{:en}SikhHistory.in{:}{:pa}ਸਿੱਖ ਇਤਿਹਾਸ{:}

ਭਾਈ ਮੰਝ (ਅਨਿਨ ਸਿਖ -ਗੁਰੂ ਅਰਜਨ ਦੇਵ ਜੀ )

 ਤੇਰ੍ਹਵੀਂ ਸਦੀ ਵਿੱਚ ਇਕ ਮੁਸਲਮਾਨ ਪੀਰ ਹੋਇਆ ਸੀ  ਜਿਸ  ਨੂੰ ਸਖੀ ਸਰਵਰ ,ਸੁਲਤਾਨ, ਲੱਖ-ਦਾਤਾ, ਲਾਲਾਂ ਵਾਲਾ ਤੇ ਧੌਂਕਲੀਆ ਵੀ ਕਿਹਾ ਜਾਂਦਾ ਸੀ । ਉਸ ਦਾ ਅਸਲ ਨਾਮ ਸਈਅਦ ਅਹਿਮਦ ਸੀ।  ਸੰਨ 1220 ਵਿਚ ਬਗ਼ਦਾਦ ਤੋਂ ਉੱਠ ਕੇ ਉਹ ਮੁਲਤਾਨ ਜੋ ਅਜ ਕਲ ਪਾਕਿਸਤਾਨ ਵਿਚ ਹੈ ਦੇ ਪਿੰਡ ਸਿਆਲਕੋਟ ਵਿਖੇ ਆਣ ਆਬਾਦ ਹੋਇਆ। ਉਸ ਦੇ ਪੂਜਾ ਸਥਾਨਾਂ ਨੂੰ ਪੀਰਖਾਨਾ ਆਖ਼ਿਆ ਜਾਂਦਾ ਸੀ ।ਗੁਰੂ ਅਰਜਨ ਦੇਵ ਜੀ ਦੇ ਸਮੇਂ ਤੀਕ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਪੀਰਖਾਨੇ ਸਥਾਪਤ ਹੋ ਚੁਕੇ ਸਨ। ਬਹੁਤ ਸਾਰੇ ਮੁਸਲਮਾਨ ਅਤੇ ਅਨੇਕ ਹਿੰਦੂ ਉਸ ਦੇ ਮੁਰੀਦ ਬਣ ਚੁਕੇ ਸਨ।

ਸਖੀ ਸਰਵਰ, ਸਈਅਦ ਅਹਿਮਦ ਦੀ ਕਬਰ ਜ਼ਿਲ੍ਹਾ ਡੇਰਾ ਗਾਜ਼ੀ ਖਾਂ (ਪਾਕਿਸਤਾਨ) ਤੋਂ 20 ਮੀਲ ਪੱਛਮ ਤੇ ਪਿੰਡ ਨਗਾਹੇ ਵਿੱਚ ਸੀ । ਇਸ ਤਰ੍ਹਾਂ ਇਹ ਸਖੀ ਸਰਵਰੀਆਂ ਦਾ ਮੁੱਖ ਅਸਥਾਨ ਬਣ ਗਿਆ । ਇਥੇ ਆਪਣੇ-ਆਪਣੇ ਇਲਾਕੇ ਦੇ ਮੁਖੀ, ਸਰਵਰੀਆਂ ਨੂੰ ਨਾਲ ਲੈ ਕੇ, ਸੁਲਤਾਨ ਦਾ ਝੰਡਾ ਚੁੱਕੀ ਢੋਲ ਵਜਾਉਂਦੇ, ਪੀਰ ਦੀ ਉਸਤਤੀ ਦੇ ਗੀਤ ਗਾਉਂਦੇ, ਹਰ ਸਾਲ ਨਗਾਹੇ ਦੀ ਯਾਤਰਾ ਲਈ ਜਾਂਦੇ ਸਨ ।ਕਈ ਤਰਹ ਦੀਆਂ ਸਾਖੀਆਂ ਜਿਵੇਂ ਹੋਰਾਂ  ਪੀਰਾਂ, ਫਕੀਰਾਂ, ਸਾਧਾਂ, ਸੰਤਾਂ, ਬਾਬਿਆਂ ਦੇ ਨਾਲ ਜੁੜੀਆਂ ਹੁੰਦੀਆਂ ਹਨ ਇਨ੍ਹਾ ਨਾਲ ਵੀ ਜੁੜੀਆਂ ਸਨ  ਜਿਵੇਂ  ਇਨ੍ਹਾ ਦੀ ਸੇਵਾ  ਤੇ ਅਰਾਧਨਾ ਕਰਨ ਨਾਲ  ਰੋਗ ਕੱਟ ਜਾਂਦੇ ਹਨ1 ਜ਼ਮੀਨ, ਧਨ-ਦੌਲਤ, ਇੱਜ਼ਤ ਤੇ ਪੁੱਤਰਾਂ ਦੀ ਦਾਦ ਦੇਣ ਵਾਲਾ , ਲਹਿਰਾਂ-ਬਹਿਰਾਂ ਕਰਣ ਵਾਲਾ , ਆਦਿ, ਆਦਿ। ਇਸ ਕਰਕੇ ਪੀਰ ਦੀ ਦੂਰ-ਦੂਰ ਤਕ ਪ੍ਰਸਿੱਧੀ ਹੋ ਗਈ।

