ਸਿੱਖ ਇਤਿਹਾਸ

ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ -ਭਾਗ ਪੰਜਵਾਂ

ਵਜੀਰ ਖਾਨ ਦੇ ਸਿਪਾਹੀ ਲੈਣ ਵਾਸਤੇ ਆ ਗਏ। ਸਾਰੇ ਰਸਤੇ ਬਚਿਆਂ ਨੂੰ ਚੇਤਾਵਨੀ ਦਿੰਦੇ ਗਏ ਕੀ ਸੂਬਾ ਸਰਹੰਦ ਨੂੰ ਜਾਂਦੇ ਹੀ ਝੁਕਕੇ ਸਲਾਮ ਕਰਣਾ। ਕਚਿਹਰੀ ਦੇ ਬਾਹਰ ਭੀੜ ਇਕਠੀ ਹੋਈ ਹੋਈ ਸੀ। ਕਚਿਹਰੀ ਦੇ ਸਭ ਦਰਵਾਜੇ ਬੰਦ ਕੀਤੇ ਗਏ ਸੀ। ਇਕ ਛੋਟੀ ਜਹੀ ਖਿੜਕੀ ਰਾਹੀਂ, ਇਤਨੀ ਜਗਹ ਸੀ ਅੰਦਰ ਜਾਣ ਦੀ ਤਾਂਕਿ ਬਚੇ ਸਿਰ ਝੁਕਾ ਕੇ ਅੰਦਰ ਵੜਨ। ਬਚੇ ਉਨਾਂ ਦੇ ਮਕਸਦ ਨੂੰ ਸਮਝ ਗਏ ਓਨ੍ਹਾ ਨੇ ਸਿਰ ਦੀ ਜਗਹ ਪਹਿਲੇ ਪੈਰ ਅਗੇ ਕੀਤੇ। ਦੁਸ਼ਮਨ ਦੀ ਮਕਾਰੀ ਦਾ ਇਹ ਵਾਰ ਖਾਲੀ ਗਿਆ। ਜਦ ਵਜ਼ੀਰ ਖਾਨ ਦੇ ਸਾਮਣੇ ਆਏ ਉਨ੍ਹਾ ਦੇ ਚੇਹਰੇ ਤੇ ਅਜੀਬ ਚਮਕ ਸੀ। ਡਰ ਖਤਰਾ ਕੋਸੋਂ ਦੂਰ ਸੀ। ਆਦਿਆਂ ਸਾਰ ਗਜ ਕੇ ਜੈਕਾਰਾ ਛਡਿਆ “ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ” ਜਿਸ ਨੂੰ ਸੁਣਕੇ ਇਕ ਵਾਰੀ ਤਾਂ ਨਵਾਬ ਵੀ ਕੰਬ ਗਿਆ। ਪਹਿਲੇ ਸੁਚਾ ਨੰਦ ਨੇ ਸਮਝਾਇਆ ਕਿ ਮੈਂ ਵੀ ਹਿੰਦੂ ਹਾਂ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ। ਤੁਹਾਡੇ ਪਿਤਾ ਤੇ ਦੋਨੋ ਵਡੇ ਭਰਾ ਲੜਾਈ ਵਿਚ ਮਾਰੇ ਗਏ ਹਨ। ਗੁਸਤਾਖੀ ਕਰੋਗੇ ਤਾਂ ਤੁਸੀਂ ਵੀ ਮਾਰੇ ਜਾਉਗੇ। ਮਾਫ਼ੀ ਮੰਗੋਗੇ ਤਾਂ ਬਖਸ਼ ਦਿਤੇ ਜਾਉਗੇ।

ਸੂਬਾ ਸਰਹੰਦ ਨੇ ਉਨਾ ਨੂੰ ਇਸਲਾਮੀ ਦਾਇਰੇ ਵਿਚ ਅਉਣ ਲਈ ਪ੍ਰੇਰਨਾ ਲਾਲਚ ਤੇ ਤਾੜਨਾ ਦੇਕੇ ਕਿਹਾ, “ਅਜੇ ਤੁਹਾਡੀ ਖਾਣ ਪੀਣ ਦੀ ਉਮਰ ਹੈ, ਅਸੀਂ ਤੁਹਾਨੂੰ ਜਗੀਰਾਂ ਤੇ ਧੰਨ ਦੋਲਤ ਨਾਲ ਮਾਲੋ ਮਾਲ ਕਰ ਦਿਆਂਗੇ। ਇਥੇ ਵੀ ਤੇ ਅਗਲੇ ਜਨਮ ਵਿਚ ਵੀ ਤੁਹਾਨੂੰ ਜਨਤ ਨਸੀਬ ਹੋਵੇਗੀ। ਬਚਿਆਂ ਨੇ ਬੜੇ ਬੇਖੋਫ਼ ਹੋਕੇ ਜਵਾਬ ਦਿਤਾ, ” ਅਸੀਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਤੇਗ ਬਹਾਦਰ ਦੀ ਔਲਾਦ ਹਾਂ ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ ਧਰਮ ਛਡਣਾ ਨਹੀ, ਮੋਤ ਤੋ ਸਾਨੂੰ ਡਰ ਨਹੀ ਲਗਦਾ।

ਤਿੰਨ ਦਿਨ ਤਕ ਪ੍ਰੇਰਨਾ, ਲਾਲਚ ਤੇ ਡਰਾਵੇ ਦਾ ਸਿਲਸਲਾ ਚਲਦਾ ਰਿਹਾ ਪਰ ਬਚੇ ਟਸ ਤੋ ਮਸ ਨਹੀਂ ਹੋਏ। ਅਖਿਰ ਵਜ਼ੀਰ ਖਾਨ ਨੇ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਜੋ ਕਚਹਿਰੀ ਵਿਚ ਹੀ ਬੈਠਾ ਸੀ ਕਿਹਾ ਕਿ ਅਸੀਂ ਇਨ੍ਹਾ ਬਚਿਆਂ ਨੂੰ ਤੁਹਾਡੇ ਹਵਾਲੇ ਕਰਦੇ ਹਾਂ। ਤੁਸੀਂ ਆਪਣੇ ਭਰਾ ਦਾ ਬਦਲਾ ਇਨ੍ਹਾ ਨੂੰ ਮਰਵਾ ਕੇ ਲੈ ਸਕਦੇ ਹੋ। ਸ਼ੇਰ ਮੁਹੰਮਦ ਇਕ ਸੁਲਝੇ ਹੋਏ ਮੁਸਲਮਾਨ ਸਨ ਉਨ੍ਹਾ ਨੇ ਕਿਹਾ ਕਿ ਮੇਰਾ ਭਰਾ ਲੜਾਈ ਦੇ ਮੈਦਾਨ ਵਿਚ ਮਾਰਿਆ ਗਿਆ ਹੈ ਅਗਰ ਬਦਲਾ ਹੀ ਲੈਣਾ ਹੈ ਤਾਂ ਮੈਂ ਗੁਰੂ ਕੋਲੋਂ ਲਵਾਂਗਾ। ਇਨ੍ਹਾ ਮਸੂਮਾ ਨੂੰ ਇਨ੍ਹਾ ਦੇ ਪਿਤਾ ਦੀ ਕਰਨੀ ਦੀ ਸਜਾ ਹਰਗਿਜ਼ ਨਹੀਂ ਦਿਤੀ ਜਾ ਸਕਦੀ। ਇਹ ਬੇਗੁਨਾਹ ਹਨ, ਮਾਸੂਮ ਹਨ, ਇਨ੍ਹਾ ਨੂੰ ਮਾਰਨਾ ਗੁਨਾਹ ਹੈ। ਮੇਰੀ ਰਾਇ ਹੈ ਇਨ੍ਹਾ ਨੂੰ ਛਡ ਦਿਉ। ਸ਼ੇਰ ਮੁਹਮਦ ਕੋਲ ਹੀ ਸੁਚਾ ਨੰਦ ਖੜਾ ਸੀ, ਸਪ ਦੇ ਬਚੇ ਸਪੋਲੀਏ ਹੀ ਹੁੰਦੇ ਹਨ ਇਹ ਆਖਕੇ ਇਨ੍ਹਾ ਦਾ ਸਿਰ ਕੁਚਲਣ ਦੀ ਸ਼ੇਤਾਨੀ ਤਜਵੀਜ਼ ਦਿਤੀ।

ਅਖੀਰ ਨਵਾਬ ਦੀ ਵਾਰੀ ਆਈ ਉਸਨੇ ਪੁਛਿਆ ਅਗਰ ਤੁਹਾਨੂੰ ਅਜਾਦ ਕਰ ਦਿਤਾ ਜਾਏ ਤਾਂ ਤੁਸੀਂ ਕੀ ਕਰੋਗੇ। ਬਚਿਆਂ ਦਾ ਜਵਾਬ ਸੀ ਅਸੀਂ ਸਿਖਾਂ ਨੂੰ ਇਕਠਿਆਂ ਕਰਾਂਗੇ ਉਨ੍ਹਾ ਨੂੰ ਜੰਗੀ ਹਥਿਆਰ ਮੁਹੇਈਏ ਕਰਾਵਾਂਗੇ, ਤੁਹਾਡੇ ਨਾਲ ਲੜਕੇ ਤੁਹਾਨੂੰ ਮਾਰ ਮੁਕਾਵਾਂਗੇ। ਨਵਾਬ ਨੇ ਫਿਰ ਪੁਛਿਆ ਜੇ ਤੁਸੀਂ ਜੰਗ ਵਿਚ ਹਾਰ ਗਏ ਤਾਂ ਫਿਰ ਕੀ ਕਰੋਗੇ ? ਫਿਰ ਫੌਜਾਂ ਇਕਠੀਆਂ ਕਰਾਂਗੇ ਜਾਂ ਤੁਹਾਨੂੰ ਮੁਕਾ ਦਿਆਂਗੇ ਜਾਂ ਸ਼ਹੀਦ ਹੋ ਜਾਵਾਂਗੇ। ਕਾਜ਼ੀ ਨੇ ਨਵਾਬ ਦੀ ਰਮਜ਼ ਨੂੰ ਪਹਿਚਾਣ ਲਿਆ। ਬਚਿਆਂ ਦੇ ਜਵਾਬਾਂ ਤੋਂ ਉਸ ਨੂੰ ਹਿੰਮਤ ਮਿਲ ਗਈ। ਓਸਨੇ ਬਚਿਆਂ ਨੂੰ ਬਾਗੀ ਕਰਾਰ ਦੇਕੇ ਨੀਹਾਂ ਵਿਚ ਚਿਨਣ ਜਾਂ ਮੋਤ ਦੇ ਘਾਟ ਉਤਾਰ ਦੇਣ ਦਾ ਫੈਸਲਾ ਸੁਣਾ ਦਿਤਾ।

