{:en}SikhHistory.in{:}{:pa}ਸਿੱਖ ਇਤਿਹਾਸ{:}

ਭਾਈ ਮਰਦਾਨਾ (1459-1538)

ਭਾਈ ਮਰਦਾਨਾਂ ਗੁਰੂ ਨਾਨਕ ਸਾਹਿਬ ਦੇ  ਉਹ ਖੁਸ਼ ਨਸੀਬ ਸਾਥੀ -ਸੰਗੀ  ਸਨ ਜਿਨ੍ਹਾ ਨੇ ਆਪਣੀ ਜਿੰਦਗੀ ਦੇ ਪੂਰੇ 54 ਸਾਲ ਗੁਰੂ ਸਾਹਿਬ ਦਾ  ਸਾਥ ਨਿਭਾਇਆ  । ਪਹਾੜਾਂ  ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ-ਮਾਇਆ , ਮਰਦਾਨੇ ਨੂੰ ਗੁਰੂ ਸਾਹਿਬ ਨਾਲੋ ਤੋੜ ਨਾ ਸਕਿਆ  ਤੇ ਆਪਣੀ ਜਿੰਦਗੀ ਦਾ ਲੰਬਾ ਅਰਸਾ  ਉਸਨੇ ਗੁਰੂ ਸਾਹਿਬ ਤੋਂ ਕੁਰਬਾਨ ਕਰ ਦਿਤਾ 1 ਬਾਬੇ ਨਾਨਕ ਦੇ  ਸ਼ਬਦ ਤਾਂ ਅਮਰ ਸਨ ਹੀ  ਮਰਦਾਨੇ ਦੀ ਰਬਾਬ ਵੀ ਅਮਰ ਹੋ ਗਈ  1

ਭਾਈ ਮਰਦਾਨੇ ਦਾ ਜਨਮ 1459 ਨੂੰ ਰਾਇ-ਭੋਇ ਦੀ ਤਲਵੰਡੀ  ਵਿਖੇ ਬੀਬੀ ਲਖੋ ਦੀ ਕੁਖੋਂ  ਹੋਇਆ। ਉਸ ਦਾ ਪਿਤਾ, ਮੀਰ ਬਾਦਰੇ ,ਪਿੰਡ ਦਾ ਮਰਾਸੀ ਸੀ। ।ਮਰਦਾਨੇ ਦੇ ਪਹਿਲੇ ਸਾਰੇ ਭੈਣ ਭਰਾ ਪੈਦਾ ਹੋਣ ਤੋ ਬਾਅਦ ਮਰ ਜਾਂਦੇ ਸਨ। ਜਦੋਂ ਮਰਦਾਨਾ ਪੈਦਾ ਹੋਇਆ ਤਾਂ ਉਸਦੀ ਮਾਂ ਨੇ ਪੂਰੀ ਬੇ-ਦਿਲੀ ਤੇ ਨਿਰਾਸ਼ਤਾ ਵਿਚ ਉਸ ਨੂੰ ‘ਮਰ ਜਾਣਾ’ ਭਾਵ ਮਰ ਜਾਣ ਵਾਲਾ ਕਿਹਾ ਜਿਸ ਕਰਕੇ ਉਸਦਾ ਨਾਂ ਹੀ ਮਰਜਾਣਾ ਪੈ ਗਿਆ 1

ਉਨ੍ਹਾਂ ਦਿਨਾਂ  ਚਿੱਠੀ ਪਤਰ ਭੇਜਣ ਦਾ ਸਾਧਨ ਨਹੀਂ ਸੀ। ਆਮ ਤੋਰ ਤੇ ਮਰਾਸੀ ਇਹ ਕੰਮ ਕਰਿਆ ਕਰਦੇ ਸਨ। ਇਕ ਪਿੰਡ ਦੇ ਲੋਕਾਂ ਦੇ ਸੁਨੇਹੇ ਦੂਜਿਆਂ ਪਿੰਡਾ ਵਿਚ ਬੈਠੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ1 ਇਨ੍ਹਾ ਦਾ ਕਿਰਦਾਰ ਉਚਾ ਹੁੰਦਾ ਸੀ 1  ਲੋਕ ਇਨ੍ਹਾ ਨੂੰ ਸਮੇ ਤੇ ਮੋਸਮ ਦੇ ਹਿਸਾਬ ਨਾਲ ਆਪਣੇ ਘਰਾਂ ਵਿਚ ਰਹਿਣ ਦੀ ਜਗ੍ਹਾ ਵੀ ਦਿੰਦੇ, ਇਜ਼ਤ ਵੀ ਕਰਦੇ ਤੇ ਖਾਤਰ ਵੀ  । ਰਾਹ  ਦੀਆਂ ਤਕਲੀਫਾਂ ਸਹਾਰਨਾ ਉਨ੍ਹਾਂ ਦੀ ਆਦਤ ਬਣ ਚੁਕੀ  ਸੀ ਪਰ ਲੰਬੇ  ਰਸਤਿਆਂ ਦਾ ਖਾਲੀਪਨ ਦੂਰ  ਕਰਣ ਤੇ ਆਪਣੇ ਦਿਲ ਬਹਿਲਾਉਣ ਲਈ, ਗਾਉਣਾ  ਵਜਾਉਣਾ ਉਨ੍ਹਾਂ ਦਾ ਸ਼ੁਗਲ ਬਣ ਚੁਕਿਆ ਸੀ ।  ਭਾਈ ਮਰਦਾਨੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਹੋਣ ਤੋਂ ਇਲਾਵਾ, ਰਬਾਬ ਵਜਾਉਣ ਦਾ ਖਾਸ ਗੁਣ ਸੀ, ਜਿਸ ਤੋਂ ਪਰਭਾਵਿਤ ਹੋਕੇ ਉਹ ਮਰਦਾਨੇ ਨਾਲ ਇਕ-ਮਿਕ ਹੋ ਗਏ 1

 ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਰਾਇ ਬੁਲਾਰ ਦੇ ਦਸਾਂ ਪਿੰਡਾਂ ਦੇ ਪਟਵਾਰੀ ਸਨ। ਭਾਈ ਮਰਦਾਨੇ ਦੇ ਪਿਤਾ ਬਾਦਰਾ ਦਾ ਗੁਰੂ ਸਾਹਿਬ ਦੇ ਘਰੇਅਕਸਰ ਆਉਣਾ ਜਾਣਾ ਸੀ। ਮਰਾਸੀ ਹੋਣ ਦੇ ਨਾਤੇ ਉਸਦੇ ਟੱਬਰ ਦੀਆਂ ਲੋੜਾਂ, ਰੋਜ਼ੀ ਰੋਟੀ ਗੁਰੂ ਜੀ ਦੇ ਪਰਿਵਾਰ ਨਾਲ ਜੁੜੀਆਂ ਹੋਈਆਂ ਸਨ। ਗੁਰੂ ਨਾਨਕ ਸਾਹਿਬ ਦਾ ਮਰਦਾਨੇ ਨਾਲ ਪਹਿਲਾ ਮੇਲ ਲਗਭਗ ਸੰਨ 1480 ਵਿਚ ਹੋਇਆ ਦੱਸਿਆ ਗਿਆ ਹੈ ,ਜਦ ਗੁਰੂ ਸਾਹਿਬ ਸਿਰਫ 11 ਸਾਲਾਂ ਦੇ ਸੀ । ਜਦੋਂ ਗੁਰੂ ਨਾਨਕ ਸਾਹਿਬ ਦਰਖਤ ਦੀ ਛਾਂ ਥਲੇ ਲੇਟੇ ਹੋਏ ਸੀ ਤੇ ਨਾਲ ਹੀ ਕਿਤੇ ਮਰਦਾਨਾ ਰਬਾਬ ਵਜਾ ਰਿਹਾ ਸੀ 1 ਰਬਾਬ ਦੀ ਆਵਾਜ਼ ਇਤਨੀ ਮਿਠੀ ਸੀ ਕਿ  ਸੁਣ ਕੇ ਉਹ ਉਸ ਪਾਸੇ ਵਲ ਨੂੰ ਜਾ ਤੁਰੇ ਜਿਧਰੋਂ ਅਵਾਜ਼ ਆ ਰਹੀ  ਸੀ 1 ਜਦ ਉਹ ਇਤਨੀ ਮਿਠੀ ਤੇ ਸੁਰਾਂ ਦੀ ਲੈ ਨੂੰ ਸਮਝਣ ਵਾਲੀ ਅਵਾਜ਼ ਤਕ ਪਹੁੰਚੇ ਤਾ ਉਸਤੋਂ ਉਸਦਾ ਨਾਂ ਪੁਛਿਆ 1  ਉਸਨੇ ਕਿਹਾ ਮਰਜਾਣਾ 1 ਤਾਂ  ਗੁਰੂ ਸਾਹਿਬ ਨੇ ਉਸ ਰਬਾਬੀ ਦਾ ਹੁਨਰ ਦੇਖ ਕੇ ਉਸ ਨੂੰ ਸਦਾ ਲਈ ਅਮਰ ਕਰ ਦਿਤਾ ਉਸਦਾ ਨਾ ਮਰਦਾਨਾ ਰਖ ਦਿਤਾ ਮਤਲਬ ਮਰਦਾ -ਨਾ 1 ਬਸ ਉਸ ਦਿਨ ਤੋਂ ਬਾਅਦ ਦੋਵੇਂ ਪਿਆਰ ਦੇ ਬੰਧਨ ਵਿਚ ਐਸੇ  ਬੱਝੇ  ਕਿ ਇਕ ਦੂਜੇ ਨਾਲ ਚੋਲੀ ਦਾਮਨ ਦਾ ਰਿਸ਼ਤਾ ਬਣ ਗਿਆ। ਦੋਵੇਂ ਰਲ ਕੇ ਗਾਉਣ ਲੱਗੇ। ਦੋਹਾਂ ਦੀ ਸਾਂਝ ਰਾਗ ਸੀ। ਸ਼ਬਦ ਗਾਇਨ ਸੀ। ਗੁਰੂ ਨਾਨਕ ਜਦ ਵੀ ਬੋਲਦੇ ਇਹ ਕਹਿੰਦੇ ਮਰਦਾਨਿਆ ਰਬਾਬ ਵਜਾਇ ਬਾਣੀ ਆਈ ਏ। ਇਕ ਮੁਰਸ਼ਦ ਤੇ ਦੂਜਾ ਮੁਰੀਦ।

ਜਦ ਬਾਬੇ ਨਾਨਕ ਨੇ ਮਰਦਾਨੇ ਨੂੰ ਆਪਣੀ ਰੱਬੀ ਬਾਣੀ ਨਾਲ ਰਬਾਬ ਵਜਾਣ ਲਈ ਹਮੇਸ਼ਾਂ ਲਈ  ਸਾਥ ਦੇਣ ਲਈ ਕਿਹਾ ਕਿ ਇਸ ਨਾਲ ਤੇਰਾ ਉਧਾਰ ਹੋ ਜਾਵੇਗਾ ਤਾ ਮਰਦਾਨੇ ਨੇ ਉੱਤਰ ਦਿੱਤਾ, ”ਮਹਾਰਾਜ ਅਸੀਂ ਧਨੀ ਲੋਕਾਂ ਨੂੰ ਵਾਰਾਂ ਤੇ ਗੀਤ ਸੁਣਾ ਕੇ ਚਾਰ ਪੈਸੇ ਖੱਟ ਕੇ ਲਿਆਉਂਦੇ ਹਾਂ ਅਤੇ ਆਪਣਾ ਟੱਬਰ ਪਾਲਦੇ ਹਾਂ। ਜੇ ਮੈਂ ਤੁਹਾਡੀ ਸੰਗਤ ਵਿਚ ਰਹਿ ਕੇ ਸ਼ਬਦ ਹੀ ਗਾਉਂਦਾ ਰਿਹਾ ਤਾਂ ਮੇਰੇ ਬਾਲ ਬੱਚਿਆਂ ਦਾ ਗੁਜ਼ਰਾਨ ਕਿਵੇਂ ਹੋਵੇਗਾ? ਜਿਥੋਂ ਤੱਕ ਮੇਰੇ ਉਧਾਰ ਦਾ ਸੁਆਲ ਹੈ, ਉਸ ਦੀ ਮੈਨੂੰ ਚਿੰਤਾ ਨਹੀਂ। ਮੈਂ ਪੰਜ ਨਮਾਜ਼ਾਂ ਪੜ੍ਹਦਾ ਹਾਂ ਤੇ ਰੋਜ਼ੇ ਵੀ ਰੱਖਦਾ ਹਾਂ। ਉਧਾਰ ਮੇਰਾ ਮੇਰੇ ਦੀਨ ਦੇ ਮੁਤਾਬਕ ਹੋ ਹੀ ਜਾਵੇਗਾ। ਰੱਬ ਤੁਹਾਡਾ ਭਲਾ ਕਰੇ, ਤੁਸਾਂ ਮੇਰੇ ਰਾਗ ਨੂੰ ਸਲਾਹਿਆ, ਮੈਨੂੰ ਮਾਣ ਬਖ਼ਸ਼ਿਆ” 1 ਮਰਦਾਨੇ ਦਾ ਰਾਗ, ਉਸਦੀ ਸੁਰੀਲੀ ਆਵਾਜ਼ ਤੇ ਸਾਧੇ ਹੋਏ ਹੱਥਾਂ ਵਿਚਲੀ ਰਬਾਬ ਦੀ ਰਵਾਨਗੀ-ਬਾਬੇ ਨਾਨਕ ਨੂੰ ਇਤਨੀ ਭਾਅ ਗਈ ਕਿ ਦੋਸਤੀ ਦਾ ਮੁੱਢ ਬੱਝ ਗਿਆ ।

ਇਹ ਤਾਂ ਸਪੱਸ਼ਟ ਹੈ ਕਿ ਭਾਈ ਮਰਦਾਨੇ ਦਾ ਗੁਰੂ ਨਾਨਕ ਜੀ ਨਾਲ ਪਹਿਲਾ ਮੇਲ ਤਾਂ ਤਲਵੰਡੀ ਵਿਖੇ ਹੀ ਹੋਇਆ। ਤਲਵੰਡੀ ਵਿਖੇ ਲਗਭਗ 7 ਸਾਲ (1480-1487) ਤੱਕ ਆਪ ਨੇ ਗੁਰੂ ਜੀ ਦੀ ਸੰਗਤ ਕੀਤੀ ਤੇ ਆਪਣਾ ਟਬਰ ਵੀ ਪਾਲਦੇ ਰਹੇ । ਗੁਰੂ ਨਾਨਕ ਜੀ ਬਾਣੀ ਉਚਾਰਦੇ ਤੇ ਮਰਦਾਨਾ ਜੀ ਉਸ ਬਾਣੀ ਨੂੰ ਰਾਗ-ਬੱਧ ਕਰਕੇ ਗਾਉਂਦੇ। ਜਦੋਂ ਗੁਰੂ ਨਾਨਕ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਦੁਨਿਆਵੀ ਕੰਮਾਂ ਕਾਰਾਂ ਵੱਲ ਮੋੜਨ ਲਈ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਜੀ ਕੋਲ ਭੇਜ ਦਿੱਤਾ ਤਾਂ ਭਾਈ ਮਰਦਾਨਾ ਜੀ ਬਹੁਤ ਉਦਾਸ ਹੋਏ ਪਰ ਭਾਈ ਮਰਦਾਨੇ ਦੀ ਗੁਰੂ ਸਾਹਿਬ ਨੂੰ ਮਿਲਣ ਦੀ ਤਾਂਘ ਛੇਤੀ ਹੀ ਪੂਰੀ ਹੋ ਗਈ। ਮਹਿਤਾ ਕਾਲੂ ਜੀ ਨੇ ਭਾਈ ਮਰਦਾਨੇ ਨੂੰ ਤਲਵੰਡੀਓਂ ਸੁਲਤਾਨਪੁਰ ਵਿਖੇ ਗੁਰੂ ਸਾਹਿਬ ਦੀ ਖ਼ਬਰ-ਸਾਰ ਲੈਣ ਲਈ ਭੇਜਿਆ ਪਰ ਗੁਰੂ ਸਾਹਿਬ ਦਾ ਨਿੱਘਾ ਵਰਤਾਉ, ਪਿਆਰ, ਸਤਿਸੰਗ ਆਦਿ ਵੇਖ ਕੇ ਉਹ ਸਭ ਕੁਝ ਭੁੱਲ ਗਿਆ  ਬਾਬੇ ਨਾਨਕ ਦਾ ਹੋ ਕੇ ਹੀ ਰਹਿ ਗਿਆ। ਬੱਸ ਫਿਰ ਕੀ ਸੀ – ਸਾਜ਼ ਅਤੇ ਆਵਾਜ਼ ਦੀਆਂ ਸੁਰਾਂ ਅਸਮਾਨੀ ਗੂੰਜਣ ਲੱਗੀਆਂ। ਇਸ ਵੇਲੇ ਮਰਦਾਨਾ ਜੀ ਦੀ ਉਮਰ ਲਗਭਗ 30 ਵਰ੍ਹਿਆਂ ਦੀ ਸੀ ਤੇ ਬਾਬਾ ਨਾਨਕ ਜੀ ਦੀ 20 ਵਰ੍ਹਿਆਂ ਦੇ ਸੀ ।  ਇਥੇ ਹੀ ਗੁਰੂ ਜੀ ਨੇ ਮਰਦਾਨੇ ਨੂੰ ‘ਭਾਈ’ ਦੀ ਉਪਾਧੀ ਨਾਲ ਨਿਵਾਜਿਆ।