ਪਿੰਡ ਵਿਚਲੇ ਸਥਾਪਤ ਪੀਰਖਾਨੇ ਵਿੱਚ ਪੀਰ ਦੀ ਕਬਰ ਬਣਾਈ ਜਾਂਦੀ, ਜਿਥੇ ਵੀਰਵਾਰ ਦੇ ਵੀਰਵਾਰ ਸੁਲਤਾਨੀਏ ਜਮ੍ਹਾਂ ਹੁੰਦੇ ਅਰ ਭੇਟਾ ਚੜ੍ਹਾਉਂਦੇ। ਢੋਲ ਢਮਕਿਆਂ ਨਾਲ ਪੀਰ ਦੇ ਗੁਣ ਗਾਉਂਦੇ।  ਸਵਾ ਮਣ ਆਟੇ ਦਾ ਮਿਠਾ ਰੋਟ ਪਕਾਕੇ ਪੀਰ ਦੀ ਕਬਰ ਉਤੇ ਚੜ੍ਹਾਇਆ ਜਾਂਦਾ। ਭਿਰਾਈ ਮੰਤਰ ਪੜ੍ਹ ਕੇ ਕੁਝ ਰੋਟ ਆਪ ਲੈ ਲੈਂਦਾ ਅਤੇ ਬਾਕੀ ਪੈਰੋਕਾਰਾਂ ਵਿੱਚ ਵੰਡ ਦਿੰਦਾ।

ਭਾਈ ਮੰਝ ਵੀ ਸਖੀ ਸਰਵਰ ਪੀਰ ਨਿਗਾਹੇ ਦੇ ਭਗਤ ਸਨ ਤੇ ਹਰ ਸਾਲ  ਜਥੇ ਨਾਲ ਪੀਰ ਨਿਗਾਹੇ ਦੀ ਕਬਰ ਤੇ ਜਾਇਆ ਕਰਦੇ ਸਨ 1 ਉਹ ਪਿੰਡ ਕੰਗ ਮਈ ਜ਼ਿਲਾ ਤੇ ਤਹਿਸੀਲ ਹੁਸ਼ਿਆਰਪੁਰ, (ਹੁਸ਼ਿਆਰਪੁਰ ਦੇ ਸਟੇਸ਼ਨ  ਤੋ 11 ਮੀਲ ਦੀ ਦੂਰੀ ਸੀ) ਦੇ ਜਮ-ਪਲ ਸਨ  1 ਪਿੰਡ ਦੇ ਚੋਧਰੀ ਦੀ ਹ੍ਸੀਅਤ ਰਖਦੇ ਸੀ ,ਬੇਸ਼ੁਮਾਰ ਦੋਲਤ ਤੇ ਸਤਕਾਰ ਸੀ ਉਨ੍ਹਾ ਕੋਲ  1 ਉਸਨੇ ਆਪਣੇ ਪਿੰਡ  ਵਿਚ ਇਕ ਪੀਰਖਾਨਾ ਬਣਵਾਇਆ ਹੋਇਆ ਸੀ ਜਿਥੇ  ਹਰ ਵੀਰਵਾਰ ਨੇਮ ਨਾਲ ਰੋਟ ਚੜਾਉਂਦੇ ਸੀ 1 1585 ਵਿਚ ਉਹ ਪੀਰ  ਨਿਗਾਹੇ ਦੇ ਜਥੇ ਨਾਲ  ਯਾਤਰਾ ਦੀ ਵਾਪਸੀ ਦੇ ਸਮੇ  ਅਮ੍ਰਿਤਸਰ ਦੇ ਦਰਸ਼ਨ ਕਰਨ ਆਏ 1 ਇਥੋਂ ਦੀ ਸੇਵਾ ਰਹਿਣੀ. ਬਹਿਣੀ, ਕਥਨੀ ਤੇ ਕਰਨੀ ਦੇਖ ਕੇ ਆਪਣੇ ਜਥੇ ਸਮੇਤ ਗੁਰੂ ਅਰਜਨ ਦੇਵ ਜੀ ਕੋਲ ਆਏ ਤੇ ਸਿਖੀ ਦੀ ਦਾਤ ਮੰਗੀ1

ਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ ਕੀ ਸਿਖੀ ਇਤਨੀ ਅਸਾਨ ਨਹੀਂ ਹੈ ਖੰਡੇ ਦੀ ਧਾਰ ਤੇ ਤੁਰਨਾ ਪੈਦਾਂ ਹੈ1 ਪਰ ਜਦ ਮੰਝ ਨੇ ਹਠ ਕੀਤਾ ਤੇ ਗੁਰੂ ਸਾਹਿਬ ਨੇ ਕਿਹਾ ਕਿ ਪੁਰਖਾ ਸਖੀ ਉਤੇ ਸਿਖੀ ਨਹੀਂ ਟਿਕਦੀ1 ਭਾਈ ਮੰਝ ਸਮਝ ਗਿਆ ਤੇ ਪਿੰਡ ਆਕੇ ਪੀਰਖਾਨਾ ਢਾਹ ਦਿਤਾ  ਤੇ ਉਥੇ ਧਰਮਸਾਲ ਬਣਵਾ ਦਿਤੀ 1 ਲੋਕ ਬੜੇ ਨਿਰਾਸ਼ ਹੋਏ  1 ਭਾਈ ਮੰਝ ਨੂੰ ਬੁਰਾ ਭਲਾ ਕਿਹਾ1  ਭਾਈ ਮੰਝ ਨੇ ਬਥੇਰਾ ਸਮਝਾਣ ਦੀ ਕੋਸ਼ਿਸ਼ ਕੀਤੀ  ਕਿ ਪੀਰਾਂ, ਫਕੀਰਾਂ, ਜਾਦੂ, ਟੂਣਿਆਂ ਨੂੰ ਛੱਡ ਕੇ ਇਕ ਪਰਮਾਤਮਾ ਦੇ ਉਪਾਸ਼ਕ ਬਣੋ, ਜਿਸ ਨੇ ਸਭ ਨੂੰ ਪੈਦਾ ਕੀਤਾ ਹੈ। ਇਸੇ ਵਿੱਚ ਹੀ ਅਸਲੀ ਆਤਮਕ ਸੁਖ ਹੈ।ਪਰ ਨਹੀਂ , ਉਨ੍ਹਾਂ ਨੇ ਭਾਈ ਮੰਝ ਨੂੰ ਬਰਾਦਰੀ ਵਿੱਚੋਂ ਛੇਕ ਦਿੱਤਾ। ਉਨ੍ਹਾਂ ਦਾ ਜੋ ਦੇਣਾ ਸੀ ਦੱਬ ਲਿਆ।  ਲੈਣਦਾਰ  ਤੰਗ ਕਰਨ ਲਗੇ । ਜੋ ਪੱਲੇ ਸੀ ਦੇ ਦਿੱਤਾ। ਜਦ ਪੱਲਿਓਂ ਮੁੱਕ ਗਿਆ ਤਾਂ ਲਹਿਣੇਦਾਰ ਘਰ ਦਾ ਸਾਮਾਨ ਚੁੱਕ ਕੇ ਲੈ ਗਏ। ਡੰਗਰ ਵੱਛਾ ਖੋਲ੍ਹ  ਲਏ1 ਭਾਈ ਜੀ ਸ਼ਾਂਤਮਈ ਨਾਲ ਸਭ ਕੁਝ ਝਲਦੇ ਰਹੇ।  ਪਿੰਡ ਅਤੇ ਆਸ-ਪਾਸ ਕੋਈ ਕੰਮ ਨਾ ਮਿਲਣ ‘ਤੇ, 11 ਮੀਲ ਪੈਂਡਾ ਝਾਗ ਸ਼ਹਿਰ ਹੁਸ਼ਿਆਰਪੁਰ ਵਿੱਚ ਮਿਹਨਤ-ਮਜ਼ਦੂਰੀ ਕਰਦੇ ਤੇ ਗਰੀਬ ਗੁਰਬੇ ਨਾਲ ਜੋ ਮਿਲਦਾ ਵੰਡ ਕੇ ਛਕਦੇ ਤੇ  ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ।

ਛੇ ਮਹੀਨੇ ਲੰਘ ਗਏ। ਮਿਹਰਾਂ ਦੇ ਸਾਂਈ, ਸਤਿਗੁਰੂ ਜੀ ਨੇ ਸਿੱਖ ਦਾ ਹੌਸਲਾ ਜਾਚਣ ਵਾਸਤੇ ਹਜ਼ੂਰੀ ਗੁਰਸਿੱਖ (ਮੇਵੜੇ) ਹੱਥੀਂ ਹੁਕਮਨਾਮਾ ਭੇਜਿਆ। ਭਾਈ ਮੰਝ ਸਾਹਮਣੇ ਹੁਕਮਨਾਮੇ ਦੀ ਦਰਸ਼ਨ ਭੇਟਾ ਲਈ ਵੀ ਕੁਝ ਨਹੀਂ ਸੀ। ਭਾਈ ਮੰਝ ਜੀ ਨੇ ਹੁਕਮਨਾਮਾ ਵਸੂਲ ਕੀਤਾ। ਮੱਥਾ ਟੇਕਿਆ, ਚੁੰਮਿਆ, ਅੱਖਾਂ ਨਾਲ ਲਾਇਆ ਅਤੇ ਬੜੀ ਖੁਸ਼ੀ ਅਤੇ ਸਤਿਕਾਰ ਭਾਵਨਾ ਨਾਲ ਪੜ੍ਹਿਆ। ਹੁਕਮਨਾਮੇ ਵਿੱਚ ਸਬਰ ਸਬੂਰੀ ਨਾਲ, ਗੁਰੂ ਦੇ ਭਾਣੇ ਵਿੱਚ ਰਹਿੰਦਿਆਂ ਨਾਮ ਜਪਣ, ਕਿਰਤ ਕਰਨ, ਵੰਡ ਛਕਣ, ਸੇਵਾ, ਪਰਉਪਕਾਰ, ਹਲੀਮੀ ਦਾ ਜੀਵਨ ਜੀਣਾ  ਦ੍ਰਿੜ ਕਰਾਇਆ ਗਿਆ ।