ਸ਼ੇਰ ਮੁਹਮਦ ਆਹ ਦਾ ਨਾਹਰਾ ਲਗਾਕੇ ਦਰਬਾਰ ਵਿਚੋ ਉਠ ਖੜਿਆ, ” ਇਹ ਜੁਲਮ ਹੈ, ਸ਼ਰਾ ਦੇ ਉਲਟ ਹੈ, ਬੇਗੁਨਾਹ ਬਚਿਆਂ ਨੂੰ ਮਾਰਨ ਦੀ ਸਜਾ ਕਦੀ ਕੋਈ ਸ਼ਰਾ ਨਹੀਂ ਦੇ ਸ੍ਕਦੀ ” ਇਹ ਕਹਿਕੇ ਕਚਹਿਰੀ ਤੋਂ ਬਾਹਰ ਨਿਕਲ ਗਿਆ ਸਾਹਿਬਜ਼ਾਦਿਆਂ ਦੇ ਚਿੰਨਣ ਵਾਸਤੇ ਕਚਹਿਰੀ ਦੇ ਹਾਤੇ ਵਿਚ ਇੰਤਜ਼ਾਮ ਕੀਤਾ ਗਿਆ। ਇਕ ਇਕ ਇਟ ਲਗਾਣ ਤੋ ਬਾਅਦ ਪੁਛਿਆ ਜਾਂਦਾ ਇਸਲਾਮ ਕਬੂਲ ਕਰ ਲਉ। ਪਰ ਉਨ੍ਹਾ ਦਾ ਮੁਸਕਰਾਂਦਾ ਤੇ ਸ਼ਾਂਤ ਚੇਹਰਾ ਇਸਦਾ ਜਵਾਬ ਦੇ ਰਿਹਾ ਸੀ। ਕੰਧ ਗਰਦਨ ਤਕ ਆ ਗਈ, ਬਚੇ ਬੇਹੋਸ਼ ਹੋ ਗਏ। ਕੰਧ ਡਿਗ ਪਈ, ਬਚਿਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਦਾਦੀ ਕੋਲ ਪੁਚਾ ਦਿਤਾ ਇਸ ਸਨੇਹੇ ਨਾਲ ਕੀ ਕਲ ਦੋਨੋ ਨੂੰ ਕਤਲ ਕਰ ਦਿਤਾ ਜਾਵੇਗਾ, ਇਸ ਉਮੀਦ ਤੇ ਕਿ ਸ਼ਾਇਦ ਦਾਦੀ ਦਾ ਮੰਨ ਬਦਲ ਜਾਏ ਤੇ ਉਨ੍ਹਾ ਦੀ ਆਸ ਪੂਰੀ ਹੋ ਜਾਏ।

ਇਹ ਸੋਚੋ ਉਹ ਅਠ ਪਹਿਰ ਦਾਦੀ ਦੇ ਕਿਸ ਤਰਹ ਬੀਤੇ ਹੋਣਗੇ। ਸਵੇਰ ਹੋਈ ” ਦਾਦੀ ਤੁਸੀਂ ਅਜ ਕਿਹਾ ਨਹੀਂ ਕਿ ਜਲਦੀ ਆਣਾ ਮੈਂ ਤੁਹਾਨੂੰ ਉਡੀਕਾਂਗੀ “ਜੁਝਾਰ ਨੇ ਪੁਛਿਆ ? ਤਾਂ ਦਾਦੀ ਨੇ ਭਰੇ ਹੋਏ ਮਨ ਨਾਲ ਜਵਾਬ ਦਿਤਾ, ” ਅਜ ਤੁਸੀਂ ਮੈਨੂ ਉਡੀਕਣਾ ਮੈਂ ਜਲਦੀ ਤੁਹਾਡੇ ਕੋਲ ਆ ਜਾਂਵਾਗੀ “। ਕਤਲ ਦਾ ਹੁਕਮ ਸੁਣਾ ਦਿਤਾ ਗਿਆ। ਕੋਈ ਵੀ ਬਚਿਆਂ ਨੂੰ ਕਤਲ ਕਰਨ ਵਾਸਤੇ ਤਿਆਰ ਨਹੀਂ ਹੋਇਆ। ਅਖੀਰ ਬਾਸ਼ਲਬੇਗ ਤੇ ਸ਼ਾਸ਼ਲਬੇਗ, ਜੋ ਕਿਸੇ ਮੁਕਦਮੇ ਵਿਚ ਫਸੇ ਹੋਏ ਸੀ, ਮੁਕਦਮੇ ਤੋਂ ਬਰੀ ਹੋਣ ਦੀ ਸ਼ਰਤ ਤੇ ਮੰਨ ਗਏ। ਜਿਥੇ ਅਜ ਗੁਰੂਦਵਾਰਾ ਭੋਰਾ ਸਾਹਿਬ ਹੈ, ਦੋਨੋ ਬਚਿਆਂ ਨੂੰ ਸ਼ਹੀਦ ਕਰ ਦਿਤਾ ਗਿਆ। ਲਾਸ਼ਾਂ ਨੂੰ ਲਾਵਾਰਿਸ ਕਰਾਰ ਦੇਕੇ, ਕਿਲੇ ਦੇ ਬਾਹਰ ਹੰਗਲਾ ਨਦੀ ਦੇ ਕਿਨਾਰੇ ਇਕ ਉਜਾੜ ਥਾਂ ਤੇ ਸੁਟ ਦਿਤਾ ਗਿਆ ਜਿਥੇ ਅਜ ਗੁਰੂਦਵਾਰਾ ਵਿਮਾਨ ਗੜ ਸਾਹਿਬ ਹੈ। ਜਦੋਂ ਸਰਹੰਦ ਦੇ ਇਲਾਕੇ ਵਿਚ, ਗੁਰੂ ਘਰ ਦੇ ਪ੍ਰੇਮੀਆਂ ਨੂੰ ਪਤਾ ਚਲਿਆਂ ਤਾਂ ਉਨ੍ਹਾ ਨੇ ਖੂਨ ਦੇ ਹੰਜੂ ਕੇਰੇ। ਦਾਦੀ ਨੇ ਸੁਣਦੇ ਸਾਰ ਆਪਣੇ ਪ੍ਰਾਣ ਤਿਆਗ ਦਿਤੇ ਤੇ ਆਪਣੀਆਂ ਸਾਰੀਆਂ ਜ਼ਿਮੇਦਾਰੀਆਂ ਤੋਂ ਵਹਿਲੇ ਹੋਕੇ ਪੋਤਿਆਂ ਦੇ ਪਿਛੇ ਪਿਛੇ ਤੁਰ ਗਈ।

ਦੀਵਾਨ ਟੋਡਰ ਮਲ ਤੇ ਉਸਦਾ ਪਰਿਵਾਰ ਵੀ ਗੁਰੂ ਘਰ ਦਾ ਸ਼ਰਧਾਲੂ, ਇਕ ਨੇਕ ਇਨਸਾਨ ਤੇ ਅਸਰ ਰਸੂਖ ਵਾਲਾ ਸਰਕਾਰੀ ਅਧਿਕਾਰੀ ਸੀ, ਜਿਸਦੀ ਪਹੁੰਚ ਦਿਲੀ ਦਰਬਾਰ ਤਕ ਸੀ। ਉਸਨੇ ਵਜ਼ੀਰ ਖਾਨ ਕੋਲੋਂ ਸਿਖੀ ਮਰਯਾਦਾ ਦੇ ਅਨੁਸਾਰ ਸਸਕਾਰ ਕਰਨ ਲਈ ਲਾਸ਼ਾਂ ਦੀ ਮੰਗ ਕੀਤੀ। ਪਹਿਲਾ ਤਾਂ ਓਹ ਮੰਨਿਆ ਨਹੀ ਪਰ ਜਦ ਉਸ ਨੂੰ ਉਸਦੀ ਪਹੁੰਚ ਦੀ ਸੂਹ ਲਗੀ, ਤਾਂ ਉਸਦੇ ਸ਼ਾਤਰੀ ਤੇ ਸ਼ੈਤਾਨੀ ਦਿਮਾਗ ਨੇ ਇਕ ਔਖੀ ਸ਼ਰਤ ਰਖ ਦਿਤੀ, ਜਮੀਨ ਤੇ ਮੋਹਰਾਂ ਵਿਛਾ ਕੇ ਜਮੀਨ ਖਰੀਦਣ ਦੀ। ਇਸ ਨਾਜ਼ਕ ਮੋਕੇ ਤੇ ਟੋਡਰ ਮਲ ਵਾਦ ਵਿਵਾਦ ਵਿਚ ਨਹੀ ਸੀ ਪੈਣਾ ਚਾਹੁੰਦਾ। ਸਸਕਾਰ ਲਈ ਥਾਂ ਦੀਵਾਨ ਟੋਡਰ ਮਲ ਤੇ ਉਸਦੀ ਪਤਨੀ ਨੇ ਆਪਣਾ ਸਭ ਕੁਛ ਵੇਚ ਕੇ ਜਮੀਨ ਤੇ ਮੋਹਰਾਂ ਵਿਛਾ ਦਿਤੀਆਂ। 27 ਦਸੰਬਰ ਨੂੰ ਬੜੇ ਸਤਕਾਰ ਨਾਲ ਸਿਖ ਮਰਿਆਦਾ ਅਨੁਸਾਰ ਦੋਨੋ ਬਚਿਆਂ ਤੇ ਦਾਦੀ ਮਾਂ ਦਾ ਸਸਕਾਰ ਕੀਤਾ। ਦੀਵਾਨ ਟੋਡਰ ਮਲ ਦੇ ਇਸ ਉਪਕਾਰ ਲਈ ਸਿਖ ਕੋਮ ਹਮੇਸ਼ਾਂ ਉਨ੍ਹਾ ਦੀ ਰਿਣੀ ਰਹੇਗੀ। ਗੁਰੂ ਗੋਬਿੰਦ ਸਿੰਘ ਜੀ ਦੀ 300 ਸਾਲਾ ਗੁਰਪੁਰਬ ਤੇ ਉਨ੍ਹਾ ਦੀ ਯਾਦ ਵਿਚ ਸਰਹੰਦ, ਫਤਿਹ ਗੜ ਮਾਰਗ ਤੇ ਇਕ ਬਹੁਤ ਵਡਾ ਗੇਟ ਬਣਵਾਇਆ ਗਿਆ। ਇਨਾਂ ਸ਼ਹਾਦਤਾ ਦਾ ਪੰਜਾਬ ਤੇ ਇਤਨਾ ਗਹਿਰਾ ਅਸਰ ਹੋਇਆ ਕਿ ਅਉਣ ਵਾਲੇ ਸਮੇ ਵਿਚ ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ। ਦਬ ਦਾ ਬੂਟਾ ਜੋ ਗੁਰੂ ਗੋਬਿੰਦ ਸਿੰਘ ਨੇ ਇਹ ਖਬਰ ਸੁਣਕੇ ਪੁਟਿਆ ਸੀ ਇਵੇਂ ਮੁਗਲ ਸਮਰਾਜ ਦੀਆ ਜੜਾ ਹਿੰਦੁਸਤਾਨ ਤੋ ਪੁਟੀਆਂ ਗਈਆਂ।

