{:en}SikhHistory.in{:}{:pa}ਸਿੱਖ ਇਤਿਹਾਸ{:}

ਮਾਤਾ ਖੀਵੀ ਜੀ (ਮਹਿਲ ਗੁਰੂ ਅੰਗਦ ਦੇਵ ਜੀ ) (1506 – 1582)

ਕਿਸੇ ਵੀ ਸਮਾਜ ਦੀ ਉਚਾਈ ਦਾ ਮਾਪ-ਦੰਡ ਉਸ ਸਮਾਜ ਵਿਚ ਔਰਤ ਦਾ ਦਰਜੇ ਨਾਲ ਗਿਣਿਆ ਜਾਂਦਾ ਹੈ 1 ਜਿਸ ਸਮਾਜ ਵਿਚ ਨਾਰੀ ਦੀ ਢੋਰ , ਪਸ਼ੂ ,ਗਵਾਰ , ਗੁਨਾਹ ਦੀ ਪੰਡ ਤੇ ਕੁਦਰਤ ਦੀ ਮਜ਼ੇਦਾਰ ਗਲਤੀ ਕਹਿ ਕੇ ਖਿਲੀ ਉਡਾਈ ਜਾਂਦੀ ਹੈ ਉਸ ਸਮਾਜ ਦੇ ਮਰਦਾਂ ਨੂੰ ਤੁਸੀਂ ਕੀ ਕਹੋਗੇ 1 ਇਹੀ ਕੀ ਜਿਸ ਭਾਂਡੇ ਕਰਕੇ ਤੁਸੀਂ ਹੋਂਦ ਵਿਚ ਆਏ ਹੋ ਉਸੇ ਵਿਚ ਛੇਕ ਕਰ ਰਹੇ ਹੋ 1 ਸਿਖ ਜਗਤ ਵਿਚ ਮਾਤਾ ਖੀਵੀ, ਸਿਖ ਧਰਮ ਦੇ ਪਹਿਲੇ ਇਸਤਰੀ ਪ੍ਰਚਾਰਕ ਸਨ ਜਿਨ੍ਹਾ ਨੇ ਆਪਣੇ ਘਰ ਦੀ ਚਾਰਦੁਆਰੀ  ਤੋ ਬਾਹਰ ਨਿਕਲ ਕੇ ਨਾ ਸਿਰਫ ਇਸਤਰੀ ਜਾਤੀ ਨੂੰ ਸੁਤੰਤਰ ਕਰਨ ਦੀ ਪਹਿਲ ਕੀਤੀ ਬਲਿਕ ਗੁਰੂ ਨਾਨਕ ਦੇਵ ਜੀ ਵਲੋਂ ਸਥਾਪਿਤ ਲੰਗਰ ਦੀ ਪ੍ਰਥਾ ਨੂੰ ਅਜਿਹੇ ਸੁਚਜੇ ਢੰਗ ਨਾਲ ਚਲਾਇਆ ਕੀ ਉਨ੍ਹਾ ਦੀ ਮਿਸਾਲ ਅਗਲੀਆਂ ਆਉਣ ਵਾਲਿਆਂ ਪੀੜੀਆਂ ਲਈ ਚਾਨਣ ਮੁਨਾਰਾ ਬਣ ਗਈ 1

1469 ਵਿਚ ਗੁਰੂ ਨਾਨਕ ਸਾਹਿਬ ਜਿਥੇ ਧਰਮਾਂ ,ਕੋਮਾਂ, ਨਸਲਾ, ਵਰਨਾਂ ਤੇ ਬੋਲੀਆਂ ਦੀ ਵਿਥ ਮੇਟਣ ਆਏ ਸੀ ਉਥੇ ਉਨ੍ਹਾ ਨੇ ਇਸਤਰੀ ਜਾਤੀ ਨੂੰ ਵੀ ਬਰਾਬਰੀ ਤੇ ਸਤਿਕਾਰਤ ਥਾਂ ਦਿਤੀ

                  “ਸੋ ਕਿਉ ਮੰਦਾ ਅਖੀਐ  ਜਿਤੁ ਜੰਮਹਿ ਰਾਜਾਨ”

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇ ਭਗਤ ਦੇ ਇਲਾਵਾ ਕਿਸੇ ਦੀ ਉਪਮਾ ਨਹੀਂ ਹੈ ਸਿਰਫ ਦੋ ਥਾਵਾਂਤੋਂ ਬਗੈਰ  , ਇਕ ਰਾਮਕਲੀ ਦੀ ਵਾਰ ਜੋ ਸਤੇ ਤੇ ਬਲਵੰਡ ਜੀ ਨੇ ਆਖੀ ਸੀ ਤੇ ਦੂਸਰਾ ਰਾਮਕਲੀ ਸਦ ਵਿਚ ,’ ਗੁਰੂ ਪਤਨੀ ” ਤੇ ਗੁਰੂ ਸੰਤਾਨ ਦੀ ਉਪਮਾ ਹੈ 1 ਬਲਵੰਡ ਜੀ ਨੇ ਇਕ ਪੂਰੀ ਪਹੁੜੀ  ਗੁਰੂ ਅੰਗਦ ਦੇਵ ਸਾਹਿਬ ਦੀ ਸੁਪਤਨੀ ,ਮਾਤਾ ਖੀਵੀ ਦੀ ਉਪਮਾ ਵਿਚ ਲਿਖੀ ਹੈ 1 ਪਹਿਲੀਆਂ ਦੋ ਪਹੁੜੀਆਂ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਬਾਰੇ ਲਿਖ ਕੇ ਜਿਸ ਵਿਚ ਗੁਰੂ -ਸ਼ਬਦ ਦੇ ਲੰਗਰ ਦਾ ਜਿਕਰ ਕਰਦੇ ਹਨ, ਤੀਜੀ ਪਹੁੜੀ ਵਿਚ ਉਨ੍ਹਾ ਨੇ ਮਾਤਾ ਖੀਵੀ ਦਾ ਜਿਕਰ ਕੀਤਾ ਹੈ , ਜਿਸਦਾ ਮਜ਼ਬੂਨ ਕੁਝ ਇਸ ਤਰਾਂ ਦਾ ਹੈ1  ਉਧਰ ਆਤਮਿਕ ਖੁਰਾਕ,  ਨਾਮ ਰਸ ਤੇ ਸ਼ਬਦ ਦੀ ਦੋਲਤ ਗੁਰੂ ਅੰਗਦ ਦੇਵ ਜੀ ਖੁਲੇ ਹਥੀਂ ਵੰਡੀ ਜਾ  ਰਹੇ ਸੀ ਤੇ ਇਧਰ ਮਾਤਾ ਖੀਵੀ  ਜਿਸਮਾਨੀ ਖੁਰਾਕ ਦੁਧ , ਘਿਉ ਤੇ ਖੀਰ  ਲੰਗਰ ਵਿਚ ਵੰਡੀ ਜਾ ਰਹੇ  ਸੀ 1 ਕਿਤਨੀ ਕਰੜੀ ਸੀ ਉਨ੍ਹਾ ਦੀ ਘਾਲਣਾ ਤੇ ਕਿਤਨੀ ਵਡੀ ਸੀ ਉਨ੍ਹਾ ਦੀ ਜਿਮੇਦਾਰੀ1

                         ਪਏ ਕਬੂਲ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ

                          ਮਾਤਾ ਘੀਵੀ ਸਹੁ ਸੇਇ ਜਿਨਿ ਗੋਇ ਉਠਾਲੀ

ਬਲਵੰਡ ਦੇ ਆਪਣੇ ਸ਼ਬਦਾ ਵਿਚ ,’ ਮਾਤਾ ਖੀਵੀ ਆਪਣੇ ਪਤੀ ਵਾਂਗ ਬਹੁਤ ਹੀ ਭਲੇ ਇਨਸਾਨ ਸੀ 1 ਉਨ੍ਹਾ ਦੀ ਛਾਂ ਪੁਤਰਾ ਵਾਂਗ ਸੰਘਣੀ ਤੇ ਠੰਡੀ ਸੀ 1 ਜਿਤਨੀ ਮਿਠੀ ਖੀਰ ਸੀ  ਉਤਨੇ ਹੀ ਮਿਠੇ ਉਨ੍ਹਾ ਦੇ ਬੋਲ ਸਨ 1 ਹਰ ਇਕ ਨੂੰ ਬੜੇ ਪਿਆਰ ਨਾਲ ਲੰਗਰ ਖੁਆਂਦੇ ਤੇ ਜੇ ਕਿਸੇ ਗਰੀਬ ਗੁਰਬੇ ਨੂੰ ਮਾੜੀ ਹਾਲਤ ਵਿਚ ਦੇਖਦੇ ਤਾਂ ਚੁਪ ਚਾਪ ਉਸਦੇ ਜੇਬ ਵਿਚ ਪੈਸੇ ਵੀ ਪਾ ਦਿੰਦੇ 1

                            ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪ੍ਰ੍ਤਾਲੀ

                            ਲੰਗਰਿ ਦੋਉਲਤ ਵੰਡੀਐ ਰਸੁ ਅਮ੍ਰਿਤ ਖੀਰਿ ਘਿਆਲੀ

                            ਗੁਰਸਿਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ

ਇਨ੍ਹਾ ਦਾ ਜਨਮ ਖਡੂਰ ਦੇ ਲਾਗੇ ਪਿੰਡ ਸੰਘਰ, ਤਹਿਸੀਲ ਤਰਨ ਤਾਰਨ ਵਿਖੇ ਭਾਈ ਦੇਵੀ ਚੰਦ ਖਤ੍ਰੀ ਜੋ ਪੈਸ਼ੇ ਵਜੋਂ ਹਟਵਾਣੀਏ ਤੇ ਸ਼ਹੁਕਾਰ ਸੀ  ਦੇ ਘਰ ਮਾਤਾ ਕਰਮ ਦੇਈ ਦੀ ਕੁਖੋ ਹੋਇਆ 1  ਭਾਈ ਦੇਵੀ ਚੰਦ ਦਾ ਆਸ ਪਾਸ ਦੇ ਇਲਾਕਿਆਂ ਵਿਚ ਕਾਫੀ ਅਸਰ-ਰਸੂਖ ਸੀ ਤੇ ਇਹ ਇਕ ਧਰਮੀ ਤੇ ਇਮਾਨਦਾਰ ਪੁਰਸ਼ ਕਰਕੇ ਜਾਣੇ ਜਾਂਦੇ ਸੀ 1 ਘਰ ਦੇ ਸੁਚਜੇ ਮਹੋਲ ਦੇ ਕਾਰਣ  ਖੀਵੀ ਜੀ ਵੀ ਘਰ ਦੇ ਕੰਮ ਕਾਜ ਵਿਚ ਸੁਘੜ , ਸਰਲ ਸਾਦੇ ਤੇ ਮਿਠੇ ਸੁਭਾਵ ਇਨ੍ਹਾ ਦੇ ਅੰਗ ਅੰਗ ਵਿਚ ਸਮੋ ਗਿਆ 1

 ਸੰਨ 1520 ਵਿਚ ਬੀਬੀ ਖੀਵੀ ਜੀ ਦਾ ਵਿਆਹ ਭਾਈ ਫੇਰੂ ਮੱਲ ਦੇ ਪੁਤਰ ਭਾਈ ਲਹਿਣਾ ਜੀ ਨਾਲ ਹੋਇਆ  1 ਭਾਈ  ਫੇਰੂ ਮੱਲ ਜੀ ਹਰ ਸਾਲ ਦੇਵੀ ਦਰਸ਼ਨਾ ਲਈ ਆਪਣੇ ਪਿੰਡ ਤੋ ਜਥਿਆਂ ਨੂੰ ਵੈਸ਼ਨੋ ਦੇਵੀ ਲੈਕੇ ਜਾਇਆ ਕਰਦੇ ਸਨ 1 ਇਸ ਤਰਾਂ ਦੋਨੋ ਪਰਵਾਰਾਂ ਵਿਚ ਸਮਾਜਿਕ ਸਾਂਝ ਦੇ ਨਾਲ ਨਾਲ ਧਾਰਮਿਕ ਸਾਂਝ ਵੀ ਬਣ ਗਈ 1 ਇਸ ਸੋਚ, ਸੁਭਾ, ਧਾਰਮਿਕ ਤੇ ਸਮਾਜਿਕ ਸਾਂਝ ਦੇ ਕਰਨ ਇਹ ਨਵ-ਵਿਆਹੀ ਜੋੜੀ ਇਕਸਾਰਤਾ ਤੇ ਇਕਸੁਰਤਾ ਵਾਲੀ ਆਦਰਸ਼ਕ ਜੋੜੀ ਹੋ ਨਿਬੜੀ 1

ਜਦ ਬਾਬਾ ਫੇਰੂ ਮਲ ਤੇ  ਚੋਧਰੀ  ਤਖਤ ਮਲ ਦਾ ਮਤ ਭੇਦ ਹੋ ਗਿਆ ਤਾਂ ਬਾਬਾ ਫੇਰੂ ਮਲ ਜੀ ਆਪਣੇ ਪਰਿਵਾਰ ਸਹਿਤ  ਮਤੇ ਦੀ ਸਰਾਂ ਛਡਕੇ ਪਿੰਡ ਸੰਘਰ ਆ ਗਏ 1 ਇਥੇ ਉਨ੍ਹਾ ਨੇ ਹਟੀ ਪਾ ਲਈ ਤੇ ਭਾਈ ਲਹਿਣਾ ਜੀ ਵੀ ਪਿਤਾ ਦੇ ਨਾਲ ਰਲਕੇ ਹਟੀ ਵਿਚ ਕੰਮ ਕਰਨ ਲਗ ਪਏ 1 ਇਥੇ ਆਪਜੀ ਦੇ ਦੋ ਪੁਤਰ ਦਾਸੁ ਤੇ ਦਾਤੂ ਜੀ ਤੇ ਦੋ ਧੀਆਂ, ਬੀਬੀ ਅਨੋਖੀ ਤੇ ਬੀਬੀ ਅਮਰੋ ਹੋਏ  1526 ਵਿਚ ਜਦੋਂ ਫੇਰੂ ਮਲ ਜੀ ਚੜਾਈ ਕਰ ਗਏ ਤਾ ਘਰ ਤੇ ਦੁਕਾਨ ਦੀਆਂ ਜਿਮੇਵਾਰੀਆਂ ਦੇ ਨਾਲ ਨਾਲ ਭਗਤਾਂ ਦੇ ਜਥੇ ਨੂੰ ਹਰ ਸਾਲ ਦੇਵੀ ਦਰਸ਼ਨਾ ਲਈ ਜਵਾਲਾ ਮੁਖੀ ਲਿਜਾਣ ਦੀ ਜਿਮੇਦਾਰੀ ਵੀ ਭਾਈ ਲਹਿਣਾ ਜੀ ਦੇ ਸਿਰ ਤੇ ਆ ਪਈ 1 ਭਾਈ ਲਹਿਣਾ ਵੀ ਪਿਤਾ ਦੇ ਨਾਲ ਦੇਵੀ ਦਰਸ਼ਨਾ ਨੂੰ ਜਾਂਦੇ ਦੇਵੀ ਭਗਤ ਹੋ ਗਏ ਸੀ 1  ਉਨ੍ਹਾ ਨੇ 1532 ਤਕ ਲਗਾਤਾਰ ਦੇਵੀ-ਭਗਤਾਂ ਦਾ ਜਥਾ ਲੈਕੇ ਜਵਾਲਾਮੁਖੀ ਜਾਣ ਦੇ ਨਿਯਮ ਨੂੰ ਬਰਕਰਾਰ ਰਖਿਆ 1

