ਸਿੱਖ ਇਤਿਹਾਸ

ਗੁਰਬਾਣੀ ਵਿੱਚ ਮੁਕਤੀ ਦਾ ਸੰਕਲਪ

“ਮੁਕਤੀ “ਸ਼ਬਦ ਦਾ ਅਰਥ ਹੈ — ਛੁਟਕਾਰਾ, ਖ਼ਲਾਸੀ, ਰਿਹਾਈ l ਭਾਰਤੀ ਸਮਾਜ ਅੰਦਰ ਮੁਕਤੀ ਨੂੰ ਲੈ ਕੇ ਵੱਖ ਵੱਖ ਧਰਮ ਵਿੱਚ ਵੱਖ ਵੱਖ ਸਮੇਂ ਵੱਖ ਵੱਖ  ਖ਼ਿਆਲ ਪ੍ਰਚੱਲਿਤ ਕੀਤੇ ਗਏ ਹਨ ਪਰ  ਹਰ ਧਰਮ ਅਨੁਸਾਰ ਮਨੁੱਖ ਦੇ ਜੀਵਨ ਵਿੱਚ ਕੀਤੇ ਗਏ ਚੰਗੇ-ਮੰਦੇ ਕਰਮਾਂ ਅਨੁਸਾਰ ਸਵਰਗ ਜਾਂ ਨਰਕ ਦੀ ਪ੍ਰਾਪਤੀ ਹੁੰਦੀ ਹੈ l ਸਵਰਗ ਦੀ ਪ੍ਰਾਪਤੀ ਮਤਲਬ ਮੋਕਸ਼ ਜਾਂ ਮੁਕਤੀ ਤੇ ਨਰਕ ਮਤਲਬ ਮੁੜ ਮੁੜ ਕੇ 84 ਲੱਖ ਜੂਨ ਵਿੱਚ ਜਨਮ ਲੈਣਾlਪਰ ਸਿੱਖ ਧਰਮ ਵਿੱਚ ਮੁਕਤੀ ਦਾ ਅਰਥ ਹੈ ਜੀਂਦੇ ਜੀ ਮੁਕਤ ਹੋਣਾ l ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਛੱਡਕੇ ,ਸੰਸਾਰਿਕ ਜਿੱਮੇਵਾਰੀਆਂ ਨਿਭਾਂਦੇ ਹੋਏ, ਸੇਵਾ ਸਿਮਰਨ ਵਿੱਚ  ਜੁੜਨਾ l

1.  ਹਿੰਦੂ ਧਰਮ

ਸਨਾਤਨੀ ਧਰਮ ਗ੍ਰੰਥਾਂ ਵਿੱਚ ਮਨੁੱਖ ਮਰਨ ਮਗਰੋਂ ਆਪਣੇ ਕੀਤੇ ਹੋਏ ਕੰਮਾਂ ਅਨੁਸਾਰ ਸਵੱਰਗ ਜਾਂ ਨਰਕਾਂ ਵਿੱਚ ਜਾਂਦਾ ਹੈ । ਸਵੱਰਗ ਵਿੱਚ ਮਨੁੱਖ ਨੂੰ ਐਸ਼   ਤੇ ਨਰਕਾਂ ਵਿੱਚ ਘੋਰ ਤਸੀਹੇ ( ਸਰੀਰਕ ਕਸ਼ਟ ) ਦਿੱਤੇ ਜਾਂਦੇ ਹਨ ।  ਮਨੁੱਖ ਦੀ ਆਤਮਾ ਵੱਖ ਵੱਖ ਜੂਨਾਂ ਦੀ ਭਟਕਨਾ ਵਿੱਚ ਪੈ ਕੇ ਆਵਾ ਗਵਨ ਦੇ ਚੱਕਰ ਵਿੱਚ ਪੈ ਜਾਂਦੀ ਹੈ । ਬ੍ਰਾਹਮਣਵਾਦ ਅਨੁਸਾਰ  ਪ੍ਰਾਣੀ ਦੀ ਮੌਤ ਪਿੱਛੋਂ ਪਰਿਵਾਰਕ ਮੈਬਰਾਂ ਦਾ ਪੂਜਾਰੀ ਨੂੰ ਕੀਤਾ ਹੋਇਆ ਦਾਨ ਪੁੰਨ, ਮਰ ਚੁੱਕੇ ਪਿੱਤਰਾਂ ਨੂੰ ਪਹੁੰਚਦਾ ਹੈ, ਜਿਸ ਨਾਲ ਪਿੱਤਰ ਤ੍ਰਿਪਤ ਤੇ ਮੁਕਤ ਹੁੰਦੇ ਹਨ। ਇਸ ਵਿਧੀ ਨੂੰ ਪੂਰਾ ਕਰਨ ਲਈ ਕੁੱਝ ਖ਼ਾਸ ਧਾਰਮਿਕ-ਅਸਥਾਨ ਜਿਵੇਂ ਪ੍ਰਯਾਗ ਦਾ ਤ੍ਰਿਬੇਣੀ ਸੰਗਮ (ਗੰਗਾ, ਜਮੁਨਾ, ਸਰਸਵਤੀ) ਤੇ ਹਰਿਦੁਆਰ, ਉੱਤੇ ਇਸ਼ਨਾਨ ਕਰਨਾ ਤੇ ਦਾਨ ਪੁੰਨ ਕਰਨ ਨੂੰ ਲੋਕ ਬਹੁਤ ਤਰਜੀਹ ਦਿੰਦੇ ਸਨ। ਪ੍ਰਯਾਗ ਵਿੱਚ ਤਾਂ ਇੱਕ ਅਕਸ਼ਯ ਵੱਟ ( ਨਾਸ਼ ਰਹਿਤ )ਨਾਮ ਦਾ  ਬੋਹੜ ਦਾ ਦਰਖ਼ਤ ਵੀ ਸੀ, ਜਿਸ ਨੂੰ ਜਹਾਂਗੀਰ ਬਾਦਸ਼ਾਹ ਨੇ ਆਪਣੇ ਸਮੇਂ ਕਟਵਾ ਦਿੱਤਾ ਸੀ । ਪਾਂਡਿਆਂ ਅਨੁਸਾਰ  ਜਿਹੜਾ ਵੀ ਪ੍ਰਾਣੀ ਆਪਣਾ ਸਭ ਕੁਝ ਤਿਆਗ ਕੇ ਇਸ ਬੋਹੜ ਦੇ ਦਰਖ਼ਤ ਤੋਂ ਡਿੱਗ ਕੇ ਜਾਨ ਦੇਵੇਗਾ ਉਂਸਨੂੰ ਮੁਕਤੀ ਪ੍ਰਾਪਤ ਹੋ ਜਾਵੇਗੀl

ਪੰਡਿਤਾਂ ਰਾਹੀਂ  ਇਹ ਵੀ ਪ੍ਰਚਲਿਤ ਕੀਤਾ ਗਿਆ ਸੀ ਕਿ ਜਿਹੜਾ ਮਨੁੱਖ ਕਾਂਸ਼ੀ ਵਿੱਚ ਪ੍ਰਾਣ ਤਿਆਗੇ  ਉਂਸਦੀ ਮੁਕਤੀ ਹੁੰਦੀ ਹੈ ਤੇ ਜਿਹੜਾ ਮਗਹਰ (ਬਨਾਰਸ ਦਾ ਇੱਕ ਨਗਰ) ਵਿੱਚ ਜਾ ਕੇ ਮਰਦਾ ਹੈ, ਉਹ ਗਧੇ ਦੀ ਜੂਨ ਵਿੱਚ ਪੈਂਦਾ ਹੈ । ਕਾਂਸ਼ੀ ਵਿੱਚ ਤਾਂ ਇੱਕ ਕ੍ਰਵਤਰ ਆਰਾ ਰੱਖਿਆ ਹੋਇਆ ਸੀ l ਬ੍ਰਾਹਮਣ ਦਾ ਕਥਨ ਸੀ ਜੋ ਮਨੁੱਖ ਪੰਡਿਤਾਂ ਨੂੰ ਦਾਨ ਪੁੰਨ ਕਰਨ ਮਗਰੋਂ ਆਰੇ ਨਾਲ ਆਪਣਾ ਸਰੀਰ ਚਿਰਵਾ ਲਵੇਗਾ ਉਂਹ ਸਿੱਧਾ ਸ਼ਿਵ ਪੁਰੀ ਜਾਵੇਗਾ, ਮਤਲਬ ਮੁਕਤ ਹੋ ਜਾਵੇਗਾl

2. ਇਸਲਾਮ ਧਰਮ

ਕਿਆਮਤ ਵਿੱਚ ਵਿਸ਼ਵਾਸ ਰੱਖਦਾ ਹੈl ਇਸਲਾਮ ਦੀ ਮਾਨਤਾ ਹੈ ਕਿ ਜਦੋਂ  ਕਿਆਮਤ ਆਵੇਗਾ (ਦੁਨੀਆ ਦਾ ਅਖੀਰਲਾ ਦਿਨ), ਹਜ਼ਰਤ ਮਹੁੰਮਦ ਸਾਹਿਬ ‘ਤੇ ਯਕੀਨ ਰੱਖਣ ਵਾਲੇ ਲੋਕ ਕਬਰਾਂ ਵਿੱਚੋਂ ਉੱਠ ਖੜੋਣਗੇ ਤੇ ਸਵੱਰਗਾਂ ਵਿੱਚ ਜਾਣਗੇ, ਤੇ ਮੰਦ ਖ਼ਿਆਲੀ, ਬੁਰੇ ਲੋਕ ਦੋਜ਼ਖ ਵਿੱਚ, ਤੇ ਉਨ੍ਹਾਂ ਨੂੰ ਆਪਣੇ ਕਰਮਾਂ ਅਨੁਸਾਰ ਡੰਡ ਭੁਗਤਨਾ ਪਵੇਗਾ । ਇਸ ਤਰ੍ਹਾਂ ਨੇਕੀ ਤੇ ਪਕੀਜ਼ਗੀ ਵੱਲ ਲਿਜਾਣ ਲਈ ਮਨੁੱਖ ਨੂੰ ਸਵੱਰਗ ਦੇ ਸੁੱਖ ਦਾ ਤੇ ਅੱਲ੍ਹਾ ਤਾਲਾ ਦੀ ਨਜ਼ਰ ਵਿੱਚ ਪ੍ਰਵਾਨ ( ਮੁਕਤ ) ਹੋਣ ਦਾ ਲਾਲਚ ਤੇ ਨਰਕ ਦਾ ਡਰ ਦਿੱਤਾ ਗਿਆ ਹੈ ।

3 .ਇਸਾਈ ਮੱਤ

ਅਨੁਸਾਰ ਵੀ ਮੁਕਤੀ ਦਾ ਅਰਥ ਮੌਤ ਮਗਰੋਂ ਪ੍ਰਮਾਤਮਾ ਕੋਲ (ਸਵੱਰਗ) ਵਿੱਚ ਜਾਣਾ ਹੈ । ਈਸਾਈ ਮੱਤ ਵਿੱਚ ਮੁਕਤੀ ਦਾ ਦਾਤਾ ਈਸਾ ਹੈ। ਕਿਉਂਕਿ ਪ੍ਰਭੂ ਦੇ ਪੁੱਤਰ ਈਸਾ ਦੀ ਆਤਮਾ ਹੀ ਸਾਰੇ ਇਸਾਈਆਂ ਦੀ ਆਤਮਾ ਹੈ, ਇਸ ਲਈ ਸਾਰੇ ਇਸਾਈ ਪ੍ਰਭੂ ਦੇ ਪੁੱਤਰ ਹਨ, ਈਸਾ ਦੀ ਆਤਮਾ ਹੀ ਉਂਹਨਾਂ ਨੂੰ ਪ੍ਰਭੂ ਨਾਲ ਮਿਲਾਉਂਦੀ ਹੈ ਤੇ ਈਸਾ ਹੀ ਹੈ ਜੋ ਉਨ੍ਹਾਂ ਨੂੰ ਮੁੱਕਤ  ਕਰ ਸਕਦਾ ਹੈ ।

