ਸਿੱਖ ਇਤਿਹਾਸ

ਭਗਤ ਪੂਰਨ ਸਿੰਘ (1904-1992)

ਪੰਜਾਬ ਦੇ ਪਿੰਡ ਰਾਜੇਵਾਲ ਦੀ ਧਰਤੀ ਉੱਤੇ 4 ਜੂਨ 1904 ਨੂੰ ਇੱਕ ਦਰਵੇਸ਼ੀ ਰੂਹ ਨੇ ਜਨਮ ਲਿਆ। ਮਾਪਿਆਂ ਨੇ ਉਸ ਦਾ ਨਾਮ ਰਾਮ ਜੀ ਦਾਸ ਰੱਖਿਆ। ਉਸ ਰੂਹ ਨੂੰ ਹੁਣ ਸਾਰਾ ਸੰਸਾਰ ਭਗਤ ਪੂਰਨ ਸਿੰਘ ਦੇ ਨਾਮ ਨਾਲ ਪਛਾਣਦਾ ਹੈ।ਭਗਤ ਪੂਰਨ ਸਿੰਘ ਦੇ ਪਿਤਾ ਛਿੱਬੂ ਮਲ ਇੱਕ ਅਮੀਰ ਖੱਤਰੀ ਵਪਾਰੀ,ਸ਼ਹੁਕਾਰੇ ਦਾ ਕੰਮ ਕਰਦੇ  ਸੀ। ਉਸ ਦਾ ਵਪਾਰ 1913 ਵਿੱਚ ਪਏ ਕਾਲ ਵਿੱਚ ਤਬਾਹ ਹੋ ਗਿਆ ਸੀ ਜਿਸ ਨਾਲ ਪਰਿਵਾਰ ‘ਤੇ ਆਰਥਿਕ ਸੰਕਟ ਆ ਪਿਆ। ਮਾਤਾ ਮਹਿਤਾਬ ਕੋਰ ਜੀ ਦਾ ਸੁਫਨਾ ਪੂਰਨ ਸਿੰਘ ਨੂੰ ਪੜ੍ਹਾਉਣਾ ਸੀ ਪਰ ਤੰਗੀਆਂ ਤੁਰਸ਼ੀਆਂ ਨੇ ਇੱਕ ਮਾਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਸੀ। ਸਿਰੜੀ ਤੇ ਪੱਕੇ ਇਰਾਦੇ ਵਾਲੀ ਮਾਂ ਮਹਿਤਾਬ ਕੌਰ ਨੇ ਫੀਸ ਦਾ ਪ੍ਰਬੰਧ ਕਰਨ ਲਈ  ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਜਣ ਦਾ ਕੰਮ ਕਰਨਾ ਮਨਜੂਰ ਕੀਤਾ । ਭਗਤ ਪੂਰਨ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸਕੂਲ ਖੰਨੇ ਦੇ ਐਂਗਲੋ ਸੰਸਕ੍ਰਿਤ ਸਕੂਲ ਤੋਂ ਪ੍ਰਾਪਤ ਕੀਤੀ ਤੇ ਉਸਤੋਂ ਬਾਅਦ ਉਹ ਲਾਹੋਰ ਆ ਗਏ1 ਭਾਵੇਂ ਸਕੂਲੀ ਪੜਾਈ ਵਿਚ ਉਨ੍ਹਾ ਦਾ ਮਨ ਬਹੁਤਾ ਨਹੀਂ ਸੀ ਲਗਦਾ ਜਿਸਦੀ ਵਜਹ ਕਰਕੇ ਉਹ ਆਪਣੀ ਮਾਂ ਦਾ ਦਸਵੀਂ ਪਾਸ ਕਰਨ ਦਾ ਸੁਫਨਾ ਪੂਰਾ ਨਾ ਕਰ ਸਕੇ ਪਰ ਗਿਆਨ ਹਾਸਲ ਕਰਨ ਦੀ ਪਿਆਸ ਉਨ੍ਹਾਂ ਅੰਦਰ ਬਹੁਤ ਸੀ ਜੋ ਉਨ੍ਹਾ ਨੇ ਲਾਹੌਰ ਤੇ ਅੰਮ੍ਰਿਤਸਰ ਦੀਆਂ ਲਾਇਬ੍ਰੇਰੀਆ ਤੋਂ ਭਰਪੂਰ ਪ੍ਰਾਪਤ ਕੀਤਾ । ਸਵੈ ਪੜ੍ਹਾਈ ਦੇ ਨਾਲ ਉਨ੍ਹਾਂ ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਜਲ -ਪਾਣੀ , ਲੰਗਰ ,ਸਫਾਈ ,ਬਰਤਨ ਆਦਿ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਸੜਕਾਂ ਤੇ ਵੀ ਤੁਰਦੇ ਇਟ, ਪਥਰ,ਰੋੜੇ , ਸ਼ੀਸ਼ੇ , ਕੰਢੇ ਝਾੜੀਆਂ ਸੜਕ ਤੋ ਲਾਭੇਂ ਕਰਦੇ ਜਾਂਦੇ ਤਾਕਿ ਰਾਹੀਆਂ ਨੂੰ ਕੋਈ ਤਕਲੀਫ਼ ਨਾ ਪਹੁੰਚੇ 1 ਸੇਵਾ ਕਰਦੇ ਕਰਦੇ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਰਾਮ ਜੀ ਦਾਸ ਸਿੱਖ ਧਰਮ ਤੋਂ ਇਤਨਾ  ਜ਼ਿਆਦਾ ਪ੍ਰਭਾਵਿਤ ਹੋਇਆ ਕਿ ਸਿੱਖੀ ਸਰੂਪ ਧਾਰਨ ਕਰ ਲਿਆ। ਇਕ ਦਿਨ ਉਹ ਗੁਰੂਦਵਾਰਾ ਸਾਹਿਬ ਦੇ ਮਹੰਤ ਗੋਪਾਲ ਤੇ ਗ੍ਰੰਥੀ ਜਥੇਦਾਰ ਅੱਛਰ ਸਿੰਘ ਜੀ ਨੂੰ ਮਿਲੇ ਤੇ ਆਪਣੇ ਜੀਵਨ ਦਾ ਮਕਸਦ ਦਸਿਆ ਕੀ ਉਹ ਬੇਸਹਾਰਾ,ਪਾਗਲ ਤੇ  ਲੰਗੜੇ -ਲੂਲ੍ਹੇ ਲੋਕਾਂ ਦੀ ਜਿਨ੍ਹਾ ਦੀ ਸਮਾਜ ਵਿਚ ਪੁੱਛ ਨਹੀਂ ਹੈ ,ਦੀ ਸੇਵਾ ਕਰਨਾ ਚਾਹੁੰਦੇ ਹਨ 1 ਪ੍ਰਬੰਧਕਾ ਨੇ ਉਨ੍ਹਾ ਦੇ ਰਹਿਣ-ਸਹਿਣ ਤੇ ਖਾਨ-ਪੀਣ  ਦਾ ਪ੍ਰਬੰਧ ਗੁਰੁਦਵਾਰੇ ਵਿਚ ਹੀ ਕਰ ਦਿਤਾ 1

