ਸਿੱਖ ਇਤਿਹਾਸ

ਬਾਲ ਸ਼ਹੀਦ ਦਰਬਾਰਾ ਸਿੰਘ (ਉਮਰ 9 ਸਾਲ)

ਇਹ ਉਸ ਮਹਾਨ ਬਾਲ ਸ਼ਹੀਦ ਦੀ ਕਹਾਣੀ ਹੈ, ਵੀਹਵੀਂ ਸਦੀ ਦੇ ਇਤਿਹਾਸ ਦਾ ਇੱਕ ਉਹ ਪੰਨਾ ਹੈ,ਜਿਸ ਨੂੰ ਪੜ੍ਹ ਕੇ ਲੂੰ -ਕੰਡੇ ਖੜੇ ਹੋ ਜਾਂਦੇ ਹਨl ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਿਆਂ ਦੇ ਨਕਸ਼ੇ-ਕਦਮ ਤੇ ਚਲਕੇ  9 ਸਾਲ ਦੀ ਉਮਰ ਵਿੱਚ ਜਿਸ ਦਲੇਰੀ, ਬਹਾਦਰੀ, ਤੇ ਨਿਸ਼ਕਾਮਤਾ ਨਾਲ ਆਪਣੀ ਸ਼ਹੀਦੀ ਦਿੱਤੀ ਉਹ ਇਤਿਹਾਸ ਕਦੇ ਨਹੀਂ ਭੁੱਲ ਸਕੇਗਾl

ਬਾਲ ਸ਼ਹੀਦ ਦਰਬਾਰਾ ਸਿੰਘ , ਸ਼ਹੀਦ ਕਿਹਰ ਸਿੰਘ ਦਾ ਪੁੱਤਰ ਤੇ ਸਰਦਾਰ ਜੀਵਨ ਸਿੰਘ ਤੇ ਮਾਤਾ ਹਰਨਾਮ ਕੌਰ ਦਾ ਪੋਤਰਾ ਸੀl ਕਿਹਰ ਸਿੰਘ ਜਰਗ ਪਿੰਡ ਜੋ ਕਿ ਪਟਿਆਲਾ ਰਿਆਸਤ ਦਾ ਇੱਕ ਮਸ਼ਹੂਰ ਪਿੰਡ ਹੈ ,ਦਾ  ਰਹਿਣ ਵਾਲਾ  ਸੀ l ਇਸਦੇ ਪਿਤਾ ਕਿਹਰ ਸਿੰਘ ਦੇ ਦੋ ਛੋਟੇ ਭਰਾ ਹਰਨਾਮ ਸਿੰਘ ਤੇ ਸੇਵਾ ਸਿੰਘ ਸਨ l ਕਿਹਰ ਸਿੰਘ ਦੇ ਮਾਪੇ ਇੱਕ ਆਦਰਸ਼ਕ ਸਿੱਖ ਸਨ ਤੇ ਸਭ ਦਾ ਭਲਾ ਕਰਨ ਵਾਲੇ ਤੇ ਰੱਬ ਤੋਂ ਸਭ ਦਾ ਭਲਾ ਮੰਗਣ ਵਾਲੇ ਸੱਜਣ ਸਨl ਬਚਪਨ ਤੋਂ ਹੀ  ਕਿਹਰ ਸਿੰਘ ਅਜਿਹੇ ਮਹੋਲ ਵਿੱਚ ਪਲਿਆ ਸੀ ਜਿੱਥੇ ਸਿੱਖੀ ਸਿਦਕ ਤੇ ਰੱਬ ਤੇ ਭਰੋਸਾ ਰੱਖਣਾਂ ਬਚੀਆਂ ਦਾ ਪਹਿਲਾਂ ਸਬਕ ਸੀ l ਅੱਜੇ  ਕਿਹਰ ਸਿੰਘ 18 ਸਾਲ ਦਾ ਸੀ ਜਦੋਂ ਉਹ ਪਲਟਣ ਨੰਬਰ 2-ਕੁਹਾਟ , ਸ਼ਮਾਲ ਮਗਰਬੀ ਸਰਹੱਦੀ ਸੂਬੇ ਵਿੱਚ ਭਰਤੀ ਹੋ ਗਿਆl  ਉਸ ਨੇ ਛਿਤਰਾਲ, ਬੰਨੂ, ਟੋਂਕ, ਬਿਜੋਰ, ਮੁੱਲਾਂ -ਪੈਵੰਦ ਦੇ ਮੈਦਾਨ ਵਿੱਚ ਬਹਾਦਰੀ ਦੇ ਉਹ ਜੋਹਰ ਦਿਖਾਏ ਕਿ ਅੰਗਰੇਜ਼ ਅਫਸਰ ਵੀ ਵਾਹ ਵਾਹ ਕਰ ਉੱਠੇ l ਉਹ ਸ਼ਿਕਾਰ ਖੇਡਣ ਵਿੱਚ ਵੀ ਮਾਹਿਰ ਸੀl  ਅਕਸਰ ਅੰਗਰੇਜ਼ ਅਫਸਰ ਜਦ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ ਤਾਂ  ਉਸ ਨੂੰ ਆਪਣੇ ਨਾਲ ਲੈ ਜਾਂਦੇl  ਉਸ ਨੇ ਕਈ ਤਗਮੇ ਵੀ  ਜਿਤੇ ਤੇ 10 ਸਾਲਾਂ ਵਿੱਚ ਹੀ  ਉਹ ਹਵਾਲਦਾਰ ਬਣ ਗਿਆl

ਕਿਹਰ ਸਿੰਘ ਨੂੰ ਆਪਣੀ  ਸਿੱਖੀ ਨਾਲ  ਅਤਿ ਡੂੰਘਾ ਪਿਆਰ ਤੇ ਸ਼ਰਧਾ  ਸੀl  ਉਹ ਰੋਜ਼ ਨੇਮ ਨਾਲ  ਆਪਣੀ ਰੇਜਮੈਂਟ ਦੇ ਗੁਰੂਦਵਾਰੇ ਜਾਂਦਾl  ਦਿਨ -ਦਿਹਾਰ, ਗੁਰਪੁਰਬਾਂ, ਤੇ ਸਮਾਗਮਾਂ  ਵਿੱਚ ਵੱਧ ਚੱੜ ਕੇ ਹਿੱਸਾ ਲੈਂਦਾ ਅਤੇ ਹਰ  ਰੋਜ਼ ਨਿਤਨੇਮ ਤੇ ਕਈ ਬਾਣੀਆਂ ਦਾ ਪਾਠ ਕਰਦਾl  ਉਹ  ਇੱਕ ਪ੍ਰਸਿੱਧ ਅਖੰਡ ਪਾਠੀ ਤੇ ਪ੍ਰਭਾਵ ਸ਼ਾਲੀ ਲੈਕਚਰਾਰ ਵੀ ਸੀ l ਉਹ ਬਿਨਾਂ ਕਿਸੇ ਮਜ਼੍ਹਬੀ ਦਵੈਤ ਤੋਂ  ਸਭ ਦਾ ਸੇਵਾਦਾਰ, ਸਹਾਇਕ ਤੇ ਹਮਦਰਦ ਵੀ ਸੀ ਜਿਸ ਦੇ ਸਦਕਾ ਸਿਪਾਹੀਆਂ ਤੋਂ ਲੈਕੇ ਅਫ਼ਸਰਾਂ ਤਕ ਸਭ ਉਸ ਨੂੰ ਪਿਆਰ ਤੇ ਇੱਜ਼ਤ ਮਾਨ  ਕਰਦੇ ਸੀl 1907 ਤਕ ਵੀਹ ਸਾਲ ਦੀ ਨੋਕਰੀ ਕਰਨ ਤਕ ਵੀ ਉਸਨੇ ਅਜੇ ਵਿਆਹ ਨਹੀਂ ਸੀ ਕਰਵਾਇਆl ਅਚਾਨਕ ਇੱਕ ਹਵਾਲਦਾਰ ਦੀ ਮੌਤ ਹੋਣ ਤੋਂ ਬਾਅਦ ਉਸਦੀ ਜਵਾਨ ਪਤਨੀ ਵਿਧਵਾ ਹੋ ਗਈ ਜਿਸਦੀ ਕੋਈ ਉਲਾਦ ਨਹੀਂ ਸੀl ਕਿਹਰ ਸਿੰਘ ਵੀ ਇਸ ਵਕਤ 38-39 ਸਾਲਾਂ ਦਾ ਹੋ ਚੁੱਕਾ ਸੀl ਬਹੁਤ ਸਾਰੇ ਅਫ਼ਸਰਾਂ ,ਸਿਪਾਹੀਆਂ ਦੇ ਕਹਿਣ ਅਤੇ ਸਮਾਜਿਕ ਸੁਧਾਰ ਨੂੰ ਮੁੱਖ ਰੱਖਦਿਆਂ ਉਸਨੇ ਹਵਾਲਦਾਰ ਦੀ ਵਿਧਵਾ ਪਤਨੀ  ਜਿਸਦਾ ਨਾਮ ਰਤਨ ਕੌਰ ਸੀ, ਨਾਲ ਵਿਆਹ ਕਰਵਾ ਲਿਆ ਜੋ ਇੱਕ ਬਹੁਤ ਸੁੰਦਰ ,ਸੁਘੜ, ਸਿਆਣੀ ,ਮਿਠ -ਬੋਲੜੀ , ਸਾਊ ਤੇ ਨੇਕ ਔਰਤ ਸੀl

1909 ਵਿੱਚ ਕਿਹਰ ਸਿੰਘ 7 ਰੁਪਏ ਪੈਨਸ਼ਨ ਲੈਕੇ,ਨੋਕਰੀ ਤੋਂ ਰਿਟਾਇਰ ਹੋਕੇ ਆਪਣੇ ਪਿੰਡ ਸਰਗ ਚੱਲਾ ਗਿਆl ਤਿੰਨ  ਸਾਲ ਪਿੱਛੋਂ ਉਸਦੇ ਘਰ ਇੱਕ ਖੂਬਸੂਰਤ ਬੱਚੇ ਨੇ ਜਨਮ ਲਿਆ ਪਰ ਕਰਮਾਂ  ਦੀ ਖੇਡ 21 ਦਿਨਾਂ ਬਾਅਦ ਮਾਂ  ਬੱਚੇ ਨੂੰ ਜਨਮ ਦੇਕੇ ਚੱਲ ਬੱਸੀl ਮਾਂ – ਮਹਿੱਟਰ ਬੱਚੇ ਦਾ ਨਾਂ ਦਰਬਾਰਾ  ਸਿੰਘ ਰੱਖਿਆ ਗਿਆl ਦਾਦਾ ਦਾਦੀ ਨੇ ਬੜੇ ਚਾਅ -ਮਲਾਰਾਂ ਨਾਲ , ਗੁਰਬਾਣੀ ਦੀਆਂ ਲੋਰੀਆਂ ਸੁਣਾ ਸੁਣਾ ਉਸ ਨੂੰ ਵੱਡਾ ਕੀਤਾl