ਸੰਨ 1487 ਈ. ਵਿਚ ਗੁਰੂ ਨਾਨਕ ਜੀ ਦੀ ਸ਼ਾਦੀ ਮਾਤਾ ਸੁਲੱਖਣੀ ਜੀ ਨਾਲ ਬਟਾਲਾ ਵਿਖੇ ਹੋਈ। ਸ਼ਾਦੀ ਤੋਂ ਬਾਅਦ ਗੁਰੂ ਸਾਹਿਬ ਤਲਵੰਡੀ ਆ ਗਏ। 1487 ਤੋਂ 1491 ਤੱਕ ਉਹ ਤਲਵੰਡੀ ਹੀ ਰਹੇ। ਸਮਾਂ ਪਾ ਕੇ ਗੁਰੂ ਪਾਤਸ਼ਾਹ ਨੇ ਸੁਲਤਾਨਪੁਰ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਭਾਈ ਮਰਦਾਨਾ ਗੁਰ ਸਾਹਿਬ ਦੇ ਨਾਲ ਨਹੀਂ ਗਿਆ ਪਰ ਜਲਦੀ ਹੀ ਇਕ ਦੋ ਸਾਲਾਂ ਦੇ ਵਿਚ ਵਿਚ ਗੁਰੂ ਸਾਹਿਬ ਨੇ ਉਸ ਨੂੰ ਬੁਲਾ ਲਿਆ 1 ਉਸਤੋਂ ਬਾਅਦ ਗੁਰੂ ਨਾਨਕ ਜੀ ਸੰਸਾਰਕ ਵਿਹਾਰਾਂ ਤੋਂ ਮੁਕਤ ਹੋ ਕੇ ਦੁਨੀਆਂ ਦੇ ਉਧਾਰ ਲਈ ਗੁਰੂ ਘਰ ਦੇ ਪ੍ਰਚਾਰ ਲਈ ਯਾਤਰਾ ‘ਤੇ ਨਿਕਲ ਤੁਰੇ। ਉਹਨਾਂ ਦਾ ਸਾਥ ਭਾਈ ਮਰਦਾਨੇ ਨੇ ਦਿੱਤਾ। ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ, ਜਿਨ੍ਹਾਂ ਦਾ ਉਦੇਸ਼ ਮਾਨਵਤਾ ਦਾ ਕਲਿਆਣ ਸੀ। ਭਾਈ ਗੁਰਦਾਸ ਦੇ ਸ਼ਬਦਾਂ ਵਿਚ ‘ਚੜ੍ਹਿਆ ਸੋਧਣ ਧਰਤ ਲੋਕਾਈ’।

ਇਨ੍ਹਾਂ ਚਾਰਾਂ ਉਦਾਸੀਆਂ ਸਮੇਂ ਗੁਰੂ ਜੀ ਦੇ ਔਖੇ ਸੌਖੇ ਰਾਹਾਂ ਦਾ ਸਾਥੀ ਭਾਈ ਮਰਦਾਨਾ ਗੁਰੂ ਜੀ ਦੇ ਨਾਲ ਰਿਹਾ। ਭਾਵੇਂ ਉਨ੍ਹਾਂ ਨੂੰ ਰੋੜਿਆਂ ‘ਤੇ ਸੌਣਾ ਪਿਆ, ਅੱਕ ਚੱਬਣੇ ਪਏ ਜਾਂ ਅਸਾਮ ਦੀਆਂ ਜਾਦੂਗਰਨੀਆਂ ਦੇ ਜਾਦੂ ਦਾ ਸ਼ਿਕਾਰ ਹੋਣਾ ਪਿਆ ਪਰ ਸਿਦਕ ਦਾ ਪੱਕਾ, ਆਗਿਆਕਾਰੀ, ਸਿਰੜੀ ਮਰਦਾਨਾ ਆਪਣੇ ਮੁਰਸ਼ਦ ਦੇ ਆਖੇ ਤੋਂ ਕਦੇ ਨਾ ਅੱਕਿਆ ਨਾ ਥੱਕਿਆ, ਸਗੋਂ ਸਭ ਕੁੱਝ ‘ਸਤ’ ਕਰਕੇ ਮੰਨਿਆ। ਪਰਿਵਾਰ ਦੇ ਗਿਲੇ-ਸ਼ਿਕਵਿਆਂ ਅਤੇ ਪ੍ਰਭਾਵਿਤ ਹੋਏ ਆਰਥਿਕ ਹਾਲਾਤਾਂ ਦੇ ਬਾਵਜੂਦ ਵੀ ਭਾਈ ਮਰਦਾਨਾ ਜੀ ਗੁਰੂ ਸਾਹਿਬ ਦਾ ਸਾਥ ਛੱਡਣ ਲਈ ਰਾਜ਼ੀ ਨਾ ਹੋਏ।

ਗੁਰੂ ਬਾਬੇ ਦੀ ਦੋਸਤੀ ਮਰਦਾਨੇ ਵਲ ਸੰਕੇਤ ਸੀ ਸੁਰਤ ਤੇ ਸ਼ਬਦ ਦੇ ਮਿਲਾਪ ਦਾ 1 ਬਾਬਾ ਸ਼ਬਦ ਰੂਪ ਸੀ ਤੇ ਮਰਦਾਨਾ ਸੁਰਤ ਜੋ ਕਦੀ ਭਟਕ ਵੀ ਜਾਂਦੀ ਹੈ  , ਡੋਲ ਵੀ ਤੇ ਡਰ ਵੀ ਜਾਂਦੀ ਹੈ  1 ਪਰ ਉਨ੍ਹਾ ਦੋਹਾਂ ਦੀ ਦੋਸਤੀ ਦੁਨੀਆਂ ਨਾਲੋਂ ਵਖਰੀ ਸੀ 1 ਉਹ ਹੁਨਰ ਦੇ ਘਰ ਵਿਚ ਇਕ ਸੁਰ ਸਨ  ਮਨ ਵੀ ਇਕ ਸੁਰ ਹੋ ਜਾਂਦਾ ਸੀ1  ਫਰਕ ਇਤਨਾ ਸੀ ਬਾਬਾ ਨਾਨਕ ਸੁਰ ਤੋਂ ਉਪਰ ਉਠ ਜਾਂਦੇ ,ਸ਼ਬਦ ਤੋ ਅਨਹਦ ਸ਼ਬਦ ਵਿਚ ਚਲੇ ਜਾਂਦੇ ,ਹੁਨਰ ਤੋਂ ਉਠ ਕੇ ਸੁੰਨ ਵਿਚ ਪ੍ਰਵੇਸ਼ ਕਰਦੇ ਤੇ ਪਰਮ ਆਤਮਾ ਨਾਲ ਇਕ ਰੂਪ ਹੋ ਜਾਂਦੇ 1 ਮਰਦਾਨਾ ਸੇਵਕ ਸੀ ,ਚੇਲਾ ਸੀ , ਰਬਾਬੀ ਸੀ, ਬਚਪਨ ਦਾ ਸਾਥੀ ਸੀ ਪਰ ਜੋ ਕੁਝ ਵੀ ਸੀ ਉਸ ਨੂੰ ਇਸ ਗਲ ਦਾ ਮਾਣ  ਸੀ ਕੀ ਉਹ ਬਾਬਾ ਦਾ ਦੋਸਤ ਸੀ ਜਿਸ ਨਾਲ ਉਸਦਾ ਦਿਲ ਇਕ-ਸੁਰ ਹੋ ਚੁਕਾ ਸੀ 1 ਉਸ ਨੂੰ ਗੁਰੂ ਨਾਨਕ ਹੀ ਨੀਚਿਊ ਊਚ  ਕਰਨ ਵਾਲਾ ਗੋਬਿੰਦ ਸੀ ਜਿਸਨੇ ਪਹਿਲੇ ਆਪਣੇ ਨਾਲ ਅਭੇਦ ਤੇ ਫਿਰ ਪਾਰਬ੍ਰਹਮ ਨਾਲ ਅਭੇਦ ਕਰ ਦਿਤਾ ਗੁਰੂ ਸਾਹਿਬ ਨੇ ਨੀਵੀਂ ਜਾਤ ਦੇ ਡੂਮ ਨੂੰ ਆਪਣਾ ਸਾਥੀ ਬਣਾ ਕੇ ਵੱਡੀਆਂ ਜਾਤਾਂ ਵਾਲਿਆਂ ਦਾ ਅਭਿਮਾਨ ਤੋੜਿਆ1 ਉਹ ਰਬਾਬੀ ਤੋਂ ਭਾਈ ਤੇ ਭਾਈ ਤੋਂ ਸੰਤ ਬਣ ਗਿਆ 1ਤਦੇ ਤਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਲਿਖਿਆ ਹੈ :

‘ਇਕੁ ਬਾਬਾ ਅਕਾਲ ਰੁਪੂ ਦੂਜਾ ਰਬਾਬੀ ਮਰਦਾਨਾ।’

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ

ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕੀਆ ਰੀਸ

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ

 ਭਾਈ ਮਰਦਾਨੇ ਦਾ ਅਕਾਲ ਚਲਾਣਾ  ਅਫਗਾਨਿਸਤਾਨ ਦੇ ਕੁਰਮ ਦਰਿਆ ਦੇ ਕਿਨਾਰੇ ਕੁਰਮ ਨਗਰ ਵਿੱਚ ਹੋਇਆ । ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਦੀ ਦੇਹ ਦਾ ਹੱਥੀਂ ਸੰਸਕਾਰ ਕੀਤਾ । ਕਈ ਇਤਿਹਾਸਕਾਰ ਕਰਤਾਰਪੁਰ ਵਿਚ ਕਹਿੰਦੇ ਹਨ 1 ਜਿਵੇਂ ਰੇਤ ਦੇ ਵਿਸ਼ਾਲ ਮਾਰੂਥਲ ਵਿੱਚ ਪਈ ਸੋਨੇ ਦੀ ਕਣੀ ਦੂਰੋਂ ਚਮਕ ਪੈਦੀ ਹੈ  ਇਵੇਂ ਹੀ ਇਹਨਾਂ ਪੁਸਤਕਾਂ ਵਿੱਚੋ ਭੀ ਗੁਰਮਤਿ ਦੀ ਗੱਲ ਆਪ ਮੁਹਾਰੇ ਲੱਭ ਪੈਂਦੀ ਹੈ । ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਭਾਈ ਮਰਦਾਨਾ ਜੀ ਦਾ ਅੰਤਮ ਵਾਰਤਾਲਾਪ । ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦੇ ਦਿਨ ਨੇੜੇ ਸਨ । ਮਹਾਂਪੁਰਸ਼ਾ ਨੂੰ ਇਹਨਾਂ ਗੱਲਾਂ ਦਾ ਆਭਾਸ ਹੋ ਜਾਂਦਾ ਹੈ । ਗੁਰੂ ਨਾਨਕ ਸਾਹਿਬ ਜੀ ਨੇ  ਭਾਈ ਮਰਦਾਨਾ ਜੀ ਨੂੰ ਕਿਹਾ । ਭਾਈ ਜੀ  ਬ੍ਰਾਹਮਣ ਦੀ ਮਿਰਤਕ ਦੇਹ ਨੂੰ ਜਲ ਪ੍ਵਾਵਾਹ ਕਰ ਦਿੱਤਾ ਜਾਂਦਾ ਹੈ । ਖੱਤਰੀ ਦੀ  ਦੇਹ ਨੂੰ ਜਲ਼ਾਇਆ ਜਾਂਦਾ ਹੈ । ਵੈਸ਼ ਦੀ ਨੂੰ ਖੁੱਲ੍ਹਾ ਸੁੱਟ ਦਿੱਤਾ  ਜਾਂਦਾ ਹੈ । ਸੂਦਰਾਂ ਦੀ ਮਿਰਤਕ ਦੇਹ ਨੂੰ ਦੱਬ ਦਿੱਤਾ ਜਾਂਦ ਹੈ । ਹੁਣ ਤੂੰ ਦੱਸ । ਤੇਰੀ ਮਿਰਤਕ ਦੇਹ ਨੂੰ ਕਿਹੜੀ ਰੀਤੀ ਨਾਲ ਸੰਸਕਾਰਿਆ ਜਾਏ  ?:

ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਫਿਰ ਕਿਹਾ । ਜੇ ਤੂੰ ਕਹੇਂ ਤਾਂ ਤੇਰੀ ਮਿਰਤਕ ਦੇਹ ਨੂੰ ਧਰਤੀ ਵਿੱਚ ਦੱਬ ਕੇ ਇੱਟਾਂ ਦੀ ਮਟੀ ਬਣਾ ਦੇਈਏ ? ਭਾਈ ਮਰਦਾਨਾ ਜੀ ਨੇ ਕਿਹਾ । ਗੁਰੂ ਜੀ । ਜਦ ਮੇਰੀ ਆਤਮਾ ਸਰੀਰ ਰੂਪੀ ਸਮਾਧ ਵਿਚੋਂ ਨਿਕਲ ਜਾਵੇਗੀ ਤਾ ਫਿਰ ਉਸ ਨੂੰ ਪਥਰ , ਜਾਂ ਇਟਾਂ-ਗਰੇ ਦੀ ਸਮਾਧ ਵਿਚ ਕਿਓਂ ਬੰਦ ਕਰਦੇ ਹੋ ? ਗੁਰੂ ਜੀ ਨੇ ਇਹ ਉਤਰ ਸੁਣ ਕੇ ਕਿਹਾ । ਮਰਦਾਨਿਆਂ ਤੂੰ  ਅਸਲ ਬ੍ਰਾਹਮ ਨੂੰ ਪਛਾਣ ਲਿਆ ਹੈ, ਤੂੰ ਹੀ ਅਸਲੀ ਬ੍ਰਾਹਮਣ ਹੈਂ ਇਸ ਕਰਕੇ ਅਸੀਂ ਤੇਰੀ ਦੇਹਿ ਨੂੰ ਜਲ ਪ੍ਰਵਾਹ ਕਰਾਂਗੇ  । ਭਾਈ ਮਰਦਾਨਾ ਜੀ ਨੇ ਕਿਹਾ  । ਤੁਸੀ ਬ੍ਰਾਹਮ ਨੂੰ ਪਛਾਣਿਆ ਹੈ । ਮੈਂ ਤਾਂ ਤੁਹਾਨੂੰ ਪਛਾਣਿਆ ਹੈ । ਹੁਣ ਆਪ ਵਿੱਚ ਅਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ ।

ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਉਸਦੇ ਆਖਰੀ ਵੇਲੇ ਦਰਿਆ ਦੇ ਕਿਨਾਰੇ ਜਾਕੇ ਖੁਦਾ ਨੂੰ ਯਾਦ ਕਰਨ ਲਈ ਕਿਹਾ1 ਉਸਨੇ ਇਵੇਂ ਹੀ ਕੀਤਾ ਸਵੇਰੇ ਅਮ੍ਰਿਤ ਵੇਲੇ ਉਸਦੀ ਆਤਮਾ ਬ੍ਰਹਮ ਵਿਚ ਲੀਨ ਹੋ ਗਈ ਤੇ ਉਸਦਾ ਸਰੀਰ  ਸਦਾ ਲਈ ਆਪਣੇ ਗੁਰੂ ਤੇ ਵਿਛੜ ਗਿਆ 1  ਗੁਰੂ ਸਾਹਿਬ ਨੇ ਆਪਣੇ ਕਰ-ਕਮਲਾਂ ਨਾਲ ਸਿਖ ਸੇਵਕਾਂ ਦੀ ਮਦਤ ਨਾਲ ਮਰਦਾਨੇ ਦੀ ਦੇਹ ਨੂੰ ਜਲ ਪ੍ਰਵਾਹ ਕਰ ਦਿਤਾ 1 ਕਿਤਨਾ ਭਾਗਾਂ ਵਾਲਾ ਸੀ ਮਰਦਾਨਾ ਜਿਸਦਾ ਜਲ ਪ੍ਰਵਾਹ ਦੋ ਜਹਾਂ ਦੇ ਵਾਲੀ ਨੇ ਆਪਣੇ ਕਰ-ਕਮਲਾਂ ਨਾਲ ਕੀਤਾ ਹੋਵੇ 1 ਆਖਿਰ ਸਾਰੀ ਉਮਰ ਉਹ ਗੁਰੂ ਬਾਬੇ ਦਾ ਸਾਥੀ ਰਿਹਾ ,ਉਨ੍ਹਾ ਦਾ ਦੋਸਤ ਸੀ ਸਖਾ ਸੀ1 ਕੋਣ ਕਹਿ ਸਕਦਾ ਹੈ ਕਿ ਗੁਰੂ ਬਾਬੇ ਨੇ ਮਰਦਾਨੇ ਦੇ ਵਿਛੋੜੇ ਨੂੰ ਕਿਸ ਤਰਹ ਮਹਿਸੂਸ ਕੀਤਾ ਹੋਵੇਗਾ ਪਰ ਅਨੁਭਵ ਨਾਲ ਕਿਹਾ ਜਾ ਸਕਦਾ ਹੈ ਕਿ ਕੋਲ ਮਰਦਾਨੇ ਦੀ ਨਿਰਜਿੰਦ ਦੇਹ ਪਹੀ ਹੈ ਤੇ ਨਾਲ ਰਬਾਬ ਤੇ ਬਾਬਾ ਨਾਨਕ ਕਹਿ ਰਿਹਾ ਹੈ,” ਤੂਟੀ ਤੰਦ ਰਬਾਬ ਕੀ ਵਾਜੈ ਨਹੀਂ ਵਿਜੋਗਿ” ਵਿਛੜਿਆ ਮੇਲੈ ਪ੍ਰਭੂ ਨਾਨਕ ਕਰ ਸੰਜੋਗਿ1 (ਅੰਗ ੯੩੪ )ਡਾਕਟਰ ਬਲਬੀਰ ਸਿੰਘ ਲਿਖਦੇ ਹਨ ਕੀ ਮਰਦਾਨਾ ਰਬਾਬੀ ਸੀ , ਨਹੀ ਉਹ ਆਪ ਰਬਾਬ ਹੀ ਸੀ ਉਸਦੀ ਦੇਹ ਰਬਾਬ ਦੀ ਤਾਰ ਸੀ 1 ਉਸਦਾ ਮਰਨਾ ਕੇਵਲ ਰਬਾਬ ਦੀ ਤੰਦ ਟੁਟਣੀ ਸੀ 1 ਰਬਾਬ ਸਾਬਤ ਹੈ ਚਾਹੇ ਤਾਰ ਟੁਟਣ ਕਰਕੇ ਵਜਦੀ ਨਹੀਂ 1 .

ਕਈ ਸਾਖੀਆਂ ਤੇ ਪੁਸਤਕਾ ਵਿਚ ਭਾਈ ਮਰਦਾਨੇ ਨੂੰ ਭੁਖੜ , ਅਕਲ ਤੋ ਖਾਲੀ  ਤੇ ਮੂਰਖ ਤਕ ਲਿਖਿਆ ਹੈ ਜੋ ਕਿ ਨਿਰੋਲ ਸਨਾਤਨੀ ਧਰਮ ਅਨੁਸਾਰ ਤੇ ਹੰਕਾਰ ਵਸ ਲਿਖੀਆਂ ਪੁਸਤਕਾਂ ਹਨ  । ਸੋਚੋ ਇਤਨਾ ਵਡਾ ਸੰਗੀਤਕਾਰ ਜਿਸਦੇ  ਸੰਗੀ – ਸਾਥੀ ਗੁਰੂ ਨਾਨਕ ਸਾਹਿਬ ਆਪ  ਹੋਣ, ਜੋ ਉਸ ਨੂੰ ਪਿਆਰ ਵੀ ਰੱਜ ਕੇ ਕਰਦੇ ਹੋਣ 54 ਸਾਲ ਉਨ੍ਹਾ ਦੇ ਨਾਲ ਰਹਿ ਕੇ ਮੂਰਖ, ਭੁਖੜ ਤੇ ਅਕਲ ਤੋਂ ਖਾਲੀ ਕਿਵੇਂ ਹੋ ਸਕਦਾ ਹੈ 1 ਉਹ ਹੈ ਤਾਂ ਇਨਸਾਨ ਸੀ, ਗੁਰੂ ਸਾਹਿਬਨ ਦੀ ਪਦਵੀ ਤਕ ਤਾਂ ਨਹੀਂ ਸੀ ਪਹੁੰਚਿਆ 1  ਭੁਖ ,ਪਿਆਸ ਤਾਂ ਉਸ ਨੂੰ ਵੀ ਲਗਦੀ ਹੋਵੇਗੀ 1 ਆਸ-ਪਾਸ ਦਾ ਵਾਤਾਵਰਣ ਦਾ ਅਸਰ ਵੀ ਕੁਝ ਨਾ ਕੁਝ ਉਸਤੇ ਹੁੰਦਾ ਹੋਵੇਗਾ 1 ਪਰ ਇਤਨੇ ਨਿਰਾਦਰੀ ਭਰੇ ਸ਼ਬਦ ਉਨ੍ਹਾ ਲਈ ਵਰਤਣੇ ਸਰਾ ਸਰ ਹੰਕਾਰ ਹੈ 1 ਜਿਸ ਨੂੰ ਗੁਰੂ ਨਾਨਕ ਸਾਹਿਬ ਦਾ ਸਾਰੀ ਜਿੰਦਗੀ ਦਾ ਸਾਥ ਮਿਲਿਆ ਹੋਵੇ ਉਸ ਵਰਗਾ ਧੰਨ ਤਾਂ ਕੋਈ ਹੋ  ਹੀ ਨਹੀਂ ਸਕਦਾ 1

ਫਿਰ ਪਤਾ ਨਹੀਂ ਕਿਉਂ ਕੁਝ  ਸਾਖੀਕਾਰਾਂ ਨੇ ਆਪਣੀਆ ਲਿਖਤਾਂ ਰਾਹੀਂ ਭਾਈ ਮਰਦਾਨੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਮਰਦਾਨਾ, ਗੁਰੂ ਨਾਨਕ ਜੀ ਦਾ ਸਤਿਕਾਰ ਕਰਦਾ ਸੀ। ਇਸ ਲਈ ਨਹੀਂ ਕਿ ਉਹ ਉੱਚ ਜਾਤੀ ਦੇ ਖੱਤਰੀ ਸਨ ਤੇ ਮਰਦਾਨਾ ਨੀਵੀਂ ਜਾਤੀ ਦਾ ਡੂਮ1  ਬੇਸ਼ੱਕ ਭਾਈ ਮਰਦਾਨਾ ਜੀ, ਗੁਰੂ ਨਾਨਕ ਜੀ ਤੋਂ ਦਸ ਸਾਲ ਉਮਰ ਵਿਚ ਵੱਡੇ ਸਨ ਪਰ ਉਹ ਤਾਂ ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ’ ਦੇ ਧਾਰਨੀ ਸਨ। ਨਾਲੇ ਇਕੱਲਾ ਭਾਈ ਮਰਦਾਨਾ ਹੀ ਨਹੀਂ, ਗੁਰੂ ਨਾਨਕ ਜੀ ਵੀ ਉਸ ਨੂੰ ਬੇਹਦ ਪਿਆਰ ਤੇ ਪੂਰਾ ਮਾਣ ਸਤਿਕਾਰ ਦਿੰਦੇ ਸਨ। ਸਾਖੀ

ਜਿਸ ਬਾਣੀ ਨੂੰ ਅੱਜ ਲੋਕੀਂ ਪੜ੍ਹ ਕੇ ਸੁੱਚੇ ਹੋ ਜਾਂਦੇ ਹਨ, ਉਸ ਬਾਣੀ ਨੂੰ ਸਭ ਤੋਂ ਪਹਿਲਾਂ ਗਾਉਣ ਦਾ ਮਾਣ ਮਰਦਾਨੇ ਨੂੰ ਮਿਲਿਆ। ਸਭ ਤੋਂ ਪਹਿਲਾਂ ਉਸ ਬਾਣੀ ਨੂੰ ਗੁਰੂ ਦੇ ਮੁੱਖੋਂ ਸੁਣਨ ਦਾ ਅਵਸਰ ਮਰਦਾਨੇ ਨੂੰ ਮਿਲਿਆ। ਜਿਸ ਅਕਾਲ ਨੂੰ ਗੁਰੂ ਨਾਨਕ ਨੇ ਗੁਰੂ ਧਾਰਿਆ, ਉਹੋ ਭਾਈ ਮਰਦਾਨੇ ਦਾ ਗੁਰੂ ਸੀ  ਜਿਸ ਕਰਕੇ  ਮਰਦਾਨਾ ਜਾਤ ਪਾਤ ਦੇ ਬੰਧਨ ਤਿਆਗ ਗੁਰੂ ਨਾਨਕ ਦਾ ਸਾਥੀ ਬਣ ਗਿਆ। ਗੁਰੂ ਨਾਨਕ ਦਾ ਕਰਤਾਰ ਵੀ ਸਤ ਸੀ ਅਤੇ ਭਾਈ ਮਰਦਾਨੇ ਦਾ ਕਰਤਾਰ ਵੀ ਸਤ ਸੀ, ਦੋਵੇਂ ਹੀ ਸਤ ਕਰਤਾਰ ਦੀ ਸਦਾਅ ਲਾਉਂਦੇ ਸਨ। ਇਕੋ ਕੀਮਤਾਂ ਦੇ ਧਾਰਨੀ, ਇਕੋ ਕਰਤਾਰ ਦੇ ਬੰਦੇ, ਇਕੋ ਰਾਹ ਦੇ ਰਾਹੀ, ਜੀਵਨ ਸਾਥੀ ਤੇ ਫੇਰ ਅਜਿਹੇ ਸਾਥੀ ਨੂੰ ਮੰਗ ਖਾਣੀ ਜਾਤ ਦਾ ਮਰਾਸੀ ਕਹਿਣ ਲੱਗਿਆਂ ਦਿਲ ਨਹੀਂ ਕੰਬਦਾ?

ਭਾਈ ਮਰਦਾਨਾ ਜੀ ਨਾਲ ਤਾਂ ਜਿਹੜੀ ਲੇਖਕਾਂ ਜਾਂ ਸਾਖੀਕਾਰਾਂ ਨੇ ਕੀਤੀ ਉੁਹ ਤਾਂ ਕੀਤੀ ਪਰ ਉਹਨਾਂ ਦੀ ਵੰਸ਼ ਵਿਚੋਂ ਰਬਾਬੀ ਭਾਈ ਲਾਲ ਜੀ ਜੋ ਸਮੇਂ ਵਿਛੋੜਾ ਦੇ ਗਏ, ਉਹਨਾਂ ਨਾਲ ਵੀ ਅਸੀਂ ਘੱਟ ਨਹੀਂ ਕੀਤੀ ਕਿਉਂਕਿ ਉਹਨਾਂ ਦੀ ਇੱਛਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਦੀ ਸੀ ਜੋ ਕਿ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਅਤੇ ਜਿਸ ਤਰ੍ਹਾਂ ਅਸੀਂ ਰੋਜ਼ਾਨਾ ਅਖ਼ਬਾਰ ਵਿਚ ਹੀ ਪੜ੍ਹ ਚੁੱਕੇ ਹਾਂ ਕਿ ਉਹਨਾਂ ਦੇ ਪਰਿਵਾਰ ਨਾਲ ਨਾ ਤਾਂ ਉਥੋਂ ਦਾ ਭਾਈਚਾਰਾ ਵਰਤਦਾ ਹੈ ਅਤੇ ਨਾ ਹੀ ਅਸੀਂ ਉਹਨਾਂ ਦਾ ਕੋਈ ਮੁੱਲ ਪਾਇਆ ਹੈ। ਇਹੀ ਸਾਡੀ ਅਕ੍ਰਿਤਘਣਤਾ ਹੈ। ਹੁਣ ਤੱਕ ਦੀਆਂ ਜੋ ਗਲਤੀਆਂ ਹੋਈਆਂ, ਉਹਨਾਂ ਦੀ ਖ਼ਿਮਾਂ ਮੰਗਦੇ ਹੋਏ ਜੇਕਰ ਅਸੀਂ ਹੁਣ ਵੀ ਇਸ ਰਬਾਬੀ ਪਰਿਵਾਰ ਦੀ ਸਾਰ ਲੈ ਲਈਏ ਤਾਂ ਆਪਣੇ ਆਪ ਨੂੰ ਦੋਸ਼ ਮੁਕਤ ਕਰਨ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੋਵੇਗਾ।

              ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »