ਸਿੱਖ ਇਤਿਹਾਸ

ਬੀਬੀ ਭਾਨੀ ਜੀ (1535-1598)

ਬੀਬੀ ਭਾਨੀ ਜੀ ਸਿੱਖ ਜਗਤ ਦੀ ਇਕ ਮਹਾਨ ਸ਼ਖਸੀਅਤ ਹੈ1  ਸਿੱਖ ਇਤਿਹਾਸ ਵਿੱਚ ਕੇਵਲ ਬੀਬੀ ਭਾਨੀ ਜੀ ਹੀ ਹਨ ਜੋ ਗੁਰ ਬੇਟੀ , ਗੁਰ ਪਤਨੀ ਤੇ  ਗੁਰ ਜਨਨੀ ਸਨ। ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਨੂੰ ਛਡ ਕੇ ਬਾਕੀ ਦੇ ਅੱਠ ਗੁਰੂ ਸਾਹਿਬਾਨ ਉਨ੍ਹਾ ਦਾ ਆਪਣਾ ਪਰਿਵਾਰ ਸਨ 1

ਬੀਬੀ ਭਾਨੀ ਜੀ ਦਾ ਜਨਮ ਸਿਖਾਂ ਦੇ ਤੀਸਰੇ ਗੁਰੂ ਸਾਹਿਬਾਨ ਗੁਰੂ  ਅਮਰ ਦਾਸ ਜੀ ਅਤੇ ਮਾਤਾ ਮਨਸਾ ਦੇਵੀ ਦੇ ਗ੍ਰਹਿ ਵਿਖੇ  19 ਜਨਵਰੀ 1535 , ਪਿੰਡ ਬਾਸਰਕੇ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ 1 ਉਨ੍ਹਾ ਦੀ ਇਕ ਵਡੀ ਭੈਣ ਬੀਬੀ ਦਾਨੀ ਤੇ ਦੋ ਭਰਾ, ਭਾਈ ਮੋਹਨ ਅਤੇ ਭਾਈ ਮੋਹਰੀ ਜੀ  ਸਨ 1 ਬੀਬੀ ਭਾਨੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਛੋਟੀ  ਸੰਤਾਨ ਸੀ1  ਇਸ ਕਰਕੇ ਇਸ ਨੂੰ  ਲਾਡ ਨਾਲ ਲਾਡਲੀ ਜਾਂ ਮੋਹਨੀ ਵੀ ਆਖਿਆ ਜਾਂਦਾ ਸੀ 1  ਬੀਬੀ ਭਾਨੀ ਜੀ   ਬਚਪਨ ਤੋਂ ਹੀ ਸੇਵਾ, ਸਿਦਕ ਸੰਜਮ ਤੇ ਸਿਮਰਨ ਦੇ ਪ੍ਰਤੀਕ ਸਨ 1 ਉਹ ਛੋਟੀ ਉਮਰ ਤੋਂ ਹੀ  ਜਿਆਦਾ ਸਮਾ ਆਪਣੇ ਪਿਤਾ ਦੀ ਸੇਵਾ , ਲੰਗਰ ਦੀ ਸੇਵਾ ਜਾਂ ਫਿਰ ਪ੍ਰਭੁ ਭਗਤੀ ਵਿਚ ਲੀਨ ਰਹਿ ਕੇ ਬਿਤਾਂਦੇ ਸਨ  1 ਕਹਿੰਦੇ ਹਨ ਅਗਰ ਉਨ੍ਹਾ ਨੂੰ ਕਿਸੇ ਨੇ  ਲਭਣਾ ਹੋਵੇ ਤਾਂ ਜਾਂ ਉਹ ਪਿਤਾ ਦੀ ਤੇ  ਜਾਂ ਲੰਗਰ ਦੀ ਸੇਵਾ-ਸੰਭਾਲ ਕਰਦੇ ਦਿਖਾਈ ਦਿੰਦੇ  1  ਉਨ੍ਹਾ ਨੇ ਗੁਰੂ ਪਿਤਾ ਗੁਰੂ ਅਮਰਦਾਸ ਜੀ ਦੀ  ਸਾਰੀ ਉਮਰ ਬੜੀ ਸ਼ਿਦਤ ਨਾਲ ਸੇਵਾ ਕੀਤੀ ਤੇ ਸਿਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਵੀ ਫ਼ਰਕ ਨਹੀਂ ਹੁੰਦਾ । ਸੇਵਾ ਦੇ ਨਾਲ ਨਾਲ ਪ੍ਰਭੁ ਭਗਤੀ ਵੀ ਉਨ੍ਹਾ ਦੀ ਜਿੰਦਗੀ ਦਾ ਹਿਸਾ ਬਣ ਚੁਕਿਆ ਸੀ1 ਜਦੋਂ ਉਹ ਆਪਣੀਆਂ ਸਹੇਲੀਆਂ ਨਾਲ ਵੀ ਹੁੰਦੇ ਤਾਂ ਹਮੇਸ਼ਾਂ ਇਹੀ ਕਹਿੰਦੇ ਕਿ ਹਸਣਾ, ਖੇਡਣਾ , ਕੁਦਣਾ ਸਭ ਠੀਕ ਹੈ ਪਰ ਇਸ ਵਿਚ ਇਤਨਾ ਵੀ ਨਹੀਂ ਡੁਬ ਜਾਣਾ ਚਾਹੀ,ਦਾ ਕਿ ਪ੍ਰਭੁ ਨੂੰ ਭੁਲ ਜਾਈਏ1 ਇਸ ਤਰਹ ਸੇਵਾ ਤੇ ਸਿਮਰਨ ਕਰਦੇ ਕਰਦੇ ਉਹ ਜਵਾਨ ਹੋਏ1

ਉਧਰ ਚੂਨਾ ਮੰਡੀ ਲਾਹੌਰ ਨਿਵਾਸੀ ,ਠਾਕੁਰ ਹਰੀਦਾਸ ਮੱਲ ਸੋਢੀ ਦੇ ਘਰ 26 ਅੱਸੂ, ਸੰਨ 1534 ਈ. ਨੂੰ ਵੀਰਵਾਰ  ਦੇ ਦਿਨ ਮਾਤਾ ਦਿਆ ਕੌਰ ਜੀ ਦੀ ਕੁੱਖ ਤੋਂ ਬਾਲਕ ਪੈਦਾ ਹੋਇਆ, ਜਿਸ ਦਾ ਨਾਮ ਰਾਮਦਾਸ ਰੱਖਿਆ। ਪਰ ਪਲੇਠੀ ਦਾ ਬੱਚਾ ਹੋਣ ਕਰਕੇ ਸਾਰੇ ਉਉਸ ਨੂੰ ਜੇਠਾ ਆਖਦੇ ਸਨ। ਜਦ ਜੇਠਾ ਜੀ ਨੇ ਹੋਸ਼ ਸੰਭਾਲੀ ਤਾਂ ਉਨ੍ਹਾਂ ਦੇ ਪਿਤਾ ਹਰੀਦਾਸ ਦਾ ਦਿਹਾਂਤ ਹੋ ਗਿਆ। ਉਹ  ਚੂਨਾ ਮੰਡੀ ਲਾਹੌਰ ਨੂੰ ਛੱਡ ਕੇ ਆਪਣੀ ਮਾਤਾ ਨਾਲ ਨਾਨੀ ਕੋਲ ਪਿੰਡ ਬਾਸਰਕੇ ਆ ਗਏ। ਨਾਨੀ ਕੋਲ ਕੋਈ ਕਮਾਈ ਦਾ ਵਸੀਲਾ ਹੈ ਨਹੀਂ ਸੀ1 ਉਹ ਜੇਠਾ ਜੀ ਨੂੰ ਰੋਜ਼ ਸਵੇਰੇ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਦਿੰਦੇ ਤਾਂਕਿ ਵੇਚ ਕੇ ਕੁਛ ਪੈਸੇ ਕਮਾਵੇ ਤੇ ਘਰ ਦਾ ਖਰਚਾ ਪਾਣੀ ਚਲਦਾ ਰਹੇ। ਥੋੜੇ ਸਮੇਂ ਬਾਅਦ ਜੇਠਾ ਜੀ ਦੀ ਮਾਤਾ ਵੀ ਚੜ੍ਹਾਈ ਕਰ ਗਏ ਅਤੇ ਉਹ ਯਤੀਮ ਹੋ ਗਏ । ਤੀਸਰੇ ਗੁਰੂ ਅਮਰਦਾਸ ਜੀ ਦਾ ਪਿੰਡ ਵੀ ਬਾਸਰਕੇ ਸੀ। ਜਦੋਂ ਗੁਰੂ ਅਮਰਦਾਸ ਜੀ ਨਾਨੀ ਦੇ ਘਰ ਪ੍ਰਚਾਉਣੀ  ਵਾਸਤੇ ਗਏ ਤਾਂ ਉਨ੍ਹਾ ਨੇ ਸਲਾਹ ਦਿਤੀ  ਕਿ ਗੋਇੰਦਵਾਲ  ਵਿਚ ਕਾਰ ਸੇਵਾ ਚਲ  ਰਹੀ ਹੈ1 ਉਥੇ ਇਸਦਾ ਕੰਮ ਵੀ ਚੰਗਾ ਚਲ ਪਏਗਾ  ਤੇ ਸਾਡੀ ਦੇਖ ਰੇਖ ਵਿਚ ਵੀ ਰਹੇਗਾ1 ਨਾਨੀ ਨੂੰ ਇਹ ਸਲਾਹ ਚੰਗੀ ਲਗੀ ਤਾ ਇਹ ਖਡੂਰ ਸਾਹਿਬ  ਛਡ ਕੇ ਗੋਇੰਵਾਲ ਸਾਹਿਬ ਆ ਗਏ1 ਤਦ ਤਕ  ਗੁਰੂ ਅਮਰਦਾਸ ਜੀ ਵੀ ਗੁਰਗਦੀ ਮਿਲਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ  ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ  ਖਡੂਰ ਸਾਹਿਬ ਨੂੰ ਛੱਡ ਕੇ ਗੋਇੰਦਵਾਲ ਸਾਹਿਬ ਆ ਚੁਕੇ ਸੀ 1

ਇਸ  ਵਕਤ ਤਕ ਬੀਬੀ ਭਾਨੀ ਦੀ ਵਡੀ ਭੈਣ ਬੀਬੀ ਦਾਨੀ ਦਾ ਵਿਆਹ ਭਾਈ  ਰਾਮਾ ਜੀ ਨਾਲ ਹੋ ਚੁਕਿਆ ਸੀ 1 ਗੋਇੰਦਵਾਲ ਵਿਚ ਬਾਉਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ। ਜੇਠਾ ਜੀ ਦਿਨੇ ਆਪਣੀ ਕਿਰਤ ਕਰਦੇ  ਤੇ ਵਿਹਿਲੇ ਹੋਕੇ  ਬੜੀ ਮੇਹਨਤ ਤੇ  ਪਿਆਰ ਨਾਲ  ਕਾਰ-ਸੇਵਾ ਕਰਦੇ। ਮਾਤਾ ਮਨਸਾ ਦੇਵੀ ਜੀ ਨੇ ਗੁਰੂ ਜੀ ਨੂੰ ਆਖਿਆ ਕਿ ਭਾਨੀ ਵਰ ਜੋਗ ਹੋ ਗਈ ਹੈ ਇਸ ਲਈ ਕੋਈ ਲੜਕਾ ਤਲਾਸ਼ ਕਰੋ  । ਇਕ ਦਿਨ  ਜਦ ਮਾਤਾ ਜੀ ਗੁਰੂ ਜੀ ਪਾਸ ਬੈਠੇ ਸਨ ਤਾਂ ਗੁਰੂ ਅਮਰਦਾਸ ਜੀ ਨੇ ਪੁੱਛਿਆ ਭਾਨੀ ਵਾਸਤੇ ਲੜਕਾ ਕੈਸਾ ਹੋਵੇ? ਅਚਾਨਕ ਜੇਠਾ ਜੀ ਸੇਵਾ ਕਰਦੇ- ਕਰਦੇ ਸਾਮਣੇ  ਆ ਨਿਕਲੇ ਤਾਂ ਮਾਤਾ ਜੀ ਨੇ ਸੁਭਾਵਿਕ ਹੀ ਇਨ੍ਹਾ ਵਲ  ਵੇਖ ਕੇ,ਕਹਿ ਦਿਤਾ  ਕਿ ਲੜਕਾ ਇਸ ਵਰਗਾ  ਸੁੰਦਰ ਭੋਲਾ-ਭਾਲਾ ਤੇ ਏਡਾ ਕੁ ਹੋਵੇ।   ਫਿਰ ਗੁਰੂ ਜੀ ਨੇ ਮਾਤਾ ਜੀ  ਨੂੰ ਕਿਹਾ ਕਿ ਇਸ ਵਰਗਾ ਤਾਂ ਇਹ ਹੀ ਹੋ ਸਕਦਾ ਹੈ। ਇਹ ਸੰਜੋਗਾਂ ਦਾ ਭੇਜਿਆ ਹੋਇਆ ਹੀ ਇਥੇ ਆਇਆ ਹੈ। ਸੋ ਦੋਨੋ ਨੇ  ਬੀਬੀ ਭਾਨੀ ਦੀ ਜੇਠਾ ਜੀ ਨਾਲ ਸ਼ਾਦੀ ਕਰਨ ਦਾ ਮਨ ਬਣਾ ਲਿਆ 1

 ਗੁਰੂ ਅਮਰਦਾਸ ਪਹਿਲੇ ਤੋਂ ਹੀ ਗੁਰੂ ਰਾਮਦਾਸ ਜੀ ਦੇ ਠੰਡੇ , ਕੋਮਲ, ਦਿਆਲੂ  ਤੇ ਮੇਹਨਤੀ ਸੁਭਾ ਨੂੰ ਦੇਖ ਰਹੇ ਸੀ ਜੋ ਕਿਰਤ ਕਰਨ ਦੇ ਨਾਲ ਨਾਲ ਸਾਰਾ ਦਿਨ ਦਿਲ ਲਗਾ ਕੇ ਗੁਰੂ ਘਰ ਦੀ ਸੇਵਾ ਵਿਚ ਲਗੇ ਰਹਿੰਦੇ ਤੇ ਹਰ ਇਕ ਨਾਲ ਮਿਠਾ ਬੋਲਦੇ1 , ਉਨ੍ਹਾ ਦੀ ਅਵਾਜ਼ ਵਿਚ ਇਤਨੀ ਮਿਠਾਸ ਸੀ ਕੀ ਜਦੋਂ ਉਹ ਆਪਣੀ ਕਿਰਤ ਸਮੇਂ , ਘੁੰਘਣੀਆਂ ਲਈ ਹੋਕਾ ਲਗਾਉਂਦੇ ਤਾਂ ਕਈ ਲੋਕ ਬਦੋ-ਬਦੀ ਘੁੰਘਣੀਆਂ ਖਰੀਦਣ ਨੂੰ ਆ ਜਾਂਦੇ 1 ਭਾਈ ਜੇਠਾ ਜੀ ਜਦੋਂ ਕਿਸੇ ਲੋੜਵੰਦ ਜਾਂ ਸਾਧੂ ਸੰਤਾਂ ਨੂੰ ਦੇਖਦੇ ਤਾਂ ਉਨ੍ਹਾ ਤੋਂ ਪੈਸੇ ਲਏ ਬਿਨਾ ਉਨ੍ਹਾ ਦੀਆਂ ਝੋਲੀਆਂ  ਘੁੰਘਣੀਆਂ ਨਾਲ ਭਰ ਦਿੰਦੇ 1

ਭਾਨੀ ਦੇ ਵਿਆਹ ਦੀ ਚਰਚਾ ਛਿੜੀ 1 ਭਾਈ ਜੇਠਾ ਜੀ ਦੀ ਨਾਨੀ ਤੇ ਰਿਸ਼ਤੇਦਾਰਾਂ ਨਾਲ ਗਲ-ਬਾਤ ਹੋਈ 1 ਭਾਈ ਜੇਠਾ ਜੀ ਤੇ  ਬੀਬੀ ਭਾਨੀ  ਦਾ ਰਿਸ਼ਤਾ ਪੱਕਾ ਹੋ ਗਿਆ, 8 ਫਰਵਰੀ 1554 ਨੂੰ ਦੋਨਾਂ ਦਾ  ਵਿਆਹ ਹੋ ਗਿਆ1 ਗੁਰੂ ਅਮਰਦਾਸ ਜੀ ਨੇ ਵਿਆਹ ਤੇ ਪਹਿਲਾ ਜੇਠਾ ਜੀ ਦੀ ਮੰਗ ਪੁਛੀ ਤਾਂ  ਜੇਠਾ ਜੀ ਨੇ ਗੁਰੂ ਦੇ ਚਰਨਾਂ ਵਿਚ ਨਿਵਾਸ ਅਤੇ ਨਾਮ ਦਾ ਦਾਨ ਮੰਗਿਆ। ਵਿਆਹ ਪਿਛੋਂ ਜੇਠਾ ਜੀ ਦੇ ਰਿਸ਼ਤੇਦਾਰ  ਵਾਪਸ ਚਲੇ ਗਏ ਤੇ ਜੇਠਾ ਜੀ ਫਿਰ ਬਓਲੀ ਸਹਿਬ ਦੀ ਸੇਵਾ ਵਿਚ ਲੀਨ ਹੋ ਗਏ। ਵਿਆਹ ਉਪਰੰਤ ਭਾਈ ਜੇਠਾ ਜੀ ਨੇ ਦੁਨਿਆਵੀ ਰਿਸ਼ਤੇ ਦਾ ਕਦੀ  ਕੋਈ ਮਾਣ ਨਹੀਂ ਕੀਤਾ ਤੇ ਇੱਕ ਸੱਚੇ ਸੇਵਕ ਵਾਂਗ ਹੀ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਮਾਉਂਦੇ ਰਹੇ। ਗੁਰੂ ਜੀ ਦੇ ਵੱਡੇ ਦਾਮਾਦ. ਬੀਬੀ ਦਾਨੀ ਦੇ ਪਤੀ ਭਾਈ ਰਾਮਾ ਜੀ ਵੀ ਗੁਰੂ ਦਰ ਤੇ ਰਹਿ ਕੇ ਸੇਵਾ ਕਮਾ ਰਹੇ ਸਨ।