ਦਰਬਾਰਾ ਸਿੰਘ  ਅਜੇ ਮਸਾ 6 ਮਹੀਨਿਆਂ ਦਾ ਸੀ ਕਿਹਰ ਸਿੰਘ ਦਾ  ਸਾਰਾ ਪਰਿਵਾਰ ਜਰਗ ਤੋਂ ਬਾਰ ਦੇ ਇਲਾਕੇ, ਜਿਲਾ ਸ਼ੇਖੂਪੁਰ ਦੇ  ਡੱਲਾ ਚੰਦਾ ਸਿੰਘ ਚੱਕ ਨੰਬਰ -85 ਵਿੱਚ ਚਲੇ ਗਏ ਤੇ ਠੇਕੇ ਤੇ ਜ਼ਮੀਨ ਲੈਕੇ ਕਾਸ਼ਤਕਾਰੀ ਸ਼ੁਰੂ ਕਰ ਦਿੱਤੀ l ਸੁਚੱਜੇ ਢੰਗ ਤੇ ਮੇਹਨਤ  ਨਾਲ ਕੀਤੀ ਕਾਸ਼ਤਕਾਰੀ ਨਾਲ ਜਲਦੀ ਹੀ  ਉਨ੍ਹਾਂ ਦੀ ਮਾਲੀ ਹਾਲਤ ਵਿੱਚ ਤਕੜਾ ਸੁਧਾਰ ਹੋ ਗਿਆ  ਤੇ ਕੁਝ ਸਾਲਾਂ ਬਾਅਦ ਉਨ੍ਹਾਂ ਨੇ ਆਪਣੀ ਜ਼ਮੀਨ ਵੀ ਖਰੀਦ ਲਈl ਆਸ -ਪਾਸ ਵੀ ਚੰਗਾ ਅਸਰ ਰਸੂਖ ਤੇ ਇੱਜ਼ਤ ਅਬਰੋ ਸੀ l

ਕਿਹਰ ਸਿੰਘ ਦਾ ਪੁੱਤਰ ਦਰਬਾਰਾ  ਸਿੰਘ ਵੱਡਾ ਹੋਕੇ  ਬਹੁਤ ਸੁਹਣਾ, ਸਡੋਲ,ਤੇ ਸਾਊ ਨੋਜਵਾਨ ਬਣਿਆl ਸਾਰੇ ਪਿੰਡ ਵਿੱਚ ਉਸਦੀ ਸ਼ਕਲ ਤੇ ਅਕਲ ਦੀ ਧੁਮ  ਪੈ ਗਈl ਸਭ ਦਾ ਹਰਮਨ ਪਿਆਰਾ ਜਦ ਕਦੀ  ਆਪਣੀ ਦਾਦੀ ਨਾਲ ਬਾਹਰ ਨਿਕਲਦਾ ਪਿੰਡ ਦੀਆਂ ਜਨਾਨੀਆਂ , ਨੂੰਹਾਂ, ਧੀਆਂ  ਦਾਦੀ ਨੂੰ ਆਖਦੀਆਂ ਕੀ ਇਸ ਨੂੰ ਕਾਲਾ ਦੁਪੱਟਾ ਪਾਕੇ  ਰੱਖਿਆ ਕਰ l ਕਈ  ਤਾਂ ਭੱਜ ਕੇ ਤਵੇ ਦੀ ਕਾਲਖ ਲਿਆ, ਉਸਦਾ ਮੂੰਹ ਮੱਥਾ ਚੁੰਮ ਕੇ ਉਸਦੇ ਮੱਥੇ ਤੇ ਲੱਗਾ ਦਿੰਦੀਆਂ  ਤਾਕਿ ਨਜ਼ਰ ਨਾ  ਲੱਗੇ l ਉਹ  ਆਪਣੇ ਧਰਮ ਨੇਕੀ ਤੇ ਉੱਚੇ ਅਸੂਲਾਂ ਦੀ ਖਾਤਰ ਹਮੇਸ਼ਾ ਜਾਨ  ਕੁਰਬਾਨ ਕਰਨ ਨੂੰ ਤਿਆਰ -ਬਰ-ਤਿਆਰ ਰਹਿੰਦਾ

     ਦਰਬਾਰਾ  ਸਿੰਘ  ਬਚਪਨ ਤੋਂ ਹੀ ਦਾਦੇ ਦਾਦੀ ਨਾਲ  ਨਾਲ ਗੁਰੂਦਵਾਰੇ ਜਾਣਾ,ਗੁਰਬਾਣੀ ਦੀ ਕਥਾ – ਕੀਰਤਨ ਤੇ  ਸਾਖੀਆਂ, ਸੁਣਨਾ , ਜਿਸ ਤੋਂ ਹ ਉਸਦਾ ਰੋਮ ਰੋਮ ਸਿੱਖੀ ਸਿਦਕ ਤੇ ਭਰੋਸੇ ਨਾਲ ਲਬੋ -ਲਬ ਭਰ ਚੁੱਕਾ ਸੀl ਦਾਦਾ ਦਾਦੀ ਵੀ ਉਸ ਨੂੰ ਸਿੱਖਾਂ ਦੀਆਂ ਬਹਾਦਰੀ ਦੀਆ ਗਾਥਾਵਾਂ ਸੁਣਾਂਦੇ  ਰਹਿੰਦੇ l ਉਹ ਕਦੇ ਵੀ ਇਨ੍ਹਾਂ ਕਿਸੇ ਕਹਾਣੀਆਂ ਤੇ ਕਥਾਵਾਂ ਨੂੰ ਭੁੱਲਦਾ ਨਹੀਂ, ਸੋਚਦਾ ਰਹਿੰਦੇ ਤੇ ਕਦੇ ਕਦੇ ਆਪਣੇ ਪਿਤਾ , ਦਾਦਾ ਦਾਦੀ ਨੂੰ ਸਵਾਲ ਵੀ ਕਰਦਾ l ਉਹ ਅਕਸਰ ਸ਼ਹੀਦਾਂ  ਬਾਰੇ ਖੋਖ ਕਰਦਾ ਰਹਿੰਦਾ  ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜਾਦਿਆਂ ਬਾਰੇ ਤੇ  ਉਨ੍ਹਾਂ ਦੀ ਸਹੀਦੀ ਬਾਰੇ l ਬਾਪੂ ਤੇ ਦਾਦਾ ਦਾਦੀ ਉਸਨੂੰ ਹਮੇਸ਼ਾਂ ਕਹਿੰਦੇ ਰਹਿੰਦੇ ਕਿ  ਸ਼ਹੀਦ  ਕਦੇ ਮਰਦੇ ਨਹੀਂl ਇਹ ਗੱਲ ਉਸਦੇ ਦਿਲ -ਦਿਮਾਗ ਵਿੱਚ ਘਰ ਕਰ ਗਈ l ਆਪਣੇ  ਪਿੰਡ ਵਿੱਚ  ਆਪਣੇ ਦਾਦੇ ਦੀ ਮੌਤ ਤੇ ਹੋਰ ਕਿਤਨੇ  ਪਿੰਡ ਦੇ ਲੋਕ ਉਸਦੇ ਸਾਹਮਣੇ  ਮਰੇ ਹਨl ਉਹ ਅਕਸਰ ਆਪਣੇ ਬਾਪੂ ਨੂੰ ਕਹਿੰਦਾ ਕੀ ਬਾਪੂ ਜੀ ਮੈ  ਵੀ ਸ਼ਹੀਦ ਹੋਵਾਂਗਾl ਕਿਓਕੀ ਸ਼ਹੀਦ ਕਦੇ ਮਰਦੇ ਨਹੀਂ ਹਨl 1919 ਵਿੱਚ ਜਲਿਆਂ ਵਾਲੇ ਬਾਗ਼ ਦੇ ਕਿਸੇ ਸੁਣਕੇ ਵੀ  ਉਸਦੇ ਦਿਲ ਨੇ ਬਥੇਰੇ ਉਛਾਲੇ ਖਾਧੇ ਤੇ ਉਸਦੇ ਨਿੱਕੇ  ਜਹੇ ਮਨ ਅੰਦਰ ਬਤੇਰੇ  ਸਵਾਲ ਵੀ  ਉਠੈl

1920 ਵਿੱਚ ਸਿੱਖਾਂ ਦੇ ਇਤਿਹਾਸਿਕ ਗੁਰਦਵਾਰਿਆਂ ਤੇ ਮਹੰਤਾਂ ਦਾ ਕਬਜ਼ਾ ਸੀ ਜੋ ਅੰਗਰੇਜ਼ੀ ਸਰਕਾਰ ਦੇ ਸਿਰਫ਼ ਪਿੱਠੂ ਹਿ ਨਹੀਂ ਸਨ ਬਲਿਕ ਸੂਹੀਏ ਤੇ ਮੁੱਖਬਰ ਵੀ ਸਨ  l ਅਮ੍ਰਿਤਧਾਰੀ ਤਾਂ ਦੂਰ ਦੀ ਗੱਲ ਹੈ, ਉਨ੍ਹਾਂ  ਵਿੱਚੋਂ ਜਿਆਦਾ ਤਰ ਨਸ਼ਈ ਤੇ ਐਸ਼ ਇਸ਼ਰਤ ਵਿੱਚ ਫਸੇ ਹੋਏ ਵਿਭਚਾਰੀ ਵੀ ਸਨ ਜੋ  ਸੰਗਤ ਦੇ ਪੈਸੇ ਨੂੰ ਆਪਣੇ ਨਿੱਜੀ ਖਜਾਨਾ ਸਮਝਦੇ ਸੀ ਤੇ ਆਪਣੇ  ਸਵਾਰਥਾਂ ਤੇ ਐਸ਼ਪਰਸਤੀ ਤੇ ਖੁੱਲਾ ਖਰਚ ਕਰਦੇ l  ਕਿਸੇ ਵਿਰੋਧ ਹੋਣ ਤੇ  ਮੁਕਾਬਲੇ ਲਈ ਉਨ੍ਹਾਂ ਨੇ  ਕਈ ਗੁੰਡੇ ਵੀ ਪਾਲ ਕੇ ਰੱਖੇ ਹੋਏ ਸੀ l  ਨਨਕਾਣਾ ਸਾਹਿਬ ਗੁਰੂਦਵਾਰੇ ਦੇ ਮਹੰਤ ਨੇ ਤਾਂ ਸਾਰੀਆਂ ਹੱਦਾਂ ਪਰ ਕਰ ਲਈਆਂ  ਸੀl

