ ਜਾਂਦੇ ਹਾਂ। ਕਦੇ ਰੁਕ ਕੇ ਇਹ ਸੋਚ ਕੇ ਦੇਖੀਏ ਕਿ ਇਹ ਉਹੀ ਜਗਹ ਹੈ ਜੋ ਕਈ ਵਾਰੀ ਸਿੱਖਾਂ ਦੇ ਖੂਨ ਨਾਲ ਲਥਪਥ ਹੋਈ ਹੈ।
ਇਸ ਵਕਤ ਸਿੱਖੀ ਦੇ ਨਾਲ ਨਾਲ ਇਸਲਾਮ ਧਰਮ ਵੀ ਬੜੀ ਤੇਜੀ ਨਾਲ ਫੈਲ ਰਿਹਾ ਸੀ। ਜਿਸਦਾ ਕਾਰਨ ਉਨ੍ਹਾਂ ਦੇ ਉੱਚੇ ਅਸੂਲ ਤੇ ਪੀਰਾ-ਫਕੀਰਾ ਤੇ ਸਖੀ ਸਰਵਰਾਂ ਦਾ ਹਥ ਸੀ। ਕਹਿੰਦੇ ਹਨ ਕਿ ਪੰਜਾਬ ਵਿਚ ਜਿਤਨੇ ਮੁਸਲਮਾਨ ਫਕੀਰ ਫਰੀਦ ਜੀ ਦੀ ਮਿਠੀ ਜਬਾਨ ਨੇ ਬਣਾਏ ਹਨ, ਉਤਨੇ ਸ਼ਾਇਦ ਔਰੰਗਜੇਬ ਦੀ ਕਠੋਰ ਤਲਵਾਰ ਨਹੀਂ ਬਣਾ ਸਕੀ। ਜਬਰ ਨਾਲ ਸਰੀਰ ਤੇ ਤਾਂ ਕਾਬੂ ਪਾਇਆ ਜਾ ਸਕਦਾ ਹੈ ਪਰ ਰੂਹ ਤੇ ਨਹੀਂ। ਦੂਸਰਾ ਕਾਰਨ ਸੀ ਹਿੰਦੂ ਉੱਚ ਜਾਤੀਆਂ ਦੀ ਸੂਦਰਾਂ ਨਾਲ ਨਫਰਤ ਤੇ ਤੀਜਾ ਹਕੂਮਤ ਵੱਲੋਂ ਦਿੱਤੇ ਗਏ ਉੱਚ ਪਦਵੀਆਂ, ਪੈਸੇ ਤੇ ਬਰਾਬਰੀ ਦਾ ਹਕ ਤੇ ਸਨਮਾਨ ਦੇਣ ਦਾ ਲਾਲਚ ਜਿਸ ਕਰਕੇ ਬਹੁਤ ਸਾਰੇ ਨੀਵੀਆਂ ਜਾਤੀਆਂ ਦੇ ਲੋਕ ਖੁਸ਼ੀ ਖੁਸ਼ੀ ਇਸਲਾਮ ਕਬੂਲ ਕਰ ਲਿਆ ਤੇ ਆਪਣੇ ਹਿੰਦੂਆਂ ਨੂੰ ਕਾਫਰ ਕਹਿਣ ਲਗ ਪਏ ।
ਤਰਨਤਾਰਨ ਵਿਚ ਤੇ ਆਸ-ਪਾਸ ਸਖੀ ਸਰਵਰਾਂ ਦਾ ਵੀ ਬੜਾ ਜੋਰ ਸੀ। ਭਾਵੇ ਉਨ੍ਹਾ ਦੇ ਪੀਰ ਜਿਸ ਨੂੰ ਨਿਗਾਹੇ ਦਾ ਪੀਰ ਕਿਹਾ ਜਾਂਦਾ ਹੈ ਪੰਜਾਬ ਵਿਚ ਆਕੇ ਨਹੀਂ ਤਕਿਆ ਪਰ ਥਾਂ ਥਾਂ ਤੇ ਪੀਰਖਾਨੇ ਬਣੇ ਹੋਏ ਸੀ।
ਇਸ ਨੂੰ ਠਲ ਪਾਉਣ ਵਾਸਤੇ 15 ਅਪ੍ਰੈਲ 1590 ਵਿਚ ਦੁਆਬੇ ਦੀ ਜਿੰਮੀਦਾਰਾਂ ਕੋਲ ਜਮੀਨ ਖਰੀਦਕੇ ਤਰਨਤਾਰਨ ਨਗਰ ਵਸਾਇਆ ਜੋ ਕਿ ਸਖੀ ਸਰਵਰਾਂ ਤੇ ਭਾਰੀ ਸਟ ਸੀ। ਜਿਥੇ ਜਿਥੇ ਪਾਣੀ ਦੀ ਧੁੜ ਸੀ 2-3-4-5-6 ਹਰੜ ਖੂਹ ਲਗਵਾਏ। ਤਰਨਤਾਰਨ ਵਿਚ ਕੋਹੜੀਆਂ ਦਾ ਹਸਪਤਾਲ ਖੋਲਿਆ। ਜਿਥੇ ਗੁਰੂ ਸਾਹਿਬ ਤੇ ਮਾਤਾ ਗੰਗਾਂ ਖੁਦ ਰੋਗੀਆਂ ਦੀ ਦੇਖ -ਭਾਲ ਕਰਦੇ। ਕੋਹੜੀਆਂ ਲਈ ਇਕ ਆਸ਼ਰਮ ਬਣਾਵਾਇਆ ਜਿਥੇ ਉਨ੍ਹਾਂ ਦੇ ਰਹਿਣ, ਟਹਿਲ ਸੇਵਾ, ਦਵਾ ਦਾਰੂ ਦਾ ਵੀ ਪ੍ਰਬੰਧ ਸੀ। ਇਕ ਸਰੋਵਰ ਜਿਥੇ ਕੋਹੜੀ ਇਸ਼ਨਾਨ ਕਰਦੇ, ਕੀਰਤਨ ਸੁਣਦੇ ਜਿਸ ਨਾਲ ਉਨ੍ਹਾਂ ਦੇ ਤਨ ਦੇ ਨਾਲ ਮੰਨ ਵੀ ਨਰੋਏ ਹੁੰਦੇ। ਇਹ ਹਿੰਦੋਸਤਾਨ ਦੀ ਪਹਿਲੀ ਥਾਂ ਸੀ ਜਿਥੇ ਕੋਹੜੀਆਂ ਦੀ ਸੇਵਾ-ਸੰਭਾਲ ਤੇ ਦਵਾ ਦਾਰੂ ਦਾ ਪ੍ਰਬੰਧ ਕੀਤਾ ਗਿਆ। ਨਹੀਂ ਤਾਂ ਕੋਹੜੀ ਸੜਕਾਂ ਤੇ, ਦੁਨੀਆਂ ਤੋਂ ਦੂਰ ਭਿੱਖ ਮੰਗਦੇ ਮੰਗਦੇ ਮਰ ਜਾਂਦੇ।
ਤਰਨਤਾਰਨ ਤੋਂ ਬਾਅਦ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਜਾਕੇ ਸਿੱਖੀ ਦਾ ਪ੍ਰਚਾਰ ਕੀਤਾ ।ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਲੋਕ-ਕਲਿਆਣ ਤੇ ਦੁਖੀਆਂ ਦੇ ਦੁਖ ਦੂਰ ਕਰਨ ਵਿਚ ਲਗਾ ਦਿੱਤੇ। ਜਦ ਗਿਆਰਾਂ ਸਾਲ ਬਾਅਦ ਅੰਮ੍ਰਿਤਸਰ ਆਏ ਤਾਂ ਬਹੁਤਾ ਚਿਰ ਇਥੇ ਠਹਿਰ ਨਹੀਂ ਸਕੇ। ਲਾਹੋਰ ਵਿਚ ਅਕਾਲ ਪੈ ਗਿਆ। ਸ਼ਹਿਰ ਦੀ ਭਿਆਨਕਤਾ ਸੁਣੀ ਤਾਂ ਲਾਹੌਰ ਪਹੁੰਚ ਗਏ। ਮੁਰਦਿਆਂ ਦੇ ਢੇਰ ਗਲੀ ਬਾਜਾਰਾਂ ਵਿਚ ਲਗੇ ਹੋਏ ਸੀ। ਬਦਬੂ ਇਤਨੀ ਸੀ ਕਿ ਇਸ ਪਾਸੇ ਕੋਈ ਮੂੰਹ ਕਰਨ ਨੂੰ ਤਿਆਰ ਨਹੀਂ ਸੀ। ਗੁਰੂ ਸਾਹਿਬ ਨੇ ਮੁਰਦਿਆਂ ਦੇ ਸਸਕਾਰ ਕੀਤੇ। ਘਰ ਘਰ ਜਾਕੇ ਲੋਕਾਂ ਨੂੰ ਹੌਸਲਾ ਦੇਣਾ, ਦਵਾਈਆਂ ਦੇਣਾ, ਲੋੜਵੰਦਾ ਨੂੰ ਸਹਾਇਤਾ , ਭੁਖਿਆਂ ਨੂੰ ਲੰਗਰ , ਨਿਆਸਰਿਆਂ ਤੇ ਨਿਥਾਵਿਆਂ ਨੂੰ ਟਿਕਾਣਾ ਦੇਣ ਲਈ ਚੂਨਾ ਮੰਡੀ ਵਿਚ ਇਮਾਰਤ ਬਨਵਾਣੀ ਸ਼ੁਰੂ ਕੀਤੀ ਜਿਸ ਕਰਕੇ ਲੋਕਾਂ ਨੂੰ ਸਿਰ ਛੁਪਾਣ ਦੀ ਜਗਾ ਵੀ ਮਿਲੀ ਤੇ ਬੇਰੁਜ਼ਗਾਰਾਂ ਨੂੰ ਕੰਮ ਵੀ 1 ਪਾਣੀ ਦੀ ਥੋੜ ਨੂੰ ਪੂਰਾ ਕਰਨ ਲਈ ਡਬੀ ਬਜਾਰ ਲਾਹੋਰ ਵਿਚ ਇਕ ਬਾਉਲੀ ਤਿਆਰ ਕਰਵਾਈ ਜੋ ਬਾਅਦ ਵਿਚ ਸ਼ਾਹ ਜਹਾਨ ਦੇ ਹੁਕਮ ਨਾਲ ਇਸ ਨੂੰ ਪੂਰ ਦਿੱਤਾ ਗਿਆ ਅਤੇ ਲੰਗਰ ਦੀ ਥਾਂ ਮਸੀਤ ਵਿਚ ਬਦਲ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਬਉਲੀ ਨੂੰ ਤੇ ਗੁਰਦੁਆਰੇ ਨੂੰ ਮੁੜ ਤੋਂ ਬਣਵਾਇਆ।1598 ਵਿਚ ਵਾਪਸ ਅੰਮ੍ਰਿਤਸਰ ਆਏ।
ਜਦੋਂ ਅਕਬਰ ਅਕਾਲ ਦਾ ਜਾਇਜਾ ਲੈਣ ਲਈ ਲਾਹੌਰ ਆਇਆ ਤਾਂ ਉਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਇਆ। ਜਗੀਰਾ ਦੇਣੀਆਂ ਚਾਹੀਆ ਪਰ ਗੁਰੂ ਸਾਹਿਬ ਨੇ ਇਹ ਕਹਿਕੇ ਇਨਕਾਰ ਕਰ ਦਿੱਤਾ। “ ਇਹ ਫਕੀਰਾਂ ਦਾ ਘਰ ਹੈ ਇਥੇ ਜਗੀਰਾਂ ਆ ਗਈਆਂ ਤੇ ਬਖੇੜੇ ਖੜੇ ਕਰਨਗੀਆਂ । ਬਾਦਸ਼ਾਹ ਨੂੰ ਉਸਦੀ ਪਰਜਾ ਪ੍ਰਤੀ ਫਰਜ ਸਮਝਾਏ ।ਗੁਰੂ ਸਾਹਿਬ ਦੀ ਦਿਲਖਿਚਵੀਂ ਸ਼ਖਸ਼ੀਅਤ, ਮਿਠੇ ਬੋਲ, ਪਿਆਰ-ਭਰੇ ਸੁਭਾ ,ਨਿਮਰਤਾ, ਰਹਿਣੀ-ਬਹਿਣੀ- ਤੇ ਕਰਨੀ ਤੋਂ ਅਕਬਰ ਇਤਨਾ ਪ੍ਰਭਾਵਤ ਹੋਇਆ ਕਿ 24 ਨਵੰਬਰ 1598 ਨੂੰ ਜਦੋਂ ਓਹ ਲਾਹੋਰ ਤੋਂ ਵਾਪਸ ਗਿਆ ਤਾਂ ਗੋਇੰਦਵਾਲ ਗੁਰੂ ਦਰਬਾਰ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ 1 ਉਨ੍ਹਾਂ ਦਾ ਪਰਉਪਕਾਰੀ ਸੁਭਾ ਦੇਖ ਕੇ ਲਾਹੌਰ ਦੇ ਮੁਸਲਮਾਨ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਨ ਲਗ ਪਏ।