4. ਬੁੱਧ ਮੱਤ :-

ਮਹਾਤਮਾ ਬੁੱਧ ਦਾ ਚਲਾਇਆ ਹੋਇਆ ਮੱਤ ਜਿੱਥੇ ਖੁੱਲ੍ਹੇ ਸ਼ਬਦਾਂ ਵਿੱਚ ਕਰਮ ਕਾਂਡਾ ਦੀ ਨਿਖੇਧੀ ਕਰਦਾ ਹੈ ਅਤੇ ਪੁਰਾਣੇ ਧਰਮ ਵਿਸ਼ਵਾਸਾਂ ਨੂੰ ਰੱਦ ਕਰਕੇ ਸਮਾਜ ਨੂੰ ਨਵਾਂ ਧਾਰਮਿਕ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ । ਪਰ ਜਦੋਂ ਗੱਲ ਮੁਕਤ (ਨਿਰਵਾਣਾ )ਹੋਣ ਦੀ ਕਰਦੇ ਹਾਂ   ਤਾਂ ਮੁਕਤ ਹੋਣ ਤੋਂ ਪਹਿਲਾਂ ਕਈ  ਬੰਦਸ਼ਾਂ ਦੇ ਅਧੀਨ ਰਹਿਣਾ ਪੈਂਦਾ ਹੈ, ਮਹਾਤਮਾ ਬੁੱਧ  ਦੇ ਬਣਾਏ ਹੋਏ ਕੁੱਝ ਖ਼ਾਸ ਅਸੂਲਾਂ ਉੱਪਰ ਤੁਰਨਾ ਪੈਂਦਾ ਹੈ ।ਫਿਰ ਕਿਤੇ ਜਾ ਕੇ ਨਿਰਵਾਣ ਦੀ ਪ੍ਰਾਪਤੀ ਹੁੰਦੀ ਹੈ । ਨਿਰਵਾਣ  ਬੋਧੀਆਂ ਦਾ ਕੇਂਦਰੀ ਲਕਸ਼ ਮੰਨਿਆਂ ਗਿਆ ਹੈ, ਜਿਸਦਾ ਭਾਵ ਹੈ ਵਿਆਪਕ ਦੁੱਖਾਂ ਤੋਂ ਛੁਟਕਾਰਾ ਪਾਉਂਣਾ।

5. ਸਿੱਖ ਧਰਮ

ਸੰਨ   1469 ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆl ਜਿਨ੍ਹਾਂ ਨੇ ਇੱਕ ਨਵਾਂ ਧਰਮ ਚਲਾਇਆ, ਜੀਣ ਦਾ ਨਵਾਂ ਰਾਹ, ਨਵੀਂ ਸੋਚ, ਤੇ ਨਵਾਂ ਤਰੀਕਾ ਦੱਸਿਆ ਜਿਨ੍ਹਾਂ ਨੂੰ ਸਿੱਖ ਕਿਹਾ ਜਾਣ ਲੱਗਾl ਸਿੱਖ ਧਰਮ ਅੰਦਰ ਮੁਕਤੀ ਦਾ ਇੱਕ ਸੋਖਾ ਤੇ  ਵਿਲੱਖਣ ਸਕੰਲਪ ਦਰਸਾਇਆ, ਜਿਸਨੂੰ ਮਰਨ ਤੋਂ ਬਾਅਦ ਨਹੀਂ ਬਲਿਕ ਜੀਵਨ ਮੁਕਤ ਆਖਿਆ ਜਾਂਦਾ ਹੈl ਸਿੱਖ ਧਰਮ ਵਿੱਚ ਮੁਕੱਤ  ਹੋਣ ਲਈ ਘਰ -ਬਾਰ ਛੱਡਣ ਦੀ ਲੋੜ ਨਹੀਂ ਬਲਿਕ ਅਕਾਲ ਪੁਰਖ ਦੇ  ਹੁਕਮ ਤੇ ਰਜ਼ਾ ਵਿਚ ਰਹਿੰਦੀਆਂ , ਗ੍ਰਹਿਸਤੀ ਜੀਵਨ ਵਿਚ ਰਹਿਕੇ , ਸਾਰੇ ਰਿਸ਼ਤੇ ਤੇ ਜੁਮੇਵਾਰੀਆਂ ਨਿਭਾਂਦਿਆਂ  ਉਸ ਦੀ ਸਿਫਤ-ਸਲਾਹ ਕਰਨਾ  ਤੇ ਸ਼ਬਦ ਨਾਲ ਜੁੜਨਾ ਹੀ ਅਸਲੀ ਮੁਕਤੀ ਹੈ l

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ ੫੨੨। ਮਹੱਲਾ ੫

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਪੰਜਾਬ ਦੇ ਦੋ ਹੀ ਧਰਮ ਸੀ ਇਕ ਮੁਸਲਮਾਨ ਤੇ ਦੁਸਰਾ ਹਿੰਦੂl ਬੁਧ ਧਰਮ ਜਿਸਨੇ ਇਕ ਸਮੇ ਵਿਚ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ ,ਲਗਪਗ ਅਲੋਪ ਹੋ ਚੁਕਾ ਸੀ 1 ਜੈਨੀ ਧਰਮ ਦੇ ਅਨੁਆਈ ਟਾਵੇਂ  ਟਾਵੇਂ  ਟਿਕਾਣਿਆਂ ਤੇ ਟਿਕੇ ਹੋਏ ਸਨ 1 ਮੁਸਲਮਾਨਾਂ ਦੇ ਧਾਰਮਿਕ ਆਗੂ ਜੋ ਜਬਰ ਦਾ ਵਸੀਲਾ ਤੇ ਠਗ ਬਾਜ਼ੀ ਦੇ ਮੁਖਤਿਆਰ ਬਣੀ ਬੈਠੇ ਸਨ ਓਹ ਨਾ ਕੇਵਲ ਮੁਸਲਮਾਨਾਂ ਨੂੰ ਅਸਲੀ ਮਜਹਬ ਤੋ ਕੁਰਾਹੇ ਪਾ ਰਹੇ ਸੀ ਸਗੋਂ ਮਜਹਬੀ ਈਰਖਾ ,ਨਫਰਤ ਤੇ ਜਨੂੰਨ ਨੂੰ ਹਵਾ ਦੇ ਰਹੇ ਸਨ 1 ਆਮ ਲੋਕਾਂ ਨੂੰ ਧਾਗੇ , ਤਵੀਤ, ਮੜੀ , ਮਸਾਣਾ ਦੇ ਗੇੜ ਵਿਚ ਪਾਕੇ ਲੁਟ ਖਸੁੱਟ ਕਰ ਰਹੇ ਸੀ  1

ਹਿੰਦੂ ਧਰਮ ਵਿਚ ਜੋਰ ਸੀ ਤਾਂ ਸਿਰਫ ਬ੍ਰਾਹਮਣ ਵਾਦ ਦਾ , ਜਿਸਨੇ ਸਿਰਫ ਵਰਣ ਵੰਡ ਤੇ ਬਸ ਨਹੀ ਕੀਤੀ 1 ਅਗੋਂ ਜਾਤਾਂ ਦੀ ਵੰਡ ਕਰਕੇ ਹਿੰਦੂ ਸਮਾਜ ਨੂੰ ਟੋਟੇ ਟੋਟੇ ਕਰ ਦਿਤਾ 1 ਕਈ ਜਾਤਾਂ ਨੂੰ ਅਛੂਤ ਸਮ੍ਝਿਆ ਜਾਂਦਾ ਸੀ , ਜਿਨ੍ਹਾਂ ਨੂੰ ਛੂਹ ਕੇ ਵੀ ਇਨਸਾਨ ਅਪਵਿਤਰ ਹੋ ਜਾਂਦਾ 1 ਜਿਨ੍ਹਾ  ਰਾਹਾਂ ਤੇ ਉਚੀਆਂ ਜਾਤਾਂ ਵਾਲੇ ਤੁਰਦੇ ਓਨ੍ਹਾ   ਰਾਹਾਂ ਤੇ ਤੁਰਨ ਦੀ ਮਨਾਹੀ ਸੀ 1 ਅਗਰ ਕਿਸੇ ਮਜਬੂਰੀ ਵਸ ਰਾਤ ਦੇ ਹਨੇਰੇ ਵਿਚ ਤੁਰਨਾ ਵੀ ਪੈਂਦਾ ਤਾਂ ਗਲ ਵਿਚ ਢੋਲ ਵਜਾਕੇ ਤੁਰਨ ਦਾ ਹੁਕਮ ਸੀ  1 ਸ਼ੁਦਰਾਂ ਨੂੰ ਮੰਦਿਰ ਤਾਂ ਕੀ,  ਉਸ ਦੇ ਆਸ ਪਾਸ  ਜਾਣ ਦੀ ਵੀ ਮਨਾਹੀ ਸੀ 1 ਅਗਰ ਕਿਸੇ ਸ਼ੂਦਰ ਦੇ ਕੰਨੀ ਮੰਤਰਾਂ ਦੀ ਅਵਾਜ਼ ਵੀ ਪੈ ਜਾਂਦੀ ਤਾਂ ਉਸਦੇ ਕੰਨਾ ਵਿਚ ਗਰਮ ਗਰਮ ਸਿਕਾ ਪਾ ਦਿਤਾ ਜਾਂਦਾ ਤਾਕਿ ਓਹ ਮੁੜ ਕੇ ਕਦੀ ਸੁਣ ਨਾ ਸਕੇ 1 ਅਗਰ ਕੋਈ ਸ਼ੂਦਰ ਉਚੀ ਜਾਤ ਦੇ ਬਰਾਬਰ ਬੈਠਣ ਦੀ ਜੁਰਤ ਕਰਦਾ ਤਾਂ ਉਸਦੀ ਪਿਠ ਦਾ ਮਾਸ ਕਟ ਦਿਤਾ ਜਾਂਦਾ 1 ਖੂਹ ਤੇ ਕੁਤਾ ਚੜਕੇ ਪਾਣੀ ਪੀ ਸਕਦਾ ਸੀ , ਪਰ ਸ਼ੂਦਰ ਨੂੰ ਹੁਕਮ ਨਹੀ ਸੀ 1

             ਕਾਦੀ ਕੂੜੁ ਬੋਲਿ ਮਲ ਖਾਏ 1 ਬ੍ਰਾਹਮਣ ਨਾਵੈ ਜੀਆ ਘਾਇ 1

             ਜੋਗੀ ਜੁਗਤਿ ਨਾ ਜਾਣੇ ਅੰਧ1 ਤੀਨੇ ਉਜਾੜੇ ਕਾ ਬੰਧ

ਧਾਰਮਿਕ ਤੋਰ ਤੇ ਵੀ ਵਖ ਵਖ ਦੇਵਤਿਆਂ ਦੀ ਪੂਜਾ ਹੁੰਦੀ 1 ਹਰ ਵਰਗ ਦੇ ਤਿਲਕ ਦਾ ਰੰਗ ਅੱਲਗ ਹੁੰਦਾਂ , ਬ੍ਰਾਹਮਣ ਦਾ ਚਿਟਾ, ਖਤ੍ਰੀ ਦਾ ਲਾਲ , ਤੇ ਵੈਸ਼ ਦਾ ਸਬ੍ਜ਼ 1 ਸ਼ੂਦਰ ਨੂੰ ਤਾਂ ਤਿਲਕ ਲਗਾਣ ਦਾ ਹੁਕਮ ਹੀ ਨਹੀ ਸੀ 1 ਮਾਲਾ ਦੇ ਮਣਕੇ ਤਕ ਅੱਲਗ ਅੱਲਗ ਸੀ , ਕਿਸੇ ਦੇ ਲਕੜੀ ਦੇ, ਕਿਸੇ ਦੇ ਤੁਲਸੀ ਦੇ ਤੇ ਕਿਸੇ ਦੇ ਰੁਦਰਾਕਸ਼ ਦੇ 1 ਰਮਾਇਣ , ਗੀਤਾ , ਵੇਦ  ਪੁਰਾਨ ਕੁਰਾਨ ਉਸ ਵਕਤ ਵੀ ਸੀ ਪਰ ਪੰਡਤ , ਬ੍ਰਾਹਮਣਾ ,ਕਾਜ਼ੀ ,ਮੁਲਾਣਿਆਂ ਨੇ  ਆਪਣੇ ਲੋਭ ਲਾਲਚ ਪਿਛੇ  ਇਨਾ ਦਾ ਉਚਾ ਤੇ ਸੁਚਾ ਗਿਆਨ ਐਸੀ ਉਚੀ ਥਾਂ ਟਿਕਾ ਦਿਤਾ ਜਿਥੇ ਆਮ . ਸਧਾਰਨ ਲੋਕ ਪਹੁੰਚ ਨਾ ਸਕਣl  ਉਹਨਾ ਦਾ ਕੰਮ ਸੀ ਆਪਣੇ ਲੋਭ ਲਾਲਚ ਪਿੱਛੇ ,ਮਨੁਖ ਨੂੰ ਵਖ ਵਖ ਪੂਜਾ ਦੇ ਚਕਰਾਂ ਵਿਚ ਪਾਣਾ ਤੇ ਲੋਕਾਈ ਨੂੰ ਲੁੱਟਣਾ,  ਜਿਸਦਾ ਨਤੀਜਾ ਇਹ ਹੋਇਆ ਕਿ ਇਨਸਾਨ ਆਪਣੀਆ ਲੋੜਾ ਨੂੰ ਮੁਖ ਰਖਦੇ ਹੋਏ  ਕੁਦਰਤ ਵਿਚ ਪ੍ਰਤਖ ਤਾਕਤਾਂ ਨੂੰ ਪੂਜਣ ਲਗ ਪਿਆ ਤੇ ਦਾਤਾਰ ਨੂੰ ਭੁਲ  ਗਿਆ 1 ਦਰਖਤਾਂ, ਮੜੀਆਂ, ਸੂਰਜ, ਚੰਦ ਤੇ ਆਕਾਸ਼ ਨੂੰ ਰਬ ਸਮਝ  ਕੇ  ਸਜਦੇ ਕਰਨ ਲਗ ਪਿਆ  ਜਿਨ੍ਹਾ  ਵਿਚੋਂ ਅਨੇਕਾ ਵਹਿਮਾ ਤੇ ਭਰਮਾ ਨੇ ਜਨਮ ਲਿਆl

ਮਨੁੱਖ ਨੂੰ ਸਹੀ ਜੀਵਨ ਸੇਧ ਦੇਣ ਲਈ ਸੰਸਾਰ ਅੰਦਰ ਸਮੇਂ-ਸਮੇਂ ਤੇ ਵੱਖ-ਵੱਖ ਧਾਰਮਿਕ ਰਹਿਬਰ ਆਏ  ਜਿਨ੍ਹਾਂ ਨੇ ਮਨੁੱਖ ਦਾ ਮਾਰਗ ਦਰਸ਼ਨ ਕੀਤਾl  ਮੱਧਕਾਲੀਨ ਯੁੱਗ ਦੀ ਅੱਠਵੀਂ ਸਦੀ ਵਿੱਚ ਦੱਖਣੀ ਭਾਰਤ ਵਿੱਚ ਭਗਤੀ ਲਹਿਰ ਦੀ ਸ਼ੁਰੂਵਾਤ  ਹੋਈ ਜੋ ਇੱਕ ਧਾਰਮਿਕ ਜਾਗਰਤੀ ਦੀ ਲਹਿਰ ਸੀ ਜਿਸ ਨੂੰ  ਧਾਰਮਿਕ ਅੰਦੋਲਨ ਵੀ ਕਿਹਾ ਜਾ ਸਕਦਾ ਹੈ ਜਿਸ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਸ਼ਾਮਲ ਸਨl ਇਸ ਲਹਿਰ ਨੂੰ ਦੱਖਣੀ ਭਾਰਤ ਵਿੱਚ ਚਲਾਉਣ ਵਾਲੇ ਰਾਮਾਨੁਜ਼ ਤੇ ਉੱਤਰੀ ਭਾਰਤ ਵਿੱਚ ਰਾਮਾਨੰਦ ਹੋਏ ਹਨ। ਇਸ ਲਹਿਰ ਤਹਿਤ ਰਚੀ ਗਈ ਬਾਣੀ ਨੇ ਸਮਾਜਿਕ ਨਾਬਰਾਬਰੀ ਅਤੇ ਨਫ਼ਰਤ ਨੂੰ ਖ਼ਤਮ ਕਰ ਕੇ ਭਗਤੀ ਅਤੇ ਸਾਂਝੀਵਾਲਤਾ ਦੇ ਦਰ-ਦਰਵਾਜ਼ੇ ਖੋਲ੍ਹੇ ਦਿੱਤੇ ।ਇਹ ਲਾਹਿਰ ਮੁੱਖ ਰੂਪ ਵਿੱਚ ਸਮਾਜਿਕ ਗੁਲਾਮੀ ਤੇ ਬ੍ਰਾਹਮਣ ਵਾਦ ਦੇ ਕੱਟੜ ਫਲਸਫੇ ਦੇ ਖਿਲਾਫ ਇੱਕ ਪ੍ਰਤੀਕਰਮ ਵਜੋਂ ਆਰੰਭ ਹੋਈ ਮੰਨੀ ਜਾਂਦੀ ਹੈ।ਭਗਤਾਂ ਨੇ  ਇੱਥੋਂ ਦੇ ਨਾਥ ਜ਼ੋਗੀਆ ਤੇ ਸੂਫ਼ੀਆਂ ਵਾਂਗ ਦੇਸ਼ ਦੀ ਲੋਕ-ਭਾਸ਼ਾ ਵਿੱਚ ਅਧਿਆਤਮਕ ਭਾਵਾਂ ਨੂੰ ਜਨ ਸਮੂਹ ਤੱਕ ਪਹੁੰਚਾਇਆ। ਸਾਰੇ ਦੇਸ਼ ਦਾ ਭਰਮਣ ਕਰਦੇ ਰਹਿਣ ਕਾਰਨ ਇਨ੍ਹਾਂ ਦੀ ਪ੍ਰਸਿੱਧੀ ਦੂਰ-2 ਤੱਕ ਫੈਲ ਗਈ ਸੀ। ਇਹ ਭਗਤ ਭੇਖ, ਪਾਖੰਡ ਵਹਿਮ-ਭਰਮ, ਜਾਤ-ਪਾਤ, ਰੰਗ, ਨਸਲ ਊਚ ਨੀਚ ਆਦਿ ਸਾਰੇ ਧਰਮਾਂ ਦਾ ਆਪਸੀ ਭੇਦ ਭਾਵ ਮਿਟਾਉਣ ਲਈ ਯਤਨ ਕਰਦੇ ਰਹੇl