ਇਸ ਵਕਤ ਤਕ ਖਾਲਸਾ ਪੰਥ ਨੂੰ ਇਹ ਤਾਂ ਸਮਝ ਆ ਗਈ ਸੀ ਕਿ  ਮਹੰਤਾਂ ਤੋਂ ਸ਼ਹੀਦੀਆਂ ਦੇਕੇ ਹੀ  ਗੁਰੂਦਵਾਰਿਆਂ ਦੇ ਕਬਜ਼ੇ ਛੁੜਾਨੇ ਪੈਣਗੇl ਸ਼ਹਿਰ ਸ਼ਹਿਰ ਤੇ ਪਿੰਡ ਪਿੰਡ ਵਿੱਚ ਮਹੰਤਾਂ ਦੀਆਂ ਕਾਰਨਾਮਿਆਂ ਦੀ ਚਰਚਾ ਹੋਣ ਲੱਗ ਪਈ ਜੋ ਇੱਕ ਵੱਡੀ  ਲਹਿਰ ਦਾ ਰੂਪ ਧਾਰਨ ਕਰ ਗਈl ਗੁਰੂਦਵਾਰਿਆਂ ਵਿੱਚ ਵੀ ਹਰ ਰੋਜ਼ ਇਨ੍ਹਾਂ ਦੇ ਕੁਕਰਮਾਂ ਦੀ ਚਰਚਾ ਹੋਣ ਲੱਗ ਪਈ ਜਿਸਨੇ ਸਿੱਖ ਬੱਚੇ,ਬਚੀਆਂ , ਜਵਾਨ, ਤੇ ਬੁੱਢਿਆਂ  ਵਿੱਚ ਜੋਸ਼ ਦੇ ਭਾਂਬੜ ਬਾਲ ਦਿੱਤੇ l ਵਕਤ ਨਾਲ ਇਹ ਲਹਿਰ ਜਿਲਾ ਸ਼ੇਖੂਪੁਰ ਦੀ ਸਿਖਰ ਤਕ ਪਹੁੰਚ ਗਈ ਜਿਸਦਾ ਮੋਢੀ ਤੇ ਨਾਇਕ ਜਥੇਦਾਰ ਕਰਤਾਰ ਸਿੰਘ ਸੀ l

ਜਦ ਵੀ ਕਦੇ ਗੁਰੂਦਵਾਰੇ ਬੁਲਾਰੇ ਆਉਂਦੇ ਤਾਂ ਉਨ੍ਹਾਂ ਦੇ ਲੈਕਚਰ ਦਾ ਇੱਕ ਹੀ  ਵਿਸ਼ਾ ਹੁੰਦਾ ,’’ ਪਹਿਲਾਂ ਸ੍ਰੀ  ਨਨਕਾਣਾ  ਸਾਹਿਬ , ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਦੇ ਮਹੰਤ ਨੂੰ ਸੇਵਾ ਮੁਕਤ ਕਰਵਾਉਣਾ ਹੈਂ ਪਰ  ਸਹੀਦੀ ਤੋਂ ਬਿਨਾਂ ਇਹ ਮੋਰਚਾ ਸਰ  ਨਹੀਂ ਹੋਣਾl  ਸ਼ਹੀਦ ਹੀ  ਕੌਮ ਦੇ ਜਾਨ  , ਅਣਖ ਤੇ ਆਨ ਹੁੰਦੇ ਹਨ l ਸ਼ਹੀਦ ਕਦੇ ਮਰਦੇ ਨਹੀਂ ,ਸ਼ਹੀਦ ਅਮਰ ਹੁੰਦੇ ਹਨ, ਜਿਨ੍ਹਾਂ ਨੂੰ ਜੁਗੋ-ਜੁਗ ਲੋਕ ਯਾਦ ਕਰਦੇ ਹਨl

ਸਤਾਂ -ਅਠਾਂ ਸਾਲਾਂ ਦਾ ਦਰਬਾਰ ਸਿੰਘ ਉਨ੍ਹਾਂ ਦੀ ਹਰ ਗੱਲ ਬੜੇ ਧਿਆਨ ਨਾਲ ਸੁਣਦਾl ਤੇ ਕਿਨੀ  ਵਾਰੀ ਉਸਦਾ ਸਵਾਲੀਆ ਚੇਹਰਾ ਵੀ ਸੰਗਤ ਨੂੰ ਨਜ਼ਰ ਆਉਂਦਾ ਪਰ ਫਿਰ ਚੁੱਪ ਕਰ ਜਾਂਦਾl ਉਹ ਬਾਰ ਬਾਰ  ਬਾਪੂ ਤੇ ਦਾਦੀ ਨੂੰ ਆਖਦਾ ।”ਮੇਰਾ ਦਿਲ ਸ਼ਹੀਦ ਹੋਣ ਨੂੰ ਕਰਦਾ ਹੈ ,ਮੈਂ ਤਾਂ ਸ਼ਹੀਦ ਹੀ  ਬਣਾਂਗਾ” ਬਾਪੂ ਤੇ ਦਾਦੀ ਕਦੇ ਕਦੇ ਚੁੱਪ ਕਰ ਜਾਂਦੇ  ਤੇ ਕਦੀ ਕਦੇ ਕਹਿੰਦੇ ਕਿ ” ਸਮਾਂ ਆਉਣ ਦੇ ਸਤਿਗੁਰੂ ਤੇਰੀ ਸੱਧਰ ਵੀ ਪੂਰੀ ਕਰੇਗਾ “l

