ਸਿੱਖ ਇਤਿਹਾਸ

ਮਾਤਾ ਤ੍ਰਿਪਤਾ (1442-1522)

ਭਾਰਤ ਅੰਦਰ ਇਸਤਰੀ ਦੀ ਦੱਬੀ ਕੁਚਲੀ ਤੇ ਨਿਘਰ ਚੁੱਕੀ ਹਾਲਤ, ਇਸਤਰੀ ਦੇ ਮਾਨ-ਸਨਮਾਨ ਤੇ ਉਸ ਦੇ ਹੱਕ ਲਈ ਜੇਕਰ ਕੋਈ ਜ਼ੋਰਦਾਰ ਆਵਾਜ਼ ਬੁਲੰਦ ਹੋਈ ਤਾਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੀ। ਉਨ੍ਹਾ ਨੇ ਔਰਤ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿਚ ਨਹੀਂ ਬਲਕਿ ਉਸਦੇ ਗੁਣ ਦੇ ਰੂਪ ਵਿਚ ਦੇਖਿਆ। ਗੁਰੂ ਸਾਹਿਬ  ਨੇ ਉਨ੍ਹਾਂ ਸਾਰੇ ਗ਼ਲਤ ਖ਼ਿਆਲਾਂ ‘ਤੇ ਕਰਾਰੀ ਚੋਟ ਕੀਤੀ ਜੋ ਇਸਤਰੀ ਨੂੰ ਮੁਕਤੀ ਦੇ ਰਾਹ ‘ਚ ਰੁਕਾਵਟ ਸਮਝਦੇ ਸਨ  ਅਤੇ ਉਹ ਖ਼ਿਆਲ ਜੋ ਇਸਤਰੀ ਨੂੰ ਜਿਸਮਾਨੀ ਅਤੇ ਦਿਮਾਗੀ ਤੋਰ ਤੇ ਕਮਜ਼ੋਰ ਸਾਬਤ ਕਰਨ ਦੀ ਕੋਸ਼ਿਸ਼ ਵਿਚ ਸਨ  ਗੁਰੂ ਸਾਹਿਬਾਨ ਨੇ ਕਿਹਾ ਕਿ ਇਸਤਰੀ ਦਾ ਦਰਜਾ ਨੀਵਾਂ ਨਹੀਂ ਸਗੋਂ ਮਰਦ ਦੇ ਬਰਾਬਰ ਤੇ ਆਪਣੇ ਆਪ ਵਿਚ ਸੰਪੂਰਨ ਹੈI ਉਨ੍ਹਾ ਨੇ ਆਪਣੀ ਬਾਣੀ ਵਿਚ ਕਿਹਾ  ਕਿ ਜਿਹੜੀ ਔਰਤ ਰਾਜਿਆਂ ਮਹਾਰਾਜਿਆਂ, ਸੰਤਾਂ, ਮਹਾਤਮਾ ਤੇ ਮਹਾਪੁਰਸ਼ਾ ਨੂੰ ਜਨਮ ਦੇਦੀ ਹੈ, ਜਿਨ੍ਹਾ ਦੀ ਹੋਂਦ ਹੀ ਔਰਤ ਸਦਕਾ ਹੈ  ਉਹ ਮਾੜੀ ਕਿਵੇਂ ਹੋ ਸਕਦੀ ਹੈ ।
                 ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
                 ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਗੁਰੂ ਨਾਨਕ ਸਾਹਿਬ ਦੀ ਜੰਨਨੀ ਮਾਤਾ ਤ੍ਰਿਪਤਾ ਜੀ ਸੀ, ਜਿਨ੍ਹਾ ਦੀ ਇਤਿਹਾਸ ਵਿਚ ਖਾਸ ਜਗਹ ਹੈl ਹਾਲਾਂਕਿ ਉਨ੍ਹਾ ਦੇ  ਜਨਮ ਦਿਨ ਦੀ  ਇਤਿਹਾਸ ਨੂੰ  ਕੋਈ ਖਬਰ ਨਹੀਂ, ਕਿਹਾ ਜਾਂਦਾ ਹੈ ਕਿ ਉਨ੍ਹਾ ਦਾ ਜਨਮ ਸੰਨ  1442- 1443 ਦੇ ਆਸ ਪਾਸ ਲਹੌਰ ਦੇ ਨੇੜੇ ਪਿੰਡ ਚਾਹਲ ਵਿਚ,  ਭਾਈ ਰਾਮਾ ਦੇ ਘਰ, ਮਾਈ ਭਿਰਾਈ ਦੀ ਕੁਖੋਂ ਤੋਂ ਹੋਇਆ ਸੀl ਇਨ੍ਹਾ ਦੀ ਸ਼ਾਦੀ ਰਾਇ ਭੋਇ ਦੀ ਤਲਵੰਡੀ ਦੇ  ਰਹਿਣ ਵਾਲੇ ਸ਼ਿਵਰਾਮ ਤੇ ਮਾਈ ਬਨਾਰਸੀ ਦੇ ਪੁਤਰ ਮਹਿਤਾ ਕਾਲੂ ਜੀ ਨਾਲ ਹੋਈl ਮਹਿਤਾ ਕਾਲੂ ਜੀ ਦਾ ਇਕ ਭਰਾ ਕ੍ਰਿਸ਼ਨ ਤੇ ਇਕ ਭੈਣ ਮਾਈ ਲਖੋ ਸੀ, ਜੋ ਮਾਤਾ ਤ੍ਰਿਪਤਾ ਨੂੰ  ਬੇਹਦ ਪਿਆਰ ਕਰਦੇ ਸੀl 