ਪੰਧਰਵੀਂ ਸਦੀ ਦੇ ਅਖੀਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿਖ ਧਰਮ ਦੀ ਨੀਹ ਰਖੀ , ਮਾਨਵਤਾ ਦੇ ਭਲੇ ਲਈ ਇਕ ਨਿਰਮਲ ਪੰਥ ਚਲਾਇਆ 1   ਖਾਸ ਕਰਕੇ ਪੰਜਾਬ ਨੂੰ ਧਾਰਮਿਕ , ਸਮਾਜਿਕ ਤੇ ਇਖਲਾਕੀ ਤੋਰ ਤੇ ਮਜਬੂਤ ਕਰਨ ਦੀ ਤੇ ਜ਼ੁਲਮ  ਜੋਰ ਜਬਰ ਦੀ ਟਕਰ  ਲੇਣ ਦੀ ਜ਼ਿਮੇਦਾਰੀ ਆਪਣੇ ਸਿਰ ਲੈ ਲਈ 1 ਉਨ੍ਹਾ  ਨੇ ਉਸ ਵਕਤ  ਜਦ ਧਰਮ ਵਿਚ ਦਿਖਾਵੇ ਤੇ ਆਪਸੀ ਵੈਰ ਵਿਰੋਧ ਕਰਕੇ ਮਨੁਖਤਾ ਦਾ ਅੰਸ਼ ਅਲੋਪ ਹੋ ਚੁਕਾ ਸੀ , ਜਦੋਂ ਧਰਮ ਤੇ ਰਾਜ ਦੀਆਂ ਸ਼ਕਤੀਆਂ ਨੇ ਸੰਸਾਰ ਦੇ ਵਖ ਵਖ ਧਰ੍ਮਾ ਦੀ ਵਿਭਿਨਤਾ  ਨੂੰ ਮੁਕਾਣ ਲਈ ਸਿਰ ਧੜ ਦੀ ਬਾਜ਼ੀ ਲਗਾ ਦਿਤੀ ਸੀ , ਇਸ ਵਿਭਿਨਤਾ ਦੀ ਖੂਬਸੂਰਤੀ ਨੂੰ ਕਾਇਮ ਰਖਦਿਆਂ ਹਰ ਧਰਮ ਦੇ ਔਗਣਾ ਨੂੰ ਵਿਸਾਰ ਕੇ ਗੁਣਾ ਦੀ ਸਾਂਝ ਦਾ ਉਪਦੇਸ਼ ਦਿਤਾ 1

                    ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ 1

ਉਸ ਸਮੇ ਧਰਮ ਦੇ ਠੇਕੇਦਾਰਾਂ, ਰਿਸ਼ੀਆਂ, ਮੁਨੀ, ਸਾਧਕਾਂ, ਆਚਾਰੀਆਂ, ਪੀਰ, ਫਕੀਰ, ਕਾਜ਼ੀ ਮੁਲਾਣਿਆਂ ਤੇ ਭਗਤੀ ਲਹਿਰ ਦਾ ਬੋਲਬਾਲਾ ਸੀl  ਜਿਸ ਵਿਚੋਂ ਅਨੇਕ,ਕਰਮਕਾਂਡ, ਭਰਮ, ਵਹਿਮ,ਤੇ ਪਾਖੰਡ ਪੈਦਾ ਹੋਏ 1  ਧਰਮ ਇਤਨਾ ਗੁੰਜਲਦਾਰ ਹੋ ਗਿਆ ਕਿ ਜਿਸ ਨੂੰ  ਸਧਾਰਨ ਮਨੁਖ ਲਈ ਸਮਝਣਾ  ਮੁਸ਼ਕਿਲ ਹੋ ਗਿਆ ਤੇ  ਸਿਰਫ ਕਰਮ ਕਾਂਡਾ ਤਕ ਸੀਮਤ ਰਹਿ ਗਿਆ 1ਗੁਰੂ ਨਾਨਕ ਸਾਹਿਬ ਨੇ ਖਾਲੀ ਸਿੱਖਾਂ ਲਈ ਨਹੀਂ ਬਲਿਕ  ਪੂਰੀ ਕਾਇਨਾਤ ਦੇ ਭਲੇ ਲਈ  ਅਧਿਆਤਮਿਕ , ਸਮਾਜਿਕ , ਰਾਜਨੀਤਕ ,ਆਰਥਿਕ ਤੇ ਪ੍ਰ੍ਕਿਤਿਕ ਪਖ ਤੋ ਲੋਕਾਂ ਨੂੰ ਇਕ ਨਵੀ ਸੇਧ ਬਖਸ਼ੀ  1 ਕਿਰਤ ਕਰਨੀ , ਵੰਡ ਕੇ ਛਕਣਾ , ਤੇ ਨਾਮ ਸਿਮਰਨ, ਸੇਵਾ ,ਮਨੁਖੀ ਭਾਈਚਾਰਾ ,ਬਰਾਬਰੀ , ਨਿਆਂ , ਦਇਆ ,ਪਰਉਪਕਾਰ  ਸਿਖੀ ਦੇ ਮੁਢਲੇ ਅਸੂਲ  ਬਣਾ ਦਿਤੇ1  ਨਿਰਭਉ , ਨਿਰਵੈਰ ਪ੍ਰਮਾਤਮਾ ਦੀ ਬੰਦਗੀ ਨਾਲ ਜੋੜ ਕੇ ਇਕ ਨਿਰਭਉ ਤੇ ਨਿਰਵੈਰ ਸਮਾਜ ਦੀ ਸਥਾਪਨਾ ਕੀਤੀ ,ਜਿਸ ਵਿਚ ਗਰੀਬ ਅਮੀਰ ,ਊਚ ਨੀਚ,ਜਾਤ ਪਾਤ , ਵਹਿਮ ਭਰਮਾਂ ਤੇ ਕਰਮ ਕਾਂਡਾ ਨੂੰ ਕੋਈ ਜਗਹ ਨਹੀਂ ਦਿਤੀ 1 ਧਰਮ ਦੇ ਪਾਖੰਡ ਜਾਲ ਨੂੰ  ਤੋੜਿਆ ਤੇ ਅਖੋਤੀ ਧਾਰਮਿਕ ਆਗੂਆਂ  ਦੀ ਅਸਲੀਅਤ ਦੱਸ ਕੇ  ਲੋਕਾਂ ਨੂੰ ਉਨ੍ਹਾ ਦੇ ਭੈ- ਜਾਲ ਤੋ ਮੁਕਤ ਕੀਤਾ 1 ਇਸ ਨਾਲ  ਭੁਖਿਆਂ  , ਦੁਖੀਆਂ ,ਗਰੀਬ, ਮਜਲੂਮਾਂ  ਲੋੜਵੰਦਾ   ਦੀ ਮਦਤ ਹੋਈ ,ਸਮਾਜਿਕ ਸਾਂਝੀਵਾਲਤਾ ਤੇ ਆਪਸੀ ਏਕਤਾ ਪੈਦਾ ਹੋਈ 1

 ਮਨੁਖਤਾ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਲਈ ਪਹਿਲੀ ਵਾਰ ਸ਼ਬਦ ਗੁਰੂ ਨਾਲ ਜੋੜਿਆ  1 ਮੁਕਤੀ ਦਾ ਸੋਖਾ ਰਾਹ “ਹੁਕਮਿ ਰਜਾਈ ਚਲਣਾ’ ਉਸਦੀ ਰਜ਼ਾ ਵਿਚ ਰਹਿੰਦੀਆਂ  ਗ੍ਰਿਹਸਤੀ  ਜੀਵਨ ਜੀਦੀਆਂ , ਸ਼ਬਦ ਰਾਹੀਂ ਉਸ ਪ੍ਰਮਾਤਮਾ ਨਾਲ ਜੁੜਨ ਦਾ ਰਾਹ ਦਸਿਆ, ਉਸ ਵਕਤ ਜਦੋਂ ਤਪ ਸਾਧਣ ਵਾਲਿਆਂ , ਜੰਗਲਾਂ ਵਿਚ ਵਾਸ ਕਰਨ ਵਾਲਿਆਂ , ਤੀਰਥ ਤੇ ਭ੍ਰਮਣ ਕਰਨ ਵਾਲਿਆਂ ਤੇ ਅਟੰਕ ਸਮਾਧੀ ਲਗਾਉਣ  ਵਾਲਿਆਂ ਦਾ ਜੋਰ ਸੀ 1 ਇਸਤਰੀ ਨੂੰ ਸਨਮਾਨਿਤ ਦਰਜਾ ਦਿਤਾ 1 ਪੀਰਾਂ ਫਕੀਰਾਂ ਜੋ ਘਰ , ਬਾਹਰ, ਆਪਣੀਆਂ ਜਿਮੇਦਾਰੀਆਂ  , ਰਿਸ਼ਤੇ ਤਿਆਗ ਕੇ ਗ੍ਰਹਿਸਤੀਆਂ ਦੇ ਸਿਰ ਤੇ ਪਲਦੇ ਹਨ , ਨਿਖੇਦੀ ਕੀਤੀl  ਧਰਮਾਂ ਵਿਚ ਫੋਕਟ ਕਰਮ-ਕਾਂਡਾਂ ਤੇ ਕੁਰੀਤੀਆਂ ਦਾ ਜੋਰਦਾਰ ਖੰਡਣ ਕੀਤਾ 1 ਤੀਰਥ ਯਾਤਰਾ ,ਵਰਤ ,ਜਨੋਊ , ਪਿਤਰ ਪੂਜਾ, ਸਰਾਧ ਆਦਿ ਰਸਮਾਂ ਨੂੰ ਪੰਡਤਾ ਦਾ ਲੁਟ ਖਸੁਟ ਤੇ ਅਡੰਬਰ ਦਾ ਰਾਹ ਦਸਿਆ 1

ਗੁਰੂ ਨਾਨਕ ਸਾਹਿਬ ਨੇ ਸਿਰਫ ਅਧਿਆਤਮਿਕ ਗਿਆਨ ਹੀ ਨਹੀ ਦਿਤਾ, ਸਗੋ ਸਮਾਜਿਕ, ਰਾਜਨੀਤਕ , ਆਰਥਿਕ ਤੇ  ਪ੍ਰਕਿਰਤਿਕ ਪਖੋਂ ਜੀਵਤ ਮੁਕਤ ਹੋਣ ਦੀ  ਲੋਕਾਂ ਨੂੰ  ਸੇਧ ਬਖਸ਼ੀ  1 ਵਖ ਵਖ ਰਬ ਦੇ ਸਰੂਪਾਂ ਦੀ ਥਾਂ ਇਕ ਅਕਾਲ ਪੁਰਖ ਦਾ ਸਿਮਰਨ ਦਾ ਰਾਹ ਦਸਿਆ ਜਿਸਦੀ ਪ੍ਰਾਪਤੀ ਲਈ ਸ਼ਬਦ ਗੁਰੂ ਨਾਲ ਜੋੜ ਦਿਤਾ ਜੋ

           ਪਵਨ ਆਰੰਭ ਸਤਿਗੁਰ ਮਤਿ ਵੇਲਾ

             ਸਬਦੁ ਗੁਰੂ ਸੁਰਤਿ ਧੁਨਿ ਚੇਲਾ

ਐਸੇ ਗੁਰਿ ਕਉਂ ਬਲਿ ਬਲਿ ਜਾਈਐ ਆਪ ਮੁਕਤੁ ਮੁਹਿ ਤਾਰੈ ॥

ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥ ੧੩੦੧ ਮਹਲ਼ਾ ੫

ਗੁਰੂ ਪ੍ਰਾਮਾਤਮਾ ਦੀ ਪਹਿਚਾਣ ਹੀ ਮੁਕਤੀ ਹੈ ।

ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥19॥ਮਹਲਾ ੯

ਕ੍ਰਾਂਤੀਕਾਰੀ ਸਮਾਜ ਸੁਧਾਰਕ, ਮਹਾਨ ਚਿੰਤਕ, ਵਿਚਾਰਕ, ਕਰਮਯੋਗੀ  ਭਗਤ ਰਵਿਦਾਸ ਜੀ ਦੀ “ ਸ੍ਰੀ ਗੁਰੂ ਗ੍ਰੰਥ ਸਾਹਿਬ ” ਵਿੱਚ ਦਰਜ ਬਾਣੀ ਵਿੱਚ ਉਨ੍ਹਾ ਨੇ  ਮੁਕਤੀ  ਦੀ ਲੋਚਾ ਕਰਣ ਦੀ ਬਜਾਏ ਜੀਵਨ ਮੁਕਤੀ ਦੀ ਇੱਛਾ ਪ੍ਰਗਟਾਈ ਹੈl ਉਨ੍ਹਾਂ ਦੇ ਅਨੁਸਾਰ ਪਰਮਾਤਮਾ ਤੇ ਜੀਵ ਆਤਮਾ  ਵਿੱਚ ਕੋਈ ਫਰਕ ਨਹੀਂ ਹੈl ਫਰਕ ਹੈ ਤਾਂ ਸਿਰਫ਼ ਮਾਇਆ ਦੀ  ਦਲਦਲ  ਜਿਸਦੇ ਅਧੀਨ ਹੋਕੇ ਜੀਵ ਵਿਸ਼ੇ-ਵਿਕਾਰਾਂ, ਕਾਮ ,ਕ੍ਰੋਧ,ਲੋਭ, ਮੋਹ ,ਹੰਕਾਰ ਵਿੱਚ ਪੈਕੇ ਪਰਮਾਤਮਾ ਤੋਂ ਵਿਛੜ ਜਾਂਦਾ  ਹੈ l ਇਨ੍ਹਾਂ ਵਿਕਾਰਾਂ ਤੋਂ ਮੁਕਤ ਹੋਕੇ  ਪ੍ਰਭੂ ਪਿਆਰ ਵਿੱਚ ਲੀਨ ਹੋਣਾ, ਉਸ ਵਿੱਚ ਅਭੇਦ ਹੋ ਜਾਣਾ ਹੀ ਮੁਕਤੀ ਹੈ ਜੋ ਕਿ  ਮਨੁੱਖੀ ਜੀਵਨ ਦਾ  ਅੰਤਮ ਲਕਸ਼ ਹੈl