ਭਗਤ ਪੂਰਨ ਸਿੰਘ ਜੀ ਨੇ ਆਪਣਾ ਜ਼ਿਆਦਾਤਰ ਜੀਵਨ ਬਿਨਾਂ ਕਿਸੇ ਸਵਾਰਥ ਤੋਂ ਬਜ਼ੁਰਗਾਂ, ਬਿਮਾਰਾਂ ਅਤੇ ਬੇਆਸਰਿਆਂ ਨੂੰ ਸਮਰਪਿਤ ਕੀਤਾ। 1934 ਵਿਚ ਜਦੋਂ ਉਹ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੇਵਾ ਕਰਦੇ ਸਨ ਤਾਂ ਇਕ ਦਿਨ ਉਹਨਾਂ ਨੂੰ ਗੁਰਦੁਆਰੇ ਦੇ ਗੇਟ ਤੋਂ ਬਾਹਰ ਇਕ ਚਾਰ ਸਾਲ ਦਾ ਅਪਾਹਿਜ ਬੱਚਾ ਮਿਲਿਆ ਤੇ ਉਨ੍ਹਾ  ਨੇ ਉਸ ਅਪਾਹਿਜ ਬੱਚੇ ਦੀ ਜ਼ਿੰਮੇਵਾਰੀ ਸਾਂਭ ਲਈ ਅਤੇ ਉਸਦਾ ਨਾਂਅ ਪਿਆਰਾ ਸਿੰਘ ਰੱਖਿਆ 1ਇਹ ਪਿੰਗਲਾ ਪਿਆਰਾ ਸਿੰਘ ਭਗਤ ਪੂਰਨ ਸਿੰਘ ਜੀ ਦੀ ਪਹਿਲੀ ਪੂੰਜੀ ਸੀ 1  ਇਸ ਨੂੰ ਇਤਨਾ ਪਿਆਰਾ ਕਰਦੇ ਸੀ ਜਿਵੇਂ ਉਨ੍ਹਾ ਦਾ ਆਪਣਾ ਬਚਾ ਹੋਵੇ ਤੇ ਅਕਸਰ ਕਿਹਾ ਕਰਦੇ ਸੀ ,’ ਇਹ ਬਚਾ ਮੇਰੀ ਜਿੰਦਗੀ ਦਾ ਸਭ ਤੋ ਵਡਾ ਸਹਾਰਾ ਹੈ ਜੇ ਇਹ ਨਾ ਹੁੰਦਾ ਤੇ ਸ਼ਾਇਦ ਮੈਂ ਜਿੰਦਗੀ  ਵਿਚ ਕੁਝ ਵੀ ਨਾ ਕਰ ਪਾਂਦਾ 1 ਜਿੰਦਗੀ ਦੇ 14 ਸਾਲ ਇਸ ਬਚੇ ਨੂੰ ਆਪਣੀ ਪਿਠ ਤੇ ਲੈਕੇ ਘੁੰਮਦੇ ਰਹੇ 1

ਦੇਸ਼ ਵੰਡ ਤੋਂ ਪਹਿਲਾਂ ਦੀ ਅਸਾਵੀਂ ਸਮਾਜਿਕ ਸਥਿਤੀ ਅਤੇ ਦੇਸ਼ ਵੰਡ ਸਮੇਂ ਹੋਏ ਮਨੁੱਖਤਾ ਦੇ ਘਾਣ ਨੇ ਪੂਰਨ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਸ਼ਰਨਾਰਥੀ ਕੈਂਪਾ ਵਿੱਚ ਰਹਿੰਦੇ ਬਿਮਾਰ, ਲਾਵਾਰਿਸ ਲੋਕਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੰਭਾਲਦਿਆਂ ਭਗਤ ਪੂਰਨ ਸਿੰਘ ਨੇ ਭਾਈ ਘਨੱਈਆ ਜੀ ਵਾਲੀ ਭੂਮਿਕਾ ਨਿਭਾਈ। ਲਾਹੌਰ ਤੋਂ ਲੈ ਕੇ ਅੰਮ੍ਰਿਤਸਰ ਤਕ ਦੇ ਆਪਣੇ ਜੀਵਨ ਸਫ਼ਰ ਵਿੱਚ ਉਨ੍ਹਾਂ ਨੇ ਨਿਥਾਂਵਿਆਂ, ਨਿਓਟਿਆਂ ਤੇ ਨਿਆਸਰਿਆਂ ਦੀ ਹਰ ਪੱਖੋਂ ਮਦਦ ਕੀਤੀ।ਉਹ ਕਦੇ ਮਾਂ ਦੇ ਰੂਪ ਵਿੱਚ, ਕਦੇ ਪਿਤਾ ਦੇ ਰੂਪ ਵਿੱਚ ਅਤੇ ਕਦੇ ਇੱਕ ਵੱਡੇ ਭਰਾ ਵਾਂਗੂ ਹਰ ਵੇਲੇ ਇਨਸਾਨੀਅਤ ਦੀ ਸੇਵਾ ਲਈ ਹਾਜ਼ਰ ਰਹਿੰਦੇ ਸਨ।

1947 ਦੀ ਦੇਸ਼ ਵੰਡ ਸਮੇਂ ਭਗਤ ਜੀ  ਲਿਖਦੇ ਹਨ ਕੀ ਮੈਂ  ਆਪਣੇ ਨਾਲ ਪਾਕਿਸਤਾਨ ਤੋਂ ਇਕ ਰੁਪਇਆ ਪੰਜ ਆਨੇ ਲੈ ਕੇ ਆਇਆ ਸੀ ,ਕਛਿਹਰਾ ਮੈਂ ਪਾਇਆ ਹੋਇਆ ਸੀ ,ਫੁਲਕਾਰੀ ਮੇਰੇ ਉਪਰ ਸੀ 1 ਇਸਤੋਂ ਇਲਾਵਾ ਇਕ ਲੋਹੇ ਦਾ ਬਾਟਾ, ਦੋ ਵਡੀਆਂ ਕਾਪੀਆਂ , ਦੋ ਅੰਗ੍ਰੇਜ਼ੀ ਰਸਾਲੇ ਤੇ ਲੂਹਲਾ  ਮੇਰੀ ਪਿਠ ਤੇ ਸੀ “1 ਕੁਝ ਸਮਾਂ ਖਾਲਸਾ ਕਾਲਜ, ਦੇ ਸ਼ਰਣਾਰਥੀ ਕੈੰਪ ਵਿਚ ਰਹੇ 1 ਕਾਲਜ ਕੈਂਪ ਖਤਮ ਹੋਣ ਪਿਛੋਂ ਕੁਝ ਵਕਤ ਰੇਲਵੇ ਸਟੇਸ਼ਨ ਤੇ ਨਿਵਾਸ ਕੀਤਾ ਤੇ ਕੁਝ ਸਮਾਂ ਦਰਖਤਾਂ ਦੀ ਛਤ ਹੇਠ ਗੁਜਾਰਿਆ 1 ਹੋਲੀ ਹੋਲੀ ਉਨ੍ਹਾ ਦੇ ਪਰਿਵਾਰ ਦੀ ਗਿਣਤੀ ਵਧਦੀ ਗਈ  ਜਿਸ ਲਈ ਕਿਸੇ ਪਕੇ ਇਕਾਣੇ ਦੀ ਜਰੂਰਤ ਸੀ  ਜਿਥੇ ਟਿਕ ਕੇ ਇਨ੍ਹਾ ਲਾਵਾਰਸਾਂ, ਅਪਾਹਿਜਾਂ ਦੀ ਸੇਵਾ ਸੰਭਾਲ ਹੋ ਸਕੇ 1 ਇਸ ਸਮੇ ਇਨ੍ਹਾ ਦਾ ਨਿਵਾਸ ਇਕ ਬੰਦ ਪਏ  ਸਿਨਮੇ ਵਿਚ ਸੀ 1 ਕੁਦਰਤ ਦੇ ਰੰਗ , ਉਸ ਸਿਨਮੇ ਦੀ ਬੋਲੀ 35000 ਹਜ਼ਾਰ ਰੁਪੇ ਹੋ ਗਈ 1 ਭਗਤ ਜੀ ਪਾਸ ਤਾਂ ਜਮਾਂ ਪੂੰਜੀ ਸੀ ਨਹੀਂ 1 ਉਸ ਵਕਤ ਸ਼ਰੋਮਣੀ  ਪ੍ਰਬੰਧਕ ਕਮੇਟੀ ਦੀ ਮੀਟਿੰਗ ਚਲ ਰਹੀ  ਸੀ 1  ਉਨ੍ਹਾ ਨੇ ਕਮੇਟੀ ਨੂੰ ਸਾਰੀ ਸਥਿਤੀ ਬਾਰੇ ਸਮਝਾਇਆ ,’ ਇਸ ਵੇਲੇ ਸਾਨੂੰ ਇਮਾਰਤ ਦੀ ਸਖਤ ਜਰੂਰਤ ਹੈ ਜਿਸ ਲਈ ਘਟ ਤੋਂ ਘਟ 50000 ਰੁਪੇ ਦਾ ਖਰਚਾ ਹੈ ਜੋ ਮੈਂ ਇੱਕਠਾ ਨਹੀਂ ਕਰ ਸਕਦਾ 1 ਭਗਤ ਜੀ ਦੇ ਵਿਚਾਰ ਸੁਣ ਕੇ ਕਮੇਟੀ ਨੇ ਇਹ ਰਕਮ ਦਰਬਾਰ ਸਾਹਿਬ ਦੇ ਖਜਾਨੇ ਵਿਚੋਂ ਇਸ ਉਪਕਾਰ ਲਈ ਦੇਣ ਦਾ ਫੈਸਲਾ ਕਰ ਦਿਤਾ ਜਿਸ ਨਾਲ ਪਿੰਗਲਵਾੜੇ ਦੀ ਵਿਸ਼ਾਲ ਇਮਾਰਤ ਦਾ ਆਰੰਭ ਹੋਇਆ 1

ਪਿੰਗਲਵਾੜੇ ਦੇ ਬਾਨੀ ਹੋਣ ਤੇ ਸੇਵਾ ਦੇ ਪੁੰਜ ਦੇ ਤੌਰ ‘ਤੇ ਭਗਤ ਪੂਰਨ ਸਿੰਘ ਨੂੰ ਪੂਰੀ ਦੁਨੀਆਂ ਜਾਣਦੀ ਹੈ ਪਰ ਉਨ੍ਹਾਂ ਦੇ ਸਾਹਿਤਕਾਰ ਹੋਣ ਬਾਰੇ ਬਹੁਤੇ ਲੋਕ ਅਣਜਾਣ ਹਨ।ਉਹ ਉਚ ਕੋਟਿ ਦੇ ਵਿਦਵਾਨ ਲਿਖਾਰੀ ਵੀ ਸਨ 1 ਇਤਨੀ ਮਸਰੂਫੀਅਤ ਵਿਚ ਵੀ ਪੰਜਾਬੀ ,ਹਿੰਦੀ, ਅੰਗ੍ਰੇਸ਼ੀ ਭਾਸ਼ਾਵਾਂ ਵਿਚ ਅਨਗਿਣਤ ਟਰੇਕਟ, ਸੰਦੇਸ਼ ਤੇ ਪੁਸਤਕਾ ਪ੍ਰਕਾਸ਼ਤ ਕੀਤੀਆਂ1  ਇਨ੍ਹਾ ਦੀਆਂ  ਲਿਖਤਾਂ ਦਾ ਮੁਖ ਵਿਸ਼ਾ ,ਗੁਰਮੁਖ ਜੀਵਨ ,ਗੁਰਬਾਣੀ ਦੇ ਰਹਸਮਈ ਭੇਦ ਦੱਸਣਾ , ਐਟਮੀ ਵੀਨਾਸ  , ਪ੍ਰਦੂਸ਼ਨ , ਸਿਗਰਟ ਤੇ ਤੰਮਾਕੂ ਦੇ ਮਨੁਖ ਉਤੇ ਬੁਰੇ ਪ੍ਰ੍ਭਾਵ,  ਵਿਹਾਰਕ ਜੀਵਨ, ਸਿਹਤ, ਨੈਤਿਕਤਾ,ਆਦਿ ਸਨ  ।  ਪੂਰਨ ਸਿੰਘ ਜੀ ਨੇ  23 ਦੇ ਕਰੀਬ ਪੁਸਤਕਾਂ ਤੇ ਕਿਤਾਬਚੇ ਪ੍ਰਕਾਸ਼ਿਤ ਕੀਤੇ  ਜਿਨ੍ਹਾਂ ਵਿੱਚ ਸਾਹਿਤ ਦੇ ਵੱਖ ਵੱਖ ਰੂਪ ਮੌਜੂਦ ਹਨ। ਭਗਤ ਪੂਰਨ ਸਿੰਘ ਨੇ ਸਭ ਤੋਂ ਵੱਧ ਨਿਬੰਧ ਰੂਪੀ ਸਾਹਿਤ ਵਿੱਚ ਆਪਣੇ ਸੰਦੇਸ਼ ਜਨ-ਸਾਧਾਰਨ ਤਕ ਪਹੁੰਚਾਏ। ਉਨ੍ਹਾਂ ਦੇ ਲਿਖਣ ਦਾ ਢੰਗ ਨਿਵੇਕਲਾ ਸੀ। ਉਨ੍ਹਾਂ ਨੇ ਬਹੁਤ ਸਰਲ, ਸੰਖੇਪ,ਮੁਲਵਾਨ ਤੇ ਮੰਤਵ ਮੁਖੀ ਸਹਿਤ ਦੀ  ਸਿਰਜਣਾ ਕੀਤੀ।

30 ਮਈ, 1955 ਕਈ ਸਹਿਤਕਾਰ  6 ਮਾਰਚ 1957 ਲਿਖਦੇ ਹਨ ਨੂੰ ਭਗਤ ਜੀ ਨੇ ‘ਪੂਰਨ ਪ੍ਰਿੰਟਿੰਗ ਪ੍ਰੈੱਸ’ ਦੀ ਸਥਾਪਨਾ ਕੀਤੀ। 6 ਸਤੰਬਰ, 1957 ਨੂੰ ਉਨ੍ਹਾਂ ਨੇ ਰਜਿਸਟਰਾਰ ਆਫ ਕੰਪਨੀਜ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ‘ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ’ ਦੀ ਰਜਿਸਟ੍ਰੇਸ਼ਨ ਕਰਵਾਈ। 27 ਨਵੰਬਰ 1958 ਨੂੰ ਭਗਤ ਜੀ ਨੇ 16,964 ਰੁਪਏ ਵਿਚ ਮੌਜੂਦਾ ਪਿੰਗਲਵਾੜੇ ਵਾਲੀ ਥਾਂ (ਤਹਿਸੀਲਪੁਰਾ, ਜੀ. ਟੀ. ਰੋਡ, ਅੰਮ੍ਰਿਤਸਰ) ਖਰੀਦੀ। ਜਿੱਥੇ ਬੇਆਸਰਿਆਂ ਨੂੰ ਆਸਰਾ ਦਿੱਤਾ ਜਾਂਦਾ ਸੀ।

ਭਗਤ ਪੂਰਨ ਸਿੰਘ ਨੂੰ ਉਹਨਾਂ ਦੀ ਨਿਸ਼ਕਾਮ ਸੇਵਾ ਲਈ 1979 ਵਿਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ, ਜਿਸ ਨੂੰ ਉਹਨਾਂ ਨੇ 1984 ਵਿਚ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਵਾਪਿਸ ਕਰ ਦਿੱਤਾ। 1992 ਵਿਚ 5 ਅਗਸਤ ਨੂੰ ਉਹਨਾਂ ਦਾ ਸਵਰਗਵਾਸ ਹੋ ਗਿਆ। ਇਸ ਵੇਲੇ ਪਿੰਗਲਵਾੜੇ ਵਿਚ ਪਾਗਲ ਮਰਦ, ਇਸਤਰੀਆਂ , ਬਚੇ-ਬਚੀਆਂ ਤੋ ਇਲਾਵਾ ਬੇਸਹਾਰਾ , ਅਪਾਹਿਜ ਬਚੇ-ਬਚਿਆਂ  ਦੀ ਗਿਣਤੀ ਸੇਂਕੜਿਆਂ ਵਿਚ ਹੈ ਜਿਨ੍ਹਾ ਨੂੰ  ਖਾਣ  ਪੀਣ, ਰਹਿਣ ਸਹਿਣ ਤੇ ਦਵਾ -ਦਾਰੂ ਦੀ ਲੋੜ ਹੈ 1 ਸਰਕਾਰ ਵਲੋਂ ਇਸ ਸੰਸਥਾ ਨੂੰ ਨਾ ਮਾਤਰ ਹੀ ਸਹਾਇਤਾ  ਮਿਲਦੀ ਹੈ ਤੇ ਪਤਾ ਨਹੀਂ ਕਦ ਬੰਦ ਹੋ ਜਾਵੇ 1 ਗੁਰੂਦਵਾਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਬਚਨ ਸਿੰਘ ਟੋਹੜਾ ਵਲੋਂ ਤਿੰਨ ਐਲਾਨ ਕੀਤੇ ਗਏ ਜੋ ਪ੍ਰਸੰਸਾ-ਯੋਗ ਹਨ1  ਇਕ ਹਰ ਮਹੀਨੇ  25000 ਰੁਪੇ ਇਸ ਟਰੱਸਟ ਨੂੰ ਦਿਤੇ ਜਾਣਗੇ  ,ਦੂਸਰਾ ਭਗਤ ਪੂਰਨ ਸਿੰਘ ਜੀ ਦੀ ਤਸਵੀਰ ਅਜਾਇਬ ਘਰ ਵਿਚ ਲਾਉਣੀ  ਤੇ ਤੀਸਰਾ ਭਗਤ ਪੂਰਨ ਸਿੰਘ ਜੀ ਦੇ ਨਾਮ ਤੇ ਸ਼ਰੋਮਣੀ ਸੇਵਾ ਸਨਮਾਨ ਸ਼ੁਰੂ ਕੀਤਾ ਜਾਵੇਗਾ 1 ਅਨਾਥਾਂ ਦੇ ਨਾਥ , ਬੇ-ਆਸਰਿਆਂ ਨੂੰ  ਆਸਰਾ ਦੇਣ ਵਾਲੇ ਭਗਤ ਪੂਰਨ ਸਿੰਘ ਚਾਹੇ ਇਸ ਦੁਨਿਆ ਵਿਚ ਨਹੀਂ ਹਨ ਪਰ ਉਨ੍ਹਾ ਦੇ ਅਰੰਭੇ ਕਾਰਜ ਹਮੇਸ਼ਾਂ ਉਨ੍ਹਾ ਨੂੰ ਜਿੰਦਾ ਰਖਣਗੇ1

                                       ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Nirmal Anand

Add comment

Translate »