ਹੁਕਮਨਾਮਾ ਪਾ ਕੇ ਭਾਈ ਮੰਝ ਖੁਸ਼ੀ ਵਿੱਚ ਸਮਾਉਂਦੇ ਨਹੀਂ ਸਨ। ਭਾਵੇਂ ਗੁਰੂ ਦਰਬਾਰ ਹਾਜ਼ਰ ਹੋਣ ਦਾ ਕੋਈ ਵੇਰਵਾ ਨਹੀਂ ਸੀ ਪਰ ਇਹ ਗੱਲ ਘੱਟ ਨਹੀਂ ਸੀ ਕਿ ਸਤਿਗੁਰੂ ਜੀ ਨੇ ਯਾਦ ਕੀਤਾ ਹੈ। ਹੁਣ ਪਿੰਡ ਦੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਪ੍ਰਤੀ ਸ਼ਰਧਾ ਨਿੰਮਣ ਲੱਗੀ। ਆਪਣੇ ਪਰਿਵਾਰ ਨੂੰ ਵੀ ਗੁਰੂ ਪਾਸੇ ਲਗਾ ਦਿਤਾ 1 ਉਹ ਅੱਗੇ ਨਾਲੋਂ ਵਧ  ਹਲੀਮ ਤੇ ਸਿਦਕੀ ਹੋ ਗਏ 1  “ਜੇ ਭੁਖ ਦੇਹਿਂ ਤ ਇਤ ਹੀ ਰਾਜਾਂ ਦੁਖ ਵਿਚਿ ਸੂਖ ਮਨਾਈਂ” ਵਾਲੀ ਅਵਸਥਾ ਹੋ ਗਈ ।ਥੋੜ੍ਹਾ ਖਾਣ, ਥੋੜ੍ਹਾ ਸੌਣ ਤੇ ਸਖ਼ਤ ਮਿਹਨਤ ਨਾਲ ਭਾਈ ਮੰਝ ਦਾ ਸਰੀਰ ਭਾਵੇ  ਲਿੱਸਾ ਹੋ ਗਿਆ ਸੀ, ਪਰ  ਆਤਮਾ ਉਨ੍ਹਾਂ ਦੀ ਅੱਗੇ ਨਾਲੋਂ ਕਿਤੇ ਜ਼ਿਆਦਾ ਬਲਵਾਨ ਤੇ  ਚੜ੍ਹਦੀਆਂ ਕਲਾ ਵਿਚ ਹੋ ਗਈ  1 ਇਸ ਤਰ੍ਹਾਂ ਕੁਝ ਸਮਾਂ ਹੋਰ ਲੰਘ ਗਿਆ।ਆਖਰ “ਚਰਨ ਸਰਨਿ ਗੁਰ ਏਕ ਪੈਂਡਾ ਜਾਇ ਚਲ, ਸਤਿਗੁਰ ਕੋਟਿ ਪੈਂਡਾ ਆਗੇ ਹੋਇ ਲੇਤ ਹੈ॥” ਦੀ ਭਾਵਨਾ ਪੂਰੀ ਹੋਈ। ਸਿੱਖ ਦੇ ਸਿਦਕ ਨੇ ਸਤਿਗੁਰੂ ਜੀ ਦੇ ਹਿਰਦੇ ਖਿੱਚ ਪਾਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਨੂੰ ਹਾਜ਼ਰ ਹੋਣ ਦਾ ਹੁਕਮਨਾਮਾ ਭੇਜਿਆ।  ਬੜੇ ਚਾਅ ਤੇ ਉਮਾਹ ਨਾਲ ਭਾਈ ਮੰਝ ਮੇਵੜੇ ਸਿੱਖ ਦੇ ਹਮਰਾਹ ਗੁਰੂ ਕੇ ਚੱਕ ਗੁਰੂ-ਚਰਨਾਂ ਵਿੱਚ ਜਾ ਹਾਜ਼ਰ ਹੋਏ। ਜਾਣੀਂ-ਜਾਣ ਸਤਿਗੁਰੂ ਬੋਲੇ “ਭਾਈ ਮੰਝ ਆ ਗਿਆ ਏਂ? ਜਾਹ ਫਿਰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ  ਸੇਵਾ, ਸਿਮਰਨ ਤੇ ਪਰਉਪਕਾਰ ਵਿੱਚੋਂ ਹੀ ਸਿੱਖੀ ਮਿਲਣੀ ਹੈ।”

