ਕਪੂਰਥਲਾ ਦਰਿਆ ਬਿਆਸ ਅਤੇ ਸਤਲੁਜ ਦੇ ਸੰਗਮ ‘ਤੇ ਦੁਆਬਾ ਖੇਤਰ ਵਿੱਚ ਜਲੰਧਰ ਸ਼ਹਿਰ ਦੇ ਪੱਛਮ ਵਲ ਸਥਿਤ ਹੈ ਜੋ ਪੰਜਾਬ ਦਾ ਇੱਕ ਡਿਸਟ੍ਰਿਕਟ ਹੈ l ਇਹ 910 ਕਿਲੋ ਮੀਟਰ ਵਿੱਚ ਫੈਲਿਆ ਹੋਇਆ ਸੀ ਜਿਸ ਵਿਚ 2 ਕਸਬੇ ਸੁਲਤਾਨਪੁਰ ਲੋਧੀ, ਫੱਗਵਾੜਾ ਤੇ 167 ਪਿੰਡ ਸਨ l 1930 ਵਿੱਚ ਅੰਗਰੇਜ਼ਾਂ ਨੇ ਕਪੂਰਥਲਾ ਨੂੰ ਪੰਜਾਬ ਸਟੇਟ ਐਜੰਸੀ ਦਾ ਹਿੱਸਾ ਬਣਾ ਦਿੱਤਾ, ਜਿਸਨੂੰ 1947 ਵਿੱਚ ਯੂਨੀਅਨ ਆਫ਼ ਇੰਡੀਆ ਵਿੱਚ ਮਿਲਾ ਦਿੱਤਾ ਗਿਆl ਕਦੇ ਇਹ ਸ਼ਹਿਰ ਗੁਰੂਆਂ ਤੇ ਰਾਜੇ ਮਹਾਰਾਜਿਆਂ ਦੀ ਧਰਤੀ ਹੋਇਆ ਕਰਦੀ ਸੀl
ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਸਾਹਿਬ ਨੇ ਕਪੂਰਥਲਾ ਜਿਸ ਨੂੰ ਪਹਿਲਾ ਸੁਲਤਾਨਪੁਰ ਲੋਧੀ ਦੇ ਨਾਮ ਨਾਲ ਜਣਿਆ ਜਾਂਦਾ ਸੀ, ਵਿੱਚ ਆਪਣੀ ਜ਼ਿੰਦਗੀ ਦੇ 14 ਸਾਲ 9 ਮਹੀਨੇ 13 ਦਿਨ ਬਿਤਾਕੇ ਇਸ ਸ਼ਹਿਰ ਨੂੰ ਪਵਿੱਤਰ ਕੀਤਾ l ਉਦੋਂ ਪੰਜਾਬ ਵਿੱਚ ਲੋਧੀਆਂ ਦਾ ਰਾਜ ਸੀ ਤੇ ਇਸ ਸ਼ਹਿਰ ਨੂੰ ਸੁਲਤਾਨਪੁਰ ਲੋਧੀ ਕਿਹਾ ਜਾਂਦਾ ਸੀl ਗੁਰੂ ਨਾਨਕ ਸਾਹਿਬ ਹਰ ਰੋਜ਼ ਸਵੇਰੇ ਵਹੀ ਨਦੀ ਤੇ ਨਹਾਉਣ ਜਾਂਦੇ ਤੇ ਬੇਰ ਸਹਿਬ ਦਰਖ਼ਤ, ਜੋ ਅਜੇ ਵੀ ਉੱਥੇ ਗੁਰੂ ਸਹਿਬ ਦੀ ਇੰਤਜ਼ਾਰ ਵਿੱਚ ਖੜਾ ਹੈ, ਹੇਠ ਬੈਠਕੇ ਕਈ ਕਈ ਘੰਟੇ ਆਪਣਾ ਧਿਆਨ ਲਗਾਏ ਕੁਦਰਤ ਵਿੱਚ ਵਿਚਰਦੇ ਰਹਿੰਦੇ ਸਨ l ਇੱਥੇ ਹੀ ਉਨ੍ਹਾਂ ਨੇ ਸਿੱਖ ਧਰਮ ਦਾ ਬੀਜ ਬੀਜਿਆl ਇੱਥੇ ਹੀ ਉਨ੍ਹਾਂ ਨੂੰ ਰੱਬੀ ਗਿਆਨ ਹੋਇਆ ਤੇ ਅਕਾਲ ਪੁਰਖ ਵੱਲੋਂ ਹੁਕਮ ਆਇਆ ਕਿ ਇੱਕ ਜਗ੍ਹਾ ਤੇ ਨਹੀਂ ਬਲਿਕ ਸਾਰੇ ਸੰਸਾਰ ਵਿੱਚ ਵਿਚਰਕੇ ਧਰਤੀ ਜੋ ਜੋਰ ਜਬਰ,ਪਾਪਾਂ ਤੇ ਕਰਮਕਾਂਡਾਂ ਨਾਲ ਤਪ ਰਹੀ ਸੀ, ਜਾਕੇ ਠੰਡ ਪਾਓl l
ਇੱਥੋਂ ਹੀ ਉਨ੍ਹਾਂ ਨੇ ਪਰਮਾਤਮਾ ਦੇ ਹੁਕਮ ਮਨ ,ਕੁਦਰਤ ਦਾ ਸਨੇਹਾ ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿੱਚ ਆਪਣੀਆਂ ਉਦਾਸੀਆਂ ਤਹਿਤ ਪਹੁੰਚਾਉਣ ਦਾ ਫੈਸਲਾ ਕੀਤਾ l ਇਸ ਤਰ੍ਹਾਂ ਇਹ ਸ਼ਹਿਰ ਇੱਕ ਅਧਿਆਤਮਵਾਦ ਦੀ ਵਿਰਾਸਤ ਹੋ ਗਈ ਜੋ ਕਿ ਅੱਜ ਵੀ ਕਪੂਰਥਲਾ ਦੇ ਲੋਕਾਂ ਦੀ ਸ਼ਾਂਤੀ-ਰਹਿਤ, ਏਕਤਾ ਅਤੇ ਸਹਿਣਸ਼ੀਲਤਾ ਦੇ ਸੁਭਾਅ ਵਿੱਚ ਪ੍ਰਮਾਣਿਤ ਹੈl ਕਪੂਰਥਲੇ ਦਾ ਵਡੇਰਾ ਸਾਧੂ ਸਿੰਘ ਜੋ ਇੱਕ ਪ੍ਰਤਾਪੀ ਪੁਰਖ ਹੋਇਆ ਹੈ ਨੇ ਇੱਥੇ ਅਹਲੂ ਪਿੰਡ ਆਬਾਦ ਕੀਤਾ l ਇਸ ਪਿੰਡ ਤੋਂ ਹੀ ਖਾਨਦਾਨ ਦੀ ਅੱਲ ਅਹਲੂਵਾਲੀਏ ਦੀ ਸ਼ੁਰੂਵਾਤ ਹੋਈ ਤੇ ਬਾਅਦ ਵਿੱਚ ਮਿਸਲਾਂ ਦੇ ਵਕਤ ਇਸ ਨੂੰ ਆਹਲੂਵਾਲੀਆ ਮਿਸਲ ਦਾ ਨਾਂ ਦਿੱਤਾ ਗਿਆ,ਜਿਸਦਾ ਸੰਸਥਾਪਕ ਨਵਾਬ ਕਪੂਰ ਸੀ। ਇਸ ਸ਼ਹਿਰ ਦਾ ਨਾਮ ਇਸ ਦੇ ਸੰਸਥਾਪਕ ਨਵਾਬ ਕਪੂਰ ਸਿੰਘ ਦੇ ਨਾਮ ਤੇ ਪਿਆ lਸੰਨ 1748 ਨੂੰ ਹੋਏ ਸਰਬੱਤ ਖ਼ਾਲਸਾ ਵੇਲੇ ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਆਪਣਾ ਜ਼ਾਨਸ਼ੀਨ ਨਿਯੁਕਤ ਕਰ ਦਿੱਤਾ।
ਫਰਕਸਿਅਰ ਤੇ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਨੂੰ ਖਤਮ ਕਰਣ ਲ਼ਈ ਅੰਤ ਦੇ ਜ਼ੁਲਮ ਕੀਤੇ, ਪਰ ਫਿਰ ਵੀ ਉਹ ਸਿੱਖਾਂ ਨੂੰ ਹਰਾ ਨਹੀਂ ਸਕਿਆ, ਅਖਿਰ ਉਸਨੇ ਸਿੱਖਾਂ ਨਾਲ ਸੰਧੀ ਕਰਣ ਦਾ ਫੈਸਲਾ ਕਰ ਲਿਆl ਉਸਨੇ ਇੱਕ ਸਿੱਖ ਰਾਹੀਂ ਪੰਥ ਨੂੰ ਦੋਸਤੀ ਦਾ ਪੈਗਾਮ ਅਤੇ ਖਿੱਲਤ ਵਜੋਂ ਨਵਾਬੀ ਤੇ ਹੀਰੇ- ਮੋਤੀਆਂ ਦਾ ਥਾਲ ਭੇਜਿਆ ਜੋ ਪੰਜ ਪਿਆਰਿਆਂ ਵਿੱਚੋਂ ਕਿਸੇ ਨੇ ਵੀ ਲੈਣਾ ਕਬੂਲ ਨਹੀ ਕੀਤਾ l ਆਖਿਰ ਬੜੀਂ ਸੋਚ ਸਮਝ ਤੋਂ ਬਾਅਦ ਸਿੱਖਾਂ ਨੇ ਫੈਸਲਾ ਕੀਤਾ ਕਿ ਫਿਲਹਾਲ ਸਾਨੂੰ ਇਹ ਲੈ ਲੈਣਾ ਚਾਹੀਦਾ ਹੈ l ਸਾਡੇ ਵਾਸਤੇ ਇਹ ਸਮਾਂ ਆਪਣੀ ਤਾਕਤ ਵਧਾਣ ਲ਼ਈ ਚੰਗਾ ਅਵਸਰ ਹੈ l ਪਰ ਮੁਸ਼ਕਿਲ ਇਹ ਸੀ ਕਿ ਇਸ ਢਾਲ ਨੂੰ ਕਬੂਲ ਕੋਣ ਕਰੇ ? ਉਸ ਵਕਤ ਇੱਕ ਗੁਰੂ ਘਰ ਦਾ ਸੇਵਾਬਰਦਾਰ ਕਪੂਰ ਸਿੰਘ ਉਥੇ ਪੱਖੇ ਦੀ ਸੇਵਾ ਕਰ ਰਿਹਾ ਸੀ, ਇਹ ਨਵਾਬੀ ਉਨ੍ਹਾਂ ਨੂੰ ਦੇ ਦਿੱਤੀ ਗਈ, ਇਸ ਸ਼ਰਤ ਤੇ ਕਿ ਉਨ੍ਹਾਂ ਤੋਂ ਪੱਖ ਝੱਲਣ ਦੀ ਸੇਵਾ ਵਾਪਸ ਨਹੀਂ ਲ਼ਈ ਜਾਏਗੀ l
।ਜੱਸਾ ਸਿੰਘ ਆਹਲੂਵਾਲੀਆ ਨਵਾਬ ਕਪੂਰ ਦੇ ਮੂੰਹਬੋਲੇ ਪੁੱਤਰ ਸਨl ਦਿੱਲੀ ਦੇ ਹਾਲਤ ਖਰਾਬ ਸਨ ਤਾਂ ਆਪਣੇ ਗੋਦ ਲਿਆ ਪੁੱਤ ਮਾਤਾ ਸੁੰਦਰੀ ਜੀ ਨੇ ਉਨ੍ਹਾਂ ਦੀ ਦੇਖ ਰੇਖ ਵਿੱਚ ਭੇਜ ਦਿੱਤਾ l ਜਦੋਂ ਨਵਾਬ ਕਪੂਰ ਬੁੱਢੇ ਹੋ ਗਏ ਤਾਂ ਉਨ੍ਹਾਂ ਨੇ ਸਰਦਾਰੀ ਜੱਸਾ ਸਿੰਘ ਨੂੰ ਸੋਂਪ ਦਿੱਤੀl ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਕੌਮ ਲਈ ਬੇਮਿਸਾਲ ਘਾਲਣਾ ਘਾਲੀ। । ਸ: ਜੱਸਾ ਸਿੰਘ ਨੇ ਦੁਆਬੇ ਦਾ ਬਹੁਤ ਸਾਰਾ ਇਲਾਕਾ ਫਤਹਿ ਕਰਕੇ 1774 ਈ: ਵਿੱਚ ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਰਿਆਸਤ ਕਾਇਮ ਕੀਤੀ। 1 ਮਾਰਚ 1783 ਈ: ਨੂੰ ਸਿੱਖ ਸਰਦਾਰਾਂ ਦੀਆਂ ਸੰਯੁਕਤ ਫੌਜਾਂ ਜਿਸਦੀ ਅਗਵਾਈ ਜੱਸਾ ਸਿੰਘ ਜੀ ਕਰ ਰਹੇ ਸੀ ,ਨੇ ਦਿੱਲੀ ਫਤਹਿ ਕਰ ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਝੁਲਾਇਆl ਇਸ ਸੇਵਾ ਸਦਕੇ ਉਨ੍ਹਾਂ ਨੂੰ ਸੁਲਤਾਨ-ਉਲ-ਕੌਮ ਦਾ ਖਿਤਾਬ ਤੇ ਦੀਵਾਨੇ ਆਮ ਵਿੱਚ ਦਿੱਲੀ ਦਾ ਬਾਦਸ਼ਾਹ ਘੋਸ਼ਿਤ ਕੀਤਾ ਗਿਆ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਕਪੂਰਥਲਾ ਰਿਆਸਤ ਦਾ ਰਾਜਾ ਫਤੇਹ ਸਿੰਘ ਆਹਲੁਵਾਲਿਆ ਸੀ ਜਿਸ ਦੀ ਸ਼ਾਹੀ ਰਾਜਧਾਨੀ ਕਪੂਰਥਲਾ ਸੀ l ਰਾਜ ਫਤਹਿ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਗੀ ਤੇ ਨਾ ਕਬੂਲੀ ਪਰ ਪੱਗ ਵਟ ਭਰਾ ਬਣਕੇ ਇੱਕ ਚੰਗਾ ਰਿਸ਼ਤਾ ਕਾਇਮ ਕੀਤਾl ਕਪੂਰਥਲਾ ਦਾ ਆਖਰੀ ਮਹਾਰਾਜਾ .ਮਹਾਰਾਜਾ ਜਗਤਜੀਤ ਸਿੰਘ ਸੀ ਜਿਨ੍ਹਾਂ ਨੇ ਭਾਰਤ ਵੱਲੋਂ ਜਨੇਵਾਂ ਵਿੱਚ ਤਿੰਨ ਵਾਰੀ,1925, 1927,1929 ਵਿੱਚ ਲੀਗ ਆਫ਼ ਨੇਸ਼ਨਸ ਜਨਰਲ ਐਸੈਬਲੀ ਨੂੰ ਰਿਪਰੈਜੈਂਟ ਕੀਤਾl 1931 ਵਿੱਚ ਉਨ੍ਹਾਂ ਨੇ ਰਾਉਂਡ ਟੇਬਲ ਕਾਨਫਰੰਸ ਨੂੰ attend ਕੀਤਾl 1949 ਤਕ ਉਹ 76 ਸਾਲ ਦੀ ਉਮਰ ,ਆਪਣੀ ਮੌਤ ਤਕ ਪੇਪਸੂ ਤੇ ਗਵਰਨਰ ਰਹੇl l
ਕਪੂਰਥਲਾ ਅੱਜ ਵੀ ਆਪਣੀ ਖੂਬਸੂਰਤ ਇਮਾਰਤਾਂ ਅਤੇ ਸੜਕਾਂ ਲਈ ਜਾਣਿਆ ਜਾਂਦਾ ਹੈ। ਇੱਕ ਸਮਾਂ ਵਿੱਚ ਇਸ ਦੀ ਸਫਾਈ ਨੂੰ ਵੇਖ ਕੇ ਇਸਨੂੰ ਪੰਜਾਬ ਦਾ ਪੈਰਸ ਕਿਹਾ ਜਾਂਦਾ ਸੀ।ਕਪੂਰਥਲਾ ਦੀ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਨੂੰ ਜਿੰਦਾ ਰੱਖਦਿਆਂ ਕਪੂਰਥਲਾ ਵਿੱਚ ਸ਼ਾਨ ਅਤੇ ਸੁੰਦਰਤਾ ਦੇ ਕਈ ਢਾਂਚੇ ਅਤੇ ਸਮਾਰਕ ਬਣਾਏ ਗਏ ਜੋ ਇਸ ਸਥਾਨ ਨੂੰ ਸੁਹਜ ਅਤੇ ਦਰਸ਼ਨੀ ਆਨੰਦ ਪ੍ਰਦਾਨ ਕਰਦੇ ਹਨ , ਜਗਤਜੀਤ ਕਲੱਬ, ਮੂਰਿਸ਼ ਮਸਜਿਦ, ਸ਼ਾਲੀਮਾਰ ਗਾਰਡਨ, ਐਲੀਸੀ ਪੈਲੇਸ, ਜਗਤਜੀਤ ਪੈਲੇਸ, ਪੰਚ ਮੰਡੀ ,ਗੁਰੂਦੁਆਰਾ ਬੇਰ ਸਾਹਿਬ, ਦਰਬਾਰ ਹਾਲ ,ਕਾਮ ਬਾਗ ਪੈਲ਼ਸ, ਅਰਾਮ ਘਰ, ਕਾਂਜਲੀ ਵੈਟਲੈਂਡਸ ਆਦਿ ਜੋ ਅੱਜ ਵੀ ਸੈਲਾਨੀ ਆਕਰਸ਼ਣ ਦੀਆਂ ਮੁੱਖ ਥਾਵਾਂ ਹਨ ਜੋ ਇਸ ਦੇ ਸੁਨਹਰੇ ਇਤਹਾਸ ਦੀ ਗਵਾਹੀ ਦਿੰਦੀਆਂ ਹਨl ਇਹ ਖੇਤਰ ਸਥਾਈ ਜਸ਼ਨ ਦੀ ਤਰ੍ਹਾਂ ਜਿਊਂਦਾ ਹੈ| ਅਤੇ ਸੈਰ-ਸਪਾਟੇ ਲ਼ਈ ਮੁੱਖ ਅੰਤਰਰਾਸ਼ਟਰੀ ਸੈਲਾਨੀ ਖਿੱਚ ਹੋਣ ਦੀ ਸਮਰੱਥਾ ਰੱਖਦਾ ਹੈ |
Add comment