ਸਿੱਖ ਇਤਿਹਾਸ

ਮਹਾਰਾਜਾ ਖੜਕ ਸਿੰਘ- ਪੁਤਰ ਮਹਾਰਾਜਾ ਰਣਜੀਤ ਸਿੰਘ ( 1801 – 1840) 

ਮਹਾਰਾਜਾ ਖੜਕ ਸਿੰਘ (22 ਫ਼ਰਵਰੀ 1801 – 5 ਨਵੰਬਰ 1840)

ਮਹਾਰਾਜਾ ਰਣਜੀਤ ਸਿੰਘ ਦੇ ਵੱਖ ਵੱਖ ਰਾਣੀਆਂ ਤੋਂ ਪੈਦਾ ਹੋਏ ਸੱਤ ਪੁੱਤਰ ਸੀ, ਖੜਕ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ, ਮੁਲਤਾਨ ਸਿੰਘ ,ਕਸ਼ਮੀਰਾ ਸਿੰਘ ,ਪਿਸ਼ੋਰਾ ਸਿੰਘ, ਅਤੇ ਦਲੀਪ ਸਿੰਘ,  ਜਿਨ੍ਹਾ  ਵਿਚ ਆਪਸੀ ਭਾਈਚਾਰੇ ਦੇ ਮਿਲਵਰਤਨ ਦੀ ਥਾਂ ਸ਼ਰੀਕਾਦਾਰੀ, ਸਾੜਾ, ਈਰਖਾ ਤੇ  ਵਿਰੋਧ ਵਧੇਰੇ ਸੀ।  ਮਹਾਰਾਜਾ ਰਣਜੀਤ ਸਿੰਘ ਨੇ 27 ਜੂਨ, 1839 ਨੂੰ ਅਧਰੰਗ ਦਾ ਸ਼ਿਕਾਰ ਹੋ ਕੇ ਪੂਰੇ  ਸਤ ਮਹੀਨੇ ਬਿਸਤਰ ਤੇ ਹੀ ਅਡੀਆਂ ਰਗੜਦਿਆਂ ਬਿਤਾਏ ਸਨ। ਆਪਣਾ ਆਖਰੀ ਵਕਤ ਜਾਣ ਕੇ ਅਤੇ ਪਿਛੋਂ ਆਪਸੀ ਵਿਰੋਧ ਦੇ ਡਰ ਤੋਂ  ਆਪਣੀ ਮੌਤ ਤੋ ਪਹਿਲਾਂ ਹੀ 22 ਮਈ  1839 ਈ. ਨੂੰ  ਖੜਕ ਸਿੰਘ ਨੂੰ ਆਪਣੇ  ਉੱਤਰਾਧਿਕਾਰੀ, ” ਟਿੱਕਾ ਸਾਹਿਬ ਬਹਾਦੁਰ, ਖੜਕ ਸਿੰਘ “ਹੋਣ ਦਾ ਐਲਾਨ ਕਰ ਦਿਤਾ ਅਤੇ ਰਾਜਾ ਧਿਆਨ ਸਿੰਘ ਨੂੰ ਇਸ ਦਾ ਵਜ਼ੀਰ ਮੁਕਰਰ ਕਰਕੇ  ਖੜਕ ਸਿੰਘ ਦੀ ਬਾਂਹ ਧਿਆਨ ਸਿੰਘ ਡੋਗਰਾ ਦੇ ਹੱਥ ਫੜਾ ਦਿਤੀ ।  ਖੜਕ ਸਿੰਘ ਨੇ  ਮਹਾਰਾਜਾ ਰਣਜੀਤ ਸਿੰਘ ਦੀ ਮੌਤ  ਤੋਂ ਬਾਅਦ  ਸਤੰਬਰ 1839 ਈ.ਵਿਚ ਰਸਮੀ ਤੋਰ ਤੇ ਰਾਜਗਦੀ  ਤੇ ਬੈਠਿਆ,  ਪਰ ਆਰਾਮ ਪ੍ਰਸਤ,  ਆਲਸੀ ਤੇ ਅਕਲ ਦਾ ਵੀ ਪੂਰਾ ਸੂਰਾ ਹੋਣ ਕਰਕੇ ਬਹੁਤੀ ਦੇਰ ਨਾ  ਟਿਕ  ਸਕਿਆ l ਰਾਜ ਪ੍ਰਬੰਧ ਤੇ ਧਿਆਨ ਦੇਣ ਦੀ ਥਾਂ ਉਸਤੇ ਉਪਰ  ਰਾਜ ਘਰਾਨੇ  ਵਿਚ ਮੁਗਲ ਬਾਦਸ਼ਾਹਾਂ ਦੇ  ਪਰਿਵਾਰਾਂ  ਵਾਲੀ ਠਾਠ-ਬਾਠ  ਵਧੇਰੇ ਭਾਰੂ ਸੀ। ਇਹੀ ਕਾਰਣ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਚਲਾਣਾ ਕੀਤੇ ਅਜੇ ਡੇਢ ਸਾਲ ਪੂਰਾ ਨਹੀਂ ਹੋਇਆ ਸੀ,  ਸਿੱਖ ਰਾਜ ਅਤੇ ਲਾਹੌਰ ਦਰਬਾਰ ਦਾ ਖੋਖਲਾਪਣ ਪੂਰੀ ਤਰ੍ਹਾਂ ਉਜਾਗਰ ਹੋ ਗਿਆ । ਸਾਜ਼ਿਸ਼ਾਂ ਦਾ ਦੌਰ ਤਾ ਮਹਾਰਾਜੇ ਦੀ ਬਿਮਾਰੀ ਦੇ ਸਮੇ ਤੋਂ  ਸ਼ੁਰੂ ਹੋ ਗਿਆ ਸੀ, ਪਰ  ਮਹਾਰਾਜਾ ਦੀ ਸਖਸ਼ੀਅਤ ਦਾ ਡਰ ਇਨ੍ਹਾਂ ਸਾਜਸ਼ਾਂ ਨੂੰ  ਉਭਾਰ ਨਹੀਂ ਸਕਿਆ ।