ਤਲਵੰਡੀ ਦੀ ਜਮੀਨ ਰਾਇ ਭੋਇ ਨੂੰ ਦਿਲੀ ਦੇ ਸ੍ਯੀਆਦ ਸੁਲਤਾਨ ( 1414 -1451) ਦੇ ਸਮੇਂ  ਉਨ੍ਹਾ ਦੀਆਂ ਸੇਵਾਵਾਂ ਬਦਲੇ  ਜਾਗੀਰ ਵਜੋਂ ਦਿਤੀ ਗਈ ਸੀl ਰਾਇ ਭੋਇਂ ਦੀ ਮੌਤ ਤੋਂ ਬਾਅਦ ਉਨ੍ਹਾ ਦਾ ਪੁੱਤਰ ਰਾਇ ਬੁਲਾਰ ਇਸ ਜਾਗੀਰ ਦਾ ਮਲਿਕ ਬਣ ਗਿਆ l ਉਨ੍ਹਾ ਨੇ ਇਥੇ ਆਪਣਾ ਇਕ ਪੱਕਾ ਕਿਲਾ ਬਣਵਾਇਆ ਤੇ ਇਥੇ ਹੀ ਰਹਿਣ ਦਾ ਇੰਤਜ਼ਾਮ ਕਰ ਲਿਆlਇਸ ਜਾਗੀਰ ਦਾ ਨਾਮ  ਤਲਵੰਡੀ ਰੱਖ  ਇਕ  ਨਵਾਂ  ਨਗਰ ਵਸਾ ਦਿਤਾl ਉਸ ਵਕਤ  ਮਹਿਤਾ ਕਾਲੂ ਜੀ ਦੇ ਪਿਤਾ ਸ਼ਿਵਰਾਮ ਪਰਿਵਾਰ  ਸਮੇਤ ਇਥੇ ਆਕੇ ਵੱਸ ਗਏl   ਮਹਿਤਾ ਕਾਲੂ ਜੀ ਨੂੰ ਇਕ ਨੇਕ ,ਇਮਾਨਦਾਰ ਤੇ ਕਾਬਲ ਇਨਸਾਨ ਸਮਝ ਕੇ ਰਾਇ ਬੁਲਾਰ ਨੇ  ਪਿੰਡ ਦਾ ਪਟਵਾਰੀ ਤੇ ਕਾਰਦਾਰ ਰਖ ਲਿਆl ਇਸੇ ਘਰ ਵਿਚ ਮਾਤਾ ਤ੍ਰਿਪਤਾ ਸ਼ਿਵਰਾਮ ਤੇ ਮਾਈ ਬਨਾਰਸੀ ਦੀ ਨੂੰਹ ਬਣਕੇ ਆਏ ਸਨl 
ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੀ  ਪਹਿਲੀ ਸੰਤਾਨ ਬੀਬੀ  ਨਾਨਕੀ ਜੀ ਦਾ ਜਨਮ  ਸੰਨ 1464  ਪਿੰਡ ਚਾਹਲ, ਤਹਿਸੀਲ ਲਾਹੋਰ, ਸੰਮਤ 1521  ਸੰਨ 1464 ਵਿੱਚ ਨਾਨਕੇ ਪਿੰਡ ਵਿਚ ਹੋਇਆl  ਬੇਬੇ ਜੀ ਦਾ ਜਨਮ ਨਾਨਕੇ ਹੋਣ ਕਰਕੇ ਨਾਨਾ ਰਾਮ ਜੀ, ਨਾਨੀ ਭਿਰਾਈ ਅਤੇ ਮਾਮਾ ਕ੍ਰਿਸ਼ਨਾ ਜੀ ਦੇ ਲਾਡਾਂ-ਪਿਆਰਾਂ ਨਾਲ ਨਵੀਂ ਜਨਮੀ ਬੱਚੀ ਦਾ ਨਾਂਅ ਹੀ “ਨਾਨਕਿਆਂ ਦੀ ” ਰੱਖ ਦਿਤਾ ਗਿਆ ਜੋ ਬਾਅਦ ਵਿਚ  ਨਾਨਕੀ ਅਖਵਾਉਣ ਲਗ ਪਿਆ ਹੋl  ਪੰਜ ਸਾਲ ਬਾਅਦ ਮਾਤਾ ਤ੍ਰਿਪਤਾ ਜੀ ਦੀ ਦੂਸਰੀ ਸੰਤਾਨ, ਨੂਰਾਨੀ ਰੂਹ ,ਬਾਬੇ ਨਾਨਕ ਜੀ ਨੇ ਤਲਵੰਡੀ ਵਿਚ ਜਨਮ ਲਿਆ l ਬੀਬੀ ਨਾਨਕੀ ਜੀ ਦਾ ਇਕ ਚਾਚਾ ਵੀ ਸੀ ਜਿਨ੍ਹਾ ਦਾ ਨਾਂ ਭਾਈ ਲਾਲੂ ਸੀ ਉਹ ਵੀ ਆਪਣੇ ਭਰਾ ਦੇ ਦੋਨਾਂ ਬਚਿਆਂ ਨੂੰ ਰਜ ਕੇ ਪਿਆਰ ਕਰਦੇ ਸੀI ਵੈਸੇ ਵੀ ਘਰ ਵਿਚ ਪਹਿਲੀ ਪਹਿਲੀ ਸੰਤਾਨ ਹੋਣ ਕਰਕੇ ਬੇਬੇ ਨਾਨਕੀ ਨੂੰ ਆਪਣੇ ਘਰੋਂ ਵੀ ਰਜਵਾਂ ਪਿਆਰ ਮਿਲਿਆ Iਡਾਕਟਰ ਤ੍ਰਿਲੋਚਨ ਸਿੰਘ ਜੀ ਲਿਖਦੇ ਹਨ ਕਿ, ” ਇਸ ਸੁੰਦਰ ਤੇ ਚੇਤੰਨ ਬਾਲੜੀ ਵਿਚ ਆਪਣੀ ਮਾਤਾ ਤ੍ਰਿਪਤਾ ਦੇ ਸਾਰੇ ਗੁਣ ਤੇ ਕੋਮਲ ਰੁਚੀਆਂ ਬਚਪਨ ਤੋਂ ਹੀ ਪ੍ਰਗਟ ਹੋਣੀਆਂ ਸ਼ੁਰੂ ਹੋ ਗਈਆਂ ਸਨ I ਇਹ ਸੁਬਕ-ਸੋਹਲ, ਗੰਭੀਰ ,ਧੀਰ ਵਾਲੀ ਬਚੀ ਨੂੰ ਮਾਤਾ ਪਿਤਾ ਵੀ ਇਤਨਾ ਪਿਆਰ ਕਰਦੇ ਸੀ ਕਿ ਇਸਦੀ ਕੋਈ ਆਖੀ ਗਲ ਨੂੰ ਮੋੜਦੇ ਨਹੀਂ ਸਨI
ਮਾਤਾ ਤ੍ਰਿਪਤਾ  ਕਿਤਨੀ  ਭਾਗਾਂ ਭਰੀ ਜੰਨਨੀ  ਹੋਵੇਗੀ  ਜਿਨ੍ਹਾ ਨੇ ਬੀਬੀ ਨਾਨਕੀ ਵਰਗੀ ਬਚੀ ਤੇ ਗੁਰੂ ਨਾਨਕ ਸਾਹਿਬ ਵਰਗੇ ਰੱਬੀ  ਨੂਰ ਨੂੰ ਜਨਮ ਦਿਤਾ l  ਗੁਰੂ ਨਾਨਕ ਸਾਹਿਬ ਦੇ ਜਨਮ ਦਾ  ਚਮਤਕਾਰ  ਮਾਤਾ ਤ੍ਰਿਪਤਾ ਤੋ ਪਹਿਲਾਂ ਦਾਈ ਦੌਲਤਾਂ ਬਾਈ ਨੇ ਦੇਖਿਆ  ਜਿਸਨੇ ਸਭ ਤੋ ਪਹਿਲਾਂ ਬਾਬੇ   ਨਾਨਕ ਦੇ ਦਰਸ਼ਨ ਕੀਤੇ  l ਜਦ ਮਹਿਤਾ ਕਾਲੂ ਜੀ  ਉਨ੍ਹਾ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਦੀ ਖੁਸ਼ੀ ਵਿਚ ਸੁਗਾਤਾਂ ਦਾ ਥਾਲ  ਦੇਣ ਲਗੇ ਤਾਂ ਦੋਲਤਾਂ ਬਾਈ ਨੇ ਕਿਹਾ,”l ਮੈਂ ਤਾਂ  ਬਚੇ ਦੇ ਦਰਸ਼ਨ ਕਰਕੇ ਹੀ ਰੱਜ ਗਈ ਹਾਂ , ਹੁਣ ਮੈਨੂੰ  ਕਿਸੇ ਚੀਜ਼ ਦੀ ਲੋੜ ਨਹੀਂ ਰਹਿ ਗਈ,  ਮੈਨੂੰ  ਤਾਂ  ਸਭ ਕੁਝ ਮਿਲ ਗਿਆ ਹੈl   ਮੈਂ ਆਪਣੀ ਪੂਰੀ ਜ਼ਿੰਦਗੀ ਵਿਚ ਕਈ ਬਚਿਆਂ ਨੂੰ ਜੰਮਦਿਆਂ ਦੇਖਿਆ ਹੈ  ਹੈ , ਪਰ  ਇਹੋ ਜਿਹਾ ਨਹੀਂ ਦੇਖਿਆ, ਜਿਸ ਨੇ  ਰੋਣ ਦੀ ਬਜਾਏ ਮੁਸਕਰਾ ਕੇ ਇਸ ਧਰਤੀ ਤੇ ਪੈਰ ਰਖਿਆ ਹੋਵੇ, ਜਿਸ ਦੇ  ਪੈਦਾ ਹੋਣ ਤੇ ਧਰਤੀ  ਨੂਰੋ -ਨੂਰ  ਹੋ ਗਈ ਹੋਵੇ ਤੇ ਸਾਰਾ ਵਾਤਾਵਰਨ  ਮਿਠੀ ਮਿਠੀ ਮਹਿਕ ਨਾਲ ਭਰ  ਗਿਆ ਹੋਵੇ  l ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਵੀ  ਇਸਦਾ ਜ਼ਿਕਰ  ਕੀਤਾ  ਹੈ :-
ਸਤਿਗੁਰੂ ਨਾਨਕੁ  ਪ੍ਰਗਟਿਆ ਮਿਟੀ  ਧੁੰਧੁ ਜਗਿ ਚਾਨਣ ਹੋਆ
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ
 ਇਸ ਗਲ ਦੀ ਮੈਕਾਲਿਫ਼ ਵੀ ਪੁਸ਼ਟੀ ਕਰਦੇ ਹਨ ਕਿ ਜਦੋਂ ਹਰਦਿਆਲ ਜਨਮਪਤਰੀ ਬਣਾਉਣ ਲਗਾ  ਤਾਂ ਦਾਈ ਕੋਲੋ ਬਚੇ ਦੀ ਪਹਿਲੀ ਅਵਾਜ਼ ਬਾਰੇ ਪੁਛਿਆ ਗਿਆ ਤਾ ਉਸਨੇ ਦਸਿਆ ਬਚਾ ਇੰਜ ਹਸ ਰਿਹਾ ਸੀ ਜਿਵੇ ਕੋਈ ਸੁਘੜ ਸਿਆਣਾ ਆਦਮੀ, ਆਪਣੇ ਸੋਸ਼ਲ ਸਰਕਲ ਵਿਚ  ਇਕ ਸਿਆਣਾ ਬੰਦੇ ਦੀ ਤਰ੍ਹਾ  ਹਸਦਾ ਹਵੇ 
 ਗੁਰੂ ਨਾਨਕ ਦੇ ਜਨਮ ਤੋਂ ਪਹਿਲੋਂ ਜਦੋਂ ਮਾਤਾ ਤ੍ਰਿਪਤਾ ਦੀ ਪਹਿਲੀ ਔਲਾਦ ਬੀਬੀ ਨਾਨਕੀ ਹੋਈ ਤਾਂ ਮਹਿਤਾ ਕਾਲੂ ਬਚੀ ਹੋਣ ਤੇ ਨਿਰਾਸ਼  ਹੋ ਗਏ, ਇਹ ਉਹ ਵਕਤ ਸੀ ਜਦੋਂ ਬਚੀ ਦੇ ਜਨਮ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾl   ਮਾਤਾ ਤ੍ਰਿਪਤਾ ਜੀ ਨੇ ਵੀ ਆਪਣਾ ਸਾਰਾ ਧਿਆਨ ਪ੍ਰਮਾਤਮਾ ਦੀ ਬੰਦਗੀ ਵਲ ਲਗਾ ਲਿਆl  ਉਨ੍ਹਾ ਦਾ ਜਿਆਦਾ ਸਮਾਂ ਆਪਣੇ ਪੇਕੇ ਹੀ ਗੁਜਰਦਾ l ਬਾਲਾ ਸਾਖੀਆਂ ਤੋ ਪਤਾ ਚਲਦਾ ਹੈ ਕਿ ਬੀਬੀ ਨਾਨਕੀ ਤੇ  ਨਾਨਕ ਸਾਹਿਬ ਬਚਪਨ ਤੋਂ ਹੀ ਆਪਣੀ ਨਾਨੀ, ਮਾਤਾ ਭਰਾਈ ਨੂੰ ਬੇਹੱਦ ਪਿਆਰ ਕਰਦੇ ਸੀ ਤੇ ਉਨ੍ਹਾ ਦੇ ਜਿਆਦਾ ਨੇੜੇ ਸੀ ,ਭਾਵੇ ਉਨ੍ਹਾ ਨੂੰ ਪਾਲਿਆ ਪੋਸਿਆ ਦਾਦੀ, ਮਾਤਾ ਬਨਾਰਸੀ ਨੇ ਸੀl 
ਬਾਬੇ ਨਾਨਕ ਜੀ  ਨਾਂ ਨਾਨਕੀ ਦੇ ਭਰਾ ਹੋਣ ਦੇ ਨਾਤੇ  ਨਾਨਕ  ਰਖ ਦਿਤਾ ਗਿਆ l  ਨਾਨਕ ਕੋਈ ਸਧਾਰਣ ਬਚਾ ਨਹੀਂ ਸੀ  ਬਲਿਕ  ਇਕ  ਰੱਬੀ ਨੂਰ ਸੀ ਜੋ ਤਪਦੇ ਸੰਸਾਰ ਨੂੰ ਠਾਰਨ ਵਾਸਤੇ ਇਸ ਧਰਤੀ ਤੇ ਆਇਆ ਸੀ [ਬੇਬੇ ਨਾਨਕੀ ਆਪਣੇ ਭਰਾ ਨਾਨਕ ਨੂੰ ਰੱਜ ਕੇ ਪਿਆਰ ਕਰਦੀ ਸੀl ਉਹ ਸਿਰਫ  ਨਾਨਕ ਸਾਹਿਬ ਦੀ  ਵਡੀ ਭੈਣ ਹੀ ਨਹੀਂ ਸਨ ਬਲਿਕ ਉਨ੍ਹਾ ਦੇ ਪਾਲਣ ਪੋਸ਼ਣ ਕਰਣ ਵਾਲੇ , ਉਨ੍ਹਾ ਨੂੰ ਸਮਝਣ ਵਾਲੇ , ਉਨ੍ਹਾ ਦੇ ਦਿਲ ਦੀਆਂ ਜਾਣਨ ਵਾਲੇ  ਉਨ੍ਹਾ ਦੇ ਦੁਖ- ਸੁਖ ਦੀ  ਸਾਥੀ, ਸਲਾਹਕਾਰ ਤੇ  ਉਨ੍ਹਾ ਦੇ ਗੈਰਹਾਜਰੀ ਵਿਚ ਉਨ੍ਹਾ ਦੇ ਪਰਿਵਾਰ ਦੀ ਦੇਖ -ਰੇਖ ਕਰਨ ਵਾਲੇ ਇਕ ਐਸੀ ਸ਼ਖਸ਼ੀਅਤ ਸੀ  ਜਿਨ੍ਹਾ ਦਾ ਸਿਖ ਇਤਿਹਾਸ ਵਿਚ ਇਕ ਵਿਸ਼ੇਸ਼ ਅਸਥਾਨ ਹੈ 1  
ਬਚਿਆਂ ਦੀ ਪਰਵਰਿਸ਼ ਵਿਚ ਮਾਂ ਦਾ ਬਹੁਤ ਵਡਾ ਹਥ ਹੁੰਦਾ ਹੈ, ਜੇਕਰ  ਮਾਤਾ ਤ੍ਰਿਪਤਾ ਦੀ  ਸ਼ਖਸ਼ੀਅਤ ਬਾਰੇ ਜਾਨਣਾ ਹੋਵੇ ਤਾਂ  ਉਸਦਾ ਅਕਸ਼ ਉਨ੍ਹਾ ਦੇ ਬਚਿਆਂ  ਦੇ ਜੀਵਨ ਵਿਚੋਂ ਦੇਖਿਆ ਜਾ ਸਕਦਾ ਹੈ l ਬੇਬੇ ਨਾਨਕੀ ਦਾ ਆਪਣੇ ਵੀਰ ਨਾਲ ਬੇਹ੍ਹ੍ਦ ਪਿਆਰ , ਆਪਣੇ  ਪਤੀ ਭਾਈ ਜੈ ਰਾਮ ਜੀ ਨਾਲ ਬਿਤਾਇਆ ਗ੍ਰਹਿਸਤੀ ਜੀਵਨ, ਤੇ ਆਪਣੇ ਸਹੁਰੇ ਪਰਿਵਾਰ ਨਾਲ ਇਕਮਿਕ ਹੋਣਾ ,ਗੁਰੂ ਨਾਨਕ ਸਾਹਿਬ ਦਾ ਆਪੇ ਨੂੰ ਇਕ ਪਾਸੇ ਕਰਕੇ, ਆਪਣੇ ਘਰ -ਬਾਰ ਦੇ ਸੁਖਾਂ-ਸਵਿਧਾਵਾਂ ਨੂੰ ਛਡਕੇ ਦੁਨੀਆਂ ਦੇ ਦੁੱਖਾਂ ਦੇ ਪੀੜਾ ਹਰਨ ਦਾ ਬੀੜਾ ਚੁਕਣਾ, ਇਸਤੋਂ ਮਾਂ ਦਾ ਮਹਿਕਦਾ ਕਿਰਦਾਰ ਸਾਫ਼ ਦਿਖਾਈ ਦਿੰਦਾ ਹੈl
 ਮਾਤਾ ਤ੍ਰਿਪਤਾ ਆਪਣੇ ਸਮੇ ਦੀ ਇਕ ਮਹਾਨ ਇਸਤਰੀ ਸੀl ਰੱਬ ਦੇ ਭੈ ਵਿਚ ਰਹਿਣ ਵਾਲੀ ਇਕ ਨੇਕ ਸੁਆਣੀ,  ਇਕ ਸੁੱਚਜੀ ਗ੍ਰਿਹਣੀ, ਆਗਿਆਕਾਰ ਪਤਨੀ, ਆਪਣੇ ਮਾਂ-ਪਿਓ ਦੀ ਸੁਚਜੀ ਧੀ , ਆਪਣੇ ਭਰਾ ਕ੍ਰਿਸ਼ਨ ਤੇ ਭੈਣ ਲਖੋ ਨੂੰ ਰਜਵਾਂ ਪਿਆਰ ਦੇਣ ਵਾਲੀ  ਭੈਣ, ਮਮਤਾ ਦੀ ਮੂਰਤ,  ਆਪਣੇ ਪੁੱਤਰ ਤੇ ਧੀ ਲਈ ਪਿਆਰ ਦਾ ਵੱਗਦਾ ਦਰਿਆ  ਸੀl ਬਚਿਆਂ ਨੂੰ ਕਦੇ  ਝਿੜਕਿਆ ਨਹੀਂ  , ਕਿਸੇ ਗਲ ਤੋ ਵਰਜਿਆ ਨਹੀਂ, ਆਪਣੇ ਦੋਨੋ ਬਚਿਆਂ ਤੇ ਅੱਟਲ ਵਿਸ਼ਵਾਸ ਨਾਲ ਜੀਣਾ, ਕਦੇ ਕੋਈ ਸਵਾਲ ਨਹੀਂ, ਵਾਕਿਆ ਉਹ  ਇਕ ਆਦਰਸ਼ ਮਾਂ ਵੀ ਸੀ , ਜਿਸਦੇ ਅੰਗ ਅੰਗ ਵਿਚ ਪੁਤਰ-ਪਿਆਰ ਦੀ  ਲਹਿਰ ਨਿਰੰਤਰ ਵਗਦੀ ਰਹਿੰਦੀ,   ਜਿਸ ਦੇ ਅਸੀਸ ਭਰੇ ਬੋਲ ਤਪਦਿਆਂ ਹਿਰਦਿਆਂ ਨੂੰ ਠੰਡ ਪਾਉਂਦੇ  ਰਹਿੰਦੇ l
ਮਾਤਾ ਤ੍ਰਿਪਤਾ ਸਿਖ ਧਰਮ ਵਿਚ  ਪਹਿਲੀ ਔਰਤ ਸੀ ਜਿਸਨੇ ਆਪਣੇ ਬਚੇ ਦੀ ਖੁਸ਼ੀ, ਉਸਦੇ ਸੰਸਾਰਿਕ  ਫਰਜਾਂ ਲਈ , ਆਪਣੇ ਪੁਤਰ ਦਾ ਕਈ ਸਾਲ ਵਿਛੋੜਾ ਬਰਦਾਸ਼ਤ ਕੀਤਾ ਪਰ ਉਸਦੇ ਨੇਕ ਰਾਹ ਵਿਚ ਰੋੜਾ ਨਹੀਂ ਅਟਕਿਆl ਜਦੋਂ ਬਾਬਾ ਨਾਨਕ ਉਦਾਸੀਆਂ ਤੇ ਜਾਣ  ਲਗੇ ਤਾਂ ਮਾਤਾ ਤ੍ਰਿਪਤਾ ਨੇ ਪੁੱਤਰ -ਵਿਛੋੜੇ ਦੀ ਪੀੜਾ ਨੂੰ ਆਪਣੇ ਹਿਰਦੇ ਵਿਚ ਸੰਜੋ ਕੇ,  ਨਾਂ ਚਾਹੁੰਦੇ ਹੋਏ ਵੀ ਬਾਬੇ ਨਾਨਕ ਨੂੰ ਸੰਸਾਰ ਦੇ ਭਲੇ ਵਾਸਤੇ ਉਦਾਸੀਆਂ ਤੇ ਜਾਣ ਦੀ ਆਗਿਆ ਦੇ ਦਿਤੀl ਕਦੇ ਕਿਸੇ ਕੰਮ ਵਿਚ ਉਨ੍ਹਾ ਨੇ ਪੁੱਤਰ ਦੇ ਨੇਕ ਰਾਹ  ਵਿਚ ਰੁਕਾਵਟ ਨਹੀਂ ਪਾਈ ਹਾਲਾਕਿ ਪਿਤਾ ਕੋਲੋ ਗੁਰੂ ਨਾਨਕ ਸਾਹਿਬ ਨੇ ਕਈ ਵਾਰੀ ਚਪੇੜਾਂ ਖਾਧੀਆਂ ਹੋਣਗੀਆਂl  ਸੱਚਾ ਸੌਦੇ  ਤੋ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਘਰ ਦੇ ਭਾਂਡੇ, ਬਿਸਤਰ ਤੇ ਹੋਰ ਲੋੜ ਦੀਆਂ ਚੀਜ਼ਾਂ ਸਾਧੂਆਂ ਸੰਤਾਂ ਨੂੰ  ਦੇ ਆਉਂਦੇ ਸੀ ਬਹੁਤ ਵਾਰੀ ਉਨ੍ਹਾ ਨੇ ਮਹਿਤਾ ਕਾਲੂ ਜੀ ਨੂੰ ਰੋਕਿਆ ਗੁਰੂ ਸਾਹਿਬ ਨੂੰ ਬੁਰਾ ਭਲਾ ਕਹਿਣ ਵਾਸਤੇ l  ਮਾਤਾ ਜੀ  ਭਾਵੇ ਪੂਰੀ ਤਰਹ ਗੁਰੂ ਨਾਨਕ ਨੂੰ ਸਮਝ ਨਹੀਂ  ਸਕੇ ,ਜਿਸ ਤਰਾਂ ਬੇਬੇ ਨਾਨਕੀ ਆਪਣੇ ਵੀਰ ਨੂੰ ਸਮਝਦੀ ਸੀ ਪਰ ਓਹ ਇਹ ਤਾਂ ਜਾਣਦੇ ਸੀ ਕਿ ਉਨ੍ਹਾ ਦਾ ਬਚਾ ਨਾਨਕ ਇਕ ਬਹੁਤ ਨੇਕ ਬਚਾ ਹੈ , ਕਦੇ ਗਲਤ ਕੰਮ ਨਹੀਂ ਕਰਦਾ ,ਗਰੀਬ ਗੁਰਬੇ ਤੇ ਲੋੜਵੰਦਾ ਦਾ ਰਹਿਬਰ ਹੈ, ਇਸ ਕਰਕੇ ਉਨ੍ਹਾ ਨੇ ਕਦੇ ਵੀ ਉਨ੍ਹਾ ਨੂੰ ਕਿਸੇ  ਕੰਮ ਵਾਸਤੇ ਰੋਕਿਆ ਟੋਕਿਆ ਨਹੀਂ ਸੀ ਸਗੋਂ  ਸਕੂਲ ਜਾਣ  ਵੇਲੇ ਵੀ ਨਾਨਕ ਜੀ  ਦੀ ਜੇਬ ਵਿਚ ਕੁਝ  ਪੈਸੇ ਪਾ ਦਿੰਦੇ ਤਾਂ ਕਿ ਨਾਨਕ ਆਪਣੇ ਗਰੀਬ ਦੋਸਤਾਂ  ਕੁਝ ਪਿਆ ਸਕੇ, ਕਦੇ ਕਦੇ ਮਿਠਾਈਆਂ ਆਪ ਬਣਾਕੇ ਨਾਨਕ ਦੇ  ਸਾਰੇ ਦੋਸਤਾਂ ਲਈ ਭੇਜ ਦਿੰਦੇl