ਕੁਝ ਸਮੇ ਬਾਅਦ ਲਾਹੌਰ ਤੋਂ, ਭਾਈ ਜੇਠਾ ਜੀ ਦੇ ਸ਼ਰੀਕੇ ਭਾਈਚਾਰੇ ਦੇ ਸੋਢੀ, ਹਰਿ ਦੁਆਰ ਜਾਂਦੇ ਹੋਏ ਸ੍ਰੀ ਗੋਇੰਦਵਾਲ਼ ਸਹਿਬ ਰੁਕੇ। ਉਹਨਾਂ ਦੇ ਵਿਚਾਰ ਵਿੱਚ ਸੀ ਕਿ ਸਾਡਾ ਜੇਠਾ ਗੁਰੂ ਦਾ ਜਵਾਈ ਹੈ ਤੇ ਉਸ ਵਕਤ ਜਵਾਈਆਂ ਨੂੰ  ਲੋਕ ਸਿਰ ਤੇ ਚੁਕ ਕੇ ਰਖਦੇ ਹਨ1 ਵੈਸੇ ਵੀ  ਗੁਰੂ ਘਰ ਦੀ ਵਡਿਆਈ ਹਰ ਥਾਂ  ਪ੍ਰਸਿਧ  ਸੀ, ਇਸ ਲਈ ਉਹ ਇਹ ਸੋਚ ਕੇ ਆਏ ਕਿ ਜੇਠੇ ਤੇ   ਹਥੀ ਛਾਵਾਂ ਹੁੰਦੀਆਂ ਹੋਣਗੀਆਂ ਤੇ ਸਾਨੂੰ ਵੀ ਕੁੜਮਾਚਾਰੀ ਵਜੋਂ ਆਦਰ ਮਾਣ ਮਿਲ਼ੇਗਾ1  ਪਰ ਗੁਰੂ ਘਰ ਵਿੱਚ ਤਾਂ, “ਗੁਰਸਿਖਾਂ ਇਕੋ ਪਿਅਰ ਗੁਰ ਮਿਤਾਂ ਪੁਤਾਂ ਭਾਈਆਂ॥” ਵਾਲ਼ਾ ਵਰਤਾਰਾ ਹੀ ਵਰਤਦਾ ਸੀ। ਜਦੋਂ ਉਨਾਂ ਨੇ ਵੇਖਿਆ ਕਿ ਭਾਈ ਜੇਠਾ ਜੀ ਓਥੇ ਆਮ ਸਿੱਖਾਂ ਵਾਂਗ ਸਿਰ ਤੇ ਟੋਕਰੀਆਂ ਢੋਹ ਰਹੇ ਹਨ 1 ਜਵਾਈਆਂ ਭਾਈਆਂ ਵਾਲ਼ਾ ਵਰਤਾਰਾ ਕੋਈ ਨਾ ਦਿਸਿਆ ਤਾਂ ਉਹ ਜੇਠੇ ਨੂੰ ਗੁੱਸੇ ਵਿੱਚ ਬੁਰਾ ਭਲਾ ਬੋਲਣ ਲਗ ਪਏ ਕਿ ਜੇ ਤੂੰ ਟੋਕਰੀ ਢੋਹ  ਕੇ ਹੀ ਰੋਟੀ ਖਾਣੀ ਸੀ ਤਾਂ ਸਹੁਰਿਆਂ ਦੇ  ਘਰ  ਰਹਿਣ ਦੀ ਕੀ ਲੋੜ ਸੀ ! ਕਿਤੇ ਹੋਰ ਮੇਹਨਤ ਮਜ਼ੂਰੀ ਕਰ ਲੈਂਦਾ”1  ਗੁਰੂ ਜੀ ਪਾਸ ਜਾਕੇ ਵੀ ਹੰਕਾਰ ਦੇ ਬਚਨ ਕਰਨ ਲੱਗ ਪਏ। ਉਹਨਾਂ ਨੂੰ ਉਲਾਹਮਾ ਦੇ ਕੇ ਆਖਣ ਲੱਗੇ, “ਜੇ ਸਾਡੇ ਮੁੰਡੇ ਨੂੰ ਦੁਨੀਆਦਾਰੀ ਦੀ ਸਮਝ ਨਹੀ ਤਾਂ ਤੁਸੀਂ ਤਾਂ ਸਿਆਣੇ ਬਿਆਣੇ ਸੀ। ਤੁਸੀਂ ਘਰ ਜਵਾਈ ਨੂੰ ਇਸ ਤਰ੍ਹਾਂ ਮਜਦੂਰਾਂ ਵਾਂਗ ਟੋਕਰੀ ਢੋਣ ਤੇ ਲਾਇਆ ਹੋਇਆ ਹੈ!” ਗੁਰੂ ਜੀ ਨੇ ਮੁਸਕਰਾ ਕੇ ਆਖਿਆ, “ਪੁਰਖਾ, ਇਹ ਟੋਕਰੀ ਨਹੀ, ਭਾਈ ਜੇਠਾ ਜੀ ਦੇ ਸਿਰ ਤੇ ਦੀਨ ਦੁਨੀ ਦਾ ਛਤਰ ਹੈ।” ਪਰ ਉਹ ਭੋਲ਼ੇ ਦੁਨਿਆਵੀ ਸੋਚ ਵਾਲ਼ੇ ਲੋਕ ਕੀ ਜਾਨਣ ਗੁਰੂ ਦੀਆਂ ਰਮਜ਼ਾਂ ਨੂੰ! ਭਾਈ ਜੇਠਾ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਗੁਰੂ ਜੀ ਦੀ ਸੇਵਾ ਵਿੱਚ ਬੇਨਤੀ ਕਰਦਿਆਂ ਆਖਿਆ ਕਿ ਉਹ ਗੁਰੂ ਦੀ ਮਹਿਮਾ ਨੂੰ ਨਹੀ ਜਾਣਦੇ। ਇਸ ਲਈ ਨਿੱਕੀਆਂ ਗੱਲਾਂ ਕਰਦੇ ਹਨ, ਕਿਰਪਾ ਕਰਕੇ ਉਹਨਾਂ ਨੂੰ ਮੁਆਫ ਕਰ ਦਿਉ । ਭਾਈ ਜੇਠਾ ਜੀ ਦਾ ਲਾਹੌਰੀ ਸ਼ਰੀਕਾ ਇਕ ਰਾਤ ਰਹਿ ਕੇ ਅਗਲੇ ਦਿਨ ਅੱਗੇ ਨੂੰ ਤੁਰ ਗਿਆ।

ਉਧਰ ਬੀਬੀ ਭਾਨੀ ਜੀ, ਜੋ ਆਪਣੇ ਪਿਤਾ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਤਨੋਂ-ਮਨੋਂ  ਹੋ ਕੇ ਸੇਵਾ ਕਰ ਰਹੀ ਸੀ। ਸਵਾ ਪਹਿਰ ਸਵੇਰੇ ਉਠ ਕੇ ਪਾਣੀ ਗਰਮ ਕਰ ਕੇ ਗੁਰੂ ਜੀ ਨੂੰ ਰੋਜ਼ ਇਸ਼ਨਾਨ ਕਰਾਉਣਾ, ਉਹਨਾਂ ਦੇ ਜ਼ਿੰਮੇ ਸੀ।  ਪਿਤਾ ਗੁਰੂ  ਦੀ ਸੇਵਾ ਇਤਨੀ ਸ਼ਿਦਤ ਨਾਲ ਕਰਦੇ  ਕੀ ਇਕ ਵਾਰ ਉਹ ਗੁਰੂ ਸਾਹਿਬ ਨੂੰ ਇਸ਼ਨਾਨ ਕਰਵਾ ਰਹੇ ਸੀ, ਜਿਸ ਚੋਕੀ ਤੇ ਗੁਰੂ ਸਾਹਿਬ ਬੈਠੇ ਸੀ ਉਸਦਾ ਪਾਵਾ ਟੁਟ ਗਿਆ1 ਇਸ ਡਰੋਂ ਕੀ ਗੁਰੂ ਸਾਹਿਬ ਡਿਗ ਨਾ ਪੈਣ, ਉਨ੍ਹਾ ਦੇ ਨਿਤ ਕਰਮ ਵਿਚ ਕੋਈ ਰੁਕਾਵਟ ਨਾ ਪੈ ਜਾਵੇ 1 ਆਪਣਾ ਪੈਰ  ਪਾਵੇ ਹੇਠ ਰਖ ਲਿਆ ਜਿਸਦਾ ਕਿਲ ਬੀਬੀ ਭਾਨੀ ਜੀ ਨੂੰ ਚੁਭ ਗਿਆ ਪਰ ਉਹਨਾ ਸੀ ਨਹੀਂ ਕੀਤੀ1 ਖੂਨ ਦੀਆ ਧਾਰਾ ਵਹਿ ਤੁਰੀਆਂ 1 ਜਦ ਗੁਰੂ ਸਾਹਿਬ ਨੇ ਵਹਿੰਦੇ ਪਾਣੀ ਦਾ ਰੰਗ ਲਾਲ  ਦੇਖਿਆ ਤੇ ਪੁਛਿਆ,ਤਾ ਬੜੇ ਸਹਿਜ-ਸੁਭਾਏ  ਦਸਿਆ ਜਿਵੇ ਕੁਝ ਹੋਇਆ ਹੀ ਨਾ ਹੋਵੇ,” ਬਸ ਜਰਾ ਜਿਨਾ ਚੋਕੀ ਦਾ ਕਿਲ ਲਗ ਗਿਆ ਹੈ 1

ਉਨ੍ਹਾ ਦੀ ਇਸ ਹਦ ਤਕ ਸੇਵਾ ਤੇ ਸਮਰਪਣ ਦੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ1 ਕੁਝ ਮੰਗਣ ਲਈ ਕਿਹਾ 1 ਬੀਬੀ ਭਾਨੀ ਜੀ ਨੇ ਕਿਹਾ ,’ ਪਿਤਾ ਜੀ ਜੇ ਤੁਠੇ ਹੋ ਤਾਂ  ਮੇਰੀ ਇੱਛਾ ਹੈ ਕਿ ਘਰ ਦੀ ਗਦੀ ਘਰ ਵਿਚ ਹੀ ਰਹੇ” 1 ਗੁਰੂ ਸਾਹਿਬ ਕੁਝ ਦੇਰ ਚੁਪ ਰਹੇ , ਫਿਰ ਬੋਲੇ ,’ ਇਸ ਨੂੰ ਸੰਭਾਲਣਾ ਬੜਾ ਔਖਾ ਹੈ , ਬੜੇ ਦੁੱਖ ਸਹਿਣੇ ਪੈਣਗੇ ,ਕੁਰਬਾਨੀਆਂ ਦੇਣੀਆਂ ਪਹਿਣਗੀਆਂ ਤਾ ਮਾਤਾ ਭਾਨੀ ਦਾ ਜਵਾਬ ਸੀ ,’ ਮੇਰਾ ਨਾਂ ਭਾਨੀ ਹੈ ਜੋ ਤੁਸਾਂ ਨੇ ਹੀ ਰਖਿਆ ਹੈ1  ਅਕਾਲ ਪੁਰਖ ਦੇ ਭਾਣੇ ਨੂੰ ਮੈ ਹਰ ਹੀਲੇ ਸਹਿਣ ਨੂੰ ਤਿਆਰ ਹਾਂ ” 1

ਕੁਝ ਚਿਰ ਮਗਰੋਂ ਆਪ ਦੇ ਘਰ ਤਿੰਨ ਪੁੱਤਰ ਪ੍ਰਿਥੀ ਚੰਦ (1558), ਮਹਾਂਦੇਵ (1560)  ਅਤੇ ਗੁਰੂ ਅਰਜਨ ਦੇਵ ਜੀ  (!563)ਹੋਏ ।  ਮਾਤਾ ਭਾਨੀ ਨੇ ਤਿੰਨਾ ਨੂੰ ਬੜੇ ਪਿਆਰ -ਦੁਲਾਰ ਨਾਲ ਪਾਲਿਆ1 ਗੁਰੂ ਅਮਰਦਾਸ ਦੀ ਉਮਰ ਕਾਫੀ ਹੋ ਚੁਕੀ ਸੀ 1 ਗੁਰਗਦੀ ਦੇਣ ਦੀ ਤਿਆਰੀ ਕਰਨੀ ਸੀ 1 ਭਾਵੇਂ ਦੋਨੋ ਜਵਾਈ ਗੁਰੂ ਘਰ ਵਿਚ ਅੱਟੁਟ ਵਿਸ਼ਵਾਸ ਰਖਦੇ ਸੀ ਪਰ ਭਾਈ ਜੇਠਾ ਜੀ ਦਾ ਸਿੱਦਕ , ਹੁਕਮ ਪਾਲਣਾ ਤੇ ਸੇਵਾ ਵਿਚ ਜੁਟੇ ਰਹਿਣਾ ਕੁਝ ਵਖਰਾ ਹੀ ਸੀ 1

ਗੁਰੂ ਸਾਹਿਬ ਨੇ ਦੋਨੋ ਜਵਾਈਆਂ ਨੂੰ  ਕਿਹਾ ਕਿ ਮੇਰੇ ਲਈ ਬਓਲੀ ਸਾਹਿਬ ਦੀ ਸੇਵਾ ਹੁੰਦੀ  ਦੇਖਣ ਲਈ  ਇਕ  ਯੋਗ ਥੜ੍ਹਾ   ਬਣਾ ਦਿਉ  1 ਦੋਨੋ ਨੇ ਸਤਿ ਬਚਨ ਕਹਿ ਕੇ  ਉਨ੍ਹਾ ਦੇ ਕਹਿਣ ਮੁਤਾਬਿਕ ਥੜ੍ਹੇ ਬਣਾਏ ਪਰ ਗੁਰੂ ਸਾਹਿਬ ਨੇ ਉਨ੍ਹਾ  ਦੇ ਸਿੱਦਕ ਦਾ ਇਮਿਤਿਹਾਨ ਲੈਣ ਲਈ  ਬਾਰ -ਬਾਰ ਢੁਆ ਦਿਤੇ ਕੀ ਇਹ ਠੀਕ ਨਹੀ ਹਨ 1 ਰਾਮਾ ਜੀ ਨੇ 2-3 ਵਾਰੀ ਢਾਹੁਣ ਤੋਂ ਬਾਅਦ ਕਹਿ ਦਿਤਾ ਕੀ ਤੁਸੀਂ ਹੁਣ ਬੁਢੇ ਹੋ ਗਏ ਹੋ ਤੁਹਾਨੂੰ ਯਾਦ ਨਹੀਂ ਰਹਿੰਦਾ ਕਿ ਬਨਾਣ ਤੋ ਪਹਿਲਾਂ ਤੁਸਾਂ ਕੀ ਹਿਦਾਇਤਾ  ਦਿਤੀਆਂ ਸਨ1 ਮੈਂ ਥੜ੍ਹਾ  ਤਾਂ ਜਿਵੇਂ ਤੁਸੀਂ ਆਖਿਆ ਸੀ ਉਂਜੇ ਬਣਾਇਆ ਹੈ1 ਗੁਰੂ ਸਾਹਿਬ ਸਿਰਫ ਮੁਸਕਰਾਏ, ਕਿਹਾ ਕੁਝ ਨਹੀਂ ਪਰ ਗੁਰੂ ਰਾਮਦਾਸ ਜੀ ਨੇ ਹਰ ਵਾਰੀ ਬੜੇ ਸਿੱਦਕ ਤੇ ਹਲੀਮੀ ਨਾਲ ਥੜ੍ਹਾ  ਤੋੜਿਆ ਤੇ ਫਿਰ ਉਸੇ ਸ਼ਰਧਾ ਤੇ ਲਗਨ ਨਾਲ ਫਿਰ ਬਣਾ ਦਿਤਾ1 ਆਪਣੇ ਆਪ ਨੂੰ ਅਨਜਾਨ, ਭੂਲਨਹਾਰ ਤੇ  ਥੋੜੀ ਮਤ ਵਾਲਾ ਕਿਹਾ ਤੇ ਗੁਰੂ ਸਾਹਿਬ ਤੋਂ ਗਲਤੀ ਦੀ ਖਿਮਾ ਮੰਗੀ 1

ਸੋ ਦਾਨੀ ਪਿਛੇ ਰਹਿ ਗਈ ਤੇ ਭਾਨੀ ਪਾ ਗਈ 1 ਗੁਰੂ ਅਮਰਦਾਸ ਜੀ ਭਾਈ ਜੇਠੇ ਦੀ ਸੇਵਾ ਤੇ ਲਗਨ ਦੇਖ ਕੇ ਬਹੁਤ ਖੁਸ਼ ਹੋਏ 1 ਭਾਈ ਜੇਠਾ ਜੀ ਸੰਗਤ ਦੀ ਸੇਵਾ ਵਿਚ ਜੁਟੇ ਰਹਿੰਦੇ ਤੇ ਬੀਬੀ ਭਾਨੀ ਲੰਗਰ ਦੀ ਜਾਂ ਪਿਤਾ ਨੂੰ ਪਰਮੇਸ਼ਵਰ ਜਾਣ ਕੇ ਉਨ੍ਹਾ ਦੀ ਸੇਵਾ ਵਿਚ ਲਗੇ ਰਹਿੰਦੇ1ਜਦੋਂ ਵਕਤ ਆਇਆ ਗੁਰੁਗਦੀ ਭਾਈ ਜੇਠਾ ਜੀ ਨੂੰ ਦਿਤੀ ਗਈ 1

ਕਹਿੰਦੇ ਹਨ ਕੀ ਇਕ ਵਾਰੀ ਗੁਰੂ ਅਮਰਦਾਸ ਜੀ ਨੂੰ ਫੁਰਨਾ ਫੁਰਿਆ ਕੀ ਰਾਮਦਾਸ ਜੀ ਚਲ ਵਸੇ ਹਨ 1 ਉਨ੍ਹਾਂ ਨੇ ਭਾਨੀ ਜੀ ਨੂੰ ਦੂਰੋਂ ਅਵਾਜ਼ ਲਗਾਈ ,ਤੇ ਕਿਹਾ,’ ਕੀ ਜੇਕਰ ਰਾਮਦਾਸ ਪ੍ਰਲੋਕ ਗਮਨ ਕਰ ਲੈਣ ਤਾਂ ਤੂੰ ਕੀ ਕਰੇਂਗੀ ? ਭਾਨੀ ਨੇ ਝਟ ਆਪਣੇ ਸੁਹਾਗ ਦੀ ਨਿਸ਼ਾਨੀ (ਨੱਥ) ਉਤਾਰ ਕੇ ਗੁਰੂ  ਸਾਹਿਬ ਦੇ ਸਾਮਣੇ ਰਖ ਦਿਤੀ 1 ਗੁਰੂ ਸਾਹਿਬ ਨੇ ਕਿਹਾ,ਬਚੀਏ ਪਾ ਲੈ ਤੇ ਭਾਨੀ ਨੇ ਕਿਹਾ ਤੁਸੀਂ ਆਪ ਲੁਹਾਈ ਹੈ ਤੇ ਹੁਣ ਆਪੇ ਹੀ ਪੁਆ ਦਿਓ1 ਗੁਰੂ ਅਮਰਦਾਸ ਜੀ ਨੇ ਰਜ਼ਾ ਵਿਚ ਟਿਕੀ ਪੁਤਰੀ ਦੇ ਸੁਹਾਗ ਨੂੰ ਅਰਦਾਸ ਕਰਕੇ  ਆਪਣੇ ਉਮਰ ਦੇ  ਬਾਕੀ  ਛੇ ਸਾਲ , ਗਿਆਰਾਂ ਮਹੀਨੇ ਤੇ ਸਤਰਾਂ ਦਿਨ ਗੁਰੂ ਰਾਮ ਦਾਸ ਜੀ ਨੂੰ ਦੇ ਦਿਤੇ ਤੇ  ਆਪ ਪ੍ਰਲੋਕ ਸਿਧਾਰ ਗਏ1 ਇਥੇ ਮੈਂ ਇਕ ਗਲ ਕਹਿਣਾ ਚਾਹੁੰਦੀ ਹੈ ਕੀ ਇਹ ਕੋਈ ਚਮਤਕਾਰ ਜਾਂ ਕਰਾਮਾਤ ਨਹੀਂ, ਇਹ ਇਕ ਸਚੇ ਸੁਚੇ ਤੇ ਉਚੇ ਰਬ ਦੇ ਬੰਦੇ ਦੀ ਅਰਦਾਸ ਹੈ ਜੋ ਰੱਬ ਹਮੇਸ਼ਾਂ ਤੋਂ ਸੁਣਦਾ ਆਇਆ ਹੈ ਤੇ ਅੱਜ ਵੀ ਸੁਣਦਾ ਹੈ1 ਉਹ ਵਖਰੀ ਗਲ ਹੈ ਕਿ ਅਜ ਦੀ ਦੁਨਿਆ ਵਿਚ ਸਚੇ ਸੁਚੇ ਇਨਸਾਨ ਦਾ ਲਭਣਾ ਮੁਸ਼ਕਿਲ ਹੈ 1

ਬੀਬੀ ਭਾਨੀ ਨੇ ਸੱਤ ਸਾਲ ਤਾਂ ਆਪਣੇ ਪਤੀ ਵਾਸਤੇ ਪਿਤਾ ਤੋ ਲਏ ਪਰ  ਇਨ੍ਹਾ ਸਤਾਂ ਸਾਲਾਂ ਦੇ ਬਦਲੇ ਆਪਣੇ ਪਰਿਵਾਰ ਵਿਚ ਸੱਤ ਸ਼ਹੀਦੀਆਂ ਵੀ ਲਈਆਂ1 ਪਹਿਲੇ ਗੁਰੂ ਅਰਜਨ ਦੇਵ ਜੀ ,ਪੁਤਰ, ਫਿਰ ਪੋਤੇ ਗੁਰੂ ਤੇਗ ਬਹਾਦਰ ਜੀ,ਫਿਰ ਚਾਰ ਪੜਪੋਤੇ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੁਰਬਾਨੀ ਦਿਤੀ 1 ਸਭਨਾ ਨੇ ਸਭ ਕੁਝ ਲੁਟਾਕੇ ਵੀ ਅਕਾਲ ਪੁਰਖ ਦੇ ਭਾਣੇ ਵਿਚ ਰਹੇ 1

 ਗੁਰਗਦੀ ਦੇ ਮਾਮਲੇ ਵਿਚ ਉਹ ਪ੍ਰਿਥੀ ਚੰਦ ਨੂੰ ਬਹੁਤ ਸਮਝਾਉਣ ਦੀਆਂ ਕੋਸ਼ਿਸ਼ਾਂ ਕਰਦੇ ਕਿ ਗਦੀ  ਕਿਸੇ ਦੀ ਜਦੀ  ਜਾਇਦਾਤ ਨਹੀਂ ਹੈਪਰ ਇਸ ਦੇ ਬਾਵਜੂਦ ਵੀ ਉਹ ਅਸਫਲ ਰਹੇ ਜਾਂ ਇਉਂ ਕਹਿ ਲਉ ਕਿ ਇਹ ਵੀ ਅਕਾਲ ਪੁਰਖ ਦਾ ਹੁਕਮ ਸੀ  1ਗੱਦੀ ਪਿਛੇ ਘਰ ਵਿਚ ਲੜਾਈ ਝਗੜੇ ਤੇ ਗੁਰੂ ਅਮਰਦਾਸ ਦੇ ਜੋਤੀ -ਜੋਤ ਸਮਾਣ ਤੋਂ ਬਾਅਦ ਪ੍ਰਿਥੀ ਚੰਦ ਦਾ ਆਪਣੇ ਭਰਾ ਗੁਰੂ ਅਰਜਨ ਦੇਵ ਜੀ ਨਾਲ  ਵਧਦਾ ਵੈਰ ਦੇਖਕੇ ਮਾਤਾ ਭਾਨੀ ਕਦੇ ਕਦੇ  ਬਹੁਤ ਦੁਖੀ ਹੋ ਜਾਂਦੇ 1 ਪਰ ਪ੍ਰਿਥੀ ਚੰਦ ਇਤਨਾ ਹੰਕਾਰੀ ਹੋ ਚੁਕਾ ਸੀ ਕੀ ਗਦੀ  ਤੋ ਇਲਾਵਾ ਕੁਝ ਵੀ  ਉਸ ਲਈ ਅਹਿਮੀਅਤ  ਨਹੀਂ ਸੀ ਰਖਦਾ1 ਦੂਸਰਾ ਪੁਤਰ ਮੇਹਰਵਾਨ ਬੇਪਰਵਾਹ ਇਨਸਾਨ ਸੀ 1 ਕੁਝ ਚਿਰ ਪ੍ਰਿਥੀ ਚੰਦ ਦੇ ਸਿਖੇ ਸਿਖਾਏ ਲਗਿਆ ਪਰ ਮਾਤਾ ਭਾਨੀ ਦੇ ਸਮਝਾਉਣ ਤੇ ਸਮਝ ਗਿਆ 1

ਬੀਬੀ ਭਾਨੀ ਆਪ  ਕਿਸੇ ਤਰਹ ਦੇ ਲੋਭ -ਲਾਲਚ ਬਿਲਕੁਲ ਤੋ ਉਪਰ ਸਨ1  ਹਮੇਸ਼ਾਂ ਸਾਦੇ  ਵਸਤਰਾਂ ਵਿਚ ਰਹਿੰਦੇ ,ਗਹਿਣਿਆਂ  ਦੀ ਨਾ ਉਨ੍ਹਾ ਨੂੰ ਖਾਹਿਸ਼ ਸੀ ਨਾ ਉਨ੍ਹਾ ਕਦੇ ਪਾਏ ਸੀ 1 ਮੇਕੈਲਿਫ਼ ਨੇ  ਲਿਖਿਆ ਹੈ ਕੀ ਗੁਰੂ ਸਾਹਿਬ ਦੇ ਇਕ ਸ਼ਰਧਾਲੂ, ਬੀਬੀ ਭਾਨੀ ਵਾਸਤੇ ਕੁਝ ਰੇਸ਼ਮੀ ਵਸਤਰ ਤੇ ਗਹਿਣੇ ਲਿਆਇਆ ਤੇ ਕਿਹਾ ਕੀ ਨਵ-ਵਿਆਹੀ ਲੜਕੀ ਸਾਦੇ  ਕਪੜਿਆਂ ਵਿਚ ਚੰਗੀ ਨਹੀਂ ਲਗਦੀ ਤਾਂ ਬੀਬੀ ਭਾਨੀ ਨੇ ਮਨ੍ਹਾ  ਕਰ ਦਿਤਾ ਇਹ ਆਖ ਕੇ ,’ ਪੈਸੇ ਦੀ ਠੀਕ ਵਰਤੋਂ ਇਹ ਹੈ ਕੀ ਲੰਗਰ ਵਿਚ ਕਦੀ ਤੋਟ ਨਹੀਂ ਆਉਣੀ ਚਾਹੀਦੀ”1ਮਾਤਾ ਭਾਨੀ  ਦੀ ਲੰਗਰ ਦੀ ਸੇਵਾ ਤਾਂ ਜਗਤ-ਪ੍ਰਸਿਧ ਸੀ1 ਬੀਬੀ ਭਾਨੀ ਨੇ ਉਸ ਨੂੰ ਆਸਾ ਦੀ ਵਾਰ ਦਾ ਸਲੋਕ ਪੜ੍ਹ ਕੇ ਸੁਣਾਇਆ

                           ਕੂੜੁ ਸੋਇਨਾ ਕੂੜੁ ਰੂਪਾ ਕੂੜੁ ਪੈਨਣ ਹਾਰੁ 11

                           ਕੂੜੁ ਕਾਇਆ ਕੂੜੁ  ਕਪੜੁ ਕੂੜੁ  ਰੂਪੁ  ਅਪਾਰੁ 11

ਜਦੋਂ ਬੀਬੀ ਭਾਨੀ ਕਿਸੇ ਨੂੰ ਅਸੀਸ ਦਿੰਦੇ ਤਾਂ ਵਡੀ ਉਮਰ ਜਾਂ ਧੀਆਂ ਪੁਤ ਦੀ ਨਹੀਂ ਬਲਿਕ ਸੇਵਾ ਤੇ ਸਿਮਰਨ ਕਰਨ ਦੀ ਅਸੀਸ ਦਿੰਦੇ 1 ਇਹ ਅਸੀਸ  ਇਤਿਹਾਸਕਾਰ ਕਹਿੰਦੇ ਹਨ ਗੁਰੂ ਅਰਜਨ ਦੇਵ ਜੀ ਨੂੰ ਵੀ ਦਿਤੀ ਸੀ ਤੇ  ਉਨ੍ਹਾ ਨੇ ਗੁਰੂ ਸਹਿਬ  ਨੂੰ  ਇਨ੍ਹਾ ਲੀਹਾਂ ਤੇ ਢਾਲਿਆ ਵੀ ਸੀ1 ਇਸੇ ਕਰਕੇ ਗੁਰੂ ਸਾਹਿਬ ਜੋ ਨਾਮ ਦੀ ਮੂਰਤ ,ਰਜ਼ਾ ਵਿਚ ਰਹਿਣ ਵਾਲੇ ਕੀਰਤਨ ਦੇ ਭੰਡਾਰ, ਬਾਣੀ ਦੇ ਬੋਹਿਥ ਤੇ  ਸਦਾ ਆਤਮਿਕ ਅਨੰਦ ਵਿਚ ਰਹਿਣ ਵਾਲੇ ਰੱਬ ਦਾ ਰੂਪ ਸਨ ,ਕਿਸ ਸ਼ਾਂਤ ਮਨ ਨਾਲ  ਆਪਣੇ ਆਪ ਨੂੰ ਕੁਰਬਾਨ ਕੀਤਾ  ਤੇ ਜੂਨ ਦੀ ਤਪਦੀ ਗਰਮੀ ਵਿਚ ਤਤੀਆਂ ਲੋਹਾਂ ਉਤੇ  ਬੈਠੇ ਤੇ ਦੇਗਾਂ ਦੇ  ਉਬਾਲ ਖਾਧੇ 1

                            ਪੂਤਾ ਮਾਤਾ ਕੀ ਅਸੀਸ 11

                           ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ

                            ਸਦਾ ਭਜਹੁ ਜਗਦੀਸ

ਜਦ ਗੁਰੂ ਰਾਮ ਦਾਸ ਜੀ ਦੇ 1580 ਵਿਚ ਜੋਤੀ ਜੋਤ ਸਮਾਉਣ ਉਪਰੰਤ ਬੀਬੀ ਭਾਨੀ ਤਰਨ ਤਾਰਨ ਵਿਚ ਟਿਕ ਕੇ 18 ਸਾਲ ਕੋਹੜੀਆਂ ਦੀ ਸੇਵਾ ਕਰਦੇ ਰਹੇ 1  ਬੀਬੀ ਭਾਨੀ  9 ਅਪਰੈਲ, 1598 ਅਕਾਲ ਚਲਾਣਾ ਕਰ ਗਏ ।

ਯਾਦ ਅਸਥਾਨ :- ਗੁਰਦੁਆਰਾ ਖੂਹ ਬੀਬੀ ਭਾਨੀ ਜੀ, ਤਰਨ ਤਾਰਨ (ਪੰਜਾਬ) ਭਾਰਤ। ਇਹ ਪਵਿੱਤਰ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਬੀਬੀ ਭਾਨੀ ਜੀ ਨਾਲ ਸਬੰਧਤ ਹੈ। ਇਸ ਪਾਵਨ ਅਸਥਾਨ ਤੇ ਬੈਠ ਕੇ ਬੀਬੀ ਭਾਨੀ ਜੀ ਮਰੀਜ਼ਾਂ ਤੇ ਕੋਹੜੀਆਂ ਦਾ ਇਲਾਜ ਕਰਿਆ ਕਰਦੇ ਸਨ। ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਨੂੰ ਦਰਸ਼ਨ ਕਰਨ ਜਾ ਰਹੀਆਂ ਸੰਗਤਾਂ ਨੂੰ ਲੰਗਰ ਆਦਿ ਛਕਾਇਆ ਕਰਦੇ ਸਨ।  ਬੀਬੀ ਭਾਨੀ ਜੀ ਦੇ ਅਕਾਲ ਚਲਾਨੇ ਤੋਂ ਬਾਅਦ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਯਾਦ ਵਿੱਚ ਇਸ ਅਸਥਾਨ ਤੇ ਇੱਕ ਖੂਹ ਖੁਦਵਾਕੇ ਇਸ ਵਿੱਚ ਬੀਬੀ ਭਾਨੀ ਜੀ ਦੇ ਨਾਮ ਦੀ ਇੱਕ ਸਿਲ੍ਹ (ਪੱਥਰ) ਲਗਵਾਈ ਸੀ। ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜਗਤਾਰ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਇਸ ਅਸਥਾਨ ਦੀ ਪਵਿੱਤਰਤਾ ਬਹਾਲ ਕਰਕੇ ਇਸ ਅਸਥਾਨ ਤੇ ਸੰਨ 2006 ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ। ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ।

         ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ

 

Print Friendly, PDF & Email

Nirmal Anand

1 comment

Translate »