ਸੱਧਨਾ ਜੀ ਵੀ ਆਪਣੀ  ਬਾਣੀ ਵਿੱਚ ਲਿਖਦੇ ਹਨ ਕਿ ਅਗਰ ਪਿਆਸਾ ਚਾਤ੍ਰਿਕ ਇੱਕ ਬੂੰਦ ਪਾਣੀ ਲਈ ਤਰਸ ਤਰਸ ਕੇ ਮਰ ਜਾਂਦਾ ਹੈ ਤੇ ਮਰਨ ਤੋਂ ਬਾਅਦ ਸਾਗਰ ਦੀ ਹੋਂਦ ਦਾ ਉਸ ਵਾਸਤੇ ਕਿਸੇ ਕੰਮ ਦੀ ਨਹੀਂ  l

ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖੁ ਪਾਵੈ।।

ਪ੍ਰਾਨ ਗਏ ਸਾਗਰ ਮਿਲੇ ਫੁਨਿ ਕਾਮਿ ਨ ਆਵੈ।। ੨।।(ਬਾਣੀ ਸਧਨੇ ਕੀ- ਰਾਗ ਬਿਲਾਵਲ-੮੫੮)

 ਭਗਤ ਨਾਮਦੇਵ ਜੀ ਇਸ ਸਬੰਧ ਵਿੱਚ ਆਪਣੇ ਜੀਵਨ ਵਿਚੋਂ ਬਹੁਤ ਸੁੰਦਰ ਦ੍ਰਿਸ਼ਟਾਂਤ ਦੁਆਰਾ ਪ੍ਰਮੇਸ਼ਰ ਨੂੰ ਬੇਨਤੀ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਹੇ ਅਕਾਲ ਪੁਰਖ! ਨਾਮਦੇਵ ਤੇਰਾ ਭਗਤ ਹੈ ਅਤੇ ਉਸਨੂੰ ਜੀਊਂਦੇ ਜੀਅ ਧਰਮ ਮੰਦਰ ਵਿਚੋਂ ਸ਼ੂਦਰ-ਸ਼ੂਦਰ ਆਖਦੇ ਹੋਏ ਧੱਕੇ ਮਾਰ ਕੇ ਬਾਹਰ ਕੱਢ ਦਿਤਾ ਜਾ ਰਿਹਾ ਹੈ। ਜੇ ਮੇਰੀ ਭਗਤੀ ਦਾ ਫਲ ਮੈਨੂੰ ਮਰਣ ਤੋਂ ਬਾਅਦ ਮੇਰੇ ਸਰੀਰ ਦੇ ਬਲਦੇ ਕੋਲਿਆਂ ਨੂੰ ਜਿਸ ਨੂੰ ਪਤਾ ਨਹੀਂ ਮੁਕਤੀ ਕਿ ਹੁੰਦੀ ਹੈ ,ਮੁਕਤਿ ਮਿਲਣੀ ਹੈ ਤਾਂ ਮੈਨੂੰ  ਇਹ ਮੁਕਤੀ ਨਹੀਂ ਚਾਹੀਦੀ

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ।।

ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛਉਡੀ ਹੋਇਲਾ।। (ਮਲਾਰ-ਭਗਤ ਨਾਮਦੇਵ ਜੀ-੧ ੨੯੨)

ਜੀਵਨ ਮੁਕਤੀ ਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਥਾਂ ਤੇ  ਵਿਸ਼ਲੇਸ਼ਣ ਕੀਤਾ ਹੋਇਆ ਹੈ l ਪਰ ਅਜ ਗੁਰੂ ਸਹਿਬਾਨਾਂ  ਦੀਆਂ ਕੁਰਬਾਨੀਆਂ ਤੇ ਉਨ੍ਹਾਂ ਦੀ  ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਲੋਕ ਭੁੱਲਦੇ ਜਾਂ ਰਹੇ ਹਨ ਲੋੜ ਹੈ ਸੰਸਾਰ ਦੀ  ਸਾਰੀ ਮਨੁੱਖਤਾ ਨੂੰ ਇੱਕੋ ਅਕਾਲ ਪੁਰਖ ਦੇ ਪੁਜਾਰੀ ਤੇ ਸਾਂਝੀਵਾਲ ਬਣਾ ਕੇ ਇਸ ਸ੍ਰਿਸ਼ਟੀ ਨੂੰ ਇਕ ਅਜਿਹੇ ਪਰਵਾਰ ਦਾ ਰੂਪ ਦਿੱਤਾ ਜਾ ਸਕੇ ਜਿੱਥੇ ਅਮਲੀ ਤੌਰਤੇ ਪਵਣ ਗੁਰੂ ਹੋਵੇ, ਪਾਣੀ ਪਿਤਾ ਤੇ ਧਰਤੀ ਮਾਤਾ ਦੀ ਗੋਦ ਵਿਚ ਮਨੁੱਖਤਾ ਸੁਖੀ ਵੱਸਦੀ ਆਪਣੇ ਜੀਵਨ ਦਾ ਰਸ ਮਾਣ ਸਕੇ । ਸੋ ਆਉ! ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਵਿਚਾਰਧਾਰਾ ਨੂੰ ਸਮਝ ਕੇ ਗੁਰਮਤਿ ਮਾਰਗ ਦੇ ਪਾਂਧੀ ਬਣ, ਉੱਚੀ, ਸੂਚੀ ਜੀਵਨ ਮੁਕਤਿ ਹੋਣ  ਦੇ ਰਾਹ ਤੇ ਚੱਲ ਕੇ ਆਪਣਾ ਲੋਕ ਤੇ ਪਰਲੋਕ ਸੁਹੇਲਾ ਕਰੀਏ!

ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »