ਸਿੱਖ ਇਤਿਹਾਸ

ਬੇਬੇ ਨਾਨਕੀ (ਗੁਰੂ ਨਾਨਕ ਸਾਹਿਬ ਦੀ ਭੈਣ) (1464-1518)

  • ਬੇਬੇ ਨਾਨਕੀ :- ਬੇਬੇ ਗੁਰੂ ਨਾਨਕ ਸਾਹਿਬ ਦੀ ਸਿਰਫ ਵਡੀ ਭੈਣ ਹੀ ਨਹੀਂ ਸਨ ਬਲਿਕ ਉਨ੍ਹਾ ਦੇ ਪਾਲਣ ਪੋਸ਼ਣ ਕਰਣ ਵਾਲੇ , ਉਨ੍ਹਾ ਨੂੰ ਸਮਝਣ ਵਾਲੇ , ਉਨ੍ਹਾ ਦੇ ਦਿਲ ਦੀਆਂ ਜਾਣਨ ਵਾਲੇ  ਉਨ੍ਹਾ ਦੇ ਦੁਖਾਂ ਸੁਖਾਂ ਦੇ ਸਾਥੀ , ਸਲਾਹਕਾਰ , ਉਨ੍ਹਾ ਦੇ ਗੈਰਹਾਜਰੀ ਵਿਚ ਉਨ੍ਹਾ ਦੇ ਪਰਿਵਾਰ ਦੀ ਦੇਖ -ਰੇਖ ਕਰਨ ਵਾਲੇ ਇਕ ਐਸੀ ਸ਼ਖਸ਼ੀਅਤ ਸਨ  ਜਿਨ੍ਹਾ ਦਾ ਸਿਖ ਇਤਿਹਾਸ ਵਿਚ ਇਕ ਵਿਸ਼ੇਸ਼ ਅਸਥਾਨ ਹੈ 1  ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਉਸ ਵੇਲੇ ਬੀਬੀ ਨਾਨਕੀ ਦੀ ਉਮਰ ਪੁੰਜ ਕੁ ਸਾਲ ਦੀ ਸੀ 1

  • ਗੁਰੂ ਨਾਨਕ ਸਾਹਿਬ ਜੀ ਦਾ ਕੋਈ ਭਰਾ ਨਹੀਂ ਸੀ, ਇਕੋ ਇਕ  ਭੈਣ ਸੀ ।ਇਨ੍ਹਾ  ਦਾ ਜਨਮ ਪਿੰਡ ਚਾਹਲ, ਤਹਿਸੀਲ ਲਾਹੋਰ, ਸੰਮਤ 1521  ਸੰਨ 1464 ਵਿੱਚ ਨਾਨਕੇ ਪਿੰਡ ਵਿਚ ਹੋਇਆ। ਬੇਬੇ ਜੀ ਦੇ ਨਾਨਾ ਰਾਮ ਜੀ, ਨਾਨੀ ਭਿਰਾਈ ਅਤੇ ਮਾਮਾ ਕ੍ਰਿਸ਼ਨਾ ਜੀ ਦੇ ਲਾਡਾਂ-ਪਿਆਰਾਂ ਨੇ ਨਵੀਂ ਜਨਮੀ ਬੱਚੀ ਦਾ ਨਾਂਅ ਹੀ “ਨਾਨਕਿਆਂ ਦੀ” ਰਖ ਦਿਤਾ, ਜੋ ਅੱਗੇ ਜਾ ਕੇ ਨਾਨਕੀ ਅਖਵਾਉਣ ਲੱਗ ਪਿਆ।  ਬੀਬੀ ਨਾਨਕੀ ਨੂੰ ਆਮ ਕਰਕੇ ਬੇਬੇ ਨਾਨਕੀ ਹੀ ਕਿਹਾ ਜਾਂਦਾ ਸੀ। ਬੇਬੇ ਨਾਨਕੀ ਜੀ ਦਾ ਇਕ ਚਾਚਾ ਵੀ ਸੀ ਜਿਨ੍ਹਾ ਦਾ ਨਾਂ ਭਾਈ ਲਾਲੂ ਸੀ ਉਹ ਵੀ ਆਪਣੇ ਭਰਾ ਦੇ ਦੋਨਾਂ ਬਚਿਆਂ ਨੂੰ ਰਜ ਕੇ ਪਿਆਰ ਕਰਦੇ ਸੀI ਵੈਸੇ ਵੀ ਘਰ ਵਿਚ ਪਹਿਲੀ ਪਹਿਲੀ ਸੰਤਾਨ ਹੋਣ ਕਰਕੇ ਬੇਬੇ ਨਾਨਕੀ ਨੂੰ ਆਪਣੇ ਘਰੋਂ ਵੀ ਰਜਵਾਂ ਪਿਆਰ ਮਿਲਿਆ I

  • ਡਾਕਟਰ ਤ੍ਰਿਲੋਚਨ ਸਿੰਘ ਜੀ ਲਿਖਦੇ ਹਨ ਕਿ, ” ਇਸ ਸੁੰਦਰ ਤੇ ਚੇਤੰਨ ਬਾਲੜੀ ਵਿਚ ਆਪਣੀ ਮਾਤਾ ਤ੍ਰਿਪਤਾ ਦੇ ਸਾਰੇ ਗੁਣ ਤੇ ਕੋਮਲ ਰੁਚੀਆਂ ਬਚਪਨ ਤੋਂ ਹੀ ਪ੍ਰਗਟ ਹੋਣੀਆਂ ਸ਼ੁਰੂ ਹੋ ਗਈਆਂ ਸਨ I ਇਹ ਸੁਬਕ-ਸੋਹਲ, ਗੰਭੀਰ ,ਧੀਰ ਵਾਲੀ ਬਚੀ ਨੂੰ ਮਾਤਾ ਪਿਤਾ ਵੀ ਇਤਨਾ ਪਿਆਰ ਕਰਦੇ ਸੀ ਕਿ ਇਸਦੀ ਕੋਈ ਆਖੀ ਗਲ ਨੂੰ ਮੋੜਦੇ ਨਹੀਂ ਸਨI ਗੁਰੂ ਨਾਨਕ ਸਾਹਿਬ ਤਾਂ ਸੀ ਹੀ ਰੱਬ ਦੇ ਰੂਪ ਪਰ ਉਨ੍ਹਾ ਦੇ ਕੋਤਕ ਦੁਨਿਆਵੀ ਬੁਧਿ ਵਾਲੇ ਜੀਵਾਂ ਨੂੰ ਘਟ ਸਮਝ ਆਉਂਦੇ ਸੀI ਇਸ ਕਰਕੇ  ਬੜੀ ਵਾਰੀ ਬੇਬੇ ਨਾਨਕੀ ਨੇ ਆਪਣੇ ਵੀਰ ਨੂੰ  ਪਿਤਾ ਦੀਆਂ ਝਿੜਕਾਂ ਤੇ ਮਾਰ ਤੋਂ ਬਚਾਇਆI

  •  ਬੇਬੇ ਨਾਨਕੀ ਦੇ ਪਿਤਾ ਮਹਿਤਾ ਕਾਲੂ  ਪਿੰਡ ਦੇ ਪਟਵਾਰੀ ਸਨ i ਉਨ੍ਹਾ ਕੋਲ ਆਪਣੀ ਜਮੀਨ ਵੀ ਸੀ ਜਿਸ ਨੂੰ ਉਹ ਘਰ ਦਾ ਮਾਲ ਡੰਗਰ ਚਰਾਉਣ ਲਈ ਵੀ ਵਰਤ ਲਿਆ ਕਰਦੇ ਸਨ I ਇਹ ਡੰਗਰ, ਮਝਾਂ ਗਾਵਾਂ ਬਾਬੇ ਨਾਨਕ ਨੇ ਚਰਾਈਆਂ ਸਨI ਮਹਿਤਾ ਕਾਲੂ ਇਕ ਮਿਹਨਤ ਪਸੰਦ ਤੇ ਇਮਾਨਦਾਰ ਇਨਸਾਨ ਸਨ ਜਿਸ ਕਰਕੇ ਪਿੰਡ ਦਾ ਹਾਕਮ ਰਾਇ ਬੁਲਾਰ ਜੋ ਕਿ ਰਾਇ ਭੋਇ ਦੇ ਪੁਤਰ ਸਨ ਜਿਨ੍ਹਾ ਨੇ ਤਲਵੰਡੀ ਨਗਰ ਵਸਾਇਆ ਸੀ ,ਉਨ੍ਹਾ ਤੋਂ ਬਹੁਤ ਖੁਸ਼ ਸੀ ਅਤੇ ਦੋਨੋ ਦੀ ਪਰਿਵਾਰਿਕ ਸਾਂਝ ਬਣ ਗਈ ਉਹ ਬੇਬੇ ਨਾਨਕੀ ਨੂੰ ਆਪਣੀਆਂ ਧੀਆਂ ਵਰਗਾ ਪਿਆਰ ਕਰਦੇ ਸੀ I

  • ਪੰਜ ਸਾਲ  ਮਗਰੋਂ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਤਾਂ ਜਿਨੀਂ ਵੀਰ ਦੇ ਆਉਣ ਦੀ ਖੁਸ਼ੀ ਭੈਣ ਨਾਨਕੀ ਨੂੰ ਹੋਈ ਉਸਦਾ ਅੰਦਾਜ਼ਾ ਨਹੀ ਲਗਾਇਆ ਜਾ ਸਕਦਾI  ਉਨ੍ਹਾ  ਦੋਨੋ ਦਾ ਇਤਨਾ ਪਿਆਰ ਦੇਖਕੇ ਮਾਤਾ ਪਿਤਾ ਨੇ  ਉਨ੍ਹਾ ਦਾ ਨਾਮ ਬੇਬੇ ਨਾਨਕੀ ਜੀ ਦੇ ਨਾਂ ਤੇ ਹੀ  ਨਾਨਕ ਜੀ ਰੱਖ ਦਿਤਾ। ਗੁਰੂ ਨਾਨਕ ਦੇ ਜਨਮ ਤੇ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਨੇ  ਰੱਜ ਕੇ ਦਾਨ-ਪੁੰਨ ਕੀਤਾ ,ਕਮੀ-ਕਮੀਨ , ਗਰੀਬ-ਗੁਰਬੇ ਤੇ ਲੋੜਵੰਦਾ ਦੀਆਂ ਝੋਲੀਆਂ ਭਰ ਦਿਤੀਆਂ I ਜਦੋਂ ਮਾਤਾ ਤ੍ਰਿਪਤਾ ਨੇ ਕੀਮਤੀ ਸੁਗਾਤਾਂ ਨਾਲ ਭਰਿਆ ਥਾਲ ਦੋਲਤਾਂ ਦਾਈ ਨੂੰ ਦੇਣਾ ਚਾਹਿਆ ਤਾਂ ਉਸਨੇ ਹਥ ਜੋੜ ਅਰਜ਼ ਕੀਤੀ  ਕਿ ਬਾਲਕ ਦਾ ਨੂਰਾਨੀ ਚੇਹਰਾ ਦੇਖ ਕੇ ਮੈਂ ਰਜ ਗਈ ਹਾਂ ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜਾਪਦੀ I1

  • ਬੇਬੇ ਨਾਨਕੀ ਆਪਣੇ ਵੀਰ ਨਾਲ ਅਤਿ ਡੂੰਘਾ ਪਿਆਰ ਕਰਦੇ, ਆਪਣੇ ਵੀਰ ਨੂੰ ਗੋਦੀ ਚੁਕ ਕੇ ਖਿਡਾਉਂਦੇ , ਲੋਰੀਆਂ ਦਿੰਦੇ ਤੇ ਪਲ ਪਲ ਉਨ੍ਹਾ ਦਾ ਧਿਆਨ ਰਖਦੇ I ਬਾਬਾ ਨਾਨਕ ਵੀ ਉਨ੍ਹਾ ਦੀ ਸੰਗਤ ਵਿਚ ਰਹਿ ਕੇ ਬਹੁਤ ਖੁਸ਼ ਰਹਿੰਦੇ। ਭਾਵੇਂ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਤੋ ਛੋਟੇ ਸੀ , ਪਰ ਬੇਬੇ ਨਾਨਕੀ ਹਮੇਸ਼ਾਂ ਉਨ੍ਹਾ ਨੂੰ  ਵਡਾ ਸਮਝ ਕੇ ਹੀ ਪਿਆਰਦੇ ਤੇ ਸਤਿਕਾਰਦੇ ਸੀI ਇਸੇ ਪਿਆਰ ਦਾ ਸਦਕਾ ਹੀ ਓਹ ਪਹਿਲੇ ਇਨਸਾਨ ਸਨ, ਜਿਨ੍ਹਾ ਨੇ ਗੁਰੂ ਨਾਨਕ ਦੇਵ ਵਿੱਚ ਕਰਤਾਰ ਦੀ ਜੋਤ ਨੂੰ ਪ੍ਰਤੱਖ ਵੇਖਿਆ, ਗੁਰਮਤਿ ਜਾਣਿਆ  ਅਤੇ ਉਨ੍ਹਾਂ ਦੀ ਚਲਾਈ ਸਿਖੀ ਨੂੰ ਸਭ ਤੋ ਪਹਿਲਾ ਧਾਰਨ  ਕੀਤਾ। ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਇਸ ਗਲ ਦੀ ਪੁਸ਼ਟੀ ਕੀਤੀ ਹੈ । ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕੇਵਲ ਵੀਰ ਹੀ ਨਹੀਂ, ਫਕੀਰ ਰੂਪੀ  ਕਰਕੇ ਵੀ ਜਾਣਿਆ। ਉਹ ਆਪਣੀ ਮਾਤਾ ਤ੍ਰਿਪਤਾ ਅਤੇ ਪਿਤਾ ਕਾਲੂ ਨੂੰ ਅਕਸਰ ਕਹਿੰਦੇ ਸੀ ਕਿ ਨਾਨਕ ਨੂੰ ਪੁੱਤਰ ਕਰਕੇ ਨਾ ਜਾਣਿਓ। ਨਾਨਕ ਇਸ ਜਗਤ ਦਾ ਜੀਵ ਨਹੀਂ, ਉਹ ਤਾਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਅਤੇ ਉਨ੍ਹਾਂ ਦੀ ਪੀੜਾ ਹਰਨ ਵਾਸਤੇ ਆਇਆ ਹੈ।  ਬੇਬੇ ਨਾਨਕੀ ਤੋ ਬਾਅਦ ਜੋ ਦੂਸਰਾ ਬੰਦਾ ਸੀ ਜਿਸ ਨੇ ਗੁਰੂ ਨਾਨਕ ਨੂੰ ਸਮਝਿਆ, ਪਰਖਿਆ ਤੇ ਜਾਣਿਆ ਉਹ ਸੀ ਰਾਇ ਬੁਲਾਰ ਕਿਓਂਕਿ ਉਸਨੇ ਗੁਰੂ ਨਾਨਕ ਸਾਹਿਬ ਉਤੇ ਸੱਪ ਨੂੰ  ਛਾਂ ਕਰਦੇ ਆਪ ਦੇਖਿਆ ਸੀ ਤੇ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਸਾਰੇ ਕਿੱਸੇ ਕਹਾਣੀਆ ਪਾਂਧੇ, ਮੋਲਵੀ ਤੇ ਪੰਡਿਤ ਹਰਦਿਆਲ  ਤੋ ਵੀ ਸੁਣੇ ਸਨI

    ਉਨ੍ਹਾ ਦਿਨਾਂ ਵਿਚ ਬਚੀਆਂ ਦਾ ਵਿਆਹ ਜਲਦੀ ਕਰ ਦਿਤਾ ਜਾਂਦਾ ਸੀ ਜਿਸਦੇ ਕਈ ਕਾਰਣ ਸਨ ਜਿਨਾਂ ਵਿਚੋਂ ਮੁਖ ਜਰਵਾਣਿਆਂ ਦੇ ਹਮਲੇ ,ਸਥਾਨਕ ਹਾਕਮਾਂ ਦੇ ਜ਼ੁਲਮ ਤੇ ਗੈਰ ਮੁਸਲਮਾਨ ਲੜਕੀਆਂ ਦੀ ਇਜ਼ਤ ਨਾਲ ਖੇਲਣਾ ਇਕ ਆਮ ਰਵਾਇਤ ਸੀI ਬੇਬੇ ਨਾਨਕੀ ਜੀ  ਦਾ ਵਿਆਹ ਛੋਟੀ ਉਮਰੇ ਜਦ ਉਹ 12 ਕੁ ਸਾਲ ਦੇ ਸੀ , ਸੰਨ 1475 ਵਿਚ ਭਾਈਆ ਜੈ ਰਾਮ ਜੀ ਨਾਲ ਹੋਇਆ ਜੋ ਕਿ ਸੁਲਤਾਨਪੁਰ ਵਿਖੇ ਨਵਾਬ ਦੌਲਤ ਖਾਂ ਲੋਧੀ ਦੇ ਮਾਲ ਮਹਿਕਮੇ ਵਿਚ ਉਚੇ ਅਹੁਦੇ ਤੇ ਸਨI ਇਹ ਅਕਸਰ ਤਲਵੰਡੀ ਰਾਇ ਬੁਲਾਰ ਕੋਲ  ਕਈ ਵਾਰੀ ਜਮੀਨ ਦੀ ਪੈਮਾਇਸ਼ ਕਰਨ ਤੇ ਮਾਲੀਆ ਉਗਰਾਹੁਣ ਦੇ ਸਿਲਸਿਲੇ ਵਿਚ ਤਲਵੰਡੀ ਆਇਆ ਜਾਇਆ ਕਰਦੇ ਸਨI ਇਹ ਇਕ ਚੰਗਾ ਰਿਸ਼ਤਾ ਜਾਣ ਕੇ ਰਾਇ ਬੁਲਾਰ ਜੋ ਇਸ ਪਰਿਵਾਰ ਦੀ ਬਹੁਤ ਇਜ਼ਤ ਕਰਦੇ ਸੀ ਤੇ ਨਾਨਕੀ ਨੂੰ ਆਪਣੇ ਬਚਿਆਂ ਦੀ ਤਰਹ ਪਿਆਰ ਕਰਦੇ ਸੀ, ਨੇ ਕਰਵਾਇਆ I ਉਹਨਾਂ ਦਾ ਡੋਲਾ ਰਾਇ-ਭੋਇ ਦੀ ਤਲਵੰਡੀ ਜਿਲ੍ਹਾ ਸ਼ੇਖੁਪੁਰਾ (ਅੱਜ-ਕੱਲ ਨਨਕਾਣਾ ਸਾਹਿਬ) ਤੋਂ ਜਿਸ ਅਸਥਾਨ ਉੱਪਰ ਆਇਆ, ਉਸ ਥਾਂ ਨੂੰ ਗੁਰਦੁਆਰਾ ਬੇਬੇ ਨਾਨਕੀ ਜੀ ਦਾ ਖੂਹ ਸਾਹਿਬ, ਤਲਵੰਡੀ ਚੌਧਰੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

  • ਵਿਆਹ ਤੋਂ ਮਗਰੋਂ ਬੀਬੀ ਨਾਨਕੀ ਨੇ ਇਕ ਸੁਚਜੀ ਗ੍ਰਹਿਣੀ ਦੀ ਤੋਰ ਤੇ ਆਪਣੀ ਸਾਰੀ ਜਿੰਦਗੀ ਸੁਲਤਾਨਪੁਰ ਲੋਧੀ ਵਿਚੇ ਰਹਿ ਕੇ ਬੀਤਾਈ I ਉਨ੍ਹਾ ਦਾ ਗ੍ਰਹਿਸਤੀ ਜੀਵਨ ਆਪਣੇ ਆਪ ਵਿਚ ਇਕ ਮਿਸਾਲ ਸੀI ਭਾਇਆ ਜੈ ਰਾਮ ਜੀ ਬੇਬੇ ਨਾਨਕੀ ਜੀ ਦਾ ਬਹੁਤ ਆਦਰ ਕਰਦੇ ਸੀ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਬਹੁਤ ਪਿਆਰ ਕਰਦੇ ਸੀI ਉਹ ਅਕਸਰ  ਕਿਹਾ ਕਰਦੇ ਸੀ ,” ਧੰਨ ਪ੍ਰਮੇਸ਼ਰ ਜੀ ਹੈਂ ਅਤੇ ਧੰਨ ਨਾਨਕ ਜੀ ਹੈਂ ਅਤੇ ਤੂੰ ਭੀ ਧੰਨ ਹੈਂ ਅਤੇ ਥੋੜੇ ਥੋੜੇ ਅਸੀਂ ਵੀ ਧੰਨ ਹਾਂ ਜੋ ਤੇਰੇ ਨਾਲ ਸੰਜੋਗ ਬਣਿਆ ਹੈI ਇਹ ਸਭ ਮਾਤਾ ਤ੍ਰਿਪਤਾ ਜੀ ਦੀ ਆਪਣੀ ਬਚੀ ਬੀਬੀ ਨਾਨਕੀ ਜੀ ਨੂੰ ਸਿਖਿਆ ਦੇਣ ਦਾ ਕਮਾਲ ਸੀI ਮਾਤਾ ਤ੍ਰਿਪਤਾ ਵੀ ਪ੍ਰਭੂ ਭਗਤੀ ਵਿਚ ਜੁੜੇ ਰਹਿਣ ਵਾਲੇ ਮਿਠ ਬੋਲੜੇ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨI ਭਾਇਆ ਜੈ ਰਾਮ ਜੀ ਤੇ  ਮਹਿਤਾ ਕਾਲੂ ਜੀ ਦਾ ਵੀ ਆਪਸ ਵਿਚ ਬਹੁਤ ਪਿਆਰ ਸੀI ਉਹ ਕਈ ਵਾਰ ਆਪਣੇ ਘਰੇਲੂ ਮਸਲਿਆਂ ਬਾਰੇ ਭਾਇਆ ਜੈ ਰਾਮ ਜੀ ਕੋਲੋਂ ਸਲਾਹ ਲੈਂਦੇ ਸੀ ਕਿਉਂਕਿ ਉਹ ਜਾਣਦੇ ਸੀ ਕਿ ਭਾਇਆ ਜੈ ਰਾਮ ਜੀ ਹਮੇਸ਼ਾਂ ਚੰਗੀ, ਨੇਕ ਤੇ ਪਰਿਵਾਰ ਦੇ ਹਿਤ ਵਾਲੀ ਸਲਾਹ ਦੇਣਗੇI

  • ਭੈਣ ਦੇ ਸਹੁਰੇ ਜਾਣ ਤੋ ਬਾਅਦ ਗੁਰੂ ਨਾਨਕ ਸਾਹਿਬ ਉਦਾਸ ਹੋ ਗਏ I ਬੇਬੇ ਨਾਨਕੀ ਨਾਲ ਗੁਰੂ ਸਾਹਿਬ ਦੀ ਦਿਲੀ ਸਾਂਝ ਸੀ , ਉਨ੍ਹਾ ਦਾ ਲਾਡ -ਪਿਆਰ, ਨਿਕੀਆਂ ਨਿਕੀਆਂ ਗਲਾਂ ਤੇ ਖੇਡਾਂ ਤੋਂ ਗੁਰੂ ਸਾਹਿਬ ਬਹੁਤ ਖੁਸ਼ ਰਹਿੰਦੇI ਗੁਰੂ ਸਾਹਿਬ ਦੀ ਅੰਤਰ ਆਤਮਾ ਨੂੰ ਸਮਝਣ ਵਾਲਾ ਘਰ ਵਿਚ ਸਿਰਫ ਬੇਬੇ ਨਾਨਕੀ ਤੋਂ ਸਿਵਾਏ ਕੋਈ ਨਹੀਂ ਸੀI ਬੇਬੇ ਨਾਨਕੀ ਦੇ ਜਾਣ ਤੋ ਬਾਅਦ  ਉਹ ਚੁਪ ਰਹਿਣ ਲਗ ਪਏi ਭੈਣ ਦਾ ਵਿਛੋੜੇ  ਦੇ ਨਾਲ ਨਾਲ ਪ੍ਰਭੂ ਦੇ ਵਿਛੋੜੇ ਨੇ ਉਨ੍ਹਾ ਦੇ ਦਿਲ ਵਿਚ ਬਿਰਹਾ ਦੀ ਵੇਦਨਾ ਤੀਬਰ ਕਰ ਦਿਤੀ I ਮਾਤਾ ਪਿਤਾ ਨੇ ਸੋਚਿਆ ਕਿ ਨਾਨਕ ਬੀਮਾਰ ਹੈI ਵੈਦ ਹਰੀਦਾਸ ਨੂੰ ਬੁਲਾਇਆ ਗਿਆI ਜਦ ਉਸਨੇ ਗੁਰੂ ਸਾਹਿਬ ਦੀ ਨਮਜ਼ ਟਟੋਲੀ  ਤਾਂ ਗੁਰੂ ਸਾਹਿਬ ਨੇ ਸ਼ਾਇਦ ਉਸ ਵਕ਼ਤ ਇਹ ਬਚਨ ਆਖੇ

  •                       ਵੈਦੁ  ਬੁਲਾਇਆ ਵੈਦਗੀ ,ਪਕੜਿ ਢੰਢੋਲੇ ਬਾਂਹ

  •                        ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ

  • ਮਾਤਾ ਪਿਤਾ ਨੇ ਸਮੇ ਦੇ ਰਿਵਾਜ਼ ਅਨੁਸਾਰ ਗੁਰੂ ਨਾਨਕ ਸਾਹਿਬ ਨੂੰ ਭਾਈ ਬਾਲੇ ਦੇ ਨਾਲ ਬੇਬੇ ਨਾਨਕੀ ਦਾ ਫੇਰਾ ਪਵਾਉਣ ਲਈ ਲੈਣ ਵਾਸਤੇ ਸੁਲਤਾਨਪੁਰ ਭੇਜ ਦਿਤਾ I ਭਾਈ ਜੈ ਰਾਮ ਜੀ  ਬੜੇ ਪਿਆਰ ਤੇ ਸਤਿਕਾਰ ਨਾਲ  ਦੋਨੋ ਨੂੰ ਮਿਲੇ ਅਤੇ  ਉਨ੍ਹਾ ਨੂੰ ਦਸਿਆ ਕਿ  ਜਦੋਂ ਦੇ ਨਾਨਕੀ ਜੀ ਤਲਵੰਡੀ ਤੋ ਆਏ ਹਨ ਬਸ ਨਾਨਕ ਜੀ ਦੀਆਂ  ਗਲਾਂ ਹੀ ਕਰਦੇ ਰਹਿੰਦੇ ਹਨI ਕੁਝ ਦਿਨ ਰਹਿ ਕੇ ਗੁਰੂ ਨਾਨਕ ਬੇਬੇ ਨਾਨਕੀ ਨੂੰ  ਤਲਵੰਡੀ ਲੈ ਆਏ I ਤਿੰਨ ਮਹੀਨੇ ਬਾਅਦ ਭਾਇਆ ਜੈ ਰਾਮ ਜੀ ਤਲਵੰਡੀ ਆਏ ਤੇ ਬੇਬੇ ਨਾਨਕੀ ਨੂੰ ਵਾਪਸ ਸੁਲਤਾਨਪੁਰ ਲੈ ਗਏi ਬੇਬੇ ਨਾਨਕੀ ਦੇ ਜਾਣ  ਤੋ ਬਾਅਦ ਤਲਵੰਡੀ ਵਿਚ ਫਿਰ ਏਕ ਵਾਰ ਮਾਯੂਸੀ ਦਾ ਮਹੋਲ ਬਣ ਗਿਆ ਜਿਸਦਾ ਸਭ ਤੋ ਵਧ ਅਸਰ ਗੁਰੂ ਨਾਨਕ ਸਾਹਿਬ ਤੇ ਹੋਇਆI

  • ਸ਼ਾਇਦ ਇਹ ਗਲ ਬੇਬੇ ਨਾਨਕੀ ਤਕ ਪੁਜੀI ਬੇਬੇ ਨਾਨਕੀ ਤੇ ਭਾਇਆ ਜੈ ਰਾਮ ਜੀ ਨੇ ਸਲਾਹ ਕੀਤੀ ਕਿ ਨਾਨਕ ਨੂੰ ਸੁਲਤਾਨਪੁਰ ਬੁਲਾ ਲਈਏI ਬੇਬੇ ਨਾਨਕੀ ਇਨ੍ਹਾ ਨੂੰ ਰਬੀ ਨੂਰ ਸੋਚਦਿਆਂ ਇਨ੍ਹਾ ਤੋਂ ਨੋਕਰੀ ਕਰਵਾਨਾ ਨਹੀਂ ਸੀ ਚਹੁੰਦੀ ਪਰ ਗੁਰੂ ਨਾਨਕ ਸਾਹਿਬ ਤਾਂ ਸਚੀ-ਸੁਚੀ ਕਿਰਤ ਦੇ ਉਪਾਸ਼ਕ ਸੀI ਉਨ੍ਹਾ ਨੇ ਕਿਹਾ ਕਿ ਕੋਈ ਕਿਰਤ ਕਰਨੇ ਦਾ ਵਸੀਲਾ  ਮਿਲ ਜਾਏ ਤਾਂ ਉਨ੍ਹਾ ਦਾ ਆਣਾ ਠੀਕ ਰਹੇਗਾI ਭਾਇਆ ਜੈ ਰਾਮ ਜੀ  ਦਾ ਦੌਲਤ ਖਾਨ ਲੋਧੀ ਦੇ ਦਰਬਾਰ ਵਿਚ ਚੰਗਾ ਰਸੂਖ ਸੀ ਉਨ੍ਹਾ ਨੇ ਗਲਬਾਤ ਕੀਤੀI ਜਦੋਂ  ਦੌਲਤ ਖਾਨ ਲੋਧੀ ਨੇ  ਗੁਰੂ ਨਾਨਕ ਦਾ ਨਿਰਛਲ ਤੇ ਨਿਰਕਪਟ  ਚੇਹਰੇ ਦੇਖਿਆ ਤੇ ਇਕ ਦਮ ਉਨ੍ਹਾ ਦੇ ਮੂੰਹ ਚੋਂ ਨਿਕਲਿਆ ,” ਇਹ ਤਾਂ ਕੋਈ ਔਲੀਆ ਹੈ ਮੋਦੀ ਦਾ ਕੰਮ ਕਿਵੇਂ ਸੰਭਾਲੇਗਾ “?I ਖੈਰ ਉਸਨੇ ਨੇ ਹਾਮੀ ਹਾਂ ਵਿਚ ਭਰ ਦਿਤੀ ਤੇ ਮੋਦੀ -ਖਾਨੇ ਦਾ ਕੰਮ ਨਾਨਕ ਜੀ ਨੂੰ ਸੋਂਪ ਦਿਤਾI ਗੁਰੂ ਨਾਨਕ ਸਾਹਿਬ ਇਥੇ ਤਕਰੀਬਨ 12 ਸਾਲ ਰਹੇI ਉਨ੍ਹਾ ਨੇ ਮਰਦਾਨੇ ਨੂੰ ਜੋ ਉਨ੍ਹਾ ਦਾ ਬਚਪਨ ਤੋਂ ਸੰਗੀ ਸਾਥੀ ਸੀ ਸੁਲਤਾਨਪੁਰ ਬੁਲਾ ਲਿਆ I ਸਵੇਰੇ ਦੇ ਸ਼ਾਮੀ ਵਹੀਂ ਨਦੀ ਜੋ ਕਿ ਘਰ ਤੋਂ ਪੰਜ ਸਤ ਕਿਲੋ ਮੀਟਰ ਤੇ ਹੀ ਸੀ,ਜਾਕੇ ਇਸ਼ਨਾਨ ਕਰਦੇ ਤੇ ਸਿਮਰਨ ਕਰਦੇI ਮਰਦਾਨਾ ਰਬਾਬ ਵਜਾਉਂਦਾ ਤੇ ਉਹ ਰਬੀ ਬਾਣੀ ਦਾ ਗਾਇਨ ਕਰਦੇI ਦੁਪਹਿਰ ਨੂੰ ਉਹ ਮੋਦੀ ਖਾਨੇ ਵਿਚ ਆਪਣੀ ਕਿਰਤ ਕਮਾਈ ਕਰਦੇI

  • ਬੇਬੇ ਨਾਨਕੀ ਨੇ ਸੋਚਿਆ  ਕਿ ਜੇਕਰ ਭਰਾ ਦਾ ਵਿਆਹ ਕਰ ਦੇਈਏ ਤਾਂ ਗ੍ਰਿਹਸਤ ਵਿਚ ਰੁਝ ਜਾਇਗਾ ਤੇ ਮਾ-ਪਿਉ ਦਾ ਵੀ  ਫਿਕਰ ਖਤਮ ਹੋ ਜਾਵੇਗਾI ਪਰ ਇਹ ਗਲ ਵਖਰੀ ਹੈ ਕਿ ਉਨ੍ਹਾ ਦੀ ਇਹ ਆਸ ਪੂਰੀ ਨਾ ਹੋ ਸਕੀI ਵਿਆਹ ਤੋ ਮਗਰੋਂ ਵੀ ਗੁਰੂ ਸਾਹਿਬ ਦੇ ਨਿਤ ਪ੍ਰਤੀ ਜੀਵਨ ਅਤੇ ਕਾਰਜ ਸ਼ੈਲੀ ਵਿਚ ਕੋਈ ਫਰਕ ਨਾ ਆਇਆI ਖੈਰ 24 ਸਤੰਬਰ 1484 ਆਪਣੇ ਭਰਾ ਦੀ ਸ਼ਾਦੀ  ਪਿੰਡ ਪਖੋਕੇ ਰੰਧਾਵੇ ਦੇ ਵਸਨੀਕ  ਮੂਲ ਚੰਦ ਚੋਣਾ ਦੀ ਧੀ ਸੁਲਖਣੀ ਨਾਲ ਕਰਵਾ ਦਿਤੀ  i ਇਥੇ ਹੀ ਬਾਬੇ ਨਾਨਕ ਦੇ ਦੋ ਬਚੇ ਹੋਏ , ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ I

  • ਸੁਲਤਾਨਪੁਰ ਵਿਚ ਬੇਬੇ ਨਾਨਕੀ ਜੀ ਤਕਰੀਬਨ 43 ਸਾਲ ਰਹੇ। ਬੇਬੇ ਨਾਨਕੀ ਕੋਲ ਦੋ ਘਰ ਸਨI ਬਾਬਾ ਨਾਨਕ ਦੇ ਹੁੰਦਿਆਂ ਘਰ ਸਾਧੂਆਂ ਸੰਤਾ ਦਾ ਆਣਾ-ਜਾਣਾ ਲਗਾ ਰਹਿੰਦਾ ਸੀ I ਲੰਗਰ ਵੀ 24 ਘੰਟ ਲਗਾ ਰਹਿੰਦਾI ਇਸ ਲਈ ਇਹ  ਥਾਂ ਦੀ ਵੀਰ  ਵਾਸਤੇ ਮਹੱਤਤਾ ਨੂੰ ਜਾਣਦੇ ਹੋਏ,ਨਾਨਕ ਦਾ ਵਿਹੜਾ ਸਦਾ ਖੁੱਲ੍ਹਾ ਰਹੇ, ਖੁਲੇ ਵੇਹੜੇ ਵਾਲੀ ਥਾਂ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਦੇ ਦਿੱਤੀ ਤੇ ਆਪ ਛੋਟੇ ਘਰ ਵਿਚ ਚਲੇ ਗਏI ਸੁਲਤਾਨਪੁਰ ਵਿਚ ਜਿਥੇ ਬਾਬਾ ਨਾਨਕ ਰਹੇ ਉਥੇ ਹੀ ਉਹ ਖੂਹ ਹੈ, ਜੋ ਪਿਆਸਿਆਂ ਦੀ ਪਿਆਸ ਹੁਣ ਤੱਕ ਬੁਝਾਉਂਦਾ ਹੈ। ਉਥੇ ਹੀ ਇਕ ਐਸਾ ਬ੍ਰਿਛ ਹੈ, ਜੋ ਥੱਕੇ-ਹਾਰਿਆਂ ਦੀ ਥਕਾਵਟ ਹੁਣ ਤੱਕ ਮਿਟਾਉਂਦਾ ਹੈ। ਉਥੇ ਹੀ ਤੰਦੂਰ ਹੈ, ਜੋ ਹਰ ਇਕ ਦੀ ਭੁੱਖ ਦਾ ਖਿਆਲ ਰੱਖ, ਹਰ ਵਕਤ ਬਲਦਾ ਹੀ ਰਹਿੰਦਾ ਹੈ।  ਸੁਲਤਾਨ ਪੁਰ ਵਿਚ ਉਹ ਘਰ ਜਿਥੇ ਗੁਰੂ ਨਾਨਕ ਸਾਹਿਬ ਰਹਿੰਦੇ ਸਨ ਇਹ ਧਾਰਨਾ ਆਮ ਸੀ ” ਨਾਨਕ ਦਾ ਘਰ ਕਿਹੜਾ ਜਿਸਦਾ ਖੁਲਾ ਵਿਹੜਾ “

         ਇਕ ਵਾਰੀ ਮੋਢੀ ਖਾਨੇ ਵਿਚ ਕਿਸੇ  ਸਾਧੂ ਦਾ ਸਮਾਨ ਤੋਲਦੇ ,ਧਰਮ-ਕਰਮ  ਦੀਆਂ ਗਲਾਂ ਕਰਦੇ ਉਨ੍ਹਾ ਦੀ ਬਿਰਤੀ ਅਕਾਲ ਪੁਰਖ ਨਾਲ ਜੁੜ ਗਈ ਤੋਲਦੇ               ਤੋਲਦੇ ਜਦ ਬਾਰਹ ਧਾਰਨਾ ਤੋਲ ਕੇ ਤੇਰਵੀਂ ਤਕ ਪੁਜੇ  ਤਾਂ ਸੁਧ ਬੁਧ ਨਾ ਰਹੀ  ਤੇਰਾਂ ਤੋ ਅਗੇ ਵਧੇ ਹੀ ਨਹੀਂ ਪਰ ਤੇਰਾਂ  ਤੇਰਾਂ  ਕਹਿੰਦੇ ਕਹਿੰਦੇ ਧਾਰਨਾ ਤੋਲੀ             ਗਏI ਸਾਧੂ ਨੇ ਵਿਚੋਂ ਟੋਕਿਆ ਕਿ ਇੰਜ ਤਾਂ ਤੁਸੀਂ ਇਕ ਦਿਨ ਮੋਦੀ ਖਾਨੇ ਨੂੰ ਉਜਾੜ ਦਿਉਗੇ ਤਾ ਗੁਰੂ ਸਾਹਿਬ ਨੇ ਕਿਹਾ ਕਿ “ਸਾਈੰ ਤੇਰਾ ਤੇਰਾ ਕਹਿ ਕੇ  ਤਾਂ               ਬਰਕਤ ਪੈਂਦੀ ਹੈ ਇਹ ਸੰਸਾਰ ਦਾ ਮੇਰਾ ਮੇਰਾ ਕਹਿ ਕੇ ਉਜੜ ਰਿਹਾ ਹੈ” I

  • ਕਿਸੇ ਨੇ ਮੋਦੀ ਨੂੰ ਸ਼ਕਾਇਤ ਕਰ ਦਿਤੀ ਕਿ ਨਾਨਕ ਤਾਂ ਮੋਦੀ ਖਾਨਾ ਉਜਾੜ ਰਿਹਾ ਹੈi ਬਾਬੇ ਨਾਨਕ ਨੂੰ ਇਕ ਕਮਰੇ ਵਿਚ ਬੰਦ ਕਰਕੇ ਮੋਦੀ ਖਾਨੇ ਦੀ ਜਾਂਚ-ਪੜਤਾਲ ਕੀਤੀ ਗਈI ਮਾਲ ਜਿਤਨਾ ਹੋਣਾ ਚਾਹਿਦਾ ਸੀ ਉਸਤੋਂ ਵਧ ਨਿਕਲਿਆI ਮੋਦੀ ਨੇ ਮਾਫ਼ੀ ਮੰਗੀ -ਅਗਲੇ ਦਿਨ ਗੁਰੂ ਸਾਹਿਬ ਜਦ ਵਹੀਂ ਨਦੀ ਤੇ ਨਹਾਉਣ ਵਾਸਤੇ ਗਏ ਤਾਂ ਤਿੰਨ ਦਿਨ ਬਾਹਰ ਹੀ ਨਹੀਂ ਨਿਕਲੇI ਕਿਸੇ ਨੇ ਕਿਹਾ ਕਿ ਮੋਦੀ ਖਾਨਾ  ਉਜਾੜ ਕੇ ਨਾਨਕ  ਡੁਬ ਮੋਇਆ ਹੈ , ਕਿਸੇ ਨੇ ਕੁਝ ਪਰ ਇਕ ਬੇਬੇ ਨਾਨਕੀ ਦਾ ਚਟਾਨ ਵਰਗਾ  ਵਿਸ਼ਵਾਸ ਸੀ ਕਿ ਉਸਦਾ ਭਰਾ ਤੇ ਜਗਤ ਨੂੰ ਤਾਰਨ  ਵਾਸਤੇ ਆਇਆ ਹੈ ਉਹ ਡੁਬ ਨਹੀਂ ਸਕਦਾ –

  • ਇਨ੍ਹਾ ਤਿੰਨ ਦਿਨਾ ਵਿਚ ਬਾਬੇ ਨਾਨਕ  ਜੀ  ਅਕਾਲ ਪੁਰਖ ਨਾਲ ਰੂ -ਬਰੂ ਹੋਏI ਅਕਾਲ ਪੁਰਖ ਦਾ ਹੁਕਮ ਹੋਇਆ ਕਿ ਜਾਹ ਤੂੰ ਜਗਤ ਨੂੰ ਤਾਰ -ਇਕ ਜਗਹ ਬਹਿ ਕੇ ਸੰਸਾਰ ਦਾ ਉਧਾਰ ਨਹੀਂ ਹੋ ਸਕਦਾI  ਸੋ ਸਾਰਾ ਕੁਝ ਗਰੀਬਾਂ ਤੇ ਲੋੜਵੰਦਾ ਵਿਚ ਵੰਡ ਵੰਡਾ ਕੇ  ਉਦਾਸੀਆਂ ਤੇ ਜਾਣ ਦਾ ਫੈਸਲਾ ਕਰ ਲਿਆI  ਬਾਬੇ ਨਾਨਕ ਪਿਛੋਂ ਭੈਣ ਨਾਨਕੀ ਨੇ ਆਪਣੇ ਭਰਾ ਦੇ ਦੋਨੋ ਬਚੇ ਤੇ ਮਾਤਾ ਸੁਲਖਣੀ ਨੂੰ ਕਿ ਸਾਲ ਆਪਣੇ ਘਰ ਬੜੇ ਪਿਆਰ ਨਾਲ ਰਖਿਆI ਬਾਬੇ ਨਾਨਕ ਵਾਸਤੇ ਰਬਾਬ ਬਣਵਾਉਣ ਦੇ ਪੈਸੇ ਵੀ ਨਾਨਕੀ ਭੈਣ ਨੇ ਦਿਤੇ ਜਿਸ ਨਾਲ ਭਾਈ ਫਿਰੰਦੇ ਨੇ ਨਾਨਕ ਸਾਹਿਬ ਦੇ ਆਦੇਸ਼ ਅਨੁਸਾਰ ਰਬਾਬ ਤਿਆਰ ਕੀਤੀI  ਇਸ ਰਬਾਬ ਦੀਆਂ ਤਾਰਾਂ ਤੇ ਭਾਈ ਮਰਦਾਨਾ “ਧੁਰ ਕਿ ਬਾਣੀ ਆਈ ” ਤੇ  ਆਪਣੀਆਂ ਤਰਜਾਂ  ਕਢਦਾ ਤੇ ਗੁਰੂ ਨਾਨਕ ਸਾਹਿਬ ਆਪਣੀ ਮਿਠੀ ਰੂਹਾਨੀ ਆਵਾਜ਼ ਵਿਚ ਇਸਦਾ ਗਾਇਨ ਕਰਦੇ I  ਇਸ ਰਬਾਬ ਚੋਂ ਭੈਣ ਨਾਨਕੀ ਦਾ ਪਿਆਰ ਵੀਰ ਵਾਸਤੇ ਡੁਲ ਡੁਲ ਪੈਂਦਾ Iਭਾਈ ਫਿਰੰਦੇ ਨੇ ਮਰਦਾਨੇ ਨੂੰ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਰਾਗ ਵਿਦਿਆ ਵੀ ਸਿਖਾਈ I ਜਦੋਂ ਬਾਬਾ ਨਾਨਕ ਉਦਾਸੀਆਂ ਤੇ ਗਿਆ ਤਾਂ ਮਾਤਾ ਪਿਤਾ ਨੇ ਆਪਣਾ ਬੁਢੇਪਾ ਜਾਣ ਗੁਰੂ ਸਾਹਿਬ ਨੂੰ ਜਾਣ ਲਈ ਮਨਾ ਕੀਤਾ ਪਰ ਭੈਣ ਨਾਨਕੀ ਨੇ ਲਖ ਲਖ ਅਸੀਸਾਂ ਦੇਕੇ ਵੀਰ ਨੂੰ ਤੋਰਿਆI

  • ਜਦੋਂ ਵੀ ਬੇਬੇ ਨਾਨਕੀ ਆਪਣੇ ਵੀਰ ਨੂੰ ਸਚੇ ਦਿਲ ਨਾਲ ਯਾਦ ਕਰਦੀ ਤਾਂ ਗੁਰੂ ਸਾਹਿਬ  “ਸਤਿ ਕਰਤਾਰਿ” ਦੀ  ਆਵਾਜ ਦੇਕੇ ,ਭੈਣ ਨਾਨਕੀ ਕੋਲ ਆ ਪਹੁੰਚਦੇ I ਇਸ ਬਾਰੇ ਕਈ ਸਾਖੀਆਂ ਮਸਹੂਰ ਹਨ ਜਿਵੇ ਇਕ ਵਾਰੀ ਜਦ ਤਵੇ ਤੇ ਪਿਆ ਫੁਲਕਾ ਫੁਲਿਆ ਤਾਂ ਬੇਬੇ ਨਾਨਕੀ ਨੇ ਬੜੇ ਪਿਆਰ ਨਾਲ ਵੀਰ ਨੂੰ ਯਾਦ ਕੀਤਾ ਕਿ ਜੇ ਇਹ ਫੁਲਕਾ ਮੇਰਾ ਵੀਰ ਖਾਏ ਤਾਂ ? ਉਸੇ ਵੇਲੇ ਬਾਬਾ ਨਾਨਕ ਆਏ. ਸਤਿ ਕਰਤਾਰਿ ਕਹਿ ਕੇ ਕੁੰਡਾ ਖੜਕਾਇਆ ਤੇ ਆਕੇ  ਉਹੀ ਫੁਲਕਾ ਮੰਗਿਆI  ਉਹ ਜਦੋ ਵੀ ਉਦਾਸੀ ਤੋਂ ਆਉਂਦੇ ਤੇ ਆਪਣੇ ਮਾਤਾ ਪਿਤਾ ਤੇ ਭੈਣ ਨਾਨਕੀ ਦੀ ਚਰਨ ਛੋਹ ਤੇ ਆਸ਼ੀਰਵਾਦ ਨਾਲ ਘਰ ਵਿਚ ਪੈਰ ਪਾਂਦੇ  ਤੇ ਜਦੋਂ  ਆਪਣੀ ਅਗਲੀ ਮਿਸ਼ਨ ਲਈ ਤੁਰਦੇ ਤਾਂ ਵੀ ਉਨ੍ਹਾ ਦੀ ਚਰਨ ਛੋਹ ਤੇ ਆਸ਼ੀਰਵਾਦ ਲੈਕੇ ਹੀ ਤੁਰਦੇI

            ਸੰਨ  1518 ਈ: ਵਿੱਚ ਜਦ ਆਖਰੀ ਉਦਾਸੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਾਪਸ ਆਏ  ਤਾਂ ਭੈਣ ਨਾਨਕੀ ਨੇ ਗੁਰੂ ਸਾਹਿਬ ਨੂੰ ਹੁਣ ਸੁਲਤਾਨਪੁਰ ਹੀ ਰਹਿਣ ਲਈ ਕਿਹਾ I  ਗੁਰੂ ਜੀ  ਵੀ ਜਾਨੀ-ਜਾਨ ਸੀ,  ਬੇਬੇ ਜੀ ਦਾ ਅੰਤ ਸਮਾਂ ਜਾਣ ਕੇ ਸੁਲਤਾਨਪੁਰ ਹੀ ਰੁਕ ਗਏ। ਕੁਝ ਦਿਨ ਬੀਤਣ ਬਾਅਦ ਬੇਬੇ ਨਾਨਕੀ ਜੀ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਆਪਣੀ 54 ਸਾਲ ਦੀ ਉਮਰ ਭੋਗ ਕੇ  ਜੋਤੀ-ਜੋਤ ਸਮਾ ਗਏ। ਗੁਰੂ ਜੀ ਨੇ ਆਪਣੀ ਪਿਆਰੀ ਭੈਣ ਦਾ ਸਸਕਾਰ  ਆਪਣੇ ਹੱਥੀਂ  ਕੀਤਾ। ਉਸਤੋਂ ਤਿੰਨ ਦਿਨਾ ਬਾਅਦ ਭਾਇਆ ਜੈ ਰਾਮ ਜੀ ਨੂੰ ਅਕਾਲ ਪੁਰਖ ਦਾ ਸੱਦਾ ਆ ਗਿਆ ਤੇ ਉਨ੍ਹਾ ਦਾ ਸਸਕਾਰ ਵੀ ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਕੀਤਾI

ਬੇਬੇ ਨਾਨਕੀ ਦੀ ਯਾਦ ਵਿਚ ਇਸ ਇਤਿਹਾਸਿਕ ਨਗਰੀ ,ਸੁਲਤਾਨਪੁਰ ਲੋਧੀ ਵਿਖੇ ਸੁਸ਼ੋਬਿਤ ਗੁਰੂਦਵਾਰਾ ਦਾ ਇਤਿਹਾਸ ਵੀ ਬਹੁਤ ਵਿਲਖਣ ਹੈ I ਕਹਿੰਦੇ ਹਨ ਜਦ ਕੁਦਰਤ ਆਪਣੀ ਕਾਇਨਾਤ ਵਿਚ ਕੋਈ ਪਰਿਵਰਤਨ ਚਾਹੁੰਦੀ ਹੈ ਤਾਂ ਉਹ ਉਸ ਸਮੇ ਕਿਸੇ ਪੀਰ ਪੈਗੰਬਰ ,ਧਰਮੀ ਪੁਰਖ ਜਾਂ ਕਿਸੇ ਉਦਮੀ ਪੁਰਖ ਨੂੰ ਪ੍ਰੇਰਦਿਆਂ ਉਸ ਅਸਥਾਨ ਤੇ ਲੈ ਆਉਂਦੀ ਹੈI ਸ਼ਾਇਦ ਕੁਝ ਅਜਿਹੀ ਹਾਲਤ ਵਿਚ ਸੇਵਾ ਦੀ ਅਨਥਕ ਮੂਰਤ ਅਤੇ ਮਨੁਖਤਾ ਦੀ ਹਮਦਰਦ ਸਤਿਕਾਰ ਯੋਗ ਬੀਬੀ ਬਲਵੰਤ ਕੌਰ ਦਾ ਸੁਲਤਾਨਪੁਰ ਦੀ ਧਰਤੀ ਤੇ ਆਉਣਾ ਹੋਇਆI ਬੀਬੀ ਬਲਵੰਤ ਕੌਰ, ਜੋ ਇਗ੍ਲੈੰਡ, ਬਰਮਿੰਘਮ ਦੇ ਨਿਵਾਸੀ ਸੀ I ਇੰਗ੍ਲੈੰਡ ਵਿਚ ਉਹ  ਅਕਸਰ  ਗੁਰੂਦਵਾਰਿਆਂ ਤੇ ਲੋਕਾਂ ਦੇ ਘਰਾਂ ਵਿਚ ਕੀਰਤਨ ਕਰਦੇ ਸੀ ਤੇ ਜੋ ਮਾਇਆ ਇੱਕਠੀ ਹੁੰਦੀ ਸੀ,ਇਕ ਫੰਡ ਵਿਚ ਜਮਾ ਕਰ ਦਿਆ ਕਰਦੇ ਸੀI ਉਨ੍ਹਾ ਨੇ ਮਹਿਸੂਸ ਕੀਤਾ ਕਿ  ਗੁਰੂ ਨਾਨਕ ਸਾਹਿਬ ਦੀਆਂ ਤਾਂ ਬਹੁਤ ਸਾਰੀਆਂ ਯਾਦਗਾਰਾਂ ਇਸ ਨਗਰੀ ਵਿਚ ਬਣਾ ਦਿਤੀਆਂ ਗਈਆਂ ਪਰ ਬੇਬੇ ਨਾਨਕੀ ਦੀ ਯਾਦ ਤਾਜ਼ਾ ਕਰਨ ਲਈ ਇਥੇ  ਕੋਈ ਵੀ ਸਥਾਨ   ਨਹੀਂ ਹੈ I ਸਬੱਬੀ ਉਨ੍ਹਾ ਦੀ ਮੁਲਾਕਾਤ ਇਕ ਮਹਾਨ ਹਸਤੀ , ਸੇਵਾ-ਸਿਮਰਨ  ਦੇ ਪੁੰਜ ਸੰਤ ਕਰਤਾਰ ਸਿੰਘ ਕਾਰ ਸੇਵਾ ਵਾਲਿਆਂ ਨਾਲ ਹੋਇਆI ਜੋ ਉਸ ਸਮੇ ਗੁਰੂਦਵਾਰਾ ਹੱਟ ਸਾਹਿਬ ਦੀ ਸੇਵਾ ਕਰਵਾ ਰਹੇ ਸੀI ਉਨ੍ਹਾ ਨੇ ਸੰਤ ਜੀ ਨਾਲ ਬੇਬੇ ਨਾਨਕੀ ਦੀ ਯਾਦਗਾਰ ਬਣਾਉਣ ਦੀ ਆਪਣੀ ਇਛਾ ਪ੍ਰਗਟ ਕੀਤੀ I

ਉਨ੍ਹਾ ਦੀ ਰਜ਼ਾਮੰਦੀ ਤੇ  ਬੀਬੀ ਬਲਵੰਤ ਕੋਰ ਜੀ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਨਾਲ ਮੋਢੇ ਨਾਲ ਮੋਢਾ ਜੋੜਕੇ ਤੇ ਦੇਸ਼-ਵਿਦੇਸ਼ ਦੀਆਂ ਸੰਗਤਾ ਦੇ ਸਹਿਯੋਗ ਨਾਲ 13 ਨਵੰਬਰ, 1970 ਵਿਚ ਇਹ ਸੇਵਾ ਸ਼ੁਰੂ ਕਰਵਾ ਦਿਤੀI ਭਾਵੇ ਉਸ ਸਮੇ ਬਹੁਤ ਔਕੜਾ ਦਾ ਸਾਮਨਾ ਕਰਨਾ ਪਿਆ ਪਰ “ਸੰਤਾ ਦੇ ਕਾਰਜ ਆਪ ਖਲੋਇਆ” ਦੇ ਮਹਾਂ ਵਾਕ ਅਨੁਸਾਰ, ਅਕਾਲ ਪੁਰਖ ਨੇ ਆਪ ਸ਼ਰੀਕ ਹੋਕੇ ਇਸ ਕਾਰਜ ਨੂੰ ਨੇਪਰੇ ਚਾੜਿਆ Iਇਹ ਸੁਲਤਾਨ ਪੁਰ ਲੋਧੀ ਤੋਂ ਲੋਹੀਆ ਜਾਣ ਵਾਲੀ ਗੁਰੂਦਵਾਰਾ ਬੇਰ ਸਾਹਿਬ ਤੋ ਤਕਰੀਬਨ ਅਧਾ ਕਿਲੋਮੀਟਰ ਦੀ ਦੂਰੀ ਤੇ ਹੈI ਸਹੂਲਤਾ ਨਾਲ ਲੈਸ  ਵਡੇ ਹਾਲ ਤਕਰੀਬਨ 500 ਸ਼ਰਧਾਲਆਂ  ਦੇ ਠਹਿਰਨ ਦਾ ਇੰਤਜ਼ਾਮ ਹੈ I ਇਥੇ ਹਰ ਸਾਲ ਬੇਬੇ ਨਾਨਕੀ ਦਾ ਜਨਮ ਉਤਸਵ ਦੇਸ਼, ਵਿਦੇਸ਼ ਤੋਂ ਆਈਆਂ ਸੰਗਤਾ ਬੜੇ ਧੂਮ ਧਾਮ ਨਾਲ ਮਨਾਉਂਦੀਆਂ ਹਨ ਜਿਸ ਵਿਚ ਅਖਾਂ ਅਤੇ  ਪੋਲਿਓ ਦੇ ਕੇਂਪ ਲਗਾਏ ਜਾਂਦੇ ਹਨI ਹੋਮੋਪੇਥਿਕ ਡਿਸਪੈਨਸਰੀ ਤੇ ਸਹਿਤਕ ਲਾਇਬਰੇਰੀ, ਗੁਰਮਤਿ ਵਿਦਿਆਲਾ ਤੇ ਕੰਮਪਿਊਟਰ ਟ੍ਰੇਨਿੰਗ ਸੇਂਟਰ ਚਲਾਏ ਜਾਂਦੇ ਹਨI ਸੰਗਤਾ ਲਈ ਲੰਗਰ ਹਰ ਵਕਤ 24 ਘੰਟੇ ਖੁਲਾ  ਰਹਿੰਦਾ  ਹੈ I

                                   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Nirmal Anand

1 comment

Translate »