ਲਤੀਫ ਸਾਹਿਬਜ਼ਾਦਿਆਂ ਦੇ ਜਵਾਬਾਂ ਨੂੰ ਨੀਹਾਂ ਵਿਚ ਚਿਨਣ ਦਾ ਮੁਖ ਕਾਰਨ ਮੰਨਦਾ ਹੈ। ਨਵਾਬ ਵਜ਼ੀਰ ਖਾਨ ਨੂੰ ਉਨ੍ਹਾ ਦੇ ਜਵਾਬਾਂ ਵਿਚ ਬਗਾਵਤ ਦਿਸ ਰਹੀ ਸੀ। ਸਚ ਮੁਚ ਵਡੀ ਜੁਰਤ ਵਾਲੇ ਜਵਾਬ ਸਨ ਪਰ ਅਗਰ ਇਨ੍ਹਾ ਨੂੰ ਦੂਸਰੀ ਪਖੋਂ ਵੇਖਿਆ ਜਾਵੇ ਤਾਂ ਇਹ ਜਵਾਬ ਸਿਲਸਿਲੇ ਵਾਰ ਵਾਪਰ ਰਹੇ ਸਨ, ਇਨਕਲਾਬ ਦਾ ਹਿਸਾ ਸਨ, ਜੋਰ ਜਬਰ ਤੇ ਜ਼ੁਲੁਮ ਦੀ ਤਸਬੀਰ ਦੇ ਮੁਕੰਮਲ ਬਦਲਾਵ ਦੀ ਤਜਵੀਜ਼ ਸੀ ਜਿਸ ਲਈ ਗੁਰੂ ਅਰਜਨ ਦੇਵ ਜੀ, ਤੇ ਫਿਰ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਤੇ ਉਸਤੋਂ ਬਾਅਦ ਸ਼ਹੀਦੀਆਂ ਦਾ ਕੋਈ ਅੰਤ ਹੀ ਨਹੀ। ਮੈਥਲੀ ਸ਼ਰਨ ਗੁਪਤਾ ਲਿਖਦੇ ਹਨ :

ਜਿਸ ਕੁਲ, ਜਾਤ, ਕੋਮ ਕੇ ਬਚੇ ਦੇ ਸਕਤੇ ਹੈਂ ਯੂੰ ਬਲਿਦਾਨ

ਉਸਕਾ ਵਰਤਮਾਨ ਕੁਛ ਭੀ ਹੋ ਭਵਿਸ਼ ਹੈ ਮਹਾਨ।।

ਇਸਤੋਂ ਪਿਛੋਂ ਗੁਰੂ ਸਾਹਿਬ ਕੁਛ ਦਿਨ ਰਾਇ ਕੋਟ ਰਹਿ ਕੇ ਦੀਨੇ ਕਾਂਗੜੇ ਪਹੁੰਚੇ। ਰਾਈ ਕਲਾ ਨੇ ਗੁਰੂ ਸਹਿਬ ਨੂੰ ਵਿਦਾ ਕਰਨ ਵੇਲੇ ਇਕ ਬਹੁਤ ਸੁੰਦਰ ਘੋੜਾ, ਢਾਲ ਤੇ ਸ਼ਸ਼ਤਰ ਭੇਟਾ ਕੀਤੇ। ਦੀਨੇ ਕਾਂਗੜੇ ਉਨ੍ਹਾ ਦੇ ਸ਼ਰਧਾਲੂ ਚੋਧਰੀ ਸ਼ਮਸ਼ੀਰ ਤੇ ਲਖਮੀਰ ਸਨ। ਉਨ੍ਹਾ ਨੇ ਸੁਣਿਆ ਕੀ ਮੁਗਲ ਸਰਕਾਰ ਨੇ ਗੁਰੂ ਸਾਹਿਬ ਨੂੰ ਬਾਗੀ ਤੇ ਭਗੋੜਾ ਕਰਾਰ ਕਰ ਦਿਤਾ ਹੈ। ਚਾਰੋਂ ਸਾਹਿਬਜ਼ਾਦੇ ਸ਼ਹੀਦ ਹੋ ਚੁਕੇ ਹਨ। ਪਿੰਡ ਦੇ ਚੋਧਰੀਆਂ ਨੂੰ ਸਖਤ ਹੁਕਮ ਸੀ ਕੀ ਕੋਈ ਉਨ੍ਹਾ ਦੀ ਸਹਾਇਤਾ ਨਾ ਕਰੇ। ਲਖਮੀਰ ਤੇ ਸ਼ਮਸ਼ੀਰ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਦੇ ਚੁਬਾਰੇ ਵਿਚ ਬੜੀ ਸ਼ਰਧਾ ਤੇ ਪਿਆਰ ਨਾਲ ਠਹਿਰਾਇਆ, ਉਨ੍ਹਾ ਦੀ ਤਨੋ -ਮਨੋ ਸੇਵਾ ਕੀਤੀ। ਜਦ ਗੁਰੂ ਸਾਹਿਬ ਨੂੰ ਨਿਵਾਸ ਕਰਦਿਆਂ ਕੁਝ ਸਮਾ ਹੋ ਗਿਆ ਤਾਂ ਆਲੇ ਦੁਆਲੇ ਦੀਆਂ ਸੰਗਤਾ ਆਪਜੀ ਦੇ ਦਰਸ਼ਨਾ ਨੂੰ ਅਉਣ ਲਗੀਆਂ। ਜਦ ਇਸ ਗਲ ਦਾ ਪਤਾ ਸੂਬਾ ਸਰਹੰਦ ਨੂੰ ਲਗਾ ਤਾਂ ਉਸਨੇ ਚੋਧਰੀ ਸ਼ਮਸ਼ੀਰ ਨੂੰ ਚਿਠੀ ਲਿਖੀ ਕਿ ਗੁਰੂ ਸਾਹਿਬ ਨੂੰ ਸਾਡੇ ਹਵਾਲੇ ਕਰ ਦਿਉ , ਜਿਸਦਾ ਉਤਰ ਚੋਧਰੀ ਨੇ ਦਿਤਾ, ” ਗੁਰੂ ਸਾਹਿਬ ਸਾਡੇ ਪੀਰ ਹਨ, ਉਨ੍ਹਾ ਦੀ ਸੇਵਾ ਕਰਨਾ ਸਾਡਾ ਧਰਮ ਹੈ ਅਸੀਂ ਉਨ੍ਹਾ ਨੂੰ ਤੁਹਾਡੇ ਹਵਾਲੇ ਹਰਗਿਜ਼ ਨਹੀਂ ਕਰਾਂਗੇ “।

ਇਸ ਵਕ਼ਤ ਔਰੰਗਜ਼ੇਬ ਕਮਜ਼ੋਰ ਤੇ ਢਿਲਾ ਪੈ ਚੁਕਿਆ ਸੀ, ਕੁਝ ਉਮਰ ਦਾ ਤਕਾਜਾ, ਕੁਝ ਪੁਤਰਾਂ ਵਿਚ ਤਖਤ ਲਈ ਆਪਸੀ ਜੰਗ, ਤੀਸਰਾ ਦਖਣ ਵਿਚ ਨਿਤ ਦਿਹਾੜੇ ਬਗਾਵਤਾਂ ਤੇ ਚੋਥਾ ਉਸਦੀ ਧਾਰਮਿਕ ਪਾਲਸੀ ਜਿਸਨੇ ਉਸਦੇ ਰਾਜ ਮਹਲ ਨੂੰ ਖੋਖਲਾ ਕਰ ਦਿਤਾ ਸੀ। ਜੀਉ ਜੀਉ ਉਸਦੀਆਂ ਸਖਤੀਆਂ ਵਧਦੀਆਂ ਜਾਂਦੀਆਂ ਲੋਕ ਉਸਤੋ ਦੂਰ ਹੁੰਦੇ ਚਲੇ ਗਏ। ਇਨਸਾਫ਼ ਪਸੰਦ ਤੇ ਧਰਮੀ ਮੁਸਲਮਾਨ ਉਸ ਨੂੰ ਪਸੰਦ ਨਹੀ ਸੀ ਕਰਦੇ। ਇਰਾਨ ਦਾ ਬਾਦਸ਼ਾਹ ਸ਼ਾਹ ਅਬਾਸ ਉਸ ਨੂੰ ਨਫਰਤ ਕਰਦਾ ਸੀ। ਇਸ ਸਦੀ ਦੇ ਵਿਦਵਾਨ ਮੋਲਾਨਾ ਅਬਦੁਲ ਕਲਾਮ ਅਜਾਦ ਲਿਖਦਾ ਹੈ, ” ਅਸੀਂ ਔਰੰਗਜ਼ੇਬ ਦੀ ਕੀਤੀ ਹਰ ਸਖਤੀ ਦਾ ਉਤਰ ਸ਼ਾਇਦ ਦੇ ਸਕੀਏ ਪਰ ਸਰਮਦ ਜੇਹੇ ਫਕੀਰ ਨੂੰ ਕਿਓਂ ਕਤਲ ਕੀਤਾ ਇਸ ਦਾ ਕੋਈ ਉੱਤਰ ਨਹੀ। ਦਖਣ ਦੀਆਂ ਰਿਆਸਤਾਂ ਬੀਜਾਪੁਰ ਗੋਲਕੁੰਡਾ ਤੇ ਮਰਹਟਿਆਂ ਨੇ ਉਸਦੀ ਨੀਦ ਹਰਾਮ ਕਰ ਦਿਤੀ। ਦਖਣ ਵਿਚ ਖਾਲੀ ਉਸਦੀ ਸਰੀਰਕ ਕਬਰ ਨਹੀਂ ਸੀ ਸਗੋਂ ਮੁਗਲ ਸਮਰਾਜ ਦੀ ਕਬਰ ਬਣੀ। ਜਦ ਉਸ ਨੂੰ ਹੋਸ਼ ਆਇਆ ਤਾਂ ਬਹੁਤ ਦੇਰ ਹੋ ਚੁਕੀ ਸੀ। ਉਸਨੇ ਸਰਹੰਦ ਦੇ ਲਾਗੇ ਜਿਤਨੀ ਫੌਜ਼ ਸੀ ਵਾਪਿਸ ਬੁਲਾ ਲਿਆ। ਗੁਰੂ ਸਾਹਿਬ ਨੂੰ ਮਿਲਣ ਵਾਸਤੇ ਚਿਠੀ ਲਿਖੀ ਤੇ ਭਰੋਸਾ ਦਿਲਾਇਆ ਕੀ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਗੁਰੂ ਸਾਹਿਬ ਨੇ ਉਸ ਚਿਠੀ ਦਾ ਜਵਾਬ ਦਿਤਾ ਜਿਸ ਨੂੰ ਜ਼ਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹ -ਨਾਮਾ ਕਿਹਾ ਜਾਂਦਾ ਹੈ।

ਜ਼ਫਰਨਾਮਾ

ਭਾਈ ਦੇਸਾ ਦੇ ਚੁਬਾਰੇ ਵਿਚ, ਦੀਨ ਕਾਂਗੜੇ ਤੋਂ ਫ਼ਾਰਸੀ ਜ਼ੁਬਾਨ ਵਿਚ ਲਿਖਿਆ, ਜੋ ਗੁਰੂ ਸਾਹਿਬ ਦੇ ਬੁਲੰਦ ਹੋਸਲੇ, ਨਿਡਰਤਾ, ਆਤਮ ਸਨਮਾਨ, ਅਣਖ, ਦਲੇਰੀ ਤੇ ਦ੍ਰਿੜਤਾ ਦਾ ਪ੍ਰਤਖ ਪ੍ਰਮਾਣ ਹੈ। ਇਸਦੇ।। 5 ਬੈਂਤ ਹਨ ਪਹਿਲੇ। 3 ਬੈਂਤ ਵਿਚ ਅਕਾਲ ਪੁਰਖ ਦੀ ਉਸਤਤ ਹੈ। ਫਿਰ ਓਹ ਲੜਾਈ ਸਬੰਧੀ ਗਲ ਕਰਦੇ ਹਨ ਕਿ ਕਿਸ ਤਰਹ ਤੇਰੀਆਂ ਫੋਜਾਂ ਲਖਾਂ ਦੀ ਗਿਣਤੀ ਵਿਚ ਮਖੀਆਂ ਦੇ ਝੁੰਡ ਦੀ ਤਰਹ , ਭੁਖੇ- ਤਿਹਾਏ, ਥਕੇ-ਹਾਰੇ, ਬਿਨਾ ਸਾਜੋ ਸਮਾਨ, ਸਿਰਫ ਗਿਣਤੀ ਦੇ 40 ਸਿਖਾਂ ਤੇ ਟੁਟ ਪਏ, ਆਪਣੀਆਂ ਸਾਰੀਆਂ ਕਸਮਾ -ਵਾਹਦਿਆਂ ਨੂੰ ਛਿਕੇ ਤੇ ਟੰਗ, ਚਮਕੌਰ ਦੀ ਕਚੀ ਗੜੀ ਨੂੰ ਘੇਰ ਲਿਆ। ਕਿਸ ਤਰਹ ਤੇਰਾ ਜਰਨੈਲਾ ਨੇ ਛੁਪ ਛੁਪ ਕੇ ਕੰਧਾ ਦੀ ਓਟ ਲੇਕੇ ਗੜੀ ਵਿਚ ਦਾਖਲ ਹੋਣ ਦੇ ਜਤਨ ਕੀਤੇ। 40 ਆਦਮੀ ਕੀ ਕਰ ਸਕਦੇ ਹਨ ਜਦ ਅਚਾਨਕ ਉਨ੍ਹਾ ਤੇ 10 ਲਖ ਦਾ ਲਸ਼੍ਕਰ ਟੁਟ ਪਏ।

ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਟਕੇ ਦਾ ਮੁਰੀਦ ਤੇ ਈਮਾਂ -ਫਿਕਨ ਕਹਿੰਦਿਆ ਲਿਖਿਆ, ਮੈਨੂੰ ਤੇਰੇ ਤੇ ਓਕਾ ਭਰੋਸਾ ਨਹੀਂ ਅਤੇ ਕਿਸੇ ਕਿਸਮ ਦਾ ਯਕੀਨ ਨਹੀਂ। ਉਸ ਉਤੇ ਭਰੋਸਾ ਵੀ ਕਿਵੇਂ ਹੋਵੇ ਜਿਸਦੇ ਬਖਸ਼ੀ, ਦੀਵਾਨ ਸਭ ਝੂਠੇ ਹੋਣ ` ਤੇਰੀ ਕੁਰਾਨ ਦੀ ਕਸਮ ਤੇ ਜੋ ਯਕੀਨ ਕਰੇ, ਓਹ ਅਖੀਰ ਖੁਆਰ ਹੁੰਦਾ ਹੈ। ਰਹੀ ਗਲ ਮੇਰੀ, ਮੇਰੇ ਸਿਰ ਉਤੇ ਅਕਾਲ ਪੁਰਖ ਦਾ ਸਾਇਆ ਹੈ, ਮੇਰਾ ਕੋਈ ਕੁਝ ਨਹੀ ਵਿਗਾੜ ਸਕਦਾ। ਤੂੰ ਤਾਂ ਕੁਰਾਨ ਦੀ ਕਸਮ ਸਰੇਆਮ ਖਾਕੇ ਮੁਕਰ ਗਿਆਂ ਹੈ ਪਰ ਮੇਰਾ ਵਰਗਾ ਦਿਲ ਵਿਚ ਵੀ ਕਸਮ ਖਾਕੇ ਉਸਤੇ ਟਿਕਿਆ ਰਹਿੰਦਾ ਹੈ। ਮੈਨੂੰ ਨਹੀ ਸੀ ਪਤਾ ਕੀ ਅਰੰਗਜੇਬ ਕਸਮਾਂ ਤੋੜਨ ਵਾਲਾ ਕੇਵਲ ਪੈਸੇ ਦਾ ਪੀਰ ਤੇ ਬੇਈਮਾਨ ਹੈ। ਨਾ ਤੂੰ ਦੀਨ ਈਮਾਨ ਤੇ ਕਾਇਮ ਹੈ ਨਾ ਸ਼ਰਾ ਸ਼ਰੀਅਤ ਦਾ ਪਾਬੰਦ। ਨਾ ਤੇਨੂੰ ਰਬ ਦੀ ਪਹਚਾਨ ਹੈ ਨਾ ਹਜਰਤ ਮੁਹੰਮਦ ਤੇ ਭਰੋਸਾ। ਹੁਣ ਭਾਵੇਂ ਤੂੰ ਕੁਰਾਨ ਦੀਆਂ ਸੋ ਕਸਮਾ ਵੀ ਖਾਵੇਂ ਤੇਰੇ ਤੇ ਕੋਣ ਇਤਬਾਰ ਕਰੇ। ਅਜੀਬ ਹੈ ਤੇਰਾ ਇਨਸਾਫ਼, ਤੇਰਾ ਧਰਮ ਪਾਉਣ ਦਾ ਢੰਗ, ਮੇਨੂੰ ਇਕ ਵਾਰੀ ਨਹੀ ਸੋ ਵਾਰੀ ਅਫਸੋਸ ਹੈ ਇਸਤੇ। ਕੀ ਹੋਇਆ ਜੇ ਤੂੰ ਧੋਖੇ ਨਾਲ ਨਿਕੀਆ ਨਿਕੀਆਂ ਚਿੰਗਿਆਰੀਆਂ ਬੁਝਾ ਦਿਤੀਆਂ ਹਨ, ਤੇਰੀ ਕਾਹਦੀ ਬਹਾਦਰੀ, ਅਗ ਦਾ ਭਾਬੜ ਅਜ ਵੀ ਬਲਦਾ ਪਿਆ ਹੈ, ਜਿਸਦੇ ਸ਼ੋਲੇ ਇਕ ਦਿਨ ਮੁਗਲ ਸਮਰਾਜ ਦਾ ਅੰਤ ਕਰਨਗੇ।

ਸਿੰਘਾਂ ਨੇ ਜਦ ਔਰੰਗਜ਼ੇਬ ਦੇ ਹਥ ਵਿਚ ਇਹ ਕਹਿਕੇ ਜ਼ਫਰਨਾਮਾ ਪਕੜਾਇਆ ਕੀ ਗੁਰੂ ਸਾਹਿਬ ਨੇ ਤੁਹਾਡੇ ਲਈ ਇਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਅਕੀਦਤ ਨਾਲ ਉਸਨੂੰ ਸਿਰ ਨਿਵਾ ਕੇ ਖੋਲਿਆ ਤੇ ਜਦ ਪੜਿਆ, ਉਸਦਾ ਰੰਗ ਪੀਲਾ ਪੇ ਗਿਆ, ਚੇਹਰਾ ਦੀਆਂ ਹਵਾਈੰਆਂ ਉਡ ਗਈਆਂ ਉਸ ਨੂੰ ਆਪਣੇ, ਅਹਿਲਕਾਰਾਂ ਦੀਆਂ ਵਧੀਕੀਆਂ ਤੇ ਗਲਤ ਨੀਤੀਆਂ ਦਾ ਪਤਾ ਚਲਿਆ। ਉਸਦੀ ਆਤਮਾ ਝਨਝੋਰ ਉਠੀ ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿਚ ਸਾਫ਼ ਨਜਰ ਆਓਂਦਾ ਹੈ ” ਮੈ ਦੁਨਿਆ ਵਿਚ ਖਾਲੀ ਹਥ ਆਇਆ ਸੀ, ਪਾਪਾਂ ਦੀ ਪੰਡ ਲੇਕੇ ਜਾ ਰਿਹਾਂ ਹਾਂ ਮੈ ਇਤਨਾ ਪਾਪ ਕਰ ਚੁਕਾ ਹਾਂ ਕੀ ਪਰਮਾਤਮਾ ਨੂੰ ਮੂੰਹ ਦਿਖਾਣ ਜੋਗਾ ਨਹੀ ਰਿਹਾ “। ਭਾਈ ਦਾਇਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ ਸੁਰਖਿਆ ਦਾ ਪਰਵਾਨਾ ਦੇਕੇ ਭੇਜਿਆ। ਉਸਨੇ ਆਪਣੀ ਕੀਤੀ ਤੇ ਪਛਤਾਵਾ ਜਹਿਰ ਕਰਦਿਆਂ ਆਪਣੇ ਅਹਿਲਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿਥੇ ਵੀ ਰਹਿਣ, ਜੋ ਵੀ ਕਰਨ ਉਸ ਵਿਚ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ। ਇਹਨਾ ਹੁਕਮਾ ਤੇ ਅਮਲ ਹੋਣਾ ਵੀ ਸ਼ੁਰੂ ਹੋ ਗਿਆ। ਉਸਨੇ ਗੁਰੂ ਸਾਹਿਬ ਵਲ ਵੀ ਇਕ ਚਿਠੀ ਭੇਜੀ ਜਿਸ ਵਿਚ ਉਸਨੇ ਗੁਰੂ ਸਾਹਿਬ ਨੂੰ ਕਸਮਾਂ ਤਰਲਿਆਂ ਨਾਲ ਸਦਿਆ ਤੇ ਕਿਹਾ ਕਿ, ” ਮੈ ਤੁਹਾਡੇ ਕੋਲ ਖੁਦ ਚਲ ਕੇ ਆਉਂਦਾ ਪਰ ਮਜਬੂਰ ਹਾਂ ਬਿਮਾਰੀ ਮੈਨੂੰ ਇਜਾਜ਼ਤ ਨਹੀਂ ਦੇ ਰਹੀ “। ਗੁਰੂ ਸਾਹਿਬ ਨੇ ਉਸਦੀ ਬਿਮਾਰੀ ਦਾ ਸੁਣਕੇ ਸਭ ਕੁਝ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਅਜੇ ਰਾਹ ਵਿਚ ਹੀ ਸਨ ਕੀ ਔਰੰਗਜ਼ੇਬ ਦੀ ਮੋਤ ਦੀ ਖਬਰ ਆ ਗਈ, ਪਛਤਾਵੇ ਦੀ ਅਗ ਵਿਚ ਸੜਦਾ ਤੇ ਗੁਰੂ ਸਾਹਿਬ ਦੀਆਂ ਫਿਟਕਾਰਾਂ ਦੀ ਤਾਬ ਨਾ ਝਲਦਾ ਸ਼ਹਿਨਸ਼ਾਹ ਔਰੰਗਜੇਬ 1707 ਈਸਵੀ ਵਿਚ ਬਿਨਾਂ ਆਪਣੇ ਗੁਨਾਹ ਬਖ਼ਸ਼ਾਏ ਇਸ ਦੁਨਿਆ ਤੋ ਕੂਚ ਕਰ ਗਿਆ।

ਕਾਫੀ ਚਿਰ ਗੁਰੂ ਸਾਹਿਬ ਦੀਨੇ ਰਹੇ। ਇਥੇ ਸੰਗਤਾਂ ਦੀਆ ਰੋਣਕਾਂ ਵੀ ਲਗਦੀਆਂ, ਓਹ ਘੋੜ ਸਵਾਰੀ ਵੀ ਕਰਦੇ, ਸ਼ਿਕਾਰ ਵੀ ਖੇਡਣ ਜਾਂਦੇ। ਉਨ੍ਹਾ ਨੇ ਚੋਖੇ ਬਹਾਦੁਰ ਸਿਪਾਹੀ ਤਨਖਾਹਦਾਰ ਵੀ ਭਰਤੀ ਕਰ ਲਏ। ਗੁਰੂ ਸਾਹਿਬ ਕੋਲ ਫੌਜ਼ ਤੇ ਸ਼ਸ਼ਤਰ ਵੀ ਇਕਠੇ ਹੋ ਗਏ। ਕਾਫੀ ਸਿੰਘ ਜੋ ਆਪਜੀ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਸੀ। ਵਜ਼ੀਰ ਖਾਨ ਦੀਆ ਫੌਜਾਂ ਅਜੇ ਵੀ ਪਿਛਾ ਕਰ ਰਹੀਆਂ ਸਨ। ਦੀਨੇ ਵਿਚ ਗੁਰੂ ਸਾਹਿਬ ਲੜਨਾ ਨਹੀ ਸੀ ਚਾਹੁੰਦੇ। ਵਸੋਂ ਤੋ ਦੂਰ ਅਗਾਹ ਜੰਗਲ ਵਿਚ ਕਿਸੇ ਢੁਕਵੀਂ ਜਗਹ ਤੇ ਲੜਨ ਦਾ ਫੈਸਲਾ ਕੀਤਾ।

ਦੀਨੇ ਤੋਂ ਜਾਕੇ ਬੁਰਜ ਵਿਚ ਜਾ ਡੇਰਾ ਲਾਇਆ। ਸ਼ਰਧਾਲੂਆਂ ਦੀ ਇਥੇ ਵੀ ਕੋਈ ਕਮੀ ਨਹੀ ਸੀ। ਜਦ ਜਵਾਨੀਆਂ ਦੀ ਮੰਗ ਕੀਤੀ ਜੋ ਸਿਰ ਤਲੀ ਤੇ ਧਰ ਕੇ ਧਰਮ ਲਈ ਸ਼ਹੀਦ ਹੋਣਾ ਜਾਣਦੇ ਹੋਣ ਤਾਂ ਬਹੁਤ ਸਾਰੇ ਜਵਾਨ ਇਸ ਧਰਮ ਯੁਧ ਵਿਚ ਸ਼ਾਮਲ ਹੋਣ ਲਈ ਆ ਗਏ। ਗੁਰੂ ਸਾਹਿਬ ਜਲਾਲ -ਭਗਤਾ ਆਦਿ ਪਿੰਡਾਂ ਤੋ ਹੁੰਦੇ ਕਪੂਰੇ ਪਹੁੰਚੇ। ਇਥੇ ਇਕ ਥਾਂ ਢਾਬ ਦੇ ਵਿਚਕਾਰ ਉਚੀ ਥਾਂ ਸੀ। ਕਪੂਰੇ ਨੂੰ ਕਿਹਾ ਸਾਨੂੰ ਇਸ ਗੜੀ ਵਿਚ ਮੋਰਚਾ ਲਗਾਕੇ ਵੈਰੀਆਂ ਨਾਲ ਦੋ ਹਥ ਕਰ ਲੇਣ ਦਿਉ , ਹਾਲਾਕਿ ਉਸਦੀ ਪੂਰੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਪਰ ਹਕੂਮਤ ਦੇ ਡਰ ਤੋਂ ਮਨਾ ਕਰ ਦਿਤਾ ਤੇ ਕਿਹਾ ਤੁਰਕ ਮੈਨੂੰ ਮਾਰ ਦੇਣਗੇ ਤਾਂ ਗੁਰੂ ਸਾਹਿਬ ਨੇ ਹਸਕੇ ਕਿਹਾ, ” ਕਪੂਰਿਆ ਤੇਨੂੰ ਤੁਰਕਾਂ ਨੇ ਫਿਰ ਵੀ ਨਹੀ ਛਡਣਾ। ਗੁਰੂ ਸਾਹਿਬ ਦਾ ਇਹ ਵਾਕ ਸਚ ਹੋਇਆ ਜਦ ਕਪੂਰੇ ਦੇ ਗੁਆਂਢੀ ਈਸਾ ਖਾਨ ਨੇ ਕਪੂਰੇ ਨੂੰ ਲੁਟਿਆ ਤੇ ਫਾਹੇ ਦੇ ਦਿਤਾ।

ਉਥੋਂ ਢਿਲਵਾਂ ਪਹੁੰਚੇ ਜਿਥੇ ਭਾਈ ਸਾਧੂ ਕੋਲ ਜੋ ਪ੍ਰਿਥੀਏ ਦੀ ਔਲਾਦ ਵਿਚੋਂ ਸੀ ਮਿਲੇ ਓਹ ਗੁਰੂ ਸਾਹਿਬ ਵਾਸਤੇ ਚਿਟੇ ਬਸਤਰ ਲੈਕੇ ਆਇਆ। ਨੀਲੇ ਬਸਤਰ ਗੁਰੂ ਸਾਹਿਬ ਨੇ ਲੀਰਾਂ ਕਰ ਕਰਕੇ ਅਗ ਵਿਚ ਸੁਟੀ ਗਏ, ਕਹਿੰਦੇ ਗਏ ਮੁਗਲ ਰਾਜ ਸੜ ਰਿਹਾ ਹੈ। “ਨੀਲ ਬਸਤਰ ਲੈ ਕਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ ‘ ਗੁਰੂ ਸਾਹਿਬ ਦੀ ਆਪਣੀ ਚੋਂਣ ਤੇ ਚੋਧਰੀ ਕਪੂਰੇ ਤੇ ਭਾਈ ਕੋਲ ਦੀ ਸਲਾਹ ਅਨੁਸਾਰ ਓਨ੍ਹਾ ਨੇ ਖਿਦਰਾਣੇ ਦੀ ਢਾਬ ਤੇ ਮੁਕਾਬਲਾ ਕਰਨਾ ਠੀਕ ਸਮਝਿਆ ਜਿਸਦੇ ਕਈ ਮੁਖ ਕਾਰਣ ਸੀ। ਸਿਰਫ ਇਥੇ ਹੀ ਪਾਣੀ ਸੀ ਤੇ ਅਗੇ ਕੋਹਾਂ ਦੂਰ ਦੂਰ ਤਕ ਖੁਲੀ ਓਜਾੜ ਤੇ ਜੰਗਲ ਬੀਆਬਾਨ ਸੀ ਤੇ ਇਸ ਤੇ ਗੁਰੂ ਸਾਹਿਬ ਦਾ ਕਬਜਾ ਸੀ। ਚਾਰ ਚੁਫੇਰੇ ਕੰਡਿਆਲੀਆਂ ਝਾੜੀਆਂ ਨੇ ਗੁਰੂ ਦੇ ਸਿੰਘ ਸੂਰਬੀਰਾਂ ਨੂੰ ਲੋੜੀਂਦੀ ਓਟ ਪ੍ਰਦਾਨ ਕੀਤੀ। ਗਰਮੀ ਦਾ ਮੋਸਮ ਹੋਣ ਕਰਕੇ ਰੇਤੀਲੀ ਭੂਮੀ ਦੇ ਉਡਣ ਵਾਲੇ ਰੇਤੇ ਨੇ ਵੇਰੀਆਂ ਨੂੰ ਅਖਾਂ ਨਾ ਪੁਟਣ ਦਿਤੀਆਂ ਤੇ ਥੋੜੇ ਹੀ ਸਮੇ ਵਿਚ ਦੁਸ਼ਮਣ ਤੋਬਾ-ਤੋਬਾ ਪੁਕਾਰ ਉਠੇ। ਗਰਮੀ ਦੀ ਰੁਤ ਤੇ ਲਾਗੇ ਚਾਗੇ ਕੋਈ ਹੋਰ ਜਲ-ਸੋਮਾ ਨਾ ਹੋਣਾ ਵੀ ਵੇਰੀਆਂ ਲਈ ਘਾਤਕ ਸਿਧ ਹੋਇਆ ਤੇ ਉਨ੍ਹਾ ਨੇ ਪਿਛੇ ਹਟ ਆਪਣੀਆ ਜਾਨਾ ਬਚਾਓਣ ਨੂੰ ਤਰਜੀਹ ਦਿਤੀ। ਚਾਹੇ ਸਿੰਘ ਗੁਰੂ ਸਾਹਿਬ ਵਲੋਂ ਬਖਸ਼ੀ ਸੂਰਬੀਰਤਾ ਦੇ ਕਾਰਣ ਹੀ ਲੜਾਈ ਜਿਤੇ ਪਰ ਜਗਾ ਦੀ ਚੋਣ ਨੇ ਵੀ ਇਸ ਜਿਤ ਵਿਚ ਬਹੁਤ ਵਡਾ ਹਿਸਾ ਪਾਇਆ ਜਿਸ ਵਿਚ ਗੁਰੂ ਸਾਹਿਬ ਮਾਹਿਰ ਸਨ।

ਮੁਕਤਸਰ ਦੀ ਜੰਗ

ਢਿਲਵਾਂ ਕਲਾ ਤੋਂ ਵਿਦਾ ਹੋਕੇ ਜੈਤੋਂ ਪਹੁੰਚੇ। ਇਥੋ ਖਬਰ ਮਿਲੀ ਸਰਹੰਦ ਦਾ ਸੂਬਾ ਫੌਜ਼ ਲੇਕੇ ਵਾਹੋ -ਦਾਹੀ ਆ ਰਿਹਾ ਹੈ। ਗੁਰੂ ਸਾਹਿਬ ਜੈਤੋ -ਸੁਨਿਆਰ, ਰਾਮਿਆਣੇ ਹੁੰਦੇ ਖਿਦਰਾਣੇ ਵਲ ਨੂੰ ਤੁਰ ਪਏ। ਅਜੇ ਓਹ ਰ੍ਮਿਆਣੇ ਤੇ ਖਿਦਰਾਣੇ ਦੇ ਵਿਚਕਾਰ ਹੀ ਸਨ ਕੀ ਮਾਝੇ ਦੇ ਸਿੰਘਾਂ ਦੇ ਜਥੇ ਜੋ ਪਿੰਡ ਦੇ ਚੋਉਧਰੀਆਂ ਤੇ ਮਸੰਦਾ ਨੇ ਭੇਜਿਆ ਸੀ ਨਾਲ ਮੇਲ ਹੋਇਆ। ਜਥੇ ਨੇ ਸ਼ਰਤ ਰਖੀ ਕੀ ਤੁਸੀਂ ਜੰਗ ਕਰਨੇ ਛਡ ਦਿਓ ਤੇ ਔਰੰਗਜ਼ੇਬ ਨਾਲ ਸੁਲਹ ਕਰ ਲਉ ਤਾਂ ਗੁਰੂ ਸਾਹਿਬ ਨੇ ਕਿਹਾ ਕੀ ਹੁਣ ਸੁਲਹ ਨਹੀ ਹੋ ਸਕਦੀ ਜਦ ਸਭ ਕੁਝ ਖਤਮ ਹੋ ਗਿਆ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਹੈ, ਪਿਆਰੇ ਸਿਖ ਸ਼ਹੀਦ ਹੋ ਗਏ ਹਨ ਪਹਿਲੇ ਤੁਸੀਂ ਕਿਥੇ ਸੀ। ਇਹ ਸੰਗਤਾਂ ਬੇਦਾਵਾ ਦੇਕੇ ਵਾਪਿਸ ਜਾ ਰਹੀਆਂ ਸਨ। ਇਥੇ ਹੀ ਮਾਈ ਭਾਗੋ ਦੀ ਅਗਵਾਈ ਹੇਠ ਓਹ 40 ਸਿਖ ਜੋ ਆਨੰਦਪੁਰ ਸਾਹਿਬ ਵਿਚ ਬੇਦਾਵਾ ਦੇ ਕੇ ਚਲੇ ਗਏ ਸੀ, ਮਾਫ਼ੀ ਮੰਗਣ ਲਈ ਵਾਪਿਸ ਆ ਰਹੇ ਸੀ। ਰਸਤੇ ਵਿਚ ਉਨ੍ਹਾ ਨੂੰ ਪਤਾ ਲਗਾ ਕਿ ਸੂਬਾ ਸਰਹੰਦ ਦੀਆ ਫੌਜਾਂ ਵਾਹੋ-ਦਾਹੀ ਪਿਛੇ ਆ ਰਹੀਆਂ ਸਨ। ਉਹ ਮਰਦੇ ਦਮ ਤਕ ਗੁਰੂ ਦਾ ਸਾਥ ਦੇਣ ਦਾ ਫੈਸਲਾ ਕਰ ਚੁਕੇ ਸੀ। ਓਨ੍ਹਾ ਨੇ ਸੂਬਾ ਸਰਹੰਦ ਨੂੰ ਰਾਹ ਵਿਚ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪਹੁੰਚ ਸਕਣ। ਆਪਣੀਆਂ ਚਾਦਰਾਂ ਤੇ ਹੋਰ ਕਪੜੇ ਦਰਖਤਾਂ ਉਤੇ ਟੰਗ ਦਿਤੇ ਤਕਿ ਦੂਰੋਂ ਲਗੇ ਕੀ ਕੋਈ ਫੌਜ਼ ਤੰਬੂ ਤਾਣੇ ਡੇਰਾ ਲਗਾਕੇ ਬੈਠੀ ਹੈ। ਆਪ ਓਹ ਝਾੜੀਆਂ ਪਿਛੇ ਐਸੇ ਟਿਕਾਣਿਆ ਤੇ ਬੇਠ ਗਏ ਜਿਥੋਂ ਆਸਾਨੀ ਨਾਲ ਅਉਣ ਵਾਲੀ ਫੌਜ਼ ਤੇ ਹਮਲਾ ਕਰ ਸਕਣ। ਜਦੋਂ ਵਜ਼ੀਰ ਖਾਨ ਦੀ ਫੌਜ਼ ਮਾਰ ਹੇਠ ਪਹੁੰਚੀ ਤਾਂ ਸਿੰਘਾਂ ਨੇ ਗੋਲੀਆਂ ਤੇ ਤੀਰਾਂ ਨਾਲ ਸਵਾਗਤ ਕੀਤਾ। ਬੇਅੰਤ ਦੁਸ਼ਮਨਾ ਨੂੰ ਮੋਤ ਦੇ ਘਾਟ ਉਤਾਰ ਦਿਤਾ। ਜਦ ਤਕ ਸਿੰਘਾਂ ਕੋਲ ਦਾਰੂ ਸਿਕਾ ਰਿਹਾ ਵੇਰੀਆਂ ਨੂੰ ਢੁਕਣ ਨਹੀਂ ਦਿਤਾ ਜਦੋਂ ਖਤਮ ਹੋ ਗਿਆ ਤੇ ਓਹ 5-5 ਦੇ ਜਥਿਆਂ ਵਿਚ ਆਕੇ ਸ਼ੇਰਾਂ ਵਾਂਗ ਟੁਟ ਪਏ। ਗੁਰੂ ਸਾਹਿਬ ਨੇ ਜਦੋਂ ਮ੍ਝੇਲਾਂ ਨੂੰ ਇਸਤਰਾ ਲੜਦਿਆਂ ਦੇਖਿਆ ਤਾਂ ਮਦਤ ਲਈ ਫੌਜ਼ ਭੇਜ ਦਿਤੀ ਤੇ ਆਪ ਉਤੋਂ ਤੀਰ ਛਡਦੇ ਗਏ। ਮ੍ਝੇਲਾਂ ਦੇ ਹੋਸ੍ਲੇ ਵਧ ਗਏ, ਓਹ ਇਸ ਦਲੇਰੀ ਨਾਲ ਲੜੇ ਕਿ ਦੁਸ਼੍ਮਨਾ ਦੀ ਹੋਸ਼ ਟਿਕਾਣੇ ਆ ਗਈ ਤੇ ਲੜਦੇ ਲੜਦੇ ਸਭ ਸ਼ਹੀਦ ਹੋ ਗਏ।

ਕਈ ਮੀਲਾਂ ਦਾ ਸਫਰ, ਓਤੋ ਐਸਾ ਮੁਕਾਬਲਾ, ਗਰਮੀ ਦੀ ਰੁਤ, ਵੈਰੀ ਤ੍ਰੇਹ ਨਾਲ ਹੋਉਕਣ ਲਗ ਪਏ। ਜਿਥੇ ਗੁਰੂ ਸਾਹਿਬ ਦਾ ਕਬਜਾ ਸੀ ਉਥੇ ਪਾਣੀ ਚਾਰੋਂ ਤਰਫੋਂ ਇਕਠਾ ਹੁੰਦਾ ਸੀ ਤੇ ਲੋਕਾਂ ਦੀਆਂ ਸਾਲ ਭਰ ਦੀਆਂ ਜਰੂਰਤਾਂ ਪੂਰੀਆਂ ਕਰਦਾ ਸੀ। ਚੋਧਰੀ ਕਪੂਰੇ ਜਿਸਦੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਪਰ ਆਇਆ ਓਹ ਵਜੀਰ ਖਾਨ ਦੀ ਫੌਜ਼ ਨਾਲ ਸੀ, ਨੇ ਦਸਿਆ ਕੀ ਅਗੇ 30 ਮੀਲ ਦੀ ਦੂਰੀ ਤਕ ਪਾਣੀ ਨਹੀ ਹੈ ਹਾਂ ਪਿਛੇ। 0 ਮੀਲ ਦੀ ਦੂਰੀ ਤੇ ਪਾਣੀ ਮਿਲ ਜਾਏਗਾ। ਹੋਰ ਲੜਨ ਦੀ ਹਿੰਮਤ ਉਨ੍ਹਾ ਵਿਚ ਨਹੀਂ ਸੀ ਸੋ ਪਿਛੇ ਪਰਤਣਾ ਹੀ ਠੀਕ ਸਮਝਿਆ। ਗੁਰੂ ਸਾਹਿਬ ਦੀ ਜਿਤ ਹੋਈ .। ਅਕਾਲ ਪੁਰਖ ਦੀ ਜਿਤ ਹੋਈ। ਗੁਰੂ ਸਾਹਿਬ ਢਾਬ ਤੋ ਥਲੇ ਆਏ। ਅਕਾਲ ਪੁਰਖ ਦਾ ਧੰਨਵਾਦ ਕੀਤਾ। ਇਕ ਇਕ ਸਹੀਦ ਸਿਖ ਨੂੰ, ਮੇਰਾ ਪੰਜ ਹਜ਼ਾਰੀ, ਮੇਰਾ ਦਸ ਹਜ਼ਾਰੀ ਕਹਿਕੇ ਨਿਵਾਜਿਆ। ਇਕ ਇਕ ਨੂੰ ਆਪਣੀ ਗੋਦੀ ਵਿਚ ਲਿਆ, ਮੂੰਹ ਸਾਫ਼ ਕੀਤਾ, ਅਸੀਸਾਂ ਦਿਤੀਆ। ਅਖੀਰ ਮਹਾਂ ਸਿੰਘ ਕੋਲ ਆਏ। ਉਸਦਾ ਸਵਾਸ ਚਲ ਰਿਹਾ ਸੀ, ਮੂੰਹ ਵਿਚ ਪਾਣੀ ਪਾਇਆ। ਜਦ ਉਸਨੂੰ ਥੋੜੀ ਹੋਸ਼ ਆਈ, ਗੁਰੂ ਸਾਹਿਬ ਨੇ ਕਿਹਾ “ਕੁਝ ਮੰਗ ਲੈ ” ਮੇਰਾ ਸਿਰ ਤੁਹਾਡੀ ਗੋਦੀ ਵਿਚ ਹੈ ਇਸਤੋਂ ਵਧ ਮੈਨੂੰ ਕੀ ਚਾਹੀਦਾ ਹੈ ? ਗੁਰ ਸਾਹਿਬ ਨੇ ਫਿਰ ਕਿਹਾ ਸਿਖਾ ਕੁਝ ਮੰਗ ਲੈ ਤਾਂ ਮਹਾਂ ਸਿੰਘ ਨੇ ਕਿਹਾ ਜੇ ਤੁਸੀਂ ਤਰੁਠੇ ਹੋ ਤਾਂ ਜੇਹੜਾ ਬੇਦਾਵਾ ਅਸੀਂ ਦੇਕੇ ਆਏ ਸੀ ਉਸ ਨੂੰ ਫਾੜ ਦਿਉ। ਗੁਰੂ ਸਾਹਿਬ ਨੇ ਝਟ ਕਮਰਕਸੇ ਵਿਚੋਂ ਬੇਦਾਵਾ ਕਢਿਆ ਤੇ ਫਾੜ ਦਿਤਾ ਤੇ ਕਹਿਣ ਲਗੇ, ” ਬੇਦਾਵਾ ਤਾ ਤੁਸਾਂ ਨੇ ਦਿਤਾ ਸੀ ਅਸਾਂ ਨੇ ਤਾ ਕਦੀ ਤੁਹਾਨੂੰ ਆਪਣੇ ਆਪ ਤੋਂ ਅੱਲਗ ਨਹੀ ਕੀਤਾ। ਫਿਰ ਓਹ ਮਾਈ ਭਾਗੋ ਕੋਲ ਗਏ ਜੋ ਬੁਰੀ ਤਰਹ ਜਖਮੀ ਹੋ ਚੁਕੀ ਸੀ ਪਰ ਜਿੰਦਾ ਸੀ। ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਉਸਦਾ ਇੱਲਾਜ਼ ਕਰਵਾਇਆ। ਉਸਦੇ ਪਤੀ ਤੇ ਦੋਨੋ ਭਰਾ ਇਸ ਜੰਗ ਵਿਚ ਸ਼ਹੀਦ ਹੋ ਚੁਕੇ ਸਨ। ਓਹ ਵਾਪਿਸ ਨਹੀ ਗਈ ਤੇ ਅਮ੍ਰਿਤ ਛਕਕੇ ਕੇ ਆਖਰੀ ਸਾਹ ਤਕ ਗੁਰੂ ਘਰ ਦੀ ਸੇਵਾ ਕਰਦੀ ਰਹੀ। ਸ਼ਹੀਦਾਂ ਦਾ ਸਸਕਾਰ ਕਰਕੇ ਇਨ੍ਹਾ ਨੂੰ ਮੁਕਤੀ ਦਾ ਆਸ਼ੀਰਵਾਦ ਦਿਤਾ। ਇਸ ਜਗਹ ਦਾ ਨਾਂ ਗੁਰੂ ਸਾਹਿਬ ਨੇ ਆਪ ਮੁਕਤਸਰ ਰਖ਼ਿਆ।

ਯਾ ਤੇ ਨਾਮ ਮੁਕਤਿਸਰ ਹੋਆ।।

ਜੋ ਮਜਹਿ ਤਿਨ ਹੀ ਅਘ ਖੋਆ।।

ਆਸ ਮਹਿਮਾ ਸ੍ਰੀ ਮੁਖ ਤੇ ਕਹੀ।।

ਸੋ ਅਬ ਪ੍ਰਗਟ ਜਗਤ ਮੈ ਸਹੀ।।

ਇਸ ਜੰਗ ਤੋ ਬਾਦ ਇਹ ਜਗਹ ਸਿਖ ਇਤਿਹਾਸ ਵਿਚ ਇਕ ਇਤਿਹਾਸਿਕ ਤੇ ਅਧਿਆਤਮਿਕ ਜਗਹ ਦੀ ਤੋਰ ਤੇ ਜਿਥੇ 40 ਮੁਕਤਿਆਂ ਦੇ ਸਿਖੀ ਸਿਦਕ ਦਾ ਅਥਾਹ ਸੋਮਾ ਹੈ , ਹਮੇਸ਼ਾ ਲਈ ਅਮਰ ਹੋ ਗਈ ਇਸ ਬਾਰੇ ਇਕ ਸ਼ਾਇਰ ਨੇ ਲਿਖਿਆ ਹੈ :

ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬੇਹਤਰ ਹੈ ਕਾਅਬਾ।

ਸ਼ਹੀਦੋਂ ਕੀ ਖਾਕ ਪੈ ਤੋ ਖੁਦਾ ਖੁਦ ਭੀ ਕੁਰਬਾਨ ਹੋਤਾ ਹੈ।।

ਮੁਕਤਸਰ ਦੀ ਜੰਗ ਗੁਰੂ ਸਾਹਿਬ ਦੀ ਮੁਗਲ ਹਕੂਮਤ ਨਾਲ ਆਖਰੀ ਜੰਗ ਸੀ। ਇਹ ਜੰਗ ਦੁਨਿਆ ਦੇ ਇਤਿਹਾਸ ਵਿਚ ਸਮੂਹਕ ਸ਼ਹਾਦਤ, ਅਸਾਵੀਂ ਟਕਰ ਤੇ ਜਿਤ ਦੀ ਅਦੁਤੀ ਮਿਸਾਲ ਹੈ। ਜਿਸ ਵਿਚ 40 ਸਿਖਾਂ ਨੇ 500 ਸਾਲ ਪੁਰਾਣੇ ਸਮਰਾਜ ਦੀ ਭਾਰੀ ਗਿਣਤੀ ਦੀ ਫੌਜ਼ ਦਾ ਰਾਹ ਰੋਕ ਲਿਆ ਤੇ ਉਸ ਨੂੰ ਆਪਣੇ ਮਕਸਦ ਵਿਚ ਕਾਮਯਾਬ ਨਹੀ ਹੋਣ ਦਿਤਾ।

ਮੁਕਤਸਰ ਤੋਂ ਪਿੰਡ ਸਰਨ ਹੁੰਦੇ ਨਾਥੋਨਾ ਆ ਗਏ। ਇਥੇ ਗੁਰੂ ਸਾਹਿਬ ਨੂੰ ਡੇਰਾ ਨਹੀਂ ਕਰਨ ਦਿਤਾ ਗਿਆ। ਨਾਥੋਨਾ ਤੋ ਗੁਪਤ੍ਸਰ ਪਹੁੰਚੇ ਜਿਥੇ ਨੋਕਰਾਂ ਨੇ ਤਨਖਾਹਾਂ ਮੰਗੀਆਂ। ਗੁਰੂ ਸਾਹਿਬ ਨੇ ਆਪਣੀ ਮਜਬੂਰੀ ਦਸੀ। ਫਿਰ ਛਤੀਆਣਾ ਆਏ। ਇਥੇ ਫਕੀਰ ਇਬ੍ਰਾਹਿਮ ਜੋ ਬੜੀ ਕਰਨੀ ਵਾਲਾ ਫਕੀਰ ਸੀ, ਇਨਾਂ ਦਾ ਸ਼ਰਧਾਲੂ ਬਣ ਗਿਆ ਤੇ ਆਖਰੀ ਉਮਰ ਤਕ ਗੁਰੂ ਸਹਿਬ ਦੀ ਹਜੂਰੀ ਵਿਚ ਰਿਹਾ।

ਜਦੋਂ ਗੁਰੂ ਸਾਹਿਬ ਲਖੀ ਜੰਗਲ ਪਹੁੰਚੇ ਤਾਂ ਤਨਖਾਹਦਾਰਾਂ ਨੇ ਗੁਰੂ ਸਾਹਿਬ ਦੇ ਘੋੜੇ ਦੀ ਲਗਾਮ ਪਕੜ ਲਈ ਕਿ ਅਗੇ ਅਸੀਂ ਤਾਂ ਜਾਣ ਦਿਆਂਗੇ ਸਾਡਾ ਲੇਖਾ ਨਿਬੇੜੋਗੇ। ਗੁਰੂ ਸਾਹਿਬ ਨੇ ਕਿਹਾ ਕੀ ਅਜ ਕਲ ਮਾਇਆ ਦੀ ਤੋਟ ਹੈ, ਅਕਾਲ ਪੁਰਖ ਜਲਦੀ ਹੀ ਕੁਝ ਕਰੇਗਾ, ਪਰ ਓਹ ਨਾ ਮੰਨੇ। ਗੁਰੂ ਸਾਹਿਬ ਨੇ ਕਿਹਾ ਕੀ ਇਕ ਪਾਸੇ ਮੈ ਤੇ ਦੂਜੇ ਪਾਸੇ ਮਾਇਆ, ਸਿਖੀ ਚਾਹੀਦੀ ਹੈ ਜਾਂ ਮਾਇਆ ਤਾਂ ਉਨਾ ਨੇ ਕਿਹਾ ਸਿਖ ਤੇ ਅਸੀਂ ਹਾਂ ਮਾਇਆ ਦੇ ਦਿਉ। ਇਨੇ ਨੂੰ ਇਕ ਸਿਖ ਮੋਹਰਾਂ ਦੀ ਛਟ ਲੇਕੇ ਆ ਗਿਆ। ਸਭ ਨੂੰ ਮੋਹਰਾਂ ਵੰਡ ਦਿਤੀਆ ਗਈਆਂ। ਓਹਨਾਂ ਦਾ ਮੋਹਰੀ ਸੀ ਓਸ ਕੋਲੋਂ ਪੁਛਿਆ ਤੈਨੂੰ ਕਿਸ ਹਿਸਾਬ ਨਾਲ ਤਨਖਾਹ ਚਾਹੀਦੀ ਹੈ ਤਾਂ ਉਸਨੇ ਕਿਹਾ ਕਿ ਮੈਨੂੰ ਤਾਂ ਸਿਖੀ ਚਾਹੀਦੀ ਹੈ। ਸਿਖੀ ਦਾ ਦਾਨ ਦੇਕੇ ਆਪਣੇ ਚਰਨਾ ਵਿਚ ਨਿਵਾਸ ਬਖਸ਼ੋ। ਗੁਰੂ ਸਾਹਿਬ ਨੇ ਉਸਨੂੰ ਆਸ਼ੀਰਵਾਦ ਦਿਤਾ ਤੇ ਕਿਹਾ, “ਤੂੰ ਸਿਖੀ ਦੀ ਜੜ ਮਾਲਵੇ ਵਿਚ ਰਖ ਲਈ ਹੈ “।

ਲਖੀ ਜੰਗਲ ਦੇ ਜਦ ਸੁੰਦਰ ਨਜ਼ਾਰੇ ਦੇਖੇ ਤਾਂ ਕੁਝ ਦੇਰ ਇਥੇ ਠਹਿਰਨ ਦਾ ਫੈਸਲਾ ਕਰ ਲਿਆ। ਚਿਰਾਂ ਤੋ ਵਿਛੜੇ ਸਿਖ, ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾ ਗੁਰੂ ਸਾਹਿਬ ਦੇ ਦਰਸ਼ਨ ਲਈ ਅਉਣ ਲਗ ਪਈਆਂ, ਕਵੀ ਤੇ ਢਾਡੀ ਜੋ ਆਨੰਦਪੁਰ ਛੋੜਨ ਤੋ ਬਾਅਦ ਵਿਛੜ ਗਏ ਮੁੜ ਆ ਜੁੜੇ। ਕੀਰਤਨ, ਦਰਬਾਰ, ਕਥਾ ਵਖਿਆਨ ਤੇ ਕਵੀ ਦਰਬਾਰ ਲਗਣ ਲਗ ਪਏ। ਮੁੜ ਕੇ ਓਹੀ ਰੋਣਕਾ ਜੋ ਕਦੀ ਆਨੰਦਪੁਰ ਸਾਹਿਬ ਵਿਚ ਸਨ। ਪਰ ਵਕ਼ਤ ਤੇ ਹਾਲਤ ਬਦਲ ਚੁਕੇ ਸਨ। ਇਥੇ ਕੁਝ ਦੇਰ ਠਹਿਰ ਕੇ ਪ੍ਰਚਾਰ ਕਰਦੇ ਕਰਦੇ ਸਾਬੋਂ ਕੀ ਤਲਵੰਡੀ ਜਾ ਪਹੁੰਚੇ ਇਥੇ ਹੋਰ ਸੰਗਤਾਂ ਦੇ ਨਾਲ ਨਾਲ ਉਨਾਂ ਦਾ ਪਰਿਵਾਰ ਵੀ ਆ ਪਹੁੰਚਿਆ। ਮਾਤਾ ਸੁੰਦਰੀ ਨੇ ਬਚਿਆਂ ਨੂੰ ਉਨ੍ਹਾ ਨਾਲ ਨਾ ਦੇਖਕੇ ਪੁਛਿਆ, ” ਬਚੇ ਨਹੀਂ ਦਿਸਦੇ ਪਏ ਕਿਥੇ ਹਨ ? ਤਾ ਗੁਰੂ ਸਾਹਿਬ ਨੇ ਖਾਲਸੇ ਵਲ ਸੰਬੋਧਨ ਕਰਕੇ ਕਿਹਾ:

ਇਨ ਪੁਤ੍ਰਨ ਕੇ ਸੀਸ ਪੈ ਵਾਰ ਦੀਆ ਸੁਤ ਚਾਰ

ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ

ਦਮਦਮਾ ਸਾਹਿਬ ਰਹਿੰਦੀਆਂ ਮਾਲਵੇ ਦੇ ਕਈ ਪਿੰਡਾਂ ਦਾ ਦੋਰਾ ਕੀਤਾ। ਮਾਤਾ ਸਾਹਿਬ ਕੋਰ ਅਕਸਰ ਉਨ੍ਹਾ ਦੇ ਨਾਲ ਹੋਇਆ ਕਰਦੇ ਸੀ। ਇਥੇ ਓਹ ਤਕਰੀਬਨ 9 ਮਹੀਨੇ ਰਹੇ, ਫਿਰ ਪਰਵਾਰ ਨੂੰ ਦਿੱਲੀ ਭੇਜ ਦਿਤਾ। ਕੁਝ ਸਮਾ ਵੇਹਿਲ ਮਿਲੀ ਤਾਂ ਭਾਈ ਮਨੀ ਸਿੰਘ ਤੋਂ ਗੁਰੂ ਅਰਜਨ ਦੇਵ ਜੀ ਦੀ ਬੀੜ ਨਵੇ ਸਿਰ ਤੋਂ ਸ਼ੁਰੂ ਕਰਵਾਈ। ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕਰਵਾਈ। ਜਿਸ ਥਾਂ ਤੇ ਬੀੜ ਲਿਖਵਾਣ ਦਾ ਕੰਮ ਕੀਤਾ ਉਸ ਥਾਂ ਦਾ ਨਾਂ ਗੁਰੂ ਕੀ ਕਾਂਸ਼ੀ ਪੈ ਗਿਆ। ਇਕ ਦਿਨ ਆਪਣੀਆਂ ਬਹੁਤ ਸਾਰੀਆਂ ਕਲਮਾ ਇਕ ਪਾਣੀ ਦੇ ਟੋਬੇ ਵਿਚ ਸੁਟੀਆ ਤੇ ਫੁਰਮਾਇਆ ਇਥੇ ਸਾਡੇ ਹਜ਼ਾਰਾਂ ਸੇਵਕ ਪੜਿਆ ਕਰਨਗੇ। ਇਸਦਾ ਨਾਮ ਕਲਮ ਗੜ ਰਖਿਆ।

Print Friendly, PDF & Email

Nirmal Anand