ਇਸ ਵਕਤ ਤਕ ਦੇਸ਼ ਦੀ  ਰਾਜਸੀ ਹਾਲਤ ਬਦਲ ਚੁਕੀ  ਸੀ 1 ਬਾਬਰ ਨੇ ਇਬ੍ਰਾਹਿਮ ਲੋਧੀ ਨੂੰ ਪਾਨੀਪਤ ਦੀ ਤੀਸਰੀ ਲੜਾਈ ਵਿਚ ਹਰਾ ਕੇ ਹਿੰਦੁਸਤਾਨ ਵਿਚ ਮੁਗਲ ਰਾਜ ਸਥਾਪਤ ਕਰ ਲਿਆ ਸੀ  1 ਗੁਰੂ ਨਾਨਕ ਸਾਹਿਬ ਵੀ ਆਪਣੇ ਪ੍ਰਚਾਰ ਉਦਾਸੀਆਂ ਤੋਂ ਵਿਹਲੇ ਹੋਕੇ ਕਰਤਾਰ ਪੁਰ ਆ ਟਿਕੇ ਸਨ1 ਉਨ੍ਹਾ ਦੇ ਮਾਨਵੀ ਅਸੂਲਾਂ ਤੇ ਕ੍ਰਾਂਤੀਕਾਰੀ  ਵਿਚਾਰਾਂ   ਦੀ ਚਰਚਾ ਘਰ ਘਰ ਵਿਚ ਹੋਣ ਲਗੀ 1 ਇਕ ਦਿਨ ਜਦ ਭਾਈ ਲਹਿਣਾ ਜੀ ਨੇ ਭਾਈ ਜੋਧ ਸਿੰਘ ਦੇ ਮੁਖ ਤੋਂ ਬੜੇ ਮੀਠੇ ਬੋਲਾਂ ਵਿਚ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ ਤਾਂ ਅੰਦਰ ਗੁਰੂ ਨਾਨਕ ਸਾਹਿਬ ਦੇ ਦਰਸ਼ਨਾ ਦੀ ਤਾਂਘ ਜਾਗ ਉਠੀ ਤੇ ਨਿਸਚਾ ਧਰ ਲਿਆ ਕਿ ਅਗਲੀ ਵਾਰ ਜਦ ਉਹ ਦੇਵੀ ਦਰਸ਼ਨਾ ਨੂੰ ਜਾਣਗੇ ਤਾਂ ਰਾਹ ਵਿਚ ਕਰਤਾਰਪੁਰ ਰੁਕਣਗੇ 1

ਪਰ ਅਗਲੀ ਵਾਰ ਜਦੋਂ ਕਰਤਾਰ ਪੁਰ ਗੁਰੂ ਨਾਨਕ ਸਾਹਿਬ ਨੂੰ ਮਿਲੇ ਤਾਂ ਮਨ ਵਿਚ ਅਜਿਹੀ ਖਿਚ ਪੈਦਾ ਹੋਈ ਕੀ ਦੇਵੀ ਦਰਸ਼ਨ ਕਰਨਾ ਤਾਂ ਭੁਲ ਗਏ ਤੇ  ਗੁਰੂ ਜੋਗੇ ਰਹਿ ਗਏ 1   ਘਰ ਸੁਨੇਹਾ ਭੇਜ ਦਿਤਾ ਕੀ ਮੇਰੀ ਉਡੀਕ ਨਾ ਕਰਨਾ1  ਪਤਾ ਲਗਣ ਤੇ ਮਾਤਾ ਖੀਵੀ ਜੀ ਬੇਬੇ ਵੀਰਾਈ ਕੋਲ ਗਏ , ਮਨ ਵਿਚ ਤੋਖਲਾ ਸੀ ਕੀ ਵਪਾਰ ਨੂੰ ਕੋਣ ਸੰਭਾਲੇਗਾ 1 ਬਚਿਆਂ ਨੂ ਕੋਣ ਪੜਾਏਗਾ 1 ਮਾਤਾ ਭਰਾਈ ਨੇ ਦਿਲਾਸਾ ਦਿਤਾ ਕੀ ਨੇਕੀ ਦੇ ਘਰ ਗਿਆ ਹੈ ਨੇਕ ਬਣਕੇ ਹੀ ਆਵੇਗਾ 1

 ਜਦ ਮਾਤਾ ਖੀਵੀ ਨੂੰ ਇਹ ਖਬਰ ਮਿਲੀ ਤਾਂ ਸੋਚੋ ਉਨ੍ਹਾ ਤੇ ਮੰਨ ਤੇ ਕੀ ਗੁਜਰਿਆ ਹੋਵੇਗਾ 1 ਪਤੀ ਨੂੰ ਉਹ ਇਤਨਾ ਪਿਆਰ ਕਰਦੇ ਸੀ ਕੀ ਇਤਿਹਾਸਕਰ ਨੇ ਉਨ੍ਹਾ ਨੂੰ ਪਤੀ ਪ੍ਰੇਮਣ ਨਾਲ ਸਨਮਾਨਿਤ ਕੀਤਾ ਹੈ 1 ਬਚੇ ਛੋਟੇ ਸੀ 1 ਉਨ੍ਹਾ ਨੇ ਸਾਰੇ ਪਰਿਵਾਰ ਦੀਆਂ ਜਿਮੇਦਾਰੀਆਂ ਆਪਣੇ ਮੋਢੇ  ਤੇ ਚੁਕ ਕੇ ਪਤੀ ਲਈ ਆਨੰਦ -ਪ੍ਰਾਪਤੀ ਦਾ ਰਾਹ ਸੁਖਾਲਾ ਕਰ ਦਿਤਾ 1

ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਘਰ ਦੀ ਸਾਰ ਲੈਣ ਲਈ ਭੇਜਿਆ ਤਾਂ ਮਾਤਾ ਖੀਵੀ ਨੇ ਸਾਫ਼ ਦੇਖ ਲਿਆ ਕੀ ਭਾਈ ਲਹਿਣਾ ਦਾ ਦਿਲ ਘਰ ਦੇ ਕੰਮ ਵਿਚ ਨਹੀਂ ਲਗਦਾ ਤੇ ਉਹ ਆਪਣਾ ਸਾਰਾ ਕੰਮ-ਕਾਜ ਭਣੇਵੇ ਨੂੰ ਸੋਂਪ ਰਹੇ ਹਨ ਤਾਂ ਮਾਤਾ ਖੀਵੀ ਨੇ ਕਿਹਾ,” ਬਾਹਰ ਨਾ ਜਾਉ , ਘਰ ਵਿਚ ਹੀ ਜੋਗ ਕਮਾ ਲਉ ਮੈਂ ਤੁਹਾਡੇ ਤਪ ਵਿਚ ਰੋੜਾ ਨਾ ਅਟਕਾਸਾਂ “1 ਤਾ ਗੁਰੂ ਸਾਹਿਬ ਨੇ ਕਿਹਾ ,” ਜਿਸ ਪਾਸ ਮੈਂ ਚਲਿਆਂ ਹਾਂ ਉਹ ਜੋਗੀ ,ਜੰਗਮ ਜਾਂ ਸਨਿਆਸੀ ਨਹੀ ਹੈ ਉਸਨੇ ਤਾਂ ਮੈਨੂੰ ਗ੍ਰਿਹਸਤ ਵਿਚ ਪਿਆਰ ਦਾ ਰਾਹ ਦਿਖਾਇਆ ਹੈ 1 ਪ੍ਰੇਮ ਹਥ ਮੈ ਵਿਕਿਆਂ ਹਾਂ”1  ਜਦ ਭਾਈ ਲਹਿਣਾ ਕਰਤਾਰ ਪੁਰ ਵਾਪਸ ਜਾਣ  ਲਗੇ ਤਾਂ ਮਾਤਾ ਖੀਵੀ ਨੇ ਕਿਸੇ ਪ੍ਰਕਾਰ ਦੀ ਰੋਕ ਨਾ ਪਾਈ ਕੋਈ ਕਿੰਤੂ-ਪਰੰਤੂ ਨਹੀਂ ਕੀਤਾ  ਤੇ ਘਰ ਪਰਿਵਾਰ ਦਾ ਸਾਰਾ ਭਾਰ ਆਪ ਚੁਕ ਲਿਆ 1 ਨਿਸ਼ਾਨੀ ਵਜੋਂ ਉਨ੍ਹਾ ਦੀਆਂ ਖੜਾਵਾਂ ਮੰਗ ਲਈਆਂ1  ਅਗਲੇ ਸੱਤ ਸਾਲ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸੇਵਾ ਦੀ ਕਰੜੀ ਘਾਲ ਕਮਾਈ ਤੇ ਉਨ੍ਹਾ ਵਲੋਂ ਦਿਤੇ ਹਰ ਇਮਿਤਿਹਾਨ ਵਿਚ ਪਾਸ ਹੋਕੇ ਗੁਰੂ ਦਾ ਅੰਗ ਬਣ ਗਏ1 ਜਦੋਂ ਲੋਕਾ ਨੇ ਕਿਹਾ ” ਲਹਿਣਾ ਤਾਂ ਨਾਨਕ ਤਪੇ ਕੋਲ ਹੀ ਰਹਿ ਗਿਆ ਹੈ ਤੇ ਤਪੇ ਦੁਆਰੇ ਹੀ ਧੂਣੀ ਰਮਾ ਲਈ ਸੂ , ਹੁਣ ਤੂੰ ਕੀ ਕਰੇਂਗੀ ? ਤਾਂ ਮਾਤਾ ਖੀਵੀ ਨੇ ਬੜੇ ਸਬਰ ,ਸੰਤੋਖ ਤੇ ਵਡੇ ਜਿਗਰੇ ਨਾਲ ਕਿਹਾ ,’ ਜੇ ਉਹ ਗੋਦੜੀ ਪਾਏਗਾ ਤਾਂ ਮੈ ਲੀਰਾਂ ਹੰਡਾਸਾਂ, ਜਿਸ ਹਾਲ ਵੀ ਉਹ ਰਖੇਗਾ ਉਸ ਹਾਲ ਹੀ ਰਵਾਂਗੀ “1 ਉਨ੍ਹਾ ਨੇ ਆਪਣੇ ਪਤੀ ਦੇ ਰਜ਼ਾ ਵਿਚ ਰਹਿਣ ਨੂੰ ਆਪਣੇ ਜੀਵਨ ਦਾ ਅਧਾਰ ਬਣਾ ਲਿਆ 1

ਵਿਚ ਵਿਚ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਨੂੰ ਆਪਣੇ ਪਰਿਵਾਰ ਦੀ ਸਾਰ ਲੈਣ ਲਈ ਭੇਜਦੇ ਰਹਿੰਦੇ1  ਇਧਰ ਮਾਤਾ ਖੀਵੀ ਵੀ ਗੁਰੂ ਅੰਗਦ ਦੇਵ ਜੀ ਦੇ ਮੁਖ ਤੋ ਗੁਰੂ ਨਾਨਕ ਸਾਹਿਬ ਦੇ ਉਪਦੇਸ਼ , ਉਨ੍ਹਾ ਦੀ ਬਾਣੀ ਤੇ ਉਨ੍ਹਾ ਦੀ ਨਿਜੀ ਜਿੰਦਗੀ ਬਾਰੇ ਸੁਣ ਸੁਣ ਕੇ  ਗੁਰੂ ਨਾਨਕ ਦੀ ਸਿਖਿਆ  ਸੇਵਾ,ਸ਼ਬਦ ਤੇ ਸੰਗਤ ਵਿਚ ਲੀਨ ਹੋ ਗਏ 1 ਉਹ ਆਪਣੇ ਨਿਜੀ ਕੰਮਾਂ ਤੋ ਵਿਹਲੇ ਹੋਕੇ ਆਪਣਾ ਸਾਰਾ ਵਕਤ ਲੋਕ ਸੇਵਾ ਵਿਚ ਬਿਤਾਂਦੇ 1

ਉਨ੍ਹਾ ਵਿਚ ਹਲੀਮੀ ਅੰਤਾਂ ਦੀ ਸੀ 1 ਇਕ ਵਾਰੀ ਜਦ ਉਨ੍ਹਾ ਨੂੰ ਪਤਾ ਚਲਿਆ ਕੀ ਦਾਸੂ ਜੀ ਤੇ ਦਾਤੂ ਜੀ ਨੇ ਅਮਰਦਾਸ ਜੀ ਦਾ ਪਿੱਛਾ ਕਰਦੇ ਉਨ੍ਹਾ ਨੂੰ ਬ੍ਸਾਰਕੇ ਦੇ ਰਾਹ ਵਿਚ ਘੇਰ ਲਿਆ ਹੈ  ,ਇਹ  ਉਸ ਵਕਤ ਦੀ ਗਲ ਹੈ ਜਦੋਂ ਗੁਰੂ ਅਮਰਦਾਸ ਜੀ ਗੁਰੂ ਨਹੀਂ ਸੀ ਬਣੇ ਤਾ ਮਾਤਾ ਖੀਵੀ ਬਚਿਆਂ ਨੂੰ ਨਾਲ ਲੈਕੇ ਖੁਦ ਚਲਕੇ ਬਸਾਰਕੇ ਆਏ ਤੇ ਬੜੀ ਹਲੀਮੀ ਤੇ ਨਿਮਰ ਹੋਕੇ  ਗੁਰੂ ਅਮਰਦਾਸ ਅਗੇ ਬੇਨਤੀ ਕੀਤੀ ਕੀ ਇਨ੍ਹਾ ਨੇ ਲੋਕਾਂ ਦੇ ਚੁਕੇ ਚੁਕਾਏ ਆਪਜੀ ਦੀ ਬੇਅਦਬੀ ਕੀਤੀ ਹੈ , ਮੈਨੂੰ ਪਤਾ ਹੈ ਇਨ੍ਹਾ ਦਾ ਇਹ ਅਪਰਾਧ ਬਖਸ਼ਣ ਯੋਗ ਨਹੀਂ ਹੈ ਪਰ ਇਨ੍ਹਾ ਨੂੰ ਭੁਲਨਹਾਰ ਸਮਝ ਕੇ ਬਖਸ਼ ਦਿਉ , ਇਹਨ੍ਹਾ ਤੇ ਮਿਹਰ ਕਰ ਦਿਉ 1 ਗੁਰੂ ਅਮਰਦਾਸ ਨੇ ਧੰਨ ਮਾਤਾ ਖੀਵੀ ਕਹਿ ਕੇ ਬਚਿਆਂ ਨੂੰ ਛਾਤੀ ਨਾਲ ਲਗਾ ਲਿਆ

ਦਰਬਾਰ ਲਗਦੇ, ਕੀਰਤਨ ਹੁੰਦੇ ,ਲੰਗਰ ਲਗਦੇ  ਜਿਸਦੀ ਸੰਭਾਲ ਤੇ ਸੇਵਾ ਦੀ  ਜਿਮੇਦਾਰੀ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਨੂੰ  ਸੋਂਪ ਦਿਤੀ1 ਮਾਤਾ ਖੀਵੀ ਨੇ ਆਪਣੀ  ਇਸ ਜਿਮੇਦਾਰੀ ਨੂੰ ਬੜੇ ਪਿਆਰ ਤੇ ਸ਼ਰਧਾ ਨਾਲ ਨਿਭਾਇਆ, ਜਿਸ ਨਾਲ ਇਸਤਰੀ ਜਾਤੀ ਦਾ ਮਾਨ ਸਤਕਾਰ ਵਧਿਆ 1 ਮਾਤਾ ਖੀਵੀ ਦਾ ਸਭ  ਨਾਲ ਇਕੋ ਜਿਹਾ ਵਰਤਾਰਾ, ਮਿਠਾ ਬੋਲਣਾ ਤੇ ਗਰੀਬ ਗੁਰਬੇ ਦੀ ਸਹਾਇਤਾ ਕਰਣ ਨਾਲ ਆਮ ਜਨਤਾ ਤੇ ਸਿਖੀ ਦਾ ਰਿਸ਼ਤਾ ਹੋਰ ਮਜਬੂਤ ਹੋ ਗਿਆ 1 ਮਾਤਾ ਖੀਵੀ ਜਦ ਕਿਸੇ  ਗਰੀਬ  ਜਾ ਲੋੜਵੰਦ ਨੂੰ ਲੰਗਰ ਵਿਚ ਬੈਠੇ ਦੇਖਦੇ  ਤਾਂ ਲੰਗਰ ਖੁਆਣ ਦੇ ਨਾਲ ਨਾਲ ਚੁਪ ਚਾਪ ਉਨਾਂ  ਦੀ ਜੇਬ ਵਿਚ ਪੈਸੇ ਵੀ ਪਾ ਦਿੰਦੇ 1 ਗਰੀਬ ਗੁਰਬੇ ਤੇ ਜਵਾਨਾਂ  ਦੇ ਸੇਹਤ ਦਾ ਖ਼ਿਆਲ ਕਰਕੇ   ਲੰਗਰ ਵਿਚ ਦੁਧ ਖਿਓ ਤੇ ਖੀਰ ਦੀ ਵੀ ਖੁਲੀ ਵਰਤੋਂ ਹੋਣ ਲਗ ਪਈ 1 ਸਤਾ ਤੇ ਬਲਵੰਡ ਆਪਣੀਆਂ ਵਾਰਾਂ ਵਿਚ ਇਸ ਗਲ ਦੀ ਗਵਾਹੀ ਭਰਦੇ ਹਨ1

           ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਾਲੀ 11

           ਲੰਗਰਿ ਦਉਲਤ ਵੰਡੀਐ ਰਸੁ ਅਮ੍ਰਿਤੁ ਖਿਰਿ ਘਿਆਲੀ

ਇਕ ਵਾਰੀ ਇਕ ਜੋਗੀਆਂ ਦਾ ਮੰਡਲ ਖਡੂਰ ਸਾਹਿਬ ਆਇਆ 1 ਲੰਗਰ ਵਿਚ ਮਾਤਾ ਖੀਵੀ ਦੇ ਸਦਕਾ ਸਦਾ ਰੋਣਕਾਂ ਰਹਿੰਦੀਆਂ ਤੇ ਖੁਲੇ ਭੰਡਾਰੇ ਲਗੇ ਰਹਿੰਦੇ 1  ਜੋਗੀ ਹੈਰਾਨ ਹੋਏ ਤੇ  ਪੁਛਣ ਤੋਂ ਰਹਿ ਨਾ ਸਕੇ  ਕੀ ਇਨਾ ਖਰਚ ਕਿਥੋਂ ਆਂਉਦਾ ਹੈ ? ਗੁਰੂ ਪਾਸ ਕੋਈ ਜਗੀਰ ਜਾਇਦਾਤ ਤਾਂ ਹੈ  ਨਹੀਂ 1 ਉਨਾਂ  ਨੇ ਗੁਰੂ ਸਾਹਿਬ ਦੇ ਨਾਂ ਤੇ ਜਗੀਰ ਲਗਵਾਣੀ  ਚਾਹੀ ,ਪਰ ਗੁਰੂ ਸਾਹਿਬ ਨੇ ਮਨਾ ਕਰ ਦਿਤਾ ਇਹ ਕਹਿਕੇ  ਕੀ ਇਹ ਸੰਗਤਾਂ ਦਾ ਉਪਰਾਲਾ ਹੈ 1 ਗੁਰੂ ਘਰ ਵਿਚ ਕਿਸੇ ਚੀਜ਼ ਦੀ ਥੋੜ ਨਹੀ 1

ਤਨ ਦੀ ਤ੍ਰਿਪਤੀ  ਲਈ ਲੰਗਰ ਤੇ  ਮਨ ਦੀ ਸ਼ਾਂਤੀ ਲਈ ਸਵੇਰੇ ਸ਼ਾਮ ਕਥਾ ਕੀਰਤਨ ਹੁੰਦਾ 1 ਲੰਗਰ  ਵਿਚ ਦੁਧ , ਘਿਓ ਦੀ ਵਰਤੋਂ ਕਰਕੇ ਆਤਮਿਕ ਖੁਰਾਕ ਦੇ ਨਾਲ ਨਾਲ ਸਰੀਰਕ ਖੁਰਾਕ ਨੂੰ ਵੀ ਤਰਜੀਹ ਦਿਤੀ ਗਈ  1

                               ਨਾਨਕ ਸੋ ਪ੍ਰਭ ਸਿਮਰੀਏ ਜਿਨ ਦੇਹਿ ਕੋ ਪਾਲ

ਮਾਤਾ ਖੀਵੀ ਜੀ ਦਾ ਲੰਗਰ ਦੁਧ ਤੇ  ਘਿਉ ਦੀ ਖੀਰ ਨਾਲ ਗੁਰੂ ਅਮਰ ਦਾਸ ਤੇ ਗੁਰੂ ਰਾਮ ਦਾਸ ਤਕ ਚਲਦਾ ਰਿਹਾ 1 ਗੁਰੂ ਅਰਜਨ ਦੇਵ ਜੀ ਦੇ ਵਕਤ  ਪ੍ਰਿਥੀਏ ਦੀਆਂ ਮਾੜੀਆਂ ਚਾਲਾਂ ਕਰਕੇ ਕੁਛ ਵਕਤ ਇਹ ਲੰਗਰ ਛੋਲਿਆ ਦੀ ਰੋਟੀ ਤਕ ਸੀਮਤ ਰਹਿ ਗਿਆ1  ਭਾਈ ਗੁਰਦਾਸ ਤੇ ਬਾਬਾ ਬੁਢਾ ਜੀ ਦੇ ਯਤਨਾਂ ਸਦਕਾ ਮੁੜ ਲੰਗਰ ਵਿਚ ਉਹੀ ਰੋਣਕਾਂ ਲਗ ਗਈਆਂ 1

ਇਕ ਦਿਨ ਸਦਾ ਵਾਂਗ ਅਮਰ ਦਾਸ ਜੀ ਅਮ੍ਰਿਤ ਵੇਲੇ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆ ਰਹੇ ਸੀ , ਅੱਤ ਦਾ ਮੀਹ ਵਸ ਰਿਹਾ ਸੀ , ਝਖੜ ਝੁਲ ਰਿਹਾ ਸੀ , ਰਸਤੇ ਵਿਚ ਟੋਏ ਟਿਬੇ ਸੀ 1 ਜਦੋਂ ਅਮਰਦਾਸ ਜੀ ਪਿੰਡ ਪਹੁੰਚੇ ਠੋਕਰ ਲਗੀ ਤਾਂ ਗਿਰ ਗਏ ਪਰ ਪਾਣੀ ਦੀ ਗਾਗਰ ਮੋਢੇ  ਤੋ ਨਾਂ ਡਿਗਣ ਦਿਤੀ ,ਖੜਾਕ ਹੋਇਆ ,1 ਨਾਲ ਹੀ ਇਕ ਘਰ ਵਿਚੋਂ ਜੁਲਾਹੇ ਨੇ ਜੁਲਾਹੀ ਤੋ ਪੁਛਿਆ ,” ਇਹ ਖੜਾਕ ਤਾਂ ਡਿਗਣ ਦਾ ਹੈ ਇਸ ਵੇਲੇ ਕੋਣ ਹੋਵੇਗਾ ? ਜੁਲਾਹੀ  ਨੇ ਕਿਹਾ ,”  ਹੋਰ ਕੋਣ ਹੋ ਸਕਦਾ ਹੈ, ਅਮਰੂ ਨਿਥਾਵਾਂ ਹੋਣਾ ,ਜੋ ਪੇਟ ਦੀ ਖਾਤਿਰ ਕੁੜਮਾ ਦਾ ਪਾਣੀ ਭਰਦਾ ਹੈ ਤੇ ਚਾਕਰੀ ਕਰਦਾ ਹੈ 1  ਗੁਰੂ ਸਾਹਿਬ ਨੇ ਵੀ ਉਨਾ ਦਾ ਵਾਰਤਾਲਾਪ ਸੁਣਿਆ ਤੇ ਕਿਹਾ ,” ਕਮਲੀਏ ਮੈ   ਨਿਥਾਵਾਂ ਕਿਉਂ  ਹਾਂ , ਜਿਸ ਨੂੰ  ਪਾਤਸ਼ਾਹਾਂ ਦੇ ਪਾਤਸ਼ਾਹ ਨੇ ਠਿਕਾਣਾ ਦਿਤਾ ਹੋਵੇ ਓਹ ਨਿਥਾਵਾਂ ਕਿਵੈਂ ਹੋ ਸਕਦਾ ਹੈ ?

ਦਿਨ ਚੜੇ ਜਦ ਗੁਰੂ ਸਾਹਿਬ ਨੂੰ ਇਸ ਵਾਪਰੀ ਘਟਨਾ ਬਾਰੇ ਪਤਾ ਚਲਿਆ ਤਾਂ ਉਨਾ ਨੇ ਅਮਰ ਦਾਸ ਜੀ ਤੋ ਰਾਤ ਦੀ ਘਟਨਾ ਬਾਰੇ ਪੁਛਿਆ 1 ਗੁਰੂ ਅਮਰ ਦਾਸ ਨੇ ਇਨਾ ਹੀ ਕਿਹਾ ਕੀ ਤੁਸੀਂ ਆਪ ਜਾਨੀ-ਜਾਨ ਹੋ ਮੈ ਕਿ ਦਸ ਸਕਦਾ ਹਾਂ 1 ਇਤਨੇ ਨੂੰ ਜੁਲਾਹਾ ਆਪਣੀ ਬੀਵੀ ਨੂੰ, ਜੋ ਕਮਲੀ ਹੋ ਚੁਕੀ ਸੀ , ਮਾਫ਼ੀ ਮੰਗਣ ਲਈ ਆਇਆ 1 ਭਰੇ ਦਰਬਾਰ ਵਿਚ ਗੁਰੂ ਅੰਗਦ ਦੇਵ ਜੀ ਨੇ  ਕਿਹਾ ,” ਤੁਸੀਂ ਅਮਰਦਾਸ ਦੀ ਬੜੀ ਨਿਰਾਦਰੀ ਕੀਤੀ ਹੈ ਓਹ ਨਿਥਾਵੈ ਕਿਵੇ ਹਨ 1 ਓਹ ਤਾ ਨਿਥਾਵਿਆਂ ਦੀ ਥਾਂ ,ਨਿਓਟਿਆਂ ਦੀ ਓਟ ,ਨਿਪਤਿਆਂ ਦੀ ਪਤ,ਨਿਗਤਿਆਂ ਦੀ ਗਤ , ਨਿਧਿਰੀਆਂ ਦੀ  ਧਿਰ, ਗਏ ਬੇਹੋੜ ਬੰਦੀ ਛੋੜ – ਪੁਰਖਾ ਤੁਸੀਂ ਥੰਨ ਹੋ “1 ਕਿਤਨਿਆਂ ਸਾਰੀਆਂ ਉਪਾਧੀਆਂ ਦੇ ਦਿਤੀਆਂ

ਇਸ ਦਿਨ ਤੋਂ ਗੁਰੂ ਅੰਗਦ ਦੇਵ ਜੀ ਫੈਸਲਾ ਕਰ ਚੁਕੇ ਸਨ ਕਿ ਉਨ੍ਹਾ ਤੋ ਬਾਅਦ ਗੁਰਗਦੀ ਦੇ ਵਾਰਸ  ਅਮਰਦਾਸ ਜੀ ਹੋਣਗੇ  ਜਿਸ ਨਾਲ ਦਾਤੂ ਤੇ ਦਾਸੂ ਜੀ ਨੇ ਘਰ ਵਿਚ ਵਿਵਾਦ ਖੜਾ ਕਰ ਦਿਤਾ ਤੇ ਕਿਹਾ ਕਿ ਉਨ੍ਹਾ ਨੂੰ ਆਪਣੇ ਪਿਤਾ  ਦਾ ਇਹ ਫੈਸਲਾ ਮਨਜ਼ੂਰ ਨਹੀਂ1 ਇਸ ਨਾਜ਼ੁਕ ਮੋਕੇ ਤੇ ਮਾਤਾ ਖੀਵੀ ਨੇ ਆਪਣੇ ਪਤੀ ਦਾ ਸਾਥ ਦਿਤਾ ਤੇ ਪੁਤਰਾਂ ਨੂੰ  ਸਮਝਾਇਆ ਕੀ ਗੁਰਿਆਈ ਕੋਈ ਵਿਰਾਸਤ ਨਹੀਂ ਇਹ ਤਾਂ ਬਖਸ਼ਿਸ਼ ਹੈ 1 ਇਹ ਦੁਨੀਆਦਾਰੀ ਦਾ ਮੁਰਾਤਬਾ ਨਹੀਂ , ਜਿਮੇਵਾਰੀਆਂ ਦੀ ਪੰਡ ਹੈ ਜੋ ਤੁਹਾਥੋਂ ਨਹੀਂ ਚੁਕੀ ਜਾਣੀ “1

ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਲੋਕਾਂ ਤੇ ਰਿਸ਼ਤੇਦਾਰਾਂ ਦੇ ਚੁਕੇ ਚੁਕਾਏ ਦਾਸੂ ਖਡੂਰ ਸਾਹਿਬ ਵਿਖੇ ਗਦੀ ਲਗਾ ਕੇ ਗੁਰੂ ਬਣ ਬੈਠਾ 1 ਗੁਰੂ ਅਮਰਦਾਸ ਤਾਂ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਨਵੇਂ ਵਸਾਏ ਨਗਰ ਗੋਇੰਦਵਾਲ ਸਾਹਿਬ ਚਲੇ ਗਏ ਸੀ1 ਜਦ ਗੁਰੂ ਸੰਤਾਨ ਨੇ ਵਿਰੋਧ ਨਾ ਛਡਿਆ ਤਾਂ ਕੁਝ ਚਿਰ ਲਈ ਉਹ ਬਸਾਰਕੇ ਚਲੇ ਗਏ 1 ਮਾਤਾ ਖੀਵੀ ਇਸ ਗਲ ਤੋਂ ਬਹੁਤ ਦੁਖੀ ਸੀ ਕੀ ਪੁਤਰਾਂ ਨੇ ਪਿਤਾ ਦੀ ਆਗਿਆ ਦਾ ਪਾਲਣ ਨਹੀਂ ਕੀਤਾ 1 ਉਹ ਬਾਬਾ ਬੁਢਾ ਜੀ ਨੂੰ ਨਾਲ ਲੈਕੇ ਬ੍ਸਾਰਕੇ ਗਏ ਤੇ ਗੁਰੂ ਸਾਹਿਬ ਕੋਲੋਂ ਖਿਮਾ ਮੰਗੀ ਕੀ ਪੁਤਰ ਉਨ੍ਹਾ ਦੇ ਕਹੇ ਵਿਚ ਨਹੀਂ ਹਨ 1 ਮਾਤਾ ਖੀਵੀ ਤੇ ਬਾਬਾ ਬੁਢਾ ਜੀ ਦਾ ਸਤਿਕਾਰ ਕਰਦਿਆਂ ਗੁਰੂ ਅਮਰਦਾਸ  ਮੁੜ ਗੋਇੰਦਵਾਲ ਸਾਹਿਬ ਵਾਪਸ  ਆ ਗਏ  ਤੇ ਗੁਰੂ-ਪਦ ਦੀਆਂ ਜਿਮੇਵਾਰੀਆਂ ਸੰਭਾਲਣ ਵਿਚ ਜੁਟ ਗਏ1

ਇਨ੍ਹਾ ਦਿਨਾਂ ਵਿਚ ਕੁਝ ਅਜਿਹਾ ਬਹਾਨਾ ਵਰਤਿਆ ਕੀ ਦਾਸੂ ਜੀ ਦਾ ਸਿਰ ਫਿਰ ਗਿਆ ਤੇ ਗਦੀ ਤੇ ਬੈਠਿਆ ਉਹ ਊਲ-ਜਲੂਲ ਬੋਲਦੇ ਰਹਿੰਦੇ 1 ਮਾਤਾ ਖੀਵੀ ਨੇ ਦਾਸੂ ਨੂੰ ਉਸਦੇ ਸਿਰ ਤੇ ਗੁਰੂ ਅਮਰਦਾਸ ਜੀ ਦਾ ਮੇਹਰਾਂ ਭਰਿਆ ਹਥ ਰਖਵਾਣ  ਲਈ  ਗੋਇੰਦਵਾਲ ਭੇਜਿਆ 1 ਗੁਰੂ ਸਾਹਿਬ ਦਾ ਸਿਰ ਤੇ ਹਥ ਰਖਣ ਨਾਲ ਉਹ ਨਵਾਂ ਨਰੋਆ ਹੋ ਗਿਆ ਤੇ ਉਸਦੇ ਦਿਲ ਵਿਚੋਂ ਹੰਕਾਰ ਵੀ ਜਾਂਦਾ ਰਿਹਾ1 ਦਾਸੂ ਤਾਂ ਮਾਤਾ ਖੀਵੀ ਦਾ ਹੁਕਮ ਮੰਨ ਕੇ ਸਹੀ ਰਸਤੇ ਆ ਗਿਆ ਪਰ ਦਾਤੂ ਨੇ ਫੈਸਲਾ ਕਰ ਲਿਆ ਕੀ ਉਹ ਗੋਇੰਦਵਾਲ ਜਾਕੇ ਆਪਣਾ ਹਕ ਖੋਹ ਕੇ ਹੀ ਵਾਪਸ ਆਵੇਗਾ

ਹੰਕਾਰ ਤੇ ਈਰਖਾ ਦੀ ਅੱਗ ਵਿਚ ਤਪਦਾ ਜਦ ਦਾਤੂ ਗੋਇੰਦਵਾਲ ਗੁਰੂ ਦਰਬਾਰ ਪਹੁੰਚਿਆ ਤਾ ਸੰਗਤ ਗੁਰੂ ਸਾਹਿਬ ਦਾ ਉਪਦੇਸ਼ ਸੁਣ ਰਹੀ ਸੀ 1 ਇਸਨੇ ਜਾਦਿਆਂ ਹੀ ਗੁਰੂ ਸਾਹਿਬ ਨੂੰ ਜੋਰ ਦੀ ਲਤ ਮਾਰੀ ਤੇ ਕਿਹਾ ,’ ਕੀ ਤੂੰ ਤਾਂ ਸਾਡਾ ਨੋਕਰ ਹੈਂ 1 ਹੁਣ ਤੇਰੀ ਸਾਨੂੰ ਲੋੜ ਨਹੀ ਤੂੰ ਇਥੋ ਚਲਿਆ ਜਾ” 1 ਗੁਰੂ ਸਾਹਿਬ ਚੋਕੀ ਤੋਂ ਥਲੇ ਡਿਗ ਪਏ ਉਠ ਕੇ ਬੜੀ ਹਲੀਮੀ ਨਾਲ ਪੈਰ ਪਕੜ ਕੇ  ਆਖਿਆ  ” ਪੁਤਰ ਮੇਰੀਆਂ ਹਡੀਆਂ ਸਖਤ ਹਨ ਤੇ ਤੁਹਾਡੇ ਪੈਰ  ਕੋਮਲ ਹਨ, ਕਿਤੇ ਕੋਈ ਚੋਟ ਤੇ ਨਹੀਂ ਆਈ? ਸੰਗਤਾਂ ਗੁਰੂ ਸਾਹਿਬ ਦੀ ਅਡੋਲਤਾ ਤੇ ਧੀਰਜ ਦੇਖਕੇ ਹੈਰਾਨ ਰਹਿ ਗਈਆਂ 1 ਦਾਤੂ ਦਰਬਾਰ ਵਿਚੋਂ ਨਿਕਲ ਕੇ ਚੁਬਾਰੇ ਤੇ ਲੰਗਰ ਵਾਲੇ ਪਾਸੇ ਗਿਆ 1 ਗੁਰੂ ਘਰ ਦਾ ਸਾਰਾ ਮਾਲ ਖਚਰਾਂ ਤੇ ਘੋੜਿਆਂ ਤੇ ਲਦ ਕੇ ਘਰ ਨੂੰ ਤੁਰ ਪਿਆ 1 ਪਰ ਰਸਤੇ ਵਿਚ ਚੋਰਾਂ ਨੇ ਸਾਰਾ ਮਾਲ ਲੁਟ ਲਿਆ1  ਇਸ ਖੋਹਾ- ਖੁਹਾਈ ਵਿਚ  ਦਾਤੂ ਨੂੰ ਕਾਫੀ ਚੋਟਾਂ ਵੀ ਲਗੀਆਂ 1 ਬਾਕੀ ਚੋਟਾਂ ਤਾ ਵਕਤ ਨਾਲ ਠੀਕ ਹੋ ਗਈਆਂ ਪਰ ਜੋ ਲਤ ਉਸਨੇ ਗੁਰੂ ਸਾਹਿਬ ਨੂੰ ਮਾਰੀ ਸੀ ਉਸਦੀ ਦਰਦ ਪੰਜਵੇ ਜਾਮੇ ਵਿਚ ਗੁਰੂ ਅਰਜਨ ਦੇਵ ਜੀ ਤੋਂ ਮਾਫ਼ੀ ਮਿਲਣ ਨਾਲ  ਠੀਕ ਹੋਈ 1

ਗੋਇੰਦਵਾਲ ਦਿਨ-ਬ-ਦਿਨ ਰੋਣਕਾ ਵਾਲਾ ਸ਼ਹਿਰ ਬਣਦਾ ਜਾ ਰਿਹਾ ਸੀ 1 ਗੁਰੂ ਅਮਰਦਾਸ ਜੀ ਦਾ ਪ੍ਰਭਾਵ ਹਰ ਤਰਫ਼ ਫੈਲ ਰਿਹਾ ਸੀ ਪਰ ਅਜੇ ਵੀ ਕਈ ਲੋਕ ਅਗਿਆਨਤਾ ਵਸ ਖਡੂਰ ਸਾਹਿਬ ਪਹੁੰਚ ਜਾਂਦੇ ਤੇ ਭੇਟਾ ਦਾਤੂ ਤੇ ਦਾਸੂ ਨੂੰ ਦੇਣ ਆ ਜਾਂਦੇ  1 ਪਰ  ਮਾਤਾ ਖੀਵੀ ਉਨ੍ਹਾ ਨੂੰ  ਇਹ ਕਹਿ ਕੇ,” ਨਿਰੰਕਾਰੀ ਜੋਤ ਤਾਂ ਗੋਇੰਦਵਾਲ ਸਾਹਿਬ ਵਿਖੇ ਜਗ ਰਹੀ  ਹੈ, ਅਸੀਂ ਤਾਂ ਉਨ੍ਹਾ ਦੇ ਸੇਵਕ ਹਾਂ ” ਗੋਇੰਦਵਾਲ ਸਾਹਿਬ ਭੇਜ ਦਿੰਦੇ 1

ਜਦੋਂ ਅਮ੍ਰਿਤਸਰ ਨਗਰ ਨਿਰਮਾਣ ਹੋ ਰਿਹਾ ਸੀ ਤਾਂ ਗੁਰੂ ਅਰਜਨ ਦੇਵ ਜੀ ਕੁਝ ਸਮਾਂ ਚਕ ਰਾਮਦਾਸ ਤੇ ਕੁਝ ਸਮਾਂ ਗੋਇੰਦਵਾਲ  ਰਿਹਾ ਕਰਦੇ ਸੀ1 ਇਕ ਵਾਰੀ ਜਦ ਉਹ ਕੁਝ ਮੁਖੀ ਸਿਖਾਂ ਨਾਲ ਗੋਇੰਦਵਾਲ ਤੋਂ ਅਮ੍ਰਿਤਸਰ ਜਾ ਰਹੇ ਸੀ ਤਾਂ ਖਡੂਰ ਸਾਹਿਬ ਮਾਤਾ ਖੀਵੀ ਨੂੰ ਮਿਲਣ ਵਾਸਤੇ ਗਏ 1 ਇਸ ਵਕਤ ਚਾਹੇ ਉਹ ਵਡੇਰੀ ਉਮਰ ਦੇ ਹੋ ਗਏ ਸਨ ਪਰ ਉਨ੍ਹਾ ਦੀ ਸੇਵਾ ਕਰਨ ਦੀ ਰੁਚੀ ਤੇ ਲਗਨ ਵਿਚ ਕੋਈ ਫਰਕ ਨਹੀਂ ਆਇਆ 1 ਉਨ੍ਹਾ ਨੇ ਗੁਰੂ ਅਰਜਨ ਦੇਵ  ਤੇ ਉਨ੍ਹਾ ਨਾਲ ਆਏ ਸਿਖਾ ਦੀ ਬੜੀ ਸੇਵਾ ਕੀਤੀ ਤੇ ਆਪਣੇ ਬਚਿਆਂ ਦੀਆ ਕੀਤੀਆਂ ਗਲਤੀਆਂ ਲਈ ਭੁਲ ਬਖਸ਼ਾਈ 1

ਮਾਤਾ ਖੀਵੀ ਸੰਨ 1582 ਵਿਚ 76 ਸਾਲ ਦੀ ਉਮਰ ਗੁਜਾਰ ਕੇ ਅਕਾਲ ਚਲਾਣਾ ਕਰ ਗਏ 1 ਗੁਰੂ ਅਰਜਨ ਦੇਵ ਜੀ ,ਬੇਅੰਤ ਸੰਗਤਾਂ ਤੇ ਮੁਖੀ ਸਿਖ ਜਿਨ੍ਹਾ  ਵਿਚੋਂ ਬਾਬਾ ਬੁਢਾ ਤੇ ਭਾਈ ਗੁਰਦਾਸ ਜੀ ਵੀ ਸਨ , ਆਪਜੀ ਦੇ ਸਸਕਾਰ ਲਈ ਖਡੂਰ ਸਾਹਿਬ ਪਹੁੰਚੇ 1

ਮਾਤਾ ਖੀਵੀ ਸਬਰ, ਸ਼ੁਕਰ ਤੇ ਪਿਆਰ ਦੀ ਮੂਰਤ ਸਨ1 ਜਿਥੇ ਉਹ ਆਪਣੇ ਪਰਿਵਾਰ ਨੂੰ ਅਥਾਹ ਪਿਆਰ ਕਰਦੇ ਸੀ ਉਥੇ ਸੰਗਤਾਂ ਲਈ ਵੀ ਉਨ੍ਹਾ ਦਾ ਪਿਆਰ ਮਾਂ ਤੋ ਘਟ ਨਹੀਂ ਸੀ1 ਇਸ ਕਰਕੇ ਕੁਝ ਇਤਿਹਾਸਕਾਰਾਂ ਨੇ ਉਨ੍ਹਾ ਨੂੰ ਜਗਤ ਮਾਤਾ ਦੀ ਉਪਾਧੀ ਦਿਤੀ ਹੈ 1 ਸਿਖ ਧਰਮ ਦੇ ਮੁਢਲੇ ਵਰਿਆਂ ਵਿਚ ਮਾਤਾ ਖੀਵੀ ਦੇ ਯੋਗਦਾਨ ਨੂੰ ਸਿਖ-ਇਤਿਹਾਸ  ਵਿਚ ਹਮੇਸ਼ਾਂ ਬੜੇ ਆਦਰ ਤੇ ਸਤਿਕਾਰ ਨਾਲ ਵੇਖਿਆ ਤੇ ਬਿਆਨ ਕੀਤਾ ਜਾਵੇਗਾ1

Print Friendly, PDF & Email

Nirmal Anand

Add comment

Translate »