ਅਖੀਰ ਉਹ ਦਿਨ ਆ ਗਿਆl ਸਿੱਖਾਂ ਦੇ ਜਥੇਦਾਰ ਨੇ ਨਾਰਾਇਣ ਦਾਸ ਮਹੰਤ ਦੇ ਪੰਜੇ ਤੋਂ ਨਨਕਾਣਾ ਸਾਹਿਬ ਗੁਰੂਦਵਾਰੇ ਨੂੰ ਛੁਡਾਉਣ ਦਾ ਪੱਕਾ ਇਰਾਦਾ ਕਰ ਲਿਆ l 5 ਅਕਤੂਬਰ 1920 ਪੰਥ ਨੇ ਗੁਰੂਦਵਾਰਾ ਬੇਰ ਸਾਹਿਬ ਤੇ ਕਬਜ਼ਾ ਕਰ ਲਿਆl ਮਿਥੀ ਅਨੁਸਾਰ ਜਥੇਦਾਰ ਪਿੰਡ  ਪਿੰਡ ਜਾਕੇ ਸ਼ਹੀਦੀ ਦੇਣ ਵਾਲਿਆਂ ਦੀਆਂ ਲਿਸਟਾਂ ਤਿਆਰ ਕਰ ਰਿਹਾ ਸੀ l ਕਿਹਰ ਸਿੰਘ ਵੀ ਆਪਣੇ ਆਲੇ ਦੁਆਲੇ ਦੇ ਪਿੰਡ ਵਿੱਚ ਇਹੀ ਪ੍ਰਚਾਰ ਕਰਦਾ l ਇੱਕ ਦਿਨ ਦਰਬਾਰਾ  ਸਿੰਘ ਨੇ ਆਪਣੇ ਬਾਪੂ ਦੇ ਗੋਡੇ ਤੇ ਸਿਰ ਰੱਖਕੇ ,ਹੋਲੀ ਹੋਲੀ ਆਖਦਾ ਰਿਹਾ ਤੇ ਬਾਅਦ ਵਿੱਚ ਜਿੱਦ ਫੜ ਲਈ, “ਮੇਰਾ ਨਾਂ ਵੀ ਸ਼ਹੀਦੀ ਦੇਣ ਵਾਲਿਆਂ ਦੀ ਲਿਸਟ ਵਿੱਚ ਲਿਖੋ “ਪਰ ਉਨ੍ਹਾਂ ਦੀ ਮਜਬੂਰੀ ਸੀ 9 ਸਾਲ ਦੇ ਬੱਚੇ ਦਾ ਸ਼ਹੀਦੀ ਦੇਣਾ ਸੰਗਤ ਕਿਵੇਂ ਪ੍ਰਵਾਨ ਕਰ ਸਕਦੀ ਸੀ?l

ਅੰਤ ਨੂੰ ਦਿਨ ਤਹਿ ਹੋ ਗਿਆl ਪਿੰਡੋਂ  ਪਿੰਡ ਹੁੰਦੇ ਹਰ ਪਿੰਡ ਤੋਂ ਸ਼ਹੀਦੀਆਂ ਦੇਣ ਵਾਲੇ ਸਾਥੀਆਂ ਨੂੰ ਇਕੱਠਾ ਕਰਕੇ ਵੱਡੀ ਨਹਿਰ ਗੋਗੇਰਾ  ਬਰਾਂਚ ਦੀ ਚੰਦਰਕੋਟ ਦੀ ਝਾਲ ਤੇ ਇਕੱਠੇ  ਹੋਣ ਲਈ ਕਿਹਾ ਗਿਆ  ਜਿੱਥੇ ਕਰਤਾਰ ਸਿੰਘ ਝੱਬਰ ਤੇ ਜਥੇਦਾਰ ਲਛਮਣ ਸਿੰਘ ਦੇ ਜਥਿਆਂ ਦੇ ਨਾਲ ਮਿਲਕੇ,  ਦੋਨੋਂ ਜਥਿਆਂ ਨੇ ਇਕੱਠੇ ਹੋਕੇ ਨਨਕਾਣਾ ਸਾਹਿਬ ਵੱਲ ਤੁਰਨਾ  ਸੀl  ਦਰਬਾਰਾ  ਸਿੰਘ ਨੇ ਨਾਲ ਜਾਣ  ਦੀ ਜਿੱਦ ਫੜ ਲਈ ਤੇ ਪੀਓ ਦੇ ਦਾਦੀ ਦੇ ਕੀਤੇ ਵਾਅਦੇ ਯਾਦ ਕਰਵਾਏl ਅਖੀਰ ਪੀਓ ਨੇ ਉਸ ਨੂੰ ਵੀ ਤਿਆਰ ਹੋਣ  ਲਈ ਕਹਿ ਦਿੱਤਾl ਦਾਦੀ  ਨੇ ਵੀ ਵੱਡਾ ਜਿਗਰ ਕਰਕੇ  ਮਾਂ ਗੂਜਰੀ ਦੀ ਤਰ੍ਹਾਂ ਬੱਚੇ ਨੂੰ ਘੁੱਟ ਕੇ ਸੀਨੇ ਨਾਲ ਲੱਗਾਇਆ ਤੇ ਆਸ਼ੀਰਵਾਦ ਦੇਕੇ 9 ਸਾਲ ਦੇ ਬੱਚੇ ਨੂੰ ਜਥੇ ਨਾਲ ਤੋਰ ਦਿੱਤਾl19 ਫ਼ਰਵਰੀ 1921 ਨੂੰ  ਦੁਪਹਿਰ ਵੇਲੇ ਜਥਾ “ ਵਾਹਿਗੁਰੂ ਜੀ ਕਾ  ਖਾਲਸਾ ਵਾਹਿਗੁਰੂ ਜੀ ਫਤਹਿ ਗੱਜਾਂਦਾ ਪਿੰਡ ਤੋਂ ਤੁਰ ਪਿਆl ਰਾਹ ਵਿੱਚ ਦਰਬਾਰ ਸਿੰਘ ਨੇ ਵੀ ਬੜੀ ਮਿੱਠੀ  ਤੇ ਸੁਰੀਲੀ ਆਵਾਜ਼ ਵਿੱਚ ਸ਼ਰਧਾ ਸੇਤੀ ਸ਼ਬਦ ਪੜੈ ,’ ਸੂਰ ਸੋ ਪਹਿਚਾਣਿਏ ਜਉ ਲਰੈ ਦੀਨ ਕੇ ਹੇਤ “ ਬੱਚੇ ਦੀ ਸ਼ਬਦ ਪੜਦੇ ਮਸਤੀ ਦੇਖਕੇ ਸੰਗਤ ਬਹੁਤ  ਹੈਰਾਨ ਹੋਈ l

 ਗਿਆਨੀ ਕਰਤਾਰ ਸਿੰਘ ਤਰ ਲਛਮਣ ਸਿੰਘ ਦਾ ਆਪਣਾ ਜਥਾ ਵੀ ਪਿੰਡ ਧਰੋਵਲੀ ਤੋਂ ਰਵਾਨਾ ਹੋ ਚੁੱਕਾ ਸੀ l ਸਿੱਖ ਰਾਹ ਵਿੱਚ ਲੰਗਰ-ਪਾਣੀ ਛਕਦੇ, ਸ਼ਬਦ ਪੜਦੇ ਤੇ ਹੋਰ ਸੰਗਤ ਨੂੰ ਇਕੱਠਾ ਕਰਦੇ  ਕਰਦੇ ਅੱਗੇ ਵੱਧਦੇ ਗਏl ਜਥਾ 200 ਸਿੰਘਾਂ ਦਾ ਹੋ ਚੁੱਕਾ ਸੀl ਜਥਾ ਰਾਤ ਦੇ ਹਨੇਰੇ ਗੋਗੇਰਾ  ਬਰਾਂਚ ਦੇ ਕੰਢੇ ਤੁਰਦਾ ਤੁਰਦਾ ਮਿਥੀ ਜਗਾ ਤੇ ਪਹੁੰਚ ਗਿਆl ਪਰ ਉਹ ਕਰਤਾਰ ਸਿੰਘ ਝੱਬਰ ਦਾ ਜਥਾ ਜਿਸ ਨਾਲ ਤਕਰੀਬਨ 2200 ਸਿੱਖ ਸੀ ਦਾ ਪਤਾ ਟਿਕਾਣਾ ਨਾ  ਲੱਭ ਸਕਿਆ l  ਫੈਸਲਾ ਹੋਇਆ ਕੀ ਅਰਦਾਸ ਹੋ ਚੁੱਕੀ ਹੈ ਵਾਪਸ ਜਾਣਾ  ਜਾਂ ਇੱਥੇ ਠਹਿਰਨ ਦਾ ਕੋਈ ਫਾਇਦਾ ਨਹੀਂ ਇਸ ਲਈ ਗੁਰੂਦਵਾਰਾ ਨਨਕਾਣਾ ਸਾਹਿਬ ਚੱਲਦੇ ਹਾਂ  ਉੱਥੇ ਹੀ  ਮਿਲ ਲਵਾਂਗੇl

ਜਥੇ ਕੋਲ ਡਾਂਗਾਂ, ਨੇਜ਼ੇ, ਬਰਛੇ , ਕਿਰਪਾਨਾਂ  ਤੇ ਟਕਵੇ ਸੀ ਪਰ ਉਹ ਉਕਸਾਹਟ ਤੇ ਤਸੀਹੇ  ਸਾਹਮਣੇ ਵੀ ਸ਼ਾਂਤਮਈ ਰਹਿਣ ਦੀ ਅਰਦਾਸ ਕਰ ਚੁੱਕੇ ਸਨ l ਸਿੰਘ ਨੂੰ ਮਹੰਤ ਨਾਰਾਇਣ ਦਾਸ ਦੀ ਵਿਚਲੀ ਸਾਜ਼ਸ  ਦਾ ਪਤਾ ਨਹੀਂ ਸੀl  ਉਸਨੇ ਕਿਤਨੇ ਸਮੇ ਪਹਿਲੋਂ ਹੀ  ਬਹੁਤ ਸਾਰੇ ਬਦਮਾਸ਼,ਬੰਦੂਕਾਂ,ਕਾਰਤੂਸ,ਲੱਕੜ੍ਹਾਂ,ਤੇ ਮਿਟੀ  ਦੇ ਤੇਲ ਦੇ ਪੀਪੇ ਇਕੱਠੇ ਕਰ ਲਏ ਸੀl ਅੰਗਰੇਜ਼ੀ ਸਰਕਾਰ ਦੀ ਪੂਰੀ ਹਿਮਾਇਤ ਉਸਦੇ ਨਾਲ ਸੀ l ਸਿੱਖ ਗੁਰੂਦਵਾਰਾ ਸਾਹਿਬ ਪਹੁੰਚ ਗਏ l ਦਰਸ਼ਨੀ ਡਿਉੜੀ ਦਾ ਦਰਵਾਜਾ ਖੁੱਲਾ  ਸੀl ਸਭ ਅੰਦਰ ਚਲੇ ਗਏ ,ਫੈਸਲਾ ਹੋਇਆ ਕੀ ਅਸੀਂ ਗੁਰੂ ਗ੍ਰੰਥ ਦਾ ਪਾਠ ਸ਼ੁਰੂ ਕਰਦੇ ਹਾਂ ਤਦ ਤਕ ਝੱਬਰ ਦਾ ਜਥਾ ਵੀ ਪਹੁੰਚ ਜਾਏਗਾl ਆਸਾ  ਦੀ ਵਾਰ ਦਾ ਪਾਠ ਸ਼ੁਰੂ ਹੋ ਗਿਆ ਸਿੱਖ ਪਾਠ ਸੁਣਨ ਲੱਗ ਪਏl ਪਰ ਮਹੰਤ ਨੇ ਗੁਰੂਦਵਾਰੇ ਦੇ ਆਸੇ ਪਾਸੇ ਦੇ ਮਕਾਨਾਂ  ਤੇ ਕਾਤਿਲ ਬੈਠਾਕੇ ਰੱਖੇ  ਹੋਏ ਸੀl ਸਿੰਘਾਂ  ਦੇ ਬੈਠਦਿਆਂ ਹੀ  ਚਾਰੋਂ ਪਾਸਿਓਂ ਗੋਲੀਆਂ ਦੀ ਬੋਛਾਰ ਸ਼ੁਰੂ ਹੋ ਗਈl ਸ਼ਾਂਤਮਈ  ਸਿੱਖ ਮਾਰੇ ਜਾਣ  ਲੱਗ ਗਏl ਮਹੰਤ ਦਾ ਇਰਾਦਾ ਸੀ ਕਿ ਇੱਕ ਵੀ ਸਿੰਘ ਬਚ ਕੇ ਨ ਜਾਏl ਬਜਾਏ ਚੀਕ ਚਹਾੜੇ ਦੇ ਸਿੱਖ ਵਹਿਗੁਰੂ  ਵਹਿਗੁਰੂ ਕਰਦੇ ਇੱਕ ਇੱਕ ਕਰਕੇ ਕੁਝ ਜ਼ਖਮੀ ਤੇ ਕੁਝ ਸ਼ਹੀਦ ਹੁੰਦੇ ਗਏl ਹਵਾਲਦਾਰ ਕੇਹਰ ਸਿੰਘ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ

ਇਸ ਹਫੜਾ ਦਫੜੀ   ਵਿੱਚ ਜੋ ਇੱਕ ਅੱਧ ਸਿੰਘ ਜਿੰਦਾ ਰਹੀ ਗਿਆ ਉਸਨੇ ਦਰਬਾਰਾ ਸਿੰਘ ਨੂੰ ਅਲਮਾਰੀ ਵਿੱਚ ਧੱਕ  ਦਿੱਤਾ ਤੇ ਬਾਹਰੋਂ ਕੁੰਡੀ ਲੱਗਾ ਦਿੱਤੀ ਤਾਕਿ 9 ਸਾਲ ਦੇ ਬੱਚੇ ਦੀ ਜਾਨ  ਬਚ ਜਾਏlਪਰ ਉਹ ਅਲਮਾਰੀ ਨੂੰ ਧੱਕੇ ਮਾਰਦਾ  ਅੰਦਰੋਂ ਆਖੀ ਜਾ ਰਿਹਾ ਸੀ ‘ਮੈਂ ਵੀ ਬਾਪੂ ਨਾਲ ਸ਼ਹੀਦ ਹੋਣਾ  ਹੈ , ਮੈਂ ਵੀ ਬਾਪੂ ਨਾਲ ਸ਼ਹੀਦ ਹੋਣਾ ਹੈ “ਜਦ ਸਾਰੇ ਸਿੱਖ ਮਰ ਚੁੱਕੇ ਜਾਂ ਜਖਮੀ ਹੋ ਚੁੱਕੇ ਸੀ ਤਾਂ ਬਦਮਾਸ਼ਾਂ  ਨੇ  ਜਖਮੀ ਤੇ ਤੜਫਦੇ ਅਧਮੋਏ ਤੇ ਮਰੇ ਹੋਏ ਸਿੱਖਾਂ ਨੂੰ ਧਰੀਕ ਧਰੀਕ ਕੇ ਬਾਹਰ ਲਾਸ਼ਾਂ ਦੇ ਢੇਰ ਲੱਗਾ ਦਿੱਤੇ ਤੇ ਮਿਟੀ  ਦਾ ਤੇਲ਼ ਪਾਕੇ  ਅੱਗ ਲੱਗਾ ਦਿੱਤੀ ਉਧਰੋਂ ਅਲਮਾਰੀ ਦੇ ਅੰਦਰੋਂ ਖਟਖਟ  ਦੀ ਆਵਾਜ਼ ਆ ਰਹੀ ਸੀl  ਜਦ  ਅਲਮਾਰੀ ਖੋਲੀ ਤਾਂ  ਬੱਚਾ ਪੁਕਾਰ ਰਿਹਾ ਸੀ ,’ ਮੈਂ ਵੀ ਬਾਪੂ ਨਾਲ ਸ਼ਹੀਦ ਹੋਣਾ ਹੈ ”  ਕਿਸੇ ਨੂੰ ਇਸ ਬੱਚੇ ਤੇ ਤਰਸ ਨਹੀਂ ਆਇਆl   ਜਿਉਂਦੇ  ਬੱਚੇ ਨੂੰ ਚਿਖਾ ਦੀ ਅੱਗ  ਵਿੱਚ ਸੁੱਟ ਦਿੱਤਾ l ਇਸ ਤਰ੍ਹਾਂ ਬਾਲ-ਦਰਬਾਰਾ ਸਿੰਘ ਮਹਾਨ ਸ਼ਹੀਦੀ ਦੇ ਪੂਰਨੇ ਪਾਉਂਦਾ ਸ਼ਹਾਦਤ ਦਾ ਜਾਮ  ਪੀ ਗਿਆl

               ਵਾਹਿਗੁਰੂ ਜੀ ਕਾ  ਖਾਲਸਾ ਵਾਹਿਗੁਰੂ ਜੀ ਕੀ ਫਤਹਿ

 

Nirmal Anand

Add comment

Translate »