ਮਹਾਰਾਜਾ ਦੇ ਹੁੰਦਿਆਂ ਵੀ ਲਾਹੌਰ ਦਰਬਾਰ ਵਿਚ ਦੋ ਧੜੇ ਸਨ। ਵਧੇਰੇ ਪ੍ਰਭਾਵ ਡੋਗਰੇ ਭਰਾਵਾਂ ਦਾ ਸੀ। ਡੋਗਰੇ ਤਿੰਨ ਭਰਾ ਸਨ-ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ। ਤਿੰਨੇ ਭਰਾਵਾਂ ਦਾ ਮਹਾਰਾਜੇ ਉਤੇ ਬੜਾ ਪ੍ਰਭਾਵ ਸੀ ਪਰ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੇ ਬਚਿਆਂ  ਤੋਂ ਵੱਧ ਪਿਆਰ ਕਰਦੇ ਸਨ। ਡੋਗਰਿਆਂ ਨੇ ਹੀਰਾ ਸਿੰਘ ਨੂੰ ਆਪਣਾ ਪ੍ਰਭਾਵ ਵਧਾਉਣ ਲਈ ਹਰ ਤਰ੍ਹਾਂ ਵਰਤਿਆ।ਡੋਗਰਿਆਂ ਦੇ ਵਿਰੋਧ ਵਿਚ ਸੰਧਾਵਾਲੀਆ, ਅਟਾਰੀ ਅਤੇ ਮਜੀਠਾ ਪਰਿਵਾਰਾਂ ਦੇ ਸਿੱਖ ਸਰਦਾਰ ਅਤੇ ਜਗੀਰਦਾਰ ਸਨ। ਮਹਾਰਾਜਾ ਦੀ ਮੌਤ ਦੇ ਤਤਕਾਲ ਪਿਛੋਂ ਇਹ ਦੋਵੇਂ ਧੜੇ ਆਹਮੋ ਸਾਹਮਣੇ ਹੋ ਪਏ। ਮਹਾਰਾਜਾ ਦਾ ਮ੍ਰਿਤਕ ਸਰੀਰ ਅੰਤਿਮ ਸੰਸਕਾਰਾਂ ਲਈ ਲਾਹੌਰ ਕਿਲ੍ਹੇ ਵਿਚ ਹੀ ਪਿਆ ਸੀ ਜਦ ਰਾਜ ਪਰਿਵਾਰ ਅਤੇ ਦਰਬਾਰੀਆਂ ਵਿਚ ਗੋਂਦਾਂ ਗੁੰਦਣ ਦਾ ਕੰਮ ਸ਼ੁਰੂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਪੁੱਤਰ ਸ਼ੇਰ ਸਿੰਘ ਉਤਸ਼ਾਹੀ ਅਤੇ ਮਿਲਾਪੜਾ ਸੀ। ਉਸਨੇ  ਨੇ ਸਿੱਖ ਰਾਜ ਉਤੇ ਆਪਣਾ ਦਾਅਵਾ ਕੀਤਾ। ਆਪਣੇ ਅਧਿਕਾਰ ਉਤੇ ਜ਼ੋਰ ਦੇਣ ਲਈ ਉਹ ਅੰਗਰੇਜ਼ਾਂ ਦੀ ਸਿਫਾਰਿਸ਼ ਲਈ  ਵੀ ਗਿਆ ਪਰ ਖੜਕ ਸਿੰਘ ਦੇ ਪੱਖ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਗੱਦੀ ਦਿਤਾ ਜਾਣ ਕਰਕੇ ਉਹ ਕਾਮਯਾਬ ਨਾ ਹੋ ਸਕਿਆ। ਸ਼ੇਰ ਸਿੰਘ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿਚ ਵੀ ਸ਼ਾਮਲ ਨਹੀਂ ਹੋ ਸਕਿਆ ਕਿਓਂਕਿ ਉਸ ਨੂੰ ਆਪਣੀ ਗ੍ਰਿਫ਼ਤਾਰੀ ਦਾ ਡਰ ਸੀ। ਉਸ ਨੂੰ ਪਰਿਵਾਰ ਤੇ ਸਿਖ ਸਰਦਾਰਾਂ ਵਲੋਂ ਯਕੀਨ ਦਿਵਾਇਆ ਗਿਆ ਕਿ ਉਸ ਨਾਲ ਬਰਾਬਰੀ ਅਤੇ ਆਦਰ ਵਾਲਾ ਸਲੂਕ ਕੀਤਾ ਜਾਇਗਾ ਤਾਂ ਕਿਤੇ ਉਹ ਸਰਕਾਰੀ ਸ਼ੋਕ ਦੇ ਅੰਤਿਮ ਦਿਨ ਲਾਹੌਰ ਪਹੁੰਚਿਆ।

ਖੜਕ ਸਿੰਘ ਸ਼ੇਰੇ- ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਸ਼ਹਿਜ਼ਾਦਾ ਜੋ ਮਹਾਰਾਣੀ ਦਾਤਾਰ ਕੌਰ ਦੀ ਕੁੱਖੋਂ 9 ਫਰਵਰੀ 1801 ਈ. ਨੂੰ ਪੈਦਾ ਹੋਇਆ। ਕਹਿੰਦੇ ਹਨ ਉਸਦੇ ਜਨਮ ਦਿਨ ਤੇ ਇਤਨੀਆਂ ਖੁਸ਼ਿਆ ਮਨਾਈਆਂ ਗਈਆਂ ਕਿ ਸਾਰੇ  ਤੋਸ਼ੇਖਾਨਿਆਂ  ਦੇ ਦਰਵਾਜੇ ,ਗਰੀਬ -ਗੁਰਬਿਆਂ ਤੇ ਲੋੜਵੰਦਾਂ ਲਈ ਖੋਲ ਦਿਤੇ ਗਏ ਸੀ  । ਇਸ ਦਾ ਵਿਆਹ ਛੋਟੀ ਉਮਰੇ ਸੰਨ 1812 ਈ. ਵਿਚ ਸ. ਜੈਮਲ ਸਿੰਘ ਕੰਨਇਆ  ਦੀ ਪੁੱਤਰੀ ਚੰਦ ਕੌਰ ਨਾਲ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਪੂਰਾ ਯਤਨ ਕੀਤਾ ਕਿ ਇਸ ਨੂੰ ਸੂਰਬੀਰ ਵਾਂਗ ਹਰ ਪ੍ਰਕਾਰ ਦੀ ਸਿਖਿਆ ਦਿੱਤੀ ਜਾਏ। ਇਸ ਲਈ ਬਚਪਨ ਵਿਚ ਹੀ ਇਸ ਨੂੰ ਕਈ ਜ਼ਿੰਮੇਵਾਰੀਆਂ ਸੌਂਪੀਆਂ ਜਾਣ ਲਗੀਆਂ। ਇਸ ਨੂੰ ਸੰਨ 1811 ਈ. ਵਿਚ ਕੰਨਇਆ  ਮਿਸਲ ਦੀ ਰਿਆਸਤ ਦਾ ਪ੍ਰਬੰਧਕ ਨਿਯੁਕਤ ਕੀਤਾ ਗਿਆ ਅਤੇ ਸੰਨ 1812 ਈ. ਵਿਚ ਰਾਜੌਰੀ ਅਤੇ ਭਿੰਬਰ ਦੇ ਸਰਕਸ਼ ਮੁਖੀਆਂ ਨੂੰ ਸੋਧਣ ਲਈ ਭੇਜਿਆ ਗਿਆ। 1812 ਈ. ਵਿੱਚ ਉਸ ਨੂੰ ਜੰਮੂ ਦੀ ਜਾਗੀਰ ਦਿਤੀ ਗਈ। ਸੰਨ 1818 ਈ. ਵਿਚ ਮੁਲਤਾਨ ਅਤੇ ਸੰਨ 1819 ਈ. ਵਿਚ ਕਸ਼ਮੀਰ ਦੀਆਂ ਮੁਹਿੰਮਾਂ ਉਤੇ ਵੀ ਭੇਜਿਆ ਗਿਆ।

 ਮਹਾਰਾਜਾ ਰਣਜੀਤ ਸਿੰਘ ਨੇ ਜਦ ਖੜਕ ਸਿੰਘ ਨੂੰ  ਲਾਹੋਰ ਦਰਬਾਰ ਦਾ ਮਹਾਰਾਜਾ ਹੋਣ ਦਾ ਐਲਾਨ ਕੀਤਾ ਤਾਂ ਰਾਜਾ  ਧਿਆਨ ਸਿੰਘ ਨੂੰ ਉਸਦਾ ਵਜੀਰ ਬਣਾਕੇ ,ਖੜਕ ਸਿੰਘ ਦੀ ਬਾਂਹ ਰਾਜਾ ਧਿਆਨ ਸਿੰਘ ਦੇ ਹਥ ਵਿਚ ਦੇ ਦਿਤੀ l ਪਰ ਖੜਕ ਸਿੰਘ ਜਦ ਮਹਾਰਾਜਾ ਬਣਿਆ ਤਾਂ ਉਸ ਨੂੰ ਆਪਣੇ  ਇਕ ਜਿਗਰੀ ਮਿੱਤਰ ਚੇਤ ਸਿੰਘ ਬਾਜਵਾ ਤੇ ਬਹੁਤ ਭਰੋਸਾ ਸੀl ਮਹਾਰਾਜੇ ਨੇ ਚੇਤ ਸਿੰਘ ਬਾਜਵਾ ਨੂੰ ਰਾਜਨੀਤਕ ਮਸਲਿਆ  ਵਿਚ ਆਪਣਾ ਮੁੱਖੀ ਨਿਯੁਕਤ ਕਰ ਦਿੱਤਾ ਜਿਸ ਕਰਕੇ ਚੇਤ ਸਿੰਘ ਹਮੇਸ਼ਾਂ ਉਸਦੇ ਆਸ ਪਾਸ ਹੀ ਰਹਿੰਦਾ ਸੀ l ਚੇਤ ਸਿੰਘ ਨੇ ਧਿਆਨ ਸਿੰਘ ਅਤੇ ਉਸ ਦੇ ਪੁੱਤਰ ਹੀਰਾ ਸਿੰਘ ਨੂੰ ਜ਼ਨਾਨਾ ਮਹੱਲ ਵਿਚ ਜਾਣ ਤੋਂ ਬੰਦ ਕਰ ਦਿੱਤਾ ਜਿਸਦੀ  ਦੀ ਰਵਾਇਤ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ  ਚਲਦੀ ਆ ਰਹੀ ਸੀ  ਅਤੇ ਇਸਦੀ ਇਜਾਜ਼ਤ ਸਿਰਫ ਇਨ੍ਹਾ ਦੋਨਾਂ , ਧਿਆਨ ਸਿੰਘ ਡੋਗਰਾ ਤੇ ਹੀਰਾ ਸਿੰਘ ਡੋਗਰਾ  ਕੋਲ ਸੀ। ਮਹਾਰਾਜਾ ਰਣਜੀਤ ਸਿੰਘ ਦਾ ਮਾਨਨਾ ਸੀ  ਕਿ  ਕਈ ਵਾਰ ਰਾਜਨੀਤਕ ਖੂਫ਼ੀਆ ਰਿਪੋਟਾ ਜ਼ਨਾਨਾ ਮਹੱਲ ਵਿਚੋਂ ਗੱਲਾਂ -ਬਾਤਾਂ ਦੋਰਾਨ ਮਿਲ ਜਾਂਦੀਆਂ ਹਨ।

ਧਿਆਨ ਸਿੰਘ ਡੋਗਰਾ ਨੂੰ ਚੇਤ ਸਿੰਘ ਦੀ ਵਧਦੀ ਤਾਕਤ ਬਿਲਕੁਲ ਪਸੰਦ ਨਹੀਂ ਸੀ। ਉਸ ਨੇ ਮਹਾਰਾਜਾ ਖੜਕ ਸਿੰਘ ਤੇ ਚੇਤ ਸਿੰਘ  ਵਿਰੁੱਧ ਗ਼ਲਤ ਅਫ਼ਵਾਹਾਂ ਫੈਲਾਣਿਆਂ ਸ਼ੁਰੂ ਕਰ ਦਿੱਤੀਆਂ ਕਿ ਚੇਤ ਸਿੰਘ ਦੀ ਮਦਤ ਨਾਲ ਮਹਾਰਾਜਾ ਖੜਕ ਸਿੰਘ  ਆਪਣਾ ਰਾਜ ਅੰਗ੍ਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦਾ ਹੈ। ਨਾਲ ਨਾਲ ਹੀ ਉਸਨੇ  ਖੜਕ ਸਿੰਘ ਦੇ ਪੁਤਰ  ਕੰਵਰ ਨੌਨਿਹਾਲ ਸਿੰਘ ਜੋ ਉਸ ਵਕਤ ਪਿਸ਼ਾਵਰ ਦਾ ਗਵਰਨਰ ਸੀ ਅਤੇ ਖੜਕ ਸਿੰਘ ਦੀ ਪਤਨੀ ਚੰਦ ਕੌਰ ਦੇ ਵੀ  ਕੰਨ ਭਰਨੇ ਵੀ ਸ਼ੁਰੂ ਕਰ ਦਿੱਤੇl 9 ਅਕਤੂਬਰ 1839 ਨੂੰ ਧਿਆਨ ਸਿੰਘ ਡੋਗਰਾ ਦੀ ਅਗਵਾਈ ਹੇਠ ਇਸ ਕਾਉਂਸਿਲ  ਦੇ ਕੁੱਝ ਮੈਂਬਰ ਖੜਕ ਸਿੰਘ ਦੇ ਕਮਰੇ ਵਿੱਚ ਦਾਖ਼ਲ ਹੋਏ| ਉਹਨਾਂ ਨੇ  ਚੇਤ ਸਿੰਘ ਬਾਜਵਾ  ਨੂੰ ਲੱਭ ਕੇ ਖੜਕ ਸਿੰਘ ਦੇ ਸਾਹਮਣੇ ਉਸਦੇ ਚੀਖ ਚੀਖ ਕੇ ਰੋਕਣ ਦੇ ਬਾਵਜੂਦ  ਕਤਲ ਕਰ ਦਿਤਾ। ਉਹਨਾਂ ਨੇ ਖੜਕ ਸਿੰਘ ਨੂੰ ਵੀ ਕਿਲ੍ਹੇ ਤੋਂ ਬਾਹਰ ਲੈ ਜਾ ਕੇ ਲੁਹਾਰੀ ਦਰਵਾਜੇ  ਅੰਦਰ ਇਕ ਸ਼ਾਹੀ ਹਵੇਲੀ ਵਿੱਚ ਧਿਆਨ ਸਿੰਘ ਦੀ ਨਿਗਰਾਨੀ ਹੇਠ ਨਜ਼ਰਬੰਦ ਕਰ ਦਿਤਾ ਗਿਆ l ਤਾਕਿ ਕਿਤੇ ਇਹ ਅੰਗ੍ਰੇਜ਼ਾਂ ਦੇ ਇਲਾਕੇ ਵਲ ਖਿਸਕ ਨ ਜਾਏl  । ਨਜ਼ਰਬੰਦੀ ਦੇ ਦੌਰਾਨ  ਡੋਗਰਿਆਂ ਨੇ  ਸ਼ਾਹੀ ਹਕੀਮ ਨਾਲ ਮਿਲ ਕੇ ਮਹਾਰਾਜੇ ਨੂੰ ਸਫੈਦ ਕਸਕਰੀ ਤੇ ਰਸ ਕਪੂਰ ਦੋਨੋਂ ਜ਼ਹਿਰ ਰੋਟੀ ਵਿੱਚ ਮਿਲਾ ਕੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਕਿ  ਹੌਲੀ ਹੌਲੀ ਮੌਤ ਦੇ ਮੂੰਹ ਵੱਲ ਧੱਕਿਆ ਜਾ ਸਕੇ।

ਜ਼ਹਿਰੀਲੀ ਦਵਾ ਕਾਰਨ ਮਹਾਰਾਜਾ ਜਲਦੀ ਹੀ ਬਿਸਤਰ ਤੇ  ਪੈ ਗਏl  ਤਕਰੀਬਨ ਨੋ ਮਹੀਨੇ ਬਿਮਾਰ ਰਹਿਣ ਦੇ ਬਾਵਜੂਦ. ਇਕ ਵਾਰੀ ਵੀ  ਦਰਬਾਰੀ ਡਾਕਟਰ ਨੂੰ ਨਾ ਸਦਿਆ ਗਿਆ | ਮਹਾਰਾਜਾ ਖੜਕ ਸਿੰਘ ਕੋਲ ਇਸ ਵਕਤ ਦਰਦ ਵੰਡਾਉਣ ਵਾਲਾ ਕੋਈ ਨਹੀ ਸੀ,  ਨਾ ਕੋਈ ਸੱਜਣ ਨਾ ਮਿੱਤਰ ਨਾ ਕੋਈ ਆਪਣਾ ਨਾ ਬੇਗਾਨਾ l ਉਸ ਕੋਲ ਸੀ ਤਾਂ ਸਿਰਫ ਕੈਦ ਦੀ  ਤਨਹਾਈ ਹੀ ਸੀ l  ਖੜਕ ਸਿੰਘ ਨੇ ਕਈ ਵਾਰ ਧਿਆਨ ਸਿੰਘ ਅੱਗੇ ਬੇਨਤੀ ਕੀਤੀ ਕੰਵਰ  ਨੌਨਿਹਾਲ ਸਿੰਘ ਨੂੰ ਮਿਲਾਣ ਲਈ, ਪਰ ਪੱਥਰ ਦਿਲ ਡੌਗਰੇ ਨੇ ਪਿਉ ਪੁੱਤ ਦਾ ਮੇਲ ਨਾ ਹੋਣ ਦਿੱਤਾ ਅੰਤ ਉਹ ਸਮਾਂ ਆ ਗਿਆ ਜਿਸਦਾ ਡੋਗਰਿਆਂ ਨੂੰ ਇੰਤਜ਼ਾਰ ਸੀ l ਮਹਾਰਾਜਾ ਖੜਕ ਸਿੰਘ ਬੇਸੁਧ ਹੋ ਚੁਕਾ ਸੀl ਕੰਵਰ ਨੂੰ ਬੁਲਾਇਆ ਗਿਆ ਕਿ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਕਰ ਲਵੇ ਪਰ ਉਸ ਵੇਲੇ ਤਕ  ਮਹਾਰਾਜਾ ਖੜਕ ਸਿੰਘ  ਇਸ ਦੁਨਿਆ ਨੂੰ ਛੋੜ ਕੇ ਜਾ ਚੁਕੇ ਸੀ l

 ਹੁਣ ਕੰਵਰ ਨੌਨਿਹਾਲ ਸਿੰਘ ਨੂੰ ਵੀ ਡੋਗਰਿਆਂ ਦੀਆਂ ਚਾਲਾਂ ਸਮਝ ਆਉਣ ਲੱਗ ਪਈਆਂ। ਉਸ ਨੇ ਧਿਆਨ ਸਿੰਘ ਦੇ ਨਾਲ-ਨਾਲ ਫ਼ਕੀਰ ਅਜ਼ੀਜ਼-ਉਦ-ਦੀਨ, ਜਮਾਂਦਾਰ ਖ਼ੁਸ਼ਹਾਲ ਸਿੰਘ, ਭਈਆ ਰਾਮ ਸਿੰਘ ਤੋਂ ਇਲਾਵਾ ਲਹਿਣਾ ਸਿੰਘ ਮਜੀਠੀਆ ਅਤੇ ਅਜੀਤ ਸਿੰਘ ਸੰਧਾਵਾਲੀਆ ਨੂੰ ਵੀ ਆਪਣੇ ਨਿਜ਼ਾਮ ਵਿੱਚ ਭਾਈਵਾਲ ਬਣਾ ਦਿਤਾ ਤਾਕਿ ਡੋਗਰੇ  ਪੂਰੀ ਹਕੂਮਤ ਉੱਤੇ ਕਾਬਜ਼ ਨਾ ਹੋ ਸਕਣ । ਇਹ ਗੱਲ ਧਿਆਨ ਸਿੰਘ ਨੂੰ ਮਨਜ਼ੂਰ ਨਹੀਂ ਸੀ। ਇਸ ਕਰ ਕੇ ਉਸ ਨੇ ਨੌਨਿਹਾਲ ਸਿੰਘ ਨੂੰ ਵੀ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ।  4-5 ਨਵੰਬਰ ਦੀ ਰਾਤ ਨੂੰ  ਖੜਕ ਸਿੰਘ ਦੀ ਮੌਤ ਪਿਛੋਂ  ਮਹਾਰਾਜਾ ਖੜਕ ਸਿੰਘ ਦਾ ਅੰਤਿਮ ਸੰਸਕਾਰ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਹੀ ਉਸ ਦੇ  ਪੁੱਤਰ ਦੀ ਚਿਖਾ ਤਿਆਰ ਕੀਤੀ ਗਈ। ਪੰਜ ਨਵੰਬਰ, 1840 ਨੂੰ ਤੀਜੇ ਪਹਿਰ ਸ਼ਾਹੀ ਠਾਠ ਨਾਲ ਮਹਾਰਾਜੇ ਦੇ ਸਸਕਾਰ ਦੀ ਤਿਆਰੀ ਹੋਈ।180 ਬੰਦੂਕਾ ਦੀ ਸਲਾਮੀ ਦਿੱਤੀ ਗਈ। ਖੜਕ ਸਿੰਘ ਦੇ ਇਕਲੌਤੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੇ ਚਿੱਖਾ ਨੂੰ ਲੰਬੂ  ਲਗਾਇਆ।  ਧਿਆਨ ਸਿੰਘ ਨੇ ਮਹਾਰਾਜਾ ਦੀਆ ਦੋਨੋ ਰਾਣੀਆਂ ਨੂੰ ਧਮਕੀ ਦਿਤੀ ਕਿ ਜੇਕਰ ਤੁਸੀਂ ਮਹਾਰਾਜੇ ਦੇ ਨਾਲ ਸਤੀ ਨਾ ਹੋਈਆਂ ਤਾ ਮੈ ਤਲਵਾਰ ਨਾਲ ਤੁਹਾਡੇ ਟੁਕੜੇ ਟੁਕੜੇ ਕਰਕੇ ਚਿਖਾ ਵਿਚ ਸੁਟ ਦੇਵਾਂਗਾ l ਉਨ੍ਹਾ ਨੇ ਬੇਇਜਤੀ ਦੀ ਮੌਤ ਮਰਨ ਨਾਲੋ ਇੱਜਤ ਦੀ ਮੌਤ ਮਰਨਾ ਪਰਵਾਨ ਕੀਤਾl ਮਹਾਰਾਨੀ ਚੰਦ ਕੌਰ ਨੂੰ ਛੋੜਕੇ ਮਹਾਰਾਜੇ ਦੀਆਂ ਦੋਵੇਂ ਰਾਣੀਆਂ ਅਤੇ ਗਿਆਰਾਂ ਗੋਲੀਆਂ ਵੀ ਉਸੇ ਦੀ ਚਿਖਾ ਵਿਚ ਸਤੀ ਹੋ ਗਈਆਂ।ਇਸ ਤੋਂ ਬਾਅਦ ਕੰਵਰ ਨੌਨਿਹਾਲ ਸਿੰਘ ਰਸਮ ਅਨੁਸਾਰ ਇਸ਼ਨਾਨ ਕਰਨ ਅਤੇ ਕਪੜੇ ਬਦਲਣ ਲਈ ਛੋਟੀ ਰਾਵੀ ਵੱਲ ਚੱਲਿਆ ਗਿਆ।

 ਗਾਰਡਨਰ ਸਿੱਖ ਰਾਜ ਦੇ ਤੋਪਖਾਨੇ ਦਾ ਅਫ਼ਸਰ ਸੀ ਅਤੇ ਉਹ  ਧਿਆਨ ਸਿੰਘ ਦਾ ਗੂੜ੍ਹਾ ਮਿੱਤਰ ਸੀ। ਸਸਕਾਰ ਵਾਲੀ ਜਗ੍ਹਾ ਕੋਲ ਹੀ ਧਿਆਨ ਸਿੰਘ ਨੇ ਉਸ ਨੂੰ ਤੋਪਖਾਨੇ ਵਿੱਚੋਂ 40 ਸਿਪਾਹੀ ਬਿਨਾਂ ਵਰਦੀ ਤੋਂ ਲਿਆਉੁਣ ਲਈ ਕਿਹਾ। ਕੰਵਰ ਨੌਨਿਹਾਲ ਸਿੰਘ ਨੇ ਰਾਜਾ ਧਿਆਨ ਸਿੰਘ ਡੋਗਰਾ ਅਤੇ ਗਾਰਡਨਰ ਨੂੰ ਆਪਸ ਵਿਚ ਖੁਸ-ਫੁਸ ਕਰਦਿਆਂ ਦੇਖ ਲਿਆ। ਕੰਵਰ ਨੂੰ ਸ਼ੱਕ ਪੈ ਗਿਆ ਉਹ ਝੱਟ ਹੀ ਊਧਮ ਸਿੰਘ (ਗੁਲਾਬ ਸਿੰਘ ਡੋਗਰੇ ਦਾ ਪੁੱਤਰ) ਨੂੰ ਨਾਲ ਲੈ ਕੇ ਕਿਲ੍ਹੇ ਵੱਲ ਨੂੰ ਤੁਰ ਪਿਆ। ਬਾਕੀ ਦੇ ਦਰਬਾਰੀ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ। ਜਿਸ ਤਰ੍ਹਾਂ ਕੰਵਰ ਦੇ ਮਨ ਵਿਚ ਕੋਈ ਡਰ ਬੈਠਾ ਹੁੰਦਾ ਹੈ। ਉੁਹ ਊਧਮ ਸਿੰਘ ਦੇ ਛਡਾਉੁਣ ਤੇ ਵੀ ਉਸ ਦਾ ਹੱਥ ਨਹੀ ਛੱਡ ਰਿਹਾ ਸੀ।

ਜਦ ਉੁਹ ਰੇਸ਼ਮੀ ਦਰਵਾਜ਼ੇ ਕੋਲ ਪਹੁੰਚੇ ਤਾਂ ਉੁਸ ਉੁਪਰ ਕਰਨਲ ਬਿਜੈ ਸਿੰਘ ਸਿਪਾਹੀਆਂ ਸਮੇਤ ਬੈਠਾ ਸੀ। ਉੁਸ ਨੂੰ ਕਿਹਾ ਗਿਆ ਸੀ ਜਦੋਂ ਕੰਵਰ ਦਰਵਾਜ਼ੇ ਥੱਲੇ ਦੀ ਲੰਘੇ ਤਾਂ ਉਸ ਉੁੱਪਰ ਇੱਟਾਂ ਦਾ ਛੱਜਾ ਸੁੱਟ ਦਿੱਤਾ ਜਾਵੇ। ਕਰਨਲ ਬਿਜੈ ਸਿੰਘ ਨੂੰ ਇਸ ਗੱਲ ਦਾ ਇਸ਼ਾਰਾ ਕਰਨ ਵਾਸਤੇ ਹੀਰਾ ਸਿੰਘ ਪਾਸੇ ਖੜ੍ਹਾ ਸੀ। ਜਦੋਂ ਕੰਵਰ ਨੌਨਿਹਾਲ ਸਿੰਘ ਦਰਵਾਜ਼ੇ ਕੋਲ ਪਹੁੰਚਣ ਲੱਗਾ ਤਾਂ ਹੀਰਾ ਸਿੰਘ ਨੇ ਦੇਖਿਆ ਕੰਵਰ, ਊਧਮ ਸਿੰਘ ਦਾ ਹੱਥ ਫੜੀ ਆ ਰਿਹਾ ਹੈ ਤਾਂ ਉੁਸ ਨੇ ਪਿੱਛੇ ਆਉੁਂਦੇ ਧਿਆਨ ਸਿੰਘ ਤੋਂ ਇਸ਼ਾਰੇ ਨਾਲ ਪੁੱਛਿਆ ਕੀ ਕੀਤਾ ਜਾਵੇ ?ਧਿਆਨ ਸਿੰਘ ਡੋਗਰੇ ਦੇ ਦਿਮਾਗ਼  ਇਕ ਹੀ ਫਤੂਰ ਸੀ ,ਮਹਾਰਾਜੇ ਰਣਜੀਤ ਸਿੰਘ ਦੀ ਵੰਸ਼ ਨੂੰ ਖ਼ਤਮ ਕਰਕੇ ਆਪ ਦੇ ਪੁੱਤਰ ਹੀਰਾ ਸਿੰਘ ਨੂੰ ਤਖ਼ਤ ਤੇ ਬਿਠਾਣਾ ਧਿਆਨ ਸਿੰਘ ਨੇ ਹੀਰਾ ਸਿੰਘ ਨੂਬ ਜਵਾਬ ਵਿਚ ਕਿਹਾ , “ਤੁਸੀਂ ਆਪਦਾ ਕੰਮ ਕਰੋ”। ਹੀਰਾ ਸਿੰਘ ਦੇ ਇਸ਼ਾਰਾ ਕਰਨ ‘ਤੇ ਕਰਨਲ ਬਿਜੈ ਸਿੰਘ ਦੇ ਸਿਪਾਹੀਆਂ ਨੇ ਉੁੱਪਰ ਤੋਂ ਛੱਜਾ ਸੁੱਟ ਦਿੱਤਾ।

ਊਧਮ ਸਿੰਘ ਤਾਂ ਮੌਕੇ ‘ਤੇ ਮਰ ਗਿਆ। ਕੰਵਰ ਦੇ ਕੰਨ ਪਿੱਛੇ ਸੱਟ ਦਾ ਥੋੜ੍ਹਾ ਜਿਹਾ ਨਿਸ਼ਾਨ ਸੀ ਜਿਸ ਵਿੱਚੋਂ ਥੋੜ੍ਹਾ  ਲਹੂ ਸਿਮ ਕੇ ਬਾਹਰ ਆ ਰਿਹਾ ਸੀ। ਨੌਨਿਹਾਲ ਸਿੰਘ ਬੇਹੋਸ਼ ਹੋ ਕੇ ਧਰਤੀ ‘ਤੇ ਡਿੱਗ ਪਿਆ। ਉਸ ਦੇ ਮੂੰਹ ਵਿੱਚੋਂ ਇਕਦਮ ‘ਪਾਣੀ’ ਨਿਕਲਿਆ। ਪਰ ਕੰਵਰ ਕੀ ਜਾਣਦਾ ਸੀ ਕਿ ਇਹ ਡੋਗਰੇ  ਮਹਾਰਾਜਾ ਰਣਜੀਤ ਸਿੰਘ ਦੇ  ਕੀਤੇ ਅਹਿਸਾਨਾ ਦਾ ਮੁਲ  ਇਸ ਤਰਹ ਚੁਕਾਵਣਗੇl ਕਿਸੇ ਨੇ ਪਾਣੀ ਨਹੀਂ ਦਿਤਾl ਮਿੱਥੇ ਅਨੁਸਾਰ ਦਰਵਾਜ਼ੇ ਦੀ ਨਾਲ ਵਾਲੀ ਕੋਠੜੀ ਵਿੱਚੋਂ ਪਾਲਕੀ ਅਤੇ ਬਿਨਾਂ ਵਰਦੀ ਸਿਪਾਹੀ ਲਿਆ ਕੇ ਕੰਵਰ ਨੂੰ ਫਟਾਫਟ ਕਿਲ੍ਹੇ ਅੰਦਰ ਲੈ ਗਏੇ। ਸਰਦਾਰ ਲਹਿਣਾ ਸਿੰਘ ਮਜੀਠੀਆ ਮਗਰ ਭੱਜਿਆ ਪਰ ਧਿਆਨ ਸਿੰਘ ਨੇ ਉਸ ਨੂੰ ਵੀ ਧੱਕੇ ਮਾਰ ਕੇ ਪਿੱਛੇ ਮੋੜ ਦਿੱਤਾ।ਕੰਵਰ ਨੂੰ ਕਿਲ੍ਹੇ ਅੰਦਰ ਵਾੜਨ ਤੋਂ ਬਾਅਦ ਕਿਲ੍ਹੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਗਾਰਡਨਰ ਲਿਖਦਾ ਹੈ ਜਦ ਮੈਂ 40 ਬੰਦੇ ਲੈ ਕੇ ਵਾਪਸ ਆਇਆ ਤਾਂ ਇਹ ਭਾਣਾ ਵਰਤ ਚੁੱਕਿਆ ਸੀ। ਧਿਆਨ ਸਿੰਘ ਹੋਰੀਂ ਕੰਵਰ ਨੂੰ ਪਾਲਕੀ ਵਿਚ ਪਾ ਕੇ ਹਜ਼ੂਰੀ ਬਾਗ਼ ਵਿਚ ਲਈ ਜਾਂਦੇ ਸਨ।

ਮੈਨੂੰ ਧਿਆਨ ਸਿੰਘ ਨੇ ਬੰਦੇ ਵਾਪਸ ਲਿਜਾਣ ਵਾਸਤੇ ਕਿਹਾ ਹੁਣ ਇਨ੍ਹਾਂ ਦੀ ਲੋੜ ਨੀ ਵਾਪਸ ਲੈ ਜਾਵੋ। ਇਹ ਗੱਲ ਮੇਰੇ ਅੰਦਰ ਬੁਝਾਰਤ ਬਣ ਗਈ ਇਨ੍ਹਾਂ ਬੰਦਿਆ ਤੋਂ ਕੀ ਕਰਾਉੁਣਾ ਸੀ ? ਹੁਣ ਵਾਪਸ ਕਿਉੁਂ ਕਰ ਦਿੱਤੇ ?ਸ਼ਾਹੀ ਮਹੱਲ ਦੇ ਸਾਹਮਣੇ ਭੋਰੇ ਵਿਚ ਕੰਵਰ ਦੀ ਪਾਲਕੀ ਕਮਰੇ ਵਿਚ ਵਾੜ ਕੇ ਕਮਰੇ ਨੂੰ ਅੰਦਰ ਤੋਂ ਬੰਦ ਕਰ ਲਿਆ । ਉਸ ਕਮਰੇ ਅੰਦਰ ਧਿਆਨ ਸਿੰਘ ਡੋਗਰਾ ਅਤੇ ਉੁਸ ਦੇ ਦੋ ਪਹਾੜੀ ਨੌਕਰ ਸਨ। ਕਮਰੇ ਦੇ ਬਾਹਰ ਡੋਗਰਾ ਫ਼ੌਜ ਦੇ ਸਿਪਾਹੀ ਲਾ ਦਿੱਤੇ ਤਾਂ ਕੇ ਕਮਰੇ ਦੇ ਨੇੜੇ ਕੋਈ ਨਾ ਆਵੇ।ਮਹਾਰਾਣੀ ਚੰਦ ਕੌਰ ਤਾਂ ਅਜੇ ਚਿਖਾ ਵਿਚ ਜਲ ਰਹੇ ਵਿਧਵਾ ਪੂਣੇ ਦੇ ਭਾਂਬੜ ਵੇਖ ਰਹੀ ਸੀ l ਕਿਸੇ ਨੇ ਜਾ ਕੇ ਨੌਨਿਹਾਲ ਸਿੰਘ ‘ਤੇ ਵਾਪਰੇ ਭਾਣੇ ਦੀ ਗੱਲ ਦੱਸ ਦਿੱਤੀ। ਉੁਹ ਤੇ ਕੰਵਰ ਦੀ ਪਤਨੀ ਇਕਦਮ ਹੀ ਕਿਲ੍ਹੇ ਵੱਲ ਭੱਜ ਪਈਆਂ । ਜਦ ਉਹ ਕਿਲ੍ਹੇ ਦੇ ਦਰਵਾਜ਼ੇ ‘ਤੇ ਪਹੁੰਚੀਆਂ ਤਾਂ ਦਰਵਾਜ਼ੇ ਬੰਦ ਸਨ। ਉਨ੍ਹਾਂ ਰੋ-ਰੋ ਬਹੁਤ ਵਾਸਤੇ ਪਾਏ। ਭੋਰੇ ਅੰਦਰ ਧਿਆਨ ਸਿੰਘ ਨੇ ਪਹਾੜੀ ਨੌਕਰਾਂ ਨਾਲ ਰਲ ਕੇ ਪੱਥਰ ਮਾਰ-ਮਾਰ ਕੇ ਮਹਾਰਾਜਾ ਨੌਨਿਹਾਲ ਸਿੰਘ ਦਾ ਸਿਰ ਫੇਹ ਦਿੱਤਾ।

ਮਹਾਰਾਜਾ ਕੰਵਰ ਨੌਨਿਹਾਲ ਸਿੰਘ 1 ਸਾਲ 28 ਦਿਨ ਰਾਜ ਕਰਨ ਤੋਂ ਬਾਅਦ 19 ਸਾਲ 7 ਮਹੀਨੇ 27 ਦਿਨ ਦੀ ਉੁਮਰ ਭੋਗ ਕੇ 5 ਨਵੰਬਰ 1840 ਨੂੰ ਆਪਦੇ ਪਿਤਾ ਮਹਾਰਾਜਾ ਖੜਕ ਸਿੰਘ ਦੀ ਚਿਖਾ ਠੰਢੀ ਹੋਣ ਤੋਂ ਪਹਿਲਾਂ-ਪਹਿਲਾਂ ਸਿੱਖ ਰਾਜ ਨੂੰ ਅਲਵਿਦਾ ਕਹਿ ਗਿਆ।ਮਹਾਰਾਜਾ ਕੰਵਲ ਨੌਨਿਹਾਲ ਸਿੰਘ ਦੀ ਮੌਤ ਨੂੰ ਅਗਲੇ ਮਹਾਰਾਜੇ ਦਾ ਐਲਾਨ ਕਰਨ ਤਕ ਗੁਪਤ ਰਖਿਆ ਗਿਆ। ਮਹਾਰਾਜਾ ਨੌਨਿਹਾਲ ਸਿੰਘ ਦੀ ਚਿਖਾ ਵੀ ਮਹਾਰਾਜਾ ਖੜਕ ਸਿੰਘ ਦੀ ਚਿਖਾ ਕੋਲ ਚਿਣੀ ਗਈ। ਕੰਵਰ ਦੀਆਂ ਦੋ ਪਤਨੀਆਂ ‘ਚੋਂ ਇਕ ਨੇ ਸ਼ੇਰ ਸਿੰਘ ਦੀ ਦਸਤਾਰ ‘ਤੇ ਸ਼ਾਹੀ ਚਿੰਨ੍ਹ ਲਾ ਕੇ ਮਹਾਰਾਜਾ ਬਣਨ ਦਾ ਅਤੇ ਦੂਸਰੀ ਨੇ ਧਿਆਨ ਸਿੰਘ ਦੇ ਮੱਥੇ ‘ਤੇ ਕੇਸਰ ਦਾ ਤਿਲਕ ਲਾ ਕੇ ਮਹਾਰਾਜਾ ਸ਼ੇਰ ਸਿੰਘ ਦਾ ਵਜ਼ੀਰ ਹੋਣ ਦਾ ਸਬੂਤ ਦਿੱਤਾ।

                                     ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Nirmal Anand

Add comment

Translate »