ਹਾਂ ਇਤਨਾ ਜਰੂਰ ਸੀ ਕਿ ਮਾਤਾ ਤ੍ਰਿਪਤਾ  ਪਕੇ ਹਿੰਦੂ ਧਰਮ ਦੇ ਬਿਰਤੀ ਵਾਲੇ ਸਨ, ਜਦੋਂ ਗੁਰੂ ਨਾਨਕ  ਹਿੰਦੂ ਰਸਮਾਂ ਰਿਵਾਜਾਂ ਨਾਲ ਸਹਿਮਤ ਨਹੀਂ ਸੀ ਹੁੰਦੇ, ਪੰਡਤਾਂ  ਬ੍ਰਾਹਮਣਾ  ਦੇ ਕਰਮ ਕਾਂਡਾਂ ਵਿਰੁਧ ਬੋਲਦੇ , ਉਨ੍ਹਾ ਨੂੰ ਸਵਾਲ ਕਰਦੇ , ਉਨ੍ਹਾ ਦਾ ਕਿਹਾ ਮੰਨਣ ਤੋ ਇਨਕਾਰ ਕਰਦੇ  ਤਾਂ ਮਾਤਾ ਤ੍ਰਿਪਤਾ ਦੁਖੀ ਹੋ ਜਾਂਦੇ ਸੀ -ਜਿਵੇਂ ਜੇਨਉ ਪਾਣ  ਤੋ ਇਨਕਾਰ, ਪੰਡਤਾਂ ਤੇ ਬ੍ਰਾਹਮਣਾ ਤਾਲ ਤਕਰਾਰ  ਆਦਿl  ਗੁਰੂ ਨਾਨਕ ਸਾਹਿਬ  ਦਾ ਚੁਪ ਰਹਿਣਾ,ਕਿਸੇ ਨਾਲ ਬੋਲਣਾ ਨਹੀਂ , ਨਾਂ ਠੀਕ ਵਕਤ ਸੋਣਾ, ਨਾ ਖਾਣ ਪੀਣ  ਦੀ ਸੁਧ,  ਮਾਤਾ ਤ੍ਰਿਪਤਾ ਜੀ ਨੂੰ ਬਹੁਤ ਖਲਦਾ ਸੀ l  ਸ਼ਾਇਦ  ਤਬੀਅਤ ਠੀਕ ਨਾਂ ਹੋਵੇ , ਕਾਲੂ ਜੀ ਨੂੰ ਕਹਿਕੇ ਹਕੀਮ ਨੂੰ ਬੁਲਵਾਇਆ  ਪਰ ਉਨ੍ਹਾ ਨੂੰ ਕੀ ਪਤਾ ਸੀ? ਕਿ ਉਨ੍ਹਾ ਦੇ ਪੁਤਰ ਨੂੰ ਕੇਹੜਾ ਰੋਗ ਲਗਿਆ ਹੋਇਆ ਹੈ ਭਾਵੇ ਹਕੀਮ ਨੇ ਇਸ ਰੋਗ ਨੂੰ ਪਹਿਚਾਣ ਲਿਆ ਸੀ l ਸਿਧੀ ਸਾਦੀ ਮਾਂ ਪਰੇਸ਼ਾਨ ਹੋ ਜਾਂਦੀ ਸ਼ਾਇਦ ਉਹ  ਨਾਨਕ ਦੇ ਵਿਚਾਰਾਂ,  ਉਸਦੇ  ਮਕਸਦ ਨੂੰ ਤੇ  ਉਨ੍ਹਾ ਦੇ ਮਿਸ਼ਨ ਨੂੰ  ਨਹੀਂ ਸੀ ਸਮਝੇlਜੇ ਸਮਝੇ ਵੀ ਤਾਂ ਬਹੁਤ ਦੇਰ ਨਾਲ l
 ਜਦੋਂ ਪਹਿਲੀ ਉਦਾਸੀ ਤੋਂ ਗੁਰੂ ਨਾਨਕ ਸਹਿਬ ਵਾਪਸ ਤਲਵੰਡੀ ਆਏ ਤਾਂ ਸ਼ਹਿਰੋਂ ਬਾਹਰ ਹੀ ਡੇਰਾ ਲਗਾ ਲਿਆ, ਮਰਦਾਨੇ ਨੂੰ ਭੇਜਿਆ ਅਪਣਿਆ ਘਰ ਦਿਆਂ ਦੀ ਸੁਖ ਸਾਂਦ  ਪੁਛਣ ਤੇ ਆਪਣੇ ਬਚਿਆਂ ਨੂੰ ਮਿਲਣ ਵਾਸਤੇl  ਮਰਦਾਨਾ ਆਪਣੇ ਘਰ ਤੋਂ ਬਾਅਦ ਗੁਰੂ ਸਾਹਿਬ ਦੇ ਘਰ ਵੀ ਗਿਆ ਤੇ ਜਦ  ਮਾਤਾ ਤ੍ਰਿਪਤਾ ਨੇ ਨਾਨਕ ਬਾਰੇ ਪੁਛਿਆ ਕਿ ਉਹ ਕਿਥੇ ਹੈ ਤਾਂ ਮਰਦਾਨਾ ਨੇ ਉਨ੍ਹਾ ਨੂੰ ਇਥੇ ਹੋਣ ਦੀ ਕੋਈ ਖਬਰ ਨਹੀਂ ਦਿਤੀl ਜਦ ਮਰਦਾਨਾ ਵਾਪਸ ਜਾਣ ਲਗਾ ਤਾਂ ਮਾਤਾ ਤ੍ਰਿਪਤਾ  ਅਤੇ ਮਹਿਤਾ ਕਾਲੂ ਮਰਦਾਨੇ ਦੇ ਪਿੱਛੇ ਪਿੱਛੇ ਤੁਰ ਪਏ , ਮਰਦਾਨੇ  ਨੂੰ ਦਸੇ ਬਗੈਰl ਜਦ ਪਹੁੰਚੇ ਤਾਂ ਬਾਬੇ ਨਾਨਕ ਨੂੰ ਫਕੀਰੀ ਦੀ ਹਾਲਤ ਵਿਚ ਦੇਖਕੇ ਬਹੁਤ ਦੁਖੀ ਹੋਏl ਗੁਰੂ ਨਾਨਕ ਜੀ  ਮਾਂ ਨੂੰ ਦੇਖਕੇ ਭਾਵਕ ਹੋ ਗਏ, ਅਗੇ ਹੋਕੇ ਚਰਨ ਸਪਰਸ਼ ਕੀਤੇ  l ਪਿਤਾ ਨਾਨਕ ਸਾਹਿਬ ਨੂੰ ਅਜੇ ਵੀ ਨਹੀਂ ਸਮਝ ਸਕਿਆ, ਉਨ੍ਹਾ ਇਤਨਾ ਹੀ ਸਮਝਿਆ  ਕਿ ਨਾਨਕ ਆਪਣੇ ਘਰੋਂ ਦੁਖੀ ਹੈ , ਇਸ ਲਈ ਇਤਨੇ ਲੰਬੇ ਸਮੇ ਘਰ ਨਹੀਂ ਗਿਆ l  ਨਾਨਕ ਨੂੰ ਕਹਿਣ ਲਗੇ ਜੇ ਤੈਨੂੰ  ਕੋਈ ਗਮ ਸੀ ਤਾਂ ਮੇਰੇ ਨਾਲ ਗਲ ਕਰਦਾ , ਪਤਨੀ ਪਸੰਦ ਨਹੀਂ ਸੀ ਤੇਰਾ ਵਿਆਹ ਹੋਰ ਕਿਤੇ  ਕਰਵਾ  ਦਿੰਦਾ , ਘਰ ਪਸੰਦ ਨਹੀ ਸੀ ਤੇਰੇ ਲਈ ਨਵਾਂ ਘਰ ਖਰੀਦ ਦਿੰਦਾ l ਮਾਂ  ਨਾਨਕ ਵਾਸਤੇ ਕੁਝ ਨਵੇਂ ਕਪੜੇ ਤੇ ਖਾਣ  ਪੀਣ ਦਾ ਸਮਾਨ ਲੈਕੇ ਆਈ ਸੀ, ਇਹ ਸੋਚ ਕਿ ਪਤਾ ਨਹੀਂ ਨਾਨਕ ਕਿਸ ਹਾਲਤ ਵਿਚ ਹੋਵੇਗਾ? ਨਾਨਕ ਸਾਹਿਬ ਨੂੰ ਫਕੀਰੀ ਵੇਸ ਵਿਚ ਦੇਖਕੇ  ਲੋਕ ਕੀ ਕਹਿਣਗੇ ,ਬਦਲ ਕੇ ਨਵੇਂ ਕਪੜੇ ਪਾਣ ਨੂੰ ਕਿਹਾl  ਬਾਬਾ ਨਾਨਕ ਨਾਂਹ ਨਹੀਂ ਕਰ ਸਕੇl ਘਰ ਆਏ, ਆਪਣੇ ਦੋਸਤਾਂ ਯਾਰਾਂ ਨੂੰ ਮਿਲੇ , ਆਖਰੀ ਵਾਰ ਰਾਇ ਬੁਲਾਰ ਨੂੰ ਮਿਲੇ ਕਿਓਂਕਿ ਉਹ ਉਸ ਵਕਤ ਬਹੁਤ ਬੀਮਾਰ ਸੀ ਤੇ ਨਾਨਕ ਦੇ ਜਾਣ ਤੋ ਬਾਅਦ ਛੇਤੀ ਹੀ ਚਲਾਣਾ ਕਰ ਗਏl ਕੁਝ ਦਿਨ ਰਹਿ ਕੇ ਸੁਲਤਾਨਪੁਰ ਚਲੇ ਗਏ l
ਆਪਣੀਆਂ ਚਾਰੋ ਉਦਾਸੀਆਂ ਤੋ ਬਾਅਦ ਬਾਬਾ ਨਾਨਕ ਜੀ ਕਰਤਾਰ ਪੁਰ ਵਿਚ ਪੱਕੀ ਤਰਹ ਵਸ ਗਏ  l ਮਾਤਾ ਪਿਤਾ ਜੋ ਹੁਣ ਕਾਫੀ ਬਜੁਰਗ ਹੋ ਚੁਕੇ ਸੀ ਉਨ੍ਹਾ ਨੂੰ ਵੀ ਉਥੇ ਲੈ ਆਉਂਦਾl ਸੰਨ 1522 ਵਿਚ ,ਕਰਤਾਰਪੁਰ ( ਪਾਕਿਸਤਾਨ ) ਵਿਖੇ ਪਹਿਲਾਂ ਮਾਤਾ ਕਾਲੂ ਜੀ ਤੇ ਫਿਰ ਤਿੰਨ ਦਿਨ ਪਿਛੋਂ ਮਾਤਾ ਤ੍ਰਿਪਤਾ ਜੀ ਅਕਾਲ ਚਲਾਣਾ ਕਰ ਗਏ l ਉਨ੍ਹਾ ਦੀਆਂ ਅੰਤਿਮ ਰਸਮਾ ਗੁਰੂ ਨਾਨਕ ਸਾਹਿਬ ਨੇ ਆਪਣੀ ਹਥੀਂ ਪੂਰੀਆਂ ਕੀਤੀਆਂ l

ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕਿ ਫਤਹਿ

 

Print Friendly, PDF & Email

Nirmal Anand

Add comment

Translate »