 ਭਾਈ ਮੰਝ ਨੇ ਸਿਮਰਨ ਤੇ ਸੇਵਾ ਆਪਣਾ ਨਿਤ ਦਾ ਕਰਮ ਬਣਾ ਲਿਆ 1 ਸਵੇਰੇ ਕੀਰਤਨ ਕਥਾ ਤੋ ਉਪਰੰਤ ਮਹਾਰਾਜ ਦੇ ਘੋੜਿਆ ਲਈ ਘਾਹ ਘੋਦ ਕੇ ਲਿਆਂਦਾ, ਫਿਰ ਜੰਗਲ ਵਿਚ ਲੰਗਰ ਲਈ ਲਕੜੀਆਂ ਕਟ ਕੇ ਲਿਆਂਦਾ , ਫਿਰ ਲੰਗਰ ਦੇ ਸੇਵਾ ਕਰਦਾ . ਜੂਠੇ ਭਾਂਡੇ ਮਾਂਜਦਾ 1 ਇਕ ਦਿਨ ਗੁਰੂ ਅਰਜਨ ਦੇਵ ਜੀ ਦਾ  ਲੰਗਰ ਖਾਨੇ ਤੋ ਬਾਹਰ ਉਸ ਨਾਲ ਮੇਲ ਹੋ ਗਿਆ 1 ਗੁਰੂ ਸਾਹਿਬ ਨੇ   ਉਸਤੋਂ ਪੁਛ ਲਿਆ ਕਿ ਤੁਸੀਂ ਪ੍ਰਸ਼ਾਦਾ ਕਿਥੋਂ ਛਕਦੇ ਹੋ ਤਾ ਕਹਿਣ ਲਗਾ ਕਿ ਪ੍ਰਸ਼ਾਦਾ ਤਾਂ  ਮੈਂ ਲੰਗਰ ਵਿਚੋਂ ਛਕਦਾ ਹਾਂ ਤਾ ਗੁਰੂ ਸਾਹਿਬ ਨੇ ਸੁਭਾਵਕ ਹੀ ਕਹਿ ਦਿਤਾ ਭਾਈ! ਸੇਵਾ ਉਹ ਹੁੰਦੀ ਹੈ ਜੋ ਨਿਸ਼ਕਾਮ ਕੀਤੀ ਜਾਵੇ। ਬਦਲੇ ਵਿੱਚ ਕੁਝ ਨਾ ਲਿਆ ਜਾਵੇ,ਨਾ ਮੰਗਿਆ ਜਾਵੇ, ਨਾ ਇੱਛਾ ਕੀਤੀ ਜਾਵੇ।ਇਹ ਤਾਂ ਮਜਦੂਰੀ ਹੋਈ 1  ਸੋ ਭਾਈ, ਜੇ ਪਰਮ-ਪਦ ਪ੍ਰਾਪਤ ਕਰਨੀ ਹੈ ਤਾਂ ਲੰਗਰ ਵਿੱਚੋਂ ਰੋਟੀ-ਪਾਣੀ ਛਕਣਾ ਛੱਡ ਦੇਹ। ਕਮਾਈ ਕਰਕੇ ਰੋਟੀ ਖਾਹ। ਨਾਮ ਦਾ ਜਾਪ, ਸੇਵਾ, ਕਿਰਤ ਕਮਾਈ, ਵੰਡ ਕੇ ਛਕਣਾ ਗੁਰਸਿੱਖੀ ਦੇ ਥੰਮ੍ਹ ਹਨ।”  1 ਉਸ ਦਿਨ ਤੋ ਬਾਅਦ ਉਹ ਸੇਵਾ ਤੇ ਉਸੇ ਨਾਲ ਲਗਣ ਨਾਲ ਕਰਦਾ ਰਿਹਾ ਪਰ ਲੰਗਰ ਨਹੀਂਸੀ ਛਕਦਾ 1  ਸਾਰਾ ਦਿਨ ਦੀ ਮੇਹਨਤ ਤੋਂ ਬਾਅਦ ਜੋ ਸਰਦਾ ਖਾ ਲੈਂਦਾ 1 ਸਿਖ ਵੀ ਇਹ ਸਭ ਦੇਖਕੇ ਤਰਾਹ ਤਰਾਹ ਕਰਨ ਲਗ ਪਏ 1ਪਰ ਗੁਰੂ ਸਾਹਿਬ ਨੇ ਉਸ ਨੂੰ ਪਕਿਆਂ ਕਰਨਾ ਸੀ1

ਗੁਰੂ ਅਰਜਨ ਦੇਵ ਜੀ ਨੇ  ਇਸੇ ਤਰ੍ਹਾਂ ਸਿੱਖ ਦਾ ਸਿਦਕ ਵੇਖਣ ਲਈ ਇਕ ਦਿਨ  ਆਖਿਆ, “ਭਾਈ, ਤੈਂ ਸਿੱਖ ਹੋ ਕੇ ਕੀ ਖੱਟਿਆ? ਧਨ ਨਾਸ ਹੋ ਗਿਆ ਅਤੇ ਰਾਤ ਦਿਨੇ ਤੈਨੂੰ ਭੀ ਚੈਨ ਨਹੀਂ।” ਜਾ ਘਰ ਚਲਾ ਜਾ ਤੇ ਜਾਕੇ  ਘਰ ਦੀ ਖਬਰ ਲਵੋ 1 ਤਾਂ ਮੰਝ ਨੇ ਗੁਰੂ ਸਾਹਿਬ ਦੇ ਪੈਰ ਪਕੜ ਲਏ ਤੇ ਕਿਹਾ ,’ ਮਹਾਰਾਜ ਇਨ੍ਹਾ ਚਰਨਾ ਨਾਲੋ ਵਿਛੜਨ ਦੀ ਗਲ ਨਾ ਕਰਨਾ 1 ਝੂਠੀ ਮਾਇਆ ਗਵਾ ਕੇ ਮੈਨੂੰ ਸਚਾ ਧੰਨ ਮਿਲਿਆ ਹੈ 1 ਸੁਪਨੇ ਦਾ ਧੰਨ ਚਲਾ ਜਾਏ ਤਾਂ ਕਿਆ ਘਟ ਜਾਂਦਾ ਹੈ ” ਗੁਰੂ ਸਾਹਿਬ ਭਾਈ ਮੰਝ ਦਾ ਸਿਦਕ ਦੇਖ ਕੇ ਖੁਸ਼ ਹੋਏ1

  ਭਾਈ ਮੰਝ ਨੇਮ ਮੁਤਾਬਿਕ ਅੱਜ ਚੱਕ ਰਾਮਦਾਸ ਤੋਂ  ਦੋ ਕੁ ਮੀਲ ਦੀ ਵਿੱਥ ਤੇ ਪਿੰਡ ਚਾਟੀਵਿੰਡ ਦੀ ਜੂਹ ਚੋਂ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਲੈ ਕੇ ਆ ਰਹੇ ਸਨ ਕਿ ਕਾਲੀ-ਬੋਲ਼ੀ ਹਨ੍ਹੇਰੀ ਆ ਗਈ। ਲੱਕੜਾਂ ਦਾ ਭਾਰੀ ਗੱਠਾ, ਜੰਗਲ ਦਾ ਬਿਖੜਾ ਪੈਂਡਾ, ਬੇਓੜਕ ਹਨ੍ਹੇਰੀ। ਭਾਈ ਮੰਝ ਇਕ ਕਦਮ ਅੱਗੇ ਨੂੰ ਪੁੱਟਣ, ਤੇਜ਼ ਹਵਾ ਚਾਰ ਕਦਮ ਪਿੱਛੇ ਨੂੰ ਧੱਕ ਦੇਵ। ਬਚਾਅ ਵਾਸਤੇ ਕਿਸੇ ਰੁੱਖ ਜਾਂ ਝਾੜ ਦਾ ਆਸਰਾ ਤੱਕ ਬੈਠ ਜਾਣ ਨਾਲ ਗੁਰੂ ਕੇ ਲੰਗਰ ਵਿੱਚ ਲੱਕੜਾਂ ਪਹੁੰਚਾਉਣ ਵਿੱਚ ਦੇਰੀ ਹੋ ਜਾਣੀ ਸੀ। ਫੇਰ ਮੇਘੇ (ਮੀਂਹ) ਦਾ ਕੀ ਪਤਾ, ਕਦੋਂ ਛਹਿਬਰ ਲਾ ਦੇਵੇ ਤੇ ਬਾਲਣ ਭਿੱਜ ਜਾਵੇ। ਭਾਈ ਮੰਝ ਜੀ ਸਿਰੜ ਤੇ ਸਿਦਕ ਨਾਲ ਗੁਰੂ ਆਸਰੇ ਗੁਰੂ ਕੇ ਚੱਕ ਦੀ ਸੇਧ ਰੱਖ ਕੇ  ਤੁਰੇ ਜਾ ਰਹੇ ਸਨ। ਹਨੇਰੀ ਨਾਲ ਹਨੇਰਾ ਵੀ ਹੋ ਗਿਆ1 ਉਹ ਰਾਹ ਖੁੰਜ ਗਏ ਭਾਈ ਮੰਝ ਨੂੰ ਸੁਲਤਾਨਵਿੰਡ ਪਿੰਡ ਦੇ ਲਾਗੇ ਖੂਹ ਦਾ ਪਤਾ ਨਾ ਲੱਗਾ ਅਤੇ ਉਹ ਲੱਕੜੀਆਂ ਦੇ ਗੱਠੇ ਸਮੇਤ ਉਸ ਵਿੱਚ ਜਾ ਪਏ।

ਖੂਹ ਵਿਚ ਪਾਣੀ ਬਹੁਤਾ ਨਹੀਂ ਸੀ। ਆਪਣੇ ਨਾਲੋਂ ਜਿਆਦਾ ਭਾਈ ਸਾਹਿਬ ਨੂੰ ਲਕੜਾਂ ਦਾ ਫਿਕਰ ਸੀ ਕਿਤੇ ਗਿਲੀਆਂ ਨਾ ਹੋ ਜਾਣ, ਕਿਤੇ ਪਹੁੰਚਣ  ਵਿਚ ਦੇਰ ਨਾ ਹੋ ਜਾਵੇ1   ਉਹ ਲਕੜਾਂ ਦਾ  ਗੱਠਾ ਸਿਰ ਤੇ ਚੁੱਕੀ ਖੜ੍ਹੇ ਖਲੋਤੇ ਗੁਰੂ-ਚਰਨਾਂ ਨਾਲ ਜੁੜ ਗਏ। 1 ਜਦ ਕਾਫੀ ਰਾਤ ਹੋ ਗਈ, ਭਾਈ ਸਾਹਿਬ ਨਾ ਪਹੁੰਚੇ ਤੇ ਕੁਝ ਸਿਖ ਢੂਂਢਣ ਨਿਕਲ ਪਏ 1 ਜਦ ਉਨ੍ਹਾ ਨੂੰਖੂਹ ਵਿਚੋਂ  ਸਿਮਰਨ ਕਰਨ ਦੀ ਅਵਾਜ਼ ਆਈ ਤਾਂ ਖੂਹ ਕੋਲ ਗਏ 1ਹੋਰ ਸਿਖਾਂ ਨੂੰ ਇੱਕਠਾ ਕੀਤਾ ਤੇ ਰਸਾ ਖੂਹ ਵਿਚ ਲਟਕਿਆ1  ਮੰਝ ਨੂੰ ਕਿਹਾ ਕੀ ਲਕੜਾਂ ਸੁਟਕੇ ਰਸਾ ਪਕੜ ਕੇ ਤੂੰ ਉਪਰ ਆਜਾ ਤਾਂ ਭਾਈ ਮੰਝ ਨਹੀਂ ਆਏ ਇਹ ਸੋਚ ਕੇ ਲਕੜਾਂ ਗਿਲੀਆਂ ਹੋ ਗਈਆਂ ਤਾਂ  ਸਵੇਰੇ ਲੰਗਰ ਕਿਵੇਂ ਪਕੇਗਾ 1 ਕਹਿਣ ਲਗੇ ਪਹਿਲੇ ਲਕੜਾਂ ਨੂੰ ਕਢੋ ਫਿਰ ਉਹ ਵੀ ਆ ਜਾਣਗੇ ਤੇ ਇਹ ਕਹਿਕੇ ਲਕੜਾਂ ਦਾ ਗਠਾ ਉਸਨੇ ਰਸੇ ਨਾਲ ਬੰਨ ਦਿਤਾ 1ਜਦ ਗੁਰੂ ਸਾਹਿਬ ਨੂੰ ਪਤਾ ਲਗਾ ਤਾਂ ਉਹ ਵੀ ਉਥੇ ਪਹੁੰਚ ਗਏ 1  ਸਿਖੀ ਸਿਦਕ ਦੀ ਹੱਦ ਦੇਖਕੇ ਸਭ ਨੇ ਸਿਰ ਝੁਕਾਇਆ 1 ਜਦ ਬਾਹਰ ਨਿਕਲੇ ਤਾਂ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਿਆ ਗੁਰੂ ਸਾਹਿਬ ਨੇ ਉਸਨੂੰ ਆਪਣੇ ਸੀਨੇ ਨਾਲ ਲਗਾ ਲਿਆ 1 ਕੁਝ ਮੰਗਣ ਲਈ ਕਿਹਾ 1 ਤਾਂ ਉਸਨੇ ਗੁਰੂ ਸਾਹਿਬ ਤੋਂ ਮੰਗਿਆ ,”ਕੀ ਮੇਰੇ ਅੰਦਰ ਕੁਝ ਮੰਗਣ ਦੀ ਬਿਰਤੀ ਹੀ ਖਤਮ ਹੋ ਜਾਏ ” ਗੁਰੂ ਸਾਹਿਬ ਨੇ ਫਿਰ ਕੁਝ ਮੰਗਣ ਲਈ ਕਿਹਾ ਤਾਂ ਉਸਨੇ ਮੰਗਿਆ ,” ਆਪਜੀ ਦੇ ਚਰਨਾ ਦਾ ਧਿਆਨ ਮਿਲੇ .ਸਿਮਰਨ ਕਦੇ ਨਾ ਭੁਲੇ ਤੇ ਜੇ ਤੁਠੇ ਹੋ ਤਾਂ ਸਿਦਕ ਦੀ ਦਾਤ ਦਿਉ 1

            ਮੰਝ ਪਿਆਰਾ ਗੁਰੂ ਕੋ , ਗੁਰੂ ਮੰਝ ਪਿਆਰਾ

           ਮੰਝ ਗੁਰੂ ਕਾ ਬੋਹਿਥਾ , ਜਗ ਲੰਘਣ ਹਰਾ 1

ਗੁਰੂ ਸਾਹਿਬ ਨੇ ਉਸ ਨੂੰ ਦੁਆਬੇ ਦੇ  ਇਲਾਕੇ ਦਾ ਪ੍ਰਚਾਰਕ ਬਣਾ ਦਿਤਾ 1 ਇਸਨੇ ਆਪਣੇ ਇਲਾਕੇ ਵਿਚ ਐਸਾ ਲੰਗਰ ਕਾਇਮ ਕੀਤਾ ਕਿ ਦੂਰ ਦੂਰ ਤਕ ਧੁਮਾਂ ਪੈ ਗਈਆਂ1 ਨਾਮ ਦੇ ਇਤਨੇ ਛਿਟੇ ਮਾਰੇ ਕੀ ਘਰ ਘਰ ਵਿਚ ਧਰਮਸਾਲ ਪ੍ਰਤਖ ਹੋ  ਗਈ1  1594  ਈਸਵੀ ਵਿੱਚ ਸਤਿਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਿੰਡ ਕੰਗਮਾਈ ਚਰਨ ਪਾ ਕੇ ਇਸ ਨੂੰ ਪਵਿੱਤਰ ਕੀਤਾ। ਭਾਈ ਮੰਝ ਦਾ ਗੁਰਮਤਿ ਪ੍ਰਚਾਰ  ਤੇ ਲੰਗਰ ਦਾ ਵਿਵਸਥਾ ਨੂੰ  ਦੇਖਕੇ ਦੁਆਬੇ ਵਿਚ ਕੰਗ ਮਾਈ ਨੂੰ ਸਿਖੀ ਦਾ ਥੰਮ ਕਹਿ ਕੇ ਨਿਵਾਜਿਆ 1 ਸਤਿਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਇਥੇ  ਗੁਰਦੁਆਰਾ ਸਾਹਿਬ ਸਸ਼ੋਭਿਤ ਹੈ। ਕਿਸੇ ਸਮੇਂ ਪਿੰਡ ਮਾਛੀਆਂ, ਗ੍ਰੰਥਪੁਰ ਤੇ ਕੰਗਮਾਈ ਦੀ ਸਾਰੀ ਜ਼ਮੀਨ ਇਸ ਗੁਰਦੁਆਰੇ ਦੇ ਨਾਂ ਸੀ, ਪਰ ਹੁਣ ਕੋਈ ਜ਼ਮੀਨ-ਜਾਗੀਰ ਨਹੀਂ ਹੈ। ਕੇਵਲ ਸਾਧ ਸੰਗਤ ਦੇ ਚੜ੍ਹਾਵੇ ਨਾਲ ਲੰਗਰ ਚਲਦਾ ਹੈ। ਇਸ ਇਲਾਕੇ ਦੇ ਲੋਕ ਬਹੁਤ ਪ੍ਰੇਮ ਨਾਲ ਦਰਸ਼ਨ ਕਰਨ ਆਉਂਦੇ ਹਨ। ਪਹਿਲੀ ਮਾਘ ਨੂੰ ਇਥੇ ਬਹੁਤ ਵੱਡਾ ਮੇਲਾ ਲੱਗਦਾ ਹੈ।

ਭਾਈ ਜੀ ਦੇ ਅਕਾਲ ਚਲਾਣੇ ਤੋ ਬਾਅਦ ਉਨ੍ਹਾ ਦੀ ਸਸਕਾਰ ਵਾਲੀ ਥਾਂ ਤੇ ਯਾਦਗਾਰ ਬਣਾਈ ਗਈ ਸੀ 1 ਦੁਆਬੇ ਦੇ ਲੋਕ ਬੜੀ ਸ਼ਰਧਾ ਨਾਲ ਇਥੇ ਆਉਂਦੇ ਹਨ1 ਪਿੰਡ ਸੁਲਤਾਨਵਿੰਡ (ਅੰਮ੍ਰਿਤਸਰ) ਦੇ ਨਜ਼ਦੀਕ ਜਿਸ ਖੂਹ ਵਿੱਚ ਭਾਈ ਮੰਝ ਡਿੱਗੇ ਸਨ, ਉਥੇ ਹੁਣ ਬੜਾ ਸੁੰਦਰ ਗੁਰਦੁਆਰਾ ਹੈ ਜੋ “ਖੂਹ ਭਾਈ ਮੰਝ” ਦੇ ਨਾਂ ਨਾਲ ਪ੍ਰਸਿੱਧ ਹੈ। ਗੁਰੂ ਕਾ ਲੰਗਰ ਹਰ ਵੇਲੇ ਚਲਦਾ ਹੈ। ਇਥੇ ਹਰ ਸਾਲ ਅੱਸੂ ਵਿੱਚ ਬਹੁਤ ਭਾਰੀ ਮੇਲਾ ਭਰਦਾ ਹੈ।

                ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »